ਵਾਰਾਂ ਭਾਈ ਗੁਰਦਾਸ ਜੀ

ਅੰਗ - 7


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

(ਸਾਧ=ਸਿੱਧੀ। ਸਧਾਇ=ਸਾਧਕੇ। ਸਾਧੁ=ਸ੍ਰੇਸ਼ਟ ਵਾ ਪਰੋਪਕਾਰੀ। ਓਰੈ=ਉਰੈ, ਆਸਰੇ ਵਿਚ, ਅੰਦਰ।)

ਸਤਿਗੁਰੁ ਸਚਾ ਪਾਤਿਸਾਹੁ ਸਾਧਸੰਗਤਿ ਸਚੁ ਖੰਡੁ ਵਸਾਇਆ ।

ਸਤਿਗੁਰੂ (ਗੁਰੂ ਅਰਜਨ ਦੇਵ ਜੀ) ਸੱਚੇ ਪਾਤਸ਼ਾਹ ਹਨ, (ਉਨ੍ਹਾਂ ਨੇ) ਸਾਧ ਸੰਗਤਿ ਦਾ ਸੱਚਾ ਖੰਡ ਵਸਾਇਆ (“ਅਠਸਠਿ ਤੀਰਥ ਜਹ ਸਾਧ ਪਗ ਧਰਹਿ”)।

ਗੁਰ ਸਿਖ ਲੈ ਗੁਰਸਿਖ ਹੋਇ ਆਪੁ ਗਵਾਇ ਨ ਆਪੁ ਗਣਾਇਆ ।

(ਉਸ ਵਿਖੇ) ਗੁਰੂ ਦੀ ਸਿੱਖ੍ਯਾ ਲੈ ਕੇ ਆਪ ਗੁਰੂ ਦੇ ਸਿੱਖ ਹੋਕੇ ਆਪਾ ਭਾਵ ਨੂੰ ਗਵਾ ਆਪਣਾ ਆਪ ਨਹੀਂ ਜਤਾਉਂਦੇ।

ਗੁਰਸਿਖ ਸਭੋ ਸਾਧਨਾ ਸਾਧਿ ਸਧਾਇ ਸਾਧੁ ਸਦਵਾਇਆ ।

ਗੁਰੂ ਦੇ ਸਿੱਖਾਂ ਨੇ ਸਾਰੀਆਂ ਸਾਧਨਾਂ ਦੀ ਸਿੱਧੀ ਨੂੰ ਸਾਧ ਕੇ (ਸਾਧੂ=) ਸ੍ਰੇਸ਼ਟ ਸਦਵਾਇਆ।

ਚਹੁ ਵਰਣਾ ਉਪਦੇਸ ਦੇ ਮਾਇਆ ਵਿਚਿ ਉਦਾਸੁ ਰਹਾਇਆ ।

ਚਹੁੰ ਵਰਣਾਂ (ਸਾਰੇ ਸੰਸਾਰ) ਨੂੰ ਉਪਦੇਸ਼ ਦੇਕੇ ਮਾਇਆ ਵਿਚ ਉਦਾਸ ਰਹਿੰਦੇ ਹੈਨ।

ਸਚਹੁ ਓਰੈ ਸਭੁ ਕਿਹੁ ਸਚੁ ਨਾਉ ਗੁਰ ਮੰਤੁ ਦਿੜਾਇਆ ।

ਸੱਚ ਤੋਂ ਸਭ ਕਿਛ ਉਰੇ ਹੈ (ਸੱਚ ਦੇ ਅੰਦਰ ਸਭ ਕਿਛ ਹੈ) ਇਸ ਲਈ ਸੱਚੇ ਨਾਮ ਦਾ ਮੰਤ੍ਰ੍ਰ ਗੁਰੂ ਨੇ ਦ੍ਰਿੜ੍ਹ ਕਰਾਇਆ।

ਹੁਕਮੈ ਅੰਦਰਿ ਸਭ ਕੋ ਮੰਨੈ ਹੁਕਮੁ ਸੁ ਸਚਿ ਸਮਾਇਆ ।

ਵਾਹਿਗੁਰੂ ਦੇ ਹੁਕਮ ਵਿਚ ਸਭ ਕੋਈ ਹੈ, ਜੋ ਉਸਦਾ ਹੁਕਮ ਮੰਨੇ ਸੋਈ ਸੱਚ ਵਿਚ ਸਮਾਉਂਦਾ ਹੈ।

ਸਬਦ ਸੁਰਤਿ ਲਿਵ ਅਲਖੁ ਲਖਾਇਆ ।੧।

(ਗੁਰੂ ਦੇ) ਸਬਦ ਦੀ ਗ੍ਯਾਤ ਦੀ (ਲਿਵ=) ਸਮਾਧੀ ਅਲਖ ਨੂੰ ਲਖਾ ਦਿੰਦੀ ਹੈ (ਭਾਵ ਸਵੈ ਸਰੂਪ ਦੀ ਲੱਖਤਾ ਹੋ ਜਾਂਦੀ ਹੈ)।

ਪਉੜੀ ੨

ਸਿਵ ਸਕਤੀ ਨੋ ਸਾਧਿ ਕੈ ਚੰਦੁ ਸੂਰਜੁ ਦਿਹੁਂ ਰਾਤਿ ਸਧਾਏ ।

ਗੁਰਮੁਖਾਂ ਨੇ ਸਤੋ ਤਮੋਂ ਨੂੰ ਸਾਧ ਕਰ ਕੇ ਚੰਦ ਸੂਰਜ, ਦਿਨ ਰਾਤ ਸਾਧ ਲੀਤੇ ਹਨ (ਭਾਵ ਓਹ ਸਭ ਪਰ ਬਲੀ ਹਨ)।

ਸੁਖ ਦੁਖ ਸਾਧੇ ਹਰਖ ਸੋਗ ਨਰਕ ਸੁਰਗ ਪੁੰਨ ਪਾਪ ਲੰਘਾਏ ।

ਦੁਖ ਸੁਖ ਜਿੱਤ ਲੀਤੇ, ਹਰਖ ਸੋਗ, ਨਰਕ ਸੁਰਗ, ਪੁੰਨ ਪਾਪ ਸਭ ਤੋਂ ਲੰਘ ਗਏ ਹਨ।

ਜਨਮ ਮਰਣ ਜੀਵਨੁ ਮੁਕਤਿ ਭਲਾ ਬੁਰਾ ਮਿਤ੍ਰ ਸਤ੍ਰੁ ਨਿਵਾਏ ।

ਜਨਮ ਮਰਣ ਥੋਂ ਜੀਵਣ ਮੁਕਤ ਹੋ ਗਏ ਹਨ (ਭਾਵ ਕੁਝ ਚਿੰਤਾ ਨਹੀਂ ਕਰਦੇ) ਸ਼ਤ੍ਰ੍ਰ ਮਿਤ੍ਰ੍ਰ, ਭਲੇ ਬੁਰੇ (ਸਭ) ਨਿਵਾ ਲੀਤੇ ਹਨ।

ਰਾਜ ਜੋਗ ਜਿਣਿ ਵਸਿ ਕਰਿ ਸਾਧਿ ਸੰਜੋਗੁ ਵਿਜੋਗੁ ਰਹਾਏ ।

ਰਾਜ ਅਤੇ ਜੋਗ ਨੂੰ ਜਿੱਤ ਕੇ ਵੱਸ ਕਰ ਲੀਤਾ ਹੈ, ਸਾਧ ਸੰਜੋਗ ਅਰਥਾਤ ਭਲੇ ਸੰਜੋਗ ਤੇ ਵਿਜੋਗ ਥੋਂ ਰਹਿ ਗਏ ਹਨ।

ਵਸਗਤਿ ਕੀਤੀ ਨੀਂਦ ਭੂਖ ਆਸਾ ਮਨਸਾ ਜਿਣਿ ਘਰਿ ਆਏ ।

ਨੀਂਦ ਭੁਖ ਸਾਰੀ ਵੱਸ ਕਰ ਲੀਤੀ ਹੈ, ਆਸਾ ਮਨਸਾ ਜਿੱਤਕੇ ਸਵੈ ਸਰੂਪ ਵਿਖੇ ਪ੍ਰਾਪਤ ਹੋਏ ਹਨ।

ਉਸਤਤਿ ਨਿੰਦਾ ਸਾਧਿ ਕੈ ਹਿੰਦੂ ਮੁਸਲਮਾਣ ਸਬਾਏ ।

ਉਸਤੁਤ ਨਿੰਦਾ ਨੂੰ ਸਾਧਕੇ ਹਿੰਦੂ ਮੁਸਲਮਾਨ ਸਭ ਦੇ ਸਾਂਝੇ ਹੋ ਗਏ ਹਨ, (ਭਾਵ ਕਿਸੇ ਨਾਲ ਦਵੈਖ ਨਹੀਂ ਕਰਦੇ)।

ਪੈਰੀ ਪੈ ਪਾ ਖਾਕ ਸਦਾਏ ।੨।

(ਸਭ ਦੀ) ਪੈਰੀਂ ਪੈਕੇ (ਆਪ) ਪੈਰਾਂ ਦੀ ਖ਼ਾਕ ਸਦਾਉਂਦੇ ਹਨ।

ਪਉੜੀ ੩

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਲੋਕ ਵੇਦ ਗੁਣ ਗਿਆਨ ਲੰਘਾਏ ।

(ਗੁਰਮੁਖ ਲੋਕ) ਬ੍ਰਹਮਾਂ ਬਿਸ਼ਨ ਸ਼ਿਵ ਤਿੰਨ (ਦੇਵਤੇ) ਧਰਮ ਪੁਸਤਕਾਂ, ਗੁਣ ਅਤੇ ਗਿਆਨ ਦੀ (ਤ੍ਰਿਕੁਟੀ) ਥੋਂ ਲੰਘ ਗਏ ਹਨ।

ਭੂਤ ਭਵਿਖਹੁ ਵਰਤਮਾਨੁ ਆਦਿ ਮਧਿ ਜਿਣਿ ਅੰਤਿ ਸਿਧਾਏ ।

ਬੀਤ ਗਿਆ ਸਮਾਂ, ਆਉਣ ਵਾਲਾ ਸਮਾਂ, ਹੁਣ ਦਾ ਸਮਾਂ (ਤਿੰਨੇ ਅਤੇ) ਆਦਿ, ਮੱਧ, ਅੰਤ (ਤਿੰਨਾਂ ਅਵਸਥਾਂ ਨੂੰ ਉਨ੍ਹਾਂ ਨੇ) ਜਿੱਤ ਕੇ ਸਿੱਧ ਕੀਤਾ ਹੈ (ਤੇ ਕਾਲ ਰਹਤ ਤੇ ਅਵਸਥਾ ਰਹਤ ਹੋਕੇ ਯਥਾਰਥ ਵਿਚ ਆ ਗਏ ਹਨ)।

ਮਨ ਬਚ ਕਰਮ ਇਕਤ੍ਰ ਕਰਿ ਜੰਮਣ ਮਰਣ ਜੀਵਣ ਜਿਣਿ ਆਏ ।

ਮਨ, ਬਚਨ, ਸਰੀਰ ਇਕੱਤ੍ਰ੍ਰ ਕਰ ਕੇ (ਤਿੰਨੇ ਇਕ ਹੋ ਗਏ ਹਨ)। ਜੰਮਣ, ਮਰਨ, ਜੀਉਣ ਜਿੱਤਕੇ (ਤਿੰਨੇ ਦਸ਼ਾ ਲੰਘਕੇ ਯਥਾਰਥ) ਹੋ ਗਏ ਹਨ।

ਆਧਿ ਬਿਆਧਿ ਉਪਾਧਿ ਸਾਧਿ ਸੁਰਗ ਮਿਰਤ ਪਾਤਾਲ ਨਿਵਾਏ ।

ਆਧਿ ਬਿਆਧਿ ਉਪਾਧਿ ਨੂੰ ਸਾਧਕੇ ਸੁਰਗ ਲੋਕ, ਮਾਤ ਲੋਕ, ਪਾਤਾਲ (ਤਿੰਨੇ) ਨਿਵਾ ਦਿਤੇ (ਪਾਰ ਹੋ ਗਏ) ਹਨ।

ਉਤਮੁ ਮਧਮ ਨੀਚ ਸਾਧਿ ਬਾਲਕ ਜੋਬਨ ਬਿਰਧਿ ਜਿਣਾਏ ।

ਉਤਮ, ਮੱਧਮ, ਨੀਚ (ਤਿੰਨਾਂ ਦਰਜਿਆਂ ਨੂੰ) ਸਾਧਕੇ (ਭਾਵ ਇਨ੍ਹਾਂ ਦੀ ਪਕੜ ਵਿਚੋਂ ਨਿਕਲਕੇ) ਬਾਲਕ, ਜੋਬਨ ਬਿਰਧ (ਤਿੰਨਾਂ ਉਮਰਾਂ) ਨੂੰ ਜਿੱਤ ਆਏ ਹਨ (ਤਿੰਨਾਂ ਨੂੰ ਅਫਲ ਨਹੀਂ ਕੀਤਾ, ਇਕ ਨਾਮ ਜਪਦੇ ਰਹੇ ਹਨ)।

ਇੜਾ ਪਿੰਗੁਲਾ ਸੁਖਮਨਾ ਤ੍ਰਿਕੁਟੀ ਲੰਘਿ ਤ੍ਰਿਬੇਣੀ ਨ੍ਹਾਏ ।

ਝਿੜਾ ਪਿੰਗਲਾ, ਸੁਖਮਨਾ (ਪ੍ਰਣਾਯਾਮ ਦੀਆਂ ਨਾੜੀਆ) ਦੀ ਤ੍ਰਿਕੁਟੀ ਲੰਘ ਕੇ (ਤ੍ਰਿਬੇਣੀ) ਸਹਿਜ ਵਿਚ ਇਸ਼ਨਾਨ ਕਰਦੇ ਹਨ।

ਗੁਰਮੁਖਿ ਇਕੁ ਮਨਿ ਇਕੁ ਧਿਆਏ ।੩।

ਗੁਰਮੁਖ ਇਕ (ਅਕਾਲ ਪੁਰਖ ਦਾ) ਇਕਾਗ੍ਰ ਮਨ ਧਿਆਨ ਕਰਦੇ ਹਨ।

ਪਉੜੀ ੪

ਅੰਡਜ ਜੇਰਜ ਸਾਧਿ ਕੈ ਸੇਤਜ ਉਤਭੁਜ ਖਾਣੀ ਬਾਣੀ ।

ਅੰਡਜ, ਜੇਰਜ, ਸੇਤਜ, ਉਤਭੁਜ (ਚਾਰੇ) ਖਾਣੀਆਂ, (ਪਰਾ, ਪਸੰਤੀ, ਮੱਧਮਾਂ, ਬੈਖਰੀ ਚਾਰੇ) ਬਾਣੀਆਂ ਸਾਧ ਲੀਤੀਆਂ ਹਨ। (ਭਾਵ ਚਹੁਂ ਖਾਣੀਆਂ ਦੇ ਆਵਾਗਵਣ ਤੋਂ ਲੰਘਕੇ ਤੇ ਚਹੁੰ ਬਾਣੀਆਂ ਦੇ ਅੰਤ ਸਹਿਜ ਵਿਚ ਆਏ)।

ਚਾਰੇ ਕੁੰਡਾਂ ਚਾਰਿ ਜੁਗ ਚਾਰਿ ਵਰਨਿ ਚਾਰਿ ਵੇਦੁ ਵਖਾਣੀ ।

ਚਾਰੇ ਕੂੰਟਾਂ (ਦਿਸ਼ਾ) ਚਾਰੇ ਜੁਗ, ਚਾਰੇ ਵਰਣ, ਚਾਰੇ ਵੇਦ ਕਹੀਦੇ ਹਨ (ਇਨ੍ਹਾਂ ਤੋਂ ਪਾਰ ਹੋਏ)।

ਧਰਮੁ ਅਰਥੁ ਕਾਮੁ ਮੋਖੁ ਜਿਣਿ ਰਜ ਤਮ ਸਤ ਗੁਣ ਤੁਰੀਆ ਰਾਣੀ ।

ਧਰਮ, ਅਰਥ, ਕਾਮ, ਮੁਕਤੀ (ਚਾਰ ਪਦਾਰਥ) ਜਿੱਤ ਲੀਤੇ, ਰਜ, ਤਮ, ਸਤ (ਤਿੰਨੇ) ਗੁਣ (ਅਤੇ) ਤੁਰੀਆ ਰਾਣੀ (ਭੀ ਜਿੱਤੀ ਹੈ)।

ਸਨਕਾਦਿਕ ਆਸ੍ਰਮ ਉਲੰਘਿ ਚਾਰਿ ਵੀਰ ਵਸਗਤਿ ਕਰਿ ਆਣੀ ।

ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ ਤੇ ਚਾਰ ਆਸ਼੍ਰਮ ਨੂੰ ਲੰਘ ਗਏ ਹਨ, ਅਤੇ ਚਾਰ ਵੀਰ (ਹਨਵੰਤ, ਨਰਸਿੰਘ, ਭੈਰੋਂ ਬੀਰ, ਲੰਕੁੜਾ ਬੀਰ ਅਥਵਾ ਚਾਰ ਭਿਰਾਉ ਰਾਮ, ਲਛਮਨ, ਭਰਮ, ਸ਼ਤ੍ਰਘਨ ਨੂੰ) ਵੱਸ ਕੀਤਾ ਹੈ।

ਚਉਪੜਿ ਜਿਉ ਚਉਸਾਰ ਮਾਰਿ ਜੋੜਾ ਹੋਇ ਨ ਕੋਇ ਰਞਾਣੀ ।

ਚੌਪੜ ਦੀ ਬਾਜੀ ਵਾਂਗ ਚਾਰੇ ਪਾਸੇ ਜਿੱਤਕੇ ਜੋੜਾ ਹੋਦ ਕਰ ਕੇ ਕੋਈ ਨਹੀਂ ਰਾਣਦਾ (ਭਾਵ ਜੋੜਾ ਹੋ ਜਾਵੇ ਤਾਂ ਫੇਰ ਮਰਦਾ ਨਹੀਂ ਹੈ, ਤਿਵੇਂ ਗੁਰਮੁਖ ਯੋਗੀ ਹੋ ਜਾਣ ਕਰ ਕੇ ਆਪ ਅਜਿੱਤ ਹਨ)।

ਰੰਗ ਬਿਰੰਗ ਤੰਬੋਲ ਰਸ ਬਹੁ ਰੰਗੀ ਇਕੁ ਰੰਗੁ ਨੀਸਾਣੀ ।

ਤੰਬੋਲ ਦੇ ਬਾਹਲੇ ਰੰਗ ਹਨ, ਜਦ ਉਹ ਰਸ (ਅਰਥਾਤ ਪ੍ਰੇਮ) ਰੂਪ ਹੋਏ ਤਦ ਬਹੁਰੰਗੀ ਥੋਂ ਇਕ ਰੰਗ ਦੀ ਨਿਸ਼ਾਨੀ ਹੋ ਗਈ; (ਗਲ ਕੀ ਕੱਥ, ਚੂਨਾ, ਸੁਪਾਰੀ ਤੇ ਪਾਨ ਦਾ ਇਕ ਲਾਲ ਰੰਗ ਹੋ ਗਿਆ, ਚਾਰ ਜਾਤ ਮਿਲਕੇ ਇਕ ਬ੍ਰਹਮ ਰੂਪ ਹੀ ਹੋ ਗਏ)।

ਗੁਰਮੁਖਿ ਸਾਧਸੰਗਤਿ ਨਿਰਬਾਣੀ ।੪।

ਗੁਰਮੁਖ ਸਾਧ ਸੰਗਤ ਕਰ ਕੇ (ਸਦਾ) ਨਿਰਬਾਣ (ਪਦ ਵਿਚ ਹਨ)।

ਪਉੜੀ ੫

ਪਉਣੁ ਪਾਣੀ ਬੈਸੰਤਰੋ ਧਰਤਿ ਅਕਾਸੁ ਉਲੰਘਿ ਪਇਆਣਾ ।

ਜਲ, ਵਾਯੂ, ਅਗਨੀ, ਪ੍ਰਿਥਵੀ, ਅਕਾਸ਼ ਨੂੰ ਲੰਘਕੇ (ਗੁਰਮੁਖ ਅੱਗੇ) ਜਾਂਦੇ ਹਨ (ਤੱਤਾਂ ਨੂੰ ਅਰ ਉਨ੍ਹਾਂ ਦੇ ਕਾਰਜ ਪੰਜਾਂ ਵਿਸ਼ਿਆਂ ਨੂੰ ਜਿੱਤ ਲੈਂਦੇ ਹਨ)।

ਕਾਮੁ ਕ੍ਰੋਧੁ ਵਿਰੋਧੁ ਲੰਘਿ ਲੋਭੁ ਮੋਹੁ ਅਹੰਕਾਰੁ ਵਿਹਾਣਾ ।

ਕਾਮ ਕ੍ਰੋਧ ਦੇ ਵੈਰ ਵਿਰੋਧ ਤੋਂ ਲੰਘ ਗਏ ਹਨ, ਲੋਭ ਮੋਹ ਹੰਕਾਰ ਭੀ ਨਾਸ਼ ਹੋ ਗਿਆ ਹੈ।

ਸਤਿ ਸੰਤੋਖ ਦਇਆ ਧਰਮੁ ਅਰਥੁ ਸੁ ਗਰੰਥੁ ਪੰਚ ਪਰਵਾਣਾ ।

ਸਤਿ, ਸੰਤੋਖ, ਦਯਾ, ਧਰਮ ਅਰ ਧੀਰਜ ਇਨ੍ਹਾਂ ਪੰਜਾਂ ਦੇ ਸੁੰਦਰ ਅਰਥ ਸਮਝਕੇ ਪ੍ਰਮਾਂਣਿਕ ਹੋਏ ਹਨ।

ਖੇਚਰ ਭੂਚਰ ਚਾਚਰੀ ਉਨਮਨ ਲੰਘਿ ਅਗੋਚਰ ਬਾਣਾ ।

(ਜੋਗ ਦੀਆਂ ਪੰਜ ਮੁੰਦ੍ਰਾਂ ਹਨ, ਇਕ ਖੇਚਰ=) ਸ੍ਵਾਸ ਦਾ ਚੜ੍ਹਾਉ, (ਦੂਜੀ ਭੂਚਰ=) ਸ੍ਵਾਸਾਂ ਦਾ ਠਹਿਰਾਉ, (ਤੀਜੀ ਚਾਚਰੀ=) ਸ੍ਵਾਸਾਂ ਦਾ ਉਤਾਰ, (ਚੌਥੀ ਉਨਮਨ=) ਅਰਥਾਤ ਤੁਰੀਆ ਪਦ, (ਪੰਜਵੀਂ ਅਗੋਚਰ=) ਮਨ ਬਾਣੀ ਥੋਂ ਪਰੇ ਬ੍ਰਹਮ ਵਿਖੇ (ਬਾਣਾ=)। ਇਸਥਿਤੀ ਕੀਤੀ ਹੈ।

ਪੰਚਾਇਣ ਪਰਮੇਸਰੋ ਪੰਚ ਸਬਦ ਘਨਘੋਰ ਨੀਸਾਣਾ ।

(ਪੰਚ=) ਸੰਤਾਂ ਵਿਖੇ ਜਿਸ ਪਰਮੇਸ਼ੁਰ ਦਾ (ਆਯਨ=) ਘਰ ਹੈ, ਪੰਜ ਸ਼ਬਦ (ਅਨਾਹਤ ਸ਼ਬਦ) ਦੀ ਘਨਘੋਰ ਵਿਚ ਉਸਦਾ ਨੀਸਾਣ ਹੈ (ਭਾਵ ਵਾਹਿਗੁਰੂ ਜਾਪ ਦੀ ਪਰਾ ਪਸੰਤੀ ਮਧਮਾ ਬੈਖਰੀ ਅਵਸਥਾ ਤੋਂ ਅੱਗੇ ਪੰਜਵੀਂ ਸਬਦ ਬ੍ਰਹਮ ਦੀ ਘਨਘੋਰਤਾ ਵਿਚ ਸਮਾ ਰਹੇ ਹਨ)।

ਗੁਰਮੁਖਿ ਪੰਚ ਭੂਆਤਮਾ ਸਾਧਸੰਗਤਿ ਮਿਲਿ ਸਾਧ ਸੁਹਾਣਾ ।

ਗੁਰਮੁਖਾਂ ਨੇ ਪੰਚ ਭੂਤਾਂ (ਦੀ ਸਤੋ ਅੰਸ਼ ਦਾ) (ਆਤਮ=) ਨਾਮ ਅੰਤਹਕਰਣ (ਸਾਧ ਸੰਗਤ ਨਾਲ ਮਿਲਕੇ) ਸਾਧ (ਭਾਵ ਜਿੱਤ ਲੀਤਾ ਹੈ, ਇਸੇ ਕਰਕੇ) ਸ਼ੋਭਨੀਕ ਹੋਏ ਹਨ।

ਸਹਜ ਸਮਾਧਿ ਨ ਆਵਣ ਜਾਣਾ ।੫।

ਸਹਿਜ ਵਿਖੇ ਸਮਾਧੀ (ਦਾ ਫਲ ਇਹ ਕਿ) ਜਨਮ ਮਰਣ ਥੋਂ ਰਹਿਤ ਹੋ ਗਏ ਹਨ।

ਪਉੜੀ ੬

ਛਿਅ ਰੁਤੀ ਕਰਿ ਸਾਧਨਾਂ ਛਿਅ ਦਰਸਨ ਸਾਧੈ ਗੁਰਮਤੀ ।

ਛੀ ਰੁੱਤਾਂ (ਬਸੰਤ, ਗ੍ਰੀਖਮ, ਪਾਵਸ, ਸਿਰ, ਸਰਦ, ਹੇਮੰਤ) ਵਿਖੇ ਸਾਧਨਾ ਕਰ ਕੇ ਗੁਰਾਂ ਦੀ ਸਿੱਖਿਆ ਦੇ (ਪ੍ਰਤਾਪ) ਨਾਲ ਛੀ ਦਰਸ਼ਨ (ਸ਼ਾਂਖ, ਨ੍ਯਾਯ, ਯੋਗ, ਉਤਰ ਮੀਮਾਂਸਾ, ਪੂਰਵ ਮੀਮਾਂਸਾ, ਵੇਦਾਂਤ) ਜਿੱਤ ਲੀਤੇ ਹਨ।

ਛਿਅ ਰਸ ਰਸਨਾ ਸਾਧਿ ਕੈ ਰਾਗ ਰਾਗਣੀ ਭਾਇ ਭਗਤੀ ।

ਜੀਭ ਦੇ ਤੇ ਰਸ (ਖੱਟਾ, ਮਿੱਠਾ, ਕਸੈਲਾ, ਕੌੜਾ, ਤਿੱਖਾ, ਸਲੂਣਾ) ਸਾਧ ਲੀਤੇ ਹਨ, ਛੇ ਰਾਗ (ਭੈਰੋਂ, ਮਾਲਕੌਂਸ, ਹਿੰਡੋਲ, ਦੀਪਕ, ਸ੍ਰੀ ਰਾਗ, ਮੇਘ ਰਾਗ ਅਤੇ ਏਨਾਂ ਛਿਆਂ ਦੀਆਂ ਪਟਰਾਣੀਆਂ) ਰਾਗਣੀਆਂ(ਉਸ ਦੀ) ਪ੍ਰੇਮਾ ਭਗਤੀ ਕਰਦੀਆਂ ਹਨ। (ਅਥਵਾ ਗੁਰਮੁਖ ਰਾਗ ਪਾਕੇ ਭਾਇ ਭਗਤੀ, ਪ੍ਰੇਮਾ ਭਗਤੀ ਕਰਦਾ ਹੈ)।

ਛਿਅ ਚਿਰਜੀਵੀ ਛਿਅ ਜਤੀ ਚੱਕ੍ਰਵਰਤਿ ਛਿਅ ਸਾਧਿ ਜੁਗਤੀ ।

ਛੀ ਚਿਰਜੀਵੀ (ਜਾਂ ਕਾਕਭਸੁੰਡ ਤੇ ਲੋਮਸ ਆਦਿ ਰਿਖੀ), ਛੀ ਜਤੀ ਹਨੂਮਾਨ, ਲਛਮਨ, ਗੋਰਖ, ਆਦਿ ਭੀ ਸਾਧ ਲੀਤੇ ਹਨ ਅਤੇ) ਛੇ ਚੱਕ੍ਰ ਵਰਤ ਭੀ ਜੁਗਤੀ ਨਾਲ (ਪ੍ਰਾਣਾਂਯਾਮ ਵਿਖੇ ਸਾਧ ਲੀਤੇ ਹਨ)।

ਛਿਅ ਸਾਸਤ੍ਰ ਛਿਅ ਕਰਮ ਜਿਣਿ ਛਿਅ ਗੁਰਾਂ ਗੁਰ ਸੁਰਤਿ ਨਿਰਤੀ ।

ਛੀ ਸ਼ਾਸਤ੍ਰ੍ਰ, ਛੀ ਕਰਮ (ਜਪ, ਹੋਮ, ਸੰਧ੍ਯਾ ਸ਼ਨਾਨ, ਅਤਿਥੀ ਪੂਜਾ, ਦੇਵ ਅਰਚਾ) ਜਿੱਤਕੇ (ਛੀਆਂ ਗੁਰਾਂ ਗੁਰ ਅਰਥਾਤ ਛੀ ਸਾਸ਼ਤਰਾਂ ਦੇ ਕਾਰਕਾਂ ਦਾ ਗੁਰੂ ਅਕਾਲ ਪੁਰਖ ਜੋ ਹੈ (ਉਸ ਵਿਖੇ) ਪ੍ਰੀਤ ਇਕ ਰਸ ਲਗਾਈ ਹੈ।

ਛਿਅ ਵਰਤਾਰੇ ਸਾਧਿ ਕੈ ਛਿਅ ਛਕ ਛਤੀ ਪਵਣ ਪਰਤੀ ।

ਛੀ ਵਰਤਾਰੇ ਯੱਗ ਦੇ ਸਿੱਧ ਕਰ ਕੇ ਛੀ ਛਕੇ ਛੱਤੀ (ਪਖੰਡਾਂ) ਵਲੋਂ ਪਵਨ ਪਰਤਾ ਲਈ ਹੈ (ਭਾਵ ਛੀ ਦਰਸ਼ਨਾਂ ਵਿਖੇ ਜੋ ਛੀ ਛੀ ਪਖੰਡ ਹਨ ਉਧਰੋਂ ਮਨ ਪੌਣ ਨੂੰ ਰੋਕ ਲੀਤਾ ਹੈ, ਅਥਵਾ ਉਰਮੀਆਂ:-ਜਾਯਤੇ, ਸਥੀਯਤੇ, ਵਰਧਤੇ, ਪ੍ਰਣਮਤੇ, ਖੀਯਤੇ, ਵਿਨਸਤੇ ਸਾਧ ਲੈਂਦੇ ਹਨ, ਅਥਵਾ ਛੇ ਚੱਕ੍ਰ ਸਾਧ ਲੀਤੇ ਹਨ। ਦੇਖੋ ਗੁਰੂ ਗ੍ਰੰਥ ਕੋਸ਼

ਸਾਧਸੰਗਤਿ ਗੁਰ ਸਬਦ ਸੁਰੱਤੀ ।੬।

ਸਾਧ ਸੰਗਤ ਵਿਖੇ ਗੁਰਾਂ ਦੇ ਸ਼ਬਦ ਵਿਖੇ ਪ੍ਰੀਤ ਕੀਤੀ ਹੈ।

ਪਉੜੀ ੭

ਸਤ ਸਮੁੰਦ ਉਲੰਘਿਆ ਦੀਪ ਸਤ ਇਕੁ ਦੀਪਕੁ ਬਲਿਆ ।

(ਗੁਰਮੁਖ) ਸੱਤਾਂ ਸਮੁੰਦ੍ਰ੍ਰਾਂ (ਖਾਰੀ ੧, ਖੀਰ ੨, ਦਧਿ ੩, ਮਧੁ ੪, ਇਖ ੫, ਰਸ ਜਲ ੬, ਘ੍ਰਿਤ ੭.) ਨੂੰ ਟੱਪ ਗਿਆ ਹੈ (ਭਾਵ ਇਨ੍ਹਾਂ ਬਨਾਵਟੀ ਢਕੌਂਸਲਿਆਂ ਦੇ ਭਰਮ ਤੋਂ ਪਰੇ ਹੋ ਗਿਆ ਹੈ, ਸੱਤਾਂ ਦੀਪਾਂ (ਭਾਵ ਸੰਸਾਰ) ਵਿਖੇ (ਉਸਦੀ ਗੁਰਮੁਖ ਕਰਨੀ ਦਾ) ਇਕ (ਗਿਆਨ ਉਜ੍ਯਾਰੇ ਦਾ) ਦੀਵਾ ਬਲ ਪਿਆ ਹੈ।

ਸਤ ਸੂਤ ਇਕ ਸੂਤਿ ਕਰਿ ਸਤੇ ਪੁਰੀਆ ਲੰਘਿ ਉਛਲਿਆ ।

(ਘਰ ਦੇ) ਸੱਤਾਂ ਸੂਤ੍ਰ੍ਰਾਂ ਦਾ ਇਕ ਸੂਤ੍ਰ੍ਰ ਕਰ ਕੇ (ਭਾਵ ਈਸ਼ਵਰ ਪਰ ਭਰੋਸਾ ਕਰਕੇ) ਸੱਤੇ ਪੁਰੀਆਂ (ਧ੍ਰੂ, ਸ਼ਿਵ, ਇੰਦ੍ਰ੍ਰ ਪੁਰੀ ਆਦੀ) ਥੋਂ ਲੰਘ ਉੱਚ ਪਦਵੀ ਨੂੰ ਪਹੁੰਚਦਾ ਹੈ (ਭਾਵ ਇਨ੍ਹਾਂ ਪੁਰੀਆਂ ਦੀ ਚਾਹ ਨਹੀਂ ਕਰਦਾ)।

ਸਤ ਸਤੀ ਜਿਣਿ ਸਪਤ ਰਿਖਿ ਸਤਿ ਸੁਰਾ ਜਿਣਿ ਅਟਲੁ ਨਾ ਟਲਿਆ ।

ਸੱਤ ਸਤੀ, (ਹਰੀ ਚੰਦ ੧, ਦਸਰਥ ੨, ਧਰਮ ਪੁਤ੍ਰ੍ਰ ੩, ਰਾਮ ੪, ਪਰਸਰਾਮ ੫, ਬਲਰਾਮ ੬, ਸ਼ੈਵੀ ੭.) ਜਿੱਤਕੇ ਸੱਤ ਸੁਰਾਂ (ਸਾ ੧, ਰੇ ੨। ਗਾ ੩, ਮਾ ੪, ਪਾ ੫, ਧਾ ੬, ਨੀ ੭) ਅਤੇ ਸਪਤ ਰਿਖੀ (ਅਤ੍ਰੀ, ਪੁਲਹ, ਪੁਲਸਤ ਆਦਿ) ਜਿੱਤਕੇ ਅਟੱਲ ਹੋ ਗਿਆ ਹੈ, (ਉਰੇ) ਨਹੀਂ ਟਲਿਆ (ਹਾਰਿਆ)। (ਭਾਵ ਸਤੀਆਂ ਦੀ ਗਤੀ, ਸੱਤ ਰਿਖੀਆਂ

ਸਤੇ ਸੀਵਾਂ ਸਾਧਿ ਕੈ ਸਤੀਂ ਸੀਵੀਂ ਸੁਫਲਿਓ ਫਲਿਆ ।

ਸੱਤ ਭੂਮਕਾ (ਸ਼ੁਭ ਇੱਛਾ, ਸੁਵਿਚਰਨਾ ਆਦਿ) ਹੱਦਾਂ ਨੂੰ ਸਾਧਕੇ ਸੱਤਾਂ ਹੱਦਾਂ ਵਿਚ (ਗ੍ਯਾਨ, ਵੈਰਾਗ) ਫਲਾਂ ਕਰ ਕੇ ਫਲੀ ਭੂਤ ਹੁੰਦਾ ਹੈ।

ਸਤ ਅਕਾਸ ਪਤਾਲ ਸਤ ਵਸਿਗਤਿ ਕਰਿ ਉਪਰੇਰੈ ਚਲਿਆ ।

ਸੱਤ ਆਕਾਸ਼ (ਭੂਰ ੧, ਭਵਰ ੨, ਸਵਰ ੩, ਅੰਤਰਿਖ ੪, ਜਨ ੫, ਤਪ ੬, ਸਤ ੭) ਨੂੰ ਅਤੇ ਸੱਤ ਪਤਾਲ (ਅਤਲ, ਵਿਤਲ, ਸੁਤਲ, ਰਸਾਤਲ ਆਦਿਕ) ਵਸੀਕਾਰ ਕਰ ਕੇ ਹੋਰ ਵੀ ਉਤਕ੍ਰਿਸ਼ਟ (ਪਦਵੀ) ਪ੍ਰਾਪਤ ਕਰਦਾ ਹੈ। (ਇਨ੍ਹਾਂ ਦੀ ਕਾਮਨਾਂ ਤੋਂ ਨਿਰਵਾਸ਼ ਹੋਕੇ ਇਕ ਦੀ ਲਿਵ ਵਿਚ ਰਹਿੰਦਾ ਹੈ)।

ਸਤੇ ਧਾਰੀ ਲੰਘਿ ਕੈ ਭੈਰਉ ਖੇਤ੍ਰਪਾਲ ਦਲ ਮਲਿਆ ।

ਸੱਤ ਧਾਰਾਂ (ਪਹਾੜ ਦੀਆਂ) ਲੰਘਕੇ ਭੈਰਵ ਆਦ ਭੂਤ ਪ੍ਰੇਤ ਸਭ ਦਲ ਮਲ ਸਿੱਟਦਾ ਹੈ, (ਭਾਵ ਬ੍ਰਹਮ ਗਿਆਨੀ ਕਿਸੇ ਭਰਮ ਦੇ ਅਧੀਨ ਨਹੀਂ ਹੁੰਦਾ)।

ਸਤੇ ਰੋਹਣਿ ਸਤਿ ਵਾਰ ਸਤਿ ਸੁਹਾਗਣਿ ਸਾਧਿ ਨ ਢਲਿਆ ।

ਸੱਤ ਰੋਹਣੀਆਂ, ਸੱਤ ਵਾਰ (ਸੱਤੇ ਦਿਨ ਯਾ ਸੱਤ ਗ੍ਰੈਹ ਸੂਰਜ, ਚੰਦ, ਮੰਗਲ, ਬੁਧਿ, ਸ਼ਨੀ ਆਦਿ) (ਚੰਦ੍ਰਮਾਂ ਦੀਆਂ ਵਹੁਟੀਆਂ) ਸੱਤ ਸੁਹਾਗਣਾਂ (ਸੱਤ ਰਿਖੀਆਂ ਦੀਆਂ ਪਤਨੀਆਂ ਆਦਿ ਕਿਸੇ ਭੈ ਭਰਮ ਵਿਚ) ਸਾਧੂ (ਗੁਰਮੁਖ) ਨਹੀਂ ਹਾਰਦਾ।

ਗੁਰਮੁਖਿ ਸਾਧਸੰਗਤਿ ਵਿਚਿ ਖਲਿਆ ।੭।

ਸਤਿਸੰਗ ਦੇ ਆਸ਼੍ਰਯ ਹੋਕੇ ਗੁਰਮੁਖ (ਸਭ ਪਰ ਫਤੇ ਪਾਉਂਦਾ ਹੈ)।

ਪਉੜੀ ੮

ਅਠੈ ਸਿਧੀ ਸਾਧਿ ਕੈ ਸਾਧਿਕ ਸਿਧ ਸਮਾਧਿ ਫਲਾਈ ।

ਅੱਠ ਸਿੱਧੀਆਂ (ਅਣਮਾ ੧, ਮਹਿਮਾ ੨, ਗਰਿਮਾ ੩, ਲਘਿਮਾ ੪, ਪ੍ਰਾਪਤਿ ੫, ਪ੍ਰਾਕਾਮ ੬, ਵਸ਼ਿਤਾ ੭, ਈਸ਼ਤਾ ੮) ਨੂੰ ਸਿੱਧ ਕਰ ਕੇ ਸਾਧਕਾਂ ਤੇ ਸਿੱਧਾਂ ਨੇ ਸਮਾਧਿ ਫੈਲਾਈ (ਭਾਵ ਉਨ੍ਹਾਂ ਭੀ ਅੰਤ ਨਾ ਪਾਇਆ)।

ਅਸਟ ਕੁਲੀ ਬਿਖੁ ਸਾਧਨਾ ਸਿਮਰਣਿ ਸੇਖ ਨ ਕੀਮਤਿ ਪਾਈ ।

ਅੱਠ ਕੁਲਾਂ ਸੱਪਾਂ ਦੀਆਂ ਸ਼ੇਸ਼ਨਾਗ ਨੇ ਸਾਧ ਲੀਤੀਆਂ ਸਿਮਰਨ ਦੀ ਕੀਮਤ (ਉਸ ਭੀ) ਨਾ ਪਾਈ।

ਮਣੁ ਹੋਇ ਅਠ ਪੈਸੇਰੀਆ ਪੰਜੂ ਅਠੇ ਚਾਲੀਹ ਭਾਈ ।

ਮਣ ਅੱਠਾਂ ਪੰਸੇਰੀਆਂ ਦਾ ਹੁੰਦਾ ਹੈ ਤੇ ਅੱਠ ਪਾਂਜੇ ਚਾਲੀ ਹੁੰਦੇ ਹਨ, ਭਾਵ ਮਣ ਤੋਂ ਇਸ਼ਾਰਾ ਮਨ=ਹਿਰਦੇ ਵਲ ਹੈ, ਪੰਜ ਤੋਂ ਭਾਵ ਪੰਜ ਇੰਦ੍ਰ੍ਰੀਆਂ ਤੋਂ ਹੈ, ਤੇ ਉਧਰ ਮਨ ਅੱਠ ਧਾਂਤਾਂ ਤੋਂ ਬਣਦਾ ਮੰਨਿਆ ਹੈ ਪਰ ਸੂਤ ਇਕ ਹੁੰਦਾ ਹੈ, ਤਿਵੇਂ ਪੰਜਾਂ ਤੱਤਾਂ ਦੀ ਪੰਜ ਸਤੋ ਅੰਸ਼ਾਂ ਦੇ ਰਜ ਤਮ ਸਤ ਮਿਲ ਅੱਠਾਂ ਦਾ ਮਨ ਇੰਦ੍ਰ੍ਰ

ਜਿਉ ਚਰਖਾ ਅਠ ਖੰਭੀਆ ਇਕਤੁ ਸੂਤਿ ਰਹੈ ਲਿਵ ਲਾਈ ।

ਜਿੱਕੁਰ ਚਰਖੇ ਵਿਚ ਅੱਠ ਫੱਟੀਆਂ ਹੁੰਦੀਆਂ ਹਨ (ਚਾਰ ਇਕ ਪਾਸੇ ਚਾਰ ਦੂਜੇ ਪਾਸੇ) ਉਹ ਇਕ ਸੂਤ ਦੇ ਆਸਰੇ ਲਿਵ (ਅਰਥਾਤ ਕੰਮ ਵਿਚ ਤਾਰ ਲਾਉਂਦਾ ਹੈ)। (ਭਾਵ ਜਿੱਕੁਰ ਓਹ ਮਾਹਲ ਦੇ ਜ਼ੋਰ ਭੌਂਦਾ ਹੈ ਉੱਕਰ ਹੀ ਦੇਹ ਰੂਪ ਚਰਖਾ ਅੱਠਾਂ ਧਾਤਾਂ ਦਾ ਚਾਰ ਮਾਤਾ ਤੇ ਚਾਰ ਪਿਤਾ ਦੀਆਂ ਬਣਦਾ ਹੈ, ਪਰੰਤੂ ਉਹ ਬ੍ਰਹਮ ਸੱਤ ਬਾਝ ਕੰਮ ਨਹ

ਅਠ ਪਹਿਰ ਅਸਟਾਂਗੁ ਜੋਗੁ ਚਾਵਲ ਰਤੀ ਮਾਸਾ ਰਾਈ ।

ਤਿਵੇਂ ਹੀ ਅੱਠ ਪਹਿਰਾਂ ਦਾ (ਦਿਨ ਰਾਤ), ਅੱਠਾਂ ਅੰਗਾਂ (ਯੋਗ, ਨਿਯਮ, ਆਸਨ, ਪ੍ਰਾਣਾਯਾਂਮ, ਪ੍ਰਤ੍ਯਾਹਾਰ, ਧਾਰਨਾ, ਧ੍ਯਾਨ, ਸਮਾਧੀ) ਦਾ ਯੋਗ, (ਅੱਠ ਰਾਈ ਦਾ ੧ ਚਉਲ, ਅੱਠ) ਚਉਲ (ਦੀ ੧ ਰੱਤੀ, ਅਠ) ਰਤੀ (ਦਾ ੧) ਮਾਸ਼ਾ (ਭਾਵ ਅੱਠਾਂ ਧਾਤਾਂ ਦਾ ਸਰੀਰ ਬਣਦਾ ਹੈ)।

ਅਠ ਕਾਠਾ ਮਨੁ ਵਸ ਕਰਿ ਅਸਟ ਧਾਤੁ ਇਕੁ ਧਾਤੁ ਕਰਾਈ ।

ਕਠੋਰ ਮਨ (ਯਾ ਚਰਖੇ ਸਰੀਖੀ ਦੇਹ ਵਿਚ ਵਸਦੇ ਮਨ ਨੂੰ ਵੱਸ ਕਰ ਕੇ ਗੁਰਮੁਖਾਂ ਨੇ ਅੱਠਾਂ ਧਾਤਾਂ ਦੀ ਇਕ ਧਾਤ ਕਰ ਦਿੱਤੀ ਹੈ)। (ਮਨ ਭੀ ਅੱਠਾਂ ਦਾ ਹੈ, ਜਿਹਾ ਕਿ ੫ ਭੂਤਾਂ ਦੀ ਸਤੋ ਅੰਸ਼ ਤੇ ੩ ਰਜੋ ਤਮੋ ਸਤੋ ਮਿਲਕੇ ਅੱਠਾਂ ਧਾਤਾਂ ਦਾ ਮਨ ਹੈ, ਐਸੇ ਮਨ ਨੂੰ ਇਕ ਧਾਤ ਕੀਤਾ, ਭਾਵ ਇਕ ਲਿਵ ਵਿਚ ਲਗਾ ਦਿੱਤਾ)।

ਸਾਧਸੰਗਤਿ ਵਡੀ ਵਡਿਆਈ ।੮।

ਸਾਧ ਸੰਗਤ ਦੀ ਮਹਿਮਾਂ ਅਕੱਥ ਹੈ।

ਪਉੜੀ ੯

ਨਥਿ ਚਲਾਏ ਨਵੈ ਨਾਥਿ ਨਾਥਾ ਨਾਥੁ ਅਨਾਥ ਸਹਾਈ ।

(ਗੁਰਮੁਖਾਂ ਨੇ) ਨੌਂ ਨਾਥ (ਗੋਰਖ, ਝੰਗਰ, ਭੰਗਰ ਆਦਿਕ) ਨੱਥਕੇ (ਹੁਕਮ ਵਿਚ) ਤੋਰੇ ਹਨ (ਕਿਉਂਕਿ ਗੁਰਮੁਖ ਆਪ ਨੂੰ ਅਨਾਥ ਨਿਮਾਣੇ ਜਾਣਦੇ ਹਨ) ਤੇ ਅਨਾਥਾਂ ਦੇ ਸਹਾਈ ਨਾਥਾਂ ਦਾ ਨਾਥ (ਆਪ ਵਾਹਿਗੁਰੂ) ਹੁੰਦਾ ਹੈ।

ਨਉ ਨਿਧਾਨ ਫੁਰਮਾਨ ਵਿਚਿ ਪਰਮ ਨਿਧਾਨ ਗਿਆਨ ਗੁਰਭਾਈ ।

ਨੌਂ ਨਿਧਾਂ ਉਨ੍ਹਾਂ ਦੇ ਤਾਬੇ ਹਨ, ਪਰਮ ਨਿਧਾਂ ਦਾ ਸਮੁੰਦਰ (ਅਪਰੋਖ) ਗਿਆਨ ੳਨ੍ਹਾਂ ਦੇ ਅੰਗ ਸੰਗ ਹੈ।

ਨਉ ਭਗਤੀ ਨਉ ਭਗਤਿ ਕਰਿ ਗੁਰਮੁਖਿ ਪ੍ਰੇਮ ਭਗਤਿ ਲਿਵ ਲਾਈ ।

ਨੌਧਾ ਭਗਤੀ (ਸ਼੍ਰਵਣ, ਕੀਰਤਨ ਆਦਿਕ ਤਾਂ) ਨੌਂ ਭਗਤ ਵੱਖੋ ਵਖ ਕਰਦੇ ਹਨ (ਪਰੰਤੂ) ਗੁਰਮੁਖ ਲੋਕਾਂ ਦਸਵੀਂ ਪ੍ਰੇਮਾ ਭਗਤੀ ਵਿਖੇ ਸਮਾਧੀ ਲਾ ਛੱਡੀ ਹੈ।

ਨਉ ਗ੍ਰਿਹ ਸਾਧ ਗ੍ਰਿਹਸਤ ਵਿਚਿ ਪੂਰੇ ਸਤਿਗੁਰ ਦੀ ਵਡਿਆਈ ।

ਨੌਂ ਗ੍ਰੈਹ (ਅਥਵਾ ੯ ਗੋਲਕਾਂ ਅੱਖਾਂ, ਕੰਨ, ਨੱਕ, ਮੂੰਹ ਆਦਿ ਗ੍ਰਿਹਸਤ ਵਿਚ ਹੀ ਵੱਸ ਕਰ ਲੀਤੀਆਂ ਹਨ (ਇਹ) ਪੂਰੇ ਸਤਿਗੁਰ (ਗੁਰ ਅਰਜਨ ਦੇਵ ਦੀ) ਮਹਿਮਾਂ ਦਾ ਪ੍ਰਤਾਪ ਹੈ।

ਨਉਖੰਡ ਸਾਧ ਅਖੰਡ ਹੋਇ ਨਉ ਦੁਆਰਿ ਲੰਘਿ ਨਿਜ ਘਰਿ ਜਾਈ ।

ਨਉਂ ਖੰਡਾਂ (ਧਰਤੀ) ਨੂੰ ਜਿੱਤਕੇ (ਮਨਿ ਜੀਤੈ ਜਗੁ ਜੀਤ) ਆਪ ਅਖੰਡ ਰਹਿੰਦੇ ਹਨ, ਨੌਂ ਗੋਲਕਾਂ ਨੂੰ ਲੰਘਕੇ ਦਸਮ ਦ੍ਵਾਰ ਵਿਖੇ ਸ੍ਵੈ ਸਰੂਪ ਦਾ ਧਿਆਨ ਕਰਦੇ ਹਨ।

ਨਉ ਅੰਗ ਨੀਲ ਅਨੀਲ ਹੋਇ ਨਉ ਕੁਲ ਨਿਗ੍ਰਹ ਸਹਜਿ ਸਮਾਈ ।

ਨੌਂ ਅੰਗਾਂ ਦੀ ਗਿਣਤੀ ਅਣਗਿਣਤ ਹਨ, (ਨਉ ਕੁਲ ਨਿਗ੍ਰਹ=) ਨੌਂ ਗੋਲਕਾਂ ਦੀ ਕਲਪਣਾ ਨੂੰ ਰੋਕਕੇ ਸਹਜ ਪਦ ਵਿਖੇ ਲੀਨ ਹੁੰਦੇ ਹਨ।

ਗੁਰਮੁਖਿ ਸੁਖ ਫਲੁ ਅਲਖੁ ਲਖਾਈ ।੯।

ਗੁਰਮੁਖਾਂ ਨੂੰ ਸੁਖੈਨ ਹੀ ਅਲਖ ਫਲ ਦੀ ਲੱਖਤਾ ਹੋ ਜਾਂਦੀ ਹੈ।

ਪਉੜੀ ੧੦

ਸੰਨਿਆਸੀ ਦਸ ਨਾਵ ਧਰਿ ਸਚ ਨਾਵ ਵਿਣੁ ਨਾਵ ਗਣਾਇਆ ।

ਸੰਨਿਆਸੀਆਂ ਨੇ (ਗਿਰੀ, ਪੁਰੀ, ਭਾਰਤੀ, ਸੁਰੱਸ੍ਵਤੀ ਆਦਿ।) ਦਸ ਨਾਉਂ ਰਖਾਕੇ ਸਖੇ ਨਾਮ ਥੋਂ ਬਾਝ (ਬਿਰਥਾ ਹੀ ਆਪਣਾ) ਨਾਮ ਗਿਣਾਇਆ (ਹੰਕਾਰ ਕੀਤਾ)।

ਦਸ ਅਵਤਾਰ ਅਕਾਰੁ ਕਰਿ ਏਕੰਕਾਰੁ ਨ ਅਲਖੁ ਲਖਾਇਆ ।

ਦਸ ਅਵਤਾਰ (ਮੱਛ, ਕੱਛ, ਵੇਰਾਹ ਆਦ ਦੇ) ਸਰੂਪ (ਬੀ ਬਣੇ ਪਰ) ਏਕੰਕਾਰ (ਵਾਹਿਗੁਰੂ) ਅਲਖ ਨੇ (ਅਪਣਾ ਆਪ ਉਨ੍ਹਾਂ ਨੂੰ ਬੀ) ਨਹਂੀਂ ਲਖਾਇਆ।

ਤੀਰਥ ਪੁਰਬ ਸੰਜੋਗ ਵਿਚਿ ਦਸ ਪੁਰਬੀਂ ਗੁਰ ਪੁਰਬਿ ਨ ਪਾਇਆ ।

ਤੀਰਥਾਂ ਦੇ ਪੁਰਬ (ਅਰਥਾਤ ਮਹਾਤਮ) ਦੇ ਸੰਜੋਗ ਵਿਚ ਦਸ ਪੁਰੁਬਾਂ (ਵਿਸਾਖੀ ੧, ਮਾਘੀ ੨, ਦਿਵਾਲੀ ੩, ਦੁਸਹਿਰਾ ੪, ਟੁਕੜੀ ੫, ਨਿਮਾਣੀ ੬, ਦੁਆਦਸੀ ੭, ਵਿਤੀਪਾਤ ੮, ਵੈਧ੍ਰਿਤ ੯, ਜਨਮਅਸ਼ਟਮੀ ੧੦) ਨੇ ਗੁਰਪੁਰਬ ਦੀ ਬਰਾਬਰੀ ਨਹੀਂ ਕੀਤੀ, (ਭਾਵ ਕਿਉਂ ਜੋ ਇਹ ਸੰਸਾਰਕ ਖੁਸ਼ੀ ਦੇਂਦੇ ਹਨ, ਗੁਰਪੁਰਬ ਮਨ ਨੂੰ ਵਾਹਿਗੁਰੂ ਵਲ ਲ

ਇਕ ਮਨਿ ਇਕ ਨ ਚੇਤਿਓ ਸਾਧਸੰਗਤਿ ਵਿਣੁ ਦਹਦਿਸਿ ਧਾਇਆ ।

ਜਿਨ੍ਹਾਂ ਨੇ ਸਾਧ ਸੰਗਤ ਤੋਂ ਬਿਨਾਂ ਇਕ ਮਨ ਕਰ ਕੇ ਇਕ (ਵਾਹਿਗੁਰੂ) ਨੂੰ ਨਹੀਂ ਧਿਆਇਆ ਉਹ ਦਸੋਂ ਦਿਸ਼ਾ ਵਿਚ ਭਟਕਦੇ ਹਨ।

ਦਸ ਦਹੀਆਂ ਦਸ ਅਸ੍ਵਮੇਧ ਖਾਇ ਅਮੇਧ ਨਿਖੇਧੁ ਕਰਾਇਆ ।

ਦਸ ਦਹੇ (ਮੁਸਲਮਾਨਾਂ ਦੇ) ਅਰ ਹਿੰਦੂਆਂ ਦੇ ਦਸ ਯੱਗ (ਅਸ਼੍ਵਮੇਧ ੧, ਗਜਮੇਧ ੨, ਗੋਮੇਧ ੩, ਅਜ ੪, ਨਰ ੫, ਰਾਜਸ ੬, ਬ੍ਰਹਮ ਯੱਗ ੭, ਅਨਜਗ ੮, ਹੋਤ੍ਰ੍ਰ ੯, ਚਾਤ੍ਰ ੧੦) (ਅਮੇਧ=) ਅਪਵਿੱਤ੍ਰ੍ਰਤਾ ਕਰਨਹਾਰੇ ਨਿਖੇਧ ਕਰ ਦਿਤੇ, (ਕਿਉਂ ਜੋ ਅਹਿੰਸਾ ਹਿੰਦੂਆਂ ਵਿਚ ਪਰਮ ਧਰਮ ਹੈ ਤੇ ਅਹਿੰਸਾ ਹੀ ਯੱਗ ਵਿਚ ਹੁੰਦੀ ਹੈ, ਇਸੇ ਕ

ਇੰਦਰੀਆਂ ਦਸ ਵਸਿ ਕਰਿ ਬਾਹਰਿ ਜਾਂਦਾ ਵਰਜਿ ਰਹਾਇਆ ।

(ਪਰ ਗੁਰਮੁਖਾਂ ਨੇ) ਦਸ ਇੰਦ੍ਰ੍ਰੀਆਂ (੫ ਗ੍ਯਾਨ ਤੇ ੫ ਕਰਮ ਇੰਦੀਆਂ) ਵਸ ਕਰ ਕੇ (ਯਾਰ੍ਹਵਾਂ ਮਨ) ਬਾਹਰ ਮੁਖੀ ਹਟਾਕੇ ਅੰਤਰ ਮੁਖੀ ਕੀਤਾ ਹੈ।

ਪੈਰੀ ਪੈ ਜਗੁ ਪੈਰੀ ਪਾਇਆ ।੧੦।

ਪੈਰੀ ਪੈਕੇ ਜਗਤ ਨੂੰ ਨਿਵਾ ਲੈਂਦੇ ਹਨ (ਨਿੰਮ੍ਰਤਾ ਨਾਲ ਕਾਰਜ ਰਾਸ ਕਰਦੇ ਹਨ)।

ਪਉੜੀ ੧੧

ਇਕ ਮਨਿ ਹੋਇ ਇਕਾਦਸੀ ਗੁਰਮੁਖਿ ਵਰਤੁ ਪਤਿਬ੍ਰਤਿ ਭਾਇਆ ।

ਮਨ ਇਕਾਗਰ ਕਰ ਕੇ ਗੁਰਮੁਖਾਂ ਨੂੰ ਪਤਿਬ੍ਰਤ ਧਰਮ ਨਿਸ਼ਚਯ ਜੋ ਭਾਇਆ ਹੈ ਈਹੋ ਉਹਨਾਂ ਦਾ ਇਕਾਦਸ਼ੀ ਬ੍ਰਤ ਹੈ। (ਭਾਵ ਯਥਾ ਕਬਿੱਤ ਭਾਈ ਗੁਰਦਾਸ-'ਗੁਰ ਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ ਪਤਿਬ੍ਰਤ ਏਕ ਟੇਕ ਦੁਬਿਧਾ ਨਿਵਾਰੀ ਹੈ')।

ਗਿਆਰਹ ਰੁਦ੍ਰ ਸਮੁੰਦ੍ਰ ਵਿਚਿ ਪਲ ਦਾ ਪਾਰਾਵਾਰੁ ਨ ਪਾਇਆ ।

ਯਾਰਾਂ ਸ਼ਿਵਾਂ ਨੇ ਸੰਸਾਰ ਸਮੁੰਦ੍ਰ੍ਰ ਵਿਖੇ (ਈਸ਼੍ਵਰ ਦੀ) ਇਕ ਪਲ ਦਾ ਪਾਰਾਵਾਰ ਨਹੀਂ ਪਾਇਆ।

ਗਿਆਰਹ ਕਸ ਗਿਆਰਹ ਕਸੇ ਕਸਿ ਕਸਵੱਟੀ ਕਸ ਕਸਾਇਆ ।

(ਦਸ ਇੰਦ੍ਰ੍ਰੀਆਂ ਤੇ ਯਾਰ੍ਹਵਾਂ ਮਨ) ਗ੍ਯਾਰਾਂ ਹੀ ਕਸ ਲੀਤੇ ਅਰ ੧੧ ਹੀ (ਉਨ੍ਹਾਂ ਦੇ ਵਿਸ਼ੇ ਕਾਬੂ ਕੀਤੇ, (ਭਗਤੀ ਦੀ) ਕਸਵੱਟੀ ਪੁਰ ਕਸ ਲਾਕੇ ਮਨ ਕੰਚਨ ਨੂੰ ਸ਼ੁੱਧ ਕੀਤਾ ਹੈ।

ਗਿਆਰਹ ਗੁਣ ਫੈਲਾਉ ਕਰਿ ਕਚ ਪਕਾਈ ਅਘੜ ਘੜਾਇਆ ।

ਯਾਰਾਂ ਗੁਣੇ ਫੈਲਾਕੇ ਕੱਚੇ ਅਘੜ ਮਨ ਨੂੰ ਘੜ ਘੜ ਕੇ ਪੱਕਾ ਕੀਤਾ ਹੈ। (ਭਾਵ ਯਾਰਾਂ ਨੂੰ ਜਦ ਗਿਣੀਏਂ ਇਕ ਇਕ ਕਰ ਕੇ ਅੰਗ ਵਧਦੇ ਜਾਂਦੇ ਹਨ, ਜਿਸ ਤਰ੍ਹਾਂ ਯਾਰਾਂ ਦੇ ਦੋ ਏਕੇ ਤੇ ਯਾਰਾਂ ਦੂਣੇ ਬਾਈ ਦੇ ਦਸ ਦੂਏ, ਇੱਕਰ ਯਾਰਾਂ ਤੀਆ ਤੇਤੀ ੩੩ ਦੇ ਦੋ ਤੀਏ, ਯਾਰਾਂ ਚੌਕਾ ੪੪ ਦੇ ਦੋ ਚੌਕੇ, ਯਾਰਾਂ ਨਾਉਂ ੯੯ ਦੇ ਦੋ ਨਾਏਂ,

ਗਿਆਰਹ ਦਾਉ ਚੜ੍ਹਾਉ ਕਰਿ ਦੂਜਾ ਭਾਉ ਕੁਦਾਉ ਰਹਾਇਆ ।

ਯਾਰਾਂ ਦਾ (ਅਰਥਾਤ ਸਤਿ ੧, ਸੰਤੋਖ ੨, ਦਯਾ ੩, ਧਰਮ ੪, ਧੀਰਜ ੫, ਸਮ ੬, ਦਮ ੭, ਉਪਰਤਿ ੮, ਤਤਿਖ੍ਯਾ ੯, ਸ਼ਰਧਾ ੧੦, ਸਮਾਧਾਨਤਾ ੧੧) ਨਾਲ ਮਨ ਨੂੰ ਪੱਕਾ ਕਰ ਕੇ ਦੂਜਾ ਭਾਉ ਜੋ ਖੋਟਾ ਦਾਉ ਸੀ ਤਿਆਗ ਦਿਤਾ ਹੈ।

ਗਿਆਰਹ ਗੇੜਾ ਸਿਖੁ ਸੁਣਿ ਗੁਰ ਸਿਖੁ ਲੈ ਗੁਰਸਿਖੁ ਸਦਾਇਆ ।

ਗ੍ਯਾਰਾਂ ਵੇਰ ਗੁਰੂ ਤੋਂ ਗੁਰਮੰਤ੍ਰ੍ਰ ਸੁਣਕੇ ਗੁਰ ਸਿੱਖ੍ਯਾ ਲੈਕੇ ਗੁਰੂ ਦਾ ਸਿੱਖ ਸਦਵਾਇਆ। (ਅ) ਯਾਰਾਂ (ਅਰਥਾਤ ੧੦ ਇੰਦ੍ਰ੍ਰੇ ਤੇ ਇਕ ਮਨ) ਨੂੰ ਗੇੜਕੇ ਗੁਰੂ ਦੀ ਸਿੱਖ੍ਯਾ ਸ਼੍ਰਵਣ ਕਰ ਕੇ ਫੇਰ ਮੰਨਨ ਕਰ ਕੇ ਗੁਰ ਸਿੱਖ ਸਦਵਾਇਆ ਹੈ, (ਭਾਵ ਗੁਰਮੁਖ ਮਨੋਂ ਤਨੋਂ ਹੋਕੇ ਪ੍ਰੀਤ ਕਰਦੇ ਹਨ। ਭਾਵ ਗ੍ਯਾਰਾਂ ਗੁਣੇ ਦਾ ਵਾਧੇ

ਸਾਧਸੰਗਤਿ ਗੁਰੁ ਸਬਦੁ ਵਸਾਇਆ ।੧੧।

ਸਾਧ ਸੰਗਤ ਵਿਖੇ ਗੁਰੂ ਨੇ ਸ਼ਬਦ ਨੂੰ ਵਸਾਇਆ ਹੈ, ਭਾਵ ਸਾਧ ਸੰਗਤ ਵਿਚੋਂ ਨਾਮ ਪ੍ਰਾਪਤ ਹੁੰਦਾ ਹੈ।

ਪਉੜੀ ੧੨

ਬਾਰਹ ਪੰਥ ਸਧਾਇ ਕੈ ਗੁਰਮੁਖਿ ਗਾਡੀ ਰਾਹ ਚਲਾਇਆ ।

(ਜੋਗੀਆਂ ਦੇ) ਬਾਰਾਂ ਪੰਥ ਜਿੱਤਕੇ ਗੁਰਮੁਖਾਂ ਨੇ ਸੌਖਾ ਰਾਹ ਤੋਰਿਆ ਹੈ।

ਸੂਰਜ ਬਾਰਹ ਮਾਹ ਵਿਚਿ ਸਸੀਅਰੁ ਇਕਤੁ ਮਾਹਿ ਫਿਰਾਇਆ ।

ਸੂਰਜ ਬਾਰਾਂ ਮਹੀਨਿਆਂ ਵਿਚ (ਧਰਤੀ ਦੇ ਗਿਰਦ ਫਿਰਦਾ ਹੈ), ਚੰਦ੍ਰ੍ਰਮਾਂ (ਇਕ ਮਹੀਨੇ ਵਿਚ) ਪ੍ਰਕ੍ਰਮਾਂ ਕਰਦਾ ਹੈ, (ਸੂਰਜ ਤੋਂ ਭਾਵ ਤਮੋ ਰਜੋ ਗੁਣ ਹੈ, ਤਮੋ ਰਜੋ ਗੁਣੀ ਸਾਧਨਾਂ ੧੨ ਮਹੀਨੇ ਵਿਚ ਜੋ ਕਾਰਜ ਕਰੇ, ਸਤੋ ੧ ਵਿਚ ਕਰਦੀ ਹੈ। ਚੰਦ੍ਰ੍ਰਮਾਂ ਤੋਂ ਭਾਵ ਸਤੋ ਗੁਣ ਹੈ)।

ਬਾਰਹ ਸੋਲਹ ਮੇਲਿ ਕਰਿ ਸਸੀਅਰ ਅੰਦਰਿ ਸੂਰ ਸਮਾਇਆ ।

ਬਾਰਾਂ (੧੦ ਇੰਦ੍ਰ੍ਰੇ, ਮਨ, ਬੁਧਿ) (ਪ੍ਰਾਣ ੧੦, ਤਤ ੫, ਤੇ ੧ ਮਨ-) ਸੋਲਾਂ ਮਿਲ ਕੇ ਚੰਦ੍ਰ੍ਰਮਾਂ ਸੂਰਜ ਦੇ ਘਰ ਵਿਖੇ ਸਮਾਇਆ। (ਭਾਵ ਦਿਨ ਚੜ੍ਹ ਗਿਆ, ਯਥਾ-”ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ”।

ਬਾਰਹ ਤਿਲਕ ਮਿਟਾਇ ਕੈ ਗੁਰਮੁਖਿ ਤਿਲਕੁ ਨੀਸਾਣੁ ਚੜਾਇਆ ।

(ਜੋਗੀਆਂ ਦੇ ਬਾਰਾਂ ਪੰਥਾਂ ਦੇ) ਬਾਰਾਂ ਹੀ ਤਿਲਕ ਮਿਟਾਕੇ ਗੁਰਮੁਖਾਂ ਦੇ ਨੀਸਾਣ (=ਚਿੰਨ੍ਹ ਅਥਵਾ ਉੱਜਲਤਾ) ਦਾ ਤਿਲਕ ਚੜ੍ਹਾਇਆ ਹੈ।

ਬਾਰਹ ਰਾਸੀ ਸਾਧਿ ਕੈ ਸਚਿ ਰਾਸਿ ਰਹਰਾਸਿ ਲੁਭਾਇਆ ।

ਬਾਰਾਂ ਰਾਸਾਂ (ਮੇਖ, ਬ੍ਰਿਖ, ਮਿਥਨ ਆਦਿ) ਜਿੱਤਕੇ ਸੱਚੀ ਰਾਸ (ਹਰ ਧਨ) ਦੀ ਰਾਹ ਰਸਮ ਕੀਤੀ (ਅਥਵਾ ਰਹਿਰਾਸ ਦੀ ਸੱਚੀ ਰਾਸ ਵਿਚ ਪ੍ਰਸੰਨ ਹੋਏ)।

ਬਾਰਹ ਵੰਨੀ ਹੋਇ ਕੈ ਬਾਰਹ ਮਾਸੇ ਤੋਲਿ ਤੁਲਾਇਆ ।

ਬਾਰਾਂ ਵੰਨੀਆਂ ਦਾ ਸੋਨਾ ਹੋਕੇ (ਪੂਰੇ) ੧੨ ਮਾਸੇ ਦਾ ਤੋਲਾ ਹੋਕੇ ਤੁਲਦੇ ਹਨ (ਭਾਵ ੧੦ ਇੰਦ੍ਰੇ ਤੇ ਮਨ ਬੁਧ) ਪੂਰੇ ਉਤਰਦੇ ਹਨ।

ਪਾਰਸ ਪਾਰਸਿ ਪਰਸਿ ਕਰਾਇਆ ।੧੨।

(ਸੱਚੇ ਗੁਰੂ ਰੂਪ) ਪਾਰਸ ਨਾਲ ਪਰਸ ਕੇ ਆਪ ਭੀ ਪਾਰਸ ਹੋ ਜਾਂਦੇ ਹਨ।

ਪਉੜੀ ੧੩

ਤੇਰਹ ਤਾਲ ਅਊਰਿਆ ਗੁਰਮੁਖ ਸੁਖ ਤਪੁ ਤਾਲ ਪੁਰਾਇਆ ।

(ਰਾਗ ਦੇ) ੧੩ ਤਾਲ ਘੱਟ ਹਨ, ਗੁਰਮੁਖਾਂ ਨੇ ਸੁਖ ਰੂਪ ਤਪ ਦਾ ਤਾਲ ਪੂਰਿਆ ਹੈ (ਭਾਵ ਪ੍ਰੇਮਾ ਭਗਤੀ ਕਰਦੇ ਹਨ ਤੇ ਗ੍ਰਿਹਸਥ ਵਿਖੇ ਹੀ ਯੋਗੀ ਹਨ)।

ਤੇਰਹ ਰਤਨ ਅਕਾਰਥੇ ਗੁਰ ਉਪਦੇਸੁ ਰਤਨੁ ਧਨੁ ਪਾਇਆ ।

ਤੇਰਾਂ ਰਤਨ ਬਿਅਰਥ ਹਨ, ਗੁਰ ਉਪਦੇਸ਼ ਰਤਨ (ਇੱਕੋ ਹੀ ਜਿਨ੍ਹਾਂ ਕੋਲ ਹੈ ਉਨ੍ਹਾਂ ਨਾਮ) ਧਨ ਪਾਇਆ ਹੈ।

ਤੇਰਹ ਪਦ ਕਰਿ ਜਗ ਵਿਚਿ ਪਿਤਰਿ ਕਰਮ ਕਰਿ ਭਰਮਿ ਭੁਲਾਇਆ ।

ਜੱਗ ਵਿਚ ਪਿਤਰ ਕਰਮ (ਆਦੀ) ਤੇਰਾਂ ਪਦ (ਕਰਮਾਂ ਦੇ) ਕਰ ਕੇ (ਸੰਸਾਰ ਨੂੰ ਕਰਮ ਕਾਂਡੀਆਂ ਨੇ) ਭਰਮਾਂ ਵਿਚ ਭੁਲਾ ਦਿੱਤਾ ਹੈ।

ਲਖ ਲਖ ਜਗ ਨ ਪੁਜਨੀ ਗੁਰਸਿਖ ਚਰਣੋਦਕ ਪੀਆਇਆ ।

ਗੁਰੂ ਦੇ ਸਿੱਖਾਂ ਦੇ ਚਰਣਾਂ ਦਾ ਜਲ ਪਾਨ ਕਰਨ ਨਾਲ ਲੱਖਾਂ ਜੱਗ੍ਯ ਬਰਾਬਰੀ ਨਹੀਂ ਕਰਦੇ। (ਪ੍ਰਮਾਣ ਗੁਰੂ ਜੀ ਸੁਖਮਨੀ-'ਚਰਨ ਸਾਧਕੇ ਧੋਇ ਧੋਇ ਪੀਉ'॥)

ਜਗ ਭੋਗ ਨਈਵੇਦ ਲਖ ਗੁਰਮੁਖਿ ਮੁਖਿ ਇਕੁ ਦਾਣਾ ਪਾਇਆ ।

ਗੁਰੂ ਦੇ ਸਿੱਖ ਦੇ ਮੁਖ ਵਿਖੇ ਇਕ ਦਾਣਾ ਪਾਉਣ ਦਾ ਲੱਖਾਂ ਜੱਗਾਂ, ਭੰਡਾਰਿਆਂ ਦੇ ਭੋਗਾਂ ਠਾਕਰਾਂ ਦੇ ਨੈਵੇਦਾਂ (ਨਾਲੋਂ ਵਧੀਕ ਫਲ ਹੈ)।

ਗੁਰਭਾਈ ਸੰਤੁਸਟੁ ਕਰਿ ਗੁਰਮੁਖਿ ਸੁਖ ਫਲੁ ਪਿਰਮੁ ਚਖਾਇਆ ।

ਗੁਰ ਭਾਈ ਨੂੰ ਪ੍ਰਸੰਨ ਕਰ ਕੇ ਗੁਰਮੁਖ ਲੋਕ ਪ੍ਰੇਮ ਦਾ ਸੁਖ ਫਲ ਚੱਖਦੇ ਹਨ।

ਭਗਤਿ ਵਛਲੁ ਹੋਇ ਅਛਲੁ ਛਲਾਇਆ ।੧੩।

ਭਗਤਾਂ ਦੇ ਪਿਆਰੇ (ਵਾਹਿਗੁਰੂ) ਨੇ ਨਾ ਛਲਿਆ ਜਾਣ ਵਾਲਾ ਹੋਕੇ ਅਪਣੇ ਆਪ ਨੂੰ ਛਲਾਇਆ ਹੈ। (ਭਾਵ ਉਹ ਜੋ ਕਿਵੇਂ ਭੀ ਮੋਹਿਆ ਨਹੀਂ ਜਾ ਸਕਦਾ, ਭਗਤਾਂ ਦੇ ਪ੍ਰੇਮ ਕਰ ਉਨ੍ਹਾਂ ਦਾ ਪ੍ਰੇਮੀ ਹੋ ਗਿਆ ਹੈ)।

ਪਉੜੀ ੧੪

ਚਉਦਹ ਵਿਦਿਆ ਸਾਧਿ ਕੈ ਗੁਰਮਤਿ ਅਬਿਗਤਿ ਅਕਥ ਕਹਾਣੀ ।

ਚੌਦਾਂ ਵਿਦ੍ਯਾ ਜਿੱਤਕੇ (ਗੁਰਮੁਖ ਲੋਕ) ਗੁਰਮਤ ਦੀ ਅਕਥ ਕਹਾਣੀ ਵਿਚ ਪਹੁੰਚ ਪਏ ਹਨ।

ਚਉਦਹ ਭਵਣ ਉਲੰਘਿ ਕੈ ਨਿਜ ਘਰਿ ਵਾਸੁ ਨੇਹੁ ਨਿਰਬਾਣੀ ।

ਚੌਦਾਂ ਭਵਨਾਂ ਨੂੰ ਤਿਆਗਕੇ (ਗੁਰਮੁਖ) ਅਪਣੇ ਸਰੂਪ ਵਿਚ ਪ੍ਰੇਮ ਅਰ ਨਿਰਬਾਣ ਪਦ ਵਿਚ ਖੇਡਦੇ ਹਨ।

ਪੰਦ੍ਰਹ ਥਿਤੀ ਪਖੁ ਇਕੁ ਕ੍ਰਿਸਨ ਸੁਕਲ ਦੁਇ ਪਖ ਨੀਸਾਣੀ ।

ਇਕ ਪੱਖ ਵਿਚ ਪੰਦਰਾਂ ਥਿੱਤਾਂ ਹਨ (ਤੇ ਮਹੀਨੇ ਵਿਚ) ਦੋ ਪੱਖ ਹਨ, (ਇਕ) ਸੁਕਲ (ਦੂਜਾ) ਕ੍ਰਿਸ਼ਨ।

ਸੋਲਹ ਸਾਰ ਸੰਘਾਰੁ ਕਰਿ ਜੋੜਾ ਜੁੜਿਆ ਨਿਰਭਉ ਜਾਣੀ ।

ਸੋਲਾਂ ਨਰਦਾਂ ਨੂੰ ਮਾਰਕੇ ਜਦ ਜੋੜਾ ਹੋਇਆ (ਤਦ ਜਨਮ ਮਰਣ ਦੇ) ਭਉ ਥੋਂ ਰਹੇ। (ਭਾਵ ਈਸ਼੍ਵਰ ਦੇ ਨਾਲ ਮਿਲੇ ਤਦ ਚੌਰਾਸੀ ਦੇ ਫੇਰੇ ਥੋਂ ਨਿਰਭਉ ਹੋ ਗਏ)।

ਸੋਲਹ ਕਲਾ ਸੰਪੂਰਣੋ ਸਸਿ ਘਰਿ ਸੂਰਜੁ ਵਿਰਤੀਹਾਣੀ ।

ਸੋਲਾਂ ਕਲਾਂ ਸੰਪੂਰਣ ਜਦ ਚੰਦ੍ਰ੍ਰਮਾਂ ਹੁੰਦਾ ਹੈ ਸੂਰਜ ਦੇ ਘਰ ਵਿਖੇ ਜਾਣ ਕਰ ਕੇ (ਅਰਥਾਤ ਦਿਨੇ ਚੜ੍ਹਨ ਕਰਕੇ) (ਵਿਰਤੀ ਹਾਣੀ=) ਹਾਣਤਾ ਵਰਤ ਜਾਂਦੀ ਹੈ (ਭਾਵ ਫਿੱਕਾ ਪੈ ਜਾਂਦਾ ਹੈ, ਭਾਵ ਇਹ ਦੂਜੇ ਘਰ ਵਿਖੇ ਜਾਕੇ ਆਪਣਾ ਤੇਜ ਦੱਸਣ ਨਾਲ ਘਾਟਾ ਹੀ ਘਾਟਾ ਹੈ)।

ਨਾਰਿ ਸੋਲਹ ਸੀਂਗਾਰ ਕਰਿ ਸੇਜ ਭਤਾਰ ਪਿਰਮ ਰਸੁ ਮਾਣੀ ।

(ਜਗ੍ਯਾਸੂ ਰੂਪ) ਇਸਤ੍ਰ੍ਰੀ (ਗੁਣਾਂ ਦੇ) ਸੋਲਾਂ ਸ਼ਿੰਗਾਰ ਕਰ ਕੇ (ਅੰਤਹਕਰਣ ਦੀ) ਸੇਜਾ ਪਰ ਪਿਆਰੇ ਦਾ ਅਨੰਦ ਮਾਣਦੀ ਹੈ, (ਭਾਵ ਸ੍ਵੈ ਸਰੂਪ ਨੂੰ ਪ੍ਰਾਪਤ ਹੁੰਦੀ ਹੈ)।

ਸਿਵ ਤੈ ਸਕਤਿ ਸਤਾਰਹ ਵਾਣੀ ।੧੪।

ਸ਼ਿਵ ਤੇ ਸ਼ਕਤਿ ਦੀਆਂ ਸਤਾਰਾਂ ਵਾਣੀਆਂ ਹਨ (ਭਾਵ ਸ਼ਕਤੀ ਅਰਥਾਤ ਮਾਯਾ ਦੀਆਂ ੧੬ ਕਲਾਂ ਹਨ, ੧੦ ਪ੍ਰਾਣ, ੫ ਤਤ, ੧ ਮਨ=੧੬। ਤੇ ਸ਼ਿਵ ਅਰਥਾਤ ਵਾਹਿਗੁਰੂ ਦੀ ਇਕ ਕਲਾ ਜਿਥੇ ਏਕਤਾ ਵਿਚ ਸਭ ਕੁਝ ਹੈ, ੧੭ ਇਉਂ ਬਾਣੀਆਂ ਸ਼ਿਵ ਸ਼ਕਤੀ ਦੀਆਂ ਹਨ)।

ਪਉੜੀ ੧੫

ਗੋਤ ਅਠਾਰਹ ਸੋਧਿ ਕੈ ਪੜੈ ਪੁਰਾਣ ਅਠਾਰਹ ਭਾਈ ।

ਅਠਾਰਾਂ ਵਰਣ (ਬ੍ਰਾਹਮਣ, ਖੱਤ੍ਰ੍ਰੀ, ਸੂਦ੍ਰ੍ਰ, ਵੈਸ਼ ਤੇ ੬ ਅਨਲੋਮ, ਅਰਥਾਤ ਬ੍ਰਾਹਮਣ ਖੱਤ੍ਰ੍ਰੀਯ ੧, ਬ੍ਰਾਹਮਨ ਵੈਸ਼ੀਯ ੨, ਬ੍ਰਾਹਮਣ ਸ਼ੂਦ੍ਰੀਯ ੩, ਖੱਤ੍ਰ੍ਰੀ ਵੈਸ਼ੀਯ ੪, ਖੱਤ੍ਰੀ ਸ਼ੂਦ੍ਰ੍ਰੀਯ ੫, ਵੈਸ਼ ਸ਼ੂਦ੍ਰ੍ਰੀਯ ੬, ਤੇ ੬ ਪ੍ਰਤਿਲੋਮ ਅਰਕਾਤ ਉਲਟਾ ਵਰਣ ਜਿਹਾ ਸ਼ੂਦ੍ਰ ਬ੍ਰਾਹਮਣੀਯ ੧, ਸ਼ੂਦ੍ਰ੍ਰ ਖੱਤ੍ਰ੍ਰੀਯ ੨, ਸ਼ੂਦ੍ਰ੍ਰ

ਉਨੀ ਵੀਹ ਇਕੀਹ ਲੰਘਿ ਬਾਈ ਉਮਰੇ ਸਾਧਿ ਨਿਵਾਈ ।

(ਪੁਨ:) ਸਾਧ ਲੋਕ 'ਉੱਨੀ' (ਦਸ ਦਿਸ਼ਾ ਤੇ ਨੌਂ ਖੰਡ ਅਥਵਾ ਅਠਾਰਾਂ ਵਰਣ ਤੇ ਉੱਨੀਵਾਂ ਮਨਮੁਖ, ਅਥਵਾ ਏਕਮ ਦਹਮ ਆਦ ੧੯ ਸੰਖ੍ਯਾ ਥੋਂ ਲੰਘ ਗਏ ਹਨ), 'ਵੀਹ' (ਤਿੰਨ ਬੀਸੀਆਂ) 'ਇਕੀਹ' (ਇੱਕੀ ਪੁਰੀਆਂ) ਲੰਘਕੇ ਬਾਈ (ਧਾਰ ਪਹਾੜ ਦੇ) ਉਮਰਾਵਾਂ ਨੂੰ ਸਾਧ ਕੇ ਨਿਵਾਂ ਲੈਂਦੇ ਹਨ। (ਭਾਵ ਸਭ ਸੰਤਾਂ ਦੇ ਅਧੀਨ ਹੋ ਜਾਂਦੇ ਹਨ)।

ਸੰਖ ਅਸੰਖ ਲੁਟਾਇ ਕੈ ਤੇਈ ਚੌਵੀ ਪੰਜੀਹ ਪਾਈ ।

ਗਿਣਤੀ ਥੋਂ ਅਨਗਿਣਤ ਲੁਟਾਕੇ (ਭਾਵ ਸਭ ਦੀ ਮਮਤਾ ਨੂੰ ਤਿਆਗਕੇ) ਤੇਈ ਚੌਵੀ ਅਤੇ ਪੰਝੀ (ਤੀਕ ਜਿਤਨੀਆਂ ਜਗਤ ਵਿਚ ਗਿਣਤੀਆਂ ਹਨ ਸਾਰੀਆਂ) ਪਾ ਲੀਤੀਆਂ ਹਨ। (ਭਾਵ ਤ੍ਰਿਕਾਲ ਗ੍ਯਾਤਾ ਹੋ ਗਏ ਹੈਨ।)

ਛਬੀ ਜੋੜਿ ਸਤਾਈਹਾ ਆਇ ਅਠਾਈਹ ਮੇਲਿ ਮਿਲਾਈ ।

ਛੱਬੀ (ਅਠਾਰਾਂ ਪਰਬ ਮਹਾਂ ਭਾਰਤ ਤੇ ੮ ਵਯਾਕਰਣ) ਜੋੜਕੇ 'ਸਤਾਈ' (ਸਿੰਮ੍ਰਤੀ ਜਾਂ ਨਿਛੱਤ੍ਰ੍ਰ ਨੂੰ ਲੰਘਕੇ) ਅਠਾਈਵਾਂ (ਅਨੁਰਾਧਾ ਨਿਛੱਤ੍ਰ੍ਰ ਦਾ) ਮੇਲ ਮੇਲ ਕੇ (ਅਠਾਈ ਨਛੱਤ੍ਰ੍ਰ ਜਿੱਤਦੇ ਹਨ, ਭਾਵ ਜੋਤਸ਼ ਦੇ ਭਰਮ ਤੋਂ ਪਾਰ ਹੋ ਜਾਂਦੇ ਹਨ।)

ਉਲੰਘਿ ਉਣਤੀਹ ਤੀਹ ਸਾਧਿ ਲੰਘਿ ਇਕਤੀਹ ਵਜੀ ਵਧਾਈ ।

ਉਨੱਤੀਆਂ (ਦੀ ਗਿਣਤੀ) ਨੂੰ ਲੰਘਕੇ ਤੀਹਾਂ (ਦਿਨਾਂ ਜਾਂ ਰੋਜ਼ਿਆਂ) ਨੂੰ ਸਾਧਦੇ ਹਨ (ਫੇਰ) ਇਕੱਤੀਹ ਨੂੰ ਲੰਘਕੇ ਵਧਾਈਆਂ ਵਜਾਉਂਦੇ ਹਨ।

ਸਾਧ ਸੁਲਖਣ ਬਤੀਹੇ ਤੇਤੀਹ ਧ੍ਰੂ ਚਉਫੇਰਿ ਫਿਰਾਈ ।

ਬੱਤੀਹ ਲੱਖਣਾਂ ਵਾਲੇ ਸੰਤ ਹਨ (ਕਿਉਂ ਜੋ) ਤੇਤੀ (ਕਰੋੜ ਦੇਵਤੇ) ਧ੍ਰੂ (ਸੰਤ ਦੀ) ਪਰਕ੍ਰਮਾ ਕਰਦੇ ਹਨ।

ਚਉਤੀਹ ਲੇਖ ਅਲੇਖ ਲਖਾਈ ।੧੫।

(ਇਸੇ ਕਰਕੇ) ਚੌਤੀ (ਸੰਖ੍ਯਾ ਵਿਖੇ ਗੁਰਮੁਖ ਹੋਕੇ ਬੀ) ਲੇਖੇ ਥੋਂ ਅਲੇਖ ਹਨ, (ਧ੍ਰੁਵ ਦੇ ਸਮਾਨ ਅਟੱਲ ਹਨ। ਭਾਵ ਦੋਵੇਂ ਲੋਕ ਸੰਤਾਂ ਦੇ ਅਧੀਨ ਹਨ, ਹੋਰ ਸੰਖ੍ਯਾ ਦੇ ਤਾਂ ਇਕਾਈ ਦਹਾਈ ਤੋਂ ਸੰਖ ਤੱਕ ੧੯ ਦਰਜੇ ਹਨ, ਸੰਤ ਚੌਤੀ ਦਰਜਿਆਂ ਥੋਂ ਬੀ ਅਲੇਖ ਹਨ)।

ਪਉੜੀ ੧੬

ਵੇਦ ਕਤੇਬਹੁ ਬਾਹਰਾ ਲੇਖ ਅਲੇਖ ਨ ਲਖਿਆ ਜਾਈ ।

(ਵਾਹਿਗੁਰੂ) ਵੇਦ ਕਤੇਬ ਤੋਂ ਬਾਹਰ ਹੈ, ਲੇਖਾ (ਉਸ ਦਾ) ਅਲੇਖ ਹੈ, ਲਖਿਆ ਨਹੀਂ ਜਾਂਦਾ।

ਰੂਪੁ ਅਨੂਪੁ ਅਚਰਜੁ ਹੈ ਦਰਸਨੁ ਦ੍ਰਿਸਟਿ ਅਗੋਚਰ ਭਾਈ ।

ਉਸਦਾ ਰੂਪ ਅਨੂਪਮ (ਉਪਮਾਂ ਤੋਂ ਰਹਤ) ਅਸਚਰਜ ਹੈ, ਉਸ ਦਾ ਦਰਸ਼ਨ (ਜਗ੍ਯਾਸੂ ਨੂੰ ਅਰ ਜਗ੍ਯਾਸੂ ਪਰ ਉਸਦੀ ਕ੍ਰਿਪਾ) ਦ੍ਰਿਸ਼ਟੀ ਇੰਦ੍ਰਿਆਂ ਗੋਚਰੀ ਬਾਤ ਨਹੀਂ ਹੈ।

ਇਕੁ ਕਵਾਉ ਪਸਾਉ ਕਰਿ ਤੋਲੁ ਨ ਤੁਲਾਧਾਰ ਨ ਸਮਾਈ ।

(ਉਸਨੇ) ਇਕ ਵਾਕ ਥੋਂ (ਇੱਡਾ ਜਗਤ ਦਾ) ਪਸਾਰਾ ਕੀਤਾ, ਜਿਸਦਾ ਤੋਲਣਾ (ਬੁੱਧੀ ਦੀ) ਤੱਕੜੀ ਪੁਰ ਨਹੀਂ ਸਮਾਉਂਦਾ(“ਕੀਤਾ ਪਸਾਉ ਏਕੋ ਕਵਾਉ”)

ਕਥਨੀ ਬਦਨੀ ਬਾਹਰਾ ਥਕੈ ਸਬਦੁ ਸੁਰਤਿ ਲਿਵ ਲਾਈ ।

ਕਥਨੀ (ਕਥਾ ਤੇ) ਬਦਨੀ (ਕਵੀਸ਼ਰੀਆਂ) ਥੋਂ ਬਾਹਰ ਹੈ, (ਲੋਕ ਕਥਨੀ ਬਦਨੀ ਕਰ ਕਰਕੇ) ਥੱਕ ਗਏ ਹਨ; (ਇਸੇ ਕਰ ਕੇ ਗੁਰਮੁਖਾਂ ਨੇ) ਸਬਦ ਸੁਰਤ ਵਿਚ ਲਿਵ ਲਾ ਰੱਖੀ ਹੈ, (ਕਿਉਂਕਿ-)

ਮਨ ਬਚ ਕਰਮ ਅਗੋਚਰਾ ਮਤਿ ਬੁਧਿ ਸਾਧਿ ਸੋਝੀ ਥਕਿ ਪਾਈ ।

ਮਨ ਬਾਣੀ ਕਰਮ ਦੇ ਗੋਚਰਾ ਨਹੀਂ ਹੈ, ਮਤ, ਬੁੱਧੀ, ਸਾਧਨਾ ਨੇ ਉਸ ਦੀ ਸੋਝੀ (ਥਕ ਪਾਈ=) ਨਹੀਂ ਪਾਈ।

ਅਛਲ ਅਛੇਦ ਅਭੇਦ ਹੈ ਭਗਤਿ ਵਛਲੁ ਸਾਧਸੰਗਤਿ ਛਾਈ ।

(ਨਾਲੇ ਉਹ) ਅਛਲ ਅਛੇਦ ਅਭੇਦ ਹੈ ਪਰ ਭਗਤ ਵਛਲ ਹੈ, ਸਾਧ ਸੰਗਤ (ਵਿਚ ਉਸਦੀ) ਇਸਥਿਤੀ ਹੈ (ਇਸੇ ਕਰ ਕੇ ੪ ਤੁਕ ਵਿਚ ਕਿਹਾ ਸੀ ਕਿ ਸਾਧ ਸੰਗ ਨੇ ਸਭ ਚਤੁਰਾਈਆਂ ਛੱਡਕੇ ਕੇਵਲ ਸਬਦ ਸੁਰਤ ਵਿਚ ਲਿਵ ਲਾਈ ਹੈ)।

ਵਡਾ ਆਪਿ ਵਡੀ ਵਡਿਆਈ ।੧੬।

ਆਪ ਭੀ ਵੱਡਾ ਹੈ (ਤੇ ਉਸਦੀ) ਸ਼ੋਭਾ ਦਾ ਭੀ ਅੰਤ ਨਹੀਂ ਹੈ।

ਪਉੜੀ ੧੭

ਵਣ ਵਣ ਵਿਚਿ ਵਣਾਸਪਤਿ ਰਹੈ ਉਜਾੜਿ ਅੰਦਰਿ ਅਵਸਾਰੀ ।

ਉਜਾੜ ਦੇ ਅੰਦਰ ਵਣਾਂ ਵਣਾਂ (ਅਰਥਾਤ ਬਹੁਤੇ ਦਰਖਤਾਂ) ਵਿਚ ਕਈ ਬੇਮਲੂਮ ਬਨਾਸਪਤੀ ਹੁੰਦੀ ਹੈ।

ਚੁਣਿ ਚੁਣਿ ਆਂਜਨਿ ਬੂਟੀਆ ਪਤਿਸਾਹੀ ਬਾਗੁ ਲਾਇ ਸਵਾਰੀ ।

(ਮਾਲੀ ਲੋਕ) ਚੁਣ ਚੁਣਕੇ ਬੂਟੀਆਂ ਲਿਆਉਂਦੇ ਤੇ ਪਾਤਸ਼ਾਹੀ ਬਗੀਚਿਆਂ ਵਿਚ ਲਾਕੇ ਸਵਾਰਦੇ ਹਨ।

ਸਿੰਜਿ ਸਿੰਜਿ ਬਿਰਖ ਵਡੀਰੀਅਨਿ ਸਾਰਿ ਸਮ੍ਹਾਲਿ ਕਰਨ ਵੀਚਾਰੀ ।

ਪਾਣੀ ਦੇ ਦੇਕੇ ਬਿਰਛ ਵੱਡੇ ਕੀਤੇ ਜਾਂਦੇ ਹਨ ਤੇ ਵੀਚਾਰਵਾਨ (ਉਹਨਾਂ ਦੀ) ਸਾਰ ਸਮ੍ਹਾਲ ਕਰਦੇ ਹਨ।

ਹੋਨਿ ਸਫਲ ਰੁਤਿ ਆਈਐ ਅੰਮ੍ਰਿਤ ਫਲੁ ਅੰਮ੍ਰਿਤ ਰਸੁ ਭਾਰੀ ।

ਜਦ ਰੁਤ ਆਉਂਦੀ ਹੈ ਤਦੋਂ ਫਲਾਂ ਵਾਲੇ ਹੋਕੇ ਅੰਮ੍ਰਿਤ ਰਸਾਂ ਵਾਲੇ ਭਾਰੀ ਫਲ ਦਿੰਦੇ ਹਨ।

ਬਿਰਖਹੁ ਸਾਉ ਨ ਆਵਈ ਫਲ ਵਿਚਿ ਸਾਉ ਸੁਗੰਧਿ ਸੰਜਾਰੀ ।

ਬਿਰਖ ਤੋਂ ਸ੍ਵਾਦ (ਕੁਝ) ਨਹੀਂ ਪ੍ਰਤੀਤ ਹੁੰਦਾ (ਪਰੰਤੂ) ਫਲਾਂ ਵਿਚ ਸ੍ਵਾਦ ਤੇ ਸੁਗੰਧੀ ਮਿਲੀ ਹੋਈ ਹੁੰਦੀ ਹੈ।

ਪੂਰਨ ਬ੍ਰਹਮ ਜਗਤ੍ਰ ਵਿਚਿ ਗੁਰਮੁਖਿ ਸਾਧਸੰਗਤਿ ਨਿਰੰਕਾਰੀ ।

(ਤਿਵੇਂ) ਸਾਰੇ ਜਗਤ ਵਿਖੇ ਬ੍ਰਹਮ ਪੂਰਣ ਹੈ (ਪਰੰਤੂ) ਗੁਰਮੁਖਾਂ ਦੀ ਸਾਧ ਸੰਗਤ ਨਿਰੰਕਾਰੀ ਹੈ (ਭਾਵ ਨਿਰਾਕਾਰ ਦੀ ਪ੍ਰਾਪਤੀ ਇੱਥੇ ਹੀ ਹੋ ਸਕਦੀ ਹੈ। ਜਿੱਕੁਰ ਫਲਾਂ ਵਿਚੋਂ ਰਸ ਅਤੇ ਸੁਗੰਧੀ ਮਿਲ ਸਕਦੀ ਹੈ ਤਿਵੇਂ ਗੁਰਮੁਖ ਵਾਹਿਗੁਰੂ ਰੂਪ ਬ੍ਰਿੱਛ ਦੇ ਫਲ ਹਨ, ਜੋ ਸਾਨੂੰ ਸ੍ਵਾਦ ਦੇ ਸਕਦੇ ਹਨ)।

ਗੁਰਮੁਖਿ ਸੁਖ ਫਲੁ ਅਪਰ ਅਪਾਰੀ ।੧੭।

ਗੁਰਮੁਖ ਹੀ ਸੁਖ ਰੂਪ ਫਲ ਅਪਰ ਅਪਾਰ ਹਨ (ਆਤਮ ਸੁਖ ਦੀ ਪ੍ਰਾਪਤੀ ਦਾ ਕਾਰਣ ਗੁਰਮੁਖ ਹੀ ਹਨ)।

ਪਉੜੀ ੧੮

ਅੰਬਰੁ ਨਦਰੀ ਆਂਵਦਾ ਕੇਵਡੁ ਵਡਾ ਕੋਇ ਨ ਜਾਣੈ ।

ਆਕਾਸ਼ ਨਦਰੀ ਤਾਂ ਆਉਂਦਾ ਹੈ (ਪਰੰਤੂ) ਕਿੱਡਾਕੁ ਵੱਡਾ ਹੈ (ਇਹ) ਕੋਈ ਨਹੀਂ ਜਾਣਦਾ।

ਉਚਾ ਕੇਵਡੁ ਆਖੀਐ ਸੁੰਨ ਸਰੂਪ ਨ ਆਖਿ ਵਖਾਣੈ ।

ਉੱਚਾ ਕਿੱਡਾਕੁ ਕਹੀਏ (ਉਹ ਤਾਂ) ਸੁੰਨ ਸਰੂਪ ਹੈ, (ਨਿਰਾਵੈਵ ਦ੍ਰਬਯ ਹੈ) ਕੌਣ ਕਹਿ ਸਕੇ।☬ਕਾਲੱਤਣ ਜੋ ਨਜ਼ਰ ਆਉਂਦੀ ਹੈ ਇਹ ਕੋਈ ਸ਼ੈ ਨਹੀਂ ਹੈ, ਇਸ ਕਰ ਕੇ ਸ਼ੂੰਨ ਕਿਹਾ ਹੈ। ਅਕਾਸ਼ ਪੁਰਾਣਾਂ ਨੇ ਇੱਕ ਤੱਤ ਮੰਨਿਆ ਹੈ, ਅੱਜਕੱਲ ਦੀ ਵਿੱਗ੍ਯਾਨ (ਸਾਇੰਸ) ਨੇ ਵੀ ਅਕਾਸ਼ ਸਾਰੇ ਵ੍ਯਾਪਕ ਪਰਮ ਸੂਖਮ ਵਸਤੂ ਮੰਨਿਆ ਹੈ।

ਲੈਨਿ ਉਡਾਰੀ ਪੰਖਣੂ ਅਨਲ ਮਨਲ ਉਡਿ ਖਬਰਿ ਨ ਆਣੈ ।

ਪੰਛੀ ਉਡਾਰੀਆਂ ਲੈਂਦੇ ਹਨ, ਅਨਲ ਮਨਲ (ਪੰਛੀ ਜਿਹੜਾ ਸਦਾ ਆਕਾਸ਼ ਪੁਰ ਹੀ ਰਹਿੰਦਾ ਮੰਨਿਆ ਹੈ) ਉਹ ਬੀ ਉਡ ਦੇ ਅੰਤ ਨਹੀਂ ਲਖਦਾ।

ਓੜਿਕੁ ਮੂਲਿ ਨ ਲਭਈ ਸਭੇ ਹੋਇ ਫਿਰਨਿ ਹੈਰਾਣੈ ।

ਉਸਦਾ ਓੜਕ ਮੂਲੋਂ ਨਹੀਂ ਲੱਭਦਾ, ਸਾਰੇ ਹੱਕੇ ਬੱਕੇ ਹੋਕੇ ਫਿਰ ਆਉਂਦੇ ਹਨ।

ਲਖ ਅਗਾਸ ਨ ਅਪੜਨਿ ਕੁਦਰਤਿ ਕਾਦਰੁ ਨੋ ਕੁਰਬਾਣੈ ।

ਕਰਤਾਰ ਦੀ ਰਚਨਾ ਥੋਂ ਕੁਰਬਾਨ ਜਾਈਏ, (ਉਸਨੂੰ) ਲੱਖਾਂ ਆਕਾਸ਼ ਨਹੀਂ ਪਹੁੰਚ ਸਕਦੇ।

ਪਾਰਬ੍ਰਹਮ ਸਤਿਗੁਰ ਪੁਰਖੁ ਸਾਧਸੰਗਤਿ ਵਾਸਾ ਨਿਰਬਾਣੈ ।

ਉਸ ਪਾਰਬ੍ਰਹਮ ਸਤਿਗੁਰ ਪੁਰਖ ਦਾ ਇਕ ਰਸ ਨਿਵਾਸ ਸਤਿਸੰਗ ਵਿਖੇ ਹੈ।

ਮੁਰਦਾ ਹੋਇ ਮੁਰੀਦੁ ਸਿਞਾਣੈ ।੧੮।

ਪਰੰਤੂ ਜੋ ਮੁਰੀਦ ਮੁਰਦਾ ਹੋ ਰਹੇ (ਭਾਵ ਨਿਰਹੰਕਾਰ ਹੋਵੇਗਾ ਉਹ ਉਸ ਅਲਖ ਪਰਮਾਤਮਾ ਨੂੰ) ਲਖੇਗਾ।

ਪਉੜੀ ੧੯

ਗੁਰ ਮੂਰਤਿ ਪੂਰਨ ਬ੍ਰਹਮੁ ਘਟਿ ਘਟਿ ਅੰਦਰਿ ਸੂਰਜੁ ਸੁਝੈ ।

ਗੁਰੂ ਪੂਰਣ ਬ੍ਰਹਮ ਸਰੂਪ ਹਨ, ਘਟਾਂ ਘਟਾਂ ਦੇ ਅੰਦਰ (ਇੱਕ) ਸੂਰਜ (ਰੂਪ ਹੋਕੇ) ਪ੍ਰਕਾਸ਼ ਰਹੇ ਹਨ।

ਸੂਰਜ ਕਵਲੁ ਪਰੀਤਿ ਹੈ ਗੁਰਮੁਖਿ ਪ੍ਰੇਮ ਭਗਤਿ ਕਰਿ ਬੁਝੈ ।

(ਜਿੱਕੁਰ) ਸੂਰਜ ਨਾਲ ਕਮਲ ਦੀ ਪ੍ਰੀਤਿ ਹੈ (ਤਿਵੇਂ) ਗੁਰਮੁਖ ਪ੍ਰੇਮਾ ਭਗਤੀ ਕਰ ਕੇ ਸਮਝਦੇ ਹਨ।

ਪਾਰਬ੍ਰਹਮੁ ਗੁਰ ਸਬਦੁ ਹੈ ਨਿਝਰ ਧਾਰ ਵਰ੍ਹੈ ਗੁਣ ਗੁਝੈ ।

ਗੁਰੂ ਦਾ ਸ਼ਬਦ ਭੀ ਪਾਰਬ੍ਰਹਮ ਦਾ ਰੂਪ ਹੈ (ਯਥਾ:-'ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ'); ਗੂੜ੍ਹੇ ਗੁਣਾਂ ਦੀ ਇਕ ਰਸ ਧਾਰ (ਸਬਦ ਵਿਚ ਅੰਮ੍ਰਿਤ ਦੀ) ਵਰਸਦੀ ਹੈ।

ਕਿਰਖਿ ਬਿਰਖੁ ਹੋਇ ਸਫਲੁ ਫਲਿ ਚੰਨਣਿ ਵਾਸੁ ਨਿਵਾਸੁ ਨ ਖੁਝੈ ।

(ਕਿਰਖੀ) ਖੇਤੀਆਂ ਸਫਲ ਤੇ ਬਿਰਖ ਭੀ ਫਲਦੇ ਹਨ, ਚੰਦਨ ਵਤ ਵਾਸ਼ਨਾਂ ਨਿਵਾਸ ਕਰਦੀ ਹੈ, (ਦ੍ਵੈਤ ਦਾ) ਖੋਜ ਉਡ ਜਾਂਦਾ ਹੈ।

ਅਫਲ ਸਫਲ ਸਮਦਰਸ ਹੋਇ ਮੋਹੁ ਨ ਧੋਹੁ ਨ ਦੁਬਿਧਾ ਲੁਝੈ ।

ਕੀ ਅਫਲ ਕੀ ਸਫਲ (ਸਾਰੇ) ਸਮਦਰਸੀ ਹੋ ਜਾਂਦੇ ਹਨ, ਮੋਹ ਦੀ ਧੂਹ ਨਹੀਂ (ਪੈਂਦੀ) ਤੇ ਦੁਬਿਧਾ ਲੂੰਹਦੀ ਨਹੀਂ ਹੈ (ਭਾਵ ਰਾਣਾ ਰੰਕ ਬਰਾਬਰੀ ਹੈ ਕੋਈ ਸ਼ਰਣ ਆਵੇ ਸਮਦਰਸੀ ਗਿਆਨੀ ਹੋ ਜਾਂਦਾ ਹੈ)।

ਗੁਰਮੁਖਿ ਸੁਖ ਫਲੁ ਪਿਰਮ ਰਸੁ ਜੀਵਨ ਮੁਕਤਿ ਭਗਤਿ ਕਰਿ ਦੁਝੈ ।

ਗੁਰਮੁਖ ਦੇ ਸੁਖ ਦਾ ਫਲ ਤੇ ਪ੍ਰੇਮ ਦਾ ਰਸ (ਭਗਤੀ ਦੁਆਰਾ) ਜੀਵਨ ਮੁਕਤ ਹੋਕੇ ਚੋ ਲੈਂਦਾ ਤੇ ਭੁਗਤਦਾ ਹੈ।

ਸਾਧਸੰਗਤਿ ਮਿਲਿ ਸਹਜਿ ਸਮੁਝੈ ।੧੯।

ਸਾਧ ਸੰਗਤ ਨਾਲ ਮਿਲਕੇ ਸਹਜ ਪਦ ਵਿਖੇ (ਸਮੱਝੈ=) ਸਮਾਇ ਜਾਂਦਾ ਹੈ।

ਪਉੜੀ ੨੦

ਸਬਦੁ ਗੁਰੂ ਗੁਰੁ ਜਾਣੀਐ ਗੁਰਮੁਖਿ ਹੋਇ ਸੁਰਤਿ ਧੁਨਿ ਚੇਲਾ ।

ਗੁਰੂ ਦਾ ਸਬਦ ਗੁਰੂ (ਰੂਪ) ਜਾਣੋ, (ਜਿਹੜਾ) ਗੁਰਮੁਖ ਹੋਕੇ (ਉਸਦੀ) ਸੁਰਤ (ਵਿਖੇ) ਧੁਨ (ਲਾਉਂਦਾ ਹੈ ਉਹ) ਚੇਲਾ ਹੈ।

ਸਾਧਸੰਗਤਿ ਸਚ ਖੰਡ ਵਿਚਿ ਪ੍ਰੇਮ ਭਗਤਿ ਪਰਚੈ ਹੋਇ ਮੇਲਾ ।

(ਜਦ ਉਹ) ਸਾਧ ਸੰਗਤ ਰੂਪੀ ਸੱਚੇ ਖੰਡ ਦੀ ਪ੍ਰੇਮਾ ਭਗਤੀ ਵਿਚ ਪਰਚਦਾ ਹੈ (ਉਸ ਦਾ ਭਗਵੰਤ ਨਾਲ) ਮੇਲ ਹੋ ਜਾਂਦਾ ਹੈ।

ਗਿਆਨੁ ਧਿਆਨੁ ਸਿਮਰਣੁ ਜੁਗਤਿ ਕੂੰਜ ਕਰਮ ਹੰਸ ਵੰਸ ਨਵੇਲਾ ।

ਗਿਆਨ, ਧਿਆਨ ਅਤੇ ਸਿਮਰਣ ਦੀ ਜੁਗਤੀ ਵਿਖੇ ਕੂੰਜ, ਕੱਛੂ ਅਤੇ ਹੰਸਾਂ ਦੀ ਵੰਸ ਨਵੀਨ ਹੈ। (ਭਾਵ ਦੁੱਧ ਤੇ ਪਾਣੀ ਰੂਪ ਤੱਤ ਮਿੱਥ੍ਯਾ ਦੇ ਵਿਵੇਚਨ ਕਰਨ ਵਿਖੇ ਹੰਸਾਂ ਦੀ ਵੰਸ ਪ੍ਰਬੀਨ ਹੈ ਅਰ ਧਿਆਨ ਦੀ ਜੁਗਤੀ ਵਿਖੇ ਕੱਛੂ ਦੀ ਵੰਸ ਪ੍ਰਬੀਨ ਹੈ। ਪੁਨਾ ਸਿਮਰਣ ਦੀ ਜੁਗਤੀ ਵਿਖੇ ਕੂੰਜ ਦੀ ਵੰਸ ਪ੍ਰਬੀਨ ਹੈ, ਕਿਉਂ ਜੋ ਉਸਦੇ ਸ

ਬਿਰਖਹੁਂ ਫਲ ਫਲ ਤੇ ਬਿਰਖੁ ਗੁਰਸਿਖ ਸਿਖ ਗੁਰ ਮੰਤੁ ਸੁਹੇਲਾ ।

(ਜਿੱਕੁਰ) ਬਿਰਛ ਤੋਂ ਫਲ ਤੇ ਫਲ ਤੋਂ ਬਿਰਛ ਹੁੰਦਾ ਹੈ (ਤਥਾ) ਗੁਰੂ ਤੋਂ ਸਿੱਖ ਤੇ ਸਿੱਖ ਤੋਂ ਗੁਰੂ ਸੁਹੇਲੇ ਮੰਤ੍ਰ੍ਰ (ਦੁਆਰਾ) ਹੋਇਆ।

ਵੀਹਾ ਅੰਦਰਿ ਵਰਤਮਾਨ ਹੋਇ ਇਕੀਹ ਅਗੋਚਰੁ ਖੇਲਾ ।

ਵੀਹ ਵਿਸਵੇ (ਸੰਸਾਰ) ਵਿਖੇ ਵਰਤਮਾਨ ਸੀ, ਉਸਥੋਂ ਨਿਕਲਕੇ ਇਕ ਈਸ਼੍ਵਰ ਵਿਖੇ ਮਿਲਕੇ ਮਨ ਬਾਣੀ ਤੋਂ ਪਰੇ ਹੋਕੇ ਖੇਲਦਾ ਹੈ।

ਆਦਿ ਪੁਰਖੁ ਆਦੇਸੁ ਕਰਿ ਆਦਿ ਪੁਰਖ ਆਦੇਸ ਵਹੇਲਾ ।

ਆਦਿ ਪੁਰਖ ਨੂੰ ਆਦੇਸ (ਨਮਸਕਾਰ) ਕਰਕੇ, ਆਦਿ ਪੁਰਖ ਜੋ (ਅਦੇਸ਼ ਅਰਥਾਤ) ਦੇਸ਼ ਕਾਲ ਵਸਤੂ ਦੇ ਭੇਦ ਤੋਂ ਰਹਿਤ ਹੈ, (ਤਿਸ ਵਿਖੇ ਵਹੇਲਾ=) ਮਿਲਦਾ ਹੈ।

ਸਿਫਤਿ ਸਲਾਹਣੁ ਅੰਮ੍ਰਿਤੁ ਵੇਲਾ ।੨੦।੭।

ਅੰਮ੍ਰਿਤ ਵੇਲੇ ਜੋ (ਵਾਹਿਗੁਰੂ ਦੀ) ਕੀਰਤੀ ਕਰਨੀ ਹੈ (ਏਹ ਉਸਦੀ) ਸਿਫਤ (ਗੁਣ) ਹੈ।


Flag Counter