ਵਾਰਾਂ ਭਾਈ ਗੁਰਦਾਸ ਜੀ

ਅੰਗ - 15


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਸਤਿਗੁਰੁ ਸਚਾ ਪਾਤਿਸਾਹੁ ਕੂੜੇ ਬਾਦਿਸਾਹ ਦੁਨੀਆਵੇ ।

ਸਤਿਗੁਰੂ ਸੱਚੇ ਪਾਤਸ਼ਾਹ ਹਨ ਹੋਰ ਦੁਨੀਆਂ ਦੇ ਪਾਤਸ਼ਾਹ ਝੂਠੇ ਹਨ।

ਸਤਿਗੁਰੁ ਨਾਥਾ ਨਾਥੁ ਹੈ ਹੋਇ ਨਉਂ ਨਾਥ ਅਨਾਥ ਨਿਥਾਵੇ ।

ਸਤਿਗੁਰੂ ਨਾਥਾਂ ਦੇ ਨਾਥ ਹਨ (ਹੋਰ ਜਿਹੜੇ) ਨਉਂ ਨਾਥ (ਕਹੀਦੇ ਹਨ) ਓਹ ਅਨਾਥ (ਗਰੀਬ) ਨਿਥਾਵੇ (ਫਿਰਦੇ ਹਨ)। (ਭਾਵ-ਘਰ ਘਰ ਖੱਪਰ ਹਥ ਵਿਚ ਲਈ ਪਿੰਨਦੇ ਫਿਰਦੇ ਹਨ)।

ਸਤਿਗੁਰੁ ਸਚੁ ਦਾਤਾਰੁ ਹੈ ਹੋਰੁ ਦਾਤੇ ਫਿਰਦੇ ਪਾਛਾਵੇ ।

ਸਤਿਗੁਰੂ ਹੀ ਸੱਚਾ ਦਾਤਾ ਹੈ ਹੋਰ ਦਾਤੇ ਗੁਰੂ ਦੇ ਪਿਛੇ ਲੱਗੀ ਫਿਰਦੇ ਹਨ। (ਅਥਵਾ ਬ੍ਰਿਛ ਦੇ ਪਰਛਾਵੇ ਵਾਙੂੰ ਇਕ ਥਾਉਂ ਨਹੀਂ ਰਹਿਣ ਵਾਲੇ)।

ਸਤਿਗੁਰੁ ਕਰਤਾ ਪੁਰਖੁ ਹੈ ਕਰਿ ਕਰਤੂਤਿ ਨਿਨਾਵਨਿ ਨਾਵੇ ।

ਸਤੁਗਰੂ ਹੀ ਕਰਤਾ ਪੁਰਖ (ਰਚਨ ਹਾਰ) ਹਨ, (ਅਰਥਾਤ) ਕਰਮ ਕਰ ਕੇ ਨਿਨਾਵਿਆਂ ਨੂੰ ਨਾਮ ਵਾਲਾ (ਪ੍ਰਸਿੱਧ) ਕਰਦੇ ਹਨ (ਭਾਵ, ਅਜਿਹਾ ਨਾਮ ਦਾ ਉਪਦੇਸ਼ ਦੇਂਦੇ ਹਨ ਕਿ ਉਹ ਚਾਰੇ ਕੁੰਟੀ ਉਜਾਗਰ ਹੋ ਜਾਂਦਾ ਹੈ। ਜਿਹਾ ਕੁ ਗੁਰੂ ਜੀ-'ਜਿਸੁ ਨੀਚ ਕਉ ਕੋਈ ਨ ਜਾਨੈ॥ ਨਾਮੁ ਜਪਤ ਉਹੁ ਚਹੁਕੁੰਟ ਮਾਨੈ')।

ਸਤਿਗੁਰੁ ਸਚਾ ਸਾਹੁ ਹੈ ਹੋਰੁ ਸਾਹ ਅਵੇਸਾਹ ਉਚਾਵੇ ।

ਸਤਿਗੁਰੂ ਸੱਚਾ ਸ਼ਾਹ ਹੈ ਹੋਰ ਸ਼ਾਹ 'ਵੇਸਾਹ' (ਮੁਰਦੇ, ਸ੍ਵਾਸ ਤੋਂ ਹੀਨ) ਹਨ ਅਰ ('ਉਚਾਵੇ') ਚਲਾਊ (=ਨਾਸ਼ੀ) ਹਨ, (ਅਥਵਾ ਛੱਪਰੀ ਵਾਸਾਂ ਵਾਙੂੰ ਹਨ ਜਿਹੜੇ ਮੋਢੇ ਪੁਰ ਘਰ ਚੁੱਕੀ ਫਿਰਦੇ ਹਨ ਅਥਵਾ 'ਵਿਸਾਹ ਉਚਾਵੇ' ਬੇਇਤਬਾਰੇ ਹਨ)।

ਸਤਿਗੁਰੁ ਸਚਾ ਵੈਦੁ ਹੈ ਹੋਰੁ ਵੈਦੁ ਸਭ ਕੈਦ ਕੂੜਾਵੇ ।

ਸਤਿਗੁਰ ਸੱਚੇ ਵੈਦ ਹਨ ਹੋਰ ਵੈਦ ਸਭ ਝੂਠ ਹਨ (ਤੇ ਜਨਮ ਮਰਨ ਦੀ) ਕੈਦ ਵਿਚ ਹਨ।

ਵਿਣੁ ਸਤਿਗੁਰੁ ਸਭਿ ਨਿਗੋਸਾਵੈ ।੧।

ਸਤਿਗੁਰ ਦੇ ਬਾਝ ਸਾਰੇ ਨਿਗੁਰੇ ਹੀ ਫਿਰਦੇ ਹਨ।

ਪਉੜੀ ੨

ਸਤਿਗੁਰੁ ਤੀਰਥੁ ਜਾਣੀਐ ਅਠਸਠਿ ਤੀਰਥ ਸਰਣੀ ਆਏ ।

ਸਤਿਗੁਰੂ ਤੀਰਥ ਜਾਣੀਦੇ ਹਨ (ਕਿ ਠੀਕ ਹਨ, ਕਿਉਂ ਜੋ) ਅਠਾਹਠ ਤੀਰਥ ਉਨ੍ਹਾਂ ਦੀ ਸ਼ਰਣ ਲੈਂਦੇ ਹਨ।

ਸਤਿਗੁਰੁ ਦੇਉ ਅਭੇਉ ਹੈ ਹੋਰੁ ਦੇਵ ਗੁਰੁ ਸੇਵ ਤਰਾਏ ।

ਸਤਿਗੁਰੂ ('ਦੇਵ') ਪ੍ਰਕਾਸ਼ ਸਰੂਪ ('ਅਭੇਉ') ਭੇਦ ਰਹਿਤ ਹਨ, ਹੋਰ ਦੇਵਤੇ ਗੁਰੂ ਦੀ ਸੇਵਾ ਕਰ ਕੇ ਹੀ ਮੁਕਤੀ ਪਾਉਂਦੇ ਹਨ।

ਸਤਿਗੁਰੁ ਪਾਰਸਿ ਪਰਸਿਐ ਲਖ ਪਾਰਸ ਪਾ ਖਾਕੁ ਸੁਹਾਏ ।

ਸਤਿਗੁਰੂ ਪਾਰਸ ਦੇ ਪਰਸਣ ਨਾਲ ਲੱਖਾਂ ਪਾਰਸ ਪੈਰਾਂ ਦੀ ਖ਼ਾਕ ਭਾਸਦੇ ਹਨ।

ਸਤਿਗੁਰੁ ਪੂਰਾ ਪਾਰਿਜਾਤੁ ਪਾਰਜਾਤ ਲਖ ਸਫਲ ਧਿਆਏ ।

ਸਤਿਗੁਰੂ ਪੂਰਣ ਕਲਪ ਬ੍ਰਿੱਛ ਹਨ ਜਿਨ੍ਹਾਂ ਨੂੰ ਲੱਖਾਂ ਕਲਪ ਬ੍ਰਿੱਛ ਫਲਾਂ ਵਾਲੇ ਧਿਆਉਂਦੇ ਹਨ।

ਸੁਖ ਸਾਗਰ ਸਤਿਗੁਰ ਪੁਰਖੁ ਰਤਨ ਪਦਾਰਥ ਸਿਖ ਸੁਣਾਏ ।

ਸਤਿਗੁਰੂ ਪੁਰਖ ਸੁਖਾਂ ਦੇ ਸਮੁੰਦ੍ਰ ਹਨ, ਸਿੱਖ੍ਯਾ ਰੂਪੀ ਰਤਨ ਪਦਾਰਥ ਸੁਣਾਉਂਦੇ ਹਨ।

ਚਿੰਤਾਮਣਿ ਸਤਿਗੁਰ ਚਰਣ ਚਿੰਤਾਮਣੀ ਅਚਿੰਤ ਕਰਾਏ ।

ਸਤਿਗੁਰੂ ਦੇ ਚਰਨ ਹੀ ਚਿੰਤਾਮਣੀ ਹਨ (ਮਨ ਇੱਛਤ ਫਲ ਦਿੰਦੇ ਹਨ; 'ਚਿੰਤਾ ਮਣੀ ਅਚਿੰਤ ਕਰਾਏ'=) ਚਿੰਤਾਮਣੀ ਨੂੰ ਬੀ ਅਚਿੰਤ ਕਰਦੇ ਹਨ।

ਵਿਣੁ ਸਤਿਗੁਰ ਸਭਿ ਦੂਜੈ ਭਾਏ ।੨।

ਸਤਿਗੁਰੂ ਦੇ ਬਾਝ (ਜੋ ਹੋਰ ਪਾਸੇ ਭਟਕਦੇ ਹਨ) ਸਭ (ਦੂਜੇ ਭਾ=) ਅਗ੍ਯਾਨ ਵਿਖੇ ਭੁੱਲੇ ਹੋਏ ਹਨ।

ਪਉੜੀ ੩

ਲਖ ਚਉਰਾਸੀਹ ਜੂਨਿ ਵਿਚਿ ਉਤਮੁ ਜੂਨਿ ਸੁ ਮਾਣਸ ਦੇਹੀ ।

ਚੌਰਾਸੀ ਲਖ ਜੂਨੀਆਂ ਵਿਚੋਂ ਮਾਣਸ ਦੇਹੀ ਸ੍ਰੇਸ਼ਟ ਜੋਨੀ ਹੈ।

ਅਖੀ ਦੇਖੈ ਨਦਰਿ ਕਰਿ ਜਿਹਬਾ ਬੋਲੇ ਬਚਨ ਬਿਦੇਹੀ ।

ਇਸ ਵਿਖੇ (ਬਿਦੇਹੀ=) ਲਿੰਗ ਸਰੀਰ ਹੈ (੧੭ ਤੱਤਾਂ ਤੇ ਮਨ ਬੁੱਧ ਦੀ ਬਨਾਵਟ ਹੈ, ਉਹ ਜੀਵ) ਅੱਖਾਂ ਨਾਲ ਨਜ਼ਰ ਕਰ ਕੇ ਦੇਖਦਾ ਹੈ, ਜੀਭ ਕਰ ਕੇ ਬਚਨ ਬੋਲਦਾ ਹੈ।

ਕੰਨੀ ਸੁਣਦਾ ਸੁਰਤਿ ਕਰਿ ਵਾਸ ਲਏ ਨਕਿ ਸਾਸ ਸਨੇਹੀ ।

ਕੰਨਾਂ ਨਾਲ ਸੁਣਦਾ ਹੈ ਗਿਆਤ ਨਾਲ ਅਰ ਨੱਕ ਨਾਲ ਵਾਸ਼ਨਾ ਲੈਂਦਾ ਹੈ, ਅਰ (ਸਨੇਹੀ=) ਪ੍ਯਾਰੇ ਸ੍ਵਾਸ ਲੈਂਦਾ ਹੈ (ਅਗੇ ਕਰਮ ਇੰਦ੍ਰੀਆਂ ਦਾ ਕੰਮ ਦੱਸਦੇ ਹਨ)।

ਹਥੀ ਕਿਰਤਿ ਕਮਾਵਣੀ ਪੈਰੀ ਚਲਣੁ ਜੋਤਿ ਇਵੇਹੀ ।

ਹੱਥਾਂ ਨਾਲ ਕਿਰਤ ਕਰਦਾ ਹੈ, ਪੈਰਾਂ ਨਾਲ ਚਲਦਾ ਹੈ, ਇਵੇਂ ਹੀ ਸ਼ਕਤੀ (ਈਸ਼੍ਵਰ ਨੇ ਪਾਈ) ਹੈ।

ਗੁਰਮੁਖਿ ਜਨਮੁ ਸਕਾਰਥਾ ਮਨਮੁਖ ਮੂਰਤਿ ਮਤਿ ਕਿਨੇਹੀ ।

ਗੁਰਮੁਖਾਂ ਦਾ ਜਨਮ ਸਫਲ ਹੈ, ਮਨਮੁਖ ਮੂਰਖ ਦੀ ਮਤ ਕੇਹੀ ਹੈ? (ਭਾਵ, ਭੈੜੀ ਹੈ, ਕਿਉਂ ਜੋ)

ਕਰਤਾ ਪੁਰਖੁ ਵਿਸਾਰਿ ਕੈ ਮਾਣਸ ਦੀ ਮਨਿ ਆਸ ਧਰੇਹੀ ।

ਕਰਤਾ ਪੁਰਖ (ਵਾਹਿਗੁਰੂ ਦਾ ਭਰੋਸਾ) ਛੱਡਕੇ ਮਨੁਖ ਦੀ ਮਨ ਵਿਖੇ ਆਸ਼ਾ ਰਖਦਾ ਹੈ।

ਪਸੂ ਪਰੇਤਹੁ ਬੁਰੀ ਬੁਰੇਹੀ ।੩।

ਪਸ਼ੂਆਂ ਅਤੇ ਪ੍ਰੇਤਾਂ ਨਾਲੋਂ ਭੀ (ਉਸ ਦੀ ਦੇਹ) ਬੁਰੀ ਥੋਂ ਬੁਰੀ ਹੈ।

ਪਉੜੀ ੪

ਸਤਿਗੁਰ ਸਾਹਿਬੁ ਛਡਿ ਕੈ ਮਨਮੁਖੁ ਹੋਇ ਬੰਦੇ ਦਾ ਬੰਦਾ ।

ਸਤਿਗੁਰੂ ਸ੍ਵਾਮੀ ਨੂੰ ਤਿਆਗਕੇ ਮਨਮੁਖ ਦਾਸ ਦਾ ਦਾਸ ਜਾ ਬਣਦਾ ਹੈ।

ਹੁਕਮੀ ਬੰਦਾ ਹੋਇ ਕੈ ਨਿਤ ਉਠਿ ਜਾਇ ਸਲਾਮ ਕਰੰਦਾ ।

ਹੁਕਮ ਦਾ ਤਾਬੇਦਾਰ ਹੋਕੇ ਰੋਜ਼ (ਤੜਕੇ) ਉੱਠਕੇ ਸਲਾਮ ਕਰਦਾ ਹੈ।

ਆਠ ਪਹਰ ਹਥ ਜੋੜਿ ਕੈ ਹੋਇ ਹਜੂਰੀ ਖੜਾ ਰਹੰਦਾ ।

ਅੱਠੇ ਪਹਿਰ ਹੱਥ ਜੋੜਕੇ ਹਾਜ਼ਰ ਬਾਸ਼ੀ ਹੋਕੇ ਖਲੋਤਾ ਰਹਿੰਦਾ ਹੈ।

ਨੀਦ ਨ ਭੁਖ ਨ ਸੁਖ ਤਿਸੁ ਸੂਲੀ ਚੜ੍ਹਿਆ ਰਹੈ ਡਰੰਦਾ ।

ਨਾ ਹੀ ਨੀਂਦ ਦਾ ਸੁੱਖ, ਨਾ ਹੀ ਭੁੱਖ ਲਗਦੀ ਮਾਨੋਂ (ਸੇਵਾ ਦੀ) ਸੂਲੀ ਪੁਰ ਚੜ੍ਹਿਆ ਹੋਇਆ ਡਰਦਾ ਰਹਿੰਦਾ ਹੈ।

ਪਾਣੀ ਪਾਲਾ ਧੁਪ ਛਾਉ ਸਿਰ ਉਤੈ ਝਲਿ ਦੁਖ ਸਹੰਦਾ ।

(ਬਰਸਾਤ ਦੇ ਮੀਂਹ ਦਾ) ਪਾਣੀ (ਸਰਦੀ ਦਾ) ਪਾਲਾ (ਗਰਮੀ ਦੀਆਂ) ਧੁੱਪਾਂ (ਸਿਆਲੇ ਦੀਆਂ) ਛਾਵਾਂ ਸਿਰ ਪਰ ਝੱਲਕੇ ਦੁਖ ਭੋਗਦਾ ਹੈ।

ਆਤਸਬਾਜੀ ਸਾਰੁ ਵੇਖਿ ਰਣ ਵਿਚਿ ਘਾਇਲੁ ਹੋਇ ਮਰੰਦਾ ।

ਰਣ ਵਿਖੇ ਤੋਪਾਂ ਦੀ ਛਲਕ ਨੂੰ ਮਾਨੋਂ ਆਤਸ਼ਬਾਜੀ ਤੁੱਲ ਅਰ) ਤਲਵਾਰ ਦੀ ਝਲਕ ਦੇਖਦਾ (ਤੇ ਸੱਟ ਖਾ ਕੇ) ਜ਼ਖਮੀ ਹੋਕੇ ਮਰ ਜਾਂਦਾ ਹੈ।

ਗੁਰ ਪੂਰੇ ਵਿਣੁ ਜੂਨਿ ਭਵੰਦਾ ।੪।

ਪੂਰੇ ਗੁਰੂ ਦੇ ਬਾਝ ਜੋਨੀਆਂ ਵਿਖੇ ਭਟਕਦਾ ਹੈ।

ਪਉੜੀ ੫

ਨਾਥਾਂ ਨਾਥੁ ਨ ਸੇਵਨੀ ਹੋਇ ਅਨਾਥੁ ਗੁਰੂ ਬਹੁ ਚੇਲੇ ।

ਨਾਥਾਂ ਦੇ ਨਾਥ (ਮਾਲਕ) ਵਾਹਿਗੁਰੂ ਨੂੰ ਸੇਂਵਦੇ ਨਹੀਂ, (ਉਂ) ਬਥੇਰੇ ਗੁਰੂ ਨਾਥ ਹੋਕੇ (ਸਦਾਕੇ) ਚੇਲੇ। (ਫਸਾ ਲੈਂਦੇ ਹਨ)।

ਕੰਨ ਪੜਾਇ ਬਿਭੂਤਿ ਲਾਇ ਖਿੰਥਾ ਖਪਰੁ ਡੰਡਾ ਹੇਲੇ ।

ਕੰਨਾਂ ਨੂੰ ਪਾੜ, ਸਵਾਹ ਲਾ, ਖਫਣੀਆਂ (ਗਲ ਪਾ), ਖੱਪਰ ਤੇ ਡੰਡਾ (ਹੱਥਾਂ ਵਿਖੇ) ਹਲਾਈ ਫਿਰਦੇ ਹਨ।

ਘਰਿ ਘਰਿ ਟੁਕਰ ਮੰਗਦੇ ਸਿੰਙੀ ਨਾਦੁ ਵਾਜਾਇਨਿ ਭੇਲੇ ।

ਘਰੀਂ ਰੋਟੀਆਂ ਮੰਗਣ ਲਈ ਸਿੰਙੀਆਂ ਦੇ ਨਾਦ ਮਿਲਕੇ ਪੂਰਦੇ ਹਨ।

ਭੁਗਤਿ ਪਿਆਲਾ ਵੰਡੀਐ ਸਿਧਿ ਸਾਧਿਕ ਸਿਵਰਾਤੀ ਮੇਲੇ ।

ਭੋਜਨਾਂ ਦੇ (ਅਤੇ ਸ਼ਰਾਬ ਦੇ) ਪਿਆਲੇ ਵੰਡਦੇ ਹਨ, ਸਿੱਧ ਅਤੇ ਚੇਲੇ ਸ਼ਿਵਰਾਤਰੀ ਦੇ ਮੇਲੇ ਵਿਖੇ (ਕੱਠੇ ਹੋ ਜਾਂਦੇ) ਹਨ।

ਬਾਰਹ ਪੰਥ ਚਲਾਇਦੇ ਬਾਰਹ ਵਾਟੀ ਖਰੇ ਦੁਹੇਲੇ ।

ਬਾਰਾਂ ਮਾਰਗਾਂ (ਵਿਖੇ ਆਪੋ ਆਪਣੇ ਕਲਪੇ ਹੋਏ ਮਤ) ਚਲਾਉਂਦੇ ਹਨ, ਬਾਰਾਂ ਰਸਤਿਆਂ ਵਿਚ ਆਪ ਦੁਖੀ (ਅਰ ਚੇਲਿਆਂ ਨੂੰ ਦੁਖੀ) ਕਰਦੇ ਹਨ।

ਵਿਣੁ ਗੁਰ ਸਬਦ ਨ ਸਿਝਨੀ ਬਾਜੀਗਰ ਕਰਿ ਬਾਜੀ ਖੇਲੇ ।

ਗੁਰੂ (ਨਾਨਕ ਦੇਵ) ਦੇ ਸ਼ਬਦੋਂ ਬਾਝ ਕਲ੍ਯਾਨ ਨਹੀਂ ਆਉਂਦੇ, ਬਾਜ਼ੀਗਰਾਂ (ਵਾਂਙੂੰ) ਬਾਜ਼ੀਆਂ (ਪਾਕੇ ਮਾਨੋਂ) ਖੇਲਦੇ ਹਨ, ਭਾਵ ਲੋਕਾਂ ਨੂੰ ਰਿਝਾਉਂਦੇ ਹਨ।

ਅੰਨ੍ਹੈ ਅੰਨ੍ਹਾ ਖੂਹੀ ਠੇਲੇ ।੫।

(ਜਿਕੁਰ) ਅੰਨ੍ਹਿਆਂ ਦਾ ਸੂਰਦਾਸ (ਆਗੂ) ਖੂਹ ਵਿਚ ਠੇਲ੍ਹ ਦਿੰਦਾ ਹੈ।

ਪਉੜੀ ੬

ਸਚੁ ਦਾਤਾਰੁ ਵਿਸਾਰ ਕੈ ਮੰਗਤਿਆਂ ਨੋ ਮੰਗਣ ਜਾਹੀ ।

ਸਚੇ (ਨਿਰੰਕਾਰ) ਦਾਤਾਰ ਨੂੰ ਭੁਲਾਕੇ (ਜੇਹੜੇ ਉਹਦੇ) ਮੰਗਤੇ ਹਨ, ਓਹਨਾਂ ਦੇ ਅੱਗੇ ਹੱਥ ਟੱਡਦੇ ਹਨ।

ਢਾਢੀ ਵਾਰਾਂ ਗਾਂਵਦੇ ਵੈਰ ਵਿਰੋਧ ਜੋਧ ਸਾਲਾਹੀ ।

ਢਾਢੀ ਲੋਕ ਜੱਸ ਗਾਉਂਦੇ ਹਨ (ਵਾਹਿਗੁਰੂ ਜੱਸ ਵਿਹੂਣੇ) ਵੈਰ ਅਤੇ ਘੋਲ ਜੋਧਿਆਂ ਦਾ ਸਲਾਹੁੰਦੇ ਹਨ।

ਨਾਈ ਗਾਵਨਿ ਸੱਦੜੇ ਕਰਿ ਕਰਤੂਤਿ ਮੁਏ ਬਦਰਾਹੀ ।

ਨਾਈ ਲੋਕ (ਓਹਨਾਂ ਦੀਆਂ) ਉਸਤੁਤਾਂ ਕਰਦੇ ਹਨ, (ਜੇਹੜੇ) ਕਰਤੂਤਾਂ ਕਰ ਭੈੜਿਆਂ ਰਾਹਾਂ ਵਿਖੇ ਮਰ ਗਏ ਹਨ।

ਪੜਦੇ ਭਟ ਕਵਿਤ ਕਰਿ ਕੂੜ ਕੁਸਤੁ ਮੁਖਹੁ ਆਲਾਹੀ ।

ਭੱਟ ਲੋਕ (ਕੁੜੇ ਪਾਤਿਸ਼ਾਹਾਂ ਦੇ) ਕਬਿੱਤ ਬਣਾ ਕੇ ਪੜ੍ਹਦੇ ਹਨ, (ਨਿਰਾ) ਕੂੜ ਤੇ ਕੁਸੱਤ ਮੂੰਹੋਂ ਬੋਲਦੇ ਹਨ।

ਹੋਇ ਅਸਿਰਿਤ ਪੁਰੋਹਿਤਾ ਪ੍ਰੀਤਿ ਪਰੀਤੈ ਵਿਰਤਿ ਮੰਗਾਹੀ ।

ਪਰੋਹਤ ਦੀ ਐਸੀ ਰੀਤਿ ਹੈ (ਕਿ ਪਹਿਲੇ ਯਾਰ ਹੋਕੇ) ਪਰਸਪਰ ਪ੍ਰੀਤ ਪਾ ਲੈਂਦੇ ਹਨ, (ਪਿਛੋਂ) ਵਿਰਤ ਮੰਗਣ ਲਗ ਪੈਂਦੇ ਹਨ।

ਛੁਰੀਆ ਮਾਰਨਿ ਪੰਖੀਏ ਹਟਿ ਹਟਿ ਮੰਗਦੇ ਭਿਖ ਭਵਾਹੀ ।

ਕਈ ਛੁਰੀਆਂ ਮਾਰਕੇ (ਪੈਸੇ ਮੰਗਦੇ ਹਨ) (ਕਈ) ਪੰਖੀਆਂ ਵਾਗੂੰ ਹੱਟ ਹੱਟ ਫਿਰਕੇ ਭੀਖਿਆ ਮੰਗਦੇ ਫਿਰਦੇ ਹਨ।

ਗੁਰ ਪੂਰੇ ਵਿਣੁ ਰੋਵਨਿ ਧਾਹੀ ।੬।

ਪੂਰਨ ਗੁਰੂ ਬਾਝ (ਮਾਨੋਂ) ਢਾਹਾਂ ਮਾਰ ਮਾਰ ਕੇ ਰੋਂਦੇ ਫਿਰਦੇ ਹਨ।

ਪਉੜੀ ੭

ਕਰਤਾ ਪੁਰਖੁ ਨ ਚੇਤਿਓ ਕੀਤੇ ਨੋ ਕਰਤਾ ਕਰਿ ਜਾਣੈ ।

(ਜਗਤ ਦੇ) ਕਰਤਾ (ਨਿਰੰਕਾਰ) ਦੀ ਅਰਾਧਨਾ ਛੱਡਕੇ ਲੋਕ ਕੀਤੇ ਹੋਏ (ਜੀਵ) ਨੂੰ ਹੀ ਕਰਤਾ ਕਰ ਕੇ ਜਾਣਦੇ ਹਨ।

ਨਾਰਿ ਭਤਾਰਿ ਪਿਆਰੁ ਕਰਿ ਪੁਤੁ ਪੋਤਾ ਪਿਉ ਦਾਦੁ ਵਖਾਣੈ ।

ਇਸਤ੍ਰੀ ਭਰਤਾ ਨਾਲ ਹੀ ਮੋਹ ਕਰਦੀ ਹੈ, ਪੁਤਰ ਪਿਉ ਨੂੰ ਤੇ ਦਾਦੇ ਪੋਤਰੇ ਨੂੰ।

ਧੀਆ ਭੈਣਾ ਮਾਣੁ ਕਰਿ ਤੁਸਨਿ ਰੁਸਨਿ ਸਾਕ ਬਬਾਣੈ ।

ਧੀਆਂ (ਪਿਉ ਤੇ ਮਾਣ ਕਰਦੀਆਂ ਹਨ ਤੇ) ਭੈਣਾਂ (ਭਰਾਵਾਂ ਪੁਰ) ਮਾਣ ਰਖਦੀਆਂ ਹਨ, (ਕਦੀ) ਪ੍ਰਸੰਨ, (ਕਦੀ) ਗੁੱਸੇ (ਭਾਵ ਕੁਝ ਮਿਲਿਆ ਤਾਂ ਰਾਜੀ ਨਹੀਂ ਤਾਂ ਭਾਂਡਾ ਭੰਨਦੀਆਂ ਹਨ) ਅਜਿਹਾ ਹੀ ਬਬਾਣੇ (ਸਾਕਾਂ ਵਿਚ ਹਾਲ ਹੈ ਭਾਵ-ਬਾਬੇ ਦੇ ਪੋਤੇ ਆਪੋ ਵਿਚ ਜਾਇਦਾਦਾਂ ਵੰਡਣ ਲਈ ਰੁਸਕੇ ਅਰਜ਼ੀਆਂ ਪਾਉਂਦੇ ਹਨ, ਅਥਵਾ ਸਾਕ ਬਬਾਣੇ

ਸਾਹੁਰ ਪੀਹਰੁ ਨਾਨਕੇ ਪਰਵਾਰੈ ਸਾਧਾਰੁ ਧਿਙਾਣੈ ।

ਸਾਹੁਰੇ, ਪੇਕੇ, ਨਾਨਕੇ, (ਘਰ ਦੇ) ਪਰਵਾਰ ਦੇ ਸਾਕ ਧਿਙਾਣੇ ਦੇ ਹੀ (ਮੰਨੇ ਹੋਏ) ਹਨ, (ਅੰਤ ਦਾ ਸਾਥੀ ਕੋਈ ਨਹੀਂ)।

ਚਜ ਅਚਾਰ ਵੀਚਾਰ ਵਿਚਿ ਪੰਚਾ ਅੰਦਰਿ ਪਤਿ ਪਰਵਾਣੈ ।

ਪੂਜਾ, ਯੱਗ, ਸਰਾਧ, (ਪੰਚੇਤਾਂ ਦੀਆਂ) ਸਲਾਹਾਂ, ਅਤੇ ਪੈਂਚਾਂ ਵਿਖੇ ਪਤ (ਪਰਤੀਤ ਵਾਲੇ) ਮੰਨੇ ਪ੍ਰਮੰਨੇ (ਬੈਠਣ ਦੇ ਸ਼ੌਕ ਵਿੱਚ ਫਸੇ ਰਹਿਣਾ)।

ਅੰਤ ਕਾਲ ਜਮ ਜਾਲ ਵਿਚਿ ਸਾਥੀ ਕੋਇ ਨ ਹੋਇ ਸਿਞਾਣੈ ।

(ਪਰ ਸ਼ੋਕ) ਅੰਤ ਦੇ ਸਮੇਂ ਜਮ ਦੇ ਜਾਲ ਵਿਚ ਸਾਥੀ ਹੋਕੇ ਕੋਈ ਨਹੀਂ ਸਿਆਣਦਾ।

ਗੁਰ ਪੂਰੇ ਵਿਣੁ ਜਾਇ ਜਮਾਣੈ ।੭।

ਗੱਲ ਕੀ ਪੂਰਨ ਗੁਰੂ ਦੇ (ਮਿਲੇ) ਬਾਝ (ਸਾਰੇ) ਜਮ ਦੀ ਪੁਰੀ ਜਾਣਗੇ।

ਪਉੜੀ ੮

ਸਤਿਗੁਰੁ ਸਾਹੁ ਅਥਾਹੁ ਛਡਿ ਕੂੜੇ ਸਾਹੁ ਕੂੜੇ ਵਣਜਾਰੇ ।

(ਜੋ ਅਥਾਹ) ਬੇਅੰਤ ਸ਼ਾਹ ਸਤਿਗੁਰ ਨੂੰ ਛੱਡ ਦਿੰਦੇ ਹਨ, (ਓਹ) ਸ਼ਾਹ ਤੇ ਵਣਜਾਰੇ (ਦੋਵੇਂ) ਝੂਠੇ ਹਨ।

ਸਉਦਾਗਰ ਸਉਦਾਗਰੀ ਘੋੜੇ ਵਣਜ ਕਰਨਿ ਅਤਿ ਭਾਰੇ ।

ਸੌਦਾਗਰ ਲੋਕ (ਸਉਦਾਗਰੀ=) ਲੈਣ ਦੇਣ ਵਿਖੇ ਘੋੜਿਆਂ ਦਾ ਭਾਰੀ ਵਪਾਰ ਕਰਦੇ ਹਨ।

ਰਤਨਾ ਪਰਖ ਜਵਾਹਰੀ ਹੀਰੇ ਮਾਣਕ ਵਣਜ ਪਸਾਰੇ ।

ਜਵਾਹਰਾਂ ਦੇ ਵਪਾਰੀ ਰਤਨਾਂ ਨੂੰ ਪਰਖਦੇ ਅਰ ਹੀਰਿਆਂ ਤੇ ਮਾਣਕਾਂ ਦੇ ਵਪਾਰ ਨੂੰ ਫੈਲਾਉਂਦੇ ਹਨ।

ਹੋਇ ਸਰਾਫ ਬਜਾਜ ਬਹੁ ਸੁਇਨਾ ਰੁਪਾ ਕਪੜੁ ਭਾਰੇ ।

ਸਰਾਫ ਲੋਕ ਸੋਨ ਰੁੱਪੇ ਦਾ ਕੰਮ ਕਰਦੇ; ਅਰ ਬਜਾਜ ਕਪੜੇ ਫੈਲਾਉਂਦੇ ਹਨ, (ਯਾ ਇਕ ਤਾਰੇ, ਯਾ ਤਾਰਿਆਂ ਵਾਂਙ ਅਨਗਿਣਤ ਕੱਪੜੇ ਰਖਦੇ ਹਨ)।

ਕਿਰਸਾਣੀ ਕਿਰਸਾਣ ਕਰਿ ਬੀਜ ਲੁਣਨਿ ਬੋਹਲ ਵਿਸਥਾਰੇ ।

ਜ਼ਿਮੀਂਦਾਰ ਲੋਕ ਖੇਤੀ ਕਰ ਕੇ ਆਪਣਾ ਬੀਜਿਆ ਕੱਟਕੇ ਖਲਵਾਰੇ ਫੈਲਾਉਂਦੇ ਹਨ।

ਲਾਹਾ ਤੋਟਾ ਵਰੁ ਸਰਾਪੁ ਕਰਿ ਸੰਜੋਗੁ ਵਿਜੋਗੁ ਵਿਚਾਰੇ ।

(ਵਪਾਰੀਆਂ ਨੂੰ ਕਦੀ) ਲਾਹਾ ਕਦੀ ਟੋਟਾ (ਘਾਟਾ), (ਸਿਧ ਸਾਧਕਾਂ ਨੂੰ) ਕਿਧਰੇ ਵਰ ਕਿਧਰੇ ਸਰਾਪ, (ਅਜਿਹਾ ਹੀ ਸਨਬੰਧੀਆਂ ਦੇ) ਮੇਲੇ ਤੇ ਵਿਛੋੜੇ ਦਾ ਵਿਚਾਰ ਰਹਿੰਦਾ ਹੈ।

ਗੁਰ ਪੂਰੇ ਵਿਣੁ ਦੁਖੁ ਸੈਂਸਾਰੇ ।੮।

ਪੂਰੇ ਗੁਰੂ ਦੇ ਬਾਝ ਸੰਸਾਰ ਵਿਖੇ ਦੁੱਖ ਹੀ ਹੈ।

ਪਉੜੀ ੯

ਸਤਿਗੁਰੁ ਵੈਦੁ ਨ ਸੇਵਿਓ ਰੋਗੀ ਵੈਦੁ ਨ ਰੋਗੁ ਮਿਟਾਵੈ ।

ਸਤਿਗੁਰੂ (ਸੱਚੇ) ਹਕੀਮ ਦੀ ਸੇਵਾ ਨਾ ਕੀਤੀ, ਰੋਗੀ ਹਕੀਮ ਰੋਗ ਨਹੀਂ ਮਿਟਾਉਂਦਾ ਹੈ।

ਕਾਮ ਕ੍ਰੋਧੁ ਵਿਚਿ ਲੋਭੁ ਮੋਹੁ ਦੁਬਿਧਾ ਕਰਿ ਕਰਿ ਧ੍ਰੋਹੁ ਵਧਾਵੈ ।

ਕਾਮ, ਕ੍ਰੋਧ, ਲੋਭ, ਮੋਹ ਆਦਿ ਰੋਗਾਂ ਵਿਚ (ਫਸੇ ਹੋਏ ਹਕੀਮ ਭਾਵ, ਝੂਠੇ ਗੁਰੂ) ਦੁਬਿਧਾ ਕਰ ਕੇ ਛਲ ਤੇ ਦਗ਼ਾ ਹੀ ਵਧਾਉਂਦੇ ਹਨ। (ਇਸਦਾ=ਫਲ ਇਹ ਹੈ)।

ਆਧਿ ਬਿਆਧਿ ਉਪਾਧਿ ਵਿਚਿ ਮਰਿ ਮਰਿ ਜੰਮੈ ਦੁਖਿ ਵਿਹਾਵੈ ।

(ਆਧਿ=) ਮਾਨਸੀ ਚਿੰਤਾ, (ਬਿਆਧਿ=) ਸਰੀਰਕ ਪੀੜਾ, (ਉਪਾਧਿ) ਅਧਿਵੈਦਕ ਕਸ਼ਟਾਂ ਵਿਚ ਮਰ ਮਰਕੇ ਗਮ ਦੇ ਦੁੱਖਾਂ (ਅਥਵਾ ਜੰਮਣ ਮਰਣ ਦੇ ਦੁੱਖਾਂ) ਵਿਖੇ ਹੀ ਗੁਜ਼ਰਦੀ ਹੈ।

ਆਵੈ ਜਾਇ ਭਵਾਈਐ ਭਵਜਲ ਅੰਦਰਿ ਪਾਰੁ ਨ ਪਾਵੈ ।

ਆਉਣ ਜਾਣ ਵਿਚ ਹੀ ਭਟਕਾਈਦਾ ਹੈ, ਸੰਸਾਰ ਵਿਚੋਂ ਪਾਰ ਨਹੀਂ ਪੈਂਦਾ।

ਆਸਾ ਮਨਸਾ ਮੋਹਣੀ ਤਾਮਸੁ ਤਿਸਨਾ ਸਾਂਤਿ ਨ ਆਵੈ ।

ਆਸਾ ਮਨਸਾ ਮਨ ਨੂੰ ਮੋਹਤ ਕਰ ਰਹੀ ਹੈ, ਤਮੋਗੁਣੀ ਤ੍ਰਿਸ਼ਨਾਂ ਥੋਂ ਸ਼ਾਂਤਿ ਨਹੀਂ ਆਉਂਦੀ।

ਬਲਦੀ ਅੰਦਰਿ ਤੇਲੁ ਪਾਇ ਕਿਉ ਮਨੁ ਮੂਰਖੁ ਅਗਿ ਬੁਝਾਵੈ ।

ਬਲਦੀ ਹੋਈ ਅੱਗ ਵਿਚ ਤੇਲ ਪਾਉਣ ਨਾਲ ਕਿੱਕੁਰ ਮੂਰਖ ਦਾ ਮਨ ਅੱਗ ਬੁਝਾ ਸਕਦਾ ਹੈ?

ਗੁਰੁ ਪੂਰੇ ਵਿਣੁ ਕਉਣੁ ਛੁਡਾਵੈ ।੯।

ਪੂਰਣ ਗੁਰੂ (ਨਾਨਕ ਦੇਵ ਦੀ ਕਾਮੁਕ) ਬਾਝ ਕੌਣ (ਇਸ ਅੱਗ ਤੋਂ) ਛੁਡਾ ਸਕਦਾ ਹੈ?

ਪਉੜੀ ੧੦

ਸਤਿਗੁਰੁ ਤੀਰਥੁ ਛਡਿ ਕੈ ਅਠਿਸਠਿ ਤੀਰਥ ਨਾਵਣ ਜਾਹੀ ।

ਸਤਿਗੁਰੁ (ਸਚੇ) ਤੀਰਥ ਨੂੰ ਛਡਕੇ ਅਠਾਹਠ ਤੀਰਥਾਂ ਵੱਲ ਨ੍ਹਾਉਣ ਲਈ (ਲੋਕ) ਜਾਂਦੇ ਹਨ।

ਬਗੁਲ ਸਮਾਧਿ ਲਗਾਇ ਕੈ ਜਿਉ ਜਲ ਜੰਤਾਂ ਘੁਟਿ ਘੁਟਿ ਖਾਹੀ ।

(ਉਥੇ ਜਾਕੇ) ਬਗਲੇ ਵਾਂਗੂੰ (ਅੱਖਾਂ ਮੀਟਕੇ) ਸਮਾਧੀ ਲਾ ਮਾਨੋਂ ਜਲ ਜੰਤਾਂ ਨੂੰ ਪਕੜ ਪਕੜ ਖਾਂਦੇ ਹਨ, (ਭਾਵ ਆਏ ਗਏ ਲੋਕ ਦੇਖਕੇ ਫਸ ਜਾਂਦੇ ਹਨ)।

ਹਸਤੀ ਨੀਰਿ ਨਵਾਲੀਅਨਿ ਬਾਹਰਿ ਨਿਕਲਿ ਖੇਹ ਉਡਾਹੀ ।

ਹਾਥੀ ਪਾਣੀ ਵਿਖੇ ਨ੍ਹਵਾਲੀਦੇ ਹਨ, ਓਹ ਬਾਹਰ ਨਿਕਲਕੇ (ਦੂਣੀ) ਖੇਹ ਉਡਾਕੇ (ਸਿਰ ਤੇ) ਪਾ ਲੈਂਦੇ ਹਨ, (ਤਿਵੇਂ ਏਹ ਤੀਰਥਾਂ ਪਰ ਦੂਣੀ ਮੈਲ ਸਹੇੜਦੇ ਹਨ)।

ਨਦੀ ਨ ਡੁਬੈ ਤੂੰਬੜੀ ਤੀਰਥੁ ਵਿਸੁ ਨਿਵਾਰੈ ਨਾਹੀ ।

ਨਦੀ ਵਿਚ ਤੂੰਬੀ ਡੁੱਬਦੀ ਨਹੀਂ (ਭਾਵ ਮਨ ਦੀ ਮੈਲ ਦੂਰ ਨਹੀਂ ਹੁੰਦੀ) ਤੀਰਥ ਉਸ ਦੀ (ਅੰਦਰਲੀ) ਵਿਹੁ (ਕੁੜੱਤਣ) ਹਟਾ ਨਹੀਂ ਸਕਦੇ। (ਯਥਾ-'ਲਉਕੀ ਅਠਸਠਿ ਤੀਰਥ ਨਾਈ॥ ਕਉਰਾਪਨੁ ਤਉ ਨ ਜਾਈ'॥ ਅਰਥਾਤ ਤੂੰਬੀ ਭਾਵੇਂ ਅਠਾਹਠ ਤੀਰਥ ਨ੍ਹਾਵੈ ਕਉੜੱਤਣ ਨਹੀਂ ਜਾਂਦੀ)।

ਪਥਰੁ ਨੀਰ ਪਖਾਲੀਐ ਚਿਤਿ ਕਠੋਰੁ ਨ ਭਿਜੈ ਗਾਹੀ ।

ਪੱਥਰ ਨੂੰ ਕਿਨਾਂ ਹੀ ਪਾਣੀ ਵਿਚ ਰਖੀਏ ਪਰ ਉਸ ਦਾ ਕਠੋਰ ਚਿੱਤ ਕਦੇ ਨਹੀਂ ਭਿੱਜੇਗਾ। (ਅਗੇ ਛੇਕੜੀਆਂ ਦੋ ਤੁਕਾਂ ਵਿਖੇ ਦਾਰਸ਼ਟਾਂਤ ਦੱਸਦੇ ਹਨ)।

ਮਨਮੁਖ ਭਰਮ ਨ ਉਤਰੈ ਭੰਭਲਭੂਸੇ ਖਾਇ ਭਵਾਹੀ ।

ਮਨਮੁਖਾਂ ਦਾ ਭਰਮ ਨਹੀਂ ਉਤਰਦਾ, ਇਸੇ ਵਾਸਤੇ ('ਭੰਭਲ ਭੂਸੇ' ਖਾਂਦੇ) ਅਵਾਰਾ ਗਰਦੀਆਂ ਵਿਖੇ ਭੌਂਦੇ ਰਹਿੰਦੇ ਹਨ।

ਗੁਰੁ ਪੂਰੇ ਵਿਣੁ ਪਾਰ ਨ ਪਾਹੀ ।੧੦।

ਪੂਰਨ ਗੁਰੂ (ਮਲਾਹ) ਬਾਝ ਪਾਰ (ਪਾਰਲਾ ਕਿਨਾਰਾ) ਨਹੀਂ ਪਾ ਸਕਦੇ।

ਪਉੜੀ ੧੧

ਸਤਿਗੁਰ ਪਾਰਸੁ ਪਰਹਰੈ ਪਥਰੁ ਪਾਰਸੁ ਢੂੰਢਣ ਜਾਏ ।

ਸਤਿਗੁਰੂ (ਗੁਰੂ ਨਾਨਕ ਦੇਵ) ਪਾਰਸ ਨੂੰ ਛੱਡਕੇ (ਲੋਕ) ਪੱਥਰਾਂ (ਵਿਖੇ) ਪਾਰਸ ਲੱਭਣ ਲਈ ਜਾਂਦੇ ਹਨ।

ਅਸਟ ਧਾਤੁ ਇਕ ਧਾਤੁ ਕਰਿ ਲੁਕਦਾ ਫਿਰੈ ਨ ਪ੍ਰਗਟੀ ਆਏ ।

ਅੱਠਾਂ ਧਾਤਾਂ (ਅਰਥਾਤ ਚਾਰ ਵਰਣ ਤੇ ਚਾਰ ਅਸ਼੍ਰਮਾਂ) ਨੂੰ ਇਕ (ਸੋਨਾ) ਧਾਂਤ ਕਰਨ ਵਾਲਾ (ਗੁਰਮੁਖ ਬਨਾਉਣ ਵਾਲਾ) ਪਾਰਸ ਛਿਪਦਾ ਫਿਰਦਾ ਹੈ ਪ੍ਰਗਟ (ਹੋਕੇ) ਨਹੀਂ ਵਿਚਰਦਾ।

ਲੈ ਵਣਵਾਸੁ ਉਦਾਸੁ ਹੋਇ ਮਾਇਆਧਾਰੀ ਭਰਮਿ ਭੁਲਾਏ ।

ਮਾਇਆਧਾਰੀ ਭਰਮ ਵਿਖੇ ਭੁੱਲੇ ਹੋਏ (ਝੂਠੇ ਪਾਰਸ ਲੱਭਣ ਲਈ) ਜੰਗਲਾਂ ਵਿਚ ਉਦਾਸ ਹੋਏ ਪਏ ਫਿਰਦੇ ਹਨ।

ਹਥੀ ਕਾਲਖ ਛੁਥਿਆ ਅੰਦਰਿ ਕਾਲਖ ਲੋਭ ਲੁਭਾਏ ।

(ਮਾਇਆ ਨੂੰ) ਹੱਥ ਨਾਲ ਛੋਹਣ ਨਾਲ, ਹੱਥ ਕਾਲੇ ਹੁੰਦੇ ਹਨ, ਲੋਭ ਲੁਭਾਇਆ ਅੰਤਹਕਰਣ ਕਾਲਾ ਹੋ ਜਾਂਦਾ ਹੈ।

ਰਾਜ ਡੰਡੁ ਤਿਸੁ ਪਕੜਿਆ ਜਮ ਪੁਰਿ ਭੀ ਜਮ ਡੰਡੁ ਸਹਾਏ ।

(ਜੇਕਰ) ਉਹ (ਲੋਭੀ ਚੋਰ) ਪਕੜਿਆ ਜਾਵੇ (ਤਦ ਇਕ ਤਾਂ) ਰਾਜਾ ਦਾ ਦੰਡ ਫੇਰ ਮਰਕੇ ਜਮਾਂ ਦਾ ਡੰਡ ਸਹਾਰਦਾ ਹੈ।

ਮਨਮੁਖ ਜਨਮੁ ਅਕਾਰਥਾ ਦੂਜੈ ਭਾਇ ਕੁਦਾਇ ਹਰਾਏ ।

ਮਨਮੁਖ ਦਾ ਜਨਮ ਲੋਭ ਵਿਚ ਹੀ ਬਿਰਥਾ ਜਾਂਦਾ ਹੈ ਦੂਜੇ ਭਾਇ ਦੇ ਖੋਟੇ ਦਾਉ ਵਿਖੇ (ਜਨਮ ਰਤਨ) ਹਾਰ ਦਿੰਦਾ ਹੈ।

ਗੁਰ ਪੂਰੇ ਵਿਣੁ ਭਰਮੁ ਨ ਜਾਏ ।੧੧।

ਪੂਰਨ ਗੁਰੂ (ਸ੍ਰੀ ਗੁਰੂ ਨਾਨਕ ਦੇਵ ਜੀ) ਬਾਝ (ਇਹ ਅਗ੍ਯਾਨ ਦਾ) ਭਰਮ ਨਹੀਂ ਜਾਂਦਾ।

ਪਉੜੀ ੧੨

ਪਾਰਿਜਾਤੁ ਗੁਰੁ ਛਡਿ ਕੈ ਮੰਗਨਿ ਕਲਪ ਤਰੋਂ ਫਲ ਕਚੇ ।

ਗੁਰੂ (ਨਾਨਕ ਚੇਤਨ) ਕਲਪ ਬ੍ਰਿੱਛ ਨੂੰ ਛੱਡ ਕੇ (ਸੁਰਗੀ) ਕਲਪ ਬ੍ਰਿੱਛ (ਜੜ੍ਹ ਪਦਾਰਥ) ਪਾਸੋਂ ਕੱਚੇ ਫਲ (ਨਾਮੀ ਪਦਾਰਥ) ਜਾਚਦੇ ਹਨ, (ਅਥਵਾ 'ਕਚੇ' ਲੋਕ ਮੰਗਦੇ ਹਨ)।

ਪਾਰਜਾਤੁ ਲਖ ਸੁਰਗੁ ਸਣੁ ਆਵਾ ਗਵਣੁ ਭਵਣ ਵਿਚਿ ਪਚੇ ।

ਲੱਖਾਂ ਕਲਪ ਬ੍ਰਿੱਛ, ਸੁਰਗ ਸਮੇਤ ਆਵਗੌਣ ਦੀ ਭਵਾਟੜੀ ਵਿਚ 'ਪਚਦੇ' ਦੁਖੀ ਹਨ, (ਭਾਵ ਸਭ ਨਾਸ਼ੀ ਪਦਾਰਥ ਹਨ)।

ਮਰਦੇ ਕਰਿ ਕਰਿ ਕਾਮਨਾ ਦਿਤਿ ਭੁਗਤਿ ਵਿਚਿ ਰਚਿ ਵਿਰਚੇ ।

ਕਾਮਨਾ ਕਰਨ ਵਾਲੇ ਲੋਕ (ਰੱਬ ਦੇ) ਦਿਤੇ ਹੋਏ ਪਦਾਰਥ ਵਿਖੇ (ਆਪ) ਖਚਿਤ ਹਨ, (ਦੂਜਿਆਂ ਨੂੰ ਫਸਾ ਕੇ ਇੱਛਾ ਵਿਚ ਹੀ ਮਰਦੇ ਹਨ)।

ਤਾਰੇ ਹੋਇ ਅਗਾਸ ਚੜਿ ਓੜਕਿ ਤੁਟਿ ਤੁਟਿ ਥਾਨ ਹਲਚੇ ।

(ਕਈ ਲੋਭੀ) ਅਕਾਸ਼ ਨੂੰ ਚੜ੍ਹਕੇ ਤਾਰਿਆਂ ਵਾਂਙ ਉਥੋਂ (ਪੁੰਨਾਂ ਦਾ ਫਲ ਭੋਗਕੇ) ਅੰਤ ਨੂੰ ਜੋ ਟੁੱਟ ਟੁੱਟ ਕੇ ਥਾਉਂ ਤੋਂ ਡਿਗਦੇ ਹਨ। (ਭਾਵ ਮਨ ਕਲਪਤ ਯਾ ਸ਼ਾਸਤ੍ਰੋਕਤ, ਸ੍ਵਰਗ ਬੀ ਸਦਾ ਲਈ ਪ੍ਰਾਪਤ ਨਾ ਹੋਏ ਉਥੋਂ ਬੀ ਆਵਾਗਵਨ ਹੀ ਹੋਇਆ)।

ਮਾਂ ਪਿਉ ਹੋਏ ਕੇਤੜੇ ਕੇਤੜਿਆਂ ਦੇ ਹੋਏ ਬਚੇ ।

(ਉਥੋਂ ਡਿਗਕੇ) ਕਈਆਂ ਦੇ ਮਾਂ ਤੇ ਪਿਉ ਬਣਦੇ ਹਨ, ਤੇ ਕਈਆਂ ਦੇ ਬੱਚੇ ਬਣਦੇ ਹਨ, (ਭਾਵ ਫੇਰ ਜੋਨੀ ਵਿਚ ਪੈ ਜਾਂਦੇ ਹਨ)।

ਪਾਪ ਪੁੰਨੁ ਬੀਉ ਬੀਜਦੇ ਦੁਖ ਸੁਖ ਫਲ ਅੰਦਰਿ ਚਹਮਚੇ ।

(ਜਿਹਾ) ਪਾਪ ਅਤੇ ਪੁੰਨ ਦਾ ਬੀਉ ਬੀਜਦੇ ਹਨ, ਉਸ ਦੇ ਫਲ ਦੁਖ (ਵਿਚ ਦੁਖੀ) ਤੇ ਸੁਖ ਵਿਚ ਅਨੰਦ ਰਹਿੰਦੇ ਹਨ, (ਭਾਵ ਪਿਛਲਾ ਜਨਮ ਫਲ ਜਾਂਦਾ ਹੈ, ਇਸ ਲਈ ਕੁੱਤੇ ਬਿੱਲੇ ਜੋਨੀ ਆਦਿ ਹਰੇਕ ਜੀਵ ਆਪੋ ਆਪਣੇ ਕਰਮ ਫਲ ਵਿਖੇ ਚਹਿਲ ਪਹਿਲ ਕਰਦੇ ਹਨ, ਪ੍ਰੰਤੂ)

ਗੁਰ ਪੂਰੇ ਵਿਣੁ ਹਰਿ ਨ ਪਰਚੇ ।੧੨।

ਪੂਰਣ ਸਤਿਗੁਰੂ (ਦੀ ਸ਼ਰਣ) ਬਾਝ ਹਰੀ ਪ੍ਰਸੰਨ ਨਹੀਂ ਹੁੰਦਾ (ਭਾਵ ਉਸ ਦੀ ਪ੍ਰਸੰਨਤਾ ਬਾਝ ਚੌਰਾਸੀ ਦੀ ਫਾਂਸੀ ਬਣੀ ਰਹਿੰਦੀ ਹੈ, ਜਿਹਾ 'ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ॥ ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ॥ ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏਂ॥'

ਪਉੜੀ ੧੩

ਸੁਖੁ ਸਾਗਰੁ ਗੁਰੁ ਛਡਿ ਕੈ ਭਵਜਲ ਅੰਦਰਿ ਭੰਭਲਭੂਸੇ ।

ਸੁੱਖਾਂ ਦੇ ਸਮੁੰਦ੍ਰ ਗੁਰੂ ਨੂੰ ਤਿਆਗ ਕੇ ਸੰਸਾਰ (ਦੁਖ ਸਾਗਰ) ਵਿਖੇ ਲੋਕ ਡੱਕੋ ਡੋਲੇ ਖਾਂਦੇ ਹਨ (ਭਾਵ ਬਿਰਥਾ ਦੇਵੀ ਦੇਵਤਿਆਂ ਵੱਲ ਭਟਕਦੇ ਹਨ)।

ਲਹਰੀ ਨਾਲਿ ਪਛਾੜੀਅਨਿ ਹਉਮੈ ਅਗਨੀ ਅੰਦਰਿ ਲੂਸੇ ।

(ਚਿੰਤਾ ਦੀਆਂ) ਲਹਿਰਾਂ ਨਾਲ ਮਾਰੀਦੇ ਹਨ ਹਉਮੈ ਰੂਪੀ ਬੜਗਾਵਨ ਵਿਖੇ ਸੜ ਰਹੇ ਹਨ।

ਜਮ ਦਰਿ ਬਧੇ ਮਾਰੀਅਨਿ ਜਮਦੂਤਾਂ ਦੇ ਧਕੇ ਧੂਸੇ ।

ਧਰਮਰਾਜ ਦੇ ਦਰਵਾਜ਼ੇ ਪੁਰ ਬੱਧੇ ਹੋਏ ਮਾਰੀਦੇ ਜਮਦੂਤਾਂ ਦੇ ਧੱਕਿਆਂ ਵਿਚ ਧੂਹੀਦੇ (ਅਰਥਾਤ ਘਸੀਟੀਦੇ ਹਨ।)

ਗੋਇਲਿ ਵਾਸਾ ਚਾਰਿ ਦਿਨ ਨਾਉ ਧਰਾਇਨਿ ਈਸੇ ਮੂਸੇ ।

(ਸੰਸਾਰ ਤਾਂ) ਚਾਰ ਦਿਨ ਦਾ ('ਗੋਇਲ' ਕਹੀਏ) ਗੁਜਰਾਂ ਦੀਆਂ ਛੱਪਰੀਆਂ ਵਾਂਙੂੰ ਵਾਸਾ ਹੈ, (ਇੱਥੇ ਕੋਈ) ਈਸਾ ਮੂਸਾ ਨਾਮ ਧਰਾਕੇ (ਸਦਾ ਰਹਿਨ ਵਾਲੇ) ਕਹਾ ਗਏ।

ਘਟਿ ਨ ਕੋਇ ਅਖਾਇਦਾ ਆਪੋ ਧਾਪੀ ਹੈਰਤ ਹੂਸੇ ।

(ਆਪ ਨੂੰ) ਘੱਟ ਕੋਈ ਨਹੀਂ ਅਖਾਉਂਦਾ (ਜਿਹਾ ਕਿ 'ਘਾਟਿ ਨ ਕਿਨਹੀ ਕਹਾਇਆ॥ ਸਭ ਕਹਿਤੇ ਹੈ ਪਾਇਆ'॥ ਅਰਥ=ਸਾਰੇ ਆਖਦੇ ਹਨ ਕਿ ਰੱਬ ਨੂੰ ਮੈਂ ਹੀ ਪਾ ਲੀਤਾ ਹੈ)। ਆਪੋ ਆਪਣੀ ਹੈਰਤ ਨਾਲ ਹੱਟ ਗਏ।

ਸਾਇਰ ਦੇ ਮਰਜੀਵੜੇ ਕਰਨਿ ਮਜੂਰੀ ਖੇਚਲ ਖੂਸੇ ।

ਸਮੁੰਦ੍ਰ ਦੇ ਮਰਜੀਵੜਿਆਂ ਵਾਂਙੂੰ ਮਜੂਰੀਆਂ ਕਰ ਕੇ ਖੇਚਲ ਨਾਲ ਖੁੱਸਦੇ ਹਨ। (ਦੁਖੀ ਹੁੰਦੇ ਯਾ ਗੁਆਏ ਜਾਂਦੇ ਹਨ)।

ਗੁਰੁ ਪੂਰੇ ਵਿਣੁ ਡਾਂਗ ਡੰਗੂਸੇ ।੧੩।

ਪੂਰਣ ਸਤਿਗੁਰੂ ਬਾਝ ਡੱਕੋ ਡੋਲੇ ਹੀ ਹਨ, (ਜਾਂ) ਧਰਮਰਾਜ ਦਾ ਡੰਡਾ ਸੋਟਾ ਹੀ (ਬਾਕੀ ਹੈ, ਨਰਕ ਦੀ ਭੱਠੀ ਥੋਂ ਗੁਰੂ ਹੀ ਰੱਖਿਆ ਕਰ ਸਕਦੇ ਹਨ।)।

ਪਉੜੀ ੧੪

ਚਿੰਤਾਮਣਿ ਗੁਰੁ ਛਡਿ ਕੈ ਚਿੰਤਾਮਣਿ ਚਿੰਤਾ ਨ ਗਵਾਏ ।

ਗੁਰੂ ਚਿੰਤਾਮਣੀ ਨੂੰ ਛੱਡ ਕੇ, ਚਿੰਤਾਮਣੀ (ਚਿੰਤਾ ਪੂਰਨ ਵਾਲਾ ਮੰਨਿਆਂ ਹੋਇਆ ਪੱਥਰ) ਚਿਤ ਦੀ ਚਿੰਤਾ ਨਹੀਂ ਹਟਾਉਂਦੀ।

ਚਿਤਵਣੀਆ ਲਖ ਰਾਤਿ ਦਿਹੁ ਤ੍ਰਾਸ ਨ ਤ੍ਰਿਸਨਾ ਅਗਨਿ ਬੁਝਾਏ ।

(ਸਗਮਾਂ) ਲੱਖਾਂ ਰਾਤ ਤੇ ਦਿਨ ਸੋਚਾਂ ਫ਼ੁਰਦੀਆਂ ਹਨ (ਚੋਰਾਦਿਕਾਂ ਦੇ ਭੈ ਉਠਦੇ ਹਨ) ਤ੍ਰਿਸ਼ਨਾਂ ਦੀ ਅੱਗ ਡਰ ਨੂੰ ਨਹੀਂ ਬੁਝਾਉਂਦੀ, (ਚਿੰਤਾਮਣੀ ਪਦਾਰਥ ਦੇਊ, ਉਸ ਨਾਲ ਤ੍ਰਿਸ਼ਨਾ ਤੇ ਡਰ ਹੋਰ ਵਧੇਗਾ)।

ਸੁਇਨਾ ਰੁਪਾ ਅਗਲਾ ਮਾਣਕ ਮੋਤੀ ਅੰਗਿ ਹੰਢਾਏ ।

ਸੋਨਾਂ, ਚਾਂਦੀ ਦੇ ਬਾਹਲੇ (ਭੂਖਣ) ਮਾਣਕ ਮੋਤੀ (ਦੇ ਜੜਾਊ) ਸਰੀਰ ਪੁਰ (ਪਹਿਨਕੇ) ਹੰਢਾਵੇ।

ਪਾਟ ਪਟੰਬਰ ਪੈਨ੍ਹ ਕੇ ਚੋਆ ਚੰਦਨ ਮਹਿ ਮਹਕਾਏ ।

ਪੱਟ ਦੇ ਕੱਪੜੇ ਪਹਿਨਕੇ ਚੋਆ ਚਦਨ (ਆਦਿ ਵਾਸ਼ਨਾ ਨਾਲ) ਧਰਤੀ ਮਹਿਕਾ ਦੇਵੇ।

ਹਾਥੀ ਘੋੜੇ ਪਾਖਰੇ ਮਹਲ ਬਗੀਚੇ ਸੁਫਲ ਫਲਾਏ ।

ਹਾਥੀ ਘੋੜੇ ਕਾਠੀਆਂ ਵਾਲੇ, ਉਚੇ ਮੰਦਰ, ਬਗੀਚੇ ਜਿਹੜੇ ਸੁਹਣੇ ਫਲਾਂ ਨਾਲ ਫਲੀਭੂਤ ਹਨ (ਵਿਦਮਾਨ ਹੋਣ)।

ਸੁੰਦਰਿ ਨਾਰੀ ਸੇਜ ਸੁਖੁ ਮਾਇਆ ਮੋਹਿ ਧੋਹਿ ਲਪਟਾਏ ।

ਸੁਹਣੀਆਂ ਇਸਤ੍ਰੀਆਂ ਦੇ ਸੇਜਾ ਦੇ ਸੁਖ ਪ੍ਰਾਪਤ ਹੋਣ, ਮਾਇਆ ਦੇ (ਮੋਹ ਧ੍ਰੋਹ) ਵੈਰ ਵਿਚ ਹੀ ਲਪਟਾਉਣਗੇ।

ਬਲਦੀ ਅੰਦਰਿ ਤੇਲੁ ਜਿਉ ਆਸਾ ਮਨਸਾ ਦੁਖਿ ਵਿਹਾਏ ।

ਬਲਦੀ ਹੋਈ ਅੱਗ ਵਿਚ ਤੇਲ ਦੇ ਪਾਇਆਂ ਜਿਵੇਂ (ਵਧੇਰੇ ਪ੍ਰਜ੍ਵਲਤ ਹੁੰਦੀ ਹੈ, ਇਸੇ ਤਰ੍ਹਾਂ) ਆਸਾ ਅਤੇ ਮਨਸਾ ਦੇ ਦੁੱਖ ਵਿੱਚ (ਉਮਰ) ਗੁਜ਼ਰਦੀ ਹੈ, (ਅੱਗ ਬੁਝਣ ਵਿੱਚ ਨਹੀਂ ਆਉਂਦੀ 'ਜਿਉ ਪਾਵਕਿ ਈਧਨਿ ਨਹੀ ਧ੍ਰਾਪੈ' ਅਰਥ-ਅੱਗ ਵਿੱਚ ਲੱਕੜਾਂ ਦੇ ਪਾਇਆਂ ਵਧੇਰੀ ਹੁੰਦੀ ਹੈ ਰੱਜਣ ਵਿਚ ਨਹੀਂ ਆਉਂਦੇ)

ਗੁਰ ਪੂਰੇ ਵਿਣੁ ਜਮ ਪੁਰਿ ਜਾਏ ।੧੪।

ਪੂਰੇ ਗੁਰੂ ਬਾਝ ਧਰਮਰਾਜ ਦੀ ਪੁਰੀ ਜਾਏਗਾ।

ਪਉੜੀ ੧੫

ਲਖ ਤੀਰਥ ਲਖ ਦੇਵਤੇ ਪਾਰਸ ਲਖ ਰਸਾਇਣੁ ਜਾਣੈ ।

ਲੱਖਾਂ ਤੀਰਥ, ਲੱਖਾਂ ਦੇਵਤੇ, ਲਖਾ ਪਾਰਸ ਅਰ ਲਖਾਂ ਹੀ ਰਸਾਇਣੀ (ਲੋਕ ਜਿਹੜੇ ਰਸਾਇਣ ਦਾ ਕੰਮ) ਜਾਣਦੇ ਹਨ।

ਲਖ ਚਿੰਤਾਮਣਿ ਪਾਰਜਾਤ ਕਾਮਧੇਨੁ ਲਖ ਅੰਮ੍ਰਿਤ ਆਣੈ ।

ਲੱਖਾਂ ਚਿੰਤਾਮਣੀਆਂ, ਕਲਪ ਬ੍ਰਿਛ, ਕਾਮ ਧੇਨ ਗਊਆਂ, ਲਖਾਂ ਹੀ ਅੰਮ੍ਰਿਤ (ਸਰੀਰ ਨੂੰ ਅਮਰ ਕਰਨ ਵਾਲੇ) ਲਿਆਂਦੇ ਜਾਣ।

ਰਤਨਾ ਸਣੁ ਸਾਇਰ ਘਣੇ ਰਿਧਿ ਸਿਧਿ ਨਿਧਿ ਸੋਭਾ ਸੁਲਤਾਣੈ ।

ਰਤਨਾਂ ਦੇ ਸਮੇਤ ਬਹੁਤੇ ਸਮੁੰਦਰ (ਕਈ) ਰਿੱਧਾਂ, ਸਿੱਧਾਂ, ਨਿੱਧਾਂ ਅਰ ਸੋਭਾਇਮਾਨ ਚੱਕ੍ਰਵਰਤੀ ਪਾਤਸ਼ਾਹ।

ਲਖ ਪਦਾਰਥ ਲਖ ਫਲ ਲਖ ਨਿਧਾਨੁ ਅੰਦਰਿ ਫੁਰਮਾਣੈ ।

ਲੱਖਾਂ ਪਦਾਰਥ, ਲੱਖਾਂ ਫਲ, ਲਖ ਖ਼ਜ਼ਾਨੇ ਹੁਕਮ ਵਿਚ ਹੋਣ।

ਲਖ ਸਾਹ ਪਾਤਿਸਾਹ ਲਖ ਲਖ ਨਾਥ ਅਵਤਾਰੁ ਸੁਹਾਣੈ ।

ਲੱਖਾਂ ਸ਼ਾਹ, ਲੱਖਾਂ ਪਾਤਸ਼ਾਹ, ਲਖ ਨਾਥ, ਲਖ ਅਵਤਾਰ, ਸੁਹਣੇ।

ਦਾਨੈ ਕੀਮਤਿ ਨਾ ਪਵੈ ਦਾਤੈ ਕਉਣੁ ਸੁਮਾਰੁ ਵਖਾਣੈ ।

(ਏਹ ਸਭ ਉਸ ਵਾਹਿਗੁਰੂ ਦੀ ਦਾਤ ਹਨ, ਹੁਣ ਸੋਚੋ ਤਾਂ) ਇਨ੍ਹਾਂ ਦਾਨਾ ਦੀ ਕੀਮਤ ਨਹੀਂ ਹੋ ਸਕਦੀ, (ਉਸ) ਦਾਤੇ ਦਾ ਕੌਣ ਲੇਖਾ ਕਰ ਸਕਦਾ ਹੈ।

ਕੁਦਰਤਿ ਕਾਦਰ ਨੋ ਕੁਰਬਾਣੈ ।੧੫।

(ਤਾਂ ਤੇ ਅਸੀਂ) ਕਰਤਾਰ ਦੀ 'ਕੁਦਰਤ' ਤੋਂ ਕੁਰਬਾਨ ਜਾਈਏ।

ਪਉੜੀ ੧੬

ਰਤਨਾ ਦੇਖੈ ਸਭੁ ਕੋ ਰਤਨ ਪਾਰਖੂ ਵਿਰਲਾ ਕੋਈ ।

ਰਤਨਾਂ (ਯਾ ਪਾਠਾਂਤ੍ਰ-ਰੱਤਕਾਂ=ਲਾਲੜੀਆਂ) ਨੂੰ ਸਭ ਕੋਈ ਦੇਖਦਾ ਹੈ, ਪਰ ਰਤਨਾਂ ਦਾ ਪਾਰਖੂ ਕੋਈ ਵਿਰਲਾ ਹੀ (ਜਗ੍ਯਾਸੂ) ਹੁੰਦਾ ਹੈ।

ਰਾਗ ਨਾਦ ਸਭ ਕੋ ਸੁਣੈ ਸਬਦ ਸੁਰਤਿ ਸਮਝੈ ਵਿਰਲੋਈ ।

ਰਾਗਾਂ ਦੇ ਸ਼ਬਦ ਸਾਰੇ ਲੋਕ ਸੁਣਦੇ ਹਨ (ਪਰੰਤੂ) ਸ਼ਬਦ ਸੁਰਤਿ ਨੂੰ ਸਮਝਣ ਵਾਲਾ ਕੋਈ ਵਿਰਲਾ ਹੈ।

ਗੁਰਸਿਖ ਰਤਨ ਪਦਾਰਥਾ ਸਾਧਸੰਗਤਿ ਮਿਲਿ ਮਾਲ ਪਰੋਈ ।

ਗੁਰੂ ਦੇ ਸਿੱਖ ਰਤਨ ਪਦਾਰਥ ਹਨ (ਏਹ) ਸਾਧ ਸੰਗਤ (ਵਿਚ) ਮਿਲਦੇ (ਮਾਨੋਂ) ਮਾਲਾ ਵਿਖੇ ਪਰੋਤੇ ਹੋਏ ਹਨ।

ਹੀਰੈ ਹੀਰਾ ਬੇਧਿਆ ਸਬਦ ਸੁਰਤਿ ਮਿਲਿ ਪਰਚਾ ਹੋਈ ।

(ਗੁਰੂ ਦੇ ਸ਼ਬਦ ਰੂਪੀ) ਹੀਰੇ ਨਾਲ (ਜਿਸ ਦਾ ਮਨ ਰੂਪੀ) ਹੀਰਾ ਵਿੰਨ੍ਹਿਆਂ ਗਿਆ (ਉਸ ਨੇ) ਸ਼ਬਦ ਵਿਖੇ ਸੁਰਤ ਮਿਲਾਕੇ ਤਸੱਲੀ ਪਾ ਲਈ।

ਪਾਰਬ੍ਰਹਮੁ ਪੂਰਨ ਬ੍ਰਹਮੁ ਗੁਰੁ ਗੋਵਿੰਦੁ ਸਿਞਾਣੈ ਸੋਈ ।

ਪਾਰਬ੍ਰਹਮ ਅਤੇ ਪੂਰਨ ਬ੍ਰਹਮ ਗੁਰੂ ਅਤੇ ਪਰਮੇਸ਼ੁਰ ਨੂੰ ਉਸੇ ਨੇ ਸਿਾਣਿਆ ਹੈ।

ਗੁਰਮੁਖਿ ਸੁਖ ਫਲੁ ਸਹਜਿ ਘਰੁ ਪਿਰਮ ਪਿਆਲਾ ਜਾਣੁ ਜਣੋਈ ।

ਉਸ ਗੁਰਮੁਖ ਨੂੰ 'ਸੁਖਫਲ' ਤੇ ਸਹਿਜ ਦਾ ਨਿਵਾਸ ਹੋ ਜਾਂਦਾ ਹੈ, ਉਹ ਪ੍ਰੇਮ (ਰੂਪੀ ਸ਼ਰਾਬ) ਦਾ ਪਿਆਲਾ (ਆਪੇ) ਜਾਣਕੇ (ਪੀਕੇ ਹੋਰਨਾਂ ਨੂੰ) ਜਣਾਉਂਦਾ ਹੈ (ਭਾਵ ਪਿਲਾਕੇ ਮਸਤ ਕਰ ਦਿੰਦਾ ਹੈ)।

ਗੁਰੁ ਚੇਲਾ ਚੇਲਾ ਗੁਰੁ ਹੋਈ ।੧੬।

(ਉਹੀ) ਗੁਰੂ (ਹੋਕੇ) ਚੇਲਾ ਹੈ, (ਅਰ) ਚੇਲਾ ਹੋਕੇ ਗੁਰੂ ਹੈ। (ਦੋ ਨਾਉਂ, ਰੂਪ ਇਕੋ ਹੈ, ਜਿਹਾ ਗੁਰੂ ਨਾਨਕ ਜੀ ਅਤੇ ਗੁਰੂ ਅੰਗਦ ਜੀ ਗੁਰੂ ਚੇਲਾ ਅਰ ਚੇਲਾ ਗੁਰੂ ਹੈ, ਇਕ ਰੂਪ ਹਨ)।

ਪਉੜੀ ੧੭

ਮਾਣਸ ਜਨਮੁ ਅਮੋਲੁ ਹੈ ਹੋਇ ਅਮੋਲੁ ਸਾਧਸੰਗੁ ਪਾਏ ।

ਮਨੁੱਖ ਜਨਮ ਅਮੋਲਕ, ਹੈ (ਪਰੰਤੂ) ਸਾਧ ਸੰਗਤ ਦੇ ਪ੍ਰਾਪਤ ਹੋਣ ਨਾਲ ਅਮੋਲਕ ਹੁੰਦਾ ਹੈ, (ਨਹੀਂ ਤਾਂ ਕੌਡੀਓਂ ਖੋਟਾ ਹੈ)।

ਅਖੀ ਦੁਇ ਨਿਰਮੋਲਕਾ ਸਤਿਗੁਰੁ ਦਰਸ ਧਿਆਨ ਲਿਵ ਲਾਏ ।

ਦੋਵੇਂ ਅੱਖਾਂ ਨਿਰਮੋਲਕ (ਸੁਗਾਤ ਹਨ, ਪਰੰਤੁ ਜੇ) ਸਤਿਗੁਰ ਦੇ ਦਰਸ਼ਨ ਦੇ ਧਿਆਨ ਵਿਖੇ ਲਿਵ (ਬ੍ਰਿਤਿ) ਲਗ ਜਾਵੇ।

ਮਸਤਕੁ ਸੀਸੁ ਅਮੋਲੁ ਹੈ ਚਰਣ ਸਰਣਿ ਗੁਰੁ ਧੂੜਿ ਸੁਹਾਏ ।

ਮੱਥਾ ਅਤੇ ਸਿਰ (ਤਦ) ਅਮੋਲਕ ਹਨ (ਜਦੋਂ) ਗੁਰਾਂ ਦੇ ਚਰਣਾਂ ਦੀ ਸ਼ਰਣ ਦੀ ਧੂੜ ਪਿਆਰੀ ਲੱਗੇ ਤਾਂ।

ਜਿਹਬਾ ਸ੍ਰਵਣ ਅਮੋਲਕਾ ਸਬਦ ਸੁਰਤਿ ਸੁਣਿ ਸਮਝਿ ਸੁਣਾਏ ।

ਜਿਹਬਾ ਅਤੇ ਕੰਨ ਅਮੋਲਕ ਤਦ ਹਨ, ਜਦ ਸ਼ਬਦ ਨੂੰ (ਕੰਨ) ਸੁਣਨ ਤੇ ਸੁਰਤ (ਸਹਿਜੇ ਧਾਰਨ ਕਰੇ, ਗੁਰ ਸ਼ਬਦ ਵਿਚ ਖਚਤ ਹੋ ਜਾਏ ਤੇ ਉਸ ਜਿਹਬਾ ਲੋਕਾਂ ਨੂੰ ਉਸ ਸ਼ਬਦ ਦੀ ਮਹਿਮਾ ਤੇ ਜਾਚ) ਸਮਝਕੇ ਸਿਖਾਵੇ।

ਹਸਤ ਚਰਣ ਨਿਰਮੋਲਕਾ ਗੁਰਮੁਖ ਮਾਰਗਿ ਸੇਵ ਕਮਾਏ ।

ਹੱਥ ਤੇ ਪੈਰ ਨਿਰਮੋਲਕ (ਤਦ ਹਨ ਜਦੋਂ ਪੈਰ) ਗੁਰਮੁਖਾਂ ਦੇ ਮਾਰਗ ਪੁਰ ਚੱਲਣ (ਅਤੇ ਹੱਥ ਗੁਰਮੁਖਾਂ ਦੀ) ਟਹਿਲ ਕਰਨ।

ਗੁਰਮੁਖਿ ਰਿਦਾ ਅਮੋਲੁ ਹੈ ਅੰਦਰਿ ਗੁਰੁ ਉਪਦੇਸੁ ਵਸਾਏ ।

ਗੁਰਮੁਖਾਂ ਦਾ ਰਿਦਾ ਅਮਲੋਕ ਹੈ, (ਜਦੋਂ) ਅੰਦਰ ਗੁਰੂ ਦਾ ਉਪਦੇਸ਼ ਵਸਾ ਲਵੇ।

ਪਤਿ ਪਰਵਾਣੈ ਤੋਲਿ ਤੁਲਾਏ ।੧੭।

(ਅਤੇ ਜਦੋਂ) ਪਤ ਦੇ ਵੱਟੇ ਦੇ ਬਰਾਬਰ ਤੋਲ ਵਿਖੇ ਤੁਲ ਜਾਵੇ, (ਯਥਾ: “ਪਤਿ ਪਰਵਾਣਾ ਪਿਛੇ ਪਾਈਐ ਤਾ ਨਾਨਕ ਤੋਲਿਆ ਜਾਪੈ॥” ਅਰਥਾਤ-ਜਿਨ੍ਹਾਂ ਦੀ ਦਰਗਾਹ ਵਿਚ ਇੱਜ਼ਤ ਰਹੀ ਉਨ੍ਹਾਂ ਦਾ ਸਭ ਕੁਝ ਰਿਹਾ)।

ਪਉੜੀ ੧੮

ਰਕਤੁ ਬਿੰਦੁ ਕਰਿ ਨਿਮਿਆ ਚਿਤ੍ਰ ਚਲਿਤ੍ਰ ਬਚਿਤ੍ਰ ਬਣਾਇਆ ।

(ਮਾਂ ਦੀ) ਰਕਤ ਤੇ (ਪਿਤਾ ਦੇ) ਬੀਰਜ ਦਾ ਪੁਤਲਾ ਹੋਕੇ ਸਿਥਿਤ ਹੋਇਆ, ਉਸ ਥੋਂ ਅਚਰਜ ਸੁੰਦਰ ਨਕਸ਼ਾ (ਰੂਪ) ਈਸ਼ਰ ਨੇ ਬਣਾਇਆ।

ਗਰਭ ਕੁੰਡ ਵਿਚਿ ਰਖਿਆ ਜੀਉ ਪਾਇ ਤਨੁ ਸਾਜਿ ਸੁਹਾਇਆ ।

(ਮਾਂ ਦੇ) ਗਰਭ ਕੁੰਡ ਵਿਖੇ ਰਖਿਆ (ਜੀਉ) ਚੇਤਨ ਸੱਤਾ ਪਾਕੇ (ਛੀ ਮਹੀਨਿਆਂ ਪਿਛੋਂ) ਸੁੰਦਰ ਸਰੀਰ ਸਾਜ ਦਿੱਤਾ।

ਮੁਹੁ ਅਖੀ ਦੇ ਨਕੁ ਕੰਨ ਹਥ ਪੈਰ ਦੰਦ ਵਾਲ ਗਣਾਇਆ ।

ਮੂੰਹ (ਖਾਣ ਲਈ), ਅੱਖਾਂ (ਦੇਖਣ ਲਈ), ਨੱਕ (ਸੁੰਘਣ ਲਈ), ਕੰਨ (ਸੁਨਣ ਲਈ), ਹੱਥ (ਕੰਮ ਲਈ), ਪੈਰ (ਚਲਣ ਲਈ), ਦੰਦ (ਚਿੱਥਣ ਲਈ, ਵਾਲ (ਸੋਭਾ ਤੇ ਅਰੋਗਤਾ ਦੀ ਰਖਿਆ ਲਈ ਮਾਨੋ) ਗਿਣਕੇ ਦਿੱਤਾ (ਭਾਵ ਸਭ ਲੋੜਾਂ ਪੂਰਨ ਕੀਤੀਆਂ)।

ਦਿਸਟਿ ਸਬਦ ਗਤਿ ਸੁਰਤਿ ਲਿਵੈ ਰਾਗ ਰੰਗ ਰਸ ਪਰਸ ਲੁਭਾਇਆ ।

ਦ੍ਰਿਸ਼ਟ (ਓਹ ਸ਼ਕਤੀ ਜੋ ਅਖਾਂ ਥਾਣੀ ਦੇਖੀਦੀ ਹੈ), ਸ਼ਬਦ (ਉਹ ਸ਼ਕਤੀ ਜੋ ਕੰਨਾਂ ਥਾਣੀ ਅਵਾਜ਼ ਦਾ ਗਿਆਨ ਲੈਂਦੀ ਹੈ), ਗਤ (ਉਹ ਸ਼ਕਤੀ ਜੋ ਸਾਰੇ ਅੰਗਾਂ ਨੂੰ ਹਿੱਲਣ ਜੁਲਣ ਦੀ ਸੱਤਾ ਦੇਂਦੀ ਹੈ, ਜਿਸਨੂੰ ਚੇਸ਼ਟਾ ਕਹਿੰਦੇ ਹਨ), ਸੁਰਤ (ਉਹ ਸਾਖੀ ਸੱਤਾ ਜੋ ਗਿਆਨ ਰੂਪ ਹੈ, ਅਰ ਸਭ ਕੁਝ ਨੂੰ ਅਨੁਭਵ ਕਰਦੀ ਹੈ), ਲਿਵ (ਉਹ ਸੱਤਾ ਜ

ਉਤਮੁ ਕੁਲੁ ਉਤਮੁ ਜਨਮੁ ਰੋਮ ਰੋਮ ਗਣਿ ਅੰਗ ਸਬਾਇਆ ।

ਉੱਤਮ ਕੁਲ (ਸਭ ਜੀਵ ਜੰਤੂ ਵਿਚ ਮਨੁੱਖਾਂ ਦੀ ਕੁੱਲ ਉੱਤਮ ਹੈ) ਵਿਚ ਉੱਤਮ ਜਨਮ (ਉਪਰ ਕਹੀਆਂ ਦਾਤਾਂ ਸੰਯੁਕਤ 'ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ' ਮਿਲਿਆ) ਗੁਣ (ਐਨੇ ਦੇਹ ਵਿੱਚ ਸਮਾਏ ਕਿ) ਰੋਮ ਰੋਮ ਦੀ ਗਿਣਤੀ (ਮੂਜਬ) ਗੁਣ ਬਣਾ ਦਿੱਤੇ।

ਬਾਲਬੁਧਿ ਮੁਹਿ ਦੁਧਿ ਦੇ ਕਰਿ ਮਲ ਮੂਤ੍ਰ ਸੂਤ੍ਰ ਵਿਚਿ ਆਇਆ ।

ਬਾਲ ਅਵਸਥਾ (ਮੂੰਹ ਵਿਖੇ) ਦੁੱਧ (ਮਾਂ) ਦੇਂਦੀ ਹੈ, ਮਲ ਤੇ ਮੂਤਰ (ਜਦ ਦੋ) ਸੋਤਰ (ਕਰਮ ਇੰਦ੍ਰਯ) ਵਿਖੇ ਆਉਂਦੇ ਹਨ, (ਤਦ ਮਾਂ ਉਠਾਕੇ ਪੁਤ੍ਰ ਦੀ ਟਹਿਲ ਕਰਦੀ ਹੈ)।

ਹੋਇ ਸਿਆਣਾ ਸਮਝਿਆ ਕਰਤਾ ਛਡਿ ਕੀਤੇ ਲਪਟਾਇਆ ।

(ਜਦ ਜੀਵ) ਸਿਆਣਾ ਹੋ ਕੇ ਸਮਝਣ ਲੱਗਾ (ਤਦੋਂ) ਕਰਤਾਰ (ਦਾ ਨਾਮ) ਵਿਸਾਰਕੇ ('ਕੀਤੇ' ਕਹੀਏ) ਸੰਸਾਰ ਵਿਚ ਲਪਟ ਗਿਆ।

ਗੁਰ ਪੂਰੇ ਵਿਣੁ ਮੋਹਿਆ ਮਾਇਆ ।੧੮।

ਪੂਰਨ ਗੁਰੂ ਬਾਝ ਮਾਇਆ ਨੇ ਮੋਹਤ ਕਰ ਲੀਤਾ।

ਪਉੜੀ ੧੯

ਮਨਮੁਖ ਮਾਣਸ ਦੇਹ ਤੇ ਪਸੂ ਪਰੇਤ ਅਚੇਤ ਚੰਗੇਰੇ ।

ਮਨਮੁਖ ਦੀ ਮਨੁੱਖ ਦੇਹੀ ਨਾਲੋਂ ਅਚੇਤ ਪਸੂ ਅਤੇ ਪਰੇਤ ਚੰਗੇਰੇ ਹਨ (ਇਸਦਾ ਕਾਰਣ ਅਗਲੀਆਂ ਦੋ ਤੁਕਾਂ ਵਿਚ ਖੋਲ੍ਹਦੇ ਹਨ)।

ਹੋਇ ਸੁਚੇਤ ਅਚੇਤ ਹੋਇ ਮਾਣਸੁ ਮਾਣਸ ਦੇ ਵਲਿ ਹੇਰੇ ।

(ਮਨਮੁਖ) ਸਿਆਣਾ ਹੋਕੇ ਫੇਰ ਅਚੇਤ ਹੋ ਬੈਠਦਾ ਹੈ, (ਅਤੇ) ਮਨੁੱਖ ਹੋਕੇ ਮਨੁਖ ਵੱਲ ਤੱਕਦਾ ਹੈ (ਭਾਵ ਮਨੁਖ ਦੀ ਆਸ ਕਰਦਾ ਹੈ)।

ਪਸੂ ਨ ਮੰਗੈ ਪਸੂ ਤੇ ਪੰਖੇਰੂ ਪੰਖੇਰੂ ਘੇਰੇ ।

ਪਸੂ ਪਸੂ ਦੇ ਅੱਗੇ ਹੱਥ ਨਹੀਂ ਟੱਡਦਾ, ਪੰਖ ਪੰਖ ਨੂੰ ਨਹੀਂ ਘੇਰਦਾ (ਭਾਵ ਇਕ ਦੂਏ ਦੀ ਆਸ ਨਹੀਂ ਤੱਕਦੇ)।

ਚਉਰਾਸੀਹ ਲਖ ਜੂਨਿ ਵਿਚਿ ਉਤਮ ਮਾਣਸ ਜੂਨਿ ਭਲੇਰੇ ।

ਚਉਰਾਸੀ ਲਖ ਜੋਨੀਆਂ ਵਿੱਚੋਂ ਮਾਣਸ ਜੋਨੀ ਉੱਤਮ ਅਤੇ ਭਲੀ ਹੈ।

ਉਤਮ ਮਨ ਬਚ ਕਰਮ ਕਰਿ ਜਨਮੁ ਮਰਣ ਭਵਜਲੁ ਲਖ ਫੇਰੇ ।

ਮਨ ਤਨ ਬਚਨਾਂ ਕਰ ਕੇ ਉੱਤਮ ਹੈ, (ਪਰੰਤੂ ਮਨਮੁਖ ਹੋਣ ਨਾਲ) ਜਨਮ ਮਰਣ ਸੰਸਾਰ ਸਾਗਰ ਦੇ ਲੱਖਾਂ ਫੇਰ (ਇਸਦੇ ਨਾਲ ਚੰਬੜ ਜਾਂਦੇ ਹਨ)।

ਰਾਜਾ ਪਰਜਾ ਹੋਇ ਕੈ ਸੁਖ ਵਿਚਿ ਦੁਖੁ ਹੋਇ ਭਲੇ ਭਲੇਰੇ ।

ਰਾਜਾ (ਹੋਵੇ ਜਾਂ) ਪਰਜਾ (ਰੱਯਤ) (ਕਿੱਡਾ ਹੀ) ਭਲਿਆਂ ਥੋਂ ਭਲਾ ਹੋਵੇ ਸੁਖ ਵਿੱਚ ਦੁਖ ਭੋਗਣਾ ਹੀ ਪੈਂਦਾ ਹੈ, ਕਿਉਂਕਿ ਮਨਮੁਖ ਹੋ ਕੇ ਜੀਵ ਇਸ ਦੀ ਕੁਦਰਤੀ ਉੱਤਮਤਾ ਨੂੰ ਗਵਾ ਬੈਠਦਾ ਹੈ, ਅਰ ਨਿਜ ਨੂੰ ਦੁੱਖ ਦਾ ਨਿਸ਼ਾਨਾ ਕਰ ਲੈਂਦਾ ਹੈ)।

ਕੁਤਾ ਰਾਜ ਬਹਾਲੀਐ ਚਕੀ ਚਟਣ ਜਾਇ ਅਨ੍ਹੇਰੇ ।

ਕੁੱਤੇ ਨੂੰ ਜੇ ਰਾਜ ਤੇ ਬਹਾਲੀਏ ਤਾਂ ਭੀ ਓਹ ਰਾਤ ਨੂੰ ਚੱਕੀ ਦੇ ਚੱਟਣ ਨੂੰ ਜਾਊ, (ਤਿਵੇਂ ਹੀ ਉੱਤਮ ਜਨਮ ਮਨੁੱਖ ਜਦ ਮਨਮੁਖ ਹੋ ਜਾਂਦਾ ਹੈ, ਤਦ ਰਾਜ ਰੂਪ ਗੁਣ ਦਾਤਾਂ ਜੋ ਪਰਮੇਸ਼ਰ ਨੇ ਦੇਹੀ ਵਿੱਚ ਰੱਖੀਆਂ ਹਨ, ਜਿਨ੍ਹਾਂ ਦਾ ਪਿੱਛੇ ਕਥਨ ਕੀਤਾ ਹੈ, ਉਨ੍ਹਾਂ ਤੋਂ ਪਰਮ ਸੁਖ ਭੋਗਣ ਦੀ ਥਾਂ ਵਿਸ਼ੇ ਵਿਕਾਰਾਂ ਦੀ ਚੱਕੀ ਚੱਟਣ

ਗੁਰ ਪੂਰੇ ਵਿਣੁ ਗਰਭ ਵਸੇਰੇ ।੧੯।

(ਇਸ ਕਰ ਕੇ ਗੁਰੂ ਦੀ ਸ਼ਰਨ ਲਓ, ਨਹੀਂ ਤਾਂ) ਪੂਰੇ ਗੁਰੂ ਬਿਨਾ (ਮਨਮੁਖਤਾ ਦੇ ਕਾਰਣ) ਗਰਭ ਵਿਚ ਵਾਸਾ ਮਿਲੇਗਾ।

ਪਉੜੀ ੨੦

ਵਣਿ ਵਣਿ ਵਾਸੁ ਵਣਾਸਪਤਿ ਚੰਦਨੁ ਬਾਝੁ ਨ ਚੰਦਨੁ ਹੋਈ ।

ਜਿੱਕੁਰ (ਵਣਾਸਪਤਿ=) ਬਨਸਪਤੀ ਵਿਚ ਬ੍ਰਿੱਛ ਬ੍ਰਿੱਛ ਦਾ ਵਾਸਾ ਹੈ (ਭਾਵ ਨਾਨ੍ਹਾ ਭਾਂਤ ਦੇ ਬ੍ਰਿੱਛ ਹਨ, ਪਰੰਤੂ (ਇਕ) ਚੰਦਨ ਦੇ ਬੂਟੇ ਬਾਝ ਚੰਦਨ ਕੋਈ ਨਹੀਂ ਹੁੰਦਾ।

ਪਰਬਤਿ ਪਰਬਤਿ ਅਸਟ ਧਾਤੁ ਪਾਰਸ ਬਾਝੁ ਨ ਕੰਚਨੁ ਸੋਈ ।

ਪਹਾੜ ਪਹਾੜ ਵਿਖੇ ਅੱਠ ਧਾਤਾ (ਲੋਹਾ ਚਾਂਦੀ ਆਦਿ ਵਿਦਮਾਨ) ਹਨ (ਪਰੰਤੂ) ਪਾਰਸ ਬਾਝ ਉਹ ਸੋਨਾ ਨਹੀਂ(ਹੋ ਸਕਦੀਆਂ, ਅੱਗੇ ਦਾਰਸ੍ਟਾਂਤ ਦਸਦੇ ਹਨ)।

ਚਾਰਿ ਵਰਣਿ ਛਿਅ ਦਰਸਨਾ ਸਾਧਸੰਗਤਿ ਵਿਣੁ ਸਾਧੁ ਨ ਕੋਈ ।

ਚਾਰੇ ਵਰਣ ਛੀ ਦਰਸ਼ਨ (ਸੰਸਾਰ ਵਿਖੇ ਹਨ) ਸਾਧੂ ਦੀ ਸੰਗਤ ਦੇ ਬਾਝ ਕੋਈ (ਉਨ੍ਹਾਂ ਵਿਚੋਂ) 'ਸਾਧੂ' (ਨਹੀਂ ਹੋ ਸਕਦਾ)।

ਗੁਰ ਉਪਦੇਸੁ ਅਵੇਸੁ ਕਰਿ ਗੁਰਮੁਖਿ ਸਾਧਸੰਗਤਿ ਜਾਣੋਈ ।

ਗੁਰੂ ਦੇ ਉਪਦੇਸ਼ ਵਿਖੇ ਪ੍ਰਵੇਸ਼ ਕਰ ਕੇ ਗੁਰਮੁਖ ਲੋਕ ਸਾਧ ਸੰਗਤ ਨੂੰ ਹੀ ਜਾਣਦੇ (ਭਾਵ ਉਸੇ ਵਿਖੇ ਮਗਨ ਰਹਿੰਦੇ) ਹਨ।

ਸਬਦ ਸੁਰਤਿ ਲਿਵ ਲੀਣੁ ਹੋਇ ਪਿਰਮ ਪਿਆਲਾ ਅਪਿਉ ਪਿਓਈ ।

ਸ਼ਬਦ ਸੁਰਤ ਦੀ (ਇਕ ਰਸ ਲਗਨਿ) ਵਿਚ ਲੀਨ ਹੋਕੇ ਪ੍ਰੇਮ ਦਾ ਅੰਮ੍ਰਿਤ ਰੂਪ ਪਿਆਲਾ ਪੀਂਦੇ ਹਨ।

ਮਨਿ ਉਨਮਨਿ ਤਨਿ ਦੁਬਲੇ ਦੇਹ ਬਿਦੇਹ ਸਨੇਹ ਸਥੋਈ ।

ਮਨ (ਕਰਕੇ) 'ਉਨਮਨ' (ਉਦਾਸ ਰਹਿੰਦੇ ਹਨ ਅਥਵਾ) ਤੁਰੀਆ ਪਦ ਵਿਖੇ ਹੋਕੇ ਸੰਸਾਰ ਤੋਂ ਦੁਬਲੇ ਰਹਿੰਦੇ ਹਨ, (ਕਿਉਂ ਜੋ) ਦੇਹ (ਦੀ ਭਾਵਨਾ) ਤੋਂ ਵਿਦੇਹੀ ਹੋਕੇ (ਕਰਤਾਰ ਦੇ) ਪ੍ਰੇਮ ਦੇ ਸਾਥੀ ਹੋ ਰਹੇ ਹਨ (ਭਾਵ ਸਰੀਰ ਸੁਤੇ ਸਿੱਧ ਰਹਿੰਦਾ ਹੈ, ਇਸ ਰਸਾਂ ਕਸਾਂ ਵਿਚ ਨਹੀਂ ਲਗਦੇ ਪਰ ਮਨ ਤੁਰੀਆ ਪਦ ਵਿਚ ਰੱਖਦੇ ਹਨ)।

ਗੁਰਮੁਖਿ ਸੁਖ ਫਲੁ ਅਲਖ ਲਖੋਈ ।੨੦।

ਗੁਰਮੁਖਾਂ ਨੂੰ ਸੁਖ ਫਲ (ਅਰਥਾਤ) ਅਲਖ ਨਿਰੰਕਾਰ ਦੀ ਲੱਖਤਾ ਹੁੰਦੀ ਹੈ।

ਪਉੜੀ ੨੧

ਗੁਰਮੁਖਿ ਸੁਖ ਫਲੁ ਸਾਧਸੰਗੁ ਮਾਇਆ ਅੰਦਰਿ ਕਰਨਿ ਉਦਾਸੀ ।

ਗੁਰਮੁਖ ਲੋਕ ਸਾਧ ਸੰਗਤ ਵਿਖੇ (ਸੁਖ ਫਲ=) ਸਰੂਪਾਨੰਦ ਦੇ ਨਾਲ ਮਾਇਆ ਵਿਖੇ ਉਦਾਸ ਭਾਵ ਰਹਿੰਦੇ ਹਨ।

ਜਿਉ ਜਲ ਅੰਦਰਿ ਕਵਲੁ ਹੈ ਸੂਰਜ ਧ੍ਯਾਨੁ ਅਗਾਸੁ ਨਿਵਾਸੀ ।

ਜਿਕੁਰ ਜਲ ਵਿਖੇ ਕਮਲ ਰਹਿਕੇ ('ਅਕਾਸ਼ ਨਿਵਾਸੀ'ਕਹੀਏ) ਅਕਾਸ਼ ਵਿਖੇ ਰਹਿਣ ਵਾਲੇ ਸੂਰਜ ਵੱਲ ਹੀ ਧਿਆਨ ਰਖਦਾ ਹੈ, (ਧੁਨੀ ਇਹ ਲੈਂਦੇ ਹਨ ਕਿ ਪਾਣੀ ਭਾਵੇਂ ਉਤਰ ਜਾਵੇ ਕਵਲ ਉਥੇ ਹੀ ਟਿਕਿਆ ਰਹਿੰਦਾ ਹੈ, ਉਸ ਦੀ ਪਰਵਾਹ ਨਹੀਂ ਕਰਦਾ, ਪਰ ਸੂਰਜ ਦੇ ਨਾਂ ਦੇਖਣ ਨਾਲ ਝੱਟ ਮੁੰਦਿਆ ਜਾਂਦਾ ਹੈ, 'ਬ੍ਰਹਮ ਗਿਆਨੀ ਸਦਾ ਨਿਰਲੇਪ॥ ਜੈਸ

ਚੰਦਨੁ ਸਪੀਂ ਵੇੜਿਆ ਸੀਤਲੁ ਸਾਂਤਿ ਸੁਗੰਧਿ ਵਿਗਾਸੀ ।

ਚੰਦਨ (ਦਾ ਬੂਟਾ) ਸੱਪਾਂ ਨਾਲ ਵੇੜਿਆ ਹੋਇਆ ਬੀ ਸੀਤਲਤਾ, ਸ਼ਾਂਤਿ ਅਰ ਸੁੰਗਧਤਾਈ ਦਾ ਫੈਲਾਉ ਹੀ ਕਰਦਾ ਹੈ।

ਸਾਧਸੰਗਤਿ ਸੰਸਾਰ ਵਿਚਿ ਸਬਦ ਸੁਰਤਿ ਲਿਵ ਸਹਜਿ ਬਿਲਾਸੀ ।

(ਗੁਰਮੁਖ) ਸੰਸਾਰ ਵਿਚ (ਰਹਿਕੇ ਹੀ) ਸੰਤਾਂ ਦੀ ਸੰਗਤ ਸ਼ਬਦ ਸੁਰਤ ਦੀ ਲਿਵ (ਵਿਚ ਲਗੇ) ਸਹਜ ਪਦ ਵਿਚ ਬਿਲਾਸ (ਕਰਦੇ ਹਨ, ਆਨੰਦਤ ਹਨ)।

ਜੋਗ ਜੁਗਤਿ ਭੋਗ ਭੁਗਤਿ ਜਿਣਿ ਜੀਵਨ ਮੁਕਤਿ ਅਛਲ ਅਬਿਨਾਸੀ ।

ਜੋਗ ਦੀ ਜੁਗਤੀ (ਨਾਲ) ਭੋਗ ਦੀ ਭੁਗਤੀ ਨੂੰ ਜਿੱਤ ਕੇ ਜੀਵਣ ਮੁਕਤ ਵਿਖੇ ਅਛਲ ਤੇ ਅਬਿਨਾਸੀ ਹੋਕੇ ਰਹਿੰਦੇ ਹਨ।

ਪਾਰਬ੍ਰਹਮ ਪੂਰਨ ਬ੍ਰਹਮੁ ਗੁਰ ਪਰਮੇਸਰੁ ਆਸ ਨਿਰਾਸੀ ।

ਜਿਕੁਰ ਪਾਰਬ੍ਰਹਮ ਨਿਰਗੁਣ ਅਤੇ) ਪੂਰਨ ਬ੍ਰਹਮ (ਸਰਗੁਣ ਇੱਕ ਹੈ ਤਿਹਾ ਹੀ) ਗੁਰੂ ਤੇ ਪਰਮੇਸ਼ੁਰ ਆਸਾ ਤੋਂ ਨਿਰਾਸ ਹੋਣ ਕਰ ਕੇ (ਇਕ ਰੂਪ ਹਨ)।

ਅਕਥ ਕਥਾ ਅਬਿਗਤਿ ਪਰਗਾਸੀ ।੨੧।੧੫। ਪੰਦ੍ਰਾਂ ।

(ਦੋਵੇਂ) ਅਕਥ ਕਥਾ ਵਾਲੇ ਅਵਿਗਤ, (ਅਬਿਨਾਸੀ ਅਤੇ) ਪ੍ਰਕਾਸ਼ ਸਰੂਪ ਹਨ।


Flag Counter