ਵਾਰਾਂ ਭਾਈ ਗੁਰਦਾਸ ਜੀ

ਅੰਗ - 16


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਸਭ ਦੂੰ ਨੀਵੀਂ ਧਰਤਿ ਹੋਇ ਦਰਗਹ ਅੰਦਰਿ ਮਿਲੀ ਵਡਾਈ ।

ਸਾਰਿਆਂ ਥੋਂ ਨਿੰਮ੍ਰਤੀ ਭੂਤ ਧਰਤੀ ਹੋਈ, (ਪ੍ਰੰਤੂ ਈਸ਼੍ਵਰ ਦੀ) ਕਚਹਿਰੀ ਵਿਚ (ਇਸੇ ਨੂੰ ਹੀ) ਵਡਿਆਈ ਮਿਲੀ ਹੈ (ਭਾਵ ਇਸੇ ਦੇ ਦੁਖ ਹਰਨ ਲਈ ਦਰਗਾਹ ਤੋਂ ਅਵਤਾਰ ਭੇਜੇ ਜਾਂਦੇ ਹਨ)।

ਕੋਈ ਗੋਡੈ ਵਾਹਿ ਹਲੁ ਕੋ ਮਲ ਮੂਤ੍ਰ ਕੁਸੂਤ੍ਰ ਕਰਾਈ ।

ਕੋਈ ਗੋਡਦਾ ਹੈ ਕੋਈ ਹਲ ਵਾਹੁੰਦਾ ਹੈ, ਕੋਈ ਮਲ ਮੂਤ ਨਾਲ (ਇਸਨੂੰ) ਮੈਲਾ ਕਰਦਾ ਹੈ।

ਲਿੰਬਿ ਰਸੋਈ ਕੋ ਕਰੈ ਚੋਆ ਚੰਦਨੁ ਪੂਜਿ ਚੜਾਈ ।

ਕੋਈ ਲੇਪਨ ਕਰ ਕੇ ਰੋਟੀ ਕਰਦਾ ਹੈ, ਕੋਈ ਚੋਆ ਚੰਦਨ ਦੀਆਂ ਪੂਜਾ ਚੜਾਉਂਦਾ ਹੈ।

ਜੇਹਾ ਬੀਜੈ ਸੋ ਲੁਣੈ ਜੇਹਾ ਬੀਉ ਤੇਹਾ ਫਲੁ ਪਾਈ ।

ਜੇਹਾ (ਬੀਜ ਇਸ ਵਿਚ ਕੋਈ) ਬੀਜਦਾ ਹੈ ਤੇਹਾ ਹੀ ਕਟਦਾ ਹੈ, ਜੇਹਾ ਬੀਉ ਹੁੰਦਾ ਹੈ ਤਿਹਾ ਫਲ (ਉਸਦਾ) ਲੈਂਦਾ ਹੈ।

ਗੁਰਮੁਖਿ ਸੁਖ ਫਲ ਸਹਜ ਘਰੁ ਆਪੁ ਗਵਾਇ ਨ ਆਪੁ ਗਣਾਈ ।

ਗੁਰਮੁਖ ਲੋਕਾਂ ਨੂੰ ਸਹਿਜ ਪਦ ਵਿਚ ਸੁਖ ਫਲ (ਪ੍ਰਾਪਤ ਹੁੰਦਾ ਹੈ, ਓਹ ਧਰਤੀ ਵਾਂਙੂੰ) ਆਪਾ ਭਾਵ ਗਵਾਕੇ ਆਪ ਨੂੰ ਨਹੀਂ ਗਣਾਉਂਦੇ।

ਜਾਗ੍ਰਤ ਸੁਪਨ ਸੁਖੋਪਤੀ ਉਨਮਨਿ ਮਗਨ ਰਹੈ ਲਿਵ ਲਾਈ ।

ਜਾਗ੍ਰਤ, ਸੁਪਨ ਅਰ ਸਖੋਪਤੀ ਅਵਸਥਾ ਵਿਖੇ ('ਉਨਮਨਿ'=) ਪਰਮਾਤਮਾ ਵਿਚ ਮਗਨ ਹੋ ਕੇ ਲਿਵ ਲਾ ਰਹੇ ਹਨ, (ਇਸ ਲਈ ਰਾਗ ਦ੍ਵੈਖ ਤੇ ਦ੍ਵਰ ਹਨ, ਅਥਵਾ ਜਾਗ੍ਰਤ, ਸੁਪਨ, ਸੁਖੋਪਤੀ, ਓਹ ਹਰ ਹਾਲ ਵਿਚ ਤੁਰੀਆ ਪਦ ਵਿਚ ਰਹਿੰਦੇ ਹਨ)।

ਸਾਧਸੰਗਤਿ ਗੁਰ ਸਬਦੁ ਕਮਾਈ ।੧।

(ਇਸ ਅਵਸਥਾ ਦੀ ਪ੍ਰਾਪਤੀ ਐਉਂ ਹੈ ਕਿ) ਸਾਧ ਸੰਗਤ ਵਿਖੇ ਗੁਰੂ ਮਹਾਰਾਜ ਦੇ ਸ਼ਬਦ ਦੀ ਕਮਾਈ (ਹੁੰਦੀ ਹੈ, ਜੋ ਮਿਲ ਕੇ ਕਰੇ ਏਥੇ ਪਹੁੰਚ ਪੈਂਦਾ ਹੈ)।

ਪਉੜੀ ੨

ਧਰਤੀ ਅੰਦਰਿ ਜਲੁ ਵਸੈ ਜਲੁ ਬਹੁ ਰੰਗੀਂ ਰਸੀਂ ਮਿਲੰਦਾ ।

ਧਰਤੀ ਵਿਖੇ ਪਾਣੀ ਵਸਦਾ ਹੈ (ਇਸੇ ਲਈ) ਪਾਣੀ ਬਾਹਲੇ ਰੰਗ ਦੇ ਰਸਾਂ ਵਿਖੇ ਮਿਲਦਾ ਹੈ।

ਜਿਉਂ ਜਿਉਂ ਕੋਇ ਚਲਾਇਦਾ ਨੀਵਾਂ ਹੋਇ ਨੀਵਾਣਿ ਚਲੰਦਾ ।

ਜਿੱਕੁਰ ਕੋਈ ਇਸ ਨੂੰ ਤੋਰੇ (ਤੁਰਦਾ ਹੈ, ਪ੍ਰੰਤੂ ਆਪ) ਨੀਵਾਂ ਹੋਕੇ ਨਿਵਾਣਾਂ ਵਿਖੇ ਹੀ ਪਹੁੰਚਦਾ ਹੈ।

ਧੁਪੈ ਤਤਾ ਹੋਇ ਕੈ ਛਾਵੈਂ ਠੰਢਾ ਹੋਇ ਰਹੰਦਾ ।

ਧੁੱਪ ਵਿਖੇ ਗਰਮ, ਛਾਵੇਂ ਸੀਤਲ ਹੋ ਕੇ ਰਹਿੰਦਾ ਹੈ।

ਨਾਵਣੁ ਜੀਵਦਿਆਂ ਮੁਇਆਂ ਪੀਤੈ ਸਾਂਤਿ ਸੰਤੋਖੁ ਹੋਵੰਦਾ ।

ਜੀਵਨ ਅਵਸਥਾ ਵਿਖੇ ਨ੍ਹਾਉਣ ਨਾਲ ਸੰਤੋਖ, ਮਨ ਨੂੰ ਪ੍ਰਸੰਨਤਾ ਤੇ ਠੰਡ ਹੁੰਦੀ ਹੈ, ਅਰ ਮੋਇਆ ਬੀ ਨ੍ਹਾਉਣਾ (ਇਸੇ ਨਾਲ ਹੁੰਦਾ ਹੈ) (ਭਾਵ ਨ੍ਹਾਉਣਾ ਤਾਂ ਜੀਉਂਦਿਆਂ ਮੋਇਆ ਦਾ ਭੀ ਪਾਣੀ ਨਾਲ ਹੁੰਦਾ ਹੈ ਪਰ ਪੀਤਾ ਪਾਣੀ ਜੀਉਂਦਿਆਂ ਹੀ ਜਾਂਦਾ ਹੈ, ਉਂ ਦੋਵੇਂ ਵੇਲੇ ਕੰਮ ਆਉਂਦਾ ਹੈ)।

ਨਿਰਮਲੁ ਕਰਦਾ ਮੈਲਿਆਂ ਨੀਵੈਂ ਸਰਵਰ ਜਾਇ ਟਿਕੰਦਾ ।

ਮੈਲੇ (ਪ੍ਰਾਣੀਆਂ ਨੂੰ ਸ਼ਨਾਨ ਦਵਾਰਾ) ਨਿਰਮਲ ਕਰਦਾ ਹੈ, (ਆਪ) ਨੀਵੇ ਸਰੋਵਰਾਂ (ਆਦਿ ਨਦੀਆਂ ਨਾਲਿਆਂ ਵਿਖੇ) ਜਾ ਟਿਕਦਾ ਹੈ।

ਗੁਰਮੁਖਿ ਸੁਖ ਫਲੁ ਭਾਉ ਭਉ ਸਹਜੁ ਬੈਰਾਗੁ ਸਦਾ ਵਿਗਸੰਦਾ ।

(ਤਿਵੇਂ) ਗੁਰਮੁਖ ਸੁਖ ਫਲ ਵਾਲਾ ਹੋਕੇ (ਦੈਵੀ) ਭੈ ਤੇ ਪ੍ਰੇਮ ਵਿਖੇ (ਰੱਤਾ) ਸਹਿਜ ਪਦ (=ਪੂਰਨ ਪਦ) (ਅਤੇ ਸੁਧ) ਵੈਰਾਗ ਵਿੱਚ ਸਦਾ ਖਿੜਿਆ ਰਹਿੰਦਾ ਹੈ।

ਪੂਰਣੁ ਪਰਉਪਕਾਰੁ ਕਰੰਦਾ ।੨।

(ਅਤੇ) ਪੂਰਾ ਪਰੋਪਕਾਰ ਕਰਦਾ ਰਹਿੰਦਾ ਹੈ।

ਪਉੜੀ ੩

ਜਲ ਵਿਚਿ ਕਵਲੁ ਅਲਿਪਤੁ ਹੈ ਸੰਗ ਦੋਖ ਨਿਰਦੋਖ ਰਹੰਦਾ ।

ਕਮਲ ਫੁਲ ਪਾਣੀ ਵਿਖੇ ਅਲੇਪ ਰਹਿੰਦਾ ਹੈ, ਸੰਗ ਦੋਖ ਤੋਂ ਭੀ ਅਕਲੰਕਤਿ ਰਹਿੰਦਾ ਹੈ, (ਚਿੱਕੜ, ਸ਼ਿਵਾਲ, ਡੱਡੂ, ਬਗਲਾ, ਕਿਸੇ ਦਾ ਸੰਗ ਦੋਸ ਨਹੀਂ ਲਗਦਾ)।

ਰਾਤੀ ਭਵਰੁ ਲੁਭਾਇਦਾ ਸੀਤਲੁ ਹੋਇ ਸੁਗੰਧਿ ਮਿਲੰਦਾ ।

ਰਾਤ ਵਿਖੇ ਭਵਰਿਆਂ ਨੂੰ ਲੁਭਾਇਮਾਨ ਕਰਦਾ ਹੈ, 'ਸੀਤਲ' ਹੋ ਕੇ (ਭਵਰੇ) ਸੁਗੰਧੀ ਲੇਂਦੇ ਤੇ ਮਗਨ ਰਹਿੰਦੇ ਹਨ।

ਭਲਕੇ ਸੂਰਜ ਧਿਆਨੁ ਧਰਿ ਪਰਫੁਲਤੁ ਹੋਇ ਮਿਲੈ ਹਸੰਦਾ ।

ਦਿਨ ਚੜ੍ਹੇ ਸੂਰਜ ਵੱਲ ਧਿਆਨ ਕਰ ਕੇ ਪਰਫੁੱਲਤ ਹੋ ਜਾਂਦਾ ਤੇ ਹੱਸਕੇ (ਪਿਆਰੇ ਨੂੰ) ਮਿਲਦਾ ਹੈ।

ਗੁਰਮੁਖ ਸੁਖ ਫਲ ਸਹਜਿ ਘਰਿ ਵਰਤਮਾਨ ਅੰਦਰਿ ਵਰਤੰਦਾ ।

ਗੁਰਮੁਖ (ਰੂਪੀ ਕਮਲ) ਸੁਖ ਫਲ ਦੇ ਸਹਿਜ ਘਰ (ਰੂਪ ਤਲਾਉ ਵਿਖੇ ਨਿਵਾਸ ਰਖਦੇ ਹਨ; ਅਰ) ਵਰਤਮਾਨ ਵਿਖੇ ਵਰਤਕੇ (ਪ੍ਰਸੰਨ ਰਹਿੰਦੇ) ਹਨ, (ਭਾਵ ਕਮਲ ਚਾਰ ਪਹਿਰ ਖਿੜਦਾ ਹੈ, ਏਹ ਅੱਠੇ ਪਹਿਰ ਭਜਨਾਨੰਦ ਵਿਖੇ ਪ੍ਰਸੰਨ ਰਹਿੰਦੇ ਹਨ, ਜਾਣਦੇ ਹਨ ਕਿ ਭੂਤ ਕਾਲ ਦੇ ਪਦਾਰਥ ਸ੍ਵਪਨ ਸਮਾਨ ਹਨ, ਅਰ ਅਗੰਤਕ ਪਦਾਰਥ ਸਾਡੇ ਵੱਸ ਤੋਂ ਬਾਹ

ਲੋਕਾਚਾਰੀ ਲੋਕ ਵਿਚਿ ਵੇਦ ਵੀਚਾਰੀ ਕਰਮ ਕਰੰਦਾ ।

ਲੋਕਾਂ ਦੇ ਭਾਣੇ 'ਲੋਕਾਚਾਰੀ' (ਧੰਦਿਆਂ) ਵਿਖੇ ਫਸੇ ਹੋਏ (ਗ੍ਰਿਹਸਥੀ ਦਿਸਦੇ ਹਨ), ਵੇਦ ਵੀਚਾਰੀਆਂ (ਦੇ ਭਾਣੇ) ਕਰਮ ਕਰਦੇ ਹੋਏ (ਕਰਮ ਕਾਂਡੀ ਨਜ਼ਰ ਪੈਂਦੇ ਹਨ)।

ਸਾਵਧਾਨੁ ਗੁਰ ਗਿਆਨ ਵਿਚਿ ਜੀਵਨਿ ਮੁਕਤਿ ਜੁਗਤਿ ਵਿਚਰੰਦਾ ।

(ਪਰੰਤੂ ਓਹ ਆਪ) ਗੁਰੂ ਜੀ ਦੇ ਗਿਆਨ ਵਿਖੇ ਸਾਵਧਾਨ ਹੁੰਦੇ ਹਨ, ਅਰ ਜੀਵਨ ਮੁਕਤੀ ਦੀ ਜੁਗਤੀ ਵਿਖੇ ਵਿਚਰਦੇ ਹਨ, (ਸੰਸਾਰ ਦੀ ਪਕੜ ਦੇ ਕਰਮ ਕਾਂਡ ਦੇ ਜਕੜ ਤੋਂ ਅਤੀਤ ਹਨ)।

ਸਾਧਸੰਗਤਿ ਗੁਰੁ ਸਬਦੁ ਵਸੰਦਾ ।੩।

(ਅਤੇ) ਸਤਿਸੰਗਤ ਵਿਖੇ ਗੁਰੂ ਜੀ ਦੇ ਸ਼ਬਦ ਵਿਖੇ ਮਨ ਲਗਾਈ ਰੱਖਦੇ ਹਨ।

ਪਉੜੀ ੪

ਧਰਤੀ ਅੰਦਰਿ ਬਿਰਖੁ ਹੋਇ ਪਹਿਲੋਂ ਦੇ ਜੜ ਪੈਰ ਟਿਕਾਈ ।

ਧਰਤੀ ਵਿਖੇ ਬ੍ਰਿੱਛ ਉਗਕੇ ਪਹਿਲੇ ਜੜ੍ਹਾਂ ਦੇ ਪੈਰ ਟਿਕਾਉਂਦਾ ਹੈ।

ਉਪਰਿ ਝੂਲੈ ਝਟੁਲਾ ਠੰਢੀ ਛਾਉਂ ਸੁ ਥਾਉਂ ਸੁਹਾਈ ।

ਬਾਹਰ ਨਿਕਲਕੇ ਖਿੱਲਰਦਾ ਅਤੇ ਝੂਲਣ ਲੱਗਦਾ ਹੈ, ਠੰਢੀ ਛਾਂ ਅਤੇ ਥਾਉਂ ਸੋਹਣੀ ਲੱਗਦੀ ਹੈ।

ਪਵਣੁ ਪਾਣੀ ਪਾਲਾ ਸਹੈ ਸਿਰ ਤਲਵਾਇਆ ਨਿਹਚਲੁ ਜਾਈ ।

ਪਉਣ, ਮੀਂਹ ਅਤੇ ਪਾਲਾ ਸਹਾਰਦਾ ਹੈ ਉਲਟਾ ਸਿਰ ਕਰ ਕੇ ਅਚੱਲ ਜਗਾ ਪਰ (ਖੜ੍ਹਾ ਰਹਿੰਦਾ) ਹੈ।

ਫਲੁ ਦੇ ਵਟ ਵਗਾਇਆਂ ਸਿਰਿ ਕਲਵਤੁ ਲੈ ਲੋਹੁ ਤਰਾਈ ।

ਵੱਟੇ ਦੇ ਮਾਰਿਆਂ ਫਲ ਦੇਂਦਾ ਹੈ, ਸਿਰ ਪੁਰ ਆਰਾ ਸਹਾਰਕੇ ਲੋਹੇ ਨੂੰ ਤਾਰਦਾ ਹੈ, (ਭਾਵ ਇਹ ਨਹੀਂ ਚਿਤਵਦਾ ਭਈ ਲੋਹਾ ਤਾਂ ਮੇਰਾ ਜਾਨੀ ਦੁਸ਼ਮਨ ਹੈ)।

ਗੁਰਮੁਖਿ ਜਨਮੁ ਸਕਾਰਥਾ ਪਰਉਪਕਾਰੀ ਸਹਜਿ ਸੁਭਾਈ ।

(ਤਿਹਾ ਹੀ) ਗੁਰਮੁਖਾਂ ਦਾ ਜਨਮ ਸਫਲ ਹੈ, ਜੋ ਸਹਜ ਸੁਭਾਵ ਹੀ ਪਰੋਪਕਾਰੀ ਹਨ।

ਮਿਤ੍ਰ ਨ ਸਤ੍ਰੁ ਨ ਮੋਹੁ ਧ੍ਰੋਹੁ ਸਮਦਰਸੀ ਗੁਰ ਸਬਦਿ ਸਮਾਈ ।

(ਕੋਈ) ਸੱਤ੍ਰ, ਮਿਤ੍ਰ, ਰਾਗ, ਦ੍ਵੈਖ ਨਹੀਂ, (ਅਰਥਾਤ ਮਿੱਤ੍ਰ ਨਾਲ ਰਾਗ, ਅਤੇ ਸ਼ੱਤ੍ਰ ਨਾਲ ਦ੍ਵੈਖ ਨਹੀਂ ਕਰਦੇ) ਸਦਾ ਸਮਦਰਸੀ ਹਨ, (ਇਕ ਰੂਪ ਦੇਖਦੇ ਹਨ) ਗੁਰੂ ਕੇ ਸ਼ਬਦ ਵਿਖੇ ਸਮਾਈ ਹੋਏ ਹੁੰਦੇ ਹਨ।

ਸਾਧਸੰਗਤਿ ਗੁਰਮਤਿ ਵਡਿਆਈ ।੪।

(ਪਰੰਤੂ ਏਹ) ਸਾਧ ਸੰਗਤ ਵਿਚ (ਪ੍ਰਾਪਤ ਹੋਈ) ਗੁਰਮਤਿ ਦੀ ਵਡਿਆਈ ਹੈ।

ਪਉੜੀ ੫

ਸਾਗਰ ਅੰਦਰਿ ਬੋਹਿਥਾ ਵਿਚਿ ਮੁਹਾਣਾ ਪਰਉਪਕਾਰੀ ।

ਸਮੁੰਦਰ ਦੇ ਵਿਚ ਜਹਾਜ਼ ਹੈ ਉਸ ਵਿਖੇ ਮਲਾਹ ਪਰੋਪਕਾਰੀ ਹੁੰਦਾ ਹੈ।

ਭਾਰ ਅਥਰਬਣ ਲਦੀਐ ਲੈ ਵਾਪਾਰੁ ਚੜ੍ਹਨਿ ਵਾਪਾਰੀ ।

ਬਹੁਤਾ ਭਾਰ (ਜਹਾਜ਼ ਵਿਖੇ) ਲੱਦੀ ਦਾ ਹੈ, ਵਪਾਰੀ (ਲੋਕ) ਵਪਾਰ ਵਾਲੀਆਂ ਵਸਤਾਂ ਲੈਕੇ ਚੜ੍ਹ ਬੈਠਦੇ ਹਨ।

ਸਾਇਰ ਲਹਰ ਨ ਵਿਆਪਈ ਅਤਿ ਅਸਗਾਹ ਅਥਾਹ ਅਪਾਰੀ ।

(ਪਰ ਕਿਸੇ ਨੂੰ) ਸਮੁੰਦਰ ਦੀ ਲਹਿਰ ਦੁੱਖ ਨਹੀਂ ਦਿੰਦੀ, (ਸਮੁੰਦਰ) ਵੱਡਾ ਅਸਗਾਹ ਤੇ ਅਥਾਹ ਹੈ।

ਬਹਲੇ ਪੂਰ ਲੰਘਾਇਦਾ ਸਹੀ ਸਲਾਮਤਿ ਪਾਰਿ ਉਤਾਰੀ ।

(ਮਲਾਹ) ਸੁਖ ਸਾਂਦ ਨਾਲ ਬਹੁਤੇ ਪੂਰ ਪਾਰ ਕਰ ਕੇ (ਲਹਿਰਾਂ ਦੇ ਖਤਰੇ ਥੋਂ) ('ਲੰਘਾਇਦਾ'=) ਬਚਾ ਦਿੰਦਾ ਹੈ।

ਦੂਣੇ ਚਉਣੇ ਦੰਮ ਹੋਨ ਲਾਹਾ ਲੈ ਲੈ ਕਾਜ ਸਵਾਰੀ ।

(ਵਪਾਰੀ ਲੋਕ) ਦੂਣੇ ਚੌਣੇ ਰੁਪਏ ਕਰਦੇ ਹਨ, ਲਾਭ ਲੈ ਲੈ ਕੇ ਕੰਮ ਸਵਾਰਦੇ ਹਨ।

ਗੁਰਮੁਖ ਸੁਖ ਫਲੁ ਸਾਧਸੰਗਿ ਭਵਜਲ ਅੰਦਰ ਦੁਤਰੁ ਤਾਰੀ ।

ਗੁਰਮੁਖਾਂ ਦੀ ਸਾਧ ਸੰਗਤ ਹੀ ਸੰਸਾਰ ਸਮੁੰਦ੍ਰ ਤੋਂ (ਬੋਹਿਥਾ ਵਾਂਙ ਸੰਸਾਰ ਨੂੰ) ਔਖੀ ਤਾਰੀ ਤਰਾ ਕੇ ਸੁਖ ਫਲ (ਸਰੂਪਾਨੰਦ) ਨੂੰ ਪ੍ਰਾਪਤ ਕਰਾ ਦੇਂਦੀ ਹੈ।

ਜੀਵਨ ਮੁਕਤਿ ਜੁਗਤਿ ਨਿਰੰਕਾਰੀ ।੫।

(ਗੁਰਮੁਖ) ਜੀਵਨ ਮੁਕਤੀ (ਵਿਖੇ ਜੁੜੇ ਰਹਿੰਦੇ ਹਨ) ਨਿਰੰਕਾਰ ਦੀ (ਆਪਣੀ ਦੱਸੀ ਹੋਈ) ਜੁਗਤੀ ਨਾਲ (ਭਾਵ, ਵਾਹਿਗੁਰੂ ਦੇ ਤੱਤ ਗਿਆਨ ਦੀ ਸਮਝ ਨਾਲ ਜੀਵਨ ਮੁਕਤ ਹੋ ਗਏ ਹਨ, ਮਨੋਕਤ ਸਾਧਨਾਂ ਨਾਲ ਨਹੀਂ)।

ਪਉੜੀ ੬

ਬਾਵਨ ਚੰਦਨ ਬਿਰਖੁ ਹੋਇ ਵਣਖੰਡ ਅੰਦਰਿ ਵਸੈ ਉਜਾੜੀ ।

ਬਵਿੰਜਾ ਉਂਗਲੀਆਂ ਦੇ ਚੰਦਨ ਦਾ ਬ੍ਰਿੱਛ ਜੰਗਲ ਵਿਚ ਹੋਕੇ ਉਜਾੜ ਵਿਖੇ ਰਹਿੰਦਾ ਹੈ।

ਪਾਸਿ ਨਿਵਾਸੁ ਵਣਾਸਪਤਿ ਨਿਹਚਲੁ ਲਾਇ ਉਰਧ ਤਪ ਤਾੜੀ ।

ਬਨਾਸਪਤੀ ਦੇ ਪਾਸ ਨਿਵਾਸ ਕਰ ਕੇ ਅਚਲ ਹੋ ਊਰਧ ਤਪ (ਸਿਰ ਹੇਠ ਪੈਰ ਉਤੇ) ਦੀ ਤਾੜੀ ਲਾ ਛਡਦਾ ਹੈ।

ਪਵਨ ਗਵਨ ਸਨਬੰਧੁ ਕਰਿ ਗੰਧ ਸੁਗੰਧ ਉਲਾਸ ਉਘਾੜੀ ।

ਵਾਯੂ ਦਾ ਗਮਨ ਦੇ ਸਬੰਧ ਕਰ ਕੇ ('ਉਲਾਸ' ਕਹੀਏ) ਖੁਸ਼ੀ ਨਾਲ ਸ੍ਰੇਸ਼ਟ ਗੰਧਾਂ ਦੀ ਸੁਗੰਧਤਾ ਨੂੰ ਪ੍ਰਗਟ ਕਰਦਾ ਹੈ।

ਅਫਲ ਸਫਲ ਸਮਦਰਸ ਹੋਇ ਕਰੇ ਵਣਸਪਤਿ ਚੰਦਨ ਵਾੜੀ ।

ਅਫਲ ਹੋਵੇ ਭਾਵੇਂ ਸਫਲ (ਭਾਵ ਸਾਧਨ ਸਪੰਨ ਅਥਵਾ ਅਸਪੰਨ ਹੋਵੇ) ਸਮਦਰਸੀ ਹੋਕੇ ਸਾਰੀ ਬਨਾਸਪਤੀ ਨੂੰ ਚੰਦਨ ਦੀ ਵਾੜੀ ਹੀ ਕਰ ਦਿੰਦਾ ਹੈ।

ਗੁਰਮੁਖਿ ਸੁਖ ਫਲੁ ਸਾਧਸੰਗੁ ਪਤਿਤ ਪੁਨੀਤ ਕਰੈ ਦੇਹਾੜੀ ।

ਗੁਰਮੁਖਾਂ ਦੀ ਸਾਧ ਸੰਗਤ ਹੀ ਸੁਖ ਫਲ ਰੂਪ ਹੈ, ਪਾਪੀਆਂ ਨੂੰ ਪਵਿੱਤ੍ਰ ਇਕ ਦਿਨ ਵਿਚ ਹੀ (ਭਾਵ ਛੇਤੀ) ਕਰ ਦਿੰਦੀ ਹੈ।

ਅਉਗੁਣ ਕੀਤੇ ਗੁਣ ਕਰੈ ਕਚ ਪਕਾਈ ਉਪਰਿ ਵਾੜੀ ।

ਅਵਗੁਣ ਕਰੇ ਉਸ ਨੂੰ ਉਪਕਾਰ ਕਰਦੇ ਹਨ, ('ਕੱਚ ਪਕਾਈ') ਕੱਚੀ ਬੁੱਧੀ ਸੰਤਾਂ ਦੀ ਬਗੀਚੀ ਵਿਖੇ ਪੱਕ ਜਾਂਦੀ ਹੈ (ਭਾਵ ਸਹਿਨਸ਼ੀਲੀ ਹੋ ਜਾਂਦੀ ਹੈ ਅਥਵਾ ਕਚਾਈ ਪਕਾਈ ਬਗੀਚੀ ਥੋਂ ਮਲੂਮ ਹੁੰਦੀ ਏ, ਕਿਉਂ ਜੋ ਜੇਹੜੀ ਜ਼ਮੀਨ ਪੁਰ ਝੁਕ ਆਵੇ ਉਹ ਪੱਕੀ, ਜੇਹੜੀ ਖੜੀ ਰਹਿੰਦੀ ਹੈ, ਉਹ ਕੱਚੀ)।

ਨੀਰੁ ਨ ਡੋਬੈ ਅਗਿ ਨ ਸਾੜੀ ।੬।

(ਫਲ ਇਹ ਹੈ ਕਿ ਉਪਕਾਰੀਆਂ ਨੂੰ ਪ੍ਰਹਿਲਾਦ ਭਗਤ ਵਾਂਗੂ) ਪਾਣੀ ਡੋਬਦਾ ਨਹੀਂ, ਅੱਗ ਸਾੜਦੀ ਨਹੀਂ (ਅੰਤਰਮੁਖੀ ਗੁਰਮੁਖ ਨੂੰ ਪਦਾਰਥਾਂ ਦਾ ਪਾਣੀ ਡੋਬਦਾ ਨਹੀਂ ਅਰ ਤ੍ਰਿਸ਼ਨਾ ਦੀ ਅੱਗ ਸਾੜਦੀ ਨਹੀਂ ਹੈ)।

ਪਉੜੀ ੭

ਰਾਤਿ ਅਨ੍ਹੇਰੀ ਅੰਧਕਾਰੁ ਲਖ ਕਰੋੜੀ ਚਮਕਨ ਤਾਰੇ ।

ਹਨੇਰੀ ਰਾਤ ਦੇ ਹਨੇਰੇ ਵਿਖੇ ਲੱਖਾਂ ਕ੍ਰੋੜਾਂ ਤਾਰੇ ਚਮਕਦੇ ਹਨ।

ਘਰ ਘਰ ਦੀਵੇ ਬਾਲੀਅਨਿ ਪਰ ਘਰ ਤਕਨਿ ਚੋਰ ਚਗਾਰੇ ।

ਘਰ ਘਰ ਦੀਵੇ ਬਾਲੀਦੇ ਹਨ (ਫੇਰ ਬੀ) ਚੋਰ ਚਕਾਰ ਪਰਾਏ ਘਰਾਂ ਨੂੰ (ਚੋਰੀ ਲਈ) ਤੱਕਦੇ ਹਨ, (ਅਥਵਾ ਪਾਠਾਂਤ੍ਰ 'ਚਗਾਰੇ' ਕਹੀਏ ਚੰਚਲ ਕਾਮੀ ਲੋਕ ਇਸਤ੍ਰੀਆਂ ਨੂੰ ਤਾੜਦੇ ਹਨ)।

ਹਟ ਪਟਣ ਘਰਬਾਰੀਆ ਦੇ ਦੇ ਤਾਕ ਸਵਨਿ ਨਰ ਨਾਰੇ ।

ਸ਼ਹਿਰ ਦੀਆਂ ਹੱਟਾਂ (ਦੇ ਲੋਕ) (ਘਰਬਾਰੀਏ=) ਘਰ ਦੇ ਲੋਕ ਨਰ ਨਾਰੀਆਂ ਬੂਹੇ ਮਾਰ ਮਾਰ ਕੇ (ਅੰਦਰ) ਸੌਂ ਰਹਿੰਦੇ ਹਨ।

ਸੂਰਜ ਜੋਤਿ ਉਦੋਤੁ ਕਰਿ ਤਾਰੇ ਤਾਰਿ ਅਨ੍ਹੇਰ ਨਿਵਾਰੇ ।

ਸੂਰਜ ਆਪਣੀ ਜੋਤਿ ਦਾ ਪ੍ਰਕਾਸ਼ ਕਰ ਕੇ ਤਾਰੇ ਤੇ ਰਾਤ ਦਾ ਹਨੇਰਾ ਨਿਵਾਰ ਦਿੰਦਾ ਹੈ।

ਬੰਧਨ ਮੁਕਤਿ ਕਰਾਇਦਾ ਨਾਮੁ ਦਾਨੁ ਇਸਨਾਨੁ ਵਿਚਾਰੇ ।

(ਲੋਕਾਂ ਨੂੰ ਘਰਾਂ ਵਿਖੇ) ਬੰਧਨਾਂ ਤੋਂ ਮੁਕਤ ਕਰਾਉਂਦਾ ਹੈ, (ਅਤੇ ਲੋਕੀਂ) ਨਾਮ, ਦਾਨ ਅਤੇ ਇਸ਼ਨਾਨ ਦੇ ਵਿਹਾਰ ਵਿਚ ਲੱਗਦੇ ਹਨ।

ਗੁਰਮੁਖਿ ਸੁਖ ਫਲੁ ਸਾਧਸੰਗੁ ਪਸੂ ਪਰੇਤ ਪਤਿਤ ਨਿਸਤਾਰੇ ।

ਤਿਵਂੇ ਗੁਰਮੁਖਾਂ ਦੀ ਸਾਧ ਸੰਗਤ ਦਾ ਸੁਖ ਫਲ ਪਸੂਆਂ, ਪਰੇਤਾਂ, ਪਾਪੀਆਂ ਨੂੰ ਮੁਕਤ ਕਰ ਦਿੰਦਾ ਹੈ।

ਪਰਉਪਕਾਰੀ ਗੁਰੂ ਪਿਆਰੇ ।੭।

ਗੁਰੂ ਪਿਆਰੇ ਪਰਉਪਕਾਰੀ ਹੁੰਦੇ ਹਨ।

ਪਉੜੀ ੮

ਮਾਨ ਸਰੋਵਰੁ ਆਖੀਐ ਉਪਰਿ ਹੰਸ ਸੁਵੰਸ ਵਸੰਦੇ ।

ਮਾਨ ਸਰੋਵਰ (ਛੰਭ) ਕਹੀਦਾ ਹੈ, ਉਸ ਉਪਰ ਹੰਸ ਚੰਗੀ ਵੰਸ ਵਾਲੇ ਰਹਿੰਦੇ ਹਨ।

ਮੋਤੀ ਮਾਣਕ ਮਾਨਸਰਿ ਚੁਣਿ ਚੁਣਿ ਹੰਸ ਅਮੋਲ ਚੁਗੰਦੇ ।

(ਉਸ) ਮਾਨਸਰੋਂ ਮੋਤੀ ਅਤੇ ਮਾਣਕ ਅਮੋਲਕ ਚੁਗ ਚੁਗ ਕੇ ਹੰਸ ਖਾਂਦੇ ਹਨ।

ਖੀਰੁ ਨੀਰੁ ਨਿਰਵਾਰਦੇ ਲਹਰੀਂ ਅੰਦਰਿ ਫਿਰਨਿ ਤਰੰਦੇ ।

ਦੁਧ ਪਾਣੀ ਅੱਡ ਅੱਡ ਕਰ ਕੇ ਲਹਿਰਾਂ ਵਿਖੇ ਤਰਦੇ ਫਿਰਦੇ ਹਨ।

ਮਾਨ ਸਰੋਵਰੁ ਛਡਿ ਕੈ ਹੋਰਤੁ ਥਾਇ ਨ ਜਾਇ ਬਹੰਦੇ ।

ਮਾਨਸਰ ਨੂੰ ਤਿਆਗ ਕੇ ਹੋਰ ਥਾਵਾਂ ਵਿਚ ਨਹੀਂ ਬੈਠਦੇ।

ਗੁਰਮੁਖਿ ਸੁਖ ਫਲੁ ਸਾਧਸੰਗੁ ਪਰਮ ਹੰਸ ਗੁਰਸਿਖ ਸੁੋਹੰਦੇ ।

(ਪੰਜਵੀਂ ਤੁਕ ਵਿਖੇ ਦ੍ਰਿਸ਼ਟਾਂਤ ਦੱਸਦੇ ਹਨ) ਗੁਰਮੁਖਾਂ ਦੀ ਸਾਧ ਸੰਗਤ ਸੁਖ ਫਲ (ਰੂਪ ਮਾਨ ਸਰੋਵਰ) ਹੈ, ਅਰ ਗੁਰੂ ਦਾ ਸਿਖ ਪਰਮਹੰਸ (ਸ਼ਿਰੋਮਣੀ ਹੰਸ) ਸੋਭਦੇ ਹਨ।

ਇਕ ਮਨਿ ਇਕੁ ਧਿਆਇਦੇ ਦੂਜੇ ਭਾਇ ਨ ਜਾਇ ਫਿਰੰਦੇ ।

ਇਕ ਮਨ ਹੋਕੇ ਇਕ (ਨਿਰਾਕਾਰ) ਦਾ ਧਿਆਨ ਕਰਦੇ, ਅਰ ਦੂਜੇ ਭਾਉ ਵਿਖੇ ਨਹੀਂ ਫਿਰਦੇ।

ਸਬਦੁ ਸੁਰਤਿ ਲਿਵ ਅਲਖੁ ਲਖੰਦੇ ।੮।

ਗੁਰੂ ਦੇ ਸ਼ਬਦ ਦੀ ਸੁਰਤ ਵਿਚ ਤਾੜੀ ਲਾਕੇ ਅਲਖ (ਪਰਮਾਤਮਾ) ਨੂੰ ਲਖ ਲੈਂਦੇ ਹਨ।

ਪਉੜੀ ੯

ਪਾਰਸੁ ਪਥਰੁ ਆਖੀਐ ਲੁਕਿਆ ਰਹੈ ਨ ਆਪੁ ਜਣਾਏ ।

ਪਾਰਸ ਪੱਥਰ (ਦੀ ਗੀਟੀ) ਕਹੀਦਾ ਹੈ, ਪਰ ਉਹ (ਕਿਧਰੇ ਪਹਾੜਾਂ ਵਿਖੇ) ਲੁਕਿਆ ਰਹਿੰਦਾ ਹੈ, ਆਪਣਾ ਆਪ ਨਹੀਂ ਜਣਾਉਂਦਾ।

ਵਿਰਲਾ ਕੋਇ ਸਿਞਾਣਦਾ ਖੋਜੀ ਖੋਜਿ ਲਏ ਸੋ ਪਾਏ ।

ਕੋਈ ਵਿਰਲਾ ਹੋ ਕੇ ਹੀ ਉਸ ਨੂੰ ਲੱਭਦਾ ਹੈ (ਜਾਂ 'ਖੋਜੀ' ਕਹੀਏ) ਰਸਾਇਣੀ ਉਸ ਦਾ ਖੋਜ ਲੱਭ ਕੇ ਪਾਉਂਦਾ ਹੈ।

ਪਾਰਸੁ ਪਰਸਿ ਅਪਰਸੁ ਹੋਇ ਅਸਟ ਧਾਤੁ ਇਕ ਧਾਤੁ ਕਰਾਏ ।

(ਉਸ ਦਾ ਕੰਮ ਇਹ ਹੈ) (ਅਪਰਸ=) ਭੈੜੀ ਧਾਤੂ ਨੂੰ ਬੀ ਪਾਰਸ ਦਾ ਪਰਸਨਾ ਹੋ ਜਾਵੇ ਤਾ ਅੱਠਾਂ ਧਾਤਾਂ ਦੀ ਇਕ ਧਾਤ ਹੋ ਜਾਂਦੀ ਹੈ।

ਬਾਰਹ ਵੰਨੀ ਹੋਇ ਕੈ ਕੰਚਨੁ ਮੁਲਿ ਅਮੁਲਿ ਵਿਕਾਏ ।

ਬਾਰਾਂ ਵੰਨੀਆਂ ਦਾ ਸੋਨਾ ਬਣਕੇ ਮੁੱਲ ਥੋਂ ਅਮੁੱਲ ਹੋਕੇ ਵਿਕਦਾ ਹੈ। (ਹੁਣ ਅਗਲੀਆਂ ਤਿੰਨ ਤੁਕਾਂ ਵਿਖੇ ਦ੍ਰਿਸ਼ਟਾਂਤ ਗੁਰਮੁਖ ਪੁਰ ਘਟਾਉਂਦੇ ਹਨ)।

ਗੁਰਮੁਖਿ ਸੁਖ ਫਲ ਸਾਧਸੰਗੁ ਸਬਦ ਸੁਰਤਿ ਲਿਵ ਅਘੜ ਘੜਾਏ ।

ਗੁਰਮੁਖਾਂ ਦੀ ਸੰਗਤ ਹੀ ਸੁਖ ਫਲ (ਰੂਪ ਪਾਰਸ ਹੈ, ਭਾਵ ਉਹ ਜਤਨਾਂ ਨਾਲ ਮਿਲਦਾ ਹੈ, ਇਹ ਪਾਰਸ ਸੁਗਮ ਹੀ ਮਿਲਦੇ ਹਨ) ਸ਼ਬਦ ਦੀ ('ਸੁਰਤ'=) ਗਿਆਤ ਵਿਖੇ ਲਾਕੇ ('ਅਘੜ'=) ਮਨ ਨੂੰ (ਜੋ ਕਦੀ ਕਾਬੂ ਨਹੀਂ ਹੋ ਸਕਦਾ) ਘੜ ਦਿੰਦੇ (ਭਾਵ ਵੱਸ ਵਿਚ ਕਰ ਦਿੰਦੇ) ਹਨ।

ਚਰਣਿ ਸਰਣਿ ਲਿਵ ਲੀਣੁ ਹੋਇ ਸੈਂਸਾਰੀ ਨਿਰੰਕਾਰੀ ਭਾਏ ।

(ਅਕਾਲ ਪੁਰਖ ਦੇ) ਚਰਣਾਂ ਦੀ ਸ਼ਰਣ ਦੀ ਲਿਵ ਵਿਖੇ ਲੀਨ ਹੋਕੇ ਸ਼ੰਸਾਰ ਵਿਖੇ ਰਹਿਕੇ ਹੀ ('ਨਿਰੰਕਾਰੀ ਭਾਏ'=) ਨਿੰਰਕਾਰ ਦੇ ਭਗਤ (ਕਹੀਦੇ) ਹਨ, ਯਾ ਨਿਰੰਕਾਰ ਨੂੰ ਪਿਆਰੇ ਹੋ ਗਏ।

ਘਰਿ ਬਾਰੀ ਹੋਇ ਨਿਜ ਘਰਿ ਜਾਏ ।੯।

ਗ੍ਰਿਹਸਥ ਵਿਖੇ ਰਹਿਕੇ ਬੀ ('ਨਿਜ ਘਰ'=) ਸਰੂਪ ਵਿਚ ਸਮਾਏ।

ਪਉੜੀ ੧੦

ਚਿੰਤਾਮਣਿ ਚਿੰਤਾ ਹਰੈ ਕਾਮਧੇਨੁ ਕਾਮਨਾਂ ਪੁਜਾਏ ।

ਚਿੰਤਾਮਣੀ (ਮਨ ਦਾ) ਸ਼ੋਕ ਦੂਰ ਕਰਦੀ ਹੈ, ਕਾਮਧੇਨੁ (ਮਨ ਦੀ ਪਦਾਰਥ) ਵਾਸ਼ਨਾ ਪੁਰਦੀ ਹੈ (ਭਾਵ ਦੋਵੇਂ ਮੁਕਤੀ ਨਹੀਂ ਦੇਂਦੇ)।

ਫਲ ਫੁਲਿ ਦੇਂਦਾ ਪਾਰਜਾਤੁ ਰਿਧਿ ਸਿਧਿ ਨਵ ਨਾਥ ਲੁਭਾਏ ।

ਕਲਪ ਬ੍ਰਿਛ ਆਪਣੇ ਫਲ ਜਾਂ ਫੁਲ ਦੇ ਛਡਦਾ ਹੈ, ਨੌ ਨਾਥ (ਆਪ ਹੀ) ਰਿੱਧਾਂ, ਸਿੱਧਾਂ, ਅਤੇ ਨਿਧਾਂ ਵਿਖੇ ਲੋਭ ਰਹੇ ਹਨ (ਭਾਵ ਸੇਵਕਾਂ ਨੂੰ ਉਹ ਕੀ ਦੇਣਗੇ? ਕੁਝ ਨਹੀਂ)।

ਦਸ ਅਵਤਾਰ ਅਕਾਰ ਕਰਿ ਪੁਰਖਾਰਥ ਕਰਿ ਨਾਂਵ ਗਣਾਏ ।

ਦਸ ਅਵਤਾਰਾਂ ਜਨਮ ਲੈ ਕੇ ਪੁਰਖਾਰਥ (ਲੜਾਈਆਂ ਜੁੱਧ) ਕਰ ਕੇ ਨਾਮ ਹੀ ਗਿਣਾਇਆ। (ਅਗਲੀਆਂ ਚਾਰ ਤੁਕਾਂ ਵਿਖੇ ਗੁਰਮੁਖਾਂ ਦਾ ਵਾਧਾ ਦੱਸਦੇ ਹੋਏ ਲਿਖਦੇ ਹਨ):-

ਗੁਰਮੁਖਿ ਸੁਖ ਫਲੁ ਸਾਧਸੰਗੁ ਚਾਰਿ ਪਦਾਰਥ ਸੇਵਾ ਲਾਏ ।

ਗੁਰਮੁਖਾਂ ਦੀ ਸਾਧ ਸੰਗਤ ਵਿਖੇ ਸਰੂਪਾਨੰਦ ਹੈ, ਚਾਰ ਪਾਦਰਥ (ਧਰਮ, ਅਰਥ, ਕਾਮ, ਮੋਖ ਉਨ੍ਹਾਂ ਦੀ) ਸੇਵਾ ਵਿਖੇ (ਰੱਬ ਨੇ) ਲਾ ਦਿੱਤੇ ਹਨ।

ਸਬਦੁ ਸੁਰਤਿ ਲਿਵ ਪਿਰਮ ਰਸੁ ਅਕਥ ਕਹਾਣੀ ਕਥੀ ਨ ਜਾਏ ।

ਓਹਨਾਂ ਦੀ ਸ਼ਬਦ ਦੀ ਗਿਆਤ ਵਿਖੇ ਲਿਵ ਲਗੀ ਰਹਿੰਦੀ ਹੈ, ਪ੍ਰੇਮ ਰਸ ਦੀ ਅਕੱਥ ਕਹਾਣੀ ਹੈ, ਕਥਨ ਨਹੀਂ ਕੀਤੀ ਜਾਂਦੀ।

ਪਾਰਬ੍ਰਹਮ ਪੂਰਨ ਬ੍ਰਹਮ ਭਗਤਿ ਵਛਲ ਹੁਇ ਅਛਲ ਛਲਾਏ ।

ਸਭ ਤੇ ਪਰੇ ਬ੍ਰਹਮ ਹੋਕੇ, ਸਾਰੇ (ਅਕਾਸ਼ਵਤ) ਪੂਰਣ ਹੋ ਰਿਹਾ ਹੈ, ਭਗਤ ਵਛਲ ਹੈ, ਫੇਰ ਛਲਾ ਲੈਂਦਾ ਹੈ। (ਗੁਰਮੁਖਾਂ ਪਾਸ ਸੁਖ ਫਲ ਰੂਪ ਪ੍ਰੇਮ ਰਸ ਵਿਦਮਾਨ ਹੈ ਇਸ ਕਾਰਣ ਅਛਲ ਪਰਮਾਤਮਾ ਭਗਤ ਵੱਛਲ ਹੋਣ ਕਰਕੇ) ਅਛਲਾਂ (ਵਡੇ ਚਾਲਕਾਂ) ਕੋਲੋਂ ਬੀ ਨਹੀਂ ਛਲਿਆ ਜਾਂਦਾ (ਪਰ 'ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ' ਅਨੁਸਾਰ

ਲੇਖ ਅਲੇਖ ਨ ਕੀਮਤਿ ਪਾਏ ।੧੦।

(ਗੁਰਮੁਖ) ਲੇਖੇ ਥੋਂ ਅਲੇਖ ਹਨ (ਕੋਈ) ਕੀਮਤ ਨਹੀਂ ਪਾ ਸਕਦਾ।

ਪਉੜੀ ੧੧

ਇਕੁ ਕਵਾਉ ਪਸਾਉ ਕਰਿ ਨਿਰੰਕਾਰਿ ਆਕਾਰੁ ਬਣਾਇਆ ।

ਨਿਰੰਕਾਰ ਨੇ ਇਕ ਵਾਕ ਥੋਂ ਪਸਾਰਾ ਕਰ ਕੇ ਅਕਾਰ (=ਸੰਸਾਰ) ਬਣਾ ਦਿੱਤਾ ਹੈ।

ਤੋਲਿ ਅਤੋਲੁ ਨ ਤੋਲੀਐ ਤੁਲਿ ਨ ਤੁਲਾਧਾਰਿ ਤੋਲਾਇਆ ।

(ਪਸਾਰਾ) ਤੋਲਣ ਤੋਂ ਅਤੋਲ ਹੈ, ਨਾ ਇਸ ਨੂੰ ਕੋਈ ਛੋਟੀ ਤਕੜੀ ਤੋਲਦੀ ਹੈ ਨਾ ਹੀ ਵਡੇ ਤੱਕੜ ਤੇ ਤੋਲਿਆਂ ਜਾਂਦਾ ਹੈ, (ਭਾਵ ਰਿਖੀ ਮੁਨੀ ਅਤੇ ਬ੍ਰਹਮਾਦਿਕਾਂ ਦੀਆਂ ਬੂੱਧੀਆਂ ਹੈਰਾਨ ਹੋ ਰਹੀਆਂ ਹਨ, ਜਿਹਾਕੁ “ਨਾਲਿ ਕੁਟੰਬੁ ਸਾਥਿ ਵਰ ਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ॥ ਆਗੈ ਅੰਤੁ ਨ ਪਾਇਓ ਤਾਕਾ ਕੰਸੁ ਛੇਦ ਕਿਆ ਵਡਾ ਭਇ

ਲੇਖ ਅਲੇਖੁ ਨ ਲਿਖੀਐ ਅੰਗੁ ਨ ਅਖਰੁ ਲੇਖ ਲਿਖਾਇਆ ।

(ਕਾਦਰ ਦਾ) ਲੇਖਾ ਅਲੇਖ ਹੈ, ਨਹੀਂ ਲਿਖਿਆ ਜਾਂਦਾ ਅੰਗਾਂ ਵਿਚ, ਤੇ ਨਾਂ ਹੀ ਅੱਖਰਾਂ ਵਿਚ ਲਿਖ ਸਕੀਦਾ ਹੈ।

ਮੁਲਿ ਅਮੁਲੁ ਨ ਮੋਲੀਐ ਲਖੁ ਪਦਾਰਥ ਲਵੈ ਨ ਲਾਇਆ ।

ਮੁੱਲ ਥੋਂ ਅਮੁੱਲ ਹੈ, (ਕੋਈ) ਮੁੱਲ ਨਹੀਂ ਪਾ ਸਕਦਾ, (ਕਿਉਂ ਜੋ) ਲੱਖਾਂ ਪਦਾਰਥ ਇਕ (ਆਤਮਾ ਦੇ) ਬਰਾਬਰ ਨਹੀਂ ਹੋ ਸਕਦੇ।

ਬੋਲਿ ਅਬੋਲੁ ਨ ਬੋਲੀਐ ਸੁਣਿ ਸੁਣਿ ਆਖਣੁ ਆਖਿ ਸੁਣਾਇਆ ।

ਬੋਲਣ ਤੋਂ ਅਬੋਲ ਹੈ (ਭਾਵ ਬਾਣੀ ਥੋਂ ਪਰੇ ਹੈ, ਪਰ ਮਨ ਬੀ ਉਥੇ ਨਹੀਂ ਬੋਲ ਸਕਦਾ, ਲੋਕ) ਸੁਣ ਸੁਕਣ ਅਖਾਣਾਂ ਨੂੰ ਆਖਕੇ ਸੁਣਾਉਂਦੇ ਹਨ।

ਅਗਮੁ ਅਥਾਹੁ ਅਗਾਧਿ ਬੋਧ ਅੰਤੁ ਨ ਪਾਰਾਵਾਰੁ ਨ ਪਾਇਆ ।

(ਆਤਮਾ) ਅਗਮ ਤੇ ਅਥਾਹ ਸਮੁੰਦਰ ਹੈ, ਉਸ ਦੇ ਗਿਆਨ ਦਾ ਕਿਸੇ ਅੰਤ ਯਾ ਪਾਰਾਵਾਰ ਨਹੀਂ ਪਾਇਆ।

ਕੁਦਰਤਿ ਕੀਮ ਨ ਜਾਣੀਐ ਕੇਵਡੁ ਕਾਦਰੁ ਕਿਤੁ ਘਰਿ ਆਇਆ ।

(ਉਸ ਦੀ ਕੁਦਰਤ ਦੀ ਕੀਮਤ ਨਹੀਂ ਜਾਣੀਦੀ ਕੇਡਾ ਵੱਡਾ ਕਾਦਰ ਹੈ ਅਰ ਉਸ ਦਾ ਘਰ ਕਿਹੜਾ ਹੈ? (ਆਪ ਹੀ ਅਗੇ ਉਤਰ ਦਿੰਦੇ ਹਨ)।

ਗੁਰਮੁਖਿ ਸੁਖਫਲੁ ਸਾਧਸੰਗੁ ਸਬਦੁ ਸੁਰਤਿ ਲਿਵ ਅਲਖ ਲਖਾਇਆ ।

ਗੁਰਮੁਖਾਂ ਦੀ ਸਾਧ ਸੰਗਤ ਹੀ ਸੁਖ ਫਲ ਰੂਪ ਹੋ ਕੇ, ਸ਼ਬਦ ਦੀ ਸੁਰਦਿ ਵਿਖੇ ਲਿਵ ਨਾਲ ਅਲਖ ਨੂੰ ਲਖਾ ਦਿੰਦੇ ਹਨ।

ਪਿਰਮ ਪਿਆਲਾ ਅਜਰੁ ਜਰਾਇਆ ।੧੧।

(੯) ਪ੍ਰੇਮ ਦਾ ਪਿਆਲਾ ਪੀਕੇ ਅਜਰ (ਵਸਤੂ ਨੂੰ) ਜਰ ਜਾਂਦੇ ਹਨ (ਭਾਵ ਝੂਠੇ ਅਮਲੀਆਂ ਵਾਂਗੂੰ ਬੜ ਬੜ ਨਹੀਂ ਕਰਦੇ, ਸਰੂਪ ਵਿਖੇ ਮਗਨ ਰਹਿੰਦੇ ਹਨ)।

ਪਉੜੀ ੧੨

ਸਾਦਹੁ ਸਬਦਹੁ ਬਾਹਰਾ ਅਕਥ ਕਥਾ ਕਿਉਂ ਜਿਹਬਾ ਜਾਣੈ ।

ਸਵਾਦਾਂ ਅਰ ਬਾਣੀ ਤੋਂ ਪਰੇ ਹੈ, ਅਕੱਥ (ਉਸ ਦੀ) ਕਥਾ ਹੈ, ਜੀਭ ਕਿੱਕੂੰ ਜਾਣ ਸਕੇ (ਕਿਉਂ ਜੋ ਆਤਮਾ ਜੀਭ ਦੇ ਦੋਹਾਂ ਵਿਸ਼ਿਆਂ-ਸਵਾਦ ਤੇ ਬੋਲਣ-ਤੋਂ ਪਰੇ ਹੈ)।

ਉਸਤਤਿ ਨਿੰਦਾ ਬਾਹਰਾ ਕਥਨੀ ਬਦਨੀ ਵਿਚਿ ਨ ਆਣੈ ।

ਉਸਤਤ ਅਰ ਨਿੰਦਾ ਥੋਂ ਬਾਝ ਹੈ, (ਭਾਵ ਰਾਗ ਦ੍ਵੈਖ ਤੋਂ ਰਹਿਤ ਹੈ) ਕਥਾ ਅਤੇ ਕਵੀਸ਼ਰੀ ਵਿਖੇ ਨਹੀਂ ਆ ਸਕਦਾ।

ਗੰਧ ਸਪਰਸੁ ਅਗੋਚਰਾ ਨਾਸ ਸਾਸ ਹੇਰਤਿ ਹੈਰਾਣੇ ।

ਸੁੰਘਣ ਅਰ ਛੁਹਣ ਦੇ ਵਿਸ਼ਿਆਂ ਥੋਂ ਅਗੋਚਰ ਹੈ, ਸਵਾਸ ਤੋਂ ਬੀ ਨਾਸ਼ (ਰਹਿਤ) ਹੈ (ਭਾਵ ਪ੍ਰਾਣਾਯਾਮ ਤੋਂ ਪਰੇ ਹੈ) (ਹੈ ਕੀ?) ਹੈਰਾਨੀ ਹੈ ਅਸਚਰਜ ਹੈ (ਕਿ ਕੀ ਕਿਹਾ ਜਾਏ) (ਅਥਵਾ) ਪ੍ਰਾਣਾਂ ਵਲ ਦੇਖਕੇ ਚੱਕ੍ਰਿਤ (ਬੁੱਧੀ) ਹੈਰਾਨ ਹੁੰਦੀ ਹੈ।

ਵਰਨਹੁ ਚਿਹਨਹੁ ਬਾਹਰਾ ਦਿਸਟਿ ਅਦਿਸਟਿ ਨ ਧਿਆਨੁ ਧਿਙਾਣੈ ।

ਰੰਗ ਰੂਪ ਥੋਂ ਬਾਹਰ ਹੈ, ਦ੍ਰਿਸ਼ਟ ਤੋਂ ਅਦ੍ਰਿਸ਼ਟ ਹੈ, (ਨਜ਼ਰ ਤੋਂ ਨਹੀਂ ਡਿੱਠਾ ਜਾਂਦਾ) ਧਿਆਨ ਦੇ ਧੱਕੇ (ਵਿਚ ਬੀ) ਨਹੀਂ ਆਉਂਦਾ।

ਨਿਰਾਲੰਬੁ ਅਵਲੰਬ ਵਿਣੁ ਧਰਤਿ ਅਗਾਸਿ ਨਿਵਾਸੁ ਵਿਡਾਣੈ ।

ਨਿਰਾਸ਼੍ਰਯ ਹੋਕੇ ਧਰਤੀ ਵਿਖੇ ਅਰ ਆਸ਼੍ਰਯ ਬਿਠਾ ਅਕਾਸ਼ ਵਿਖੇ ਨਿਰੰਤਰ ਵਾਸਾ ਕਰ ਰਿਹਾ ਹੈ, (ਇਹ) ਅਚਰਜ ਗੱਲ ਹੈ (ਜੇ ਕਹੀਏ ਕਿ ਉਸ ਦਾ ਸੱਚਾ ਦੇਸ਼ ਕਿਹੜਾ ਹੈ?) (ਉੱਤਰ:)

ਸਾਧਸੰਗਤਿ ਸਚਖੰਡਿ ਹੈ ਨਿਰੰਕਾਰੁ ਗੁਰ ਸਬਦੁ ਸਿਞਾਣੈ ।

ਸਾਧ ਸੰਗਤ ਹੀ ਉਸ ਦਾ ਸਚਖੰਡ ਹੈ, (ਕਿਉਂ ਜੋ) ਨਿਰੰਕਾਰ ਗੁਰੂ ਦੇ ਸ਼ਬਦ ਕਰ ਕੇ ਸਿਾਣੀ ਦਾ ਹੈ।

ਕੁਦਰਤਿ ਕਾਦਰ ਨੋ ਕੁਰਬਾਣੈ ।੧੨।

(ਇਸ) ਕਾਦਰ ਦੀ ਕੁਦਰਤ ਥੋਂ ਅਸੀਂ ਵਾਰਨੇ ਜਾਂਦੇ ਹਾਂ।

ਪਉੜੀ ੧੩

ਗੁਰਮੁਖਿ ਪੰਥੁ ਅਗੰਮ ਹੈ ਜਿਉ ਜਲ ਅੰਦਰਿ ਮੀਨੁ ਚਲੰਦਾ ।

ਗੁਰਮੁਖਾਂ ਦਾ ਰਸਤਾ (ਅਨੁਭਵ) ਅਗੰਮ ਹੈ (ਦ੍ਰਿਸ਼ਟਾਂਤ:) ਜਿਕੁਰ ਪਾਣੀ ਵਿਖੇ ਮੱਛ ਚੱਲਦਾ ਹੈ, (ਜਿਕੁਰ ਮੱਛੀ ਕਿਸ ਰਸਤੇ ਗਈ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਗੁਰਮੁਖ ਮਾਰਗ ਦਾ ਪਤਾ ਨਹੀਂ ਲਗਦਾ, ਪਰ ਗੁਰਮੁਖ ਹੋਇਆਂ ਸਾਰੇ ਉਸ ਦਾ ਰਸਤਾ ਹੈ, ਜਿਸ ਤਰ੍ਹਾਂ ਮੱਛ ਦਾ ਰਸਤਾ ਹਰ ਥਾਂ ਹੈ, ਮੱਛ ਨੇ ਪੂਰਨ ਵਿਚ ਨਿਵਾਸ ਪਾਯਾ ਹੈ

ਗੁਰਮੁਖਿ ਖੋਜੁ ਅਲਖੁ ਹੈ ਜਿਉ ਪੰਖੀ ਆਗਾਸ ਉਡੰਦਾ ।

ਗੁਰਮੁਖਾਂ ਦਾ 'ਖੋਜ' (ਅਨੁਭਵ) ਲਖਿਆ ਨਹੀਂ ਜਾਂਦਾ, ਜਿਕੁਰ ਪੰਖੀ ਅਕਾਸ਼ ਵਿਖੇ ਉਡਦਾ ਹੈ, (ਨਾਮ ਦੇਵ ਜੀ ਬੀ ਰਾਗ ਗੂਜਰੀ ਵਿਖੇ ਲਿਖਦੇ ਹਨ “ਜਿਉ ਅਕਾਸੈ ਪੰਖੀਅਲੇ ਖੋਜੁ ਨਿਰਖਿਓ ਨ ਜਾਈ॥ ਜਿਉ ਜਲ ਮਾਝੇ ਮਾਛਲੋ ਮਾਰਗ ਪੇਖਣੋ ਨ ਜਾਈ”॥)

ਸਾਧਸੰਗਤਿ ਰਹਰਾਸਿ ਹੈ ਹਰਿ ਚੰਦਉਰੀ ਨਗਰੁ ਵਸੰਦਾ ।

ਸਾਧ ਸੰਗਤ ਹੀ ਸਿੱਧਾ ਰਸਤਾ ਹੈ, (ਸੰਸਾਰ) ਹਰਿ ਚੰਦਉਰੀ ਨਗਰ (ਵਾਂਙ) ਵਸਦਾ ਹੈ।

ਚਾਰਿ ਵਰਨ ਤੰਬੋਲ ਰਸੁ ਪਿਰਮ ਪਿਆਲੈ ਰੰਗੁ ਚਰੰਦਾ ।

ਚਾਰ ਵਰਣ ਦੇ (ਕੱਥ, ਸੁਪਾਰੀ, ਚੂਨਾਂ, ਅਤੇ ਪਾਨ ਦੇ ਰਸ ਵਾਂਙੂ ਪ੍ਰੇਮ ਦੇ ਪਿਆਲੇ ਦਾ ਰੰਗ (ਚੜ੍ਹਦੇ ਤੋਂ) ਚੜ੍ਹਦਾ ਹੁੰਦਾ ਹੈ, (ਦ੍ਰਿਸ਼ਟਾਂਤ-ਚਾਰ ਵਰਣਾਂ ਦੇ ਸਾਧ ਸੰਗਤ ਵਿਚ ਆਕੇ ਇਕ ਹੀ ਕਹਾਉਂਦੇ ਹਨ)।

ਸਬਦ ਸੁਰਤਿ ਲਿਵ ਲੀਣੁ ਹੋਇ ਚੰਦਨ ਵਾਸ ਨਿਵਾਸ ਕਰੰਦਾ ।

(ਗੁਰੂ ਦੇ) ਸ਼ਬਦ ਦੀ ਸੁਰਤ ਦੀ ਲਿਵ ਵਿਖੇ ਲੀਨ ਹੋਕੇ ਚੰਦਨ ਦੀ ਵਾਸ਼ਨਾਂ ਦੇ ਨਿਵਾਸ (ਵਾਂਗ ਜਗ੍ਯਾਸੂਆਂ ਨੂੰ ਆਪਣੇ ਜਿਹਾ ਚੰਦਨ) ਕਰਦੇ ਹਨ।

ਗਿਆਨੁ ਧਿਆਨੁ ਸਿਮਰਣੁ ਜੁਗਤਿ ਕੂੰਜਿ ਕੂਰਮ ਹੰਸ ਵੰਸ ਵਧੰਦਾ ।

ਗਿਆਨ ਧਿਆਨ ਅਤੇ ਸਿਮਰਣ ਦੀ ਜੁਗਤੀ ਨੂੰ ਕੂੰਜ ਕੱਛੂ ਅਤੇ ਹੰਸਾਂ ਦੀ ਵੰਸ (ਵਾਂਙੂ) ਵਧਾਉਂਦੇ ਹਨ।

ਗੁਰਮੁਖਿ ਸੁਖ ਫਲੁ ਅਲਖ ਲਖੰਦਾ ।੧੩।

ਗੁਰਮੁਖ ਲੋਕ ਸੁਖ ਫਲ ਜੋ ਅਲਖ (ਪਰਮਾਤਮਾ ਹੈ ਉਸ ਨੂੰ ਗੁਰੂ ਦੀ ਕਿਰਪਾ ਨਾਲ) ਲਖ ਲੈਂਦੇ ਹਨ (ਭਾਵ ਪ੍ਰਾਪਤ ਕਰਦੇ ਹਨ)।

ਪਉੜੀ ੧੪

ਬ੍ਰਹਮਾਦਿਕ ਵੇਦਾਂ ਸਣੈ ਨੇਤਿ ਨੇਤਿ ਕਰਿ ਭੇਦੁ ਨ ਪਾਇਆ ।

ਬ੍ਰਹਮਾਦਿਕ (ਦੇਵਤਿਆਂ) ਨੇ ਵੇਦਾਂ ਦੇ ਸਮੇਤ ਭੇਦ ਨਾ ਪਾ ਕੇ ਨੇਤਿ ਨੇਤਿ (ਹੀ ਪਿੱਛੋਂ) ਕਿਹਾ।

ਮਹਾਦੇਵ ਅਵਧੂਤੁ ਹੋਇ ਨਮੋ ਨਮੋ ਕਰਿ ਧਿਆਨਿ ਨ ਆਇਆ ।

ਸ਼ਿਵ ਨੇ (ਅਵਧੂਤ) ਸੁਆਹ ਪਿੰਡੇ ਪੁਰ ਮਲ ਕੇ (ਵਡਾ ਤਪ ਕੀਤਾ) ਛੇਕ ਨਮੋ ਨਮੋ ਹੀ ਕੀਤੀ (ਉਸ ਦੇ) ਧਿਆਨ ਵਿਚ ਭੀ ਨਾ ਆਇਆ।

ਦਸ ਅਵਤਾਰ ਅਕਾਰੁ ਕਰਿ ਏਕੰਕਾਰੁ ਨ ਅਲਖੁ ਲਖਾਇਆ ।

ਦਸ ਅਵਤਾਰਾਂ ਨੇ 'ਅਕਾਰ' ਧਾਰਿਆ(ਪਰੰਤੂ) ਏਕੰਕਾਰ ਅਲਖ ਨੂੰ ਨਾ ਲਖਿਆ।

ਰਿਧਿ ਸਿਧਿ ਨਿਧਿ ਨਾਥ ਨਉ ਆਦਿ ਪੁਰਖੁ ਆਦੇਸੁ ਕਰਾਇਆ ।

ਨੌਂ ਨਾਥਾਂ ਭੀ ਰਿੱਧੀਆਂ, ਸਿੱਧੀਆਂ, ਨਿੱਧਾਂ ਪਾਕੇ ਆਦਿ ਪੁਰਖ ਪਰਮਾਤਮਾਂ ਨੂੰ ਮੱਥਾ ਹੀ ਟੇਕਿਆ (ਭਾਵ ਥਹੁ ਨਾ ਲੱਭਾ, ਭੈ ਨਾਲ ਮੱਥਾ ਹੀ ਟੇਕਿਆ, ਇਕਰਾਰ ਕੀਤਾ ਕਿ ਹੈ, ਪਰ ਪਤਾ ਨਾ ਲੱਗਾ ਕਿ ਕੈਸਾ ਹੈ?)

ਸਹਸ ਨਾਂਵ ਲੈ ਸਹਸ ਮੁਖ ਸਿਮਰਣਿ ਸੰਖ ਨ ਨਾਉਂ ਧਿਆਇਆ ।

ਸ਼ੇਸ਼ਨਾਗ ਨੇ ਹਜ਼ਾਰ ਮੁਖ ਕਰ ਕੇ ਹਜ਼ਾਰ ਨਾਮ (ਨਵਾਂ ਰੋਜ਼ ਲੈਕੇ) ਸਿਮਰਣ ਕੀਤਾ, (ਪਰੰਤੂ ਧਿਆਵਣ ਥੋਂ) ਗਿਣਤੀ ਬੱਸ ਨਾ ਹੋਈ।

ਲੋਮਸ ਤਪੁ ਕਰਿ ਸਾਧਨਾ ਹਉਮੈ ਸਾਧਿ ਨ ਸਾਧੁ ਸਦਾਇਆ ।

ਲੋਮਸ (ਵੱਡੀ ਆਰਜਾ ਵਾਲੇ ਇਕ) ਰਿਖੀ ਨੇ ਤਪ ਕਰ ਕੇ ਸਾਧਨਾਂ ਕੀਤੀਆਂ ਪਰ ਹਉਮੈ ਸਾਧ ਕੇ (ਮਾਰਕੇ ਨਿਜ ਨੂੰ) ਸਾਧ ਨਾ ਕਹਾ ਸਕਿਆ।

ਚਿਰੁ ਜੀਵਣੁ ਬਹੁ ਹੰਢਣਾ ਗੁਰਮੁਖਿ ਸੁਖੁ ਫਲੁ ਪਲੁ ਨ ਚਖਾਇਆ ।

ਚਿਰਜੀਵੀ (ਮਾਰਕੰਡੇਯ) ਆਦਿ ਨੇ ਬਾਹਲੇ ਚਿਰ ਤੀਕ (ਉਮਰ) ਗੁਜਾਰੀ, ਪਰੰਤੂ ਗੁਰਮੁਖਾਂ ਦਾ ਸੁਖ ਫਲ ਪਲ ਮਾਤ੍ਰ ਬੀ ਨਾ ਚਖਿਆ ('ਅਲ' ਪਾਠਾਂਤ੍ਹ੍ਹ ਹੈ, ਅਰਥ ਭੌਰੇ ਵਾਂਙੂ ਪ੍ਰੇਮ ਨਾਲ ਨਾ ਚਖਿਆ ਅਥਵਾ ਤ੍ਰਿਪਤ ਹੋਕੇ ਨਾ ਚਖਿਆ)।

ਕੁਦਰਤਿ ਅੰਦਰਿ ਭਰਮਿ ਭੁਲਾਇਆ ।੧੪।

(ਪਿਛੇ ਕਹੇ ਸਾਰੇ) 'ਕੁਦਰਤ' ਦੇ ਅੰਦਰ ਹੀ ਭਰਮ ਵਿਖੇ ਭੁੱਲੇ ਰਹੇ (ਗੁਰਮੁਖਾਂ ਦਾ ਅਨੰਦ ਨਾ ਲੀਤਾ)।

ਪਉੜੀ ੧੫

ਗੁਰਮੁਖਿ ਸੁਖਫਲੁ ਸਾਧਸੰਗੁ ਭਗਤਿ ਵਛਲ ਹੋਇ ਵਸਿਗਤਿ ਆਇਆ ।

ਗੁਰਮੁਖਾਂ ਦੀ ਸਾਧ ਸੰਗਤ ਸੁਖ ਰੂਪੀ ਫਲ ਹੈ, (ਅਰਥਾਤ-ਸਾਰਿਆਂ ਸੁਖਾਂ ਦਾ ਫਲ ਰੂਪ ਹੈ) ਕਿਉਂ ਜੋ ਭਗਤ ਵੱਛਲ ਹੋਕੇ (ਨਾਮ ਰਖਾਕੇ ਸਾਧ ਸੰਗਤ ਦੇ) ਵੱਸ ਆਯਾ ਹੈ, (ਭਾਵ ਪ੍ਰੇਮ ਨਾਲ ਮਿਲਿਆ ਹੈ)।

ਕਾਰਣੁ ਕਰਤੇ ਵਸਿ ਹੈ ਸਾਧਸੰਗਤਿ ਵਿਚਿ ਕਰੇ ਕਰਾਇਆ ।

ਸਾਰੇ ਕਾਰਣ ਕਰਤੇ ਦੇ ਹੱਥ ਹਨ (ਪਰੰਤੂ) ਸਾਧ ਸੰਗਤ ਵਿਖੇ (ਸੰਤਾਂ ਦਾ) ਕਰਾਯਾ ਕਰਦਾ ਹੈ।

ਪਾਰਬ੍ਰਹਮੁ ਪੂਰਨ ਬ੍ਰਹਮੁ ਸਾਧਸੰਗਤਿ ਵਿਚਿ ਭਾਣਾ ਭਾਇਆ ।

(ਪਾਰਬ੍ਰਹਮ) ਨਿਰਗੁਣ ਹੋਕੇ 'ਪੂਰਣ ਬ੍ਰਹਮ' ਸਰੂਪ ਹੋ ਜਾਂਦਾ ਹੈ, ਕਿਉਂ ਜੋ ਸਾਧ ਸੰਗਤ ਦਾ ਭਾਣਾ (ਉਸ ਨੂੰ) ਚੰਗਾ ਲੱਗਦਾ ਹੈ।

ਰੋਮ ਰੋਮ ਵਿਚਿ ਰਖਿਓਨੁ ਕਰਿ ਬ੍ਰਹਮੰਡ ਕਰੋੜਿ ਸਮਾਇਆ ।

ਇਕ ਇਕ ਰੋਮ ਵਿਖੇ ਕਰੋੜ ਬ੍ਰਹਮੰਡ ਉਤਪਤ ਕਰ ਕੇ ਸਮਾਇ ਰਖੇ ਹਨ।

ਬੀਅਹੁ ਕਰਿ ਬਿਸਥਾਰੁ ਵੜੁ ਫਲ ਅੰਦਰਿ ਫਿਰਿ ਬੀਉ ਵਸਾਇਆ ।

(ਦ੍ਰਿਸ਼ਟਾਂਤ) ਇਕ ਬੀਜ ਥੋਂ ਬੋਹੜ ਦਾ ਵਿਸਥਾਰ ਕਰ ਦਿੰਦਾ ਹੈ ਓਹੀ ਬੀਜ ਫੇਰ ਬੋਹੜ ਦੇ ਫਲ ਵਿਖੇ ਵਸਾਉਂਦਾ ਹੈ। (ਅਜਿਹੇ ਪੂਰਬੋਕਤ ਈਸ਼੍ਵਰ ਦੀ ਪ੍ਰਾਪਤੀ ਦਾ ਉਪਾਉ ਛੇਕੜਲੀਆਂ ਦੋ ਤੁਕਾਂ ਵਿਖੇ ਦੱਸਦੇ ਹਨ)।

ਅਪਿਉ ਪੀਅਣੁ ਅਜਰ ਜਰਣੁ ਆਪੁ ਗਵਾਇ ਨ ਆਪੁ ਜਣਾਇਆ ।

ਜਿਨ੍ਹਾਂ ਨੇ ਨਾਮ ਰੂਪ ਅੰਮ੍ਰਿਤ ਪੀਕੇ ਅਸਚਰਜ (ਨਾ ਜਰੀ ਜਾਣ ਵਾਲੀ ਵਿਸਮਾਦ ਰੂਪ ਈਸ਼੍ਵਰੀ ਦਾਤ ਸੁਖ ਫਲ ਪਾਕੇ) ਜਰ ਲੀਤੀ ਹੈ, (ਜਰਨ ਦਾ ਰੂਪ ਕੀ ਹੈ ਕਿ) ਆਪਾ ਭਾਵ ਦਿੱਤਾ ਹੈ, ਅਰ ਜਣਾਉਂਦੇ ਨਹੀਂ (ਕਿ ਅਸੀਂ ਬੀ ਕੁਛ ਜਾਣਦੇ ਹਾਂ)।

ਅੰਜਨੁ ਵਿਚਿ ਨਿਰੰਜਨੁ ਪਾਇਆ ।੧੫।

(ਅਜਿਹੇ ਸਤਿ ਪੁਰਖਾਂ ਨੇ) ਮਾਯਾ ਵਿਚ ਹੀ ਨਿਰੰਕਾਰ ਨੂੰ ਪਾ ਲੀਤਾ ਹੈ।

ਪਉੜੀ ੧੬

ਮਹਿਮਾ ਮਹਿ ਮਹਿਕਾਰ ਵਿਚਿ ਮਹਿਮਾ ਲਖ ਨ ਮਹਿਮਾ ਜਾਣੈ ।

ਧਰਤੀ ਦੀਆਂ 'ਮਹਿੰਮਾਂ' ਵਡਿਆਈਆਂ ਦੇ ਫੈਲਾਉ ਵਿਖੇ (ਤਾਂ ਕਈ ਗੁਣੀ ਸਿਆਣੇ ਹਨ, ਪਰ ਵਾਹਿਗੁਰੂ ਦੀਆਂ) ਮਹਿੰਮਾਂ ਨੂੰ ਲਖਕੇ ਕੋਈ (ਉਸ ਦੀ) ਮਹਿੰਮਾ (ਕਹਿਣੀ) ਨਹੀਂ ਜਾਣਦਾ।

ਲਖ ਮਹਾਤਮ ਮਹਾਤਮਾ ਤਿਲ ਨ ਮਹਾਤਮੁ ਆਖਿ ਵਖਾਣੈ ।

ਲੱਖਾਂ ਮਹਾਤਮ (ਪ੍ਰਤਾਪ ਪਾਕੇ) ਆਪ ਮਹਾਤਮਾ (ਬ੍ਯਾਸਾਦਿਕ ਰਿਖੀ) ਬਣ ਬੈਠੇ (ਪਰੰਤੁ ਵਾਹਿਗੁਰੂ ਦੇ) ਪ੍ਰਤਾਪ ਦਾ ਇਕ ਤਿਲ ਬੀ ਆਖਕੇ ਨਾ ਵ੍ਯਾਖ੍ਯਾਨ ਕਰ ਸਕੇ।

ਉਸਤਤਿ ਵਿਚਿ ਲਖ ਉਸਤਤੀ ਪਲ ਉਸਤਤਿ ਅੰਦਰਿ ਹੈਰਾਣੈ ।

(ਦੇਵਤਿਆਂ ਰਾਜਿਆਂ ਦੀਆਂ) ਲਖਾਂ ਉਸਤਤੀਆਂ (ਕਰਨਹਾਰੇ) ਹਨ, ਪਰੰਤੂ (ਓਹ ਸਾਰੇ ਪਰਮੇਸ਼ੁਰ ਦੀ) ਪਲ ਮਾਤ੍ਰ ਉਸਤਤੀ ਵਿਚ ਹੈਰਾਨ ਹੋ ਜਾਂਦੇ ਹਨ।

ਅਚਰਜ ਵਿਚਿ ਲਖ ਅਚਰਜਾ ਅਚਰਜ ਅਚਰਜ ਚੋਜ ਵਿਡਾਣੈ ।

(ਸ੍ਰਿਸ਼ਟੀ ਭਾਲਦੇ ਭਾਲਦੇ) ਅਚਰਜ (ਹੋ ਗਏ ਬ੍ਰਹਮਾਦਿਕ) ਲੱਖਾਂ ਹੀ ਅਚਰਜ ਹੋ ਰਹੇ ਹਨ, (ਪਰ ਉਹ ਇਸ) ਅਚਰਜ ਰੂਪ (ਸ੍ਰਿਸ਼ਟੀ ਦਾ ਕਰਤਾ ਜੋ) ਅਚਰਜ ਰੂਪ ਰਖਦਾ ਹੈ (ਉਸ ਅਚਰਜਤਾਈ) ਦਾ 'ਚੋਜ ਵਿਡਾਣੀ' ਤੋ (ਬਹੁਤ ਹੀ ਅਚਰਜ ਰੂਪ) ਹੈ।

ਵਿਸਮਾਦੀ ਵਿਸਮਾਦ ਲਖ ਵਿਸਮਾਦਹੁ ਵਿਸਮਾਦ ਵਿਹਾਣੈ ।

ਲੱਖਾ ਵਿਸਮਾਦੀ(ਅਚਰਜ ਹੋਣ ਵਾਲੇ) ਵਿਸਮਾਦ ਵਿਚ ਹਨ, (ਪਰੰਤੂ ਪਰਮੇਸ਼ੁਰ) ਵਿਸਮਾਦ (ਰੂਪ ਸਭ) ਵਿਸਮਾਦਾਂ ਤੋਂ ਬੀ ਪਰੇ ਹੈ।

ਅਬਗਤਿ ਗਤਿ ਅਤਿ ਅਗਮ ਹੈ ਅਕਥ ਕਥਾ ਆਖਾਣ ਵਖਾਣੈ ।

ਅਬਿਗਤ' ਪਰਮਾਤਮਾਂ ਦੀ ਗਤੀ ਅਤੀ ਅਗੰਮ (ਨਾ ਜਾਣੀ ਜਾਣ ਵਾਲੀ ਦਸ਼ਾ ਵਾਲੀ) ਹੈ, (ਉਸ ਦੀ) ਕਥਾ ਅਕੱਥਨੀਯ ਹੈ, (ਲੋਕ) ਸੁਣੀ ਸੁਣਾਈ ਕਥਾ ਕਰਦੇ ਹਨ।

ਲਖ ਪਰਵਾਣ ਪਰੈ ਪਰਵਾਣੈ ।੧੬।

ਜੋ ਪਰਵਾਣ=ਮੰਨੇ ਪਰਮੰਨੇ ਹਨ ਉਜੇਹੇ) ਲੱਖਾਂ ਮੰਨਿਆਂ ਪ੍ਰਮੰਨਿਆਂ ਤੋਂ (ਉਹ) ਮੰਨਿਆਂ ਪ੍ਰਮੰਨਿਆਂ (ਵਾਹਿਗੁਰੂ) ਬਹੁਤ ਪਰੇ ਹੈ।

ਪਉੜੀ ੧੭

ਅਗਮਹੁ ਅਗਮੁ ਅਗੰਮੁ ਹੈ ਅਗਮੁ ਅਗਮੁ ਅਤਿ ਅਗਮੁ ਸੁਣਾਏ ।

ਅਗੰਮ (ਸਰੂਪਾਂ ਥੋਂ ਜੋ) ਅਗੰਮ (ਹੋਵੇ ਉਸ ਤੋਂ ਬੀ ਵਾਹਿਗੁਰੂ) ਅਗੰਮ ਹੈ (ਤਾਂਤੇ) ਜੋ ਅਗੰਮਾਂ ਤੋਂ ਬੀ ਅਤਿ ਅਗੰਮ ਹਨ, (ਉਹ ਬੀ ਵਾਹਿਗੁਰੂ ਨੂੰ) ਅਗੰਮ ਸਣਾਉਂਦੇ ਹਨ)

ਅਲਖਹੁ ਅਲਖੁ ਅਲਖੁ ਹੈ ਅਲਖੁ ਅਲਖੁ ਲਖ ਅਲਖੁ ਧਿਆਏ ।

ਅਲਖ (ਸਰੂਪਾਂ ਤੋਂ ਜੋ) ਅਲੱਖ ਹੋਵੇ, (ਉਸ) ਤੋਂ ਬੀ (ਵਾਹਿਗੁਰੂ) ਅਲੱਖ ਹੈ, (ਤਾਂਤੇ ਐਸੇ) ਲੱਖਾਂ ਅਲੱਖ

ਅਪਰੰਪਰੁ ਅਪਰੰਪਰਹੁਂ ਅਪਰੰਪਰੁ ਅਪਰੰਪਰੁ ਭਾਏ ।

ਅਪਰੰਪਰ (ਸਰੂਪਾਂ ਤੋਂ ਜੋ) ਅਪਰੰਪਰ (ਹੋਵੇ ਉਸ ਤੋਂ ਬੀ ਵਾਹਿਗੁਰੂ ਅਪਰੰਪਰ ਹੈ (ਜਿਸ ਕਰ ਕੇ ਅਪਰੰਪਰਾਂ ਦੇ 'ਭਾਏ') ਭਾਣੇ (ਬੀ ਉਹ ਵਾਹਿਗੁਰੂ ਅਜੇ ਹੋਰ) ਅਪਰੰਪਰ ਹੈ।

ਆਗੋਚਰੁ ਆਗੋਚਰਹੁ ਆਗੋਚਰੁ ਆਗੋਚਰਿ ਜਾਏ ।

ਆਗੋਚਰ (ਸਰੂਪਾਂ ਤੋਂ ਜੋ) ਅਗੋਚਰ ਹੋਦ (ਉਸ ਤੋਂ ਬੀ ਵਾਹਿਗੁਰੂ) ਅਗਚਰ ਹੈ (ਇਸ ਕਰਕੇ) ਅਗੋਚਰਾਂ ਦੇ ('ਜਾਏ') ਜਾਣੇ (ਬੀ ਉਹ ਅਜੇ ਹੋਰ) ਅਗੋਚਰ ਹੈ।

ਪਾਰਬ੍ਰਹਮੁ ਪੂਰਨ ਬ੍ਰਹਮੁ ਸਾਧਸੰਗਤਿ ਆਗਾਧਿ ਅਲਾਏ ।

ਪਾਰਬ੍ਰਹਮ ਹੀ ਪੂਰਣ ਬ੍ਰਹਮ ਹੈ, ਸਾਧ ਸੰਗਤ ਵਿਖੇ ਬੇਅੰਤ ਕਥਨ ਕੀਤਾ ਜਾਂਦਾ ਹੈ।

ਗੁਰਮੁਖਿ ਸੁਖ ਫਲੁ ਪਿਰਮ ਰਸੁ ਭਗਤਿ ਵਛਲੁ ਹੋਇ ਅਛਲੁ ਛਲਾਏ ।

ਗੁਰਮੂਖਾਂ ਪਾਸ ਸੁਖਫਲ ਰੂਪ ਪ੍ਰੇਮ ਰਸ ਵਿਦਮਾਨ ਹੈ (ਇਸੇ ਕਾਰਨ) ਅਛਲ (ਪਰਮਾਤਮਾ ਜੋ ਅਛਲਾਂ=ਵਡੇ ਚਲਾਕਾਂ ਕੋਲੋਂ ਬੀ ਨਹੀਂ ਛਲਿਆ ਜਾਂਦਾ। ਭਾਵ ਚਤੁਰਾਈ ਨ ਚਤਰਭੁਜ ਪਾਈਐ) ਓਹ ਭਗਤ ਵਛਲ ਹੋਣ ਕਰ ਕੇ 'ਗੁਰਮੁਖਾਂ ਤੋਂ) ਛਲਾਏ ਮੋਹਿਆ ਜਾਂਦਾ ਹੈ:- ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ)।

ਵੀਹ ਇਕੀਹ ਚੜ੍ਹਾਉ ਚੜ੍ਹਾਏ ।੧੭।

(ਵੀਹ ਵਿਸਵੇ) ਇਕ ਦੀ ਇੱਛਾ ਦਾ ਚੜ੍ਹਾਉ ਚੜ੍ਹਿਆ ਹੈ।

ਪਉੜੀ ੧੮

ਪਾਰਬ੍ਰਹਮੁ ਪੂਰਨ ਬ੍ਰਹਮੁ ਨਿਰੰਕਾਰਿ ਆਕਾਰੁ ਬਣਾਇਆ ।

ਪਾਰਬ੍ਰਹਮ ਪੂਰਣ ਬ੍ਰਹਮ ਨਿਰਾਕਾਰ ਨੇ (ਇਹ ਸੰਸਾਰ ਦਾ) ਅਕਾਰ ਬਣਾਯਾ ਹੈ।

ਅਬਿਗਤਿ ਗਤਿ ਆਗਾਧਿ ਬੋਧ ਗੁਰ ਮੂਰਤਿ ਹੋਇ ਅਲਖੁ ਲਖਾਇਆ ।

ਅਵਗਤਿ ਗਤਿ' ਅਗਾਧ ਬੋਧ, ਅਰ ਅਲਖ ਨੂੰ (ਗੁਰੂ ਨਾਨਕ ਦੀ) ਮੂਰਤੀ ਧਾਰਕੇ ਲਖਾ ਦਿਤਾ ਹੈ।

ਸਾਧਸੰਗਤਿ ਸਚਖੰਡ ਵਿਚਿ ਭਗਤਿ ਵਛਲ ਹੋਇ ਅਛਲ ਛਲਾਇਆ ।

ਸਾਧ ਸੰਗਤ ਦੇ ਸਚਖੰਡ ਵਿਖੇ 'ਅਛਲ' ਨੇ ਭਗਤ ਵਛਲ ਹੋਕੇ (ਆਪ ਨੂੰ) ਛਲਾ ਦਿਤਾ ਹੈ (ਭਾਵ-ਨਿਰਗੁਣ ਨੇ ਸਰਗੁਣ ਕਾਰਜ ਕੀਤੇ, ਭਗਤਾਂ ਨੂੰ ਪ੍ਯਾਰ ਕਰਨਾ ਸਰਗੁਣ ਕਾਰਜ ਹੈ, ਇਹੋ ਉਸ ਦਾ ਛਲਿਆ ਜਾਣਾ ਹੈ, ਭਗਤਾਂ ਦੇ ਛਲਣ ਦਾ ਰੂਪ ਇਹ ਹੈ “ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ

ਚਾਰਿ ਵਰਨ ਇਕ ਵਰਨ ਹੁਇ ਆਦਿ ਪੁਰਖ ਆਦੇਸੁ ਕਰਾਇਆ ।

(ਗੁਰੂ ਜੀ ਨੇ) ਚਾਰ ਵਰਣ ਕਰ ਕੇ ਆਦਿ ਪੁਰਖ ਪਰਮਾਤਮਾ ਨੂੰ ਨਮਸਕਰ ਕਰਾਈ।

ਧਿਆਨ ਮੂਲੁ ਦਰਸਨੁ ਗੁਰੂ ਛਿਅ ਦਰਸਨ ਦਰਸਨ ਵਿਚਿ ਆਇਆ ।

(ਸਾਰੇ) ਧਿਆਨਾਂ ਦਾ ਮੂਲ ਗੁਰੂ ਦਾ ਦਰਸ਼ਨ ਹੈ, (ਇਸੇ ਲਈ) ਛੀ ਦਰਸ਼ਨ (ਛੀਏ ਮਤ ਗੁਰੂ ਦੇ ਹੀ) ਦਰਸ਼ਨ ਵਿਖੇ ਆ ਜਾਂਦੇ ਹਨ।

ਆਪੇ ਆਪਿ ਨ ਆਪੁ ਜਣਾਇਆ ।੧੮।

ਆਪਣਾ ਆਪ (ਹੀ ਸਾਰੇ) ਹੋਏ, (ਫੇਰ ਆਪਣਾ) ਆਪ ਨਹੀਂ ਜਣਾਇਆ।

ਪਉੜੀ ੧੯

ਚਰਣ ਕਵਲ ਸਰਣਾਗਤੀ ਸਾਧਸੰਗਤਿ ਮਿਲਿ ਗੁਰੁ ਸਿਖ ਆਏ ।

ਗੁਰੁ ਦੇ ਸਿਖ ਸਾਧ ਸੰਗਤ ਨਾਲ ਮਿਲਕੇ ਗੁਰੂ ਦੇ ਚਰਣ ਕਵਲਾਂ ਦੀ ਸ਼ਰਣ ਲੈਣ ਆਏ ਹਨ।

ਅੰਮ੍ਰਿਤ ਦਿਸਟਿ ਨਿਹਾਲੁ ਕਰਿ ਦਿਬ ਦ੍ਰਿਸਟਿ ਦੇ ਪੈਰੀ ਪਾਏ ।

(ਗੁਰੂ ਜੀ ਨੇ) ਅੰਮ੍ਰਿਤ ਦੀ ਦ੍ਰਿਸ਼ਟ ਨਾਲ (ਨਿਹਾਲ) ਪ੍ਰਸੰਨ ਕਰ ਕੇ ਗਿਆਨ ਦ੍ਰਿਸ਼ਟੀ ਦੇਕੇ ਪੈਰੀਂ ਪਾਏ (ਨਿੰਮ੍ਰੀ ਭੂਤ ਕਰ ਦਿੱਤੇ)।

ਚਰਣ ਰੇਣੁ ਮਸਤਕਿ ਤਿਲਕ ਭਰਮ ਕਰਮ ਦਾ ਲੇਖੁ ਮਿਟਾਏ ।

ਚਰਣਾਂ ਦੀ ਧੂੜੀ ਮੱਥੇ ਦਾ ਤਿਲਕ ਬਣਕੇ ਭਰਮ ਕਰਮ ਦੀ ਲਿਖਤ ਮਿਟਾ ਦਿੰਦੀ ਹੈ, (ਜਿਹਾਕੁ “ਤਜਿ ਭਰਮ ਕਰਮ ਵਿਧਿ ਨਿਖੇਧ ਰਾਮ ਨਾਮੁ ਲੇਹੀ”। ਅਰਥ-ਨਿਖਿਧ ਕਰਮਾਂ ਦਾ ਭਰੋਸਾ ਛੱਡਕੇ ਇਕ ਵਾਹਿਗੁਰੂ ਦੇ ਨਾਮ ਪੁਰ ਹੀ ਮੁਕਤੀ ਦਾ ਭਰੋਸਾ ਰਖ)।

ਚਰਣੋਦਕੁ ਲੈ ਆਚਮਨੁ ਹਉਮੈ ਦੁਬਿਧਾ ਰੋਗੁ ਗਵਾਏ ।

ਗੁਰੂ ਦੇ ਚਰਣਾਂਮ੍ਰਿਤ ਦਾ ਆਚਰਨ ਲੈ, (ਏਹ) ਹਉਮੈ ਅਤੇ ਦੁਬਿਧਾ ਦੇ ਰੋਗ ਗਵਾ ਦਿਉ।

ਪੈਰੀਂ ਪੈ ਪਾ ਖਾਕੁ ਹੋਇ ਜੀਵਨ ਮੁਕਤਿ ਸਹਜ ਘਰਿ ਆਏ ।

(ਸੋ ਐਉਂ ਗੁਰੂ ਦੇ) ਗੁਰੂ ਦੀ ਪੈਰੀਂ ਡਿੱਗਕੇ ਪੈਰਾਂ ਦੀ ਧੂੜ ਹੋਕੇ ਜੀਵਨ ਮੁਕਤੀ ਦੇ ('ਸਹਜ ਘਰ') ਅਨੰਦ ਘਰ ਵਿਖੇ ਆ ਗਏ।

ਚਰਣ ਕਵਲ ਵਿਚਿ ਭਵਰ ਹੋਇ ਸੁਖ ਸੰਪਦ ਮਕਰੰਦਿ ਲੁਭਾਏ ।

ਫੇਰ ਚਰਨ ਕਵਲਾਂ ਦੇ ਭੌਰੇ ਹੋਕੇ ਮਕਰੰਦ (ਰਸ ਰੂਪੀ) ਪ੍ਰੇਮ ਰਸ ਦੇ ਸੁੱਖਾਂ ਦੇ ਡੱਬੇ ਵਿਚ ਲੁਮਾਇਮਾਨ ਹੋ ਗਏ।

ਪੂਜ ਮੂਲ ਸਤਿਗੁਰੁ ਚਰਣ ਦੁਤੀਆ ਨਾਸਤਿ ਲਵੈ ਨ ਲਾਏ ।

ਪੂਜਾ ਦਾ ਮੂਲ ਸਤਿਗੁਰੂ ਦੇ ਚਰਣ (ਹੀ) ਸਮਝੇ ਜਿਨ੍ਹਾਂ ਨੂੰ ਸੇਵਿਆਂ ਦੂਜਾ ਭੈ ਨਾਸ਼ ਹੋ ਗਿਆ (ਇਸ ਕਰ ਕੇ ਇਨ੍ਹਾਂ ਦੇ) ਲਵੇ ਕਿਸੇ ਹੋਰ ਨੂੰ ਨਾ ਲਾਇਆ।

ਗੁਰਮੁਖਿ ਸੁਖ ਫਲੁ ਗੁਰ ਸਰਣਾਏ ।੧੯।

ਗੁਰਮੁਖਾਂ ਨੂੰ ਗੁਰੂ ਦੀ ਸ਼ਰਣ ਆਉਣਾ ਹੀ ਸੁਖਾਂ ਹੀ ਰੂਪੀ ਫਲ (ਦੇਂਦਾ ਹੈ)।

ਪਉੜੀ ੨੦

ਸਾਸਤ੍ਰ ਸਿੰਮ੍ਰਿਤਿ ਵੇਦ ਲਖ ਮਹਾਂ ਭਾਰਥ ਰਾਮਾਇਣ ਮੇਲੇ ।

ਲੱਖਾਂ ਸ਼ਾਸਤ੍ਰਾਂ ਦੇ (ਪਾਠੀ) ਸਿੰਮ੍ਰਤੀਆਂ, ਵੇਦਾਂ, ਮਹਾਂ ਭਾਰਤ, ਰਾਮਾਇਣ ਦੇ (ਪਾਠਕਾਂ ਦੇ) ਸਮੂਹ।

ਸਾਰ ਗੀਤਾ ਲਖ ਭਾਗਵਤ ਜੋਤਕ ਵੈਦ ਚਲੰਤੀ ਖੇਲੇ ।

ਸਾਰਗੀਤਾ, ਭਾਗਵਤ (ਦੇ ਪਾਠੀ), ਜੋਤਕ ਪਾਠੀ, ਹਕੀਮ, ('ਚਲੰਤੀ ਖੇਲ' ਕਹੀਏ) ਚਲਿੱਤ੍ਰ ਖੇਲਣਹਾਰ (ਨਟ ਲੋਕ)।

ਚਉਦਹ ਵਿਦਿਆ ਸਾਅੰਗੀਤ ਬ੍ਰਹਮੇ ਬਿਸਨ ਮਹੇਸੁਰ ਭੇਲੇ ।

ਚੌਦਾ ਵਿੱਦ੍ਯਾ, ('ਸਾਅੰਗੀਤ' ਕਹੀਏ) ਗਾਇਤ੍ਰੀ (ਜੋ ਸੰਧ੍ਯਾ ਕਾਲ ਪੜ੍ਹੀ ਜਾਂਦੀ ਹੈ ਦੇ ਪਾਠੀ) (ਅਥਵਾ ਕਲੌਂਤ ਲੋਕ) ਸੰਗੀਤ ਵੇਤਾ, (ਲੱਖਾਂ ਬ੍ਰਹਮਾਂ ਬਿਸ਼ਨ ਸ਼ਿਵ ਕੱਠੇ ਕਰੀਏ।

ਸਨਕਾਦਿਕ ਲਖ ਨਾਰਦਾ ਸੁਕ ਬਿਆਸ ਲਖ ਸੇਖ ਨਵੇਲੇ ।

ਲੱਖਾਂ ਸਨਕਾਦਿਕ ਰਿਖੀ, ਨਾਰਦ, ਸੁਕਦੇਵ, ਬਿਆਸ, ਲੱਖਾਂ ਸ਼ੇਸ਼ਨਾਗ ਨਵੀਨ (ਜਾਂ ਸ਼ੇਖ ਤੇ ਨਬੀ)।

ਗਿਆਨ ਧਿਆਨ ਸਿਮਰਣ ਘਣੇ ਦਰਸਨ ਵਰਨ ਗੁਰੂ ਬਹੁ ਚੇਲੇ ।

(ਲੱਖਾਂ) ਗਿਆਨੀ, (ਲੱਖਾਂ) ਧਿਆਨੀ, (ਲੱਖਾਂ) ਸਿਮਰਨ ਕਰਨ ਹਾਰੇ, ਲੱਖਾਂ ਦਰਸ਼ਨ (ਮਤਾਂ), ਲੱਖਾਂ ਵਰਣਾਂ ਦੇ ਬਹੁਤੇ ਗੁਰੂ ਤੇ ਚੇਲੇ (ਤਾਂ ਸੰਸਾਰ ਵਿਚ) ਹਨ।

ਪੂਰਾ ਸਤਿਗੁਰ ਗੁਰਾਂ ਗੁਰੁ ਮੰਤ੍ਰ ਮੂਲ ਗੁਰ ਬਚਨ ਸੁਹੇਲੇ ।

(ਪਰ ਏਹੀ ਸਭ ਅਧੂਰੇ ਹਨ) ਪੂਰਾ ਸਤਿਗੁਰੂ (ਗੁਰੂ ਨਾਨਕ ਹੀ) ਗੁਰੂਆਂ ਦਾ ਗੁਰੂ ਹੈ (ਅਰ ਉਨ੍ਹਾਂ) ਸਤਿਗੁਰਾਂ ਦੇ ਬਚਨ ਹੀ ਸਾਰੇ ਮੰਤਰਾਂ ਦਾ ਮੂਲ ਹੈ, (ਗੁਰੂ ਦੀ ਬਾਣੀ ਹੀ ਮੰਤ੍ਰ ਰੂਪ ਹੈ)।

ਅਕਥ ਕਥਾ ਗੁਰੁ ਸਬਦੁ ਹੈ ਨੇਤਿ ਨੇਤਿ ਨਮੋ ਨਮੋ ਕੇਲੇ ।

ਗੁਰੂ ਦੇ ਸ਼ਬਦ ਦੀ ਅਕੱਥ ਕਥਾ ਹੈ (ਜੋ ਕਥਨ ਵਿਖੇ ਨਹੀਂ ਆ ਸਕਦੀ ਇਸ ਲਈ) ਨੇਤਿ ਨੇਤਿ (ਇਹ ਨਹੀਂ ਇਸ ਤੋਂ ਅੱਗੇ ਹੋਰ ਬੀ ਹੈ) ਕਹੀਏ, (ਅਤੇ) ਨਮਕਸਕਾਰ ਨਮਸਕਾਰ (ਕਹਿਣ ਤੇ ਕਰਨ ਵਿਚ) ਆਨੰਦ ਲਈਏ (ਭਾਵ-ਅੰਤ ਲਿਆਂ ਪੂਰੀ ਨਹੀਂ ਪੈਣੀ)।

ਗੁਰਮੁਖ ਸੁਖ ਫਲੁ ਅੰਮ੍ਰਿਤ ਵੇਲੇ ।੨੦।

ਗੁਰਮੁਖਾਂ ਪਾਸ ਹੀ ਸੁਖ ਫਲ ਹੈ (ਜੋ) ਅੰਮ੍ਰਿਤ ਵੇਲੇ (ਵੰਡੀਦਾ ਹੈ)।

ਪਉੜੀ ੨੧

ਚਾਰ ਪਦਾਰਥ ਆਖੀਅਨਿ ਲਖ ਪਦਾਰਥ ਹੁਕਮੀ ਬੰਦੇ ।

ਚਾਰ ਪਦਾਰਥ (ਧਰਮ, ਅਰਥ, ਕਾਮ ਅਤੇ ਮੋਖ) ਕਹੀਦੇ ਹਨ, ਅਰ ਹੋਰ ਲੱਖ ਪਦਾਰਥ ਗੁਰੂ ਜੀ ਦੇ ਹੁਕਮੀ ਬੰਦੇ ਹਨ।

ਰਿਧਿ ਸਿਧਿ ਨਿਧਿ ਲਖ ਸੇਵਕੀ ਕਾਮਧੇਣੁ ਲਖ ਵਗ ਚਰੰਦੇ ।

ਰਿੱਧੀਆਂ, ਸਿੱਧੀਆਂ, ਨਿੱਧੀਆਂ, ਲੱਖਾਂ ਹੀ ਟਹਿਲਣਾ ਹਨ, ਕਾਮਧੇਨ ਗਊਆਂ ਦੇ ਲੱਖਾਂ ਵੱਗ ਚਰਦੇ ਹਨ।

ਲਖ ਪਾਰਸ ਪਥਰੋਲੀਆ ਪਾਰਜਾਤਿ ਲਖ ਬਾਗ ਫਲੰਦੇ ।

ਲੱਖਾਂ ਪਾਰਸ ਦੀਆ ਗੀਟੀਆਂ (ਰੁਲਦੀਆਂ ਹਨ), ਲੱਖਾਂ ਕਲਪ ਬ੍ਰਿੱਛ ਦੇ ਬਾਗ਼ ਫਲੇ ਹੋਏ ਹਨ।

ਚਿਤਵਣ ਲਖ ਚਿੰਤਾਮਣੀ ਲਖ ਰਸਾਇਣ ਕਰਦੇ ਛੰਦੇ ।

(ਗੁਰੂ ਜੀ ਦੀ) ਕ੍ਰਿਪਾ ਦ੍ਰਿਸ਼ਟੀ ਵਿਚ ਲੱਖਾਂ ਚਿੰਤਾਮਣੀਆਂ ਹਨ, ਲੱਖਾਂ ਰਸਾਇਣਾਂ ਛੰਦੇ ਕਰਦੀਆਂ (ਭਾਵ ਗੁਰੂ ਦੀ ਪੁਰ ਬਲਿਹਾਰ ਹੁੰਦੀਆਂ) ਹਨ।

ਲਖ ਰਤਨ ਰਤਨਾਗਰਾ ਸਭ ਨਿਧਾਨ ਸਭ ਫਲ ਸਿਮਰੰਦੇ ।

ਲੱਖਾਂ ਰਤਨ, ਲੱਖਾਂ ਸਮੁੰਦਰ ਸਾਰੇ ਨਿਧਾਨ ਤੇ ਸਾਰੇ (ਕਰਮਾਂ-ਸਾਧਨਾਂ ਦੇ) ਫਲ ਗੁਰੂ ਜੀ ਨੂੰ ਸਿਮਰਦੇ ਹਨ।

ਲਖ ਭਗਤੀ ਲਖ ਭਗਤ ਹੋਇ ਕਰਾਮਾਤ ਪਰਚੈ ਪਰਚੰਦੇ ।

ਲੱਖਾਂ ਭਗਤ ਜੋ ਕਰਾਮਾਤ ਪਰਚੇ ਵਿਚ ਪਰਚਦ ਸਨ (ਗੁਰੂ ਦੀ ਮਹਿੰਮਾਂ) ਲਖਕੇ (ਗੁਰੂ ਦੇ) ਭਗਤ ਹੋ ਗਏ।

ਸਬਦ ਸੁਰਤਿ ਲਿਵ ਸਾਧਸੰਗੁ ਪਿਰਮ ਪਿਆਲਾ ਅਜਰੁ ਜਰੰਦੇ ।

(ਭਾਵ ਪੀਕੇ ਪਾਟ ਨਹੀਂ ਨਿਕਲਦੇ, ਜਰੇ ਹੀ ਰਹਿੰਦੇ ਹਨ)।

ਗੁਰ ਕਿਰਪਾ ਸਤਸੰਗਿ ਮਿਲੰਦੇ ।੨੧।੧੬। ਸੋਲਾਂ ।

ਗੁਰੂ ਦੀ ਕ੍ਰਿਪਾ ਨਾਲ ਅਜਿਹੇ ਸਤਿਸੰਗੀ ਮਿਲਦੇ ਹਨ, (ਜਾਂ ਗੁਰੂ ਸਤਿਸੰਗ ਦੀ ਕਿਰਪਾ ਨਾਲ ਮਿਲਦੇ ਹਨ)।


Flag Counter