ਵਾਰਾਂ ਭਾਈ ਗੁਰਦਾਸ ਜੀ

ਅੰਗ - 4


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਵਾਰ ੪ ।

(ਵਿਛੋੜਿਅਨੂ=ਵਿਚ ਛੱਡਿਓ ਨੇ। ਦੁਆਰੇ=ਸਰੀਰ। ਦੁਲੰਭੁ=ਦੁਰਲਭ।)

ਓਅੰਕਾਰਿ ਅਕਾਰੁ ਕਰਿ ਪਉਣੁ ਪਾਣੀ ਬੈਸੰਤਰੁ ਧਾਰੇ ।

(ਵਾਹਿਗੁਰੂ ਨੇ) ਓਅੰਕਾਰ ਤੋਂ ਆਕਾਰ ਬਣਾ ਕੇ ਪੌਣ, ਪਾਣੀ, ਬੈਸੰਤਰ (ਧਰਤੀ ਤੇ ਅਕਾਸ਼ ਪੰਜ ਮੂਲ ਪਦਾਰਥ) ਬਨਾਏ।

ਧਰਤਿ ਅਕਾਸ ਵਿਛੋੜਿਅਨੁ ਚੰਦੁ ਸੂਰੁ ਦੇ ਜੋਤਿ ਸਵਾਰੇ ।

(ਫੇਰ) ਧਰਤੀ ਨੂੰ ਆਕਾਸ਼ ਵਿਚ ਛੋੜਿਆ ਚੰਦ ਤੇ ਸੂਰਜ (ਇਸ ਲਈ) ਦੋ ਜੋਤਾਂ ਸਵਾਰ (ਕੇ ਧਰੀਆਂ)।

ਖਾਣੀ ਚਾਰਿ ਬੰਧਾਨ ਕਰਿ ਲਖ ਚਉਰਾਸੀਹ ਜੂਨਿ ਦੁਆਰੇ ।

(ਫੇਰ) ਚਾਰ ਖਾਣੀਆਂ ਦਾ ਬੰਧਾਨ ਕਰ ਕੇ ਚੁਰਾਸੀ ਲੱਖ ਜੂਨ ਦੇ ਸਰੀਰ ਬਨਾਏ।

ਇਕਸ ਇਕਸ ਜੂਨਿ ਵਿਚਿ ਜੀਅ ਜੰਤ ਅਣਗਣਤ ਅਪਾਰੇ ।

ਇਕ ਇਕ ਜੂਨ ਵਿਚ ਅਨਗਿਣਤ ਤੇ ਅਪਾਰ ਜੀਵ ਜੰਤ ਹੀ ਬਨਾ ਦਿੱਤੇ।

ਮਾਣਸ ਜਨਮੁ ਦੁਲੰਭੁ ਹੈ ਸਫਲ ਜਨਮੁ ਗੁਰ ਸਰਣ ਉਧਾਰੇ ।

(ਸਭਨਾਂ ਵਿਚੋਂ) ਮਨੁੱਖਾ ਜਨਮ ਦੁਰਲਭ ਹੈ, ਇਹ ਜਨਮ ਸਫ਼ਲ ਹੈ (ਜੇ) ਗੁਰੂ ਦੀ ਸ਼ਰਨ ਲੈਕੇ (ਇਸਦਾ) ਉਧਾਰ ਕਰੇ।

ਸਾਧਸੰਗਤਿ ਗੁਰ ਸਬਦ ਲਿਵ ਭਾਇ ਭਗਤਿ ਗੁਰ ਗਿਆਨ ਵੀਚਾਰੇ ।

ਸਤਿਸੰਗ (ਕਰੇ), ਗੁਰੂ ਸ਼ਬਦ ਵਿਚ ਲਿਵ (ਜੋੜੇ) ਪ੍ਰੇਮਾ ਭਗਤੀ (ਕਮਾਵੇ ਤੇ) ਗੁਰੂ ਦਾ ਦਸਿਆ ਹੋਇਆ ਗ੍ਯਾਨ ਵੀਚਾਰੇ।

ਪਰਉਪਕਾਰੀ ਗੁਰੂ ਪਿਆਰੇ ।੧।

ਪਰਉਪਕਾਰੀ ਹੋਵੇ ਤੇ ਗੁਰੂ ਨੂੰ ਪ੍ਯਾਰ ਕਰੇ।

ਸਭ ਦੂੰ ਨੀਵੀ ਧਰਤਿ ਹੈ ਆਪੁ ਗਵਾਇ ਹੋਈ ਉਡੀਣੀ ।

ਸਭ ਤੋਂ ਨੀਵੀਂ ਧਰਤੀ ਹੈ, ਆਪਾ ਭਾਵ ਗੁਵਾਕੇ ਨਿਮਾਣੀ ਰਹਿੰਦੀ ਹੈ,

ਧੀਰਜੁ ਧਰਮੁ ਸੰਤੋਖੁ ਦ੍ਰਿੜੁ ਪੈਰਾ ਹੇਠਿ ਰਹੈ ਲਿਵ ਲੀਣੀ ।

ਧੀਰਜ ਤੇ ਸੰਤੋਖ ਦਾ ਧਰਮ ਪੱਕਾ ਰਖਦੀ ਹੈ, ਪੈਰਾਂ ਦੇ ਹੇਠ ਰਹਿਣ ਦੀ ਪ੍ਰੀਤੀ ਰਖਦੀ ਹੈ।

ਸਾਧ ਜਨਾ ਦੇ ਚਰਣ ਛੁਹਿ ਆਢੀਣੀ ਹੋਈ ਲਾਖੀਣੀ ।

ਸੰਤਾਂ ਦੇ ਚਰਨਾਂ ਨੂੰ ਸਪਰਸ਼ ਕਰ ਕੇ ਇਕ ਧੇਲੇ ਦੀ ਹੋਕੇ ਲੱਖਾਂ ਦੀ ਹੋ ਜਾਂਦੀ ਹੈ।

ਅੰਮ੍ਰਿਤ ਬੂੰਦ ਸੁਹਾਵਣੀ ਛਹਬਰ ਛਲਕ ਰੇਣੁ ਹੋਇ ਰੀਣੀ ।

ਨਿਰਮਲ ਬੂੰਦਾਂ ਦੀ ਸੁੰਦਰ ਇਕ ਰਸ (ਛਲਕ=) ਝੜੀ ਨਾਲ ਧਰਤੀ ਰਜਦੀ ਹੈ।

ਮਿਲਿਆ ਮਾਣੁ ਨਿਮਾਣੀਐ ਪਿਰਮ ਪਿਆਲਾ ਪੀਇ ਪਤੀਣੀ ।

ਨਿਮਾਣੀ ਨੂੰ ਮਾਣ ਮਿਲ ਜਾਂਦਾ ਹੈ, (ਪਿਰਮ=) ਈਸ੍ਵਰ ਦਾ (ਭੇਜਿਆ) ਪਿਆਲਾ ਪੀ ਕੇ ਪਤੀਜਦੀ ਹੈ (ਭਾਵ ਤ੍ਰਿਪਤ ਹੋ ਜਾਂਦੀ ਹੈ)।

ਜੋ ਬੀਜੈ ਸੋਈ ਲੁਣੈ ਸਭ ਰਸ ਕਸ ਬਹੁ ਰੰਗ ਰੰਗੀਣੀ ।

ਜੋ (ਕੋਈ ਉਸ ਵਿਖੇ) ਬੀਜਦਾ ਹੈ ਓਹੋ ਵੱਢਦਾ ਹੈ, ਵਡੇ ਰਸਾਂ ਕਸਾ ਤੇ ਰੰਗਾਂ ਨਾਲ ਰੰਗੀ ਹੋਈ (ਜੋ ਇਹ ਧਰਤੀ ਹੈ)।

ਗੁਰਮੁਖਿ ਸੁਖ ਫਲ ਹੈ ਮਸਕੀਣੀ ।੨।

ਗੁਰਮੁਖ ਲੋਕ ਸੁਖ ਫਲ ਗ਼ਰੀਬੀ ਵਿਖੇ (ਹੀ ਜਾਣਦੇ ਹਨ)।

ਮਾਣਸ ਦੇਹ ਸੁ ਖੇਹ ਹੈ ਤਿਸੁ ਵਿਚਿ ਜੀਭੈ ਲਈ ਨਕੀਬੀ ।

ਮਨੁੱਖ ਦੇਹ ਮਿੱਟੀ ਹੈ, ਉਸ ਵਿਖੇ ਜੀਭ ਨੇ ਨਕੀਬੀ ਦਾ ਕੰਮ ਲਿਆ ਹੈ।

ਅਖੀ ਦੇਖਨਿ ਰੂਪ ਰੰਗ ਰਾਗ ਨਾਦ ਕੰਨ ਕਰਨਿ ਰਕੀਬੀ ।

ਅੱਖਾਂ ਰੂਪ ਰੰਗ ਦੇਖਦੀਆਂ ਹਨ, ਰਾਗ ਨਾਦ ਦੀ ਕੰਨ ਰਾਖੀ ਕਰਦੇ ਹਨ (ਗੁਆਚਣ ਨਹੀਂ ਦੇਂਦੇ ਅੰਦਰ ਪੁਚਾਉਂਦੇ ਹਨ)।

ਨਕਿ ਸੁਵਾਸੁ ਨਿਵਾਸੁ ਹੈ ਪੰਜੇ ਦੂਤ ਬੁਰੀ ਤਰਤੀਬੀ ।

ਨੱਕ ਦਾ ਚੰਗੀਆਂ ਵਾਸ਼ਨਾਂ ਵਿਚ ਧਿਆਨ ਹੈ, ਪੰਜੇ ਦੂਤ ਹਨ (ਅਰਥਾਤ ਸ਼ਬਦ, ਸਪਰਸ਼, ਰਸ, ਗੰਧ) ਭੈੜੀ ਤਰਤੀਬ (ਸਲਾਹ ਯਾ ਕ੍ਰਮ) ਵਾਲੇ ਹਨ। (ਭਾਵ ਕੰਨ ਸੰਬਦ ਨੂੰ, ਤੁਚਾ ਸਪਰਸ਼ ਨੂੰ, ਰੂਪ ਨੇਤ੍ਰ ਨੂੰ ਜੀਭ ਰਸ ਨੂੰ, ਨੱਕ ਗੰਧ ਨੂੰ ਚਾਹੁੰਦੇ ਹਨ)।

ਸਭ ਦੂੰ ਨੀਵੇ ਚਰਣ ਹੋਇ ਆਪੁ ਗਵਾਇ ਨਸੀਬੁ ਨਸੀਬੀ ।

ਸਾਰੀਆਂ (ਗਿਆਨ ਇੰਦ੍ਰੀਆਂ) ਨਾਲੋਂ ਚਰਨ ਨੀਵੇਂ ਹੋਏ, (ਇਹ) ਆਪਾ ਭਾਵ ਗਵਾਕੇ (ਉਚੇ) ਨਸੀਬਾਂ ਨਾਲ ਭਾਗਾਂ ਵਾਲੇ ਹਨ।

ਹਉਮੈ ਰੋਗੁ ਮਿਟਾਇਦਾ ਸਤਿਗੁਰ ਪੂਰਾ ਕਰੈ ਤਬੀਬੀ ।

ਸਤਿਗੁਰੂ ਜੀ ਪੂਰਨ ਹਕੀਮੀ ਕਰ ਕੇ ਹਉਮੈ ਦੇ ਰੋਗ ਨੂੰ ਮਿਟਾ ਦਿੰਦੇ ਹਨ।

ਪੈਰੀ ਪੈ ਰਹਿਰਾਸ ਕਰਿ ਗੁਰ ਸਿਖ ਸੁਣਿ ਗੁਰਸਿਖ ਮਨੀਬੀ ।

ਪੈਰੀਂ ਪੈਣ ਦੀ ਰਹੁਰੀਤ ਕਰ ਕੇ ਗੁਰ ਸਿੱਖ੍ਯਾ ਨੂੰ ਸੁਣਕੇ ਗੁਰੂ ਦੇ ਸਿਖ ਮਨਨ ਕਰ ਕੇ ਹਨ (ਭਾਵ ਧਾਰਨ ਕਰਦੇ ਹਨ)।

ਮੁਰਦਾ ਹੋਇ ਮੁਰੀਦੁ ਗਰੀਬੀ ।੩।

ਜੋ ਗ਼ਰੀਬ ਮੁਰਦਾ ਹੋ ਜਾਵੇ ਉਹ ਮੁਰੀਦੀ (ਸਿੱਖੀ ਦੇ ਜੋਗ ਹੁੰਦਾ ਹੈ)।

ਲਹੁੜੀ ਹੋਇ ਚੀਚੁੰਗਲੀ ਪੈਧੀ ਛਾਪਿ ਮਿਲੀ ਵਡਿਆਈ ।

(ਜਿਵੇਂ) ਨਿੱਕੀ ਚੀਚੀ ਅੰਗੁਲੀ ਨੂੰ ਛਾਪਾਂ ਪਾਉਣ ਦੀ ਵਡਿਆਈ ਮਿਲਦੀ ਹੈ।

ਲਹੁੜੀ ਘਨਹਰ ਬੂੰਦ ਹੁਇ ਪਰਗਟੁ ਮੋਤੀ ਸਿਪ ਸਮਾਈ ।

ਨਿੱਕੀ ਬੱਦਲ ਦੀ ਬੂੰਦ ਹੋਕੇ ਸਿੱਪ ਵਿਚ (ਜਦ) ਸਮਾਉਂਦੀ ਹੈ, ਪ੍ਰਗਟ ਮੋਤੀ ਹੋਕੇ (ਨਿਕਲਦੀ ਹੈ)।

ਲਹੁੜੀ ਬੂਟੀ ਕੇਸਰੈ ਮਥੈ ਟਿਕਾ ਸੋਭਾ ਪਾਈ ।

ਕੇਸਰ ਦੀ ਬੂਟੀ ਨਿੱਕੀ ਹੋਈ (ਤਾਂ) ਮੱਥੇ ਵਿਚ ਟਿੱਕਾ ਹੋਕੇ ਵਡ੍ਯਾਈ ਪਾਈ।

ਲਹੁੜੀ ਪਾਰਸ ਪਥਰੀ ਅਸਟ ਧਾਤੁ ਕੰਚਨੁ ਕਰਵਾਈ ।

ਨਿੱਕੀ ਪਾਰਸ ਦੀ ਗੀਟੀ ਅੱਠਾਂ ਧਾਤਾਂ ਨੂੰ ਸੋਨਾ ਕਰਦੀ ਹੈ।

ਜਿਉ ਮਣਿ ਲਹੁੜੇ ਸਪ ਸਿਰਿ ਦੇਖੈ ਲੁਕਿ ਲੁਕਿ ਲੋਕ ਲੁਕਾਈ ।

ਜਿੱਕੂੰ ਮਣੀ ਸੱਪ ਦੇ ਸਿਰ ਵਿਖੇ ਨਿੱਕੀ ਹੁੰਦੀ ਹੈ, ਉਸ ਨੂੰ ਲੁਕ ਕੇ ਸ੍ਰਿਸ਼ਟੀ ਦੇ ਲੋਕ ਦੇਖਦੇ ਹਨ।

ਜਾਣਿ ਰਸਾਇਣੁ ਪਾਰਿਅਹੁ ਰਤੀ ਮੁਲਿ ਨ ਜਾਇ ਮੁਲਾਈ ।

ਪਾਰੇ ਦੀ ਰਸਾਇਣ ਥੋਂ ਜੋ ਰੱਤੀ ਬਣਦੀ ਹੈ (ਕਿਸੇ) ਮੁੱਲ ਨਾਲ ਨਹੀਂ ਬਰਾਬਰੀ ਕਰਦੀ (ਭਾਵ ਅਮੋਲਕ ਚੀਜ਼ ਹੋ ਜਾਂਦੀ ਹੈ)।

ਆਪੁ ਗਵਾਇ ਨ ਆਪੁ ਗਣਾਈ ।੪।

ਜੋ ਆਪਾ ਭਾਵ ਗਵਾਉਂਦੇ ਹਨ (ਉਹ) ਆਪਣਾ ਆਪ ਨਹੀਂ ਗਿਣਾਉਂਦੇ॥

ਅਗਿ ਤਤੀ ਜਲੁ ਸੀਅਰਾ ਕਿਤੁ ਅਵਗੁਣਿ ਕਿਤੁ ਗੁਣ ਵੀਚਾਰਾ ।

ਅੱਗ ਕਿਸ ਅਵਗੁਣ ਕਰ ਕੇ ਤੱਤੀ (ਭਾਵ ਤਮੋਗੁਣੀ ਹੈ ਅਤੇ) ਜਲ ਕਿਸ ਗੁਣ (ਕਰਕੇ) ਸੀਤਲ (ਭਾਵ ਸਤੋਗੁਣੀ) ਹੈ।

ਅਗੀ ਧੂਆ ਧਉਲਹਰੁ ਜਲੁ ਨਿਰਮਲ ਗੁਰ ਗਿਆਨ ਸੁਚਾਰਾ ।

ਅੱਗ ਮੰਦਰ ਨੂੰ (ਕਿਉਂ) ਧੂੰਆ ਕਰਦੀ ਹੈ (ਭਾਵ ਮੈਲਾ ਕਰਦੀ ਹੈ) ਤੇ ਪਾਣੀ (ਕਿਉਂ) ਨਿਰਮਲ ਕਰਦਾ ਹੈ? ਗੁਰੂ ਦੇ ਗਿਆਨ ਨਾਲ (ਏਸਦਾ) ਵੀਚਾਰ ਕਰੋ।

ਕੁਲ ਦੀਪਕੁ ਬੈਸੰਤਰਹੁ ਜਲ ਕੁਲ ਕਵਲੁ ਵਡੇ ਪਰਵਾਰਾ ।

ਅੱਗ ਦੀ ਕੁਲ ਦਾ (ਬਲਿਆ ਹੋਇਆ) ਦੀਵਾ (ਛੋਟਾ ਤੇ ਬੁਝਿਆ ਹੋਇਆ ਵਡਾ ਕਹਿੰਦੇ ਹਨ)। ਤੇ ਜਲ ਦੀ ਕੁਲ ਕਵਲ ਫੁਲ (ਦੁਹਾਂ ਦੇ) ਵਡੇ ਪਰਿਵਾਰ ਹਨ।

ਦੀਪਕ ਹੇਤੁ ਪਤੰਗ ਦਾ ਕਵਲੁ ਭਵਰ ਪਰਗਟੁ ਪਾਹਾਰਾ ।

ਦੀਵੇ ਵਿਚ ਪਤੰਗ ਦਾ ਪਿਆਰ ਹੈ ਤੇ ਕਵਲਾਂ ਵਿਖੇ ਭੌਰਿਆਂ ਦਾ ਪਿਆਰ ਹੈ, (ਪਰ) ਸੰਸਾਰ ਵਿਖੇ ਪ੍ਰਗਟ ਹੈ (ਕਿ ਪਤੰਗ ਦੀਵੇ ਤੇ ਸੜ ਮਰਦਾ ਹੈ, ਤੇ ਭੌਰਾ ਮਸਤ ਹੋ ਕੇ ਗੁੰਜਾਰ ਕਰਦਾ ਹੈ)।

ਅਗੀ ਲਾਟ ਉਚਾਟ ਹੈ ਸਿਰੁ ਉਚਾ ਕਰਿ ਕਰੈ ਕੁਚਾਰਾ ।

ਅੱਗ ਦੀ ਲਾਟ ਵਿਖੇ ਘਬਰਾਹਟ ਹੈ (ਕਿਉਂ ਜੋ) ਸਿਰ ਉੱਚਾ ਕਰ ਕੇ ਕੁਕਰਮ ਕਰਦੀ ਹੈ (ਭਾਵ ਜਿਸਨੂੰ ਲੱਗੇ, ਸਾੜ ਦੇਂਦੀ ਹੈ)।

ਸਿਰੁ ਨੀਵਾ ਨੀਵਾਣਿ ਵਾਸੁ ਪਾਣੀ ਅੰਦਰਿ ਪਰਉਪਕਾਰਾ ।

ਪਾਣੀ ਦਾ ਸਿਰ ਨੀਵਾਂ ਹੈ ਤੇ ਨੀਵੇਂ ਥਾਂਉਂ ਪਰ ਵਾਸ ਕਰਦਾ ਹੈ (ਇਉਂ) ਪਾਣੀ ਵਿਚ ਪਰਉਪਕਾਰ ਹੈ।

ਨਿਵ ਚਲੈ ਸੋ ਗੁਰੂ ਪਿਆਰਾ ।੫।

ਜੋ ਨਿਵਕੇ ਚਲਦਾ ਹੈ ਉਹ (ਸਿਖ) ਗੁਰੂ ਨੂੰ ਪਿਆਰਾ ਹੈ।

ਰੰਗੁ ਮਜੀਠ ਕਸੁੰਭ ਦਾ ਕਚਾ ਪਕਾ ਕਿਤੁ ਵੀਚਾਰੇ ।

ਮਜੀਠ ਤੇ ਕਸੁੰਭੇ ਦਾ ਰੰਗ ਕਿਸ ਵੀਚਾਰ ਕਰ ਕੇ ਪੱਕਾ ਤੇ ਕੱਚਾ ਹੈ?

ਧਰਤੀ ਉਖਣਿ ਕਢੀਐ ਮੂਲ ਮਜੀਠ ਜੜੀ ਜੜਤਾਰੇ ।

(ਮਜੀਠ) ਧਰਤੀ ਨੂੰ ਪੁੱਟਕੇ ਕੱਢੀਦੀ ਹੈ, ਮਜੀਠ ਦਾ ਮੁੱਢ ਜੜਤੀ ਨਾਲ ਜੜਿਆ ਹੁੰਦਾ ਹੈ।

ਉਖਲ ਮੁਹਲੇ ਕੁਟੀਐ ਪੀਹਣਿ ਪੀਸੈ ਚਕੀ ਭਾਰੇ ।

ਚੱਟੂ ਵਿਚ ਪਾਕੇ ਮੋਹਲੇ ਨਾਲ ਕੁਟੀ ਦੀ ਹੈ (ਫੇਰ) ਪੀਹਣ ਵਾਲਾ ਚੱਕੀ ਦੇ ਭਾਰ ਨਾਲ ਪੀਸਦਾ ਹੈ।

ਸਹੈ ਅਵੱਟਣੁ ਅੱਗਿ ਦਾ ਹੋਇ ਪਿਆਰੀ ਮਿਲੈ ਪਿਆਰੇ ।

ਅੱਗ ਦੇ ਉਬਾਲੇ ਸਹਾਰਦੀ ਹੈ (ਫੇਰ) ਪਿਆਰੀ ਹੋਕੇ ਪਿਆਰੇ ਨਾਲ ਮਿਲਦੀ ਹੈ।

ਪੋਹਲੀਅਹੁ ਸਿਰੁ ਕਢਿ ਕੈ ਫੁਲੁ ਕਸੁੰਭ ਚਲੁੰਭ ਖਿਲਾਰੇ ।

ਡੋਡੀਆਂ ਥੋਂ ਸਿਰ ਕੱਢਕੇ ਕਸੁੰਭੇ ਦਾ ਫੁੱਲ ਗਾੜ੍ਹਾ ਰੰਗ ਦੱਸਦਾ ਹੈ।

ਖਟ ਤੁਰਸੀ ਦੇ ਰੰਗੀਐ ਕਪਟ ਸਨੇਹੁ ਰਹੈ ਦਿਹ ਚਾਰੇ ।

ਖੱਟਿਆਂ ਦੀ ਖਟਿਆਈ ਪਾਕੇ ਰੰਗੀਦਾ ਹੈ, ਝੂਠਾ ਪ੍ਰੇਮ ਚਾਰ ਦਿਨ ਹੀ ਰਹਿੰਦਾ ਹੈ (ਭਾਵ ਰੰਗ ਕੱਚਾ ਹੋਣ ਕਰ ਕੇ ਰਹਿੰਦਾ ਨਹੀਂ)।

ਨੀਵਾ ਜਿਣੈ ਉਚੇਰਾ ਹਾਰੇ ।੬।

ਨਿੰਮ੍ਰਤਾ ਵਾਲਾ ਜਿੱਤ ਜਾਂਦਾ ਹੈ ਤੇ ਉੱਚਾ (ਹੋਣ ਵਾਲਾ) ਹਾਰ ਜਾਂਦਾ ਹੈ।

ਕੀੜੀ ਨਿਕੜੀ ਚਲਿਤ ਕਰਿ ਭ੍ਰਿੰਗੀ ਨੋ ਮਿਲਿ ਭ੍ਰਿੰਗੀ ਹੋਵੈ ।

ਨਿੱਕੀ ਕੀੜੀ ਭ੍ਰਿੰਗੀ ਕੀੜੇ ਨਾਲ ਮਿਲਕੇ ਇਕ ਕੌਤਕ ਨਾਲ (ਉੇਸੇ ਦਾ ਰੂਪ) ਹੋ ਜਾਂਦੀ ਹੈ।

ਨਿਕੜੀ ਦਿਸੈ ਮਕੜੀ ਸੂਤੁ ਮੁਹਹੁ ਕਢਿ ਫਿਰਿ ਸੰਗੋਵੈ ।

ਕਹਿਣਾ ਨਿੱਕਾ ਕੀੜਾ ਦਿਸਦਾ ਹੈ। (ਸੈਂਕੜੇ ਗਜ) ਸੂਤ ਮੂੰਹੋਂ ਕੱਢਕੇ ਫੇਰ ਨਿਗਲਦਾ ਹੈ।

ਨਿਕੜੀ ਮਖਿ ਵਖਾਣੀਐ ਮਾਖਿਓ ਮਿਠਾ ਭਾਗਠੁ ਹੋਵੈ ।

ਸ਼ਹਤ ਦੀ ਮੱਖੀ ਨਿਕੀ ਕਹੀਦੀ ਹੈ (ਉਸਦਾ) ਮਿਠਾ ਸ਼ਹਤ ਧਨ ਪਾਤ੍ਰਾਂ ਦੇ (ਘਰੀਂ) ਹੁੰਦਾ ਹੈ।

ਨਿਕੜਾ ਕੀੜਾ ਆਖੀਐ ਪਟ ਪਟੋਲੇ ਕਰਿ ਢੰਗ ਢੋਵੈ ।

ਰੇਸ਼ਮੀ ਕੀੜਾ ਨਿਕਾ ਕਹੀਦਾ ਹੈ (ਉਸਦੇ) ਪੱਟ ਦੇ ਬਸਤਰ (ਲੋਕ) ਵਿਆਹਾਂ ਵਿਖੇ ਵਰੀਆਂ (ਵਿਚ) ਢੋਂਦੇ ਹਨ।

ਗੁਟਕਾ ਮੁਹ ਵਿਚਿ ਪਾਇ ਕੈ ਦੇਸ ਦਿਸੰਤ੍ਰਿ ਜਾਇ ਖੜੋਵੈ ।

(ਸਪੇਰਾ) ਗੁਟਕਾ (=ਨਿੱਕਾ ਮਣਕਾ) ਮੂੰਹ ਵਿਚ ਰਖਕੇ ਦੇਸ਼ ਦੇਸ਼ਾਂਤਰਾਂ ਵਿਚ ਜਾ ਖੜੋਂਦਾ ਹੈ।

ਮੋਤੀ ਮਾਣਕ ਹੀਰਿਆ ਪਾਤਿਸਾਹੁ ਲੈ ਹਾਰੁ ਪਰੋਵੈ ।

ਮੋਤੀ ਮਾਣਕ ਤੇ ਹੀਰਿਆਂ ਦੇ ਹਾਰ ਪਾਤਸ਼ਾਹ ਪੂਰਵਾਕੇ ਗਲਾਂ ਵਿਚ ਪਹਿਰਦੇ ਹਨ।

ਪਾਇ ਸਮਾਇਣੁ ਦਹੀ ਬਿਲੋਵੈ ।੭।

(ਨਿੱਕੀ) ਜਾਗ ਲਾਕੇ ਲੋਕ ਦਹੀਂ ਰਿੜਕਦੇ ਹਨ।

ਲਤਾਂ ਹੇਠਿ ਲਤਾੜੀਐ ਘਾਹੁ ਨ ਕਢੈ ਸਾਹੁ ਵਿਚਾਰਾ ।

ਘਾਹ ਲਤਾਂ ਦੇ ਹੇਠ ਲਤਾੜੀਦਾ ਹੈ ਵਿਚਾਰੇ ਨੂੰ ਸਾਹ ਨਹੀਂ ਲੈਣਾ ਮਿਲਦਾ।

ਗੋਰਸੁ ਦੇ ਖੜੁ ਖਾਇ ਕੈ ਗਾਇ ਗਰੀਬੀ ਪਰਉਪਕਾਰਾ ।

ਗਊ ਵਿਚਾਰੀ ਗਰੀਬ (ਓਸ) ਘਾਹ ਨੂੰ ਖਾਕੇ ਦੁੱਧ ਦਿੰਦੀ ਹੈ ਪਰਉਪਕਾਰ ਲਈ।

ਦੁਧਹੁ ਦਹੀ ਜਮਾਈਐ ਦਈਅਹੁ ਮਖਣੁ ਛਾਹਿ ਪਿਆਰਾ ।

ਦੁੱਧ ਥੋਂ ਦਹੀਂ ਜਮਾਈਦਾ ਹੈ, ਦਹੀਂ ਥੋਂ ਮੱਖਣ ਤੇ ਲੱਸੀ ਪਿਆਰੇ ਲਗਦੇ ਹਨ।

ਘਿਅ ਤੇ ਹੋਵਨਿ ਹੋਮ ਜਗ ਢੰਗ ਸੁਆਰਥ ਚਜ ਅਚਾਰਾ ।

ਘਿਉ ਤੋਂ ਹੋਮ ਤੇ ਜੱਗ, ਵਿਆਹਾਂ ਦੇ ਕੰਮ ਤੇ ਹੋਰ ਕਈ ਭਲੇ ਕਰਤੱਬ ਹੁੰਦੇ ਹਨ।

ਧਰਮ ਧਉਲੁ ਪਰਗਟੁ ਹੋਇ ਧੀਰਜਿ ਵਹੈ ਸਹੈ ਸਿਰਿ ਭਾਰਾ ।

(ਗਾਂ ਤੋਂ) ਬਲਦ ਪ੍ਰਗਟ ਹੁੰਦਾ ਹੈ (ਜੰਮਦਾ ਹੈ ਜੋ) ਧੀਰਜ (ਧਾਰਕੇ ਹਲਾਂ ਗਡਾਂ ਹੇਠ) ਵਗਦਾ ਹੈ ਤੇ ਸਿਰ ਤੇ ਭਾਰ ਚੁਕਦਾ ਹੈ, (ਉਸ ਵਿਚਾਰੇ ਦਾ) ਧਰਮ (ਯਾ ਫਰਜ਼ ਹੀ ਇਹੋ ਹੋ ਚੁੱਕਾ ਹੈ)।

ਇਕੁ ਇਕੁ ਜਾਉ ਜਣੇਦਿਆਂ ਚਹੁ ਚਕਾ ਵਿਚਿ ਵਗ ਹਜਾਰਾ ।

ਇਕ ਇਕ ਵੱਛੇ ਦੇ ਜਣਨ ਥੋਂ ਹਜ਼ਾਰਾਂ ਵਗ ਚਾਰ ਚਕਾਂ ਵਿਖੇ (ਹੋ ਜਾਂਦੇ ਹਨ)।

ਤ੍ਰਿਣ ਅੰਦਰਿ ਵਡਾ ਪਾਸਾਰਾ ।੮।

ਘਾ ਦੇ ਅੰਦਰ ਵਡਾ ਫੈਲਾਉ ਹੈ।

ਲਹੁੜਾ ਤਿਲੁ ਹੋਇ ਜੰਮਿਆ ਨੀਚਹੁ ਨੀਚੁ ਨ ਆਪੁ ਗਣਾਇਆ ।

ਨਿੱਕਾ ਤਿਲ ਹੋਕੇ ਉਤਪਤ ਹੋਇਆ ਨੀਵੇਂ ਥੋਂ ਨੀਵਾਂ ਹੋਕੇ ਆਪ ਨੂੰ ਕੁਝ ਨਾਂ ਗਣਾਇਆ।

ਫੁਲਾ ਸੰਗਤਿ ਵਾਸਿਆ ਹੋਇ ਨਿਰਗੰਧੁ ਸੁਗੰਧੁ ਸੁਹਾਇਆ ।

ਫੁੱਲਾਂ ਦੀ ਸੰਗਤ ਵਿਚ (ਜਦ, ਇਸ) ਨਿਰਵਾਸ਼ ਨੇ ਵਾਸ ਕੀਤਾ, ਚੰਗੀ ਵਾਸ਼ਨਾ ਨਾਲ ਸੋਭਿਆ।

ਕੋਲੂ ਪਾਇ ਪੀੜਾਇਆ ਹੋਇ ਫੁਲੇਲੁ ਖੇਲੁ ਵਰਤਾਇਆ ।

ਜਦ (ਇਹ) ਕੋਹਲੂ ਵਿਖੇ ਪੀੜਿਆ ਗਿਆ ਤਾਂ ਫੁਲੇਲ (ਬਣਕੇ) ਚੰਗਾ ਕੌਤਕ ਦੱਸਿਆ।

ਪਤਿਤੁ ਪਵਿਤ੍ਰ ਚਲਿਤ੍ਰੁ ਕਰਿ ਪਤਿਸਾਹ ਸਿਰਿ ਧਰਿ ਸੁਖੁ ਪਾਇਆ ।

ਪਾਪੀਆਂ ਨੂੰ ਪਵਿੱਤ੍ਰ ਕਰਣਹਾਰ (ਈਸ਼੍ਵਰ ਨੇ ਅਜਿਹਾ) ਚਲਿੱਤ੍ਰ ਕੀਤਾ ਕਿ ਪਾਤਸ਼ਾਹ ਨੇ (ਉਸ ਫੁਲੇਲ ਨੂੰ) ਸਿਰ ਪਰ ਮਲਕੇ ਸੁਖ ਪਾਇਆ, (ਭਾਵ ਨਿੰਮ੍ਰਤਾ ਨੇ ਪਾਪੀ ਕਾਲੇ ਤਿਲ ਨੂੰ ਫੁਲੇਲ ਦੀ ਪਦਵੀ ਦੇਕੇ ਪਾਤਸ਼ਾਹ ਦੇ ਸਿਰਾਂ ਤੇ ਪਹੁੰਚਾਇਆ)

ਦੀਵੈ ਪਾਇ ਜਲਾਇਆ ਕੁਲ ਦੀਪਕੁ ਜਗਿ ਬਿਰਦੁ ਸਦਾਇਆ ।

ਦੀਵੇ ਪਾਕੇ ਜਦ ਸਾੜਿਆ (ਤਦ) ਜਗਤ ਵਿਖੇ ਕੁਲ ਦੀਪਕ (ਭਾਵ ਕੁਲ ਦਾ ਪ੍ਰਕਾਸ਼ਕ) ਨਾਮ ਰਖਿਆ।

ਕਜਲੁ ਹੋਆ ਦੀਵਿਅਹੁ ਅਖੀ ਅੰਦਰਿ ਜਾਇ ਸਮਾਇਆ ।

ਦੀਵੇ ਥੋਂ ਕੱਜਲ ਬਣਕੇ ਅੱਖਾਂ ਦੇ ਵਿਚ ਜਾ ਮਿਲਿਆ।

ਬਾਲਾ ਹੋਇ ਨ ਵਡਾ ਕਹਾਇਆ ।੯।

ਵਡਾ ਹੋਕੇ (ਬੀ) ਆਪਨੂੰ ਵਡਾ ਨਾ ਕਹਾਇਆ।

ਹੋਇ ਵੜੇਵਾਂ ਜਗ ਵਿਚਿ ਬੀਜੇ ਤਨੁ ਖੇਹ ਨਾਲਿ ਰਲਾਇਆ ।

ਜੱਗ ਵਿਚ ਵੜੇਵੇਂ ਨੇ ਹੋਕੇ, (ਬੀਜਿਆ) ਜਾਕੇ ਖੇਹ ਨਾਲ (ਆਪਣੇ) ਸਰੀਰ ਨੂੰ ਰਲਾ ਦਿੱਤਾ।

ਬੂਟੀ ਹੋਇ ਕਪਾਹ ਦੀ ਟੀਂਡੇ ਹਸਿ ਹਸਿ ਆਪੁ ਖਿੜਾਇਆ ।

(ਇਸ ਨਿੰਮ੍ਰਤਾ ਕਰਕੇ) ਕਪਾਹ ਦੀ ਬੂਟੀ ਹੋਈ ਜਿਸ ਨਾਲ ਟੀਂਡੇ ਨੇ ਲਗਕੇ ਹੱਸ ਹੱਸ ਕੇ ਆਪ ਨੂੰ ਪ੍ਰਫੁਲਤ ਕੀਤਾ।

ਦੁਹੁ ਮਿਲਿ ਵੇਲਣੁ ਵੇਲਿਆ ਲੂੰ ਲੂੰ ਕਰਿ ਤੁੰਬੁ ਤੁੰਬਾਇਆ ।

(ਇਸ ਕਰਕੇ) ਦੋਹੁੰ ਵੇਲਣਿਆਂ ਵਿਚ ਮਿਲਕੇ ਵੇਲਿਆ, ਵਾਲ ਵਾਲ ਕਰ ਕੇ ਫੇਰ ਤੁੰਬਿਆ।

ਪਿੰਞਣਿ ਪਿੰਞ ਉਡਾਇਆ ਕਰਿ ਕਰਿ ਗੋੜੀ ਸੂਤ ਕਤਾਇਆ ।

ਫੇਰ ਪੇਂਜੇ ਨੇ ਪਿੰਜ ਪਿੰਜ ਕੇ ਉਡਾਇਆ, (ਤ੍ਰੀਮਤਾਂ ਨੇ ਫੇਰ) ਗੋਹੜੇ ਕਰ ਕਰ ਕੇ ਸੂਤ ਕਤਿਆ।

ਤਣਿ ਵੁਣਿ ਖੁੰਬਿ ਚੜਾਇ ਕੈ ਦੇ ਦੇ ਦੁਖੁ ਧੁਆਇ ਰੰਗਾਇਆ ।

ਤਣਕੇ ਫੇਰ ਉਣਕੇ ਖੁੰਬ ਚੜ੍ਹਾਇਕੇ ਵੱਡੇ ਦੁਖ ਦੇ ਦੇ ਧੁਆਕੇ ਰੰਗਾਇਆ।

ਕੈਚੀ ਕਟਣਿ ਕਟਿਆ ਸੂਈ ਧਾਗੇ ਜੋੜਿ ਸੀਵਾਇਆ ।

ਕੈਂਚੀ ਨੇ ਕਾਟ ਕੱਟੀ ਅਤੇ ਫੇਰ ਸੂਈ ਤਾਗੇ ਨੇ ਉਹ ਕਾਤਰਾਂ ਜੋੜਕੇ ਸੀਤੀਆਂ।

ਲੱਜਣੁ ਕੱਜਣੁ ਹੋਇ ਕਜਾਇਆ ।੧੦।

(ਇਸ ਨਿੰਮ੍ਰਤਾ ਦੇ ਸਾਧਨ ਕਰਕੇ) ਕਪੜੇ ਨੇ ਕੱਜਣ ਵਾਲਾ ਹੋਕੇ (ਲੋਕਾਂ ਨੂੰ ਪਾਲੇ ਤੋਂ) ਕੱਜ ਦਿੱਤਾ।

ਦਾਣਾ ਹੋਇ ਅਨਾਰ ਦਾ ਹੋਇ ਧੂੜਿ ਧੂੜੀ ਵਿਚਿ ਧੱਸੈ ।

ਅਨਾਰ ਦਾ ਦਾਣਾ ਹੋਕੇ ਮਿੱਟੀ (ਦਾ ਰੂਪ) ਹੋ ਕੇ ਮਿੱਟੀ ਵਿਖੇ ਖੁੱਭਦਾ ਹੈ।

ਹੋਇ ਬਿਰਖੁ ਹਰੀਆਵਲਾ ਲਾਲ ਗੁਲਾਲਾ ਫਲ ਵਿਗੱਸੈ ।

(ਪਹਿਲੇ) ਹਰੀਆਵਲਾ ਬ੍ਰਿੱਛ ਹੁੰਦਾ ਹੈ, ਫੁੱਲ ਪੋਸਤ ਦੇ ਫੁੱਲ ਵਾਙੂ (ਲਾਲ) ਹੋ ਕੇ ਖਿੜਦਾ ਹੈ।

ਇਕਤੁ ਬਿਰਖ ਸਹਸ ਫੁਲ ਫੁਲ ਫਲ ਇਕ ਦੂ ਇਕ ਸਰੱਸੈ ।

ਇਕ ਬ੍ਰਿਛ ਤੋਂ ਹਜ਼ਾਰਾਂ ਫੁਲ ਤੇ ਫਲ ਇਕ ਥੋਂ ਇਕ ਵਧੀਕ ਹੋਕੇ ਫਲਦੇ ਹਨ।

ਇਕ ਦੂ ਦਾਣੇ ਲਖ ਹੋਇ ਫਲ ਫਲ ਦੇ ਮਨ ਅੰਦਰਿ ਵੱਸੈ ।

ਇਕ ਦਾਣੇ ਲਖ (=ਬਾਹਲੇ ਦਾਣੇ) ਹੋਕੇ ਇਕ ਇਕ ਫਲ ਦੇ ਢਿਡ ਵਿਚ ਵਸਦੇ ਹਨ।

ਤਿਸੁ ਫਲ ਤੋਟਿ ਨ ਆਵਈ ਗੁਰਮੁਖਿ ਸੁਖੁ ਫਲੁ ਅੰਮ੍ਰਿਤੁ ਰੱਸੈ ।

ਉਸ (ਬ੍ਰਿੱਛ ਦੇ) ਫਲਾਂ ਦੀ ਟੋਟ ਨਹੀਂ ਆਂਵਦੀ (ਜਿਕੁਰ) ਗੁਰਮੁਖਾਂ ਦੇ ਅੰਮ੍ਰਤ ਰੂਪ ਸੁਖ ਫਲ ਦੇ ਰਸ (ਅਨੰਦ ਦੀ ਟੋਟ ਨਹੀਂ ਹੁੰਦੀ)

ਜਿਉ ਜਿਉ ਲੱਯਨਿ ਤੋੜਿ ਫਲਿ ਤਿਉ ਤਿਉ ਫਿਰਿ ਫਿਰ ਫਲੀਐ ਹੱਸੈ ।

ਜਿਉਂ ਜਿਉਂ ਫਲ ਤੋੜੀਦੇ ਹਨ ਤਿਉਂ ਤਿਉਂ ਫੇਰ ਫਲਦੇ ਤੇ (ਖਿੜ ਖਿੜ) ਹਸਦੇ ਹਨ।

ਨਿਵ ਚਲਣੁ ਗੁਰ ਮਾਰਗੁ ਦੱਸੈ ।੧੧।

ਨਿਵਕੇ ਚਲਣ ਦਾ ਰਸਤਾ ਗੁਰੂ ਜੀ ਦਸਦੇ ਹਨ।

ਰੇਣਿ ਰਸਾਇਣ ਸਿਝੀਐ ਰੇਤੁ ਹੇਤੁ ਕਰਿ ਕੰਚਨੁ ਵਸੈ ।

ਰੇਣ (=ਕਿਣਕੇ) ਥੋਂ ਰਸਾਇਣ ਪ੍ਰਾਪਤ ਹੁੰਦੀ ਹੈ (ਕਿਕੂੰ? ਐਦਾਂ ਕਿ) ਸੋਨਾ ਰੇਤ ਵਿਚ ਪ੍ਰੇਮ ਨਾਲ (ਪਹਿਲੇ ਵਸਦਾ ਹੈ।

ਧੋਇ ਧੋਇ ਕਣੁ ਕਢੀਐ ਰਤੀ ਮਾਸਾ ਤੋਲਾ ਹਸੈ ।

ਧੋ ਧੋ ਕੇ ਕਿਣਕੇ ਕੱਢੀਦੇ ਹਨ ਰਤੀ ਮਾਸਾ ਜਾਂ ਤੋਲੇ ਦਾ (ਵਜ਼ਨ) ਹੋ ਕੇ ਚਮਕਦਾ ਹੈ।

ਪਾਇ ਕੁਠਾਲੀ ਗਾਲੀਐ ਰੈਣੀ ਕਰਿ ਸੁਨਿਆਰਿ ਵਿਗਸੈ ।

ਕੁਠਾਲੀ ਵਿਚ ਪਾਕੇ ਗਾਲੀਦਾ ਹੈ ਉਸ ਦੀ (ਰੇਣੀ=) ਭੇਲੀ ਕਰ ਕੇ ਸੁਨਿਆਰਾ ਰਾਜ਼ੀ ਹੁੰਦਾ ਹੈ।

ਘੜਿ ਘੜਿ ਪਤ੍ਰ ਪਖਾਲੀਅਨਿ ਲੂਣੀ ਲਾਇ ਜਲਾਇ ਰਹਸੈ ।

ਪਤਰੇ ਘੜ ਘੜਕੇ ਧੋਂਦਾ ਹੈ (ਫੇਰ) ਮਸਾਲੇ ਲਾਕੇ ਅੱਗ ਦੇਕੇ ਖੁਸ਼ ਹੁੰਦਾ ਹੈ।

ਬਾਰਹ ਵੰਨੀ ਹੋਇ ਕੈ ਲਗੈ ਲਵੈ ਕਸਉਟੀ ਕਸੈ ।

ਬਾਰਾਂ ਵੰਨੀਆਂ ਦਾ ਹੋਕੇ (ਲਗੈ ਲਵੈ=) ਨਰਮ ਮਲੂਮ ਹੁੰਦਾ ਹੈ (ਫੇਰ) ਕਸੌਟੀ ਪਰ (ਉਸ ਦੀ) ਚਸ ਲਾਕੇ ਵੇਖਦਾ ਹੈ (ਅਥਵਾ ਲਾਗਾਂ ਲਾਕੇ ਕਸੌਟੀ ਪਰ ਕੱਸਦਾ ਹੈ)।

ਟਕਸਾਲੈ ਸਿਕਾ ਪਵੈ ਘਣ ਅਹਰਣਿ ਵਿਚਿ ਅਚਲੁ ਸਰਸੈ ।

ਟਕਸਾਲ ਵਿਚ 'ਸਿੱਕਾ' (ਪਾਤਸ਼ਾਹੀ ਸਿੱਕਾ) ਪੈਂਦਾ ਹੈ, 'ਘਰ ਵਦਾਣ ਤੇ ਅਹਿਰਣ ਵਿਚ ਅਟਲ ਤੇ ਖੁਸ਼ (ਚਮਕਦਾਰ) ਰਹਿੰਦਾ ਹੈ।

ਸਾਲੁ ਸੁਨਈਆ ਪੋਤੈ ਪਸੈ ।੧੨।

ਸ਼ੁੱਧ ਮੋਹਰ (ਪਾਤਸ਼ਾਹੀ) ਖਜ਼ਾਨੇ ਵਿਚ ਪੈਂਦੀ ਹੈ।

ਖਸਖਸ ਦਾਣਾ ਹੋਇ ਕੈ ਖਾਕ ਅੰਦਰਿ ਹੋਇ ਖਾਕ ਸਮਾਵੈ ।

ਖਸ਼ਖਾਸ਼ ਦਾ ਬੀਜ ਹੋਇਕੇ ਮਿਟੀ ਵਿਖੇ ਮਿਟੀ ਹੋਕੇ ਸਮਾਂਵਦਾ ਹੈ।

ਦੋਸਤੁ ਪੋਸਤੁ ਬੂਟੁ ਹੋਇ ਰੰਗ ਬਿਰੰਗੀ ਫੁੱਲ ਖਿੜਾਵੈ ।

ਪਿਆਰੇ ਪੋਸਤ ਦਾ ਬੂਟਾ ਬਣਕੇ ਨਾਨਾ ਰੰਗਾਂ ਦੇ ਫਲ ਖਿੜਾਉਂਦਾ ਹੈ।

ਹੋਡਾ ਹੋਡੀ ਡੋਡੀਆ ਇਕ ਦੂੰ ਇਕ ਚੜ੍ਹਾਉ ਚੜ੍ਹਾਵੈ ।

ਜਿਦੋ ਜਿਦੀ ਡੋਡੀਆਂ ਇਕ ਥੋਂ ਇਕ ਵਧੀਕ ਹੋਕੇ ਚੜ੍ਹਾਵਾ ਦੱਸਦੀਆਂ ਹਨ।

ਸੂਲੀ ਉਪਰਿ ਖੇਲਣਾ ਪਿਛੋਂ ਦੇ ਸਿਰਿ ਛਤ੍ਰੁ ਧਰਾਵੈ ।

ਸੂਲੀ' ਡੰਡੀ ਉਪਰ ਪੋਸਤ ਖੇਲਦਾ ਹੈ, ਪਿਛੋਂ ਸਿਰ ਪੁਰ ਛਤਰ ਧਾਰਦਾ ਹੈ। (ਭਾਵ ਛਤ੍ਰਾਕਾਰ ਹੋ ਜਾਂਦਾ ਹੈ)।

ਚੁਖੁ ਚੁਖੁ ਹੋਇ ਮਲਾਇ ਕੈ ਲੋਹੂ ਪਾਣੀ ਰੰਗਿ ਰੰਗਾਵੈ ।

ਮਲਨ ਨਾਲ ਟੁਕੜੇ ਟੁਕੜੇ ਹੁੰਦਾ ਹੈ, ਫੇਰ ਪਾਣੀ ਨੂੰ ਲਹੂ ਦੇ ਰੰਗ ਦਾ ਕਰਦਾ ਹੈ।

ਪਿਰਮ ਪਿਆਲਾ ਮਜਲਸੀ ਜੋਗ ਭੋਗ ਸੰਜੋਗ ਬਣਾਵੈ ।

ਮਜਲਸਾਂ ਦਾ ਪ੍ਰੇਮ ਦਾ ਪਿਆਲਾ ਹੋਕੇ ਜੋਗ ਅਤੇ ਭੋਗ ਦਾ ਸੰਜੋਗ ਬਣਾਉਂਦਾ ਹੈ (ਭਾਵ ਜੋਗੀ ਲੋਕ ਛਕ ਕੇ ਸਮਾਧਿ ਵਿਚ ਤੇ ਵਿਖਈ ਭੋਗ ਵਿਚ ਮਸਤ ਹੁੰਦੇ ਹਨ।

ਅਮਲੀ ਹੋਇ ਸੁ ਮਜਲਸ ਆਵੈ ।੧੩।

(ਜਿਸ ਅਮਲ ਦਾ) ਅਮਲੀ ਹੋਵੇ ਉਸੇ ਹੀ ਮਜਲਸ ਵਿਚ ਰਲਦਾ ਹੈ।

ਰਸ ਭਰਿਆ ਰਸੁ ਰਖਦਾ ਬੋਲਣ ਅਣੁਬੋਲਣ ਅਭਿਰਿਠਾ ।

(ਕਮਾਦ) ਰਸ ਦਾ ਭਰਿਆ ਹੋਇਆ ਸਵਾਦ ਰਖਦਾ ਹੈ, ਬੋਲਣ ਤੇ ਨਾ ਬੋਲਣ (ਦੁਹਾਂ ਦਸ਼ਾਂ ਵਿਚ) ਮਿੱਠਾ ਹੈ। (ਭਾਵ ਐਵੇਂ ਚੂਪੋ, ਚਾਹੇ ਅੱਗ ਵਿਚ ਤਾਕੇ ਧਰਤੀ ਤੇ ਪਟਾਕਾ ਚਲਾਕੇ ਚੂਪੋ ਮਿੱਠਾ ਹੈ। ਕਈ ਗਿਆਨੀ ਕਹਿੰਦੇ ਹਨ ਕਮਾਦ ਨੂੰ ਬੋਲਣ ਨਾਲੋਂ ਅਣਬੋਲਣਾ ਮਿੱਠਾ ਹੈ, ਭਾਵ ਵਾ ਵਗੇ ਤਦ ਕਮਾਦ ਬੋਲਦਾ ਨਹੀਂ)।

ਸੁਣਿਆ ਅਣਸੁਣਿਆ ਕਰੈ ਕਰੇ ਵੀਚਾਰਿ ਡਿਠਾ ਅਣਡਿਠਾ ।

ਸੁਣੀ ਗਲ ਅਣਸੁਣੀ ਕਰਦਾ ਹੈ, ਜੋ ਡਿੱਠੇ ਨੂੰ ਅਣਡਿੱਠ ਕਰਨ ਦੀ ਵਿਚਾਰ ਕਰਦਾ ਹੈ (ਭਾਵ ਕਮਾਦ ਦੇ ਖੇਤ ਵਿਚ ਗੱਲ ਕੀਤੀ ਸੁਣੀ ਨਹੀਂ ਜਾਂਦੀ ਨਾ ਲੁਕਿਆ ਆਦਮੀ ਲੱਭਦਾ ਹੈ)।

ਅਖੀ ਧੂੜਿ ਅਟਾਈਆ ਅਖੀ ਵਿਚਿ ਅੰਗੂਰੁ ਬਹਿਠਾ ।

ਜਦ ਅਖਾਂ 'ਧੂੜ' ਮਿਟੀ ਵਿਚ ਗਡੀਆਂ (ਭਾਵ ਜਦ ਮਿਟੀ ਵਿਚ ਇਸ ਦੀਆਂ ਗੰਢਾਂ ਬੀਜਦੇ ਹਨ ਤਦ) ਅੱਖਾਂ ਵਿਚੋਂ ਅੰਗੂਰ ਫੁੱਟਦੇ ਹਨ।

ਇਕ ਦੂ ਬਾਹਲੇ ਬੂਟ ਹੋਇ ਸਿਰ ਤਲਵਾਇਆ ਇਠਹੁ ਇਠਾ ।

ਇਕ ਬੂਟੇ ਥੋਂ ਕਈ ਬੂਟੇ ਸਿਰ ਹੇਠ ਪੈਰ ਉਤੇ ਹੋਕੇ (ਉਗਦੇ ਹਨ, ਸਭ ਨੂੰ) ਵਡਾ ਪ੍ਰੇਯ ਥੋਂ ਪ੍ਰੇਯ ਲਗਦਾ ਹੈ (ਸੋਹਣਾ ਲਗਦਾ ਹੈ)।

ਦੁਹੁ ਖੁੰਢਾ ਵਿਚਿ ਪੀੜੀਐ ਟੋਟੇ ਲਾਹੇ ਇਤੁ ਗੁਣਿ ਮਿਠਾ ।

ਦੋ ਵੇਲਣਿਆਂ ਵਿਚ ਪੀੜੀਦਾ ਹੈ, ਟੋਟੇ ਟੋਟੇ ਹੁੰਦਾ ਹੈ (ਫੇਰ ਰਹੁ ਦਿੰਦਾ ਹੈ), ਇਸ ਗੁਣ ਕਰ ਕੇ ਪਿਆਰਾ ਲਗਦਾ ਹੈ।

ਵੀਹ ਇਕੀਹ ਵਰਤਦਾ ਅਵਗੁਣਿਆਰੇ ਪਾਪ ਪਣਿਠਾ ।

ਵੀਹ' ਜਗਤ 'ਇਕੀਹ' ਸਤਿਸੰਗਤਾਂ ਵਿਚ ਵਰਤਿਆ ਜਾਂਦਾ ਹੈ, (ਭਾਵ ਸੰਸਾਰੀ ਲੋਕ ਸ਼ਾਦੀਆਂ ਵਿਖੇ ਗੁੜ ਵਰਤਦੇ ਹਨ ਅਤੇ ਸਤਿਸੰਗਤ ਜੋੜ ਮੇਲ ਆਦਿਕਾਂ ਵਿਖੇ, ਪਰ) ਪਾਪੀ (ਜੇ ਵਰਤਦੇ ਹਨ ਤਾਂ ਆਪਣੇ) ਆਪ ਕਰ ਕੇ ਨਾਸ਼ ਹੋ ਜਾਂਦੇ ਹਨ (ਭਾਵ ਜੇ ਇਸਦੀ ਸ਼ਰਾਬ ਵਰਤਣ ਤਾਂ ਆਪਣੇ ਪਾਪ ਦਾ ਫਲ ਭੋਗਦੇ ਮਰਦੇ ਹਨ)।

ਮੰਨੈ ਗੰਨੈ ਵਾਂਗ ਸੁਧਿਠਾ ।੧੪।

(ਜੋ ਲੋਕ) ਗੰਨੇ ਵਾਂਗੂੰ ਮੰਨਣ ਕਰਦੇ ਹਨ, (ਭਾਵ ਜਿੱਕੁਰ ਉਹ ਕਈ ਵਿਪਦਾ ਵਿਚ ਬੀ ਆਪਣਾ ਮਿਠਾਸ ਨਹੀਂ ਛਡਦੇ ਓਹ ਸਦਾ) ਦ੍ਰਿੜ ਰਹਿੰਦੇ ਹਨ (ਭਾਵ ਮੁਕਤ ਹੋ ਜਾਂਦੇ ਹਨ)।

ਘਣਹਰ ਬੂੰਦ ਸੁਹਾਵਣੀ ਨੀਵੀ ਹੋਇ ਅਗਾਸਹੁ ਆਵੈ ।

ਬੱਦਲ ਦੀ ਸੁਹਣੀ ਬੂੰਦ ਅਕਾਸ਼ੋਂ ਨੀਵੀਂ ਹੋਕੇ ਆਉਂਦੀ ਹੈ।

ਆਪੁ ਗਵਾਇ ਸਮੁੰਦੁ ਵੇਖਿ ਸਿਪੈ ਦੇ ਮੁਹਿ ਵਿਚਿ ਸਮਾਵੈ ।

(ਅੱਗੋਂ) ਸਮੁੰਦਰ ਨੂੰ (ਅਥਾਹ) ਵੇਖਕੇ ਆਪਾ ਭਾਵ ਗੁਆ ਕੇ ਸਿੱਪ ਦੇ ਮੂੰਹ ਵਿਖੇ ਵੜ ਜਾਂਦੀ ਹੈ।

ਲੈਦੋ ਹੀ ਮੁਹਿ ਬੂੰਦ ਸਿਪੁ ਚੁੰਭੀ ਮਾਰਿ ਪਤਾਲਿ ਲੁਕਾਵੈ ।

ਸਿੱਪ ਬੂੰਦ ਨੂੰ ਮੂੰਹ ਵਿਖੇ ਲੈਂਦਾ ਹੀ ਪਤਾਲ ਵਿਚ ਟੁੱਭੀ ਮਾਰਕੇ (ਕਿਸੇ ਚਿਟਾਨ ਆਦਿ ਦੇ ਆਸਰੇ ਨਾਲ) ਜਾ ਲੁਕਾਉਂਦਾ ਹੈ।

ਫੜਿ ਕਢੈ ਮਰੁਜੀਵੜਾ ਪਰ ਕਾਰਜ ਨੋ ਆਪੁ ਫੜਾਵੈ ।

ਮਰਜੀਉੜਾ ਫੜ ਕੱਢਦਾ ਹੈ, (ਮਾਨੋ) ਸਿੱਪ ਪਰਸੁਆਰਥ ਨੂੰ ਆਪ ਫੜਾਉਂਦਾ ਹੈ।

ਪਰਵਸਿ ਪਰਉਪਕਾਰ ਨੋ ਪਰ ਹਥਿ ਪਥਰ ਦੰਦ ਭਨਾਵੈ ।

ਪਰੋਪਕਾਰ ਦੇ ਲਈ ਪਰਾਏ ਵੱਸ ਪੈਕੇ, ਪਰਾਏ ਹੱਥੀਂ ਪੱਥਰ ਨਾਲ ਦੰਦ ਭਨਾਂਵਦਾ ਹੈ।

ਭੁਲਿ ਅਭੁਲਿ ਅਮੁਲੁ ਦੇ ਮੋਤੀ ਦਾਨ ਨ ਪਛੋਤਾਵੈ ।

ਭੁੱਲਕੇ ਜਾਂ ਨਾ ਭੁਲ ਕੇ ਮੋਤੀ ਦਾ ਦਾਨ ਕਰ ਕੇ (ਸਿੱਪੀ) ਕਦੇ ਬੀ ਨਹੀਂ ਪੱਛੋਤਾਉਂਦੀ।

ਸਫਲ ਜਨਮੁ ਕੋਈ ਵਰੁਸਾਵੈ ।੧੫।

(ਉਸਦਾ) ਸਫਲ ਜਨਮ ਹੈ ਜਿੱਥੋਂ ਕੋਈ ਵਰੋਸਾਵੇ।

ਹੀਰੇ ਹੀਰਾ ਬੇਧੀਐ ਬਰਮੇ ਕਣੀ ਅਣੀ ਹੋਇ ਹੀਰੈ ।

ਵਰਮੇ ਦੀ ਅਣੀ ਨਾਲ ਹੀਰੇ ਦੀ ਕਣੀ ਕਰਕੇ, ਹੀਰਾ ਧੀਰੇ ਧੀਰੇ ਵੇਧਿਆ ਜਾਂਦਾ ਹੈ। (ਭਾਵ ਗੁਰੂ ਜੀ, ਸ਼ਬਦ ਰੂਪ ਹੀਰੇ ਦੀ ਕਣੀ ਨਾਲ ਮਨ ਹੀਰਾ ਵਿੰਨ੍ਹਦੇ ਹਨ)।

ਧਾਗਾ ਹੋਇ ਪਰੋਈਐ ਹੀਰੈ ਮਾਲ ਰਸਾਲ ਗਹੀਰੈ ।

ਧਾਗਾ ਹੋਵੇ (ਭਾਵ ਪ੍ਰੇਮ ਦੀ ਡੋਰੀ ਹੋਵੇ) ਤਾਂ ਹੀਰਿਆਂ ਦੀ ਮਾਲਾ ਵਡੀ ਸੁੰਦਰ ਪਰੋਈਦੀ ਹੈ।

ਸਾਧਸੰਗਤਿ ਗੁਰੁ ਸਬਦ ਲਿਵ ਹਉਮੈ ਮਾਰਿ ਮਰੈ ਮਨੁ ਧੀਰੈ ।

ਸਾਧ ਸੰਗਤ ਵਿਖੇ ਗੁਰ ਸਬਦ ਦੀ ਪ੍ਰੀਤ ਕਰ ਕੇ ਮਮਤਾ ਨੂੰ ਮਾਰਕੇ ਮਨ ਅਚੱਲ ਕਰੇ।

ਮਨ ਜਿਣਿ ਮਨੁ ਦੇ ਲਏ ਮਨ ਗੁਣਿ ਵਿਚਿ ਗੁਣ ਗੁਰਮੁਖਿ ਸਰੀਰੈ ।

ਮਨ (ਗੁਰਾਂ ਨੂੰ) ਦੇਕੇ, ਮਨ ਅਰਥਾਤ ਮੰਤ੍ਰ (ਯਾ ਗੁਰਮਤ) ਲਵੇ ਤਾਂ ਮਨ ਜਿੱਤੀਦਾ ਹੈ, (ਇਹ) ਗੁਣਾਂ ਵਿਚੋਂ ਗੁਣ ਗੁਰਮੁਖਾਂ ਦੀ ਸ਼ਰੀਰ (ਵਿਖੇ) ਹੈ (ਉਹ ਗੁਣ ਕੀ ਹੈ, ਅੱਗੇ ਦੱਸਦੇ ਹਨ)।

ਪੈਰੀ ਪੈ ਪਾ ਖਾਕੁ ਹੋਇ ਕਾਮਧੇਨੁ ਸੰਤ ਰੇਣੁ ਨ ਨੀਰੈ ।

ਪੈਰਾਂ ਦੀ ਖਾਕ ਹੋਕੇ (ਸੰਤਾਂ ਦੀ) ਚਰਣੀਂ ਪਏ, (ਉਨ੍ਹਾਂ) ਸੰਤਾਂ ਦੀ (ਰੇਣ) ਧੂੜੀ ਦੀ (ਨੀਰੈ=) ਬਰਾਬਰੀ ਕਾਮਧੇਨ ਨਹੀਂ ਕਰ ਸਕਦੀ।

ਸਿਲਾ ਅਲੂਣੀ ਚਟਣੀ ਲਖ ਅੰਮ੍ਰਿਤ ਰਸ ਤਰਸਨ ਸੀਰੈ ।

(ਗੁਰਮੁਖਾਂ ਦੀ ਸੇਵਾ ਰੂਪ) ਅਲੂਣੀ ਸਿਲਾ ਦੇ ਚੱਟਣ ਦੀ (ਸੀਰੇ=) ਮਿਠਾਸ ਨੂੰ ਲੱਖਾਂ ਅੰਮ੍ਰਿਤ ਰਸ ਤਰਸਦੇ ਹਨ।

ਵਿਰਲਾ ਸਿਖ ਸੁਣੈ ਗੁਰ ਪੀਰੈ ।੧੬।

(ਪਰ) ਗੁਰਾਂ ਪੀਰਾਂ ਦੀ ਸਿੱਖ੍ਯਾ ਨੂੰ (ਕੋਈ) ਵਿਰਲਾ ਹੀ ਸੁਣਦਾ ਹੈ।

ਗੁਰ ਸਿਖੀ ਗੁਰਸਿਖ ਸੁਣਿ ਅੰਦਰਿ ਸਿਆਣਾ ਬਾਹਰਿ ਭੋਲਾ ।

ਗੁਰੂ ਦਾ ਸਿੱਖ ਗੁਰੂ ਦੀ ਸਿਖਿਆ ਨੂੰ ਸੁਣਕੇ, ਅੰਦਰੋਂ ਸਿਆਣਾ ਤੇ ਬਾਹਰੋਂ ਸਿੱਧ ਪੱਧਰਾ (ਲਗਦਾ ਹੈ)।

ਸਬਦਿ ਸੁਰਤਿ ਸਾਵਧਾਨ ਹੋਇ ਵਿਣੁ ਗੁਰ ਸਬਦਿ ਨ ਸੁਣਈ ਬੋਲਾ ।

ਸਬਦ ਸੁਰਤ ਵਿਖੇ ਸਾਵਧਾਨ ਹੋਕੇ ਗੁਰ ਸਬਦ ਬਾਝ ਕੁਝ ਨਹੀਂ ਸੁਣਦਾ (ਮਾਨੋਂ ਬੋਲਾ ਹੈ)।

ਸਤਿਗੁਰ ਦਰਸਨੁ ਦੇਖਣਾ ਸਾਧਸੰਗਤਿ ਵਿਣੁ ਅੰਨ੍ਹਾ ਖੋਲਾ ।

ਸਤਿਗੁਰੂ ਦੇ ਦਰਸ਼ਨ ਨੂੰ ਦੇਖਦਾ ਹੈ, ਸਾਧ ਸੰਗਤ ਤੋਂ ਬਾਝ (ਮਾਨੋਂ) ਅੰਨ੍ਹਾਂ ਕਾਣਾ ਹੈ।

ਵਾਹਗੁਰੂ ਗੁਰੁ ਸਬਦੁ ਲੈ ਪਿਰਮ ਪਿਆਲਾ ਚੁਪਿ ਚਬੋਲਾ ।

ਵਾਹਿਗੁਰੂ ਮੰਤ੍ਰ ਗੁਰਾਂ ਥੋਂ ਲੈ ਕੇ ਪ੍ਰੇਮ ਦਾ ਪਿਆਲਾ ਚੁਪ ਚਾਪ ਹੋਕੇ ਪੀਂਦਾ ਹੈ।

ਪੈਰੀ ਪੈ ਪਾ ਖਾਕ ਹੋਇ ਚਰਣਿ ਧੋਇ ਚਰਣੋਦਕ ਝੋਲਾ ।

ਪੈਰਾਂ ਦੀ ਧੂੜ ਹੋਕੇ ਚਰਨ ਬੰਦਨਾ (ਕਰਦਾ ਹੈ), ਚਰਨ ਧੋਕੇ ਚਰਨਾਂਮ੍ਰਿਤ ਲੈਂਦਾ ਹੈ।

ਚਰਣ ਕਵਲ ਚਿਤੁ ਭਵਰੁ ਕਰਿ ਭਵਜਲ ਅੰਦਰਿ ਰਹੈ ਨਿਰੋਲਾ ।

ਭੌਰੇ ਸਮਾਨ ਚਿਤ ਚਰਨ ਕਮਲਾਂ ਵਿਖੇ ਕਰ ਕੇ ਆਪ ਸੰਸਾਰ ਵਿਖੇ ਨਿਰਲੇਪ ਰਹਿੰਦਾ ਹੈ।

ਜੀਵਣਿ ਮੁਕਤਿ ਸਚਾਵਾ ਚੋਲਾ ।੧੭।

ਜੀਵਨ ਮੁਕਤਿ ਸੱਚਾ ਜਾਮਾ ਹੈ (ਭਾਵ ਇਹ ਕਿ ਸਫਲ ਜਨਮ ਹੈ)।

ਸਿਰਿ ਵਿਚਿ ਨਿਕੈ ਵਾਲ ਹੋਇ ਸਾਧੂ ਚਰਣ ਚਵਰ ਕਰਿ ਢਾਲੈ ।

ਕੇਸ ਸਿਰ ਵਿਖੇ ਪਤਲੀ (ਸ਼ੈ ਹਨ ਸੋ) ਸੰਤਾਂ ਦੇ ਚਰਣਾਂ ਪੁਰ ਚਵਰ ਕਰਾਕੇ (ਚਰਨਾਂ ਦੀ ਧੂੜ) ਝਾੜੇ, (ਕਈ ਕਹਿੰਦੇ ਹਨ ਕਿ ਬਾਲ ਅਵਸਥਾ ਵਿਖੇ ਹੀ ਪ੍ਰੀਤ ਦਾ ਵੱਲ ਸਿੱਖੇ)।

ਗੁਰ ਸਰ ਤੀਰਥ ਨਾਇ ਕੈ ਅੰਝੂ ਭਰਿ ਭਰਿ ਪੈਰਿ ਪਖਾਲੈ ।

(ਜਦ ਜੁਬਾ ਹੋਵੇ ਆਪ) ਗੁਰਸਰ ਤੀਰਥ ਵਿਖੇ ਅਸ਼ਨਾਨ ਕਰ ਕੇ (ਜਾਂ ਦਰਸ਼ਨ ਕਰਕੇ) ਗੁਰਾਂ ਦੇ ਚਰਨਾਂ ਨੂੰ ਆਪਣੇ ਨੇਤ੍ਰਾਂ ਦੇ ਹੰਝੂਆਂ ਨਾਲ ਧੋਵੇ। (ਭਾਵ ਗਦ ਗਦ ਹੋਕੇ ਅਤ੍ਯੰਤ ਪ੍ਰੀਤ ਕਰੇ।)

ਕਾਲੀ ਹੂੰ ਧਉਲੇ ਕਰੇ ਚਲਾ ਜਾਣਿ ਨੀਸਾਣੁ ਸਮ੍ਹਾਲੈ ।

ਜਦ ਕਾਲੇ ਵਾਲਾਂ ਨੂੰ (ਕੁਦਰਤ) ਚਿੱਟੇ ਕਰੇ (ਤਦ) ਚਲੇ ਜਾਣ ਦੀ ਨਿਸ਼ਾਨੀ ਸਮਝੇ।

ਪੈਰੀ ਪੈ ਪਾ ਖਾਕ ਹੋਇ ਪੂਰਾ ਸਤਿਗੁਰੁ ਨਦਰਿ ਨਿਹਾਲੈ ।

ਪੈਰੀਂ ਪੈਕੇ ਪੈਰਾਂ ਦੀ ਧੂੜ ਬਣੇ (ਤਦੋਂ) ਪੂਰਾ ਸਤਿਗੁਰੂ ਨਦਰ ਨਿਹਾਲ ਕਰੇਗਾ।

ਕਾਗ ਕੁਮੰਤਹੁੰ ਪਰਮ ਹੰਸੁ ਉਜਲ ਮੋਤੀ ਖਾਇ ਖਵਾਲੈ ।

ਕੁਮੰਤ੍ਰੀ ਕਾਂ ਨੂੰ ਪਰਮਹੰਸ ਕਰੇ (ਭਾਵ ਮੈਲੇ ਮਨ ਨੂੰ ਉੱਜਲ ਕਰੇ, ਗੁਣਾਂ ਦੇ) ਉੱਜਲ ਮੋਤੀ (ਆਪ) ਖਾਵੇ (ਹੋਰਾਂ ਨੂੰ) ਖਵਾਏ।

ਵਾਲਹੁ ਨਿਕੀ ਆਖੀਐ ਗੁਰ ਸਿਖੀ ਸੁਣਿ ਗੁਰਸਿਖ ਪਾਲੈ ।

ਵਾਲ ਥੋਂ ਸੂਖਮ ਗੁਰੂ ਦੀ ਸਿੱਖੀ (ਕਹੀਦੀ ਹੈ ਇਸਨੂੰ) ਸੁਣਕੇ ਗੁਰੂ ਦਾ ਸਿੱਖ ਹੀ ਪਾਲੇ।

ਗੁਰਸਿਖੁ ਲੰਘੈ ਪਿਰਮ ਪਿਆਲੈ ।੧੮।

ਗੁਰੂ ਦਾ ਸਿੱਖ ਪ੍ਰੇਮ ਦੇ ਪਿਆਲੇ ਨਾਲ ਪਾਰ ਹੁੰਦਾ ਹੈ।

ਗੁਲਰ ਅੰਦਰਿ ਭੁਣਹਣਾ ਗੁਲਰ ਨੋਂ ਬ੍ਰਹਮੰਡੁ ਵਖਾਣੈ ।

ਗੁੱਲਰ (ਨਾਮੇ ਬ੍ਰਿੱਛ) ਵਿਖੇ (ਜ) ਮੱਛਰ ਜਾਂ ਕੀੜਾ ਹੁੰਦਾ ਹੈ, (ਉਹ) ਗੁੱਲਰ ਨੂੰ ਬ੍ਰਹਮੰਡ ਦਾ ਰੂਪ ਸਮਝਦਾ ਹੈ।

ਗੁਲਰ ਲਗਣਿ ਲਖ ਫਲ ਇਕ ਦੂ ਲਖ ਅਲਖ ਨ ਜਾਣੈ ।

(ਪਰੰਤੂ ਉਸ) ਗੁੱਲਰ ਨੂੰ ਲੱਖਾਂ ਫਲ ਲਗਦੇ (ਫੇਰ) ਇਕ ਫਲ ਤੋਂ ਕਈ ਲੱਖ ਹੋਕੇ ਅਲੱਗ ਹੀ (ਰਹਿੰਦਾ ਹੈ), ਗਿਣਿਆ ਨਹੀਂ ਜਾਂਦਾ।

ਲਖ ਲਖ ਬਿਰਖ ਬਗੀਚਿਅਹੁ ਲਖ ਬਗੀਚੇ ਬਾਗ ਬਬਾਣੈ ।

(ਇਕ) ਬਗੀਚੇਂ ਥੋਂ ਕਈ ਲੱਖਾਂ ਬਗੀਚਿਆਂ ਦੇ ਬਾਗ ਕਹੀਦੇ ਹਨ।

ਲਖ ਬਾਗ ਬ੍ਰਹਮੰਡ ਵਿਚਿ ਲਖ ਬ੍ਰਹਮੰਡ ਲੂਅ ਵਿਚਿ ਆਣੈ ।

(ਇਕ) ਬ੍ਰਹਮੰਡ ਵਿਖੇ ਲੱਖਾਂ ਬਾਗ ਹਨ, (ਅਕਾਲ ਪੁਰਖ ਦੇ ਇਕ) ਰੋਮ ਵਿਖੇ ਲੱਖਾਂ ਹੀ ਬ੍ਰਹਿਮੰਡ ਵਿਦਮਾਨ ਹਨ (ਯਥਾ:-”ਕਿਤੀ ਲਖ ਕਰੋੜਿ ਪਿਰੀਏ ਰੋਮ ਨ ਪੁਜਣਿ ਤੇਰਿਆ। “)।

ਮਿਹਰਿ ਕਰੇ ਜੇ ਮਿਹਰਿਵਾਨੁ ਗੁਰਮੁਖਿ ਸਾਧਸੰਗਤਿ ਰੰਗੁ ਮਾਣੈ ।

ਜਿਸ ਪੁਰ ਈਸ਼੍ਵਰ ਕ੍ਰਿਪਾ ਕਰੇ (ਉਹ) ਗੁਰਮੁਖ ਸੰਤਾਂ ਵਿਖੇ (ਮਿਲਕੇ) ਆਨੰਦ ਮਾਣਦਾ ਹੈ।

ਪੈਰੀ ਪੈ ਪਾ ਖਾਕੁ ਹੋਇ ਸਾਹਿਬੁ ਦੇ ਚਲੈ ਓਹੁ ਭਾਣੈ ।

ਅਤੇ ਪੈਰੀਂ ਪੈ ਕੇ ਪੈਰਾਂ ਦੀ ਧੂੜ ਹੋਕੇ ਵਾਹਿਗੁਰੂ ਦੇ ਭਾਣੇ ਵਿਖੇ ਉਹ ਚਲਦਾ ਹੈ।

ਹਉਮੈ ਜਾਇ ਤ ਜਾਇ ਸਿਞਾਣੈ ।੧੯।

(ਜਦ) ਮਮਤਾ ਜਾਵੇ ਤਦ (ਸ੍ਵੈ ਸਰੂਪ ਦੀ) ਜਗਾ ਨੂੰ ਪਛਾਣਦਾ ਹੈ।

ਦੁਇ ਦਿਹਿ ਚੰਦੁ ਅਲੋਪੁ ਹੋਇ ਤਿਐ ਦਿਹ ਚੜ੍ਹਦਾ ਹੋਇ ਨਿਕਾ ।

ਦੋ ਦਿਨ (ਅਮਾਵਸ ਤੇ ਏਕਮ ਨੂੰ) ਚੰਦ ਲੋਪ ਰਹਿਕੇ, ਤੀਜੀ ਰਾਤ ਨੂੰ ਨਿੱਕਾ ਹੋਕੇ ਚੜ੍ਹਦਾ ਹੈ।

ਉਠਿ ਉਠਿ ਜਗਤੁ ਜੁਹਾਰਦਾ ਗਗਨ ਮਹੇਸੁਰ ਮਸਤਕਿ ਟਿਕਾ ।

(ਸਾਰਾ) ਜਹਾਨ ਉਠ ਉਠ ਕੇ ਮੱਥੇ ਟੇਕਦਾ ਹੈ (ਮਾਨੋਂ) ਅਕਾਸ਼ ਰੂਪ ਸ਼ਿਵਜੀ ਦੇ ਮੱਥੇ ਤੇ ਤਿਲਕ ਹੈ।

ਸੋਲਹ ਕਲਾ ਸੰਘਾਰੀਐ ਸਫਲੁ ਜਨਮੁ ਸੋਹੈ ਕਲਿ ਇਕਾ ।

ਜਦ ਸੋਲਾਂ ਕਲਾਂ ਹੁੰਦੀਆਂ ਹਨ (ਫੇਰ ਸੰਘਾਰੀਐ=) ਘਟਣ ਲਗਦਾ ਹੈ, ਇਕ ਕਲਾ (ਏਕਮ ਨੂੰ ਹੋਣ ਕਰਕੇ) ਸਫਲ ਜਨਮ (ਹੋਕੇ) ਸੋਭਦਾ ਹੈ।

ਅੰਮ੍ਰਿਤ ਕਿਰਣਿ ਸੁਹਾਵਣੀ ਨਿਝਰੁ ਝਰੈ ਸਿੰਜੈ ਸਹਸਿਕਾ ।

(ਚੰਦਰਮਣੀ) ਸਿਕਦੀ ਸ਼ਹੁ ਨੂੰ ਦੇਖਕੇ ਅੰਮ੍ਰਿਤ ਸ਼੍ਰਵਦੀ (ਬ੍ਰਿੱਛਾਂ ਪਰ ਮਾਨੋਂ) ਸ਼ੋਭਦੀ ਹੈ (ਅਥਵਾ ਸੈਂਕੜਿਆਂ ਨੂੰ ਅੰਮ੍ਰਿਤ ਸਿੰਜਦੀ ਹੈ।)

ਸੀਤਲੁ ਸਾਂਤਿ ਸੰਤੋਖੁ ਦੇ ਸਹਜ ਸੰਜੋਗੀ ਰਤਨ ਅਮਿਕਾ ।

ਸੀਤਲਤਾ, ਸ਼ਾਂਤਿ ਤੇ ਸੰਤੋਖ ਦਿੰਦਾ ਹੈ, ਸਹਿਜ ਦਾ ਸੰਜੋਗੀ ਅਮੋਲ ਰਤਨ ਹੈ।

ਕਰੈ ਅਨੇਰਹੁ ਚਾਨਣਾ ਡੋਰ ਚਕੋਰ ਧਿਆਨੁ ਧਰਿ ਛਿਕਾ ।

ਹਨੇਰੇ ਵਿਚ ਚਾਨਣਾ ਕਰਦਾ ਹੈ, ਚਕੋਰ ਧਿਆਨ ਦੀ ਡੋਰ ਨਾਲ (ਉੱਚਾ ਚੰਦ ਵਲ) ਖਿੱਚਿਆ ਰਹਿੰਦਾ ਹੈ।

ਆਪੁ ਗਵਾਇ ਅਮੋਲ ਮਣਿਕਾ ।੨੦।

ਆਪਾ ਗਵਾਉਣ ਕਰ ਕੇ ਹੀ ਅਮੋਲਕ ਮਾਣਕ ਹੁੰਦਾ ਹੈ।

ਹੋਇ ਨਿਮਾਣਾ ਭਗਤਿ ਕਰਿ ਗੁਰਮੁਖਿ ਧ੍ਰੂ ਹਰਿ ਦਰਸਨੁ ਪਾਇਆ ।

ਧ੍ਰੂ ਨੇ ਨਿਮਾਣਾ ਹੋਕੇ ਭਗਤੀ ਕੀਤੀ, ਗੁਰਮੁਖ ਹੋਕੇ ਹਰੀ ਦਾ ਦਰਸ਼ਨ ਪਾਇਆ।

ਭਗਤਿ ਵਛਲੁ ਹੋਇ ਭੇਟਿਆ ਮਾਣੁ ਨਿਮਾਣੇ ਆਪਿ ਦਿਵਾਇਆ ।

(ਵਾਹਿਗੁਰੂ) ਭਗਤ ਵਛਲ ਨੇ ਨਿਮਾਣੇ ਨੂੰ ਆਪ ਮਾਣ ਦਿੱਤਾ ਤੇ ਉਸ ਨੂੰ ਮੇਲ ਲਿਆ।

ਮਾਤ ਲੋਕ ਵਿਚਿ ਮੁਕਤਿ ਕਰਿ ਨਿਹਚਲੁ ਵਾਸੁ ਅਗਾਸਿ ਚੜਾਇਆ ।

ਮਾਤ ਲੋਕ ਵਿਚ ਹੀ ਮੁਕਤ ਕੀਤਾ, ਨਿਹਚਲ ਵਾਸ ਦਿਤਾ ਤੇ ਅਕਾਸ਼ ਚੜ੍ਹਾ ਦਿੱਤਾ।

ਚੰਦੁ ਸੂਰਜ ਤੇਤੀਸ ਕਰੋੜਿ ਪਰਦਖਣਾ ਚਉਫੇਰਿ ਫਿਰਾਇਆ ।

ਚੰਦ ਸੂਰਜ ਤੇ ਤੇਤੀ ਕਰੋੜ (ਤਾਰੇ) ਸਭ ਤੋਂ (ਉਸਦੀ) ਪ੍ਰਦੱਖਣਾ ਕਰਾਈ।

ਵੇਦ ਪੁਰਾਣ ਵਖਾਣਦੇ ਪਰਗਟੁ ਕਰਿ ਪਰਤਾਪੁ ਜਣਾਇਆ ।

ਵੇਦ ਪੁਰਾਣ (ਇਹ ਕਥਾ) ਕਹਿੰਦੇ ਹਨ (ਕਿ ਏਹ) ਪ੍ਰਗਟ ਕਰ ਕੇ ਪ੍ਰਤਾਪ ਦਿਖਾਇਆ ਹੈ।

ਅਬਿਗਤਿ ਗਤਿ ਅਤਿ ਅਗਮ ਹੈ ਅਕਥ ਕਥਾ ਵੀਚਾਰੁ ਨ ਆਇਆ ।

(ਪਰ ਪਰਮੇਸਰ ਤੇ ਉਸਦਾ ਕਰਤੱਵ) ਗਤੀ ਤੋਂ ਪਰੇ ਹੈ, ਗੰਮਤਾ ਤੋਂ ਬਹੁਤ ਪਰੇ ਹੈ, ਕਥਨ ਤੋਂ ਅਕੱਥ ਹੈ, ਵੀਚਾਰ ਤੋਂ ਪਾਰ ਹੈ।

ਗੁਰਮੁਖਿ ਸੁਖ ਫਲੁ ਅਲਖੁ ਲਖਾਇਆ ।੨੧।੪। ਚਾਰਿ ।

(ਪਰ ਉਸ ਨੇ) ਗੁਰਮੁਖਾਂ ਨੂੰ ਨਾ ਲਖਿਆ ਜਾਣ ਵਾਲਾ ਸੁਖ ਫਲ ਲਖਾ ਦਿੱਤਾ ਹੈ।


Flag Counter