ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੁਰੂ ਨਾਸ਼ ਤੋਂ ਰਹਿਤ ਤੇ ਗਤੀ ਤੋਂ ਰਹਿਤ ਪੂਰਨ ਬ੍ਰਹਮ ਦੀ ਮੂਰਤ (ਵਾਗੂੰ ਹੈ)।
(ਉਸ) ਗੁਰ ਸ਼ਬਦ ਸਤਿਸੰਗ ਵਿਚ ਨਿਵਾਸ ਰੱਖਣ ਵਾਲੇ ਪਾਰਬ੍ਰਹਮ ਦਾ (ਮਾਨੋ ਮਿਲਾਪ ਹੈ, ਅਥਵਾ ਗੁਰੂ ਦੀ ਮੂਰਤਿ ਪੂਰਨ ਬ੍ਰਹਮ ਹੈ ਤੇ ਗੁਰੂ ਦਾ ਸ਼ਬਦ ਪਾਰਬ੍ਰਹਮ ਹੈ। ਪ੍ਰਸ਼ਨ ਹੁੰਦਾ ਹੈ, ਬ੍ਰਹਿਮੰਡ ਵਿਚ? ਉੱਤਰ ਦੇਂਦੇ ਹਨ, ਸਤਿਸੰਗ ਨਿਵਾਸ ਵਿਖੇ, ਅਰਥਾਤ ਧਯਾਨ ਤੇ ਸ਼ਬਦ, ਇਨ੍ਹਾਂ ਨੂੰ ਸਾਧਨ ਹੀ ਨਾਂ ਸਮਝੇ ਪਰ ਸਾਧਨ ਤੇ ਸਿੱਧ
ਸਾਧ ਸੰਗਤ (ਹੀ) ਸਚਖੰਡ ਹੈ (ਜਿੱਥੇ) ਪ੍ਰੇਮਾ ਭਗਤੀ ਦਾ ਅਭਯਾਸ ਹੁੰਦਾ ਹੈ।
(ਜਿੱਥੇ) ਚਹੁੰ ਵਰਨਾਂ ਨੂੰ (ਜਾਤ ਭੇਦ ਛੱਡਕੇ) ਉਪਦੇਸ਼ ਨਾਲ ਗੁਰਮਤ ਦਾ ਪ੍ਰਗਾਸ ਹੁੰਦਾ ਹੈ।
(ਜਿਸ ਟਕਸਾਲ ਵਿਖੇ ਜਗਯਾਸੂ) ਪੈਰੀਂ ਪੈ ਕੇ, ਪੈਰਾਂ ਦੀ ਖਾਕ ਹੋ ਕੇ ਸਿੱਧੇ ਰਸਤੇ ਦੇ ਤੁਰਾਊੂ ਗੁਰਮੁਖ ਹੋ ਜਾਂਦੇ ਹਨ।
ਆਸਾ ਤੋ ਨਿਰਾਸ ਹੋ ਕੇ ਮਾਇਆ ਦੇ ਵਿਚੇ ਹੀ ਉਦਾਸ ਗਤੀ ਵਾਲੇ (ਹੋ ਕੇ ਵਿਚਰਦੇ ਹਨ)।
ਗੁਰ ਸਿੱਖੀ (ਬਹੁਤ) ਬ੍ਰੀਕ ਹੈ, (ਤੇ) ਅਲੂਣੀ ਸਿਲਾ ਦੇ ਚੱਟਣ ਵਾਂਗ (ਪਹਿਲੇ) ਫਿੱਕੀ।
ਖੰਡੇ ਦੀ ਧਾਰ ਵਾਂਗੂੰ ਤਿੱਖੀ ਹੈ ਉਹ, ਤੇ ਵਾਲ ਨਾਲੋਂ ਬੀ ਨਿੱਕੀ ਹੈ।
ਭੂਤ, ਭਵਿੱਖ ਵਰਤਮਾਨ (ਤਿੰਨਾਂ ਕਾਲਾਂ ਵਿਖੇ ਇਸ ਸਿੱਖੀ ਦੇ ) ਬਰਾਬਰ (ਜੇ ਕੁਛ) ਮੇਚੀਏ ਤਾਂ ਮਿਚ ਨਹੀਂ ਸਕਦਾ।
ਇਸ (ਸਿੱਖੀ ਦੇ ਘਰ ਵਿਚ ਦ੍ਵੈਤ ਨਾਸ਼ ਹੁੰਦੀ ਹੈ ਤੇ ਇਕੋ ਹੋ ਜਾਈਦਾ ਹੈ (ਪਯਾਰੇ ਨਾਲ, ਪ੍ਰੇਮ ਦੁਆਰਾ)।
ਦ੍ਵੰਦ, ਤ੍ਰਿਕੁਟੀ ਤੇ (ਨੀਵੇਂ ਝੇੜੇ) ਕਦ, ਕਾਹਨੂੰ, ਕਿੱਥੇ, ਕੀਹ (ਸਾਰੇ) ਵਿਸਰ ਜਾਂਦੇ ਹਨ।
(ਸਿੱਖੀ ਦੀ) ਇਕੋ ਸਿੱਕ ਵਿਚ ਹੀ ਸੁਖ ਹੈ (ਤਾਂਤੇ) ਸਭ ਸਿੱਕਾਂ ਨੂੰ ਦੂਰ ਕਰੋ।
ਗੁਰਮੁਖ ਮਾਰਗ (ਉਸ ਨੂੰ) ਕਹੀਦਾ ਹੈ (ਜਿਸ ਵਿਚ ਸਿਖ) ਗੁਰੂ ਦੀ ਮਤ ਦਾ ਪਿਆਰਾ ਹੋ ਜਾਵੇ।
ਗੁਰੂ ਦੇ ਸ਼ਬਦ ਦੀ ਵੀਚਾਰ ਕਰੇ (ਤੇ ਉਸ ਦ)ੇ ਹੁਕਮ ਵਿਚ ਤੇ ਰਜ਼ਾ ਉਤੇ ਚਲੇ।
ਉਸ ਨੂੰ ਖਸਮ (ਵਾਹਿਗੁਰੂ) ਦਾ ਭਾਣਾ ਪਯਾਰਾ ਲਗੇ ਤੇ ਨਿਸ਼ਚੇ ਨਿਰੰਕਾਰ ਦਾ (ਬੰਦਾ ਹੋਕੇ ਰਹੇ)।
ਇਸ਼ਕ ਤੇ ਕਸਤੂਰੀ ਦੀ ਮਹਿਕਾਰ (ਗੁੱਝੀ ਨਹੀਂ ਰਹਿੰਦੀ, ਇਸੇ ਤਰ੍ਹਾਂ ਉਹ) ਪਰਉਪਕਾਰੀ ਹੋ ਜਾਂਦਾ ਹੈ।
ਭਰੋਸਾ, ਸੰਤੋਖ, ਮਸਤੀ, ਹੁਸ਼ਯਾਰੀ (ਸਭ ਵਿਚ) ਸਾਵਧਾਨਤਾ ਰੱਖਦਾ ਹੈ।
ਗੁਰਮੁਖ ਨੇ ਆਪਾ ਭਾਵ ਗੁਆ ਦਿਤਾ ਹੈ। (ਇਸ ਜਿੱਤ ਨੂੰ) ਜਿੱਤ ਕੇ ਹਊਮੈ ਮਾਰ ਲਈ ਹੈ।
ਪ੍ਰਾਹੁਣ ਚਾਰੀ ਵਾਂਗੂੰ (ਇਸ ਸੰਸਾਰ ਤੋਂ) ਚਲੇ ਜਾਣ (ਦੀ ਗੱਲ) ਜਾਣਕੇ (ਲੋਕਾਂ ਦੇ ਭਾਣੇ)
ਆਣ ਬਣਕੇ ਹੰਕਾਰ ਦੀ ਪਕੜ ਨੂੰ ਦੂਰ ਕਰ ਕੇ ਪ੍ਰੇਮਾ ਭਗਤੀ ਤੇ ਭੈ ਵਿਚ ਤੁਰੇ।
ਇਹ ਕਰਨੀ ਚੰਗੀ ਹੈ ਕਿ ਗੁਰੂ ਦੇ ਸਿੱਖ (ਆਪ ਨੂੰ) ਪ੍ਰਾਹੁਣੇ ਜਾਣਦੇ ਹਨ।
(ਇਹ ਜਾਣਕੇ) ਗੁਰੂ ਦੁਆਰੇ ਟਹਿਲ ਕਰਨੀ (ਇਹ ਕਾਰ) ਗੁਰੂ ਨੂੰ ਪਿਆਰੀ ਹੈ।
ਸ਼ਬਦ ਸੁਰਤ ਲਿਵਲੀਨ ਹੋ ਕੇ (ਪਰ ਇੱਕਲਾ ਨਹੀਂ, ਨਾਲ) ਪਰਵਾਰ ਨੂੰ ਕੀ ਸੁਧਾਰ ਲਵੇ।
(ਕਿੱਕੂੰ? ) ਸਾਧ ਸੰਗਤ ਦਾ ਜੋ ਸਹਿਜ ਦਾ ਪਦ ਹੈ (ਉਥੇ) ਜਾ ਕੇ ਮੇਲ ਤੋਂ ਰਹਿਤ (ਹੋਕੇ ਇਕ) ਨਿਰੰਕਾਰ ਦਾ ਹੋ ਰਹੇ।
(ਉਸ ਸੱਚੇ ਗੁਰ ਸਿੱਖ ਨੇ) ਪਰਮ ਜੋਤ ਦਾ (ਰਿਦੇ ਵਿਚ ਪ੍ਰਕਾਸ਼ ਕਰ ਕੇ ਤੁਰੀਆ ਪਦ ਵਿਖੇ ਲਿਵ ਲਾਈ।
ਪਰਮ ਤੱਤ (ਵਾਹਿਗੁਰੂ ਦੇ ਤਤ ਸਰੂਪ ਨੂੰ) ਪਰਮਾਣ ਕਰ ਕੇ ਅਨਾਹਦ ਧੁਨੀ ਵੱਜੀ।
ਪਰਮਾਰਥ ਨੂੰ ਸਮਝਕੇ ਪਰਮਾਤਮਾਂ ਨੂੰ (ਹਾਈ=) 'ਹੈ' ਜਾਣਨ ਦੀ ਅਵਸਥਾ ਵਿਚ ਟਿਕੇ।
ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰ ਕੇ ਅਨੁਭਵ ਦੇ ਪਦ ਨੂੰ ਪਾਇਆ।
ਸਾਧ ਸੰਗਤ ਵਿਚ (ਇਹ) ਸਾਧਨਾਂ ਕਰ ਕੇ ਇਕ ਮਨ ਹੋ ਕੇ ਇਕ (ਵਾਹਿਗੁਰੂ) ਨੂੰ ਧਿਆਇਆ।
ਵੀਹ (ਸੰਸਾਰ ਤੋਂ) ਇਕੀਹ (ਪਰਲੋਕ ਵਿਚ) ਚੜ੍ਹਾਉ ਚੜ੍ਹਾਇਆ ਤੇ ਐਦਾਂ ਸੈ ਸਰੂਪ ਵਿਚ ਗਏ।
(ਜੀਕੂੰ) ਸ਼ੀਸ਼ੇ ਵਿਚ ਧਿਆਨ ਧਰ (ਕੇ ਅਪਣੇ ਸਰੀਰ ਨੂੰ ਜਿਵੇਂ ਵੇਖੀਦਾ ਹੈ) ਤਿਕੂੰਆਪ (ਅਪਣੇ ਆਪ ਨੂੰ) ਅਪਣੇ ਆਪ ਵਿਚ ਵੇਖੇ।
ਘਟ ਘਟ (ਵਿਖੇ) ਬ੍ਰਹਮ ਪੂਰਣ ਹੈ, (ਜਿਕੂੰ ਇਕ) ਚੰਦ ਨੂੰ (ਅਨੇਕ ਜਲਾਂ) ਵਿਚ ਵੇਖਦਾ ਹੈ।
(ਜਿੱਕੂੰ ਹਰ ਰੰਗ ਦੀਆਂ) ਗਾਈਆਂ ਵਿਚ (ਇਕ ਚਿੱਟੇ) ਦੁਧ ਨੂੰ ਤੇ ਦੁਧ ਵਿਚ ਘਿਉ ਨੂੰ ਵੇਖਦਾ ਹੈ।
(ਜਿਕੂੰ) ਫੁਲਾਂ ਵਿਚ ਵਾਸ਼ਨਾਂ (ਨੂੰ) ਲੈਂਦਾ ਤੇ ਫਲਾਂ ਵਿਚੋਂ ਰਸ ਨੂੰ ਸੰਮ੍ਹਾਲਦਾ (ਚੱਖਦਾ) ਹੈ।
ਕਾਠ (ਵਿਚ) ਅੱਗ (ਸਮਾਈ ਹੋਈ ਦਾ) ਤਮਾਸ਼ਾ ਦੇਖਦਾ ਤੇ ਧਰਤੀ ਅੰਦਰ ਜਲ ਨੂੰ (ਸਮਾਯਾ ਜਾਣਦਾ) ਹੈ।
(ਇਸੀ ਤਰ੍ਹਾਂ ਘਟ ਘਟ ਵਿਚ ਪੂਰਨ ਬ੍ਰਹਮ ਹੈ, ਪਰ ਗੁਰਮੁਖ ਦਿਖਾਲਦਾ ਹੈ।
ਗਯਾਨ ਦ੍ਰਿਸ਼ਟੀ ਵਿਖੇ ਗੁਰੂ ਦਾ ਧਿਆਨ ਧਰਨ ਵਾਲਾ ਕੋਈ ਵਰਲਾ ਸਿੱਖ ਹੁੰਦਾ ਹੈ।
(ਜੋ) ਰਤਨਾਂ (ਆਤਮ ਗੁਣਾਂ) ਦਾ ਪਾਰਖੂ ਹੋਕੇ ਰਤਨਾਂ ਨੂੰ ਹੀ ਵੇਖਦਾ ਹੈ।
ਮਨ ਰੂਪੀ ਮਾਣਕ ਅਮੋਲਕ (ਰਤਨ ਹੈ ਜੋ) ਸਤਿਸੰਗ ਵਿਚ ਪ੍ਰੋਤਾ ਜਾਂਦਾ ਹੈ।
ਜਗਤ ਵਿਚ ਗੁਰੂ ਦੇ ਸਿੱਖ ਰਤਨਾਂ ਦੀ ਮਾਲਾ ਵਾਂਗੂੰ ਹਨ ਜੋ ਗੁਰੂ ਦੀ ਮਤ ਦੀ ਰੱਸੀ ਵਿਚ ਗੁੰਦੇ ਹੋਏ ਹਨ।
ਜੀਉੁਂਦਿਆਂ ਹੀ ਮਰਕੇ ਫੇਰ ਅਮਰ ਹੋ ਹੋ ਕੇ ਸਹਿਜ ਸੁਖ ਵਿਖੇ ਸਮਾ ਜਾਂਦੇ ਹਨ।
ਜੋਤ ਹੋਕੇ ਜੋਤ ਵਿਚ ਓਤ ਪੋਤ (ਤਾਣੇ ਪੇਟੇ) ਵਾਂਗੂੰ ਮਿਲਕੇ (ਜਾਣੋਈ ਜਾਣਨਹਾਰੇ ਵਾਹਿਗੁਰੂ ਨੂੰ) ਜਾਣ ਲੈਂਦੇ ਹਨ।
ਰਾਗ ਦੇ ਨਾਦ ਨਾਲ ਵਿਸਮਾਦ (ਅਚਰਜ) ਹੋਕੇ ਗੁਣਾਂ ਦੇ ਡੁੰਘਾਉ ਵਿਚ ਗੰਭੀਰ ਹੋ ਜਾਂਦਾ ਹੈ।
ਸ਼ਬਦ ਵਿਚ ਸੁਰਤ ਲਿਵਲੀਣ ਹੋਕੇ ਅਨਾਹਦ ਧੁਨੀ ਵਿਚ ਮਨ ਟਿਕ ਜਾਂਦਾ ਹੈ।
ਜੰਤ੍ਰ੍ਰੀ ਜੰਤ੍ਰ੍ਰ ਵਜਾਉੁਂਦਾ ਹੈ (ਤੇ ਉਧਰ) ਮਨ ਵਿੱਝਕੇ ਤੁਰੀਆ ਵਿਚ (ਜਾ ਟਿਕਦਾ ਹੈ)।
ਵਾਜੇ (ਆਪੇ) ਵੱਜਣ (ਯਾ) ਵਜਾਏ ਜਾਣ, ਗੁਰੂ ਦੇ ਸ਼ਬਦ ਦਾ ਵਜੰਤ੍ਰੀ (ਨਾਮ ਅਭ੍ਯਾਸੀ ਉਸ ਨੂੰ ਅੰਦਰ) ਸਮਾ ਲੈਂਦਾ ਹੈ।
ਅੰਤਰਜਾਮੀ ਜਾਣੀਐ (ਕਿਉੁਂਕਿ ਉਹ) ਅੰਤਰ ਗਤ ਪੀੜਾ ਨੂੰ ਜਾਣਦਾ ਹੈ।
ਗੁਰੂ ਚੇਲਾ ਹੈ ਤੇ ਚੇਲਾ ਗੁਰੂ ਹੈ, (ਜਿਕੂੰ) ਵਿੰਨ੍ਹਣ ਵਾਲਾ ਭੀ ਹੀਰਾ (ਤੇ ਵਿੱਝਣ ਵਾਲਾ ਭੀ) ਹੀਰਾ।
ਗੁਰਮੁਖਾਂ ਵਿਚ (ਇਹ) ਵਡਿਆਈ ਹੈ ਕਿ (ਮਾਨੋ) ਪਾਰਸ ਨਾਲ ਛੁਹਣ ਨਾਲ ਪਾਰਸ (ਹੋਈਦਾ ਹੈ ਇਉਂ ਓਹ ਅਪਣੇ ਸਤਿਸੰਗੀ ਨੂੰ ਆਪਣੇ ਜਿਹਾ ਕਰ ਦਿੰਦੇ ਹਨ)।
(ਅਪਣੇ ਸਤਿਸੰਗੀ ਦਾ ਮਨ) ਹੀਰਾ (ਗੁਰ ਸ਼ਬਦ) ਹੀਰੇ ਨਾਲ ਵਿੰਨ੍ਹਕੇ ਜੋਤੀ (ਅਕਾਲ ਪੁਰਖ ਵਿਖੇ ਉਸਦੀ) ਜੋਤ ਮਿਲਾ ਦਿੰਦੇ ਹਨ।
(ਫੇਰ ਉਹ) ਸਬਦ ਦੀ ਸੁਰਤ ਦੀ (ਲਿਵ) ਤਾਰ (ਵਿਖੇ ਅਜਿਹਾ) ਲੀਨ ਹੁੰਦਾ ਹੈ (ਜਿੱਕੁਰ) ਜੰਤ੍ਰੀ ਜੰਤ੍ਰ ਵਜਾਉੁਂਦਾ ਹੈ (ਭਾਵ, ਉਸਦੀ ਸੁਰ, ਤਾਨ ਇਕ ਸਰੂਪ ਹੋ ਜਾਂਦੀ ਹੈ)।
ਗੁਰਚੇਲਾ ਤੇ ਚੇਲਾ ਗੁਰੂ ਹੋ ਕੇ ਪ੍ਰੇਮ ਵਿਖੇ (ਪਰਚੇ=) ਪਰਚ ਗਿਆ ਹੈ।
ਪੁਰਖਹੁੰ (=ਗੁਰ ਚੇਲਾ ਨਾਨਕ ਥੋਂ ਅੰਗਦ ਜੀ ਭੀ) ਪੁਰਖ ਹੋਕੇ (ਪੁਰਖੋਤਮ ਹੋਏ ਸਰਬ ਪੁਰਖਾਂ ਵਿਖੇ ਸ੍ਰੇਸ਼ਟ ਹੋ ਗਏ।
ਵੀਹ ਤੇ ਇੱਕੀ ਥੋਂ ਲੰਘਕੇ ਸਹਜ ਪਦ ਵਿਖੇ ਸਮਾ ਗਏ।
(ਸਤਿਸੰਗ ਵਿਖੇ ਜਾਕੇ) ਜੋ ਸਤਿਗੁਰੂ ਦੇ ਦਰਸ਼ਨ ਕਰਦਾ ਹੈ, (ਉਹ ਪਰਮਾਤਮਾ ਨੂੰ ਦੇਖਦਾ ਹੈ।
(ਕਿਉੁਂਕਿ ਜੋ) ਸ਼ਬਦ ਦੀ ਸੁਰਤ ਦੀ ਲਿਵ ਵਿਖੇ ਮਗਨ ਹੋਕੇ (ਅੰਤਰਗਤਿ=) ਰਿਦੇ ਅੰਦਰ (ਪ੍ਰਾਪਤ ਪਰਮਆਤਮਾਂ) ਲਖਦਾ ਹੈ।
(ਗੁਰੂ ਦੇ) ਚਰਣ ਕਵਲਾਂ ਦੀ ਵਾਸ਼ਨਾ ਨੂੰ ਲੈਕੇ ਚੰਦਨ ਸਰੂਪ ਹੋ ਜਾਂਦਾ ਹੈ (ਭਾਵ ਦੇਵੀ ਗੁਣਾਂ ਵਾਲਾ ਹੁੰਦਾ ਹੈ)।
(ਗੁਰੂ ਦੇ) ਚਰਣਾਂ ਦੇ ਜਲ ਦੇ ਸਾਦ ਦਾ ਰਸ ਵੱਡਾ ਅਚਰਜ ਰੂਪ ਹੈ (ਭਾਵ ਹੋਰ ਰਸ ਭੁੱਲ ਜਾਂਦੇ ਹਨ)।
ਗੁਰੂ ਦੀ ਮਤ ਵਿਖੇ ਚਿੱਤ ਨੂੰ ਅਚਲ ਕਰਦੇ ਹਨ, ਹੋਰ ਰੂਪਰੇਖ ਵਿਚ ਨਹੀਂ ਰਹਿੰਦੇ (ਸ਼ੁੱਧ ਅੰਤਹਕਰਣ ਹੋ ਜਾਂਦਾ ਹੈ)।
ਸਾਧ ਸੰਗਤ ਦੇ ਸੱਚ ਖੰਡ ਵਿਖੇ ਜਾ ਕੇ ਅਲਖ ਤੇ ਅਲੇਖ ਹੋ ਜਾਂਦੇ ਹਨ।
ਜੋ ਅੱਖੀਂ ਦੇ ਅੰਦਰੋਂ ਦੇਖਦਾ ਹੈ, (ਉਹ ਗੁਰੂ ਦੇ) ਦੀਦਾਰ ਵਿਖੇ ਦਿੱਸਦਾ ਹੈ।
(ਜੋ ਸ਼ਬਦ ਵਿਚ ਉਚਾਰਿਆ ਜਾਂਦਾ ਹੈ। (ਉਹ) ਸੁਰਤ ਵਿਚੋਂ ਨਿਕਲਦਾ ਹੈ।
(ਗੁਰੂ ਦੇ) ਚਰਨ ਕਵਲ ਵਿਚ ਜੋ ਵਾਸ਼ਨਾ ਹੈ। (ਉਸ ਨੂੰ ਮਨ) ਭਵਰ ਸਮਾਨ ਹੋਕੇ ਲੈਂਦਾ ਹੈ।
ਸਾਧ ਸੰਗਤ ਦੇ ਸੰਜੋਗ ਵਿਖੇ ਮਿਲਣ ਕਰ ਕੇ (ਫੇਰ) ਵਿਜੋਗ ਕਿਸੇ ਨੂੰ ਨਹੀਂ ਹੁੰਦਾ।
ਗੁਰਮਤ ਦੇ ਅੰਦਰ ਚਿਤ ਹੈ ਤਾਂ ਚਿਤ ਗੁਰਮਤ ਜੈਸਾ ਹੋ ਜਾਂਦਾ ਹੈ, (ਭਾਵ ਤੱਤ ਰੂਪ ਹੋ ਜਾਂਦਾ ਹੈ)।
ਪਾਰਬ੍ਰਹਮ ਪੂਰਣ ਬ੍ਰਹਮ ਅਤੇ ਸਤਿਗੁਰ (ਇਹ ਤਿੰਨੇ) ਉਸ ਦੇ ਹਨ।
(ਈਸ਼੍ਵਰ ਨੇ) ਅੱਖਾਂ ਵਿਖੇ ਦ੍ਰਿਸ਼ਟੀ (ਦੀ ਸੁਰਤ), ਨੱਕ ਵਿਖੇ ਸ੍ਵਾਸ ਲੈਣ ਦੀ (ਸੁਰਤ ਪਾਈ।
ਕੰਨਾਂ ਵਿਚ ਸੁਣਨ ਦੀ, ਜੀਭ ਵਿਚ ਸ੍ਵਾਦ ਦੀ ਸੁਰਤ ਪਾਈ।
ਹੱਥ ਵਿਚ ਕਿਰਤ ਕਰਨ ਦੀ, ਪੈਰੀਂ ਰਸਤਾ ਦੱਲ ਕੇ ਸਾਥੀ ਬਣਨ ਦੀ (ਸੁਰਤ ਪਾਈ)।
ਸਬਦ ਨੂੰ ਮਤ ਵਿਖੇ ਰਿੜਕ ਕੇ ਗੁਰਮੁਖਾਂ ਨੇ ਸੁਖ ਫਲ ਪਾਇਆ ਹੈ।
ਪਰਮਾਰਥ ਥੋਂ ਬਾਹਰ ਵਿਰਲੇ ਗੁਰਮੁਖ ਹਨ।
ਜੋ ਕਿ ਸਾਧ ਸੰਗਤ ਰੂਪੀ ਚੰਨਣ ਬੂਟੇ ਨਾਲ ਮਿਲਕੇ ਚੰਨਣ ਹੋ ਗਏ ਹਨ।
(ਉਸ ਅਬਿਗਤਿ=) ਈਸ਼੍ਵਰ ਦੀ ਗਤੀ ਅਬਿਗਤਿ ਹੈ, ਕਿੱਕੁਰ ਅਲਖ ਲਖਿਆ ਜਾਵੇ?
ਅਕਥ (ਈਸ਼੍ਵਰ) ਦੀ ਕਥਾ ਭੀ ਅਕਥ ਹੈ, ਕਿੱਕੁਰ (ਕੋਈ) ਆਖ ਸੁਣਾਵੇ।
ਅਚਰਜ ਥੋਂ ਅਚਰਜ ਹੈ (ਕਹਿਣ ਵਾਲੇ) ਹੈਰਾਨ ਹਨ (ਕਿੱਕੁਰ ਕਿਹਾ ਜਾਏ? )
ਜੋ ਵਿਸਮਾਦ ਥੋਂ ਵਿਸਮਾਦ ਹੈ ਵਿਸਮਾਦ (ਰੂਪ ਹੋਕੇ ਉਸ ਵਿਚ ) ਸਮਾ ਗਏ (ਹੁਣ ਉਸ ਦਾ ਥਹੁ ਕੌਣ ਦੱਸੇ? )
ਵੇਦ (ਉਸ ਦਾ) ਕੁਝ ਭੇਤ ਨਹੀਂ ਜਾਣਦੇ, ਸ਼ੇਸ਼ ਨਾਗ (ਜੋ ਕਹੀਦਾ ਹੈ ਸੋ ਭੀ ਭੇਤ) ਨਹੀਂ ਜਾਣਦਾ। (ਕਿੱਕੂੰ ਜਾਣਿਆਂ ਜਾਵੇ? )
(ਉੱਤਰ)- ਗੁਰੂ ਸਬਦ ਦਾ ਅਭਯਾਸ ਕਰੇ, (ਕਿੱਕੂੰ? ) ਵਾਹਿਗੁਰੂ (ਗੁਰ ਮੰਤ੍ਰ੍ਰ ਦੁਆਰਾ) ਸ਼ਲਾਘਾ ਕਰ ਕੇ (ਯਥਾ:-ਜਿਸਨੂੰ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ)॥
(ਜਿੱਕੁਰ) ਗੱਡੀ ਰਸਤੇ ਵਿਖੇ ਲੀਹਾਂ ਵਿਚ ਚੱਲਦੀ ਹੈ।
(ਤਿਹਾ ਹੀ) 'ਰਜਾਈ' (=ਰਜ਼ਾ ਕਰਨ ਵਾਲੇ ਵਾਹਿਗੁਰੂ) ਦੇ ਹੁਕਮ ਵਿਖੇ ਚਲਕੇ ਸਾਧ ਸੰਗਤ ਵਿਖੇ ਨਿਰਬਾਰ ਕਰਦੇ ਹਨ।
ਜਿੱਕੁਰ ਸ਼ਾਹੂਕਾਰ ਘਰ ਦੇ ਅੰਦਰ ਧਨ ਨੂੰ ਸਾਂਭ ਰੱਖਦਾ ਹੈ।
ਜਿੱਕੁਰ ਸਮੁੰਦਰ ਅਥਾਹ (ਅਪਣੀ) ਮ੍ਰਿਯਾਦਾ ਨੂੰ ਨਹੀਂ ਤਿਆਗਦਾ, (ਭਾਵ ਜੋ ਕੁਦਰਤ ਦੇ ਨੇਮ ਹਨ ਜਲ ਵਾਸਤੇ ਸੋ ਅਸਗਾਹ ਹੋ ਜਾਣ ਪਰ ਭੀ ਸਮੁੰਦਰ ਨਹੀਂ ਤ੍ਯਾਗਦਾ।
ਜਿੱਕੁਰ ਜਰਨ ਵਾਲਾ ਘਾਹ ਪੈਰਾਂ ਹੇਠ ਲਿਤਾੜੀਦਾ ਹੈ (ਪਰ ਆਪਣੇ ਸੁਭਾਉ ਨੂੰ ਨਹੀਂ ਛੱਡਦਾ)।
(ਧਰਮ-ਸਾਲ=) ਸਤਿਸੰਗ ਮਾਨ ਸਰੋਵਰ ਹੈ, ਗੁਰਮੁਖ ਧੰਨਤਾ ਯੋਗ ਹੰਸ ਹਨ।
ਗੁਰੂ ਦੇ ਸ਼ਬਦ ਰਤਨ ਪਦਾਰਥ ਹਨ, (ਏਹ ਹੰਸ) ਕੀਰਤਨ ਕਰਦੇ (ਉਸ ਨੂੰ)ਖਾਂਦੇ ਹਨ।
ਜਿੱਕੁਰ ਚੰਨਣ (ਦਾ ਬੂਟਾ) ਬਨਾਂ ਵਿਖੇ ਆਪਣਾ ਆਪ ਲੁਕਾਉਂਦਾ ਹੈ।
ਪਰਬਤਾਂ ਵਿਖੇ ਪਾਰਸ ਗੁਪਤ ਹੋਕੇ (ਸਮਾ ਵਿਲਾਉਂਦਾ=) ਬਿਤੀਤ ਕਰਦਾ ਹੈ।
ਸੱਤਾਂ ਸਮੁੰਦਰਾਂ ਵਿਖੇ ਮਾਨ ਸਰੋਵਰ ਹੈ ਅਲਖ (ਹੋ ਕੇ ਰਹਿੰਦਾ ਹੈ ਤੇ ਆਪਣਾ ਆਪ) ਨਹੀਂ ਜਣਾਉਂਦਾ।
ਜਿਉਂ ਕਲਪ ਬ੍ਰਿੱਛ ਗੁਪਤ ਹੈ ਪ੍ਰਗਟ ਨਹੀਂ ਹੁੰਦਾ।
ਜਿੱਕੂੰ ਜਗਤ ਵਿਚ ਕਾਮਧੇਨ ਹੈ ਪਰ ਆਪਾ ਨਹੀਂ ਜਣਾਉਂਦੀ।
ਸਤਿਗੁਰੂ (ਗੁਰੂ ਅਰਜਨ ਦੇਵ) ਦਾ (ਜਿਨ੍ਹਾਂ ਨੇ) ਉਪਦੇਸ਼ ਲੀਤਾ ਹੈ (ਓਹ) ਕਿਉਂ ਆਪਣਾ ਆਪ ਜਿਤਲਾਉਣ (ਭਾਵ ਨਹੀਂ ਜਣਾਉਂਦੇ)।
(ਸਲਿਸੈ=ਲੈਂਦੇ ਹਨ। ਸਰਿਸੈ=ਇਕ ਸਾਰਖਾ।)
ਅੱਖਾਂ ਦੋ ਦੋ (ਹਰ ਜੀਵ ਪਾਸ) ਕਹੀਦੀਆਂ ਹਨ, (ਪਰ ਦੋਵੇਂ) ਇਕ ਦਰਸ਼ਨ ਦੇਖਦੀਆਂ ਹਨ।
ਦੋ ਦੋ ਕੰਨ ਕਹੀਦੇ ਹਨ, (ਪਰ ਦੋਵੇਂ ਸੁਰਤ) ਖਬਰ ਇਕੋ ਹੀ ਲੈਂਦੇ ਹਨ।
ਨਦੀ ਦੇ ਦੋ ਦੋ ਕਿਨਾਰੇ ਹਨ (ਪਰ ਨਦੀ ਦਾ ਪਾਰਾਵਾਰ=) ਪਾਰ ਉਤਾਰ ਨਹੀਂ ਹੈ ਉਨ੍ਹਾਂ ਨੂੰ।
(ਗੁਰੂ ਨਾਨਕ ਤੇ ਗੁਰੂ ਅੰਗਦ) ਦੋ ਮੂਰਤਾਂ ਹਨ, ਪਰ ਜੋਤ ਇਕ ਹੈ, ਸਬਦ ਇਕ ਸਾਰਖਾ ਹੈ।
ਗੁਰੂ ਚੇਲਾ ਹੈ ਤਾਂ ਚੇਲਾ ਗੁਰੂ ਹੋਯਾ ਹੈ, (ਇਹ ਭੇਤ ਕੋਈ ਕਿਸ ਤਰ੍ਹਾਂ) ਕਿਸੇ ਨੂੰ ਸਮਝਾਵੇ।
ਪਹਿਲੇ ਗੁਰ ਸਿੱਖ ਨੂੰ (ਆਪਣੀ) ਚਰਨੀਂ ਲਾਕੇ ਉਪਦੇਸ਼ ਦਿੰਦੇ ਹਨ।
ਸਾਧ ਸੰਗਤ ਧਰਮ ਦੀ ਸਾਲਾ ਕਰ ਕੇ (ਦੱਸਦੇ ਉਸਦੀ) ਸੇਵਾ ਵਿਖੇ ਸਿਖ ਨੂੰ ਲਾਉਂਦੇ ਹਨ।
ਸਿੱਖ ਪ੍ਰੈਮਾ ਭਗਤੀ ਨਾਲ ਟਹਿਲ ਕਰਦੇ ਤੇ ਗੁਰਪੁਰਬ ਕਰਦੇ ਹਨ।
ਸ਼ਬਦ ਦੀ ਸੁਰਤ ਵਿਚ ਤੇ ਕੀਰਤਨ ਵਿਚ ਸੱਚੇ ਦੇ ਮੇਲ ਵਿਖੇ ਸਿਖ ਮਿਲਦੇ ਹਨ।
ਗੁਰਮੁਖਾਂ ਦਾ ਰਸਤਾ ਸੱਚ ਦਾ ਹੈ ਸੱਚ ਹੀ ਪਾਰ ਕਰਨ ਵਾਲਾ ਹੈ।
(ਪਰ) ਸਚਿਆਰ ਨੂੰ ਹੀ ਸੱਚ ਦੀ ਪ੍ਰਾਪਤੀ ਹੁੰਦੀ ਹੈ (ਕਿਸ ਦੇ) ਮਿਲਿਆਂ ਆਪਾ ਭਾਵ ਦੂਰ ਹੋ ਜਾਂਦਾ ਹੈ।
ਸਿਰ ਉੱਚਾ ਹੈ, ਪੈਰ ਨੀਵੇਂ ਪਰ ਸਿਰ ਪੈਰਾਂ ਪੁਰ ਡਿਗਦੇ ਹਨ।
ਮੂੰਹ ਅੱਖ ਆਦਿਕ ਅੰਗਾਂ ਦਾ ਤੇ ਸਾਰੀ ਦੇਹ ਦਾ ਭਾਰ ਭੀ (ਪੈਰ) ਚੁੱਕਦੇ ਹਨ।
ਸਾਰੇ ਅੰਗ ਛੱਡ ਕੇ ਕੀ ਕਰਮ ਇਹ ਕਰਦੇ ਹਨ ਕਿ ਪੂਜਾ ਇਨ੍ਹਾਂ ਦੀ ਹੀ ਕੀਤੀ ਜਾਂਦੀ ਹੈ?
(ਉੱਤਰ-) ਗੁਰੂ ਦੀ ਸ਼ਰਣ (ਅਰਥਾਤ ਸਤਿਸੰਗ) ਵਿਚ ਰੋਜ਼ ਚੱਲ ਚੱਲਕੇ ਜਾਂਦੇ ਹਨ।
ਫੇਰ ਪਰਉਪਕਾਰ ਕਰਨ ਨੂੰ ਪੈਂਡਾ ਕਰਦੇ ਹਨ, (ਜਿੰਨਾਕੁ) ਵੱਸ ਚੱਲੇ ਅੱਕਦੇ ਨਹੀਂ।
(ਇਸ ਲਈ ਮੇਰਾ ਜੀ ਕਰਦਾ ਹੈ ਕਿ ਮੇਰੀ ਸਫਲਤਾ ਤਾਂ ਹੋਵੇ ਜੇ) ਮੇਰੀ (ਦੇਹ ਦੀ) ਖੱਲ ਦੀਆਂ ਜੁੱਤੀਆਂ ਗੁਰੂ ਦੇ ਸਿੱਖ ਹੰਢਾਉਣ, (ਭਾਵ ਉਨ੍ਹਾਂ ਦੇ ਨਿੰਮ੍ਰੀ ਭੂਤ ਉਪਕਾਰੀ ਚਰਨਾਂ ਨਾਲ ਮੇਰੀ ਖੱਲ ਲੱਗ ਲੱਗ ਕੇ ਪਵਿਤ੍ਰ੍ਰ ਹੋ ਜਾਵੇ)।
(ਪਰ ਮੈਂ ਕਰਮ ਹੀਨ ਹਾਂ ਤੇ ਏਹ) ਚਰਨ ਧੂੜ ਉਨ੍ਹਾਂ ਦੇ ਮੱਥੇ ਲੱਗਦੀ ਹੈ ਜਿਨ੍ਹਾਂ ਦੇ ਵੱਡੇ ਭਾਗ ਹੋਣ।
(ਸੰਤਾਂ ਦੀ ਗਤੀ ਧਰਤੀ ਵਾਂਗੂੰ ਦੱਸਦੇ ਹਨ) ਜਿੱਕੁਰ ਧਰਤੀ ਧੀਰਜ ਧਰਮ ਦੀ (ਅਤੇ) ਗਰੀਬੀ ਦੀ (ਮੂੜੀ=) ਪੂੰਜੀ ਹੈ।
ਸਾਰਿਆਂ ਥੋ ਨੀਵੀਂ ਹੋ ਰਹੀ ਹੈ ਉਸਦੀ (ਨਿੰਮ੍ਰਤਾਂ ਦੀ) ਮਨੌਤ ਸੱਚੀ ਹੈ।
ਕੋਈ ਹਰਿਮੰਦਰ ਬਣਾਵੇ, ਕੋਈ ਅਟੂੜੀ (ਕੱਠੀ) ਕਰੇ।
ਜੇਹਾ (ਕੋਈ) ਅੰਬ ਜਾਂ ਲਸੂੜੀ ਬੀਜੇ (ਉਸ ਦਾ) ਫਲ ਉਹੋ (ਜਿਹਾ) ਲੁਣਦਾ ਹੈ।
(ਗੁਰੂ ਜੀ ਸੁਖਮਨੀ ਸਾਹਿਬ ਵਿਖੇ ਲਿਖਦੇ ਹਨ “ਜਿਉ ਬਸੁਧਾ ਕੋਊੂ ਖੋਦੈ ਕੋਉੂ ਚੰਦਨ ਲੇਪ” ਕੋਈ ਪੁਟੇ ਤੇ ਕੋਈ ਚੰਦਨ ਛਿੜਕੇ ਦੁਹਾਂ ਨੂੰ ਇਕੋ ਰੂਪ ਜਾਣਦੀ ਹੈ, ਤਿਹਾ ਹੀ ਗੁਰੂ ਦੇ ਸਿੱਖ)
ਜੀਵੱਤ ਭਾਵ ਥੋਂ ਮਰਕੇ ਫੇਰ (ਸਤਿਸੰਗ ਭਾਵ ਵਿਚ) ਜੀਉ ਕੇ ਗੁਰਮੁਖਾਂ ਦੇ ਜੋੜ ਵਿਚ ਜੁੜਦੇ ਹਨ।
(ਸਿੱਖ ਲੋਕ ਜਲ ਵਾਂਗੂ ਉਪਕਾਰੀ ਹਨ) ਜਿਹਾ ਪਾਣੀ (ਆਪ ਨਿਵ ਕੇ) ਨਿੰਮ੍ਰੀ ਭੂਤ ਹੋ ਕੇ ਚਲਦਾ ਹੈ (ਤੇ ਹੋਰਨਾਂ ਨੂੰ ਜੋ ਉਸ ਦੇ ਪਰਵਾਹ ਵਿਚ ਆ ਜਾਵਣ) ਨੀਵਾਣ ਵਿਚ ਚਲਾਂਵਦਾ ਹੈ।
ਸਾਰਿਆਂ ਰੰਗਾਂ ਵਿਚ ਰਲਾਯਾ ਹੋਇਆ ਰਲ ਮਿਲ ਜਾਂਦਾ ਹੈ (ਕਿਸੇ ਨਾਲ ਦੁਖ ਨਹੀਂ ਕਰਦਾ)।
ਉਹ ਆਪਾ ਭਾਵ ਗਵਾਕੇ ਪਰੋਪਕਾਰ ਕਮਾਉਂਦਾ ਹੈ।
ਕਾਠ ਨੂੰ ਪਾਲਕੇ ਡੋਬਦਾ ਨਹੀਂ (ਸਗਮਾਂ ਉਸ) ਨਾਲ ਲੋਹੇ ਨੂੰ ਭੀ ਤਾਰ ਦਿੰਦਾ ਹੈ।
ਮੀਂਹ ਰੂਪ (ਹੋਕੇ ਜਦ) ਵੱਸਦਾ ਹੈ ਸੁਕਾਲ ਹੁੰਦਾ ਹੈ ਅਤੇ ਰਸ ਕਸ ਹੁੰਦੇ ਹਨ।
(ਇਸ ਪ੍ਰਕਾਰ) ਸਾਧ ਲੋਕ ਜੀਵੱਤ ਭਾਵ ਥੋਂ ਮਰਕੇ (ਪਰੋਕਾਰੀ) ਹੁੰਦੇ ਹਨ, (ਉਹਨਾਂ ਦਾ) ਜਗਤ ਵਿਖੇ ਆਗਮਨ ਸਫਲ ਹੈ।
(ਬ੍ਰਿੱਛ) ਸਿਰ ਤਲਵਾਇਆ (ਸਿਰ ਹੇਠ ਤੇ ਪੈਰ ਉਤੇ) ਹੋ ਕੇ ਜੰਮਦਾ ਹੈ ਫੇਰ ਅਚੱਲ ਰਹਿੰਦਾ ਹੈ, ਚਲਦਾ ਨਹੀਂ।
ਬਰਸਾਤ, ਸੀਤਕਾਲ, ਤਪਤ ਸਹਾਰਕੇ ਉਹ ਤਪੋਂ ਨਹੀਂ ਟਲਦਾ।
(ਜਦ) ਫਲਕੇ ਬ੍ਰਿੱਛ ਸੁੰਦਰ ਹੁੰਦਾ ਹੈ ਤਦੋਂ ਸੁਹਣੇ ਫਲਾਂ ਨਾਲ ਫਲਿਆ (ਧਰਤੀ ਪੁਰ ਆਪਣਾ ਸਿਰ ਮੇਵੇ ਦਾ ਭਰਿਆ ਹੋਇਆ ਧਰਦਾ ਹੈ)।
ਲੋਕ ਵੱਟੇ ਮਾਰਦੇ ਹਨ ਓਹ ਫਲ ਹੀ ਦੇਈ ਜਾਂਦਾ ਹੈ, (ਕਰਵੱਤ=) ਆਰੇ ਹੇਠੋਂ ਭੀ ਨਹੀਂ ਹਿਲਦਾ।
ਬੁਰੇ ਬੁਰਿਆਈ ਹੀ ਕਰਦੇ ਹਨ, ਭਲੇ ਭਲਿਆਈ ਹੀ ਕਰਦੇ ਹਨ।
(ਜੋ ਲੋਕ) ਅਵਗੁਣ ਕੀਤਿਆਂ ਭੀ ਗੁਣ ਹੀ ਕਰਦੇ ਹਨ, (ਅਜਿਹੇ) ਸਾਧੂ ਜਗਤ ਵਿਖੇ ਵਿਰਲੇ ਹਨ।
ਸਮਾਂ ਤਾਂ ਲੋਕਾਂ ਨੂੰ ਛਲੀ ਜਾਂਦਾ ਹੈ (ਕਿਉਂ ਜੋ ਉਨ੍ਹਾਂ ਦੀ ਆਯੂ ਬਿਰਥਾ ਗੁਜ਼ਰ ਰਹੀ ਹੈ, ਪਰ) ਉਨ੍ਹਾਂ (ਸਾਧੂ ਲੋਕਾਂ ਨੇ) ਸਮੇਂ ਨੂੰ ਛਲ ਲੀਤਾ ਹੈ, (ਕਿਉਂ ਜੋ ਉਸ ਨੂੰ ਸਫਲ ਕਰ ਲੀਤਾ ਹੈ)।
(ਜਿਹੜਾ ਮੁਰੀਦ) ਸਿੱਖ ਮੁਰਦਾ ਹੋਵੇਗਾ (ਭਾਵ ਸੰਕਲਪਾਂ ਤੇ ਖ਼ੁਦੀ ਤੋਂ ਰਹਿਤ ਹੋਊੂ ਉਹ ਗੁਰੂ (ਰੂਪੀ) ਕਬਰ ਵਿਖੇ ਸਮਾਵੇਗਾ (ਭਾਵ ਮਿਲੇਗਾ ਗੁਰੂ ਨੂੰ, ਗੋਰ ਕਹਿਣ ਦਾ ਕਾਰਨ ਇਹ ਹੈ ਕਿ ਗੁਰੂ ਭੀ ਨਿਰਲੋਭ ਤੇ ਸਮਦਰਸੀ ਹੋਵੇ, ਦੂਜੀ ਗੱਲ ਇਹ):
(ਗੁਰੂ ਦੇ) ਸ਼ਬਦ ਦੀ ਗਯਾਤ ਦੀ ਤਾਰ ਵਿਚ ਮਗਨ ਹੋਕੇ ਉਹ ਅਪਣਾ ਆਪ ਗਵਾ ਦੇਵੇ।
ਤਨ ਨੂੰ ਧਰਮਸਾਲ ਦੀ ਧਰਤੀ ਬਣਾਵੇ, (ਉਸ ਉਤੇ) ਮਨ ਰੂਪੀ ਫੂੜੀ ਵਛਾਵੇ (ਭਾਵ, ਸਾਧ ਸੰਗਤ ਵਿਖੇ ਤਨੋਂ ਮਨੋਂ ਹੋਕੇ ਆਏ ਗਏ ਦੀ ਟਹਿਲ ਕਰੇ)।
ਗੁਰੂ ਦੇ ਸ਼ਬਦ ਦਾ ਅਭਯਾਸ ਕਰੇ (ਜੋ ਕੋਈ ਉੱਤੋਂ ਦੀ ਲੰਘ ਜਾਵੇ ਤਾਂ ਉਸਦੇ) ਪੈਰਾਂ ਦੀ ਲਤਾੜ ਖਾਕੇ (ਗੁੱਸਾ ਨਾ ਕਰੇ)।
ਪ੍ਰੇਮਾ ਭਗਤੀ ਦੇ ਨੀਵਾਣ ਵਿਚ ਗੁਰੂ ਦੀ ਮਤ ਵਿਚ ਹੋ ਕੇ ਮਨ ਨੂੰ ਰੋਕੇ।
ਸੰਗਤ ਵਿਖੇ ਆਕੇ ਇਕ ਰਸ ਧਾਰਾ ਵਾਂਗੂੰ ਵਸੇ।