ਵਾਰਾਂ ਭਾਈ ਗੁਰਦਾਸ ਜੀ

ਅੰਗ - 37


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਇਕੁ ਕਵਾਉ ਪਸਾਉ ਕਰਿ ਓਅੰਕਾਰਿ ਅਕਾਰੁ ਬਣਾਇਆ ।

ਅਕਾਲ ਪੁਰਖ ਨੇ ਇਕ ਵਾਰ ਥੋਂ ਪਸਾਰਾ ਕਰ ਕੇ 'ਅਕਾਰ' (ਸਰੂਪ) ਸਾਜਿਆ ਹੈ।

ਅੰਬਰਿ ਧਰਤਿ ਵਿਛੋੜਿ ਕੈ ਵਿਣੁ ਥੰਮਾਂ ਆਗਾਸੁ ਰਹਾਇਆ ।

ਅਕਾਸ਼ ਵਿਚ ਧਰਤੀ ਨੂੰ ਛਡਕੇ, ਥੰਮਾਂ ਤੋ. ਬਿਨਾਂ ਅਕਾਸ਼ ਵਿਚ ਇਸ ਨੂੰ ਰੱਖਿਆ।

ਜਲ ਵਿਚਿ ਧਰਤੀ ਰਖੀਅਨਿ ਧਰਤੀ ਅੰਦਰਿ ਨੀਰੁ ਧਰਾਇਆ ।

(ਦੂਜਾ ਅਚਰਜ ਕੌਤਕ ਇਹ ਹੈ ਕਿ ਪਾਣੀ ਵਿਖੇ ਧਰਤੀ ਰਖੀ ਹੈ। (ਅਜਿਹਾ ਕਿ ਤਿੰਨ ਹਿੱਸੇ ਪਾਣੀ ਅਰ ਇੱਕ ਹਿੱਸਾ ਧਰਤੀ ਦੇ ਗੱਭੇ ਭੀ ਪਾਣੀ ਹੈ। (ਅਨੇਕ ਝੀਲਾਂ ਦਰਯਾ ਧਰਤੀ ਵਿਚ ਹਨ)।

ਕਾਠੈ ਅੰਦਰਿ ਅਗਿ ਧਰਿ ਅਗੀ ਹੋਂਦੀ ਸੁਫਲੁ ਫਲਾਇਆ ।

ਲਕੜੀ ਦੇ ਅੰਦਰ ਅੱਗ ਰੱਖੀ ਹੈ, ਫਿਰ ਅੱਗ ਦੇ ਹੁੰਦਿਆਂ ਬੀ ਬ੍ਰਿੱਛਾਂ ਨੂੰ ਚੰਗੇ ਫਲਾਂ ਨਾਲ ਫਲਾਯਾ ਹੈ। (ਜੇ ਗਰਮੀ ਨਾ ਹੋਵੇ ਤਦ ਬ੍ਰਿੱਛ ਮੌਲ ਤੇ ਫਲ ਨਹੀਂ ਦੇ ਸਕਦੇ)।

ਪਉਣ ਪਾਣੀ ਬੈਸੰਤਰੋ ਤਿੰਨੇ ਵੈਰੀ ਮੇਲਿ ਮਿਲਾਇਆ ।

ਪਉਣ (ਵਾਦੀ) ਪਾਣੀ (ਸਰਦ) ਬੈਸੰਤਰ (ਗਰਮੀ (ਦਾ ਅਥਵਾ) ਤਿੰਨੇ (ਤੱਤਾਂ ਦਾ ਜੋ ਭਾਵੇਂ) ਆਪੋ ਵਿਚ ਵੈਰੀ ਹਨ (ਪਰੰਤੂ ਈਸ਼ਵਰ ਨੂੰ ਮਿੱਤ੍ਰਾਂ ਵਾਂਙੂੰ) ਮੇਲ ਮਿਲਾਇਆ ਹੈ। (ਜਿਸ ਤੋਂ ਸ੍ਰਿਸ਼ਟੀ ਰਚੀ ਹੈ)।

ਰਾਜਸ ਸਾਤਕ ਤਾਮਸੋ ਬ੍ਰਹਮਾ ਬਿਸਨੁ ਮਹੇਸੁ ਉਪਾਇਆ ।

(ਕੀ ਆਪ ਕਜ਼ੀਆ ਕਰਦਾ ਹੈ? ਨਹੀਂ) (ਤਿੰਨ ਗੁਣ) ਰਜੋ ਸਤੋ ਤਮੋ ਨੂੰ ਬ੍ਰਹਮਾ ਬਿਸ਼ਨ ਮਹੇਸ਼ (ਤਿੰਨ ਤਾਕਤਾਂ ਨੂੰ ਉਤਪਤੀ ਪਾਲਨ ਸੰਘਾਰ ਲਈ) ਰਚ ਦਿੱਤਾ ਹੈ) “ਦਯੁ ਬੈਠਾ ਵੇਖੈ ਆਪ ਜੀਉਂ ॥” ਆਪ ਅਕਾਲ ਪੁਰਖ ਅਕ੍ਰਿਯ ਅਰ ਅਬਿਨਾਸ਼ੀ ਹੋਕੇ ਤਮਾਸ਼ਾ ਦੇਖ ਰਿਹਾ ਹੈ)।

ਚੋਜ ਵਿਡਾਣੁ ਚਲਿਤੁ ਵਰਤਾਇਆ ।੧।

ਅਚਰਜ ਕੌਤਕ ਦਾ ਚਲਿੱਤ੍ਰ ਵਰਤਾਇਆ ਹੈ।

ਪਉੜੀ ੨

ਸਿਵ ਸਕਤੀ ਦਾ ਰੂਪ ਕਰਿ ਸੂਰਜੁ ਚੰਦੁ ਚਰਾਗੁ ਬਲਾਇਆ ।

(ਸੰਸਾਰ ਨੂੰ) ਚੇਤਨ ਸੱਤਾ, ਪ੍ਰਕ੍ਰਿਤੀ ਤੇ ਪ੍ਰਕ੍ਰਿਤੀ ਦੀਆਂ ਤਾਕਤਾਂ ਤੋਂ ਸਰੂਪ ਦੇਕੇ (ਇਸ ਦੇ ਨਿਰਬਾਹ ਲਈ) ਸੂਰਜ ਚੰਦ ਦੀਵੇ ਬਾਲੇ।

ਰਾਤੀ ਤਾਰੇ ਚਮਕਦੇ ਘਰਿ ਘਰਿ ਦੀਪਕ ਜੋਤਿ ਜਗਾਇਆ ।

ਰਾਤ ਨੂੰ ਤਾਰੇ ਭੀ ਚਮਕਦੇ ਹਨ ਅਰ ਘਰੋ ਘਰੀ ਦੀਪਕਾਂ ਦੀ ਜੋਤ ਭੀ ਜਗਾਈ ਜਾਦੀ ਹੈ। (ਕਿ ਘਰਾਂ ਦੇ ਅੰਦਰ ਭੀ ਚਾਨਣ ਹੋਵੇ)।

ਸੂਰਜੁ ਏਕੰਕਾਰੁ ਦਿਹਿ ਤਾਰੇ ਦੀਪਕ ਰੂਪੁ ਲੁਕਾਇਆ ।

ਜਦ ਸੂਰਜ ਏਕੰਕਾਰ (ਇਕ ਅਕਾਰ) ਦਾ ਰੂਪ ਦਿਨੇ ਚੜ੍ਹਦਾ ਹੈ (ਤਾਂ ਲਖਾਂ) ਤਾਰੇ ਤੇ ਦੀਪਕਾਂ ਦੇ ਰੂਪ ਲੁਕ ਜਾਂਦੇ ਹਨ (ਸਾਰੇ ਸੂਰਜ ਵਿਖੇ ਪ੍ਰਕਾਸ਼ ਸਮਾਇ ਜਾਂਦੇ ਹਨ) (ਉਹ ਸੂਰਜ ਕੌਣ ਹੈ?) (ਪਰਮਾਤਮਾ ਰੂਪ ਸੂਰਜ ਹੈ)।

ਲਖ ਦਰੀਆਉ ਕਵਾਉ ਵਿਚਿ ਤੋਲਿ ਅਤੋਲੁ ਨ ਤੋਲਿ ਤੁਲਾਇਆ ।

ਲੱਖਾਂ ਦਰਿਆਉ (ਬ੍ਰਹਮਾਦਿਕ ਦੇਵਤੇ) ਉਸ ਦੇ ਕਵਾਉ (ਸਰੀਰ ਅਥਵਾ ਵਾਕ) ਵਿਖੇ ਹਨ, ਤੋਲ ਤੋਂ ਅਤੋਲ ਹੈ, ਮਨ ਬਾਣੀ ਥੋਂ ਪਰੇ ਹੈ, ਇਸੇ ਲਈ ਤੋਲ ਨਹੀਂ ਤੋਲਿਆ ਜਾਂਦਾ (ਕੁਝ ਵਿਚਾਰ ਨਹੀਂ ਹੋ ਸਕਦੀ)।

ਓਅੰਕਾਰੁ ਅਕਾਰੁ ਜਿਸਿ ਪਰਵਦਗਾਰੁ ਅਪਾਰੁ ਅਲਾਇਆ ।

ਓਅੰਕਾਰ ਹੀ ਜਿਸ ਦਾ ਅਕਾਰ ਸਰੂਪ ਹੈ, (ਇਹੋ ਓਅੰਕਾਰ ਅਪਨਾ ਸਰੂਪ ਯਾ ਨਾਮ) ਉਸ ਨੇ ਆਪ ਕਿਹਾ ਹੈ (ਕਿ ਮੈਂ ੴ ਸਰੂਪ ਹਾਂ) (ਫੇਰ ਪਰਮਾਤਮਾ ਕੈਸਾ ਹੈ?) ਪਾਲਣੇਹਾਰਾ ਅਤੇ ਅਪਾਰ ਹੈ।

ਅਬਗਤਿ ਗਤਿ ਅਤਿ ਅਗਮ ਹੈ ਅਕਥ ਕਥਾ ਨਹਿ ਅਲਖੁ ਲਖਾਇਆ ।

(ਜਿਨ੍ਹਾਂ ਦੀ) ਗਤੀ ਨਹੀਂ ਪਾਈ ਜਾ ਸਕਦੀ (ਉਨ੍ਹਾਂ ਥੋਂ ਬੀ) 'ਅਗੰਮ' ਹੈ (ਕਿਉਂ ਜੋ ਉਸ ਦੀ) ਕਥਾ ਅਕੱਥ ਹੈ, ਕਿਸੇ ਨੇ ਅਲਖ ਨੂੰ ਨਹੀਂ ਲਖਾਇਆ।

ਸੁਣਿ ਸੁਣਿ ਆਖਣੁ ਆਖਿ ਸੁਣਾਇਆ ।੨।

(ਸਾਰੇ ਵਕਤਾ ਤੇਰੇ ਮੇਰੇ ਪਾਸੋਂ) ਸੁਣ ਸੁਣ ਕੇ ਅਖਾਣਾਂ ਨੁੰ ਆਖ ਕੇ ਸੁਣਾਉਂਦੇ ਹਨ (ਦੇਖ ਕਰ ਪਰਮਾਤਮਾਂ ਦਾ ਵਰਣਨ ਕਿਸੇ ਨਹੀਂ ਕੀਤਾ ਹੈ)।

ਪਉੜੀ ੩

ਖਾਣੀ ਬਾਣੀ ਚਾਰਿ ਜੁਗ ਜਲ ਥਲ ਤਰੁਵਰੁ ਪਰਬਤ ਸਾਜੇ ।

ਚਾਰ ਖਾਣੀਆਂ(ਅੰਡਜਾਦਿਕ) ਚਾਰ ਬਾਣੀਆਂ (ਪਰਾ ਪਸੰਤਯਾਦਿਕ) ਚਾਰ ਚੁਗ (ਸਤ ਜੁਗਾਦਿਕ) ਜਲ ਧਲ ਬ੍ਰਿੱਛ ਪਹਾੜ (ਜੀਵ ਜੰਤਾਂ ਦੇ ਰਹਿਣ ਦੇ ਥਾਉਂ ਈਸ਼੍ਵਰ ਨੇ) ਰਦ ਦਿੱਤੇ।

ਤਿੰਨ ਲੋਅ ਚਉਦਹ ਭਵਣ ਕਰਿ ਇਕੀਹ ਬ੍ਰਹਮੰਡ ਨਿਵਾਜੇ ।

ਤਿੰਨੇ ਲੋਕ, ਚਉਦਹ ਬ੍ਰਹਮੰਡ ਕਰਕੇ, ਫੇਰ ਇੱਕੀ ਪੂਰੇ ਕੀਤੇ (ਅਰਥਾਤ ਤਿੰਨਾਂ ਲੋਕਾਂ ਵਿਖੇ ਸਤ ਸਤ ਬ੍ਰਹਮੰਡ ਰਚੇ ਅਥਵਾ 'ਇਕੀਹ' ਇਕ ਈਸ਼੍ਵਰ ਨੇ ਰਚੇ)।

ਚਾਰੇ ਕੁੰਡਾ ਦੀਪ ਸਤ ਨਉ ਖੰਡ ਦਹ ਦਿਸਿ ਵਜਣਿ ਵਾਜੇ ।

ਚਾਰ ਕੁੰਟਾਂ, ਸਤ ਦੀਪ, ਨਉਖੰਡ, ਦਸ ਦਿਸ਼ਾ ਵਿਖੇ ਵਾਜੇ ਵਜ ਰਹੇ ਹਨ (ਜੀਵ ਬੋਲ ਰਹੇ ਹਨ)।

ਇਕਸ ਇਕਸ ਖਾਣਿ ਵਿਚਿ ਇਕੀਹ ਇਕੀਹ ਲਖ ਉਪਾਜੇ ।

ਇਕ ਇਕ (ਅਡਜਾਦਿ) ਖਾਣੀ ਵਿਚ ਇੱਕੀ ਲੱਖ ਜੂਨਾਂ ਰਚੀਆਂ।

ਇਕਤ ਇਕਤ ਜੂਨਿ ਵਿਚਿ ਜੀਅ ਜੰਤੁ ਅਣਗਣਤ ਬਿਰਾਜੇ ।

ਪ੍ਰਤ੍ਯੇਕ ਜੋਨੀ ਵਿਖੇ ਜੀਵ, ਜੰਤ, (ਸਥੂਲ ਸੂਖਮ) ਬੇਸ਼ੁਮਾਰ ਰਚ ਦਿੱਤੇ।

ਰੂਪ ਅਨੂਪ ਸਰੂਪ ਕਰਿ ਰੰਗ ਬਿਰੰਗ ਤਰੰਗ ਅਗਾਜੇ ।

ਭਿੰਨ ਭਿੰਨ ਰੂਪ ਸੋਹਣੇ ਰੂਪ ਵਾਲੇ ਕੀਤੇ, ਰੰਗਾਂ ਰੰਗਾਂ ਦੇ (ਜਲਾਂ) ਦੇ ਤਰੰਗ (ਭਾਵ ਨਹਿਰ ਨਾਲੇ ਸਮੁੰਦਰ 'ਅਗਾਜੇ')। ਪਰਗਟ ਕੀਤੇ।

ਪਉਣੁ ਪਾਣੀ ਘਰੁ ਨਉ ਦਰਵਾਜੇ ।੩।

ਪਉਣ ਪਾਣੀ (ਆਦਿ ਪੰਜ ਤੱਤਾਂ ਥੋਂ) ਘਰ ਸਰੀਰ ਬਣਾਕੇ) ਨਉਂ (ਗੋਲਕਾਂ ਦੇ) ਦਰਵਾਜੇ ਰਚੇ।

ਪਉੜੀ ੪

ਕਾਲਾ ਧਉਲਾ ਰਤੜਾ ਨੀਲਾ ਪੀਲਾ ਹਰਿਆ ਸਾਜੇ ।

ਕਾਲਾ, ਚਿੱਟਾ, ਲਾਲ, ਨੀਲਾ, ਪੀਲਾ, ਹਰਿਆ (ਆਦਿਕ ਰੰਗ) ਬਨਾਏ।

ਰਸੁ ਕਸੁ ਕਰਿ ਵਿਸਮਾਦੁ ਸਾਦੁ ਜੀਭਹੁੰ ਜਾਪ ਨ ਖਾਜ ਅਖਾਜੇ ।

ਮਿੱਠੇ ਖੱਟੇ 'ਰਸ' ਅਚਰਜ ਸੁਆਦਾਂ ਵਾਲੇ ਕੀਤੇ, ਪਰੰਤੂ ਜੀਭ ਥੋਂ ('ਖਾਜ ਅਖਾਜ') ਖਾਣ ਨਾ ਖਾਣ ਵਾਲੇ ਬਣ ਜਾਂਦੇ ਹਨ।

ਮਿਠਾ ਕਉੜਾ ਖਟੁ ਤੁਰਸੁ ਫਿਕਾ ਸਾਉ ਸਲੂਣਾ ਛਾਜੇ ।

ਮਿੱਠਾ, ਕੌੜਾ ਖੱਟਾ, ਤੁਰਸ਼ (ਅਰਥਾਤ ਖਟ ਮਿਠਾ) ਫਿੱਕਾ ਅਤੇ ਸਲੂਣਾ ਸੁਆਦ (ਜੀਭ ਥਾਣੀ') ਜਾਪੀਦਾ ਹੈ।

ਗੰਧ ਸੁਗੰਧਿ ਅਵੇਸੁ ਕਰਿ ਚੋਆ ਚੰਦਨੁ ਕੇਸਰੁ ਕਾਜੇ ।

(ਕਈ ਗੰਧੀਆਂ ਸੁਗੰਧੀਆਂ ਦੇ ਮਿਲਾਪ ਕਰ ਕੇ ਚੋਆ ਚੰਦਨ ਅਰ ਕੇਸਰ ਕੀਤੇ (ਅਥਵਾ ਕੰਮ ਲਾਇਕ ਬਣਾਏ)

ਮੇਦੁ ਕਥੂਰੀ ਪਾਨ ਫੁਲੁ ਅੰਬਰੁ ਚੂਰ ਕਪੂਰ ਅੰਦਾਜੇ ।

ਮੁਸ਼ਕ ਬਿਲਾਈ, ਕਸਤੂਰੀ, ਪਾਨ ਫੁਲ, ਅੰਬਚੂਰ, ਕਪੂਰ ਦੇ (ਅੰਦਾਜ਼) ਵਜ਼ਨ ਕੀਤੇ।

ਰਾਗ ਨਾਦ ਸੰਬਾਦ ਬਹੁ ਚਉਦਹ ਵਿਦਿਆ ਅਨਹਦ ਗਾਜੇ ।

ਰਾਗ ਨਾਦਾਂ ਦੇ (ਸੰਬਾਦ) ਫੈਲਾਉ ਅਰ ਚਉਦਾਂ ਵਿਦਯਾ ਅਰ (ਅਨਾਹਦ ਗਾਜੇ) ਅਨਾਹਦ ਵਾਜੇ (ਵਜਾਏ)।

ਲਖ ਦਰੀਆਉ ਕਰੋੜ ਜਹਾਜੇ ।੪।

ਲੱਖਾਂ ਦਰੀਆਉ (ਸਮੁੰਦਰ) ਰਚਕੇ ਕਰੋੜਾਂ ਜਹਾਜ ਰਚੇ (ਕਿ ਇਨ੍ਹਾਂ ਦੁਆਰੇ ਲੋਕ ਆਪਣੇ ਨਿਰਬਾਹ ਕੀਤਾ ਕਰਨ)।

ਪਉੜੀ ੫

ਸਤ ਸਮੁੰਦ ਅਥਾਹ ਕਰਿ ਰਤਨ ਪਦਾਰਥ ਭਰੇ ਭੰਡਾਰਾ ।

ਸਤ ਸਮੁੰਦ੍ਰ ਅਥਾਹ (ਜਿਨ੍ਹਾਂ ਦਾ ਥਾਹ ਨਹੀਂ ਆਵੇ), (ਈਸ਼੍ਵਰ ਨੇ) ਰਚਕੇ ਰਤਨਾਂ ਦੇ ਭੰਡਾਰ ਭਰ ਦਿਤੇ।

ਮਹੀਅਲ ਖੇਤੀ ਅਉਖਧੀ ਛਾਦਨ ਭੋਜਨ ਬਹੁ ਬਿਸਥਾਰਾ ।

ਧਰਤੀ ਰਚਕੇ ਖੇਤੀ ਅਰ ਅਉਧੀਆਂ ਨਾਲ (ਅਲ) ਪੂਰਣ ਕਰ ਦਿੱਤੀ, (ਉਨ੍ਹਾਂ ਥੋਂ) ਕਪੜੇ ਆਦਿਕ ਭੋਜਨਾਂ ਦੇ ਵਡੇ ਵਿਸਥਾਰ ਨਿਕਲਦੇ ਹਨ।

ਤਰੁਵਰ ਛਾਇਆ ਫੁਲ ਫਲ ਸਾਖਾ ਪਤ ਮੂਲ ਬਹੁ ਭਾਰਾ ।

ਬ੍ਰਿਛਾਂ ਤੋਂ ਛਾਯਾ ਆਦਿ ਫੁਲ ਫਲ ਟਾਹਣੀਆਂ ਪੱਤ੍ਰਾਂ ਦੇ ਵੱਡੇ ਭਾਰ ਲੱਗੇ ਹਨ।

ਪਰਬਤ ਅੰਦਰਿ ਅਸਟ ਧਾਤੁ ਲਾਲੁ ਜਵਾਹਰੁ ਪਾਰਸਿ ਪਾਰਾ ।

ਪਰਬਤਾਂ ਵਿਖੇ (ਲੋਹਾ ਆਦਿਕ) ਅਸ਼ਟ ਥਾਤਾਂ (ਰਚੀਆਂ), ਲਾਲ ਜਾਹਰ ਅਰ ਪਾਰਸ 'ਪਾਰਾ' (ਟੁਕੜੇ ਜਾਂ ਗੀਟੀਆਂ) ਰਚੀਆਂ, (ਜਾਂ ਪਾਰਸ ਰੂਪ ਪਾਰਾ ਜੋ ਦੁਖ ਦੂਰ ਕਰਦਾ ਹੈ),

ਚਉਰਾਸੀਹ ਲਖ ਜੋਨਿ ਵਿਚਿ ਮਿਲਿ ਮਿਲਿ ਵਿਛੁੜੇ ਵਡ ਪਰਵਾਰਾ ।

ਚਉਰਾਸੀ ਲਖ ਜੂਨੀਆਂ ਰਚੀਆਂ (ਉਨ੍ਹਾਂ) ਵਿਖੇ ਮਿਲ ਮਿਲ ਕੇ ਵਡੇ ਪਰਵਾਰ ਵਿਛੜ ਜਾਂਦੇ ਹਨ (ਜਿੱਕੁਰ ਜਲ ਦੇ ਵੇਗ ਨਾਲ ਦਰੀਆਉ ਵਿਖੇ ਘਾਹ ਬੂਟੇ ਕੱਠੇ ਹੋਕੇ ਹੋਰ ਤੀਬਰ ਪਰਵਾਹ ਨਾਲ ਨਿੱਖੜ ਜਾਂਦੇ ਹਨ, ਤਿਹਾ ਹੀ ਪਰਾਰਬਧ ਦੇ ਵੇਗ ਨਾਲ ਸੰਸਾਰ ਸਮੁੰਦਰ ਵਿਖੇ ਜੀਵ ਮਿਲਦੇ ਅਰ ਵਿਛੁੜਦੇ ਹਨ)।

ਜੰਮਣੁ ਜੀਵਣੁ ਮਰਣ ਵਿਚਿ ਭਵਜਲ ਪੂਰ ਭਰਾਇ ਹਜਾਰਾ ।

ਜੰਮਣ, ਜੀਵਣ ਅਰ ਮਰਣ ਵਿਖੇ ਸੰਸਾਰ ਵਿਚ ਹਜ਼ਾਰਾਂ ਹੀ ਪੂਰ ਭਰੀਦੇ ਹਨ, (ਭਾਵ ਹਜ਼ਾਰਾਂ ਹੀ ਜੰਮਦੇ, ਜੀਂਵਦੇ ਅਰ ਮਰਦੇ ਰਹਿੰਦੇ ਹਨ)

ਮਾਣਸ ਦੇਹੀ ਪਾਰਿ ਉਤਾਰਾ ।੫।

ਮਾਣਸ ਦੇਹੀ ਵਿਖੇ (ਚੌਰਾਸੀ ਲਖ ਜੂਨਾਂ ਥੋਂ) ਪਾਰ ਉਤਾਰਾ ਹੁੰਦਾ ਹੈ।

ਪਉੜੀ ੬

ਮਾਣਸ ਜਨਮ ਦੁਲੰਭੁ ਹੈ ਛਿਣ ਭੰਗਰੁ ਛਲ ਦੇਹੀ ਛਾਰਾ ।

ਮਨੁਖ ਜਨਮ ਦੁਰਲੱਭ (ਪਦਾਰਥ) ਹੈ, (ਪਰ) ਖਿਣ ਭੰਗਰ ਅਤੇ ਛਲ ਰੂਪ ਮਿੱਟੀ ਦੀ ਦੇਹ ਹੈ।

ਪਾਣੀ ਦਾ ਕਰਿ ਪੁਤਲਾ ਉਡੈ ਨ ਪਉਣੁ ਖੁਲੇ ਨਉਂ ਦੁਆਰਾ ।

(ਪਤਾ ਦੇ ਬੀਰਜ ਅਰ ਮਾਤਾ ਦੇ ਰਕਤ ਰੂਪ) ਪਾਣੀ ਦਾ ਪੁਤਲਾ ਹੈ, ਨੌਂ ਗੋਲਕਾਂ ਦੇ ਦਰਵਾਜੇ ਖੁੱਲੇ ਹਨ (ਪਰ) ਸ੍ਵਾਸਾਂ ਦੀ ਪੌਣ ਉਡਦੀ ਨਹੀਂ (ਈਸ਼ਵਰ ਦੀ ਸ਼ਕਤੀ ਨਾਲ ਟਿਕੀ ਰਹਿੰਦੀ ਹੈ)।

ਅਗਨਿ ਕੁੰਡ ਵਿਚਿ ਰਖੀਅਨਿ ਨਰਕ ਘੋਰ ਮਹਿੰ ਉਦਰੁ ਮਝਾਰਾ ।

(ਮਾਤਾ ਦੇ) ਉਦਰ ਘੋਰ ਨਰਕ ਦੇ ਅਗਨੀ ਕੁੰਡ ਵਿਖੇ (ਰਬ ਨੇ) ਰੱਛਾ ਕੀਤੀ ਹੈ।

ਕਰੈ ਉਰਧ ਤਪੁ ਗਰਭ ਵਿਚਿ ਚਸਾ ਨ ਵਿਸਰੈ ਸਿਰਜਣਹਾਰਾ ।

ਉਲਟਾ ਹੋਕੇ (ਬਾਲਕ) ਤਪ ਕਰਦਾ ਅਰ ਇਕ ਅੱਖ ਦੇ ਫੋਰ ਜਿੰਨਾ ਬੀ ਕਰਤਾਰ ਨੂੰ ਵਿਸਾਰਦਾ ਨਹੀਂ।

ਦਸੀ ਮਹੀਨੀਂ ਜੰਮਿਆਂ ਸਿਮਰਣ ਕਰੀ ਕਰੇ ਨਿਸਤਾਰਾ ।

ਦਸਾਂ ਮਹੀਨਿਆਂ ਪਿਛੋਂ ਜੰਮਿਆਂ ਈਸ਼ਵਰ ਨੇ (ਉਦਰੋ) ਖਲਾਸੀ ਦਿੱਤੀ ਸਿਮਰਣ ਕਰਦੇ ਨੂੰ।

ਜੰਮਦੋ ਮਾਇਆ ਮੋਹਿਆ ਨਦਰਿ ਨ ਆਵੈ ਰਖਣਹਾਰਾ ।

ਜੰਮਦੇ ਸਾਰ ਹੀ ਮਾਯਾ ਨੇ ਅਜਿਹਾ ਮੋਹਿਤ ਕੀਤਾ (ਮਾਤਾ ਦੇ ਪੇਟ ਵਿਖੇ) ਰੱਖਣਹਾਰਾ ਵਾਹਿਗੁਰੂ (ਹੁਣ) ਨਜ਼ਰ ਹੀ ਨਹੀਂ ਆਉਂਦਾ।

ਸਾਹੋਂ ਵਿਛੁੜਿਆ ਵਣਜਾਰਾ ।੬।

(ਅਕਾਲ ਪੁਰਖ ਆਪਣੇ) ਸ਼ਾਹ ਥੋਂ ਵਣਜਾਰਾ (ਜੀਵ) ਵਿਛੁੜ ਗਿਆ।

ਪਉੜੀ ੭

ਰੋਵੈ ਰਤਨੁ ਗਵਾਇ ਕੈ ਮਾਇਆ ਮੋਹੁ ਅਨੇਰੁ ਗੁਬਾਰਾ ।

ਮਾਇਆ ਦੇ ਮੋਹ ਰੂਪੀ ਭਾਰੀ ਹਨੇਰੇ ਵਿਖੇ (ਰੱਬ) ਰਤਨ ਨੂੰ ਗਵਾਕੇ (ਬਾਲਕ) ਰੋਂਦਾ ਹੈ। (ਆਪਣੇ ਰੰਛਕ ਅਕਾਲ ਪੁਰਖ ਨੂੰ ਭਾਲਕੇ ਘਬਰਾ ਵਿਚ ਦੁਖੀ ਹੋ ਰਿਹਾ ਹੈ)।

ਓਹੁ ਰੋਵੈ ਦੁਖੁ ਆਪਣਾ ਹਸਿ ਹਸਿ ਗਾਵੈ ਸਭ ਪਰਵਾਰਾ ।

ਸਾਰਾ ਕੁਟੰਬ ਹਸ ਹਸਕੇ (ਗੀਤ) ਗਾਉਂਦਾ ਹੈ। (ਪਰ) ਬਾਲਕ ਆਪਣੇ ਇਸ ਦੁੱਖ ਨੁੰ ਰੋਂਦਾ ਹੈ।

ਸਭਨਾਂ ਮਨਿ ਵਾਧਾਈਆਂ ਰੁਣ ਝੁੰਝਨੜਾ ਰੁਣ ਝੁਣਕਾਰਾ ।

ਸਭਨਾਂ ਦੇ ਮਨ ਵਿਖੇ ਵਧਾਈਆਂ ਹਨ, ਅਨੰਦ ਮੰਗਲਾਚਾਰ ਅਰ ਰੁਣ ਝੁਣਕਾਰ ਹੁੰਦਾ ਹੈ (ਨਾਨਾਂ ਪਰਕਾਰਾਂ ਦੇ ਢੋਲ ਵੱਜਦੇ ਹਨ)।

ਨਾਨਕੁ ਦਾਦਕੁ ਸੋਹਲੇ ਦੇਨਿ ਅਸੀਸਾਂ ਬਾਲੁ ਪਿਆਰਾ ।

ਨਾਨਕੇ ਅਰ ਦਾਦਕੇ 'ਸੋਹਲੇ' (ਖੁਸ਼ੀਆਂ) ਕਰ ਕੇ ਬਾਲਕ ਨੂੰ ਅਸੀਸਾਂ ਅਤੇ ਸਿਰ ਤੇ ਪਿਆਰ ਦੇਂਦੇ ਹਨ।

ਚੁਖਹੁਂ ਬਿੰਦਕ ਬਿੰਦੁ ਕਰਿ ਬਿੰਦਹੁਂ ਕੀਤਾ ਪਰਬਤ ਭਾਰਾ ।

ਰਤਾਕੁ ਜਿੰਨੀ ਬੀਰਜ ਦੀ ਬੂੰਦ ਥੋਂ ('ਬਿੰਦ') ਬੁਦਬੁਦਾ ਬਣਾਇਆ ਅਰ ਬੁਦਬੁਦੇ ਤੋਂ ਭਾਰਾ ਪਰਬਤ ਕੀਤਾ, (ਕਿ ਐਡੀ ਦੇਹ ਰਚ ਦਿੱਤੀ)।

ਸਤਿ ਸੰਤੋਖ ਦਇਆ ਧਰਮੁ ਅਰਥੁ ਸੁਗਰਥ ਵਿਸਾਰਿ ਵਿਸਾਰਾ ।

(ਪਰ ਜੀਵ ਨੇ) ਸਤਿ ਸੰਤੋਖ ਦਇਆ ਧਰਮ ਨੂੰ ਵਿਸਾਰ ਕੇ ('ਅਰਥ ਸੁਗਰਥ') ਸ੍ਰੇਸ਼ਟ ਅਰਥ ਨੂੰ ਬੀ ਵਿਸਾਰ ਦਿੱਤਾ (ਕਿ ਜਨਮ ਦਾ ਕੀ ਪਰਮਾਰਥ ਸੀ?)

ਕਾਮ ਕਰੋਧੁ ਵਿਰੋਧੁ ਵਿਚਿ ਲੋਭੁ ਮੋਹੁ ਧਰੋਹ ਅਹੰਕਾਰਾ ।

ਕਾਮ, ਕ੍ਰੋਧ, ਵਿਰੋਧ, ਲੋਭ, ਮੋਹ ਅਰ ਧ੍ਰੋਹ ਵਿਖੇ ਲਗਕੇ ਅੰਹਕਾਰੀ ਹੋਯਾ ਹੈ।

ਮਹਾਂ ਜਾਲ ਫਾਥਾ ਵੇਚਾਰਾ ।੭।

(ਮਾਯਾ ਦੇ) ਮਹਾਂ ਜਾਲ ਵਿਖੇ ਵਿਚਾਰਾ ਫਸ ਗਿਆ ਹੈ।

ਪਉੜੀ ੮

ਹੋਇ ਸੁਚੇਤ ਅਚੇਤ ਇਵ ਅਖੀਂ ਹੋਂਦੀ ਅੰਨ੍ਹਾ ਹੋਆ ।

ਸਮਝਦਾਰ ਹੋਕੇ 'ਅਚੇਤ' (ਭੋਲਾ ਭਾਲਾ ਅਰ) ਅੱਖਾਂ ਦੇ ਹੁੰਦਿਆਂ ਸੁੰਦਿਆਂ ਅੰਨ੍ਹਾਂ ਹੋ ਰਿਹਾ ਹੈ।

ਵੈਰੀ ਮਿਤੁ ਨ ਜਾਣਦਾ ਡਾਇਣੁ ਮਾਉ ਸੁਭਾਉ ਸਮੋਆ ।

ਵੈਰੀ ਤੇ ਮਿੱਤ੍ਰ ਦੀ ਕੁਝ ਸੂਝ ਨਹੀਂ ਰੱਖਦਾ, ਡਾਇਣ ਅਤੇ ਮਾਉਂ ਦਾ ਸਭਾਉ ਬਰਾਬਰ ਜਾਣਦਾ ਹੈ।

ਬੋਲਾ ਕੰਨੀਂ ਹੋਂਵਦੀ ਜਸੁ ਅਪਜਸੁ ਮੋਹੁ ਧੋਹੁ ਨ ਸੋਆ ।

ਕੰਨਾਂ ਦੇ ਹੁੰਦਿਆਂ ਬੋਲਾ, ਜਸ ਅਤੇ ਅਪਜਸ ਪ੍ਰੀਤ ਅਤੇ ਵੈਰ ਦੀ ਕਨਸੋ ਨਹੀਂ (ਪਰਖਦਾ)।

ਗੁੰਗਾ ਜੀਭੈ ਹੁੰਦੀਐ ਦੁਧੁ ਵਿਚਿ ਵਿਸੁ ਘੋਲਿ ਮੁਹਿ ਚੋਆ ।

ਜੀਭ ਦੇ ਹੁੰਦਿਆਂ ਗੁੰਗਾ (ਕਿਉਂ ਜੋ) ਦੁੱਧ ਵਿਖੇ ਵਿਹੁ ਘੋਲਕੇ ਮੂੰਹ ਵਿਚ (ਕੋਈ) ਚੋ ਦੇਵੇ (ਅੰਗੋਂ ਨਾਹ ਨਹੀ. ਕਰਦਾ)।

ਵਿਹੁ ਅੰਮ੍ਰਿਤ ਸਮਸਰ ਪੀਐ ਮਰਨ ਜੀਵਨ ਆਸ ਤ੍ਰਾਸ ਨ ਢੋਆ ।

ਵਿਹੁ ਅਤੇ ਅੰਮ੍ਰਿਤ ਬਰਾਬਰ ਕਰ ਕੇ ਪੀ ਜਾਂਦਾ ਹੈ, ਜੀਵਣ ਦੀ ਆਸ ਅਤੇ ਮਰਣ ਤੋਂ ਤ੍ਰਾਸ ਦਾ ('ਢੋਆ') ਢੰਗ ਨਹੀਂ ਹੈ।

ਸਰਪੁ ਅਗਨਿ ਵਲਿ ਹਥੁ ਪਾਇ ਕਰੈ ਮਨੋਰਥ ਪਕੜਿ ਖਲੋਆ ।

ਸਰਪ ਅਤੇ ਅਗਨੀ ਵਲ ਹਥ ਪਾਉਣ ਲਈ ਮਨੋਰਥ ਕਰ ਕੇ ਉਠ ਖੜੋਂਦਾ ਹੈ।

ਸਮਝੈ ਨਾਹੀ ਟਿਬਾ ਟੋਆ ।੮।

ਟਿੱਬਾ ਟੋਆ ਨਹੀਂ ਸਮਝਦਾ।

ਪਉੜੀ ੯

ਲੂਲਾ ਪੈਰੀ ਹੋਂਵਦੀ ਟੰਗਾਂ ਮਾਰਿ ਨ ਉਠਿ ਖਲੋਆ ।

ਪੈਰਾਂ ਦੇ ਹੁੰਦਿਆਂ ਲੂਲ੍ਹਿਆਂ ਵਾਂਗੂੰ ਟੰਗਾਂ ਮਾਰਦਾ ਹੈ, ਉਠ ਨਹੀਂ ਖਲੋਂਦਾ।

ਹਥੋ ਹਥੁ ਨਚਾਈਐ ਆਸਾ ਬੰਧੀ ਹਾਰੁ ਪਰੋਆ ।

(ਮਾਂ ਭੈਣ) ਹਥੋਂ ਹੱਥ ਨਚਾਉਂਦੀਆਂ ਹਨ, ਆਸਾ ਦੀਆਂ ਬੱਧੀਆਂ ਹਾਰ ਵਾਂਗੂੰ (ਬਾਲ ਨੂੰ ਗਲ ਨਾਲ) ਪਰੋ ਰਖਦੀਆਂ ਹਨ (ਜਥਾ:- 'ਹੱਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜੀਉਂ ਜਸੁਧਾ ਘਰਿ ਕਾਨ')।

ਉਦਮ ਉਕਤਿ ਨ ਆਵਈ ਦੇਹਿ ਬਿਦੇਹਿ ਨ ਨਵਾਂ ਨਿਰੋਆ ।

ਉੱਦਮ ਤੇ ਬੁੱਧੀ (ਬਾਲਕ ਨੂੰ ਨਹੀਂ ਹੁੰਦੀ, ਦੋਹੋਂ ਬਿਦੇਹ ਹੋਕੇ ਨਵਾਂ ਨਰੋਆ ਨਹੀਂ ਰਹਿੰਦਾ ਹੈ।

ਹਗਣ ਮੂਤਣ ਛਡਣਾ ਰੋਗੁ ਸੋਗੁ ਵਿਚਿ ਦੁਖੀਆ ਰੋਆ ।

ਹੱਗਣਾ, ਮੂਤਣਾਦਿ ਕ੍ਰਿਆ ਵਿਖੇ ਅਰ ਰੋਗ ਸੋਗ ਵਿਖੇ ਦੁਖੀ ਹੋ ਰੋਂਦਾ ਹੈ।

ਘੁਟੀ ਪੀਐ ਨ ਖੁਸੀ ਹੋਇ ਸਪਹੁੰ ਰਖਿਆੜਾ ਅਣਖੋਆ ।

(ਮਾਂ) ਜੰਮਣ ਘੁੱਟੀ (ਦਿੰਦੀ ਹੈ) ਰਾਜ਼ੀ ਹੋਕੇ ਪੀਂਦਾ ਨਹੀਂ, ਸਪ ਤੋਂ (ਜਦ) ਰਖੇ ਤਦ ('ਅਣਖੋਆ') ਅਣਖ ਨਾਲ ਗੁੱਸੇ ਹੋ ਜਾਂਦਾ ਹੈ।

ਗੁਣੁ ਅਵਗੁਣ ਨ ਵਿਚਾਰਦਾ ਨ ਉਪਕਾਰੁ ਵਿਕਾਰੁ ਅਲੋਆ ।

(ਕਿਉਂ ਜੋ) ਗੁਣ ਅਵਗੁਣ ਦਾ ਵਿਚਾਰ ਨਹੀਂ ਹੁੰਦਾ, ਉਪਕਾਰ ਅਤੇ 'ਵਿਕਾਰ' (ਭਲਾ ਤੇ ਬੁਰਾ ਕੰਮ) ਨਹੀਂ ਦੇਖਦਾ, (ਭਈ ਭਲੇ ਕਰਦੇ ਮੈਂ ਕਿਉਂ ਬੁਰਾ ਮੰਨਾਂ)।

ਸਮਸਰਿ ਤਿਸੁ ਹਥੀਆਰੁ ਸੰਜੋਆ ।੯।

ਹਥੀਆਰ ਅਤੇ ਸੰਜੋਅ (ਉਸ ਨੂੰ) ਇਕੋ ਜਿਹੀ ਹੈ (ਭਾਵ ਨਾਸ਼ਕ ਤੇ ਰੱਖਯਕ ਇਕ ਸਮ ਹਨ)।

ਪਉੜੀ ੧੦

ਮਾਤ ਪਿਤਾ ਮਿਲਿ ਨਿੰਮਿਆ ਆਸਾਵੰਤੀ ਉਦਰੁ ਮਝਾਰੇ ।

ਆਸਾਂ ਵਾਲੀ ਮਾਤਾ ਦੇ ਉਦਰ ਵਿਖੇ ਪਿਤਾ ਦੇ ਮਿਲਾਪ ਨਾਲ ਨਿੰਮਿਆਂ (ਬੀਰਜ ਤੇ ਰਕਤ ਦਾ ਟਿਕਾਉ ਹੋਇਆ)।

ਰਸ ਕਸ ਖਾਇ ਨਿਲਜ ਹੋਇ ਛੁਹ ਛੁਹ ਧਰਣਿ ਧਰੈ ਪਗ ਧਾਰੇ ।

ਖੱਟਾ ਮਿੱਠਾ (ਮਾਂ) ਨਹੀਂ ਖਾਂਦੀ (ਕਿਉਂ ਜੋ 'ਲੱਜ') ਸ਼ੰਕਾ ਹੁੰਦੀ ਹੈ (ਕਿ ਬੱਚੇ ਨੂੰ ਦੁੱਖ ਨਾ ਪਹੁੰਚੇ) ਹੌਲੀ ਹੌਲੀ ਧਰਤੀ ਪੁਰ ਪੈਰ ਟਿਕਾਉ ਕੇ ਰੱਖਦੀ ਹੈ (ਕਿ ਗਰਭ ਨਾ ਛਣ ਜਾਵੇ)।

ਪੇਟ ਵਿਚਿ ਦਸ ਮਾਹ ਰਖਿ ਪੀੜਾ ਖਾਇ ਜਣੈ ਪੁਤੁ ਪਿਆਰੇ ।

ਦਸ ਮਹੀਨੇ ਉਦਰ ਵਿਖੇ ਰੱਖਕੇ ਪੀੜਾ ਸਹਾਰਕੇ ਪਿਆਰੇ ਪੁੱਤਰ ਨੂੰ ਜਾਣਦੀ ਹੈ।

ਜਣ ਕੈ ਪਾਲੈ ਕਸਟ ਕਰਿ ਖਾਨ ਪਾਨ ਵਿਚਿ ਸੰਜਮ ਸਾਰੇ ।

ਜਣਕੇ ਬੀ ਵੱਡੇ ਦੁਖ ਨਾਲ ਪਾਲਦੀ ਹੈ, ਅਰ ਖਾਨ ਪਾਨ ਵਿਖੇ ਸਾਰੇ ਪ੍ਰਹੇਜ਼ ਰਖਦੀ ਹੈ (ਕਿ ਦੁੱਧ ਵਿਚ ਵਿਗਾੜ ਨਾਂ ਪੈ ਜਾਵੇ)।

ਗੁੜ੍ਹਤੀ ਦੇਇ ਪਿਆਲਿ ਦੁਧੁ ਘੁਟੀ ਵਟੀ ਦੇਇ ਨਿਹਾਰੇ ।

ਗੁੜ੍ਹਤੀ ਦੇਂਦੀ ਦੁੱਧ ਪਿਆਉਂਦੀ ਹੈ, 'ਜੰਮਣ ਘੁੱਟੀ (ਸਿੱਪੀ ਨਾਲ) ਕਦੀ ਵੱਟੀ ਦੇਂਦੀ ਹੈ ਲੋੜ ਮੂਜਬ।

ਛਾਦਨੁ ਭੋਜਨੁ ਪੋਖਿਆ ਭਦਣਿ ਮੰਗਣਿ ਪੜ੍ਹਨਿ ਚਿਤਾਰੇ ।

(ਦਰਿਆਈ ਦੇ) ਕੱਪੜੇ ਅਰ ਚੰਗੇ ਭੋਜਨਾਂ ਨਾਲ ਪਾਲਦੀ ਹੈ, ਝੰਡ, ਪੜ੍ਹਨਾ, ਮੰਗੇਵਾ ਚਿਤਾਰਦੀ ਹੈ, (ਅਥਵਾ ਢੰਗਾਂ ਵਿਚ ਦਾਨ ਦੇਂਦੀ ਹੈ)।

ਪਾਂਧੇ ਪਾਸਿ ਪੜ੍ਹਾਇਆ ਖਟਿ ਲੁਟਾਇ ਹੋਇ ਸੁਚਿਆਰੇ ।

ਪਾਂਧੇ ਪਾਸ ਬਿਠਾ ਖਟ (ਧਨ) ਲੁਟਾਕੇ ਸਚੇ ਹੋਏ (ਕੀ ਸਚੇ ਹੋਏ? ਹੇਠ ਅੱਠਵੀਂ ਤੁਕ ਵਿਖੇ ਦੱਸਦੇ ਹਨ)।

ਉਰਿਣਤ ਹੋਇ ਭਾਰੁ ਉਤਾਰੇ ।੧੦।

ਦਰਜ਼ ਦਾ ਭਾਰ ਲਾਹ ਕੇ ਸੁਰਖਰੂ ਹੋਏ, (ਕਿਉਂਕਿ ਲੋਕ ਤਿੰਨ ਭਾਰ ਪੁੱਤ ਦੇ ਆਪਣੇ ਸਿਰ ਸਮਝਦੇ ਹਨ, ਧਰਮ ਸੰਸਕਾਰ, ਵਿਦਯਾ ਤੇ ਵਿਆਹ। ਧਰਮ ਤੇ ਪਾਂਧੇ ਦਾ ਜ਼ਿਕਰ ਆ ਗਿਆ ਹੈ, ਵਿਆਹ ਦਾ ਅੱਗੇ ਆਵੇਗਾ)।

ਪਉੜੀ ੧੧

ਮਾਤਾ ਪਿਤਾ ਅਨੰਦ ਵਿਚਿ ਪੁਤੈ ਦੀ ਕੁੜਮਾਈ ਹੋਈ ।

ਮਾਂ ਅਤੇ ਪਿਉ ਵਡੇ ਅਨੰਦ ਵਿਖੇ (ਫਿਰਦੇ ਹਨ ਕਿ ਸਾਡੇ) ਪੁੱਤ੍ਰ ਦੀ ਮੰਗਣੀ ਹੋ ਗਈ ਹੈ।

ਰਹਸੀ ਅੰਗ ਨ ਮਾਵਈ ਗਾਵੈ ਸੋਹਿਲੜੇ ਸੁਖ ਸੋਈ ।

ਖੁਸ਼ੀ ਨਾਲ ਸਰੀਰ ਵਿਚ (ਮਾਂ) ਨਹੀਂ ਸਮਾਉਂਦੀ ਗੀਤ ਗਾਉਂਦੀ ਤੇ ਸੁਖੀ ਹੁੰਦੀ ਹੈ।

ਵਿਗਸੀ ਪੁਤ ਵਿਆਹਿਐ ਘੋੜੀ ਲਾਵਾਂ ਗਾਵ ਭਲੋਈ ।

ਪੁੱਤ੍ਰ ਦਾ ਵਿਆਹ ਹੁੰਦਾ ਹੈ ਤਦ ਤਾਂ (ਮਾਂ ਪ੍ਰਸੰਨ ਹੋਕੇ) ਘੋੜੀਆਂ ਤੇ ਲਾਵਾਂ ਭਲੀ ਪ੍ਰਕਾਰ ਗਾਉਂਦੀ ਹੈ।

ਸੁਖਾਂ ਸੁਖੈ ਮਾਵੜੀ ਪੁਤੁ ਨੂੰਹ ਦਾ ਮੇਲ ਅਲੋਈ ।

ਮਾਂ (ਆਪਣੇ) ਪੁੱਤ੍ਰ ਅਤੇ ਨੂੰਹ ਦਾ 'ਮੇਲ' (ਜੋੜਾ) ਵੇਖਕੇ ਸੁਖਣਾ ਸੁੱਖਦੀ ਹੈ (ਕਿ ਇਹ ਜੋੜੀ ਹਰੀ ਭਰੀ ਰਹੇ ਤੇ ਮੀਜਾ ਪੈ ਜਾਵੇ)।

ਨੁਹੁ ਨਿਤ ਕੰਤ ਕੁਮੰਤੁ ਦੇਇ ਵਿਹਰੇ ਹੋਵਹੁ ਸਸੁ ਵਿਗੋਈ ।

(ਪਰ) ਨੂੰਹ ਸਦੀਵ ਕਾਲ ਆਪਣੇ ਕੰਤ ਨੂੰ ਖੋਟੀ ਪੱਟੀ ਪੜ੍ਹਾਉਂਦੀ ਹੈ, (ਇਸ ਕਰਕੇ) ਦੋਵੇਂ ਵਿਹਰੇ (ਸਾਹਮਣੇ) ਹੋ ਪੈਂਦੇ ਹਨ, ਸੱਸ ਦੁਖੀ ਹੁੰਦੀ ਹੈ।

ਲਖ ਉਪਕਾਰੁ ਵਿਸਾਰਿ ਕੈ ਪੁਤ ਕੁਪੁਤਿ ਚਕੀ ਉਠਿ ਝੋਈ ।

(ਪਿਛੇ ਕਹੇ) ਲੱਖਾਂ ਉਪਕਾਰਾਂ ਨੂੰ ਭੁਲਾਕੇ ਕੁਪੁੱਤੁ ਪੁਤ੍ਰ ਨੇ (ਝਗੜੇ ਦੀ) ਚੱਕੀ ਝੋਈ ਹੈ (ਭਾਵ ਮਾਂ ਨਾਲ ਝਗੜੇ ਛੇੜਦਾ ਹੈ)।

ਹੋਵੈ ਸਰਵਣ ਵਿਰਲਾ ਕੋਈ ।੧੧।

ਕੋਈ ਵਿਰਲਾ ਪੁੱਤ੍ਰ ਸਰਵਣ ਹੁੰਦਾ ਹੈ।

ਪਉੜੀ ੧੨

ਕਾਮਣਿ ਕਾਮਣਿਆਰੀਐ ਕੀਤੋ ਕਾਮਣੁ ਕੰਤ ਪਿਆਰੇ ।

ਟੂਣੇ ਵਾਲੀ ਤੀਵੀਂ ਨੇ (ਆਪਣੇ) ਪਿਆਰੇ ਕੰਤ ਨੂੰ ('ਕਾਮਣ') ਟੂਣਾ (ਐਸਾ) ਪਾ ਦਿਤਾ।

ਜੰਮੇ ਸਾਈਂ ਵਿਸਾਰਿਆ ਵੀਵਾਹਿਆਂ ਮਾਂ ਪਿਓ ਵਿਸਾਰੇ ।

ਕਿ ਜੰਮਿਆ ਸੀ ਤਾਂ ਰੱਬ ਨੂੰ ਭੁਲਾ ਦਿੱਤਾ ਸਾਸੁ, (ਹੁਣ ਜਦ) ਵਿਆਹ ਹੋਇਆ ਤਾਂ ਮਾਂ ਪਿਉ ਦੋਵੇਂ ਭੁਲਾ ਦਿਤੇ।

ਸੁਖਾਂ ਸੁਖਿ ਵਿਵਾਹਿਆ ਸਉਣੁ ਸੰਜੋਗੁ ਵਿਚਾਰਿ ਵਿਚਾਰੇ ।

ਚੰਗੇ ਸ਼ਗਨ ਅਰ ਨਿਛੱਤ੍ਰ ਦੇ ਸਜੋਗਾਂ ਦੇ ਵਿਚਾਰ ਵਿਚਾਰਕੇ ਕਈ ਸੁੱਖਣਾਂ (ਮਨਤਾਂ) ਸੁੱਖਕੇ (ਪੁਤ੍ਰ ਦਾ) ਵਿਆਹ ਕੀਤਾ ਸੀ।

ਪੁਤ ਨੂਹੈਂ ਦਾ ਮੇਲੁ ਵੇਖਿ ਅੰਗ ਨਾ ਮਾਵਨਿ ਮਾਂ ਪਿਉ ਵਾਰੇ ।

ਫੇਰ ਮਾਪੇ ਨੂੰਹ ਤੇ ਪੁਤ੍ਰ ਦਾ ਮੇਲ ਵੇਖ ਕੇ (ਆਪਣੇ) ਸਰੀਰ ਵਿਚ ਫੁਲੇ ਨਹੀਂ ਮੇਉਂਦੇ ਸਨ (ਕਿ ਹੁਣ ਸਾਨੂੰ ਪੁਤ੍ਰ ਖੱਟੀਆਂ ਖੱਟਕੇ ਖੁਆਊ)।

ਨੂੰਹ ਨਿਤ ਮੰਤ ਕੁਮੰਤ ਦੇਇ ਮਾਂ ਪਿਉ ਛਡਿ ਵਡੇ ਹਤਿਆਰੇ ।

(ਪਰ) ਨੂੰਹ (ਅਜਿਹੀ ਭਾਗਭਰੀ ਉਠੀ ਕਿ) ਨਿਤ ਕੰਤ ਨੂੰ ਖੋਟੀ ਪੱਟੀ ਪੜਾਉਂਦੀ ਹੈ ਕਿ ਮਾਪੇ ਤੇਰੇ ਵਡੇ ਹਤਿਆਰੇ ਹਨ (ਤੇਰੇ ਖੂਨ ਦੇ ਪਿਆਸੇ ਹਨ ਇਨ੍ਹਾਂ ਨੂੰ) ਛੱਡ ਜੇ ਭਲਾ ਚਾਹੁੰਦਾ ਹੈਂ)।

ਵਖ ਹੋਵੈ ਪੁਤੁ ਰੰਨਿ ਲੈ ਮਾਂ ਪਿਉ ਦੇ ਉਪਕਾਰੁ ਵਿਸਾਰੇ ।

ਪੁਤ੍ਰ ਵਹੁਟੀ ਨੂੰ ਲੈਕੇ ਅੱਡ ਹੋ ਜਾਂਦਾ ਹੈ, ਮਾਪਿਆਂ ਦੇ (ਸਾਰੇ) ਉਪਕਾਰ ਵਿਸਾਰ ਦੇਂਦਾ ਹੈ।

ਲੋਕਾਚਾਰਿ ਹੋਇ ਵਡੇ ਕੁਚਾਰੇ ।੧੨।

ਲੋਕਾਂ ਦੇ ਕਰਤਬ ਬੜੇ ਕੁਚਾਰ (ਖੋਟੀ ਚਾਲ ਵਾਲੇ) ਹੋ ਗਏ ਹਨ।

ਪਉੜੀ ੧੩

ਮਾਂ ਪਿਉ ਪਰਹਰਿ ਸੁਣੈ ਵੇਦੁ ਭੇਦੁ ਨ ਜਾਣੈ ਕਥਾ ਕਹਾਣੀ ।

ਮਾਪਿਆਂ ਨੂੰ ਤਿਆਗ ਕੇ ਧਰਮ ਪੁਸਤਕ ਸੁਣੇ (ਉਹ ਭੇਦ) ਨਹੀਂ ਜਾਣੇਗਾ, ਕਥਾ ਸੁਣੇ (ਤਾਂ ਉਹ) ਕਹਾਣੀ ਹੀ ਹੈ।

ਮਾਂ ਪਿਉ ਪਰਹਰਿ ਕਰੈ ਤਪੁ ਵਣਖੰਡਿ ਭੁਲਾ ਫਿਰੈ ਬਿਬਾਣੀ ।

ਮਾਂ ਪਿਉ ਨੂੰ ਤਿਆਗ ਕੇ ਬਣਾਂ ਵਿਖੇ ਜਾਕੇ ਜੋ ਤਪ ਕਰਦਾ ਹੈ, ਉਹ ਬਿਆਬਾਂਨਾਂ ਵਿਖੇ ਭੁਲਾ ਫਿਰਦਾ ਹੈ। (ਭਾਵ ਆਪਣੇ ਸਰੂਪ ਰੂਪੀ ਘਰ ਨੂੰ ਨਹੀਂ ਪਹੁੰਚਦਾ ਹੈ)।

ਮਾਂ ਪਿਉ ਪਰਹਰਿ ਕਰੈ ਪੂਜੁ ਦੇਵੀ ਦੇਵ ਨ ਸੇਵ ਕਮਾਣੀ ।

ਮਾਂ ਪਿਉ ਨੂੰ ਛੱਡ ਕੇ ਜੋ ਪੂਜਾ ਕਰਦਾ ਹੈ, ਉਸ ਦੀ ਸੇਵਾ ਕਮਾਈ ਨੂੰ ਦੇਵਤੇ ਨਹੀਂ ਮੰਨਦੇ ਹਨ।

ਮਾਂ ਪਿਉ ਪਰਹਰਿ ਨ੍ਹਾਵਣਾ ਅਠਸਠਿ ਤੀਰਥ ਘੁੰਮਣਵਾਣੀ ।

ਮਾਂ ਪਿਉ ਨੂੰ ਛੱਡ ਕੇ ਜੋ ਅਠਸਠ ਤੀਰਥਾਂ ਵਿਖੇ ਸ਼ਨਾਨ ਕਰਦਾ ਹੈ ਉਹ ਘੁੰਮਣਵਾਣੀ ਵਿਖੇ ਪਿਆ ਗ਼ੋਤੇ ਖਾਂਦਾ ਹੈ।

ਮਾਂ ਪਿਉ ਪਰਹਰਿ ਕਰੈ ਦਾਨ ਬੇਈਮਾਨ ਅਗਿਆਨ ਪਰਾਣੀ ।

ਮਾਂ ਪਿਉ ਨੂੰ ਛੱਡ ਕੇ ਜੋ ਦਾਨ ਕਰਦਾ ਹੈ ਉਹ ('ਬੇਈਮਾਨ') ਅਧਰਮੀ ਅਤੇ ਅਗਿਆਨੀ ਪ੍ਰਾਣੀ ਹੈ।

ਮਾਂ ਪਿਉ ਪਰਹਰਿ ਵਰਤ ਕਰਿ ਮਰਿ ਮਰਿ ਜੰਮੈ ਭਰਮਿ ਭੁਲਾਣੀ ।

ਮਾਂ ਪਿਉ ਨੂੰ ਛੱਡਕੇ ਵਰਤਨੇਮ ਕਰਨਹਾਰਾ (ਚੌਰਾਸੀ ਲਖ ਜੂਨੀਆਂ) ਵਿਖੇ ਭਰਮ ਦਾ ਭੁੱਲਾ ਹੋਇਆ ਪਿਆ ਫਿਰਦਾ ਹੈ।

ਗੁਰੁ ਪਰਮੇਸਰੁ ਸਾਰੁ ਨ ਜਾਣੀ ।੧੩।

ਗੁਰੂ ਅਤੇ ਪਰਮੇਸਰ ਦੀ ਸਾਰ ਉਸ ਨੇ ਨਹੀਂ ਜਾਤੀ।

ਪਉੜੀ ੧੪

ਕਾਦਰੁ ਮਨਹੁਂ ਵਿਸਾਰਿਆ ਕੁਦਰਤਿ ਅੰਦਰਿ ਕਾਦਰੁ ਦਿਸੈ ।

(ਲੋਕਾਂ ਨੇ) ਕਾਦਰ ਨੂੰ ਮੰਨੋਂ ਵਿਸਾਰ ਦਿੱਤਾ ਹੈ, (ਤੇ) ਕਾਦਰ (ਆਪਣਾ) ਕੁਦਰਤ ਵਿਚ (ਪਰਤੱਖ), ਦਿਸਦਾ ਹੈ।

ਜੀਉ ਪਿੰਡ ਦੇ ਸਾਜਿਆ ਸਾਸ ਮਾਸ ਦੇ ਜਿਸੈ ਕਿਸੈ ।

ਜੀਅ, ਪਿੰਡ, ਮਾਸ, ਸੁਆਸ ਦੇਕੇ ਹਰੇਕ ਦੀ ਰਚਨਾਂ ਕੀਤੀ ਹੈ।

ਅਖੀ ਮੁਹੁਂ ਨਕੁ ਕੰਨੁ ਦੇਇ ਹਥੁ ਪੈਰੁ ਸਭਿ ਦਾਤ ਸੁ ਤਿਸੈ ।

ਮੂੰਹ, ਅੱਖਾਂ, ਨੱਕ, ਕੰਨ, ਦੋ ਹੱਥ ਦੋ ਪੈਰ ਆਦਿ ਸਭ ਦਾਤਾਂ (ਬਖਸ਼ੀਆਂ ਹੋਈਆਂ) ਉਸ ਦੀਆਂ ਹਨ।

ਅਖੀਂ ਦੇਖੈ ਰੂਪ ਰੰਗੁ ਸਬਦ ਸੁਰਤਿ ਮੁਹਿ ਕੰਨ ਸਰਿਸੈ ।

ਅੱਖਾਂ ਰੂਪ ਰੰਗ ਦੇਖਦੀਆਂ ਹਨ, ਮੂੰਹੋਂ ਸ਼ਬਦ (ਬੋਲਣ ਦੀ ਕੰਨੋਂ (ਸਮਝਣ ਦੀ) ਸੁਰਤ (ਗਿਆਤ) ਵਿਸ਼ੇਖ ਦਿੱਤੀ ਹੈ।

ਨਕਿ ਵਾਸੁ ਹਥੀਂ ਕਿਰਤਿ ਪੈਰੀ ਚਲਣ ਪਲ ਪਲ ਖਿਸੈ ।

ਨੱਕੋਂ ਵਾਸ ਲੈਂਦਾ ਹੈ, ਹਥਾਂ (ਨਾਲ) ਕਿਰਤ (ਕੀਤੀ ਜਾਂਦੀ) ਹੈ ਪੈਰਾਂ ਨਾਲ ਪਲ ਪਲ ਚੱਲਕੇ ਖਿਸਕਦਾ ਹੈ।

ਵਾਲ ਦੰਦ ਨਹੁਂ ਰੋਮ ਰੋਮ ਸਾਸਿ ਗਿਰਾਸਿ ਸਮਾਲਿ ਸਲਿਸੈ ।

ਸਿਰ ਤੇ ਵਾਲ, ਮੂੰਹ ਵਿਚ ਦੰਦ ਹਨ, ਰੋਮ ਰੋਮ ਅਤੇ ਸਾਸ ਗਿਰਾਸ ਸਲਿੱਸੇ (ਸਾਥ ਪ੍ਰੀਤ) ਦੇ ਕਾਦਰ ਨੂੰ ਯਾਦ ਰੱਖ (ਜੋ ਸ਼ੰਕਾ ਕਰੋ ਕਿ ਸਾਸ ਗਿਰਾਸ ਵਿਚ ਸਮ੍ਹਾਲਣਾ ਨਹੀਂ ਹੋ ਸਕਦਾ, ਕਿਉਂ ਜੋ ਮਾਲਕ ਦੀ ਨੌਕਰੀ ਬੀ ਕਰਨੀ ਹੈ। ਇਸ ਦੇ ਉਤਰ ਵਿਖੇ ਲਿਖਦੇ ਹਨ)।

ਸਾਦੀ ਲਬੈ ਸਾਹਿਬੋ ਤਿਸ ਤੂੰ ਸੰਮਲ ਸੌਵੈਂ ਹਿਸੈ ।

ਸਾਹਿਬ ਸਵਾਦਾਂ ਦੇ ਲੱਬ ਨਾਲ ਸੇਂਵਦਾ ਹੈ, ਉਸ ਪਰਮੇਸਰ ਨੂੰ ਸੌਵਾਂ ਹਿੱਸਾ ਹੀ ਯਾਦ ਕਰ (ਅੱਗੇ ਦ੍ਰਿਸ਼ਟਾਂਤ ਦੇਂਦੇ ਹਨ)।

ਲੂਣੁ ਪਾਇ ਕਰਿ ਆਟੈ ਮਿਸੈ ।੧੪।

ਲੂਣ ਪਾਕੇ ਆਟੇ ਨੂੰ ਮਿੱਸਾ ਕਰ (ਸ੍ਵਾਸਾਂ ਰੂਪ ਆਟੇ ਨੂੰ ਲੂਣ ਵਤ ਈਸ੍ਵਰ ਚਿੰਤਨ ਕਰ ਕੇ ਹੀ ਮਿੱਸਾ ਕਰ)। ਯਥਾ:-”ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ॥ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ”)।

ਪਉੜੀ ੧੫

ਦੇਹੀ ਵਿਚਿ ਨ ਜਾਪਈ ਨੀਂਦ ਭੁਖੁ ਤੇਹ ਕਿਥੈ ਵਸੈ ।

ਸਰੀਰ ਵਿਖੇ ਨੀਂਦ ਰੁੱਖ ਅਰ ਤੇਹ ਕਿੱਥੇ ਵਸਦੀਆਂ ਹਨ, ਪਤਾ ਨਹੀਂ ਲਗਦਾ।

ਹਸਣੁ ਰੋਵਣੁ ਗਾਵਣਾ ਛਿਕ ਡਿਕਾਰੁ ਖੰਗੂਰਣੁ ਦਸੈ ।

ਹੱਸਣਾ, ਰੋਣਾ, ਗਾਂਵਣਾ, ਨਿੱਛਣਾ, ਡਿਕਾਰਣਾ, ਖੰਘੂਰਨਾ (ਕੋਈ) ਦੱਸੋ।

ਆਲਕ ਤੇ ਅੰਗਵਾੜੀਆਂ ਹਿਡਕੀ ਖੁਰਕਣੁ ਪਰਸ ਪਰਸੈ ।

ਆਲਸ ਤੇ ਆਕੜਾਂ ਭੰਨਣੀਆਂ, ਹਿਡਕੀ ਲੈਣੀ, ਪਰਸਪਰ (ਇਕ ਦੂਜੇ ਨੂੰ) ਖੁਰਕਣਾ।

ਉਭੇ ਸਾਹ ਉਬਾਸੀਆਂ ਚੁਟਕਾਰੀ ਤਾੜੀ ਸੁਣਿ ਕਿਸੈ ।

(ਦੁਖ ਵਿਖੇ 'ਉਭੇ ਸਾਹ') ਠੰਡੇ ਸਾਹ ਭਰਣੇ, ਉਬਾਸੀ ਲੈਣੀ, ਚੁਟਕੀ ਮਾਰਣੀ, ਕਿੱਸੇ (ਕਹਾਣੀਆਂ) ਸੁਣਕੇ (ਖੁਸੀ ਨਾਲ) ਤਾੜੀ ਮਾਰਣੀ।

ਆਸਾ ਮਨਸਾ ਹਰਖੁ ਸੋਗੁ ਜੋਗੁ ਭੋਗੁ ਦੁਖੁ ਸੁਖੁ ਨ ਵਿਣਸੈ ।

ਆਸਾ, ਮਨਸਾ, ਹਰਖ, ਸੋਗ, ਕਦੀ ਜੋਗ ਕਦੀ ਭੋਗ, ਦੁਖ ਸੁਣ ਕੇ ਪ੍ਰਸੰਨ ਨਾ ਹੋਣਾ।

ਜਾਗਦਿਆਂ ਲਖੁ ਚਿਤਵਣੀ ਸੁਤਾ ਸੁਹਣੇ ਅੰਦਰਿ ਧਸੈ ।

ਜਾਗਦਿਆਂ ਏਹੋ ਜਿਹੀਆਂ ਲਖਾਂ ਚਿਤਵਣੀਆਂ ਕਰਦਾ ਹੈ, ਪਰ ਸੁੱਤਾ ਹੋਯਾ ਸੁਪਨੇ ਵਿਚ ਜਾ ਵੜਦਾ ਹੈ, (ਗਲ ਕੀ ਛੀ ਤੁਕਾਂ ਵਿਖੇ ਜਾਗ੍ਰਤ ਦੇ ਕੰਮ ਦੱਸਕੇ ਸੱਤਵੀਂ ਅੱਠਵੀਂ ਵਿਖੇ ਸੁਪਨ ਦੇ ਕੰਮ ਦੱਸਦੇ ਹਨ)।

ਸੁਤਾ ਹੀ ਬਰੜਾਂਵਦਾ ਕਿਰਤਿ ਵਿਰਤਿ ਵਿਚਿ ਜਸ ਅਪਜਸੈ ।

(ਜਦ) ਕਦੇ ਸੌਂਦਾ (ਹੈ ਤਦ) ਬਰੜਾਂਦਾ ਹੈ, ਕਿਰਤ ਅਤੇ ਉਪਜੀਵਕਾ ਵਿਖੇ ਜਸ ਅਪਜਸ ਲੈਂਦਾ ਹੈ। (ਭਾਵ ਜਾਗ੍ਰਤ ਦੇ ਪਦਾਰਥ ਸੁਪਨ ਦਾ ਖਹਿੜਾ ਨਹੀਂ ਛਡਦੇ। ਪਾਠਾਂਤ੍ਰ 'ਜਿਸ ਅਵਜਿਸ' ਤੇ ਅਰਥ ਏਹ ਹੈ ਕਿ ਜਿਸ ਕਿਰਤ ਤੇ ਵਿਰਤ ਵਿਚ ਜਾਗਦਿਆਂ ਬੀ ਸੁੱਤਾ ਉਸੇ ਵਿਚ ਗਿਆ ਬਰੜਾਉਂਦਾ ਹੈ)।

ਤਿਸਨਾ ਅੰਦਰਿ ਘਣਾ ਤਰਸੈ ।੧੫।

ਤ੍ਰਿਸ਼ਨਾ ਵਿਖੇ (ਫਸਿਆ ਹੋਇਆ ਸੁਪਨੇ ਵਿਖੇ ਬੀ) ਘਣਾਂ ਤਰਸਦਾ ਹੈ (ਦੁੱਖੀ ਹੁੰਦਾ ਯਾ ਡਰਦਾ ਹੈ)।

ਪਉੜੀ ੧੬

ਗੁਰਮਤਿ ਦੁਰਮਤਿ ਵਰਤਣਾ ਸਾਧੁ ਅਸਾਧੁ ਸੰਗਤਿ ਵਿਚਿ ਵਸੈ ।

ਸਾਧਾਂ ਦੀ ਸੰਗਤ ਵਿਖੇ ਵੱਸਣ ਕਰ ਗੁਰੂ ਦੀ ਸਿੱਖਯਾ ਨੂੰ ਵਰਤਦਾ ਹੈ, (ਅਸਾਧਾਂ) ਬੁਰੀ ਸੰਗਤ ਵਿਖੇ ਖੋਟੀ ਮਤ ਨੂੰ ਵਰਤਦਾ ਹੈ।

ਤਿੰਨ ਵੇਸ ਜਮਵਾਰ ਵਿਚਿ ਹੋਇ ਸੰਜੋਗੁ ਵਿਜੋਗੁ ਮੁਣਸੈ ।

ਜਨਮ ਵਿਖੇ ਤਿੰਨ ਵੇਸਾਂ (ਅਰਥਾਤ ਜਾਗ੍ਰਤ ਸੁਪਨ ਸੁਖੋਪਤ ਅਥਵਾ ਬਾਲ ਯੁਬਾਦਿਕ ਅਵਸਥਾ) ਦਾ ਸੰਜੋਗ ਅਤੇ ਵਿਜੋਗ ਪ੍ਰਾਣੀਆਂ ਨੂੰ ਹੋਈ ਜਾਂਦਾ ਹੈ।

ਸਹਸ ਕੁਬਾਣ ਨ ਵਿਸਰੈ ਸਿਰਜਣਹਾਰੁ ਵਿਸਾਰਿ ਵਿਗਸੈ ।

(ਉਕਤ ਤਿੰਨ ਅਵਸਥਾਂ ਵਿਖੇ) ਹਜ਼ਾਰਾਂ ਖੋਟੀਆਂ ਵਾਦੀਆਂ ਭੁੱਲਦੀਆਂ ਨਹੀਂ (ਇਸੇ ਕਰਕੇ) ਉਤਪਤ ਕਰਨਹਾਰ ਨੂੰ ਭੁਲਾਕੇ ਪ੍ਰਸੰਨ ਹੁੰਦਾ ਹੈ।

ਪਰ ਨਾਰੀ ਪਰ ਦਰਬੁ ਹੇਤੁ ਪਰ ਨਿੰਦਾ ਪਰਪੰਚ ਰਹਸੈ ।

ਪਰ ਇਸਤ੍ਰੀ ਪਰਾਏ, ਧਨ ਪਰਾਈ ਨਿੰਦਾ ਦੇ ਕਾਰਣ ਵਲਾਂ ਛਲਾਂ ਵਿਖੇ ਖੁਸ਼ੀ ਕਰ ਰਿਹਾ ਹੈ।

ਨਾਮ ਦਾਨ ਇਸਨਾਨੁ ਤਜਿ ਕੀਰਤਨ ਕਥਾ ਨ ਸਾਧੁ ਪਰਸੈ ।

ਨਾਮ ਦਾਨ ਇਸ਼ਨਾਨ (ਸ਼ੁਭ ਕਰਮ) ਛੱਡਕੇ ਕਥਾ ਕੀਰਤਨ ਅਰ ਭਲੀ ਸੰਗਤ ਦਾ ਪਰਸਨਾ ਨਹੀਂ ਕਰਦਾ ਹੈ।

ਕੁਤਾ ਚਉਕ ਚੜ੍ਹਾਈਐ ਚਕੀ ਚਟਣਿ ਕਾਰਣ ਨਸੈ ।

ਕੁੱਤੇ ਨੂੰ (ਕਿੰਨਾ ਹੀ) ਤਖਤ ਪੁਰ ਬੈਠਾਈਏ, (ਫੇਰ ਬੀ) ਚੱਕੀ ਦੇ ਆਟੇ ਨੂੰ ਹੀ ਚੱਟਣ ਦੌੜੂ, (ਤਿਹਾ ਹੀ ਮਨਮੁਖ ਨੂੰ ਕਿੰਨੀ ਭਲੀ ਮੱਤ ਦਿਓ ਵਿਸ਼ਿਆਂ ਵਲ ਹੀ ਦੌੜਦਾ ਹੈ) '

ਅਵਗੁਣਿਆਰਾ ਗੁਣ ਨ ਸਰਸੈ ।੧੬।

ਅਵਗੁਣਿਆਰਾ (ਪਾਪੀ) ਗੁਣਾਂ ਪੁਰ ਪ੍ਰਸੰਨ ਨਹੀਂ ਹੁੰਦਾ ਹੈ।

ਪਉੜੀ ੧੭

ਜਿਉ ਬਹੁ ਵਰਨ ਵਣਾਸਪਤਿ ਮੂਲ ਪਤ੍ਰ ਫੁਲ ਫਲੁ ਘਨੇਰੇ ।

ਜਿੱਕੁਰ ਬਨਾਸਪਤੀ ਦੇ ਬਾਹਲੇ ਰੂਪ ਹਨ ਮੂਲ, ਪੱਤ੍ਰ, ਫਲ, ਫੁਲ ਘਣੇ (ਭਿੰਨ ਭਿੰਨ ਕਹੇ ਜਾਂਦੇ ਹਨ)।

ਇਕ ਵਰਨੁ ਬੈਸੰਤਰੈ ਸਭਨਾ ਅੰਦਰਿ ਕਰਦਾ ਡੇਰੇ ।

ਅਗਨੀ ਦਾ ਸਭਨਾਂ (ਬ੍ਰਿਛਾਂ) ਵਿਖੇ ਡੇਰੇ ਹੈ। ਪਰ ਰੂਪ ਉਸ ਦਾ ਇਕੋ ਹੈ।

ਰੂਪੁ ਅਨੂਪੁ ਅਨੇਕ ਹੋਇ ਰੰਗੁ ਸੁਰੰਗੁ ਸੁ ਵਾਸੁ ਚੰਗੇਰੇ ।

ਅਨੂਪ ਰੂਪ ਵਾਲੇ ਅਨੇਕ ਤਰ੍ਹਾਂ ਦੇ ਵੰਸ ਚੰਗੇ ਰੰਗ ਬਿਰੰਗੇ ਵਾਲੇ ਹੁੰਦੇ ਹਨ।

ਵਾਂਸਹੁ ਉਠਿ ਉਪੰਨਿ ਕਰਿ ਜਾਲਿ ਕਰੰਦਾ ਭਸਮੈ ਢੇਰੇ ।

ਵਾਸਾਂ ਤੋਂ ਹੀ (ਬੈਸੰਤਰ) ਉੱਠਕੇ ਉਨ੍ਹਾਂ ਨੂੰ ਉਪੱਠੇ ਕਰ ਕੇ ਸਾੜ ਸੂੜਕੇ ਸੁਆਹ ਦੀ ਢੇਰੀ ਕਰ ਦੇਂਦੀ ਹੈ, (ਦੂਜਾ ਦ੍ਰਿਸ਼ਟਾਂਤ ਗਊ ਦਾ ਦੇਕੇ ਹੋਰ ਪੱਕਾ ਕਰਦੇ ਹਨ)।

ਰੰਗ ਬਿਰੰਗੀ ਗਊ ਵੰਸ ਅੰਗੁ ਅੰਗੁ ਧਰਿ ਨਾਉ ਲਵੇਰੇ ।

ਗਊ ਦੀ ਵੰਸ ਨਾਨਾ ਰੰਗਾਂ ਦੀ ਹੈ, ਅਡੋ ਅਡ ਲਵੇਰੀਆਂ ਦੇ ਨਾਉਂ (ਗਵਾਲਾ) ਰਖ ਦੇਂਦਾ ਹੈ (ਗਊ ਵੰਸ ਕਾਲੇ, ਪੀਲੇ ਧੌਲੇ, ਆਦ)।

ਸੱਦੀ ਆਵੈ ਨਾਉ ਸੁਣਿ ਪਾਲੀ ਚਾਰੈ ਮੇਰੇ ਤੇਰੇ ।

ਪਾਲੀ' (ਗੁਜਰ) ਸਭਨਾਂ ਦੀਆਂ ਗਊਆਂ ਚਾਰਦਾ ਹੈ, (ਉਸਦੀਆਂ) ਸੱਦੀਆਂ ਹੋਈਆਂ ਆਪੋ ਆਪਣਾ ਨਾਉਂ ਸੁਣਕੇ ਨੱਠੀਆਂ ਆਂਵਦੀਆਂ ਹਨ।

ਸਭਨਾ ਦਾ ਇਕੁ ਰੰਗੁ ਦੁਧੁ ਘਿਅ ਪਟ ਭਾਂਡੈ ਦੋਖ ਨ ਹੇਰੇ ।

ਸਾਰੀਆਂ ਗਊਆਂ ਦੇ (ਭਾਵੇਂ ਨਾਮ ਤੇ ਰੂਪ ਭਿੰਨ ਭਿੰਨ ਹਨ ਪਰੰਤੂ ਦੁੱਧ ਦਾ ਰੰਗ ਇਕੋ ਹੀ ਹੋਊ (ਉਸ ਦੁੱਧ ਦੇ) ਘਿਉ ਵਿਖੇ ਅਰ 'ਪਟ' (ਕਹੀਏ ਰੇਸ਼ਮ) ਵਿਖੇ ਭਾਂਡੇ ਦਾ ਕੋਈ ਦੂਸ਼ਨ ਨਹੀਂ ਦੇਖਦਾ ਹੈ। (ਚੰਮ ਦੇ ਕੁੱਪਿਆਂ ਅਰ ਕੀੜਿਆਂ ਦਾ ਕੋਈ ਵਿਚਾਰ ਨਹੀਂ ਕਰਦਾ। ਜਿਹਾਕੁ “ਘਿਅ ਪਟ ਭਾਂਡਾ ਕਹੈ ਨ ਕੋਇ॥ ਐਸਾ ਭਗਤੁ ਵਰਨ ਮਹਿ ਹ

ਚਿਤੈ ਅੰਦਰਿ ਚੇਤੁ ਚਿਤੇਰੇ ।੧੭।

ਚਿੱਤ੍ਰਕਾਰੀ (ਰਚਨਾਂ) ਵਿਚ ਚਿਤੇਰੇ (ਵਾਹਿਗੁਰ) ਨੇ ਚੇਤ (ਸਿਮਰਣ ਕਰ)।

ਪਉੜੀ ੧੮

ਧਰਤੀ ਪਾਣੀ ਵਾਸੁ ਹੈ ਫੁਲੀ ਵਾਸੁ ਨਿਵਾਸੁ ਚੰਗੇਰੀ ।

ਧਰਤੀ ਅਤੇ ਪਾਣੀ ਵਿਖੇ ਵਸਣ ਨਾਲ ਫੁਲਾਂ ਵਿਖੇ ਚੰਗੀ ਵਾਸ਼ਨਾ ਹੁੰਦੀ ਹੈ।

ਤਿਲ ਫੁਲਾਂ ਦੇ ਸੰਗਿ ਮਿਲਿ ਪਤਿਤੁ ਪੁਨੀਤੁ ਫੁਲੇਲੁ ਘਵੇਰੀ ।

ਤਿਲ ਫੁਲਾਂ ਦੇ ਨਾਲ ਰਹਿਕੇ ਪਤਤ ਤੋਂ ਪੁਨੀਤ ('ਫੁਲੇਲ ਘਵੇਰੀ') ਫੁਲੇਲ ਦੀ ਅੰਧੇਰ ਵਿਚ ਪੈ ਜਾਂਦਾ ਹੈ।

ਅਖੀ ਦੇਖਿ ਅਨ੍ਹੇਰੁ ਕਰਿ ਮਨਿ ਅੰਧੇ ਤਨਿ ਅੰਧੁ ਅੰਧੇਰੀ ।

(ਵਿਚਾਰ ਕਰ ਕੇ ਚਿਤੇਰੇ ਨੂੰ ਚਿੱਤ੍ਰਕਾਰੀ ਵਿੱਚ ਨਹੀਂ ਦੇਖਦਾ, ਇਸ ਕਰ ਕੇ ਸਰੀਰ ਬੀ ਖੋਟਾਂ ਵਿਚ ਲੱਗ ਪੈਂਦਾ ਹੈ)।

ਛਿਅ ਰੁਤ ਬਾਰਹ ਮਾਹ ਵਿਚਿ ਸੂਰਜੁ ਇਕੁ ਨ ਘੁਘੂ ਹੇਰੀ ।

ਛੀ ਰੁੱਤਾਂ ਅਤੇ ਬਾਰਾਂ ਮਹੀਨਿਆਂ ਵਿਖੇ ਸੂਰਜ ਇਕੋ ਹੈ, (ਪਰ) ਉੱਲੂ (ਇਸ ਗਲ ਨੂੰ) ਨਹੀ. ਵਿਚਾਰਦਾ, (ਤਿਹਾ ਹੀ ਅਗਯਾਨੀ ਆਤਮਾ ਦਾ ਵਿਚਾਰ ਨਹੀਂ ਕਰਦਾ)।

ਸਿਮਰਣਿ ਕੂੰਜ ਧਿਆਨੁ ਕਛੁ ਪਥਰ ਕੀੜੇ ਰਿਜਕੁ ਸਵੇਰੀ ।

ਸਿਮਰਣ ਨਾਲ ਕੂੰਜ ਦੇ ਬੱਚੇ, ਅਰ ਧਿਆਨ ਨਾਲ ਕੱਛੂ ਦੇ ਪਲਦੇ ਹਨ, ਪੱਥਰ ਦੇ ਕੀੜਿਆਂ ਨੂੰ ਰੋਜ਼ ਰਿਜ਼ਕ ਦੇ ਰਿਹਾ ਹੈ, (“ ਸੈਲ ਪਥਰ ਮਹਿ ਜੰਤ ਉਪਾਏ ਤਾਕਾ ਰਿਜਕੁ ਆਗੈ ਕਰਿ ਧਰਿਆ”॥ ਐਸਾ ਪਰਵਰਦਗਾਰ ਹੈ)।

ਕਰਤੇ ਨੋ ਕੀਤਾ ਨ ਚਿਤੇਰੀ ।੧੮।

(ਅਕਾਲ ਪੁਰਖ ਜਗਤ ਦੇ) ਸਿਰਜਣਹਾਰ ਨੂੰ ਕੀਤਾ ਹੋਇਆ (ਜੀਵ) ਚਿਤਾਰਦਾ ਨਹੀਂ।

ਪਉੜੀ ੧੯

ਘੁਘੂ ਚਾਮਚਿੜਕ ਨੋ ਦੇਹੁਂ ਨ ਸੁਝੈ ਚਾਨਣ ਹੋਂਦੇ ।

ਉੱਲੂ ਅਤੇ ਚਾਮਚੜਿੱਕ ਨੁੰ ਚਾਨਣ ਹੁੰਦਿਆਂ (ਅਰਥਾਤ) ਦਿਨੇ ਸੂਰਜ ਨਹੀਂ ਦਿੱਸਦਾ।

ਰਾਤਿ ਅਨ੍ਹੇਰੀ ਦੇਖਦੇ ਬੋਲੁ ਕੁਬੋਲ ਅਬੋਲ ਖਲੋਂਦੇ ।

(ਪਰ) ਹਨੇਰੀ ਰਾਤ ਵਿਖੇ ਦੇਖਦੇ ਹਨ, ਖੋਟੇ ਬਚਨ ਨਾ ਬੋਲਣ ਵਾਲੇ ਬੋਲਕੇ ਖਲੋ ਜਾਂਦੇ ਹਨ (ਅਥਵਾ ਅਬੋਲ= ਚੁੱਪ ਵੱਟਕੇ ਖਲੋਂਦੇ ਹਨ)।

ਮਨਮੁਖ ਅੰਨ੍ਹੇ ਰਾਤਿ ਦਿਹੁਂ ਸੁਰਤਿ ਵਿਹੂਣੇ ਚਕੀ ਝੋਂਦੇ ।

ਮਨਮੁਖ ਦਿਨ ਰਾਤ ਹੀ ਅੰਨ੍ਹੇ ਰਹਿੰਦੇ ਹਨ ਗਿਆਨ ਬਿਨਾਂ (ਝਗੜਿਆਂ ਦੀ) ਚੱਕੀ ਝੋਈ ਰਖਦੇ ਹਨ, (ਭਾਵ ਏਹ ਕਿ ਰਾਤ ਦਿਨ ਹੀ ਕਬੋਲ ਬੋਲਦੇ ਹਨ ਕਦੇ ਅਬੋਲ ਚੁੱਪ ਹੋ ਨਹੀਂ ਖਲੋਂਦੇ।

ਅਉਗੁਣ ਚੁਣਿ ਚੁਣਿ ਛਡਿ ਗੁਣ ਪਰਹਰਿ ਹੀਰੇ ਫਟਕ ਪਰੋਂਦੇ ।

ਗੁਣਾਂ ਰੂਪੀ ਹੀਰਿਆਂ ਨੂੰ ਛਡਕੇ ਅਵਗੁਣ ਰੂਪੀ ਕਚਕੜੇ ਚੁਣ ਚੁਣਕੇ ਹਾਰ ਪਰੋ (ਗਲ) ਪਾਉਂਦੇ ਹਨ

ਨਾਉ ਸੁਜਾਖੇ ਅੰਨ੍ਹਿਆਂ ਮਾਇਆ ਮਦ ਮਤਵਾਲੇ ਰੋਂਦੇ ।

(ਮਨਮੁਖ) ਹੋਕੇ ਅੰਨ੍ਹੇ ਨਾਉਂ ਰਖਿਆ ਹੈ ਸੁਜਾਖੇ (ਉਹ ਤਾਂ) ਮਾਇਆ ਦੇ ਮਦ ਵਿਚ ਮਤਵਾਲੇ ਹੋਕੇ ਰੋਂਦੇ ਹਨ।

ਕਾਮ ਕਰੋਧ ਵਿਰੋਧ ਵਿਚਿ ਚਾਰੇ ਪਲੇ ਭਰਿ ਭਰਿ ਧੋਂਦੇ ।

ਕਾਮ ਕ੍ਰੋਧ (ਪੰਜੇ ਵਿਖਿਆਂ) ਤੇ ਵਿਰੋਧ ਵਿਚ ਚਾਰੇ ਪੱਲੇ (ਭਾਵ ਚਾਰੇ ਅੰਤਹਕਰਣ) ਭਰ ਭਰ ਕੇ ਧੋਂਦੇ ਹਨ, (ਪਰੰਤੂ “ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ”। ਭਲਾ ਕਦੀ ਹਰਾਮ ਵਿਚ ਮਸਾਲਾ ਪਾਇਆਂ ਹਲਾਲ ਹੁੰਦਾ ਹੈ? ਗੱਲ ਕੀ ਸਚ ਬਣਨ ਲਈ ਕੋਈ ਨਾ ਕੋਈ ਥੋਹੜੇ ਪੁੰਨ ਕਰਮ ਦਾ ਢੁੱਚਰ ਕੱਢ ਬੈਠਦੇ ਹਨ)।

ਪਥਰ ਪਾਪ ਨ ਛੁਟਹਿ ਢੋਂਦੇ ।੧੯।

ਪਾਪਾਂ ਦਾ ਪੱਥਰ ਢੋਂਦੇ ਹੋਏ ਛੁਟਦੇ ਨਹੀਂ, (ਅੰਤ ਨੂੰ ਨਰਕਾਂ ਦੀ ਫਾਹੀ ਵਿਖੇ ਫਸੇ ਹੋਏ ਵੇਗਾਰਾਂ ਵਿਚ ਕਸ਼ਟਾਤੁਰ ਰਹਿੰਦੇ ਹਨ)।

ਪਉੜੀ ੨੦

ਥਲਾਂ ਅੰਦਰਿ ਅਕੁ ਉਗਵਨਿ ਵੁਠੇ ਮੀਂਹ ਪਵੈ ਮੁਹਿ ਮੋਆ ।

ਰੇਤਲੇ ਮੈਦਾਨਾਂ ਵਿਚ ਅੱਕਾਂ ਦੇ ਬੂਟੇ ਉੱਗਦੇ ਹਨ, ਮੀਂਹ ਦੇ ਵੱਸਿਆਂ (ਮੂੰਹ ਮੋਆ=) ਮੂੰਹ ਭਾਰ ਹੋਕੇ ਝੁਕ ਪੈਂਦੇ ਹਨ, ਕਿਉਂ ਜੋ ਮੀਂਹ ਦਾ ਪਾਣੀ ਜ਼ਹਿਰ ਲਗਦਾ ਹੈ ਅਥਵਾ ਮੁੱਢੋਂ ਹੀ ਮੌਤ ਪੈ ਜਾਂਦੀ ਹੈ)

ਪਤਿ ਟੁਟੈ ਦੁਧੁ ਵਹਿ ਚਲੈ ਪੀਤੈ ਕਾਲਕੂਟੁ ਓਹੁ ਹੋਆ ।

ਪੱਤ੍ਰ ਟੁਟਦੇ ਤੇ ਦੁੱਧ ਵਹਿ ਚਲਦਾ ਹੈ ਪੀਣ ਵਾਲੇ ਨੂੰ ਉਹ ਵਿਖ ਹੁੰਦਾ ਹੈ, (ਅੱਕ ਦਾ ਦੁੱਧ ਵਿਹੁ ਹੈ)।

ਅਕਹੁਂ ਫਲ ਹੋਇ ਖਖੜੀ ਨਿਹਫਲੁ ਸੋ ਫਲੁ ਅਕਤਿਡੁ ਭੋਆ ।

ਅੱਕ ਥੋਂ ਖੱਖੜੀ ਦਾ ਨਿਹਫਲ ਜਿਹਾ ਫਲ ਹੁੰਦਾ ਹੈ। (ਕੇਵਲ) ਅੱਕ ਦੇ ਟਿੱਡੇ ਨੂੰ ਭਾਉਂਦਾ ਹੈ।

ਵਿਹੁਂ ਨਸੈ ਅਕ ਦੁਧ ਤੇ ਸਪੁ ਖਾਧਾ ਖਾਇ ਅਕ ਨਰੋਆ ।

ਅੱਕ ਦੇ ਦੁੱਧ (ਕਈ ਤਰ੍ਹਾਂ ਦੀ) ਵਿਹੁ ਦੂਰ ਹੋ ਜਾਂਦੀ ਹੈ। ਕਿਉਂ ਜੋ (ਬਾਜ਼ੇ) ਸੱਪ ਦਾ ਡੰਗਿਆ ਹੋਇਆ ਅੱਕ ਦੇ ਖਾਧਿਆਂ ਨਰੋਇਆ ਹੋ ਜਾਂਦਾ ਹੈ।

ਸੋ ਅਕ ਚਰਿ ਕੈ ਬਕਰੀ ਦੇਇ ਦੁਧੁ ਅੰਮ੍ਰਿਤ ਮੋਹਿ ਚੋਆ ।

ਉਹੋ ਅੱਕ ਚਰਕੇ ਬਕਰੀ ਅੰਮ੍ਰਿਤ ਰੂਪ ਦੁੱਧ ਮੂੰਹ ਵਿਖੇ ਚੋਂਦੀ ਹੈ, (ਭਾਵ ਦੁੱਧ ਐਸਾ ਨਰੋਇਆ ਹੈ ਕਿ ਬਾਲਾਂ ਨੂੰ ਧਾਰਾਂ ਚੋਂਦੇ ਹਨ।)

ਸਪੈ ਦੁਧੁ ਪੀਆਲੀਐ ਵਿਸੁ ਉਗਾਲੈ ਪਾਸਿ ਖੜੋਆ ।

ਸੱਪ ਨੂੰ ਦੁੱਧ ਪਿਆਈਏ ਤਾਂ ਪਾਸ ਖੜੋਤਾ ਹੀ ਵਿਹੁ ਦੀ ਉਗਾਲੀ ਕਰਦਾ ਹੈ

ਗੁਣ ਕੀਤੇ ਅਵਗੁਣੁ ਕਰਿ ਢੋਆ ।੨੦।

ਗੁਣ ਦਾ ਅਵਗੁਣ ਕਰ ਦਿੰਦਾ ਹੈ।

ਪਉੜੀ ੨੧

ਕੁਹੈ ਕਸਾਈ ਬਕਰੀ ਲਾਇ ਲੂਣ ਸੀਖ ਮਾਸੁ ਪਰੋਆ ।

ਕਸਾਈ ਬੱਕਰੀ ਨੁੰ ਕੋਂਹਦਾ ਹੈ ਮਾਸ ਨੂੰ ਲੂਣ ਲਾਕੇ ਸੀਖ ਉਤੇ ਪਰੋਂਦਾ ਹੈ।

ਹਸਿ ਹਸਿ ਬੋਲੇ ਕੁਹੀਂਦੀ ਖਾਧੇ ਅਕਿ ਹਾਲੁ ਇਹੁ ਹੋਆ ।

(ਬਕਰੀ) ਕੁਹੀਂਦੀ ਹੋਈ ਹਸ ਹਸ ਕੇ ਬੋਲਦੀ ਹੈ (ਭਈ) ਮੇਰਾ ਅੱਕ ਦੇ ਖਾਣ ਨਾਲ ਇਹ ਹਾਲ ਹੋਇਆ।

ਮਾਸ ਖਾਨਿ ਗਲਿ ਛੁਰੀ ਦੇ ਹਾਲੁ ਤਿਨਾੜਾ ਕਉਣੁ ਅਲੋਆ ।

(ਜਿਹੜੇ ਮੇਰੇ) ਗਲ ਵਿਚ ਛੁਰੀਆਂ ਦੇਕੇ ਮਾਸ ਖਾਂਦੇ ਹਨ ਉਨ੍ਹਾਂ ਦਾ ਹਾਲ ਕੀ ਦੇਖਣ ਵਿਚ ਆਊ।

ਜੀਭੈ ਹੰਦਾ ਫੇੜਿਆ ਖਉ ਦੰਦਾਂ ਮੁਹੁ ਭੰਨਿ ਵਿਗੋਆ ।

ਜੀਭ ਦਾ ਫੇੜਿਆ ਹੋਇਆ (ਖੋਟਾ ਕੰਮ) ਦੰਦਾਂ ਦਾ ਖਉ ਅਤੇ ਮੂੰਹ ਨੂੰ ਭੰਨਕੇ ਨਾਸ ਕਰਦਾ ਹੈ।

ਪਰ ਤਨ ਪਰ ਧਨ ਨਿੰਦ ਕਰਿ ਹੋਇ ਦੁਜੀਭਾ ਬਿਸੀਅਰੁ ਭੋਆ ।

ਪਰ ਇਸਤ੍ਰੀ ਗਮਨ, ਪਰਾਏ ਧਨ ਨੂੰ ਆਪਣਾ ਕਹਿਣਾਂ, ਪਰਾਈ ਨਿੰਦਾ ਕਰਨ ਵਾਲਾ ਦੂਜੀਭਾ ਸੱਪ ਬਣਦਾ ਹੈ।

ਵਸਿ ਆਵੈ ਗੁਰੁਮੰਤ ਸਪੁ ਨਿਗੁਰਾ ਮਨਮੁਖੁ ਸੁਣੈ ਨ ਸੋਆ ।

ਗੁਰੂ ਦਾ ਮੰਤਰ ਸੁਣਕੇ (ਉਹ ਦੁਜੀਭਾ ਸੱਪ ਤਾਂ) ਵਸ ਵਿਖੇ ਆ ਜਾਂਦਾ ਹੈ, (ਪਰੰਤੂ) ਨਿਗੁਰਾ ਮਨਮੁਖ ਰੰਚਕ ਮਾਤ੍ਰ ਬੀ (ਗੁਰ ਮੰਤ੍ਰ ਨਹੀਂ) ਸੁਣਦਾ ਹੈ।

ਵੇਖਿ ਨ ਚਲੈ ਅਗੈ ਟੋਆ ।੨੧।

ਅੱਗੇ ਟੋਆ ਟਿੱਬਾ ਵੇਖਕੇ ਨਹੀਂ ਚਲਦਾ।

ਪਉੜੀ ੨੨

ਆਪਿ ਨ ਵੰਞੈ ਸਾਹੁਰੈ ਲੋਕਾ ਮਤੀ ਦੇ ਸਮਝਾਏ ।

ਆਪ (ਵਹੁਟੀ) ਸਹੁਰੇ ਘਰ ਜਾਂਦੀ ਨਹੀਂ ਤੇ ਲੋਕਾਂ ਨੂੰ ਮੱਤਾਂ ਦੇ ਕੇ ਸਮਝਾਉਂਦੀ ਹੈ। (ਕਿ ਵਹੁਟੀਆਂ ਨੂੰ ਆਪਣੇ ਸਾਹੁਰੇ ਘਰ ਵੱਸਣਾ ਸ੍ਰੇਸ਼ਟ ਹੈ। ਇਸ ਪੁਰ ਦ੍ਰਿਸ਼ਟਾਂਤ ਦਿੰਦੇ ਹਨ)।

ਚਾਨਣੁ ਘਰਿ ਵਿਚਿ ਦੀਵਿਅਹੁ ਹੇਠ ਅੰਨੇਰੁ ਨ ਸਕੈ ਮਿਟਾਏ ।

ਘਰ ਵਿਖੇ ਦੀਵਾ ਕਰ ਕੇ ਚਾਨਣ ਤਾਂ ਹੁੰਦਾ ਹੈ (ਪਰੰਤੂ ਦੀਵਾ ਆਪਣੇ) ਹੇਠੋਂ ਹਨੇਰਾ ਨਹੀਂ ਮਿਟਾ ਸਕਦਾ, (ਇਸ ਲਈ)।

ਹਥੁ ਦੀਵਾ ਫੜਿ ਆਖੁੜੈ ਹੁਇ ਚਕਚਉਧੀ ਪੈਰੁ ਥਿੜਾਏ ।

ਹਥ ਵਿਖੇ ਦੀਵਾ ਫੜਨ ਵਾਲਾ ਬੀ ('ਆਖੁੜੈ') ਠੁਡੇ ਖਾਂਦਾ ਹੈ, (ਅਜਿਹਾ ਕਿ ਚੱਕ੍ਰਿਤ ਹੋਕੇ (ਜਾਂ) ਅੱਚਣਚੇਤ ਪੈਰ ਥਿੜਕਾ ਬੈਠਦਾ ਹੈ, (ਕਿਉਂ ਜੋ ਉਸ ਦਾ ਚਾਨਣ ਨਿਰਾ ਲੋਕਾਂ ਲਈ ਹੈ ਆਪ ਹਨੇਰੇ ਵਿਚ ਜਾਂਦਾ ਹੈ।

ਹਥ ਕੰਙਣੁ ਲੈ ਆਰਸੀ ਅਉਖਾ ਹੋਵੈ ਦੇਖਿ ਦਿਖਾਏ ।

ਹਥ ਦੇ ਕੰਙਣ ਨੂੰ ਜੋ ਆਰਸੀ ਲੈਕੇ ਦੇਖਣਾ ਚਾਹੇ ਉਹ ਦੇਖ ਦਿਖਾਉਣ ਵਿਖੇ ਅਉਖਾ ਹੋਉ, (ਕਿਉਂ ਜੋ ਹਥ ਦੇ ਕੜੇ ਨੂੰ ਆਰਸੀ ਕੀ ਆਖੇ, ਲੋਭ ਠੱਠਾ ਕਰਣਗੇ)

ਦੀਵਾ ਇਕਤੁ ਹਥੁ ਲੈ ਆਰਸੀ ਦੂਜੈ ਹਥਿ ਫੜਾਏ ।

ਇਕ ਹੱਥ ਵਿਖੇ ਦੀਵਾ ਅਰ ਦੂਜੇ ਹਥ ਵਿਖੇ ਆਰਸੀ ਫੜ ਲਵੇ।

ਹੁੰਦੇ ਦੀਵੇ ਆਰਸੀ ਆਖੁੜਿ ਟੋਏ ਪਾਉਂਦਾ ਜਾਏ ।

ਦੀਵੇ ਤੇ 'ਅਰਸੀ' ਦੇ ਹੁੰਦਿਆਂ ਠੁੱਡਾ ਖਾਕੇ ਖਾਤੇ ਵਿਚ ਹੀ ਜਾ ਪਉ (ਕਿਉਂ ਜੋ ਦੀਵੇ ਨਾਲ ਸ਼ੀਸ਼ੇ ਵਿਚੋਂ ਰਾਹ ਤੱਕਣ ਵਲ ਧਿਆਨ ਰਹੂ, ਆਪਣਾ ਕੰਘਾ ਕਰਾ ਬੈਠੂ)।

ਦੂਜਾ ਭਾਉ ਕੁਦਾਉ ਹਰਾਏ ।੨੨।

ਦੂਜਾ ਭਾਉ ਖੋਟਾ ਦਾਉ ਹਾਰ ਹੀ ਦਿੰਦਾ ਹੈ।

ਪਉੜੀ ੨੩

ਅਮਿਅ ਸਰੋਵਰਿ ਮਰੈ ਡੁਬਿ ਤਰੈ ਨ ਮਨਤਾਰੂ ਸੁ ਅਵਾਈ ।

ਅੰਮ੍ਰਿਤ ਦੇ ਤਲਾਉ ਵਿਖੇ ਅਵੇੜਾ ਮਨਤਾਰੂ ਡੁਬ ਮਰਦਾ ਹੈ।

ਪਾਰਸੁ ਪਰਸਿ ਨ ਪਥਰਹੁ ਕੰਚਨੁ ਹੋਇ ਨ ਅਘੜੁ ਘੜਾਈ ।

ਪਾਰਸ ਨਾਲ ਪਰਸ ਕੇ ਪੱਥਰ ਤੋਂ ਸੋਨਾ ਨਹੀਂ ਹੋ ਸਕਦਾ, ਨਾ ੳਹਾ ਅਘੜ (ਸੋਨੇ ਦੇ ਵਾਂਗੂ ਘੜਿਆ ਹੀ ਜਾਂਦਾ ਹੈ।

ਬਿਸੀਅਰੁ ਵਿਸੁ ਨ ਪਰਹਰੈ ਅਠ ਪਹਰ ਚੰਨਣਿ ਲਪਟਾਈ ।

ਚੰਦਨ ਦੇ ਨਾਲ ਸੱਪ ਅੱਠ ਪਹਿਰ ਲਪਟਿਆ ਰਹਿੰਦਾ ਹੈ, (ਪਰੰਤੂ ਆਪਣੀ) ਵਿਹੁ ਨੂੰ ਨਹੀਂ ਛੱਡਦਾ।

ਸੰਖ ਸਮੁੰਦਹੁਂ ਸਖਣਾ ਰੋਵੈ ਧਾਹਾਂ ਮਾਰਿ ਸੁਣਾਇ ।

ਸੰਖ ਸਮੁੰਦਰ ਤੋਂ ਖਾਲੀ ਹੀ ਨਿਕਲਦਾ ਹੈ, ਧਾਹਾਂ ਮਾਰਕੇ ਲੋਕਾਂ ਨੂੰ ਸੁਣਾ ਸੁਣਾ ਕੇ ਰੋਂਦਾ ਹੈ।) ਕਿ ਤੁਸੀਂ ਨਾ ਗੁਰੂ ਸਮੁੰਦਰ ਥੋਂ ਖਾਲੀ ਰਹੇ)।

ਘੁਘੂ ਸੁਝੁ ਨ ਸੁਝਈ ਸੂਰਜੁ ਜੋਤਿ ਨ ਲੁਕੈ ਲੁਕਾਈ ।

ਉੱਲੂ ਨੂੰ (ਆਪ ਹੀ) ਚਾਨਣਾਂ ਨਹੀਂ ਦਿਸਦਾ, ਸੂਰਜ ਦੀ ਜੋਤ ਤਾਂ ਲੁਕਾਈ ਹੋਈ ਲੁਕਦੀ ਨਹੀਂ (ਹੁਣ ਛੀਵੀਂ ਅਰ ਸਤਵੀਂ ਤੁਕ ਵਿਖੇ ਉਪਰਲੇ ਦ੍ਰਿਸ਼ਟਾਂਤਾਂ ਦਾ ਸਿਟਾ ਕੱਢਦੇ ਹਨ।)।

ਮਨਮੁਖ ਵਡਾ ਅਕ੍ਰਿਤਘਣੁ ਦੂਜੇ ਭਾਇ ਸੁਆਇ ਲੁਭਾਈ ।

ਮਨਮੁਖ ਵੱਡਾ ਅਕਿਰਤਘਣ ਹੈ (ਕਿਉਂ ਜੋ) ਦੂਜੇ ਭਾਉ ਦੇ ਸੁਆਦ ਵਿਖੇ ਲੁਭਾਇਮਾਨ ਹੋ ਰਿਹਾ ਹੈ। (ਤੇ)

ਸਿਰਜਨਹਾਰ ਨ ਚਿਤਿ ਵਸਾਈ ।੨੩।

ਸਿਰਜਣਹਾਰ (ਨਿਰੰਕਾਰ ਨੂੰ) ਚਿੱਤ ਵਿਖੇ ਨਹੀਂ (ਸਿਮਰਣ ਕਰਦਾ।

ਪਉੜੀ ੨੪

ਮਾਂ ਗਭਣਿ ਜੀਅ ਜਾਣਦੀ ਪੁਤੁ ਸਪੁਤੁ ਹੋਵੈ ਸੁਖਦਾਈ ।

ਮਾਂ ਗਰਭਵੰਤੀ ਜੀ ਵਿਖੇ ਜਾਣਦੀ ਹੈ ਕਿ ਮੇਰਾ ਪੁਤ੍ਰ ਸਪੁਤ੍ਰ ਹੋ ਕੇ ਸੁਖ ਦੇਵੇਗਾ।

ਕੁਪੁਤਹੁਂ ਧੀ ਚੰਗੇਰੜੀ ਪਰ ਘਰ ਜਾਇ ਵਸਾਇ ਨ ਆਈ ।

(ਪਰੰਤੂ) ਕਪੁਤ੍ਰ (ਜੰਮਣ) ਨਾਲੋਂ ਧੀ ਚੰਗੀ ਹੈ, (ਕਿਉਂ) ਜੋ ਪਰਾਏ ਘਰ ਨੂੰ ਜਾ ਕੇ ਵਸਾਊ ਤੇ ਫੇਰ ਨਾ ਆਊ।

ਧੀਅਹੁਂ ਸਪ ਸਕਾਰਥਾ ਜਾਉ ਜਣੇਂਦੀ ਜਣਿ ਜਣਿ ਖਾਈ ।

ਖੋਟੀ ਧੀ ਨਾਲੋਂ ਸੱਪਣੀ ਚੰਗੀ ਹੈ। (ਜਿਹੜੀ) ਬੱਚੇ ਜਣਦੀ ਹੈ। (ਫੇਰ ਆਪਣੇ) ਜਣਿਆਂ ਨੂੰ ਆਪ ਹੀ ਖਾ ਲੈਂਦੀ ਹੈ। (ਕਿਉਂ ਜੋ ਹੋਰਨਾਂ ਨੂੰ ਤਾਂ ਇਹ ਪਾਪੀ ਦੁਖ ਨਾ ਦੇਵਣ)।

ਮਾਂ ਡਾਇਣ ਧੰਨੁ ਧੰਨੁ ਹੈ ਕਪਟੀ ਪੁਤੈ ਖਾਇ ਅਘਾਈ ।

(ਸੱਪਣੀ ਨਾਲੋਂ) ਡਾਇਣ ਮਾਂ ਬੀ ਧੰਨ ਹੈ ਜਿਹੜੀ ਕਪਟੀ ਪੁੱਤ ਨੂੰ ਰੱਜ ਕੇ ਖਾ ਲੈਂਦੀ ਹੈ।

ਬਾਮ੍ਹਣ ਗਾਈ ਖਾਇ ਸਪੁ ਫੜਿ ਗੁਰ ਮੰਤ੍ਰ ਪਵਾਇ ਪਿੜਾਈ ।

ਬਾਹਮਨ ਤੇ ਗਊ ਨੂੰ ਸੱਪ ਖਾ ਲੈਂਦਾ ਹੈ, ਪਰੰਤੂ ਗੁਰੂ ਦਾ ਮੰਤ੍ਰ ਸੁਣਕੇ ਪਟਾਰੀ ਵਿਚ ਪੈ ਜਾਂਦਾ ਹੈ, (ਸਪੇਰੇ ਦੀ ਬੀਨ ਦੇ ਸ਼ਬਦ ਨਾਲ ਵੱਸ ਆ ਜਾਂਦਾ ਹੈ, ਮੰਤਰ ਨਾਲ ਵਸ ਹੋ ਜਾਂਦਾ ਹੈ?)।

ਨਿਗੁਰੇ ਤੁਲਿ ਨ ਹੋਰੁ ਕੋ ਸਿਰਜਣਹਾਰੈ ਸਿਰਠਿ ਉਪਾਈ ।

ਕਰਤਾਰ ਨੇ ਨਿਗੁਰੇ ਸਮਾਨ ਹੋਰ ਕੋਈ (ਨੀਚ) ਸ੍ਰਿਸ਼ਟੀ ਨਹੀਂ ਰਚੀ (ਨਿਗੁਰੇ ਦਾ ਲੱਛਣ ਕੀ ਹੈ?

ਮਾਤਾ ਪਿਤਾ ਨ ਗੁਰੁ ਸਰਣਾਈ ।੨੪।

ਮਾਤਾ ਪਿਤਾ ਅਰ ਗੁਰੂ ਦੀ ਸ਼ਰਣ ਨੂੰ ਨਹੀਂ ਮੰਨਦਾ ਹੈ।

ਪਉੜੀ ੨੫

ਨਿਗੁਰੇ ਲਖ ਨ ਤੁਲ ਤਿਸ ਨਿਗੁਰੇ ਸਤਿਗੁਰ ਸਰਿਣ ਨ ਆਏ ।

ਉਸ ਨਿਗੁਰੇ ਦੇ ਤੁੱਲ ਲਖ ਨਿਗੁਰੇ ਨਹੀਂ ਪੁਜਦੇ, (ਜਿਹੜਾ ਨਿਗੁਰਾ ਸਤਿਗੁਰ (ਅਰਥਾਤ ਗੁਰੂ ਨਾਨਕ ਦੀ) ਸ਼ਰਣ ਨਾ ਆਵੇ।

ਜੋ ਗੁਰ ਗੋਪੈ ਆਪਣਾ ਤਿਸੁ ਡਿਠੇ ਨਿਗੁਰੇ ਸਰਮਾਏ ।

(ਕਿਉਂ ਜੋ ਜਿਹੜਾ ਨਿਗੁਰਾ) ਆਪਣੇ ਗੁਰੂ ਨੂੰ ਛੁਪਾਵੇ ਉਸ ਨੂੰ ਦੇਖਕੇ ਹੋਰ ਨਿਗੁਰੇ ਸ਼ਰਮਾਉਂਦੇ ਹਨ (ਕਿ ਇਹ ਘੋਰ ਪਾਪੀ ਹੈ, ਇਸ ਦੇ ਮੱਥੇ ਲਗਣਾ ਧਰਮ ਨਹੀਂ)।

ਸੀਂਹ ਸਉਹਾਂ ਜਾਣਾ ਭਲਾ ਨਾ ਤਿਸੁ ਬੇਮੁਖ ਸਉਹਾਂ ਜਾਏ ।

ਸ਼ੇਰ ਦੇ ਸਾਹਮਣੇ ਜਾਣਾ ਚੰਗਾ ਹੈ। ਪਰੰਤੂ ਉਸ (ਗੁਰ ਗੋਪੂ ਨਿਗੁਰੇ) ਬੇਮੁਖ ਦਾ ਸਾਹਮਣੇ ਨਾ ਜਾਂਣਾ ਚਾਹੀਏ (ਕਿਉਂ ਜੋ ਉਹ ਪੀੜਾ ਥੋੜੇ ਚਿਰ ਦੀ ਹੈ ਇਥੇ ਚੌਰਾਸੀ ਭੋਗਣੀ ਪੈ ਜਾਉ)।

ਸਤਿਗੁਰੁ ਤੇ ਜੋ ਮੁਹੁ ਫਿਰੈ ਤਿਸੁ ਮੁਹਿ ਲਗਣੁ ਵਡੀ ਬੁਲਾਏ ।

ਸਤਿਗੁਰੂ ਤੋਂ ਜੋ ਮੂੰਹ ਫੇਰਦਾ ਹੈ, ਉਸ ਦੇ ਮੂੰਹ ਲੱਗਣਾ ਬੁਰੀ 'ਬਲਾਏ' (ਅਰਥਾਤ=ਉਪੱਦ੍ਰਵ) ਹੈ।

ਜੇ ਤਿਸੁ ਮਾਰੈ ਧਰਮ ਹੈ ਮਾਰਿ ਨ ਹੰਘੈ ਆਪੁ ਹਟਾਏ ।

ਜੇ ਉਸ ਨੂੰ ਮਾਰੇ ਪੁੰਨ ਹੈ ਜੇਕਰ (ਬਲੀ ਹੋਣ ਦੇ ਕਾਰਣ) ਮਾਰ ਨਾ ਸਕੇ ਤਾਂ ਆਪਣਾ ਆਪ (ਉਸ ਤੋਂ) ਹਟਾ ਲਵੇ।

ਸੁਆਮਿ ਧ੍ਰੋਹੀ ਅਕਿਰਤਘਣੁ ਬਾਮਣ ਗਊ ਵਿਸਾਹਿ ਮਰਾਏ ।

ਸ੍ਵਾਮ ਘਾਤੀ, ਅਕਿਰਤਘਣ, ਬ੍ਰਾਹਮਣ, ਗਊ ਨੂੰ ਜੋ ਕਿ ਆਪਣਾ ਭਰੋਸਾ ਦੇਕੇ ਮਰਵਾ ਸਿੱਟੇ, (ਐਸੇ ਪਾਪੀ)।

ਬੇਮੁਖ ਲੂੰਅ ਨ ਤੁਲਿ ਤੁਲਾਇ ।੨੫।

(ਗੁਰ ਤੋਂ) ਬੇਮੁਖ ਦੇ ਲੂੰ ਦੇ ਬਰਾਬਰ ਨਹੀਂ ਹਨ।

ਪਉੜੀ ੨੬

ਮਾਣਸ ਦੇਹਿ ਦੁਲੰਭੁ ਹੈ ਜੁਗਹ ਜੁਗੰਤਰਿ ਆਵੈ ਵਾਰੀ ।

ਮਾਨਸ ਜਨਮ ਦੁਰਲੱਭ ਹੈ ਕਈ ਜੁਗਾਂ ਦੇ ਪਿੱਛੋਂ ਇਸ ਦੀ ਵਾਰੀ ਆਉਂਦੀ ਹੈ।

ਉਤਮੁ ਜਨਮੁ ਦੁਲੰਭੁ ਹੈ ਇਕਵਾਕੀ ਕੋੜਮਾ ਵੀਚਾਰੀ ।

ਇਕ ਬਚਨ ਵਾਲੇ ਵਿਚਾਰਵਾਨਾਂ ਦੇ ਕੋੜਮੇਂ ਵਿਖੇ ਉਤਮ ਜਨਮ, (ਹੋਰ ਸੀ) ਦੁਰਲੱਭ ਹੈ।

ਦੇਹਿ ਅਰੋਗ ਦੁਲੰਭੁ ਹੈ ਭਾਗਠੁ ਮਾਤ ਪਿਤਾ ਹਿਤਕਾਰੀ ।

ਦੇਹ ਦਾ ਅਰੋਗ ਹੋਣਾ ਉਸ ਤੋਂ ਵਡਾ ਦੁਰਲੱਭ ਹੈ, ਧਨਾਢ ਮਾਤਾ ਪਿਤਾ ਅਰ (ਹਿਤਕਾਰੀ ਹੋਣ (ਏਹ ਹੋਰ ਦੁਰਲੱਭ ਹੈ)।

ਸਾਧੁ ਸੰਗਿ ਦੁਲੰਭੁ ਹੈ ਗੁਰਮੁਖਿ ਸੁਖ ਫਲੁ ਭਗਤਿ ਪਿਆਰੀ ।

ਸਤਿਸੰਗ ਸਭ ਤੋਂ ਦੁਰਲੱਭ ਹੈ ਗੁਰਮੁਖ ਲੋਕ ਸੁਖ ਫਲ ਜਾਣਕੇ ਭਗਤੀ ਹੀ ਪਿਆਰੀ ਜਾਣਦੇ ਹਨ। (ਹੁਣ ਆਮ ਦਸ਼ਾ ਕਰਦੇ ਹਨ)।

ਫਾਥਾ ਮਾਇਆ ਮਹਾਂ ਜਾਲਿ ਪੰਜਿ ਦੂਤ ਜਮਕਾਲੁ ਸੁ ਭਾਰੀ ।

ਮਾਯਾ ਦੇ ਮਹਾਂ ਜਾਲ ਵਿਖੇ ਫਸਿਆ ਹੋਇਆ ਪੰਜ ਦੂਤਾਂ (ਕਾਮਾਦਕਾਂ) ਕਰ ਕੇ ਜਨਮ ਮਰਣ ਦਾ ਭਾਰੀ ਖੇਦ ਸਹਿੰਦਾ ਹੈ।

ਜਿਉ ਕਰਿ ਸਹਾ ਵਹੀਰ ਵਿਚਿ ਪਰ ਹਥਿ ਪਾਸਾ ਪਉਛਕਿ ਸਾਰੀ ।

ਜਿਕੁਰ ('ਵਹੀਰ') ਭੀੜ ਵਿਚ ਸਹੇ ਫਸੇ ਹੋਏ ਦੀ (ਦਸ਼ਾ ਹੁੰਦੀ ਹੈ ਯਾ) ਪਰਾਏ ਹਥ ਵਿਚ ਪਾਸਾ ਹੋਣ ਕਰ ਕੇ ਖੇਡ ਪੁੱਠੀ ਪੈਂਦੀ ਜਾਂਦੀ ਹੈ।

ਦੂਜੇ ਭਾਇ ਕੁਦਾਇਅੜਿ ਜਮ ਜੰਦਾਰੁ ਸਾਰ ਸਿਰਿ ਮਾਰੀ ।

ਦੂਜੇ ਭਾਉ ਦੇ ਕੁਦਾਉ ਵਿਚ ਫਸ ਕੇ ਜਮ ਦਾ ਡੰਡਾ ਸਿਰ ਪੁਰ ਵਰ੍ਹਦਾ ਹੈ।

ਆਵੈ ਜਾਇ ਭਵਾਈਐ ਭਵਜਲੁ ਅੰਦਰਿ ਹੋਇ ਖੁਆਰੀ ।

ਆਵਣ ਜਾਣ ਵਿਚ ਭਵਾਈਦਾ ਹੈ, ਸੰਸਾਰ ਸਮੁੰਦਰ ਵਿਚ ਸਦਾ ਭਸ ਖਰਾਬੀ ਰਹਿੰਦੀ ਹੈ।

ਹਾਰੈ ਜਨਮੁ ਅਮੋਲੁ ਜੁਆਰੀ ।੨੬।

(੯) ਅਮੋਲਕ ਜਨਮ (ਦੀ ਬਾਜ਼ੀ ਜਿਹੜੀ ਕਈ ਜੁਗਾਂ ਪਿਛੋਂ ਮਿਲੀ ਸੀ) ਜੁਆਰੀਆ (ਏਵੇਂ) ਹਾਰ ਬੈਠਦਾ ਹੈ।

ਪਉੜੀ ੨੭

ਇਹੁ ਜਗੁ ਚਉਪੜਿ ਖੇਲੁ ਹੈ ਆਵਾ ਗਉਣ ਭਉਜਲ ਸੈਂਸਾਰੇ ।

ਇਹ ਜਗਤ ਚਉਂਪੜ ਦੀ ਖੇਲ ਬਣੀ ਹੋਈ ਹੈ ((ਕਿਉਂ ਜੋ ਚਾਰ ਖਾਣੀਆਂ ਇਸਦੇ ਚਾਰੇ ਪਾਸੇ ਹਨ) ਭੌਜਲ, ਸੰਸਾਰ ਵਿਚ ਆਵਾ ਗੌਣ ਦੀ (ਬਾਜ਼ੀ ਵਿਛੀ ਹੈ) (ਜੀਵ ਨਰਦਾਂ ਵਾਂਗੂੰ ਚੌਰਾਸੀ ਲਖ ਜੋਨੀਆਂ ਦੇ ਘਰਾਂ ਵਿਚ ਫਿਰ ਰਹੇ ਹਨ ਛੇਕੜ ਘਰ ਮਨੁਖ ਦੇਹੀ ਹੈ ਜੇਕਰ ਇਥੇ ਨਰਦ ਜੋੜਾ ਨਾ ਬਣੇ ਤਾਂ ਕੱਚੀ ਰਹਿਕੇ ਚੌਰਾਸੀ ਦੀ ਫਾਸੀ ਵਿਖੇ ਡੁਬ

ਗੁਰਮੁਖਿ ਜੋੜਾ ਸਾਧਸੰਗਿ ਪੂਰਾ ਸਤਿਗੁਰ ਪਾਰਿ ਉਤਾਰੇ ।

ਗੁਰਮੁਖ ਸਾਧ ਸੰਗਤ ਜੋੜੇ ਦੀਆਂ ਨਰਦਾਂ ਹਨ, 'ਸਤਿਗੁਰ' (ਗੁਰ ਨਾਨਕ ਦੇਵ) ਪੂਰਨ ਪਾਰ ਉਤਾਰਾ ਕਰ ਦਿੰਦੇ ਹਨ।

ਲਗਿ ਜਾਇ ਸੋ ਪੁਗਿ ਜਾਇ ਗੁਰ ਪਰਸਾਦੀ ਪੰਜਿ ਨਿਵਾਰੇ ।

(ਜਿਹੜੀ ਨਰਦ ਉਕਤ ਸਤਿਗੁਰੂ ਦੀ ਚਰਨੀਂ) ਲਗ ਜਾਵੇ ਉਹ ਪੁੱਗ ਜਾਂਦੀ (ਅਰਥਾਤ ਸਮੁੰਦਰੀ ਗ਼ੋਤਿਆਂ ਥੋਂ ਫੁਟਕਾਰਾ ਪਾਉਂਦੀ) ਹੈ, ਗੁਰੂ ਦੀ ਕਿਰਪਾ ਕਰ ਕੇ ਪੰਜੇ (ਕਾਮਾਦੀ ਦੂਤ) ਨਿਵਿਰਤ ਹੋ ਜਾਂਦੇ ਹਨ।

ਗੁਰਮੁਖਿ ਸਹਜਿ ਸੁਭਾਉ ਹੈ ਆਪਹੁਂ ਬੁਰਾ ਨ ਕਿਸੈ ਵਿਚਾਰੇ ।

ਗੁਰਮੁਖ ਦਾ ਰੂਪ ਹੋਕੇ ਸ਼ਾਤਿ ਸੁਭਾਉ ਵਾਲਾ ਹੋ ਜਾਂਦਾ ਹੈ, ਆਪ ਤੋਂ ਬੁਰਾ ਕਿਸੇ ਨੂੰ ਨਹੀਂ ਜਾਣਦਾ।

ਸਬਦ ਸੁਰਤਿ ਲਿਵ ਸਾਵਧਾਨ ਗੁਰਮੁਖਿ ਪੰਥ ਚਲੈ ਪਗੁ ਧਾਰੇ ।

ਸ਼ਬਦ ਦੀ ਤਾਰ ਵਿਖੇ ਸਾਵਧਾਨ ਹੋਕੇ ਗੁਰਮੁਖਾਂ ਦੇ ਰਸਤੇ(ਬੁੱਧੀ) ਦਾ ਪੈਰ ਟਿਕਾਕੇ ਰਖਦਾ ਹੈ।

ਲੋਕ ਵੇਦ ਗੁਰੁ ਗਿਆਨ ਮਤਿ ਭਾਇ ਭਗਤਿ ਗੁਰੁ ਸਿਖ ਪਿਆਰੇ ।

ਲੋਕ, ਧਰਮ ਪੁਸਤਕ, ਗੁਰੂ ਦੇ ਗਿਆਨ ਦੀ ਮਤ ਦੇ ਅਨੁਸਾਰ ਪ੍ਰੇਮ ਭਗਤੀ ਨਾਲ ਗੁਰੂ ਦੇ ਸਿੱਖਾਂ ਵਿਖੇ ਪਿਆਰ ਰਖਦਾ ਹੈ। (ਫਲ ਕੀ ਹੁੰਦਾ ਹੈ?)

ਨਿਜ ਘਰਿ ਜਾਇ ਵਸੈ ਗੁਰੁ ਦੁਆਰੇ ।੨੭।

ਨਿਜ ਘਰ ਵਿਖੇ (ਅਰਥਾਤ ਸਰੂਪਾਨੰਦ ਵਿਖੇ ਉਹ ਜੀਵ ਰੂਪੀ ਨਰਦ) ਗੁਰੂ ਦੇ ਵਸੀਲੇ ਨਾਲ ਜਾ ਵੱਸਦੀ ਹੈ।

ਪਉੜੀ ੨੮

ਵਾਸ ਸੁਗੰਧਿ ਨ ਹੋਵਈ ਚਰਣੋਦਕ ਬਾਵਨ ਬੋਹਾਏ ।

ਵਾਸਾਂ ਦੇ ਵਿਚ ਸੁਗੰਧੀ ਨਹੀਂ ਹੁੰਦੀ (ਪਰੰਤੂ ਗੁਰੂ ਦੇ) ਚਰਨਾਂ ਦਾ ਜਲ ਰੂਪੀ ਬਾਵਨ ਚੰਦਨ (ਬਾਂਸ ਰੂਪ ਸਾਕਤ ਨੂੰ ਬੀ ਬਹੁਤ) ਸੁਗੰਧਿਤ ਕਰ ਦਿੰਦਾ ਹੈ।

ਕਚਹੁ ਕੰਚਨ ਨ ਥੀਐ ਕਚਹੁਂ ਕੰਚਨ ਪਾਰਸ ਲਾਏ ।

ਕੱਚ ਤੋਂ ਸੋਨਾ ਨਹੀਂ ਹੁੰਦਾ (ਪਰੰਤੂ ਗੁਰੂ ਪਾਰਸ ਨਾਲ) ਛੋਹਿਆਂ ਕੱਚ ਤੋਂ ਕੱਚਨ ਬੀ ਹੋ ਜਾਂਦਾ ਹੈ।

ਨਿਹਫਲੁ ਸਿੰਮਲੁ ਜਾਣੀਐ ਅਫਲੁ ਸਫਲੁ ਕਰਿ ਸਭ ਫਲੁ ਪਾਏ ।

ਸਿੰਮਲ ਨਿਹਫਲ ਵਸਤੂ ਹੈ, (ਪਰੰਤੂ ਗੁਰੁ ਚੰਦਨ ਨਾਲ ਮਿਲਕੇ) ਅਫਲੋਂ ਸਫਲ ਹੋ ਕਰ ਸਾਰੇ ਫਲ (ਧਰਮਾਦਿਕ) ਪਾ ਲੈਂਦਾ ਹੈ।

ਕਾਉਂ ਨ ਹੋਵਨਿ ਉਜਲੇ ਕਾਲੀ ਹੂੰ ਧਉਲੇ ਸਿਰਿ ਆਏ ।

ਕਾਉਂ ਕਦੇ ਚਿੱਟੇ ਨਹੀਂ ਹੁੰਦੇ, ਭਾਵੇਂ ਕਾਲਿਆਂ ਵਾਂਲਾ ਤੋਂ ਧੌਲੇ ਸਿਰ ਤੇ ਆ ਜਾਣ। (ਭਾਵ ਸਿਰ ਚਿੱਟਾ ਹੋ ਜਾਵੇ ਅਭਿਮਾਨੀ ਪੁਰਸ਼ ਨਹੀਂ ਸੁਧਰਦੇ) (ਪਰੰਤੂ)

ਕਾਗਹੁ ਹੰਸ ਹੁਇ ਪਰਮ ਹੰਸੁ ਨਿਰਮੋਲਕੁ ਮੋਤੀ ਚੁਣਿ ਖਾਏ ।

ਕਾਵਾਂ ਦੀ ਵੰਸ (ਸਾਕਤ) ਗੁਰੂ ਮਾਨ ਸਰੋਵਰ ਪੁਰ) ਪਰਮ ਹੰਸ ਹੋ ਕਰ ਅਮੋਲਕ ਮੋਤੀ ਚੁਣ ਚੁਣ ਕੇ ਖਾਂਦੀ ਹੈ (ਭਾਵ ਗੁਰੂ ਕਾਵਾਂ ਨੂੰ ਬੀ ਪਰਮ ਹੰਸ ਕਰ ਦਿੰਦੇ ਹਨ॥

ਪਸੂ ਪਰੇਤਹੁਂ ਦੇਵ ਕਰਿ ਸਾਧਸੰਗਤਿ ਗੁਰੁ ਸਬਦਿ ਕਮਾਏ ।

ਪਸ਼ੂ ਅਤੇ ਪ੍ਰੇਤਾਂ ਤੋਂ ਦੇਵ ਕਰ ਦਿੰਦੇ ਹਨ, ਸਾਧ ਸੰਗਤ ਵਿਖੇ ਮਿਲਕੇ ਗੁਰ ਸ਼ਬਦ ਦਾ ਅਭਯਾਸ ਕਰਦੇ ਹਨ

ਤਿਸ ਗੁਰੁ ਸਾਰ ਨ ਜਾਤੀਆ ਦੁਰਮਤਿ ਦੂਜਾ ਭਾਇ ਸੁਭਾਏ ।

(ਹੇ ਮੂਰਖ ਨਿਗੁਰੇ! ਤੈਂ) ਐਸੇ (ਮਹਾਨ ਬਲੀ) ਗੁਰੂ ਦੀ ਸਾਰ ਨਹੀਂ ਜਾਤੀ, (ਹੇ ਤੂੰ) ਖੋਟੀ ਬੁੱਧੀ ਤੇ ਦੂਜੇ ਭਾਇ ਵਿਚ ਫਸੇ (ਹੋਏ ਅੰਨ੍ਹੇਂ)

ਅੰਨਾ ਆਗੂ ਸਾਥੁ ਮੁਹਾਏ ।੨੮।

ਅੰਨ੍ਹਾਂ ਜਦ ਆਗੂ ਬਣਦਾ ਹੈ ਤਾਂ ਸਾਰੇ ਸਾਥ ਨੂੰ ਲੁਟਾ ਬੈਠਦਾ ਹੈ, (ਤਾਂਤੇ ਹੇ ਦੁਰਮਤੀ! ਤੂੰ ਆਪ ਨਿਗੁਰਾ ਹੋਕੇ ਜੋ ਗੁਰੂ ਬਣਦਾ ਰਿਹਾ ਹੈਂ, ਸਣੇ ਸਾਥ ਡੁਬੇਗਾ)।

ਪਉੜੀ ੨੯

ਮੈ ਜੇਹਾ ਨ ਅਕਿਰਤਿਘਣੁ ਹੈ ਭਿ ਨ ਹੋਆ ਹੋਵਣਿਹਾਰਾ ।

ਮੈਂ ਅਜਿਹਾ ਅਕਿਰਤਘਣ ਹਾਂ, ਕਿ ਮੇਰੇ ਜਿਹਾ (ਤਿੰਨਾਂ ਕਾਲਾਂ ਵਿਖੇ) ਨਾ ਹੋਯਾ, ਨਾ ਹੋ, ਨਾ ਹੋਉ।

ਮੈ ਜੇਹਾ ਨ ਹਰਾਮਖੋਰੁ ਹੋਰੁ ਨ ਕੋਈ ਅਵਗੁਣਿਆਰਾ ।

ਮੇਰੇ ਜਿਹਾ ਹਰਾਮਖੋਰ ਕੋਈ ਨਹੀਂ, ਨਾ ਹੋਰ ਕੋਈ (ਮੇਰੇ ਜਿਹਾ) ਆਉਗਣਵਾਰਾ ਹੈ।

ਮੈ ਜੇਹਾ ਨਿੰਦਕੁ ਨ ਕੋਇ ਗੁਰੁ ਨਿੰਦਾ ਸਿਰਿ ਬਜਰੁ ਭਾਰਾ ।

ਮੇਰੇ ਜਿਹਾ ਨਿੰਦਕ ਬੀ ਕੋਈ ਨਹੀਂ ਜਿਸ ਨੇ ਗੁਰ ਨਿੰਦਾ ਦਾ ਸਿਰ ਪੁਰ ਭਾਰੀ ਭਾਰ ਚੁੱਕਿਆ ਹੋਇਆ ਹੈ।

ਮੈ ਜੇਹਾ ਬੇਮੁਖੁ ਨ ਕੋਇ ਸਤਿਗੁਰੁ ਤੇ ਬੇਮੁਖ ਹਤਿਆਰਾ ।

ਸਤਿਗੁਰੁ ਥੋਂ ਬੇਮੁਖ ਹਤਿਆਰਾ ਮੇਰੇ ਜਿਹਾ ਬੇਮੁਖ ਕੋਈ ਨਹੀਂ ਹੈ।

ਮੈ ਜੇਹਾ ਕੋ ਦੁਸਟ ਨਾਹਿ ਨਿਰਵੈਰੈ ਸਿਉ ਵੈਰ ਵਿਕਾਰਾ ।

ਮੇਰੇ ਜਿਹਾ ਨਿਰਵੈਰਾਂ ਨਾਲ ਵੈਰ ਵਿਕਾਰ ਕਰਨ ਵਾਲਾ ਕੋਈ ਦੁਸ਼ਟ ਨਹੀਂ।

ਮੈ ਜੇਹਾ ਨ ਵਿਸਾਹੁ ਧ੍ਰੋਹੁ ਬਗਲ ਸਮਾਧੀ ਮੀਨ ਅਹਾਰਾ ।

ਮੇਰੇ ਜਿਹਾ ਵਿਸਾਹ ਘਾਤ ਬਗਲੇ ਵਾਙੂ ਸਮਾਧੀਆਂ ਲਾਕੇ ਮਛੀਆਂ ਖਾਣ ਵਾਲਾ ਕੋਈ ਨਹੀਂ।

ਬਜਰੁ ਲੇਪੁ ਨ ਉਤਰੈ ਪਿੰਡੁ ਅਪਰਚੇ ਅਉਚਰਿ ਚਾਰਾ ।

(ਮਨੁੱਖ) ਦੇਹੀ ਵਿਖੇ ਅਪਰਚੇ (ਅਰਥਾਤ ਨਾਮ ਵਿਖੇ ਪ੍ਰੀਤ ਕੀਤੇ ਬਾਝ ਜੋ ਲੋਕ) ਅਖਾਧ ਵਸਤੂ (ਪੂਜਾ ਦਾ ਧਾਨ) ਖਾਂਦੇ (ਅਰ ਭਜਨ ਜਪ ਤਪ ਪ੍ਰੀਤਿ ਕੀਤੇ ਬਾਝ ਜੋ ਲੋਕ) ਅਖਾਧ ਵਸਤੂ (ਪੂਜਾ ਦਾ ਧਾਨ) ਖਾਂਦੇ (ਅਰ ਭਜਨ ਜਪ ਤਪ ਆਦਿ ਨਹੀਂ ਕਰਦੇ ਹਨ ਉਨ੍ਹਾਂ ਨੂੰ ਉਹ) ਬੱਜਰ ਦਾ ਲੇਪ। (ਹੋਕੇ ਲਗਦਾ ਹੈ) (ਜੋ ਕਿਸੇ ਯਤਨ ਨਾਲ ਨਹੀ

ਮੈ ਜੇਹਾ ਨ ਦੁਬਾਜਰਾ ਤਜਿ ਗੁਰਮਤਿ ਦੁਰਮਤਿ ਹਿਤਕਾਰਾ ।

ਮੇਰੇ ਜਿਹਾ ਕੋਈ ਦੁਬਾਜਰਾ ਨਹੀਂ ਹੈ ਜੋ ਕਿ ਗੁਰੂ ਦੀ ਸਿੱਖਯਾ ਛਡਕੇ ਦੁਰਮਤਿ ਨਾਲ ਹਿਤ ਕਰਦਾ ਹੈ।

ਨਾਉ ਮੁਰੀਦ ਨ ਸਬਦਿ ਵੀਚਾਰਾ ।੨੯।

(੯) (ਮੈਂ) ਨਾਉਂ ਨੂੰ ਤਾਂ (ਗੁਰੂ ਦਾ) ਸਿੱਖ ਹਾਂ, ਪਰ ਗੁਰੂ ਦਾ ਵਿਚਾਰ ਨਹੀਂ ਕਰਦਾ।

ਪਉੜੀ ੩੦

ਬੇਮੁਖ ਹੋਵਨਿ ਬੇਮੁਖਾਂ ਮੈ ਜੇਹੇ ਬੇਮੁਖਿ ਮੁਖਿ ਡਿਠੇ ।

ਮੇਰੇ ਜੇਹੇ ਬੇਮੁਖ ਦੇ ਮੂੰਹ ਦੇਖਣ ਥੋਂ ਬੇਮੁਖ ਬੀ ਬੇਮੁਖ ਹੁੰਦੇ ਹਨ, ਭਾਵ ਮੈਨੂੰ ਓਹ ਦੇਖਣਾ ਬੀ ਨਹੀਂ ਚਾਹੁੰਦੇ ਕਿ ਇਹ ਵੱਡਾ ਪਾਪੀ ਹੈ)।

ਬਜਰ ਪਾਪਾਂ ਬਜਰ ਪਾਪ ਮੈ ਜੇਹੇ ਕਰਿ ਵੈਰੀ ਇਠੇ ।

ਬਜਰ ਥੋਂ ਜੋ ਮਹਾਂ ਬਜਰ ਪਾਪ ਹਨ ਮੈਂ ਜਿਹੇ ਵੈਰੀ ਨੇ (ਓਹ 'ਇਠੇ) ਪਯਾਰੇ ਕਰ ਕੇ ਮੰਨੇ ਹਨ।

ਕਰਿ ਕਰਿ ਸਿਠਾਂ ਬੇਮੁਖਾਂ ਆਪਹੁਂ ਬੁਰੇ ਜਾਨਿ ਕੈ ਸਿਠੇ ।

(ਕਿਉਂ ਜੋ) ਬੇਮੁਖਾਂ ਨੂੰ ('ਸਿੱਠਾਂ') ਸਿੱਠਣੀਆਂ ਦੇਕੇ, ਆਪ ਥੋਂ ਬੁਰੇ ਜਾਣਕੇ ਮੈਂ ਨਿੰਦੇ ਹਨ (ਭਾਵ ਮੈਂ ਆਪ ਨੂੰ ਚੰਗਾ ਜਾਤਾ ਤੇ ਬੇਮੁਖਾਂ ਦੀਆਂ ਸਿੱਠਾਂ ਬਨਾਈਆਂ)

ਲਿਖ ਨ ਸਕਨਿ ਚਿਤ੍ਰ ਗੁਪਤਿ ਸਤ ਸਮੁੰਦ ਸਮਾਵਨਿ ਚਿਠੇ ।

(ਗੱਲ ਕੀ ਮੇਰਾ ਲੇਖਾ) ਚਿੱਤ੍ਰ ਗੁਪਤ ਬੀ ਲਿਖ ਨਹੀਂ ਸਕਦੇ, (ਇਕ 'ਚਿਠੇ') ਖਤ ਵਿਚ ਸੱਤ ਸਮੰਦ੍ਰ ਸਮਾ ਜਾਂਦੇ ਹਨ (“ ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਰੇ ਅਉਗਣ ਹਮਾਰੈ”)।

ਚਿਠੀ ਹੂੰ ਤੁਮਾਰ ਲਿਖਿ ਲਖ ਲਖ ਇਕ ਦੂੰ ਇਕ ਦੁਧਿਠੇ ।

ਇਕ ਚਿੱਠੀ ਲਿਖਣ ਦੀ ਥਾਂ 'ਤੁਮਾਰ' (ਲੰਮੀ ਕਹਾਣੀ) ਹੋ ਜਾਂਦੀ ਹੈ, ਫੇਰ ਇਕ ਦੂ ਇਕ ਤੁਮਾਰ ਥੋਂ ਲਖ ਲਖ ('ਦੁਧਿਠੇ') ਦੂਣੇ ਕਾਗਤ ਹੋ ਜਾਂਦੇ ਹਨ (ਅਥਵਾ ਪਾਠਾਂਤ੍ਰ 'ਦੁਪਿੱਠੇ' ਦੋਵੇਂ ਪਾਸੇ ਪੂਰੇ ਜਾਂਦੇ ਹਨ। (ਮੈਂ ਅੰਨੀ ਨਿੰਦਿਆ ਲਿਖਨਹਾਰਾ ਹਾਂ)।

ਕਰਿ ਕਰਿ ਸਾਂਗ ਹੁਰੇਹਿਆਂ ਹੁਇ ਮਸਕਰਾ ਸਭਾ ਸਭਿ ਠਿਠੇ ।

ਹੋਰਨਾਂ' ਬੇਮੁਖਾਂ ਦੀਆਂ ਸਾਂਗਾਂ ਲਾ ਲਾਕੇ (ਗੁਰੂ ਦੀ) ਸਭਾ ਵਿਚ ਸਭ ਤੋਂ ਠਿੱਠ ਤੇ ਮਸ਼ਕਰੀਆਂ ਸਹਿਣ (ਦੇ ਯੋਗ ਹਾਂ)।

ਮੈਥਹੁ ਬੁਰਾ ਨ ਕੋਈ ਸਰਿਠੇ ।੩੦।

ਮੈਥੋਂ ਬੁਰਾ ਸ੍ਰਿਸ਼ਟੀ ਵਿਖੇ ਹੋਰ ਕੋਈ ਨਹੀਂ ਹੈ।

ਪਉੜੀ ੩੧

ਲੈਲੇ ਦੀ ਦਰਗਾਹ ਦਾ ਕੁਤਾ ਮਜਨੂੰ ਦੇਖਿ ਲੁਭਾਣਾ ।

ਲੇਲੀ ਦਾ ਦਰਗਾਹ ਦਾ ਕੁੱਤਾ ਮਜਨੂੰ ਦੇਖਕੇ ਗਦ ਗਦ ਹੋ ਗਿਆ।

ਕੁਤੇ ਦੀ ਪੈਰੀ ਪਵੈ ਹੜਿ ਹੜਿ ਹਸੈ ਲੋਕ ਵਿਡਾਣਾ ।

ਕੁੱਤੇ ਦੀ ਪੈਰੀਂ ਪਵੇ (ਤੇ ਪਿਆਰ ਕਰੇ) ਲੋਕ ਅਚਰਜ ਹੋਕੇ ਖਿੜ ਖਿੜ ਹੱਸਣ।

ਮੀਰਾਸੀ ਮੀਰਾਸੀਆਂ ਨਾਮ ਧਰੀਕੁ ਮੁਰੀਦੁ ਬਿਬਾਣਾ ।

ਮੀਰਾਸੀਆਂ ਵਿਚ (ਮਰਦਾਨਾ) ਮਰਾਸੀ ਬਾਬੇ (ਨਾਨਕ ਜੀ) ਦਾ ਨਾਉਂ ਧਰੀਕ ਮੁਰੀਦ ਸੀ, (ਨਿੰਮ੍ਰਤਾ ਵਾਲੇ ਮੁਰੀਦੀ ਦਾ ਮਾਣ ਬੀ ਨਹੀਂ ਕਰਦੇ, ਆਪਣੀ ਮੁਰੀਦੀ ਨੂੰ ਨਾਉਂ ਧਰੀਕ ਆਖਦੇ ਹਨ, ਪਰੰਤੂ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦ ਸੁਆਮੀ ਸੰਦਾ' ਗੁਰੂ ਜੀ ਨੇ ਆਪਣੇ ਬਿਰਦ ਪਾ ਲਕੇ ਉਸ ਦਾ ਉਧਾਰ ਕਰ ਦਿੱਤਾ ਕਿ ਅੰਤ ਨ

ਕੁਤਾ ਡੂਮ ਵਖਾਣੀਐ ਕੁਤਾ ਵਿਚਿ ਕੁਤਿਆਂ ਨਿਮਾਣਾ ।

(ਇਕ ਤਾਂ ਲੋਕ ਮੀਰਾਸੀਆਂ ਨੂੰ ਆਖਦੇ ਹਨ ਕਿ ਇਹ) ਡੂਮ ਕੁੱਤੇ (ਵਾਂਗੂੰ) ਭੌਂਕਦਾ ਹੈ, (ਦੂਜਾ ਮਰਦਾਨਾ ਮਿਰਾਸੀ) ਕੁੱਤਿਆਂ ਵਿਚ ਨਿਮਾਣਾ ਗਰੀਬ ਕੁੱਤਾ (ਹੋਕੇ ਰਹਿੰਦਾ ਸੀ ਕਿਉਂ ਜੋ ਜਾਤ ਦੇ ਮਿਰਾਸੀ ਉਸ ਨੂੰ ਠਿੱਠਾਂ ਕਰਦੇ ਸਨ ਕਿ ਕੁਰਾਹੀਏ ਦਾ ਮੁਰੀਦ ਬਣ ਗਿਆ ਹੈ ਅਰ ਆਪਣੇ ਕਲਾਮਉੱਲਾ ਨੂੰ ਛਡਕੇ ਰੋਟੀਆਂ ਲਈ ਤਾਲ ਪੂਰਦ

ਗੁਰਸਿਖ ਆਸਕੁ ਸਬਦ ਦੇ ਕੁਤੇ ਦਾ ਪੜਕੁਤਾ ਭਾਣਾ ।

(ਪਰੰਤੂ) ਗੁਰੂ ਦੇ ਸਿਖ ਸ਼ਬਦ ਦੇ ਪ੍ਰੇਮੀ ਹਨ ਉਨ੍ਹਾਂ ਨੂੰ ਕੁੱਤਿਆਂ ਦਾ ਪੜਕੁੱਤਾ ਹੀ ਭਾਇਆ (ਬਿਰਾਦਰੀ) ਨੇ ਤਾਂ ਛੇਕਿਆ ਪਰੰਤੂ ਸਿਖਾਂ ਨੇ ਉਸ ਨਿਮਾਣੇ ਕੁੱਤੇ ਦਾ ਸਤਿਕਾਰ ਨਾ ਛਡਿਆ ਕਿ ਇਹ ਸਤਿਗੁਰੂ ਦੀ ਦਰਗਾਹ ਦਾ ਰਬਾਬੀ ਸਿੱਖ ਹੈ।

ਕਟਣੁ ਚਟਣੁ ਕੁਤਿਆਂ ਮੋਹੁ ਨ ਧੋਹੁ ਧ੍ਰਿਗਸਟੁ ਕਮਾਣਾ ।

ਕੱਟਣਾ ਚੱਟਣਾ, ਕੁੱਤਿਆਂ (ਦਾ ਕੰਮ ਹੁੰਦਾ ਹੈ) (ਕਿਉਂ ਜੋ ਏਹ ਕੀਤਿਆਂ ਕੱਟਦੇ ਅਰ ਮੋਹ (ਨਾਲ ਚੱਟਣ ਲੱਗ ਪੈਂਦੇ ਹਨ) ਇਸ ਲਈ ਕੁੱਤਿਆਂ ਦਾ ਕੰਮ ਧ੍ਰਿਗ ਹੈ (ਪਰ ਧੰਨ ਗੁਰੂ ਹੈ ਜੋ ਇਨ੍ਹਾਂ ਨੂੰ ਬੀ ਤਾਰਦਾ ਹੈ, ਕਿੱਕੂੰ?)

ਅਵਗੁਣਿਆਰੇ ਗੁਣੁ ਕਰਨਿ ਗੁਰਮੁਖਿ ਸਾਧਸੰਗਤਿ ਕੁਰਬਾਣਾ ।

ਨਿਰਗੁਣਿਆਂ ਪੁਰ ਉਪਕਾਰ ਕਰਦਾ ਹੈ, (ਇਸ ਲਈ ਮੈਂ) ਗੁਰਮੁਖਾਂ ਦੀ ਸਾਧ ਸੰਗਤ ਤੋਂ ਕੁਰਬਾਣ ਹਾਂ।

ਪਤਿਤ ਉਧਾਰਣੁ ਬਿਰਦੁ ਵਖਾਣਾ ।੩੧।੩੭। ਸੈਂਤੀ ।

(ਕਿਉਂ ਜੋ) ਪਤਿਤ ਉਧਾਰਣ ਬਿਰਦ ਨੁੰ ਪੂਰਾ ਰਖਦੇ ਹਨ।


Flag Counter