ਵਾਰਾਂ ਭਾਈ ਗੁਰਦਾਸ ਜੀ

ਅੰਗ - 25


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਆਦਿ ਪੁਰਖੁ ਆਦੇਸੁ ਕਰਿ ਆਦਿ ਪੁਰਖ ਆਦੇਸੁ ਕਰਾਇਆ ।

ਆਦੀ ਪੁਰਖ(ਪਰਮਾਤਮਾਂ ਨੂੰ ਗੁਰੂ ਨੇ) ਆਦੇਸ ਕੀਤੀ, ਆਦਿ ਪੁਰਖ ਨੇ (ਗੁਰੂ ਨੂੰ) ਆਦੇਸ (ਨਿਮਸ਼ਕਾਰ ਸਾਰੇ ਜਗਤ ਥੋਂ) ਕਰਵਾਈ ਹੈ, (ਯਥਾ-'ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ'।)

ਏਕੰਕਾਰ ਅਕਾਰੁ ਕਰਿ ਗੁਰੁ ਗੋਵਿੰਦੁ ਨਾਉ ਸਦਵਾਇਆ ।

ਇਕ ਨਿਰਾਕਾਰ ਨੇ ਸਰੂਪ ਰਚਕੇ ਗੁਰੂ ਹਰਿਗੋਬਿੰਦ ਨਾਮ ਸਦਾਇਆ।

ਪਾਰਬ੍ਰਹਮੁ ਪੂਰਨ ਬ੍ਰਹਮੁ ਨਿਰਗੁਣ ਸਰਗੁਣ ਅਲਖੁ ਲਖਾਇਆ ।

ਪਾਰਬ੍ਰਹਮ ਪੂਰਣ ਬ੍ਰਹਮ (ਅਰਥਾਤ) ਨਿਰਗੁਣ ਤੋਂ ਸਰਗੁਣ ਹੋਕੇ ਅਲਖ ਨੇ ਆਪਣਾ ਆਪ ਲਖਾ ਦਿੱਤਾ ਹੈ।

ਸਾਧਸੰਗਤਿ ਆਰਾਧਿਆ ਭਗਤਿ ਵਛਲੁ ਹੋਇ ਅਛਲੁ ਛਲਾਇਆ ।

(ਕੀ ਲੋੜ ਸੀ?) ਸਾਧ ਸੰਗਤ ਨੇ ਅਰਾਧਨਾ ਕੀਤੀ ਸੀ, ਭਗਤ ਵਛਲ ਹੋਣ ਕਰ ਕੇ ਅਛਲ ਹੋਕੇ ਬੀ ਆਪ ਨੂੰ ਛਲਾਇਆ। (ਭਾਵ ਭਗਤਾਂ ਪਿਛੇ ਅਵਤਾਰ ਧਾਰਕੇ ਜਗਤ ਦਾ ਉਧਾਰ ਕੀਤਾ। ਜਗਤ ਕਿੱਕੁਰ ਰਚਿਆ?)।

ਓਅੰਕਾਰ ਅਕਾਰ ਕਰਿ ਇਕੁ ਕਵਾਉ ਪਸਾਉ ਪਸਾਇਆ ।

ਓਅੰਕਾਰ ਨੇ ਇਕ ਵਾਕ ਕਰ ਕੇ ਪਸਾਰਾ ਪਸਾਰ ਦਿਤਾ।

ਰੋਮ ਰੋਮ ਵਿਚਿ ਰਖਿਓਨੁ ਕਰਿ ਬ੍ਰਹਮੰਡੁ ਕਰੋੜਿ ਸਮਾਇਆ ।

(ਇਤਨਾ ਕਿ) ਇਕ ਇਕ ਰੋਮ ਵਿਖੇ ਕ੍ਰੋੜ ਕ੍ਰੋੜ ਬ੍ਰਹਿਮੰਡ ਦੀ ਸਮਾਈ ਕਰ ਛੱਡੀ ਹੈ।

ਸਾਧ ਜਨਾ ਗੁਰ ਚਰਨ ਧਿਆਇਆ ।੧।

ਇਹ (ਲੱਖਤਾ ਕਿਸ ਨੂੰ ਹੁੰਦੀ ਹੈ? ਜਿਨ੍ਹਾਂ ਨੇ) ਸੰਤਾਂ ਦੀ ਸੰਗਤ ਕਰ ਕੇ ਗੁਰੂ ਜੀ ਦੇ ਚਰਨਾਂ ਨੂੰ ਧਿਆਇਆ ਹੈ।

ਪਉੜੀ ੨

ਗੁਰਮੁਖਿ ਮਾਰਗਿ ਪੈਰੁ ਧਰਿ ਦਹਿ ਦਿਸਿ ਬਾਰਹ ਵਾਟ ਨ ਧਾਇਆ ।

(ਜਿਸ ਨੇ) ਗੁਰਮੁਖਾਂ ਦੇ ਰਸਤੇ ਵਿਖੇ ਪੈਰ ਧਰਿਆ ਹੈ ਉਹ ਦੋਸ ਦਿਸ਼ਾ ਤੇ ਬਾਰਹਵਾਟ (ਬਿਪਤਾ) ਵਿਖੇ ਨਹੀਂ ਦੌੜਦਾ (ਅਥਵਾ ਜੋਗੀਆਂ ਦੇ ਬਾਰਾਂ ਪੰਥ ਵਿਖੇ ਜਾਂ 'ਬਾਰਾਂਵਾਟ' ਬਾਰਾਂ ਰਾਸਾਂ: ਮੀਨ ਮੇਖਾਦਿਕ ਨਿਛੱਤ੍ਰਾਂ ਦੇ ਧਰਮ ਵਿਖੇ ਨਹੀਂ ਫਸਦਾ)।

ਗੁਰ ਮੂਰਤਿ ਗੁਰ ਧਿਆਨੁ ਧਰਿ ਘਟਿ ਘਟਿ ਪੂਰਨ ਬ੍ਰਹਮ ਦਿਖਾਇਆ ।

(ਕਿਉਂ ਜੋ ਅਗੇ ਹੇਤੂ ਦੱਸਦੇ ਹਨ:) ਗੁਰੂ ਦੀ ਮੂਰਤੀ ਵਿਖੇ ਗੁਰੂ(=ਵੱਡਾ) ਧਿਆਨ ਧਰਕੇ ਘਟ ਘਟ ਵਿਖੇ ਪੂਰਨ ਬ੍ਰਹਮ ਦਿੱਸ ਆਇਆ ਹੈ ('ਕਤ ਜਾਈਐ ਰੇ ਘਰ ਲਾਗੋ ਰੰਗੁ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ')।

ਸਬਦ ਸੁਰਤਿ ਉਪਦੇਸੁ ਲਿਵ ਪਾਰਬ੍ਰਹਮ ਗੁਰ ਗਿਆਨੁ ਜਣਾਇਆ ।

(ਗੁਰੂ ਦੇ) ਸ਼ਬਦ ਦੀ ਸੁਰਤ ਅਰ ਗੁਰੂ ਦੇ ਉਪਦੇਸ਼ ਦੀ ('ਲਿਵ') ਸਮਾਧੀ ਨੇ ਪਾਰਬ੍ਰਹਮ ਦਾ ਗਿਆਨ ਜਣਾ ਦਿੱਤਾ ਹੈ।

ਸਿਲਾ ਅਲੂਣੀ ਚਟਣੀ ਚਰਣ ਕਵਲ ਚਰਣੋਦਕੁ ਪਿਆਇਆ ।

ਜਿਸ ਨੇ ਅਲੂਣੀ ਸਿਲਾ ਚੱਟਣੀ ਕੀਤੀ ਹੈ ਉਸ ਨੂੰ ਚਰਣ ਕਮਲਾਂ ਦਾ ਚਰਣੋਦਕ (ਆਪ ਪੀਕੇ ਹੋਰਨਾਂ ਨੂੰ) ਪਿਆਇਆ ਹੈ, (ਭਾਵ ਵਿਖਯਾਂ ਥੋਂ ਨਿਰਵਿਖਯ ਹੋਕੇ ਪ੍ਰੀਤ ਕੀਤੀ ਹੈ, ਫਲ ਕੀ ਹੈ?)।

ਗੁਰਮਤਿ ਨਿਹਚਲੁ ਚਿਤੁ ਕਰਿ ਸੁਖ ਸੰਪਟ ਵਿਚਿ ਨਿਜ ਘਰੁ ਛਾਇਆ ।

ਗੁਰੂ ਦੀ ਮਤ ਕਰਕੇ, ਨਿਹਚਲ ਚਿਤ ਹੋ ਸੁਖਾਂ ਦੇ ਡੱਬੇ ਨਿਜ ਸਰੂਪ ਵਿਖੇ ਸਥਿਤ ਹੋ ਗਿਆ।

ਪਰ ਤਨ ਪਰ ਧਨ ਪਰਹਰੇ ਪਾਰਸਿ ਪਰਸਿ ਅਪਰਸੁ ਰਹਾਇਆ ।

ਪਾਰਸ (ਗੁਰੂ ਦੇ ਚਰਣ) ਪਰਸਕੇ ਪਰ ਤਨ (ਪਰ ਇਸਤ੍ਰੀ 'ਪਰ ਧਨ') ਪਰਾਏ ਪਦਾਰਥ ਨੂੰ ਮਨੋਂ ਛੱਡਕੇ ਅਪਰਸ ਰਹਿੰਦਾ ਹੈ।

ਸਾਧ ਅਸਾਧਿ ਸਾਧਸੰਗਿ ਆਇਆ ।੨।

(ਕਿਉਂ ਜੋ) ਸਾਧ ਸੰਗਤ ਵਿਖੇ ਆ ਕਰ ਕੇ ਅਸਾਧ (ਵਾਯੂ ਵਤ ਦੁਸ਼ਕਰ ਮਨ ਨੂੰ) ਵਸੀਕਾਰ ਵਿਚ ਕਰ ਲੀਤਾ ਹੈ।

ਪਉੜੀ ੩

ਜਿਉ ਵੜ ਬੀਉ ਸਜੀਉ ਹੋਇ ਕਰਿ ਵਿਸਥਾਰੁ ਬਿਰਖੁ ਉਪਜਾਇਆ ।

ਜਿਵੇਂ ਬੋਹੜ ਦਾ ਬੀਜ ਪੁੰਗਰਕੇ ਵਿਸਥਾਰ ਵਾਲਾ ਬ੍ਰਿਛ ਪੈਦਾ ਕਰਦਾ ਹੈ।

ਬਿਰਖਹੁ ਹੋਇ ਸਹੰਸ ਫਲ ਫਲ ਫਲ ਵਿਚਿ ਬਹੁ ਬੀਅ ਸਮਾਇਆ ।

ਬ੍ਰਿੱਛ ਥੋਂ ਹਜ਼ਾਰਾਂ ਫਲ ਹੁੰਦੇ ਹਨ, ਹਰੇਕ ਫਲ ਵਿਖੇ ਬਾਹਲੇ ਬੀਜ ਭਰੇ ਹੁੰਦੇ ਹਨ (ਦਾਰਸ਼ਟਾਂਤ-ਇਕ ਗੁਰਮੁਖ ਹਜ਼ਾਰਾਂ ਨੂੰ ਆਪਣੇ ਜਿਹਾ ਕਰ ਲੈਂਦਾ ਹੈ)।

ਦੁਤੀਆ ਚੰਦੁ ਅਗਾਸ ਜਿਉ ਆਦਿ ਪੁਰਖ ਆਦੇਸੁ ਕਰਾਇਆ ।

ਅਕਾਸ਼ ਵਿਖੇ ਦੂਜ ਦੇ ਚੰਦ ਵਾਂਙੂੰ 'ਆਦਿ ਪੁਰਖ' (ਸਭਨਾਂ ਥੋਂ) ਨਮਸਕਾਰਾਂ ਕਰਾਉਂਦਾ ਹੈ।

ਤਾਰੇ ਮੰਡਲੁ ਸੰਤ ਜਨ ਧਰਮਸਾਲ ਸਚ ਖੰਡ ਵਸਾਇਆ ।

ਸੰਤ ਤਾਰਿਆਂ ਦੇ ਮੰਡਲਾਂ ਵਾਂਙੂੰ ਧਰਮਸਾਲ ਸਚਖੰਡ (ਰੂਪ ਅਕਾਸ਼) ਵਿਖੇ ਵਸਦੇ ਹਨ।

ਪੈਰੀ ਪੈ ਪਾਖਾਕ ਹੋਇ ਆਪੁ ਗਵਾਇ ਨ ਆਪੁ ਜਣਾਇਆ ।

ਪੈਰਾਂ ਦੀ ਖਾਕ ਹੋਕੇ ਪੈਰੀਂ ਪੌਣਾ ਕਰਦੇ ਹਨ, (ਭਾਵ-ਅਹੰਕਾਰ ਨਹੀਂ ਕਰਦੇ) ਆਪਾ ਭਾਵ ਗਵਾਕੇ ਆਪਣਾ ਆਪ ਨਹੀਂ ਗਣਾਉਂਦੇ।

ਗੁਰਮੁਖਿ ਸੁਖ ਫਲੁ ਧ੍ਰੂ ਜਿਵੈ ਨਿਹਚਲ ਵਾਸੁ ਅਗਾਸੁ ਚੜ੍ਹਾਇਆ ।

ਗੁਰਮੁਖ ਧ੍ਰੂਹ ਭਗਤ ਵਾਂਙੂੰ (ਅਕਾਸ਼ ਰੂਪ) ਸਚਖੰਡ ਵਿਖੇ ਅਟੱਲ ਵਾਸਾ ਰੱਖਦੇ ਹਨ।

ਸਭ ਤਾਰੇ ਚਉਫੇਰਿ ਫਿਰਾਇਆ ।੩।

ਸਾਰੇ ਤਾਰੇ ਉਨ੍ਹਾਂ ਦੀ ਪਰਕ੍ਰਮਾਂ ਕਰਦੇ ਹਨ।

ਪਉੜੀ ੪

ਨਾਮਾ ਛੀਂਬਾ ਆਖੀਐ ਗੁਰਮੁਖਿ ਭਾਇ ਭਗਤਿ ਲਿਵ ਲਾਈ ।

ਨਾਮੇ ਨੇ ਜੋ ਜਾਤ ਦਾ ਛੀਂਬਾ ਕਹੀਦਾ ਸੀ, ਪ੍ਰੇਮਾ ਭਗਤੀ ਵਿਖੇ ('ਲਿਵ') ਪ੍ਰੀਤਿ ਕੀਤੀ, ਗੁਰਮੁਖਾਂ (ਸਦਰਸ਼)।

ਖਤ੍ਰੀ ਬ੍ਰਾਹਮਣ ਦੇਹੁਰੈ ਉਤਮ ਜਾਤਿ ਕਰਨਿ ਵਡਿਆਈ ।

ਦੇਹੁਰੇ ਵਿਖੇ ਖੱਤ੍ਰੀ ਬ੍ਰਾਹਮਣ ਉੱਤਮ ਜਾਤ ਦੇ ਸ਼ੋਭਾ ਕਰਨ ਲੱਗੇ।

ਨਾਮਾ ਪਕੜਿ ਉਠਾਲਿਆ ਬਹਿ ਪਛਵਾੜੈ ਹਰਿ ਗੁਣ ਗਾਈ ।

(ਪੰਡਿਆਂ ਨੇ) ਨਾਮੇ ਨੂੰ ਫੜਕੇ ਬਾਹਰ ਕੱਢ ਦਿੱਤਾ, ਉਹ ਮੰਦਰ ਦੇ ਪਿਛਵਾੜੇ ਬੈਠਕੇ ਹਰੀ ਦਾ ਜਸ ਗਾਉਣ ਲੱਗਾ।

ਭਗਤ ਵਛਲੁ ਆਖਾਇਦਾ ਫੇਰਿ ਦੇਹੁਰਾ ਪੈਜਿ ਰਖਾਈ ।

(ਹਰੀ ਨੇ ਜੋ) ਭਗਤ ਵਛਲ ਸਦਾਉਂਦਾ ਹੈ, ਦੇਹੁਰਾ ਫੇਰ ਕੇ ਪੈਜ ਰਖ ਦਿਤੀ।

ਦਰਗਹ ਮਾਣੁ ਨਿਮਾਣਿਆ ਸਾਧਸੰਗਤਿ ਸਤਿਗੁਰ ਸਰਣਾਈ ।

ਨਿਮਾਣਿਆਂ ਨੂੰ ਦਰਗਾਹ ਵਿਖੇ ਮਾਣ ਮਿਲਦਾ ਹੈ ਜੋ ਸਾਧ ਸੰਗਤ ਸਤਿਗੁਰੂ ਜੀ ਦੀ ਸ਼ਰਨ ਹਨ।

ਉਤਮੁ ਪਦਵੀ ਨੀਚ ਜਾਤਿ ਚਾਰੇ ਵਰਣ ਪਏ ਪਗਿ ਆਈ ।

ਉੱਚੀ ਪਦਵੀ ਵਾਲੇ (ਖੱਤ੍ਰੀ ਬ੍ਰਾਹਮਣ ਅਰ) ਨੀਚ ਜਾਤ ਵਾਲੇ (ਸ਼ੂਦ੍ਰ ਲੋਕ, ਗੱਲ ਕੀ) ਚਾਰੇ ਵਰਣ ਨਾਮੇਂ ਦੀ ਪੈਰੀਂ ਆ ਡਿੱਗੇ। (ਇਸ ਪੁਰ ਦ੍ਰਿਸ਼ਟਾਂਤ ਦਿੰਦੇ ਹਨ)।

ਜਿਉ ਨੀਵਾਨਿ ਨੀਰੁ ਚਲਿ ਜਾਈ ।੪।

ਜਿੱਕੁਰ ਪਾਣੀ ਨਿਵਾਣ ਨੂੰ ਤੁਰਕੇ ਜਾਂਦਾ ਹੈ।

ਪਉੜੀ ੫

ਅਸੁਰ ਭਭੀਖਣੁ ਭਗਤੁ ਹੈ ਬਿਦਰੁ ਸੁ ਵਿਖਲੀ ਪਤਿ ਸਰਣਾਈ ।

ਰਾਖਸ਼ ਬਿਭੀਖਣ ਭਗਤ ਹੋਯਾ, ਬਿਦਰ, ਧ੍ਰੂ ਤੇ ਵੇਸ਼ਵਾ ਸ਼ਰਨੀ ਆਏ।

ਧੰਨਾ ਜਟੁ ਵਖਾਣੀਐ ਸਧਨਾ ਜਾਤਿ ਅਜਾਤਿ ਕਸਾਈ ।

ਧੰਨਾ ਭਗਤ ਜੱਟ ਕਹੀਦਾ ਹੈ, ਸਧਨਾਂ ਜਾਤਾਂ ਵਿਚੋਂ ਨੀਚ ਜਾਤ ਵਾਲਾ ਕਸਾਈ (ਹੋਇਆ ਹੈ)।

ਭਗਤੁ ਕਬੀਰੁ ਜੁਲਾਹੜਾ ਨਾਮਾ ਛੀਂਬਾ ਹਰਿ ਗੁਣ ਗਾਈ ।

ਕਬੀਰ ਭਗਤ ਜੁਲਾਹਾ, ਨਾਮਾ ਛੀਂਬਾ ਹੋਕੇ ਹਰੀ ਦੇ ਗੁਣ ਗਾਉਣ ਲੱਗਾ।

ਕੁਲਿ ਰਵਿਦਾਸੁ ਚਮਾਰੁ ਹੈ ਸੈਣੁ ਸਨਾਤੀ ਅੰਦਰਿ ਨਾਈ ।

ਚਮਿਆਰ ਦੀ ਕੁਲ ਵਿਚ ਰਵਿਦਾਸ ਹੋਇਆ ਹੈ, (ਸਨਾਤ) ਨੀਵੀਆਂ ਕੌਮਾਂ ਵਿਚੋਂ ਸੈਣ ਭਗਤ ਨਾਈ (ਅੱਗੇ ਪੰਜਵੀਂ ਛੀਵੀਂ ਤੁਕ ਵਿਚ ਦੋ ਦ੍ਰਿਸ਼ਟਾਂਤ ਦੱਸਦੇ ਹਨ)।

ਕੋਇਲ ਪਾਲੈ ਕਾਵਣੀ ਅੰਤਿ ਮਿਲੈ ਅਪਣੇ ਕੁਲ ਜਾਈ ।

(ਜਿੱਕੁਰ) ਕਾਂਵਣੀ ਕੋਇਲ ਨੂੰ (ਆਪਣੀ ਅੰਸ਼ ਜਾਣਕੇ) ਪਾਲਦੀ ਹੈ, (ਪਰੰਤੂ) ਅੰਤ ਨੂੰ ਉਹ ਆਪਣੇ (ਮਾਪਿਆਂ ਦੀ ਬੋਲੀ ਸੁਣਕੇ ਕੋਇਲਾਂ) ਦੀ ਕੁਲ ਵਿਖੇ ਜਾ ਮਿਲਦੀ ਹੈ।

ਕਿਸਨੁ ਜਸੋਧਾ ਪਾਲਿਆ ਵਾਸਦੇਵ ਕੁਲ ਕਵਲ ਸਦਾਈ ।

(ਕ੍ਰਿਸ਼ਨ) ਨੂੰ ਜਸੋਧਾਂ (ਗੁਜਰੀ ਨੇ ਬਾਰਾਂ ਵਰ੍ਹੇ) ਪਾਲਿਆ ਸੀ, ਪਰੰਤੂ ਵਾਸਦੇਵ ਦੀ ਕੁਲ ਦਾ ਕਵਲ ਹੀ ਕਹਿਲਾਇਆ। (ਇਵੇਂ ਉਹ ਸਨਾਤ ਨਾ ਕਹਿਲਾਏ, ਭਗਤ ਕਹਿਲਾਏ)।

ਘਿਅ ਭਾਂਡਾ ਨ ਵੀਚਾਰੀਐ ਭਗਤਾ ਜਾਤਿ ਸਨਾਤਿ ਨ ਕਾਈ ।

ਜਿਵੇਂ ਘਿਉ ਦਾ ਭਾਂਡਾ ਨਹੀਂ ਵਿਚਾਰੀਦਾ (ਤਿਵੇਂ) ਭਗਤਾਂ ਦੀ (ਉੱਚੀ) ਜਾਤ ਜਾਂ ਨੀਵੀਂ ਜਾਤ ਕੋਈ ਨਹੀਂ (ਵਿਚਾਰੀ ਦੀ, ਯਥਾ “ਘਿਅ ਪਟ ਭਾਂਡਾ ਕਹੈ ਨ ਕੋਇ॥')

ਚਰਣ ਕਵਲ ਸਤਿਗੁਰ ਸਰਣਾਈ ।੫।

ਸਤਿਗੁਰੂ (ਗੁਰੂ ਨਾਨਕ ਦੇ) ਚਰਣਾਂ ਕਮਲਾਂ ਦੀ ਸ਼ਰਨ (ਲੈਣ ਦੇ ਕਾਰਣ ਸਦਾ ਉੱਤਮ ਹਨ, ਅੰਤ ਨੂੰ ਪਰਮ ਧਾਮ ਵਿਖੇ ਨਿਵਾਸ ਦੇਣਗੇ।)।

ਪਉੜੀ ੬

ਡੇਮੂੰ ਖਖਰਿ ਮਿਸਰੀ ਮਖੀ ਮੇਲੁ ਮਖੀਰੁ ਉਪਾਇਆ ।

ਮਿਸਰੀ ਡੇਮੂੰਆਂ ਦੀ ਖੱਖਰੋਂ, ਮੱਖੀਆਂ ਦੇ ਮੇਲ ਥੋਂ ਸ਼ਹਿਤ ਉਤਪਤ ਹੁੰਦਾ ਹੈ।

ਪਾਟ ਪਟੰਬਰ ਕੀੜਿਅਹੁ ਕੁਟਿ ਕਟਿ ਸਣੁ ਕਿਰਤਾਸੁ ਬਣਾਇਆ ।

ਪੱਟ ਦੇ ਕਪੜੇ ਕੀੜਿਆਂ ਥੋਂ (ਬਣਦੇ ਹਨ, ਅਰ) ਸਣ ਨੂੰ ਕਟ ਕੁੱਟਕੇ ਕਾਗਤ ਬਣਾਉਂਦੇ ਹਨ।

ਮਲਮਲ ਹੋਇ ਵੜੇਵਿਅਹੁ ਚਿਕੜਿ ਕਵਲੁ ਭਵਰੁ ਲੋਭਾਇਆ ।

ਵੜੇਵਿਆਂ ਥੋਂ ਮਲਮਲ ਹੁੰਦੀ ਹੈ, ਚਿੱਕੜ ਵਿਚੋਂ ਕਵਲ (ਅਜਿਹਾ ਸੋਹਣਾ ਹੁੰਦਾ ਹੈ ਜਿਸ ਪੁਰ) ਭਵਰੇ ਲੋਭਦੇ ਹਨ।

ਜਿਉ ਮਣਿ ਕਾਲੇ ਸਪ ਸਿਰਿ ਪਥਰੁ ਹੀਰੇ ਮਾਣਕ ਛਾਇਆ ।

ਜਿਕੂੰ ਕਾਲੇ ਸੱਪ ਦੇ ਸਿਰ ਮਣੀ ਅਰ ਪੱਥਰਾਂ ਵਿਖੇ, ਹੀਰੇ ਤੇ ਮਾਣਕ ਸ਼ੋਭਦੇ ਹਨ।

ਜਾਣੁ ਕਥੂਰੀ ਮਿਰਗ ਤਨਿ ਨਾਉ ਭਗਉਤੀ ਲੋਹੁ ਘੜਾਇਆ ।

ਕਸਤੂਰੀ ਮਿਰਗਾਂ ਦੀ ਨਾਭੀ ਵਿਖੇ ਹੁੰਦੀ ਹੈ, ਲੋਹੇ ਥੋਂ ਤਲਵਾਰ ਘੜੀਦੀ ਹੈ।

ਮੁਸਕੁ ਬਿਲੀਅਹੁ ਮੇਦੁ ਕਰਿ ਮਜਲਸ ਅੰਦਰਿ ਮਹ ਮਹਕਾਇਆ ।

ਬਿੱਲੀ ਦੀ ਮਿੱਝ ਥੋਂ ਮੁਸ਼ਕ ਬਿਲਾਈ ਹੁੰਦੀ ਹੈ, ਜਿਹੜੀ ਮਜਲਸਾਂ ਵਿਚ ਮਹਾਂ ਮਹਿਕਦੀ ਹੈ।

ਨੀਚ ਜੋਨਿ ਉਤਮੁ ਫਲੁ ਪਾਇਆ ।੬।

(ਹੁਣ ਤਾਤਪਰਜ ਦੱਸਦੇ ਹਨ ਕਿ) ਨੀਚ ਜੋਨੀਆਂ ਸਨ(ਪਰ) ਉੱਤਮ ਫਲ ਪਾ ਲਿਆ, (ਤਿਹਾ ਹੀ ਭਗਤ ਜਨ ਨੀਚ ਜਾਤ ਹੋਕੇ ਬੀ ਉੱਚ ਫਲ ਨੂੰ ਅਜਿਹੇ ਪ੍ਰਾਪਤ ਹੋਏ ਕਿ ਅੱਜ ਤੀਕ ਗ੍ਰੰਥਾਂ ਵਿਚ ਲਿਖੇ ਚਲੇ ਆਉਂਦੇ ਹਨ।

ਪਉੜੀ ੭

ਬਲਿ ਪੋਤਾ ਪ੍ਰਹਿਲਾਦ ਦਾ ਇੰਦਰਪੁਰੀ ਦੀ ਇਛ ਇਛੰਦਾ ।

ਪ੍ਰਹਿਲਾਦ ਦਾ ਪੋਤ੍ਰਾ (ਅਰਥਾਤ, ਵਿਰੋਚਨ ਦਾ ਪੁੱਤ੍ਰ ਰਾਜਾ) ਬਲਿ ਇੰਦ੍ਰਪੁਰੀ ਦੇ ਰਾਜ ਦੀ ਇੱਛਾ ਦਾ ਲੋੜਵੰਦਾ ਸੀ।

ਕਰਿ ਸੰਪੂਰਣੁ ਜਗੁ ਸਉ ਇਕ ਇਕੋਤਰੁ ਜਗੁ ਕਰੰਦਾ ।

ਇਕ ਸੌ ਜੱਗ ਸੰਪੂਰਣ ਕਰ ਚੁਕਾ ਸੀ ਅਰ ਇਕੋਤਰ ਸੌ ਪੂਰੇ ਕਰਨ ਲਈ ਇਕ (ਜੱਗ ਹੋਰ) ਕਰ ਰਿਹਾ ਸੀ।

ਬਾਵਨ ਰੂਪੀ ਆਇ ਕੈ ਗਰਬੁ ਨਿਵਾਰਿ ਭਗਤ ਉਧਰੰਦਾ ।

ਬਾਵਨਰੂਪ ਵਾਲੇ ਨੇ ਆ ਕਰ ਕੇ ਹੰਕਾਰ ਦੂਰ ਕਰ ਕੇ ਭਗਤ ਦਾ ਉਧਾਰ ਕਰ ਦਿੱਤਾ।

ਇੰਦ੍ਰਾਸਣ ਨੋ ਪਰਹਰੈ ਜਾਇ ਪਤਾਲਿ ਸੁ ਹੁਕਮੀ ਬੰਦਾ ।

ਇੰਦ੍ਰਾਸਣ (ਦੀ ਇੱਛਾ) ਨੂੰ ਛੱਡਕੇ, ਹੁਕਮੀ ਬੰਦਾ ਹੋ ਪਤਾਲ ਚਲਿਆ ਗਿਆ।

ਬਲਿ ਛਲਿ ਆਪੁ ਛਲਾਇਓਨੁ ਦਰਵਾਜੇ ਦਰਵਾਨ ਹੋਵੰਦਾ ।

ਬਲਿ ਨੂੰ ਛਲਦਾ ਹੋਇਆ ਆਪਣਾ ਆਪ ਛਲਾ ਬੈਠਾ, ਦਰਵਾਜ਼ੇ ਪੁਰ ਦਰਵਾਨ ਹੋ ਗਿਆ, (ਰਾਜਾ ਬਲਿ ਦੇ ਪਤਾਲ ਜਾਣ ਪੁਰ ਦ੍ਰਿਸ਼ਟਾਂਤ ਦਿੰਦੇ ਹਨ)।

ਸ੍ਵਾਤਿ ਬੂੰਦ ਲੈ ਸਿਪ ਜਿਉ ਮੋਤੀ ਚੁਭੀ ਮਾਰਿ ਸੁਹੰਦਾ ।

ਜਿੱਕੁਰ ਸਿੱਪ ਸ੍ਵਾਂਤਿ ਬੂੰਦ ਲੈ ਕੇ, ਟੁੱਬੀ ਮਾਰਕੇ ਸ਼ੋਭਨੀਕ ਮੋਤੀ ਹੋ ਜਾਂਦਾ ਹੈ;

ਹੀਰੈ ਹੀਰਾ ਬੇਧਿ ਮਿਲੰਦਾ ।੭।

(ਤਿੱਕੁਰ ਬਲ ਭਗਤ ਦਾ ਮਨ) ਹੀਰੇ ਨਾਲ ਹੀਰੇ ਵਾਂਙੂ ਵਿੱਨ੍ਹਿਆਂ ਜਾਕੇ ਮਿਲ ਗਿਆ।

ਪਉੜੀ ੮

ਨੀਚਹੁ ਨੀਚ ਸਦਾਵਣਾ ਕੀੜੀ ਹੋਇ ਨ ਆਪੁ ਗਣਾਏ ।

ਕੀੜੀ ਨੀਵਿਆਂ ਤੋਂ ਨੀਵਾਂ ਸਦਾਉਂਦੀ ਹੈ, (ਕਿਉਂ ਜੋ ਨਿੱਕੀ ਹੋਕੇ) ਆਪਣਾ ਆਪ ਨਹੀਂ ਗਣਾਉਂਦੀ (ਜਾਂ ਕੀੜੀ ਵਾਂਗੂੰ ਨੀਚ ਤੋਂ ਨੀਚ ਸਦਾਕੇ ਆਪ ਜਣਾਏ)।

ਗੁਰਮੁਖਿ ਮਾਰਗਿ ਚਲਣਾ ਇਕਤੁ ਖਡੁ ਸਹੰਸ ਸਮਾਏ ।

(ਜਿਕੂੰ ਮੂੰਹੀ ਕੀੜੀ ਦੇ ਮਗਰ ਸਭ ਚਲਦੀਆਂ ਹਨ ਤਿਵੇਂ) ਗੁਰਮਖਾਂ ਦੇ ਮਾਰਗ ਪੁਰ ਚਲਣਾ ਚਾਹੀਏ (ਫੇਰ ਕੀੜੀ ਵਾਂਙੂੰ) ਇਕ ਖੁੱਡ ਵਿਚ ਹਜ਼ਾਰਾਂ ਦੀ ਸਮਾਈ ਕਰੇ (ਭਾਵ ਪਿਆਰ ਨਾਲ ਰਹਿਣ)।

ਘਿਅ ਸਕਰ ਦੀ ਵਾਸੁ ਲੈ ਜਿਥੈ ਧਰੀ ਤਿਥੈ ਚਲਿ ਜਾਏ ।

ਘਿਉ ਸ਼ੱਕਰ ਦੀ ਵਾਸ਼ਨਾ ਲੈ ਕੇ ਜਿਥੇ ਹੋਵੇ ਜਾ ਪਹੁੰਚਦੀ ਹੈ (ਤਿਵੇਂ ਸਤਿਸੰਗਤ ਵਿਚ ਪੁੱਜਕੇ ਜਾਏ)।

ਡੁਲੈ ਖੰਡੁ ਜੁ ਰੇਤੁ ਵਿਚਿ ਖੰਡੂ ਦਾਣਾ ਚੁਣਿ ਚੁਣਿ ਖਾਏ ।

(ਜੇਕਰ) ਰੇਤ ਵਿਖੇ ਖੰਡ ਡੁੱਲ੍ਹ ਪਵੇ ਉਥੋਂ ਬੀ ਚੁਣ ਚੁਣ ਕੇ ਖੰਡ ਦਾ ਦਾਣਾ ਹੀ ਖਾ ਲਵੇਗੀ। (“ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ॥ ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇਕੈ ਖਾਇ”॥ ਭਾਵ ਗੁਰਮੁਖ ਲੋਕ ਕੀੜੀ ਹੋਕੇ ਗੁਣਾਂ ਰੂਪੀ ਖੰਡ ਰੇਤ ਵਿਖੇ ਰਲੀ ਹੋਈ ਬੀ ਚੁਣਕੇ ਧਾਰਨ ਕਰਦੇ ਹਨ, ਅਰਥਾਤ:-”ਸਾਝ

ਭ੍ਰਿੰਗੀ ਦੇ ਭੈ ਜਾਇ ਮਰਿ ਹੋਵੈ ਭ੍ਰਿੰਗੀ ਮਾਰਿ ਜੀਵਾਏ ।

ਭਿ੍ਰੰਗੀ (ਕੀੜੇ ਦੇ) ਡਰ ਨਾਲ ਮਰਕੇ ਭ੍ਰਿੰਗੀ ਹੋਕੇ ਮਾਰ ਜੀਵਾਏ, (ਹੋਰ ਕੀੜਿਆਂ ਨੂੰ ਦਹਾਧ੍ਯਾਸੋਂ ਮਾਰਕੇ ਆਪਣੇ ਜਿਹਾ ਕਰਦੀ ਹੈ, ਦ੍ਰਿਸ਼ਟਾਂਤ ਗੁਰਮੁਖ ਲੋਕ ਜੀਵਤ ਭਾਵ ਥੋਂ ਜਗ੍ਯਾਸੂ ਨੂੰ ਮਾਰਕੇ ਆਪਣੇ ਵਾਂਗੂੰ ਭਗਵੰਤ ਪਰਾਇਣ ਕਰਦੇ ਹਨ)

ਅੰਡਾ ਕਛੂ ਕੂੰਜ ਦਾ ਆਸਾ ਵਿਚਿ ਨਿਰਾਸੁ ਵਲਾਏ ।

(ਜਿੱਕੁਰ) ਕੱਛੂ ਅਤੇ ਕੂੰਜ ਦੇ ਬੱਚੇ ਆਸਾ ਵਿਚ ਨਿਰਾਸ ਰਹਿੰਦੇ ਹਨ।

ਗੁਰਮੁਖਿ ਗੁਰਸਿਖੁ ਸੁਖ ਫਲੁ ਪਾਏ ।੮।

ਗੁਰਮੁਖ ਗੁਰ ਸਿਖਿਆ ਲੈ ਕੇ “ਸੁਖ ਫਲ” ਪਾਉਂਦੇ ਹਨ।

ਪਉੜੀ ੯

ਸੂਰਜ ਪਾਸਿ ਬਿਆਸੁ ਜਾਇ ਹੋਇ ਭੁਣਹਣਾ ਕੰਨਿ ਸਮਾਣਾ ।

ਬਿਆਸ ਦੇਵ ਸੂਰਜ ਦੇ ਕੋਲ ਜਾਕੇ ਨਿੱਕਾ ਜਿਹਾ ਕੀੜਾ ਰੂਪ ਧਾਰਕੇ (ਉੱਚੀ ਸ਼੍ਰਵਾ ਨਾਮੇ ਸੂਰਜ ਦੇ ਘੋੜੇ ਦੇ) ਕੰਨ ਵਿਚ ਵੜ ਬੈਠਾ (ਭਾਵ-ਨਿੱਕਾ ਬਣਕੇ ਅਧੀਨ ਹੋਕੇ ਕਿਸੇ ਗੁਣੀ ਤੋਂ ਵਿੱਦ੍ਯਾ ਪਾਈ ਤੇ ਨਿਪੁੰਨ ਹੋਕੇ ਘਰ ਆਇਆ)।

ਪੜਿ ਵਿਦਿਆ ਘਰਿ ਆਇਆ ਗੁਰਮੁਖਿ ਬਾਲਮੀਕ ਮਨਿ ਭਾਣਾ ।

(ਬਾਲਮੀਕ ਬੀ ਨਿਮ੍ਰਭੂਤ ਹੋ) ਵਿੱਦ੍ਯਾ ਪੜ੍ਹਕੇ ਗੁਰਮੁਖ ਬਾਲਮੀਕ ਮਨ ਨੂੰ ਭਾਉਂਣਾ ਘਰ ਨੂੰ ਆਯਾ।

ਆਦਿ ਬਿਆਸ ਵਖਾਣੀਐ ਕਥਿ ਕਥਿ ਸਾਸਤ੍ਰ ਵੇਦ ਪੁਰਾਣਾ ।

ਆਦਿ ਵ੍ਯਾਸ ਨੇ ਮਥ ਮਥਕੇ ਸ਼ਾਸਤਰ ਵੇਦ ਪੁਰਾਣਾਂ (ਦੀਆਂ ਸੰਹਤਾਂ) ਬਣਾ ਦਿੱਤੀਆਂ (ਪ੍ਰੰਤੂ ਸ਼ਾਂਤਿ ਨ ਆਈ)।

ਨਾਰਦਿ ਮੁਨਿ ਉਪਦੇਸਿਆ ਭਗਤਿ ਭਾਗਵਤੁ ਪੜ੍ਹਿ ਪਤੀਆਣਾ ।

ਨਾਰਦਮੁਨੀ ਨੇ (ਇਸ ਨੂੰ) ਉਪਦੇਸ਼ ਦਿੱਤਾ ਕਿ ਭਗਵਤ ਦੀ ਭਗਤੀ ਪੜ੍ਹ, (ਇਸ ਨੂੰ ਪੜ੍ਹਕੇ ਉਹ) ਪਤੀਜਿਆ (ਭਾਵ ਸ਼ਾਂਤ ਆ ਗਈ।)

ਚਉਦਹ ਵਿਦਿਆ ਸੋਧਿ ਕੈ ਪਰਉਪਕਾਰੁ ਅਚਾਰੁ ਸੁਖਾਣਾ ।

ਚੌਦਾਂ ਵਿਦ੍ਯਾ ਸੋਧ ਕੇ ਪਰਉਪਕਾਰ ਦੇ ਆਚਾਰ ਵਿਚ ਸੁਖ ਪਾਇਆ।

ਪਰਉਪਕਾਰੀ ਸਾਧਸੰਗੁ ਪਤਿਤ ਉਧਾਰਣੁ ਬਿਰਦੁ ਵਖਾਣਾ ।

ਸਾਧ ਸੰਗਤ ਪਰਉਪਕਾਰੀ ਹੈ ਅਰ ਪਤਿਤਾਂ ਦਾ ਉਧਾਰ ਕਰਨਾ (ਸਾਧ ਸੰਗਤ ਦਾ) ਬਿਰਦ ਕਹੀਦਾ ਹੈ।

ਗੁਰਮੁਖਿ ਸੁਖ ਫਲੁ ਪਤਿ ਪਰਵਾਣਾ ।੯।

ਗੁਰੁਮਖਾਂ ਨੇ ਸੁਖ ਫਲ ਪਾਇਆ ਹੈ, (ਅਰ ਉਨ੍ਹਾਂ ਦੀ) ਪਤ ਪਰਵਾਣ ਹੋਈ ਹੈ।

ਪਉੜੀ ੧੦

ਬਾਰਹ ਵਰ੍ਹੇ ਗਰਭਾਸਿ ਵਸਿ ਜਮਦੇ ਹੀ ਸੁਕਿ ਲਈ ਉਦਾਸੀ ।

ਸੁਕਦੇਵ ਨੇ ਬਾਰਾਂ ਵਰਹੇ (ਮਾਤਾ ਦੇ) ਗਰਭ ਵਿਖੇ ਰਹਿਕੇ ਜੰਮਦੇ ਸਾਰ ਹੀ 'ਉਦਾਸੀ' ਲੀਤੀ।

ਮਾਇਆ ਵਿਚਿ ਅਤੀਤ ਹੋਇ ਮਨਹਠ ਬੁਧਿ ਨ ਬੰਦਿ ਖਲਾਸੀ ।

ਮਾਇਆ ਵਿਚ ਅਤੀਤ (ਵਿਰੱਕਤੀ ਤਾਂ) ਹੋਇਆ, (ਪ੍ਰੰਤੂ) ਮਨ ਦੀ ਹਠ ਬੁਧੀ ਦੀ ਬੰਦ ਖਲਾਸ ਨਾ ਹੋਈ।

ਪਿਉ ਬਿਆਸ ਪਰਬੋਧਿਆ ਗੁਰ ਕਰਿ ਜਨਕ ਸਹਜ ਅਭਿਆਸੀ ।

ਬਿਆਸ ਪਿਤਾ ਨੇ ਉਪਦੇਸ਼ ਦਿੱਤਾ ਕਿ ਜਨਕ ਜਿਹੜਾ ਸਹਿਜ ਅਭ੍ਯਾਸੀ ਹੈ (ਉਸ ਨੂੰ) ਗੁਰੂ ਧਾਰਨ ਕਰ।

ਤਜਿ ਦੁਰਮਤਿ ਗੁਰਮਤਿ ਲਈ ਸਿਰ ਧਰਿ ਜੂਠਿ ਮਿਲੀ ਸਾਬਾਸੀ ।

ਹੁਣ ਦੁਰਮਤਿ (ਹਠ) ਨੂੰ ਛੱਡਕੇ ਸਿਰਪੁਰ ਜੂਠੀਆਂ ਪੱਤਲਾਂ ਸਹਾਰ ਕਰ ਗੁਰੂ ਸਿੱਖ੍ਯਾ ਲੀਤੀ (ਤੇ ਗੁਰੂ ਪਾਸੋਂ 'ਸ਼ਾਬਾਸੀ'=) ਥਾਪੀ ਮਿਲੀ।

ਗੁਰ ਉਪਦੇਸੁ ਅਵੇਸੁ ਕਰਿ ਗਰਬਿ ਨਿਵਾਰਿ ਜਗਤਿ ਗੁਰ ਦਾਸੀ ।

ਗੁਰੂ ਦੇ ਉਪਦੇਸ਼ ਵਿਖੇ ਗਰਬ ਨੂੰ ਨਿਵਾਰਕੇ ਜਦ (ਜਗਤ ਗੁਰਦਾਸੀ=ਰਾਜਾ ਪ੍ਰੀਖਤ ਜਿਹੇ) ਜਗਤ ਦੇ ਪੂਜ੍ਯ ਨੇ ਦਾਸੀ ਭਾਗ ਗ੍ਰਹਿਣ ਕੀਤਾ ਤਾਂ (ਜਗਤ ਉਸ ਪੂਜ੍ਯ ਦਾ ਦਾਸ ਹੋਇਆ)।

ਪੈਰੀ ਪੈ ਪਾ ਖਾਕ ਹੋਇ ਗੁਰਮਤਿ ਭਾਉ ਭਗਤਿ ਪਰਗਾਸੀ ।

(ਦ੍ਰਿਸ਼ਟਾਂਤ) ਪੈਰੀ ਪੈਣਾ, ਪੈਰਾਂ ਦੀ ਖਾਕ ਹੋਣਾ, ਗੁਰਮਤ ਅਤੇ ਪ੍ਰੇਮਾ ਭਗਤੀ ਦਾ (ਗੁਰਮੁਖਾਂ ਨੇ) ਪ੍ਰਕਾਸ਼ ਕੀਤਾ, (ਭਾਵ ਉਪਦੇਸ਼ ਦਿੱਤਾ)।

ਗੁਰਮੁਖਿ ਸੁਖ ਫਲੁ ਸਹਜ ਨਿਵਾਸੀ ।੧੦।

(ਅੰਤ ਨੂੰ) ਗੁਰਮੁਖਾਂ ਦੇ (ਸ਼ਾਂਤਿ ਸਰੂਪ) ਸੁਖ ਫਲ ਦੇ ਸਹਜੇ ਨਿਵਾਸੀ ਹੁੰਦੇ ਹਨ।

ਪਉੜੀ ੧੧

ਰਾਜ ਜੋਗੁ ਹੈ ਜਨਕ ਦੇ ਵਡਾ ਭਗਤੁ ਕਰਿ ਵੇਦੁ ਵਖਾਣੈ ।

ਰਾਜਾ ਜਨਕ ਰਾਜ ਅਤੇ ਜੋਗ ਦੋਵੇਂ ਕਰਦਾ ਸੀ ਵੱਡਾ ਭਗਤ ਕਰ ਕੇ ਵੇਦ ਨੇ ਵਰਣਨ ਕੀਤਾ ਹੈ।

ਸਨਕਾਦਿਕ ਨਾਰਦ ਉਦਾਸ ਬਾਲ ਸੁਭਾਇ ਅਤੀਤੁ ਸੁਹਾਣੈ ।

ਸਨਕਾਦਿਕ ਤੇ ਨਾਰਦ ਏਹ ਬਾਲ ਅਵਸਥਾ ਥੋਂ ਹੀ ਅਤੀਤ ਅਤੇ ਉਦਾਸ ਰਹੇ (ਇਹੋ ਦਸ਼ਾ) ਚੰਗੀ ਲੱਗਦੀ ਰਹੀ ਹੈ;

ਜੋਗ ਭੋਗ ਲਖ ਲੰਘਿ ਕੈ ਗੁਰਸਿਖ ਸਾਧਸੰਗਤਿ ਨਿਰਬਾਣੈ ।

ਪਰੰਤੂ ਗੁਰੂ ਦੇ ਸਿੱਖ ਲੱਖਾਂ ਹੀ ਰਾਜ ਅਤੇ ਜੋਗਾਂ ਨੂੰ ਲੰਘਕੇ ਸਾਧ ਸੰਗਤ ਵਿਖੇ (ਨਿਰਬਾਣੈ) ਨਿਰਬੰਧਨ ਰਹਿੰਦੇ ਹਨ (ਕਾਰਨ ਇਹ ਕਿ ਜੋ)

ਆਪੁ ਗਣਾਇ ਵਿਗੁਚਣਾ ਆਪੁ ਗਵਾਏ ਆਪੁ ਸਿਞਾਣੈ ।

ਆਪਣਾ ਆਪ ਗਿਣਾਉਂਦੇ ਹਨ ਖਰਾਬ ਹੁੰਦੇ ਹਨ, (ਪਰ ਜੋ) ਹੰਕਾਰ ਦਾ ਤ੍ਯਾਗ ਕਰਦੇ ਹਨ ਓਹ ਆਪਣਾ ਆਪ ਸਿਾਣਦੇ ਹਨ। (ਭਾਵ-ਸਰੂਪ ਦੀ ਲੱਖਤਾ ਹੋ ਜਾਂਦੀ ਹੈ)।

ਗੁਰਮੁਖਿ ਮਾਰਗੁ ਸਚ ਦਾ ਪੈਰੀ ਪਵਣਾ ਰਾਜੇ ਰਾਣੈ ।

ਇਸੇ ਲਈ ਗੁਰਮੁਖਾਂ ਦਾ ਰਸਤਾ ਸੱਚ ਦਾ ਹੈ, (ਰਾਜੇ) ਵੱਡੇ ਅਤੇ (ਰਾਣੇ) ਛੋਟੇ (ਸਾਰੇ) ਪੈਰੀਂ ਆ ਪੈਂਦੇ ਹਨ।

ਗਰਬੁ ਗੁਮਾਨੁ ਵਿਸਾਰਿ ਕੈ ਗੁਰਮਤਿ ਰਿਦੈ ਗਰੀਬੀ ਆਣੈ ।

(ਓਹ ਬੀ) ਗਰਬ ਤੇ ਗੁਮਾਨ ਨੂੰ (ਮਨੋਂ ਤਨੋਂ) ਹਟਾਕੇ ਗੁਰਮਤਿ ਅਤੇ ਗਰੀਬੀ ਨੂੰ ਰਿਦੇ ਵਿਖੇ ਧਾਰਦੇ ਹਨ, (ਫਲ ਇਹ ਹੁੰਦਾ ਹੈ)

ਸਚੀ ਦਰਗਹ ਮਾਣੁ ਨਿਮਾਣੈ ।੧੧।

ਕਿ ਸੱਚੀ ਦਰਗਾਹ ਵਿਖੇ (ਇਨ੍ਹਾਂ) ਨਿਮਾਣਿਆਂ ਨੂੰ ਮਾਣ (ਆਦਰ) ਮਿਲਦਾ ਹੈ।

ਪਉੜੀ ੧੨

ਸਿਰੁ ਉਚਾ ਅਭਿਮਾਨੁ ਵਿਚਿ ਕਾਲਖ ਭਰਿਆ ਕਾਲੇ ਵਾਲਾ ।

ਸਿਰ ਹੰਕਾਰ ਵਿਚ ਉੱਚਾ ਹੈ, ਕਾਲਖ ਦਾ ਭਰਿਆ ਕਾਲੇ ਵਾਲਾਂ ਵਾਲਾ ਹੈ।

ਭਰਵਟੇ ਕਾਲਖ ਭਰੇ ਪਿਪਣੀਆ ਕਾਲਖ ਸੂਰਾਲਾ ।

ਭਰਵੱਟੇ ਕਾਲਖ ਦੇ ਭਰੇ ਹਨ, ਝਿੰਮਣੀਆਂ ਕਾਲੀਆਂ ਸੂਲਾਂ (ਬਰਛਿਆਂ) ਵਾਂਗੂੰ ਹਨ।

ਲੋਇਣ ਕਾਲੇ ਜਾਣੀਅਨਿ ਦਾੜੀ ਮੁਛਾ ਕਰਿ ਮੁਹ ਕਾਲਾ ।

ਨੇਤ੍ਰ ਕਾਲੇ ਜਾਣੀਦੇ ਹਨ, ਦਾੜ੍ਹੀ ਮੁੱਛਾਂ ਨਾਲ (ਸਾਰਾ) ਮੂੰਹ ਕਾਲਾ ਹੋ ਰਿਹਾ ਹੈ।

ਨਕ ਅੰਦਰਿ ਨਕ ਵਾਲ ਬਹੁ ਲੂੰਇ ਲੂੰਇ ਕਾਲਖ ਬੇਤਾਲਾ ।

ਨੱਕ ਦੇ ਅੰਦਰ ਨੱਕ ਦੇ ਵਾਲ ਬਹੁਤੇ ਹਨ, ਲੂੰ ਲੂੰ ਕਾਲਖ ਵਾਲਾ ਬੇਢੰਗਾ (ਸਰੂਪ) ਹੈ।

ਉਚੈ ਅੰਗ ਨ ਪੂਜੀਅਨਿ ਚਰਣ ਧੂੜਿ ਗੁਰਮੁਖਿ ਧਰਮਸਾਲਾ ।

ਉੱਚੇ ਹੋਣ ਕਰ ਕੇ ਅੰਗਾਂ ਦੀ ਪੂਜਾ ਨਹੀਂ ਹੁੰਦੀ, ਗੁਰਮੁਖਾਂ ਦੀ ਚਰਣ ਧੂੜ ਧਰਮਸਾਲਾ (ਵਿਖੇ ਪੂਜੀਦੀ ਹੈ, ਕਿਉਂਕਿ ਜੋ)

ਪੈਰਾ ਨਖ ਮੁਖ ਉਜਲੇ ਭਾਰੁ ਉਚਾਇਨਿ ਦੇਹੁ ਦੁਰਾਲਾ ।

ਪੈਰਾਂ ਦੀ ਨੌਂਹ ('ਮੁਖ ਉੱਜਲੇ') ਚਿੱਟੇ ਮੂੰਹ ਵਲੇ ਹਨ, ਦੇਹ ਭਾਰੀ ਦਾ ਭਾਰ ਚੁੱਕਦੇ ਹਨ (ਉਪਕਾਰ ਕਰਦੇ ਹਨ)।

ਸਿਰ ਧੋਵਣੁ ਅਪਵਿੱਤ੍ਰ ਹੈ ਗੁਰਮੁਖਿ ਚਰਣੋਦਕ ਜਗਿ ਭਾਲਾ ।

ਸਿਰ ਧੋਕੇ (ਪੀਣਾ) ਆਪਵਿੱਤ੍ਰ ਹੈ, ਗੁਰਮੁਖਾਂ ਦੇ ਚਰਣਾਂਮ੍ਰਿਤ ਨੂੰ ਜਗਤ ਭਾਲਦਾ ਹੈ; (ਇਸੇ ਕਾਰਣ)

ਗੁਰਮੁਖਿ ਸੁਖ ਫਲੁ ਸਹਜੁ ਸੁਖਾਲਾ ।੧੨।

ਗੁਰਮੁਖ ਫਲ ਪਾਕੇ 'ਸਹਿਜੇ ਹੀ' (ਸੁਭਾਵਕ ਹੀ) ਸੁਖਾਂ ਦੇ ਘਰ ਬਣੇ ਰਹਿੰਦੇ ਹਨ।

ਪਉੜੀ ੧੩

ਜਲ ਵਿਚਿ ਧਰਤੀ ਧਰਮਸਾਲ ਧਰਤੀ ਅੰਦਰਿ ਨੀਰ ਨਿਵਾਸਾ ।

ਧਰਤੀ ਧਰਮ ਦੀ ਜਗ੍ਹਾ ਪਾਣੀ ਵਿਖੇ ਟਿਕੀ ਹੋਈ ਹੈ (ਧਰਤੀ ਦੇ ਚੁਫੇਰੇ ਸਮੁੰਦਰ ਹਨ) ਅਰ ਧਰਤੀ ਦੇ ਵਿਚ ਬੀ ਪਾਣੀ ਦਾ ਨਿਵਾਸ ਹੈ (ਧਰਤੀ ਵਿਖੇ ਅਨੇਕਾਂ ਦਰਯਾ ਤੇ ਝੀਲਾਂ ਹਨ)।

ਚਰਨ ਕਵਲ ਸਰਣਾਗਤੀ ਨਿਹਚਲ ਧੀਰਜੁ ਧਰਮੁ ਸੁਵਾਸਾ ।

(ਭਗਤਾਂ ਦੇ) ਚਰਣ ਕਵਲਾਂ ਦੀ ਸ਼ਰਣ ਕਰ ਕੇ (ਕਿਉਂਕਿ ਚਰਣ ਛੁਂਹਦੇ ਹਨ) ਧੀਰਜ ਧਰਮ ਅਤੇ ਖਿਮਾਂ ਆਦਿ ਗੁਣ ਕਰ ਕੇ (ਧਰਤੀ) ਪੂਰਤ ਹੈ।

ਕਿਰਖ ਬਿਰਖ ਕੁਸਮਾਵਲੀ ਬੂਟੀ ਜੜੀ ਘਾਹ ਅਬਿਨਾਸਾ ।

ਖੇਤੀਆਂ, ਬ੍ਰਿਛ ਫੁਲਵਾੜੀਆਂ, ਬੂਟੀ, ਜੜੀ, ਘਾਹ ਅਖੁੱਟ ਹੁੰਦਾ ਹੈ।

ਸਰ ਸਾਇਰ ਗਿਰਿ ਮੇਰੁ ਬਹੁ ਰਤਨ ਪਦਾਰਥ ਭੋਗ ਬਿਲਾਸਾ ।

ਸਰ, ਸਮੁੰਦਰ, ਪਰਬਤ, ਮੇਰੁ, (ਧੌਲੀਦਾਰ) ਬਾਹਲੇ ਰਤਨ ਪਦਾਰਥ ਭੋਗ ਬਿਲਾਸ।

ਦੇਵ ਸਥਲ ਤੀਰਥ ਘਣੇ ਰੰਗ ਰੂਪ ਰਸ ਕਸ ਪਰਗਾਸਾ ।

ਦੇਵ ਮੰਦਰ, ਤੀਰਥ, ਰੰਗ ਰੂਪ ਕਈ ਰਸਾਂ ਕਸਾਂ ਦਾ ਪ੍ਰਕਾਸ਼ ਹੋ ਰਿਹਾ ਹੈ।

ਗੁਰ ਚੇਲੇ ਰਹਰਾਸਿ ਕਰਿ ਗੁਰਮੁਖਿ ਸਾਧਸੰਗਤਿ ਗੁਣਤਾਸਾ ।

ਗੁਰ ਚੇਲੇ ਦੀ ਰਾਹ ਰੀਤ ਕਰ ਕੇ ਗੁਰਮੁਖਾਂ ਦੀ ਸਾਧ ਸੰਗਤ ਗੁਣਾਂ ਦਾ ਸਮੁੰਦਰ ਹੈ।

ਗੁਰਮੁਖਿ ਸੁਖ ਫਲੁ ਆਸ ਨਿਰਾਸਾ ।੧੩।

(ਕਿਉਂਕਿ ਜੋ) ਗੁਰਮੁਖ (ਹਨ) ਆਸਾ ਥੋਂ ਨਿਰਾਸ ਰਹਿੰਦੇ ਨ, (ਏਸ ਲਈ) ਸੁਖ ਫਲ (ਉਹਨਾਂ ਨੂੰ) ਪ੍ਰਾਪਤ ਹੁੰਦਾ ਹੈ।

ਪਉੜੀ ੧੪

ਰੋਮ ਰੋਮ ਵਿਚਿ ਰਖਿਓਨੁ ਕਰਿ ਬ੍ਰਹਮੰਡ ਕਰੋੜਿ ਸਮਾਈ ।

(ਨਿਰਗੁਣ ਬ੍ਰਹਮ ਨੇ) ਕਰੋੜਾਂ ਬ੍ਰਹਮੰਡਾਂ ਦੀ ਸਮਾਈ ਰੋਮ ਰੋਮ ਵਿਖੇ (ਅਰਥਾਤ ਆਪਣੀ ਸ਼ਕਤੀ ਵਿਖੇ) ਰੱਖੀ ਹੋਈ ਹੈ।

ਪਾਰਬ੍ਰਹਮੁ ਪੂਰਨ ਬ੍ਰਹਮੁ ਸਤਿ ਪੁਰਖ ਸਤਿਗੁਰੁ ਸੁਖਦਾਈ ।

ਉਸੇ ਪਾਰਬ੍ਰਹਮ ਪੂਰਨ ਬ੍ਰਹਮ ਨੇ 'ਸਤਿਗੁਰ' (ਗੁਰੂ ਨਾਨਕ) ਸਤ ਪੁਰਖ ਦਾ (ਸੁਖਦਾਈ ਰੂਪ ਰਚਿਆ)।

ਚਾਰਿ ਵਰਨ ਗੁਰਸਿਖ ਹੋਇ ਸਾਧਸੰਗਤਿ ਸਤਿਗੁਰ ਸਰਣਾਈ ।

ਚਾਰੇ ਵਰਣ ਗੁਰੂ ਦੇ ਸਿਖ ਹੋਕੇ, ਸਾਧ ਸੰਗਤ ਦੁਆਰਾ ਸਤਿਗੁਰੂ ਦੀ ਸ਼ਰਣ ਆਏ।

ਗਿਆਨ ਧਿਆਨ ਸਿਮਰਣਿ ਸਦਾ ਗੁਰਮੁਖਿ ਸਬਦਿ ਸੁਰਤਿ ਲਿਵ ਲਾਈ ।

ਉਥੇ ਗਿਆਨ ਧਿਆਨ ਅਰ ਸਦਾ ਸਿਮਰਣ ਕਰ ਕੇ ਗੁਰਮੁਖਾਂ ਨੇ ਸ਼ਬਦ ਦੀ ਸੁਰਤ ਵਿਖੇ ਲਿਵ ਲਗਾਈ।

ਭਾਇ ਭਗਤਿ ਭਉ ਪਿਰਮ ਰਸ ਸਤਿਗੁਰੁ ਮੂਰਤਿ ਰਿਦੇ ਵਸਾਈ ।

ਪ੍ਰੇਮਾ ਭਗਤੀ, ਭਉ, ਪ੍ਰੇਮ ਭਾਰ (ਗੁਰ ਮੂਰਤ ਦਾ ਜਿਸ ਵਿਖੇ ਕਰੋੜਾਂ ਬ੍ਰਹਿਮੰਡਾਂ ਦੀ ਸਮਾਈ ਹੈ

ਏਵਡੁ ਭਾਰੁ ਉਚਾਇਂਦੇ ਸਾਧ ਚਰਣ ਪੂਜਾ ਗੁਰ ਭਾਈ ।

ਚਰਣ) ਚੁੱਕਦੇ ਹਨ (ਇਸ ਲਈ) ਸਾਧਾਂ ਦੇ ਚਰਣਾਂ ਦੀ ਪੂਜਾ ਹੀ ('ਗੁਰ ਭਾਈ'=) ਵਡੇ ਭਾਇ ਵਾਲੀ ਹੈ।

ਗੁਰਮੁਖਿ ਸੁਖ ਫਲੁ ਕੀਮ ਨ ਪਾਈ ।੧੪।

(ਕਿਉਂ ਜੋ) ਗੁਰਮੁਖਾਂ ਦੇ ਸੁਖਫਲ ਦੀ ਕੀਮਤ ਨਹੀਂ ਪਾਈ ਜਾਂਦੀ।

ਪਉੜੀ ੧੫

ਵਸੈ ਛਹਬਰ ਲਾਇ ਕੈ ਪਰਨਾਲੀਂ ਹੁਇ ਵੀਹੀਂ ਆਵੈ ।

ਝੜੀ ਲਾਕੇ (ਮੀਂਹ) ਵਸਦਾ ਹੈ, ਪਰਨਾਲਿਆਂ ਥਾਣੀ ਹੋਕੇ ਗਲੀਆਂ ਵਿਖੇ ਆਉਂਦਾ ਹੈ।

ਲਖ ਨਾਲੇ ਉਛਲ ਚਲਨਿ ਲਖ ਪਰਵਾਹੀ ਵਾਹ ਵਹਾਵੈ ।

ਲੱਖਾਂ ਨਾਲੇ ਉੱਛਲਕੇ ਚਲਦੇ ਹਨ, ਲੱਖਾਂ ਪ੍ਰਵਾਹਾਂ ਦਾ 'ਵਾਹ' (ਹੜ੍ਹ) ਹੋ ਤੁਰਦਾ ਹੈ।

ਲਖ ਨਾਲੇ ਲਖ ਵਾਹਿ ਵਹਿ ਨਦੀਆ ਅੰਦਰਿ ਰਲੇ ਰਲਾਵੈ ।

ਲੱਖਾਂ ਨਾਲੇ ਤੇ ਲੱਖਾਂ ਹੜ੍ਹ ਵਗਕੇ ਨਦੀਆਂ ਦੇ ਮੇਲ ਵਿਖੇ ਰਲ ਜਾਂਦੇ ਹਨ।

ਨਉ ਸੈ ਨਦੀ ਨੜਿੰਨਵੈ ਪੂਰਬਿ ਪਛਮਿ ਹੋਇ ਚਲਾਵੈ ।

੯੯੯ ਨਦੀਆਂ ਪੂਰਬ ਤੇ ਪੱਛਮ ਵਿਖੇ ਚਲਦੀਆਂ ਹਨ (ਸੰਸਾਰ ਵਿਚ ਲਓ ਤਾਂ ਕਈ ਪੂਰਬ ਪੱਛਮ, ਪਰ ਏਥੇ ਹਿੰਦ ਦਾ ਭਾਵ ਜਾਪਦਾ ਹੈ। ਸਿੰਧ ਤੇ ਸਹਾਯਕ ਨਦੀਆਂ ਨਾਲੇ ਪੱਛਮ ਵਲ ਜਾਂਦੇ ਤੇ ਗੰਗਾ ਬ੍ਰਹਮ ਪੁਤਰ ਆਦਿ ਸਹਾਯਕ ਨਦੀਆਂ ਨਾਲਿਆਂ ਸਣੇ ਪੂਰਬ ਜਾ ਡਿਗਦੇ ਹਨ)।

ਨਦੀਆ ਜਾਇ ਸਮੁੰਦ ਵਿਚਿ ਸਾਗਰ ਸੰਗਮੁ ਹੋਇ ਮਿਲਾਵੈ ।

(ਇੱਕੁਰ) ਨਦੀਆਂ ਸਮੁੰਦਰ ਵਿਚ ਜਾਂਦੀਆਂ ਹਨ, ਸਮੁੰਦਰ ਨਾਲ ਸੰਗਮ ਹੋਕੇ ਮਿਲਦੀਆਂ ਹਨ।

ਸਤਿ ਸਮੁੰਦ ਗੜਾੜ ਮਹਿ ਜਾਇ ਸਮਾਹਿ ਨ ਪੇਟੁ ਭਰਾਵੈ ।

(ਉਜੇਹੇ) ਸੱਤ ਸਮੁੰਦਰ ਹੋਕੇ ਇਕ ਗੜਾੜ (ਮਹਾਂ ਸਾਗਰ) ਵਿਖੇ ਸਮਾ ਰਹੇ ਹਨ, ਉਸ ਦਾ ਪੇਟ ਅਜੇ ਨਹੀਂ ਭਰੀਦਾ (ਅੱਗੇ ਹੁਣ ਯਥਾਰਥ ਤੋਂ ਫੇਰ ਅਲੰਕਾਰ ਵਿਚ ਜਾਕੇ ਸਿੱਧਾਤ ਅਲੰਕਾਰ ਵਿਚ ਕਹਿੰਦੇ ਹਨ)।

ਜਾਇ ਗੜਾੜੁ ਪਤਾਲ ਹੇਠਿ ਹੋਇ ਤਵੇ ਦੀ ਬੂੰਦ ਸਮਾਵੈ ।

ਗੜਾੜ ਪਤਾਲ ਵਿਖੇ ਜਾਕੇ ਤੱਤੇ ਤਵੇ ਦੀ ਬੂੰਦ ਹੋਕੇ ਸਮਾ ਜਾਂਦਾ ਹੇ, (ਭਲਾ ਜੀ ! ਐਡੇ ਤਵੇ ਹੇਠ ਲਕੜੀਆਂ ਕਿਹੜੀਆਂ ਬਾਲੀਆਂ ਜਾਂਦੀਆਂ ਹਨ? ਉੱਤਰ)

ਸਿਰ ਪਤਿਸਾਹਾਂ ਲਖ ਲਖ ਇੰਨਣੁ ਜਾਲਿ ਤਵੇ ਨੋ ਤਾਵੈ ।

ਪਾਤਸ਼ਾਹਾਂ (ਤੇ ਰਾਜਿਆਂ) ਦੇ ਲੱਖਾਂ ਸਿਰ ਲੱਕੜੀਆਂ ਦੀ ਥਾਉਂ ਜਾਲਕੇ ਉਸ ਤਵੇ ਨੂੰ ਤਾਈਦਾ ਹੈ (ਕਿਹੜੇ ਰਾਜਿਆਂ ਤੇ ਪਾਤਸ਼ਾਹਾਂ ਦੇ ਸਿਰ ਬਾਲੀਦੇ ਹਨ?)

ਮਰਦੇ ਖਹਿ ਖਹਿ ਦੁਨੀਆ ਦਾਵੈ ।੧੫।

(੯) (ਜਿਹੜੇ) ਝੂਠੀਆਂ ਦੇ ਝੂਠੇ ਦਾਵੇ ਬੰਨ੍ਹਕੇ ਆਪੋ ਵਿਚ ਖਹਿ ਖਹਿ ਕੇ (ਅਨ੍ਯਾਇ ਨਾਲ ਜ਼ੁਲਮ ਕਰਕੇ) ਮਰਦੇ ਹਨ।

ਪਉੜੀ ੧੬

ਇਕਤੁ ਥੇਕੈ ਦੁਇ ਖੜਗੁ ਦੁਇ ਪਤਿਸਾਹ ਨ ਮੁਲਕਿ ਸਮਾਣੈ ।

ਇਕ ਮਿਆਨ ਵਿਚ ਤਲਵਾਰਾਂ ਦੋ (ਵਾਂਙੂੰ) ਦੋ ਪਾਤਸ਼ਾਹ ਇਕ ਦੇਸ਼ ਵਿਖੇ ਨਹੀਂ ਸਮਾਉਂਦੇ।

ਵੀਹ ਫਕੀਰ ਮਸੀਤਿ ਵਿਚਿ ਖਿੰਥ ਖਿੰਧੋਲੀ ਹੇਠਿ ਲੁਕਾਣੈ ।

ਇਕ ਮਸੀਤ ਵਿਖੇ ਖਫਨੀ ਜਾਂ ਗੋਦੜੀ ਹੇਠ ਲੁਕ ਕੇ ਵੀਹ ਫਕੀਰ ਗੁਜ਼ਾਰਾ ਕਰ ਸਕਦੇ ਹਨ, (ਹੁਣ ਦੁਹਾਂ ਦਾ ਤੀਜੀ ਤੁਕ ਵਿਖੇ ਦ੍ਰਿਸ਼ਟਾਂਤ ਦਿੰਦੇ ਹਨ)।

ਜੰਗਲ ਅੰਦਰਿ ਸੀਹ ਦੁਇ ਪੋਸਤ ਡੋਡੇ ਖਸਖਸ ਦਾਣੈ ।

(ਇਕ ਦੇਸ਼ ਵਿਚ ਦੋ ਪਾਤਸ਼ਾਹ) ਜੰਗਲ ਵਿਚ ਦੋ ਸ਼ੇਰਾਂ (ਵਾਗੂ ਹਨ, ਅਰ ਵੀਹ ਫਕੀਰ) ਇਕ ਪੋਸਤ ਦੇ ਡੋਡੇ ਵਿਖੇ ਖਸਖਸ ਦੇ ਦਾਣਿਆਂ ਵਾਂਗੂ ਹਨ, (ਓਹ ਦਾਣੇ ਇਕੋ ਜਿਹੇ ਹਨ)।

ਸੂਲੀ ਉਪਰਿ ਖੇਲਣਾ ਸਿਰਿ ਧਰਿ ਛਤ੍ਰ ਬਜਾਰ ਵਿਕਾਣੈ ।

ਸੂਲੀ ਉਪਰ ਖੇਲਦੇ ਹਨ (ਭਾਵ ਪਹਿਲੇ ਧਰਤੀ ਵਿਚ ਗਲ ਗੁਲਕੇ ਡੰਡੀ ਰੂਪ ਸੂਲੀ ਪੁਰ ਚੜ੍ਹਦੇ ਹਨ ਜਦ) ਸਿਰ ਪੁਰ ਛੱਤ੍ਰ ਰੱਖਿਆ ਗਿਆ ਤਾਂ ਬਾਜ਼ਾਰਾਂ ਵਿਖੇ ਵਿਕਦੇ ਹਨ, (ਇਥੇ ਪੋਸਤ ਦੇ ਡੋਡੇ ਥੋਂ ਛਤ੍ਰ ਦਾ ਭਾਵ ਲੀਤਾ ਗਿਆ ਹੈ)।

ਕੋਲੂ ਅੰਦਰਿ ਪੀੜੀਅਨਿ ਪੋਸਤਿ ਪੀਹਿ ਪਿਆਲੇ ਛਾਣੈ ।

(ਫੇਰ ਦਾਣੇ) ਕੋਹਲੂ ਵਿਚ ਪੀੜੀਦੇ ਹਨ (ਤੇ ਤੇਲ ਵਰਤਣ ਵਿਖੇ ਕਈ ਕੰਮ ਕੱਢਦਾ ਹੈ) ਪੋਸਤ ਮਲ ਕੇ ਪਿਆਲਿਆਂ ਵਿਚ ਛਾਣਕੇ (ਲੋਕ ਪੀਂਦੇ ਹਨ)।

ਲਉਬਾਲੀ ਦਰਗਾਹ ਵਿਚਿ ਗਰਬੁ ਗੁਨਾਹੀ ਮਾਣੁ ਨਿਮਾਣੈ ।

ਬੇਪਰਵਾਹ ਖੁਦਾ ਦੀ ਕਚਹਿਰੀ ਵਿਖੇ ਗਰਬ ਵਾਲਾ ਮੁਜਰਮ ਹੁੰਦਾ ਹੈ ਅਰ ਨਿਮਾਣਾਂ (ਗਰੀਬ) ਮਾਣ ਵਾਲਾ ਹੁੰਦਾ ਹੈ।

ਗੁਰਮੁਖਿ ਹੋਂਦੇ ਤਾਣਿ ਨਿਤਾਣੈ ।੧੬।

(ਕਿਉਂ ਜੋ) ਗੁਰਮੁਖ ਬਲ ਦੇ ਹੁੰਦਿਆਂ ਹੀ ਨਿਤਾਣੇ ਹੋ ਰਹਿੰਦੇ ਹਨ।

ਪਉੜੀ ੧੭

ਸੀਹ ਪਜੂਤੀ ਬਕਰੀ ਮਰਦੀ ਹੋਈ ਹੜ ਹੜ ਹਸੀ ।

ਸ਼ੇਰ ਦੀ ਪਕੜੀ ਹੋਈ ਬੱਕਰੀ ਮਰਣ ਵੇਲੇ ਟਾਹ ਟਾਹ ਕਰ ਕੇ ਹੱਸ ਪਈ।

ਸੀਹੁ ਪੁਛੈ ਵਿਸਮਾਦੁ ਹੋਇ ਇਤੁ ਅਉਸਰਿ ਕਿਤੁ ਰਹਸਿ ਰਹਸੀ ।

ਸ਼ੇਰ ਹੈਰਾਨ ਹੋ ਕੇ ਪੁੱਛਣ ਲਗਾ ਇਸ ਵੇਲੇ ਕਿਸ ਖੁਸ਼ੀ ਨਾਲ ਹੱਸੀਂ ਹੈਂ?

ਬਿਨਉ ਕਰੇਂਦੀ ਬਕਰੀ ਪੁਤ੍ਰ ਅਸਾਡੇ ਕੀਚਨਿ ਖਸੀ ।

ਬੱਕਰੀ ਨੇ ਬੇਨਤੀ ਕੀਤੀ ਕਿ ਸਾਡੇ ਬੱਚੇ 'ਖੱਸੀ' (ਨਮਰਦ) ਕਰ ਦਿੱਤੇ ਜਾਣ (ਜੋ ਸਾਡੀ ਵੰਸ਼ ਨਾ ਰਹੇ ਤੇ ਏਹ ਦੁਖ ਜੋ ਮੈਂ ਪਾਯਾ ਹੈ ਨਾ ਪਾਉਣ)।

ਅਕ ਧਤੂਰਾ ਖਾਧਿਆਂ ਕੁਹਿ ਕੁਹਿ ਖਲ ਉਖਲਿ ਵਿਣਸੀ ।

ਅੱਕ ਤੇ ਧਤੂਰਾ ਖਾਂਦਿਆਂ (ਪਾਵ ਕਿਸੇ ਨੂੰ ਦੁੱਖ ਨਾ ਦਿੱਤਾ, ਨਿਕੰਮੀ ਚੀਜ਼ ਜੋ ਕਿਸੇ ਦੇ ਅਰਥ ਨਹੀਂ ਆਪੇ ਉੱਗ ਖੜੋਂਦੀ ਹੈ, ਉਹ ਖਾਕੇ ਸਾਡਾ ਇਹ ਹਾਲ ਹੁੰਦਾ ਹੈ ਕਿ) ਕੁਹ ਕਹ ਕੇ (ਸਾਡੀ) ਖੱਲ ਉਧੇੜੀ ਜਾਂਦੀ ਹੈ।

ਮਾਸੁ ਖਾਨਿ ਗਲ ਵਢਿ ਕੈ ਹਾਲੁ ਤਿਨਾੜਾ ਕਉਣੁ ਹੋਵਸੀ ।

(ਭਲਾ) ਜਿਹੜੇ (ਤੇਰੇ ਵਰਗੇ ਲੋਕਾਂ ਦਾ) ਗਲਾ ਵੱਢਕੇ ਮਾਸ ਖਾਂਦੇ ਹਨ ਉਨ੍ਹਾਂ ਦਾ ਹਾਲ ਕੀ ਹੋਊ?

ਗਰਬੁ ਗਰੀਬੀ ਦੇਹ ਖੇਹ ਖਾਜੁ ਅਖਾਜੁ ਅਕਾਜੁ ਕਰਸੀ ।

ਗਰਬੀਆਂ ਤੇ ਗਰੀਬਾਂ ਦੀ ਦੇਹ ਖੇਹ ਹੋ ਜਾਊ, (ਪਰੰਤੂ ਜਿਹੜੇ) ਖੋਟਾ ਕੰਮ ਕਰਦੇ ਹਨ ('ਅਖਾਜ'=) ਹਰਾਮ ਹੋਣਗੇ (ਅਰ ਸੋ ਸੁਕਾਜ ਕਰਦੇ ਹਨ ਉਨ੍ਹਾਂ ਦੀ ਦੇਹ) ਖਾਜ (ਹਲਾਲ) ਹੋਊ (ਇਹ ਉਪਦੇਸ਼ ਹੈ, ਕਿ ਬੱਕਰੀ ਗਰੀਬ ਰਹੀ ਉਸ ਦਾ ਮਾਸ ਖਾਧਾ ਗਿਆ, ਸ਼ੇਰ ਜ਼ਾਲਮ ਸੀ ਉਸ ਦਾ ਮਾਸ ਕੌੜਾ ਹੋਯਾ, ਧ੍ਵਨੀ ਇਹ ਹੈ ਕਿ ਗ੍ਰੀਬਾਂ ਦਾ ਅੰਤ ਨ

ਜਗਿ ਆਇਆ ਸਭ ਕੋਇ ਮਰਸੀ ।੧੭।

(ਏਥੇ) ਜਗਤ ਤੇ ਆਯਾ ਮਰ ਸਭ ਕੋਈ ਜਾਏਗਾ (ਪਰ ਅੰਤ ਭਲੇ ਦਾ ਭਲਾ ਹੋਵੇਗਾ, ਬੁਰੇ ਦਾ ਅੰਤ ਬੁਰਾ ਹੀ ਹੋਵੇਗਾ)।

ਪਉੜੀ ੧੮

ਚਰਣ ਕਵਲ ਰਹਰਾਸਿ ਕਰਿ ਗੁਰਮੁਖਿ ਸਾਧਸੰਗਤਿ ਪਰਗਾਸੀ ।

(ਜਿਨ੍ਹਾਂ) ਗਰਮੁਖਾਂ ਨੇ ਸਾਧ ਸੰਗਤ (ਵਿਖੇ ਮਿਲਕੇ) ਗੁਰਾਂ ਦੇ ਚਰਣ ਕਮਲਾਂ ਦੀ ਰਾਹੁ ਰੀਤ ਪਰਗਾਸ ਕੀਤੀ ਹੈ,

ਪੈਰੀ ਪੈ ਪਾ ਖਾਕ ਹੋਇ ਲੇਖ ਅਲੇਖ ਅਮਰ ਅਬਿਨਾਸੀ ।

(ਅਜਿਹਾ ਕਿ) ਪੈਰੀਂ ਪੈ ਕੇ ਪੈਰਾਂ ਦੀ ਧੂੜ ਹੋ ਗਏ (ਉਹ) ਲੇਖੇ ਥੋਂ ਅਲੇਖ ਹੋਕੇ ਅਮਰ ਤੇ ਅਬਿਨਾਸੀ (ਹੋ ਗਏ)।

ਕਰਿ ਚਰਣੋਦਕੁ ਆਚਮਾਨ ਆਧਿ ਬਿਆਧਿ ਉਪਾਧਿ ਖਲਾਸੀ ।

ਚਰਣਾਂ ਦੇ ਜਲ ਦਾ ਆਚਮਨ ਕਰ ਕੇ ਆਧਿ ਬ੍ਯਾਧਿ ਉਪਾਧਿ (ਤੰਨ ਪੀੜਾਂ) ਤੋਂ ਖਲਾਸੀ ਪਾਈ ਹੈ।

ਗੁਰਮਤਿ ਆਪੁ ਗਵਾਇਆ ਮਾਇਆ ਅੰਦਰਿ ਕਰਨਿ ਉਦਾਸੀ ।

ਆਪਾ ਭਾਵ ਗਵਾ ਕੇ ਗੁਰਮੁਖ ਮਾਇਆ ਦੇ ਵਿਚ ਹੀ ਉਦਾਸੀ ਕਰ ਰਹੇ ਹਨ।

ਸਬਦ ਸੁਰਤਿ ਲਿਵ ਲੀਣੁ ਹੋਇ ਨਿਰੰਕਾਰ ਸਚ ਖੰਡਿ ਨਿਵਾਸੀ ।

ਸ਼ਬਦ ਦੀ ਸੁਰਤ ਦੀ ਲਿਵ ਵਿਖੇ (ਲੀਨ) ਮਗਨ ਹੋਕੇ (ਅੰਤ ਨੂੰ) ਨਿਰੰਕਾਰ ਦੇ ਸਚਖੰਡ ਵਿਖੇ ਨਿਵਾਸ ਕਰਦੇ ਹਨ।

ਅਬਿਗਤਿ ਗਤਿ ਅਗਾਧਿ ਬੋਧਿ ਅਕਥ ਕਥਾ ਅਚਰਜ ਗੁਰਦਾਸੀ ।

(ਉਨ੍ਹਾਂ ਦੀ) ਅਬਿਗਤਿ ਗਤੀ ਹੈ ਅਰ ਡੂੰਘੇ ਗਿਆਨ ਵਾਲੀ ਹੈ, ਕਥਨ ਤੋਂ ਅਕੱਥ ਅਚਰਜ ਗੁਰੂ ਜੀ ਦੀ ਸੇਵਾ ਹੈ। (ਓਹ ਅਚਰਜ ਕੀ ਹੈ?)

ਗੁਰਮੁਖਿ ਸੁਖ ਫਲੁ ਆਸ ਨਿਰਾਸੀ ।੧੮।

ਗੁਰਮੁਖ ਸੁਖ ਫਲ ਪਾਕੇ ਆਸਾ ਥੋਂ ਨਿਰਾਸ ਹੋ ਗਏ (ਇਸ ਲਈ ਓਹ ਅਚਰਜ ਗੁਰੂ ਦੇ ਦਾਸ ਹਨ)।

ਪਉੜੀ ੧੯

ਸਣ ਵਣ ਵਾੜੀ ਖੇਤੁ ਇਕੁ ਪਰਉਪਕਾਰੁ ਵਿਕਾਰੁ ਜਣਾਵੈ ।

ਸਣ ਅਤੇ ਕਪਾਹ ਦਾ ਖੇਤ ਇਕੋ ਹੈ (ਪਰੰਤੁ ਕਪਾਹ) ਪਰੋਪਕਾਰ (ਅਰ ਸਣ) ਵਿਕਾਰ (ਖੋਟੀ ਕਾਰ) ਜਣਾਉਂਦੀ ਹੈ।

ਖਲ ਕਢਾਹਿ ਵਟਾਇ ਸਣ ਰਸਾ ਬੰਧਨੁ ਹੋਇ ਬਨ੍ਹਾਵੈ ।

ਖੱਲ ਕਢਾ ਕੇ ਸਣ ਵੱਟੀ ਜਾਂਦੀ ਹੈ ਅਰ ਰੱਸਿਆਂ ਦੀ ਫਾਹੀ ਹੋਕੇ ਲੋਕਾਂ ਨੂੰ ਬਨ੍ਹਾਉਦੀ ਹੈ, (ਅਗੇ ਤੀਜੀ ਤੁਕ ਵਿਖੇ ਕਪਾਹ ਦਾ ਪਰੋਪਕਾਰ ਦਸਦੇ ਹਨ)।

ਖਾਸਾ ਮਲਮਲ ਸਿਰੀਸਾਫੁ ਸੂਤੁ ਕਤਾਇ ਕਪਾਹ ਵੁਣਾਵੈ ।

ਖਾਸਾ, ਮਲਮਲ ਤੇ ਸਿਰੀ ਸਾਫ ਕਪਾਹ ਦੇ ਸੂਤ ਥੋਂ ਉਣਕੇ ਬਣਾਏ ਜਾਂਦੇ ਹਨ।

ਲਜਣੁ ਕਜਣੁ ਹੋਇ ਕੈ ਸਾਧੁ ਅਸਾਧੁ ਬਿਰਦੁ ਬਿਰਦਾਵੈ ।

(ਉਹ ਕਪੜੇ) ਲੱਜਾ ਦੇ ਢੱਕਣ ਹੋਕੇ ਸਾਧਾਂ ਤੇ ਅਸਾਧਾਂ ਦੇ ਧਰਮ ਦੀ ਰੱਛਾ ਕਰ ਕੇ ਹਨ (ਭਾਵ ਨੰਗੇਜ ਨੂੰ ਢਕਦੇ ਹਨ)।

ਸੰਗ ਦੋਖ ਨਿਰਦੋਖ ਮੋਖ ਸੰਗ ਸੁਭਾਉ ਨ ਸਾਧੁ ਮਿਟਾਵੈ ।

ਨਿਰਦੋਖਾਂ ਦੀ (ਭਾਵ ਸੰਤਾਂ ਦੀ) ਜੇਕਰ ਸੰਗਤ ਹੋਵੇ ਤਾਂ ਦੋਖੀ ਬੀ ਮੋਖ ਪਾਉਂਦੇ ਹਨ, ਕਿਉਂ ਜੋ ਸਾਧੂ ਆਪਣੀ ਸੰਗਤ ਦਾ ਸਭਾਉ ਗੁਆਉਂਦੇ ਨਹੀਂ (ਹੁਣ ਜੇਕਰ ਸਾਧੂ ਦੇ ਪਾਸ ਆ ਜਾਵੇ ਤਾਂ)

ਤ੍ਰਪੜੁ ਹੋਵੈ ਧਰਮਸਾਲ ਸਾਧਸੰਗਤਿ ਪਗ ਧੂੜਿ ਧੁਮਾਵੈ ।

(ਉਹੋ ਦੋਖੀ ਸਣ) ਤੱਪੜ (ਉਣੀਜਕੇ) ਧਰਮਸਾਲ ਵਿਚ ਵਿਛਦੀ ਹੈ ਅਰ ਸਾਧਾਂ ਦੀ ਚਰਣ ਧੂੜ ਪੈ ਕੇ (ਕ੍ਰਿਤਾਰਥ ਹੁੰਦੀ ਹੈ)।

ਕਟਿ ਕੁਟਿ ਸਣ ਕਿਰਤਾਸੁ ਕਰਿ ਹਰਿ ਜਸੁ ਲਿਖਿ ਪੁਰਾਣ ਸੁਣਾਵੈ ।

ਕੁਟ ਕੁਟ ਕੇ ਸਣ ਦੇ ਕਾਗਤ ਬਣਾ ਕੇ ਹਰੀ ਦਾ ਜੱਸ (ਗ੍ਯਾਨੀ) ਲਿਖਕੇ (ਲੋਕਾਂ ਨੂੰ) ਸੁਣਾਉਂਦਾ ਹੈ। (ਭਾਵ ਭਲੀ ਸੰਗਤ ਨਾਲ ਬੁਰੇ ਬੀ ਸੁਧਰਦੇ ਹਨ)।

ਪਤਿਤ ਪੁਨੀਤ ਕਰੈ ਜਨ ਭਾਵੈ ।੧੯।

(ਜੇ ਹਰੀ) ਜਨਾਂ ਨੂੰ ਭਾਵੇ ਤਾਂ ਪਾਪੀਆਂ ਨੂੰ ਬੀ ਪਵਿੱਤ੍ਰ ਕਰ ਦਿੰਦੇ ਹਨ।

ਪਉੜੀ ੨੦

ਪਥਰ ਚਿਤੁ ਕਠੋਰੁ ਹੈ ਚੂਨਾ ਹੋਵੈ ਅਗੀਂ ਦਧਾ ।

ਪੱਥਰ ਦਾ (ਅੰਦਰੋਂ) ਚਿੱਤ ਕਰੜਾ ਹੈ, ਅੱਗ ਦਾ ਸਾੜਿਆ ਹੋਇਆ ਚੂਨਾ (ਕਲੀ) ਹੋ ਜਾਂਦਾ ਹੈ।

ਅਗ ਬੁਝੈ ਜਲੁ ਛਿੜਕਿਐ ਚੂਨਾ ਅਗਿ ਉਠੇ ਅਤਿ ਵਧਾ ।

ਪਾਣੀ ਛਿਣਕਿਆਂ (ਓਪਰੀ) ਅੱਗ ਬੁਝ ਜਾਂਦੀ ਹੈ (ਪਰੰਤੂ) ਚੂਨੇ ਵਿਚੋਂ ਅੱਗ ਬਹੁਤੀ ਉੱਠਦੀ ਹੈ।

ਪਾਣੀ ਪਾਏ ਵਿਹੁ ਨ ਜਾਇ ਅਗਨਿ ਨ ਛੁਟੈ ਅਵਗੁਣ ਬਧਾ ।

ਪਾਣੀ ਦੇ ਪਾਹਿਆਂ ਉਸ ਦੇ ਵਿਚਲੀ ਵਿਹੁ ਰੂਪੀ ਅੱਗ ਨਹੀਂ ਛੁਟਦੀ, (ਅਜਿਹਾ) ਅਵਗੁਣਾਂ ਦਾ ਬੱਧਾ ਹੋਇਆ ਹੈ।

ਜੀਭੈ ਉਤੈ ਰਖਿਆ ਛਾਲੇ ਪਵਨਿ ਸੰਗਿ ਦੁਖ ਲਧਾ ।

ਜੇਕਰ ਜੀਭ ਪੁਰ ਚੂਨਾ ਰੱਖਿਆ ਜਾਵੇ ਤਾਂ ਛਾਲੇ ਪੈ ਜਾਂਦੇ ਹਨ (ਇਸ) ਸੰਗਤ ਦਾ ਦੁਖ ਸਭਨਾਂ ਨੇ ਜਾਣਿਆਂ ਹੈ (ਭਾਵ ਸਭ ਸਮਝਦੇ ਹਨ)।

ਪਾਨ ਸੁਪਾਰੀ ਕਥੁ ਮਿਲਿ ਰੰਗੁ ਸੁਰੰਗੁ ਸੰਪੂਰਣੁ ਸਧਾ ।

(ਓਹੀ ਚੂਨਾਂ) ਪਾਨ, ਸੁਪਾਰੀ ਤੇ ਕੱਥ ਨਾਲ ਮਿਲ ਜਾਵੇ ਤਾਂ ਲਾਲ ਰੰਗ ਸੰਪੂਰਣ ਸਾਧਿਆ ਜਾਂਦਾ ਹੈ। (ਛੀਵੀਂ ਤੇ ਸੱਤਵੀਂ ਤੁਕ ਪਉੜੀ ਦਾ ਸਿੱਟਾ ਦਸਦੇ ਹਨ)।

ਸਾਧਸੰਗਤਿ ਮਿਲਿ ਸਾਧੁ ਹੋਇ ਗੁਰਮੁਖਿ ਮਹਾ ਅਸਾਧ ਸਮਧਾ ।

ਜੋ ਮਹਾਂ ਦੁਸ਼ਟ ਹੈ ਓਹ ਬੀ ਗੁਰਮੁਖਾਂ ਦੀ ਸਾਧ ਸੰਗਤ ਵਿਖੇ ਮਿਲਕੇ ਸਾਰਾ ਸਾਧੂ ਹੋ ਜਾਂਦਾ ਹੈ (ਕਿੱਕੁਰ ਮਿਲਣਾ ਚਾਹੀਦਾ ਹੈ?)

ਆਪੁ ਗਵਾਇ ਮਿਲੈ ਪਲੁ ਅਧਾ ।੨੦।੨੫। ਪੰਝੀਹ ।

(ਆਪ ਤੇ) ਆਪਾ ਭਾਵ ਗਵਾ ਕੇ (ਭਾਵੇਂ) ਅੱਧਾ ਹੀ ਪਲ ਮਿਲੇ (ਤਦ ਬੀ ਫਲ ਮਿਲ ਜਾਂਦਾ ਹੈ ਯਥਾ:-”ਏਕ ਚਿੱਤ ਜਿਹ ਇਕ ਛਿਨ ਧਿਆਯੋ॥ ਕਾਲ ਫਾਸ ਕੇ ਬੀਚ ਨ ਆਯੋ॥” ਤਥਾ:-”ਸੰਗਤਿ ਕਾ ਗੁਨੁ ਬਹੁਤੁ ਅਧਿਕਾਈ ਪੜਿ ਸੂਆ ਗਨਕ ਉਧਾਰੇ”)॥


Flag Counter