ਵਾਰਾਂ ਭਾਈ ਗੁਰਦਾਸ ਜੀ

ਅੰਗ - 14


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਸਤਿਗੁਰ ਸਚਾ ਨਾਉ ਗੁਰਮੁਖਿ ਜਾਣੀਐ ।

ਸਤਿਗੁਰੂ ਦਾ ਸੱਚਾ ਨਾਮ ਹੈ, ਗੁਰਮੁਖ (ਲੋਕ ਇਸ ਨੂੰ) ਜਾਣਦੇ ਹਨ।

ਸਾਧਸੰਗਤਿ ਸਚੁ ਥਾਉ ਸਬਦਿ ਵਖਾਣੀਐ ।

(ਗੁਰਾਂ ਦੀ) ਸਾਧ ਸੰਗਤ ਹੀ ਸੱਚਾ ਥਾਉਂ ਹੈ (ਕਿਉਂ ਜੋ 'ਸਬਦ ਵਖਾਣੀਐ' ਉਥੇ) ਬ੍ਰਹਮ ਦੀ ਚਰਚਾ ਹੁੰਦੀ ਹੈ।

ਦਰਗਹ ਸਚੁ ਨਿਆਉ ਜਲ ਦੁਧੁ ਛਾਣੀਐ ।

(ਗੁਰਾਂ ਦੀ) ਸਭਾ ਵਿਖੇ ਸੱਚਾ ਨਿਆਉਂ ਹੁੰਦਾ ਹੈ, ਪਾਣੀ ਤੇ ਦੁੱਧ ਅੱਡੋ ਅੱਡ ਹੁੰਦਾ ਹੈ।

ਗੁਰ ਸਰਣੀ ਅਸਰਾਉ ਸੇਵ ਕਮਾਣੀਐ ।

ਗੁਰੂ ਦੀ ਸ਼ਰਣ ਹੀ ਆਸਰਾ ਰੂਪ ਹੈ, (ਚੌਰਾਸੀ ਦੀ ਫਾਸੀ ਕੱਟਦੀ ਹੈ, ਪਰੰਤੂ) ਸੇਵਾ ਕਰ ਕੇ ਜਗ੍ਯਾਸੂ ਫਲ ਲੈਂਦੇ ਹਨ)।

ਸਬਦ ਸੁਰਤਿ ਸੁਣਿ ਗਾਉ ਅੰਦਰਿ ਆਣੀਐ ।

ਗੁਰੂ ਸਬਦ ਨੂੰ ਸੁਣਦੇ ਤੇ ਗਾਂਵਦੇ (ਭਈ ਵਕਤਾ ਹੋਵੇ ਤਾਂ ਸ਼੍ਰੋਤਾ, ਜੇ ਸ਼੍ਰੋਤਾ ਮਿਲੇ ਤਾਂ ਵਕਤਾ ਬਣ ਜਾਂਦੇ) ਹਨ, ਆਪ ਮਨ ਵਿਖੇ ਨਿੱਧ੍ਯਾਸਨ ਕਰਦੇ ਹਨ,

ਤਿਸੁ ਕੁਰਬਾਣੈ ਜਾਉ ਮਾਣੁ ਨਿਮਾਣੀਐ ।੧।

ਅਜਿਹੇ (ਸਤਿਗੁਰੂ) ਦੇ ਕੁਰਬਾਨ ਜਾਂਦਾ ਹਾਂ, ਜੋ (ਮੇਰੇ ਜਿਹੇ) ਨਿਮਾਣੇ ਨੂੰ ਮਾਣ ਦਿੰਦੇ ਹਨ। ਅਗਲੀ ਪਉੜੀ ਵਿਖੇ ਉਨ੍ਹਾਂ ਦੀ ਸੰਗਤ ਦਾ ਵਰਨਣ ਕਰਦੇ ਹਨ:-

ਪਉੜੀ ੨

ਚਾਰਿ ਵਰਨ ਗੁਰਸਿਖ ਸੰਗਤਿ ਆਵਣਾ ।

ਗੁਰੂ ਜੀ ਦੇ ਸਿੱਖਾਂ ਦੀ ਸੰਗਤ ਵਿਖੇ (ਖੱਤ੍ਰੀ, ਬ੍ਰਾਹਮਣ, ਸੂਦ, ਵੈਸ਼) ਚਾਰੇ ਵਰਣਾਂ (ਦੇ ਲੋਕ) ਆਉਂਦੇ ਹਨ।

ਗੁਰਮੁਖਿ ਮਾਰਗੁ ਵਿਖੁ ਅੰਤੁ ਨ ਪਾਵਣਾ ।

(ਪਰੰਤੂ) ਗੁਰਮੁਖਾਂ ਦਾ ਮਾਰਗ ਵਿਖਮ (ਕਰੜਾ) ਹੈ, ਇਸ ਦਾ ਅੰਤ ਨਹੀਂ ਆ ਸਕਦਾ (ਕਿਉਂ ਜੋ ਤਤਿੱਖ੍ਯਾ ਸਹਾਰਨੀ ਪੈਂਦੀ ਹੈ, ਅਥਵਾ ਗੁਰਮੁਖਾਂ ਦੇ ਮਾਰਗ ਦੀ ਇਕ ਉਲਾਂਘ ਦਾ ਅੰਤ ਨਹੀਂ ਹੈ)।

ਤੁਲਿ ਨ ਅੰਮ੍ਰਿਤ ਇਖ ਕੀਰਤਨੁ ਗਾਵਣਾ ।

(ਉਥੇ ਅਜਿਹਾ) ਕੀਰਤਨ ਹੋ ਰਿਹਾ ਹੈ, (ਜਿਸ ਦੇ) ਬਰਾਬਰ ਕਈ ਕਮਾਦਾਂ (ਦੇ ਰਸ) ਅੰਮ੍ਰਿਤ ਬਰੋਬਰੀ ਨਹੀਂ ਕਰਦੇ।

ਚਾਰਿ ਪਦਾਰਥ ਭਿਖ ਭਿਖਾਰੀ ਪਾਵਣਾ ।

ਚਾਰੇ ਪਦਾਰਥਾਂ ਦੀ ਭਿਖਿਆ ਪਾਉਂਦੇ ਹਨ।

ਲੇਖ ਅਲੇਖ ਅਲਿਖ ਸਬਦੁ ਕਮਾਵਣਾ ।

(ਜਿਨ੍ਹਾਂ ਨੇ) ਅਲਖ (ਵਾਹਿਗੁਰੂ ਦਾ) ਸ਼ਬਦ ਕਮਾਇਆ ਹੈ (ਓਹ ਲੋਕ ਆਪ ਵੀ) ਲੇਖੇ ਥੋਂ ਅਲੇਖ ਹੋ ਗਏ ਹਨ।

ਸੁਝਨਿ ਭੂਤ ਭਵਿਖ ਨ ਆਪੁ ਜਣਾਵਣਾ ।੨।

(ਜਿਹਾਕੁ ਉਨ੍ਹਾਂ ਨੂੰ) ਭੂਤ ਭਵਿੱਖਤ (ਵਰਤਮਾਨ ਤਿੰਨੋ ਕਾਲਾਂ) ਦਾ ਗਿਆਨ ਹੋ ਜਾਂਦਾ ਹੈ, (ਪਰੰਤੂ ਤ੍ਰਿਕਾਲ ਗਯਾਤਾ ਹੋਕੇ ਬੀ) ਆਪਣਾ ਆਪ ਨਹੀਂ ਗਣਾਉਂਦੇ (ਭਾਵ ਅਹੰਕਾਰ ਨਹੀਂ ਕਰਦੇ)।

ਪਉੜੀ ੩

ਆਦਿ ਪੁਰਖ ਆਦੇਸਿ ਅਲਖੁ ਲਖਾਇਆ ।

ਅਕਾਲ ਪੁਰਖ (ਯਾ ਗੁਰੂ ਨਾਨਕ) ਨੂੰ (ਮੇਰੀ) ਨਮਸ਼ਕਾਰ ਹੈ ਜੋ ਅਲਖ (ਵਸਤੂ) ਦੇ ਲਖਣਹਾਰੇ ਹਨ।

ਅਨਹਦੁ ਸਬਦੁ ਅਵੇਸਿ ਅਘੜੁ ਘੜਾਇਆ ।

(ਅਨਹਦ) ਇਕ ਰਸ ਸ਼ਬਦ ਦਾ (ਅਵੇਸਿ=ਸਥਾਨ) ਹਨ, ਅਘੜ (ਜੋ ਮਨ ਹੈ ਉਸ) ਦੇ ਘੜਨਹਾਰੇ ਹਨ।

ਸਾਧਸੰਗਤਿ ਪਰਵੇਸਿ ਅਪਿਓ ਪੀਆਇਆ ।

ਸਾਧ ਸੰਗਤ ਵਿਖੇ ਜੋ (ਜਗਿਆਸੂ) ਪਰਵੇਸ਼ ਕਰਦਾ ਹੈ (ਉਸ ਨੂੰ ਨਾਮ) ਅੰਮ੍ਰਿਤ ਪਿਲਾਉਂਦੇ ਹਨ।

ਗੁਰ ਪੂਰੇ ਉਪਦੇਸਿ ਸਚੁ ਦਿੜਾਇਆ ।

ਗੁਰੂ ਪੁਰੇ (ਦਾ ਜਿਨ੍ਹਾਂ ਨੂੰ) ਉਪਦੇਸ਼ ਹੋਯਾ ਹੈ (ਉਨ੍ਹਾਂ ਨੇ) ਸੱਚ ਨੂੰ ਦ੍ਰਿੜ ਕੀਤਾ ਹੈ।

ਗੁਰਮੁਖਿ ਭੂਪਤਿ ਵੇਸਿ ਨ ਵਿਆਪੈ ਮਾਇਆ ।

ਗੁਰਮੁਖ ਲੋਕ ਰਾਜੇ ਦਾ ਸਰੂਪ ਹਨ ਪਰੰਤੂ ਮਾਯਾ ਤੋਂ ਅਲੇਪ ਰਹਿੰਦੇ ਹਨ।

ਬ੍ਰਹਮੇ ਬਿਸਨ ਮਹੇਸ ਨ ਦਰਸਨੁ ਪਾਇਆ ।੩।

ਬ੍ਰਹਮਾ ਵਿਸ਼ਨੂੰ, ਸ਼ਿਵ (ਤਿੰਨੇ ਦੇਵਤੇ ਬੀ) ਦਰਸ਼ਨ ਨਹੀਂ ਪਾ ਸਕਦੇ।

ਪਉੜੀ ੪

ਬਿਸਨੈ ਦਸ ਅਵਤਾਰ ਨਾਵ ਗਣਾਇਆ ।

ਵਿਸ਼ਨੂੰ ਨੇ ਦਸ ਅਵਤਾਰ (ਧਾਰਕੇ) ਨਾਮ ਹੀ ਗਣਾਇਆ (ਭਾਵ, ਵਿਸ਼ਨੂੰ ਦਾ ਅਰਥ ਹੈ, 'ਜੋ ਸਾਰੇ ਵ੍ਯਾਪਕ ਹੋਵੇ', ਫੇਰ ਰਾਖਸ਼ ਦਾ ਨਾਸ਼ ਕਰ ਕੇ ਆਪਣੇ ਆਪ ਦਾ ਕਿਉਂ ਘਾਤ ਕੀਤਾ, ਅਥਵਾ ਆਪਣਾ ਹੀ ਨਾਮ ਜਪਾਕੇ ਪਾਲਨਾਦਿ ਸਤੋਗੁਣ ਵਿਖੇ ਰਿਹਾ)।

ਕਰਿ ਕਰਿ ਅਸੁਰ ਸੰਘਾਰ ਵਾਦੁ ਵਧਾਇਆ ।

ਹੱਥਾਂ ਨਾਲ (ਕੰਸਾਦਿਕ) ਰਾਖਸ਼ਾਂ ਦਾ ਸੰਘਾਰ ਕੀਤਾ, ਅਤੇ ਝਗੜਾ ਵਧਾਇਆ।

ਬ੍ਰਹਮੈ ਵੇਦ ਵੀਚਾਰਿ ਆਖਿ ਸੁਣਾਇਆ ।

ਬ੍ਰਹਮਾਂ ਨੇ ਵੇਦਾਂ ਦਾ ਵਿਚਾਰ (ਲੋਕਾਂ ਨੂੰ) ਆਖਕੇ ਸੁਣਾਇਆ।

ਮਨ ਅੰਦਰਿ ਅਹੰਕਾਰੁ ਜਗਤੁ ਉਪਾਇਆ ।

ਪਰ ਮਨ ਵਿਖੇ (ਇਸ) ਹੰਕਾਰ (ਵਿਚ ਵਸਿਆ ਰਿਹਾ ਹੈ ਕਿ ਮੈਂ) ਜਗਤ ਪੈਦਾ ਕੀਤਾ ਹੈ, (ਸੋ ਰਜੋਗੁਣ ਵਿਖੇ ਵਸਿਆ ਰਿਹਾ)।

ਮਹਾਦੇਉ ਲਾਇ ਤਾਰ ਤਾਮਸੁ ਤਾਇਆ ।

ਸ਼ਿਵ ਤਾਰ ਲਾ ਕੇ ਤਮੋ ਗੁਣ ਵਿਖੇ ਤੱਤਾ ਹੀ ਰਿਹਾ, (ਸ਼ਾਂਤਿ ਨਾ ਆਈ)।

ਗੁਰਮੁਖਿ ਮੋਖ ਦੁਆਰ ਆਪੁ ਗਵਾਇਆ ।੪।

ਗੁਰਮੁਖ ਮੁਕਤੀ ਦਾ ਦਰਵਾਜ਼ਾ ਹਨ, (ਜਿਨ੍ਹਾਂ ਨੇ) ਆਪਣਾ ਆਪ ਗਵਾ ਦਿਤਾ ਹੈ।

ਪਉੜੀ ੫

ਨਾਰਦ ਮੁਨੀ ਅਖਾਇ ਗਲ ਸੁਣਾਇਆ ।

ਨਾਰਦ ਨੇ (ਆਪ ਨੂੰ) 'ਮੁਨੀ' (ਈਸ਼੍ਵਰ ਦਾ ਮਨਨਸ਼ੀਲ) ਕਹਾ ਕੇ ਗਲ ਹੀ ਸੁਣਾਈ (ਭਾਵ ਗੱਪ ਹੀ ਮਾਰੀ, ਸੱਚ ਨਹੀਂ ਕੀਤਾ) (ਅਥਵਾ ਲੋਕਾਂ ਦੀਆਂ ਗੱਲਾਂ ਸੁਣਨ ਲਈ ਹੀ ਆਇਆ ਕਿਉਂ ਜੋ ਇਕ ਦੂਜੇ ਦੀਆਂ ਗੱਲਾਂ ਸੁਣਕੇ)।

ਲਾਇਤਬਾਰੀ ਖਾਇ ਚੁਗਲੁ ਸਦਾਇਆ ।

ਚੁਗਲੀ ਵੱਟਣ ਨਾਲ ਬੇਇਤਬਾਰਾ ਹੀ ਸਦਾਇਆ (ਭਾਵ ਰਾਖਸ਼ਾਂ ਦੀਆਂ ਗੱਲਾਂ ਦੇਵਤਿਆਂ ਪਾਸ ਤ ਉਨਾਂ ਦੀਆ ਗੱਲਾਂ ਰਾਖਸ਼ਾਂ ਪਾਸ ਆਖਕੇ ਘੋਲ ਮਚਾਏ, ਨਾਰਦ ਦੇ ਪ੍ਰੇਮੀ ਉਸ ਨੂੰ ਐਸਾ ਹੀ ਮੰਨਦੇ ਹਨ)।

ਸਨਕਾਦਿਕ ਦਰਿ ਜਾਇ ਤਾਮਸੁ ਆਇਆ ।

ਜਦ ਸਨਕਾਦਿਕਾਂ ਦੇ ਦਰਵਾਜੇ ਪਰ ਗਿਆ ਉਥੇ ਤਮੋਗੁਨ (ਰੋਹ ਭਰਿਆ) ਹੋ ਗਿਆ (ਕਿਉਂ ਜੋ ਉਹ ਮਹਾਰਾਜ ਦੀ ਆਗ੍ਯਾ ਬਾਝ ਅੰਦਰ ਜਾਣ ਨਹੀਂ ਦਿੰਦੇ ਸਨ, ਉਨ੍ਹਾਂ ਨੂੰ ਲੋਹੇ ਲਾਖਾਂ ਹੋ ਕੇ ਰਾਖਸ਼ ਹੋਣ ਦਾ ਸਰਾਪ ਦੇ ਬੈਠਾ, ਫੇਰ ਭਗਵਾਨ ਨੂੰ ਉਨ੍ਹਾਂ ਦੇ ਉਧਾਰ ਵਾਸਤੇ ਰਾਮ ਕ੍ਰਿਸ਼ਨਾਦਿਕ ਅਵਤਾਰ ਧਾਰਨੇ ਪਏ, ਐਸਾ ਨਾਰਦ ਪ੍ਰੇਮੀ ਮੰਨਦ

ਦਸ ਅਵਤਾਰ ਕਰਾਇ ਜਨਮੁ ਗਲਾਇਆ ।

(ਵਿਸ਼ਨੂੰ ਦੇ) ਦਸ ਅਵਤਾਰ ਕਰਾਕੇ ਜਨਮ ਗਾਲ ਦਿੱਤਾ, (ਭਾਵ ਲੜਾਈਆਂ ਤੇ ਘੋਲਾਂ ਵਿਚ ਹੀ ਉਨ੍ਹਾਂ ਦਾ ਸਮਾਂ ਬਿਤੀਤ ਕਰਾਇਆ)।

ਜਿਨਿ ਸੁਕੁ ਜਣਿਆ ਮਾਇ ਦੁਖੁ ਸਹਾਇਆ ।

ਜਿਸ ਮਾਂ ਨੇ ਸੁਖ ਫਲ ਨੂੰ ਖਾ ਕੇ (ਅਰਥਾਤ ਪ੍ਰੇਮ ਰਸ ਧਾਰਨ ਕਰ ਕੇ ਸਹਾਰਨਾ ਪਿਆ।

ਗੁਰਮੁਖਿ ਸੁਖ ਫਲ ਖਾਇ ਅਜਰੁ ਜਰਾਇਆ ।੫।

ਗੁਰਮੁਖਾਂ ਨੇ ਸੁਖ ਫਲ ਨੂੰ ਖਾਕੇ (ਅਰਥਾਤ ਪ੍ਰੇਮ ਰਸ ਧਾਰਨ ਕਰਕੇ) 'ਅਜਰ' ਮਨ ਨੂੰ ਜਰਿਆ ਹੈ।

ਪਉੜੀ ੬

ਧਰਤੀ ਨੀਵੀਂ ਹੋਇ ਚਰਣ ਚਿਤੁ ਲਾਇਆ ।

ਧਰਤੀ ਨੇ ਨੀਵੀਂ ਹੋ ਕੇ ਚਰਨਾਂ ਦੇ ਵਿਖੇ ਚਿਤ ਲਾਇਆ ਹੈ, (ਭਾਵ ਨੀਚ ਊਚ ਹਰ ਏਕ ਜੀਵ ਜੰਤ ਦੇ ਪੈਰਾਂ ਹੇਠ ਰਹਿੰਦੀ ਹੈ। ਤਥਾ:- ਗੁਰਮੁਖ ਲੋਕ ਭੀ ਧਰਤੀ ਵਾਙੂ ਨਿਮਰਤਾ ਧਾਰਦੇ ਹਨ)।

ਚਰਣ ਕਵਲ ਰਸੁ ਭੋਇ ਆਪੁ ਗਵਾਇਆ ।

ਆਪਣਾ ਆਪ ਗਵਾਕੇ ਸਭ ਦੇ ਚਰਣ ਕਵਲਾਂ ਦੇ ਰਸ ਵਿਖੇ ਭਿਜੀ ਰਹਿੰਦੀ ਹੈ।

ਚਰਣ ਰੇਣੁ ਤਿਹੁ ਲੋਇ ਇਛ ਇਛਾਇਆ ।

ਤਿੰਨਾਂ ਲੋਕਾਂ ਦੇ ਚਰਣਾਂ ਦੀ ਧੂੜੀ ਬਣੀ ਹੋਈ ਹੈ, (ਜਿਸ ਧੂੜੀ ਦੀ) ਇੱਛਾ ਨੂੰ (ਸਾਰੇ) ਲੋਚਦੇ ਹਨ।

ਧੀਰਜੁ ਧਰਮੁ ਜਮੋਇ ਸੰਤੋਖੁ ਸਮਾਇਆ ।

ਧੀਰਜ ਦਾ ਧਰਮ ਅਤੇ ਸੰਤੋਖ (ਧਰਤੀ ਵਿਖੇ) ਸਮਾਇਆ ਹੋਇਆ ਹੈ (ਭਾਵ ਕੋਈ ਪੁਟੇ ਕੋਈ ਪੂਰੇ ਸਭ ਨਾਲ ਪ੍ਰਸੰਨ ਹੈ)।

ਜੀਵਣੁ ਜਗਤੁ ਪਰੋਇ ਰਿਜਕੁ ਪੁਜਾਇਆ ।

ਜੀਵਨ ਦੀ ਜੁਗਤੀ ਆਪਣੇ ਵਿਖੇ ਰਖਕੇ ਸਭ ਨੂੰ ਰਿਜਕ ਪੁਚਾਉਂਦੀ ਹੈ, (ਭਾਵ ਕਿਸਾਨ ਲੋਕ ਪੁੱਟਦੇ ਹਨ, ਉਹ ਉਨ੍ਹਾਂ ਨੂੰ ਜੀਵਣ ਅੰਨਾਦਿਕ ਦੇ ਕੇ ਪੂਰਨ ਕਰਦੀ ਹੈ, ਅਥਵਾ ਜੀਵਣ ਕਹੀਏ ਜਲ ਦਾ ਦਾਨ ਕਰਦੀ ਹੈ)।

ਮੰਨੈ ਹੁਕਮੁ ਰਜਾਇ ਗੁਰਮੁਖਿ ਜਾਇਆ ।੬।

(ਰਜਾਈ) ਅਕਾਲ ਪੁਰਖ ਦੇ ਭਾਣੇ ਵਿਖੇ ਪ੍ਰਸੰਨ ਰਹਿੰਦੀ ਹੈ, (ਜੇਹੜੇ) ਗੁਰਮੁਖ (ਧਰਤੀ ਵਾਂਗੂੰ ਉਕਤ ਗੁਣਾਂ ਯੁਕਤ ਹੋਕੇ ਭਾਣੇ ਵਿਖੇ ਪ੍ਰਸੰਨ ਹਨ ਓਹ) ਜਨਮੇ ਹਨ।

ਪਉੜੀ ੭

ਪਾਣੀ ਧਰਤੀ ਵਿਚਿ ਧਰਤਿ ਵਿਚਿ ਪਾਣੀਐ ।

ਪਾਣੀ ਵਿਖੇ ਧਰਤੀ ਹੈ ਧਰਤੀ ਵਿਖੇ ਪਾਣੀ ਹੈ (ਅਰ ਸੀਤਲ ਸੁਭਾਅ ਰਹਿੰਦਾ ਹੈ)।

ਨੀਚਹੁ ਨੀਚ ਨ ਹਿਚ ਨਿਰਮਲ ਜਾਣੀਐ ।

ਨੀਵਿਆਂ ਥੋਂ ਨੀਵਾਂ ਜਾਂਦਾ ਹੈ, (ਅੜੀ ਜਾਂ) ਹਠ ਨਹੀਂ ਕਰਦਾ, ਫੇਰ ਨਿਰਮਲ ਹੀ ਜਾਣੀਦਾ ਹੈ (ਭਾਵ ਘੱਟਾ ਪੈ ਜਾਵੇ ਫੇਰ ਨਿੱਤਰਕੇ ਆਪਣਾ ਗੁਣ ਦੱਸਦਾ ਹੈ)

ਸਹਦਾ ਬਾਹਲੀ ਖਿਚ ਨਿਵੈ ਨੀਵਾਣੀਐ ।

ਵੱਡੀ ਖਿੱਚ ਸਹਾਰਦਾ ਹੈ, (ਆਕਰਖਣ ਸ਼ਕਤੀ ਨਿਵਾਣ ਨੂੰ ਲੈ ਜਾਂਦੀ ਹੈ) (ਤੇ ਸਦਾ) ਨਿਵਾਣਾ ਨੂੰ ਰੁਖ ਕਰਦਾ ਹੈ।

ਮਨ ਮੇਲੀ ਘੁਲ ਮਿਚ ਸਭ ਰੰਗ ਮਾਣੀਐ ।

ਮਨ ਮੇਲੀ ਅਜਿਹਾ ਹੈ (ਕਿ 'ਘੁਲ ਮਿਚ' ਕਹੀਏ) ਮਿਲ ਗਿਲਕੇ ਸਾਰੇ ਰੰਗ ਮਾਣਦਾ ਹੈ (ਭਾਵ ਲਾਲ ਨਾਲ ਲਾਲ, ਚਿੱਟੇ ਨਾਲ ਚਿੱਟਾ, ਪੀਲੇ ਨਾਲ ਪੀਲਾ ਹੋ ਜਾਂਦਾ ਹੈ)।

ਵਿਛੁੜੈ ਨਾਹਿ ਵਿਰਚਿ ਦਰਿ ਪਰਵਾਣੀਐ ।

(ਇਕ ਵਾਰ 'ਵਿਰਚਿ' ਕਹੀਏ) ਰਚਕੇ (ਸਿੰਜਰਕੇ) ਫੇਰ ਅੱਡ ਨਹੀਂ ਹੁੰਦਾ (ਇਸੇ ਕਰਕੇ) ਦਰਗਾਹ ਵਿਖੇ ਪ੍ਰਮਾਣਿਕ ਹੈ (ਯਥਾ:- “ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ”)।

ਪਰਉਪਕਾਰ ਸਰਚਿ ਭਗਤਿ ਨੀਸਾਣੀਐ ।੭।

(ਜੋ) ਪਰੋਪਕਾਰ ਵਿਖੇ ਮਿਲਿਆ ਹੋਇਆ ਹੈ, (ਏਹੋ) ਭਗਤਾਂ ਦੀ ਨਿਸ਼ਾਨੀ ਹੈ।

ਪਉੜੀ ੮

ਧਰਤੀ ਉਤੈ ਰੁਖ ਸਿਰ ਤਲਵਾਇਆ ।

ਧਰਤੀ ਉਤੇ ਬ੍ਰਿੱਛ ਉਲਟਾ ਹੋਕੇ (ਸਿਰ ਹੇਠ ਤੇ ਪੈਰ ਉਪੱਰ ਨੂੰ ਕਰ ਕੇ ਉੱਗਦੇ ਹਨ)।

ਆਪਿ ਸਹੰਦੇ ਦੁਖ ਜਗੁ ਵਰੁਸਾਇਆ ।

ਆਪ ਕਸ਼ਟ (ਧੁਪ ਛਾਉਂ ਦਾ) ਸਹਾਰਕੇ ਜਗ ਦਾ ਵਰਸਾਉ (ਪਰੋਪਕਾਰ) ਕਰਦੇ ਹਨ।

ਫਲ ਦੇ ਲਾਹਨਿ ਭੁਖ ਵਟ ਵਗਾਇਆ ।

ਵੱਟਿਆਂ ਦੇ ਮਾਰਿਆਂ ਬੀ ਫਲਾਂ ਨੂੰ ਦੇਕੇ (ਲੋਕਾਂ ਦੀ) ਭੁੱਖ ਦੂਰ ਕਰਦੇ ਹਨ।

ਛਾਵ ਘਣੀ ਬਹਿ ਸੁਖ ਮਨੁ ਪਰਚਾਇਆ ।

ਸੰਘਣੀ ਛਾਉਂ ਦੇ ਨਾਲ ਮਨ ਨੂੰ ਪਰਚਾਕੇ ਵੱਡਾ ਸੁਖ ਦਿੰਦੇ ਹਨ।

ਵਢਨਿ ਆਇ ਮਨੁਖ ਆਪੁ ਤਛਾਇਆ ।

ਜਦ ਕੋਈ ਮਨੁੱਖ ਵੱਢਣ ਆਵੇ ਆਪਣਾ ਆਪ (ਤਛਾਉਂਦੇ) ਕਟਾਉਂਦੇ ਹਨ, (ਗੱਲ ਕੀ ਭਾਣੇ ਵਿਚ ਸੰਤੁਸ਼ਟ ਹਨ)।

ਵਿਰਲੇ ਹੀ ਸਨਮੁਖ ਭਾਣਾ ਭਾਇਆ ।੮।

(ਤਿਵੇਂ ਅਕਾਲ ਪੁਰਖ ਦੇ) ਭਾਣੇ ਵਿਖੇ ਸਨਮੁਖ ਰਹਿਕੇ (ਜੋ ਬੇਮੁਖ ਨਹੀਂ ਹੁੰਦੇ, ਓਹ ਲੋਕ) ਵਿਰਲੇ ਹੀ ਹਨ।

ਪਉੜੀ ੯

ਰੁਖਹੁ ਘਰ ਛਾਵਾਇ ਥੰਮ੍ਹ ਥਮਾਇਆ ।

ਬ੍ਰਿਛ ਥੋਂ ਘਰ (ਕੜੀਆਂ ਅਤੇ ਛਤੀਰਾਂ ਨਾਲ) ਛਤਾਕੇ ਉਸ ਦੇ ਹੇਠ ਥੰਮ੍ਹਿਆ ਦਾ ਸਹਾਰਾ ਦਿੰਦੇ ਹਨ।

ਸਿਰਿ ਕਰਵਤੁ ਧਰਾਇ ਬੇੜ ਘੜਾਇਆ ।

ਸਿਰ ਪਰ ਆਰਾ ਧਰਾ ਕੇ (ਬ੍ਰਿਛ ਕੱਟ ਕੇ ਤਖਤੇ ਚੀਰ ਕੇ) ਬੇੜਾ ਘੜਾਉਂਦੇ ਹਨ।

ਲੋਹੇ ਨਾਲਿ ਜੜਾਇ ਪੂਰ ਤਰਾਇਆ ।

ਲੋਹੇ ਨਾਲ ਆਪ ਨੂੰ ਜੜਾਕੇ (ਉਹ ਬੇੜਾ ਪੂਰਾਂ ਦੇ) ਪੂਰ ਤਾਰ ਦਿੰਦਾ ਹੈ।

ਲਖ ਲਹਰੀ ਦਰੀਆਇ ਪਾਰਿ ਲੰਘਾਇਆ ।

ਦਰੀਆਵਾਂ (ਜਾਂ ਸਮੁੰਦਰਾਂ) ਦੀਆਂ ਲੱਖਾਂ ਲਹਿਰਾਂ ਥੋਂ ਪਾਰ ਲੰਘਾ ਦਿੰਦਾ ਹੈ।

ਗੁਰਸਿਖਾਂ ਭੈ ਭਾਇ ਸਬਦੁ ਕਮਾਇਆ ।

(ਜਿਨ੍ਹਾਂ) ਗੁਰੂ ਜੀ ਦੇ ਸਿੱਖਾਂ ਨੇ ਭੈ ਅਤੇ (ਭਾਇ) ਪ੍ਰੇਮ ਨਾਲ ਸ਼ਬਦ (ਦੇ ਬੇੜੇ ਨੂੰ) ਕਮਾਇਆ ਹੈ।

ਇਕਸ ਪਿਛੈ ਲਾਇ ਲਖ ਛੁਡਾਇਆ ।੯।

(ਉਹਨਾਂ) ਇਕ ਸ਼ਬਦ ਦੇ (ਬੇੜੇ) ਪਰ ਚੜ੍ਹਾ ਕੇ ਲੱਖਾਂ ਪ੍ਰਾਣੀਆਂ ਨੂੰ (ਡੁਬਣ ਦੇ ਦੁਖਾਂ ਥੋਂ) ਛੁਡਾ ਦਿਤਾ ਹੈ।

ਪਉੜੀ ੧੦

ਘਾਣੀ ਤਿਲੁ ਪੀੜਾਇ ਤੇਲੁ ਕਢਾਇਆ ।

ਤਿਲ ਨੇ (ਕੋਲੂ ਦੀ) ਘਾਣੀ ਵਿਚ (ਆਪਣੇ ਆਪ ਨੂੰ) ਪਿੜਵਾ ਤੇਲ ਕਢਵਾਇਆ।

ਦੀਵੈ ਤੇਲੁ ਜਲਾਇ ਅਨ੍ਹੇਰੁ ਗਵਾਇਆ ।

(ਫੇਰ ਤੇਲ ਨੇ ਆਪ ਨੂੰ) ਦੀਵੇ ਵਿਚ ਸੜਵਾਕੇ (ਲੋਕਾਂ ਦਾ) ਅੰਧਕਾਰ ਦੂਰ ਕੀਤਾ।

ਮਸੁ ਮਸਵਾਣੀ ਪਾਇ ਸਬਦੁ ਲਿਖਾਇਆ ।

(ਉਸ ਤੇਲ ਨੇ) (ਸਿਆਹੀ ਬਣਕੇ) ਦੁਆਤ ਵਿਚ ਪੈਕੇ (ਗੁਰੂ ਦਾ ਸ਼ਬਦ ਲਿਖਵਾਇਆ।

ਸੁਣਿ ਸਿਖਿ ਲਿਖਿ ਲਿਖਾਇ ਅਲੇਖੁ ਸੁਣਾਇਆ ।

(ਉਸ ਸ਼ਬਦ ਨੂੰ) ਗੁਰੂ ਦੇ ਸਿੱਖਾਂ ਨੇ ਸੁਣਕੇ ਅਰ ਲਿਖ ਲਿਖਾਕੇ ਪਰਮਾਤਮਾ (ਦੇ ਨਾਮ) ਨੂੰ ਸੁਣਾਇਆ।

ਗੁਰਮੁਖਿ ਆਪੁ ਗਵਾਇ ਸਬਦੁ ਕਮਾਇਆ ।

ਗੁਰਮਖਾਂ ਨੇ (ਤਿਲ ਵਾਂਙੂ ਤਤਿੱਖ੍ਯਾ ਸਹਾਰੀ) ਆਪਣਾ ਆਪ ਗਵਾਕੇ ਗੁਰੂ ਦੇ ਸ਼ਬਦ ਦਾ ਅਭ੍ਯਾਸ ਕੀਤਾ, (ਤੇਲ ਰੂਪ ਹੋ ਜਗਤ ਦੇ ਪਾਪਾਂ ਦਾ ਅੰਧੇਰ ਦੂਰ ਕੀਤਾ)।

ਗਿਆਨ ਅੰਜਨ ਲਿਵ ਲਾਇ ਸਹਜਿ ਸਮਾਇਆ ।੧੦।

ਗਿਆਨ (ਰੂਪੀ) ਸੁਰਮੇ ਵਿਚ ਲਿਵ ਲਾਕੇ (ਅਖੰਡ ਸਮਾਧੀ ਲਾਕੇ) ਸਹਿਜ (ਪਦ ਵਿਖੇ) ਸਮਾ ਗਏ।

ਪਉੜੀ ੧੧

ਦੁਧੁ ਦੇਇ ਖੜੁ ਖਾਇ ਨ ਆਪੁ ਗਣਾਇਆ ।

(ਗਊ ਨੂੰ) ਘਾਹ ਖਾਕੇ ਦੁੱਧ ਦਿੰਦੀ ਹੈ (ਫਿਰ) ਆਪਣਾ ਆਪ ਨਹੀਂ ਗਣਾਉਂਦੀ (ਗ਼ਰੀਬ ਹੁੰਦੀ ਹੈ)।

ਦੁਧਹੁ ਦਹੀ ਜਮਾਇ ਘਿਉ ਨਿਪਜਾਇਆ ।

ਉਸ ਦੇ ਦੁੱਧ ਥੋਂ ਦਹੀਂ ਜਮਾਈਦਾ ਹੈ, (ਉਸ ਨੂੰ ਰਿੜਕ ਕੇ) ਘਿਉ ਕੱਢੀਦਾ ਹੈ।

ਗੋਹਾ ਮੂਤੁ ਲਿੰਬਾਇ ਪੂਜ ਕਰਾਇਆ ।

ਗੋਹੇ ਨਾਲ ਲੇਪਣ ਹੁੰਦਾ ਹੈ ਉਸ ਦੇ ਮੂਤਰ ਥੋਂ (ਪੰਚਾਂਮਿਤ੍ਰ ਬਣਾ) (ਹਿੰਦੂ ਲੋਕ) ਪੂਜਾ ਕਰਦੇ ਹਨ। (ਅਗੇ ਤਿੰਨ ਤੁਕਾਂ ਵਿਖੇ ਸਿਧਾਂਤ ਦੱਸਦੇ ਹਨ)।

ਛਤੀਹ ਅੰਮ੍ਰਿਤੁ ਖਾਇ ਕੁਚੀਲ ਕਰਾਇਆ ।

(ਮਨੁੱਖ) ਛੱਤੀ ਪ੍ਰਕਾਰ ਦੇ ਭੋਜਨ ਖਾਕੇ 'ਕੁਚੀਲ' ਕਰ ਦਿੰਦਾ ਹੈ।

ਸਾਧਸੰਗਤਿ ਚਲਿ ਜਾਇ ਸਤਿਗੁਰੁ ਧਿਆਇਆ ।

(ਪਰਤੂੰ ਜੋ ਪ੍ਰਾਣੀ) ਸਾਧ ਸੰਗਤ ਵਿਖੇ ਘਰੋਂ ਚੱਲਕੇ ਜਾ ਪਹੁੰਚਦਾ ਹੈ ਅਰ ਉਥੇ ਸਤਿਗੁਰ (ਗੁਰੂ ਅਰਜਨ ਦੇਵ ਜੀ) ਨੂੰ ਧਿਆਉਂਦਾ ਹੈ।

ਸਫਲ ਜਨਮੁ ਜਗਿ ਆਇ ਸੁਖ ਫਲ ਪਾਇਆ ।੧੧।

ਉਸ ਦਾ ਜਗ ਵਿਖੇ ਜਨਮ ਲੈਣਾ ਸਫਲ ਹੈ, (ਉਸ ਨੇ) ਸੁਖ ਫਲ ਪਾਇਆ ਹੈ, (ਸ੍ਵੈ ਸਰੂਪਾਨੰਦ ਨੂੰ ਧਾਰਣ ਕੀਤਾ ਹੈ)।

ਪਉੜੀ ੧੨

ਦੁਖ ਸਹੈ ਕਪਾਹਿ ਭਾਣਾ ਭਾਇਆ ।

ਕਪਾਹ (ਵੱਡਾ) ਦੁਖ ਸਹਾਰਦੀ ਹੈ, (ਮਾਨੋਂ ਰੱਬ ਦਾ) ਭਾਣਾ ਚੰਗਾ ਲਗਦਾ ਹੈ ਸੁ।

ਵੇਲਣਿ ਵੇਲ ਵਿਲਾਇ ਤੁੰਬਿ ਤੁੰਬਾਇਆ ।

ਵੇਲਣੇ ਵਿਖੇ ਪਾਕੇ ਵੜੇਵਾਂ ਅੱਡ ਕੀਤਾ ਜਾਂਦਾ ਹੈ, (ਹੱਥਾਂ ਨਾਲ) ਤੂੰਬਾ ਤੂੰਬਾ (ਰੱਤੀ ਰੱਤੀ) ਕੀਤਾ ਜਾਂਦਾ ਹੈ।

ਪਿੰਞਣਿ ਪਿੰਜ ਫਿਰਾਇ ਸੂਤੁ ਕਤਾਇਆ ।

ਪਿੰਣ ਵਿਚੋਂ ਕੱਢਦਾ ਹੈ, (ਤੇ ਫੇਰ ਚਰਖਿਆਂ ਵਿਚ) ਸੂਤ ਕੱਤੀਦਾ ਹੈ।

ਨਲੀ ਜੁਲਾਹੇ ਵਾਹਿ ਚੀਰੁ ਵੁਣਾਇਆ ।

ਜੁਲਾਹਾ ਨਲੀਆਂ ਵਿਚ ਪਾਕੇ ਕੱਪੜਾ ਉਣਦਾ ਹੈ।

ਖੁੰਬ ਚੜਾਇਨਿ ਬਾਹਿ ਨੀਰਿ ਧੁਵਾਇਆ ।

(ਧੋਬੀ ਲੋਕ) ਖੁੰਬ ਪੁਰ ਚੜਾਉਂਦੇ ਹਨ (ਫੇਰ) ਵਗਦੇ ਨਦੀ ਨਾਲਿਆਂ ਪਰ ਪਾਣੀ ਨਾਲ ਸਾਫ ਕਰਦੇ ਹਨ।

ਪੈਨ੍ਹਿ ਸਾਹਿ ਪਾਤਿਸਾਹਿ ਸਭਾ ਸੁਹਾਇਆ ।੧੨।

ਪਾਤਸ਼ਾਹ ਅਰ ਸ਼ਾਹ ਲੋਕ ਕਪੜਿਆਂ ਨੂੰ ਪਹਿਨਕੇ ਸਭਾ ਵਿਖੇ ਸੁਭਾਇਮਾਨ ਹੁੰਦੇ ਹਨ।

ਪਉੜੀ ੧੩

ਜਾਣੁ ਮਜੀਠੈ ਰੰਗੁ ਆਪੁ ਪੀਹਾਇਆ ।

ਦੇਖੋ ਮਜੀਠ ਦੇ ਰੰਗ ਨੇ (ਪਹਿਲੇ) ਆਪਣਾ ਆਪ (ਚੱਕੀ ਵਿਖੇ) ਪਿਸਾਇਆ।

ਕਦੇ ਨ ਛਡੈ ਸੰਗੁ ਬਣਤ ਬਣਾਇਆ ।

(ਭਾਵੇਂ ਰੂਪ ਬਦਲਿਆ, ਪਰੰਤੂ ਰੰਗ ਦਾ) ਸੰਗ ਨਹੀਂ ਛਡਿਆ, ਏਹ ਬਣਤ ਬਣੀ ਹੀ ਰਹੀ।

ਕਟਿ ਕਮਾਦੁ ਨਿਸੰਗੁ ਆਪੁ ਪੀੜਾਇਆ ।

(ਅਜਿਹਾ ਹੀ ਕਮਾਦ ਦਾ ਹਾਲ ਹੈ ਕਿਉਂ ਜੋ) ਕਮਾਦ ਟੋਟੇ ਹੋ ਆਪਣਾ ਆਪ ਨਿਸ਼ੰਗ ਹੋਕੇ (ਰਹੁ ਦੇ ਵੇਲਣਿਆਂ ਵਿਚ) ਪਿੜਾਉਂਦਾ ਹੈ।

ਕਰੈ ਨ ਮਨ ਰਸ ਭੰਗੁ ਅਮਿਓ ਚੁਆਇਆ ।

ਮਨ ਦਾ ਰਸ ਭੰਗ ਨਹੀਂ ਕਰਦਾ, ਅੰਮ੍ਰਿਤ (ਵਰਗਾ ਮਿੱਠਾ ਰਸ) ਚੁਆਉਂਦਾ ਹੈ।

ਗੁੜੁ ਸਕਰ ਖੰਡ ਅਚੰਗੁ ਭੋਗ ਭੁਗਾਇਆ ।

(ਰਹੁ ਥੋਂ) ਗੁੜ ਸ਼ੱਕਰ ਅਰ ਖੰਡ (ਅਚੰਗ) ਜਿਸਥੋਂ ਹੋਰ ਕੋਈ ਚੰਗਾ ਨਾ ਹੋਵੇ (ਦੇਂਦਾ ਹੈ, ਅਰ ਸੰਸਾਰ ਨੂੰ ਨਾਨਾ ਪ੍ਰਕਾਰ ਦੇ ਮਿੱਠੇ) ਭੋਗ ਭੁਗਾਉਂਦਾ ਹੈ।

ਸਾਧ ਨ ਮੋੜਨ ਅੰਗੁ ਜਗੁ ਪਰਚਾਇਆ ।੧੩।

(ਤਿਵੇਂ) ਸਾਧ ਲੋਕ ਆਪਣਾ ਸਰੀਰ ਨਹੀਂ ਮੋੜਦੇ ਜਗਤ ਨੂੰ ਸੁਖ ਦਿੰਦੇ ਹਨ।

ਪਉੜੀ ੧੪

ਲੋਹਾ ਆਰ੍ਹਣਿ ਪਾਇ ਤਾਵਣਿ ਤਾਇਆ ।

ਲੋਹਾ ਲੋਹਾਰ ਦੀ ਭੱਠੀ ਵਿਚ ਪਾ ਕੇ ਅੱਗ ਨਾਲ ਤਾਕੇ ਅੱਗ ਦਾ ਰੂਪ ਕੀਤਾ ਜਾਂਦਾ ਹੈ।

ਘਣ ਅਹਰਣਿ ਹਣਵਾਇ ਦੁਖੁ ਸਹਾਇਆ ।

ਹਥੌੜੇ ਨਾਲ ਲੋਹੇ ਦੀ ਅਹਿਰਣ ਉਤੇ ('ਅਣਵਾਇ' ਕਹੀਏ) ਸੱਟਾਂ ਨਾਲ ਦੁਖ ਦੇਈਦਾ ਹੈ।

ਆਰਸੀਆ ਘੜਵਾਇ ਮੁਲੁ ਕਰਾਇਆ ।

ਸ਼ੀਸ਼ੀਆਂ (ਵਾਂਗੂ) ਪਤਲਾ ਘੜਾਕੇ ਮੁੱਲ ਕੀਤਾ ਜਾਂਦਾ ਹੈ।

ਖਹੁਰੀ ਸਾਣ ਧਰਾਇ ਅੰਗੁ ਹਛਾਇਆ ।

ਖੁਰਦਰੀ ਸਾਣ ਉਤੇ ਰੱਖਕੇ (ਤਲਵਾਰਾਂ, ਕਾਚੂ, ਕੈਂਚੀ ਆਦਿ ਚੰਗੇ 'ਅੰਗ') ਔਜ਼ਾਰ ਬਣਾਏ ਜਾਂਦੇ ਹਨ।

ਪੈਰਾਂ ਹੇਠਿ ਰਖਾਇ ਸਿਕਲ ਕਰਾਇਆ ।

ਪੈਰਾਂ ਹੇਠ ਰੱਖ ਕੇ ਸਿਕਲ ਕੀਤਾ ਜਾਂਦਾ ਹੈ (ਛੇਕੜਲੀ ਤੁਕ ਵਿਖੇ ਦ੍ਰਿਸ਼ਟਾਂਤ ਦੱਸਦੇ ਹਨ)।

ਗੁਰਮੁਖਿ ਆਪੁ ਗਵਾਇ ਆਪੁ ਦਿਖਾਇਆ ।੧੪।

ਗੁਰਮੁਖਾਂ ਨੇ ਆਪਣਾ ਆਪ ਗਵਾਕੇ ਆਪ ਨੂੰ ਦੇਖਿਆ ਹੈ, (ਤਥਾ ਗੁਰਮੁਖਾਂ ਨੇ ਮਨ ਰੂਪੀ ਲੋਹੇ ਨੂੰ ਜਪ ਜਪਾਦਿਕਾਂ ਨਾਲ ਤਾਕੇ ਫੇਰ ਗਿਆਨ ਅਭਿਆਸ ਰੂਪ ਹਥੌੜੇ ਦੀਆਂ ਸੱਟਾਂ ਨਾਲ ਸ਼ੀਸ਼ੇ ਵਾਂਙੂੰ ਸੁੱਧ ਕੀਤਾ, ਆਪਣਾ ਆਪ ਗੁਵਾਕੇ ਸੰਸਾਰ ਨੂੰ ਆਪਾ ਕਰਨੀ ਦੇ ਉਪਦੇਸ਼ ਨਾਲ ਦਿਖਾਇਆ ਹੈ।

ਪਉੜੀ ੧੫

ਚੰਗਾ ਰੁਖੁ ਵਢਾਇ ਰਬਾਬੁ ਘੜਾਇਆ ।

ਚੰਗੀ ਜਾਤ (ਤੁਣ ਆਦਿ) ਬ੍ਰਿੱਛ ਵਢਾਕੇ ਰਬਾਬ ਘੜਾਇਆ।

ਛੇਲੀ ਹੋਇ ਕੁਹਾਇ ਮਾਸੁ ਵੰਡਾਇਆ ।

ਛੋਟੀ ਬੱਕਰੀ ਨੇ ਹੋਕੇ (ਅਪਣਾ ਆਪ) ਕੁਹਾਕੇ ਮਾਸ ਵੰਡਵਾਇਆ।

ਆਂਦ੍ਰਹੁ ਤਾਰ ਬਣਾਇ ਚੰਮਿ ਮੜ੍ਹਾਇਆ ।

(ਆਪਣੀਆਂ) ਆਂਦਰਾਂ ਤੋਂ ਤਾਰਾਂ ਬਣਾ ਕੇ ਚੰਮ (ਨਾਲ ਰਬਾਬ) ਮੜ੍ਹਿਆ।

ਸਾਧਸੰਗਤਿ ਵਿਚਿ ਆਇ ਨਾਦੁ ਵਜਾਇਆ ।

ਸਾਧ ਸੰਗਤ ਵਿਖੇ ਆਕੇ (ਰਬਾਬੀਆਂ ਨੇ ਉਸ ਤਾਰ ਤੋਂ 'ਨਾਦ') ਸ਼ਬਦ ਵਜਾਯਾ।

ਰਾਗ ਰੰਗ ਉਪਜਾਇ ਸਬਦੁ ਸੁਣਾਇਆ ।

(ਰਬਾਬ ਵਿਚ ਕਈ ਤਰ੍ਹਾਂ ਦੇ 'ਰੰਗ') ਪ੍ਰੇਮ ਭਰੇ ਰਾਗ ਕੱਢਕੇ (ਉਸ ਨਾਲ) ਸ਼ਬਦ (ਗੁਰੂ ਦੇ) ਸੁਣਾਏ।

ਸਤਿਗੁਰੁ ਪੁਰਖੁ ਧਿਆਇ ਸਹਜਿ ਸਮਾਇਆ ।੧੫।

(ਐਉਂ ਰਬਾਬ ਵਾਂਙੂ ਦੁਖ ਤੇ ਤਾਉ ਸਹਾਰਕੇ ਜਿਨ੍ਹਾਂ ਨੇ) ਸਤਿਗੁਰੂ ਪੁਰਖ ਨੂੰ ਚਿੰਤਨ ਕੀਤਾ ਹੈ (ਉਹ ਲੋਕ) 'ਸਹਜ ਪਦ' ਵਿਖੇ ਸਮਾਏ (ਸਰੂਪ ਵਿਖੇ ਮਗਨ ਹੋ ਗਏ)।

ਪਉੜੀ ੧੬

ਚੰਨਣੁ ਰੁਖੁ ਉਪਾਇ ਵਣ ਖੰਡਿ ਰਖਿਆ ।

(ਰੱਬ ਨੇ) ਚੰਦਨ ਦਾ ਬ੍ਰਿੱਛ ਉਤਪਤ ਕਰ ਕੇ ਸੰਘਣੇ ਬਣ ਵਿਖੇ ਰਖਿਆ ਹੈ।

ਪਵਣੁ ਗਵਣੁ ਕਰਿ ਜਾਇ ਅਲਖੁ ਨ ਲਖਿਆ ।

ਪੌਣ (ਉਸ ਵਿਚ) ਗਮਨ ਕਰ ਜਾਂਦੀ ਹੈ, (ਭਾਵ=ਵਾਸ਼ਨਾ ਥੋਂ ਮਲੂਮ ਹੁੰਦਾ ਹੈ ਕਿ ਇਹ ਬਾਵਨ ਚੰਦਨ ਦੀ ਵਾਸ਼ਨਾ ਹੈ) ਨਹੀ ਤਾਂ (ਆਪ) ਅਲਖ ਹੈ (ਕੋਈ ਉਸ ਨੂੰ) ਲਖ ਨਹੀਂ ਸਕਦਾ।

ਵਾਸੂ ਬਿਰਖ ਬੁਹਾਇ ਸਚੁ ਪਰਖਿਆ ।

(ਆਪਣੀ) ਵਾਸ਼ਨਾ ਥੋਂ ਹੋਰ ਬ੍ਰਿੱਛਾਂ ਨੂੰ ਸੁਗੰਧਿਤ ਕਰ ਦੇਂਦਾ ਹੈ (ਐਉਂ) ਸੰਚ ਪਰਖਿਆ ਜਾਂਦਾ ਹੈ।

ਸਭੇ ਵਰਨ ਗਵਾਇ ਭਖਿ ਅਭਖਿਆ ।

ਸਾਰੇ ਵਰਣ (ਭੱਖ ਅਭੱਖ ਕਹੀਏ) ਭਲੇ ਬੁਰੇ (ਢੱਕ, ਪਲਾਹ, ਕਿੱਕਰ, ਨਿੰਮ ਆਦਿ ਰੂਪ) ਗਵਾ ਕੇ (ਚੰਦਨ ਹੀ ਕਰ ਦੇਂਦਾ ਹੈ। ਅਥਵਾ ਭੱਖ ਅਭੱਖ ਖਾਣ ਯਾ ਨਾ ਖਾਣ ਵਾਲੇ ਫਲਾਂ ਅਫਲਾਂ ਵਾਲੇ ਬ੍ਰਿੱਛ ਸਾਰੇ ਤਦ ਰੂਪ ਹੀ ਹੋ ਜਾਂਦੇ ਹਨ)।

ਸਾਧਸੰਗਤਿ ਭੈ ਭਾਇ ਅਪਿਉ ਪੀ ਚਖਿਆ ।

ਸਾਧ ਸਗੰਤ ਵਿਖੇ (ਜਿਨ੍ਹਾਂ) ਪ੍ਰੇਮ ਕੀਤਾ ਹੈ; ਓਹਨਾਂ ਅੰਮ੍ਰਿਤ ਨੂੰ ਪੀਕੇ ਸਵਾਦ ਲੀਤਾ ਹੈ।

ਗੁਰਮੁਖਿ ਸਹਜਿ ਸੁਭਾਇ ਪ੍ਰੇਮ ਪ੍ਰਤਖਿਆ ।੧੬।

(ਓਹਨਾਂ) ਗੁਰਮਖਾਂ ਦਾ ਸਹਿਜ ਸੁਭਾ ਹੀ ਪ੍ਰੇਮ ਪ੍ਰਤੱਖ ਹੁੰਦਾ ਹੈ।

ਪਉੜੀ ੧੭

ਗੁਰਸਿਖਾਂ ਗੁਰਸਿਖ ਸੇਵ ਕਮਾਵਣੀ ।

ਗੁਰੂ ਦੇ ਸਿੱਖਾਂ ਦੀ ਸੇਵਾ ਗੁਰੂ ਦੇ ਸਿੱਖ ਕਰਦੇ ਹਨ।

ਚਾਰਿ ਪਦਾਰਥਿ ਭਿਖ ਫਕੀਰਾਂ ਪਾਵਣੀ ।

ਚਾਰ ਪਦਾਰਥ (ਧਰਮ, ਅਰਥ, ਕਾਮ, ਮੋਖ) ਦੀ ਭਿੱਖਯਾ 'ਫਕੀਰ' (ਪਰਮੇਸ਼ੁਰ ਦੇ ਪ੍ਯਾਰਿਆਂ ਸਿੱਖਾਂ ਨੇ ਜਗ੍ਯਾਸੂਆਂ) ਨੂੰ ਪਾਉਣੀ ਹੈ।

ਲੇਖ ਅਲੇਖ ਅਲਖਿ ਬਾਣੀ ਗਾਵਣੀ ।

ਲੇਖੇ ਥੋਂ ਅਲੇਖ ਜੋ ਅਲੱਖ (ਪਰਮਾਤਮਾਂ) ਹੈ, ਉਸ ਦੀ ਬਾਣੀ ਉਚਾਰ (ਗੁਰੂ ਦੇ ਸਿੱਖ ਆਪ) ਕਰਦੇ ਹਨ।

ਭਾਇ ਭਗਤਿ ਰਸ ਇਖ ਅਮਿਉ ਚੁਆਵਣੀ ।

ਪ੍ਰੇਮਾ ਭਗਤੀ ਨਾਲ ਗੰਨੇ ਦੇ ਰਸ ਵਾਂਙੂੰ ਮਿੱਠੀ ਅੰਮ੍ਰਿਤ (ਰੂਪੀ ਬਾਣੀ ਜਗਿਆਸੂਆਂ ਦੇ ਮੂੰਹ ਵਿਚ 'ਚੁਆਉਣੀ' ਕਹੀਏ) ਪਾਉਂਦੇ ਹਨ (ਭਾਵ ਆਪ ਜਪਦੇ ਤੇ ਹੋਰਨਾਂ ਨੂੰ ਜਪਾਉਂਦੇ ਹਨ)।

ਤੁਲਿ ਨ ਭੂਤ ਭਵਿਖ ਨ ਕੀਮਤਿ ਪਾਵਣੀ ।

(ਉਸ ਫਲ ਦੇ) ਸਮਾਨ ਤਿੰਨਾਂ ਕਾਲਾਂ ਦੇ ਪਦਾਰਥ ਨਹੀਂ ਤੁਲ ਸਕਦੇ ਨਾ ਹੀ (ਉਸ ਦੀ) ਕੋਈ ਕੀਮਤ ਪੈ ਸਕਦੀ ਹੈ।

ਗੁਰਮੁਖਿ ਮਾਰਗ ਵਿਖ ਲਵੈ ਨ ਲਾਵਣੀ ।੧੭।

ਗੁਰਮੁਖਾਂ ਦੇ ਮਾਰਗ ਦੀ ਇਕ ਉਲਾਂਘ ਭਰਣੀ ਕਿਸੇ ਦੇ ਲਵੇ ਨਹੀਂ ਲਗਦੀ (ਉਸਦੀ ਬ੍ਰੋਬਰੀ ਕਿਵੇਂ ਬੀ ਨਹੀਂ ਹੋ ਸਕਦੀ)।

ਪਉੜੀ ੧੮

ਇੰਦ੍ਰ ਪੁਰੀ ਲਖ ਰਾਜ ਨੀਰ ਭਰਾਵਣੀ ।

(ਜੋ ਸਾਧ ਸੰਗਤ ਵਿਖੇ ਜਾਕੇ) ਪਾਣੀ ਭਰਣ ਦੀ (ਟਹਿਲ) ਹੈ ਉਹ ਇੰਦ੍ਰਪੁਰੀ ਦੇ ਲੱਖਾਂ ਰਾਜਾਂ (ਤੋਂ ਸ੍ਰੇਸ਼ਟ) ਹੈ।

ਲਖ ਸੁਰਗ ਸਿਰਤਾਜ ਗਲਾ ਪੀਹਾਵਣੀ ।

ਕਣਕ ਪੀਹਣ ਦੀ (ਸਾਧ ਸੰਗਤ ਵਾਸਤੇ ਜੋ ਸੇਵਾ ਹੈ ਉਹ) ਲੱਖਾਂ ਸੁਰਗਾਂ ਦੀ ਸਿਰਤਾਜ ਹੈ।

ਰਿਧਿ ਸਿਧਿ ਨਿਧਿ ਲਖ ਸਾਜ ਚੁਲਿ ਝੁਕਾਵਣੀ ।

(ਸਾਧ ਸੰਗਤ ਦੇ ਪ੍ਰਸਾਦੇ ਛਕਾਉਣ ਦੀ ਸੇਵਾ ਵਿਚ ਜੋ) ਚੁੱਲ੍ਹ ਝੋਕਣੀ ਹੈ ਰਿੱਧੀਆਂ ਸਿੱਧੀਆਂ ਨਿਧੀਆਂ ਦੇ ਲੱਖਾਂ ਸਾਜਾਂ (ਤੋਂ ਸ੍ਰੇਸ਼ਟ ਹੈ)।

ਸਾਧ ਗਰੀਬ ਨਿਵਾਜ ਗਰੀਬੀ ਆਵਣੀ ।

ਸਾਧੂ (ਅਭ੍ਯਾਗਤ ਤੇ) ਗਰੀਬ ਨੂੰ ਜੋ ਵਡਿਆਈ ਦੇਣੀ ਹੈ (ਇਸ ਨਾਲ ਯਾ ਇਹੋ ਮਨ ਵਿਖੇ) ਗਰੀਬੀ ਆਉਣੀ ਹੈ, (ਕੋਈ ਕਹਿੰਦੇ ਹਨ ਕਿ ਸਾਧੂ ਗਰੀਬ ਨਿਵਾਜ ਹਨ ਉਨ੍ਹਾਂ ਨੂੰ ਆਪ ਬੀ ਗਰੀਬੀ ਹੀ ਆਉਂਦੀ ਹੈ)।

ਅਨਹਦਿ ਸਬਦਿ ਅਗਾਜ ਬਾਣੀ ਗਾਵਣੀ ।੧੮।

(ਗੁਰੂ ਦੇ ਦੁਆਰੇ ਜਾਕੇ ਜੋ ਗੁਰੂ ਦੀ) ਬਾਣੀ ਗਾਉਣੀ ਹੈ, ਇਹੋ ਅਨਾਹਦ ਸਬਦ ਪ੍ਰਗਟ ਹੈ।

ਪਉੜੀ ੧੯

ਹੋਮ ਜਗ ਲਖ ਭੋਗ ਚਣੇ ਚਬਾਵਣੀ ।

(ਗੁਰ ਸਿੱਖਾਂ ਵਿਚ) ਛੋਲੇ ਚਬਾਉਣ (ਦੀ ਸੇਵਾ) ਲੱਖਾਂ ਹੋਮ ਤੇ ਜੱਗ ਦਾ ਫਲ ਜੋ ਲੱਖਾਂ ਭੋਗ ਹਨ (ਉਨ੍ਹਾਂ ਤੋਂ ਸ੍ਰੇਸ਼ਟ ਹੈ)।

ਤੀਰਥ ਪੁਰਬ ਸੰਜੋਗੁ ਪੈਰ ਧੁਵਾਵਣੀ ।

(ਗੁਰ ਸਿੱਖਾਂ ਦੇ) ਚਰਣ ਧੋਣ ਧੁਵਾਵਣ (ਦੀ ਸੇਵਾ) ਤੀਰਥਾਂ ਦੀ ਪੁਰਬੀਆਂ ਦੇ ਸੰਜੋਗਾਂ ਦੇ (ਮੰਨੇ ਹੋਏ ਫਲਾਂ ਨਾਲੋਂ ਸ੍ਰੇਸ਼ਟ ਫਲਦਾਇਕ ਹੈ)।

ਗਿਆਨ ਧਿਆਨ ਲਖ ਜੋਗ ਸਬਦੁ ਸੁਣਾਵਣੀ ।

(ਗੁਰੂ ਦੇ ਸਿੱਖਾਂ ਨੂੰ) ਸ਼ਬਦ ਕੀਰਤਨ ਕਰ ਕੇ ਸੁਣਾਵਣ ਦੀ ਸੇਵਾ ਲੱਖਾਂ ਗਿਆਨ, ਧਿਆਨ ਦੇ ਜੋਗ (ਦੇ ਫਲ ਨਾਲ ਸ੍ਰੇਸ਼ਟ ਹੈ)।

ਰਹੈ ਨ ਸਹਸਾ ਸੋਗ ਝਾਤੀ ਪਾਵਣੀ ।

(ਸਤਿਸੰਗ ਵਿਖੇ) ਪਲ ਦੀ ਪਲ ਝਾਤੀ ਮਾਰਨੀ ਬੀ ਸੰਸੇ ਸੋਗ ਸਾਰੇ ਦੂਰ ਕਰਦੀ ਹੈ।

ਭਉਜਲ ਵਿਚਿ ਅਰੋਗ ਨ ਲਹਰਿ ਡਰਾਵਣੀ ।

ਸੰਸਾਰ ਵਿਖੇ ਅਰੋਗ ਰਖਦੀ ਹੈ ਤੇ (ਸੰਸਾਰ ਸਮੁੰਦਰ ਦੀ) ਲਹਿਰ (ਚਿੰਤਾ) ਡਰਾਉਣੀ ਨਹੀਂ (ਭਾਸਦੀ)।

ਲੰਘਿ ਸੰਜੋਗ ਵਿਜੋਗ ਗੁਰਮਤਿ ਆਵਣੀ ।੧੯।

ਗੁਰੂ ਦੀ ਮੱਤ ਵਿੱਚ ਆਉਣਾ (ਇਹ ਹੈ) ਕਿ ਸੰਜੋਗ ਵਿਜੋਗ ਨੂੰ ਲੰਘੇ (ਸਹਜ ਪਦ ਵਿਖੇ ਰਹੇ)। (ਅਥਵਾ) ਸੰਜੋਗ ਵਿਜੋਗ ਦੇ (ਹਰਖ ਸ਼ੋਕ ਤੋਂ) ਲੰਘ ਕੇ ਗੁਰਮਤ ਦੀ ('ਆਵਣੀ') ਪਾ੍ਰਪਤੀ ਹੁੰਦੀ ਹੈ। (ਅਥਵਾ) ਗੁਰੂ ਦੀ ਮੱਤ ਦੀ ('ਆਵਣੀ') ਪਾ੍ਰਪਤੀ ਨਾਲ (ਭਾਵ, ਗੁਰੂ ਦੀ ਸਿਖ੍ਯਾ ਲੀਤਿਆਂ) ਸੰਜੋਗਾਂ ਵਿਜੋਗਾਂ (ਦੇ ਫਲ ਹਰਖ ਤੇ ਸ਼

ਪਉੜੀ ੨੦

ਧਰਤੀ ਬੀਉ ਬੀਜਾਇ ਸਹਸ ਫਲਾਇਆ ।

ਧਰਤੀ ਵਿੱਚ ਬੀਉ ਪਾਉਣ ਨਾਲ ਹਜ਼ਾਰ ਗੁਣਾਂ ਹੋਕੇ ਫਲੀਭੂਤ ਹੁੰਦਾ ਹੈ।

ਗੁਰਸਿਖ ਮੁਖਿ ਪਵਾਇ ਨ ਲੇਖ ਲਿਖਾਇਆ ।

(ਤਿਵੇਂ) ਗੁਰੂ ਦੇ ਸਿੱਖ ਦੇ ਮੁਖ ਵਿਖੇ (ਭੋਜਨ ਆਦਿਕ) ਪਾਉਣ ਨਾਲ (ਕਿੰਨ ਫਲ ਹੈ) ਕੁਝ ਲੇਖਾ ਹੀ ਨਹੀਂ ਹੋ ਸਕਦਾ।

ਧਰਤੀ ਦੇਇ ਫਲਾਇ ਜੋਈ ਫਲੁ ਪਾਇਆ ।

ਧਰਤੀ ਉਹੋ ਫਲ ਦੇਵੇਗੀ ਜੋ ਫਲ ਬੀਜਿਆ ਜਾਊ।

ਗੁਰਸਿਖ ਮੁਖਿ ਸਮਾਇ ਸਭ ਫਲ ਲਾਇਆ ।

(ਪਰ) ਗੁਰ ਸਿੱਖਾਂ ਦੇ ਮੁੱਖ ਵਿਖੇ ਪਾਉਣ ਨਾਲ ਹਰੇਕ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ।

ਬੀਜੇ ਬਾਝੁ ਨ ਖਾਇ ਨ ਧਰਤਿ ਜਮਾਇਆ ।

ਬੀਜੇ ਬਾਝ (ਕੋਈ) ਫਲ ਨਹੀਂ ਖਾਂਦਾ, ਨਾ ਧਰਤੀ ਹੀ (ਅਣਬੀਜਿਆ) ਉਗਾਉਂਦੀ ਹੈ।

ਗੁਰਮੁਖਿ ਚਿਤਿ ਵਸਾਇ ਇਛਿ ਪੁਜਾਇਆ ।੨੦।੧੪। ਚਉਦਾਂ ।

(ਪਰ) ਗੁਰਮੁਖਾਂ (ਦੀ ਸੇਵਾ) ਨੂੰ ਚਿੱਤ ਵਿਚ ਵਸਾ ਲਵੇ, (ਭਾਵ-ਸੇਵਾ ਦੇ ਚਾਉ ਤੇ ਸਿੱਕ ਨਾਲ ਜੀ ਭਰਿਆ ਰਹੇ, ਭਾਵੇਂ ਅਵੱਸ਼੍ਯਕ ਕਾਰਣਾਂ ਕਰ ਕੇ ਹੋ ਨਾ ਸਕੇ ਤਾਂ ਵੀ) ਇੱਛਾ ਪੂਰਨ ਹੁੰਦੀ ਹੈ।


Flag Counter