ਵਾਰਾਂ ਭਾਈ ਗੁਰਦਾਸ ਜੀ

ਅੰਗ - 10


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

(ਰੋਸ=ਗੁੱਸਾ ਡੁਡਹੁਲਿੱਕਾ=ਨਿਮਾਣਾ। ਸੁਰੀਤਾ=ਗੋਲੀ। ਜਨਮ ਦੀ=ਜਨਮ ਕਰਕੇ। ਸਾਵਾਣੀ=ਰਾਣੀ।)

ਧ੍ਰੂ ਹਸਦਾ ਘਰਿ ਆਇਆ ਕਰਿ ਪਿਆਰੁ ਪਿਉ ਕੁਛੜਿ ਲੀਤਾ ।

ਧ੍ਰੁਵ ਹਸਦਾ ਹਸਦਾ ਘਰ ਆਇਆ, ਪਿਤਾ ਨੇ ਪਯਾਰ ਦੇ ਕੇ ਕੁਛੜ ਲੇ ਲੀਤਾ।

ਬਾਹਹੁ ਪਕੜਿ ਉਠਾਲਿਆ ਮਨ ਵਿਚਿ ਰੋਸੁ ਮਤ੍ਰੇਈ ਕੀਤਾ ।

ਮਤ੍ਰੇਈ ਮਾਂ ਨੇ ਮਨ ਵਿਚ ਗੁੱਸਾ ਖਾਕੇ ਬਾਹੋਂ ਫੜ ਕੇ ਉਠਾ ਦਿੱਤਾ (ਅਤੇ ਕਹਿਣ ਲੱਗੀ ਕਿ ਮੇਰੇ ਢਿੱਡੋਂ ਜੰਮਦੋਂ ਤਾਂ ਗੋਦੀ ਲਾਇਕ ਹੁੰਦਾ)।

ਡੁਡਹੁਲਿਕਾ ਮਾਂ ਪੁਛੈ ਤੂੰ ਸਾਵਾਣੀ ਹੈ ਕਿ ਸੁਰੀਤਾ ।

ਨਿਮਾਣਾ ਹੋ ਕੇ (ਸੱਕੀ) ਮਾਂ ਨੂੰ ਪੁੱਛਣ ਲੱਗਾ (ਹੇ ਮਾਂ!) ਤੂੰ ਸਵਾਣੀ ਹੈਂ ਕਿ ਗੋਲੀ ਹੈਂ?

ਸਾਵਾਣੀ ਹਾਂ ਜਨਮ ਦੀ ਨਾਮੁ ਨ ਭਗਤੀ ਕਰਮਿ ਦ੍ਰਿੜ੍ਹੀਤਾ ।

(ਮਾਂ ਨੇ ਕਿਹਾ) ਸਵਾਣੀ ਤਾਂ ਜਨਮ ਦੀ ਹਾਂ (ਭਾਵ ਗੋਲੀ ਨਹੀਂ ਹਾਂ, ਪਰ ਮੈਂ) ਨਾਮ ਤੇ ਭਗਤੀ ਦਾ ਕਰਮ ਨਹੀਂ ਕੀਤਾ। (ਭਾਵ, ਜੇ ਕਰਦੀ ਤਾਂ ਤੂੰ ਕਿਉਂ ਉਠਾਇਆ ਜਾਂਦਾ)।

ਕਿਸੁ ਉਦਮ ਤੇ ਰਾਜੁ ਮਿਲਿ ਸਤ੍ਰੂ ਤੇ ਸਭਿ ਹੋਵਨਿ ਮੀਤਾ ।

(ਧ੍ਰੁਵ ਪੁਛਦਾ ਹੈ ਮਾਂ ਜੀ!) ਕਿਸ ਜਤਨ ਨਾਲ ਰਾਜ ਮਿਲੇ ਅਤੇ ਸ਼ਤ੍ਰ੍ਰੁ ਸਾਰੇ ਮਿੱਤ੍ਰ੍ਰ ਹੋ ਜਾਵਨ?

ਪਰਮੇਸਰੁ ਆਰਾਧੀਐ ਜਿਦੂ ਹੋਈਐ ਪਤਿਤ ਪੁਨੀਤਾ ।

(ਮਾਂ ਕਹਿਣ ਲਗੀ ਬੱਚਾ!) ਈਸ਼੍ਵਰ (ਦਾ ਮਨ ਵਿਖੇ ਵੈਰਾਗ ਧਾਰਕੇ ਸਭ ਦਾ ਤਯਾਗ ਕਰਕੇ) ਆਰਾਧਨ ਕਰੀਏ (ਜਦ ਓਹ ਪਰਮੇਸੁਰ ਦਿਆਲ ਹੋ ਕੇ ਸਭ ਕੁਝ ਬਖਸ਼ਦਾ ਹੈ) ਤਦ ਪਤਿਤ ਤੋਂ ਪਵਿੱਤ੍ਰ੍ਰ ਹੋ ਜਾਈਦਾ ਹੈ।

ਬਾਹਰਿ ਚਲਿਆ ਕਰਣਿ ਤਪੁ ਮਨ ਬੈਰਾਗੀ ਹੋਇ ਅਤੀਤਾ ।

(ਇਹ ਸੁਣਕੇ ਧ੍ਰੁਵ ) ਬਾਹਰ ਤਪ ਕਰਨ ਤੁਰ ਪਿਆ, ਮਨ ਵੈਰਾਗਵਾਨ ਤੇ ਅਤੀਤ ਹੋ ਗਿਆ।

ਨਾਰਦ ਮੁਨਿ ਉਪਦੇਸਿਆ ਨਾਉ ਨਿਧਾਨੁ ਅਮਿਓ ਰਸੁ ਪੀਤਾ ।

ਨਾਰਦ ਮੁਨੀ ਨੇ (ਧ੍ਰੁਵ ਨੂੰ) ਉਪਦੇਸ਼ ਦਿੱਤਾ, (ਧ੍ਰੁਵ ਨੇ) ਨਾਮ ਨਿਧਾਨ ਅੰਮ੍ਰਤਰਸ ਪੀਤਾ।

ਪਿਛਹੁ ਰਾਜੇ ਸਦਿਆ ਅਬਿਚਲੁ ਰਾਜੁ ਕਰਹੁ ਨਿਤ ਨੀਤਾ ।

(੯) (ਜਦ ਭਜਨ ਵਿਚ ਪੂਰਨ ਹੋਇਆ) ਪਿੱਛੋਂ ਰਾਜੇ ਨੇ ਬੁਲਾਇਆ (ਕਿ ਆ ਕੇ ਰਾਜ ਕਰ, ਪਰ ਧ੍ਰੁਵ ਨੇ ਕਿਹਾ ਕਿ ਹੁਣ ਮੈਨੂੰ ਰਾਜ ਦੀ ਲੋੜ ਨਹੀਂ ਹੈ, ਮੈਂ) ਸਦਾ ਅਚੱਲ ਰਾਜ ਕਰਾਂਗਾ, (ਜੋ ਮੈਨੂੰ ਪ੍ਰਾਪਤ ਹੋ ਗਿਆ ਹੈ)

ਹਾਰਿ ਚਲੇ ਗੁਰਮੁਖਿ ਜਗ ਜੀਤਾ ।੧।

(੧੦) (ਸਿੱਟਾ)-ਗੁਰਮੁਖ (ਜਗਤ ਵਿਚ) ਹਾਰ ਤੁਰਦੇ ਹਨ (ਓਹੋ) ਜਗਤ ਨੂੰ ਜਿੱਤ ਜਾਂਦੇ ਹਨ।

ਪਉੜੀ ੨

ਘਰਿ ਹਰਣਾਖਸ ਦੈਤ ਦੇ ਕਲਰਿ ਕਵਲੁ ਭਗਤੁ ਪ੍ਰਹਿਲਾਦੁ ।

ਹਰਣਾਖਸ਼ ਦੈਤ ਦੇ ਕੱਲਰ (ਰੂਪੀ) ਘਰ ਵਿਚ, ਪ੍ਰਹਿਲਾਦ ਭਗਤ ਕਵਲ (ਉਤਪਤ ਹੋਇਆ)।

ਪੜ੍ਹਨ ਪਠਾਇਆ ਚਾਟਸਾਲ ਪਾਂਧੇ ਚਿਤਿ ਹੋਆ ਅਹਿਲਾਦੁ ।

(ਪਿਉ ਨੇ) ਪਾਠਸ਼ਾਲਾ ਵਿਚ ਪੜ੍ਹਨ ਨੂੰ ਘਲਿਆ, ਪਾਂਧੇ ਦੇ ਮਨ ਆਨੰਦ ਹੋਇਆ, (ਇਸ ਲਈ ਕਿ ਰਾਜਕੁਮਾਰ ਚਾਟੜਾ ਬਣਿਆਂ)।

ਸਿਮਰੈ ਮਨ ਵਿਚਿ ਰਾਮ ਨਾਮ ਗਾਵੈ ਸਬਦੁ ਅਨਾਹਦੁ ਨਾਦੁ ।

(ਪ੍ਰਹਿਲਾਦ) ਮਨ ਵਿਚ (ਭੀ ਪਰਮੇਸਰ ਦਾ ਨਾਮ ਸਿਮਰੇ ਤੇ (ਮੁਖੋਂ ਭੀ) ਇਕ ਰਸ ਧੁਨੀ ਕਰ ਕੇ ਗਾਵੇ।

ਭਗਤਿ ਕਰਨਿ ਸਭ ਚਾਟੜੈ ਪਾਂਧੇ ਹੋਇ ਰਹੇ ਵਿਸਮਾਦੁ ।

ਸਾਰੇ ਸ਼ਾਗਿਰਦ ਭਗਤੀ ਕਰਨ ਲੱਗੇ, ਪਾਂਧੇ (ਦੇਖ ਕੇ) ਹੱਕੇ ਬੱਕੇ ਹੋ ਗਏ।

ਰਾਜੇ ਪਾਸਿ ਰੂਆਇਆ ਦੋਖੀ ਦੈਤਿ ਵਧਾਇਆ ਵਾਦੁ ।

ਰਾਜੇ ਪਾਸ (ਪਾਧੇ ਨੇ) ਪੁਕਾਰ ਕੀਤੀ (ਕਿ ਪ੍ਰਹਿਲਾਦ ਪਰਮੇਸਰ ਉਪਾਸ਼ਕ ਹੈ) ਦੋਖੀ ਦੈਂਤ ਨੇ ਵੱਡਾ ਝਗੜਾ ਵਧਾ ਲਿਆ।

ਜਲ ਅਗਨੀ ਵਿਚਿ ਘਤਿਆ ਜਲੈ ਨ ਡੁਬੈ ਗੁਰ ਪਰਸਾਦਿ ।

ਪਾਣੀ ਤੇ ਅੱਗ ਵਿਚ ਸਿਟ ਦਿੱਤਾ, (ਪਰੰਤੂ) ਗੁਰੂ ਦੀ ਕ੍ਰਿਪਾ ਨਾਲ (ਅੱਗ ਨੇ ਨਾ) ਸਾੜਿਆ (ਤੇ ਨਾਂ ਪਾਣੀ ਨੇ) ਡੋਬਿਆ।

ਕਢਿ ਖੜਗੁ ਸਦਿ ਪੁਛਿਆ ਕਉਣੁ ਸੁ ਤੇਰਾ ਹੈ ਉਸਤਾਦੁ ।

ਤਲਵਾਰ ਕੱਢਕੇ ਬੁਲਾਕੇ (ਪੁੱਤ੍ਰ੍ਰ ਨੂੰ ਪਿਉ)ਪੁੱਛਣ ਲੱਗਾ (ਅਰੇ!) ਤੇਰਾ ਕੌਣ ਗੁਰੂ ਹੈ?

ਥੰਮ੍ਹੁ ਪਾੜਿ ਪਰਗਟਿਆ ਨਰਸਿੰਘ ਰੂਪ ਅਨੂਪ ਅਨਾਦਿ ।

ਤਦੋਂ ਥੰਮ ਨੂੰ ਪਾੜਕੇ ਨਰਸਿੰਘ ਰੂਪ ਅਨੂਪਮ ਬੜੇ ਸਬਦ ਵਾਲੇ ਪ੍ਰਗਟ ਹੋਏ।

ਬੇਮੁਖ ਪਕੜਿ ਪਛਾੜਿਅਨੁ ਸੰਤ ਸਹਾਈ ਆਦਿ ਜੁਗਾਦਿ ।

(੯) ਬੇਮੁਖ (ਹਰਣਾਖਸ਼) ਨੂੰ ਧਰਤੀ ਪੁਰ ਪਟਕਾ ਦਿੱਤਾ, ਸੰਤਾਂ ਦੀ ਸਹਾਇਤਾ ਸਦਾ ਤੋਂ ਹੁੰਦੀ ਆਈ ਹੈ।

ਜੈ ਜੈਕਾਰ ਕਰਨਿ ਬ੍ਰਹਮਾਦਿ ।੨।

(੧੦) ਬ੍ਰਹਮਾਦਿ ਭੀ (ਇਸ ਹਾਲ ਪਰ ) ਜੈ ਜੈ ਕਰ ਉੱਠੇ।

ਪਉੜੀ ੩

ਬਲਿ ਰਾਜਾ ਘਰਿ ਆਪਣੈ ਅੰਦਰਿ ਬੈਠਾ ਜਗਿ ਕਰਾਵੈ ।

ਰਾਜਾ ਬਲਿ ਆਪਣੇ ਘਰ ਅੰਦਰ ਬੈਠਾ ਜੱਗ ਕਰਾਉਂਦਾ ਸੀ।

ਬਾਵਨ ਰੂਪੀ ਆਇਆ ਚਾਰਿ ਵੇਦ ਮੁਖਿ ਪਾਠ ਸੁਣਾਵੈ ।

(ਇਕ) ਬਾਊੂਣੇ ਰੂਪ ਵਾਲਾ (ਬ੍ਰਾਹਮਣ) ਆਯਾ, ਚਾਰ ਬੇਦ ਮੂੰਹ ਜ਼ਬਾਨੀ ਸੁਨਾਉਣ ਲੱਗਾ,

ਰਾਜੇ ਅੰਦਰਿ ਸਦਿਆ ਮੰਗੁ ਸੁਆਮੀ ਜੋ ਤੁਧੁ ਭਾਵੈ ।

ਰਾਜੇ ਨੇ ਅੰਦਰ ਬੁਲਾਕੇ ਕਿਹਾ, “ਮੰਗ ਲੈ ਤੂੰ ਸੁਆਮੀ ਜੀ! ਜੋ ਤੈਂ ਭਾਉਂਦਾ ਹੈ”।

ਅਛਲੁ ਛਲਣਿ ਤੁਧੁ ਆਇਆ ਸੁਕ੍ਰ ਪੁਰੋਹਿਤੁ ਕਹਿ ਸਮਝਾਵੈ ।

ਸੁਕ੍ਰ ਪ੍ਰੋਹਤ ਕਹਿਕੇ ਸਮਝਾਵੇ (ਭਈ ਹੇ ਰਾਜਾ! ਇਹ) ਤੈਨੂੰ ਛਲਣ ਨੂੰ ਆਇਆ ਹੈ (ਆਪ) ਨਹੀਂ (ਜੇ) ਛਲਿਆ ਜਾਣ ਵਾਲਾ।

ਕਰੌ ਅਢਾਈ ਧਰਤਿ ਮੰਗਿ ਪਿਛਹੁ ਦੇ ਤ੍ਰਿਹੁ ਲੋਅ ਨ ਮਾਵੈ ।

(ਬਾਉਣੇ ਨੇ) ਅਢਾਈ ਉਲਾਂਘਾਂ ਧਰਤੀ ਮੰਗ ਲੀਤੀ, ਪਿੱਛੋਂ (ਇੱਡਾ ਰੂਪ ਕੀਤਾ) ਜੋ ਤਿੰਨਾਂ ਲੋਕਾਂ ਵਿਚ ਸਮਾ ਸਕੇ।

ਦੁਇ ਕਰਵਾਂ ਕਰਿ ਤਿੰਨ ਲੋਅ ਬਲਿ ਰਾਜਾ ਲੈ ਮਗਰੁ ਮਿਣਾਵੈ ।

ਦੋ ਕਦਮਾਂ ਵਿਚ ਤਾਂ ਤਿੰਨੇ ਲੋਕ (ਮਿਣ ਲੀਤੇ, ਅੱਧੇ ਕਦਮ ਦੀ ਹੁੰਦੀ) ਬਲ ਰਾਜਾ ਨੇ (ਆਪਣਾ) ਸਰੀਰ ਮਿਣਾ ਦਿੱਤਾ।

ਬਲਿ ਛਲਿ ਆਪੁ ਛਲਾਇਅਨੁ ਹੋਇ ਦਇਆਲੁ ਮਿਲੈ ਗਲਿ ਲਾਵੈ ।

(ਰਾਜਾ) ਬਲ ਨੇ (ਬਾਵਨ ਦੇ) ਛਲ ਨਾਲ ਆਪ ਨੂੰ ਛਲਾ ਲੀਤਾ (ਇਸ ਗੱਲ ਪਰ) ਦਿਆਲ ਹੋਕੇ (ਉਸ ਨੇ ਮਿਲਕੇ (ਬਲ ਨੂੰ )ਗਲ ਨਾਲ ਲਾਇਆ।

ਦਿਤਾ ਰਾਜੁ ਪਤਾਲ ਦਾ ਹੋਇ ਅਧੀਨੁ ਭਗਤਿ ਜਸੁ ਗਾਵੈ ।

(ਫੇਰ ਉਸਨੂੰ) ਪਤਾਲ ਦਾ ਰਾਜ ਦੇ ਦਿੱਤਾ (ਪਰ ਉਹ) ਭਗਤ ਫੇਰ ਭੀ ਅਧੀਨ ਹੋ ਕੇ (ਭਗਵੰਤ ਦਾ) ਜਸ ਗਾਉਣ ਲੱਗਾ। (ਕਈ ਕਹਿੰਦੇ ਹਨ: ਭਗਤ ਦੇ ਅਧੀਨ ਹੋਕੇ ਸੁਖ ਪਾਉਣ ਲੱਗਾ)।

ਹੋਇ ਦਰਵਾਨ ਮਹਾਂ ਸੁਖੁ ਪਾਵੈ ।੩।

(੯) ਡੇਉਢੀ ਬਰਦਾਰ ਹੋਕੇ ਵੱਡਾ ਸੁਖ ਨੂੰ ਪਾਉਂਦਾ ਹੈ।

ਪਉੜੀ ੪

ਅੰਬਰੀਕ ਮੁਹਿ ਵਰਤੁ ਹੈ ਰਾਤਿ ਪਈ ਦੁਰਬਾਸਾ ਆਇਆ ।

(ਰਾਜਾ) ਅੰਬਰੀਕ ਦਾ ਮੂੰਹ (ਇਕਾਦਸ਼ੀ ਦੇ) ਬਰਤ ਵਾਲਾ ਸੀ, ਜਦ ਰਾਤ ਬੀਤੀ ਤਦ ਦੁਰਬਾਸ਼ਾ (ਰਿਖੀ) ਆ ਗਿਆ।

ਭੀੜਾ ਓਸੁ ਉਪਾਰਣਾ ਓਹੁ ਉਠਿ ਨ੍ਹਾਵਣਿ ਨਦੀ ਸਿਧਾਇਆ ।

(ਰਾਜੇ ਨੇ ਦਵਾਦਸ਼ੀ ਵਿੱਚ) ਉਹ ਵਰਤ ਉਪਾਰਣਾਂ ਸੀ, (ਕਿਉਂ ਜੋ ਤ੍ਰ੍ਰਯੋਦਸ਼ੀ ਵਿਚ ਉਪਾਰਣ ਨਾਲ ਹਿੰਦੂਆਂ ਵਿਚ ਦੋਸ਼ ਗਿਣੀਂਦਾ ਹੈ) ਉਹ (ਦੁਰਬਾਸ਼ਾ ਰਿਖੀ) ਉੱਠਕੇ ਨਦੀ ਨੂੰ ਨ੍ਹਾਉਣ ਲਈ ਚਲਿਆ ਗਿਆ।

ਚਰਣੋਦਕੁ ਲੈ ਪੋਖਿਆ ਓਹੁ ਸਰਾਪੁ ਦੇਣ ਨੋ ਧਾਇਆ ।

(ਰਾਜਾ ਨੇ ਆਤਮ ਪੂਜਾ) ਦਾ ਚਰਣਾਂਮ੍ਰਿਤ ਲੈ ਕੇ ਬਰਤ ਉਪਾਰ ਲੀਤਾ, ਉਹ (ਸੁਣਦਾ ਹੀ) ਸਰਾਪ ਦੇਣ ਲਈ ਦੌੜਿਆ, (ਇਸ ਗੁੱਸੇ ਵਿਚ ਕਿ ਮੂੰਹ ਜੂਠਾ ਕਿਉਂ ਕਰ ਲੀਤਾ)।

ਚਕ੍ਰ ਸੁਦਰਸਨੁ ਕਾਲ ਰੂਪ ਹੋਇ ਭੀਹਾਵਲੁ ਗਰਬੁ ਗਵਾਇਆ ।

ਸੁਦਰਸ਼ਨ ਚੱਕ੍ਰ ਨੇ ਕਾਲ ਰੂਪ ਭਯਾਨਕ ਹੋ ਕੇ ਉਸਦਾ ਗਰਬ ਤੋੜ ਦਿੱਤਾ। (ਤਾਤਪਰਯ ਏਹ ਕਿ ਜਿੱਥੇ ਰਿਖੀ ਜਾਵੇ ਉਸਦਾ ਚੱਕ੍ਰ ਪਿੱਛਾ ਨਾਂ ਛੱਡੇ)

ਬਾਮ੍ਹਣੁ ਭੰਨਾ ਜੀਉ ਲੈ ਰਖਿ ਨ ਹੰਘਨਿ ਦੇਵ ਸਬਾਇਆ ।

ਬ੍ਰਾਹਮਣ ਜੀ ਭਯਾਣਾ (ਦੈਵ ਪੁਰੀਆਂ ਨੂੰ) ਭੱਜਿਆ ਅਗੇ ਸਾਰੇ ਦੇਵਤਿਆਂ ਵਿੱਚੋਂ ਕੋਈ ਨਾ ਰੱਖ ਸਕੇ (ਭਾਵ ਸਾਰੇ ਪਰੇ ਪਰੇ ਕਰਨ)।

ਇੰਦ੍ਰ ਲੋਕੁ ਸਿਵ ਲੋਕੁ ਤਜਿ ਬ੍ਰਹਮ ਲੋਕੁ ਬੈਕੁੰਠ ਤਜਾਇਆ ।

ਇੰਦ੍ਰ੍ਰ ਪੁਰੀ, ਸ਼ਿਵ ਪੁਰੀ ਨੂੰ ਛੱਡਕੇ ਬ੍ਰਹਮਾਂ ਦੇ ਲੋਕ ਤੇ ਬੈਕੁੰਠ ਨੂੰ ਛਡਿਆ।

ਦੇਵਤਿਆਂ ਭਗਵਾਨੁ ਸਣੁ ਸਿਖਿ ਦੇਇ ਸਭਨਾਂ ਸਮਝਾਇਆ ।

ਦੇਵਤਿਆਂ ਨੇ ਵਿਸ਼ਨੂੰ ਦੇ ਸਾਥ (ਮਿਲ ਕੇ) ਸਿੱਖਯਾ ਦੇ ਕੇ ਸਭਨਾਂ ਨੇ ਸਮਝਾਇਆ (ਭਈ ਜਿਸ ਦੀ ਤੂੰ ਅਵੱਗਯਾ ਕੀਤੀ ਹੈ ਉਸੇ ਭਗਤ ਦੀ ਸ਼ਰਣੀ ਪਉ)।

ਆਇ ਪਇਆ ਸਰਣਾਗਤੀ ਮਾਰੀਦਾ ਅੰਬਰੀਕ ਛੁਡਾਇਆ ।

(ਜਦ ਰਿਖੀ ਭਗਤ) ਅੰਬਰੀਕ ਦੀ ਆਕੇ ਸ਼ਰਨੀ ਪਿਆ, (ਤਦੋਂ ਭਗਤ ਨੇ ਉਸ) ਮਰੀਂਦੇ ਨੂੰ ਛੁਡਾ ਲੀਤਾ।

ਭਗਤਿ ਵਛਲੁ ਜਗਿ ਬਿਰਦੁ ਸਦਾਇਆ ।੪।

(੯) ਭਗਤ ਵਛਲ ਬਿਰਦ ਜਗਤ ਵਿਚੇ (ਸੱਚਾ) ਕਹਾਇਆ।

ਪਉੜੀ ੫

ਭਗਤੁ ਵਡਾ ਰਾਜਾ ਜਨਕੁ ਹੈ ਗੁਰਮੁਖਿ ਮਾਇਆ ਵਿਚਿ ਉਦਾਸੀ ।

ਰਾਜਾ ਜਨਕ ਵੱਡਾ ਭਗਤ ਸੀ, ਗੁਰਮੁਖ ਤੇ ਮਾਯਾ ਵਿਖੇ ਉਦਾਸ ਰਹਿੰਦਾ ਸੀ।

ਦੇਵ ਲੋਕ ਨੋ ਚਲਿਆ ਗਣ ਗੰਧਰਬੁ ਸਭਾ ਸੁਖਵਾਸੀ ।

ਦੇਵ ਲੋਕ ਨੂੰ ਚਲਿਆਂ ਸੀ (ਨਾਲ) ਗੰਧਰਬ (ਗਾਉਂਦੇ) ਤੇ ਹਰਿ ਗੁਣਾਂ ਦੀ ਸਭਾ ਟਹਿਲ ਕਰਦੀ ਸੀ।

ਜਮਪੁਰਿ ਗਇਆ ਪੁਕਾਰ ਸੁਣਿ ਵਿਲਲਾਵਨਿ ਜੀਅ ਨਰਕ ਨਿਵਾਸੀ ।

ਜਮ ਦੀ ਪੁਰੀ ਨੂੰ ਪੁਕਾਰ ਸੁਣ ਕੇ ਰਾਜਾ (ਗਿਆ) (ਕੀ ਡਿੱਠਾ? ਕਿ) ਨਰਕ ਦੇ ਰਹਿਣ ਵਾਲੇ ਵਡੇ ਕੁਰਲਾਉਂਦੇ ਹਨ।

ਧਰਮਰਾਇ ਨੋ ਆਖਿਓਨੁ ਸਭਨਾ ਦੀ ਕਰਿ ਬੰਦ ਖਲਾਸੀ ।

ਧਰਮ ਰਾਇ ਨੂੰ (ਆਪ ਨੇ) ਬਚਨ ਕੀਤਾ ਕਿ “ਸਭਨਾਂ ਨੂੰ (ਨਰਕ ਦੀ) ਕੈਦ ਵਿਚੋਂ ਕੱਢ ਦੇਹ”।

ਕਰੇ ਬੇਨਤੀ ਧਰਮਰਾਇ ਹਉ ਸੇਵਕੁ ਠਾਕੁਰੁ ਅਬਿਨਾਸੀ ।

ਧਰਮ ਰਾਜਾ ਬੇਨਤੀ ਕਰਨ ਲੱਗਾ (ਹੇ ਰਾਜਾ!) ਮੈਂ ਤਾਂ ਠਾਕੁਰ ਅਬਿਨਾਸ਼ੀ ਦਾ ਦਾਸ ਹਾਂ। (ਭਾਵ ਉਸਦਾ ਹੁਕਮ ਕਿੱਕੁਰ ਮੋੜਾਂ? )

ਗਹਿਣੇ ਧਰਿਓਨੁ ਇਕੁ ਨਾਉ ਪਾਪਾ ਨਾਲਿ ਕਰੈ ਨਿਰਜਾਸੀ ।

(ਜਨਕ ਨੇ ਇਕ ਪਾਸੇ ਨਾਮ (ਜਪਣ ਦਾ ਆਪਣਾ ਮਹਾਤਮ) ਰੱਖ ਦਿਤਾ, ਭਈ ਪਾਪਾਂ ਨਾਲ ਤੋਲਿਆ ਜਾਵੇ।

ਪਾਸੰਗਿ ਪਾਪੁ ਨ ਪੁਜਨੀ ਗੁਰਮੁਖਿ ਨਾਉ ਅਤੁਲ ਨ ਤੁਲਾਸੀ ।

ਨਾਮ ਵੱਟੇ ਦੀ ਚੌਥਾਈ ਦੇ ਬਰਾਬਰ ਵੀ ਪਾਪ ਨਾ ਪੂਰੇ ਹੋਏ, ਗੁਰਮੁਖ (ਰਾਜਾ ਜਨਕ) ਦਾ (ਨਾਮ ਜਪਣ ਦਾ ਵੱਟਾ) ਅਤੁਲ ਤੇ ਅਤੋਲ ਰਿਹਾ।

ਨਰਕਹੁ ਛੁਟੇ ਜੀਅ ਜੰਤ ਕਟੀ ਗਲਹੁੰ ਸਿਲਕ ਜਮ ਫਾਸੀ ।

ਨਰਕ ਥੋਂ ਜੀਅ ਜੰਤ ਆਜ਼ਾਦ ਕੀਤੇ ਗਏ, ਉਨ੍ਹਾਂ ਦੇ ਗਲਾਂ ਥੋਂ ਕਰੜੀ ਜਮ ਦੀ ਫਾਹੀ ਕੱਟੀ ਗਈ।

ਮੁਕਤਿ ਜੁਗਤਿ ਨਾਵੈ ਦੀ ਦਾਸੀ ।੫।

(੯) ਮੁਕਤੀ ਤੇ ਜੁਗਤੀ (ਦੂਜੇ ਨੂੰ ਮੁਕਤ ਕਰਨ ਦਾ ਤ੍ਰੀਕਾ) ਨਾਮ ਦੀਆਂ ਦਾਸੀਆਂ ਹਨ।

ਪਉੜੀ ੬

ਸੁਖੁ ਰਾਜੇ ਹਰੀਚੰਦ ਘਰਿ ਨਾਰਿ ਸੁ ਤਾਰਾ ਲੋਚਨ ਰਾਣੀ ।

ਰਾਜੇ ਹਰੀ ਚੰਦ ਘਰ (ਪੂਰਨ) ਸੁਖ (ਦਾ ਨਿਵਾਸ ਸੀ; ਉਸਦੇ ਘਰ) ਸ੍ਰੇਸ਼ਟ ਨੇਤਰਾਂ ਵਾਲੀ ਤਾਰਾ ਨਾਮੇਂ ਰਾਣੀ ਹੈਸੀ।

ਸਾਧਸੰਗਤਿ ਮਿਲਿ ਗਾਵਦੇ ਰਾਤੀ ਜਾਇ ਸੁਣੈ ਗੁਰਬਾਣੀ ।

(ਉਸੇ ਨਗਰੀ) ਸਾਧ ਸੰਗਤ ਮਿਲਕੇ ਕੀਰਤਨ ਕਰਦੀ ਹੁੰਦੀ ਸੀ, (ਉਹ ਰਾਣੀ) ਰਾਤ ਨੂੰ ਗੁਰਬਾਣੀ (ਉਥੇ ਜਾਕੇ) ਸੁਣਦੀ ਹੁੰਦੀ ਸੀ।

ਪਿਛੈ ਰਾਜਾ ਜਾਗਿਆ ਅਧੀ ਰਾਤਿ ਨਿਖੰਡਿ ਵਿਹਾਣੀ ।

(ਇਕ ਰਾਤ) ਪਿੱਛੋਂ ਰਾਜਾ ਜਾਗ ਪਿਆ (ਤਦੋਂ) ਅੱਧੀ ਰਾਤ ਪੂਰੀ ਗੁਜ਼ਰ ਚੁਕੀ ਸੀ।

ਰਾਣੀ ਦਿਸਿ ਨ ਆਵਈ ਮਨ ਵਿਚਿ ਵਰਤਿ ਗਈ ਹੈਰਾਣੀ ।

ਰਾਣੀ ਨਜ਼ਰ ਨਾ ਆਈ, ਮਨ ਵਿਖੇ ਹੈਰਾਨੀ ਵਰਤੀ (ਅਥਵਾ ਮਨ ਵਿਖੇ ਕਹਿੰਦਾ ਸੀ 'ਹੈਂ'! ਰਾਣੀ ਕਿਧਰ ਗਈ? ')

ਹੋਰਤੁ ਰਾਤੀ ਉਠਿ ਕੈ ਚਲਿਆ ਪਿਛੈ ਤਰਲ ਜੁਆਣੀ ।

ਹੋਰ (ਦੂਜੀ) ਰਾਤ ਨੂੰ ਉੱਠਕੇ ਪਿਛੇ ਲੱਗ ਤੁਰਿਆ (ਉਸ) ਚੰਚਲ ਜੁਆਨ ਰਾਣੀ ਦੇ।

ਰਾਣੀ ਪਹੁਤੀ ਸੰਗਤੀ ਰਾਜੇ ਖੜੀ ਖੜਾਉ ਨੀਸਾਣੀ ।

(ਰਾਣੀ ਤਾਂ) ਸੰਗਤ ਵਿਖੇ ਜਾ ਪੁੱਜੀ, ਰਾਜਾ (ਉਸ ਦੀਆਂ) ਖੜਾਵਾਂ ਵਿਚੋਂ (ਇਕ ਖੜਾਉਂ) ਨੀਸਾਣੀ ਲੈ ਗਿਆ।

ਸਾਧਸੰਗਤਿ ਆਰਾਧਿਆ ਜੋੜੀ ਜੁੜੀ ਖੜਾਉ ਪੁਰਾਣੀ ।

(ਜਾਂ ਰਾਣੀ ਉੱਠੀ ਤੇ ਖੜਾਂ ਨਾ ਦੇਖੀ ਤਦ ਘਾਬਰੀ ਨਹੀਂ) ਸਾਧ ਸੰਗਤ ਦੀ ਅਰਾਧਨਾ ਕੀਤੀ; (ਉਸ) ਪੁਰਾਣੀ ਖੜਾਉਂ ਨਾਲ (ਇਕ ਹੋਰ) ਪੁਰਾਣੀ (ਖੜਾਂਉ) ਮਿਲਕੇ ਜੋੜੀ ਬਣ ਗਈ।

ਰਾਜੇ ਡਿਠਾ ਚਲਿਤੁ ਇਹੁ ਏਹ ਖੜਾਵ ਹੈ ਚੋਜ ਵਿਡਾਣੀ ।

ਰਾਜੇ ਇਹ ਚਲਿੱਤ੍ਰ੍ਰ ਦੇਖਿਆ ਕਿ ਇਹ ਖੜਾਉਂ ਤਾਂ ਵੱਡਾ ਅਚਰਜ ਕੌਤਕ ਹੈ।

ਸਾਧਸੰਗਤਿ ਵਿਟਹੁ ਕੁਰਬਾਣੀ ।੬।

(੯) ਸਾਧ ਸੰਗਤ ਤੋਂ ਕੁਰਬਾਨ ਜਾਈਏ।

ਪਉੜੀ ੭

ਆਇਆ ਸੁਣਿਆ ਬਿਦਰ ਦੇ ਬੋਲੈ ਦੁਰਜੋਧਨੁ ਹੋਇ ਰੁਖਾ ।

ਬਿਦਰ ਦੇ ਘਰ ਆਇਆ (ਕ੍ਰਿਸ਼ਨ ਦੇਵ ਨੂੰ) ਸੁਣਕੇ ਦੁਰਯੋਧਨ ਗੁੱਸੇ ਨਾਲ (ਕਹਿਣ ਲੱਗਾ)।

ਘਰਿ ਅਸਾਡੇ ਛਡਿ ਕੈ ਗੋਲੇ ਦੇ ਘਰਿ ਜਾਹਿ ਕਿ ਸੁਖਾ ।

ਸਾਡੇ ਮੰਦਰਾਂ ਨੂੰ ਛਡ ਕੇ ਦਾਸ ਦੇ ਘਰ ਜਾਣ ਨਾਲ ਕੀ ਸੁਖ ਹੈ?

ਭੀਖਮੁ ਦੋਣਾ ਕਰਣ ਤਜਿ ਸਭਾ ਸੀਗਾਰ ਵਡੇ ਮਾਨੁਖਾ ।

ਭੀਖਮ ਦਰੋਣਾ, ਕਰਨ (ਆਦਿਕ) ਸਭਾ ਕੇ ਮੁਖੀਏ ਵਡੇ ਮਨੁਖ ਛੱਡ ਦਿਤੇ।

ਝੁੰਗੀ ਜਾਇ ਵਲਾਇਓਨੁ ਸਭਨਾ ਦੇ ਜੀਅ ਅੰਦਰਿ ਧੁਖਾ ।

(ਕੱਖਾਂ ਦੀ) ਛੱਪਰੀ ਵਿਚ ਰਾਤ ਕੱਟੀ, ਸਭਨਾਂ ਦੇ ਮਨ ਇਸ ਗੱਲ ਦੀ ਚਿੰਤਾ ਹੈ!

ਹਸਿ ਬੋਲੇ ਭਗਵਾਨ ਜੀ ਸੁਣਿਹੋ ਰਾਜਾ ਹੋਇ ਸਨਮੁਖਾ ।

ਕ੍ਰਿਸ਼ਨ ਜੀ ਹੱਸਕੇ ਬੋਲੇ, ਹੇ ਰਾਜਨ! ਸੁਣ ਧਯਾਨ ਦੇਕੇ।

ਤੇਰੇ ਭਾਉ ਨ ਦਿਸਈ ਮੇਰੇ ਨਾਹੀ ਅਪਦਾ ਦੁਖਾ ।

(ਤੇਰੇ ਮਨ) ਵਿਖੇ ਪ੍ਰੇਮ ਨਹੀਂ ਦਿੱਸਦਾ, ਮੈਨੂੰ ਕੋਈ ਅਪਦਾ ਦਾ ਦੁੱਖ ਨਹੀਂ।

ਭਾਉ ਜਿਵੇਹਾ ਬਿਦਰ ਦੇ ਹੋਰੀ ਦੇ ਚਿਤਿ ਚਾਉ ਨ ਚੁਖਾ ।

ਬਿਦਰ ਦੇ ਮਨ ਅਜੇਹਾ ਪ੍ਰੇਮ ਹੈ ਕਿ ਹੋਰ (ਕਿਸੇ) ਦੇ ਮਨ ਵਿਚ ਉਸਦਾ ਰੰਚਕ ਭੀ ਹਿੱਸਾ ਨਹੀਂ ਹੈ।

ਗੋਬਿੰਦ ਭਾਉ ਭਗਤਿ ਦਾ ਭੁਖਾ ।੭।

ਪਰਮੇਸ਼ੁਰ (ਆਪ ਭੀ) ਪ੍ਰੇਮਾ ਭਗਤੀ ਦਾ ਭੁੱਖਾ ਹੈ।

ਪਉੜੀ ੮

ਅੰਦਰਿ ਸਭਾ ਦੁਸਾਸਣੈ ਮਥੇਵਾਲਿ ਦ੍ਰੋਪਤੀ ਆਂਦੀ ।

ਦੁਸਾਸਨ ਨੇ ਸਭਾ ਵਿਚ ਦ੍ਰੋਪਤੀ ਜੂੜੇ ਤੋਂ ਫੜਕੇ ਆਂਦੀ।

ਦੂਤਾ ਨੋ ਫੁਰਮਾਇਆ ਨੰਗੀ ਕਰਹੁ ਪੰਚਾਲੀ ਬਾਂਦੀ ।

(ਦਰਯੋਧਨ ਨੇ) ਦੂਤਾਂ ਨੂੰ ਕਿਹਾ ਇਸ ਪੰਜਾਬਣ ਨੂੰ ਨੰਗੀ ਕਰੋ।

ਪੰਜੇ ਪਾਂਡੋ ਵੇਖਦੇ ਅਉਘਟਿ ਰੁਧੀ ਨਾਰਿ ਜਿਨਾ ਦੀ ।

ਓਹ ਪੰਜੇ ਪਾਂਡਵ (ਯੁਧਿਸਟਰ, ਅਰਜਨ, ਭੀਮਸੈਨ, ਨਕਲ, ਸਹਦੇਵ) ਵੇਖਦੇ ਹਨ, ਜਿਨ੍ਹਾਂ ਦੀ ਇਸਤ੍ਰ੍ਰੀ ਔਕੜ ਵਿਚ ਫਸ ਗਈ ਹੈ।

ਅਖੀ ਮੀਟ ਧਿਆਨੁ ਧਰਿ ਹਾ ਹਾ ਕ੍ਰਿਸਨ ਕਰੈ ਬਿਲਲਾਂਦੀ ।

ਫੇਰ ਦ੍ਰੋਪਤੀ ਨੇ ਅੱਖਾਂ ਮੀਟਕੇ ਧਿਆਨ ਧਰਿਆ ਤੇ ਵਿਲਲਾਕੇ 'ਹਾ ਕ੍ਰਿਸ਼ਨ !' ' ਹਾ ਕ੍ਰਿਸ਼ਨਾ' ਦੀ ਪੁਕਾਰ ਕੀਤੀ।

ਕਪੜ ਕੋਟੁ ਉਸਾਰਿਓਨੁ ਥਕੇ ਦੂਤ ਨ ਪਾਰਿ ਵਸਾਂਦੀ ।

ਦੂਤਾਂ ਨੇ (ਕੱਪੜੇ ਲਾਹ ਲਾਹਕੇ) 'ਕਟ ਉਸਾਰਿਓਨ' (ਭਾਵ ਢੇਰ ਲਾ ਦਿਤੇ, ਤੇ ਲਾਹੁੰਦੇ ਲਾਹੁੰਦੇ) ਥੱਕ ਗਏ, ਪਰ ਅੰਤ ਨਾ ਆਯਾ।

ਹਥ ਮਰੋੜਨਿ ਸਿਰੁ ਧੁਣਨਿ ਪਛੋਤਾਨਿ ਕਰਨਿ ਜਾਹਿ ਜਾਂਦੀ ।

ਹੱਥ ਮਰੋੜਦੇ ਹਨ, ਸਿਰ ਧੁਣਦੇ ਹਨ, ਪਛੁਤਾਉਂਦੇ ਹਨ, ਤੇ ਕਹਿੰਦੇ ਹਨ: ਜਾਹ ਜਾਂਦੀ (ਕੁਝ ਨਾ ਬਣਿਆਂ ਮੁਕਾਲਾ ਭੀ ਕਰਾਯਾ ਤੇ ਕਾਰਜ ਭੀ ਨਾ ਹੋਯਾ, ਅੰਤ ਅੱਕਕੇ ਛੱਡ ਦਿੱਤਾ)।

ਘਰਿ ਆਈ ਠਾਕੁਰ ਮਿਲੇ ਪੈਜ ਰਹੀ ਬੋਲੇ ਸਰਮਾਂਦੀ ।

ਘਰ ਆਈ (ਅੱਗੋਂ) ਸੁਆਮੀ ਮਿਲੇ, (ਪੁੱਛਣ ਲੱਗੇ:-ਦ੍ਰੋਪਤੀ!) ਪੈਜ ਰਹਿ ਗਈ? ਸ਼ਰਮਾਂਉਂਦੀ ਹੋਈ ਨੇ ਉੱਤਰ ਦਿੱਤਾ (ਹਾਂ ਜੀ)।

ਨਾਥ ਅਨਾਥਾਂ ਬਾਣਿ ਧੁਰਾਂ ਦੀ ।੮।

ਨਾਥ ਨੂੰ ਅਨਾਥਾਂ (ਦੇ ਬਿਰਦ ਸੰਭਾਲਣ) ਦੀ ਵਾਦੀ ਧੁਰ ਥੋਂ ਹੈ।

ਪਉੜੀ ੯

ਬਿਪੁ ਸੁਦਾਮਾ ਦਾਲਿਦੀ ਬਾਲ ਸਖਾਈ ਮਿਤ੍ਰ ਸਦਾਏ ।

ਸੁਦਾਮਾਂ (ਨਾਮੇਂ) ਬ੍ਰਾਹਮਣ (ਦਰਿੱਦ੍ਰ੍ਰੀ=) ਨਿਰਧਨ ਸੀ, ਬਾਲਕ ੳਮਰਾ ਦਾ (ਕ੍ਰਿਸ਼ਨ ਜੀ ਦਾ) ਯਾਰ ਹੈਸੀ।

ਲਾਗੂ ਹੋਈ ਬਾਮ੍ਹਣੀ ਮਿਲਿ ਜਗਦੀਸ ਦਲਿਦ੍ਰ ਗਵਾਏ ।

ਉਸਦੀ ਬਾਹਮਣੀ (ਵਹੁਟੀ) ਉਸਦੇ ਪਿੱਛੇ ਪੈ ਗਈ ਕਿ ਤੂੰ ਜਗਦੀਸ਼ ਜੀ ਨੂੰ ਮਿਲ, (ਤੇਰਾ) ਦਰਿੱਦ੍ਰ੍ਰ ਗਵਾ ਦੇਵੇਗਾ।

ਚਲਿਆ ਗਣਦਾ ਗਟੀਆਂ ਕਿਉ ਕਰਿ ਜਾਈਐ ਕਉਣੁ ਮਿਲਾਏ ।

(ਦਿਲ ਤਾਂ ਮੰਗਣ ਨੂੰ ਨਹੀਂ ਕਰਦਾ, ਪਰ) ਗਿਣਤੀਆਂ ਗਿਣਦਾ ਤੁਰ ਪਿਆ (ਭਈ) ਕਿੱਕੁਰ ਮੁਲਾਕਾਤ ਹੋਵੇ ਤੇ ਕੌਣ ਮੁਲਾਕਾਤ ਕਰਾਵੇ?

ਪਹੁਤਾ ਨਗਰਿ ਦੁਆਰਕਾ ਸਿੰਘ ਦੁਆਰਿ ਖਲੋਤਾ ਜਾਏ ।

ਦੁਆਰਕਾ ਨਗਰੀ ਪਹੁੰਚਾ ਤੇ ਰਾਜ ਦੁਆਰ ਤੇ ਜਾ ਖੜੋਤਾ।

ਦੂਰਹੁ ਦੇਖਿ ਡੰਡਉਤਿ ਕਰਿ ਛਡਿ ਸਿੰਘਾਸਣੁ ਹਰਿ ਜੀ ਆਏ ।

ਕ੍ਰਿਸ਼ਨ ਜੀ ਦੂਰੋਂ ਦੇਖਕੇ ਸਿੰਘਾਸਨ ਛੱਡਕੇ ਆਏ ਤੇ ਮੱਥਾ ਟੇਕਿਆ।

ਪਹਿਲੇ ਦੇ ਪਰਦਖਣਾ ਪੈਰੀ ਪੈ ਕੇ ਲੈ ਗਲਿ ਲਾਏ ।

ਪਹਿਲੇ ਪ੍ਰਦੱਖਣਾ ਕੀਤੀ, ਪੈਰੀ ਪਏ ਫੇਰ ਗਲ ਨਾਲ ਲਾਯਾ।

ਚਰਣੋਦਕੁ ਲੈ ਪੈਰ ਧੋਇ ਸਿੰਘਾਸਣੁ ਉਤੇ ਬੈਠਾਏ ।

ਸਿੰਘਾਸਨ ਪੁਰ ਬੈਠਾਕੇ ਚਰਣ ਧੋਤੇ ਤੇ ਚਰਨਾਂਮ੍ਰਿਤ ਲੀਤਾ।

ਪੁਛੇ ਕੁਸਲੁ ਪਿਆਰੁ ਕਰਿ ਗੁਰ ਸੇਵਾ ਦੀ ਕਥਾ ਸੁਣਾਏ ।

ਪਿਆਰ ਨਾਲ (ਫੇਰ) ਸੁਖ ਸਾਂਦ ਪੁੱਛੀ (ਤੇ) ਗੁਰ ਸੇਵਾ ਦੀ ਕਥਾ ਕੀਤੀ (ਭਈ ਅਸੀਂ ਦੋਵੇਂ ਗੁਰੂ ਦੀ ਟਹਿਲ ਕਰਦੇ ਹੁੰਦੇ ਸੇ, ਇਕੇਰਾਂ ਚਣੇ ਨਾਲ ਲੈ ਗਏ ਸੇ, ਭਈ ਭੁੱਖ ਲੱਗੇਗੀ ਤਾਂ ਚੱਬਾਂਗੇ, ਮੈਂ ਤਾਂ ਲੱਕੜੀਆਂ ਨੂੰ ਗਿਆ ਹੋਇਆ ਸੀ ਤੂੰ ਪਿੱਛੇ ਦਾਣੇ ਚਬ ਲੀਤੇ ਜਦ ਮੇਰੇ ਜੋਗੇ ਨਾ ਰਹੇ ਤਾਂ ਮੈਂ ਤੇਰੇ ਨਾਲ ਗੁੱਸੇ ਹੋ ਪਿ

ਲੈ ਕੇ ਤੰਦੁਲ ਚਬਿਓਨੁ ਵਿਦਾ ਕਰੇ ਅਗੈ ਪਹੁਚਾਏ ।

(੯) ਫੇਰ ਉਸ ਦੇ ਪੱਲਿਓਂ ਚਾਵਲ (ਜੇਹੜੇ ਬਾਹਮਣੀ ਨੇ ਭੇਟਾ ਲਈ ਬੰਨ੍ਹ ਦਿੱਤੇ ਸੀ)

ਚਾਰਿ ਪਦਾਰਥ ਸਕੁਚਿ ਪਠਾਏ ।੯।

(੧੦) ਚਾਰੇ ਪਦਾਰਥ 'ਸਭ ਕਿਛ ਇਉਂ) ਸ਼ਰਮਾ ਕੇ ਦਿੱਤੇ (ਜਿੱਕੁਰ ਕੋਈ ਵੱਡਾ ਉਦਾਰ ਕਿਸੇ ਗਰੀਬ ਨੂੰ ਇਕ ਟਕਾ ਦੇਵੇ)।

ਪਉੜੀ ੧੦

ਪ੍ਰੇਮ ਭਗਤਿ ਜੈਦੇਉ ਕਰਿ ਗੀਤ ਗੋਵਿੰਦ ਸਹਜ ਧੁਨਿ ਗਾਵੈ ।

ਜੈ ਦੇਵ (ਨਾਮੇ ਭਗਤ) ਪ੍ਰੇਮਾ ਭਗਤੀ ਕਰ ਕੇ ਗੋਵਿੰਦ ਦੇ ਗੀਤ ਸਹਿਜ ਧੁਨਿ (ਸੁਤੇ ਪ੍ਰੇਮ ਦੀ ਲੈ) ਨਾਲ ਗਾਉਂਦਾ ਹੁੰਦਾ ਸੀ।

ਲੀਲਾ ਚਲਿਤ ਵਖਾਣਦਾ ਅੰਤਰਜਾਮੀ ਠਾਕੁਰ ਭਾਵੈ ।

(ਪਰਮੇਸ਼ੁਰ ਦੇ) ਕਰਤੱਵ ਤੇ ਚਲਿੱਤ੍ਰ ਵਖਯਾਨ ਕਰਦਾ ਸੀ, (ਓਹ) ਅੰਤਰਜਾਮੀ ਪਰਮੇਸ਼ਰ ਨੂੰ ਹੀ ਭਾਉਂਦਾ ਸੀ।

ਅਖਰੁ ਇਕੁ ਨ ਆਵੜੈ ਪੁਸਤਕ ਬੰਨ੍ਹਿ ਸੰਧਿਆ ਕਰਿ ਆਵੈ ।

ਇਕ ਅੱਖ ਅਹੁੜਦਾ ਨਹੀਂ ਸੀ, ਪੁਸਤਕ ਸਾਂਭ ਕੇ ਸੰਧਯਾ ਨੂੰ ਆਵੇ (ਜਾਂ ਪਾਠ ਕਰਨ ਜਾਵੇ)।॥

ਗੁਣ ਨਿਧਾਨੁ ਘਰਿ ਆਇ ਕੈ ਭਗਤ ਰੂਪਿ ਲਿਖਿ ਲੇਖੁ ਬਣਾਵੈ ।

ਗੁਣਾਂ ਦੇ ਸਮੁੰਦਰ ਨੇ ਘਰ ਆ ਕੇ ਭਗਤ ਰੂਪ (ਧਰਕੇ) ਲੇਖ ਲਿਖ ਕੇ ਬਣਾ ਦਿੱਤਾ।

ਅਖਰ ਪੜ੍ਹਿ ਪਰਤੀਤਿ ਕਰਿ ਹੋਇ ਵਿਸਮਾਦੁ ਨ ਅੰਗਿ ਸਮਾਵੈ ।

ਜੈ ਦੇਵ (ਉਹ ਇਕ ਅੱਖਰ ਪੜ੍ਹ ਕੇ ਪ੍ਰਤੀਤ ਕਰ ਕੇ ਹੈਰਾਨ ਹੋ ਅੰਗ ਨਾਂ ਸਮਾਵੇ।

ਵੇਖੈ ਜਾਇ ਉਜਾੜਿ ਵਿਚਿ ਬਿਰਖੁ ਇਕੁ ਆਚਰਜੁ ਸੁਹਾਵੈ ।

ਫੇਰ ਉਜਾੜ ਵਿਚ ਕੀ ਵੇਖੇ ਇਕ ਅਚਰਜ ਬ੍ਰਿੱਛ ਸੁਹਾ ਰਿਹਾ ਹੈ।

ਗੀਤ ਗੋਵਿੰਦ ਸੰਪੂਰਣੋ ਪਤਿ ਪਤਿ ਲਿਖਿਆ ਅੰਤੁ ਨ ਪਾਵੈ ।

ਉਸ ਦੇ ਪਤ ਪਤ ਪੁਰ ਗੀਤ ਗੋਵਿੰਦ ਦਾ ਲਿਖਿਆ ਹੋਇਆ ਹੈ, ਅੰਤ ਨਹੀਂ ਆਉਂਦਾ।

ਭਗਤਿ ਹੇਤਿ ਪਰਗਾਸੁ ਕਰਿ ਹੋਇ ਦਇਆਲੁ ਮਿਲੈ ਗਲਿ ਲਾਵੈ ।

ਭਗਤ ਦੇ ਪ੍ਰੇਮ ਕਰ ਕੇ ਪ੍ਰਗਾਸ ਕਰ ਕੇ ਦਿਆਲ ਤੇ ਗਲ ਲਾ ਕੇ ਮਿਲ ਪਏ।

ਸੰਤ ਅਨੰਤ ਨ ਭੇਦੁ ਗਣਾਵੈ ।੧੦।

(੯) ਪਰਮੇਸ਼ੁਰ ਸੰਤਾਂ ਨਾਲ ਭੇਦ ਨਹੀਂ ਗਣਾਉਂਦਾ।

ਪਉੜੀ ੧੧

ਕੰਮ ਕਿਤੇ ਪਿਉ ਚਲਿਆ ਨਾਮਦੇਉ ਨੋ ਆਖਿ ਸਿਧਾਇਆ ।

ਨਾਮਦੇਵ ਦਾ ਪਿਤਾ ਕਿਤੇ ਕੰਮ ਚਲਿਆ ਤਾਂ ਪੁੱਤ੍ਰ ਨੂੰ ਕਹਿ ਗਿਆ:

ਠਾਕੁਰ ਦੀ ਸੇਵਾ ਕਰੀ ਦੁਧੁ ਪੀਆਵਣੁ ਕਹਿ ਸਮਝਾਇਆ ।

ਠਾਕੁਰ ਦੀ ਸੇਵਾ ਕਰੀਂ, ਦੁੱਧ ਪਿਆਵਣ (ਦਾ ਕੰਮ ਭੀ) ਕਹਿਕੇ ਸਮਝਾ ਦਿੱਤਾ।

ਨਾਮਦੇਉ ਇਸਨਾਨੁ ਕਰਿ ਕਪਲ ਗਾਇ ਦੁਹਿ ਕੈ ਲੈ ਆਇਆ ।

ਨਾਮਦੇਵ ਇਸ਼ਨਾਨ ਕਰ ਕੇ ਗੋਰੀ ਗਾਂ ਚੋ ਕੇ ਲੈ ਆਯਾ।

ਠਾਕੁਰ ਨੋ ਨ੍ਹਾਵਾਲਿ ਕੈ ਚਰਣੋਦਕੁ ਲੈ ਤਿਲਕੁ ਚੜ੍ਹਾਇਆ ।

ਠਾਕੁਰ ਨੂੰ ਨੁਹਾ ਕੇ ਚਰਣ ਜਲ ਲੈ ਕੇ ਤਿਲਕ ਲਾਯਾ।

ਹਥਿ ਜੋੜਿ ਬਿਨਤੀ ਕਰੈ ਦੁਧੁ ਪੀਅਹੁ ਜੀ ਗੋਬਿੰਦ ਰਾਇਆ ।

ਹੱਥ ਜੋੜ ਕੇ ਬੇਨਤੀ ਕਰੇ ਕਿ ਜੀ ਹੇ ਗੋਬਿੰਦ ਦੁਧ ਪੀਓ।

ਨਿਹਚਉ ਕਰਿ ਆਰਾਧਿਆ ਹੋਇ ਦਇਆਲੁ ਦਰਸੁ ਦਿਖਲਾਇਆ ।

ਨਿਹਚੇ ਕਰ ਕੇ ਅਰਾਧਨਾ ਕੀਤੀ, ਦਿਆਲ ਹੋ ਕੇ ਦਰਸ਼ਨ ਦਿਖਲਾਯਾ।

ਭਰੀ ਕਟੋਰੀ ਨਾਮਦੇਵਿ ਲੈ ਠਾਕੁਰ ਨੋ ਦੁਧੁ ਪੀਆਇਆ ।

ਨਾਮਦੇਵ ਨੇ ਕਟੋਰੀ ਭਰੀ ਲੈ ਕੇ ਠਾਕੁਰ ਨੂੰ ਦੁੱਧ ਪਿਲਾਯਾ।

ਗਾਇ ਮੁਈ ਜੀਵਾਲਿਓਨੁ ਨਾਮਦੇਵ ਦਾ ਛਪਰੁ ਛਾਇਆ ।

ਮੋਈ ਗਾਂ ਜਿਵਾਲੀ, ਨਾਮਦੇਵ ਦਾ ਛੱਪਰ ਬਨਾਯਾ।

ਫੇਰਿ ਦੇਹੁਰਾ ਰਖਿਓਨੁ ਚਾਰਿ ਵਰਨ ਲੈ ਪੈਰੀ ਪਾਇਆ ।

(੯) ਦੇਹੁਰਾ ਫੇਰਕੇ ਰਖਿਆ, ਚਾਰ ਵਰਣ ਨੂੰ (ਉਸਦੇ) ਪੈਰੀਂ ਲੈ ਪਾਇਆ।

ਭਗਤ ਜਨਾ ਦਾ ਕਰੇ ਕਰਾਇਆ ।੧੧।

(੧੦) ਭਗਤ ਜਨਾਂ ਦਾ ਕਰਾਯਾ ਕਰਦਾ ਹੈ।

ਪਉੜੀ ੧੨

ਦਰਸਨੁ ਦੇਖਣ ਨਾਮਦੇਵ ਭਲਕੇ ਉਠਿ ਤ੍ਰਿਲੋਚਨੁ ਆਵੈ ।

ਤ੍ਰਿਲੋਚਨ (ਨਾਮੇ ਬਾਣੀਆਂ ਜੋ ਗੁਰ ਭਾਈ ਤੇ ਮਿੱਤ੍ਰ੍ਰ ਭੀ ਸੀ) ਨਾਮਦੇਵ ਦਾ ਸਵੇਰੇ ਦਰਸ਼ਨ ਕਰਨ ਆਉਂਦਾ ਹੁੰਦਾ ਸੀ।

ਭਗਤਿ ਕਰਨਿ ਮਿਲਿ ਦੁਇ ਜਣੇ ਨਾਮਦੇਉ ਹਰਿ ਚਲਿਤੁ ਸੁਣਾਵੈ ।

ਦੋਵੇਂ ਜਣੇ ਮਿਲਕੇ ਭਗਤੀ ਕਰਦੇ ਸਨ ਤੇ ਨਾਮਦੇਵ ਹਰੀ ਦੀ ਕਥਾ ਸੁਣਾਉਂਦਾ ਹੁੰਦਾ ਸੀ।

ਮੇਰੀ ਭੀ ਕਰਿ ਬੇਨਤੀ ਦਰਸਨੁ ਦੇਖਾਂ ਜੇ ਤਿਸੁ ਭਾਵੈ ।

(ਤ੍ਰਿਲੋਚਨ ਨੇ ਕਿਹਾ, ਹੇ ਨਾਮਦੇਵ!) ਕਿਵੇਂ ਮੈਂ ਭੀ ਦਰਸ਼ਨ ਦੇਖ ਸੱਕਾਂ ਮੇਰੀ ਭੀ ਤੂੰ ਮਿੰਨਤ ਕਰ ਜੇ ਉਸ ਨੂੰ ਭਾਵੇ (ਤਾਂ ਮੈਂ ਭੀ ਦਰਸ਼ਨ ਪਾਵਾਂ)।

ਠਾਕੁਰ ਜੀ ਨੋ ਪੁਛਿਓਸੁ ਦਰਸਨੁ ਕਿਵੈ ਤ੍ਰਿਲੋਚਨੁ ਪਾਵੈ ।

(ਜਦ ਨਾਮਦੇਵ ਨੇ) ਠਾਕੁਰ ਜੀ ਦੀ ਮਿੰਨਤ ਕੀਤੀ ਕਿ ਤ੍ਰਿਲੋਚਨ ਕਿਸੇ ਤਰ੍ਹਾਂ (ਆਪ ਦਾ) ਦਰਸ਼ਨ ਪਾ ਸਕਦਾ ਹੈ?

ਹਸਿ ਕੈ ਠਾਕੁਰ ਬੋਲਿਆ ਨਾਮਦੇਉ ਨੋ ਕਹਿ ਸਮਝਾਵੈ ।

(ਤਾਂ ਆਪ) ਠਾਕੁਰ ਹੱਸਕੇ ਬੋਲੇ ਤੇ ਕਹਿਕੇ ਸਮਝਾਇਆ ਹੇ ਨਾਮਦੇਵ!

ਹਥਿ ਨ ਆਵੈ ਭੇਟੁ ਸੋ ਤੁਸਿ ਤ੍ਰਿਲੋਚਨ ਮੈ ਮੁਹਿ ਲਾਵੈ ।

(ਤੇਰਾ ਦੀਦਾਰ) ਭੇਟਾ ਨਾਲ ਹੱਥ ਨਹੀਂ ਆਉਂਦਾ, ਮੈਂ ਤ੍ਰਿਲੋਚਨ ਨੂੰ ਪਰਸੰਨ ਹੋ ਕੇ ਦਰਸ਼ਨ ਦੇਵਾਂਗਾ।

ਹਉ ਅਧੀਨੁ ਹਾਂ ਭਗਤ ਦੇ ਪਹੁੰਚਿ ਨ ਹੰਘਾਂ ਭਗਤੀ ਦਾਵੈ ।

ਮੈਂ ਭਗਤਾਂ ਦੇ ਅਧੀਨ ਹਾਂ, ਭਗਤੀ ਦੇ ਦਾਵਿਆਂ ਨੂੰ ਪਹੁੰਚ ਨਹੀਂ ਸਕਦਾ (ਭਾਵ ਰੱਦ ਨਹੀਂ ਕਰ ਸਕਦਾ)।

ਹੋਇ ਵਿਚੋਲਾ ਆਣਿ ਮਿਲਾਵੈ ।੧੨।

(ਜਿਨ੍ਹਾਂ ਦੇ ਸੰਤ) 'ਵਿਚੋਲੇ' (ਵਕੀਲ) ਹੁੰਦੇ ਹਨ (ਮੈਨੂੰ) ਮਿਲਾ ਦੇਂਦੇ ਹਨ।

ਪਉੜੀ ੧੩

ਬਾਮ੍ਹਣੁ ਪੂਜੈ ਦੇਵਤੇ ਧੰਨਾ ਗਊ ਚਰਾਵਣਿ ਆਵੈ ।

ਇਕ ਬ੍ਰਾਹਮਣ (ਬਾਹਲੇ) ਦੇਵਤੇ (ਪੱਥਰ ਦੀਆਂ ਮੂਰਤਾਂ) ਪੂਜਦਾ ਹੁੰਦਾ ਸੀ ਤੇ ਧੰਨਾ (ਉਸੇ ਖੂਹ ਪੁਰ) ਗਊੂਆਂ ਚਾਰਣ ਆਉਂਦਾ ਹੁੰਦਾ ਸੀ।

ਧੰਨੈ ਡਿਠਾ ਚਲਿਤੁ ਏਹੁ ਪੂਛੈ ਬਾਮ੍ਹਣੁ ਆਖਿ ਸੁਣਾਵੈ ।

ਧੰਨਾ ਉਸਦਾ ਇਹ ਕਰਤੱਵ ਦੇਖਕੇ ਪੁਛਣ ਲੱਗਾ, (ਦਾਦਾ ਜੀ! ਇਹ ਕੀ ਕਰਦੇ ਹੋ? ) ਬਾਮ੍ਹਣ ਨੇ ਉੱਤਰ ਦਿਤਾ:-

ਠਾਕੁਰ ਦੀ ਸੇਵਾ ਕਰੇ ਜੋ ਇਛੈ ਸੋਈ ਫਲੁ ਪਾਵੈ ।

ਠਾਕੁਰ ਦੀ ਸੇਵਾ ਕਰਨ ਨਾਲ ਮਨ (ਇੱਛਤ ਕਾਮਨਾ) ਪੂਰਨ ਹੋ ਜਾਂਦੀ ਹੈ।

ਧੰਨਾ ਕਰਦਾ ਜੋਦੜੀ ਮੈ ਭਿ ਦੇਹ ਇਕ ਜੇ ਤੁਧੁ ਭਾਵੈ ।

(ਹੁਣ) ਧੰਨਾ ਮਿੰਨਤ ਕਰਨ ਲੱਗਾ ਕਿ (ਠਾਕੁਰ) ਮੈਨੂੰ ਭੀ ਦੇਹ ਜੇ ਤੈਨੂੰ ਭਾਵੇ ਹੈ ਤਾਂ।

ਪਥਰੁ ਇਕੁ ਲਪੇਟਿ ਕਰਿ ਦੇ ਧੰਨੈ ਨੋ ਗੈਲ ਛੁਡਾਵੈ ।

(ਬ੍ਰਾਹਮਣ) ਨੇ ਇਕ ਪੱਥਰ (ਟੱਲੀ ਵਿਚ) ਲਪੇਟਦੇ ਹੀ ਦੇਕੇ ਮਸੇਂ ਕਿਵੇਂ ਖਹਿੜਾ ਛੁਡਾਇਆ।

ਠਾਕੁਰ ਨੋ ਨ੍ਹਾਵਾਲਿ ਕੈ ਛਾਹਿ ਰੋਟੀ ਲੈ ਭੋਗੁ ਚੜ੍ਹਾਵੈ ।

(ਧੰਨੇ ਨੇ ਦਾਦੇ ਵਾਂਙ) ਠਾਕਰਾਂ ਨੂੰ ਇਸ਼ਨਾਨ ਕਰਾਕੇ ਰੋਟੀ ਤੇ ਛਾਹ ਭੋਗ ਲਈ ਰੱਖੀ।

ਹਥਿ ਜੋੜਿ ਮਿਨਤਿ ਕਰੈ ਪੈਰੀ ਪੈ ਪੈ ਬਹੁਤੁ ਮਨਾਵੈ ।

(ਜਦ ਠਾਕੁਰ ਨੇ ਰੋਟੀ ਨਾ ਖਾਧੀ) ਤਾਂ ਹੱਥ ਜੋੜਕੇ ਮਿੰਨਤਾਂ ਕਰਨ ਲੱਗਾ, ਡੰਡੌਤਾਂ ਕਰ ਕੇ ਬਹੁਤ ਮਨਾਉਣ ਲਗਾ (ਮਾਨੋਂ ਉਹ ਰੁੱਸ ਗਿਆ ਹੈ)।

ਹਉ ਭੀ ਮੁਹੁ ਨ ਜੁਠਾਲਸਾਂ ਤੂ ਰੁਠਾ ਮੈ ਕਿਹੁ ਨ ਸੁਖਾਵੈ ।

(ਫੇਰ ਕਹਿਣ ਲੱਗਾ ਕਿ) ਮੈਂ ਭੀ ਮੂੰਹ ਜੂਠਾ ਨਹੀਂ ਕਰਾਂਗਾ (ਭੁੱਖਾ ਰਹਾਂਗਾ, ਜਦ ਖਾਵੇਗੇ ਤਦ ਹੀ ਖਾਂਵਾਂਗਾ) ਕਿਉਂਕਿ ਤੂੰ ਰੁੱਸਾ ਹੋਵੇਂ ਤਾਂ ਮੈਨੂੰ ਕੁਛ ਬੀ ਚੰਗਾ ਨਹੀਂ ਲੱਗਦਾ।

ਗੋਸਾਈ ਪਰਤਖਿ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ ।

(੯) ਗੁਸਾਈਂ ਪ੍ਰਤੱਖ ਹੋਕੇ ਛਾਹ ਪੀਣ ਲੱਗੇ।

ਭੋਲਾ ਭਾਉ ਗੋਬਿੰਦੁ ਮਿਲਾਵੈ ।੧੩।

(੧੦) ਭੋਲਾ ਭਾ ਗੋਬਿੰਦ ਮਿਲਾ ਦੇਂਦਾ ਹੈ।

ਪਉੜੀ ੧੪

ਗੁਰਮੁਖਿ ਬੇਣੀ ਭਗਤਿ ਕਰਿ ਜਾਇ ਇਕਾਂਤੁ ਬਹੈ ਲਿਵ ਲਾਵੈ ।

ਗੁਰਮੁਖ ਬੇਣੀ ਨਾਮੇ ਭਗਤ ਏਕਾਂਤ ਜਗ੍ਹਾ ਬੈਠਕੇ ਸਮਾਧੀ ਲਾਉਂਦਾ ਹੁੰਦਾ ਸੀ।

ਕਰਮ ਕਰੈ ਅਧਿਆਤਮੀ ਹੋਰਸੁ ਕਿਸੈ ਨ ਅਲਖੁ ਲਖਾਵੈ ।

ਨਿਸ਼ਕਾਮ ਕਰਮ ਕਰ ਕੇ ਹੋਰ ਕਿਸੇ ਨੂੰ ਅਲਖ ਕਰਮ ਲਖਾਂਵਦਾ ਨਹੀਂ ਸੀ, (ਭਾਵ ਆਪ ਨੂੰ ਕਰਮਾਂ ਦਾ ਅਭਿਮਾਨੀ ਨਹੀਂ ਮੰਨਦਾ ਹੁੰਦਾ ਸੀ ਇਹ ਜਾਣਕੇ ਕਿ “ਕਰਨ ਕਰਾਵਨ ਆਪੇ ਆਪਿ”। )

ਘਰਿ ਆਇਆ ਜਾ ਪੁਛੀਐ ਰਾਜ ਦੁਆਰਿ ਗਇਆ ਆਲਾਵੈ ।

ਜਦ ਘਰ ਆਇਆਂ ਹੋਇਆਂ (ਲੋਕ) ਪੁੱਛਣ, ਤਦ ਆਖੇ ਰਾਜ ਦੁਆਰੇ ਗਿਆ ਸਾਂ। (ਰਾਜ ਦੁਆਰ ਥੋਂ ਪਰਮੇਸਸ਼ੁਰ ਦੇ ਦੁਆਰੇ ਦਾ ਅਰਥ ਹੈ)।

ਘਰਿ ਸਭ ਵਥੂ ਮੰਗੀਅਨਿ ਵਲੁ ਛਲੁ ਕਰਿ ਕੈ ਝਤ ਲੰਘਾਵੈ ।

(ਵਹੁਟੀ) ਘਰ ਦੀਆਂ ਜ਼ਰੂਰੀ ਚੀਜ਼ਾਂ ਮੰਗੇ ਤਦ ਟਾਲ ਮਟੋਲ ਕਰ ਕੇ ਦਿਨ ਕਟੀ ਕਰ ਛੱਡੇ।

ਵਡਾ ਸਾਂਗੁ ਵਰਤਦਾ ਓਹ ਇਕ ਮਨਿ ਪਰਮੇਸਰੁ ਧਿਆਵੈ ।

ਇਕ ਦਿਨ ਵੱਡਾ ਸਾਂਗ ਵਰਤਿਆ ਕਿ ਓਹ (ਭਗਤ ਤਾਂ ਇਕ ਮਨ ਹੋਕੇ ਪਰਮੇਸ਼ੁਰ ਨੂੰ ਧਿਆ ਰਿਹਾ ਸੀ।

ਪੈਜ ਸਵਾਰੈ ਭਗਤ ਦੀ ਰਾਜਾ ਹੋਇ ਕੈ ਘਰਿ ਚਲਿ ਆਵੈ ।

ਭਗਤ ਦੀ ਪੈਜ (ਪਤ) ਸੁਆਰਨ ਲਈ (ਹਰੀ) ਰਾਜਾ ਹੋ ਕੇ ਘਰ ਆ ਗਿਆ।

ਦੇਇ ਦਿਲਾਸਾ ਤੁਸਿ ਕੈ ਅਣਗਣਤੀ ਖਰਚੀ ਪਹੁੰਚਾਵੈ ।

ਪ੍ਰਸੰਨ ਹੋਕੇ ਦਿਲਾਸਾ ਦਿੱਤਾ ਤੇ ਬਹੁਤ ਖਰਚ ਪੁਚਾ ਦਿੱਤਾ।

ਓਥਹੁ ਆਇਆ ਭਗਤਿ ਪਾਸਿ ਹੋਇ ਦਇਆਲੁ ਹੇਤੁ ਉਪਜਾਵੈ ।

ਓਥੋਂ ਭਗਤ ਪਾਸ ਆਕੇ ਵੱਡੀ ਦਇਆ ਕਰ ਕੇ ਪਯਾਰ ਕੀਤਾ।

ਭਗਤ ਜਨਾਂ ਜੈਕਾਰੁ ਕਰਾਵੈ ।੧੪।

(੯) ਭਗਤ ਜਨਾਂ ਦੀ ਜੈਕਾਰ ਕਰਾਉਂਦਾ ਹੈ।

ਪਉੜੀ ੧੫

ਹੋਇ ਬਿਰਕਤੁ ਬਨਾਰਸੀ ਰਹਿੰਦਾ ਰਾਮਾਨੰਦੁ ਗੁਸਾਈਂ ।

ਰਾਮਾਨੰਦ ਗੁਸਾਈਂ ਵਿਰਕਤ ਹੋਕੇ ਕਾਂਸ਼ੀ ਵਿਖੇ ਰਹਿੰਦਾ ਸੀ।

ਅੰਮ੍ਰਿਤੁ ਵੇਲੇ ਉਠਿ ਕੈ ਜਾਂਦਾ ਗੰਗਾ ਨ੍ਹਾਵਣ ਤਾਈਂ ।

(ਅਰ) ਝਲਾਂਗੇ ਉੱਠਕੇ ਗੰਗਾ ਦੇ ਇਸ਼ਨਾਨ ਨੂੰ ਜਾਂਦਾ ਹੁੰਦਾ ਸੀ।

ਅਗੋ ਹੀ ਦੇ ਜਾਇ ਕੈ ਲੰਮਾ ਪਿਆ ਕਬੀਰ ਤਿਥਾਈਂ ।

ਕਬੀਰ (ਇਹ ਸਮਝਕੇ ਭਈ ਮਤਾਂ ਮੈਨੂੰ ਮਲੇਛ ਜਾਣਕੇ ਮੱਥੇ ਨਾ ਲਾਉਣ) ਓਥੇ (ਉਸ ਦੇ ਰਸਤੇ ਵਿਚ) (ਉਸ ਦੇ ਜਾਣ ਤੋਂ) ਪਹਿਲੋਂ ਹੀ ਲੰਮਾ ਜਾ ਪਿਆ।

ਪੈਰੀ ਟੁੰਬਿ ਉਠਾਲਿਆ ਬੋਲਹੁ ਰਾਮ ਸਿਖ ਸਮਝਾਈ ।

(ਜਦ ਰਾਮਾਨੰਦ ਜੀ ਲੰਘਣ ਲੱਗੇ ਤਦ ਠੁੱਡਾ ਵੱਜਾ ਤਦ) ਉਸ ਨੂੰ ਪੈਰ ਦੇ ਅੰਗੂਠੇ ਨਾਲ ਟੁੰਬਕੇ ਉਠਾਕੇ ਕਿਹਾ 'ਪਰਮੇਸ਼ਰ ਦਾ ਨਾਮ ਲੈ' (ਭਾਵ ਰਸਤਾ ਛੱਡ ਦੇਹ, 'ਰਾਮ ਬੋਲ' ਏਹ ਰਾਮਾਨੰਦ ਦੇ ਮੂੰਹ ਚੜ੍ਹਿਆ ਫਿਕਰਾ ਸੀ, ਪਰ) ਸਿੱਖ ਨੂੰ ਸਮਝ ਆਈ (ਕਿ ਮੈਨੂੰ ਉਪਦੇਸ਼ ਹੋ ਗਿਆ ਹੈ)।

ਜਿਉ ਲੋਹਾ ਪਾਰਸੁ ਛੁਹੇ ਚੰਦਨ ਵਾਸੁ ਨਿੰਮੁ ਮਹਕਾਈ ।

ਜਿਕੁਰ ਲੋਹਾ ਪਾਰਸ ਨਾਲ ਛੁਹ ਕੇ (ਸੋਨਾ ਹੁੰਦਾ ਹੈ ਅਰ) ਨਿੰਮ ਚੰਨਣ ਨਾਲ ਰਹਿਕੇ (ਚੰਨਣ ਦੀ) ਖੁਸ਼ਬੋ ਦਿੰਦੀ ਹੈ।

ਪਸੂ ਪਰੇਤਹੁ ਦੇਵ ਕਰਿ ਪੂਰੇ ਸਤਿਗੁਰ ਦੀ ਵਡਿਆਈ ।

ਪੂਰੇ ਸਤਿਗੁਰਾਂ ਦੀ ਸ਼ੋਭਾ ਹੈ ਕਿ ਪਸ਼ੂਆਂ ਅਰ ਪਰੇਤਾਂ ਥੋਂ ਦੇਵਤਿਆਂ (ਤਿਹਾਂ ਗੁਣਾਂ ਵਾਲੇ) ਕਰ ਦਿੰਦੇ ਹਨ।

ਅਚਰਜ ਨੋ ਅਚਰਜੁ ਮਿਲੈ ਵਿਸਮਾਦੈ ਵਿਸਮਾਦੁ ਮਿਲਾਈ ।

ਅਚਰਜ (ਗੁਰੂ) ਨਾਲ ਮਿਲਕੇ (ਸਿੱਖ ਭੀ) ਅਚਰਜ ਰੂਪ ਹੋ ਕੇ ਵਿਸਮ ਦਾ (ਰੂਪ ਈਸ਼ਰ ਨਾਲ) ਮਿਲ ਜਾਂਦੇ ਹਨ।

ਝਰਣਾ ਝਰਦਾ ਨਿਝਰਹੁ ਗੁਰਮੁਖਿ ਬਾਣੀ ਅਘੜ ਘੜਾਈ ।

ਫਿਰ ਨਿੱਝਰਹੁੰ (ਆਤਮਾ ਥੋਂ ਅੰਮ੍ਰਿਤ ਦਾ) ਝਰਨਾ ਝਰਦਾ ਹੈ (ਭਾਵ, ਪਰੋਪਕਾਰ ਦਾ; ਉਨ੍ਹਾਂ ਥੋਂ ਸਤ ਉਪਦੇਸ਼ ਦਾ ਪ੍ਰਵਾਹ ਚਲਦਾ ਹੈ), ਗੁਰਮੁਖਾਂ ਦੀ ਬਾਦੀ ਅਘੜ ਜੀਵਾਂ ਨੂੰ ਘੜ ਦੇਂਦੀ ਹੈ।

ਰਾਮ ਕਬੀਰੈ ਭੇਦੁ ਨ ਭਾਈ ।੧੫।

(੯) (ਅਜੇਹੇ ਕਬੀਰ ਜੀ ਹੋਏ) ਕਿ ਰਾਮ ਅਤੇ ਕਬੀਰ ਵਿੱਚ ਭੇਦ ਨਾ ਰਿਹਾ।

ਪਉੜੀ ੧੬

ਸੁਣਿ ਪਰਤਾਪੁ ਕਬੀਰ ਦਾ ਦੂਜਾ ਸਿਖੁ ਹੋਆ ਸੈਣੁ ਨਾਈ ।

ਕਬੀਰ ਜੀ ਦਾ (ਵੱਡਾ) ਪ੍ਰਤਾਪ ਸੁਣ ਕੇ ਦੂਜਾ ਸੈਣ ਨਾਈ ਭੀ ਸਿੱਖ ਜਾ ਬਣਿਆ।

ਪ੍ਰੇਮ ਭਗਤਿ ਰਾਤੀ ਕਰੈ ਭਲਕੈ ਰਾਜ ਦੁਆਰੈ ਜਾਈ ।

ਰਾਤ ਨੂੰ (ਇਹ ਸਦਾ) ਪ੍ਰੇਮਾ ਭਗਤੀ ਕਰਦਾ ਹੁੰਦਾ ਸੀ ਤੇ ਰੋਜ ਸਵੇਰੇ ਰਾਜੇ ਦੇ ਦੁਆਰੇ ਜਾ ਕੇ (ਸੇਵਾ ਕਰਦਾ ਹੁੰਦਾ ਸੀ)।

ਆਏ ਸੰਤ ਪਰਾਹੁਣੇ ਕੀਰਤਨੁ ਹੋਆ ਰੈਣਿ ਸਬਾਈ ।

(ਇਕ ਰਾਤੀਂ) ਸੰਤ ਪਰਾਹੁਣੇ ਆਏ ਸਨ, ਸਾਰੀ ਰਾਤ ਕੀਰਤਨ ਹੁੰਦਾ ਰਿਹਾ।

ਛਡਿ ਨ ਸਕੈ ਸੰਤ ਜਨ ਰਾਜ ਦੁਆਰਿ ਨ ਸੇਵ ਕਮਾਈ ।

ਇਹ ਸੰਤਾਂ ਨੂੰ ਛੱਡ ਨਾ ਸਕੇ (ਜਲ ਪੱਖਾ ਆਦਿਕ ਟਹਿਲ ਵਿਚ ਮਗਨ ਰਿਹਾ) ਰਾਜੇ ਦੇ ਜਾ ਕੇ ਸੇਵਾ ਨਾ ਕਮਾਈ।

ਸੈਣ ਰੂਪਿ ਹਰਿ ਜਾਇ ਕੈ ਆਇਆ ਰਾਣੈ ਨੋ ਰੀਝਾਈ ।

ਸੈਣ ਰੂਪ ਹੋ ਕੇ ਹਰੀ ਨੇ ਰਾਜਾ ਨੂੰ ਜਾਕੇ (ਸੇਵਾ ਕਰ ਕੇ) ਵੱਡਾ ਰਿਝਾਇਆ।

ਸਾਧ ਜਨਾਂ ਨੋ ਵਿਦਾ ਕਰਿ ਰਾਜ ਦੁਆਰਿ ਗਇਆ ਸਰਮਾਈ ।

(ਸੈਣ) ਸਵੇਰੇ ਸੰਤਾਂ ਨੂੰ ਵਿਦਾ ਕਰ ਕੇ ਰਾਜੇ ਦੇ ਦੁਆਰ ਸ਼ਰਮਾਉਂਦਾ ਗਿਆ।

ਰਾਣੈ ਦੂਰਹੁੰ ਸਦਿ ਕੈ ਗਲਹੁੰ ਕਵਾਇ ਖੋਲਿ ਪੈਨ੍ਹਾਈ ।

ਰਾਣੇ ਨੇ ਨੇੜੇ ਸੱਦ ਕੇ ਅਪਣੀ ਖਿਅਲਤ ਖੋਲ੍ਹ ਕੇ (ਉਸ ਦੇ ਗਲ) ਪਹਿਰਾ ਦਿੱਤੀ।

ਵਸਿ ਕੀਤਾ ਹਉਂ ਤੁਧੁ ਅਜੁ ਬੋਲੈ ਰਾਜਾ ਸੁਣੈ ਲੁਕਾਈ ।

ਰਾਜੇ ਕਿਹਾ ਅੱਜ ਤੂੰ ਮੈਨੂੰ ਵੱਸ ਕਰ ਲਿਆ ਹੈ, ਲੋਕ ਬੀ ਸੁਣਦੇ ਸੇ।

ਪਰਗਟੁ ਕਰੈ ਭਗਤਿ ਵਡਿਆਈ ।੧੬।

(੯) (ਪਰਮੇਸ਼ੁਰ) ਭਗਤ ਦੀ ਵਡਿਆਈ ਪ੍ਰਗਟ ਕਰਦਾ ਹੈ।

ਪਉੜੀ ੧੭

ਭਗਤੁ ਭਗਤੁ ਜਗਿ ਵਜਿਆ ਚਹੁ ਚਕਾਂ ਦੇ ਵਿਚਿ ਚਮਿਰੇਟਾ ।

(ਰਵਿਦਾਸ) ਚਮਾਰ ਜਗਤ ਵਿਚ ਚਾਰੇ ਦਿਸ਼ਾਂ ਵਿਖੇ ਭਗਤ ਪ੍ਰਗਟ ਹੋਇਆ।

ਪਾਣ੍ਹਾ ਗੰਢੈ ਰਾਹ ਵਿਚਿ ਕੁਲਾ ਧਰਮ ਢੋਇ ਢੋਰ ਸਮੇਟਾ ।

ਰਸਤੇ ਵਿਖੇ ਜੁੱਤੀਆਂ ਗੰਢੇ ਅਰ ਕੁਲਾ ਧਰਮ ਅਨੁਸਾਰ ਪਸ਼ੂ ਢੋਕੇ ਸਮੇਟਯਾ ਕਰੇ।

ਜਿਉ ਕਰਿ ਮੈਲੇ ਚੀਥੜੇ ਹੀਰਾ ਲਾਲੁ ਅਮੋਲੁ ਪਲੇਟਾ ।

(ਉੱਪਰੋਂ ਇਹ ਹਾਲ ਸੀ, ਪਰ ਅੰਦਰੋਂ ਇਉਂ ਸੀ) ਜਿੱਕੁਰ ਮੈਲੇ ਚੀਥੜਿਆਂ (ਲੀਰਾਂ) ਵਿਖੇ ਅਮੋਲਕ ਲਾਲ ਲਪੇਟਿਆ ਹੋਇਆ ਹੁੰਦਾ ਹੈ।

ਚਹੁ ਵਰਨਾ ਉਪਦੇਸਦਾ ਗਿਆਨ ਧਿਆਨੁ ਕਰਿ ਭਗਤਿ ਸਹੇਟਾ ।

ਚਾਰ ਵਰਣ (ਖੱਤ੍ਰ੍ਰੀ, ਬ੍ਰਾਹਮਣ ਆਦਿਕਾਂ) ਨੂੰ ਉਪਦੇਸ਼ ਦੇਣ ਲਗਾ ਅਰ ਗਿਆਨ ਧਿਆਨ ਕਰਾਉਣ ਲੱਗਾ ਭਗਤੀ ਦੇ ਨਾਲ।

ਨ੍ਹਾਵਣਿ ਆਇਆ ਸੰਗੁ ਮਿਲਿ ਬਾਨਾਰਸ ਕਰਿ ਗੰਗਾ ਥੇਟਾ ।

(ਇਕੇਰਾਂ) ਸੰਗ ਮਿਲਕੇ ਕਾਂਸ਼ੀ ਨੂੰ ਗੰਗਾ ਪੁਰ (ਪੁਰਬੀ) ਨ੍ਹਾਉਣ ਚਲਿਆ (ਕਿਉਂ ਜੋ ਗ੍ਰਹਿਣ ਦਾ ਵੱਡਾ ਮੇਲਾ ਲੱਗਣਾ ਸੀ)।

ਕਢਿ ਕਸੀਰਾ ਸਉਪਿਆ ਰਵਿਦਾਸੈ ਗੰਗਾ ਦੀ ਭੇਟਾ ।

ਰਵਿਦਾਸ ਨੇ (ਇਕ) ਧੇਲਾ ਕੱਢਕੇ (ਇਕ ਸੰਗੀ ਨੂੰ) ਗੰਗਾ ਦੀ ਭੇਟਾ ਲਈ ਦਿੱਤਾ,

ਲਗਾ ਪੁਰਬੁ ਅਭੀਚ ਦਾ ਡਿਠਾ ਚਲਿਤੁ ਅਚਰਜੁ ਅਮੇਟਾ ।

(ਉਥੇ) ਅਭਿਜਿਤ ਨਛੱਤਰ ਦੀ ਪੂਰਬੀ ਲੱਗੀ ਸੀ, ਲੋਕਾਂ ਨੇ (ਅਮੇਟਾ ਕਹੀਏ) ਅਮਿੱਤ ਚਰਿੱਤ੍ਰ੍ਰ (ਜਿਸ ਦੀ ਕੋਈ ਮਿਤ ਨਾ ਪਾ ਸਕੇ) ਡਿੱਠਾ।

ਲਇਆ ਕਸੀਰਾ ਹਥੁ ਕਢਿ ਸੂਤੁ ਇਕੁ ਜਿਉ ਤਾਣਾ ਪੇਟਾ ।

ਹਥ ਕੱਢਕੇ (ਰਵਿਦਾਸ ਜੀ ਦਾ) ਧੇਲਾ ਅੰਗੀਕਾਰ ਕੀਤਾ, ਜਿਸ ਤਰ੍ਹਾਂ ਸੂਤ ਇਕ ਹੈ ਤੇ ਤਾਣਾ ਪੇਟਾ (ਦੋ ਨਾਮ ਹਨ)।

ਭਗਤ ਜਨਾਂ ਹਰਿ ਮਾਂ ਪਿਉ ਬੇਟਾ ।੧੭।

(੯) ਭਗਤ ਜਨਾਂ ਦਾ ਹਰੀ ਹੀ ਮਾਂ ਪਿਉ ਅਤੇ ਪੁੱਤ ਹੈ।

ਪਉੜੀ ੧੮

ਗੋਤਮ ਨਾਰਿ ਅਹਿਲਿਆ ਤਿਸ ਨੋ ਦੇਖਿ ਇੰਦ੍ਰ ਲੋਭਾਣਾ ।

ਗੌਤਮ (ਨਾਮੇਂ ਰਿਖੀ) ਦੀ ਵਹੁਟੀ ਅਹਿੱਲਯਾ (ਵੱਡੀ ਸੁੰਦਰ ਸੀ) ਉਸਨੂੰ ਦੇਖ ਕੇ ਇੰਦਰ ਕਾਮਾਤੁਰ ਹੋ ਗਿਆ।

ਪਰ ਘਰਿ ਜਾਇ ਸਰਾਪੁ ਲੈ ਹੋਇ ਸਹਸ ਭਗ ਪਛੋਤਾਣਾ ।

ਪਰਾਏ ਘਰ ਜਾਣ ਦਾ ਸਰਾਪ ਲੀਤਾ (ਕਿ ਉਸਦੇ ਸਰੀਰ ਪੁਰ) ਹਜ਼ਾਰ ਭਗ ਹੋ ਗਏ, (ਹੁਣ ਵੱਡਾ) ਪਛੋਤਾਉਣ ਲੱਗਾ (ਕਿਉਂ ਜੋ ਗੌਤਮ ਨੇ ਕਿਹਾ ਸੀ ਕਿ ਜਿਸ ਇਕ ਭਗ ਪਿੱਛੇ ਤੂੰ ਮੇਰੀ ਇਸਤ੍ਰ੍ਰੀ ਦਾ ਸਤ ਭੰਗ ਕੀਤਾ ਹੈ ਹਜ਼ਾਰ ਭਗ ਤੇ ਸਰੀਰ ਪੁਰ ਹੋਊ)।

ਸੁੰਞਾ ਹੋਆ ਇੰਦ੍ਰ ਲੋਕੁ ਲੁਕਿਆ ਸਰਵਰਿ ਮਨਿ ਸਰਮਾਣਾ ।

(ਹੁਣ ਇੰਦਰ) ਸ਼ਰਮ ਦੇ ਮਾਰੇ ਤਲਾਉ ਵਿਖੇ ਲੁਕ ਗਿਆ ਤੇ ਇੰਦਰ ਪੁਰੀ ਸੁੰੀ ਹੋ ਗਈ।

ਸਹਸ ਭਗਹੁ ਲੋਇਣ ਸਹਸ ਲੈਂਦੋਈ ਇੰਦ੍ਰ ਪੁਰੀ ਸਿਧਾਣਾ ।

ਹਜ਼ਾਰ ਭਗ ਦੇ ਹਜ਼ਾਰ ਨੇਤ੍ਰ੍ਰ ਹੋ ਗਏ, ਤਦ ਇੰਦਰ ਪੁਰੀ ਨੂੰ ਗਿਆ (ਭਾਵ ਜਦ ਸਰਾਪ ਹਟਿਆ)।

ਸਤੀ ਸਤਹੁ ਟਲਿ ਸਿਲਾ ਹੋਇ ਨਦੀ ਕਿਨਾਰੈ ਬਾਝੁ ਪਰਾਣਾ ।

ਅਹਿੱਲਯਾ ਜੋ ਆਪਣੇ ਪਤਿੱਬ੍ਰਤ ਧਰਮ ਤੋਂ ਟਲ ਖਲੌਤੀ ਸੀ ਪੱਥਰ ਹੋ ਕੇ ਨਦੀ ਕਿਨਾਰੇ ਪੈ ਰਹੀ।

ਰਘੁਪਤਿ ਚਰਣਿ ਛੁਹੰਦਿਆ ਚਲੀ ਸੁਰਗ ਪੁਰਿ ਬਣੇ ਬਿਬਾਣਾ ।

ਸੋ ਰਘੁਪਤ ਦੇ ਚਰਣ ਸਪਰਸ਼ ਕਰਦਿਆਂ ਬਿਬਾਣੁ ਪੁਰ ਚੜ੍ਹ ਕੇ ਸ੍ਵਰਗ ਨੂੰ ਚਲੀ ਗਈ।

ਭਗਤਿ ਵਛਲੁ ਭਲਿਆਈਅਹੁ ਪਤਿਤ ਉਧਾਰਣੁ ਪਾਪ ਕਮਾਣਾ ।

ਭਲਿਆਈ ਕਰਨ ਤੋਂ (ਭਗਵੰਤ ਭਗਤ ਵੱਛਲ (ਕਹਾਉਂਦਾਹੈ) ਤੇ ਪਤਿਤ ਉਧਾਰਣ ਕਮਾਏ ਪਾਪ (ਬਖਸ਼ਣ ਤੋਂ ਸਦਾਉਂਦਾ ਹੈ)।

ਗੁਣ ਨੋ ਗੁਣ ਸਭ ਕੋ ਕਰੈ ਅਉਗੁਣ ਕੀਤੇ ਗੁਣ ਤਿਸੁ ਜਾਣਾ ।

ਗੁਣ ਕੀਤਿਆਂ ਤਾਂ ਸਭ ਕੋਈ ਗੁਣ ਕਰਦਾ ਹੈ, ਅਵਗੁਣਾਂ ਪੁਰ ਜੋ ਗੁਣ ਕਰੇ ਉਸਦਾ (ਉਪਕਾਰ) ਜਾਣੀਦਾ ਹੈ।

ਅਬਿਗਤਿ ਗਤਿ ਕਿਆ ਆਖਿ ਵਖਾਣਾ ।੧੮।

(੯) (ਪਰਮੇਸ਼ੁਰ ਦੀ) ਅਗਾਧ ਗਤੀ ਹੈ ਕੀ ਆਖਕੇ ਸੁਣਾਈਏ।

ਪਉੜੀ ੧੯

ਵਾਟੈ ਮਾਣਸ ਮਾਰਦਾ ਬੈਠਾ ਬਾਲਮੀਕ ਵਟਵਾੜਾ ।

ਰਸਤੇ ਵਿਚ ਬੈਠਾ ਬਾਲਮੀਕ ਧਾੜਵੀ (ਆਏ ਗਏ) ਮਨੁੱਖ ਨੂੰ ਮਾਰਕੇ (ਧਨ ਖੋਹ ਲੈਂਦਾ ਸੀ।

ਪੂਰਾ ਸਤਿਗੁਰੁ ਭੇਟਿਆ ਮਨ ਵਿਚਿ ਹੋਆ ਖਿੰਜੋਤਾੜਾ ।

(ਇਕੇਰਾਂ) ਪੂਰੇ ਸਤਿਗੁਰੂ ਨਾਲ ਮੇਲ ਹੋਗਿਆ (ਹੁਣ) ਮਨ ਵਿਚ ਦੁਚਿੱਤੀ ਹੋਈ।

ਮਾਰਨ ਨੋ ਲੋਚੈ ਘਣਾ ਕਢਿ ਨ ਹੰਘੈ ਹਥੁ ਉਘਾੜਾ ।

ਮਾਰਨ ਨੂੰ (ਮਨ ਤਾਂ) ਬੜਾ ਲੋਚੇ ਪਰ ਹੱਥ ਨਾ ਚੱਲਣ।

ਸਤਿਗੁਰ ਮਨੂਆ ਰਾਖਿਆ ਹੋਇ ਨ ਆਵੈ ਉਛੇਹਾੜਾ ।

ਸਤਿਗੁਰਾਂ ਨੇ ਮਨ ਦੀ ਭੀ ਰੱਛਾ ਕੀਤੀ, ਮਾਰਨ ਦਾ ਜੋਸ਼ ਫੁਰਨਾ (ਭੀ) ਹਟ ਗਿਆ।

ਅਉਗੁਣੁ ਸਭ ਪਰਗਾਸਿਅਨੁ ਰੋਜਗਾਰੁ ਹੈ ਏਹੁ ਅਸਾੜਾ ।

(ਹੁਣ) ਸਾਰਾ ਅਵਗੁਣ ਕਹਿ ਦਿੱਤਾ (ਕਿ ਮਹਾਰਾਜ) ਸਾਡੀ ਉਪਜੀਵਕਾ ਹੀ ਇਹੋ ਹੈ।

ਘਰ ਵਿਚਿ ਪੁਛਣ ਘਲਿਆ ਅੰਤਿ ਕਾਲ ਹੈ ਕੋਇ ਅਸਾੜਾ ।

(ਸੰਤਾਂ ਨੇ) ਭੇਜਿਆ ਭਈ ਘਰੋਂ ਤੂੰ ਪੁਛ ਆ ਕਿ ਅੰਤ ਨੂੰ ਤੇਰਾ ਕੋਈ (ਰੱਛਕ) ਭੀ ਹੋਊੂ?

ਕੋੜਮੜਾ ਚਉਖੰਨੀਐ ਕੋਇ ਨ ਬੇਲੀ ਕਰਦੇ ਝਾੜਾ ।

(ਜਦ ਘਰ ਪੁੱਛਣ ਆਇਆ) ਸਾਰਾ ਕੋੜਮਾਂ ਵਾਰਨੇ ਜਾਣ ਵਾਲਾ ਸੀ (ਪਰੰਤੂ ਅੰਤ ਨੂੰ ) ਬੇਲੀ ਹੋਣ ਦਾ ਝਾੜਾ ਕਿਸੇ ਨਾ ਕੀਤਾ, (ਇਸਤ੍ਰ੍ਰੀ ਪੁੱਤਰ ਮਾਤਾ ਆਦਿ ਨੇ ਸੁੱਕਾ ਹੀ ਜਵਾਬ ਦੇ ਦਿੱਤਾ ਕਿ ਸਾਡਾ ਅੰਤਕਾਲ ਦਾ ਜੁੰਮਾ ਕੋਈ ਨਹੀਂ ਹੈ)।

ਸਚੁ ਦ੍ਰਿੜਾਇ ਉਧਾਰਿਅਨੁ ਟਪਿ ਨਿਕਥਾ ਉਪਰ ਵਾੜਾ ।

(ਜਦ ਫੇਰ ਸੰਤਾਂ ਪਾਸ ਆਇਆ ਤਾਂ ਉਨ੍ਹਾਂ ਨੇ) ਸੱਚੇ ਨਾਮ ਦਾ ਉਪਦੇਸ਼ ਦਿਤਾ, ਇਸੇ ਨਾਲ ਹੀ (ਟੱਪ ਨਿਕੱਥਾ, ਉਪਰ ਵਾੜਾ ਕਹੀਏ) ਸੰਸਾਰ ਦੀ ਫਾਹੀ ਥੋਂ) ਟੱਪਕੇ ਅਰਸ਼ਾਂ ਨੂੰ ਨਿਕਲ ਗਿਆ।

ਗੁਰਮੁਖਿ ਲੰਘੇ ਪਾਪ ਪਹਾੜਾ ।੧੯।

(੯) (ਅੱਗੇ ਲਿਖਦੇ ਹਨ) ਗੁਰਮੁਖ ਪਾਪਾਂ ਦੇ ਪਹਾੜ ਥੋਂ ਲੰਘ ਜਾਂਦੇ ਹਨ।

ਪਉੜੀ ੨੦

ਪਤਿਤੁ ਅਜਾਮਲ ਪਾਪੁ ਕਰਿ ਜਾਇ ਕਲਾਵਤਣੀ ਦੇ ਰਹਿਆ ।

(ਇਕ) ਅਜਾਮਲ ਨਾਮੇ ਪਾਪੀ ਪਾਪ ਕਰ ਕੇ ਕਲੌਤਣੀ ਦੇ (ਘਰ)ਜਾ ਰਿਹਾ।

ਗੁਰੁ ਤੇ ਬੇਮੁਖੁ ਹੋਇ ਕੈ ਪਾਪ ਕਮਾਵੈ ਦੁਰਮਤਿ ਦਹਿਆ ।

ਗੁਰੂ ਥੋਂ ਬੇਮੁਖ ਹੋ ਗਿਆ, ਵਡੇ ਪਾਪ ਕਮਾਵੇ ਤੇ ਖੋਟੀ ਮਤ ਨੇ ਨਾਸ਼ ਕਰ ਦਿਤਾ।

ਬਿਰਥਾ ਜਨਮੁ ਗਵਾਇਆ ਭਵਜਲ ਅੰਦਰਿ ਫਿਰਦਾ ਵਹਿਆ ।

ਬਿਰਥਾ ਵਿਸ਼ਿਆਂ ਵਿਚ ਹੀ ਜਨਮ ਗਵਾ ਦਿਤਾ, ਸੰਸਾਰ ਸਮੁੰਦ੍ਰ੍ਰ ਵਿਚ ਰੁੜ੍ਹਦਾ ਜਾਂਦਾ ਸੀ।

ਛਿਅ ਪੁਤ ਜਾਏ ਵੇਸੁਆ ਪਾਪਾ ਦੇ ਫਲ ਇਛੇ ਲਹਿਆ ।

ਵੇਸ਼ਵਾ ਦੇ ਘਰ ਛੀ ਪੁੱਤ੍ਰ੍ਰ ਹੋਏ ਮਾਨੋਂ ਪਾਪਾਂ ਦੇ ਫਲ ਚਾਹੇ ਹੋਏ ਲੀਤੇ, (ਕਿਉਂ ਜੋ ਓਹ ਭੀ ਵਡੇ ਸ਼ਿਕਾਰੀ ਤੇ ਧਾੜਵੀ ਹੋਏ)।

ਪੁਤੁ ਉਪੰਨਾਂ ਸਤਵਾਂ ਨਾਉ ਧਰਣ ਨੋ ਚਿਤਿ ਉਮਹਿਆ ।

ਜਦ ਸੱਤਵਾਂ ਪੁਤਰ ਹੋਇਆ ਤਾਂ ਉਸ ਦਾ ਨਾਂਉਂ ਰੱਖਣ ਲਈ ਚਿੱਤ ਉਮੰਗ ਨਾਂਲ ਭਰਿਆ।

ਗੁਰੂ ਦੁਆਰੈ ਜਾਇ ਕੈ ਗੁਰਮੁਖਿ ਨਾਉ ਨਰਾਇਣੁ ਕਹਿਆ ।

ਗੁਰੂ ਦੇ ਦਵਾਰੇ ਪੁਰ ਜਾਕੇ Ḥ ਨਾਉਂ ਪੁੱਛਿਆ), ਗੁਰਮੁਖ ਨੇ ਪੁੱਤ੍ਰ੍ਰ ਦਾ ਨਾਉਂ “ਨਾਰਾਇਨ” ਆਖਿਆ (ਕਿ ਰੱਖੋ)।

ਅੰਤਕਾਲ ਜਮਦੂਤ ਵੇਖਿ ਪੁਤ ਨਰਾਇਣੁ ਬੋਲੈ ਛਹਿਆ ।

(ਜਦ ਅਜਾਮਲ ਦਾ) ਅੰਤਕਾਲ ਆਇਆ ਪੁੱਤ੍ਰ੍ਰ ਨੂੰ ਵੇਖਕੇ ਡਰਦਾ ਹੋਇਆ ਨਾਰਾਇਣ ਦਾ ਨਾਉਂ ਲਵੇ (ਕਿ ਹੇ ਨਾਰਾਇਣ! ਮੇਰੀ ਰੱਛਾ ਕਰ)।

ਜਮ ਗਣ ਮਾਰੇ ਹਰਿ ਜਨਾਂ ਗਇਆ ਸੁਰਗ ਜਮੁ ਡੰਡੁ ਨ ਸਹਿਆ ।

ਹਰਿ ਗਣਾਂ ਨੇ ਆਕੇ ਜਮ ਗਣਾਂ ਨੂੰ ਮਾਰਕੇ (ਹਟਾਯਾ) ਤੇ ਜਮਡੰਡਾ ਨਾ ਸਹਾਰਿਆ, ਸੁਰਗ ਨੂੰ ਚਲਿਆ ਗਿਆ।

ਨਾਇ ਲਏ ਦੁਖੁ ਡੇਰਾ ਢਹਿਆ ।੨੦।

(੯) ਨਾਮ ਲੈਣ ਨਾਲ ਦੁੱਖਾਂ ਦਾ ਡੇਰਾ ਢਹਿ ਪਿਆ।

ਪਉੜੀ ੨੧

ਗਨਿਕਾ ਪਾਪਣਿ ਹੋਇ ਕੈ ਪਾਪਾਂ ਦਾ ਗਲਿ ਹਾਰੁ ਪਰੋਤਾ ।

(ਇਕ) ਵੇਸਵਾ ਪਾਪਣ ਹੋ ਕੇ ਪਾਪਾਂ ਨੂੰ ਗਲੇ ਦੇ ਹਾਰ (ਵਾਂਙੂੰ) ਰੱਖਦੀ ਸੀ।

ਮਹਾਂ ਪੁਰਖ ਆਚਾਣਚਕ ਗਨਿਕਾ ਵਾੜੇ ਆਇ ਖਲੋਤਾ ।

ਇਕ ਮਹਾਂ ਪੁਰਖ ਸੁਤੇ ਸਿੱਧ ਗਨਕਾਂ ਦੇ ਵੇਹੜੇ ਆ ਖੜੋਤਾ।

ਦੁਰਮਤਿ ਦੇਖਿ ਦਇਆਲੁ ਹੋਇ ਹਥਹੁ ਉਸ ਨੋ ਦਿਤੋਨੁ ਤੋਤਾ ।

ਉਸਦੀ ਦੁਰਮਤਿ ਦੇਖ ਕੇ (ਗੁੱਸੇ ਹੋਣ ਦੀ ਥਾਂ 'ਹੱਥਹੁਂ' ਕਹੀਏ ਸਮਗਾਂ) ਅਥਵਾ ਹੱਥ ਦਾ ਤੋਤਾ ਦਯਾਲ ਹੋ ਕੇ ਉਸ ਨੂੰ ਦਿੱਤਾ।

ਰਾਮ ਨਾਮੁ ਉਪਦੇਸੁ ਕਰਿ ਖੇਲਿ ਗਇਆ ਦੇ ਵਣਜੁ ਸਓਤਾ ।

ਤੇ ਰਾਮ ਨਾਮ ਦਾ ਉਪਦੇਸ਼ ਦੇ ਕੇ ਸੌ) ਗੁਣਾ (ਨਫੇ ਵਾਲਾ) ਵਣਜ ਦੇ ਕਰ ਕੇ (ਆਪ ਖੇਲ ਭਇਆ) ਚਲਿਆ ਗਿਆ।

ਲਿਵ ਲਗੀ ਤਿਸੁ ਤੋਤਿਅਹੁ ਨਿਤ ਪੜ੍ਹਾਏ ਕਰੈ ਅਸੋਤਾ ।

(ਹੁਣ ਉਸ ਗਨਕਾ ਨੂੰ) ਅਜੇਹੀ ਲਿਵ ਲਗੀ ਰਾਤ ਬੀ ਜਾਗਾ ਕਰਦੀ ਰਹੇ ਤੇ ਨਿਤ ਉਸ ਤੋਤੇ ਨੂੰ (ਭਗਵੰਤ ਦਾ ਨਾਮ) ਪੜ੍ਹਾਉਂਦੀ ਰਹੇ।

ਪਤਿਤੁ ਉਧਾਰਣੁ ਰਾਮ ਨਾਮੁ ਦੁਰਮਤਿ ਪਾਪ ਕਲੇਵਰੁ ਧੋਤਾ ।

ਉਸਦੇ (ਕਲੇਵਰ=) ਸਰੀਰ ਤੋਂ ਖੋਟੀ ਮਤ ਅਤੇ ਪਾਪਾਂ (ਦੀ ਮੈਲ) ਦੂਰ ਹੋ ਗਈ, (ਕਿਉਂਕਿ) ਪਰਮੇਸ਼ੁਰ ਦਾ ਨਾਮ ਪਤਿਤਾਂ ਦਾ ਉਧਾਰ ਕਰਨੇ ਵਾਲਾ ਹੈ।

ਅੰਤ ਕਾਲਿ ਜਮ ਜਾਲੁ ਤੋੜਿ ਨਰਕੈ ਵਿਚਿ ਨ ਖਾਧੁ ਸੁ ਗੋਤਾ ।

ਅੰਤਕਾਲ (ਨਾਮ ਦੇ ਪ੍ਰਤਾਪ ਨਾਲ) ਨਰਕ ਦੀ ਟੁੱਭੀ ਤੋਂ ਬਚ ਕੇ ਜਮ ਜਾਲ ਤੋੜ ਗਈ।

ਗਈ ਬੈਕੁੰਠਿ ਬਿਬਾਣਿ ਚੜ੍ਹਿ ਨਾਉਂ ਰਸਾਇਣੁ ਛੋਤਿ ਅਛੋਤਾ ।

ਬਿਬਾਨ ਪਰ ਅਰੂੜ੍ਹ ਹੋ ਬੈਕੁੰਠ ਜਾ ਪੁੱਜੀ, (ਤਾਂ ਤੇ) ਈਸ਼ਰ ਦਾ ਨਾਮ (ਛੋਤਾਂ ਤੋਂ ਅਛੋਤ=) ਭਾਵ ਨਿਰਦੂਖਨ ਹੈ (ਕੋਈ ਜਪੇ, ਸਭ ਦਾ ਉਧਾਰ ਕਰਦਾ ਹੈ ਜਿਹਾ 'ਖੱਤ੍ਰ੍ਰੀ ਬ੍ਰਾਹਮਣ ਸੂਦ ਵੈਸ ਉਧਰੇ ਸਿਮਰ ਚੰਡਾਲ' ਨਾਮ ਐਸੀ ਰਸਾਇਣਾ ਵਸਤੂ ਹੈ)।

ਥਾਉਂ ਨਿਥਾਵੇਂ ਮਾਣੁ ਮਣੋਤਾ ।੨੧।

(੯) (ਨਾਮ ਹੀ) ਨਿਥਾਵਿਆਂ ਦਾ ਥਾਉਂ ਤੇ ਨਿਮਾਣਿਆਂ ਦਾ ਮਾਣ ਹੈ।

ਪਉੜੀ ੨੨

ਆਈ ਪਾਪਣਿ ਪੂਤਨਾ ਦੁਹੀ ਥਣੀ ਵਿਹੁ ਲਾਇ ਵਹੇਲੀ ।

ਪਾਪਣ ਪੂਤਨਾ (ਕੰਸ ਦੀ ਭੇਜੀ ਹੋਈ) ਦੋ ਥਣਾਂ ਪੁਰ ਵਿਹੁ ਲਾ ਕੇ ਆਈ ਜੋ ਅੰਦਰੋਂ (ਵਹੇਲੀ=) ਵਿਹੁ ਵਾਲੀ ਸੀ।

ਆਇ ਬੈਠੀ ਪਰਵਾਰ ਵਿਚਿ ਨੇਹੁੰ ਲਾਇ ਨਵਹਾਣਿ ਨਵੇਲੀ ।

ਪਰਿਵਾਰ ਵਿਖੇ ਆ ਕੇ ਬੈਠ ਗਈ, ਨਵੇਂ ਹਾਣ ਵਾਲੀ ਨਵੀਂ ਵਹੁਟੀ (ਵਾਂਗੂ) ਨੇਂਹ ਲਾਵਣ ਲੱਗੀ।

ਕੁਛੜਿ ਲਏ ਗੋਵਿੰਦ ਰਾਇ ਕਰਿ ਚੇਟਕੁ ਚਤੁਰੰਗ ਮਹੇਲੀ ।

ਕ੍ਰਿਸ਼ਨ ਨੂੰ ਕੁੱਛੜ ਵਿਖੇ ਲੈ ਲੀਤਾ ਚਲਿੱਤ੍ਰ੍ਰਣ (ਸਰੀਰ ਨੂੰ) ਮਹਿਕਾ ਕੇ ਪਿਆਰ ਕਰਨ ਲਗੀ।

ਮੋਹਣੁ ਮੰਮੇ ਪਾਇਓਨੁ ਬਾਹਰਿ ਆਈ ਗਰਬ ਗਹੇਲੀ ।

ਮ☬ੋਹਣ ਨੂੰ ਮੰਮੇ ਪਾ ਕੇ ਬਾਹਰ ਆ ਗਈ, ਤੇ ਵੱਡੇ ਹੰਕਾਰ ਨਾਲ।

ਦੇਹ ਵਧਾਇ ਉਚਾਇਅਨੁ ਤਿਹ ਚਰਿਆਰਿ ਨਾਰਿ ਅਠਿਖੇਲੀ ।

ਤੇਰਾਂ ਤਾਲਣ ਤੇ ਚੰਚਲ ਇਸਤ੍ਰ੍ਰੀ ਨੇ ਦੇਹ ਵਧਾਕੇ ਉੱਚੀ ਕਰ ਲੀਤੀ।

ਤਿਹੁੰ ਲੋਆਂ ਦਾ ਭਾਰੁ ਦੇ ਚੰਬੜਿਆ ਗਲਿ ਹੋਇ ਦੁਹੇਲੀ ।

(ਕ੍ਰਿਸ਼ਨ) ਤਿੰਨ ਲੋਕਾਂ ਦਾ ਭਾਰ ਦੇ ਕੇ (ਉਸ ਦੇ) ਗਲ ਨੂੰ ਚੰਬੜ ਗਿਆ (ਉਹ) ਦੁਖੀ ਹੋਈ।

ਖਾਇ ਪਛਾੜ ਪਹਾੜ ਵਾਂਗਿ ਜਾਇ ਪਈ ਉਜਾੜਿ ਧਕੇਲੀ ।

ਭਵਾਟਣੀ ਖਾ ਕੇ ਪਹਾੜ ਵਾਂਗੂੰ ਉਜਾੜ ਵਿਚ ਧੱਕੀ ਹੋਈ ਜਾ ਪਈ।

ਕੀਤੀ ਮਾਊ ਤੁਲਿ ਸਹੇਲੀ ।੨੨।

(ਅੰਤ ਦੇ ਸਮੇਂ ਕ੍ਰਿਸ਼ਨ ਨੇ) ਮਾਤਾ ਦੀ ਸਹੇਲੀ ਦੇ ਤੁੱਲ (ਪੂਤਨਾ) ਕੀਤੀ (ਭਾਵ ਉਸ ਦੀ ਗਤੀ ਕੀਤੀ)।

ਪਉੜੀ ੨੩

ਜਾਇ ਸੁਤਾ ਪਰਭਾਸ ਵਿਚਿ ਗੋਡੇ ਉਤੇ ਪੈਰ ਪਸਾਰੇ ।

ਪਰਭਾਸ (ਨਾਮੇਂ ਤੀਰਥ) ਵਿਖੇ (ਕ੍ਰਿਸ਼ਨ) ਆਪਣੇ ਗੋਡੇ ਉੱਤੇ ਪੈਰ ਰੱਖਕੇ ਸੁੱਤਾ ਹੋਇਆ ਸੀ।

ਚਰਣ ਕਵਲ ਵਿਚਿ ਪਦਮੁ ਹੈ ਝਿਲਮਿਲ ਝਲਕੇ ਵਾਂਗੀ ਤਾਰੇ ।

ਚਰਣ ਕਮਲ ਵਿਖੇ ਕਵਲ ਦਾ ਚਿੰਨ੍ਹ ਇਉਂ (ਝਿਲਮਿਲ=) ਵੱਡਾ ਪ੍ਰਕਾਸ਼ ਕਰ ਕੇ ਚਮਕਦਾ ਸੀ ਜਿੱਕੁਰ ਤਾਰਾ (ਝਿਲਮਲ ਕਰਦਾ ਹੈ)।

ਬਧਕੁ ਆਇਆ ਭਾਲਦਾ ਮਿਰਗੈ ਜਾਣਿ ਬਾਣੁ ਲੈ ਮਾਰੇ ।

(ਇਕ) ਬੱਧਕ (ਜੋ ਮਿਰਗ ਦਾ ਸ਼ਿਕਾਰ ਕਰ ਰਿਹਾ ਸੀ ਮਿਰਗ) ਭਾਲਦਾ ਆਯਾ, (ਉਸਨੇ) ਮਿਰਗ ਜਾਣ ਕੇ ਬਾਣ ਮਾਰਿਆ।

ਦਰਸਨ ਡਿਠੋਸੁ ਜਾਇ ਕੈ ਕਰਣ ਪਲਾਵ ਕਰੇ ਪੁਕਾਰੇ ।

(ਜਦ ਉਸ ਨੇ ਨੇੜੇ) ਜਾਕੇ ਦਰਸ਼ਨ ਕੀਤਾ, ਤਦ ਤਾਂ ਕੀਰਣੇ ਕਰ ਕੇ ਰੋਵੇ।

ਗਲਿ ਵਿਚਿ ਲੀਤਾ ਕ੍ਰਿਸਨ ਜੀ ਅਵਗੁਣੁ ਕੀਤਾ ਹਰਿ ਨ ਚਿਤਾਰੇ ।

ਕ੍ਰਿਸ਼ਨ ਨੇ ਉਸਨੂੰ ਗਲ ਨਾਲ ਲਾ ਲੀਤਾ (ਕਿਉਂ ਜੋ) ਪਰਮੇਸ਼ੁਰ (ਭਗਤਾਂ ਦੇ) ਅਉਗਣ ਕੀਤੇ ਯਾਦ ਨਹੀਂ ਰੱਖਦਾ।

ਕਰਿ ਕਿਰਪਾ ਸੰਤੋਖਿਆ ਪਤਿਤ ਉਧਾਰਣੁ ਬਿਰਦੁ ਬੀਚਾਰੇ ।

ਕਿਰਪਾ ਕਰ ਕੇ ਉਸਨੁੰ ਸੰਤੋਖਿਆ (ਧੀਰਜ ਦਿੱਤਾ) ਪਤਿਤ ਉਧਾਰਣ ਬਿਰਦ ਦੀ ਪਾਲਣਾ ਕੀਤੀ।

ਭਲੇ ਭਲੇ ਕਰਿ ਮੰਨੀਅਨਿ ਬੁਰਿਆਂ ਦੇ ਹਰਿ ਕਾਜ ਸਵਾਰੇ ।

ਭਲੇ ਤਾਂ ਭਲੇ ਕਰ ਕੇ ਮੰਨੇ ਹੀ ਜਾਂਦੇ ਹਨ, ਹਰੀ ਪਾਪੀਆਂ ਦੇ ਕਾਰਜ ਸਵਾਰ ਦਿੰਦਾ ਹੈ।

ਪਾਪ ਕਰੇਂਦੇ ਪਤਿਤ ਉਧਾਰੇ ।੨੩।੧੦।

ਪਾਪ ਕਰਦੇ ਪਤਿਤ ਉਧਾਰ ਦਿੱਤੇ।


Flag Counter