ਵਾਰਾਂ ਭਾਈ ਗੁਰਦਾਸ ਜੀ

ਅੰਗ - 11


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਸਤਿਗੁਰ ਸਚਾ ਪਾਤਿਸਾਹੁ ਪਾਤਿਸਾਹਾਂ ਪਾਤਿਸਾਹੁ ਜੁਹਾਰੀ ।

ਸਤਿਗੁਰੂ ਸਚਾ ਪਾਤਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ, (ਉਸ ਨੂੰ) ਨਿਮਸਕਾਰ ਹੈ।

ਸਾਧਸੰਗਤਿ ਸਚਿ ਖੰਡੁ ਹੈ ਆਇ ਝਰੋਖੈ ਖੋਲੈ ਬਾਰੀ ।

(ਸਤਿਗੁਰੂ) ਸਾਧ ਸੰਗਤ ਦੇ ਸੱਚੇ ਖੰਡ ਵਿਖੇ ਆ ਕੇ (ਆਪਣੇ) ਮੁਖ ਰੂਪ ਝਰੋਖੇ ਦੀ (ਰਸਨਾ ਰੂਪ) ਤਾਕੀ ਖੋਲ੍ਹਦੇ ਹਨ, (ਭਾਵ ਉਪਦੇਸ਼ ਕਰਦੇ ਹਨ)।

ਅਮਿਉ ਕਿਰਣਿ ਨਿਝਰ ਝਰੈ ਅਨਹਦ ਨਾਦ ਵਾਇਨਿ ਦਰਬਾਰੀ ।

ਅੰਮ੍ਰਿਤ ਦੀ ਕਿਰਣ ਇੱਕ ਰਸ ਝਰਦੀ ਹੈ, ਅਨਹਦ ਸ਼ਬਦ ਨੂੰ ਦਰਬਾਰੀ (ਜੋ ਗੁਰੂ ਹਨ ਸੋ) ਵਜਾਉਂਦੇ ਹਨ।

ਪਾਤਿਸਾਹਾਂ ਦੀ ਮਜਲਸੈ ਪਿਰਮੁ ਪਿਆਲਾ ਪੀਵਣ ਭਾਰੀ ।

(ਹੋਰ) ਪਾਤਸ਼ਾਹ ਦੀ ਕਚਹਿਰੀ ਵਿਖੇ ਪਿਰੀ ਦਾ ਪਿਆਲਾ ਪੀਵਣਾ ਖਰਾ ਔਖਾ ਹੈ।

ਸਾਕੀ ਹੋਇ ਪੀਲਾਵਣਾ ਉਲਸ ਪਿਆਲੈ ਖਰੀ ਖੁਮਾਰੀ ।

(ਜਿਸਨੂੰ) ਗੁਰੂ (ਸਾਕੀ ਪ੍ਰੇਮ ਦਾ ਪਿਆਲਾ) ਦਿੰਦੇ ਹਨ, ਉਸ ਪਿਆਲੇ ਦੀ ਜੂਠ ਵਿਚ ਖਰੀ ਮਸਤੀ (ਚੜ੍ਹਦੀ) ਹੈ।

ਭਾਇ ਭਗਤਿ ਭੈ ਚਲਣਾ ਮਸਤ ਅਲਮਸਤ ਸਦਾ ਹੁਸਿਆਰੀ ।

ਪ੍ਰੇਮਾ ਭਗਤੀ ਦੇ ਭੈ ਵਿਖੇ ਚਲਦਾ ਹੈ, ਓਹ (ਦੀਨ ਦੁਨੀਆਂ ਵਲੋਂ) ਮਸਤ ਅਲਮਸਤ ਹੋਕੇ (ਫੇਰ ਬੀ) ਹੁਸ਼ਯਾਰ ਰਹਿੰਦਾ ਹੈ (ਭਾਵ ਬਾਵਲਾ ਨਹਂ ਹੋ ਜਾਂਦਾ)।

ਭਗਤ ਵਛਲੁ ਹੋਇ ਭਗਤਿ ਭੰਡਾਰੀ ।੧।

ਆਪ ਨਿਰੰਕਾਰ ਉਸ ਭਗਤ ਦਾ ਭੰਡਾਰੀ ਹੋ ਜਾਂਦਾ ਹੈ (ਭਾਵ, ਸਭ ਭਾਵਨਾਂ ਪੂਰਨ ਕਰਦਾ ਹੈ)

ਪਉੜੀ ੨

ਇਕਤੁ ਨੁਕਤੈ ਹੋਇ ਜਾਇ ਮਹਰਮੁ ਮੁਜਰਮੁ ਖੈਰ ਖੁਆਰੀ ।

ਇਕ ਨੁਕਤੇ ਥੋਂ 'ਮਹਿਰਮ' ਤੇ 'ਮੁਜਰਮ' ਬਣ ਜਾਂਦਾ ਹੈ, (ਫਾਰਸੀ) ਵਿਚ ਮਹਰਮ ਵਾਲੀ 'ਹੇ' ਵਿਚ ਨੁਕਤਾ ਲਗ ਜਾਵੇ ਤਾਂ ਪਦ ਮੁਜਰਮ ਬਣ ਜਾਂਦਾ ਹੈ) ਭਲਿਆਣ ਤੋਂ ਖੁਆਰੀ ਹੋ ਜਾਂਦੀ ਹੈ, (ਭਾਵ ਜੋ ਮਹਰਮ=ਜਾਣੂੰ ਭੇਤ ਨਾ ਰੱਖੇ ਤਦ ਉਸ ਨਾਲ ਜੋ ਨੇਕ ਹੁੰਦੀ ਸੀ ਉਸਦੀ ਖੁਆਰੀ ਹੁੰਦੀ ਹੈ, ਅਰ ਉਹ ਮੁਜਰਮ ਬਣ ਜਾਂਦਾ ਹੈ)।

ਮਸਤਾਨੀ ਵਿਚਿ ਮਸਲਤੀ ਗੈਰ ਮਹਲਿ ਜਾਣਾ ਮਨੁ ਮਾਰੀ ।

ਮਸਤਾਨੀ ਵਿਚ ਮਸਲਤੀ ਹੈ ਗੈਰ ਮਹੱਲ ਵੱਲ ਜਾਣ ਵੱਲੋਂ ਮਨ ਨੂੰ ਰੋਕੋ, (ਮਸਤਾਨੇ ਰਹਿਣ ਵਿਚ ਨੇਕ ਸਲਾਹ ਹੈ ਕਿ ਦੂਜੇ ਥਾਂ ਨਹੀਂ ਜਾਂਦਾ, ਅਥਵਾ ਮਨ ਮਾਰ ਰਖੇ, ਦੂਈ ਥਾਂ ਪਰ ਮਨ ਨਾ ਧਰੇ ਕੁਸੰਗ ਨਾ ਕਰੇ ਤੇ ਭੇਤ ਜਰਕੇ ਰੱਖਣ ਲਈ ਨੇਕ ਸਲਾਹ ਇਹ ਹੈ ਕਿ ਪਿਛਲੀ ਪੌੜੀ ਵਿਚ ਕਹੀ ਹੋਈ ਮਸਤੀ ਧਾਰ ਲਵੇ)।

ਗਲ ਨ ਬਾਹਰਿ ਨਿਕਲੈ ਹੁਕਮੀ ਬੰਦੇ ਕਾਰ ਕਰਾਰੀ ।

ਗੱਲ ਨਾ ਬਾਹਰ ਕੱਢੇ ਹੁਕਮ ਦਾ ਦਾਸ ਹੋਕੇ ਗੁਰੂ ਦੀ ਸੇਵਾ ਤਕੜੀ ਕਰੇ।

ਗੁਰਮੁਖਿ ਸੁਖ ਫਲੁ ਪਿਰਮ ਰਸੁ ਦੇਹਿ ਬਿਦੇਹ ਵਡੇ ਵੀਚਾਰੀ ।

(ਜਿਨ੍ਹਾਂ) ਗੁਰਮੁਖਾਂ ਨੂੰ ਪ੍ਰੇਮ ਦਾ ਰਸ ਆਇਆ ਹੈ, ਓਹ (ਸੁਖ ਫਲ=) ਆਤਮ ਸੁਖ ਨੂੰ ਪਾਕੇ ਦੇਹ ਦੇ ਰਸਾਂ ਥੋਂ ਬਿਦੇਹ ਰਹਿੰਦੇ ਹਨ ਤੇ ਵੀਚਾਰਦੇ ਹਨ। (“ਰੁਖੀ ਸੁਖੀ ਖਾਇਕੇ ਠੰਢਾ ਪਾਣੀ ਪੀਉ”। ਤਾਤਪਰਜ ਇਹ ਕਿ ਨਿਰਬਾਹ ਮਾਤ੍ਰ੍ਰ ਲੈਂਦੇ ਹਨ)।

ਗੁਰ ਮੂਰਤਿ ਗੁਰ ਸਬਦੁ ਸੁਣਿ ਸਾਧਸੰਗਤਿ ਆਸਣੁ ਨਿਰੰਕਾਰੀ ।

ਗੁਰਾਂ ਦੇ ਸ਼ਬਦ ਨੂੰ (ਸੱਚੇ) ਗੁਰੂ ਦਾ ਰੂਪ ਜਾਣਕੇ ਸੁਣਦੇ ਹਨ (ਤੇ)ਸਾਧ ਸੰਗਤ ਨੂੰ ਨਿਰੰਕਾਰ ਦਾ ਆਸਣ (ਰਾਜ ਗੱਦੀ ਜਾਣਦੇ ਹਨ)।

ਆਦਿ ਪੁਰਖੁ ਆਦੇਸੁ ਕਰਿ ਅੰਮ੍ਰਿਤੁ ਵੇਲਾ ਸਬਦੁ ਆਹਾਰੀ ।

ਵਾਹਿਗੁਰੂ ਨੂੰ ਮੱਥਾ ਟੇਕ ਪ੍ਰਾਤਹਕਾਲ ਸ਼ਬਦ ਦਾ ਭੋਜਨ ਕਰਦੇ ਹਨ (ਅਥਵਾ ਆਸਾ ਦੀ ਵਾਰ ਜਾਂ ਹੋਰ ਸ਼ਬਦਾਂ ਦੇ ਪਾਠ ਬਾਝ ਰੋਟੀ ਨਹੀਂ ਖਾਂਦੇ)।

ਅਵਿਗਤਿ ਗਤਿ ਅਗਾਧਿ ਬੋਧਿ ਅਕਥ ਕਥਾ ਅਸਗਾਹ ਅਪਾਰੀ ।

ਅਬਿਗਤ (ਜਿਸਦੀ ਗਤੀ ਨਾ ਲਖੀ ਜਾਏ), ਡੂੰਘੇ ਗਯਾਨ ਵਾਲਾ, ਕਥਨ ਤੋਂ ਅਕਥ, ਬੇਅੰਤ, ਪਾਰ ਥੋਂ ਰਹਿਤ (ਵਾਹਿਗੁਰੂ ਨੂੰ ਜਾਣਕੇ)।

ਸਹਨਿ ਅਵੱਟਣੁ ਪਰਉਪਕਾਰੀ ।੨।

ਆਪ ਉੱਪਰ ਦੁਖ ਝੱਲ ਲੈਂਦੇ ਹਨ ਪਰੋਪਕਾਰੀ ਹੋਕੇ।

ਪਉੜੀ ੩

ਗੁਰਮੁਖਿ ਜਨਮੁ ਸਕਾਰਥਾ ਗੁਰਸਿਖ ਮਿਲਿ ਗੁਰ ਸਰਣੀ ਆਇਆ ।

(ਉਸ) ਗੁਰਮੁਖ ਦਾ ਜਨਮ ਸਫਲ ਹੈ (ਜਿਹੜਾ) ਗੁਰੂ ਦੇ ਸਿਖਾਂ ਨਾਲ ਮਿਲਕੇ ਗੁਰੂ ਦੀ ਸ਼ਰਣੀ ਆ ਲੱਗਾ ਹੈ (ਭਾਵ ਗੁਰੂ ਅਰਜਨ ਦੇਵ ਜੀ ਦੇ ਚਰਨ ਪਕੜੇ ਹਨ)।

ਆਦਿ ਪੁਰਖ ਆਦੇਸੁ ਕਰਿ ਸਫਲ ਮੂਰਤਿ ਗੁਰ ਦਰਸਨੁ ਪਾਇਆ ।

ਆਦਿ ਪੁਰਖ (ਗੁਰ ਸ਼ਬਦ) ਦੇ ਅੱਗੇ ਮੱਥਾ ਟੇਕਕੇ ਸਫਲ ਮੂਰਤੀ ਗੁਰੂ ਦਾ ਦਰਸ਼ਨ ਪਾਇਆ ਹੈ, (ਭਾਵ ਗੁਰਬਾਣੀ ਹੀ ਆਦਿ ਪੁਰਖ ਵਾਹਿਗੁਰੂ ਦਾ ਰੂਪ ਜਾਣਦਾ ਹੈ)।

ਪਰਦਖਣਾ ਡੰਡਉਤ ਕਰਿ ਮਸਤਕੁ ਚਰਣ ਕਵਲ ਗੁਰ ਲਾਇਆ ।

ਪਰਕਰਮਾ ਕਰ ਕੇ ਮੱਥਾ ਟੇਕ ਕੇ ਮਸਤਕ ਗੁਰੂ ਦੇ ਚਰਨ ਕਮਲਾਂ ਨਾਲ ਲਾਇਆ ਹੈ।

ਸਤਿਗੁਰੁ ਪੁਰਖ ਦਇਆਲੁ ਹੋਇ ਵਾਹਿਗੁਰੂ ਸਚੁ ਮੰਤ੍ਰੁ ਸੁਣਾਇਆ ।

ਸਤਿਗੁਰੂ ਪੁਰਖ ਨੇ ਦਿਆਲ ਹੋਕੇ ਵਾਹਿਗੁਰੂ ਦਾ ਸੱਚਾ ਮੰਤਰ (ਉਸ ਨੂੰ) ਸੁਣਾ ਦਿੱਤਾ।

ਸਚ ਰਾਸਿ ਰਹਰਾਸਿ ਦੇ ਪੈਰੀਂ ਪੈ ਜਗੁ ਪੈਰੀ ਪਾਇਆ ।

ਸੱਚੀ ਰਾਸ (ਨਾਮ ਦੀ ਪ੍ਰਾਪਤ ਕਰਕੇ) ਸੱਚੀ ਜੁਗਤ ਨਾਲ ਉਸ ਨੂੰ ਧਾਰ ਲੈਂਦਾ ਹੈ; (ਆਪ ਗੁਰੂ ਦੀ) ਪੈਰੀਂ ਪਿਆ ਸੀ, (ਹੁਣ) ਜਗਤ ਉਸਦੀ ਪੈਰੀਂ ਪੈਂਦਾ ਹੈ।

ਕਾਮ ਕਰੋਧੁ ਵਿਰੋਧੁ ਹਰਿ ਲੋਭੁ ਮੋਹੁ ਅਹੰਕਾਰੁ ਤਜਾਇਆ ।

(ਸਾਰੇ) ਵਿਰੋਧੀ (ਵਿਸ਼ੇ) ਕਾਮਾਦਿਕ ਛੱਡ ਦਿੱਤੇ ਹਨ।

ਸਤੁ ਸੰਤੋਖੁ ਦਇਆ ਧਰਮੁ ਨਾਮੁ ਦਾਨੁ ਇਸਨਾਨੁ ਦ੍ਰਿੜਾਇਆ ।

ਸਤ ਸੰਤੋਖ ਦਯਾ ਧਰਮ (ਸ਼ੁਭ ਗੁਣ) ਨਾਮ ਦਾਨ ਤੇ ਅਸ਼ਨਾਨ ਦ੍ਰਿੜ ਕੀਤੇ ਹਨ।

ਗੁਰ ਸਿਖ ਲੈ ਗੁਰਸਿਖੁ ਸਦਾਇਆ ।੩।

(ਜਿਸ ਨੇ ਅਜੇਹੀ) ਗੁਰੂ ਦੀ ਸਿੱਖਯਾ (ਯਾ ਗੁਰੂ ਦੀ ਸਿਖੀ) ਲੀਤੀ ਹੈ ਗੁਰੂ ਦਾ ਸਿੱਖ (ਉਸੇ) ਸਦਵਾਇਆ ਹੈ।

ਪਉੜੀ ੪

ਸਬਦ ਸੁਰਤਿ ਲਿਵ ਲੀਣੁ ਹੋਇ ਸਾਧਸੰਗਤਿ ਸਚਿ ਮੇਲਿ ਮਿਲਾਇਆ ।

ਸ਼ਬਦ ਦੀ ਸੁਰਤ ਦੀ ਲਿਵ (ਪ੍ਰੀਤਿ) ਵਿਖੇ ਮਗਨ ਹੋਕੇ ਸੰਗਤਾਂ ਵਿਚ ਸੱਚਾ ਮੇਲ ਕੀਤਾ ਹੈ।

ਹੁਕਮ ਰਜਾਈ ਚਲਣਾ ਆਪੁ ਗਵਾਇ ਨ ਆਪੁ ਜਣਾਇਆ ।

(ਰਜਾਈ=) ਵਾਹਿਗੁਰੂ ਦੇ ਹੁਕਮ ਵਿਚ ਚੱਲਕੇ (ਜਿਨ੍ਹਾਂ) ਆਪਾ ਭਾਵ ਗਵਾ ਦਿੱਤਾ ਹੈ (ਉਹਨਾਂ ਨੇ) ਆਪਣਾ ਆਪ ਨਹੀਂ ਜਣਾਇਆ (ਭਾਵ ਆਪਣਾ ਆਪ ਸਵਾਰ ਲੀਤਾ ਨਿਰਮਾਣ ਹੋ ਗਏ ਹਨ)।

ਗੁਰ ਉਪਦੇਸੁ ਅਵੇਸੁ ਕਰਿ ਪਰਉਪਕਾਰਿ ਅਚਾਰਿ ਲੁਭਾਇਆ ।

ਗੁਰ ਉਪਦੇਸ਼ ਵਿਖੇ ਪਰਵੇਸ਼ ਕਰ ਕੇ ਪਰੋਪਕਾਰੀ ਕੰਮਾਂ ਵਿਚ ਪ੍ਰੀਤ ਕੀਤੀ ਹੈ।

ਪਿਰਮ ਪਿਆਲਾ ਅਪਿਉ ਪੀ ਸਹਜ ਸਮਾਈ ਅਜਰੁ ਜਰਾਇਆ ।

ਪਿਆਰੇ ਦੇ ਅੰਮ੍ਰਿਤ ਦਾ ਪਿਆਲਾ ਪੀਕੇ ਸਹਜ (ਪਦ ਵਿਖੇ ਸੁਰਤ ਸਮਾਈ ਹੈ ਤੇ ਅਜਰ (ਵਾਹਿਗੁਰੂ ਗਿਆਨ) ਨੂੰ ਜਰ ਲੀਤਾ ਹੈ (ਅਥਵਾ ਵਿਸ਼ੇ ਦਮਨ ਕੀਤੇ ਹਨ)।

ਮਿਠਾ ਬੋਲਣੁ ਨਿਵਿ ਚਲਣੁ ਹਥਹੁ ਦੇ ਕੈ ਭਲਾ ਮਨਾਇਆ ।

ਮਿੱਠਾ ਬੋਲਕੇ, ਨਿਉਂ ਚੱਲਕੇ, ਹਥੋਂ ਦੇਕੇ (ਉਨ੍ਹਾਂ ਨੇ) ਭਲਾ ਮਨਾਇਆ ਹੈ।

ਇਕ ਮਨਿ ਇਕੁ ਅਰਾਧਣਾ ਦੁਬਿਧਾ ਦੂਜਾ ਭਾਉ ਮਿਟਾਇਆ ।

ਇਕ (ਵਾਹਿਗੁਰੂ) ਨੂੰ (ਉਨ੍ਹਾਂ ਨੇ) ਇਕ ਮਨ ਹੋਕੇ ਅਰਾਧਿਆ ਹੈ ਤੇ ਦੁਬਿਧਾ ਅਰ ਦੂਈ ਦਾ ਡਰ ਦੂਰ ਕੀਤਾ ਹੈ।

ਗੁਰਮੁਖਿ ਸੁਖ ਫਲ ਨਿਜ ਪਦੁ ਪਾਇਆ ।੪।

ਗੁਰਮੁਖ ਨੇ ਆਪਣੇ ਪਦ (ਸ੍ਵਯੰ ਸਰੂਪ ਨੂੰ ਪ੍ਰਾਪਤ ਹੋਕੇ ਸੁਖ ਰੂਪੀ ਫਲ ਪਾਇਆ ਹੈ।

ਪਉੜੀ ੫

ਗੁਰਸਿਖੀ ਬਾਰੀਕ ਹੈ ਖੰਡੇ ਧਾਰ ਗਲੀ ਅਤਿ ਭੀੜੀ ।

ਗੁਰਸਿੱਖੀ ਵੱਡੀ ਮਹੀਨ ਹੈ, ਖੰਡੇ ਦੀ ਧਾਰ ਵਾਂਙੂ ਤਿੱਖੀ ਤੇ ਤੰਗ ਗਲੀ ਹੈ।

ਓਥੈ ਟਿਕੈ ਨ ਭੁਣਹਣਾ ਚਲਿ ਨ ਸਕੈ ਉਪਰਿ ਕੀੜੀ ।

ਮੱਛਰ ਟਿਕ ਨਹੀਂ ਸਕਦਾ ਤੇ ਉਪਰ ਕੀੜੀ ਚੱਲ ਨਹੀਂ ਸਕਦੀ।

ਵਾਲਹੁ ਨਿਕੀ ਆਖੀਐ ਤੇਲੁ ਤਿਲਹੁ ਲੈ ਕੋਲ੍ਹੂ ਪੀੜੀ ।

ਵਾਲ ਤੋਂ ਨਿੱਕੀ ਕ ਹੈ, (ਜਿੱਕੁਰ) ਕੋਲੂ ਵਿਖੇ ਤੇਲ ਤਿਲਾਂ ਤੋਂ ਲੈ ਪੀੜੀਦਾ ਹੈ।

ਗੁਰਮੁਖਿ ਵੰਸੀ ਪਰਮ ਹੰਸ ਖੀਰ ਨੀਰ ਨਿਰਨਉ ਚੁੰਜਿ ਵੀੜੀ ।

ਜੋ ਗੁਰਮੁਖਾਂ ਦੀ ਵੰਸ ਹਨ (ਓਹ) ਪਰਮਹੰਸ ਹਨ ਦੁੱਧ ਤੇ ਪਾਣੀ ਨਿਤਾਰਦੇ ਹਨ, ਉਨ੍ਹਾਂ ਦੀ ਚੁੰਝ ਵਿਚਾਰ ਦੀ ਹੁੰਦੀ ਹੈ।

ਸਿਲਾ ਅਲੂਣੀ ਚਟਣੀ ਮਾਣਕ ਮੋਤੀ ਚੋਗ ਨਿਵੀੜੀ ।

(ਉਨ੍ਹਾਂ ਨੇ) ਅਲੂਣੀ ਸਿਲਾ ਚਟਣੀ ਹੈ, ਮਾਣਕ ਤੇ ਮੋਤੀਆਂ ਦੀ ਚੋਗ ਲੈਣੀ ਹੈ (ਭਾਵ ਸੰਤ ਗੁਣਾਂ ਦੀ ਚੋਗ ਚੁਗਦੇ ਹਨ)।

ਗੁਰਮੁਖਿ ਮਾਰਗਿ ਚਲਣਾ ਆਸ ਨਿਰਾਸੀ ਝੀੜ ਉਝੀੜੀ ।

ਗੁਰਮੁਖਾਂ ਦੇ ਰਸਤੇ ਚੱਲਣਾ ਤਾਂ ਹੁੰਦਾ ਹੈ ਜਦ ਸੂਖਮ ਤੇ ਸੂਖਮ ਬੀ ਆਸਾ ਤੋਂ ਨਿਰਾਸੀ (ਬੁਧ) ਹੋ ਜਾਵੇ, (ਭਾਵ ਰੰਚਕ ਬੀ ਆਸ ਨਾ ਫੁਰੇ)।

ਸਹਜਿ ਸਰੋਵਰਿ ਸਚ ਖੰਡਿ ਸਾਧਸੰਗਤਿ ਸਚ ਤਖਤਿ ਹਰੀੜੀ ।

ਸ਼ਾਂਤੀ ਦਾ ਤਲਾਉ ਤੇ ਸੱਚਾ ਖੰਡ, ਸਾਧ ਸੰਗਤ ਹਰੀ ਦਾ ਸੱਚਾ ਤਖਤ ਹੈ।

ਚੜ੍ਹਿ ਇਕੀਹ ਪਤਿ ਪਉੜੀਆ ਨਿਰੰਕਾਰੁ ਗੁਰ ਸਬਦੁ ਸਹੀੜੀ ।

(ਵੀਹ ਵਿਸਵੇ ਸੰਸਾਰ ਨੂੰ ਛੱਡਕੇ) ਇਕੀਵੀਂ ਪਤ ਦੀ ਪੌੜੀ ਪੁਰ ਚੜ੍ਹਦੇ ਹਨ ਜੋ ਨਿਰੰਕਾਰ ਰੂਪ ਗੁਰੂ ਦੇ ਸ਼ਬਦ ਨੂੰ ਸਹੇੜਦੇ (ਧਾਰਦੇ ਜਾਂ ਸਹਾਰਦੇ ਹਨ)।

ਗੁੰਗੈ ਦੀ ਮਿਠਿਆਈਐ ਅਕਥ ਕਥਾ ਵਿਸਮਾਦੁ ਬਚੀੜੀ ।

(੯) ਗੁੰਗੇ ਦੀ ਮਿਠਾਈ (ਵਾਂਙੂ ਉਸ ਆਨੰਦ ਨੂੰ ਓਹੀ ਲੋਕ ਜਾਣਦੇ) ਅਚਰਜ ਰੂਪ ਅਕਥ ਕਥਾ ਨੂੰ ਵਾਚਦੇ ਹਨ।

ਗੁਰਮੁਖਿ ਸੁਖੁ ਫਲੁ ਸਹਜਿ ਅਲੀੜੀ ।੫।

(੧੦) ਗੁਰਮੁਖ (ਆਤਮ ਸੁਖ ਦਾ) ਸੁਖ ਫਲ ਸਹਿਜੇ ਹੀ (ਅਲੀੜੀ=) ਲੈ ਰਹੇ ਹਨ, (ਭਾਵ ਸ੍ਵਾਦਨ ਕਰ ਰਹੇ ਹਨ)।

ਪਉੜੀ ੬

ਗੁਰਮੁਖਿ ਸੁਖਫਲ ਪਿਰਮ ਰਸੁ ਚਰਣੋਦਕੁ ਗੁਰ ਚਰਣ ਪਖਾਲੇ ।

ਗੁਰਮੁਖ ਰੂਪ ਫਲ ਪਿਰੀ ਦਾ ਰਸ (ਸਮਝ ਕੇ) ਗੁਰੂ ਦੇ ਚਰਨ ਧੋਕੇ ਚਰਣਾਂਮ੍ਰਿਤ

ਸੁਖ ਸੰਪੁਟ ਵਿਚਿ ਰਖਿ ਕੈ ਚਰਣ ਕਵਲ ਮਕਰੰਦ ਪਿਆਲੇ ।

ਮੂੰਹ ਦੇ ਡਬੇ ਵਿਚ ਰਖਕੇ ਚਰਨ ਕਵਲਾਂ ਦੇ ਰਸਾਂ ਦੇ ਪਿਆਲੇ ਬਣਾਉਂਦੇ ਹਨ (ਭਾਵ ਵਡੇ ਅਦਬ ਨਾਲ ਲੈਂਦੇ ਹਨ)।

ਕਉਲਾਲੀ ਸੂਰਜ ਮੁਖੀ ਲਖ ਕਵਲ ਖਿੜਦੇ ਰਲੀਆਲੇ ।

ਸੂਰਜ ਮੁਖੀ, ਕੌਲਾਂ ਦੇ ਸਮੂਹ (ਗੁਰਾਂ ਦੇ ਚਰ☬ਣ ਕਵਲ ਰੂਪ ਸੂਰਜ ਨੂੰ) ਦੇਖਕੇ ਖਿੜਦੇ ਤੇ ਖੁਸ਼ੀਆਂ ਕਰਦੇ ਹਨ।

ਚੰਦ੍ਰ ਮੁਖੀ ਹੁਇ ਕੁਮੁਦਨੀ ਚਰਣ ਕਵਲ ਸੀਤਲ ਅਮੀਆਲੇ ।

ਚੰਦਰ ਮੁਖੀ ਕਵੀਆਂ (ਸਾਡੇ ਗੁਰਾਂ ਦੇ) ਚਰਣ ਕਮਲ ਨੂੰ ਸੀਤਲ (ਚੰਦਰਮਾਂ ਸਮਝਕੇ) ਅੰਮ੍ਰਿਤ ਲੈਂਦੀਆਂ ਹਨ (ਭਾਵ ਸੂਰਜ ਤੇ ਚੰਦਰਮਾਂ ਦੀ ਕੁੱਝ ਲੋੜ ਹੀ ਨਹੀਂ, ਸਿੱਖ ਸਿੱਖਣੀਆਂ ਗੁਰਾਂ ਦੇ ਚਰਣਾਂ ਪੁਰ ਮਗਨ ਹਨ)।

ਚਰਣ ਕਵਲ ਦੀ ਵਾਸਨਾ ਲਖ ਸੂਰਜ ਹੋਵਨਿ ਭਉਰ ਕਾਲੇ ।

(ਗੁਰਾਂ ਦੇ) ਚਰਣਾਂ ਕਵਲਾਂ ਦੀ ਵਾਸ਼ਨਾਂ ਪੁਰ ਲੱਖਾਂ ਸੂਰਜ ਕਾਲੇ ਭੌਰ ਹੋ ਜਾਂਦੇ ਹਨ, (ਭਾਵ, ਤੇਜ ਨਹੀਂ ਸਹਾਰ ਸਕਦੇ ਅਥਵਾ ਭੌਰਿਆਂ ਵਾਂਙੂ ਪ੍ਰੀਤ ਕਰਦੇ ਹਨ)।

ਲਖ ਤਾਰੇ ਸੂਰਜਿ ਚੜ੍ਹਿ ਜਿਉ ਛਪਿ ਜਾਣਿ ਨ ਆਪ ਸਮ੍ਹਾਲੇ ।

ਜਿਸ ਤਰ੍ਹਾਂ ਸੂਰਜ ਚੜ੍ਹੇ ਤੋਂ ਲੱਖਾਂ ਤਾਰੇ ਛਿਪ ਜਾਂਦੇ ਹਨ ਆਪਾ ਨਹੀਂ ਸੰਮ੍ਰਾਲ ਸਕਦੇ।

ਚਰਣ ਕਵਲ ਦਲਜੋਤਿ ਵਿਚਿ ਲਖ ਸੂਰਜਿ ਲੁਕਿ ਜਾਨਿ ਰਵਾਲੇ ।

(ਤਿਵੇਂ ਗੁਰਾਂ ਦੇ) ਚਰਣ ਕਵਲਾਂ ਦੇ ਪੱਤ੍ਰ੍ਰ ਦੀ ਜੋਤ ਵਿਚ ਲੱਖਾਂ ਸੂਰਜ (ਰਵਾਲ=) ਧੂੜ ਵਾਂਙੂ ਲੁਕ ਜਾਂਦੇ ਹਨ।

ਗੁਰ ਸਿਖ ਲੈ ਗੁਰਸਿਖ ਸੁਖਾਲੇ ।੬।

ਗੁਰਾਂ ਦੀ ਸਿਖ੍ਯਾ ਲੈਕੇ ਗੁਰੂ ਦੇ ਸਿੱਖ ਸੁੱਖਾਂ ਦੇ ਘਰ ਹੋ ਗਏ।

ਪਉੜੀ ੭

ਚਾਰਿ ਵਰਨਿ ਇਕ ਵਰਨ ਕਰਿ ਵਰਨ ਅਵਰਨ ਤਮੋਲ ਗੁਲਾਲੇ ।

ਚਾਰ ਵਰਣਾਂ (ਵਿਚੋਂ ਭਲੇ ਬੁਰੇ ਵਰਣ ਦੀ ਉਪਾਧਿ ਨੂੰ ਛੱਡਕੇ) ਇਕ ਵਰਣ ਕੀਤਾ, (ਜਿਕੁਰ) ਪਾਨਾਂ ਦਾ ਬੀੜਾ (ਇਕ) ਗੁਲਾਲ ਪੋਸਤ ਦੇ ਫੁਲ ਵਾਂਙੂ ਲਾਲ ਰੰਗਤ ਦੇਂਦਾ ਹੈ।

ਅਸਟ ਧਾਤੁ ਇਕੁ ਧਾਤੁ ਕਰਿ ਵੇਦ ਕਤੇਬ ਨ ਭੇਦੁ ਵਿਚਾਲੇ ।

(ਪਾਰਸ) ਅੱਠਾਂ ਧਾਤਾਂ ਦੀ ਇਕ ਧਾਤ (ਸੋਨਾ) ਬਣਾਉਂਦਾ ਹੈ, (ਇਕੁਰ ਗੁਰ ਸ਼ਬਦ) ਵੇਦ ਕਤੇਬਾਂ ਦੇ ਵਿਚ ਭੇਦ ਨਹੀਂ ਰਖਦਾ, (ਭਾਵ ਲੱਖ੍ਯ ਵਲ ਬਿਰਤੀ ਜੋੜਦਾ ਹੈ ਅਰ ਬੇਦ ਕਤੇਬ ਉਪਾਸ਼ਕ ਸਭ ਨੂੰ ਉਪਦੇਸ਼ ਕਰਦਾ ਹੈ)।

ਚੰਦਨ ਵਾਸੁ ਵਣਾਸੁਪਤਿ ਅਫਲ ਸਫਲ ਵਿਚਿ ਵਾਸੁ ਬਹਾਲੇ ।

ਚੰਦਨ ਵਾਸ਼ਨਾ ਵਾਲਾ ਬਣਾਂ ਵਿਖੇ ਅਫਲ ਤੇ ਫਲਾਂ ਵਾਲੇ (ਬ੍ਰਿੱਛਾਂ) ਵਿਖੇ (ਆਪਣੀ) ਵਾਸ਼ਨਾ ਵਾੜਦਾ ਹੈ (ਪਰ ਬਾਂਸ ਨੂੰ ਨਹੀਂ ਕਰ ਸਕਦਾ)।

ਲੋਹਾ ਸੁਇਨਾ ਹੋਇ ਕੈ ਸੁਇਨਾ ਹੋਇ ਸੁਗੰਧਿ ਵਿਖਾਲੇ ।

ਲੋਹਾ (ਆਪ) ਸੋਨਾ ਬਣਕੇ ਫੇਰ ਸੋਨੇ ਵਿਚ ਸੁਗੰਧੀ ਦੱਸਦਾ ਹੈ (ਸੋਨਾ ਤੇ ਸੁਗੰਧੀ ਦੋ ਕੱਠੇ ਨਹੀਂ ਹੁੰਦੇ, ਪਰ ਨੀਚ ਜਾਤ ਦਾ ਲੋਹਾ ਰੂਪ ਆਦਮੀ ਹੋ ਕੇ ਸੋਨੇ ਵਾਂਙੂ ਕੀਮਤੀ ਹੋ ਜਾਂਦਾ ਹੈ ਤੇ ਪਰੁਪਕਾਰੀ ਰੂਪ ਉਸ ਵਿਚ ਸੁਗੰਧੀ ਵਸਦੀ ਹੈ।

ਸੁਇਨੇ ਅੰਦਰਿ ਰੰਗ ਰਸ ਚਰਣਾਮਿਤ ਅੰਮ੍ਰਿਤੁ ਮਤਵਾਲੇ ।

(ਫੇਰ ਉਸ ਗੁਰਮੁਖ) ਸੋਨੇ ਵਿਚ ਰੰਗ (ਨਾਮ ਦਾ) ਤੇ ਰਸ (ਪ੍ਰੇਮ ਦਾ) ਪੈਂਦਾ ਹੈ, ਗੁਰੂ ਦੇ ਚਰਣ ਜਲ ਰੂਪ ਅੰਮ੍ਰਿਤ ਨੂੰ (ਪਾਨ ਕਰ ਜਗਤ ਵਲੋਂ) ਮਤਵਾਲੇ ਹੋ ਰਹਿੰਦੇ ਹਨ।

ਮਾਣਕ ਮੋਤੀ ਸੁਇਨਿਅਹੁ ਜਗਮਗ ਜੋਤਿ ਹੀਰੇ ਪਰਵਾਲੇ ।

(ਫੇਰ ਉਸ) ਸੋਨੇ ਵਿਚੋਂ ਮਾਣਕ ਆਦਿ ਹੀਰੇ ਤੇ ਮੁੰਗੇ ਪ੍ਰਕਾਸ਼ਵਾਨ ਨਿਕਲਦੇ ਹਨ (ਉਸ ਤੋਂ ਅੱਗੇ ਨਾਮ ਅਭਿਆਸੀ ਹੁੰਦੇ ਹਨ, ਯਾ ਆਤਮ ਅਵਸਥਾ ਦੇ ਮੋਤੀ ਹੀਰੇ ਪੈਦਾ ਹੁੰਦੇ ਹਨ।

ਦਿਬ ਦੇਹ ਦਿਬ ਦਿਸਟਿ ਹੋਇ ਸਬਦ ਸੁਰਤਿ ਦਿਬ ਜੋਤਿ ਉਜਾਲੇ ।

(ਫਲ) ਦਿੱਬ ਦੇਹ ਤੇ ਦ੍ਰਿਸ਼ਟੀ ਹੋਕੇ ਸ਼ਬਦ ਦੀ ਸੁਰਤ ਵਿਖੇ ਸ੍ਰੇਸ਼ਟ ਜੋਤੀ ਦਾ ਪ੍ਰਕਾਸ਼ ਹੁੰਦਾ ਹੈ।

ਗੁਰਮੁਖਿ ਸੁਖ ਫਲੁ ਰਸਿਕ ਰਸਾਲੇ ।੭।

ਪਉੜੀ ੮

ਗੁਰਮੁਖ (ਲੋਕ) ਆਤਮ ਸੁਖ ਫਲ ਦੇ ਮਨੋਂ ਤਨੋਂ ਪ੍ਰੇਮੀ ਹੁੰਦੇ ਹਨ।

ਪਿਰਮ ਪਿਆਲਾ ਸਾਧਸੰਗ ਸਬਦ ਸੁਰਤਿ ਅਨਹਦ ਲਿਵ ਲਾਈ ।

ਪਿਰੀ ਦਾ ਪਿਆਲਾ ਸਾਧ ਸੰਗਤ (ਵਿਚ ਪੀ ਕਰਕੇ) ਸ਼ਬਦ ਦੀ ਸੁਰਤ ਵਿਚ ਇਕ ਰਸ ਲਿਵ ਲਾ ਛੱਡਦੇ ਹਨ।

ਧਿਆਨੀ ਚੰਦ ਚਕੋਰ ਗਤਿ ਅੰਮ੍ਰਿਤ ਦ੍ਰਿਸਟਿ ਸ੍ਰਿਸਟਿ ਵਰਸਾਈ ।

ਚੰਦ ਦੇ (ਧਿਆਨ ਵਿਚ)ਚਕੋਰ ਵਾਂਙੂੰ ਧਿਆਨੀ ਹੋ ਕੇ ਉਨ੍ਹਾਂ ਦੀ ਦ੍ਰਿਸ਼ਟਿ ਵਿਚੋਂ ਸ੍ਰੇਸ਼ਟ ਅੰਮ੍ਰਿਤ ਵਸਦਾ ਹੈ, (ਭਾਵ ਅੰਗਾਰਾ ਬੀ ਸੀਤਲ ਭਾਸਦਾ ਹੈ)।

ਘਨਹਰ ਚਾਤ੍ਰਿਕ ਮੋਰ ਜਿਉ ਅਨਹਦ ਧੁਨਿ ਸੁਣਿ ਪਾਇਲ ਪਾਈ ।

ਚਾਤ੍ਰਿਕ (ਵਾਙੂੰ ਸ੍ਵਾਂਤੀ ਬੂੰਦ ਮੰਗਦੇ ਹਨ) ਤੇ ਮੋਰ ਵਾਂਙੂੰ ਬੱਦਲ ਦੀ ਅਨਹਦ ਧੁਨੀ ਸੁਣਕੇ ਪਾਇਲਾਂ ਪਾਉਂਦੇ (ਅਤਿ ਪ੍ਰਸੰਨ ਹੁੰਦੇ) ਹਨ।

ਚਰਣ ਕਵਲ ਮਕਰੰਦ ਰਸਿ ਸੁਖ ਸੰਪੁਟ ਹੁਇ ਭਵਰੁ ਸਮਾਈ ।

ਚਰਣ ਕਵਲਾਂ ਦੇ ਮਕਰੰਦ ਦਾ (ਸਵਾਦ ਲੈਣ ਲਈ) ਭੌਰੇ ਹੋ ਕੇ ਸੁਖ ਦੇ ਡੱਬੇ ਵਿਚ ਸਮਾ ਜਾਂਦੇ ਹਨ (ਮਗਨ ਰਹਿੰਦੇ ਹਨ)।

ਸੁਖ ਸਾਗਰ ਵਿਚਿ ਮੀਨ ਹੋਇ ਗੁਰਮੁਖਿ ਚਾਲਿ ਨ ਖੋਜ ਖੁਜਾਈ ।

ਸੁਖਾਂ ਰੂਪ ਸਮੁੰਦਰ ਵਿਖੇ ਮੱਛੀ (ਵਾਂਙੂੰ ਰਹਿੰਦੇ) ਹਨ, ਗੁਰਮੁਖਾਂ ਦੀ ਚਾਲ ਤੇ ਖੋਜ ਦਾ ਪਤਾ ਨਹੀਂ ਲਗਦਾ (ਸਤਿਸੰਗ ਵਿਚ ਰਹਿਕੇ ਬੀ ਜਣਾਉਂਦੇ ਨਹੀਂ)।

ਅਪਿਓ ਪੀਅਣੁ ਨਿਝਰ ਝਰਣ ਅਜਰੁ ਜਰਣ ਨ ਅਲਖੁ ਲਖਾਈ ।

ਅੰਮ੍ਰਿਤ ਪੀਂਦੇ ਝਰਣੇ ਝਰਦੇ 'ਅਜਰ' ਜਰਦੇ (ਫੇਰ) ਅਲਖ ਹਨ ਲਖੇ ਨਹੀਂ ਜਾਂਦੇ (ਇਹ ਕਿ ਆਪ ਅੰਮ੍ਰਿਤ ਪੀ ਕਰ ਕੇ ਹੋਰਨਾਂ ਪੁਰ ਬੀ ਝਰਦੇ ਹਨ)।

ਵੀਹ ਇਕੀਹ ਉਲੰਘਿ ਕੈ ਗੁਰਸਿਖ ਗੁਰਮੁਖਿ ਸੁਖ ਫਲੁ ਪਾਈ ।

('ਵੀਹ' ਵਿਸਵੇ) ਤ੍ਰੈਗੁਣ ਤੇ (ਇਕੀਹ) ਤੁਰੀਆ ਪਦ ਥੋਂ ਲੰਘਕੇ ਗੁਰੂ ਕੇ ਸਿੱਖ ਗੁਰੂ ਦੇ ਮੁਖ ਦਾ ਫਲ (ਅਰਥਾਤ ਯਥਾਰਥ ਦਾ ਫਲ) ਪਾਉਂਦੇ ਹਨ।

ਵਾਹਿਗੁਰੂ ਵਡੀ ਵਡਿਆਈ ।੮।

ਧੰਨ ਗੁਰੂ ਹੈ ਉਸੇ ਦੀ ਵਡੀ ਸ਼ੋਭਾ ਹੈ।

ਪਉੜੀ ੯

ਕਛੂ ਆਂਡਾ ਧਿਆਨੁ ਧਰਿ ਕਰਿ ਪਰਪਕੁ ਨਦੀ ਵਿਚਿ ਆਣੈ ।

ਕੱਛੂਕੁੰਮਾਂ ਆਪਣੇ ਅੰਡੇ (ਰੇਤ ਵਿਚ ਦੱਬਕੇ) ਧਿਆਨ ਨਾਲ ਹੀ ਪਾਲਕੇ ਨਦੀ ਵਿਖੇ ਲੈ ਆਉਂਦਾ ਹੈ।

ਕੂੰਜ ਰਿਦੈ ਸਿਮਰਣੁ ਕਰੈ ਲੈ ਬੱਚਾ ਉਡਦੀ ਅਸਮਾਣੈ ।

ਕੂੰਜ ਭੀ ਰਿਦੇ ਵਿਚ ਯਾਦਗੀਰੀ ਨਾਲ (ਪਾਲਕੇ) ਅਸਮਾਨ ਨੂੰ ਬੱਚਾ ਲੈ ਉਡਦੀ ਹੈ।

ਬਤਕ ਬੱਚਾ ਤੁਰਿ ਤੁਰੈ ਜਲ ਥਲ ਵਰਤੈ ਸਹਜਿ ਵਿਡਾਣੈ ।

ਬੱਤਖ ਦਾ ਬੱਚਾ ਥਲ ਵਿਚ ਤੁਰਕੇ ਜਲ ਵਿਚ ਤਰਕੇ ਸੁਭਾਵਕ ਹੀ ਅਚਰਜ (ਕ੍ਰੀੜਾ ਕਰ ਰਿਹਾ) ਹੈ।

ਕੋਇਲ ਪਾਲੈ ਕਾਵਣੀ ਮਿਲਦਾ ਜਾਇ ਕੁਟੰਬਿ ਸਿਞਾਣੈ ।

ਕੋਇਲ ਦੇ ਬੱਚੇ ਕਾਂਵਣੀ ਪਾਲਦੀ ਹੈ (ਜਦ ਵਡੇ ਹੁੰਦੇ ਹਨ ਮਾਂ ਦੀ ਬੋਲੀ) ਸਿਾਣਕੇ ਕੁਟੰਬ ਵਿਚ ਜਾ ਮਿਲਦੇ ਹਨ।

ਹੰਸ ਵੰਸੁ ਵਸਿ ਮਾਨਸਰਿ ਮਾਣਕ ਮੋਤੀ ਚੋਗ ਚੁਗਾਣੈ ।

ਹੰਸਾਂ ਦੇ ਬੱਚੇ ਮਾਨ ਸਰੋਵਰ ਪੁਰ ਰਹਿਕੇ ਮਾਣਕ ਮੋਤੀਆਂ ਦੀ ਚੋਗ ਚੁਗਦੇ ਹਨ।

ਗਿਆਨ ਧਿਆਨਿ ਸਿਮਰਣਿ ਸਦਾ ਸਤਿਗੁਰੁ ਸਿਖੁ ਰਖੈ ਨਿਰਬਾਣੈ ।

ਗਿਆਨ ਧਿਆਨ ਦਾ ਸਦਾ ਸਿਮਰਣ ਦੇ ਕੇ ਸਤਿਗੁਰੂ ਸਿਖਾਂ ਨੂੰ ਨਿਰਬੰਧ ਰਖਦੇ ਹਨ (ਵਿਖਿਆਂ ਵਿਖੇ ਫੱਸਣ ਨਹੀਂ ਦਿੰਦੇ)।

ਭੂਤ ਭਵਿਖਹੁ ਵਰਤਮਾਨ ਤ੍ਰਿਭਵਣ ਸੋਝੀ ਮਾਣੁ ਨਿਮਾਣੈ ।

ਤਿੰਨਾਂ ਕਾਲਾਂ ਦੀ ਤੇ ਤਿੰਨਾਂ ਭਵਨਾਂ ਦੀ ਸੋਝੀ (ਹੋਕੇ ਬੀ ਗੁਰਮੁਖ) ਮਾਣ ਥੋਂ ਨਿਰਮਾਣ (ਹੀ ਰਹਿੰਦੇ) ਹਨ।

ਜਾਤੀ ਸੁੰਦਰ ਲੋਕੁ ਨ ਜਾਣੈ ।੯।

(ਗੁਰਮੁਖਾਂ ਦੀ) ਜਾਤ ਸੁੰਦਰ ਹੈ, (ਪਰ) ਲੋਕ ਨਹੀਂ ਜਾਣਦੇ (ਅਥਵਾ ਗੁਰਮੁਖਾਂ ਦੀ ਸੁੰਦਰਤਾ 'ਜਾਤੀ' ਕੁਦਰਤੀ ਹੈ।

ਪਉੜੀ ੧੦

ਚੰਦਨ ਵਾਸੁ ਵਣਾਸਪਤਿ ਬਾਵਨ ਚੰਦਨਿ ਚੰਦਨੁ ਹੋਈ ।

ਚੰਦਨਾਂ ਵਿਚੋਂ ਜੋ ਬਾਵਨ ਚੰਦਨ ਹੈ ਉਸ ਚੰਦਨ ਦੀ ਵਾਸ ਨਾਲ (ਸਾਰੀ) ਵਣਾਸਪਤੀ (ਚੰਦਨ) ਹੋ ਜਾਂਦੀ ਹੈ।

ਫਲ ਵਿਣੁ ਚੰਦਨੁ ਬਾਵਨਾ ਆਦਿ ਅਨਾਦਿ ਬਿਅੰਤੁ ਸਦੋਈ ।

(ਆਪ) ਬਾਵਨ ਚੰਦਨ ਫਲਾਂ ਤੋਂ ਬਿਨਾਂ ਹੈ, ਪਰ ਸਦਾ ਤੋਂ ਅਮੋਲਕ ਕਿਹਾ ਜਾਂਦਾ ਹੈ।

ਚੰਦਨੁ ਬਾਵਨ ਚੰਦਨਹੁ ਚੰਦਨ ਵਾਸੁ ਨ ਚੰਦਨੁ ਕੋਈ ।

ਬਾਵਨ ਚੰਦਨ ਤੋਂ (ਜੋ) ਚੰਦਨ (ਹੁੰਦਾ ਹੈ ਉਸ) ਚੰਦਨ ਦੀ ਵਾਸ਼ਨਾਂ ਨਾਲ ਹੋਰ ਕੋਈ ਚੰਦਨ ਨਹੀਂ ਹੁੰਦਾ। (ਪਰ ਗੁਰੂ ਤੋਂ ਬਣੇ ਹੋਏ ਸਿਖ ਹੋਰਨਾਂ ਨੂੰ ਆਪ ਸਮਾਨ ਕਰ ਸਕਦੇ ਹਨ)।

ਅਸਟੁ ਧਾਤੁ ਇਕੁ ਧਾਤੁ ਹੋਇ ਪਾਰਸ ਪਰਸੇ ਕੰਚਨੁ ਜੋਈ ।

ਅੱਠਾਂ ਧਾਤਾਂ ਦੀ ਇਕ ਧਾਤ (ਲੋਹਾ ਹੋ ਕੇ) ਜਿਹੜਾ ਪਾਰਸ ਨੂੰ ਛੁਹਕੇ ਸੋਨਾ ਬਣਦਾ ਹੈ (ਫਲ ਅੱਗੇ ਦਸਦੇ ਹਨ)।

ਕੰਚਨ ਹੋਇ ਨ ਕੰਚਨਹੁ ਵਰਤਮਾਨ ਵਰਤੈ ਸਭਿ ਲੋਈ ।

(ਉਸ) ਕੰਚਨ ਥੋਂ ਹੋਰ (ਲੋਹਾ) ਛੁਹਕੇ ਕੰਚਨ ਨਹੀਂ (ਬਣਦਾ; ਇਹ) ਵਰਤਮਾਨ ਗੱਲ ਲੋਕਾਂ ਵਿਚ ਵਰਤ ਰਹੀ (ਪ੍ਰਸਿੱਧ ਹੈ, ਪਰ ਗੁਰੂ ਦੇ ਸਿੱਖ ਹੋਰ ਜਾਤੀ ਨੂੰ ਆਪ ਸਮਾਨ ਕਰ ਸਕਦੇ ਹਨ)।

ਨਦੀਆ ਨਾਲੇ ਗੰਗ ਸੰਗਿ ਸਾਗਰ ਸੰਗਮਿ ਖਾਰਾ ਸੋਈ ।

ਨਦੀਆਂ ਨਾਲੇ ਗੰਗਾ ਤੇ ਸਮੁੰਦਰ ਦੀ ਸੰਗਤ ਨਾਲ ਖਾਰੇ ਹੋ ਜਾਂਦੇ ਹਨ।

ਬਗੁਲਾ ਹੰਸੁ ਨ ਹੋਵਈ ਮਾਨਸਰੋਵਰਿ ਜਾਇ ਖਲੋਈ ।

ਬਗਲਾ ਭਾਵ (ਮਨਮੁਖ) ਹੰਸ ਨਹੀਂ ਬਣੂੰ (ਭਾਵੇਂ) ਮਾਨ ਸਰੋਵਰ ਪੁਰ ਜਾ ਖਲੋਵੇ।

ਵੀਹਾਂ ਦੈ ਵਰਤਾਰੈ ਓਈ ।੧੦।

(ਕਿਉਂ ਜੋ) ਓਹ (ਮਨਮੁਖ ਲੋਕ) ਵੀਹਾਂ ਦੇ ਵਰਤਾਰੇ ਵਿਚ ਹਨ (ਭਾਵ ਜਗਤ ਵਿਖੇ ਫਸੇ ਹੋਏ ਹਨ)।

ਪਉੜੀ ੧੧

ਗੁਰਮੁਖਿ ਇਕੀਹ ਪਉੜੀਆਂ ਗੁਰਮੁਖਿ ਸੁਖਫਲੁ ਨਿਜ ਘਰਿ ਭੋਈ ।

ਗੁਰਮੁਖ ਇੱਕੀ (ਤੁਰੀਆ ਪਦ ਦੀਆਂ) ਪੌੜੀਆਂ ਵਿਚ ਹੋਕੇ ਗੁਰੂ ਦਵਾਰੇ ਨਿਜ ਸਰੂਪ ਵਿਚ ਹੀ ਮਿਲ ਜਾਂਦੇ ਹਨ।

ਸਾਧਸੰਗਤਿ ਹੈ ਸਹਜ ਘਰਿ ਸਿਮਰਣੁ ਦਰਸਿ ਪਰਸਿ ਗੁਣ ਗੋਈ ।

ਸੰਤਾਂ ਦੀ ਸੰਗਤ ਸ਼ਾਂਤੀ ਦਾ ਘਰ ਹੈ, (ਈਸ਼੍ਵਰ ਦੇ) ਸਿਮਰਨ, ਦਰਸ਼ਨ ਤੇ ਪਰਸਨ ਦੇ ਗੁਣ ਕਹਿੰਦੇ ਹਨ।

ਲੋਹਾ ਸੁਇਨਾ ਹੋਇ ਕੈ ਸੁਇਨਿਅਹੁ ਸੁਇਨਾ ਜਿਉਂ ਅਵਿਲੋਈ ।

ਲੋਹਾ (ਪਾਰਸ ਨਾਲ ਛੁਹਕੇ) ਸੋਨਾ ਹੋਕੇ ਸੋਨੇ ਦੀ ਤਰ੍ਹਾਂ ਹੀ ਦੇਖੀਦਾ ਹੈ।

ਚੰਦਨੁ ਬੋਹੈ ਨਿੰਮੁ ਵਣੁ ਨਿੰਮਹੁ ਚੰਦਨੁ ਬਿਰਖੁ ਪਲੋਈ ।

ਨਿੰਮ ਦਾ ਬੂਟਾ ਬਨ ਵਿਚ ਚੰਦਨ ਤੋਂ ਪਲਦਾ ਹੈ, (ਫੇਰ ਉਹ) ਨਿੰਮ ਦਾ ਬੂਟਾ ਚੰਦਨ ਹੀ ਹੋ ਮਹਿਕਦਾ ਹੈ।

ਗੰਗੋਦਕ ਚਰਣੋਦਕਹੁ ਗੰਗੋਦਕ ਮਿਲਿ ਗੰਗਾ ਹੋਈ ।

ਗੰਗਾ ਦਾ ਪਾਣੀ ਚਰਣਾਂਮ੍ਰਿਤੋਂ ਗੰਗੋਦਕ ਨਾਲ ਮਿਲਕੇ (ਫੇਰ) ਗੰਗਾ ਹੋ ਜਾਂਦਾ ਹੈ।

ਕਾਗਹੁ ਹੰਸੁ ਸੁਵੰਸੁ ਹੋਇ ਹੰਸਹੁ ਪਰਮ ਹੰਸੁ ਵਿਰਲੋਈ ।

ਕਾਂ ਤੋਂ ਚੰਗੀ ਵੰਸ ਵਾਲਾ ਹੰਸ ਹੁੰਦਾ ਹੈ ਪਰ ਹੰਸ ਥੋਂ ਪਰਮਹੰਸ (ਕੋਈ) ਵਿਰਲਾ ਹੁੰਦਾ ਹੈ।

ਗੁਰਮੁਖਿ ਵੰਸੀ ਪਰਮ ਹੰਸੁ ਕੂੜੁ ਸਚੁ ਨੀਰੁ ਖੀਰੁ ਵਿਲੋਈ ।

ਗੁਰਮੁਖਾਂ ਦੀ ਪੀਹੜੀ ਵਿਚ ਪਰਮਹੰਸ ਹੋਕੇ ਪਾਣੀ ਤੇ ਦੁੱਧ ਨੂੰ ਰਿੜਕਦਾ ਹੈ (ਤਤ ਮਿੱਥਯਾ ਦਾ ਵਿਵੇਚਨ ਕਰਦਾ ਹੈ)।

ਗੁਰ ਚੇਲਾ ਚੇਲਾ ਗੁਰ ਹੋਈ ।੧੧।

ਜੇ ਗੁਰੂ ਦਾ ਚੇਲਾ (ਹੁੰਦਾ ਹੈ ਉਹ) ਚੇਲਿਓਂ ਗੁਰੂ ਹੋ ਜਾਂਦਾ ਹੈ।

ਪਉੜੀ ੧੨

ਕਛੂ ਬੱਚਾ ਨਦੀ ਵਿਚਿ ਗੁਰਸਿਖ ਲਹਰਿ ਨ ਭਵਜਲੁ ਬਿਆਪੈ ।

ਕੱਛੂ ਬੱਚੇ (ਵਾਂਙੂ) ਨਦੀ ਵਿਚ ਗੁਰੂ ਦੇ ਸਿਖ ਨੂੰ ਸੰਸਾਰ ਸਮੁੰਦਰ ਦੀ ਲਹਿਰ ਨਹੀਂ ਵਿਆਪਦੀ (ਕਿਉਂ ਜੋ ਕੱਛੂ ਹਿਮਾਯਤ ਰਖਦਾ ਹੈ)।

ਕੂੰਜ ਬੱਚਾ ਲੈਇ ਉਡਰੈ ਸੁੰਨਿ ਸਮਾਧਿ ਅਗਾਧਿ ਨ ਜਾਪੈ ।

ਕੂੰਜ ਬੱਚੇ ਨੂੰ ਲੈ ਕੇ (ਸੁੰਨ ਸਮਾਧਿ) ਡੂੰਘੇ ਆਕਾਸ਼ਾਂ ਵਿਚ ਬੇ-ਮਾਲੂਮ ਉਡਦੀ ਹੈ।

ਹੰਸੁ ਵੰਸੁ ਹੈ ਮਾਨਸਰਿ ਸਹਜ ਸਰੋਵਰਿ ਵਡ ਪਰਤਾਪੈ ।

ਹੰਸਾਂ ਦੇ ਬੱਚੇ ਮਾਨ ਸਰੋਵਰ ਪੁਰ ਜੋ ਸ਼ਾਂਤਿ ਦਾ ਤਲਾਵ ਵਡੇ ਪ੍ਰਤਾਪ ਵਾਲਾ ਹੈ (ਵਸਦੇ ਹਨ।

ਬੱਤਕ ਬੱਚਾ ਕੋਇਲੈ ਨੰਦ ਨੰਦਨ ਵਸੁਦੇਵ ਮਿਲਾਪੈ ।

ਕੋਇਲ ਬੱਚੇ (ਨੂੰ ਕਾਵਣੀ ਦੇ ਆਹਲਣਿਓਂ ਕੱਢਕੇ ਅੰਬਾਂ ਪੁਰ ਜਾਦੀ ਹੈ) ਤੇ ਬੱਤਕ (ਬੱਚੇ ਨੂੰ ਮੁਰਗੀਆਂ ਨਾਲੋਂ ਅਲੱਗ ਕਰ ਕੇ ਨਦੀ ਵਿਖੇ, ਜਿਵੇਂ) ਕ੍ਰਿਸ਼ਨ (ਗੋਪਾਂ ਵਿਚ ਪਲਕੇ) ਵਾਸਦੇਵ ਨੂੰ ਮਿਲਿਆ ਸੀ (ਤਿਵੇਂ ਸਿਖ ਵਿਸ਼ੇ ਕੁਸੰਗਾਂ ਤੋਂ ਨਿਕਲਕੇ ਸਾਧ ਸੰਗਤ ਵਿਚ ਆ ਜਾਂਦੇ ਹਨ)।

ਰਵਿ ਸਸਿ ਚਕਵੀ ਤੈ ਚਕੋਰ ਸਿਵ ਸਕਤੀ ਲੰਘਿ ਵਰੈ ਸਰਾਪੈ ।

ਸੂਰਜ ਨਾਲ ਚਕਵੀ ਅਤੇ ਚੰਦ੍ਰ੍ਰਮਾਂ ਨਾਲ ਚਕੋਰ (ਵਾਂਙੂ ਗੁਰੂ ਨਾਲ ਪ੍ਰੀਤ ਕਰਦੇ ਹਨ) ਸ਼ਿਵ ਤੇ ਸ਼ਕਤੀ ਦੇ ਵਰ ਸਰਾਫਾਂ ਥੋਂ ਲੰਘ ਗਏ ਹਨ, (ਕਿਸੇ ਦੇਵ ਦੇਵੀ ਦੀ ਪਰਵਾਹ ਨਹੀਂ ਰੱਖਦੇ)।

ਅਨਲ ਪੰਖਿ ਬੱਚਾ ਮਿਲੈ ਨਿਰਾਧਾਰ ਹੋਇ ਸਮਝੈ ਆਪੈ ।

ਅਨਲ ਪੰਖੀ ਨੂੰ ਬੱਚਾ ਮਿਲ ਪੈਂਦਾ ਹੈ, ਨਿਰਾਧਾਰ ਹੋ ਕੇ ਬੀ ਆਪਣੇ (ਪਿਤਾ ਨੂੰ) ਸਮਝਦਾ ਹੈ।

ਗੁਰਸਿਖ ਸੰਧਿ ਮਿਲਾਵਣੀ ਸਬਦੁ ਸੁਰਤਿ ਪਰਚਾਇ ਪਛਾਪੈ ।

ਗੁਰੂ ਤੋਂ ਸਿੱਖ ਦੀ ਸੰਗਤ (ਮੇਲਾਵੜੀ)ਹਿਤ ਵਾਲੀ ਹੈ, ਸ਼ਬਦ ਦੀ ਸੁਰਤ ਤੇ ਪ੍ਰੇਮ ਨੂੰ (ਸਿੱਖ) ਪਛਾਣਦੇ ਹਨ।

ਗੁਰਮੁਖਿ ਸੁਖ ਫਲੁ ਥਾਪਿ ਉਥਾਪੈ ।੧੨।

ਗੁਰਮੁਖ ਆਤਮ ਫਲ ਨੂੰ ਥਾਪਦੇ (ਤੇ ਅਨਾਤਮ ਫਲ ਨੂੰ) ਦੂਰ ਕਰਦੇ ਹਨ।

ਪਉੜੀ ੧੩

ਤਾਰੂ ਪੋਪਟੁ ਤਾਰਿਆ ਗੁਰਮੁਖਿ ਬਾਲ ਸੁਭਾਇ ਉਦਾਸੀ ।

ਪੋਪਟ (ਜਾਤਿ ਵਾਲਾ) ਤਾਰੂ (ਨਾਮੇ ਸਿੱਖ ਗੁਰੂ ਨਾਨਕ) ਨੇ ਤਾਰਿਆ, ਇਹ ਗੁਰਮੁਖ ਬਾਲ ਅਵਸਥਾ ਤੋਂ ਹੀ ਉਦਾਸੀਨ ਰਹਿੰਦਾ ਸੀ।

ਮੂਲਾ ਕੀੜੁ ਵਖਾਣੀਐ ਚਲਿਤੁ ਅਚਰਜ ਲੁਭਿਤ ਗੁਰਦਾਸੀ ।

ਕੀੜ (ਜਾਤੀ ਦਾ) ਮੂਲਾ ਕਹੀਦਾ ਹੈ, ਜਿਸ ਤਰ੍ਹਾਂ ਦੇ ਅਚਰਜ ਕੰਮ ਸਨ, ਗੁਰੂ ਦੇ ਦਾਸਾਂ (ਦਾ ਦਾਸ ਹੋਕੇ ਰਹਿੰਦਾ ਸੀ ਭਾਵ ਵੱਡਾ ਕਰਦਾ) ਪ੍ਰੇਮ ਸੀ।

ਪਿਰਥਾ ਖੇਡਾ ਸੋਇਰੀ ਚਰਨ ਸਰਣ ਸੁਖ ਸਹਜਿ ਨਿਵਾਸੀ ।

ਸੋਇਰੀ (ਜਾਤਿ ਦਾ)ਪ੍ਰਿਥਾ ਤੇ ਖੇਡਾ (ਨਾਮੇ ਖੱਤ੍ਰ੍ਰੀ ਸਿਖ ਗੁਰੂ ਨਾਨਕ ਦੇ) ਚਰਨਾਂ ਦੀ ਸ਼ਰਣ ਲੈ ਕੇ ਸ਼ਾਂਤਿ ਸੁਖ ਦੇ ਨਿਵਾਸੀ ਹੋਏ ਹਨ।

ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ ।

☬ਮਜਲਸਾਂ (ਦੀਵਾਨਾਂ) ਵਿਖੇ ਚੰਗਾ ਰਬਾਬ ਵਜਾਂਦਾ ਸੀ ਮਰਦਾਨਾ ਮੀਰਾਸੀ।

ਪਿਰਥੀ ਮਲੁ ਸਹਗਲੁ ਭਲਾ ਰਾਮਾ ਡਿਡੀ ਭਗਤਿ ਅਭਿਆਸੀ ।

ਸਹਗਲ (ਜਾਤ ਵਾਲਾ) ਪ੍ਰਿਥੀ ਮੱਲ ਚੰਗਾ ਭਗਤ ਸੀ, ਡਿਡੀ (ਜਾਤ ਵਾਲਾ) ਰਾਮਾ ਭਗਤ ਅਭਿਆਸੀ ਸਿਖ ਸੀ।

ਦਉਲਤ ਖਾਂ ਲੋਦੀ ਭਲਾ ਹੋਆ ਜਿੰਦ ਪੀਰੁ ਅਬਿਨਾਸੀ ।

ਲੋਦੀ (ਜਾਤ ਵਾਲਾ) ਦੋਲਤ ਖਾਂ (ਪਠਾਨ) ਭਲਾ (ਮੁਰੀਦ ਸੀ, ਇਹ) ਜੀਉਂਦਾ ਪੀਰ ਹੋਯਾ ਤੇ ਨਾਸ਼ ਰਹਤ ਹੋਯਾ (ਜਿੰਦ ਪੀਰ ਖਵਾਜੇ ਦਾ ਅਰਥ ਬੀ ਕਰਦੇ ਹਨ, ਕਿ ਪਹਿਲੇ ਇਹ ਖ੍ਵਾਜੇ ਦਾ ਮੁਰੀਦ ਸੀ, ਗੁਰੂ ਦਾ ਸਿਖ ਹੋਕੇ ਅਬਿਨਾਸ਼ੀ ਹੋਯਾ)।

ਮਾਲੋ ਮਾਂਗਾ ਸਿਖ ਦੁਇ ਗੁਰਬਾਣੀ ਰਸਿ ਰਸਿਕ ਬਿਲਾਸੀ ।

☬ਮਾਲੋ ਤੇ ਮਾਂਗਾ ਨਾਮੇ ਦੋ ਸਿੱਖ ਹੋਏ ਹਨ, ਗੁਰਬਾਣੀ ਰਸ ਦੇ (ਰਸਿਕ) ਪ੍ਰੇਮੀ ਹੋਕੇ ਮਗਨ ਰਹਿੰਦੇ ਸਨ।

ਸਨਮੁਖਿ ਕਾਲੂ ਆਸ ਧਾਰ ਗੁਰਬਾਣੀ ਦਰਗਹ ਸਾਬਾਸੀ ।

ਕਾਲੂ ਖੱਤ੍ਰ੍ਰੀ ਆਸ ਧਾਰਕੇ (ਗੁਰੂ ਸਨਮੁਖ ਹੋਯਾ), ਗੁਰਬਾਣੀ (ਕਰਕੇ) ਦਰਗਾਹ ਵਿਖੇ ਸ਼ਾਬਾਸ਼ ਲੀਤੀ।

ਗੁਰਮਤਿ ਭਾਉ ਭਗਤਿ ਪਰਗਾਸੀ ।੧੩।

(੯) ਗੁਰੂ ਦੀ ਸਿੱਖ੍ਯਾ ਲੈਕੇ ਪ੍ਰੇਮਾ ਭਗਤੀ ਦਾ ਪ੍ਰਕਾਸ਼ ਕੀਤਾ।

ਪਉੜੀ ੧੪

ਭਗਤੁ ਜੋ ਭਗਤਾ ਓਹਰੀ ਜਾਪੂਵੰਸੀ ਸੇਵ ਕਮਾਵੈ ।

ਓਹਰੀ ਜਾਤ ਵਾਲਾ ਭਗਤਾ ਨਾਮੇ ਭਗਤ ਤੇ ਜਾਪੂ ਵੰਸੀ (ਨਾਮੇ ਭਗਤ) ਸੇਵਾ ਕਰਦਾ ਹੁੰਦਾ ਸੀ।

ਸੀਹਾਂ ਉਪਲੁ ਜਾਣੀਐ ਗਜਣੁ ਉਪਲੁ ਸਤਿਗੁਰ ਭਾਵੈ ।

ਸ਼ੀਹਾਂ ਉੱਪਲ ਤੇ ਗੱਜਣ ਉੱਪਲ (ਨਾਮੇ ਭਗਤ) ਗੁਰੂ ਜੀ ਦੇ ਪਿਆਰੇ ਸਨ।

ਮੈਲਸੀਹਾਂ ਵਿਚਿ ਆਖੀਐ ਭਾਗੀਰਥੁ ਕਾਲੀ ਗੁਣ ਗਾਵੈ ।

ਮ☬ੈਲਸੀਹਾਂ (ਨਾਮੇ ਨਗਰੀ ਦਾ ਚੌਧਰੀ) ਭਾਗੀਰਥ ਕਾਲੀ ਦੇਵੀ ਦਾ (ਪਹਿਲੇ) ਭਗਤ ਹੁੰਦਾ ਸੀ, (ਫੇਰ ਸਤਿਗੁਰੂ ਜੀ ਦੇ ਘਰ ਦਾ, ਦੇਵੀ ਝਾੜੂ ਦਿੰਦੀ ਦੇਖਕੇ ਭਗਤ ਬਣਿਆ)

ਜਿਤਾ ਰੰਧਾਵਾ ਭਲਾ ਹੈ ਬੂੜਾ ਬੁਢਾ ਇਕ ਮਨਿ ਧਿਆਵੈ ।

ਜਿੱਤਾ ਰੰਧਾਵਾ ਭਲਾ (ਜੱਟ ਸਿਖ ਤੇ) ਬੂੜਾ ਬੁੱਢਾ (ਨਾਮੇ ਜੱਟ ਭਗਤ) ਇਕ ਮਨ ਹੋਕੇ (ਗੁਰੂ ਨੂੰ) ਧਿਆਂਵਦੇ ਸਨ।

ਫਿਰਣਾ ਖਹਿਰਾ ਜੋਧੁ ਸਿਖੁ ਜੀਵਾਈ ਗੁਰ ਸੇਵ ਸਮਾਵੈ ।

ਫਿਰਣਾ ਖਹਿਰਾ ਜਾਤ ਦਾ, ਜੋਧ ਸਿਖ, ਤੇ ਜੀਵਾਈ ਨਾਮੇ ਸਿਖ ਗੁਰੂ ਦੀ ਸੇਵਾ ਕਰਦੇ ਸਨ।

ਗੁਜਰੁ ਜਾਤਿ ਲੁਹਾਰੁ ਹੈ ਗੁਰ ਸਿਖੀ ਗੁਰਸਿਖ ਸੁਣਾਵੈ ।

ਗੁਜਰ ਨਾਮੇ ਗੁਰੂ (ਅੰਗਦ ਜੀ ਦਾ) ਸਿਖ ਜਾਤ ਦਾ ਲੁਹਾਰ ਸੀ ਇਹ ਗੁਰ ਸਿੱਖੀ ਦਾ ਉਪਦੇਸ਼ ਕਰਦਾ ਸੀ।

ਨਾਈ ਧਿੰਙੁ ਵਖਾਣੀਐ ਸਤਿਗੁਰ ਸੇਵਿ ਕੁਟੰਬੁ ਤਰਾਵੈ ।

ਧਿੰਙੂ ਨਾਮਾ ਨਾਈ (ਸਿਖ) ਗੁਰੂ (ਅੰਗਦ ਦੀ) ਸੇਵਾ ਕਰ ਕੇ ਕੁਟੰਬ ਤਾਰ ਗਿਆ।

ਗੁਰਮੁਖਿ ਸੁਖ ਫਲੁ ਅਲਖੁ ਲਖਾਵੈ ।੧੪।

ਗੁਰਮੁਖ ਆਤਮ ਫਲ ਨਿਰੰਕਾਰ ਨੂੰ ਲਖਦੇ (ਹੋਰਨਾਂ ਨੂੰ ਦੱਸਦੇ ਹਨ)।

ਪਉੜੀ ੧੫

ਪਾਰੋ ਜੁਲਕਾ ਪਰਮਹੰਸੁ ਪੂਰੇ ਸਤਿਗੁਰ ਕਿਰਪਾ ਧਾਰੀ ।

ਪਾਰੋ ਜੁਲਕਾ ਨਾਮੇ ਸਿੱਖ ਪਰਮ ਹੰਸ ਸੀ ਪੂਰੇ ਸਤਿਗੁਰ (ਅੰਗਦ ਜੀ ਨੇ) ਕਿਰਪਾ ਕੀਤੀ ਸੀ।

ਮਲੂਸਾਹੀ ਸੂਰਮਾ ਵਡਾ ਭਗਤੁ ਭਾਈ ਕੇਦਾਰੀ ।

ਮੱਲੂ ਸ਼ਾਹੀ ਸਿਪਾਹੀ ਤੇ ਭਾਈ ਕਿਦਾਰੀ ਵੱਡਾ ਭਗਤ ਹੋਇਆ।

ਦੀਪਾ ਦੇਊ ਨਰਾਇਣ ਦਾਸੁ ਬੂਲੇ ਦੇ ਜਾਈਐ ਬਲਿਹਾਰੀ ।

ਦੇਉ ਜਾਤ ਵਾਲਾ ਦੀਪਾ ਭਗਤ, ਨਰੈਣ ਦਾਸ ਤੇ ਬੂਲਾ (ਨਾਮੇ ਸਿੱਖ ਪਰ ਅਸੀਂ) ਬਲਿਹਾਰ ਜਾਂਦੇ ਹਾਂ।

ਲਾਲ ਸੁ ਲਾਲੂ ਬੁਧਿਵਾਨ ਦੁਰਗਾ ਜੀਵਦ ਪਰਉਪਕਾਰੀ ।

ਲਾਲ ਰੂਪ ਲਾਲੂ ਬਧੀਮਾਨ ਦੁਰਗਾ ਤੇ ਜਿਵੰਧਾ (ਏਹ ਤਿੰਨੇ ਵਡੇ) ਪਰੋਪਕਾਰੀ (ਭਗਤ ਸਨ)।

ਜਗਾ ਧਰਣੀ ਜਾਣੀਐ ਸੰਸਾਰੂ ਨਾਲੇ ਨਿਰੰਕਾਰੀ ।

ਜੱਗਾ ਜਿਸਦੀ ਜਾਤ ਧਰਣੀ ਜਾਣੀਦੀ ਹੈ (ਕਿਉਂ ਜੋ ਧਰਤੀ ਵਾਂਙੂ ਸਹਿਨਸ਼ੀਲ ਸੀ) ਸੰਸਾਰੀ ਬੀ ਸੀ ਨਾਲੇ ਨਿਰੰਕਾਰ ਦੀ ਉਪਸ਼ਨਾ ਬੀ ਕਰਦਾ ਸੀ, (ਗ੍ਰਿਹਸਤ ਵਿਖੇ ਵਿਰਕਤ ਸੀ)।

ਖਾਨੂ ਮਾਈਆ ਪਿਉ ਪੁਤੁ ਹੈਂ ਗੁਣ ਗਾਹਕ ਗੋਵਿੰਦ ਭੰਡਾਰੀ ।

ਖਾਨੂ ਤੇ ਮੱਯਾ ਦੋਵੇਂ ਪਿਉ ਪੁੱਤ੍ਰ੍ਰ ਸਨ, ਅਤੇ ਗੋਬਿੰਦ ਨਾਮਾ (ਗੁਰੂ ਅੰਗਦ ਜੀ ਦਾ) ਭੰਡਾਰੀ ਵੱਡਾ ਗੁਣਗਾਹਕ ਸੀ।

ਜੋਧੁ ਰਸੋਈਆ ਦੇਵਤਾ ਗੁਰ ਸੇਵਾ ਕਰਿ ਦੁਤਰੁ ਤਾਰੀ ।

ਜੋਧ (ਨਾਮਾ ਸਿਖ ਗੁਰੂ ਦਾ ਰਸੋਈਆ) ਲਾਂਗਰੀ ਦੇਵਤਾ ਸੁਭਾਉ ਸੀ, ਗੁਰੂ ਦੀ ਸੇਵਾ ਕਰ ਕੇ ਕਠਨ ਸੰਸਾਰ ਤੋਂ ਤਰ ਗਿਆ।

ਪੂਰੈ ਸਤਿਗੁਰ ਪੈਜ ਸਵਾਰੀ ।੧੫।

ਪਉੜੀ ੧੬

ਪੂਰਨ ਸਤਿਗੁਰੂ ਨੇ (ਆਪਣੇ ਭਗਤਾਂ ਦੀ) ਪਤ ਸਵਾਰ ਦਿੱਤੀ।

ਪਿਰਥੀ ਮਲੁ ਤੁਲਸਾ ਭਲਾ ਮਲਣੁ ਗੁਰ ਸੇਵਾ ਹਿਤਕਾਰੀ ।

ਪ੍ਰਿਥੀ ਮੱਲ, ਤੁਲਸਾ ਭੱਲਾ ਮੱਲਣ ਗੁਰੂ ਸੇਵਾ ਦੇ ਪ੍ਰੇਮੀ।

ਰਾਮੂ ਦੀਪਾ ਉਗ੍ਰਸੈਣੁ ਨਾਗਉਰੀ ਗੁਰ ਸਬਦ ਵੀਚਾਰੀ ।

ਰਾਮੂ, ਦੀਪਾ ਉਗ੍ਰਸੈਨ, ਨਾਗਉਰੀ, ਗੁਰ ਸਬਦ ਦੇ ਵੀਚਾਰ ਕਰਨ ਵਾਲੇ।

ਮੋਹਣੁ ਰਾਮੂ ਮਹਤਿਆ ਅਮਰੂ ਗੋਪੀ ਹਉਮੈ ਮਾਰੀ ।

ਮ☬ੋਹਣ, ਰਾਮੂ ਮਹਿਤਾ, ਅਮਰੂ ਤੇ ਗੋਪੀ ਨੇ ਹਉਮੈ ਮਾਰੀ।

ਸਾਹਾਰੂ ਗੰਗੂ ਭਲੇ ਭਾਗੂ ਭਗਤੁ ਭਗਤਿ ਹੈ ਪਿਆਰੀ ।

ਭੱਲੇ ਜਾਤ ਦੇ ਸਹਾਰੂ ਤੇ ਗੰਗੂ ਭਗਤ ਭਾਗ ਨੂੰ ਭਗਤੀ ਪਯਾਰੀ ਲੱਗੀ ਸੀ।

ਖਾਨੁ ਛੁਰਾ ਤਾਰੂ ਤਰੇ ਵੇਗਾ ਪਾਸੀ ਕਰਣੀ ਸਾਰੀ ।

ਖਾਨੂ ਛੁਰਾ, ਤਾਰੂ ਤਰਨ ਵਾਲਾ ਵੇਗਾ ਪਾਸੀ ਦੀ ਕਰਨੀ ਸ਼੍ਰੇਸਟ ਹੋਈ।

ਉਗਰੂ ਨੰਦੂ ਸੂਦਨਾ ਪੂਰੋ ਝਟਾ ਪਾਰਿ ਉਤਾਰੀ ।

ਉਗਰ, ਸੂਦ, ਪੂਰੋ ਝੰਟਾ, ਪਾਰ ਉਤਾਰਨ ਵਾਲੇ (ਗੁਰਮੁਖ) ਹੋਏ।

ਮਲੀਆ ਸਾਹਾਰੂ ਭਲੇ ਛੀਂਬੇ ਗੁਰ ਦਰਗਹ ਦਰਬਾਰੀ ।

ਮੱਲੀਆ ਸਹਾਰੂ ਭਲਾ ਛੀਂਬੇ ਗੁਰ ਦਰਬਾਰ ਦੇ ਦਰਬਾਰੀ ਹੋਏ।

ਪਾਂਧਾ ਬੂਲਾ ਜਾਣੀਐ ਗੁਰਬਾਣੀ ਗਾਇਣੁ ਲੇਖਾਰੀ ।

ਪਾਂਧਾ ਤੇ ਬੂਲਾ ਗੁਰਬਾਣੀ ਦੇ ਗਵੱਯੇ ਤੇ ਲੇਖਾਰੀ ਜਾਣੀਦੇ ਸਨ।

ਡਲੇ ਵਾਸੀ ਸੰਗਤਿ ਭਾਰੀ ।੧੬।

(੯) ਏਹ ਡੱਲੇ ਵਾਸੀਆਂ ਦੀ ਭਾਰੀ ਸੰਗਤ ਸੀ।

ਪਉੜੀ ੧੭

ਸਨਮੁਖ ਭਾਈ ਤੀਰਥਾ ਸਭਰਵਾਲ ਸਭੇ ਸਿਰਦਾਰਾ ।

ਸੱਭਰਵਾਲ ਦੇ ਸਾਰੇ ਸਰਦਾਰ ਭਾਈ ਤੀਰਥੇ (ਦੇ ਸਮੇਤ) ਸਨਮੁਖ (ਸਿੱਖ) ਸੇ॥

ਪੂਰੋ ਮਾਣਕਚੰਦੁ ਹੈ ਬਿਸਨਦਾਸੁ ਪਰਵਾਰ ਸਧਾਰਾ ।

ਸੁਧਰੇ ਹੋਏ ਪਰਵਾਰ ਵਾਲਾ ਬਿਸ਼ਨਦਾਸ ਤੇ ਪੂਰੋ ਮਾਣਕ ਚੰਦ ਸਿੱਖ ਹਨ।

ਪੁਰਖੁ ਪਦਾਰਥ ਜਾਣੀਐ ਤਾਰੂ ਭਾਰੂ ਦਾਸੁ ਦੁਆਰਾ ।

(ਗੁਰੂ ਦੇ) ਦੁਆਰੇ ਦੇ ਸਿੱਖ ਤਾਰੂ ਤੇ ਭਾਰੂ ਪੁਰਖ ਤੇ ਪਦਾਰਥ ਦੀ ਤਰ੍ਹਾਂ ਜਾਣੀਦੇ ਹਨ।

ਮਹਾਂ ਪੁਰਖੁ ਹੈ ਮਹਾਨੰਦੁ ਬਿਧੀ ਚੰਦ ਬੁਧਿ ਬਿਮਲ ਵੀਚਾਰਾ ।

☬ਮਹਾਂ ਨੰਦ ਮਹਾਂ ਪੁਰਖ (ਪੂਰਾ ਗੁਰਮੁਖ), ਬਿਧੀ ਚੰਦ ਦੀ ਬੁੱਧੀ ਤੇ ਵੀਚਾਰ ਉੱਜਲ ਹੈ।

ਬਰ੍ਹਮਦਾਸੁ ਹੈ ਖੋਟੜਾ ਡੂੰਗਰੁਦਾਸੁ ਭਲੇ ਤਕਿਆਰਾ ।

ਬਰ੍ਹਮ ਦਾਸ ਖੋਟੜਾ (ਜਾਤ ਦਾ) ਡੂੰਗਰ ਦਾਸ ਤੇ ਭਲੇ ਤਕ੍ਯਾਰ ਜਾਤ ਦੇ ਹਨ।

ਦੀਪਾ ਜੇਠਾ ਤੀਰਥਾ ਸੈਸਾਰੂ ਬੂਲਾ ਸਚਿਆਰਾ ।

ਦੀਪਾ, ਜੇਠਾ, ਤੀਰਥਾ, ਸੈਸਾਰੂ, ਬੂਲਾ, ਸਚਿਆਰ ਹੋਏ।

ਮਾਈਆ ਜਾਪਾ ਜਾਣੀਅਨਿ ਨਈਆ ਖੁਲਰ ਗੁਰੂ ਪਿਆਰਾ ।

☬ਮਾਈਆ, ਜਾਪਾ, ਨਈਆ, ਖੁੱਲਰ, ਗੁਰੂ ਦੇ ਪਿਆਰੇ ਜਾਣੀਦੇ ਹਨ।

ਤੁਲਸਾ ਵਹੁਰਾ ਜਾਣੀਐ ਗੁਰ ਉਪਦੇਸ ਅਵੇਸ ਅਚਾਰਾ ।

ਵਹੁਰਾ (ਜਾਤ ਦਾ) ਤੁਲਸਾ ਗੁਰੂ ਦੇ ਉਪਦੇਸ਼ ਨੂੰ ਧਾਰਨ ਵਾਲਾ (ਤੇ ਉਸ ਅਨੁਸਾਰ) ਆਚਾਰ ਰੱਖਣ ਵਾਲਾ ਜਾਣੀਦਾ ਸੀ।

ਸਤਿਗੁਰ ਸਚੁ ਸਵਾਰਣਹਾਰਾ ।੧੭।

(੯) ਸਤਿਗੁਰੂ ਸੱਚ (ਦਾ ਪਿਆਰ ਦੇਕੇ) ਸਵਾਰਨ ਵਾਲਾ ਹੈ।

ਪਉੜੀ ੧੮

ਪੁਰੀਆ ਚੂਹੜੁ ਚਉਧਰੀ ਪੈੜਾ ਦਰਗਹ ਦਾਤਾ ਭਾਰਾ ।

ਚੁਹੜ ਤੇ ਪੁਰੀਆ ਚਉਧਰੀ, ਤੇ ਪੈੜਾ ਦਰਗਾਹ (ਗੁਰੂ ਦੀ ਵਿਚ) ਭਾਰੇ ਦਾਤੇ (ਮੰਨੇ ਹੋਏ ਸਨ)।

ਬਾਲਾ ਕਿਸਨਾ ਝਿੰਗਰਣਿ ਪੰਡਿਤ ਰਾਇ ਸਭਾ ਸੀਗਾਰਾ ।

ਬਾਲਾ ਕਿਸ਼ਨਾ, ਝਿੰਗਰ ਜਾਤ ਦੇ ਤੇ ਪੰਡਿਤ ਰਾਏ ਸਭਾ ਦੇ ਸ਼ਿੰਗਾਰ (ਸਿੱਖ ਸਨ)।

ਸੁਹੜੁ ਤਿਲੋਕਾ ਸੂਰਮਾ ਸਿਖੁ ਸਮੁੰਦਾ ਸਨਮੁਖੁ ਸਾਰਾ ।

ਤਿਲੋਕਾ ਸੁਹੜ, ਸੂਰਮਾ ਸਿੱਖ ਤੇ ਸਮੁੰਦਾ ਸ੍ਰੇਸ਼ਟ ਸਨਮੁਖ ਹੈ।

ਕੁਲਾ ਭੁਲਾ ਝੰਝੀਆ ਭਾਗੀਰਥੁ ਸੁਇਨੀ ਸਚਿਆਰਾ ।

ਕੁੱਲਾ ਭੁੱਲਾ ਝੰਝੀ ਜਾਤ ਦੇ, ਸੁਇਨੀ ਭਾਗੀਰਥਾ ਸੁੱਚੇ ਆਚਰਣ ਵਾਲੇ ਹੋਏ।

ਲਾਲੂ ਬਾਲੂ ਵਿਜ ਹਨਿ ਹਰਖਵੰਤੁ ਹਰਿਦਾਸ ਪਿਆਰਾ ।

ਲਾਲੂ ਬਾਲੂ ਵਿੱਜ (ਜਾਤ ਦੇ) ਹਰਦਾਸ ਤੇ ਪਿਆਰਾ (ਦੋਵੇਂ) ਪ੍ਰਸੰਨ ਹਨ।

ਧੀਰੁ ਨਿਹਾਲੂ ਤੁਲਸੀਆ ਬੂਲਾ ਚੰਡੀਆ ਬਹੁ ਗੁਣਿਆਰਾ ।

ਧੀਰੂ, ਨਿਹਾਲੂ, ਤੁਲਸੀਆ, ਬੂਲਾ ਚੰਡੀਆ ਗੁਣਾਂ ਦਾ ਘਰ ਗੁਣਾਂ ਵਾਲੇ ਹਨ।

ਗੋਖੂ ਟੋਡਾ ਮਹਤਿਆ ਤੋਤਾ ਮਦੂ ਸਬਦ ਵੀਚਾਰਾ ।

ਗੋਖੂ, ਟੋਡਾ, ਮਹਿਤੇ, ਤੋਤਾ ਮੱਦੂ ਸ਼ਬਦ ਦੇ ਵੀਚਾਰ ਵਾਲੇ ਹਨ।

ਝਾਂਝੂ ਅਤੇ ਮੁਕੰਦੁ ਹੈ ਕੀਰਤਨੁ ਕਰੈ ਹਜੂਰਿ ਕਿਦਾਰਾ ।

ਝਾਂਝੂ, ਮੁਕੰਦਾ, ਕਿਦਾਰਾ ਹਜ਼ੂਰੀ ਰਾਗੀ ਕੀਰਤਨ ਕਰਦੇ ਹਨ।

ਸਾਧਸੰਗਤਿ ਪਰਗਟੁ ਪਾਹਾਰਾ ।੧੮।

(੯) ਸਾਧ ਸੰਗਤ ਦਾ ਪ੍ਰਗਟ ਪ੍ਰਤਾਪ ਹੈ।

ਪਉੜੀ ੧੯

ਗੰਗੂ ਨਾਊ ਸਹਗਲਾ ਰਾਮਾ ਧਰਮਾ ਉਦਾ ਭਾਈ ।

ਗੰਗੂ ਨਾਊੂ, ਸਹਗਲ ਜਾਤ ਦਾ, ਰਾਮਾ ਧਰਮਾ ਤੇ ਊਦਾ (ਆਪੋ ਵਿੱਚ) ਭਿਰਾਉ ਸਨ।

ਜਟੂ ਭਟੂ ਵੰਤਿਆ ਫਿਰਣਾ ਸੂਦੁ ਵਡਾ ਸਤ ਭਾਈ ।

ਜੱਟੂ ਭੱਟੂ ਤਤ ਵੇਤੇ ਫਿਰਣਾ ਸੂਦ ਜਾਤੀ ਸੱਚੇ ਭਾਉ ਵਾਲਾ ਹੋਇਆ।

ਭੋਲੂ ਭਟੂ ਜਾਣੀਅਨਿ ਸਨਮੁਖ ਤੇਵਾੜੀ ਸੁਖਦਾਈ ।

ਭੋਲੂ ਅਤੇ ਭੱਟੂ ਨਾਮੇ ਗੁਰੂ ਦੇ ਸਨਮੁਖ ਰਹਿਣ ਵਾਲੇ, ਤੇਵਾੜੀ (ਪੰਡਤ) ਸੁਖਦਾਈ ਸੀ।

ਡਲਾ ਭਾਗੀ ਭਗਤੁ ਹੈ ਜਾਪੂ ਨਿਵਲਾ ਗੁਰ ਸਰਣਾਈ ।

ਡੱਲਾ, ਭਾਗੂ, ਜਾਪੂ ਤੇ ਨਿਵਲਾ ਗੁਰੂ ਜੀ ਦੇ ਸ਼ਰਨਾਗਤ ਭਗਤ ਹਨ।

ਮੂਲਾ ਸੂਜਾ ਧਾਵਣੇ ਚੰਦੂ ਚਉਝੜ ਸੇਵ ਕਮਾਈ ।

ਮੂਲਾ ਤੇ ਸੂਜਾ ਧਾਵਣ ਜਾਤ ਵਾਲੇ ਸਨ, ਚੰਦੂ ਚਉਝੜ ਨੇ ਸੇਵਾ ਕੀਤੀ ਹੈ।

ਰਾਮਦਾਸੁ ਭੰਡਾਰੀਆ ਬਾਲਾ ਸਾਈਂਦਾਸੁ ਧਿਆਈ ।

ਰਾਮ ਦਾਸ ਗੁਰੂ ਦਾ ਰਸੋਈਆ ਬਾਲਾ ਅਤੇ ਸਾਈਂ ਦਾਸ (ਗੁਰੂ ਦੇ) ਧਿਆਨੀ ਸਨ।

ਗੁਰਮੁਖਿ ਬਿਸਨੁ ਬੀਬੜਾ ਮਾਛੀ ਸੁੰਦਰਿ ਗੁਰਮਤਿ ਪਾਈ ।

ਗੁਰਮੁਖ ਬਿਸ਼ਨੂ ਬੀਬੜਾ ਤੇ ਸੁੰਦਰ ਮਾਛੀ ਨੇ ਗੁਰੂ ਜੀ ਦੀ ਸਿੱਖਿਆ ਲੀਤੀ।

ਸਾਧਸੰਗਤਿ ਵਡੀ ਵਡਿਆਈ ।੧੯।

ਸਤਿਸੰਗ ਦੀ ਵਡੀ ਵਡਿਆਈ ਹੈ (ਧੁਨੀ ਇਹ ਕਿ ਮਾਛੀ ਬੀ ਤਰ ਜਾਂਦੇ ਹਨ)।

ਪਉੜੀ ੨੦

(ਚਾਇ ਚਈਲੇ=ਪ੍ਰੇਮੀ। ਸੁਚਾਰੇ=ਚੰਗੇ ਕੰਮਾਂ ਵਾਲੇ।)

ਜਟੂ ਭਾਨੂ ਤੀਰਥਾ ਚਾਇ ਚਈਲੇ ਚਢੇ ਚਾਰੇ ।

ਜੱਟੂ, ਭਾਨੂ ਤੀਰਥਾ ਅਤੇ ਨਿਹਾਲੇ ਸਣੇ ਚਾਰੇ ਜਾਤ ਦੇ ਚੱਢੇ ਵੱਡੇ ਪ੍ਰੇਮੀ ਤੇ ਸਨਮੁਖ ਰਹਿਣ ਵਾਲੇ ਸੇਵਕ ਗੁਰੂ ਦੇ ਪਿਆਰੇ ਹੋਏ।

ਸਣੇ ਨਿਹਾਲੇ ਜਾਣੀਅਨਿ ਸਨਮੁਖ ਸੇਵਕ ਗੁਰੂ ਪਿਆਰੇ ।

ਸੇਖੜ ਸਾਧ ਵਖਾਣੀਅਹਿ ਨਾਊ ਭੁਲੂ ਸਿਖ ਸੁਚਾਰੇ ।

ਨਾਊੂ ਤੇ ਭੁੱਲੂ ਏਹ ਸੇਖੜ ਜਾਤ ਦੇ ਸਾਧੂ ਗੁਰੂ ਦੇ ਸਿੱਖ ਹੋਏ, ਚੰਗੇ ਆਚਾਰਾਂ ਵਾਲੇ।

ਜਟੂ ਭੀਵਾ ਜਾਣੀਅਨਿ ਮਹਾਂ ਪੁਰਖੁ ਮੂਲਾ ਪਰਵਾਰੇ ।

ਜੱਟੂ ਜਾਤ ਦਾ ਭੀਵਾ ਸੀ ਅਤੇ ਮੂਲਾ ਮਹਾਂ ਪੁਰਖ (ਸਣੇ) ਪਰਵਾਰ ਸੀ।

ਚਤੁਰਦਾਸੁ ਮੂਲਾ ਕਪੂਰੁ ਹਾੜੂ ਗਾੜੂ ਵਿਜ ਵਿਚਾਰੇ ।

ਚਤਰਦਾਸ ਤੇ ਮੂਲਾ ਜਾਤ ਦੇ ਕਪੂਰ ਖੱਤ੍ਰ੍ਰੀ ਸਨ ਤੇ ਹਾੜੂ ਤੇ ਗਾੜੂ ਵਿਚਾਰੇ ਜਾਤ ਦੇ ਵਿੱਜ ਸਨ।

ਫਿਰਣਾ ਬਹਿਲੁ ਵਖਾਣੀਐ ਜੇਠਾ ਚੰਗਾ ਕੁਲੁ ਨਿਸਤਾਰੇ ।

ਫਿਰਣਾ (ਸਿੱਖ ਦੀ ਅੱਲ) ਬਹਲ ਕਹੀਦੀ ਸੀ, ਭਾਈ ਜੇਠਾ ਚੰਗਾ ਕੁਲਤਾਰੂ ਹੈਸੀ।

ਵਿਸਾ ਗੋਪੀ ਤੁਲਸੀਆ ਭਾਰਦੁਆਜੀ ਸਨਮੁਖ ਸਾਰੇ ।

ਵਿੱਸਾ, ਗੋਪੀ ਤੇ ਤੁਲਸੀਆ, (ਏਹ) ਸਾਰੇ ਭਾਰਦੁਆਜੀ ਜਾਤ ਦੇ ਸਨਮੁਖ (ਬ੍ਰਾਹਮਣ ਸਨ)।

ਵਡਾ ਭਗਤੁ ਹੈ ਭਾਈਅੜਾ ਗੋਇੰਦੁ ਘੇਈ ਗੁਰੂ ਦੁਆਰੇ ।

ਭਾਈਆ ਤੇ ਗੋਇੰਦਾ ਘੇਈ ਜਾਤ ਗੁਰੂ ਦੁਆਰੇ ਵਡੇ ਭਗਤ ਸਨ।

ਸਤਿਗੁਰਿ ਪੂਰੇ ਪਾਰਿ ਉਤਾਰੇ ।੨੦।

(੯) ਪੂਰੇ ਸਤਿਗੁਰੂ ਨੇ (ਹੀ ਏਹ) ਪਾਰ ਉਤਾਰੇ।

ਪਉੜੀ ੨੧

(ਸਾਰਾ=ਸ੍ਰੇਸ਼ਟ। ਬਲਿਹਾਰਾ=ਵਾਰਨੇ ਜਾਂਦਾ ਹਾਂ।)

ਕਾਲੂ ਚਾਊ ਬੰਮੀਆ ਮੂਲੇ ਨੋ ਗੁਰ ਸਬਦੁ ਪਿਆਰਾ ।

ਕਾਲੂ, ਚਾਊ, ਬੰਮੀਆਂ, ਮੂਲੇ ਨੂੰ ਗੁਰੂ ਸ਼ਬਦ ਪਿਆਰਾ ਹੈ।

ਹੋਮਾ ਵਿਚਿ ਕਪਾਹੀਆ ਗੋਬਿੰਦੁ ਘੇਈ ਗੁਰ ਨਿਸਤਾਰਾ ।

ਹੇਮਾ ਮੱਲ ਕਪਾਹੀਆ, ਗੋਇੰਦ ਘੇਈ ਨੇ ਨਿਸਤਾਰਾ ਪਾਇਆ।

ਭਿਖਾ ਟੋਡਾ ਭਟ ਦੁਇ ਧਾਰੂ ਸੂਦ ਮਹਲੁ ਤਿਸੁ ਭਾਰਾ ।

ਭਿੱਖਾ ਟੋਡਾ ਨਾਮੇ ਦੋ ਭੱਟ, ਧਾਰੂ ਸੂਦ ਭਾਰੇ ਮਹਲ ਵਾਲੇ (ਤਰੇ)।

ਗੁਰਮੁਖਿ ਰਾਮੂ ਕੋਹਲੀ ਨਾਲਿ ਨਿਹਾਲੂ ਸੇਵਕੁ ਸਾਰਾ ।

ਗੁਰਮੁਖ ਰਾਮੂ ਕੋਹਲੀ (ਜਾਤ ਵਾਲਾ) ਨਿਹਾਲੂ ਸੇਵਕ ਸਣੇ ਸਾਰੇ।

ਛਜੂ ਭਲਾ ਜਾਣੀਐ ਮਾਈ ਦਿਤਾ ਸਾਧੁ ਵਿਚਾਰਾ ।

ਛੱਜੂ ਭੱਲਾ, ਮਾਈ ਦਿੱਤਾ ਵੀਚਾਰ ਵਾਲੇ ਸਾਧ ਹਨ।

ਤੁਲਸਾ ਵਹੁਰਾ ਭਗਤ ਹੈ ਦਾਮੋਦਰੁ ਆਕੁਲ ਬਲਿਹਾਰਾ ।

ਤੁਲਸਾ ਵਹੁਰਾ ਹਿਤ ਵਾਲਾ ਦਾਮੋਦਰ ਤੇ ਆਕੁਲ ਤੋਂ ਸਦਕੇ।

ਭਾਨਾ ਆਵਲ ਵਿਗਹ ਮਲੁ ਬੁਧੋ ਛੀਂਬਾ ਗੁਰ ਦਰਬਾਰਾ ।

ਭਾਨਾ ਆਵਲ ਵਿਗਹਮਲ, ਬੁੱਧੂ ਨਾਮੇ ਗੁਰ ਦਰਬਾਰ ਦਾ ਧੋਬੀ।

ਸੁਲਤਾਨੇ ਪੁਰਿ ਭਗਤਿ ਭੰਡਾਰਾ ।੨੧।

(ਇਹ ਸਾਰਾ) ਸੁਲਤਾਨ ਪੁਰ (ਨਾਮੇ ਨਗਰ ਵਿਖੇ ਪੰਚਮ ਗੁਰੂ ਜੀ ਦੀ) ਭਗਤੀ ਦਾ ਖਜ਼ਾਨਾ ਹੈ।

ਪਉੜੀ ੨੨

ਦੀਪਕੁ ਦੀਪਾ ਕਾਸਰਾ ਗੁਰੂ ਦੁਆਰੈ ਹੁਕਮੀ ਬੰਦਾ ।

ਦੀਪਾ ਕਾਸਰਾ ਜਾਤ ਵਾਲਾ ਗੁਰੂ ਦੇ ਦਰਵਾਜੇ ਦਾ ਦੀਪਕ ਅਤੇ ਆਗ੍ਯਾਕਾਰੀ (ਮਸੰਦ) ਸੀ।

ਪਟੀ ਅੰਦਰਿ ਚਉਧਰੀ ਢਿਲੋ ਲਾਲੁ ਲੰਗਾਹੁ ਸੁਹੰਦਾ ।

ਪੱਟੀ ਨਗਰ ਵਿਚ ਢਿੱਲੋਂ ਜਾਤ ਵਾਲੇ, ਭਾਈ ਲਾਲ ਤੇ ਭਾਈ ਲੰਗਾਹ ਚੌਧਰੀ ਸੋਭਦੇ ਸਨ।

ਅਜਬੁ ਅਜਾਇਬੁ ਸੰਙਿਆ ਉਮਰਸਾਹੁ ਗੁਰ ਸੇਵ ਕਰੰਦਾ ।

ਅਜਬ ਤੇ ਅਜਾਇਬ ਅਤੇ ਉਮਰ ਸ਼ਾਹ, (ਇਹ ਤਿੰਨੋ) ਸੰਘੇ ਜਾਤ ਵਾਲੇ ਗੁਰ ਸੇਵਾ ਕਰਦੇ ਸਨ।

ਪੈੜਾ ਛਜਲੁ ਜਾਣੀਐ ਕੰਦੂ ਸੰਘਰੁ ਮਿਲੈ ਹਸੰਦਾ ।

ਪੈੜਾ ਛੱਜਲ ਜਾਤ ਜਾਣੋਂ ਕੰਦੂ (ਮਸੰਦ) ਸੰਘਰ ਜਾਤ ਹੱਸ ਕੇ ਮਿਲਦਾ ਸੀ।

ਪੁਤੁ ਸਪੁਤੁ ਕਪੂਰਿ ਦੇਉ ਸਿਖੈ ਮਿਲਿਆਂ ਮਨਿ ਵਿਗਸੰਦਾ ।

ਸਣੇ ਪੁਤ ਕਪੂਰ ਦੇਵ ਸਿੱਖਾਂ ਨੂੰ ਮਿਲਿਆਂ ਮਨ ਵਿਖੇ ਖਿੜ ਜਾਂਦਾ ਸੀ।

ਸੰਮਣੁ ਹੈ ਸਾਹਬਾਜ ਪੁਰਿ ਗੁਰਸਿਖਾਂ ਦੀ ਸਾਰ ਲਹੰਦਾ ।

ਸ਼ਾਹਬਾਜ਼ ਪੁਰ ਵਿਖੇ ਸੰਮਣ (ਮਸੰਦ) ਗੁਰ ਸਿੱਖਾਂ ਦੀ ਖਬਰ ਰੱਖਦਾ ਸੀ।

ਜੋਧਾ ਜਲੋ ਤੁਲਸਪੁਰਿ ਮੋਹਣ ਆਲਮੁਗੰਜਿ ਰਹੰਦਾ ।

ਜੋਧਾ ਤੇ ਜੱਲ ਤੁਲਸ ਪੁਰ ਵਿਖੇ, ਤੇ ਮੋਹਨ (ਮਸੰਦ) ਆਲਮ ਗੰਜ (ਨਗਰ) ਵਿਖੇ ਸੀ।

ਗੁਰਮੁਖਿ ਵਡਿਆ ਵਡੇ ਮਸੰਦਾ ।੨੨।

(ਏਹ) ਵਡੇ ਮਸੰਦ ਵਡੇ ਗੁਰਮੁਖ ਸਨ।

ਪਉੜੀ ੨੩

ਢੇਸੀ ਜੋਧੁ ਹੁਸੰਗੁ ਹੈ ਗੋਇੰਦੁ ਗੋਲਾ ਹਸਿ ਮਿਲੰਦਾ ।

ਭਾਈ ਢੇਸੀ ਤੇ ਭਾਈ ਜੋਧਾ ਹੁਸੰਗੀ ਬ੍ਰਾਹਮਣ ਹੋਏ, ਗੋਇੰਦ (ਉਨ੍ਹਾਂ ਦਾ) ਦਾਸ ਹੱਸਕੇ ਮਿਲਦਾ ਸੀ।

ਮੋਹਣੁ ਕੁਕੁ ਵਖਾਣੀਐ ਧੁਟੇ ਜੋਧੇ ਜਾਮੁ ਸੁਹੰਦਾ ।

(ਭਾਈ) ਮੋਹਣ ਕੁੱਕ ਜਾਤ ਕਹੀਦਾ ਹੈ, ਜੋਧੇ ਅਤੇ ਜਾਮ ਧੁੱਟੇ ਸੰਗਯਾ ਵਾਲੇ (ਭਾਵ ਬੈਲਾਂ ਵਾਂਙੂੰ) ਮੋਟੇ ਤੇ ਬਲੀ ਸ਼ੋਭਦੇ ਸਨ।

ਮੰਝੁ ਪੰਨੂ ਪਰਵਾਣੁ ਹੈ ਪੀਰਾਣਾ ਗੁਰ ਭਾਇ ਚਲੰਦਾ ।

ਮੰ ਪੱਨੂੰ ਪਰਵਾਣ ਸਿੱਖ ਤੇ ਪੀਰਾਣਾ ਗੁਰੂ ਰਜ਼ਾ ਤੇ ਚੱਲਣ ਵਾਲਾ।

ਹਮਜਾ ਜਜਾ ਜਾਣੀਐ ਬਾਲਾ ਮਰਵਾਹਾ ਵਿਗਸੰਦਾ ।

ਜੱਜਾ ਸੰਗ੍ਯਾ ਵਾਲਾ ਹਮਜ਼ਾ ਭਗਤ ਜਾਣੋਂ, ਬਾਲਾ ਮਰਵਾਹਾ ਖੱਤ੍ਰ੍ਰੀ ਪ੍ਰਸੰਨ ਬਚਨ ਸੀ।

ਨਿਰਮਲ ਨਾਨੋ ਓਹਰੀ ਨਾਲਿ ਸੂਰੀ ਚਉਧਰੀ ਰਹੰਦਾ ।

ਓਹਰੀ ਸੰਗਯਕ ਭਾਈ ਨਾਨੋ ਨਿਰਮਲ ਅਤੇ ਉਸ ਦੇ ਨਾਲ ਸੂਰੀ ਚੌਧਰੀ ਸੀ।

ਪਰਬਤਿ ਕਾਲਾ ਮੇਹਰਾ ਨਾਲਿ ਨਿਹਾਲੂ ਸੇਵ ਕਰੰਦਾ ।

ਕਾਲਾ ਤੇ ਮੇਹਰਾ ਪਹਾੜੀਏ ਨਾਲ ਨਿਹਾਲੂ ਟਹਿਲੀਆ ਸੀ ਸੇਵ ਕਰਨ ਵਾਲਾ।

ਕਕਾ ਕਾਲਉ ਸੂਰਮਾ ਕਦੁ ਰਾਮਦਾਸੁ ਬਚਨ ਮਨੰਦਾ ।

ਕਾਲਉ (ਨਾਮੇ ਸਿੱਖ) ਕੱਕੇ ਰੰਗ ਵਾਲਾ (ਸੂਰਮਾ ਕੱਦ=) ਰਿਸ਼ਟ ਪੁਸ਼ਟ ਸੀ, ਅਤੇ ਰਾਮਦਾਸ ਆਗਿਆ ਕਾਰੀ ਸੀ।

ਸੇਠ ਸਭਾਗਾ ਚੁਹਣੀਅਹੁ ਆਰੋੜੇ ਭਾਗ ਉਗਵੰਦਾ ।

ਸੁਭਾਗਾ ਸੇਠ, ਭਾਰਾ ਮਲ ਤੇ ਉਗਵੰਦਾ (ਏਹ ਤਿੰਨ) ਚੂਹਣੀ ਗ੍ਰਾਮ ਦੇ ਅਰੋੜੇ ਜਾਤ ਵਾਲੇ ਸਿੱਖ ਹੋਏ।

ਸਨਮੁਖ ਇਕ ਦੂ ਇਕ ਚੜ੍ਹੰਦਾ ।੨੩।

(੯) ਇਕ ਥੋਂ ਇਕ ਵਧੀਕ ਭਗਤ ਹੋਏ।

ਪਉੜੀ ੨੪

ਪੈੜਾ ਜਾਤਿ ਚੰਡਾਲੀਆ ਜੇਠੇ ਸੇਠੀ ਕਾਰ ਕਮਾਈ ।

ਪੈੜਾ ਜਾਤ ਚੰਡਾਲੀ ਸੀ, ਤੇ ਜੇਠਾ ਭਗਤ ਸੇਠ ਦਾ ਕੰਮ ਕਰਦਾ ਸੀ।

ਲਟਕਣੁ ਘੂਰਾ ਜਾਣੀਐ ਗੁਰਦਿਤਾ ਗੁਰਮਤਿ ਗੁਰਭਾਈ ।

ਘੂਰਾ ਲਟਕਣ ਸੰਗ੍ਯਕ ਜਾਣੀਦਾ ਸੀ, ਗੁਰਦਿੱਤਾ ਗੁਰਾਂ ਦੀ ਮਤ ਲੈਣ ਵਿਖੇ ਗੁਰਭਾਈ ਸੀ, (ਭਾਵ ਕੱਠੇ ਸਿਖ ਹੋਏ)।

ਕਟਾਰਾ ਸਰਾਫ ਹੈ ਭਗਤੁ ਵਡਾ ਭਗਵਾਨ ਸੁਭਾਈ ।

ਕਾਟਾਰਾ ਸਰਾਫ ਤੇ ਭਗਵਾਨ ਵਡੇ ਭਗਤ ਨੇਕ ਸੁਭਾ ਸਨ।

ਸਿਖ ਭਲਾ ਰਵਿਤਾਸ ਵਿਚਿ ਧਉਣੁ ਮੁਰਾਰੀ ਗੁਰ ਸਰਣਾਈ ।

ਰਵਤਾਸ (ਨਗਰ) ਵਿਚ ਧਉਣ ਮੁਰਾਰੀ ਭਲਾ, ਉੱਤਮ ਸਿਖ ਗੁਰੂ ਦੀ ਸ਼ਰਨ ਪਿਆ।

ਆਡਿਤ ਸੁਇਨੀ ਸੂਰਮਾ ਚਰਣ ਸਰਣਿ ਚੂਹੜੁ ਜੇ ਸਾਈ ।

ਆਡਿਤ ਭਗਤ ਸੁਇਨੀ ਜਾਤ ਦਾ ਜੋਧਾ ਸੀ, ਚੂਹੜ ਅਤੇ ਸਾਈਂ ਸਿੱਖ (ਗੁਰੂ ਜੀ ਦੀ) ਚਰਨ ਸ਼ਰਨ ਪ੍ਰਾਪਤ ਹੋਏ।

ਲਾਲਾ ਸੇਠੀ ਜਾਣੀਐ ਜਾਣੁ ਨਿਹਾਲੂ ਸਬਦਿ ਲਿਵ ਲਾਈ ।

ਲਾਲਾ ਸੇਠੀ ਅਤੇ ਨਿਹਾਲੂ ਭਗਤ ਗੁਰੂ ਦੇ ਸ਼ਬਦ ਵਿਖੇ ਤਾਰ ਲਾ ਛਡਦੇ ਸਨ।

ਰਾਮਾ ਝੰਝੀ ਆਖੀਐ ਹੇਮੂ ਸੋਈ ਗੁਰਮਤਿ ਪਾਈ ।

ਝੰਝੀ ਜਾਤ ਦਾ ਰਾਮਾ ਭਗਤ ਕਹੀਦਾ ਸੀ ਅਤੇ ਹੇਮੂ ਨੇ ਬੀ ਓਹੀ ਗੁਰਮਤ ਪਾਈ, (ਭਗਤ ਬਰਾਬਰ ਭਗਤ ਸੀ)।

ਜਟੂ ਭੰਡਾਰੀ ਭਲਾ ਸਾਹਦਰੈ ਸੰਗਤਿ ਸੁਖਦਾਈ ।

ਜੱਟੂ ਭੰਡਾਰੀ ਆਦਿਕ ਭਲਿਆਂ ਦੀ ਸ਼ਾਹਦਰੇ ਵਿਚ ਸੁਖਦਾਈ ਸੰਗਤ ਸੀ।

ਪੰਜਾਬੈ ਗੁਰ ਦੀ ਵਡਿਆਈ ।੨੪।

(੯) ਪੰਜਾਬ ਵਿਖੇ ਗੁਰੂ (ਪੰਚਮ ਦੀ) ਵਡੀ ਮਹਿੰਮਾ ਹੋ ਰਹੀ ਹੈ।

ਪਉੜੀ ੨੫

ਸਨਮੁਖਿ ਸਿਖ ਲਾਹੌਰ ਵਿਚਿ ਸੋਢੀ ਆਇਣੁ ਤਾਇਆ ਸੰਹਾਰੀ ।

ਲਾਹੌਰ ਵਿਖੇ ਸੋਢੀਆਂ ਦੇ ਘਰਾਣਿਓਂ ਸੰਹਾਰੀ (ਜੋ ਸਾਕੋਂ ਗੁਰੂ ਅਰਜਨ ਜੀ ਦਾ) ਤਾਯਾ ਸੀ (ਵਡਾ) ਸਨਮੁਖ ਸਿਖ ਸੀ।

ਸਾਈਂ ਦਿਤਾ ਝੰਝੀਆ ਸੈਦੋ ਜਟੁ ਸਬਦੁ ਵੀਚਾਰੀ ।

ਝੰਝੀਆਂ ਸਾਈ ਦਿੱਤਾ ਤੇ ਸੈਦੋ ਜੱਟ ਨੇ ਗੁਰ ਸ਼ਬਦ ਦਾ ਵੀਚਾਰ ਕੀਤਾ।

ਸਾਧੂ ਮਹਿਤਾ ਜਾਣੀਅਹਿ ਕੁਲ ਕੁਮ੍ਹਿਆਰ ਭਗਤਿ ਨਿਰੰਕਾਰੀ ।

ਕੁਮਿਹਾਰਾਂ ਦੀ ਕੁਲ ਵਿਚੋਂ ਬੁੱਧੂ ਮਹਿਤਾ ਨਾਉਂ ਸੀ ਤੇ ਨਿਰੰਕਾਰ ਦਾ ਭਗਤ ਸੀ, (ਇਸ ਨਾਉਂ ਥੋਂ ਲਾਹੌਰ ਵਿਚ ਬੁੱਧੂ ਦਾ ਆਵਾ ਪ੍ਰਸਿੱਧ ਹੈ)।

ਲਖੂ ਵਿਚਿ ਪਟੋਲੀਆ ਭਾਈ ਲਧਾ ਪਰਉਪਕਾਰੀ ।

ਪਟੋਲੀਆਂ ਦੇ ਬਜ਼ਾਰ ਭਾਈ ਲੱਖੂ ਤੇ ਭਾਈ ਲੱਧਾ ਪਰੋਪਕਾਰੀ ਸਿੱਖ ਸਨ।

ਕਾਲੂ ਨਾਨੋ ਰਾਜ ਦੁਇ ਹਾੜੀ ਕੋਹਲੀਆ ਵਿਚਿ ਭਾਰੀ ।

ਕਾਲੂ ਅਤੇ ਨਾਨੋ ਦੇ ਰਾਜ ਸਿੱਖ ਕੋਹਲੀ ਪਿੰਡ ਦਾ ਜੰਮ ਵਡੇ ਸਿਖ ਸੇ।

ਸੂਦੁ ਕਲਿਆਣਾ ਸੂਰਮਾ ਭਾਨੂ ਭਗਤੁ ਸਬਦੁ ਵੀਚਾਰੀ ।

ਕਲਿਆਣਾ, ਸੂਦ ਸੂਰਮਾ ਅਤੇ ਭਾਨੂੰ ਭਗਤ ਸ਼ਬਦ ਦੀ ਵੀਚਾਰ ਵਾਲੇ ਸੇ।

ਮੂਲਾ ਬੇਰੀ ਜਾਣੀਐ ਤੀਰਥੁ ਅਤੈ ਮੁਕੰਦੁ ਅਪਾਰੀ ।

ਮੂਲਾ ਬੇਰੀ, ਤੀਰਥਾ ਤੇ ਮੁੰ ਦਾ ਅਪਾਰ ਸਿੱਖ ਜਾਣੀਦੇ ਸੇ।

ਕਹੁ ਕਿਸਨਾ ਮੁਹਜੰਗੀਆ ਸੇਠ ਮੰਗੀਣੇ ਨੋ ਬਲਿਹਾਰੀ ।

ਮੁਜੰਗ (ਗਾਉਂ) ਦਾ ਵਾਸੀ ਕਿਸ਼ਨਾ ਅਤੇ ਮੰਗੀਣੇ ਸੇਠ ਥੋਂ ਬਲਿਹਾਰ ਜਾਈਏ।

ਸਨਮੁਖੁ ਸੁਨਿਆਰਾ ਭਲਾ ਨਾਉ ਨਿਹਾਲੂ ਸਪਰਵਾਰੀ ।

(੯) ਭਲਾ ਨਾਉਂ ਦਾ ਸੁਨਿਆਰਾ ਤੇ ਨਿਹਾਲੂ ਪਰਵਾਰ ਸਣੇ ਸਨਮੁਖ ਸਿਖ ਸੇ।

ਗੁਰਮੁਖਿ ਸੁਖ ਫਲ ਕਰਣੀ ਸਾਰੀ ।੨੫।

(੧੦) ਗੁਰਮੁਖਾਂ ਦੇ ਕੰਮ ਸਾਰੇ ਸਫਲ ਹਨ।

ਪਉੜੀ ੨੬

ਭਾਨਾ ਮਲਣੁ ਜਾਣੀਐ ਕਾਬਲਿ ਰੇਖਰਾਉ ਗੁਰਭਾਈ ।

ਭਾਨਾ ਮੱਲਣ ਤੇ ਰੇਖਰਾਉ ਦੋ ਕਾਬਲ ਗੁਰਭਾਈ ਜਾਣੀਦੇ ਸਨ।

ਮਾਧੋ ਸੋਢੀ ਕਾਸਮੀਰ ਗੁਰਸਿਖੀ ਦੀ ਚਾਲ ਚਲਾਈ ।

ਮਾਧੋ ਸੋਢੀ ਨੇ ਕਸ਼ਮੀਰ ਵਿਚ ਜਾ ਕੇ ਗੁਰ ਸਿੱਖੀ ਦੀ ਰੀਤ=ਤੋਰੀ।

ਭਾਈ ਭੀਵਾਂ ਸੀਹਰੰਦਿ ਰੂਪ ਚੰਦੁ ਸਨਮੁਖ ਸਤ ਭਾਈ ।

ਭਾਈ ਭੀਵਾ ਤੇ ਰੂਪ ਚੰਦ (ਏਹ ਦੋ ਸਿੱਖ) ਸਿਰਹੰਦ ਵਿਖੇ ਸੱਚੇ ਭਾਵ ਵਾਲੇ ਸਨਮੁਖ (ਸਿੱਖ) ਹੋਏ।

ਪਰਤਾਪੂ ਸਿਖੁ ਸੂਰਮਾ ਨੰਦੈ ਵਿਠੜਿ ਸੇਵ ਕਮਾਈ ।

ਪਰਤਾਪੂ ਬਲੀ ਸਿੱਖ ਸੀ, ਵਿੱਠੜ ਜਾਤ ਦੇ ਨੰਦੇ ਨੇ ਸੇਵਾ ਕੀਤੀ।

ਸਾਮੀਦਾਸ ਵਛੇਰੁ ਹੈ ਥਾਨੇਸੁਰਿ ਸੰਗਤਿ ਬਹਲਾਈ ।

ਸਾਮੀ ਦਾਸ ਵਛੇਰ ਜਾਤ ਵਾਲੇ ਨ ਥਾਨੇਸਰ (ਨਗਰ ਵਿਖੇ) ਸੰਗਤ ਗੁਰੂ ਵਲ ਲਿਆਂਦੀ।

ਗੋਪੀ ਮਹਤਾ ਜਾਣੀਐ ਤੀਰਥੁ ਨਥਾ ਗੁਰ ਸਰਣਾਈ ।

ਮਹਿਤਾ ਗੋਪੀ (ਸਿੱਖ) ਜਾਣੋਂ ਤੇ ਨੱਥਾ ਤੇ ਤੀਰਥ ਗੁਰੂ ਦੀ ਸ਼ਰਨ ਆਏ।

ਭਾਊ ਮੋਕਲੁ ਆਖੀਅਹਿ ਢਿਲੀ ਮੰਡਲਿ ਗੁਰਮਤਿ ਪਾਈ ।

ਭਾਈ ਮੋਕਲੁ ਤੇ ਭਾਈ ਢਿੱਲੀ ਮੰਡਲ ਨੇ (ਦਿੱਲੀ ਸ਼ਹਿਰ ਵਿਖੇ) ਗੁਰਮਤ ਦਾ ਪ੍ਰਚਾਰ ਕੀਤਾ।

ਜੀਵਦੁ ਜਗਸੀ ਫਤੇਪੁਰਿ ਸੇਠਿ ਤਲੋਕੇ ਸੇਵ ਕਮਾਈ ।

ਜੀਵੰਦਾ ਤੇ ਜਗਸੀ ਨੇ ਫਤੇ ਪੁਰ ਵਿਖੇ ਅਤੇ ਤਲੋਕੇ ਸੇਠ ਨੇ (ਗੁਰ) ਸੇਵਾ ਕੀਤੀ।

ਸਤਿਗੁਰ ਦੀ ਵਡੀ ਵਡਿਆਈ ।੨੬।

(੯) ਸਤਿਗੁਰ ਦੀ ਵਡਿਆਈ ਵਡੀ ਹੈ।

ਪਉੜੀ ੨੭

ਮਹਤਾ ਸਕਤੁ ਆਗਰੈ ਚਢਾ ਹੋਆ ਨਿਹਾਲੁ ਨਿਹਾਲਾ ।

ਮਹਿਤਾ ਸ਼ਕਤੂ ਆਗਰੇ ਵਾਸੀ ਤੇ ਨਿਹਾਲਾ ਚੱਢਾ ਜਾਤਿ, ਨਿਹਾਲ ਹੋਇਆ ਹੈ।

ਗੜ੍ਹੀਅਲੁ ਮਥਰਾ ਦਾਸੁ ਹੈ ਸਪਰਵਾਰਾ ਲਾਲ ਗੁਲਾਲਾ ।

ਗੜੀਅਲ ਸੰਗ੍ਯਕਿ ਮਥਰਾਦਾਸ ਸਣੇ ਕੋੜਮੇ ਗੂੜੇ ਰੰਗ ਵਾਲਾ ਸੀ, (ਭਾਵ ਅੰਦਰੋਂ ਬਾਹਰੋਂ ਪ੍ਰੇਮੀ)।

ਗੰਗਾ ਸਹਗਲੁ ਸੂਰਮਾ ਹਰਵੰਸ ਤਪੇ ਟਹਲ ਧਰਮਸਾਲਾ ।

ਗੰਗਾ ਸਹਗਲ ਸਿਪਾਹੀ ਅਤੇ ਹਰਵੰਸ ਤਪੇ ਨੇ ਟਹਿਲ ਧਰਮਸਾਲ ਦੀ ਕੀਤੀ।

ਅਣਦੁ ਮੁਰਾਰੀ ਮਹਾਂ ਪੁਰਖੁ ਕਲਿਆਣਾ ਕੁਲਿ ਕਵਲੁ ਰਸਾਲਾ ।

ਅਣਦ ਮੁਰਾਰੀ ਉੱਤਮ ਪੁਰਖ ਤੇ ਕਲਿਆਨਾ ਦੋਵੇਂ ਕੁਲ ਵਿਖੇ ਕਮਲ ਰਸ ਦੇ ਘਰ ਹੋਏ (ਭਾਵ ਦਿਨ ਰਾਤ ਖਿੜੇ ਰਹਿੰਦੇ ਸਨ)।

ਨਾਨੋ ਲਟਕਣੁ ਬਿੰਦਰਾਉ ਸੇਵਾ ਸੰਗਤਿ ਪੂਰਣ ਘਾਲਾ ।

ਨਾਨੋ ਲਟਕਣ ਸੰਗ੍ਯਕ ਨੇ ਤੇ ਬਿੰਦ ਰਾਇ ਨੇ (ਆਗਰੇ ਵਿਖੇ) ਸੰਗਤ ਦੀ ਸੇਵਾ ਪੂਰੀ ਕੀਤੀ।

ਹਾਂਡਾ ਆਲਮ ਚੰਦੁ ਹੈ ਸੈਸਾਰਾ ਤਲਵਾੜੁ ਸੁਖਾਲਾ ।

ਹਾਂਡਾ ਸੰਗ੍ਯਕ ਆਲਮ ਚੰਦ, ਸੈਂਸਾਰਾ ਭਗਤ ਤਲਵਾੜ ਸੰਗ੍ਯਕ (ਰਾਜਪੂਤ) ਸੁਖ ਦਾ ਘਰ ਸੀ।

ਜਗਨਾ ਨੰਦਾ ਸਾਧ ਹੈ ਭਾਨੂ ਸੁਹੜੁ ਹੰਸਾਂ ਦੀ ਢਾਲਾ ।

ਜਗਨਾ ਤੇ ਨੰਦਾ ਦੋ ਸਾਧੂ ਤੇ ਭਾਨੂੰ ਸੁਹੜ ਤਿੰਨੇ ਹੰਸਾਂ ਦੀ ਤਰ੍ਹਾਂ (ਭਾਵ ਤਤ ਮਿਥ੍ਯਾ ਦਾ ਵਿਵੇਚਨ ਕਰਦੇ ਸਨ)।

ਗੁਰਭਾਈ ਰਤਨਾਂ ਦੀ ਮਾਲਾ ।੨੭।

(ਏਹ) ਗੁਰ ਭਾਈ (ਆਪੋ ਵਿਚ) ਰਮਨਾਂ ਦੀ ਮਾਲਾ (ਵਾਂਙੂ ਪਰੋਤੇ ਹੁੰਦੇ) ਸੇ।

ਪਉੜੀ ੨੮

ਸੀਗਾਰੂ ਜੈਤਾ ਭਲਾ ਸੂਰਬੀਰ ਮਨਿ ਪਰਉਪਕਾਰਾ ।

ਜੈਤਾ ਭੱਲਾ ਤੇ ਸੀਗਾਰੂ ਸੂਰਬੀਰ ਤੇ ਬੜੇ ਮਨ ਦੇ ਉਪਕਾਰੀ (ਸਿੱਖ ਸੇ)।

ਜੈਤਾ ਨੰਦਾ ਜਾਣੀਐ ਪੁਰਖ ਪਿਰਾਗਾ ਸਬਦਿ ਅਧਾਰਾ ।

ਜੈਤਾ ਨੰਦਾ, ਪਿਰਾਗਾ ਸ਼ਬਦ ਦੇ ਆਸਰੇ (ਰਹਿਣ ਵਾਲੇ) ਚੰਗੇ ਪੁਰਖ ਸੇ

ਤਿਲਕੁ ਤਿਲੋਕਾ ਪਾਠਕਾ ਸਾਧੁ ਸੰਗਤਿ ਸੇਵਾ ਹਿਤਕਾਰਾ ।

ਭਾਈ ਤਿਲੋਕਾ ਸ਼ਿਰੋਮਣ ਪਾਠਕ ਸੀ, ਸੰਗਤਾਂ ਨੂੰ (ਪਾਠ ਸੁਣਾਉਂਦਾ ਤੇ) ਸੇਵਾ ਕਰਦਾ ਸੀ।

ਤੋਤਾ ਮਹਤਾ ਮਹਾਂ ਪੁਰਖੁ ਗੁਰਮੁਖਿ ਸੁਖ ਫਲ ਸਬਦੁ ਪਿਆਰਾ ।

ਮਹਿਤਾ ਤੋਤਾ ਮਹਾਂਪੁਰਖ ਹੋ ਗਿਆ (ਉਹ) ਗੁਰਮੁਖ ਸੀ ਤੇ ਸ਼ਬਦ ਦਾ ਸੁਖ ਫਲ ਦਾ ਪਿਆਰਾ ਸੀ।

ਜੜੀਆ ਸਾਈਂਦਾਸੁ ਹੈ ਸਭ ਕੁਲੁ ਹੀਰੇ ਲਾਲ ਅਪਾਰਾ ।

ਸਾਈਂਦਾਸ ਜੜੀਆ ਸਾਰੀ ਕੁਲ ਅਪਾਰ ਹੀਰੇ ਲਾਲਾਂ (ਵਾਂਙੂ ਅਮੋਲਕ) ਸਨ।

ਮਲਕੁ ਪੈੜਾ ਹੈ ਕੋਹਲੀ ਦਰਗਹੁ ਭੰਡਾਰੀ ਅਤਿ ਭਾਰਾ ।

ਮਲਕ ਪੈੜਾ ਕੋਹਲੀ ਦਰਗਾਹ ਦਾ ਵਡਾ ਭਾਰੀ ਭੰਡਾਰੀ ਹੈ।

ਮੀਆਂ ਜਮਾਲੁ ਨਿਹਾਲੁ ਹੈ ਭਗਤੂ ਭਗਤ ਕਮਾਵੈ ਕਾਰਾ ।

ਮੀਆਂ ਜਮਾਲ ਨਿਹਾਲ ਹੋ ਗਿਆ, ਭਗਤੂ ਭਗਤੀ ਦੀ ਕਾਰ ਕਮਾਉਂਦਾ ਸੀ।

ਪੂਰਾ ਗੁਰ ਪੂਰਾ ਵਰਤਾਰਾ ।੨੮।

ਪਉੜੀ ੨੯

ਪੂਰੇ ਗੁਰੂ ਦਾ ਵਰਤਾਰਾ ਪੂਰਾ (ਸਿੱਖਾਂ ਵਿਚ ਵਰਤਿਆ)।

ਆਨੰਤਾ ਕੁਕੋ ਭਲੇ ਸੋਭ ਵਧਾਵਣ ਹਨਿ ਸਿਰਦਾਰਾ ।

ਅਨੰਤਾ ਤੇ ਭਾਈ ਕੁੱਕੇ ਵਧਾਵਣ ਜਾਤ ਦੇ ਸਾਰੇ ਸਰਦਾਰ ਭਲੇ ਹਨ।

ਇਟਾ ਰੋੜਾ ਜਾਣੀਐ ਨਵਲ ਨਿਹਾਲੂ ਸਬਦ ਵੀਚਾਰਾ ।

ਇੱਟਾ ਰੋੜਾ, ਨਵਲ, ਨਿਹਾਲੂ ਸ਼ਬਦ ਦੇ ਵੀਚਾਰਕ ਜਾਣੋ।

ਤਖਤੂ ਧੀਰ ਗੰਭੀਰੁ ਹੈ ਦਰਗਹੁ ਤੁਲੀ ਜਪੈ ਨਿਰੰਕਾਰਾ ।

ਤਖਤੁ ਧੀਰਜੀ ਤੇ ਗੰਭੀਰ ਹੈ, ਦਰਗਾਹ ਤੁੱਲੀ ਵਾਹਿਗੁਰੂ ਜੀ ਨੂੰ ਜਪਦੇ ਹਨ।

ਮਨਸਾ ਧਾਰੁ ਅਥਾਹੁ ਹੈ ਤੀਰਥੁ ਉਪਲੁ ਸੇਵਕ ਸਾਰਾ ।

ਮਨਸਾ ਧਾਰ ਡੂੰਘਾ ਹੈ, ਤੀਰਥ, ਉਪਲ ਸਾਰਾ (ਪਰਵਾਰ) ਸੇਵਕ ਹੈ।

ਕਿਸਨਾ ਝੰਝੀ ਆਖੀਐ ਪੰਮੂ ਪੁਰੀ ਗੁਰੂ ਕਾ ਪਿਆਰਾ ।

ਕਿਸ਼ਨਾ ਝੰਝੀ ਪੰਮੂ ਪੁਰੀ ਗੁਰੂ ਦੇ ਪਿਆਰੇ ਕਹੀਦੇ ਹਨ।

ਧਿੰਗੜੁ ਮੱਦੂ ਜਾਣੀਅਨਿ ਵਡੇ ਸੁਜਾਨ ਤਖਾਣ ਅਪਾਰਾ ।

ਧਿੰਗੜ ਮੱਦੂ ਵਡੇ ਸੁਜਾਣ ਤਿਖਾਣ ਸਿੱਖ ਜਾਣੀਦੇ ਹਨ।

ਬਨਵਾਲੀ ਤੇ ਪਰਸਰਾਮ ਬਾਲ ਵੈਦ ਹਉ ਤਿਨਿ ਬਲਿਹਾਰਾ ।

ਬਨਵਾਲੀ ਪਰਸਰਾਮ ਬਾਲ ਵੈਦ ਇਨ੍ਹਾਂ ਤੋਂ ਮੈ ਬਲਿਹਾਰ ਹਾਂ।

ਸਤਿਗੁਰ ਪੁਰਖੁ ਸਵਾਰਣਹਾਰਾ ।੨੯।

(ਸਾਰਿਆਂ ਭਗਤਾਂ ਦੀ ਪੈਜ) ਸਤਿਗੁਰੂ ਸਵਾਰਣ ਹਾਰ ਹਨ। (ਏਹ ਛੇਵੀਂ ਪਾਤਸ਼ਾਹੀ ਦੇ ਉਪਾਸ਼ਕ ਸਨ)।

ਪਉੜੀ ੩੦

ਲਸਕਰਿ ਭਾਈ ਤੀਰਥਾ ਗੁਆਲੀਏਰ ਸੁਇਨੀ ਹਰਿਦਾਸੁ ।

ਭਾਈ ਤੀਰਥਾ ਲਸ਼ਕਰ (ਗਵਾਲੀਅਰ ਵਿਚ ਅਤੇ ਹਰਦਾਸ ਸੁਇਨੀ ਗਵਾਲੀਅਰ ਕਿਲ੍ਹੇ ਵਿਚ) ਵਾਸੀ।

ਭਾਵਾ ਧੀਰੁ ਉਜੈਨ ਵਿਚਿ ਸਾਧਸੰਗਤਿ ਗੁਰੁ ਸਬਦਿ ਨਿਵਾਸੁ ।

ਭਾਵਾ ਧੀਰ ਉਜੈਨ ਵਾਸੀ ਸਤਿਸੰਗੀ ਤੇ ਗੁਰ ਸ਼ਬਦ ਪਿਆਰੇ ਹਨ।

ਮੇਲੁ ਵਡਾ ਬੁਰਹਾਨਪੁਰਿ ਸਨਮੁਖ ਸਿਖ ਸਹਜ ਪਰਗਾਸੁ ।

ਬੁਰਹਾਨਪੁਰ ਵਿਚ ਵਡਾ ਮੇਲ ਹੈ, (ਜਿੱਥੇ) ਸਹਜ ਪਦ ਤੇ ਸਨਮੁਖ ਸਿੱਖ (ਬਹੁਤ) ਪ੍ਰਸਿੱਧ ਹਨ।

ਭਗਤੁ ਭਈਆ ਭਗਵਾਨ ਦਾਸ ਨਾਲਿ ਬੋਦਲਾ ਘਰੇ ਉਦਾਸੁ ।

ਭਈਆ ਭਗਵਾਨ ਦਾਸ ਭਗਤ ਨਾਲੇ ਬੋਦਲਾ ਨਾਮੇ ਭਗਤ ਗ੍ਰਿਹਸਤ ਵਿਚ ਉਦਾਸ (ਰਹਿਣ ਵਾਲੇ)।

ਮਲਕੁ ਕਟਾਰੂ ਜਾਨੀਐ ਪਿਰਥੀਮਲ ਜਰਾਦੀ ਖਾਸੁ ।

ਕਟਾਰੂ ਮਲਕ, ਪਿਰਥੀ ਮਲ ਜਰਾਹੀ ਖਾਸ ਖਾਸ ਜਾਣੀਦੇ ਹਨ।

ਭਗਤੂ ਛੁਰਾ ਵਖਾਣੀਐ ਡਲੂ ਰੀਹਾਣੈ ਸਾਬਾਸੁ ।

ਭਗਤ ਛੁਰਾ ਤੇ ਡੱਲੂ ਰੀਹਾਣੇ ਦੇ ਵਸਨੀਕ ਧੰਨਤਾ ਯੋਗ ਕਹੀਦੇ ਸਨ।

ਸੁੰਦਰ ਸੁਆਮੀ ਦਾਸ ਦੁਇ ਵੰਸ ਵਧਾਵਣ ਕਵਲ ਵਿਗਾਸੁ ।

ਸੁੰਦਰ ਤੇ ਸ੍ਵਮੀ ਦਾਸ ਦੋਵੇਂ (ਸਿਖ ਦੀ) ਵੰਸ ਵਧਾਵਨ ਵਾਲੇ (ਪਰਚਾਰਕ), (ਕਵਲ ਵਿਗਾਸੀ=) ਚੜ੍ਹਦੀ ਅਵਸਥਾ ਦੇ ਸਾਖੀ ਹੋਏ।

ਗੁਜਰਾਤੇ ਵਿਚਿ ਜਾਣੀਐ ਭੇਖਾਰੀ ਭਾਬੜਾ ਸੁਲਾਸੁ ।

ਭੇਖਾਰੀ ਭਾਬੜਾ ਸੁਲਾਸ ਗੁਜਰਾਤੀਏ ਸਿੱਖ ਹਨ।

ਗੁਰਮੁਖਿ ਭਾਉ ਭਗਤਿ ਰਹਿਰਾਸੁ ।੩੦।

(੯) (ਏਹ ਸਿਖ) ਪ੍ਰੇਮਾ ਭਗਤੀ ਹੀ ਅਪਨੀ ਰਾਹ ਰਸਮ ਸਮਝਦੇ ਹਨ।

ਪਉੜੀ ੩੧

ਸੁਹੰਢੈ ਮਾਈਆ ਲੰਮੁ ਹੈ ਸਾਧਸੰਗਤਿ ਗਾਵੈ ਗੁਰਬਾਣੀ ।

ਸੁਹੰਡੈ ਨਾਮੇ ਗ੍ਰਾਮ ਵਿਚ ਮਾਈਆ ਲੰਬ (ਖੱਤ੍ਰੀ ਸਿਖ) ਗੁਰੂ ਦੀ ਬਾਣੀ ਸਾਧ ਸੰਗਤ (ਵਿਖੇ) ਗਾਉਂਦਾ ਸੀ।

ਚੂਹੜ ਚਉਝੜੁ ਲਖਣਊ ਗੁਰਮੁਖਿ ਅਨਦਿਨੁ ਨਾਮ ਵਖਾਣੀ ।

ਭਾਈ ਚੂਹੜ, ਚੌਝੜਜਾਤੀ ਲਖਨਊ ਦਾ ਵਾਸੀ ਗੁਰਮਖ ਦਿਨ ਰਾਤ ਨਾਮ ਜਪਦਾ ਸੀ। (ਭਾਵ ਤੁਰਦਿਆਂ ਫਿਰਦਿਆਂ ਹੋਠ ਫੁਰਕਦੇ ਰਹਿੰਦੇ ਸਨ)।

ਸਨਮੁਖਿ ਸਿਖੁ ਪਿਰਾਗ ਵਿਚ ਭਾਈ ਭਾਨਾ ਵਿਰਤੀਹਾਣੀ ।

ਭਾਈ ਭਾਨਾ ਸਨਮੁਖ ਸਿੱਖ ਪ੍ਰਯਾਗ ਤੀਰਥ ਪਰ ਰਹਿੰਦਾ ਸੀ, ਵੈਰਾਗ ਦੀ ਖਾਣ ਸੀ।

ਜਟੂ ਤਪਾ ਸੁ ਜੌਨਪੁਰਿ ਗੁਰਮਤਿ ਨਿਹਚਲ ਸੇਵ ਕਮਾਣੀ ।

ਭਾਈ ਜੱਟੂ ਤਪਾ ਜੌਨਪੁਰ ਦਾ ਵਾਸੀ ਗੁਰਮਤ ਦਾ ਪੱਕਾ ਅਤੇ ਸੇਵਕ ਸੀ।

ਪਟਣੈ ਸਭਰਵਾਲ ਹੈ ਨਵਲੁ ਨਿਹਾਲਾ ਸੁਧ ਪਰਾਣੀ ।

ਪਟਣੇ ਦਾ ਵਾਸੀ ਭਾਈ ਨਿਵਲ ਤੇ ਸੱਭਰਵਾਲ ਦਾ ਵਾਸੀ ਨਿਹਾਲਾ ਸ਼ੁੱਧ ਪ੍ਰਾਣੀ ਸਨ।

ਜੈਤਾ ਸੇਠ ਵਖਾਣੀਐ ਵਿਣੁ ਗੁਰ ਸੇਵਾ ਹੋਰੁ ਨ ਜਾਣੀ ।

ਜੈਤਾ ਸੇਠ ਕਹੀਦਾ ਹੈ (ਉਹ) ਗੁਰੂ ਦੀ ਸੇਵਾ ਬਿਨਾਂ ਹੋਰ ਨਹੀਂ ਜਾਣਦਾ ਸੀ।

ਰਾਜ ਮਹਿਲ ਭਾਨੂ ਬਹਿਲੁ ਭਾਉ ਭਗਤਿ ਗੁਰਮਤਿ ਮਨਿ ਭਾਣੀ ।

ਭਾਨੂ ਬਹਲ ਰਾਜਮਹਲ ਦਾ ਵਾਸੀ ਪ੍ਰੇਮੀ ਸਿਖ ਗੁਰਮਤ ਵਾਲਾ ਹੈ।

ਸਨਮੁਖੁ ਸੋਢੀ ਬਦਲੀ ਸੇਠ ਗੁਪਾਲੈ ਗੁਰਮਤਿ ਜਾਣੀ ।

ਸੋਢੀ ਬਦਲੀ ਅਤੇ ਸੇਠ ਗੁਪਾਲ ਸਨਮੁਖ ਸਿੱਖ ਗੁਰਮਤ ਦੇ ਜਾਣਨ ਹਾਰੇ ਸਨ।

ਸੁੰਦਰੁ ਚਢਾ ਆਗਰੈ ਢਾਕੈ ਮੋਹਣਿ ਸੇਵ ਕਮਾਣੀ ।

(੯) ਭਾਈ ਸੁੰਦਰ ਚੱਢਾ ਆਗਰੇ ਦਾ ਵਾਸੀ ਤੇ ਭਾਈ ਮੋਹਣ ਢਾਕੇ ਵਿਚ ਗੁਰ ਸੇਵਕ (ਵਿਦਮਾਨ) ਸਨ।

ਸਾਧਸੰਗਤਿ ਵਿਟਹੁ ਕੁਰਬਾਣੀ ।੩੧।੧੧।

(੧੦) ਸਾਧ ਸੰਗਤ ਥੋਂ ਮੈਂ ਬਲਿਹਾਰ ਜਾਂਦਾ ਹਾਂ।


Flag Counter