ਵਾਰਾਂ ਭਾਈ ਗੁਰਦਾਸ ਜੀ

ਅੰਗ - 34


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਸਤਿਗੁਰ ਪੁਰਖੁ ਅਗੰਮੁ ਹੈ ਨਿਰਵੈਰੁ ਨਿਰਾਲਾ ।

ਸਤਿਗੁਰੂ (ਨਾਨਕ ਦੇਵ ਯਾ ਵਾਹਿਗੁਰੂ) ਪੁਰਖ, ਅਗੰਮ, ਨਿਰਵੈਰ ਅਤੇ ਨਿਰਲੇਪ ਹੈ, (ਭਾਵ ਦੁਖ ਸੁਖ ਦੇਣਹਾਰੇ ਕਰਮ ਹਨ)।

ਜਾਣਹੁ ਧਰਤੀ ਧਰਮ ਕੀ ਸਚੀ ਧਰਮਸਾਲਾ ।

ਧਰਮ ਦੀ ਸੱਚੀ ਧਰਮਸਾਲ ਰੂਪ ਧਰਤੀ ਨੂੰ ਜਾਣੋ।

ਜੇਹਾ ਬੀਜੈ ਸੋ ਲੁਣੈ ਫਲੁ ਕਰਮ ਸਮ੍ਹਾਲਾ ।

ਜੇਹਾ (ਕੋਈ) ਬੀਜਦਾ ਹੈ ਤਿਹਾ ਹੀ ਵੱਢਦਾ ਹੈ, (ਤਿਵੇਂ) ਫਲ ਦੀ ਸਮ੍ਹਾਲ ਕਰਮਾਂ ਅਨੁਸਾਰ ਹੁੰਦੀ ਹੈ।

ਜਿਉ ਕਰਿ ਨਿਰਮਲੁ ਆਰਸੀ ਜਗੁ ਵੇਖਣਿ ਵਾਲਾ ।

ਜਿੱਕੁਰ ਨਿਰਮਲ ਸ਼ੀਸ਼ਾ ਹੈ, ਜਗਤ (ਉਸ ਵਿਚ ਆਪਣਾ ਮੂੰਹ) ਵੇਖਣ ਵਾਲਾ ਹੈ।

ਜੇਹਾ ਮੁਹੁ ਕਰਿ ਭਾਲੀਐ ਤੇਹੋ ਵੇਖਾਲਾ ।

ਜਿਹਾ ਮੂੰਹ ਕਰ ਕੇ ਵੇਖੋ (ਸ਼ੀਸ਼ਾ) ਤਿਹਾ ਹੀ ਵਿਖਾਲਦਾ ਹੈ।

ਸੇਵਕੁ ਦਰਗਹ ਸੁਰਖਰੂ ਵੇਮੁਖੁ ਮੁਹੁ ਕਾਲਾ ।੧।

ਸੇਵਕ ਦਰਗਾਹ ਵਿਖੇ ਸੁਰਖਰੂ (ਪਤ ਨਾਲ) ਜਾਂਦਾ ਹੈ, ਵੇਮੁਖ ਦਾ ਮੂੰਹ ਕਾਲਾ ਹੁੰਦਾ ਹੈ। (ਯਥਾ:-'ਸਤਿਗੁਰ ਤੇ ਜੋ ਮੂੰਹ ਫੇਰੇ ਤੇ ਵੇਮੁਖਿ ਬੁਰੇ ਦਿਸੰਨਿ॥ ਅਨਦਿਨੁ ਬਧੇ ਮਾਰੀਅਨਿ ਫਿਰਿ ਵੇਲਾ ਨ ਲਹੰਨਿ)॥

ਪਉੜੀ ੨

ਜੋ ਗੁਰ ਗੋਪੈ ਆਪਣਾ ਕਿਉ ਸਿਝੈ ਚੇਲਾ ।

ਜਿਹੜਾ ਚੇਲਾ (ਗੁਰੂ ਦਾ ਸਿਖ ਬਣਕੇ ਫੇਰ) ਆਪਣੇ ਗੁਰੂ ਨੂੰ ਛਿਪਾਕੇ (ਆਪ ਹੁਦਰਾ ਹੋ ਜਾਵੇ) ਉਹ ਕਿੱਕੁਰ ਮੁਕਤ ਹੋ ਸਕੇ? (ਕਦੇ ਨਹੀ। ਉਸ ਦਾ ਕੀ ਹਾਲ ਹੋਂਵਦਾ ਹੈ?)

ਸੰਗਲੁ ਘਤਿ ਚਲਾਈਐ ਜਮ ਪੰਥਿ ਇਕੇਲਾ ।

(ਗਲ ਵਿਖੇ) ਸੰਗਲ ਪਾਕੇ ਜਮ ਮਾਰਗ ਵਿਖੇ ਇਕੱਲਾ ਛਡੀਦਾ ਹੈ, (ਗੁਰੂ ਸਹਾਈ ਨਹੀਂ ਹੁੰਦਾ)।

ਲਹੈ ਸਜਾਈਂ ਨਰਕ ਵਿਚਿ ਉਹੁ ਖਰਾ ਦੁਹੇਲਾ ।

ਉਹ ਨਰਕ ਦੀ ਪੀੜਾਂ ਸਹਾਰਦਾ ਅਰ ਖਰਾ ਦੁਖੀ ਹੁੰਦਾ ਹੈ।

ਲਖ ਚਉਰਾਸੀਹ ਭਉਦਿਆਂ ਫਿਰਿ ਹੋਇ ਨ ਮੇਲਾ ।

(ਨਰਕੋਂ ਨਿਕਲਕੇ) ਚੌਰਾਸੀ ਲਖ ਜੂਨ ਦੀ ਫਾਸੀ ਪੈ ਜਾਂਦੀ ਹੈ ਤੇ ਫਿਰ (ਗੁਰੂ ਨਾਲ) ਮਿਲਾਪ ਨਹੀਂ ਹੁੰਦਾ।

ਜਨਮੁ ਪਦਾਰਥੁ ਹਾਰਿਆ ਜਿਉ ਜੂਏ ਖੇਲਾ ।

(ਮਾਨੁਖ) ਜਨਮ ਪਦਾਰਥ ਹੱਥ ਲੱਗਾ ਸੀ, (ਓਹ ਮਾਨੋਂ ਜੂਏ ਦੀ ਖੇਡ ਵਿਖੇ (ਭਾਵ ਵਿਖਿਆਂ ਵਿਖੇ ਲੱਗਕੇ) ਹਾਰ ਦਿੱਤਾ ਹੈ।

ਹਥ ਮਰੋੜੈ ਸਿਰੁ ਧੁਨੈ ਉਹੁ ਲਹੈ ਨ ਵੇਲਾ ।੨।

ਹੱਥਾਂ ਨੂੰ ਮਲੇ, ਸਿਰ ਨੂੰ ਫੇਰੇ, ਪਰ ਓਹ ਵੇਲਾ ਹੱਥੀਂ ਨਹੀਂ ਆਉਂਦਾ।

ਪਉੜੀ ੩

ਆਪਿ ਨ ਵੰਞੈ ਸਾਹੁਰੇ ਸਿਖ ਲੋਕ ਸੁਣਾਵੈ ।

(ਵਹੁਟੀ) ਆਪ ਤਾਂ ਸਾਹੁਰੇ ਘਰ ਜਾਂਦੀ ਨਹੀਂ ਪਰ ਲੋਕਾਂ ਨੂੰ ਸਿੱਖਯਾ ਦੇਂਦੀ ਹੈ (ਕਿ ਸਾਹੁਰੇ ਘਰ ਰਹਿਣਾ ਵੱਡਾ ਚੰਗਾ ਤੇ ਸੱਸ ਸਹੁਰੇ ਦੀ ਆਗਿਆ ਵਿਚ ਚੱਲਣਾ ਸ੍ਰੇਸ਼ਟ ਹੈ)

ਕੰਤ ਨ ਪੁਛੈ ਵਾਤੜੀ ਸੁਹਾਗੁ ਗਣਾਵੈ ।

ਭਰਤਾ (ਤਾਂ ਕਦੀ) ਗੱਲ ਹੀ ਨਹੀਂ ਕਰਦਾ, ਲੋਕਾਂ ਵਿਖੇ ਆਪਣਾ ਸੁਹਾਗ ਦੱਸਦੀ ਹੈ (ਕਿ ਮੈਂ ਵੱਡੀ ਸੋਹਾਗਣ ਹਾਂ, ਕਿਉਂ ਜੋ ਪਤੀ ਮੇਰੇ ਅਧੀਨ ਹੈ)

ਚੂਹਾ ਖਡ ਨ ਮਾਵਈ ਲਕਿ ਛਜੁ ਵਲਾਵੈ ।

ਚੂਹਾ ਆਪ ਤਾਂ ਖੁੱਡ ਵਿਖੇ ਮਾਂਵਦਾ ਨਹੀਂ ਲੱਕ ਨਾਲ ਛੱਜ ਬੰਨ੍ਹਦਾ ਹੈ।

ਮੰਤੁ ਨ ਹੋਇ ਅਠੂਹਿਆਂ ਹਥੁ ਸਪੀਂ ਪਾਵੈ ।

ਬਿੱਛੁ ਦਾ ਮੰਤ੍ਰ ਨਹੀਂ ਆਉਂਦਾ ਪਰ ਸੱਪਾਂ ਨੂੰ ਹੱਥ ਪਾਉਂਦਾ ਹੈ।

ਸਰੁ ਸੰਨ੍ਹੈ ਆਗਾਸ ਨੋ ਫਿਰਿ ਮਥੈ ਆਵੈ ।

(ਜੋ ਮੂਰਖ) ਆਕਾਸ਼ ਨੂੰ ਬਾਣ ਮਾਰੂ ਫੇਰ ਉਸ ਦੇ ਮੱਥੇ ਨੂੰ ਹੀ ਆਵੇਗਾ।

ਦੁਹੀ ਸਰਾਈਂ ਜਰਦ ਰੂ ਬੇਮੁਖ ਪਛੁਤਾਵੈ ।੩।

(ਛੀਵੀਂ ਤੁਕ ਵਿਖੇ ਸਿੱਟਾ ਦੱਸਦੇ ਹਨ) ਬੇਮੁਖ (ਲੋਕ ਪਰਲੋਕ) ਦੋਹ ਥਾਵਾਂ ਵਿਖੇ ਸ਼ਰਮਿੰਦਾ ਹੋਕੇ ਪਛੁਤਾਵੇਗਾ।

ਪਉੜੀ ੩

ਰਤਨ ਮਣੀ ਗਲਿ ਬਾਂਦਰੈ ਕਿਹੁ ਕੀਮ ਨ ਜਾਣੈ ।

ਬਾਂਦਰ ਦੇ ਗਲ ਵਿਖੇ ਰਤਨਾਂ ਦੀ ਮਣੀ (ਪਾਈਏ) ਉਹ ਕੁਝ ਮੁੱਲ ਨਹੀਂ ਜਾਣਦਾ, (ਭਾਰ ਹੀ ਗੱਲ ਵਿਖੇ ਸਮਝਕੇ ਸਿੱਟ ਦੇਂਦਾ ਹੈ।

ਕੜਛੀ ਸਾਉ ਨ ਸੰਮ੍ਹਲੈ ਭੋਜਨ ਰਸੁ ਖਾਣੈ ।

ਕੜਛੀ ਸੁਆਦ ਨਹੀਂ ਲੈਂਦੀ (ਭਾਵੇਂ) ਕਈ ਪਰਕਾਰ ਦੇ ਭੋਜਨਾਂ ਅਰ ਖਾਣਿਆਂ ਦੇ ਰਸਾਂ (ਸੁਆਦਾਂ ਵਿਖੇ ਫਿਰਦੀ ਹੈ) ('ਕੜਛੀਆ' ਫਿਰੰਨ੍ਹਿ ਸੁਆਉ ਨਾ ਜਾਣਨਿ ਸੁੀਆ)।

ਡਡੂ ਚਿਕੜਿ ਵਾਸੁ ਹੈ ਕਵਲੈ ਨ ਸਿਞਾਣੈ ।

ਡੱਡੂ ਦਾ ਚਿੱਕੜ ਵਿਖੇ ਨਿਵਾਸ ਹੈ, (ਪਰੰਤੂ ਉਥੇ ਹੀ ਕਵਲ (ਹੁੰਦਾ ਹੈ) ਸਿਾਣ ਨਹੀਂ ਕਰਦਾ, (ਸਿਵਾਲ ਵਿਚ ਹੀ ਮਸਤ ਰਹਿੰਦਾ ਹੈ)।

ਨਾਭਿ ਕਥੂਰੀ ਮਿਰਗ ਦੈ ਫਿਰਦਾ ਹੈਰਾਣੈ ।

ਮਿਰਗ ਦੀ ਨਾਭੀ ਵਿਖੇ ਹੀ ਕਸਤੁਰੀ ਹੈ। ਹੈਰਾਨ ਹੋਇਆ ਲੱਭਦਾ ਫਿਰਦਾ ਹੈ (ਕਿ ਕਿਧਰੋਂ ਸੁਗੰਧੀ ਆ ਰਹੀ ਹੈ, ਆਪਣੇ ਨਾਭੀ ਵਲ ਧਿਆਨ ਨਹੀਂ ਦਿੰਦਾ, ਤਿਹਾ ਹੀ ਅੰਦਰ ਹੀ ਆਤਮਾਂ ਦਾ ਨਿਵਾਸ ਹੈ, ਬੇਮੁਖ ਬਾਹਰ ਸੁਖਾਂ ਨੂੰ ਢੂੰਡਦਾ ਥੱਕ ਕੇ ਮਰ ਜਾਂਦਾ ਹੈ)।

ਗੁਜਰੁ ਗੋਰਸੁ ਵੇਚਿ ਕੈ ਖਲਿ ਸੂੜੀ ਆਣੈ ।

ਗੁੱਜਰ ਦੁੱਧ ਵੇਚਕੇ ਖਲ ਅਤੇ ਛਾਣ ਬੂਰਾ ਲੈ ਆਉਂਦਾ ਹੈ।

ਬੇਮੁਖ ਮੂਲਹੁ ਘੁਥਿਆ ਦੁਖ ਸਹੈ ਜਮਾਣੈ ।੪।

(ਤਿਵੇਂ) ਬੇਮੁਖ ਮੂਲ ਥੋਂ ਭੁੱਲਿਆ ਹੋਇਆ ਅੰਤ ਨੂੰ ਜਮਾਂ ਦੇ ਕਸ਼ਟ ਪਿਆ ਸਹਾਰਦਾ ਹੈ।

ਪਉੜੀ ੫

ਸਾਵਣਿ ਵਣਿ ਹਰੀਆਵਲੇ ਸੁਕੈ ਜਾਵਾਹਾ ।

ਸਾਵਣ (ਦੇ ਮਹੀਨੇ ਵਰਖਾ ਹੋਣ ਨਾਲ) ਬ੍ਰਿੱਛ ਹਰੇ ਹੁੰਦੇ ਹਨ। (ਪਰ) ਜੁਵਾਹਾਂ ਸੁੱਕ ਜਾਂਦਾ ਹੈ।

ਸਭ ਕੋ ਸਰਸਾ ਵਰਸਦੈ ਝੂਰੇ ਜੋਲਾਹਾ ।

ਬਾਰਸ਼ ਨਾਲ ਸਭਨਾਂ ਦੇ (ਮਨ) ਅਨੰਤਿ ਹੁੰਦੇ ਹਨ, ਪਰੰਤੂ ਜੁਲਾਹਾ ਝੁਰਦਾ ਹੈ (ਭਾਵ ਆਪ ਸਵਾਰਥੀ ਹੋਕੇ ਆਪਣੀ ਤਾਣੀ ਦੀ ਚਿੰਤਾ ਕਰਦਾ ਹੈ)।

ਸਭਨਾ ਰਾਤਿ ਮਿਲਾਵੜਾ ਚਕਵੀ ਦੋਰਾਹਾ ।

ਰਾਤ ਨੂੰ (ਆਪੋ ਆਪਣੇ ਘਰੀਂ) ਸਭ ਦਾ ਮਿਲਾਪ ਹੁੰਦਾ ਹੈ, (ਪਰੰਤੂ) ਚਕਵੀ (ਚੱਕ੍ਰਿਤ ਹੋਕਰ ਦੋ ਰਾਹਾਂ ਵਿਚ ਫਸੀ ਹੋਈ) ਦੋ ਦਿਲੀ ਰਹਿੰਦੀ ਹੈ।

ਸੰਖੁ ਸਮੁੰਦਹੁ ਸਖਣਾ ਰੋਵੈ ਦੇ ਧਾਹਾ ।

ਸੰਖ ਸਮੁੰਦ੍ਰ ਥੋਂ ਖਾਲੀ ਨਿਕਲਦਾ ਹੈ, (ਇਸ ਲਈ ਪ੍ਰਾਤਾਕਾਲ ਤੇ ਸੰਧਿਆ ਸਮੇਂ) ਧਾਹਾਂ ਮਾਰ ਮਾਰ ਰੋਂਦਾ ਹੈ ('ਦੇਵਲ ਦੇਵਲ ਧਾਹੜੀ ਦੇਸਹਿ ਉਗਵਤੇ ਸੂਰ')।

ਰਾਹਹੁ ਉਝੜਿ ਜੋ ਪਵੈ ਮੁਸੈ ਦੇ ਫਾਹਾ ।

ਸਿੱਧੇ ਰਸਤਿਓਂ ਜੋ ਪ੍ਰਾਣੀ ਉਜਾੜ ਨੂੰ ਜਾਵੇ (ਚੋਰ ਲੋਕ ਗਲ ਵਿਖੇ) ਫਾਹਾ ਪਾਕੇ (ਉਸ ਨੂੰ) ਲੁਟ ਲੈਂਦੇ ਹਨ।

ਤਿਉ ਜਗ ਅੰਦਰਿ ਬੇਮੁਖਾਂ ਨਿਤ ਉਭੇ ਸਾਹਾ ।੫।

ਤਿਵੇਂ ਜਗਤ ਵਿਖੇ ਬੇਮੁਖ ਸਦਾ ਉੱਭੇ ਸਾਹ ਲੈਂਦੇ ਹਨ। (ਦੁਖੀ ਰਹਿੰਦੇ ਹਨ)।

ਪਉੜੀ ੬

ਗਿਦੜ ਦਾਖ ਨ ਅਪੜੈ ਆਖੈ ਥੂਹ ਕਉੜੀ ।

(ਜਦ) ਗਿੱਦੜ (ਕਿਸੇ) ਦਾਖ (ਦੇ ਬੂਟੇ) ਤੀਕ ਪਹੁੰਚ ਨਾ ਸੱਕੇ (ਤਦੋਂ) ਥੂਹ ਕਉੜੀ ਆਖ ਕੇ (ਚਲਿਆ ਜਾਂਦਾ ਹੈ ਕਿ ਕਿਸੇ ਕੰਮ ਦੀ ਨਹੀਂ, ਖੱਟੀ ਟੀਟ ਹੈ, ਆਪ ਪਹੁੰਚ ਨਹੀਂ ਸਕਦਾ ਦੋਸ਼ ਦਾਖ ਦੇ ਸਿਰ ਤੇ ਮਲਦਾ ਹੈ)।

ਨਚਣੁ ਨਚਿ ਨ ਜਾਣਈ ਆਖੈ ਭੁਇ ਸਉੜੀ ।

(ਨੱਚਣ ਵਾਲੀ) ਨੱਚਣੀ (ਆਪ ਤਾਂ) ਨੱਚਣਾ ਜਾਣਦੀ ਨਹੀਂ, ਕਹਿੰਦੀ ਹੈ ਕਿ ਇਹ ਥਾਉਂ ਭੀੜੀ ਹੈ।

ਬੋਲੈ ਅਗੈ ਗਾਵੀਐ ਭੈਰਉ ਸੋ ਗਉੜੀ ।

ਬੋਲੇ ਅੱਗੇ ਜੇਕਰ ਗਾਈਏ, ਜਿਹਾ ਭੈਰਉ ਰਾਗ ਤਿਹਾ ਹੀ ਗਊੜੀ ਹੈ, (ਉਸ ਦੇ ਭਾਣੇ ਸਵੇਰ ਅਤੇ ਲੌਢੇ ਪਹਿਰ ਦਾ ਰਾਗ ਇਕੋ ਜਿਹਾ ਹੈ ਕਿਉਂ ਜੋ ਉਹ ਤਾਂ ਸੁਣਦਾ ਹੀ ਨਹੀਂ)।

ਹੰਸਾਂ ਨਾਲਿ ਟਟੀਹਰੀ ਕਿਉ ਪਹੁਚੈ ਦਉੜੀ ।

ਹੰਸਾਂ ਦੇ ਨਾਲ ਟਟੀਹਰੀ (ਨਿੱਕੀ ਗੁਟਾਰ) ਕਿੱਕੁਰ ਦੌੜਕੇ ਪਹੁੰਚ ਸਕਦੀ ਹੈ।

ਸਾਵਣਿ ਵਣ ਹਰੀਆਵਲੇ ਅਕੁ ਜੰਮੈ ਅਉੜੀ ।

ਸਾਵਣ ਵਿਚ ਬ੍ਰਿੱਛਾਂ (ਜਾਂ ਬਨ) ਹਰੇ ਹੁੰਦੇ ਹਨ, (ਪਰ) ਅੱਕ ਔੜ ਵਿਚ ਉਗਦਾ ਹੈ। (ਸਾਵਣ ਵਿਚ ਨਹੀਂ ਮੌਲਦਾ)।

ਬੇਮੁਖ ਸੁਖੁ ਨ ਦੇਖਈ ਜਿਉ ਛੁਟੜਿ ਛਉੜੀ ।੬।

(ਤਿਵੇਂ) ਬੇਮੁਖ ਸੁਖ ਨਹੀਂ ਪਾਉਂਦੇ, ਜਿਸ ਤਰ੍ਹਾਂ ਛੁੱਟੜ ਇਸਤ੍ਰੀ ਦੁਖੀ ਹੈ।

ਪਉੜੀ ੭

ਭੇਡੈ ਪੂਛਲਿ ਲਗਿਆਂ ਕਿਉ ਪਾਰਿ ਲੰਘੀਐ ।

ਭੇਡ ਦੀ ਪੂਛ ਫੜਕੇ (ਕੋਈ ਨਦੀ ਪਾਰ ਜਾਣਾ ਚਾਹੇ, ਕਿਉਂ ਕਰ ਲੰਘ ਸਕੂ, (ਭਾਵ ਵਿਚੇ ਹੀ ਗੋਤੇ ਖਾਊ)।

ਭੂਤੈ ਕੇਰੀ ਦੋਸਤੀ ਨਿਤ ਸਹਸਾ ਜੀਐ ।

ਭੂਤ ਦੀ ਪ੍ਰੀਤ ਨਾਲ ਨਿਤ ਜੀਵਣ ਦਾ ਸੰਸਾ ਹੀ ਰਹਿੰਦਾ ਹੈ, (ਖਬਰ ਨਹੀਂ ਕਦੋਂ ਮਿੱਤਰ ਨੂੰ ਹੀ ਮਾਰ ਸੱਟੂ)।

ਨਦੀ ਕਿਨਾਰੈ ਰੁਖੜਾ ਵੇਸਾਹੁ ਨ ਕੀਐ ।

ਨਦੀ ਦੇ ਕੰਢੇ ਦੇ ਬ੍ਰਿੱਛ ਦਾ ਭਰੋਸਾ ਕਰਨਾ ਜੋਗ ਨਹੀਂ (ਕਿਉਂ ਜੋ ਥੋੜੇ ਹੀ ਪਾਣੀ ਦੇ ਵੇਗ ਨਾਲ ਡਿਗ ਪੈਂਦਾ ਹੈ)।

ਮਿਰਤਕ ਨਾਲਿ ਵੀਆਹੀਐ ਸੋਹਾਗੁ ਨ ਥੀਐ ।

ਮੁਰਦੇ ਨਾਲ ਵਿਵਾਹ ਕਰਨ ਨਾਲ ਸੋਹਾਗ ਨਹੀਂ ਹੁੰਦਾ (ਭਾਵ ਰੰਡੇਪਾ ਹੀ ਰਹੁ)।

ਵਿਸੁ ਹਲਾਹਲ ਬੀਜਿ ਕੈ ਕਿਉ ਅਮਿਉ ਲਹੀਐ ।

ਵਿਸ ਹਲਾਹਲ (ਅਰਥਾਤ ਤੇਲੀਆ ਮਹੁਰਾ) ਬਾਜਕੇ ਕਿੱਕੁਰ ਅੰਮ੍ਰਿਤ (ਫਲ) ਕਟ ਸੱਕੀਦੇ ਹਨ? (ਭਾਵ ਮੌਤ ਹੀ ਤਿਆਰ ਹੈ)। (ਹੁਣ ਛੇਵੀਂ ਤੁਕ ਵਿਖੇ ਦਾਰਸ਼ਟਾਂਤ ਦਸਦੇ ਹਨ)।

ਬੇਮੁਖ ਸੇਤੀ ਪਿਰਹੜੀ ਜਮ ਡੰਡੁ ਸਹੀਐ ।੭।

ਗੁਰੂ ਤੋਂ ਬੇਮੁਖ ਨਾਲ ਪ੍ਰੀਤ ਕਰਨ ਵਿਖੇ ਜਮ ਦਾ ਡੰਡਾ ਸਹਾਰਨਾ ਪੈਂਦਾ ਹੈ। (ਯਥਾ:- “ਕਬੀਰ ਸਾਕਤ ਸੰਗੁ ਨਾ ਕੀਜੀਐ ਦੂਰਹਿ ਜਾਈਐ ਭਾਗਿ॥ ਬਾਸਨ ਕਾਰੋ ਪਰਸੀਐ ਤਉ ਕਿਛੁ ਲਾਗੇ ਦਾਗੁ'॥)

ਪਉੜੀ ੮

ਕੋਰੜੁ ਮੋਠੁ ਨ ਰਿਝਈ ਕਰਿ ਅਗਨੀ ਜੋਸੁ ।

ਕੋਰੜੂ ਮੋਠ (ਦਾ ਦਾਣਾ) ਰਿੱਝਦਾ ਨਹੀਂ, ਭਾਵੇਂ ਅੱਗ ਦੇਕੇ ਕਿੰਨਾ ਉਬਾਲੇ।

ਸਹਸ ਫਲਹੁ ਇਕੁ ਵਿਗੜੈ ਤਰਵਰ ਕੀ ਦੋਸੁ ।

ਹਜ਼ਾਰ ਫਲਾਂ ਵਿਚੋਂ (ਜੇਕਰ) ਇਕ (ਫਲ) ਵਿਗੜ (ਡਿਗ) ਜਾਵੇ ਤਾਂ ਬ੍ਰਿਛ ਦਾ ਕੀ ਦੁਖਦਾ ਹੈ? (ਬ੍ਰਿਛ ਤਾਂ ਨਹੀਂ ਡਿੱਗਦਾ, ਤਿਵੇਂ ਬੇਮੁਖ ਦਾ ਆਪ ਪਤਿਤ ਹੋਣ ਵਿਚ ਆਪਣਾਂ ਦੋਸ਼)।

ਟਿਬੈ ਨੀਰੁ ਨ ਠਾਹਰੈ ਘਣਿ ਵਰਸਿ ਗਇਓਸੁ ।

ਟਿਬਿਆਂ (ਅਰਥਾਤ ਉੱਚੀਆਂ ਥਾਵਾਂ) ਪੁਰ ਪਾਣੀ ਨਹੀਂ ਠਹਿਰਦਾ, (ਭਾਵੇ ਘਣਾ) ਬਦਲ (ਉਸ ਪੁਰ) ਵਰਸ ਗਿਆ ਹੋਵੇ।

ਵਿਣੁ ਸੰਜਮਿ ਰੋਗੀ ਮਰੈ ਚਿਤਿ ਵੈਦ ਨ ਰੋਸੁ ।

ਪੱਥ ਤੋਂ ਬਾਝ ਰੋਗੀ ਮਰ ਜਾਂਦਾ ਹੈ, ਹਕੀਮ ਪੁਰ ਚਿਤ ਵਿਖੇ ਗੁੱਸਾ ਨਹੀਂ (ਕਰਨਾ ਚਾਹੀਏ)।

ਅਵਿਆਵਰ ਨ ਵਿਆਪਈ ਮਸਤਕਿ ਲਿਖਿਓਸੁ ।

ਸੰਢ ਤ੍ਰੀਮਤ ਪ੍ਰਸੂਤਾ ਨਹੀਂ ਹੁੰਦੀ, ਉਸ ਦੇ ਮੱਥੇ ਦਾ ਲੇਖ ਹੀ ਅਜਿਹਾ ਹੈ, (ਪਤੀ ਦਾ ਕੀ ਦੂਖਣ ਹੈ, ਅੱਗੇ ਦ੍ਰਿਸ਼ਟਾਂਤ ਦਿੰਦੇ ਹਨ)

ਬੇਮੁਖ ਪੜ੍ਹੈ ਨ ਇਲਮ ਜਿਉਂ ਅਵਗੁਣ ਸਭਿ ਓਸੁ ।੮।

(ਗੁਰੂ ਥੋਂ) ਬੇਮੁਖ (ਰਹਿਣ ਵਾਲਾ 'ਇਲਮ') ਗਿਆਨ ਨਹੀਂ ਸਿੱਖਦਾ ਤਾਂ ਸਾਰੇ ਅਵਗੁਣ ਉਸੇ ਵਿਖੇ ਹਨ।☬ਭਾਵ- ਗੁਰੂ ਵਿਖੇ ਕੋਈ ਅਵਗੁਣ ਨਹੀ', ਕਿਉਂ ਜੋ ਸੂਰਦਾਸ ਆਪ ਹੀ ਆਰਸੀ ਦੇਖ ਨਹੀਂ ਸਕਦਾ ਤਾਂ ਆਰਸੀ ਦਾ ਕੀ ਆਲਸ ਹੈ ਤੇ ਸੂਰਜ ਦਾ ਕੀ ਦੋਸ਼। ਬੇਮੁਖ ਵਿਖੇ ਗਿਆਨ ਵੇਰਾਗ ਦੀਆਂ ਅੱਖਾਂ ਨਹੀਂ ਹਨ, ਇਸ ਲਈ ਕੁਝ ਲਾਭ ਨਹੀਂ

ਪਉੜੀ ੯

ਅੰਨ੍ਹੈ ਚੰਦੁ ਨ ਦਿਸਈ ਜਗਿ ਜੋਤਿ ਸਬਾਈ ।

ਸੂਰਦਾਸ ਨੂੰ ਚੰਦਰਮਾਂ ਨਹੀਂ ਦਿੱਸਦਾ, ਜਗਤ ਵਿਖੇ (ਉਸ ਦੀ) ਜੋਤਿ ਸਾਰੇ ਆਈ ਹੋਈ ਹੈ।

ਬੋਲਾ ਰਾਗੁ ਨ ਸਮਝਈ ਕਿਹੁ ਘਟਿ ਨ ਜਾਈ ।

ਡੇਰੇ ਨੂੰ ਰਾਗ ਦੀ ਕੁਝ ਸਮਝ ਨਾ ਆਵੇ (ਤਾਂ ਰਾਗ ਦਾ) ਕੁਝ ਘਟ ਨਹੀਂ ਜਾਂਦਾ।

ਵਾਸੁ ਨ ਆਵੈ ਗੁਣਗੁਣੈ ਪਰਮਲੁ ਮਹਿਕਾਈ ।

ਜਿਸ ਦੀ ਘ੍ਰਾਣ ਸ਼ਕਤੀ ਨਹੀਂ ਹੈ, ਉਸ ਨੂੰ ਸੁਗੰਧ ਨਹੀਂ ਆਉਂਦੀ, ਪਰ ਚੰਦਨ ਮਹਿਕ ਰਿਹਾ ਹੈ। (ਭਾਵ ਗੁਰੂ ਨਾਮ ਦੀ ਵਾਸ਼ਨਾਂ ਦੇ ਰਹੇ ਹਨ, ਬੇਮੁਖ ਨੂੰ ਅਨੰਦ ਨਹੀਂ ਆਉਂਦਾ),

ਗੁੰਗੈ ਜੀਭ ਨ ਉਘੜੈ ਸਭਿ ਸਬਦਿ ਸੁਹਾਈ ।

ਗੁੰਗੇ ਦੀ ਜੀਭ ਨਹੀਂ ('ਉਘੜਦੀ') ਖੁਲਦੀ, ਸ਼ਬਦ ਤਾਂ ਸਭਨਾਂ ਨੂੰ ਸੁਭਾਇਮਾਨ ਕਰ ਰਿਹਾ ਹੈ। (ਹੇਠਲੀਆਂ ਦੋ ਤੁਕਾਂ ਵਿਖੇ ਸਾਰਾ ਰਹੱਸ ਪ੍ਰਗਟ ਕਰਦੇ ਹਨ)।

ਸਤਿਗੁਰੁ ਸਾਗਰੁ ਸੇਵਿ ਕੈ ਨਿਧਿ ਸਭਨਾਂ ਪਾਈ ।

ਸਭਨਾਂ (ਸ਼ਰਧਾਲੂਆਂ) ਸਤਿਗੁਰੂ (ਗੁਰੂ ਨਾਨਕ) ਸਮੁੰਦਰ ਨੂੰ ਸੇਵ ਕੇ ਨਿਧਿ (ਸੰਪਦਾ) ਪਾ ਲੀਤੀ ਹੈ, (ਸਮੁੰਦ੍ਰ ਤੋਂ ਸਤਿ ਸੰਤੋਖਾਦਿ ਮੋਤੀ ਲੱਭ ਲੀਤੇ ਹਨ, ਪਰੰਤੂ)

ਬੇਮੁਖ ਹਥਿ ਘਘੂਟਿਆਂ ਤਿਸੁ ਦੋਸੁ ਕਮਾਈ ।੯।

ਬੇਮੁਖ ਦੇ ਹੱਥ ਵਿਖੇ ਘੋਗੇ ਹੀ ਪਏ, (ਭਾਵ ਵਿਖਿਆ ਵਿਚ ਹੀ ਗ਼ਲਤਾਨ ਰਿਹਾ, ਇਹ) ਉਸ ਦੀ ਹੀ ਦੂਸ਼ਨ (ਸਤਿਗੁਰੂ ਤਾਂ ਸਮੁੰਦਰ ਵਤ ਗਹਿਰ ਗੰਭੀਰ ਪਰਉਪਕਾਰੀ ਹਨ),

ਪਉੜੀ ੧੦

ਰਤਨ ਉਪੰਨੇ ਸਾਇਰਹੁਂ ਭੀ ਪਾਣੀ ਖਾਰਾ ।

ਸਮੁੰਦ੍ਰ ਥੋਂ ਰਤਨ ਨਿਕਲੇ, ਪਰੰਤੂ ਪਾਣੀ ਉਸ ਦਾ ਖਾਰਾ ਹੀ ਹੈ।

ਸੁਝਹੁ ਸੁਝਨਿ ਤਿਨਿ ਲੋਅ ਅਉਲੰਗੁ ਵਿਚਿ ਕਾਰਾ ।

ਚੰਦ੍ਰਮਾਂ ਥੋਂ ਤਿੰਨੇ ਲੋਕ ਪ੍ਰਕਾਸ਼ਤ ਹੁੰਦੇ ਹਨ, ਪਰੰਤੂ ਉਸ ਦੇ ਵਿਚ (ਕਾਲਖ ਦਾ) ਕਲੰਕ ਲੱਗਾ ਹੋਇਆ ਹੈ।

ਧਰਤੀ ਉਪਜੈ ਅੰਨੁ ਧਨੁ ਵਿਚਿ ਕਲਰੁ ਭਾਰਾ ।

ਪ੍ਰਿਥਵੀ ਵਿਚੋਂ ਅੰਨ ਧਨ ਉਪਜਦਾ ਹੈ, (ਪਰੰਤੂ) ਕੱਲਰ (ਉਸ) ਵਿਖੇ ਬਾਹਲਾ ਹੈ।

ਈਸਰੁ ਤੁਸੈ ਹੋਰਨਾ ਘਰਿ ਖਪਰੁ ਛਾਰਾ ।

ਸ਼ਿਵ ਹੋਰਨਾਂ ਨੂੰ (ਕਿਰਪਾਲੂ ਹੋਕੇ) ਵਰ ਦੇਂਦਾ ਹੈ, (ਪਰੰਤੂ ਉਸ ਦੇ ਘਰ ਖੱਪਰ ਤੇ ਸੁਆਹ ਹੀ ਹੈ।

ਜਿਉਂ ਹਣਵੰਤਿ ਕਛੋਟੜਾ ਕਿਆ ਕਰੈ ਵਿਚਾਰਾ ।

ਜਿੰਕੂ ਹਨੂੰਮਾਨ (ਸਮੁੰਦ੍ਰਰ ਟੱਪਕੇ ਸੀਤਾ ਦੀ ਖਬਰ ਲਿਆਂਦੀ ਅਰ ਰਾਖਸ਼, ਮਾਰੇ, ਲੰਕਾਂ ਵਿਖੇ ਫਤੇ ਪਾਈ, ਜੀਵਣ ਬੂਟੀ ਲਿਆਂਦੀ, ਪਰੰਤੂ ਉਸ ਦੇ ਤੇੜ) ਕਛਉਟੀ ਹੀ ਰਹੀ, ਵਿਚਾਰਾ ਕੀ ਕਰੇ ('ਕਰਮ ਕਰਿ ਕਛਉਟੀ ਮਫੀਟਸਿਰੀ'॥ ਉਸ ਦੇ ਕਰਮਾਂ ਵਿਚ ਇਹੋ (ਲਿਖੀ ਸੀ ਸੋ ਸਿਰੋਂ ਨਾ ਟਲੀ, ਕਿਉਂ ਜੋ ਰਾਮ ਜੀ ਨੇ ਕਿਹਾ ਸੀ ਜਦ ਸੰਜੀਵਨ

ਬੇਮੁਖ ਮਸਤਕਿ ਲਿਖਿਆ ਕਉਣੁ ਮੇਟਣਹਾਰਾ ।੧੦।

ਬੇਮੁਖ ਦੇ ਮੱਥੇ ਦਾ ਲੇਖ ਕੌਣ ਮੇਟ ਸਕਦਾ ਹੈ।

ਪਉੜੀ ੧੧

ਗਾਂਈ ਘਰਿ ਗੋਸਾਂਈਆਂ ਮਾਧਾਣੁ ਘੜਾਏ ।

ਗਊੂਆਂ ਤਾਂ ਗੁੱਜਰਾਂ (ਆਥਵਾ ਮਾਲਕਾਂ) ਦੇ ਘਰ ਹਨ, (ਸ਼ੇਖ ਚਿਲੀ ਨੇ) ਮਧਾਣੀਆਂ ਘੜਾ ਛੱਡੀਆਂ (ਕਿ ਗਊਆਂ ਦੇ ਦੁੱਧ ਤੋਂ ਮੱਖਣ ਕੱਢਾਂਗੇ)।

ਘੋੜੇ ਸੁਣਿ ਸਉਦਾਗਰਾਂ ਚਾਬਕ ਮੁਲਿ ਆਏ ।

ਘੋੜੇ ਸੁਦਾਗਰਾਂ (ਵਪਾਰੀਆਂ) ਦੇ ਘਰ ਸੁਣਕੇ, (ਆਪ ਮੁੱਲ ਲੀਤੇ ਨਹੀਂ ਪਰ) ਚਾਬਕ (ਘੋੜਿਆਂ ਲਈ ਅਗੇਤਰੇ ਹੀ ਮੁੱਲ ਲੈ ਛੱਡੇ (ਮਾਰਣ ਦਾ ਉਪਾਉ ਪਹਿਲ ਹੀ ਕਰ ਰਖਿਆ)।

ਦੇਖਿ ਪਰਾਏ ਭਾਜਵਾੜ ਘਰਿ ਗਾਹੁ ਘਤਾਏ ।

ਪਰਾਏ ਖਲਵਾੜੇ (ਦਾਣਿਆਂ ਦੇ ਬੋਹਲ) ਦੇਖਕੇ ਆਪਣੇ ਘਰ ਗਾਹ ਘਤਾ ਛੱਡੇ, (ਹਾਲੀ ਵੱਸਣੋਂ ਹੀ ਗਿਆ)

ਸੁਇਨਾ ਹਟਿ ਸਰਾਫ ਦੇ ਸੁਨਿਆਰ ਸਦਾਏ ।

ਸੋਨਾ ਸਰਾਫ ਦੀ ਹੱਟੀ (ਪੁਰ ਬਾਹਲਾ ਵਿਕਦਾ) ਦੇਖਕੇ (ਆਪਣੇ ਘਰ) ਸੁਨਿਆਰੇ ਸਦਵਾਏ (ਕਿ ਸੋਨੇ ਨੂੰ ਪਰਖ ਕੇ ਮੁਲ ਦੱਸਣਗੇ)।

ਅੰਦਰਿ ਢੋਈ ਨਾ ਲਹੈ ਬਾਹਰਿ ਬਾਫਾਏ ।

ਘਰ ਦੇ ਅੰਦਰ (ਚੱਪਾ) ਥਾਉਂ ਨਹੀਂ ਲੱਭਦੀ, ਬਾਹਰ ਗੱਪਾਂ ਮਾਰਦਾ ਹੈ (ਕਿ ਸਾਡੇ ਅੰਦਰ ਵਡੇ ਪਰਾਹੁਣੇ ਗੁਜ਼ਾਰਾ ਕਰ ਸਕਦੇ ਹਨ)। (ਛੀਵੀਂ ਤੁਕ ਵਿਖੇ ਸਾਰਾ ਉਪਰਲਾ ਤੱਤ ਦੱਸਦੇ ਹਨ)।

ਬੇਮੁਖ ਬਦਲ ਚਾਲ ਹੈ ਕੂੜੋ ਆਲਾਏ ।੧੧।

ਬੇਮੁਖ ਦੀ ਬੱਦਲ ਵਾਲਾ ਛਾਯਾ ਹੈ, (ਪਲ ਕਿਧਰੇ ਪਲ ਕਿਧਰੇ, ਜੋ ਬੋਲਦਾ ਹੈ ਸੋ ਕੂੜ ਹੀ ਬੋਲਦਾ ਹੈ)।

ਪਉੜੀ ੧੨

ਮਖਣੁ ਲਇਆ ਵਿਰੋਲਿ ਕੈ ਛਾਹਿ ਛੁਟੜਿ ਹੋਈ ।

ਰਿੜਕ ਕੇ ਮੱਖਣ ਕੱਢ ਲਿਆ, (ਪਿੱਛੋਂ 'ਛਾਹ') ਲੱਸੀ ਛੁਟੜ ਹੋ ਜਾਂਦੀ ਹੈ, (ਭਾਵ ਨਿਕਦਰੀ ਹੋ ਜਾਂਦੀ ਹੈ)

ਪੀੜ ਲਈ ਰਸੁ ਗੰਨਿਅਹੁ ਛਿਲੁ ਛੁਹੈ ਨ ਕੋਈ ।

(ਜਦ) ਰਹ ਗੰਨੇ ਵਿਚੋਂ (ਵੇਲਣੇ ਵਿਚ) ਪੀੜਕੇ ਕੱਢ ਲਈ, ਤਾਂ ਪੱਛੀ ਨੂੰ ਕੋਈ ਨਹੀਂ ਛੋਂਹਦਾ (ਅੱਗ ਵਿਚ ਬਾਲਣ ਦੇ ਹੀ ਕੰਮ ਆਉਂਦੀ ਹੈ)।

ਰੰਗੁ ਮਜੀਠਹੁ ਨਿਕਲੈ ਅਢੁ ਲਹੈ ਨ ਸੋਈ ।

ਮਜੀਠ ਵਿਚੋਂ ਜਦ ਰੰਗ ਕੱਢ ਲਿਆ, ਉਸ ਦਾ ਕੌਡੀ ਬੀ ਮੁੱਲ ਨਹੀਂ ਪੈਂਦਾ, (ਫੋਗ ਕੂੜੇ ਵਿਖੇ ਸਿੱਟਿਆ ਜਾਂਦਾ ਹੈ)।

ਵਾਸੁ ਲਈ ਫੁਲਵਾੜੀਅਹੁ ਫਿਰਿ ਮਿਲੈ ਨ ਢੋਈ ।

ਫੁਲਾਂ ਵਿਚੋਂ ਵਾਸ਼ਨਾ ਲੈ ਲੀਤੀ, ਫੇਰ ਆਸਰਾ ਨਹੀਂ ਮਿਲਦਾ (ਸਾਰੇ ਜੂਠੇ ਕਰ ਕੇ ਸਿੱਟੇ ਜਾਂਦੇ ਹਨ)।

ਕਾਇਆ ਹੰਸੁ ਵਿਛੁੰਨਿਆ ਤਿਸੁ ਕੋ ਨ ਸਥੋਈ ।

(ਜਦ) ਦੇਹ ਵਿਚੋਂ ('ਹੰਸ') ਜੀਵ ਦਾ ਵਿਛੋੜਾ ਹੋ ਜਾਵੇ, ਉਸ ਦਾ ਫੇਰ ਕੌਣ ਸਾਥੀ ਹੈ, (ਅੱਗ ਵਿਖੇ ਸਾੜੀ ਜਾਂ ਧਰਤੀ ਵਿਖੇ ਦੱਬੀ ਜਾਂਦੀ ਹੈ। ਛੀਵੀਂ ਤੁਕ ਵਿਖੇ ਨਿਚੋੜ ਕੱਢਦੇ ਹਨ)।

ਬੇਮੁਖ ਸੁਕੇ ਰੁਖ ਜਿਉਂ ਵੇਖੈ ਸਭ ਲੋਈ ।੧੨।

ਬੇਮੁਖ ਲੋਕ ਸੁੱਕੇ ਰੁੱਖ ਵਾਙੂੰ ਹਨ ਸਾਰੇ ਲੋਕ ਦੇਖਦੇ ਹਨ (ਕਿ ਸੁੱਕੇ ਰੁਖ ਦਾ ਕੀ ਹਾਲ ਹੁੰਦਾ ਹੈ, ਭਾਵ ਅੱਗ ਵਿਖੇ ਹੀ ਛੋਕਿਆ ਜਾਂਦਾ ਹੈ, ਤਿਹੇ ਹੀ ਬੇਮੁਖ ਲੋਕ ਹਨ)।

ਪਉੜੀ ੧੩

ਜਿਉ ਕਰਿ ਖੂਹਹੁ ਨਿਕਲੈ ਗਲਿ ਬਧੇ ਪਾਣੀ ।

ਖੂਹ ਤੋਂ ਪਾਣੀ (ਤਦ) ਨਿਕਲਦਾ ਹੈ, ਜਦ (ਘੜੇ ਦਾ) ਗਲਾ (ਰੱਸੇ ਨਾਲ) ਬੱਧਾ ਜਾਵੇ (ਤਿਹਾ ਹੀ ਬੇਮੁਖ ਘੜੇ ਵਾਂਙੂ ਬੰਨ੍ਹਿਆਂ ਕੰਮ ਦਿੰਦਾ ਹੈ)।

ਜਿਉ ਮਣਿ ਕਾਲੇ ਸਪ ਸਿਰਿ ਹਸਿ ਦੇਇ ਨ ਜਾਣੀ ।

ਜਿਵੇਂ ਮਣੀ ਕਾਲੇ ਸੱਪ ਦੇ ਸਿਰ ਹੁੰਦੀ ਹੈ, ਹੱਸਕੇ ਕਦੀ ਦੇ ਨਹੀਂ ਜਾਣਦਾ, (ਅਰਥਾਤ ਮਰਕੇ ਹੀ ਦੇਂਦਾ ਹੈ)।

ਜਾਣ ਕਥੂਰੀ ਮਿਰਗ ਤਨਿ ਮਰਿ ਮੁਕੈ ਆਣੀ ।

ਕਸਤੂਰੀ ਹਰਣ ਦੀ ਨਾਭੀ ਵਿਖੇ ਹੈ, (ਪਰੰਤੂ ਜਦ) ਮਰਕੇ ਮੁੱਕਦਾ ਹੈ। (ਤਦੋਂ) ਆਣੀਦੀ ਹੈ (ਲੋਕ ਨਾਭੀ ਵਿਚੋਂ ਕੱਢਦੇ ਹਨ)

ਤੇਲ ਤਿਲਹੁ ਕਿਉ ਨਿਕਲੈ ਵਿਣੁ ਪੀੜੇ ਘਾਣੀ ।

ਤੇਲ ਤਿਲਾਂ ਵਿਚੋਂ ਘਾਣੀ ਵਿਖੇ ਪੀੜੇ ਬਾਝ ਕਿੱਕੁਰ ਨਿਕਲ ਸਕਦਾ ਹੈ।

ਜਿਉ ਮੁਹੁ ਭੰਨੇ ਗਰੀ ਦੇ ਨਲੀਏਰੁ ਨਿਸਾਣੀ ।

ਖੋਪੇ ਦੀ ਜਿਵੇਂ ਇਹੋ ਨਿਸ਼ਾਨੀ ਹੈ ਕਿ ਮੂੰਹ ਭੰਨੀਦਾ ਹੈ ਤਦ ਗਰੀ ਦੇਂਦਾ ਹੈ, (ਇਸ ਕੰਮੋਂ ਬਾਝ ਗਰੀ ਨਹੀਂ ਦੇਂਦਾ)। (ਛੀਵੀਂ ਤੁਕ ਵਿਖੇ ਬੇਮੁਖ ਪਰ ਘਟਾਕੇ ਦੱਸਦੇ ਹਨ)।

ਬੇਮੁਖ ਲੋਹਾ ਸਾਧੀਐ ਵਗਦੀ ਵਾਦਾਣੀ ।੧੩।

(ਗੁਰੂ ਤੋਂ ਜੋ) ਬੇਮੁਖ (ਹੈ ਉਹ) ਲੋਹੇ (ਸਮਾਨ ਹੈ, ਉਸ ਦੇ ਸਿਰ ਪੁਰ 'ਵਦਾਣਾਂ') ਹਥੌੜਿਆਂ ਦੀਆਂ ਸੱਟਾਂ ਪੈਂਦੀਆਂ ਹੀ ਰਹਿਣ ਤਾਂ ਹੀ ਸਿੱਧਾ ਕੀਤਾ ਜਾਂਦਾ ਹੈ।

ਪਉੜੀ ੧੪

ਮਹੁਰਾ ਮਿਠਾ ਆਖੀਐ ਰੁਠੀ ਨੋ ਤੁਠੀ ।

(ਬੇਮੁਖਾਂ ਦੀ ਸਾਰੀ ਗੱਲ ਉਲਟੀ ਹੈ, ਕਿੱਕੁਰ ਉਲਟੀ ਹੈ?) ਮਹੁਰਾ (ਜੋ ਲੁਕਾਂ ਨੂੰ ਮਾਰ ਦੇਵੇ ਉਸ ਨੂੰ) ਮਿੱਠਾ ਕਹਿੰਦੇ ਹਨ ('ਮਿੱਠਾ ਤੇਲੀਆ'), (ਜੇਕਰ ਮਾਤਾ ਸੀਤਲਾ ਨਿਕਲੇ ਤਾਂ) ਕ੍ਰੋਪਵਾਨ ਹੋਈ (ਦੁਖ ਦੇਂਦੀ) ਨੂੰ ਤੁੱਠੀ (ਪ੍ਰਸੰਨ ਹੋਈ (ਕਹਿੰਦੇ ਹਨ)।

ਬੁਝਿਆ ਵਡਾ ਵਖਾਣੀਐ ਸਵਾਰੀ ਕੁਠੀ ।

ਜੇ (ਦੀਵਾ) ਬੁਝ ਜਾਵੇ ਤਾਂ ਆਖਦੇ ਹਨ (ਕਿ ਦੀਵਾ) ਵੱਡਾ ਹੋ ਗਿਆ (ਇਹ ਨਹੀਂ ਜਾਣਦੇ ਕਿ ਉਸਦਾ ਤਾਂ ਫੱਕਾ ਤੀਲਾ ਨਹੀਂ ਰਿਹਾ, ਅਰ ਬੱਕਰੀ 'ਕੁਠੀ') ਕੋਹੀ ਹੋਈ ਨੂੰ (ਆਖਦੇ ਹਨ ਕਿ ਬੱਕਰੀ) ਸਵਾਰੀ ਗਈ ਹੈ, (ਹੱਡੀਣੀ ਕੱਢਕੇ ਠੀਕ ਕੀਤੀ ਗਈ ਹੈ)।

ਜਲਿਆ ਠੰਢਾ ਗਈ ਨੋ ਆਈ ਤੇ ਉਠੀ ।

ਸੜੇ ਹੋਏ (ਮੁਰਦੇ) ਨੂੰ ਠੰਡਾ (ਅਰਥਾਤ ਏਹ ਪ੍ਰਾਣੀ ਸ਼ਾਤ ਹੋ ਗਿਆ ਆਖਦੇ ਹਨ), ਗਈ ਨੂੰ ਆਈ ਤੇ (ਆਈ ਨੂੰ) ਉੱਠੀ ਕਹਿੰਦੇ ਹਨ, (ਤਾਤਪਰਜ ਇਹ ਕਿ ਜਦ ਅੱਖ ਵਿਖੇ ਕੁਝ ਮਾਂਦਗੀ ਹੋ ਜਾਵੇ ਤਾਂ ਕਹਿੰਦੇ ਹਨ ਕਿ ਅੱਖ ਆ ਗਈ ਹੈ, ਅਰ ਕੋਈ ਵਿਧਵਾ ਕਿਸੇ ਦੇ ਘਰ ਬਹਿ ਜਾਵੇ ਤਾਂ ਲੋਕ ਆਖਦੇ ਹਨ ਕਿ ਉਹ ਤ੍ਰੀਮਤ ਉਠ ਗਈ ਹੈ, ਇਹ ਨਹੀਂ

ਅਹਮਕੁ ਭੋਲਾ ਆਖੀਐ ਸਭ ਗਲਿ ਅਪੁਠੀ ।

ਮੂਰਖ ਨੂੰ ਸਿਧਾ ਸਾਧਾ ਆਖਦੇ ਹਨ ਕਿ (ਇਹ ਨਹੀਂ ਜਾਣਦੇ ਕਿ ਬੇਪਰਵਾਹ ਆਲਾ ਭੋਲਾ ਹੈ ਇੱਕੁਰ) ਸਭ ਗੱਲਾਂ ਉਲਟੀਆਂ ਹਨ। (ਪੰਜਵੀਂ ਛੀਵੀਂ ਤੁਕ ਵਿਖੇ ਸਾਰਾ ਤਾਤਪਰਜ ਦੱਸਦੇ ਹਨ)।

ਉਜੜੁ ਤ੍ਰਟੀ ਬੇਮੁਖਾਂ ਤਿਸੁ ਆਖਨਿ ਵੁਠੀ ।

ਬੇਮੁਖਾਂ ਦੀ ('ਤੱਟੀ') ਝੁੱਗੀ ਉੱਜੜਦੀ ਹੈ ਤਦ ਉਸ ਨੂੰ ਆਖਦੇ ਹਨ ਕਿ ਵੱਸਦੀ ਹੈ, (ਗੱਲ ਕੀ ਬੇਮੁਖ ਜਿਹੇ ਹੋਏ ਤਿਹੇ ਨਿੱਜ ਹੋਏ। ਮੋਰ ਦੇ ਖੰਭ ਵਿਖੇ ਅੱਖ ਤਾਂ ਵੱਡੀ ਸੋਹਣੀ ਹੈ ਪਰੰਤੂ ਕਿਸੇ ਕੰਮ ਦੀ ਨਹੀਂ ਹੈ, ਅਜਿਹਾ ਹੀ ਬੇਮੁੱਖ ਹੈ)।

ਚੋਰੈ ਸੰਦੀ ਮਾਉਂ ਜਿਉਂ ਲੁਕਿ ਰੋਵੈ ਮੁਠੀ ।੧੪।

ਚੋਰ ਦੀ (ਮੁਠੀ ਹੋਈ) ਮਾਉ, ਵਾਂਗੂੰ ਲੁਕਕੇ ਗੁਠ ਵਿਚ ਰੋਂਦੇ ਹਨ, (ਕਿਉਂ ਜੋ ਚੋਰੀ ਦੀ ਮਾਂ ਪ੍ਰਗਟ ਰੋਵੇ ਤਾਂ ਜਾਣਦੀ ਹੈ ਕਿ ਮੇਰਾ ਪੁਤ੍ਰ ਨਾ ਫੜੀਂਦਾ ਬੀ ਫੜਿਆ ਜਾਊ)।

ਪਉੜੀ ੧੫

ਵੜੀਐ ਕਜਲ ਕੋਠੜੀ ਮੁਹੁ ਕਾਲਖ ਭਰੀਐ ।

(ਜੇ) ਕੱਜਲ ਦੀ ਕੋਠੜੀ ਵਿਚ ਜਾ ਵੜੀਏ ਤਾਂ ਮੂੰਹ ਕਾਲਕ ਨਾਲ ਭਰ ਜਾਂਦਾ ਹੈ, (ਬੇਮੁਖ ਦੇ ਸੰਗ ਵਿਚ ਕਲੰਕ ਲੱਗਦਾ ਹੈ।

ਕਲਰਿ ਖੇਤੀ ਬੀਜੀਐ ਕਿਹੁ ਕਾਜੁ ਨ ਸਰੀਐ ।

ਕੱਲਰ ਵਿਚ ਬੀਉ ਪਾਉਣ ਨਾਲ ਕੁਝ ਕੰਮ ਨਾਂ ਸਰੂ (ਅਰਥਾਤ ਬੇਮੁਖ ਨੂੰ ਉਪਦੇਸ਼ ਦੇਣਾ ਬੀ ਨਿਸ਼ਫਲ ਹੋ ਜਾਂਦਾ ਹੈ)।

ਟੁਟੀ ਪੀਂਘੈ ਪੀਂਘੀਐ ਪੈ ਟੋਏ ਮਰੀਐ ।

ਟੁਟੀ ਹੋਈ ਪੀਂਘ ਵਿਚ ਜੇਝੂਟੇ ਲਈਏ, ਹੋਏ ਵਿਚ ਪੈਕੇ (ਅੰਤ ਨੂੰ) ਮਰ ਜਾਈਦਾ ਹੈ। (ਤਿਵੇਂ ਬੇਮੁਖ ਨਾਲ ਸੰਗ ਕਰ ਕੇ ਬੇਮੁਖ ਹੋਕੇ ਮਰੀਦਾ ਹੈ)।

ਕੰਨਾਂ ਫੜਿ ਮਨਤਾਰੂਆਂ ਕਿਉ ਦੁਤਰੁ ਤਰੀਐ ।

ਮਨਤਾਰੂਆਂ ਦਾ ਮੋਢਾ ਫੜ ਕੇ ਕਿੱਕੁਰ ਕਠਨ ਸਮੁੰਦਰ ਤਰ ਸਕੀਦਾ ਹੈ, (ਕਿਉਂ ਜੋ ਆਪ ਹੀ ਡੁੱਬਣਹਾਰਾ ਹੈ ਤਾਂ ਹੋਰ ਨੂੰ ਕਿੱਕੁਰ ਪਾਰ ਕਰ ਸਕੂ)।

ਅਗਿ ਲਾਇ ਮੰਦਰਿ ਸਵੈ ਤਿਸੁ ਨਾਲਿ ਨ ਫਰੀਐ ।

(ਜਿਹੜਾ) ਆਪਣੇ ਘਰ ਨੂੰ ਅੱਗ ਲਾਕੇ ਮੰਦਰ ਵਿਚ ਸੋਂ ਰਹੇ, ਉਸ ਦੇ ('ਫਰੀਐ') ਵਾਹਰੂ ਨਾ ਹੋਈਏ, (ਕਿਉਂ ਜੋ ਉਹ ਮਹਾਂ ਮੂਰਖ ਤੇ ਮੰਦ ਬੁਧੀ ਹੈ, ਉਸ ਦੀ ਕੁਮਕ ਕਰਨ ਨਾਲ ਆਪਣੇ ਪ੍ਰਾਣਾਂ ਦਾ ਖਤਰਾ ਹੈ ਅਥਵਾ ਉਸ ਦਾ 'ਨਾਲ' ਰਹੀਏ 'ਸਾਥ' ਨਾ ਫੜੀਐ, ਨਾ ਕਰੀਏ)।

ਤਿਉਂ ਠਗ ਸੰਗਤਿ ਬੇਮੁਖਾਂ ਜੀਅ ਜੋਖਹੁ ਡਰੀਐ ।੧੫।

ਬੇਮੁਖ ਲੋਕਾਂ ਦੀ ਸੰਗਤ ਚੋਰਾਂ ਦੀ ਸੰਗਤ ਹੈ, ਇਸ ਵਿਚ ਇਕ ਨਾ ਇਕ ਦਿਨ ਰਾਜਾ ਦੀ ਕੈਦ ਦਾ ਖਤਰਾ ਹੈ, ਇਸ ਲਈ ਦੁਸ਼ਟਾਂ ਦੀ ਸੰਗਤ ਥੋਂ) ਦਿਲੋਂ ਡਰਦੇ ਰਹਿਣਾ ਚੰਗਾ ਹੈ।

ਪਉੜੀ ੧੬

ਬਾਮ੍ਹਣ ਗਾਂਈ ਵੰਸ ਘਾਤ ਅਪਰਾਧ ਕਰਾਰੇ ।

ਬ੍ਰਹਮ ਜਾਨਣਹਾਰੇ ਦੀ, ਗਊ ਦੀ, ਤੇ ਕੁਲ ਦੀ ਹੱਤਿਆ ਕਰਨੀ ਕਰਾਰੇ ਪਾਪ ਹਨ।

ਮਦੁ ਪੀ ਜੂਏ ਖੇਲਦੇ ਜੋਹਨਿ ਪਰ ਨਾਰੇ ।

ਮਦਰਾ ਦੇ ਪੀਣ ਵਾਲੇ, ਜੂਏ ਦੇ ਖਿਲਾਰੀ, ਪਰ ਇਸਤ੍ਰੀ ਨੂੰ (ਭੈੜੀ ਨਜ਼ਰ ਨਾਲ) ਤੱਕਣ ਵਾਲੇ।

ਮੁਹਨਿ ਪਰਾਈ ਲਖਿਮੀ ਠਗ ਚੋਰ ਚਗਾਰੇ ।

ਪਰਾਈ ('ਲੱਖਮੀ') ਮਾਯਾ ਚੁਰਾਵਣ ਵਾਲੇ ਠੱਗ ਲੋਕ (ਜੋ ਦਿਨ ਦੀਵੀਂ ਧੋਖਾ ਦੇ ਲੁਟਦੇ ਹਨ। 'ਚੋਰ' (ਰਾਤ ਸੰਨ੍ਹਾ ਲਾਉਣ ਵਾਲੇ ਚਗਾਰੇ (ਬਟਪਾੜ, ਧਾੜਵੀ ਲੋਕ),

ਵਿਸਾਸ ਧ੍ਰੋਹੀ ਅਕਿਰਤਘਣ ਪਾਪੀ ਹਤਿਆਰੇ ।

ਵਿਸ਼ਵਾਸ ਘਾਤੀ, ਧ੍ਰੋਹੀ (ਦਗ਼ਾ ਦੇਣ ਹਾਰੇ), ਅਕਿਰਤਘਣ (ਕੀਤੇ ਉਪਕਾਰ ਦੇ ਨਾ ਜਾਣਨ ਵਾਲੇ), ਪਾਪੀ ਅਤੇ ਹੱਤਿਆ ਕਰਨ ਹਾਰੇ, (ਹੇਠਲੀਆਂ ਦੋ ਤੁਕਾਂ ਵਿਖੇ ਨਿਚੋੜ ਦੱਸਦੇ ਹਨ)।

ਲਖ ਕਰੋੜੀ ਜੋੜੀਅਨਿ ਅਣਗਣਤ ਅਪਾਰੇ ।

ਉਕਤ ਪਾਪੀ ਲੱਖਾਂ ਅਤੇ ਕਰੋੜਾਂ ਜੋੜ ਦੇਈਏ (ਫੇਰ) ਬੇਸ਼ੁਮਾਰ ਤੇ ਅਪਾਰ ਹੋ ਜਾਣ (ਪਰ)

ਇਕਤੁ ਲੂਇ ਨ ਪੁਜਨੀ ਬੇਮੁਖ ਗੁਰਦੁਆਰੇ ।੧੬।

ਗੁਰਦਵਾਰੇ ਥੋਂ ਬੇਮੁਖ ਦੇ ਇਕ ਰੋਮ ਦੇ ਸਮਾਨ ਨਹੀਂ ਹੋਣਗੇ।

ਪਉੜੀ ੧੭

ਗੰਗ ਜਮੁਨ ਗੋਦਾਵਰੀ ਕੁਲਖੇਤ ਸਿਧਾਰੇ ।

ਗੰਗਾ, ਜਮਨਾਂ, ਗੋਦਾਵਰੀ ਅਰ ਕੁਰਖੇਤ੍ਰ ਦੀ ਯਾਤ੍ਰਾ ਕਰੇ (ਅਰਥਾਤ ਇਨ੍ਹਾਂ ਨਦੀਆਂ ਦੇ ਪੁਰਬਾਂ ਦਾ ਸ਼ਨਾਨ ਕਰੇ)।

ਮਥੁਰਾ ਮਾਇਆ ਅਯੁਧਿਆ ਕਾਸੀ ਕੇਦਾਰੇ ।

ਮਥਰਾ, ਮਾਇਆ, ਅਜੁਧਿਆ, ਕਾਂਸ਼ੀ, ਕੇਦਾਰ ਨਾਥ (ਦੇ ਦਰਸ਼ਨ ਕਰੇ)।

ਗਇਆ ਪਿਰਾਗ ਸਰਸੁਤੀ ਗੋਮਤੀ ਦੁਆਰੇ ।

ਗਯਾ, ਪ੍ਰਯਾਗ, ਸੁਰਸਵਤੀ, ਗੋਮਤੀ ਨਦੀ ਦੇ ਦੁਆਰੇ (ਪਰਸੇ)।

ਜਪੁ ਤਪੁ ਸੰਜਮੁ ਹੋਮ ਜਗਿ ਸਭ ਦੇਵ ਜੁਹਾਰੇ ।

ਜਪ, ਤਪ, ਸੰਜਮਾਦਿ ਸਾਧਨ ਅਰ ਹੋਮ ਯੱਗ ਕਰ ਕੇ ਸਾਰੇ ਦੇਵਤਿਆਂ ਨੂੰ ('ਜੁਹਾਰ') ਨਮਸਕਾਰਾਂ ਕਰੇ।

ਅਖੀ ਪਰਣੈ ਜੇ ਭਵੈ ਤਿਹੁ ਲੋਅ ਮਝਾਰੇ ।

ਅੱਖਾ ਪਰਨੇ ਜੇ ਤਿੰਨਾਂ ਲੋਕਾਂ ਵਿਖੇ ਭਵੇਂ।

ਮੂਲਿ ਨ ਉਤਰੈ ਹਤਿਆ ਬੇਮੁਖ ਗੁਰਦੁਆਰੇ ।੧੭।

(ਫਿਰ ਬੀ) ਗੁਰੂ ਜੀ ਦੇ ਦੁਆਰੇ ਥੋਂ ਬੇਮੁਖ ਰਹਿਣ ਦੀ ਹੱਤਿਆ ਦਾ ਪਾਪ ਕਦਾਚਿਤ ਨਹੀਂ ਉਤਰੇਗਾ।

ਪਉੜੀ ੧੮

ਕੋਟੀਂ ਸਾਦੀਂ ਕੇਤੜੇ ਜੰਗਲ ਭੂਪਾਲਾ ।

ਕ੍ਰੋੜਾਂ ਸਵਾਦਾਂ ਵਿਖੇ (ਅਰਥਾਤ ਵਿਖਿਆਂ ਵਿਖੇ ਕਈ ਮਸਤ ਰਹਿੰਦੇ ਹਨ), ਕਈ ਜੰਗਲਾਂ ਦੇ ਰਾਜੇ ਬਣੇ ਹੋਏ ਹਨ, (ਭਾਵ ਵਿਖਿਆ ਤੋਂ ਉਪਰਾਮ ਹੋਕੇ ਨਗਰਾਂ ਤੋਂ ਤਰਕ ਰਖਦੇ ਹਨ)।

ਥਲੀਂ ਵਰੋਲੇ ਕੇਤੜੇ ਪਰਬਤ ਬੇਤਾਲਾ ।

ਕਈ ਥਲਾਂ ਦੇ ਵਰੋਲੇ ਬਣੇ ਹੋਏ ਹਨ (ਉਜਾੜੀਂ ਰਹਿੰਦੇ ਹਨ) ਕਈ ਪਹਾੜਾਂ ਦੇ ਬੁਤ ਬਣੇ ਰਹਿੰਦੇ ਹਨ (ਕੰਦ੍ਰਾਂ ਵਾਸੀ ਹਨ) (ਗੱਲ ਕੀ ਤਾਲ ਤੋਂ ਘੁੱਥੇ ਹੋਏ ਪਏ ਭਟਕਦੇ ਹਨ)।

ਨਦੀਆਂ ਨਾਲੇ ਕੇਤੜੇ ਸਰਵਰ ਅਸਰਾਲਾ ।

ਕਈ ਨਦੀਆਂ, ਨਾਲਿਆਂ, ਸਮੁੰਦਰਾਂ ਦੇ ਹੀ ਅਸਰਾਲ (ਮਗਰਮਛ) ਬਣੇ ਰਹਿੰਦੇ ਹਨ, (ਭਾਵ ਤੀਰਥਾਂ ਵਿਖੇ ਰਹਿੰਦੇ ਹਨ)।

ਅੰਬਰਿ ਤਾਰੇ ਕੇਤੜੇ ਬਿਸੀਅਰੁ ਪਾਤਾਲਾ ।

ਕਈ ਅਕਾਸ਼ ਦੇ ਤਾਰੇ ਤੇ ਕਈ ਪਤਾਲ ਦੇ ਸਰਪ ਬਣੇ ਹੋਏ ਹਨ (ਪੁੱਠੇ ਲਟਕਦੇ ਜਾਂ ਗੁਫਾ ਵਿਚ ਤਪ ਕਰਦੇ ਹਨ ਯਾ ਕਈ ਕਰਮਾਂ ਕਰ ਕੇ ਤਾਰੇ ਬਣਦੇ, ਕਈ ਸਰਪ ਦੀਆਂ ਜੂਨੀਆਂ ਭੋਗਦੇ ਹਨ)।

ਭੰਭਲਭੂਸੇ ਭੁਲਿਆਂ ਭਵਜਲ ਭਰਨਾਲਾ ।

ਭੁੱਲੇ ਹੋਏ (ਸਾਰੇ) ਸੰਸਾਰ ਸਮੁੰਦਰ ਦੇ ('ਭਰਨਾਲ') ਪਰਵਾਹ ਵਿਖੇ ਭੰਬਲਭੂਸੇ ਪਏ ਖਾਂਦੇ ਹਨ।

ਇਕਸੁ ਸਤਿਗੁਰ ਬਾਹਰੇ ਸਭਿ ਆਲ ਜੰਜਾਲਾ ।੧੮।

ਇਕ ਸਤਿਗੁਰੂ (ਨਾਨਕ ਜੀ ਦੀ ਸ਼ਰਣ ਤੋਂ) ਬਾਹਰ ਸਾਰੇ ਫਸੌਤੀਆਂ ਵਿਚ ਹਨ।

ਪਉੜੀ ੧੯

(ਬਬੁ=ਵਸਤੂ, ਪਿਤਾ। ਢਢ=ਢੋਲ। ਧੁਖਾ=ਧੂਹ, ਚਿੰਤਾ, ਫਿਕਰ। ਬਰਨੇ ਬੇਮੁਖਾ - ਬੇਮੁਖ ਕਹੀਦੇ ਹਨ।)

ਬਹੁਤੀਂ ਘਰੀਂ ਪਰਾਹੁਣਾ ਜਿਉ ਰਹੰਦਾ ਭੁਖਾ ।

ਜਿਸ ਤਰ੍ਹਾਂ ਬਹੁਤੇ ਘਰਾਂ ਦਾ ਪਰਾਹੁਣਾ ਭੁੱਖਾ ਰਹਿੰਦਾ ਹੈ।

ਸਾਂਝਾ ਬਬੁ ਨ ਰੋਈਐ ਚਿਤਿ ਚਿੰਤ ਨ ਚੁਖਾ ।

ਸਾਂਝੇ ਬਬ ਨੂੰ ਕੋਈ ਨਹੀਂ ਰੋਂਦਾ (ਕਿਸੇ ਦੇ ਤਾਂ) ਚਿਤ ਵਿਚ ਰਤਾ ਚਿੰਤਾ ਬੀ ਨਹੀਂ ਹੁੰਦੀ।

ਬਹਲੀ ਡੂਮੀ ਢਢਿ ਜਿਉ ਓਹੁ ਕਿਸੈ ਨ ਧੁਖਾ ।

ਬਾਹਲੇ ਡੂੰਮਾਂ ਦੀ ਢੱਡ ਵਾਂਙੂ (ਜੋ ਵਜਦੀ ਨਹੀਂ, ਕਿਉਂਕਿ ਉਸ ਦੀ) ਧੂਹ ਕਿਸੇ ਨੂੰ ਨਹੀਂ ਹੁੰਦੀ।

ਵਣਿ ਵਣਿ ਕਾਉਂ ਨ ਸੋਹਈ ਕਿਉਂ ਮਾਣੈ ਸੁਖਾ ।

(ਜਿਕੂੰ) ਭਟਕਦਾ) ਕਾਉਂ ਸੋਭਦਾ ਨਹੀਂ (ਅਰ) ਕੋਈ ਸੁਖ ਨਹੀਂ ਮਾਣਦਾ।

ਜਿਉ ਬਹੁ ਮਿਤੀ ਵੇਸੁਆ ਤਨਿ ਵੇਦਨਿ ਦੁਖਾ ।

ਜਿਕੂੰ ਬਹੁਤੇ ਮਿੱਤਾਂ੍ਰ ਵਾਲੀ ਵੇਸਵਾ (ਹੁੰਦੀ ਹੈ, ਉਸ ਦੇ) ਤਨ ਨੂੰ ਦੁਖ ਤੇ ਪੀੜਾਂ (ਹੀ ਵਾਪਰਦੀ ਹੈ)।

ਵਿਣੁ ਗੁਰ ਪੂਜਨਿ ਹੋਰਨਾ ਬਰਨੇ ਬੇਮੁਖਾ ।੧੯।

(ਜੇ) ਆਪਣੇ ਗੁਰੂ ਤੋਂ ਬਿਨਾਂ ਹੋਰਨਾਂ ਨੂੰ ਪੂਜਦੇ ਹਨ, (ਓਹ) ਬੇਮੁਖ ਕਹੀਦੇ ਹਨ, (ਅਥਵਾ ਬੇਮੁਖਾਂ ਦਾ ਇਹ ਹਾਲ ਹੈ ਜੋ ਉਪਰ ਕਿਹਾ ਹੈ। ਪਾ:- ਬਰਲੇ ਬੇਮੁਖਾ =ਓਹ ਬੇਥਵੇ ਮੂਰਖ ਹਨ)

ਪਉੜੀ ੨੦

ਵਾਇ ਸੁਣਾਏ ਛਾਣਨੀ ਤਿਸੁ ਉਠ ਉਠਾਲੇ ।

ਊਠ ਨੂੰ ਛਾਨਣੀ ਵਜਾਕੇ (ਕੋਈ) ਸੁਣਾਵੇ ਕਿ ਉਹ (ਡਰਕੇ) ਉਠ ਖੜੋਵੇ।

ਤਾੜੀ ਮਾਰਿ ਡਰਾਇੰਦਾ ਮੈਂਗਲ ਮਤਵਾਲੇ ।

ਮਸਤ ਹਾਥੀ ਨੂੰ ਤਾੜੀ ਮਾਰਕੇ ਡਰਾਵੇ (ਕਿ ਉਹ ਨੱਸ ਜਾਵੇ)।

ਬਾਸਕਿ ਨਾਗੈ ਸਾਮ੍ਹਣਾ ਜਿਉਂ ਦੀਵਾ ਬਾਲੇ ।

ਬਾਸ਼ਕ ਨਾਗ ਦੇ ਸਾਹਮਣੇ ਜਿਵੇਂ ਦੀਵਾ ਬਾਲੇ, ਮਾਨੋਂ (ਉਹ ਡਰ ਜਾਵੇਗਾ, ਪਰ ਉਸ ਦੇ ਫੁਕਾਰੇ ਨਾਲ ਦੀਵਾ ਬੁਝ ਜਾਂਦਾ ਹੈ)।

ਸੀਹੁੰ ਸਰਜੈ ਸਹਾ ਜਿਉਂ ਅਖੀਂ ਵੇਖਾਲੇ ।

ਸਹਿਆ ਜੀਕੂੰ ਸ਼ੇਰ ਨੂੰ ਅੱਖਾਂ ਦਿਖਾਲਕੇ ਤਾੜਨਾ ਚਾਹੇ (ਤਾਂ ਉਸ ਨੂੰ ਮਰਨਾ ਹੀ ਹੈ ਨਾ)।

ਸਾਇਰ ਲਹਰਿ ਨ ਪੁਜਨੀ ਪਾਣੀ ਪਰਨਾਲੇ ।

(ਜਿਕੂੰ ਕੋਠਿਆਂ ਦੇ) ਪਾਣੀ ਦੇ ਪਰਨਾਲੇ ਸਮੁੰਦਰ ਦੀਆਂ ਲਹਿਰਾਂ ਦੀ ਬਰਾਬਰੀ ਨਹੀਂ ਕਰ ਸਕਦੇ।

ਅਣਹੋਂਦਾ ਆਪੁ ਗਣਾਇਂਦੇ ਬੇਮੁਖ ਬੇਤਾਲੇ ।੨੦।

(ਤਿਕੂੰ) ਬੇਮੁਖ (ਜੋ ਕੇਂਦਰ ਹੀਨ ਹੋਣ ਕਰਕੇ, ਜਿਨ੍ਹਾਂ ਦੀ ਸੁਰਤ ਕਿਤੇ ਪ੍ਰੋਤੀ ਨਹੀਂ ਹੋਈ) ਭੂਤਨੇ ਹਨ (ਤੇ ਆਪਣੇ ਵਿਚ) ਅਣਹੋਂਦਾ (ਬਲ) ਜਤਾਉਂਦੇ ਹਨ।

ਪਉੜੀ ੨੧

ਨਾਰਿ ਭਤਾਰਹੁ ਬਾਹਰੀ ਸੁਖਿ ਸੇਜ ਨ ਚੜੀਐ ।

ਪਤੀ ਤੋਂ ਬਿਨਾਂ ਇਸਤ੍ਰੀ ਸੁਖ ਦੀ ਸੇਜ ਪਰ ਨਹੀਂ ਚੜ੍ਹ ਸਕਦੀ।

ਪੁਤੁ ਨ ਮੰਨੈ ਮਾਪਿਆਂ ਕਮਜਾਤੀਂ ਵੜੀਐ ।

ਜੇ ਪੁੱਤ ਮਾਪਿਆਂ ਨੂੰ ਨਾ ਮੰਨੇ ਉਹ ਕਮਜਾਤਾਂ ਵਿਚ ਗਿਣਿਆ ਜਾਂਦਾ ਹੈ।

ਵਣਜਾਰਾ ਸਾਹਹੁੰ ਫਿਰੈ ਵੇਸਾਹੁ ਨ ਜੜੀਐ ।

(ਜੋ) ਵਪਾਰੀ (ਆਪਣੇ) ਸ਼ਾਹ ਤੋਂ ਫਿਰ ਜਾਵੇ (ਉਸ ਦਾ) ਵਿਸਾਹ ਨਹੀਂ ਰਹਿੰਦਾ।

ਸਾਹਿਬੁ ਸਉਹੈਂ ਆਪਣੇ ਹਥਿਆਰੁ ਨ ਫੜੀਐ ।

ਆਪਣੇ ਮਾਲਕ ਦੇ ਸਾਹਮਣੇ (ਕਦੀ) ਹਥਿਆਰ ਨਾ ਫੜੀਏ।

ਕੂੜੁ ਨ ਪਹੁੰਚੈ ਸਚ ਨੋ ਸਉ ਘਾੜਤ ਘੜੀਐ ।

ਸਉ ਘਾੜਤਾਂ ਘੜੀਏ ਪਰ ਝੂਠ ਸੱਚ ਦੀ ਬਰਾਬਰੀ ਨਹੀਂ ਕਰ ਸਕਦਾ।

ਮੁੰਦ੍ਰਾਂ ਕੰਨਿ ਜਿਨਾੜੀਆਂ ਤਿਨ ਨਾਲਿ ਨ ਅੜੀਐ ।੨੧।੩੪। ਚਉਤੀਹ ।

ਜਿਨ੍ਹਾਂ ਦੇ ਕੰਨੀਂ ਮੁੰਦਾ੍ਰ ਹੋਣ, ਉਨ੍ਹਾਂ ਨਾਲ ਨਾ ਅੜੀਏ।


Flag Counter