ਵਾਰਾਂ ਭਾਈ ਗੁਰਦਾਸ ਜੀ

ਅੰਗ - 35


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ ।

ਕੁੱਤੇ ਨੂੰ ਰਾਜ (ਸਿੰਘਾਸਣ) ਪਰ ਬਹਾਲੀਏ ਫੇਰ (ਬੀ) ਚੱਕੀ ਹੀ ਚੱਟੇਗਾ।

ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ ।

ਸੱਪ ਨੂੰ ਦੁੱਧ (ਬੀ) ਪਿਆਈਏ ਫੇਰ ਬੀ ਮੂੰਹ ਥੋਂ ਵਿਹੁ ਹੀ ਸੱਟੂ।

ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ ।

ਪੱਥਰ ਨੂੰ ਪਾਣੀ ਵਿਚ (ਕਿੰਨਾਂ) ਰੱਖੀਏ, ਉਸ ਦਾ ਮਨ ਦਾ ('ਹਠ') ਕਠੱਰ ਪੁਣਾ ਨਹੀ ਘਟੂ।

ਚੋਆ ਚੰਦਨੁ ਪਰਿਹਰੈ ਖਰੁ ਖੇਹ ਪਲਟੈ ।

ਖੋਤਾ ਚੋਆ, ਚੰਦਨਾਦਿ (ਸੁੰਗਧੀਆਂ) ਨੂੰ ਤਿਆਗਕੇ ਖੇਹ ਵਿਖੇ ਲੇਟਦਾ ਹੈ, (ਦਾਰਸ਼ਟਾਂਤ ਪੰਜਵੀਂ ਤੁਕ ਵਿਖੇ ਦਸਦੇ ਹਨ)।

ਤਿਉ ਨਿੰਦਕ ਪਰ ਨਿੰਦਹੂ ਹਥਿ ਮੂਲਿ ਨ ਹਟੈ ।

ਇੱਕੁਰ ਹੀ ਪਰਾਈ ਨਿੰਦਾ ਕਰਨ ਦੇ ਹਠ ਤੋਂ ਨਿੰਦਕ ਕਦਾਚਿਤ ਨਹੀਂ ਹਟਦਾ, (ਇਸ ਦਾ ਫਲ ਬੀ ਆਪ ਹੀ ਭੋਗਦਾ ਹੈ)।

ਆਪਣ ਹਥੀਂ ਆਪਣੀ ਜੜ ਆਪਿ ਉਪਟੈ ।੧।

ਆਪਣੇ ਹੱਥੀਂ ਆਪਣੀ ਜੜ੍ਹ ਨੂੰ ਆਪ ਹੀ ਪੁੱਟਦਾ ਹੈ।

ਪਉੜੀ ੨

ਕਾਉਂ ਕਪੂਰ ਨ ਚਖਈ ਦੁਰਗੰਧਿ ਸੁਖਾਵੈ ।

ਕਾਂ ਕਪੂਰ ਨੂੰ ਚੱਖਦਾ ਹੀ ਨਹੀਂ, (ਉਸ ਨੂੰ) ਵਿਸ਼ਟਾ ਹੀ ਭਾਂਵਦਾ ਹੈ।

ਹਾਥੀ ਨੀਰਿ ਨ੍ਹਵਾਲੀਐ ਸਿਰਿ ਛਾਰੁ ਉਡਾਵੈ ।

ਹਾਥੀ ਨੂੰ ਪਾਣੀ ਵਿਖੇ ਨਵਾਈਏ ਸਿਰ ਪੁਰ ਸੁਆਹ ਹੀ ਉਡਾਂਵਦਾ ਹੈ।

ਤੁੰਮੇ ਅੰਮ੍ਰਿਤ ਸਿੰਜੀਐ ਕਉੜਤੁ ਨ ਜਾਵੈ ।

ਤੁੰਮੇ ਨੂੰ ਅੰਮ੍ਰਿਤ (ਦੁੱਧ) ਕਿੰਨਾ ਹੀ ਸਿੰਜੀਏ ਕੌੜੱਤਣ ਨਹੀਂ ਜਾਂਦੀ।

ਸਿਮਲੁ ਰੁਖੁ ਸਰੇਵੀਐ ਫਲੁ ਹਥਿ ਨ ਆਵੈ ।

ਸਿੰਮਲ ਬ੍ਰਿੱਛ ਨੂੰ ਕਿੰਨਾ ਪਾਲੀਏ ਫਲ (ਉਸ ਥੋਂ ਕੁਝ) ਹੱਥ ਨਹੀਂ ਆਉਂਦਾ।

ਨਿੰਦਕੁ ਨਾਮ ਵਿਹੂਣਿਆ ਸਤਿਸੰਗ ਨ ਭਾਵੈ ।

(ਤਿਹਾ ਹੀ) ਨਿੰਦਕ ਲੋਕ ਨਾਮ ਤੋਂ ਬਿਨਾਂ ਹਨ, ਉਨ੍ਹਾਂ ਨੂੰ ਸਤਿਸੰਗ ਨਹੀਂ ਭਾਉਂਦਾ (ਸਗਮਾਂ ਨਿੰਦਾ ਵਿਖੇ ਲੱਕ ਬੰਨ੍ਹੀ ਰਖਦੇ ਹਨ)।

ਅੰਨ੍ਹਾ ਆਗੂ ਜੇ ਥੀਐ ਸਭੁ ਸਾਥੁ ਮੁਹਾਵੈ ।੨।

ਜੇਕਰ ਅੰਨ੍ਹਾ ਆਗੂ (ਰਾਹ ਦੱਸਣ ਵਾਲਾ ਹੋਕੇ) ਅੱਗੇ ਲੱਗੂ, ਤਦੋਂ ਸਾਰੇ ਸਾਥ ਨੂੰ ਟੁਟ ਬੈਠੂ।

ਪਉੜੀ ੩

ਲਸਣੁ ਲੁਕਾਇਆ ਨਾ ਲੁਕੈ ਬਹਿ ਖਾਜੈ ਕੂਣੈ ।

ਭਾਵੇਂ ਖੂੰਜੇ ਵਿਖੇ ਬੈਠਕੇ (ਭਾਵ ਲੁਕਕੇ) ਥੋਮ ਖਾਈਏ, ਲੁਕਦਾ ਨਹੀਂ ਹੈ, (ਮੁਸ਼ਕ ਥੋਂ ਮਲੂਮ ਹੋ ਜਾਂਦਾ ਹੈ)।

ਕਾਲਾ ਕੰਬਲੁ ਉਜਲਾ ਕਿਉਂ ਹੋਇ ਸਬੂਣੈ ।

ਕਾਲੇ ਭੂਰੇ ਨੂੰ ਕਿੰਨਾ ਸਬੂਣ ਮਲੋ, ਕਿੱਕੁਰ (ਉੱਜਲਾ) ਚਿੱਟਾ ਹੋਵੇ (ਭਾਵ ਕਦੇ ਨਹੀਂ ਹੁੰਦਾ)।

ਡੇਮੂ ਖਖਰ ਜੋ ਛੁਹੈ ਦਿਸੈ ਮੁਹਿ ਸੂਣੈ ।

ਡੇਮੂੰ ਦੀ ਖੱਖਰ ਨੂੰ ਜੋ ਹੱਥ ਪਾਉ, ਉਸ ਦਾ ਮੂੰਹ ਸੁਜਿਆ ਹੋਇਆ ਦਿੱਸੂ।

ਕਿਤੈ ਕੰਮਿ ਨ ਆਵਈ ਲਾਵਣੁ ਬਿਨੁ ਲੂਣੈ ।

ਸਲੂਣੇ (ਜਾਂ ਭਾਜੀ) ਵਿਚ ਲੂਣ ਨਾ ਪਾਓ ਤਾਂ ਕਿਸੇ ਕੰਮ ਨਹੀਂ ਆਊ।

ਨਿੰਦਕਿ ਨਾਮ ਵਿਸਾਰਿਆ ਗੁਰ ਗਿਆਨੁ ਵਿਹੂਣੈ ।

(ਤਿਹਾ ਹੀ) ਨਿੰਦਕਾ ਨੇ ਨਾਮ ਭੁਲਾ ਦਿੱਤਾ ਹੈ, (ਕਿਉਂ ਜੋ) ਗੁਰੂ ਦੇ ਗਿਆਨ ਥੋਂ ਬਾਝ ਰਹਿੰਦੇ ਹਨ, (ਫਲ ਛੀਵੀਂ ਤੁਕ ਵਿਖੇ ਦੱਸਦੇ ਹਨ)

ਹਲਤਿ ਪਲਤਿ ਸੁਖੁ ਨਾ ਲਹੈ ਦੁਖੀਆ ਸਿਰੁ ਝੂਣੈ ।੩।

ਲੋਕ ਪਰਲੋਕ ਵਿਖੇ ਸੁਖ ਨਹੀਂ ਪਾਉਂਦੇ, ਦੁਖੀ ਰਹਿਕੇ (ਸਦੀਵਕਾਲ) ਸਿਰ ਨੂੰ ਝੂਣਦੇ (ਹਿਲਾਉਂਦੇ) ਹਨ।

ਪਉੜੀ ੪

ਡਾਇਣੁ ਮਾਣਸ ਖਾਵਣੀ ਪੁਤੁ ਬੁਰਾ ਨ ਮੰਗੈ ।

ਡਾਇਣ (ਭਾਵੇਂ) ਮਨੁਖਾਂ ਨੂੰ ਖਾ ਜਾਂਦੀ ਹੈ, (ਪਰੰਤੂ ਆਪਣੀ) ਸੰਤਾਨ (ਪੁਤ ਧੀ) ਦਾ ਬੁਰਾ ਨਹੀਂ ਚਾਹੁੰਦੀ।

ਵਡਾ ਵਿਕਰਮੀ ਆਖੀਐ ਧੀ ਭੈਣਹੁ ਸੰਗੈ ।

ਵਡਾ ਕੁਕਰਮੀ (ਬੀ ਜਿਸ ਨੂੰ) ਕਹੀਦਾ ਹੈ, (ਉਹ ਬੀ) ਧੀ ਭੈਣ ਨਾਲ (ਸੰਗ ਕਰਨੋਂ) ਸੰਗਦਾ ਹੈ।

ਰਾਜੇ ਧ੍ਰੋਹੁ ਕਮਾਂਵਦੇ ਰੈਬਾਰ ਸੁਰੰਗੈ ।

ਰਾਜੇ ਆਪੋ ਵਿਖੇ ਧੋਹ (ਖੂੰਨ ਤੇ ਦਗੇ) ਕਰਦੇ ਹਨ, ਪਰ ਵਿਚੋਲੇ ਰੰਗ ਵਿਚ ਰਹਿੰਦੇ ਹਨ (ਭਾਵ ਧ੍ਰੋਹੀ ਰਾਜੇ ਬੀ ਸਫੀਰਾਂ ਨੂੰ ਨਹੀਂ ਮਾਰਦੇ ਅਥਵਾ 'ਰੈਬਾਰ' ਵਿਚੋਲੇ 'ਸੁਰੰਗੇ' ਦਾਰੂ ਦੀਆਂ ਸੁਰੰਗਾਂ ਲਾਉਂਦੇ ਹਨ ਕਿ ਵੈਰੀ ਦਾ ਨਾਸ਼ ਹੋਵੇ ਪਰ ਇਹ ਖਿੱਚ ਹੈ)।

ਬਜਰ ਪਾਪ ਨ ਉਤਰਨਿ ਜਾਇ ਕੀਚਨਿ ਗੰਗੈ ।

(ਓਹ) ਪਾਪ ਬੱਜਰ (ਵਡੇ ਕਰੜੇ ਤੇ ਕਠੋਰ ਹਨ) ਜੋ ਪਾਪ ਤਿਆਗ ਦੇ ਸਥਾਨਾਂ ਪੁਰ ਜਾਕੇ ਕੀਤੇ ਜਾਣ ਓਹ ਉਤਰਦੇ ਨਹੀਂ ਹਨ। (ਭਾਵ ਇਹ ਹੈ ਕਿ ਜਿੱਕੁਰ ਡੈਣ ਪਾਪਣ ਆਪਣਾ ਪੁੱਤ ਨਹੀਂ ਮਾਰਦੀ, ਤਿਵੇਂ ਘੋਰ ਪਾਪੀ ਤੀਰਥਾਂ ਤੇ ਪਾਪ ਕਰਨੋਂ ਸੰਗਦੇ ਹਨ। ਹੁਣ ਸਿਧਾਂਤ ਕਹਿੰਦੇ ਹਨ, ਧੁਨੀ ਨਾਲ ਭਾਵ ਇਹ ਹੈ ਕਿ ਡਾਇਣ ਪੁਤ ਖਾਵੇ, ਵਿਕਰਮ

ਥਰਹਰ ਕੰਬੈ ਨਰਕੁ ਜਮੁ ਸੁਣਿ ਨਿੰਦਕ ਨੰਗੈ ।

ਥਰ ਥਰ ਕਰ ਕੇ (ਥਾਲੀ ਦੇ ਪਾਣੀ ਵਾਂਗੂੰ) ਨਰਕ ਤੇ ਜਮ ਨਿੰਦਕ ਦਾ ਕਰਮ ਸੁਣਕੇ ਕੰਬਦੇ ਹਨ (ਕਿ ਹਾਇ ! ਅਸੀਂ ਅਧੋਗਤੀ ਨੂੰ ਨਾ ਚਲੇ ਜਾਈਏ)। ਅੱਗੇ ਨਿੰਦਕਾਂ ਵਿਚੋਂ ਵੱਡੇ ਨਿੰਦਕਾਂ ਦੀ ਗਤੀ ਦੱਸਦੇ ਹਨ)।

ਨਿੰਦਾ ਭਲੀ ਨ ਕਿਸੈ ਦੀ ਗੁਰ ਨਿੰਦ ਕੁਢੰਗੈ ।੪।

ਨਿੰਦਾ ਕਰਨੀ ਕਿਸੇ ਦੀ ਬੀ ਚੰਗੀ ਨਹੀਂ ਹੈ, (ਪਰੰਤੂ) ਗੁਰੂ ਨਿੰਦ ਤਾਂ ਵੱਡਾ ਹੀ ਖੋਟਾ ਕਰਮ ਹੈ।

ਪਉੜੀ ੫

ਨਿੰਦਾ ਕਰਿ ਹਰਣਾਖਸੈ ਵੇਖਹੁ ਫਲੁ ਵਟੈ ।

ਹਰਨਾਕਸ਼ ਨੇ (ਆਪਣੇ ਗੁਰੂ ਨਾਰਦ ਦੀ) ਨਿੰਦਾ ਕਰ ਕੇ ਕਹਿ ਫਲ ਪਾਯਾ, (ਭਾਵ ਮਾਰਿਆ ਗਿਆ ਤੇ ਅਪਜਸ ਹੋਇਆ)।

ਲੰਕ ਲੁਟਾਈ ਰਾਵਣੈ ਮਸਤਕਿ ਦਸ ਕਟੈ ।

ਰਾਵਣ ਨੇ (ਵਿਸ਼ਨੂੰ ਗੁਰੂ ਦੀ ਜਿਸ ਦਾ ਪਹਿਲੇ ਦੁਆਰਪਾਲ ਸੀ ਨਿੰਦਾ ਕਰਕੇ) ਲੰਕਾ ਲੁਟਾਈ ਤੇ ਦਸ ਸਿਰ ਕਟਵਾਏ।

ਕੰਸੁ ਗਇਆ ਸਣ ਲਸਕਰੈ ਸਭ ਦੈਤ ਸੰਘਟੈ ।

(ਇਸੇ ਪ੍ਰਕਾਰ) ਕੰਸ ਲਸ਼ਕਰਾਂ ਸਮੇਤ ਗਿਆ ਸਾਰੇ ਦੈਂਤ ਨਾਲ ਮਾਰੇ ਗਏ (ਕੰਸ ਬੀ ਦੁਆਰਪਾਲ ਨਿੰਦਕ ਹੀ ਸੀ)।

ਵੰਸੁ ਗਵਾਇਆ ਕੈਰਵਾਂ ਖੂਹਣਿ ਲਖ ਫਟੈ ।

ਕੈਰਵਾਂ ਦਾ ਵੰਸ਼ ਬੀ (ਗੁਰੂ ਨਿੰਦਾ ਨਾਲ) ਗਿਆ, ਲੱਖਾਂ ਖੂਹਣੀਆਂ (ਫੌਜ ਬੀ) ਫੱਟੀ ਗਈ।

ਦੰਤ ਬਕਤ੍ਰ ਸਿਸਪਾਲ ਦੇ ਦੰਦ ਹੋਏ ਖਟੈ ।

ਸਸਪਾਲ ਦੰਤ ਬਕਤ (ਦੇ ਬੀ ਗੁਰੂ ਨਿੰਦਾ ਕਰਕੇ) ਦੰਦ ਖੱਟੇ ਹੋਏ (ਭਾਵ ਦੁਖ ਪਾਯਾ)।

ਨਿੰਦਾ ਕੋਇ ਨ ਸਿਝਿਓ ਇਉ ਵੇਦ ਉਘਟੈ ।

ਧਰਮ ਪੁਸਤਕ ਪ੍ਰਗਟ ਕਰਦੇ ਹਨ ਕਿ ਨਿੰਦਾ ਕਰ ਕੇ ਕੋਈ ਸਿਝਿਆ ਨਹੀਂ (ਕਾਮਯਾਬ ਨਹੀਂ ਹੋਇਆ)।

ਦੁਰਬਾਸੇ ਨੇ ਸਰਾਪ ਦੇ ਯਾਦਵ ਸਭਿ ਤਟੈ ।੫।

ਯਾਦਵਾਂ (ਨੋ ਗੁਰਨਿੰਦਾ ਕੀਤੀ ਗੁਰ) ਦੁਰਬਾਸ਼ਾ ਨੇ ਸਰਾਪ ਦੇ ਕੇ ਸਾਰੇ ਯਾਦਵ ਉਜਾੜ ਦਿੱਤੇ।☬ਭਾਵ - ਜੋ ਚੌਥੀ ਪਉੜੀ ਵਿਚ ਕਿਹਾ ਸੇ, ਉਸ ਦੇ ਲੋਕ ਪ੍ਰਸਿੱਧ ਦ੍ਰਿਸ਼ਟਾਂਤ ਦੇਕੇ ਅਪਣੇ ਭਾਵ ਨੂੰ ਏਥੇ ਸਫੁਟ ਕੀਤਾ ਹੈ।

ਪਉੜੀ ੬

ਸਭਨਾਂ ਦੇ ਸਿਰ ਗੁੰਦੀਅਨਿ ਗੰਜੀ ਗੁਰੜਾਵੈ ।

ਜਿਸ ਦੇ ਸਿਰ ਪੁਰ ਵਾਲ ਨਹੀਂ ਉਹ ਹੋਰਨਾਂ ਸਭਨਾਂ ਦੇ ਸਿਰ ਗੁੰਦੀਦੇ ਦੇਖਕੇ ਮਲ ਵਿਖੇ ਗੁਰੜਾਉਂਦੀ ਹੈ।

ਕੰਨਿ ਤਨਉੜੇ ਕਾਮਣੀ ਬੂੜੀ ਬਰਿੜਾਵੈ ।

ਬੱਚੀ (ਜਿਸ ਦੇ ਕੰਨ ਨਹੀਂ) ਉਹ ਕਾਮਣੀ (ਸਹੇਲੀਆਂ) ਦੇ ਕੰਨੀਂ 'ਤਨਉੜੇ' (ਪਿੱਪਲਾਵੱਤ੍ਰੇ) ਦੇਖਕੇ ਬੁੜ ਬੁੜ ਕਰਦੀ ਹੈ, (ਕੁੜ੍ਹਦੀ ਹੈ)।

ਨਥਾਂ ਨਕਿ ਨਵੇਲੀਆਂ ਨਕਟੀ ਨ ਸੁਖਾਵੈ ।

ਨੱਕ ਵੰਢੀ ਨੂੰ ਨਵੇਲੀਆਂ' (ਸਹੇਲਣਾਂ) ਦੇ ਨੱਕੀਂ ਨੱਥਾਂ ਨਹੀਂ ਸੁਖਾਉਂਦੀਆਂ।

ਕਜਲ ਅਖੀਂ ਹਰਣਾਖੀਆਂ ਕਾਣੀ ਕੁਰਲਾਵੈ ।

ਅੱਖੋਂ ਕਾਣੀ 'ਹਰਣਾਖੀਆਂ' (ਅਰਥਾਤ ਹਰਣ ਵਾਂਗੂੰ ਸੋਹਣੀਆਂ ਅੱਖਾਂ ਵਾਲੀਆਂ) ਦੋ ਅਖੀਂ ਕੱਜਲ ਪਿਆ ਵੇਖ ਕੁਰਲਾਉਂਦੀ ਹੈ (ਦੁਖਦੀ ਹੈ)।

ਸਭਨਾਂ ਚਾਲ ਸੁਹਾਵਣੀ ਲੰਗੜੀ ਲੰਗੜਾਵੈ ।

ਸਾਰੀਆਂ (ਇਸਤ੍ਰੀਆਂ) ਦੀ ਚਾਲ ਸੋਹਣੀ ਹੈ, ਲੰਗੜੀ ਲੰਗੜਾ ਲੰਗੜਾ ਕੇ ਤੁਰਦੀ ਹੈ, (ਹੇਠ ਛੀਵੀਂ ਤੁਕ ਵਿਖੇ ਉਕਤ ਪਉੜੀ ਦਾ ਸਿੱਧਾਂਤ ਕੱਢਦੇ ਹਨ)।

ਗਣਤ ਗਣੈ ਗੁਰਦੇਵ ਦੀ ਤਿਸੁ ਦੁਖਿ ਵਿਹਾਵੈ ।੬।

ਜੋ ਗੁਰਦੇਵ ਦੀ ਨਿੰਦਾ ਕਰੇ (ਉਹ ਉਪਰ ਕਥੇ ਅਪਾਹਜਾਂ ਵਾਂਗੂੰ) ਦੁਖਾਂ ਵਿਚ ਦਿਨ ਕਟੇਗਾ।

ਪਉੜੀ ੭

ਅਪਤੁ ਕਰੀਰੁ ਨ ਮਉਲੀਐ ਦੇ ਦੋਸੁ ਬਸੰਤੈ ।

(ਜਿਕੂੰ) ਕਰੀਰ ਦਾ ਬ੍ਰਿਛ ਪੱਤ੍ਰਾਂ ਥੋਂ ਰਹਿਤ ਹੈ, (ਅਥਵਾ ਬੇਪੱਤਾ ਨਿੰਕਮਾ ਹੈ) ਫਲੀਭੂਤ ਤਾਂ ਆਪ ਨਹੀਂ ਹੁੰਦਾ ਤੇ ਬਸੰਤ ਨੂੰ ਦੋਸ਼ ਦੇਵੇ (ਤਾਂ ਅਯੋਗ ਹੈ ਤਿਹਾ ਹੀ ਨਿੰਦਕ ਆਪਣੇ ਆਵਗੁਣਾਂ ਨੁੰ ਛਡਕੇ ਗੁਰੂ ਦੀ ਗਿਣਤੀ ਕਰਦੇ ਹਨ)।

ਸੰਢਿ ਸਪੁਤੀ ਨ ਥੀਐ ਕਣਤਾਵੈ ਕੰਤੈ ।

ਬਾਂਝ ਤ੍ਰੀਮਤ ਕਦੇ ਪੁੱਤ ਵਾਲੀ ਨਹੀਂ ਹੁੰਦੀ, ਤੇ ਕੰਤ ਪੁਰ ਦੋਸ਼ ਅਰਪੇ (ਤਿਵੇਂ ਔਗੁਣਾਂ ਲਿੱਬੜੇ ਨਿੰਦਕ ਦੇ ਗੁਰੂ ਨੁੰ ਦੋਸ਼ ਲਾਉਣੇ ਝੂਠੇ ਹਨ)।

ਕਲਰਿ ਖੇਤੁ ਨ ਜੰਮਈ ਘਣਹਰੁ ਵਰਸੰਤੈ ।

ਕੱਲਰ ਵਿਖੇ ਖੇਤੀ ਨਹੀਂ ਜੰਮਦੀ ਭਾਵੇਂ ਬੱਦਲ ਕਿੰਨਾ ਹੀ ਵਰਖਾ ਕਰੇ।

ਪੰਗਾ ਪਿਛੈ ਚੰਗਿਆਂ ਅਵਗੁਣ ਗੁਣਵੰਤੈ ।

ਬੁਰਿਆਂ ਦੇ ਅਵਗੁਣ ਚੰਗਿਆਂ ਦੇ ਪਿੱਛੇ ਲਗਣ ਨਾਲ (ਕਦੀਕੁ) ਗੁਣ ਵਾਲੇ ਹੋ ਜਾਂਦੇ ਹਨ, (ਅਥਵਾ-ਗੁਣਵੰਤਿਆਂ ਨੂੰ ਔਗੁਣ ਤੇ ਚੰਗਿਆਂ ਨੂੰ ਪੰਗੇ ਬੁਰਿਆਂ ਕੋਲੋਂ ਮਿਲਦੇ ਹਨ। ਜਿਹਾਕੁ ਹੇਠ ਦ੍ਰਿਸ਼ਟਾਂਤ ਦੇਂਦੇ ਹਨ)।

ਸਾਇਰੁ ਵਿਚਿ ਘੰਘੂਟਿਆਂ ਬਹੁ ਰਤਨ ਅਨੰਤੈ ।

ਸਮੰਦ੍ਰ ਵਿਖੇ ਬਾਹਲੇ ਘੁਕਿਆਂ ਵਿਚੋਂ ਹੀ ਅਨੰਤ ਰਤਨ ਉਤਪਤ ਹੁੰਦੇ ਹਨ, (ਸਮੁੰਦਰ ਦੀ ਸੰਗਤ ਨਾਲ ਘੁੱਕੇ ਬੀ ਰਤਨਾਂ ਵਾਲੇ ਹੋ ਜਾਂਦੇ ਹਨ ਪਰੰਤੂ)

ਜਨਮ ਗਵਾਇ ਅਕਾਰਥਾ ਗੁਰੁ ਗਣਤ ਗਣੰਤੈ ।੭।

ਨਿੰਦਕ ਦਾ (ਜੋ) ਗੁਰੂ ਦੀ ਗਿਣਤੀ ਕਰਦੇ ਹਨ ਜਨਮ ਅਕਾਰਥ ਹੀ ਜਾਂਦਾ ਹੈ। (ਜਿਸ ਦੇ ਸੁਧਰਨ ਦਾ ਹੋਰ ਕੋਈ ਯਤਨ ਨਹੀਂ ਹੈ)।

ਪਉੜੀ ੮

ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ ।

ਉਸ ਨੂੰ (ਭਾਵ ਧਰਤੀ ਨੁੰ) ਪਰਬਤ ਜਿਹੜੇ ਅਸਮਾਨ ਨਾਲ ਖਹਿੰਦੇ ਹਨ ਭਾਰੇ ਨਹੀਂ ਜਾਪਦੇ।

ਨਾ ਤਿਸੁ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ ।

ਕੋਟ ਗੜ ਘਰ ਬਾਰ ਜੋ, ਦਿਸੱਦੇ ਹਨ, ਨਾ ਹੀ ਉਸਨੂੰ ਏਹ ਭਾਰੇ ਲੱਗਦੇ ਹਨ।

ਨਾ ਤਿਸੁ ਭਾਰੇ ਸਾਇਰਾਂ ਨਦ ਵਾਹ ਵਹੰਦੇ ।

ਸਮੰਦ੍ਰ, ਨਦ ਵਾਹੜੇ ਜੋ ਚਲ ਰਹੇ ਹਨ, ਨਾ ਹੀ ਏਹ ਭਾਰੇ ਲੱਗਦੇ ਹਨ।

ਨਾ ਤਿਸੁ ਭਾਰੇ ਤਰੁਵਰਾਂ ਫਲ ਸੁਫਲ ਫਲੰਦੇ ।

ਉਸ ਨੂੰ ਬ੍ਰਿੱਛ ਬੀ ਭਾਰੇ ਨਹੀਂ ਜੋ ਚੰਗੇ ਫਲਾਂ ਨਾਲ ਬੀ ਭਰੇ ਹੋਏ ਹਨ।

ਨਾ ਤਿਸੁ ਭਾਰੇ ਜੀਅ ਜੰਤ ਅਣਗਣਤ ਫਿਰੰਦੇ ।

ਜੀਵ ਜੰਤੂ (ਵੱਡੇ ਛੋਟੇ) ਅਨਗਿਣਤ ਜੋ ਫਿਰ ਰਹੇ ਹਨ, ਉਸ ਨੁੰ (ਉਹ ਭੀ) ਕੋਈ ਭਾਰੇ ਨਹੀਂ ਹਨ।

ਭਾਰੇ ਭੁਈਂ ਅਕਿਰਤਘਣ ਮੰਦੀ ਹੂ ਮੰਦੇ ।੮।

(ਪਰ ਧਰਤੀ ਨੂੰ ਅਕਿਰਤਘਣ ਭਾਰੇ ਲੱਗਦੇ ਹਨ। (ਕਿਉਂਕਿ ਅਕਿਰਤਘਣ) ਮੰਦਿਆਂ ਤੋਂ ਮੰਦੇ ਹਨ।

ਪਉੜੀ ੯

ਮਦ ਵਿਚਿ ਰਿਧਾ ਪਾਇ ਕੈ ਕੁਤੇ ਦਾ ਮਾਸੁ ।

(ਇਕ ਚੁਹੜੀ ਨੇ) ਕੁੱਤੇ ਦਾ ਮਾਸ ਸ਼ਰਾਬ ਵਿਚ ਪਾਕੇ ਰਿੱਧਾ।

ਧਰਿਆ ਮਾਣਸ ਖੋਪਰੀ ਤਿਸੁ ਮੰਦੀ ਵਾਸੁ ।

ਮਨੁੱਖ ਦੀ ਖੋਪਰੀ ਵਿਚ ਰੱਖਿਆ ਹੋਇਆ ਸੀ। (ਇਸ ਕਰਕੇ) ਉਸ ਵਿਚੋਂ ਭੈੜੀ ਵਾਸ਼ਨਾ ਆਉਂਦੀ ਸੀ।

ਰਤੂ ਭਰਿਆ ਕਪੜਾ ਕਰਿ ਕਜਣੁ ਤਾਸੁ ।

ਲਹੂ ਦੇ ਭਰੇ ਹੋਏ ਕੱਪੜੇ ਨਾਲ ਉਸਨੂੰ ਕੱਜਕੇ।

ਢਕਿ ਲੈ ਚਲੀ ਚੂਹੜੀ ਕਰਿ ਭੋਗ ਬਿਲਾਸੁ ।

ਭੋਗ ਬਿਲਾਸ ਕਰਨ ਲਈ ਚੂਹੜੀ ਲਈ ਚਲੀ ਜਾਂਦੀ ਸੀ।

ਆਖਿ ਸੁਣਾਏ ਪੁਛਿਆ ਲਾਹੇ ਵਿਸਵਾਸੁ ।

(ਕਿਸੇ ਨੇ) ਪੁੱਛਿਆ (ਕਿ ਇਸ ਵਿਖੇ ਕਿਹੜੀ ਅਦਭੁਤ ਚੀਜ਼ ਹੈ ਤੂੰ ਢੱਕ ਕੇ ਪਰਦੇ ਨਾਲ ਲਈ ਜਾਂਦੀ ਹੈਂ?) ਉਸ ਨੇ ਸੰਸੇ ਦੇ ਦੂਰ ਕਰਲ ਲਈ ਆਪ ਸੁਣਾਇਆ।

ਨਦਰੀ ਪਵੈ ਅਕਿਰਤਘਣੁ ਮਤੁ ਹੋਇ ਵਿਣਾਸੁ ।੯।

ਜੇਕਰ ਕ੍ਰਿਤਘਨ ਪੁਰਖ ਦੀ ਇਸ ਪੁਰ ਨਜ਼ਰ ਪੈ ਜਾਉ ਤਾਂ ਇਹ ਫਿਟ ਜਾਊ (ਫੇਰ ਸਾਡੇ ਖਾਣ ਦੇ ਕੰਮ ਦਾ ਨਾ ਰਹੂ, ਇਸ ਲਈ ਭੈੜੇ ਲਹੂ ਦੇ ਭਰੇ ਹੋਏ ਕੱਪੜੇ ਨਾਲ ਢੱਕਿਆ ਹੈ ਕਿ ਇਹ ਮਾਸ ਭੈੜੀ ਨਜ਼ਰ ਨਾਲ ਵਿਗੜ ਨਾ ਜਾਵੇ)।

ਪਉੜੀ ੧੦

ਚੋਰੁ ਗਇਆ ਘਰਿ ਸਾਹ ਦੈ ਘਰ ਅੰਦਰਿ ਵੜਿਆ ।

ਚੋਰ (ਚੋਰੀ ਕਰਨ ਨੂੰ) ਗਿਆ ਸੀ, ਦੌਲਤਮੰਦ ਦੇ ਘਰ ਅੰਦਰ ਵੜ ਗਿਆ।

ਕੁਛਾ ਕੂਣੈ ਭਾਲਦਾ ਚਉਬਾਰੇ ਚੜ੍ਹਿਆ ।

('ਕੁਛ ਕੁਨਾਂ') ਸਾਰੇ ਪਾਸੇ ਦੇਖਕੇ। ਜਦ ਕੁਝ ਹੱਥ ਨਾ ਆਇਆ) ਚੁਬਾਰੇ ਜਾ ਚੜਿਆ।

ਸੁਇਨਾ ਰੁਪਾ ਪੰਡ ਬੰਨ੍ਹਿ ਅਗਲਾਈ ਅੜਿਆ ।

ਸੋਨੇ ਚਾਂਦੀ (ਦੇ ਗਹਿਣਿਆਂ) ਦੀ ਪੰਡ ਬੰਨ੍ਹ ਲਈ, (ਪਰੰਤੂ 'ਅਗਲਾਈ ਅੜਿਆ') ਹੋਰ (ਮਾਯਾ) ਦੇ (ਲੈਣ ਦੇ ਲਾਲਚ) ਵਿਚ ਫਸਿਆ।

ਲੋਭ ਲਹਰਿ ਹਲਕਾਇਆ ਲੂਣ ਹਾਂਡਾ ਫੜਿਆ ।

ਲੋਭ ਦੀ ਲਹਿਰ ਨਾਲ ਅਜਿਹਾ ਹਲਕ ਕੁੱਦਿਆ, ਇਕ ਲੂਣ ਦਾ ਭਾਂਡਾ (ਖੰਡ ਦਾ ਜਾਣ ਕੇ) ਫੜ ਲੀਤਾ।

ਚੁਖਕੁ ਲੈ ਕੇ ਚਖਿਆ ਤਿਸੁ ਕਖੁ ਨ ਖੜਿਆ ।

ਰਤੀਕੁ ਲੈ ਕੇ ਲੂਣ ਜੀਭ ਪਰ ਰਖਕੇ ਚਖਿਆ, ਉਸ ਨੇ ਕੱਖ ਬੀ ਨਾ ਲੀਤਾ, (ਇਹ ਸਮਝ ਕੇ ਕਿ ਮੇਰੇ ਅੰਦਰ ਸ਼ਾਹ ਦਾ ਲੂਣ ਚਲਿਆ ਗਿਆ ਹੈ, ਲੂਣ ਹਰਾਮੀ ਹੋਣਾ ਮੈਂ ਨਹੀਂ ਚਾਹੁੰਦਾ ਹਾਂ)।

ਲੂਣ ਹਰਾਮੀ ਗੁਨਹਗਾਰੁ ਧੜੁ ਧੰਮੜ ਧੜਿਆ ।੧੦।

ਕਿਉਂ ਜੋ) ਲੂਣ ਹਰਾਮੀ ਗੁਨਾਹੀ ਹੁੰਦਾ ਹੈ। (ਰੱਬ ਦੀ ਦਰਗਾਹ ਵਿਖੇ) ਧੜ (ਕਹੀਏ ਢੋਲ) ਵਾਂਗੂੰ ('ਧੰਮੜ') ਚੋਥਾਂ ਨਾਲ (ਧੜੀ) ਵਜਾਈਦਾ ਹੈ, (ਦੇਹ ਬਿਦੇਹ ਪਿੰਡ ਪੁਰ ਚੋਬਾ ਪੈਂਦੀਆਂ ਹਨ ਅਥਵਾ ਧੜ ਧੜ ਕਰ ਕੇ ਢੋਲ ਵਾਂਗੂੰ ਕੁੱਟੀਦਾ ਹੈ)।

ਪਉੜੀ ੧੧

ਖਾਧੇ ਲੂਣ ਗੁਲਾਮ ਹੋਇ ਪੀਹਿ ਪਾਣੀ ਢੋਵੈ ।

(ਨੌਕਰ) ਲੂਣ ਦੇ ਖਾਣ ਨਾਲ ਗੁਲਾਮ (ਮੁੱਲ ਵਾਂਗੂੰ ਚੱਕੀ) ਪੀਂਹਦਾ ਪਾਣੀ (ਦੀਆਂ ਗਾਗਰਾਂ) ਢੋਂਦਾ ਹੈ।

ਲੂਣ ਖਾਇ ਕਰਿ ਚਾਕਰੀ ਰਣਿ ਟੁਕ ਟੁਕ ਹੋਵੈ ।

(ਚਾਕਰ) ਲੂਣ ਖਾਕੇ 'ਚਾਕਰੀ' ਕਰਦਾ, ਰਣ ਵਿਖੇ ਟੁਕੜੇ ਟੁਕੜੇ ਹੋਕੇ ਮਰਦਾ ਹੈ।

ਲੂਣ ਖਾਇ ਧੀ ਪੁਤੁ ਹੋਇ ਸਭ ਲਜਾ ਧੋਵੈ ।

ਧੀਆਂ ਅਤੇ ਪੁੱਤ੍ਰ ਮਾਪਿਆਂ ਦਾ ਲੂਣ ਖਾਕੇ (ਕੁਟੰਬ ਦੀਆਂ) ਲੱਜਾ ਧੋਂਦੇ ਹਨ।

ਲੂਣੁ ਵਣੋਟਾ ਖਾਇ ਕੈ ਹਥ ਜੋੜਿ ਖੜੋਵੈ ।

(ਸ਼ਾਹ ਦਾ) ਗੁਮਾਸ਼ਤਾ ਲੂਣ ਖਾਕੇ (ਮਾਲਕ ਦੇ ਅੱਗੇ) ਹਥ ਜੋੜਕੇ ਖੜੋਂਦਾ ਹੈ।

ਵਾਟ ਵਟਾਊ ਲੂਣੁ ਖਾਇ ਗੁਣੁ ਕੰਠਿ ਪਰੋਵੈ ।

ਰਸਤੇ ਜਾਂਦਾ ਮੁਸਾਫਰ ਲੂਣ ਖਾਕੇ ਗੁਣਾ ਦਾ ਕੰਨ ਵਿਖੇ ਹਾਰ ਪਰੋਂਦਾ ਹੈ, (ਭਾਵ ਜਿੱਥੇ ਜਾਵੇ ਉਥੇ ਹੀ ਉਸਤਤਿ ਕਰਦਿਆਂ ਮੂੰਹ ਸੁੱਕਦਾ ਹੈ)।

ਲੂਣਹਰਾਮੀ ਗੁਨਹਗਾਰ ਮਰਿ ਜਨਮੁ ਵਿਗੋਵੈ ।੧੧।

ਲੂਣ ਖਾਕੇ ਜੋ ਹਰਾਮ ਕਰੇ, ਓਹ ਪਾਪੀ (ਚੌਰਾਸੀ ਲਖ ਜੂਨੀਆਂ ਵਿਖੇ) ਮਰਦਾ ਜੰਮਦਾ ਖਰਾਬ ਹੁੰਦਾ ਹੈ।

ਪਉੜੀ ੧੨

ਜਿਉ ਮਿਰਯਾਦਾ ਹਿੰਦੂਆਂ ਗਊ ਮਾਸੁ ਅਖਾਜੁ ।

(ਧਰਮਸਾਲਾ ਦੇ ਮਾਲ੍ਹ ਪੂੜੇ ਆਦਿ ਪਦਾਰਥਾਂ ਦੀ ਬਾਹਲੀ ਲਾਲਸਾ ਦਾ ਵਰਣਨ ਕਰਦੇ ਹੋਏ ਲਿਖਦੇ ਹਨ) ਜਿੱਕੁਰ ਹਿੰਦੂਆਂ ਦੀ ਮਰਜਾਦਾ ਹੈ ਕਿ ਗਊ ਦਾ ਮਾਸ ('ਅਖਾਜ') ਹਰਾਮ ਮੰਨਕੇ (ਭੱਛਨ ਤਾਂ ਕਿਧਰੇ ਰਿਹਾ, ਨਾਉਂ ਸੁਣਕੇ ਬੀ ਮੂੰਹੋਂ ਥੁਕਾਂ ਸਿੱਟਦੇ ਹਨ)

ਮੁਸਲਮਾਣਾਂ ਸੂਅਰਹੁ ਸਉਗੰਦ ਵਿਆਜੁ ।

ਮੁਸਲਮਾਨਾਂ ਨੇ ਸੂਰ ਦੇ ਮਾਸ ਥੋਂ ਅਰ ਵਿਆਜ ਦੇ ਖਾਣ ਥੋਂ ਸੌਂਹ ਪਾਈ ਹੋਈ ਹੈ।

ਸਹੁਰਾ ਘਰਿ ਜਾਵਾਈਐ ਪਾਣੀ ਮਦਰਾਜੁ ।

ਸਹੁਰਾ ਜਵਾਈ ਦੇ ਘਰ ਦਾ ਪਾਣੀ ਬੀ ਸ਼ਰਾਬ (ਵਾਂਗੂੰ ਅਪਵਿੱਤ੍ਰ ਅਰ ਕੌੜਾ ਸਮਝਦਾ ਹੈ ਕਿ ਧੀ ਦੇ ਘਰ ਦੀ ਰੋਟੀ ਤਾਂ ਕਿਧਰੇ ਰਹੀ ਪਾਣੀ ਸਾਰਖਾ ਨਹੀਂ ਗ੍ਰਹਣ ਕਰਨਾ)।

ਸਹਾ ਨ ਖਾਈ ਚੂਹੜਾ ਮਾਇਆ ਮੁਹਤਾਜੁ ।

ਚੂਹੜਾ ਸਹੇ ਨੂੰ ਨਹੀਂ ਖਾਂਦਾ ਹੈ। (ਭਾਵੇਂ) ਮਾਯਾ ਥੋਂ (ਮੁਹਤਾਜ) ਗਰੀਬ ਬੀ ਹੋਵੇ। (ਭਾਵ ਭੁੱਖਾ ਬੀ ਹੋਵੇ)।

ਜਿਉ ਮਿਠੈ ਮਖੀ ਮਰੈ ਤਿਸੁ ਹੋਇ ਅਕਾਜੁ ।

ਜਿੱਕੁਰ ('ਮਿੱਠੇ') ਸ਼ਹਤ ਪੁਰ ਮੱਖੀ ਦੇ (ਮਰੇ ਕਹੀਏ) ਮੋਹਤ ਹੋਣ ਨਾਲ ਅਕਾਜ ਹੋਵੇ ਹੈ। (ਭਾਵ ਨਾਸ਼ ਹੋ ਜਾਂਦੀ ਹੈ।

ਤਿਉ ਧਰਮਸਾਲ ਦੀ ਝਾਕ ਹੈ ਵਿਹੁ ਖੰਡੂ ਪਾਜੁ ।੧੨।

ਇਸੇ ਤਰ੍ਹਾਂ (ਸਿਖ ਲਈ) ਧਰਮਸਾਲਾ (ਦੇ ਪੂਜਾ ਦੇ ਪਦਾਰਥ) ਦੀ ਹਿਰਸ ਖੰਡ ਦੀ ਗਲੇਫੀ ਹੋਈ ਵਿਖ ਦੇ ਬਰਾਬਰ ਨਾਸ਼ਕਾਰੀ ਹੈ।

ਪਉੜੀ ੧੩

ਖਰਾ ਦੁਹੇਲਾ ਜਗ ਵਿਚਿ ਜਿਸ ਅੰਦਰਿ ਝਾਕੁ ।

ਜਿਸ ਦੇ ਰਿਣੇ ਵਿਖੇ (ਗ੍ਰਿਹਸਥੀ ਹੋ ਦਸਾਂ ਨੌਹਾਂ ਦੀ ਕਮਾਈ ਛੱਡਕੇ ਧਰਮਸਾਲ ਦੀ) ਝਾਕ ਹੈ ਉਹ ਜਗ ਵਿਖੇ ਖਰਾ ਦੁਖੀ ਰਹਿੰਦਾ ਹੈ।

ਸੋਇਨੇ ਨੋ ਹਥੁ ਪਾਇਦਾ ਹੁਇ ਵੰਞੈ ਖਾਕੁ ।

ਸੋਨੇ ਨੂੰ ਹੱਥ ਪਾਉਂਦਾ ਹੈ 'ਤਾਂ ਖਾਕ ਹੋ ਜਾਂਦਾ ਹੈ।

ਇਠ ਮਿਤ ਪੁਤ ਭਾਇਰਾ ਵਿਹਰਨਿ ਸਭ ਸਾਕੁ ।

ਪਿਆਰੇ ਮਿੱਤ੍ਰ ਪੁੱਤ੍ਰ ਭਾਈ ਆਦਿ ਸਾਰੇ ਸਾਕ ਕ੍ਰੋਧ ਨਾਲ ਦੇਖਦੇ ਹਨ।

ਸੋਗੁ ਵਿਜੋਗੁ ਸਰਾਪੁ ਹੈ ਦੁਰਮਤਿ ਨਾਪਾਕੁ ।

ਸੋਗ, ਵਿਜੋਗ ਦਾ ਸਰਾਪ ਲੱਗਾ ਰਹੂ ਖੋਟੀ ਮਦ ਤੇ ਸਦਾ ਅਪਵਿੱਤ੍ਰ ਰਹੁ (ਆਲਸ ਅਤੇ ਲਾਲਚ ਦੇ ਕੁਧਾਨ ਦਾ ਭਾਰ ਘੁੱਟੀ ਰਖੇਗਾ)।

ਵਤੈ ਮੁਤੜਿ ਰੰਨ ਜਿਉ ਦਰਿ ਮਿਲੈ ਤਲਾਕੁ ।

ਛੁੱਟੜ ਰੰਨ ਵਾਂਙ ਪਿਆ ਫਿਰੂ (ਪਰਮੇਸ਼ਰ ਦੇ) ਦਰਵਾਜੇ ਤੋਂ ਤਲਾਕ ਮਿਲੂ (ਯਾ ਜਿਸ ਦਰਵਾਜੇ ਜਾ ਖਲੋਊ, ਆਦਰ ਨਹੀਂ ਹੋਵੇਗਾ)।

ਦੁਖੁ ਭੁਖੁ ਦਾਲਿਦ ਘਣਾ ਦੋਜਕ ਅਉਤਾਕੁ ।੧੩।

ਦੂੱਖ ਭੁੱਖ ਦਲਿੱਦ੍ਰ ਘਣਾ ਇਥੇ ਰਹੁ ਅਗੇ ਨਰਕ ਵਿਖੇ ਘਰ ਮਿਲੂ।

ਪਉੜੀ ੧੪

ਵਿਗੜੈ ਚਾਟਾ ਦੁਧ ਦਾ ਕਾਂਜੀ ਦੀ ਚੁਖੈ ।

ਦੁੱਧ ਦਾ ਮਟਕਾ, ਕਾਂਜੀ ਦੀ ਚੁੱਖ (ਇਕ ਕਣੀ) ਨਾਲ ਫਿਟ ਜਾਂਦਾ ਹੈ।

ਸਹਸ ਮਣਾ ਰੂਈ ਜਲੈ ਚਿਣਗਾਰੀ ਧੁਖੈ ।

ਹਜ਼ਾਰਾਂ ਮਣਾਂ ਰੂੰ ਇਕ ਚਿੰਗਾਰੀ ਦੇ ਧੁਖਣ ਨਾਲ ਸੜ ਜਾਂਦੀ ਹੈ।

ਬੂਰੁ ਵਿਣਾਹੇ ਪਾਣੀਐ ਖਉ ਲਾਖਹੁ ਰੁਖੈ ।

ਪਾਣੀ ਦੇ ਤਲਾਉ ਨੂੰ ਬੂਰ ਵਿਗਾੜ ਦਿੰਦਾ ਹੈ, ਅਰ ਬ੍ਰਿਛ ਨੂੰ ਲਾਖ ਪੈਣ ਨਾਲ (ਉਸ ਦਾ) ਨਾਸ਼ ਹੋ ਜਾਂਦਾ ਹੈ।

ਜਿਉ ਉਦਮਾਦੀ ਅਤੀਸਾਰੁ ਖਈ ਰੋਗੁ ਮਨੁਖੈ ।

ਸੌਦਾਈ ਨੂੰ ਅਤੀਸਾਰ ਅਰ ਮਨੁੱਖ ਨੂੰ ਖਈ ਰੋਗ ਨਾਸ਼ ਕਰ ਦਿੰਦਾ ਹੈ।

ਜਿਉ ਜਾਲਿ ਪੰਖੇਰੂ ਫਾਸਦੇ ਚੁਗਣ ਦੀ ਭੁਖੈ ।

ਜਿਕੂੰ ਪੰਛੀ ਜਾਲੀ ਵਿਖੇ ਦਾਣੇ ਚੁਗਣ ਦੀ ਤ੍ਰਿਸ਼ਨਾ ਨਾਲ ਜਾਂਦੇ ਹਨ।

ਤਿਉ ਅਜਰੁ ਝਾਕ ਭੰਡਾਰ ਦੀ ਵਿਆਪੇ ਵੇਮੁਖੈ ।੧੪।

ਇਸੇ ਤਰ੍ਹਾਂ ਨਾ ਜਰੀ ਜਾਣ ਵਾਲੀ ਭੰਡਾਰ ਤ੍ਰਿਸ਼ਨਾ ਜਿਸ ਵੇਮੁਖ ਨੂੰ ਵਿਆਪਦੀ ਹੈ, (ਨਾਸ਼ ਕਰ ਦਿੰਦੀ ਹੈ)।

ਪਉੜੀ ੧੫

ਅਉਚਰੁ ਝਾਕ ਭੰਡਾਰ ਦੀ ਚੁਖੁ ਲਗੈ ਚਖੀ ।

ਭੰਡਾਰਿਆਂ ਦੀ ਝਾਕ ਖਾਣ ਲਾਇਕ ਨਹੀਂ, (ਪਰੰਤੂ ਜਿਸ ਨੂੰ ਇਸ ਦੇ) ਚੱਖਣ ਦੀ ਚੁੱਖ (ਚਾਹ) ਲੱਗਦੀ ਹੈ।

ਹੋਇ ਦੁਕੁਧਾ ਨਿਕਲੈ ਭੋਜਨੁ ਮਿਲਿ ਮਖੀ ।

(ਉਸ ਥੋਂ 'ਦੁਕੁਧਾ') ਉਲਟਾ ਹੋਕੇ ਨਿਕਲਦੀ ਹੈ, ਜਿੱਕੁਰ ਮੱਖੀ ਨਾਲ ਮਿਲਿਆ ਹੋਇਆ ਭੋਜਨ ਕੀਤਿਆਂ (ਉਲਟ ਕੇ ਨਿਕਲਦਾ ਹੈ, ਹੇਠਲੀਆਂ ਦੋ ਤੁਕਾਂ ਵਿਖੇ ਦ੍ਰਿਸ਼ਟਾਂਤ ਦਿੰਦੇ ਹਨ)।

ਰਾਤਿ ਸੁਖਾਲਾ ਕਿਉ ਸਵੈ ਤਿਣੁ ਅੰਦਰਿ ਅਖੀ ।

ਜਿਸ ਦੀ ਅੱਖ ਵਿਖੇ ਤੀਲਾ ਪੈ ਜਾਂਦਾ ਹੈ ਉਹ (ਦੱਸੋ।) ਰਾਤ ਨੂੰ ਕਿੱਕਰ ਸੌਖਾ ਸੋਂ ਸਕਦਾ ਹੈ?

ਕਖਾ ਦਬੀ ਅਗਿ ਜਿਉ ਓਹੁ ਰਹੈ ਨ ਰਖੀ ।

(ਦੱਭ ਦੇ) ਕੱਖਾਂ ਵਿਖੇ ਅੱਗ ਜਿੱਕੁਰ ਦਬਾ ਕੇ ਰਖੀਏ ਤਾਂ ਰਖੀ ਰਹਿ ਨਹੀ. ਸਕਦੀ।

ਝਾਕ ਝਕਾਈਐ ਝਾਕਵਾਲੁ ਕਰਿ ਭਖ ਅਭਖੀ ।

ਝਾਕ ਵਾਲਾ ਝਾਕ ਨੂੰ ਹੀ ਤਾੜਦਾ ਹੈ, (ਜੇਕਰ) ਅਭੱਖ (ਬੀ ਹੋਵੇ ਉਹ) ਭੱਖ (ਹੀ) ਸਮਝਦਾ ਹੈ, (ਐਸਾ ਲੋਭ ਵਿਚ ਗਿਆ ਗੁਜ਼ਰਿਆ ਹੋ ਜਾਂਦਾ ਹੈ)। (ਇਸ ਖੋਟੇ ਧਾਨ ਥੋਂ ਬਚਣ ਵਾਲੇ ਕੋਈ ਹਨ ਕਿ ਨਹੀਂ? ਇਸ ਸ਼ੰਕਾ ਵਿਖੇ ਉਤਰ ਦਿੰਦੇ ਹਨ)

ਗੁਰ ਪਰਸਾਦੀ ਉਬਰੇ ਗੁਰ ਸਿਖਾ ਲਖੀ ।੧੫।

ਲੱਖਾਂ ਸਿੱਖ ਹਨ, ਜਿਨ੍ਹਾਂ ਪੁਰ ਗੁਰੂ ਜੀ ਦੀ ਕਿਰਪਾ ਹੈ ਓਹ ਬਚੇ ਹਨ।

ਪਉੜੀ ੧੬

ਜਿਉ ਘੁਣ ਖਾਧੀ ਲਕੜੀ ਵਿਣੁ ਤਾਣਿ ਨਿਤਾਣੀ ।

ਜਿੰਕੂੰ ਘੁਣ (ਨਾਮੇ ਕੀੜੇ) ਦੀ ਖਾਧੀ ਹੋਈ ਲੱਕੜੀ ਤਾਣੋਂ ਨਿਤਾਣੀ ਹੋ ਜਾਂਦੀ ਹੈ।

ਜਾਣੁ ਡਰਾਵਾ ਖੇਤ ਵਿਚਿ ਨਿਰਜੀਤੁ ਪਰਾਣੀ ।

ਜਿਕੂੰ ਪੈਲੀ ਵਿਚ (ਮਨੁੱਖ ਦਾ ਨਕਲੀ ਅਕਾਰ ਬਣਾਕੇ) ਡਰਾਉਣਾ (ਜ਼ਿਮੀਦਾਰ ਲੋਕ ਰਖਦੇ ਹਨ) ਉਹ ਮੁਰਦਾ ਪ੍ਰਾਣੀ ਹੁੰਦਾ ਹੈ। (ਅਰਥਾਤ ਕੁਝ ਕਰ ਨਹੀਂ ਸਕਦਾ।

ਜਿਉ ਧੂਅਰੁ ਝੜੁਵਾਲ ਦੀ ਕਿਉ ਵਰਸੈ ਪਾਣੀ ।

ਜਿੱਕੁਰ ਧੂਏਂ ਥੋਂ (“ਝੜਵਾਲ ਦੀ”) ਬੱਦਲ ਵਾਲੀ ਬਰਖਾ ਨਹੀਂ ਵਰਸਦੀ ਹੈ, (ਪਾਠਾਤ੍ਰ 'ਧੁੰਅਰ' ਹੈ ਗਯਾਨੀ ਕਹਿੰਦੇ ਹਨ ਕਿ ਝੜ ਵਾਲੀ ਕੁਹੀੜ ਵਿਚੋਂ ਮੀਂਹ ਨਹੀਂ ਵਸਦਾ)।

ਜਿਉ ਥਣ ਗਲ ਵਿਚਿ ਬਕਰੀ ਦੁਹਿ ਦੁਧੁ ਨ ਆਣੀ ।

ਜਿੱਕੁਰ ਬਕਰੀ ਦੇ ਗਲ ਦੇ ਧਣ ਵਿਚੋਂ ਚੋਣ ਨਾਲ ਦੁੱਧ ਨਹੀਂ ਨਿਕਲਦਾ।

ਝਾਕੇ ਅੰਦਰਿ ਝਾਕਵਾਲੁ ਤਿਸ ਕਿਆ ਨੀਸਾਣੀ ।

(ਤਿਹਾ ਹੀ) ਧਰਮਸਾਲ ਦੀ ਝਾਕ ਵਾਲਾ ਪ੍ਰਾਣੀ ਝਾਕ ਵਿਚ ਨਿਸ਼ਫਲ ਹੈ, ਉਸ ਦੀ ਨਿਸ਼ਾਨੀ ਕੀ ਹੈ?

ਜਿਉ ਚਮੁ ਚਟੈ ਗਾਇ ਮਹਿ ਉਹ ਭਰਮਿ ਭੁਲਾਣੀ ।੧੬।

ਜਿਕੁਰ ਗਊ ਅਤੇ ਮੈਂਹ (ਤੂੜੀ ਦੇ ਭਰੇ ਹੋਏ ਨਕਲੀ ਵੱਛੇ ਅਤੇ ਕੱਟੇ ਦੇ) ਚੰਮ ਨੂੰ ਆਪਣਾ ਪੁੱਤਰ ਜਾਣਕੇ ਚੱਟਦੀਆਂ ਹਨ, ਉਹ ਕੇਵਲ ਭਰਮ ਵਿਖੇ ਹੀ ਭੁੱਲੀਆਂ ਹੋਈਆਂ ਹਨ।

ਪਉੜੀ ੧੭

ਗੁਛਾ ਹੋਇ ਧ੍ਰਿਕਾਨੂਆ ਕਿਉ ਵੁੜੀਐ ਦਾਖੈ ।

ਧਿਰਕੌਨਿਆਂ ਦਾ ਗੁੱਛਾ ਦਾਖ ਦਾ ਗੁੱਛਾ ਕਿਉਂਕਰ ਕਹੀਦਾ ਹੈ? (ਨਹੀਂ)।

ਅਕੈ ਕੇਰੀ ਖਖੜੀ ਕੋਈ ਅੰਬੁ ਨ ਆਖੈ ।

ਅੱਕ ਦੀ ਖੋਖੜੀ ਨੂੰ (ਜੋ ਭਾਵੇਂ ਅੰਬ ਦੇ ਰੰਗ ਰੂਪ ਵਾਂਗੂੰ ਹੈ) ਅੰਬ ਕੋਈ ਨਹੀਂ ਕਹਿੰਦਾ ਹੈ।

ਗਹਣੇ ਜਿਉ ਜਰਪੋਸ ਦੇ ਨਹੀ ਸੋਇਨਾ ਸਾਖੈ ।

ਮੁਲੰਮੇ ਦੇ ਗਹਿਣਿਆਂ ਦੀ ਕੋਈ ਨਹੀਂ ਸਾਖ ਭਰਦਾ ਕਿ ਸੋਨੇ ਦੇ ਹਨ।

ਫਟਕ ਨ ਪੁਜਨਿ ਹੀਰਿਆ ਓਇ ਭਰੇ ਬਿਆਖੈ ।

('ਫਟਕ') ਬਿਲੌਰ ਹੀਰਿਆਂ ਦੇ ਨਾਲ ਨਹੀਂ ਪੁੱਜਦਾ ਕਿਉਂ ਜੋ ਓਹ ਹੀਰੇ ਬੇਓੜਕ ਮੁੱਲ ਦੇ ਹੁੰਦੇ ਹਨ। (ਅਥਵਾ ਬਿਨਾਂ ਆਖੇ ਪਛਾਣੇ ਜਾਂਦੇ ਹਨ)।

ਧਉਲੇ ਦਿਸਨਿ ਛਾਹਿ ਦੁਧੁ ਸਾਦਹੁ ਗੁਣ ਗਾਖੈ ।

ਲੱਸੀ ਅਤੇ ਦੁੱਧ ਦੋਵੇਂ ਧਉਲੇ ਰੰਗ ਦੇ ਚਿੱਟੇ ਹਨ, ਸੁਆਦ ਥੋਂ ਉਨ੍ਹਾਂ ਦੇ ਗੁਣ ਨਿਰਨੇ ਹੋ ਜਾਂਦੇ ਹਨ।

ਤਿਉ ਸਾਧ ਅਸਾਧ ਪਰਖੀਅਨਿ ਕਰਤੂਤਿ ਸੁ ਭਾਖੈ ।੧੭।

(ਤਿਵੇਂ) ਸਾਧ ਅਸਾਧ ਦੋਵੇਂ ਕਰਤੂਤ ਅਰ ਬੋਲੀ ਥੋਂ ਪਰਖੇ ਜਾਂਦੇ ਹਨ (ਅੰਮ੍ਰਿਤ ਵਤ ਸੰਤ ਆਪਣੀ ਸੰਗਤ ਥੋਂ ਅਮਰ ਕਰਦੇ ਅਰ ਅਸੰਤ ਵਿਖਯ ਵਾਂਗੂੰ ਪ੍ਰਾਣ ਹਿਰ ਲੈਂਦੇ ਹਨ)।

ਪਉੜੀ ੧੮

ਸਾਵੇ ਪੀਲੇ ਪਾਨ ਹਹਿ ਓਇ ਵੇਲਹੁ ਤੁਟੇ ।

ਪਾਨਾਂ ਦੇ ਪੱਤ੍ਰ ਸਾਵੇ ਪੀਲੇ ਹੋਕੇ ਵੱਲਾਂ ਥੋਂ ਟੁੱਟਦੇ ਹਨ।

ਚਿਤਮਿਤਾਲੇ ਫੋਫਲੇ ਫਲ ਬਿਰਖਹੁੰ ਛੁਟੇ ।

ਸੁਪਾਰੀਆਂ ਦੇ ਚਿੱਤ੍ਰ ਮਿੱਤ੍ਰੋ ਫੱਲ ਬ੍ਰਿੱਛ ਤੋਂ ਡਿੱਗਦੇ ਹਨ।

ਕਥ ਹੁਰੇਹੀ ਭੂਸਲੀ ਦੇ ਚਾਵਲ ਚੁਟੇ ।

ਕੱਥ ('ਹੁਰੇਹੀ ਭੁਸਲੇ') ਹਲਕੇ ਜਿਹੇ ਭੂਸਲੇ ਰੰਗਦੀ ਹੁੰਦੀ ਹੈ, ਚਾਵਲ ਜਿੰਨੀ ('ਚੁੱਟੇ) ਕੁੱਟਕੇ (ਯਾਚੁਟਕੀ ਭਰੀ) ਪਾਈ ਜਾਂਦੀ ਹੈ।

ਚੂਨਾ ਦਿਸੈ ਉਜਲਾ ਦਹਿ ਪਥਰੁ ਕੁਟੇ ।

ਚੂਨਾ ਚਿੱਟਾ ਦਿੱਸਦਾ ਹੈ ਸਾੜਕੇ ਪੱਥਰ ਪੁਰ ਕੁੱਟੀਦਾ ਹੈ। (ਕਿ ਬ੍ਰੀਕ ਹੋ ਜਾਵੇ) (ਅਥਵਾ ਸਾੜਕੇ ਪੱਥਰਾਂ ਦਾ ਕੁਟਿਆ ਜਾਂਦਾ ਹੈ)।

ਆਪੁ ਗਵਾਇ ਸਮਾਇ ਮਿਲਿ ਰੰਗੁ ਚੀਚ ਵਹੁਟੇ ।

ਆਪੋ ਆਪਣਾ ਰੰਗ ਗਵਾਕੇ ਜਦ ਚਾਰੇ ਆਪ ਵਿਚ ਸਮਾਉਂਦੇ (ਅਭੇਦ ਹੋ ਜਾਂਦੇ) ਹਨ, ਚੀਚ ਵਹੁਟੀ ਦਾ ਰੰਗ ਦਿੰਦੇ ਹਨ, (ਗੂੜ੍ਹੇ ਲਾਲ ਗੁਲਾਲ ਹੋ ਜਾਂਦੇ ਹਨ)।

ਤਿਉ ਚਹੁ ਵਰਨਾ ਵਿਚਿ ਸਾਧ ਹਨਿ ਗੁਰਮੁਖਿ ਮੁਹ ਜੁਟੇ ।੧੮।

(ਦ੍ਰਿਸ਼ਟਾਂਤ ਇਹ ਕਿ) ਤਿਵੇਂ ਚਾਰ ਵਰਣਾਂ ਦੇ ਵਿਚੋਂ (ਜਦ) ਗੁਰਮੁਖ ਹੋਕੇ ਮੂੰਹ ਜੋੜਦੇ ਹਨ ਸਾਧ (ਸ੍ਰੇਸ਼ਟ ਹੋ ਜਾਂਦੇ) ਹਨ। (“ਲਾਲ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ”)॥

ਪਉੜੀ ੧੯

ਚਾਕਰ ਸਭ ਸਦਾਇਂਦੇ ਸਾਹਿਬ ਦਰਬਾਰੇ ।

ਨੌਕਰ ਸਾਰੇ ਸਾਹਬ ਦੇ ਦਰਬਾਰ ਦੇ ਸਦਾਉਂਦੇ ਹਨ।

ਨਿਵਿ ਨਿਵਿ ਕਰਨਿ ਜੁਹਾਰੀਆ ਸਭ ਸੈ ਹਥੀਆਰੇ ।

ਨਿੰਮ੍ਰਭੂਤ ਹੋਕੇ ਨਮਸਕਾਰਾਂ ਜਾਂ ਬੰਦਗੀਆਂ ਕਰਦੇ ਹਨ ਅਰ ਸਾਰੇ (ਤਲਵਾਰ ਆਦਿ) ਹਥੀਆਰ ਫੜੀ ਫਿਰਦੇ ਹਨ।

ਮਜਲਸ ਬਹਿ ਬਾਫਾਇਂਦੇ ਬੋਲ ਬੋਲਨਿ ਭਾਰੇ ।

ਕਚਹਿਰੀਆਂ ਵਿਚ ਬੈਠਕੇ ਆਪਣਾ ਆਪ ਜਣਾਉਂਦੇ, ਅਰ ਵਡੇ ਬੋਲ ਬੋਲਦੇ ਹਨ (ਕਿ ਅਸੀਂ ਵਡੇ ਸੂਰਬੀਰ ਹਾਂ)।

ਗਲੀਏ ਤੁਰੇ ਨਚਾਇਂਦੇ ਗਜਗਾਹ ਸਵਾਰੇ ।

ਗਲੀਆਂ ਵਿਚ ਘੋੜੇ ਨਚਾਉਂਦੇ, ਗਜਗਾਹਾਂ ਸੁਫਾਰਦੇ ਹਨ।

ਰਣ ਵਿਚਿ ਪਇਆਂ ਜਾਣੀਅਨਿ ਜੋਧ ਭਜਣਹਾਰੇ ।

(ਪਰੰਤੂ) ਜੁੱਧ ਵਿਚ ਜਾਣੇ ਜਾਂਦੇ ਹਨ ਕਿ ਸੂਰਮੇਂ ਅਰ ਕਾਇਰ ਕੌਣ ਹਨ (ਅਗੇ ਦ੍ਰਿਸ਼ਟਾਂਤ ਛੀਵੀਂ ਤੁਕ ਵਿਖੇ ਦੱਸਦੇ ਹਨ)।

ਤਿਉ ਸਾਂਗਿ ਸਿਞਾਪਨਿ ਸਨਮੁਖਾਂ ਬੇਮੁਖ ਹਤਿਆਰੇ ।੧੯।

ਅਜਿਹਾ ਹੀ ਬੇਮੁਖ ਹਤਿਆਰੇ ਜੋ ਸਨਮੁਖਾਂ ਦਾ ਸਾਂਗ ਬਣਾ ਫਿਰਦੇ ਹਨ ਸਿਾਣੇ ਜਾਂਦੇ ਹਨ।

ਪਉੜੀ ੨੦

ਜੇ ਮਾਂ ਹੋਵੈ ਜਾਰਨੀ ਕਿਉ ਪੁਤੁ ਪਤਾਰੇ ।

ਜੇਕਰ ਮਾਂ ('ਜਾਰਨੀ') ਵਿਭਚਾਰ ਕਰੇ ਤਾਂ ਪੁੱਤ੍ਰ ਉਸ ਦੀ (ਪਤਾਰੇ=) ਨਿੰਦਾ ਨਾ ਕਰੇ।

ਗਾਈ ਮਾਣਕੁ ਨਿਗਲਿਆ ਪੇਟੁ ਪਾੜਿ ਨ ਮਾਰੇ ।

ਜੇਕਰ ਗਊ ਮਾਣਕ ਨਿਗਲ ਜਾਵੇ (ਗਊ ਦਾ) ਪੇਟ ਪਾੜਕੇ ਕੋਈ ਹੱਤਯਾ ਨਹੀਂ ਕਰਦਾ।

ਜੇ ਪਿਰੁ ਬਹੁ ਘਰੁ ਹੰਢਣਾ ਸਤੁ ਰਖੈ ਨਾਰੇ ।

ਜੇਕਰ ਭਰਤਾ ਬਾਹਲੇ ਘਰਾਂ ਵਿਖੇ ਫਿਰਕੇ (ਅਯੋਗ ਕੰਮ ਕਰੇ ਤਾਂ ਪਤਿਬ੍ਰਤਾ) ਇਸਤ੍ਰੀ ਸਤ ਰਖਦੀ ਹੈ (ਉਹ ਵਿਭਚਾਰ ਨਹੀਂ ਕਰਦੀ)।

ਅਮਰੁ ਚਲਾਵੈ ਚੰਮ ਦੇ ਚਾਕਰ ਵੇਚਾਰੇ ।

ਰਾਜਾ ਦਾ (ਅਮਰ=) ਹੁਕਮ ਚੰਮ ਦੇ ਚਮੜੇ ਚਲਾਵੇ ਤਦ ਚਾਕਰ ਬੇਚਾਰੇ (ਅਰਥਾਤ ਲਾਚਾਰ) ਹਨ, (ਹੁਕਮ ਮੰਨਦੇ ਹਨ)।

ਜੇ ਮਦੁ ਪੀਤਾ ਬਾਮ੍ਹਣੀ ਲੋਇ ਲੁਝਣਿ ਸਾਰੇ ।

ਜੇਕਰ ਬਾਹਮਣੀ ਸ਼ਰਾਬ ਪੀਵੇ ਤਾਂ ਲੋਕ ਸਾਰੇ ਕੱਜਦੇ ਹਨ। (ਬਾਹਮਣੀ ਨੂੰ ਮਾਰਦੇ ਨਹੀਂ)।

ਜੇ ਗੁਰ ਸਾਂਗਿ ਵਰਤਦਾ ਸਿਖੁ ਸਿਦਕੁ ਨ ਹਾਰੇ ।੨੦।

ਜੇਕਰ ਗੁਰੂ ਸਾਂਗ ਕੋਈ ਵਰਤੇ (ਭਾਵ ਸਿੱਖ ਦੀ ਪਰੀਛਾ ਲਈ ਕੋਈ ਕਠਨ ਕੰਮ ਕਰੇ ਤਾਂ) ਸਿੱਖ (ਨੂੰ ਚਾਹੀਦਾ ਹੈ ਕਿ ਉਹ ਆਪਣਾ) ਨਿਸ਼ਚਯ ਜਿਉਂ ਦਾ ਤਿਉਂ ਰੱਖੇ।

ਪਉੜੀ ੨੧

ਧਰਤੀ ਉਪਰਿ ਕੋਟ ਗੜ ਭੁਇਚਾਲ ਕਮੰਦੇ ।

ਜਦ ਭੁਚਾਲ ਆਂਵਦਾ ਹੈ ਧਰਤੀ ਉਪਰ ਕਿਲੇ ਤੇ ਕੋਟ (ਸਾਰੇ ਕਮੰਦੇ=) ਕੰਬਦੇ ਹਨ।

ਝਖੜਿ ਆਏ ਤਰੁਵਰਾ ਸਰਬਤ ਹਲੰਦੇ ।

ਹਨੇਰੀ ਦੇ ਵਗਣ ਨਾਲ ਬ੍ਰਿਛ ਸਾਰੇ ਹਿੱਲਣ ਲਗ ਪੈਂਦੇ ਹਨ।

ਡਵਿ ਲਗੈ ਉਜਾੜਿ ਵਿਚਿ ਸਭ ਘਾਹ ਜਲੰਦੇ ।

ਜਦ ਬਨ ਵਿਖੇ (ਡਵ=) ਬਨ ਦੀ ਅੱਗ ਲਗਦੀ ਹੈ ਸਾਰੇ ਘਾਹ ਸੜ ਜਾਂਦੇ ਹਨ।

ਹੜ ਆਏ ਕਿਨਿ ਥੰਮੀਅਨਿ ਦਰੀਆਉ ਵਹੰਦੇ ।

ਹੜਾਂ ਦੇ ਆਇਆਂ ਵਗਦੇ ਦਰਿਆਵਾਂ ਨੂੰ ਕੌਣ ਥੰਮ ਸਕਦਾ ਹੈ?

ਅੰਬਰਿ ਪਾਟੇ ਥਿਗਲੀ ਕੂੜਿਆਰ ਕਰੰਦੇ ।

ਅੰਬਰ ਪਾਟੇ ਹੋਏ ਨੂੰ 'ਬਿਗਲੀ' (ਟਾਕੀ) ਕੂੜੇ ਲੋਕ ਹੀ ਲਾਉਂਦੇ ਹਨ, (ਭਾਵ ਕੋਈ ਨਹੀਂ ਲਾ ਸਕਦਾ)।

ਸਾਂਗੈ ਅੰਦਰਿ ਸਾਬਤੇ ਸੇ ਵਿਰਲੇ ਬੰਦੇ ।੨੧।

(ਗੱਲ ਕੀ) ਸਾਂਗ ਦੇ ਅੰਦਰ ਜੋ ਭਰੋਸਾ ਰੱਖਦੇ ਹਨ, ਓਹ (ਈਸ਼ਵਰ ਦੇ) ਦਾਸ ਬਹੁਤ ਥੋੜੇ ਹਨ।

ਪਉੜੀ ੨੨

ਜੇ ਮਾਉ ਪੁਤੈ ਵਿਸੁ ਦੇ ਤਿਸ ਤੇ ਕਿਸੁ ਪਿਆਰਾ ।

ਜੇਕਰ ਮਾਂ ਹੀ ਪੁੱਤ੍ਰ ਨੂੰ ਜ਼ਹਿਰ ਦੇਵੇ ਤਾਂ ਉਸ ਤੋਂ (ਹੋਰ) ਕਿਸੇ ਨੂੰ (ਪੁਤ) ਪਿਆਰਾ ਹੈ? (ਕਿਸੇ ਨੂੰ ਨਹੀਂ)।

ਜੇ ਘਰੁ ਭੰਨੈ ਪਾਹਰੂ ਕਉਣੁ ਰਖਣਹਾਰਾ ।

ਜੇ ਰਾਖਾ ਹੀ ਘਰ ਭੰਨਣ ਲਗ ਜਾਵੇ ਤਾਂ ਕੌਣ ਰੱਖਿਆ ਕਰ ਸਕਦਾ ਹੈ?

ਬੇੜਾ ਡੋਬੈ ਪਾਤਣੀ ਕਿਉ ਪਾਰਿ ਉਤਾਰਾ ।

('ਪਾਤਣੀ') ਮਲਾਹ ਹੀ ਬੇੜੀ ਡੋਬਣ ਤੇ ਆਵੇ ਤਾਂ ਕਿਵੇਂ ਪਾਰ ਉਤਾਰਾ ਹੋ ਸਕਦਾ ਹੈ?

ਆਗੂ ਲੈ ਉਝੜਿ ਪਵੈ ਕਿਸੁ ਕਰੈ ਪੁਕਾਰਾ ।

('ਆਗੂ') ਰਾਹ ਦੱਸਣ ਵਾਲਾ ਹੀ ਉਜਾੜ ਵਿਖੇ ਲੈ ਜਾਵੇ ਤਾਂ ਕਿਸ ਦੇ ਅੱਗੇ ਹਾਲ ਪਾਹਰਿਆ ਕਰੇਗਾ?

ਜੇ ਕਰਿ ਖੇਤੈ ਖਾਇ ਵਾੜਿ ਕੋ ਲਹੈ ਨ ਸਾਰਾ ।

ਜੇਕਰ ਵਾੜ ਹੀ ਖੇਤੀ ਨੂੰ ਖਾਣ ਲਗ ਜਾਵੇ, ਤਾਂ ਕੋਈ ਖਬਰ ਨਹੀਂ ਲੈ ਸਕਦਾ।

ਜੇ ਗੁਰ ਭਰਮਾਏ ਸਾਂਗੁ ਕਰਿ ਕਿਆ ਸਿਖੁ ਵਿਚਾਰਾ ।੨੨।

ਜੇ ਗੁਰੂ ਹੀ (ਸਿਖ ਨੂੰ ਕੋਈ) ਸਾਂਗ (ਭੇਖ) ਬਦਲਾਕੇ ਭਰਮਾਇਆ ਚਾਹੇ ਤਦ ਸਿਖ ਵਿਚਾਰਾ ਕੀ ਕਰ ਸਕਦਾ ਹੈ।

ਪਉੜੀ ੨੩

ਜਲ ਵਿਚਿ ਕਾਗਦ ਲੂਣ ਜਿਉ ਘਿਅ ਚੋਪੜਿ ਪਾਏ ।

ਕਾਗਜ਼ ਤੇ ਲੂਣ ਘਿਉ ਵਿਚ ਥਿੰਥੇ ਕਰ ਕੇ ਪਾਣੀ ਵਿਚ ਪਾਇਆਂ ਜਿਕੂੰ (ਘੱਟ ਗਲਦੇ ਹਨ)। (ਗਯਾਨੀ ਇਉਂ ਬੀ ਕਹਿੰਦੇ ਹਨ ਕਿ ਲੂਣ ਘਿਉ ਦੇ 'ਚੋਪੜ' ਮਟਕੇ ਵਿਚ ਪਾਓ ਤਾਂ ਨਹੀਂ ਗਲਦਾ)।

ਦੀਵੇ ਵਟੀ ਤੇਲੁ ਦੇ ਸਭ ਰਾਤਿ ਜਲਾਏ ।

ਦੀਵੇ ਵਿਚ ਵੱਟੀ ਤੇਲ ਦੇ ਆਸਰੇ ਨਾਲ ਸਾਰੀ ਰਾਤ ਭਰ ਵਿਚ ਨਹੀ ਸੜਦੀ)।

ਵਾਇ ਮੰਡਲ ਜਿਉ ਡੋਰ ਫੜਿ ਗੁਡੀ ਓਡਾਏ ।

ਅਕਾਸ਼ ਵਿਖੇ ਡੋਰ ਦੇ ਆਸਰੇ ਨਾਲ ਫੜਕੇ ਗੁਡੀ ਉਡਾਈ ਜਾਂਦੀ ਹੈ।

ਮੁਹ ਵਿਚਿ ਗਰੜ ਦੁਗਾਰੁ ਪਾਇ ਜਿਉ ਸਪੁ ਲੜਾਏ ।

ਮੂੰਹ ਵਿਚ ਸੱਪ ਦੀ ਮਣੀ (ਅਥਵਾ ਬੂਟੀ) ਰੱਖਕੇ ਕੋਈ ਸੱਪ ਲੜਾਏ (ਤਾ ਸੱਪ ਦਾ ਅਸਰ ਕੁਝ ਨਹੀਂ ਹੋ ਸਕਦਾ)।

ਰਾਜਾ ਫਿਰੈ ਫਕੀਰੁ ਹੋਇ ਸੁਣਿ ਦੁਖਿ ਮਿਟਾਏ ।

ਰਾਜਾ ਫਕੀਰ ਹੋਕੇ (ਰਾਤ) ਨਗਰ ਵਿਖੇ ਫਿਰੇ ਤਾਂ ਦੁਖ ਸੁਣਕੇ ਮਿਟਾਉਂਦਾ ਹੈ, (ਤਿਵੇਂ ਹੀ ਗੁਰੂ ਦੀ ਸਾਂਗ ਬਣਾ ਕੇ ਸਿਖ ਦੇ ਦੁਖ ਦੂਰ ਕਰਦੇ ਹਨ)

ਸਾਂਗੈ ਅੰਦਰਿ ਸਾਬਤਾ ਜਿਸੁ ਗੁਰੂ ਸਹਾਏ ।੨੩।੩੫। ਪੈਂਤੀਹ ।

ਪਰੰਤੂ ਸਾਂਗ ਦੇ ਅੰਦਰ ਸਾਬਤ ਓਹ ਰਹਿੰਦੇ ਹਨ, ਜਿਸ ਪੁਰ ਗੁਰੂ ਸਹਾਇਤਾ ਕਰਦੇ ਹਨ।


Flag Counter