ਵਾਰਾਂ ਭਾਈ ਗੁਰਦਾਸ ਜੀ

ਅੰਗ - 39


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਏਕੰਕਾਰੁ ਇਕਾਂਗ ਲਿਖਿ ਊੜਾ ਓਅੰਕਾਰੁ ਲਿਖਾਇਆ ।

ਇਕ ਦਾ ਸਰੂਪ ਇਕਾਂਗ ਲਿਖਕੇ ਊੜੇ (ਅੱਖਰ) ਤੋਂ ਓਅੰਕਾਰ ਲਖਾ ਦਿੱਤਾ ਹੈ।

ਸਤਿ ਨਾਮੁ ਕਰਤਾ ਪੁਰਖੁ ਨਿਰਭਉ ਹੁਇ ਨਿਰਵੈਰੁ ਸਦਾਇਆ ।

(ਉਸ ਦਾ) ਨਾਮ ਸੱਚਾ ਹੈ, ਉਹ ਸਿਰਜਣਹਾਰ ਵ੍ਯਾਪਕ ਹੈ, (ਉਸ ਨੇ) ਨਿਰਭਉ ਅਤੇ ਨਿਰਵੈਰ ਨਾਮ ਰਖਾਇਆ ਹੈ (ਕਿਉਂ ਜੋ ਰਾਗ ਦ੍ਵੈਖ ਹੀ ਭਯ ਤੇ ਵੈਰ ਦਾ ਕਾਰਣ ਹਨ, ਓਹ ਇਨ੍ਹਾਂ ਉਪਾਧੀਆਂ ਤੋਂ ਰਹਿਤ ਹੋਣ ਦੇ ਕਾਰਣ ਨਿਰਭਉ ਨਿਰਵੈਰ ਹੈ)।

ਅਕਾਲ ਮੂਰਤਿ ਪਰਤਖਿ ਸੋਇ ਨਾਉ ਅਜੂਨੀ ਸੈਭੰ ਭਾਇਆ ।

ਉਸ (ਵਾਹਿਗੁਰੂ ਨੂੰ) ਪਰਤੱਖ (ਹੋਣ ਕਰ ਕੇ ਫੇਰ) ਅਕਾਲ ਮੂਰਤਿ, ਅਜੂਨੀ ਸੈਭੰ ਨਾਮ (ਕਹਾਉਣਾ) ਭਾਇਆ (“ਕਾਲ ਰਹਿਤ ਅਨਕਾਲ ਸਰੂਪਾ”। ਅਜੋਨੀ=ਜੋ ਜਨਮ ਮਰਨ ਵਿਚ ਆਵੇ, ਸੈਭੰ=ਸੁਤੇ ਪ੍ਰਕਾਸ਼)।

ਗੁਰ ਪਰਸਾਦਿ ਸੁ ਆਦਿ ਸਚੁ ਜੁਗਹ ਜੁਗੰਤਰਿ ਹੋਂਦਾ ਆਇਆ ।

(ਫਿਰ ਉਹ ਕੈਸਾ ਹੈ?) ਵੱਡਾ ਹੈ, ਕ੍ਰਿਪਾ ਸਰੂਪ ਹੈ (ਯਾ ਗੁਰੂ ਕ੍ਰਿਪਾ ਨਾਲ ਪ੍ਰਾਪਨੀਯ ਹੈ) ਆਦਿ ਵਿਚ ਸਚ, ਜੁਗਾਂ ਜੁਗੰਤਰਾਂ (ਤੋਂ ਤ੍ਰਿਕਾਲ ਅਬਾਧ ਸਰੂਪ ਇਕ ਰਸ) ਹੁੰਦਾ ਚਲਾ ਆਯਾ ਹੈ।

ਹੈ ਭੀ ਹੋਸੀ ਸਚੁ ਨਾਉ ਸਚੁ ਦਰਸਣੁ ਸਤਿਗੁਰੂ ਦਿਖਾਇਆ ।

(ਉਹ) ਹੈ ਬੀ, ਹੋਵੇਗਾ ਬੀ (ਇਕ ਗੁਰਮੰਤ੍ਰ ਰੂਪੀ) ਸਚਾ ਨਾਉਂ, (ਤੇ ਇਸ ਦਾ ਜਪ ਤੇ ਗਯਾਨ ਉਸ ਤੋਂ ਪ੍ਰੇਮ ਪ੍ਰਾਪਤੀ) ਸਚਾ ਦਰਸ਼ਨ (ਮਤ) ਸਤਿਗੁਰੂ (ਗੁਰੂ ਨਾਨਕ ਦੇਵ ਨੇ ਸੰਸਾਰ ਨੂੰ) ਦਿਖਾਇਆ ਹੈ।

ਸਬਦੁ ਸੁਰਤਿ ਲਿਵ ਲੀਣੁ ਹੋਇ ਗੁਰੁ ਚੇਲਾ ਪਰਚਾ ਪਰਚਾਇਆ ।

ਸ਼ਬਦ ਦੁਆਰਾ ਸੁਰਤ ਵਿਖੇ ਮਗਨ ਹੋ ਕੇ ਜਿਸ ਨੇ ਗੁਰੂ ਚੇਲੇ ਵਾਲਾ ਪ੍ਰੇਮ ਪ੍ਰਗਟ ਕੀਤਾ ਹੈ।

ਗੁਰੁ ਚੇਲਾ ਰਹਰਾਸਿ ਕਰਿ ਵੀਹ ਇਕੀਹ ਚੜ੍ਹਾਉ ਚੜ੍ਹਾਇਆ ।

ਗੁਰੂ ਚੇਲੇ ਦੀ ਰਹੁ ਰੀਤਿ ਕਰ ਕੇ ਵੀਹ ਤੋਂ ਇਕੀਹਵੀਂ (ਭੂਮਿਕਾ) ਦਾ (ਜਿਸ ਨੇ) ਚੜ੍ਹਾਉ ਚੜ੍ਹਾਇਆ ਹੈ (ਭਾਵ ਸੰਸਾਰਕ ਸੈਂਕੜੇ ਬ੍ਰਿਤੀਆਂ ਤੋਂ ਹਟਕੇ ਇਕ ਬ੍ਰਹਮਾਕਾਰ ਦੀ ਬ੍ਰਿਤੀ ਕੀਤੀ ਹੈ) (ਫਲ ਅੱਠਵੀਂ ਤੁਕ ਵਿਖੇ ਦੱਸਦੇ ਹਨ)।

ਗੁਰਮੁਖਿ ਸੁਖ ਫਲੁ ਅਲਖੁ ਲਖਾਇਆ ।੧।

(ਉਸ) ਗੁਰਮੁਖ ਨੂੰ (ਭਾਵ ਗੁਰੂ ਅੰਗਦ ਜਿਹੇ ਗੁਰੂ ਚੇਲੇ ਨੂੰ) ਅਲਖ (ਪਰਮਾਤਮਾ) ਜੋ ਸੁਖ ਫਲ ਦਾ ਰੂਪ ਹੈ ਲਖਾ ਦਿੱਤਾ। (ਗਰੂ ਅੰਗਦ ਥੋਂ ਗੁਰ ਅਮਰ ਜੀ, ਗੁਰੂ ਅਮਰ ਤੋਂ ਗੁਰੂ ਰਾਮਦਾਸ ਅਰ ਗੁਰੂ ਰਾਮਦਾਸ ਤੋਂ ਗੁਰੂ ਅਰਜਨ ਦੇਵ ਈਸ਼੍ਵਰ ਸਰੂਪ ਹੋਏ ਆਦਿ, ਅਥਵਾ ਗੁਰੂ ਦੁਆਰੇ ਅਲਖ ਸੁਖ ਫਲ ਤਿਨ੍ਹਾਂ ਨੂੰ ਲਖਾ ਦਿੱਤਾ)।

ਪਉੜੀ ੨

ਨਿਰੰਕਾਰੁ ਅਕਾਰੁ ਕਰਿ ਏਕੰਕਾਰੁ ਅਪਾਰ ਸਦਾਇਆ ।

ਨਿਰਗੁਣ ਬ੍ਰਹਮ ਅਕਾਰ ਧਾਰਕੇ 'ਏਕੰਕਾਰ' ਅਪਾਰ (ਹਦ ਤੋਂ ਰਹਿਤ) ਸਰੂਪ ਕਹਾਇਆ।

ਓਅੰਕਾਰੁ ਅਕਾਰੁ ਕਰਿ ਇਕੁ ਕਵਾਉ ਪਸਾਉ ਕਰਾਇਆ ।

ਅਕਾਰ ਕਰ ਕੇ 'ਓਅੰਕਾਰ' ਨੇ ਇਕ ਵਾਕ ਤੋਂ ਪਸਾਰਾ ਪਸਾਰ ਦਿੱਤਾ।

ਪੰਜ ਤਤ ਪਰਵਾਣੁ ਕਰਿ ਪੰਜ ਮਿਤ੍ਰ ਪੰਜ ਸਤ੍ਰੁ ਮਿਲਾਇਆ ।

ਪੰਜ ਤੱਤ ਰਚ ਕਰਕੇ, ਪੰਜ (ਸਤ ਸੰਤੋਖਾਦਿ) ਮਿੱਤ੍ਰ ਤੇ ਪੰਜ (ਕਾਮਾਦਿ) ਸ਼ਤਰੂ (ਇਸ ਵਿਖੇ) ਮਿਲਾਏ।

ਪੰਜੇ ਤਿਨਿ ਅਸਾਧ ਸਾਧਿ ਸਾਧੁ ਸਦਾਇ ਸਾਧੁ ਬਿਰਦਾਇਆ ।

(ਜਿਸ ਨੇ) ਪੰਜੇ (ਸ਼ਤਰੂ ਕਾਮਾਦਿ ਅਰ) ਤਿੰਨ ਗੁਣ ਜੋ 'ਅਸਾਧ' ਸਨ ਸਾਧ ਲੀਤੇ ਹਨ, ਉਸ ਨੇ (ਗੁਰੂ ਰੂਪ) ਸਾਧੂ ਸਦਾ ਕੇ ਸਾਧੂਆਂ ਦਾ ਬਿਰਦ (ਪੂਰਾ ਰਖਿਆ) ਹੈ।

ਪੰਜੇ ਏਕੰਕਾਰ ਲਿਖਿ ਅਗੋਂ ਪਿਛੀਂ ਸਹਸ ਫਲਾਇਆ ।

ਪੰਜਾਂ (ਸਤੁਗੁਰਾਂ) ਨੇ ਏਕੰਕਾਰ ਦਾ ਰੂਪ ਲਿਖਕੇ (ਈਸ਼੍ਵਰੀਯ ਬਾਣੀ ਰਚਕੇ) ਇਸ (ਸ੍ਰਿਸ਼ਟੀ ਨੂੰ) ਅੱਗੇ ਪਿੱਛੇ ਹਜ਼ਾਰ ਗੁਣਾਂ ਫਲਵਾਨ ਕੀਤਾ।

ਪੰਜੇ ਅਖਰ ਪਰਧਾਨ ਕਰਿ ਪਰਮੇਸਰੁ ਹੋਇ ਨਾਉ ਧਰਾਇਆ ।

ਪੰਜ ਗੁਰੂ ਪਰਧਾਨ ਕਰ ਕੇ ਪਰਮੇਸ਼ਰ ਨੇ ਹੀ ਆਪ ਹੋਕੇ (ਆਪਣਾ) ਨਾਉਂ ਰਖਾਇਆ ਹੈ। (ਯਥਾ)

ਸਤਿਗੁਰੁ ਨਾਨਕ ਦੇਉ ਹੈ ਗੁਰੁ ਅੰਗਦੁ ਅੰਗਹੁਂ ਉਪਜਾਇਆ ।

(ਪਹਿਲਾ) ਸਤਿਗੂਰ ਨਾਨਕ ਦੇਵ ਹੈ (ਜਿਨ੍ਹਾਂ ਨੇ) ਗੁਰੂ ਅੰਗਦ (ਅਪਨੇ) ਅੰਗ ਤੋਂ ਹੀ ਉਤਪਤ ਕੀਤਾ।

ਅੰਗਦ ਤੇ ਗੁਰੁ ਅਮਰ ਪਦ ਅੰਮ੍ਰਿਤ ਰਾਮ ਨਾਮੁ ਗੁਰੁ ਭਾਇਆ ।

(ਫੇਰ) ਅੰਗਦ ਤੋਂ ਗੁਰੂ ਅਮਰਦਾਸ ਨੇ ਅੰਮ੍ਰਤ (ਦੇਕੇ) ਰਾਮਦਾਸ ਗੁਰੂ (ਥਾਪਣਾ) ਪਸੰਦ ਕੀਤਾ।

ਰਾਮਦਾਸ ਗੁਰੁ ਅਰਜਨ ਛਾਇਆ ।੨।

(੯) ਗੁਰੂ ਰਾਮ ਦਾਸ ਤੋਂ ਗੁਰੂ ਅਰਜਨ ਦੇਵ ('ਛਾਇਆ') ਬਿਰਾਜਮਾਨ ਹੋਏ।

ਪਉੜੀ ੩

ਦਸਤਗੀਰ ਹੁਇ ਪੰਜ ਪੀਰ ਹਰਿ ਗੁਰੁ ਹਰਿ ਗੋਬਿੰਦੁ ਅਤੋਲਾ ।

ਪੰਜ ਪੀਰ (ਪੰਜ ਗੁਰੂ) ਹਥ ਫੜਨ ਵਾਲੇ ਹਰੀ ਰੂਪ ਗੁਰੂ ਹੋਏ, ਗੁਰੂ ਹਰ ਗੋਬਿੰਦ (ਹਰਿ ਸਰੂਪ) ਅਤੋਲ (ਅਵਤਾਰ ਧਾਰਿਆ)।

ਦੀਨ ਦੁਨੀ ਦਾ ਪਾਤਿਸਾਹੁ ਪਾਤਿਸਾਹਾਂ ਪਾਤਿਸਾਹੁ ਅਡੋਲਾ ।

ਦੀਨ ਦੁਨੀ ਦਾ ਪਾਤਸ਼ਾਹ ਹੋਇਆ ਅਰ ਪਾਤਸ਼ਾਹਾਂ ਦਾ ਪਾਤਸ਼ਾਹ ਅਚੱਲ ਮੂਰਤੀ ਹੈ।

ਪੰਜ ਪਿਆਲੇ ਅਜਰੁ ਜਰਿ ਹੋਇ ਮਸਤਾਨ ਸੁਜਾਣ ਵਿਚੋਲਾ ।

ਪੰਜ ਅਜਰ ਪਿਆਲੇ (ਸਤ, ਸੰਤੋਖ ਵੀਚਾਰ, ਨਾਮ, ਗੁਰਿਆਈ) ਜਰ ਲੀਤੇ, ਮਸਤ ਹੋਕੇ ਵਡੇ ਸੁਜਾਣ ਵਿਚੋਲੇ (ਵਾਹਿਗੁਰੂ ਮੇਲਣ ਹਾਰੇ) ਹਨ।

ਤੁਰੀਆ ਚੜ੍ਹਿ ਜਿਣਿ ਪਰਮ ਤਤੁ ਛਿਅ ਵਰਤਾਰੇ ਕੋਲੋ ਕੋਲਾ ।

ਤੁਰੀਆ (ਭੂਮਕਾ ਵਿਖੇ) ਚੜ੍ਹਕੇ ਪਰਮ ਤਤ ਨੂੰ ਪ੍ਰਾਪਤ ਕੀਤਾ, ਛੀ ਵਰਤਾਰੇ (ਮਤ) ਆਸ ਪਾਸ (ਦੇਖਦੇ ਹੀ ਰਹਿ ਗਏ)।

ਛਿਅ ਦਰਸਣੁ ਛਿਅ ਪੀੜ੍ਹੀਆਂ ਇਕਸੁ ਦਰਸਣੁ ਅੰਦਰਿ ਗੋਲਾ ।

ਛੀ ਦਰਸ਼ਨਾਂ ਦੀਆਂ ਛੀ ਸੰਪ੍ਰਦਾਵਾਂ ਦੇ ਲੋਕ ਇੱਕਸ ਦਰਸ਼ਨ (ਗੁਰੂ ਘਰ) ਦੇ ਅੰਦਰ ਗੋਲੇ ਬਨਾ ਦਿੱਤੇ।

ਜਤੀ ਸਤੀ ਸੰਤੋਖੀਆਂ ਸਿਧ ਨਾਥ ਅਵਤਾਰ ਵਿਰੋਲਾ ।

ਜਤੀ ਸਤੀ, ਸੰਤੋਖੀ, ਸਿਧ ਨਾਥ ਅਵਤਾਰ ਸਾਰੇ 'ਵਿਰੋਲ' ਲੀਤੇ, (ਭਾਵ ਸਭ ਦਾ ਸਾਰ ਗ੍ਰਹਿਣ ਕਰ ਕੇ ਬਾਕੀ ਫੋਗ ਵਾਂਗੂੰ ਤਿਆਗ ਦਿੱਤੇ)।

ਗਿਆਰਹ ਰੁਦ੍ਰ ਸਮੁੰਦ੍ਰ ਵਿਚਿ ਮਰਿ ਜੀਵੈ ਤਿਸੁ ਰਤਨੁ ਅਮੋਲਾ ।

ਯਾਰਾਂ ਰੁਦਰ (ਗੁਰੂ ਜੀ ਦੇ ਰਿਦੇ) ਸਮੁੰਦਰ ਵਿਖੇ ਹਨ, (ਜੋ ਹੰਗਤਾ ਨੂੰ) ਮਾਰਕੇ ਜੀਵੇ ਉਸ ਨੂੰ ਰਤਨ ਪ੍ਰਾਪਤ ਹੁੰਦੇ ਹਨ।

ਬਾਰਹ ਸੋਲਾਂ ਮੇਲ ਕਰਿ ਵੀਹ ਇਕੀਹ ਚੜ੍ਹਾਉ ਹਿੰਡੋਲਾ ।

ਬਾਰਾਂ (ਰਾਸੀ ਸੂਰਜ) ਸੋਲਾਂ (ਕਲਾਂ ਚੰਦ੍ਰਮਾਂ) ਮਿਲਕੇ 'ਵੀਹ ਇਕੀਹ' ਜੀਵੇਸ਼੍ਵਰ ਦੇ ਮਿਲਾਪ ਦੇ ਹਿੰਡੋਲੇ ਦੇ ਝੂਲਣੇ ਵਿਖੇ ਝੂਲਦੇ ਹਨ, (ਭਾਵ ਸ਼ਿਵ, ਚੰਦ੍ਰਮਾਂ, ਸੂਰਜਾਦਿ ਸਾਰੇ ਗੁਰੂ ਜੀ ਦੇ ਤਾਬੇ ਹਨ)।

ਅੰਤਰਜਾਮੀ ਬਾਲਾ ਭੋਲਾ ।੩।

(੯) (ਫੇਰ ਗੁਰੂ) ਅੰਤਰਜਾਮੀ ਹੋਕੇ ਬਾਲਾ ਭੋਲਾ ਬਣੇ ਰਹਿੰਦੇ ਹਨ (ਆਪਣਾ ਆਪ ਲਖਾਉਂਦੇ ਹਨ)।

ਪਉੜੀ ੪

ਗੁਰ ਗੋਵਿੰਦੁ ਖੁਦਾਇ ਪੀਰ ਗੁਰੁ ਚੇਲਾ ਚੇਲਾ ਗੁਰੁ ਹੋਆ ।

ਗੁਰੂ ਹਰ ਗੋਬਿੰਦ ਪੀਰ ਖੁਦਾਇ ਦਾ ਰੂਪ ਹੈ, ਗੁਰ ਚੇਲਾ ਤੇ ਚੇਲਾ ਗੁਰੂ ਹੈ, (ਭਾਵ ਗੁਰੂ ਅਰਜਨ ਅਤੇ ਹਰਿ ਗੋਬਿੰਦ ਇੱਕੋ ਰੂਪ ਹਨ)।

ਨਿਰੰਕਾਰ ਆਕਾਰੁ ਕਰਿ ਏਕੰਕਾਰੁ ਅਕਾਰੁ ਪਛੋਆ ।

ਨਿਰੰਕਾਰ ਨੇ ਆਕਾਰ ਧਾਰਿਆ, (ਪਹਿਲੇ) ਏਕੰਕਾਰ (ਰਚਿਆ, ਹੋਰ) ਆਕਾਰ ('ਪਿਛੋਆ') ਪਿਛੋਂ (ਰਚਿਆ) (ਅਰਥਾਤ ਇਕਾਂਗ ਪਹਿਲੇ ਦੇ ਓਅੰਕਾਰ ਅੱਗੇ ਹੋਇਆ, ਵਾਸਤਵ ਗੁਰੂ ਚੇਲਾ ਦੋਵੇਂ ਇਕੋ ਰੂਪ ਹਨ)।

ਓਅੰਕਾਰਿ ਅਕਾਰਿ ਲਖ ਲਖ ਦਰੀਆਉ ਕਰੇਂਦੇ ਢੋਆ ।

ਓਅੰਕਾਰ ਤੋਂ ਹੀ ('ਅਕਾਰ') ਸਰੂਪ (ਜਗਤ) ਲੱਖ ਰੂਪ ਹੈ, ਉਸ ਤੋਂ ਲੱਖਾਂ ਦਰੀਆਉ (ਢੋਆ) ਨਿਕਲੇ ਹਨ ('ਤਿਸ ਤੇ ਹੋਏ ਲਖ ਦਰੀਆਉ')।

ਲਖ ਦਰੀਆਉ ਸਮੁੰਦ੍ਰ ਵਿਚਿ ਸਤ ਸਮੁੰਦ੍ਰ ਗੜਾੜਿ ਸਮੋਆ ।

ਲਖਾਂ ਦਰੀਆਉ, ਸਮੁੰਦਰ ਵਿਖੇ ਮਿਲਦੇ ਹਨ, ਸੱਤੇ ਸਮੁੰਦਰ ਮਹਾਂ ਸਾਗਰ ਵਿਖੇ ਖਪਦੇ ਹਨ।

ਲਖ ਗੜਾੜਿ ਕੜਾਹ ਵਿਚਿ ਤ੍ਰਿਸਨਾ ਦਝਹਿਂ ਸੀਖ ਪਰੋਆ ।

(ਦ੍ਰਾਸ਼ਟਾਂਤ ਕਹਿੰਦੇ ਹਨ) ਤ੍ਰਿਸ਼ਨਾ ਰੂਪੀ ਕੜਾਹ (ਬੜਵਾਗਨੀ) ਵਿਚ ਲਖਾਂ ਮਹਾਂ ਸਾਗਰਾਂ (ਸਰੀਖੇ ਤ੍ਰਿਸ਼ਨਾਲੂ ਜੀਵ ਕਬਾਬ ਵਾਂਗੂੰ) ਸੀਖ ਪਰੋਤੇ ਹੋਏ ਸੜ ਰਹੇ ਹਨ।

ਬਾਵਨ ਚੰਦਨ ਬੂੰਦ ਇਕੁ ਠੰਢੇ ਤਤੇ ਹੋਇ ਖਲੋਆ ।

(ਏਹ ਸੜਨਹਾਰੇ) ਬਾਵਨ ਚੰਦਨ ਦੀ ਇਕ ਬੂੰਦ ਨਾਲ ਤਤਿਓਂ ਠੰਢੇ ਹੋਕੇ ਖਲੋ ਜਾਂਦੇ ਹਨ (ਉਹ ਬਾਵਨ ਚੰਦਨ ਕਿਹੜਾ ਹੈ?)।

ਬਾਵਨ ਚੰਦਨ ਲਖ ਲਖ ਚਰਣ ਕਵਲ ਚਰਣੋਦਕੁ ਹੋਆ ।

(ਉਹ) ਬਾਵਨ ਚੰਦਨ (ਜਿਸ ਦੀ ਇਕ ਬੂੰਦ ਨਾਲ ਬੜਗਾਵਨੀ ਦੇ ਕੜਾਹੇ ਵਿਚੋਂ ਜੀਵ ਠੰਢੇ ਹੁੰਦੇ ਹਨ) ਕਈ ਲੱਖਾਂ ਤੋਂ ਲਖਾਂ, ਗੁਰੂ ਹਰ ਗੋਬਿੰਦ ਦੇ ਚਰਣਾਂ ਕਮਲਾਂ ਦੇ ਚਰਣੋਦਕ (ਤੋਂ ਹੋਏ ਹਨ)।

ਪਾਰਬ੍ਰਹਮੁ ਪੂਰਨ ਬ੍ਰਹਮੁ ਆਦਿ ਪੁਰਖੁ ਆਦੇਸੁ ਅਲੋਆ ।

(ਜਿਸ ਚਰਣੋਦਕ ਨੇ ਤ੍ਰਿਸ਼ਨਾ ਅੱਗ ਤੋਂ ਕੱਢਿਆ ਉਸ ਦੇ ਮਾਲਕ) ਆਦਿ ਪੁਰਖ (ਗੁਰੂ ਨਾਨਕ ਉਪਲਖਤ ਛੀਏ ਗੁਰਾਂ) ਨੂੰ ਨਮਸਕਾਰ ਹੋਵੇ (ਜਿਸ ਦੀ ਕ੍ਰਿਪਾ ਨਾਲ) ਪਾਰਬ੍ਰਹਮ ਪੂਰਨ ਬ੍ਰਹਮ (ਸਿੱਖਾਂ ਨੇ) ਦੇਖ ਲਿਆ (ਅਥਵਾ ਪਾਰਬ੍ਰਹਮ ਅਰਥਾਤ ਨਿਰਗੁਣ ਬ੍ਰਹਮ ਹੀ ਪੂਰਣ ਬ੍ਰਹਮ ਸਗੁਣ ਮੂਰਤੀ ਧਾਰੀ ਹੈ। ਆਦਿ ਪੁਰਖ, 'ਆਦੇਸ' ਕਹੀਏ ਦੇਸ

ਹਰਿਗੋਵਿੰਦ ਗੁਰ ਛਤ੍ਰੁ ਚੰਦੋਆ ।੪।

(੯) ਹਰਿ ਗੋਬਿੰਦ ਗੁਰੂ ਦਾ ਛਤਰ ਚੰਦ੍ਰਮਾਂ ਦਾ ਰੂਪ ਹੈ, (ਭਾਵ ਜਸ ਦਾ ਸਰੂਪ ਹੈ। ਜਿਸ ਦਾ ਛਤਰ ਹੀ ਅਜਿਹਾ ਹੈ, ਆਪ ਦੀ ਕੀ ਗਿਣਤੀ, ਪਰਮ ਸ਼ਾਂਤਿ ਅਰ ਸ਼ੋਭਨੀਕ ਮੁਕਤ ਦਾਇਕ ਹਨ। ਅਥਵਾ =ਹਰ ਗੋਬਿੰਦ, ਸਿਖੀ ਦਾ ਗੁਰੂ-ਕਲਯਾਨ ਕਰਤਾ, ਸ਼ਬਦ ਦਾਤਾ-ਛੱਤ੍ਰ ਪਤਿ ਤੇ ਚੰਦੋਆ-ਆਸਰਾ ਹੈ, ਭਾਵ, ਲੋਕ ਪ੍ਰਲੋਕ ਜਸ ਮੁਕਤੀ ਸਭ ਕੁਝ ਸਿਖ

ਪਉੜੀ ੫

ਸੂਰਜ ਦੈ ਘਰਿ ਚੰਦ੍ਰਮਾ ਵੈਰੁ ਵਿਰੋਧੁ ਉਠਾਵੈ ਕੇਤੈ ।

ਸੂਰਜ ਦੇ ਘਰ ਚੰਦ੍ਰਮਾਂ ਪਵੇ ਤਦ ਕਈ ਵੈਰ ਵਿਰੋਧ ਉਠਦੇ ਹਨ, (ਰਾਸ ਬਦਲਨ ਵੇਲੇ ਅਮਸਿਆ ਵਿਚ ਸੂਰਜ ਦੇ ਘਰ ਚੰਦ ਆਵੇ ਤਾਂ ਖਰਾਬੀ ਹੁੰਦੀ ਹੈ, ਇਹ ਜ੍ਯੋਤਸ਼ ਵਿਦ੍ਯਾ ਤੋਂ ਦ੍ਰਿਸ਼ਟਾਂਤ ਦੇਂਦੇ ਹਨ)।

ਸੂਰਜ ਆਵੈ ਚੰਦ੍ਰਿ ਘਰਿ ਵੈਰੁ ਵਿਸਾਰਿ ਸਮਾਲੈ ਹੇਤੈ ।

ਚੰਦ ਦੇ ਘਰ ਸੂਰਜ ਪਵੇ ਤਾਂ ਵੈਰ ਹਟਕੇ ਹਿਤ ਵਧਦਾ ਹੈ (ਤਿਹਾ ਹੀ ਸੰਤਾਂ ਦੇ ਘਰ ਸ਼ਕਤੀ ਆਵੇ ਤਾਂ ਸੰਸਾਰ ਨੂੰ ਸੀਤ ਲਾ ਦੇਣ, ਸ਼ਕਤੀ ਨੂੰ ਉਪਕਾਰ ਵਿਚ ਵਰਤਣ ਸੁਖ ਦੇਣ, ਹੰਕਾਰੀ ਦੇ ਘਰ ਵਿਚ ਸੰਤ ਜਾਣ ਤਦ ਖਰਾਬੀ ਹੋਵੇ ਪਰੰਤੂ ਸੰਤ ਲੋਕ ਜ੍ਯੋਤਸ਼ ਦੇ ਲੇਖਿਆਂ ਵਲ ਧਿਆਨ ਨਹੀਂ ਦਿੰਦੇ, ਉਹ ਕੀ ਜਾਣਦੇ ਹਨ?)

ਜੋਤੀ ਜੋਤਿ ਸਮਾਇ ਕੈ ਪੂਰਨ ਪਰਮ ਜੋਤਿ ਚਿਤਿ ਚੇਤੈ ।

ਜੋਤੀ ਪਰਮਾਤਮਾਂ ਦੀ ਜੋਤ ਸਮਾਈ ਹੋਈ ਹੈ, ਪੂਰਣ ਪਰਮ ਜੋਤੀ ਨੂੰ ਚਿਤ ਵਿਖੇ ਚੇਤਦੇ ਹਨ, (ਭਾਵ ਈਸ਼੍ਵਰ ਪੁਰ ਭਰੋਸਾ ਰਖਦੇ ਹਨ, ਮੰਗਵੀਆਂ ਜੋਤਾਂ ਸੂਰਜ ਚੰਦ ਤੇ ਲੇਖਿਆਂ ਤੋਂ ਕਿਸਮਤਾਂ ਵਿਚਾਰਨ ਦੇ ਜਾਲ ਵਿਚ ਨਹੀਂ ਫਸਦੇ)।

ਲੋਕ ਭੇਦ ਗੁਣੁ ਗਿਆਨੁ ਮਿਲਿ ਪਿਰਮ ਪਿਆਲਾ ਮਜਲਸ ਭੇਤੈ ।

ਪ੍ਰੇਮ ਦਾ ਪਿਆਲਾ ਸੰਤਾਂ ਦੀ ਮਜਲਸ ਵਿਖੇ ਮਿਲਕੇ ਪੀਂਦੇ ਲੋਕ (ਸੰਸਾਰ) ਗੁਣ ਤੇ ਗ੍ਯਾਨ ਦੇ ਸਾਰੇ ਭੇਤ ਸਮਝਦੇ ਹਨ।

ਛਿਅ ਰੁਤੀ ਛਿਅ ਦਰਸਨਾਂ ਇਕੁ ਸੂਰਜੁ ਗੁਰ ਗਿਆਨੁ ਸਮੇਤੈ ।

ਛੀ ਰੁਤਾਂ ਵਿਖੇ ਇਕ ਸੂਰਜ (ਗਿਰਦੇ) ਛੀ ਦਰਸ਼ਨਾਂ ਦੀ ਥਾਂ ਇਕੋ (ਅਪਣੇ) ਗੁਰੂ ਦਾ ਗਿਆਨ ਯਥਾਰਥ ਸਮਝਦੇ ਹਨ।

ਮਜਹਬ ਵਰਨ ਸਪਰਸੁ ਕਰਿ ਅਸਟਧਾਤੁ ਇਕੁ ਧਾਤੁ ਸੁ ਖੇਤੈ ।

(ਸਾਰੇ) ਮਜ਼ਹਬ, ਵਰਣ (ਗੁਰੂ ਪਾਰਸ ਨਾਲ) ਮਿਲਕੇ ਅੱਠਾਂ ਧਾਤਾਂ ਦੀ ਇਕ ਧਾਤ ਸੁਖੈਨ ਹੀ ਹੋ ਜਾਂਦੀ ਹੈ।

ਨਉ ਘਰ ਥਾਪੇ ਨਵੈ ਅੰਗ ਦਸਮਾਂ ਸੁੰਨ ਲੰਘਾਇ ਅਗੇਤੈ ।

ਨਉਂ ਘਰ (ਨੌਂ ਦਰਵਾਜ਼ੇ, ਅੱਖ ੨, ਨੱਕ੨, ਕੰਨ੨, ਮੂੰਹ੧ ਆਦਿ) ਨੌਂ ਅੰਗ ਬਣਾਏ, ਜੋ ਅੱਗੇ ਲੰਘਾਉਂਦੇ ਹਨ; (ਭਾਵ ਜਿਨ੍ਹਾਂ ਦੁਆਰਾ ਚੀਜ਼ਾਂ ਅੰਦਰ ਤੇ ਬਾਹਰ ਆਉਂਦੀਆਂ ਹਨ)। ਦਸਵਾਂ ਘਰ ਸੁੰਨ ਬਨਾਇਆ, (ਭਾਵ ਜਿਸ ਵਿਚੋਂ ਆਉਣਾ ਜਾਣਾ ਨਹੀਂ, ਪਰ ਤਤ ਸਰੂਪ ਵਿਚ ਸਮਾਉਣਾ ਪ੍ਰਾਪਤ ਹੁੰਦਾ ਹੈ; ਉਹ ਦਸਮਾਂ ਦੁਆਰ ਗੁਪਤ ਰੱਖਿਆ ਹੈ,

ਨੀਲ ਅਨੀਲ ਅਨਾਹਦੋ ਨਿਝਰੁ ਧਾਰਿ ਅਪਾਰ ਸਨੇਤੈ ।

“ਨੀਲ ਅਨੀਲ” ਗਿਣਤੀ ਤੋਂ ਪਾਰ ਹੋਕੇ ਅਨਾਹਦ (ਸ਼ਬਦ ਦੇ ਰਸ ਵਿਚ) ਇਕ ਤਾਰ (ਤੇਲ ਧਾਰਾ ਵਤ) ਲੱਗਕੇ ਅਪਾਰ (ਹੋ ਜਾਂਦਾ ਹੈ)। (ਫੇਰ)

ਵੀਰ ਇਕੀਹ ਅਲੇਖ ਲੇਖ ਸੰਖ ਅਸੰਖ ਨ ਸਤਿਜੁਗੁ ਤ੍ਰੇਤੈ ।

(੯) ਵੀਹ ਇਕੀਹ ਤੋਂ ਪਾਰ (ਤੁਰੀਆ ਪਦ ਵਿਚ) ਲੇਖੇ ਤੋਂ ਅਲੇਖ (ਨਾਨਕ ਜਿਨ ਕਉ ਸਤਿਗੁਰੁ ਮਿਲਿਆ ਤਿਨ ਕਾ ਲੇਖਾ ਨਿਬੜਿਆ) ਸੰਖ ਤੋਂ ਅਸੰਖ (ਮਾਨੁਖੀ ਗਿਣਤੀਆਂ ਤੋਂ ਪਾਰ, ਹੱਦ ਉਪਾਧੀਆਂ ਤੋਂ ਦੂਰ) ਹੋ ਜਾਂਦਾ ਹੈ, (ਐਸਾ ਕਿ) ਸਤਿਜੁਗ (ਦੁਆਪੁਰ) ਤ੍ਰੇਤੇ (ਆਦਿ ਵਿਚ ਉਸ ਸਰੀਖਾ ਕੋਈ) ਨਹੀਂ (ਹੋਇਆ)। (ਅਥਵਾ-ਜੁਗਾਂ ਦੀ ਕੈਦ

ਚਾਰਿ ਵਰਨ ਤੰਬੋਲ ਰਸ ਦੇਵ ਕਰੇਂਦਾ ਪਸੂ ਪਰੇਤੈ ।

(੧੦) 'ਚਹੁੰ ਵਰਨਾ' (ਸਾਰੇ ਪ੍ਰਾਣੀਆਂ) ਨੂੰ ਪਾਨ ਦੇ ਰਸ ਵਾਂਗ (ਇਕ ਰੰਗ ਕਰਦਾ ਹੈ) ਪਸੂ (ਸਰੀਖੇ) ਮੂਰਖਾਂ ਤੇ ਪ੍ਰੇਤ (ਸਰੀਖੇ ਸੁਰਤ ਖਿੰਡੇ) ਮਨਮੁਖਾਂ ਨੂੰ ਦੇਵਤੇ ਬਨਾਉਣ ਨੂੰ (ਸਮਰੱਥ ਹੋ ਜਾਂਦਾ ਹੈ)। ਪੁਨਾ:)

ਫਕਰ ਦੇਸ ਕਿਉਂ ਮਿਲੈ ਦਮੇਤੈ ।੫।

(੧੧) ਸਾਧ ਸੰਗਤ (ਵਿਚ ਖੇਡਦਾ ਹੈ, ਪ੍ਰੇਮ ਨਾਲ ਪ੍ਰਾਪਤ ਹੈ) ਦੰਮਾਂ ਨਾਲ ਨਹੀਂ ਲੱਝਦਾ।

ਪਉੜੀ ੬

ਚਾਰਿ ਚਾਰਿ ਮਜਹਬ ਵਰਨ ਛਿਅ ਦਰਸਨ ਵਰਤੈ ਵਰਤਾਰਾ ।

(ਮੁਸਲਮਾਨੀ) ਚਾਰ ਮਜ਼ਹਬ, ਚਾਰੇ (ਖੱਤ੍ਰੀ, ਬ੍ਰਾਹਮਾਦਿਕ ਹਿੰਦੂ) ਵਰਣ, ਛੀ ਦਰਸ਼ਨ (ਸਾਂਖ, ਜੋਗ, ਵੇਦਾਂਤ ਆਦਿ) ਦਾ ਵਰਤਾਰਾ ਵਰਤ ਰਿਹਾ ਹੈ।

ਸਿਵ ਸਕਤੀ ਵਿਚ ਵਣਜ ਕਰਿ ਚਉਦਹ ਹਟ ਸਾਹੁ ਵਣਜਾਰਾ ।

ਚੌਦਾਂ ਹੱਟ (ਚੌਦਾਂ ਲੋਕਾਂ) ਦੇ ਸ਼ਾਹ ਅਤੇ ਵਣਜਾਰੇ, (ਧਨੀ ਵਪਾਰੀ ਲੋਕ) ਸਤੋ, ਤਮੋ, (ਰਜੋ, ਤਿੰਨ ਗੁਣਾਂ ਵਿਖੇ ਝੂਠਾ) ਵਣਜ ਕਰ ਰਹੇ ਹਨ, (ਸੰਚਾ ਵਣਜ ਕਿਥੇ ਹੈ?)।

ਸਚੁ ਵਣਜੁ ਗੁਰੁ ਹਟੀਐ ਸਾਧਸੰਗਤਿ ਕੀਰਤਿ ਕਰਤਾਰਾ ।

ਸੱਚਾ ਵਣਜ ਗੁਰੂ ਦੀ ਹੱਟੀ ਤੇ ਹੁੰਦਾ ਹੈ (ਜੋ) ਸਾਧ ਸੰਗਤ ਵਿਖੇ ਹੈ, (ਓਥੇ ਵਪਾਰ) ਕਰਤਾਰ ਦੇ ਕੀਰਤਨ ਦਾ ਹੁੰਦਾ ਹੈ, (ਅਤੇ)

ਗਿਆਨ ਧਿਆਨ ਸਿਮਰਨ ਸਦਾ ਭਾਉ ਭਗਤਿ ਭਉ ਸਬਦਿ ਬਿਚਾਰਾ ।

ਗਿਅਨ, ਧਿਆਨ, (ਅਰ ਕਰਤਾਰ ਦਾ) ਸਿਮਰਣ ਪ੍ਰੇਮਾਭਗਤੀ ਅਰ ਗੁਰੂ ਦੇ ਸ਼ਬਦ ਦਾ ਵੀਚਾਰ (ਹੁੰਦਾ ਹੈ ਅਤੇ)

ਨਾਮੁ ਦਾਨੁ ਇਸਨਾਨੁ ਦ੍ਰਿੜ ਗੁਰਮੁਖਿ ਪੰਥੁ ਰਤਨ ਵਾਪਾਰਾ ।

ਨਾਮ, ਦਾਨ, ਇਸ਼ਨਾਨ ਦ੍ਰਿੜ ਕਰਾਇਆ ਜਾਂਦਾ ਹੈ ਅਰ ਗੁਰਮੁਖਾਂ ਦੇ ਪੰਥ ਵਿਖੇ ਰਤਨਾਂ (ਵੈਰਾਗਾਦਿ ਗੁਣਾਂ ਦਾ) ਸੌਦਾ ਹੁੰਦਾ ਹੈ।

ਪਰਉਪਕਾਰੀ ਸਤਿਗੁਰੂ ਸਚ ਖੰਡਿ ਵਾਸਾ ਨਿਰੰਕਾਰਾ ।

ਸਤਿਗੁਰੂ (ਗੁਰੂ ਨਾਨਕ ਸ਼ਾਹ) ਪਰੋਪਕਾਰੀ ਹਨ, ਨਿਰੰਕਾਰ ਦੇ ਸਚਖੰਡ ਵਿਖੇ ਨਿਵਾਸ ਰਖਦੇ ਹਨ।

ਚਉਦਹ ਵਿਦਿਆ ਸੋਧਿ ਕੈ ਗੁਰਮੁਖਿ ਸੁਖ ਫਲੁ ਸਚੁ ਪਿਆਰਾ ।

(ਤਿਸ ਗੁਰੂ ਦੇ ਤਾਰੇ ਹੋਏ) ਗੁਰਮੁਖਾਂ ਨੇ ਚਉਦਾਂ ਵਿਦਿਆ ਨੂੰ ਸੋਧਕੇ ਸਚ ਨਾਲ ਪਿਆਰ ਕਰਨਾ ਹੀ ਸੁਖ ਫਲ ਕੱਢ ਲੀਤੀ ਹੈ, (ਕਿਉਂ ਜੋ)।

ਸਚਹੁਂ ਓਰੈ ਸਭ ਕਿਹੁ ਉਪਰਿ ਗੁਰਮੁਖਿ ਸਚੁ ਆਚਾਰਾ ।

(ਹੋਰ) ਸਭ ਕੁਝ (ਸਾਧਨਾਦਿ, ਪਦਾਰਥਾਦਿ) ਸਚ ਤੋਂ ਉਰੋ ਹਨ, ਸਚ (ਸਭ ਤੋਂ ਉੱਚਾ ਹੈ) ਤੇ ਗੁਰਮੁਖਾਂ ਦਾ ਆਚਾਰ (ਕਰਨੀ) ਸਚ (ਉੱਤੇ ਟਿਕ ਰਹੀ) ਹੈ।

ਚੰਦਨ ਵਾਸੁ ਵਣਾਸਪਤਿ ਗੁਰੁ ਉਪਦੇਸੁ ਤਰੈ ਸੈਸਾਰਾ ।

(੯) (ਗੁਰੂ ਦੇ ਤਾਰੇ ਗੁਰਮੁਖ ਸਚ ਦੇ ਚੰਦਨ ਰੂਪ ਹੋਕੇ, ਸਚ ਦੀ ਗੰਧੀ ਨਾਲ ਸਭ ਨੂੰ ਤਾਰਦੇ ਹਨ, ਯਥਾ:) ਚੰਦਨ ਦੀ ਵਾਸ਼ਨਾ ਨਾਲ ਬਨਾਸਪਤੀ ਚੰਦਨ ਹੁੰਦੀ, ਹੈ (ਤਿਵੇਂ) ਸੰਸਾਰ ਗੁਰੂ ਦੇ (ਸਚ ਰੂਪੀ) ਉਪਦੇਸ਼ ਨਾਲ ਤਰ ਜਾਂਦਾ ਹੈ।

ਅਪਿਉ ਪੀਅ ਗੁਰਮਤਿ ਹੁਸੀਆਰਾ ।੬।

(੧੦) ਗੁਰੂ ਦੀ ਮਤ ਦਾ ਐਸਾ ਅੰਮ੍ਰਿਤ ਜਿਨ੍ਹਾਂ ਨੇ ਪੀਤਾ ਹੈ, (ਉਹ ਅਮਲੀਆਂ ਵਾਂਗ ਬੇਹੋਸ਼ ਨਹੀਂ ਹੋਏ ਸਗੋਂ ਉਹ ਗੁਰੂ ਦੀ ਮਤ ਵਿਚ) ਹੁਸ਼ਿਆਰ ਹਨ। (ਉਨ੍ਹਾਂ ਨੇ ਗ਼ਫ਼ਲਤ ਦੇ ਪੜਦੇ ਪਾੜ ਸਿੱਟੇ ਹਨ, ਬੇਹੋਸ਼ੀਤਾਂ ਤਮੋਗੁਣ ਦਾ ਕਾਰਜ ਹੈ, ਉਹ ਤ੍ਰਿਗੁਣ ਅਤੀਤ ਤੁਰੀਆ ਵਿਚ ਖੇਡਦੇ ਹਨ, ਜਿਥੇ ਹੋਸ਼ਾਂ ਦੀ ਹੋਸ਼ ਕੀ, ਪੂਰਨ ਹੋਸ਼ ਸਰੂਪ

ਪਉੜੀ ੭

ਅਮਲੀ ਸੋਫੀ ਚਾਕਰਾਂ ਆਪੁ ਆਪਣੇ ਲਾਗੇ ਬੰਨੈ ।

ਅਮਲੀ ਅਤੇ ਸੋਫੀ (ਜੋ ਨਸ਼ਾ ਨਹੀਂ ਵਰਤਦੇ) ਆਪੋ ਆਪਣੇ ਕੰਮਾਂ ਵਿਖੇ ਦੋਵੇਂ ਚਾਕਰ ਹੋਕੇ ਲੱਗ ਰਹੇ ਹਨ।

ਮਹਰਮ ਹੋਇ ਵਜੀਰ ਸੋ ਮੰਤ੍ਰ ਪਿਆਲਾ ਮੂਲਿ ਨ ਮੰਨੈ ।

(ਜੋ ਪਾਤਸ਼ਾਹ ਦਾ) ਮਹਿਰਮ (ਮਿੱਤ੍ਰ) ਹੈ ਉਹ ਵਜ਼ੀਰ ਹੁੰਦਾ ਹੈ (ਉਸ ਨੂੰ) ਮੰਤਰ (ਸਲਾਹ) ਦਾ ਪਿਆਲਾ ('ਮੂਲ') ਕਦਾਚਿਤ ਮਨ੍ਹੇ ਨਹੀਂ ਹੈ।

ਨਾ ਮਹਰਮ ਹੁਸਿਆਰ ਮਸਤ ਮਰਦਾਨੀ ਮਜਲਸ ਕਰਿ ਭੰਨੈ ।

ਅਜ ਜੋ ਮਹਿਰਮ ਨਹੀਂ ਹੈ, ਚਾਹੇ ਹੁਸ਼ਿਆਰ ਹੋਵੇ ਭਾਵੇਂ ਸੁਸਤ ਮਰਦਾਨੀ ਮਜਲਸ (ਅਰਥਾਤ ਸੰਤਾਂ ਦੀ ਮਜਲਸ) ਤੋਂ ਦੂਰ ਕੀਤਾ ਜਾਂਦਾ ਹੈ, (ਉਹ ਮਹਿਰਮ ਕੌਣ ਹਨ? ਇਸ ਸ਼ੰਕਾ ਵਿਖੇ ਉਤਰ ਦਿੰਦੇ ਹਨ)।

ਤਕਰੀਰੀ ਤਹਰੀਰ ਵਿਚਿ ਪੀਰ ਪਰਸਤ ਮੁਰੀਦ ਉਪੰਨੈ ।

('ਤਕਰੀਰੀ') ਬਾਣੀ ਵਿਖੇ ਅਰ (ਤਹਰੀਰ) ਲਿਖਤ ਵਿਖੇ ਜੋ ਪੀਰ ਪਰਸਤ ਮੁਰੀਦ ਹੋਏ ਹਨ, (ਯਾਂ ਉਪੰਨੇ) ਪ੍ਰਗਟ ਹਨ। (ਭਾਵ ਜੋ ਗੁਰੂ ਪਾਤਸ਼ਾਹ ਦੇ ਮਹਿਰਮ ਹਨ, ਉਨ੍ਹਾਂ ਨੂੰ ਵਜ਼ੀਰੀ ਦੀ ਪਦਵੀ ਮਿਲਦੀ ਹੈ)।

ਗੁਰਮਤਿ ਅਲਖੁ ਨ ਲਖੀਐ ਅਮਲੀ ਸੂਫੀ ਲਗਨਿ ਕੰਨੈ ।

(ਅਰ ਜੋ) ਗੁਰਮਤ ਲੈਕੇ ਅਲਖ ਨੂੰ ਨਹੀਂ ਲਖਦੇ ਉਹ ਸੋਫੀ ਹਨ-ਅਮਲੀਆਂ ਦੇ ਪਾਸ ਨਹੀਂ ਬੈਠ ਸਕਦੇ। (ਜੋ ਨਿਰੇ ਜੀਭ ਦੇ ਗ੍ਯਾਨੀ ਹਨ, ਪਿਰਮ ਰਸ ਵਾਲੇ ਨਹੀਂ)।

ਅਮਲੀ ਜਾਣਨਿ ਅਮਲੀਆਂ ਸੋਫੀ ਜਾਣਨਿ ਸੋਫੀ ਵੰਨੈ ।

(ਕਿਉਂਕਿ) ਅਮਲ ਵਾਲੇ ਅਮਲੀਆਂ ਨੂੰ ਜਾਣਦੇ ਹਨ ਤਥਾ ਸੋਫੀ ਸੋਫੀਆਂ ਦੇ ('ਵੰਨੇ') ਰੰਗ ਰੂਪ ਨੂੰ ਜਾਣਦੇ ਹਨ।

ਹੇਤੁ ਵਜੀਰੈ ਪਾਤਿਸਾਹ ਦੋਇ ਖੋੜੀ ਇਕੁ ਜੀਉ ਸਿਧੰਨੈ ।

ਵਜ਼ੀਰ ਅਤੇ ਪਾਤਸ਼ਾਹ ਦਾ ਆਪੋ ਵਿਚੀ ਪ੍ਰੇਮ ਹੈ (ਅਜਿਹਾ ਕਿ) ਦੋਹਾਂ ਵਿਚ ਇਕ ਜੀਵ ('ਸਿਧੰਨੇ') ਸਿੱਧ ਕੀਤਾ ਗਿਆ, (ਅੱਗੇ ਦ੍ਰਿਸ਼ਾਂਤ ਦਿੰਦੇ ਹਨ)।

ਜਿਉ ਸਮਸੇਰ ਮਿਆਨ ਵਿਚਿ ਇਕਤੁ ਥੇਕੁ ਰਹਨਿ ਦੁਇ ਖੰਨੈ ।

ਜਿੱਕੁਰ ('ਸ਼ਮਸ਼ੇਰ') ਤਲਵਾਰਾਂ ਮ੍ਯਾਨਾਂ ਵਿਖੇ ਇਕੋ ਇਕ ਹੁੰਦੀਆਂ ਹਨ, ਰਹਿਣ ਦੇ (ਖੰਨੇ) ਖਾਨੇ ਦੋ ਭਾਂਵੇਂ ਹਨ, (ਪਰ ਸਭਨਾਂ ਮਿਆਨਾਂ ਵਿਚ) ('ਥੋਕ') ਵਸਤੂ (ਤਲਵਾਰਾਂ ਇਕੋ ਜਾਤ ਹਨ) (ਭਾਵ ਹੈ ਕਿ ਦੋ ਮਿਆਨਾਂ ਵਿਚ ਸਾਰ ਵਸਤੂ ਤਲਵਾਰਾਂ ਇਕੋ ਜ਼ਾਤ ਹਨ, ਮਿਆਨਾਂ ਚਾਹੇ ਵੱਖੋ ਵੱਖ ਹੋਣ, ਤਿਵੇਂ ਦੋਹਾਂ ਪਾਤਸ਼ਾਹਾਂ ਵਜ਼ੀਰਾਂ

ਵੀਹ ਇਕੀਹ ਜਿਵੈਂ ਰਸੁ ਗੰਨੈ ।੭।

(੯) ਵੀਹ ਤੋਂ ਇਕੀਹ (ਸੰਖ੍ਯਾ ਜਿਕੁਰ ਮੇਲ ਹੈ ਤਿਹਾ ਹੀ ਵਜ਼ੀਰ ਅਤੇ ਪਾਤਸ਼ਾਹ) ਗੰਨੇ ਦੇ ਰਸ ਵਾਂਗੂੰ (ਇਕ ਰੂਪ ਹਨ। ਗੰਨੇ ਭਾਵੇ ਦੋ ਜਾਂ ਕਿੰਨੇ ਹੋਣ ਮਿਠਾਸ ਦਾ ਰੰਗ ਰੂਪ ਇਕੋ ਜਿਹਾ ਹੈ। ੨੦ ਤੋਂ ੨੧ ਦੇ ਰੂਪ ਦੋ ਹਨ, ਪਰ ਦੁਹਾਂ ਵਿਚ ਦੁਆਂਗ ਇਕੋ ਰੂਪ ਵਾਲਾ ਹੈ। ਪਰੰਤੂ ਅਸਲ ਭਾਵ ਇਹ ਪ੍ਰਤੀਤ ਦੇਂਦਾ ਹੈ ਕਿ ਵੀਹ ਇਕੀਹ

ਪਉੜੀ ੮

ਚਾਕਰ ਅਮਲੀ ਸੋਫੀਆਂ ਪਾਤਿਸਾਹ ਦੀ ਚਉਕੀ ਆਏ ।

ਅਮਲੀ ਅਤੇ ਸੋਫੀ ਦੋਵੇਂ ਚਾਕਰ ਪਾਤਸ਼ਾਹ ਦੇ ਪਹਿਰੇ ਵਿਚ ਬੁਲਾਏ ਗਏ।

ਹਾਜਰ ਹਾਜਰਾਂ ਲਿਖੀਅਨਿ ਗੈਰ ਹਾਜਰ ਗੈਰਹਾਜਰ ਲਾਏ ।

ਜੋ ਹਾਜ਼ਰ ਸਨ ਹਾਜ਼ਰ ਲਿਖੇ ਅਰ ਜੋ ਗੈਰ ਹਾਜ਼ਰ ਸਨ ਗੈਰ ਹਾਜ਼ਰ ਦਰਜ ਕੀਤੇ (ਸਨਮੁਖ ਹਾਜ਼ਰ, ਤੇ ਬੇਮੁਖ ਗੈਰ ਹਾਜ਼ਰ। ਜੋ ਹਰ ਦਮ ਹਜ਼ੂਰੀ ਵਿਚ ਹਨ ਸੋ ਹਾਜ਼ਰ, ਜੋ ਵਿਸਾਰੇ ਵਿਚ ਹਨ ਚਾਹੇ ਗ੍ਯਾਨੀ ਹਨ, ਗੈਰ ਹਾਜ਼ਰ ਹਨ। 'ਦੂਖੁ ਘਨੋ ਜਬ ਹੋਤੇ ਦੂਰਿ॥ ਅਬ ਮਸਲਤਿ ਮੋਹਿ ਮਿਲੀ ਹਦੂਰਿ)।

ਲਾਇਕ ਦੇ ਵਿਚਾਰਿ ਕੈ ਵਿਰਲੈ ਮਜਲਸ ਵਿਚਿ ਸਦਾਏ ।

(ਉਹਨਾਂ ਵਿਚੋਂ ਜੋ ਚੰਗੇ) ਲਾਇਕ ਹਨ ਓਹ ਚੋਣਵੇਂ ਵੀਚਾਰਕੇ ਸਭਾ ਵਿਖੇ ਬੁਲਾਏ ਗਏ, (ਭਾਵ ਸਨਮੁਖਾਂ ਵਿਚੋਂ ਗੁਰਮੁਖ ਚੁਣੇ ਗਏ)।

ਪਾਤਿਸਾਹੁ ਹੁਸਿਆਰ ਮਸਤ ਖੁਸ ਫਹਿਮੀ ਦੋਵੈ ਪਰਚਾਏ ।

ਪਾਤਸ਼ਾਹ ਹੁਸ਼ਿਆਰ (ਹੈ ਉਸ ਨੇ ਮਸਤ ਤੇ ਖੁਸ਼ ਫਹਿਮੀ ਦੋਵੇਂ ਪਰਚਾ ਦਿੱਤੇ (ਭਾਵ ਦੁਹਾਂ ਨੂੰ ਪ੍ਰੇਮ ਦਾ ਪਿਆਲਾ ਦਿੱਤਾ ਗਿਆ)।

ਦੇਨਿ ਪਿਆਲੇ ਅਮਲੀਆਂ ਸੋਫੀ ਸਭਿ ਪੀਆਵਣ ਲਾਏ ।

ਅਮਲੀਆਂ ਨੂੰ (ਪ੍ਰੇਮ) ਪਿਆਲੇ ਪਿਆਵਣ ਲਈ ਸੋਫੀਆਂ ਨੂੰ ਲਾਇਆ, (ਭਾਵ ਪੰਡਤ ਮੁੱਲਾਂ ਭਾਈ ਪਰਮੇਸੁਰ ਦੀਆਂ ਕਥਾ ਕੀਰਤਨ ਸੁਣਾਉਂਦੇ ਹਨ ਤੇ ਪ੍ਰੇਮੀ ਸੁਣਕੇ ਅਨੁਭਵ ਕਰਦੇ ਹਨ)।

ਮਤਵਾਲੇ ਅਮਲੀ ਹੋਏ ਪੀ ਪੀ ਚੜ੍ਹੇ ਸਹਜਿ ਘਰਿ ਆਏ ।

ਮਤਵਾਲੇ ਪੀ ਪੀ ਕੇ ਅਮਲੀ ਹੋ ਗਏ, (ਸਹਿਜ ਘਰ) ਪਰਮਾਤਮਾਂ ਦੇ ਘਰ ਵਿਖੇ ਜਾ ਬਿਰਾਜੇ।

ਸੂਫੀ ਮਾਰਨਿ ਟਕਰਾਂ ਪੂਜ ਨਿਵਾਜੈ ਸੀਸ ਨਿਵਾਏ ।

(ਅਰ ਜੋ) ਸੋਫੀ (ਹੀ ਰਹੇ ਲੋਕਾਂ ਨੂੰ ਦਿੰਦੇ ਰਹੇ ਪਰ ਆਪ ਪਿਆਲਾ ਨਾ ਪੀਤਾ) ਓਹ ਟੱਕਰਾਂ ਮਾਰ ਮਾਰਕੇ ਪੂਜਾ ਅਰ ਨਿਮਾਜ਼ਾਂ ਵਿਚ ਮੱਥੇ ਭੰਨਣ ਲਗੇ।

ਵੇਦ ਕਤੇਬ ਅਜਾਬ ਵਿਚਿ ਕਰਿ ਕਰਿ ਖੁਦੀ ਬਹਸ ਬਹਸਾਏ ।

ਵੇਦਾਂ (ਅਰ ਸ਼ਰੀਅਤ ਆਦਿ) ਕਿਤਾਬਾਂ ਦੇ ਦੁਖ ਵਿਖੇ ਹੰਕਾਰ ਦੇ ਭਰੇ ਹੋਏ ਜਿਦਾਂ ਤੇ ਝਗੜਿਆਂ ਵਿਚ ਝਗੜਦੇ ਰਹਿ ਗਏ।

ਗੁਰਮੁਖਿ ਸੁਖ ਫਲੁ ਵਿਰਲਾ ਪਾਏ ।੮।

(੯) ਵਿਰਲਾ (ਕੋਈ, ਜੋ) ਗੁਰਮੁਖ (ਹੋਵੇ ਸੋ) ਸੁਖ ਫਲ ਪਾਉਂਦਾ ਹੈ। (ਯਥਾ-'ਤੇਰਾ ਜਨੁ ਏਕੁ ਆਧੁ ਕੋਈ'॥ 'ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ'॥ ਭਾਵ ਸੋਫੀ ਬਾਹਲੇ ਹਨ ਅਰ ਪ੍ਰੇਮ ਪਿਆਲੇ ਦਾ ਅਮਲੀ ਕੋਈ ਵਿਰਲਾ ਹੈ)।

ਪਉੜੀ ੯

ਬਹੈ ਝਰੋਖੇ ਪਾਤਿਸਾਹ ਖਿੜਕੀ ਖੋਲ੍ਹਿ ਦੀਵਾਨ ਲਗਾਵੈ ।

(ਸਤਿਸੰਗ ਦੇ) ਝਰੋਖੇ ਵਿਚ (ਗੁਰੂ) ਪਾਤਸ਼ਾਹ ਬੈਠਕੇ ਆਪਣੀ (ਬਾਣੀ ਦੀ) ਖਿੜਕੀ ਦੀਵਾਨ ਲਾਕੇ ਖੋਹਲਦੇ ਹਨ (ਭਾਵ ਪ੍ਰੇਮ ਦੀ ਸ਼ਰਾਬ ਵੰਡਦੇ ਹਨ)।

ਅੰਦਰਿ ਚਉਕੀ ਮਹਲ ਦੀ ਬਾਹਰਿ ਮਰਦਾਨਾ ਮਿਲਿ ਆਵੈ ।

ਅੰਦਰ ਅੰਤਰੰਗ ਸਭਾ ਲਗਦੀ ਹੈ, ਬਾਹਰ ('ਮਰਦਾਨਾ') ਬਹਰੰਗ ਸਾਧਨਾ ਵਾਲੇ ਮਿਲਕੇ ਆਉਂਦੇ ਹਨ, (ਦਰਸ਼ਨ ਕਰਦੇ ਹਨ)।

ਪੀਐ ਪਿਆਲਾ ਪਾਤਿਸਾਹੁ ਅੰਦਰਿ ਖਾਸਾਂ ਮਹਲਿ ਪੀਲਾਵੈ ।

(ਗੁਰੂ) ਪਾਤਸ਼ਾਹ ਜੀ ਆਪ ਪਿਆਲਾ ਪੀ ਕਰ ਕੇ ਖਾਸ ਚੁਣਵੇਂ (ਗੁਰਮੁਖਾਂ) ਨੂੰ ਮਹਲ ਦੇ ਅੰਦਰ ਪਿਲਾਉਂਦੇ ਹਨ।

ਦੇਵਨਿ ਅਮਲੀ ਸੂਫੀਆਂ ਅਵਲਿ ਦੋਮ ਦੇਖਿ ਦਿਖਲਾਵੈ ।

ਅਮਲੀ (ਭਾਵ ਗੁਰਮੁਖ) ਸੋਫੀਆਂ ਨੂੰ ਪਿਆਲਾ ਅੱਵਲ ਜਾਂ ਦੂਜੇ ਦਰਜੇ ਦਾ ਆਪ ਦੇਖਕੇ ਦਿਖਾਉਂਦੇ ਹਨ (ਕਿ ਪੀਣ)।

ਕਰੇ ਮਨਾਹ ਸਰਾਬ ਦੀ ਪੀਐ ਆਪੁ ਨ ਹੋਰੁ ਸੁਖਾਵੈ ।

(ਪਰੰਤੂ ਸੋਫੀ ਲੋਕ) ਸ਼ਰਾਬ ਦੀ ਮਨਾਹੀ ਕਰਦੇ ਹਨ, ਆਪ ਪੀਂਦੇ ਨਹੀਂ ਹੋਰ ਨੂੰ ਪੀਂਦੇ ਦੇਖ ਸੁਖਾਉਂਦੇ ਨਹੀਂ।

ਉਲਸ ਪਿਆਲਾ ਮਿਹਰ ਕਰਿ ਵਿਰਲੇ ਦੇਇ ਨ ਪਛੋਤਾਵੈ ।

(ਪਰੰਤੂ) ਗੁਰੂ ਜੀ (ਆਪਣੇ) ਸੀਤ ਪ੍ਰਸ਼ਾਦ ਦਾ ਪਿਆਲਾ ਮਿਹਰ ਕਰ ਕੇ ਕਿਸੇ ਵਿਰਲੇ ਨੂੰ ਹੀ ਦਿੰਦੇ ਹਨ (ਜਦ ਕੋਈ ਨਾ ਪੀਵੇ) ਤਾਂ ਪਛੋਤਾਉਂਦੇ ਨਹੀਂ।

ਕਿਹੁ ਨ ਵਸਾਵੈ ਕਿਹੈ ਦਾ ਗੁਨਹ ਕਰਾਇ ਹੁਕਮੁ ਬਖਸਾਵੈ ।

(ਕਿਉਂ ਜੋ ਜਾਣਦੇ ਹਨ ਕਿ) ਵੱਸ ਕਿਸੇ ਦੇ ਨਹੀਂ, ਕਿਸੇ ਦਾ ਗੁਨਾਹ (ਏਹ ਨਾਂਹ) ਕਰਾਉਂਦਾ ਹੈ (ਏਸ ਗੁਨਾਹ ਦੀ ਕੋਈ ਕਾਰ ਪਰਮੇਸ਼ੁਰ) ਤੋਂ ਬਖਸ਼ਾਵੇ, (ਉਸ ਦਾ) ਹੁਕਮ (ਸਮਰੱਥ ਹੈ ਬਖਸ਼ਣੇ ਦਾ। ਭਾਵੇਹ ਕਿ ਅੰਤਹਕਰਨ ਤੇ ਪਾਪਾਂ ਦੀ ਜੋ ਮੈਲ ਹੈ ਸੋ ਪੇਸ਼ ਨਹੀਂ ਜਾਣ ਦੇਂਦੀ, ਏਹ ਮੈਲ ਨਾਂਹ ਕਰਾਉਂਦੀ ਹੈ, ਏਸ ਕਰ ਕੇ ਪਹਿਲੇ ਅੰਤਹ

ਹੋਰੁ ਨ ਜਾਣੈ ਪਿਰਮ ਰਸੁ ਜਾਣੈ ਆਪ ਕੈ ਜਿਸੁ ਜਣਾਵੈ ।

ਪ੍ਰੇਮ ਦੇ ਰਸ ਨੂੰ ਹੋਰ ਕੋਈ ਨਹੀਂ ਜਾਣਦਾ ਜਾਂ (ਗੁਰੂ ਜੀ) ਆਪ ਜਾਂ ਜਿਸ ਨੂੰ (ਗੁਰੂ ਜੀ) ਜਣਾਉਂਦੇ ਹਨ ਜਾਣਦਾ ਹੈ। ('ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ) '।

ਵਿਰਲੇ ਗੁਰਮੁਖਿ ਅਲਖੁ ਲਖਾਵੈ ।੯।

(੯) ਵਿਰਲੇ (ਨੂੰ ਜੋ) ਗੁਰਮੁਖ ਹੈ, ਅਲਖ (ਵਾਹਿਗੁਰੂ ਆਪਣਾ ਆਪ) ਲਖਾਉਂਦਾ ਹੈ।

ਪਉੜੀ ੧੦

ਵੇਦ ਕਤੇਬ ਵਖਾਣਦੇ ਸੂਫੀ ਹਿੰਦੂ ਮੁਸਲਮਾਣਾ ।

ਹਿੰਦੂ (ਰਿਗ, ਯੁਜਰ, ਸ਼ਾਮ, ਅਥਰਬਨ) ਵੇਦਾਂ ਦਾ ਅਰ ਮੁਸਲਮਾਨ (ਤਰੀਕਤ, ਹਕੀਕਤ, ਸ਼ਰੀਅਤ ਮਾਰਫਤ ਯਾ ਕੁਰਾਨ ਅੰਜੀਲ, ਤੌਰੇਤ, ਜ਼ਬੂਰ ਚਾਰ) ਕਤੇਬਾਂ ਦਾ ਵਖ੍ਯਾਣ ਕਰਦੇ ਹਨ, (ਪਰੰਤੂ ਦੋਵੇਂ) ਸੋਫੀ ਹਨ, (ਭਾਵ ਪ੍ਰੇਮ ਦੇ ਪਿਆਲੇ ਤੋਂ ਰਹਤ ਬੇਅਮਲੀ ਹਨ)।

ਮੁਸਲਮਾਣ ਖੁਦਾਇ ਦੇ ਹਿੰਦੂ ਹਰਿ ਪਰਮੇਸੁਰੁ ਭਾਣਾ ।

ਮੁਸਲਮਾਨ ਖੁਦਾ ਨੂੰ ਮੰਨਦੇ, ਤੇ ਹਿੰਦੂਆਂ ਨੂੰ ਪਰਮੇਸ਼ੁਰ (ਦਾ ਨਾਮ) ਹਰੀ ਭਾਉਂਦਾ ਹੈ।

ਕਲਮਾ ਸੁੰਨਤ ਸਿਦਕ ਧਰਿ ਪਾਇ ਜਨੇਊ ਤਿਲਕੁ ਸੁਖਾਣਾ ।

ਕਲਮਾਂ ਅਰ ਸੁੰਨਤ ਪੁਰ ਭਰੋਸਾ (ਮੁਸਲਮਾਨਾਂ ਨੂੰ), ਜਨੇਊ ਪਾਉਣਾ ਅਰ ਤਿਲਕ ਲਾਉਣਾ (ਹਿੰਦੂਆਂ ਨੂੰ) ਸੁਖਾਉਂਦਾ ਹੈ।

ਮਕਾ ਮੁਸਲਮਾਨ ਦਾ ਗੰਗ ਬਨਾਰਸ ਦਾ ਹਿੰਦੁਵਾਣਾ ।

ਮੱਕਾ ਮੁਸਲਮਾਨਾਂ ਦਾ (ਤੀਰਥ) ਹੈ ਅਰ ਹਿੰਦੂਆਂ ਦਾ ਗੰਗਾ ਤੇ ਕਾਂਸ਼ੀ ਹੈ।

ਰੋਜੇ ਰਖਿ ਨਿਮਾਜ ਕਰਿ ਪੂਜਾ ਵਰਤ ਅੰਦਰਿ ਹੈਰਾਣਾ ।

(ਅਜਿਹਾ ਹੀ) ਰੋਜ਼ੇ ਰਖ ਤੇ ਨਿਮਾਜ਼ ਪੜ੍ਹ ਅਰ ਪੂਜਾ ਪਾਠ ਕਰਨ ਵਿਖੇ ਦੋਵੇਂ ਹੈਰਾਣ ਹੋ ਰਹੇ ਹਨ।

ਚਾਰਿ ਚਾਰਿ ਮਜਹਬ ਵਰਨ ਛਿਅ ਘਰਿ ਗੁਰੁ ਉਪਦੇਸੁ ਵਖਾਣਾ ।

ਚਾਰੇ ਮਜ਼ਹਬ, ਚਾਰੇ ਵਰਣ, ਛੀ ਸ਼ਾਸਤ੍ਰਾਂ ਦੇ ਛੀ ਮਤ ਤੇ ਛੀ ਗੁਰੂ (ਭਿੰਨ ਭਿੰਨ) ਉਪਦੇਸ਼ ਕਰਦੇ ਹਨ।

ਮੁਸਲਮਾਨ ਮੁਰੀਦ ਪੀਰ ਗੁਰੁ ਸਿਖੀ ਹਿੰਦੂ ਲੋਭਾਣਾ ।

ਮੁਸਲਮਾਨ ਪੀਰ (ਆਪਣੇ) ਮੁਰੀਦਾਂ ਪਰ (ਅਰ) ਹਿੰਦੂਆਂ ਦੇ(ਆਗੂ ਆਪਣੀਆਂ) ਪੱਧਤਾਂ ਪੁਰ ਲੋਭ ਰਹੇ (ਆਪੋ ਆਪਣੇ) ਪੰਥ ਵਧਾਉਂਦੇ ਹਨ।

ਹਿੰਦੂ ਦਸ ਅਵਤਾਰ ਕਰਿ ਮੁਸਲਮਾਣ ਇਕੋ ਰਹਿਮਾਣਾ ।

ਹਿੰਦੂ ਦਸਾਂ ਅਵਤਾਰਾਂ ਪੁਰ ਅਰ ਮੁਸਲਮਾਨ ਇਕੋ ('ਰਹਮਾਣ') ਖੁਦਾ ਪੁਰ ਯਕੀਨ ਰਖਦੇ ਹਨ।

ਖਿੰਜੋਤਾਣੁ ਕਰੇਨਿ ਧਿਙਾਣਾ ।੧੦।

(੯) (ਗੱਲ ਕੀ ਆਪੋ ਆਪਣੇ ਪਾਸੇ) ਧਿੰਗਾ ਸ਼ਾਹੀ ਨਾਲ ਖਿੱਚਾ ਖਿੱਚੀ ਕਰ ਰਹੇ ਹਨ।

ਪਉੜੀ ੧੧

ਅਮਲੀ ਖਾਸੇ ਮਜਲਸੀ ਪਿਰਮੁ ਪਿਆਲਾ ਅਲਖੁ ਲਖਾਇਆ ।

(ਜਿਹੜੇ) ਖਾਸ ਮਜਲਸ (ਅਰਥਾਤ ਅਕਾਲ ਪੁਰਖ ਦੀ ਸਤਿਸੰਗਤ) ਦੇ ਅਮਲੀ ਹਨ, ਓਹ ਪ੍ਰੇਮ ਦਾ ਪਿਆਲਾ ਪੀਕੇ ਅਲਖ (ਵਾਹਿਗੁਰੂ) ਨੂੰ ਲਖਦੇ ਹਨ (ਵਾਹਿਗੁਰੂ ਨੂੰ ਅਨੁਭਵ ਕਰਦੇ ਤੇ ਹਰਦਮ ਲਿਵ ਵਿਚ ਰਹਿੰਦੇ ਹਨ। ਵਿਸ਼ੇਖ ਕਥਨ ਅਗੇ ਕਰਦੇ ਹਨ)।

ਮਾਲਾ ਤਸਬੀ ਤੋੜਿ ਕੈ ਜਿਉ ਸਉ ਤਿਵੈ ਅਠੋਤਰੁ ਲਾਇਆ ।

ਮਾਲਾ ਅਤੇ ਤਸਬੀ ਨੂੰ ਤੋੜਕੇ ਜਿੱਕੁਰ ਸੌ ਤਿਵੇਂ ਅੱਠ ਉਪਰ ਸੌ ਜਾਣਦੇ ਹਨ (ਭਾਵ ਗਿਣਤੀ ਨਾਲ ਭਜਨ ਨਹੀਂ ਕਰਦੇ, 'ਊਠਤ ਬੈਠਤ ਸੋਵਤ ਨਾਮ॥ ਕਹੁ ਨਾਨਕ ਜਨ ਕੈ ਸਦ ਕਾਮ॥' ਏਹ ਕਰਦੇ ਹਨ)।

ਮੇਰੁ ਇਮਾਮੁ ਰਲਾਇ ਕੈ ਰਾਮੁ ਰਹੀਮੁ ਨ ਨਾਉਂ ਗਣਾਇਆ ।

ਮਾਲਾ ਦੇ ਸਿਰ ਦਾ ਮਣਕਾ ਅਰ ਇਮਾਮ ਨੂੰ ਇਕ ਜਾਣਿਆਂ ਰਾਮ ਰਹੀਮ ਦਾ ਨਾਉਂ ਨਹੀਂ ਗਿਣਿਆ (ਗਿਣਤੀ ਤੋੜ ਦਿੱਤੀ)।

ਦੁਇ ਮਿਲਿ ਇਕੁ ਵਜੂਦੁ ਹੁਇ ਚਉਪੜ ਸਾਰੀ ਜੋੜਿ ਜੁੜਾਇਆ ।

(ਗੱਲ ਕੀ) ਦੁਹਾਂ (ਉਕਤ ਰਾਮ ਰਹੀਮ) ਨੂੰ ਇਕ ਸਰੀਰ ਸਮਝਕੇ ਸਾਰੀ ਸੰਸਾਰ ਦੀ ਬਾਜ਼ੀ ਨੂੰ ਚਉਪੜ ਦੀ ਬਾਜ਼ੀ ਦਾ ਜੋੜ ਸਮਝਦੇ ਹਨ।

ਸਿਵ ਸਕਤੀ ਨੋ ਲੰਘਿ ਕੈ ਪਿਰਮ ਪਿਆਲੇ ਨਿਜ ਘਰਿ ਆਇਆ ।

ਸ਼ਿਵ ਸ਼ਕਤੀ ਨੂੰ ਲੰਘਕੇ (ਦ੍ਵੰਦਾਤੀਤ ਹੋਕੇ) ਪ੍ਰੇਮ ਪਿਆਲਾ ਪੀਕੇ ਆਪਣੇ ਸਰੂਪ ਵਿਚ ਆਉਂਦੇ ਹਨ।

ਰਾਜਸੁ ਤਾਮਸੁ ਸਾਤਕੋ ਤੀਨੋ ਲੰਘਿ ਚਉਥਾ ਪਦੁ ਪਾਇਆ ।

ਸਤੋ, ਤਮੋ, ਰਜੋ, ਤਿੰਨ ਗੁਣਾਂ ਤੋਂ ਲੰਘ ਕੇ ('ਚੌਥਾ ਪਦ') ਤੁਰੀਆ ਪਦ ਵਿਖੇ ਸਿਥਿਰ ਰਹਿੰਦੇ ਹਨ।

ਗੁਰ ਗੋਵਿੰਦ ਖੁਦਾਇ ਪੀਰੁ ਗੁਰਸਿਖ ਪੀਰੁ ਮੁਰੀਦੁ ਲਖਾਇਆ ।

ਗੋਬਿੰਦ (ਵਾਹਿਗੁਰੂ) ਗੁਰੂ ਹੈ, ਖੁਦਾ (ਵਾਹਿਗੁਰੂ) ਪੀਰ ਹੈ 'ਗੁਰ ਸਿਖ' ਤੇ 'ਪੀਰ ਦਾ ਮੁਰੀਦ' ਇਕੋ ਲਖਦੇ ਹਨ, (ਭਾਵ-ਅਰਥ ਨੂੰ ਸਮਝਦੇ ਹਨ ਅੱਖਰਾਂ ਪਰ ਨਹੀਂ ਲੜਦੇ)।

ਸਚੁ ਸਬਦ ਪਰਗਾਸੁ ਕਰਿ ਸਬਦੁ ਸੁਰਤਿ ਸਚੁ ਸਚਿ ਮਿਲਾਇਆ ।

ਸੱਚੇ ਸ਼ਬਦ ਦਾ ਪ੍ਰਕਾਸ਼ ਕਰ ਕੇ ਅਰ ਸ਼ਬਦ ਵਿਖੇ ਸੁਰਤ ਲਾਕੇ ਸਚ ਵਿਚ ਸਚ ਮਿਲਾਉਂਦੇ ਹਨ।

ਸਚਾ ਪਾਤਿਸਾਹੁ ਸਚੁ ਭਾਇਆ ।੧੧।

(੯) (ਇਕ ਅਕਾਲ ਪੁਰਖ ਨੂੰ) ਸੱਚਾ ਪਾਤਸ਼ਾਹ (ਜਾਣਦੇ ਅਰ) ਸੱਚ ਨਾਲ (ਤਨੋਂ ਮਨੋਂ) ਪ੍ਰੀਤਿ ਰਖਦੇ ਹਨ।

ਪਉੜੀ ੧੨

ਪਾਰਬ੍ਰਹਮੁ ਪੂਰਨ ਬ੍ਰਹਮੁ ਸਤਿਗੁਰੁ ਸਾਧਸੰਗਤਿ ਵਿਚਿ ਵਸੈ ।

ਨਿਰਗੁਣ ਬ੍ਰਹਮ ਪੂਰਣ ਬ੍ਰਹਮ (ਸਗੁਣ ਮੂਰਤੀ ਹੋਕੇ) ਸਤਿਗੁਰੂ (ਗੁਰੂ ਨਾਨਕ ਦਾ ਰੂਪ) ਸਾਧ ਸੰਗਤ ਵਿਚ ਵਸਦਾ ਹੈ।

ਸਬਦਿ ਸੁਰਤਿ ਅਰਾਧੀਐ ਭਾਇ ਭਗਤਿ ਭੈ ਸਹਜਿ ਵਿਗਸੈ ।

ਗੁਰੂ ਦੇ ਸ਼ਬਦ ਵਿਖੇ ਸੁਰਤ ਲਾਕੇ (ਰਿਦੇ ਵਿਖੇ) ਪ੍ਰੇਮਾ ਭਗਤੀ ਅਰ ਭੈ ਨਾਲ ਧਿਆਨ ਕਰੀਏ (ਤਾਂ) ਸਹਿਜੇ ਹੀ ਪ੍ਰਕਾਸ਼ਦਾ ਹੈ।

ਨਾ ਓਹੁ ਮਰੈ ਨ ਸੋਗੁ ਹੋਇ ਦੇਂਦਾ ਰਹੈ ਨ ਭੋਗੁ ਵਿਣਸੈ ।

ਉਹ ਕਦੇ ਮਰਦਾ (ਜਨਮਦਾ ਨਹੀਂ) ਅਰ ਨਾ ਕਦੇ ਉਨ੍ਹਾਂ ਦਾ ਸੋਗ ਹੋਇਆ ਹੈ, (ਉਹ ਸਦਾ) ਦੇਂਦਾ ਰਹਿੰਦਾ ਹੈ, (ਅਰ ਸੰਤਾਂ ਨੂੰ ਉਸ ਦੀ ਦਾਤ ਦਾ) ਭੋਗ ਕਦੇ ਘਟਦਾ ਨਹੀਂ ਹੈ, (ਭਾਵ-ਉਹ ਅਜੋਨਿ, ਅਮਰ ਹੈ, ਇਸ ਕਰ ਕੇ ਦਾਤ ਬੀ ਕਦੀ ਨਹੀਂ ਮੁਕਦੀ ਤੇ ਇਸੇ ਕਰ ਕੇ ਸ਼ੋਕ ਨਹੀਂ ਹੁੰਦਾ)।

ਗੁਰੂ ਸਮਾਣਾ ਆਖੀਐ ਸਾਧਸੰਗਤਿ ਅਬਿਨਾਸੀ ਹਸੈ ।

(ਲੋਕ) ਕਹਿੰਦੇ ਹਨ ਕਿ ਗੁਰੂ ਸਮਾ ਗਿਆ (ਅਰਥਾਤ ਮਰ ਗਿਆ ਹੈ, ਪਰੰਤੂ) ਸਾਧ ਸੰਗਤ (ਦੇ ਲੋਕ ਗੁਰੂ ਨੂੰ) ਅਬਿਨਾਸ਼ੀ (ਜਾਣ ਲੋਕਾਂ ਨੂੰ) ਹੱਸਦੇ ਹਨ, (ਕਿਉਂ ਜੋ ਗੁਰੂ ਸਦਾ ਹਾਜ਼ਰ ਨਾਜ਼ਰ ਹਨ, ਅਥਵਾ ਗੁਰੂ ਨੂੰ ਲੋਕੀਂ ਮਰ ਗਿਆ ਸਮਝਦੇ ਹਨ, ਪਰ ਗੁਰੂ ਅਬਿਨਾਸ਼ੀ ਸਾਧ ਸੰਗਤ ਵਿਚ ਪ੍ਰਕਾਸ਼ਮਾਨ ਹੈ)।

ਛੇਵੀਂ ਪੀੜ੍ਹੀ ਗੁਰੂ ਦੀ ਗੁਰਸਿਖਾ ਪੀੜ੍ਹੀ ਕੋ ਦਸੈ ।

ਛੀਵੀਂ ਪੀੜ੍ਹੀ ਗੁਰੂ ਦੀ (ਅਰਥਾਤ) ਗੁਰੂ ਹਰਿਗੋਬਿੰਦ ਜੀ ਦੀ ਹੈ, (ਉਹ ਆਪ ਆਪਣੀ) ਕਿਹੜੀ ਪੀੜ੍ਹੀ ਗੁਰ ਸਿਖਾਂ ਨੂੰ ਦੱਸਦੇ ਹਨ? (ਉੱਤਰ ਅਗਲੀ ਤੁਕ ਵਿਚ ਹੈ)।

ਸਚੁ ਨਾਉਂ ਸਚੁ ਦਰਸਨੋ ਸਚ ਖੰਡ ਸਤਿਸੰਗੁ ਸਰਸੈ ।

ਸੱਚਾ ਨਾਉਂ, ਸੱਚਾ ਦਰਸ਼ਨ, ਸਤਿਸੰਗਤ ਰੂਪ ਸੱਚਾ ਖੰਡ ਹੈ, ਤਿੱਥੇ ਸ਼ੋਭਨੀਕ ਹਨ, (ਪੁਨਾ:-ਕਰੋ ਕੀ?)

ਪਿਰਮ ਪਿਆਲਾ ਸਾਧਸੰਗਿ ਭਗਤਿ ਵਛਲੁ ਪਾਰਸੁ ਪਰਸੈ ।

ਸਾਧ ਸੰਗਤ ਵਿਚ ਪ੍ਰੇਮ ਦਾ ਪਿਆਲਾ ਪੀਓ ਜਿਥੇ ਭਗਤ ਵੱਛਲ ਗੁਰੂ ਪਾਰਸ (ਵੱਸਦਾ ਹੈ ਉਸ ਨੂੰ) ਪਰਸੋ।

ਨਿਰੰਕਾਰੁ ਅਕਾਰੁ ਕਰਿ ਹੋਇ ਅਕਾਲ ਅਜੋਨੀ ਜਸੈ ।

(ਉਥੇ) ਨਿਰੰਕਾਰ ਆਕਾਰ ਵਾਲਾ ਹੋਕੇ ਅਕਾਲ ਤੇ ਅਜੋਨੀ ਦਾ ਜੱਸ ਕਰ ਰਿਹਾ ਹੈ।

ਸਚਾ ਸਚੁ ਕਸੌਟੀ ਕਸੈ ।੧੨।

(੯) ਸੱਚਾ ਸੱਚ ਦੀ ਕਸਉਟੀ ਤੇ ਕਸ ਲਾਉਂਦਾ ਹੈ(ਭਾਵ ਜਗ੍ਯਾਸੂ ਬੀ ਸੱਚਾ ਚਾਹੀਏ, ਵਿਤੰਡਾ ਵਾਦੀ ਨਾ ਹੋਵੇ)

ਪਉੜੀ ੧੩

ਓਅੰਕਾਰ ਅਕਾਰੁ ਕਰਿ ਤ੍ਰੈ ਗੁਣ ਪੰਜ ਤਤ ਉਪਜਾਇਆ ।

ਓਅੰਕਾਰ (ਵਾਹਿਗੁਰੂ) ਨੇ ਤਿੰਨ ਗੁਣਾਂ ਦੇ ਅਕਾਰ ਕਰ ਕੇ ਪੰਜ ਤੱਤ ਰਚੇ।

ਬ੍ਰਹਮਾ ਬਿਸਨੁ ਮਹੇਸੁ ਸਾਜਿ ਦਸ ਅਵਤਾਰ ਚਲਿਤ ਵਰਤਾਇਆ ।

ਬ੍ਰਹਮਾਂ (ਰਜੋ ਗੁਣ), ਬਿਸ਼ਨੂੰ (ਸਤੋ ਗੁਣ), ਮਹੇਸ਼ (ਤਮੋ ਗੁਣ ਬਣਾਕੇ) ਦਸ ਅਵਤਾਰਾਂ ਦੇ ਕੌਤਕ ਦਾ ਖੇਲ ਰਚ ਦਿੱਤਾ।

ਛਿਅ ਰੁਤਿ ਬਾਰਹ ਮਾਹ ਕਰਿ ਸਤਿ ਵਾਰ ਸੈਂਸਾਰ ਉਪਾਇਆ ।

ਛੀ ਰੁੱਤਾਂ, ਬਾਰਾਂ ਮਹੀਨੇ ਕਰ ਕੇ ਸੱਤ ਵਾਰ ਸੰਸਾਰ ਵਿਖੇ ਬਣਾਏ (ਕਿ ਇਨ੍ਹਾਂ ਥੋਂ ਜੀਵ ਵਿਹਾਰ ਤੋਰਿਆ ਕਰਨ)।

ਜਨਮ ਮਰਨ ਦੇ ਲੇਖ ਲਿਖਿ ਸਾਸਤ੍ਰ ਵੇਦ ਪੁਰਾਣ ਸੁਣਾਇਆ ।

(ਇਨ੍ਹਾਂ ਨੇ ਹੀ) ਜਨਮ ਮਰਣ ਦੇ ਲੇਖ ਲਿਖ ਦਿੱਤੇ, ਨਾਨਾ ਪ੍ਰਕਾਰ ਦੇ ਧਰਮ ਪੁਸਤਕ (ਸ਼ਾਸਤ੍ਰ ਅਰ ਵੇਦ ਪੁਰਾਣ) ਸੁਣਾਏ, (ਅਗਲੀ ਪਉੜੀ ਵਿਚ ਖੋਲ੍ਹਣਗੇ ਕਿ ਏਹ ਬ੍ਰਹਮਾਂ ਨੇ ਬਣਾਏ)।

ਸਾਧਸੰਗਤਿ ਦਾ ਆਦਿ ਅੰਤੁ ਥਿਤ ਨ ਵਾਰੁ ਨ ਮਾਹੁ ਲਿਖਾਇਆ ।

ਸਾਧ ਸੰਗਤ ਦੇ ਆਦ ਅੰਤ ਦਾ ਥਿਤ ਵਾਰ ਮਹੀਨਾ ਕੋਈ ਨਹੀਂ ਲਿਖਾਇਆ, (ਕਿਉਂ ਨਹੀਂ ਲਿਖਾਇਆ?)

ਸਾਧਸੰਗਤਿ ਸਚੁ ਖੰਡੁ ਹੈ ਨਿਰੰਕਾਰੁ ਗੁਰੁ ਸਬਦੁ ਵਸਾਇਆ ।

ਸਾਧ ਸੰਗਤ ਸਚਖੰਡ ਹੈ, ਨਿਰੰਕਾਰ ਰੂਪ ਗੁਰੂ ਨੇ (ਆਪਣੇ) ਸ਼ਬਦ ਨਾਲ ਵਸਾਇਆ ਹੈ, (ਭਾਵ ਨਿਰੰਕਾਰ ਦੇ ਬਚਨ ਨਾਲ ਬਣਿਆ ਹੈ ਅਰ ਨਿਰੰਕਾਰ ਦਾ ਹੀ ਸਰੂਪ ਹੈ, ਅੱਗੇ ਬ੍ਰਿੱਛ ਦਾ ਦ੍ਰਿਸ਼ਟਾਂਤ ਦਿੰਦੇ ਹਨ)।

ਬਿਰਖਹੁਂ ਫਲੁ ਫਲ ਤੇ ਬਿਰਖੁ ਅਕਲ ਕਲਾ ਕਰਿ ਅਲਖੁ ਲਖਾਇਆ ।

ਬ੍ਰਿੱਛ ਥੋਂ ਫਲ, ਫਲ ਬੋਂ ਬ੍ਰਿੱਛ ਹੁੰਦਾ ਹੈ, (ਪਰੰਤੂ ਆਦ ਕਾਰਣ ਪਰਤੀਤ ਨਹੀਂ ਹੁੰਦਾ। ਤਿਹਾ ਹੀ ਸਾਧ ਸੰਗਤ ਸੱਚਾ ਖੰਡ ਬੀ ਅਨਾਦੀ ਹੈ) 'ਅਕਲ' (ਪਰਮਾਤਮਾ) ਨੇ (ਆਪਣੀ) ਸ਼ਕਤੀ ਨਾਲ ਇਹ ਅਲੱਖ (ਵਸਤੂ ਸਾਧ ਸੰਗਤ) ਦਿਖਾ ਦਿੱਤੀ ਹੈ।

ਆਦਿ ਪੁਰਖੁ ਆਦੇਸੁ ਕਰਿ ਆਦਿ ਪੁਰਖੁ ਆਦੇਸੁ ਕਰਾਇਆ ।

ਆਦੀ ਪੁਰਖ (ਪਰਮਾਤਮਾ) ਨੂੰ ਜੋ 'ਆਦੇਸ਼' (ਨਮਸਕਾਰ) ਕਰਦੇ ਹਨ (ਯਾ ਦੇਸ਼ ਕਾਲ ਵਸਤੂ ਦੇ ਭੇਦ ਥੋਂ ਰਹਿਤ ਸਮਝਦੇ ਹਨ) ਓਹ ਆਦਿ ਪੁਰਖ ਆਦੇਸ ਦਾ ਰੂਪ ਹੋ ਜਾਂਦੇ ਹਨ। (ਅਥਵਾ-ਆਦਿ ਪੁਰਖ ਗੁਰ ਨਾਨਕ ਨੂੰ ਗੁਰੂ ਅੰਗਦ ਥੋਂ ਆਦੇਸ-ਨਮਸਕਾਰ-ਕਰਾਕੇ ਆਦਿ ਪੁਰਖ-ਗੁਰ ਨਾਨਕ ਤੋਂ ਨਮਸ਼ਕਾਰ ਕਰਵਾਈ, ਇਹ ਅਰਥ ਸ਼ੁਧ ਪ੍ਰਤੀਤ ਦੇਂਦਾ ਹੈ)।

ਪੁਰਖੁ ਪੁਰਾਤਨੁ ਸਤਿਗੁਰੂ ਓਤਪੋਤਿ ਇਕੁ ਸੂਤ੍ਰ ਬਣਾਇਆ ।

(੯) ਸਤਿਗੁਰੂ ਜੀ ਦਾ ਪੁਰਖ (ਵਜੂਦ) ਸਨਾਤਨ ਹੈ, ਤਾਣਾ ਪੇਟਾ ਇਕੋ ਸੂਤ ਬਣਾਇਆ ਹੈ, (ਭਾਵ, ਗੁਰੂ ਅੰਗਦ, ਗੁਰੂ ਨਾਨਕ ਤਾਣੇ ਪੇਟੇ ਵਾਂਗੂੰ ਸਿਖ ਗੁਰੂ ਹਨ, ਪਰ ਉਂ ਦੋਵੇਂ ਸੂਤ ਹਨ ਅਰ ਗੁਰੂ ਦਾ ਵਜੂਦ ਇਸ ਸੰਸਾਰ ਤੇ ਆਉਣ ਦੇ ਸਮੇਂ ਤੋਂ ਹੀ ਨਹੀਂ ਮੁੰਢ ਦਾ ਹੀ ਹੈ, ਸਨਾਤਨ ਹੈ। ਇਹ ਮਤਲਬ ਨਹੀਂ ਕਿ ਦੋ ਅਨਾਦੀ ਰੱਬ ਹਨ,

ਵਿਸਮਾਦੈ ਵਿਸਮਾਦੁ ਮਿਲਾਇਆ ।੧੩।

(੧੦) ਅਚਰਜ ਰੂਪ ਵਿਖੇ ਅਸਚਰਜ ਰੂਪ ਮਿਲੇ ਹਨ।

ਪਉੜੀ ੧੪

ਬ੍ਰਹਮੇ ਦਿਤੇ ਵੇਦ ਚਾਰਿ ਚਾਰਿ ਵਰਨ ਆਸਰਮ ਉਪਜਾਏ ।

ਬ੍ਰਹਮਾਂ ਨੇ ਚਾਰ ਵੇਦ ਦਿਤੇ, ਚਾਰ ਵਰਣ, ਚਾਰ ਆਸ਼ਰਮ ਉਤਪੱਤ ਕੀਤੇ ਹਨ।

ਛਿਅ ਦਰਸਨ ਛਿਅ ਸਾਸਤਾ ਛਿਅ ਉਪਦੇਸ ਭੇਸ ਵਰਤਾਏ ।

ਛੀ ਦਰਸ਼ਨ, ਛੀ ਸ਼ਾਸਤ੍ਰ, ਛੀ ਉਹਨਾਂ ਦੇ ਉਪਦੇਸ਼ ਤੇ ਭੇਸ (ਭਿੰਨ ਭਿੰਨ) ਵਰਤਾਏ ਹਨ।

ਚਾਰੇ ਕੁੰਡਾਂ ਦੀਪ ਸਤ ਨਉ ਖੰਡ ਦਹ ਦਿਸਿ ਵੰਡ ਵੰਡਾਏ ।

ਚਾਰ ਕੁੰਡਾਂ, ਸੱਤ ਦੀਪ, ਨਵ ਖੰਡ, ਦਸ ਦਿਸ਼ਾ ਦੀ ਵੰਡ ਕਰ ਦਿਤੀ।

ਜਲ ਥਲ ਵਣ ਖੰਡ ਪਰਬਤਾਂ ਤੀਰਥ ਦੇਵ ਸਥਾਨ ਬਣਾਏ ।

ਜਲ ਅਤੇ ਥਲ, ਬਣ ਖੰਡਾਦਿਕ ਤੀਰਥ ਦੇਵ ਸਥਾਨ ਰਚੇ।

ਜਪ ਤਪ ਸੰਜਮ ਹੋਮ ਜਗ ਕਰਮ ਧਰਮ ਕਰਿ ਦਾਨ ਕਰਾਏ ।

ਜਪ ਤਪ ਸੰਜਮ ਹੋਮ, ਜੱਗ ਦਾਨ ਧਰਮ (ਆਦਿਕ ਸ਼ੁਭ ਕਰਮ) ਬਣਾਏ।

ਨਿਰੰਕਾਰੁ ਨ ਪਛਾਣਿਆ ਸਾਧਸੰਗਤਿ ਦਸੈ ਨ ਦਸਾਏ ।

ਨਿਰੰਕਾਰ ਨੂੰ ਕਿਸੇ ਪਛਾਣਿਆਂ ਨਹੀਂ, ਸਾਧ ਸੰਗਤ ਹੀ ਦੱਸਦੀ ਹੈ (ਪਰੰਤੂ ਜੀਵ ਦੱਸਣ ਵਾਲੇ ਥੋਂ 'ਨ ਦਸਾਏ') ਪੁੱਛਦਾ ਨਹੀਂ।

ਸੁਣਿ ਸੁਣਿ ਆਖਣੁ ਆਖਿ ਸੁਣਾਏ ।੧੪।

ਅਖਾਣਾਂ ਨੂੰ ਸੁਣ ਸੁਣ ਕੇ (ਲੋਕਾਂ ਨੂੰ) ਕਹਿਕੇ ਸੁਣਾਂਵਦੇ ਹਨ।

ਪਉੜੀ ੧੫

ਦਸ ਅਵਤਾਰੀ ਬਿਸਨੁ ਹੋਇ ਵੈਰ ਵਿਰੋਧ ਜੋਧ ਲੜਵਾਏ ।

ਵਿਸ਼ਨੂੰ ਨੇ ਦਸ ਅਵਤਾਰ ਧਾਰਕੇ ਵੈਰ ਵਿਰੋਧ ਪਾਕੇ ਸੂਰਮੇ ਲੜਾਏ।

ਦੇਵ ਦਾਨਵ ਕਰਿ ਦੁਇ ਧੜੇ ਦੈਤ ਹਰਾਏ ਦੇਵ ਜਿਤਾਏ ।

ਦੇਵ ਅਤੇ ਰਾਖਸ਼ਾਂ ਦੇ ਦੋ ਧੜੇ ਬਣਾ ਦੈਂਤ ਹਰਾ ਦਿਤੇ ਤੇ ਦੇਵਤੇ ਜਿਤਾਏ (ਫਤੇਮੰਦ ਕੀਤੇ)।

ਮਛ ਕਛ ਵੈਰਾਹ ਰੂਪ ਨਰਸਿੰਘ ਬਾਵਨ ਬੌਧ ਉਪਾਏ ।

ਪਰਸਰਾਮੁ ਰਾਮ ਕ੍ਰਿਸਨੁ ਹੋਇ ਕਿਲਕ ਕਲੰਕੀ ਨਾਉ ਗਣਾਏ ।

ਮੱਛ ੧, ਕੱਛ ੨। ਸ਼ੂਕਰਾਵਤਾਰ ੩, (ਨਰਬਿਆ) ਨਰ ਨਾਰਾਇਣ੪, ਬਾਵਨਾਂਵਤਾਰ ੫, ਬੋਧ੬, ਪਰਸਰਾਮ੭, ਰਾਮ੮, ਕ੍ਰਿਸ਼ਨ੯, ਕਿਲਕ ਦੇਸ਼ ਵਿਖੇ ਕਲਕੀਵਤਾਰ੧੦ ਨਾਵ ਰਖਾਇਆ।

ਚੰਚਲ ਚਲਿਤ ਪਖੰਡ ਬਹੁ ਵਲ ਛਲ ਕਰਿ ਪਰਪੰਚ ਵਧਾਏ ।

ਚੰਚਲਤਾਈ ਦੇ ਕੌਤਕ, ਪਖੰਡ, ਵਲ ਛਲ ਕਰ ਕੇ ਕਈ (ਪਰਪੰਚ) ਪਸਾਰੇ ਵਧਾ ਦਿਤੇ।

ਪਾਰਬ੍ਰਹਮੁ ਪੂਰਨ ਬ੍ਰਹਮੁ ਨਿਰਭਉ ਨਿਰੰਕਾਰੁ ਨ ਦਿਖਾਏ ।

ਪਾਰਬ੍ਰਹਮ, ਪੂਰਨ ਬ੍ਰਹਮ, ਨਿਰਭਉ ਨਿਰੰਕਾਰ ਨੂੰ (ਕਿਸੇ ਨੇ) ਨਾ ਦਿਖਾਇਆ, (ਆਪੋ ਆਪਣਾ ਹੀ ਨਾਮ ਜਪਾਉਂਦੇ ਰਹੇ)।

ਖਤ੍ਰੀ ਮਾਰਿ ਸੰਘਾਰੁ ਕਰਿ ਰਾਮਾਯਣ ਮਹਾਭਾਰਤ ਭਾਏ ।

(ਪਰਸਰਾਮ ਨੇ) ਖੱਤ੍ਰੀ ੨੧ ਵਾਰ ਮਾਰ ਕੇ ਨਾਸ਼ ਕਰ ਦਿਤੇ, ਰਾਮਾਇਣ ਅਤੇ ਮਹਾਂ ਭਾਰਤ (ਜੁੱਧ ਪੁਸਤਕ ਹੀ ਲੋਕਾਂ ਨੂੰ) ਭਾਏ।

ਕਾਮ ਕਰੋਧੁ ਨ ਮਾਰਿਓ ਲੋਭੁ ਮੋਹੁ ਅਹੰਕਾਰੁ ਨ ਜਾਏ ।

ਕਾਮਾਦਿ ਵਿਖਯ ਕਿਸੇ ਅਵਤਾਰ ਨੇ ਨਾ ਮਾਰੇ, ਲੋਭ ਮੋਹ ਹੰਕਾਰ ਨਾ ਗਿਆ।

ਸਾਧਸੰਗਤਿ ਵਿਣੁ ਜਨਮੁ ਗਵਾਏ ।੧੫।

(ਘਰਬਾਰੀ=ਗ੍ਰਿਹਸਥੀ। ਪਰਚ=ਸ਼ਕਤੀਆਂ। ਚੇਟਕ=ਚਟਕ, ਪ੍ਰੇਮ। ਬੁਰਗੂ=ਨਾਦ ਵਿਸ਼ੇਖ।)

ਪਉੜੀ ੧੬

ਇਕ ਦੂ ਗਿਆਰਹ ਰੁਦ੍ਰ ਹੋਇ ਘਰਬਾਰੀ ਅਉਧੂਤੁ ਸਦਾਇਆ ।

ਸ਼ਿਵ ਨੇ ਇਕ (ਮੂੰਹ) ਥੋਂ ਯਾਰਾਂ (ਮੂਹਾਂ ਵਾਲਾ ਸਰੂਪ) ਹੋਕੇ ਘਰ ਬਾਰੀ (ਗ੍ਰਿਹਸਥੀ) ਹੋਕੇ ਅਵਧੂਤ ਸਦਾਇਆ।

ਜਤੀ ਸਤੀ ਸੰਤੋਖੀਆਂ ਸਿਧ ਨਾਥ ਕਰਿ ਪਰਚਾ ਲਾਇਆ ।

ਜਤੀ, ਸਤੀ, ਸੰਤੋਖੀਆਂ, ਸਿੱਧਾਂ ਨਾਥਾਂ ਨੇ ਪਰਚਾ (ਪ੍ਰਵਿਰਤੀ) ਕਰਨ ਵਿਚ ਹੀ ਸਮਾਂ ਖਰਚ ਕੀਤਾ (ਸਿੱਧੀਆਂ ਆਦਿ ਵਿਚ ਲੱਗੇ ਰਹੇ)।

ਸੰਨਿਆਸੀ ਦਸ ਨਾਂਵ ਧਰਿ ਜੋਗੀ ਬਾਰਹ ਪੰਥ ਚਲਾਇਆ ।

ਸੰਨਿਆਸੀਆਂ ਨੇ ਦਸ ਨਾਉਂ (ਗਿਰੀ ਪੁਰੀ ਭਾਰਥੀ ਆਦਿਕ) ਰਖ ਲੀਤੇ, ਜੋਗੀਆਂ (ਆਪਣੇ ਵੱਖਰੇ) ਬਾਰਾਂ ਪੰਥ ਚਲਾ ਦਿਤੇ।

ਰਿਧਿ ਸਿਧਿ ਨਿਧਿ ਰਸਾਇਣਾਂ ਤੰਤ ਮੰਤ ਚੇਟਕ ਵਰਤਾਇਆ ।

ਰਿਧੀਆਂ, ਸਿੱਧੀਆਂ, ਨਿਧਾਂ, ਤੰਤਰ, ਮੰਤਰਾਂ, ਰਸਾਇਣਾਂ ਦਾ ਚੇਟਕ ਵਰਤਾ ਦਿੱਤਾ, (ਭਾਵ ਕਿਸੇ ਨੂੰ ਕੋਈ ਨਾ ਕੋਈ ਚੇਟਕ ਲੱਗ ਗਿਆ)।

ਮੇਲਾ ਕਰਿ ਸਿਵਰਾਤ ਦਾ ਕਰਾਮਾਤ ਵਿਚਿ ਵਾਦੁ ਵਧਾਇਆ ।

(ਸਿੱਧਾਂ ਨੇ) ਸ਼ਿਵਰਾਤਰੀ ਦਾ (ਵਟਾਲੇ ਵਿਖੇ) ਮੇਲਾ ਬਣਾ ਕੇ ਕਰਮਾਤਾਂ ਦੇ ਝਗੜੇ ਵਧਾ ਦਿੱਤੇ(ਕੋਈ ਤੂੰਬੀ ਕੋਈ ਫਹੁੜੀ ਉਡਾਉਣ ਲੱਗ ਪਿਆ)।

ਪੋਸਤ ਭੰਗ ਸਰਾਬ ਦਾ ਚਲੈ ਪਿਆਲਾ ਭੁਗਤ ਭੁੰਚਾਇਆ ।

ਪੋਸਤ ਤੇ ਭੰਗ ਸ਼ਰਾਬ ਦੇ ਪਿਆਲੇ (ਜੋਗੀ ਪੀ ਕੇ) ਹੋਰਨਾਂ ਨੂੰ ('ਭਗਤੀਆਂ') ਲੱਡੂ ਪੇੜਿਆਂ ਦੇ ਗੱਫੇ ਦੇਣ ਲੱਗੇ।

ਵਜਨਿ ਬੁਰਗੂ ਸਿੰਙੀਆਂ ਸੰਖ ਨਾਦ ਰਹਰਾਸਿ ਕਰਾਇਆ ।

(ਫਕੀਰ ਲੋਕ ਬੁਰਗੂ ਨਾਦ ਪੂਰਣ, ਜੋਗੀ) ਸਿੰਙੀਆਂ ਵਜਾਉਣ (ਅਤੇ ਹੋਰ ਲੋਕ) ਸੰਖਾਂ ਦਾ ਨਾਦ ਕਰ ਕੇ ਰਹੁਰੀਤ ਪੂਰੀ ਕਰਨ ਲੱਗ।

ਆਦਿ ਪੁਰਖੁ ਆਦੇਸੁ ਕਰਿ ਅਲਖੁ ਜਗਾਇਨ ਅਲਖੁ ਲਖਾਇਆ ।

ਆਦਿ ਪੁਰਖ ਨੂੰ ਆਦੇਸ ਕਰ ਕੇ ਅਲਖ ਜਗਾਇਆ (ਅਲਖ ਅਲਖ ਕਹਿੰਦੇ ਫਿਰੇ) ਪਰੰਤੂ ਅਲਖ (ਪਰਮਾਤਮਾਂ) ਨੂੰ ਕਿਸੇ ਨਾ ਲਖਿਆ।

ਸਾਧਸੰਗਤਿ ਵਿਣੁ ਭਰਮਿ ਭੁਲਾਇਆ ।੧੬।

(੯) ਸਾਧ ਸੰਗਤ ਬਾਝ ਭਰਮ ਵਿਖੇ ਹੀ (ਉਕਤ ਸਿਵ, ਜਤੀ, ਸਤੀ, ਸੰਨਿਆਸੀ, ਸਿੱਧ, ਨਾਥ) ਭੁੱਲੇ ਰਹੇ।

ਪਉੜੀ ੧੭

ਨਿਰੰਕਾਰੁ ਆਕਾਰੁ ਕਰਿ ਸਤਿਗੁਰੁ ਗੁਰਾਂ ਗੁਰੂ ਅਬਿਨਾਸੀ ।

ਅਕਾਲ ਪੁਰਖ ਨੇ ਅਕਾਰ ('ਸਤਿਗੁਰੂ') ਗੁਰ ਨਾਨਕ ਦਾ ਕੀਤਾ ਹੈ, (ਆਪ) ਗੁਰੂਆਂ ਦੇ ਬੀ ਗੁਰੂ (ਅਤੇ ਅਬਿਨਾਸ਼ੀ ਹਨ।

ਪੀਰਾਂ ਪੀਰੁ ਵਖਾਣੀਐ ਨਾਥਾਂ ਨਾਥੁ ਸਾਧਸੰਗਿ ਵਾਸੀ ।

ਪੀਰਾਂ ਦੇ ਪੀਰ ਅਰ ਨਾਂਥਾਂ ਦੇ ਨਾਥ ਕਹੀਦੇ ਹਨ ਸਾਧ ਸੰਗਤ ਵਿਖੇ ਵਸਦੇ ਹਨ।

ਗੁਰਮੁਖਿ ਪੰਥੁ ਚਲਾਇਆ ਗੁਰਸਿਖੁ ਮਾਇਆ ਵਿਚਿ ਉਦਾਸੀ ।

ਗੁਰਮੁਖਾਂ ਦਾ ਪੰਥ (ਆਪ ਨੇ) ਤੋਰਿਆ ਹੈ, ਗੁਰੂ ਦੇ ਸਿਖ ਮਾਇਆ ਵਿਖੇ ਰਹਿਕੇ (ਭਾਵ ਗ੍ਰਿਹਸਥ ਵਿਚ ਹੀ) ਉਦਾਸ ਬ੍ਰਿਤੀ ਰਖਦੇ ਹਨ (ਐਸੀ ਸੰਪ੍ਰ੍ਰਦਾਇ ਤੋਰੀ ਹੈ)।

ਸਨਮੁਖਿ ਮਿਲਿ ਪੰਚ ਆਖੀਅਨਿ ਬਿਰਦੁ ਪੰਚ ਪਰਮੇਸੁਰੁ ਪਾਸੀ ।

ਜੋ ਸਨਮੁਖ ਹੋ ਕੇ ਮਿਲਣ ਉਨ੍ਹਾਂ ਨੂੰ ਪੰਚ ਕਹੀਦਾ ਹੈ, ਜਿਨ੍ਹਾਂ ਨੇ ('ਪੰਚਾਂ') ਸੰਤਾ ਦਾ ਬਿਰਦ (ਧਰਮ) ਧਾਰੇਦ ਕੀਤਾ ਹੈ ਪਰਮੇਸ਼ੁਰ ਪਾ; ਰਹਿੰਦੇ ਹਨ, (ਅਥਵਾ ਪਰਮੇਸ਼ੁਰ ਪਾਸ ਨੇੜੇ ਸਮਝਦੇ ਹਨ)

ਗੁਰਮੁਖਿ ਮਿਲਿ ਪਰਵਾਣ ਪੰਚ ਸਾਧਸੰਗਤਿ ਸਚ ਖੰਡ ਬਿਲਾਸੀ ।

ਗੁਰਮੁਖ ਦਾ ਮੇਲ ਹੀ ਪੰਚ ਪਰਵਾਣ ਹੈ (ਜਿਹਾ ਜਪੁਜੀ ਵਿਖੇ ਵਿਦਮਾਨ ਹੈ- 'ਪੰਚ ਪਰਵਾਣ ਪੰਚ ਪਰਧਾਨ। ਪੰਚੇ ਪਵਿਹਿ ਦਰਗਹਿ ਮਾਨੁ॥') ਸਾਧ ਸੰਗਤ ਦੇ ਸੱਚੇ ਖੰਡ ਵਿਖੇ ('ਬਿਲਸੀ ') ਅਨੰਦ ਕਰਦੇ ਹਨ। (ਅਥਵਾ ਪ੍ਰਵਾਨ ਸੰਤ ਤੇ ਗੁਰਮੁਖ ਮਿਲਕੇ। ਸਾਧ ਸੰਗ ਦੇ ਸਚਖੰਡ ਵਿਚ ਅਨੰਦ ਕਰਦੇ ਹਨ)।

ਗੁਰ ਦਰਸਨ ਗੁਰ ਸਬਦ ਹੈ ਨਿਜ ਘਰਿ ਭਾਇ ਭਗਤਿ ਰਹਰਾਸੀ ।

ਗੁਰੂ ਦਾ ਦਰਸ਼ਨ (ਮਤ) ਗੁਰੂ ਦਾ ਸ਼ਬਦ ਹੈ, ('ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ')। (ਜਿਸ ਨੂੰ ਕਮਾ ਕੇ) ਆਪਣੇ ਸਰੂਪ ਵਿਖੇ ਪ੍ਰੇਮਾਂ ਭਗਤੀ ਦੀ ਰਹੁਰੀਤ (ਨਾਲ ਪ੍ਰਾਪਤ ਹੋਣਾ ਹੈ, ਅਥਵਾ ਜਾਣਦੇ ਕੌਣ ਹਨ? 'ਨਿਜ ਘਰ ਆਪ ਸਰੂਪ ਵਿਖੇ ਮਗਨ ਹੋਕੇ ਜਿਹੜੇ ਪ੍ਰੇਮ ਭਗਤ ਤੇ ਰਹਰਾਸੀ ਅਰਥਾਤ ਸੱਚੇ ਰਸਤੇ ਚੱਲ

ਮਿਠਾ ਬੋਲਣੁ ਨਿਵ ਚਲਣੁ ਖਟਿ ਖਵਾਲਣੁ ਆਸ ਨਿਰਾਸੀ ।

ਮਿੱਠਾ ਬੋਲਣਾ, ਨਿਵਕੇ ਚੱਲਣਾ, ਖੱਟਕੇ ਖਵਾਲਣਾ, (ਸ੍ਵੈਉਦਰ ਪੱਖੀ ਨਾ ਹੋਣਾ ਵੰਡਕੇ ਛਕਣਾ) ਆਸਾ ਵਿਚ ਰਹਿਕੇ ਨਿਰਾਸ ਰਹਿਣਾ, (ਅਰਥਾਤ ਯਥਾ ਨਾਭ ਸੰਤੁਸ਼ਟ ਰਹਿਣਾ।

ਸਦਾ ਸਹਜੁ ਬੈਰਾਗੁ ਹੈ ਕਲੀ ਕਾਲ ਅੰਦਰਿ ਪਰਗਾਸੀ ।

ਸਦੀਵਕਾਲ ਸਹਿਜੇ ਹੀ ਵੈਰਾਗਵਾਨ ਰਹਿਣਾ, ਕਲਜੁਗ ਦੇ ਸਮੇਂ ਵਿਖੇ (ਸਹਜ ਵਿਚ ਹੀ) ਪਰਕਾਸ਼ ਰੂਪ ਰਹਿਣਾ, (ਹੋਰਨਾਂ ਨੂੰ ਚਾਨਣਾ ਦੇਣਾ)।

ਸਾਧਸੰਗਤਿ ਮਿਲਿ ਬੰਦ ਖਲਾਸੀ ।੧੭।

(੯) (ਉਕਤ ਪੁਰਖਾਂ ਦੀ) ਸਾਧ ਸੰਗਤ ਦੇ ਮਿਲਾਪ ਵਿਖੇ (ਚੌਰਾਸੀ ਦੀ ਫਾਸੀ ਥੋਂ) ਬੰਦ ਖਲਾਸੀ ਹੁੰਦੀ ਹੈ, (ਕਲੀ ਕਾਲ ਵਿਖੇ ਹੋਰ ਕੋਈ ਸਾਧਨ ਨਹੀਂ ਹੈ, ਸਤਿਗੁਰੂ ਗੁਰੂ ਨਾਨਕ ਜੀ ਦੀ ਬਾਣੀ ਵਿਖੇ ਅਭਯਾਸ ਰਖਣਾ ਸਤਿਸੰਗ ਕਰਨਾ ਸ੍ਰੇਸ਼ਟ ਹੈ।

ਪਉੜੀ ੧੮

ਨਾਰੀ ਪੁਰਖੁ ਪਿਆਰੁ ਹੈ ਪੁਰਖੁ ਪਿਆਰ ਕਰੇਂਦਾ ਨਾਰੀ ।

ਇਸਤ੍ਰੀ ਦਾ ('ਪੁਰਖ' ਆਪਣੇ) ਪਤੀ ਨਾਲ ਪਿਆਰ ਹੈ, ਅਰ ਪਤੀ (ਆਪਣੀ) ਇਸਤ੍ਰੀ ਨਾਲ ਪਿਆਰ ਕਰਦੇ ਹਨ।

ਨਾਰਿ ਭਤਾਰੁ ਸੰਜੋਗ ਮਿਲਿ ਪੁਤ ਸੁਪੁਤੁ ਕੁਪੁਤੁ ਸੈਂਸਾਰੀ ।

ਸੰਸਾਰ ਵਿਚ ਨਾਰੀ ਤੇ ਭਰਤੇ ਦੇ ਜੋੜੇ ਦੇ ਮਿਲਣ ਨਾਲ ਪੁਤ੍ਰ ਸਪੁਤ੍ਰ (ਲਾਇਕ ਪੁਤ੍ਰ ਅਰ) ਕਪੁਤੁ (ਨਲੈਕ ਪੁਤ੍ਰ) ਉਤਪਤ ਹੁੰਦੇ ਹਨ।

ਪੁਰਖ ਪੁਰਖਾਂ ਜੋ ਰਚਨਿ ਤੇ ਵਿਰਲੇ ਨਿਰਮਲ ਨਿਰੰਕਾਰੀ ।

ਉਹ ਨਿਰਮੇਲ ਤੇ ਨਿਰੰਕਾਰ ਪਰਾਇਣ ਪੁਰਖ ਵਿਰਲੇ ਹਨ ਜੋ ਪੁਰਖ (ਵਿਆਪਕ ਵਾਹਿਗੁਰੂ ਯਾ ਗੁਰੂ) ਨਾਲ ਇਸਤ੍ਰੀ ਰੂਪ ਜੱਗਯਾਸੂ ਹੋ ਕੇ ਰਚਦੇ ਹਨ।

ਪੁਰਖਹੁਂ ਪੁਰਖ ਉਪਜਦਾ ਗੁਰੁ ਤੇ ਚੇਲਾ ਸਬਦ ਵੀਚਾਰੀ ।

ਪੁਰਖ ਤੋਂ ਪੁਰਖ ਉਤਪਤ ਹੁੰਦਾ ਹੈ। (ਕਿਹੜਾ ਪੁਰਖ ਉਤਪਤ ਹੁੰਦਾ ਹੈ?) ਗੁਰੂ ਥੋਂ ਚੇਲਾ ਸ਼ਬਦ ਬ੍ਰਹਮ ਦੇ ਵਿਚਾਰ ਨਾਲ (ਪੈਦਾ ਹੁੰਦਾ) ਹੈ।

ਪਾਰਸ ਹੋਆ ਪਾਰਸਹੁਂ ਗੁਰੁ ਚੇਲਾ ਚੇਲਾ ਗੁਣਕਾਰੀ ।

ਪਾਰਸ ਥੋਂ ਪਾਰਸ ਹੋਇਆ (ਅਰਥਾਤ) ਗੁਰੂ ਚੇਲਾ ਤੇ ਚੇਲਾ ਗੁਰੂ ਦੋਵੇਂ ਗੁਣਾ ਦੇ (ਪਰੋਪਕਾਰਾਂ ਦੇ) ਕਰਨ ਵਾਲੇ ਹਨ।

ਗੁਰਮੁਖਿ ਵੰਸੀ ਪਰਮ ਹੰਸ ਗੁਰਸਿਖ ਸਾਧ ਸੇ ਪਰਉਪਕਾਰੀ ।

ਗੁਰੂ ਨਾਲ ਪਰਸਕੇ ਗੁਰਮੁਖਾਂ ਦੀ 'ਵੰਸ' (ਪੀਹੜੀ) ਚੱਲੀ)। ਉਹ ਗੁਰੂ ਦੇ ਸਿਖ ਸੰਤ ਤੇ ਪਰੋਪਕਾਰੀ ਹੋਏ।

ਗੁਰਭਾਈ ਗੁਰਭਾਈਆਂ ਸਾਕ ਸਚਾ ਗੁਰ ਵਾਕ ਜੁਹਾਰੀ ।

ਗੁਰੂ ਭਾਈ ਦਾ ਗੁਰੂ ਭਾਈ ਨਾਲ ਸਬੰਧ ਸੱਚਾ ਹੈ (ਕਿਉਂ ਜੋ ਇਕ) ਗੁਰੂ ਜੀ ਦੇ ਵਾਕਾਂ ਪੁਰ (ਸਾਰੇ ਜੁਹਾਰਦੇ, ਮੱਥੇ ਪੁਰ ਰਖਦੇ ਹਨ ਜਾਂ) ਮੱਥੇ ਟੇਕਦੇ ਹਨ।

ਪਰ ਤਨੁ ਪਰ ਧਨੁ ਪਰਹਰੇ ਪਰ ਨਿੰਦਾ ਹਉਮੈ ਪਰਹਾਰੀ ।

ਪਰਾਈ ਇਸਤ੍ਰੀ, ਪਰਾਇਆ ਧੰਨ ਤਿਆਗ ਦਿੱਤਾ ਹੈ, ਪਰਾਈ ਨਿੰਦਾ ਅਰ ਹਉਮੈਂ (ਭਲੀ ਪ੍ਰਕਾਰ) ਤਿਆਗ ਛੱਡੀ ਹੈ।

ਸਾਧਸੰਗਤਿ ਵਿਟਹੁਂ ਬਲਿਹਾਰੀ ।੧੮।

(੯) (ਅਜਿਹਾ ਹੀ) ਸਾਧ ਸੰਗਤ ਤਂੋ ਬਲਿਹਾਰ ਜਾਈਏ, (ਧੰਨ ਉਹ ਗੁਰੂ ਸਿਖ ਹਨ ਜੋ ਉਕਤ ਗੁਣਾਂ ਨੂੰ ਧਾਰਣ ਕਰ ਕੇ ਗੁਰੂ ਜੀ ਦੇ ਬਚਨਾਂ ਪਰ ਚਲਦੇ ਹਨ।

ਪਉੜੀ ੧੯

ਪਿਉ ਦਾਦਾ ਪੜਦਾਦਿਅਹੁਂ ਪੁਤ ਪੋਤਾ ਪੜਪੋਤਾ ਨਤਾ ।

ਪਿਉਥੋਂ ਪੁੱਤ੍ਰ, ਦਾਦਿਓਂ 'ਪੋਤ੍ਰਾ, ਪੜਦਾਦਿਓਂ ਪੜਪੋਤ੍ਰਾ, (ਪੜਪੋਤ੍ਰੇ ਦਾ ਪੁੱਤ੍ਰ) ਨੱਤ (ਕਿਹਾ ਜਾਂਦਾ ਹੈ)।

ਮਾਂ ਦਾਦੀ ਪੜਦਾਦੀਅਹੁਂ ਫੁਫੀ ਭੈਣ ਧੀਅ ਸਣਖਤਾ ।

ਮਾਂ, ਦਾਦੀ ਅਰ ਪੜਦਾਦੀਓਂ ਲੈਕੇ ਭੂਆ, ਭੈਣ, ਧੀਆਂ ਸ੍ਰੇਸ਼ਟ।

ਨਾਨਾ ਨਾਨੀ ਆਖੀਐ ਪੜਨਾਨਾ ਪੜਨਾਨੀ ਪਤਾ ।

ਨਾਨਾਂ ਨਾਨੀਂ, ਪੜਨਾਨਾਂ, ਪੜਨਾਨੀਂ ਤੇ ਪਤੇ ਮਿਲਦੇ ਹਨ, (ਕਿਉਂ ਜੋ ਪੜ ਪੈਣ ਵਾਲੇ ਸਾਕ ਘੱਟ ਦੇਖੇ ਜਾਂਦੇ ਹਨ)

ਤਾਇਆ ਚਾਚਾ ਜਾਣੀਐ ਤਾਈ ਚਾਚੀ ਮਾਇਆ ਮਤਾ ।

ਤਾਏ, ਚਾਚੇ, ਤਾਈਆਂ, ਚਾਚੀਆਂ ਦੀ ਮਾਯਾ ਵਿਖੇ ਮਸਤ ਰਹਿੰਦੇ ਹਨ।

ਮਾਮੇ ਤੈ ਮਾਮਾਣੀਆਂ ਮਾਸੀ ਮਾਸੜ ਦੈ ਰੰਗ ਰਤਾ ।

ਮਾਮੇ, ਮਾਮੀਆਂ, ਮਾਸੀ, ਮਾਸੜਾਂ ਦੇ ਪ੍ਰੇਮ ਵਿਖੇ ਮਗਨ ਰਹਿੰਦੇ ਹਨ।

ਮਾਸੜ ਫੁਫੜ ਸਾਕ ਸਭ ਸਹੁਰਾ ਸਸ ਸਾਲੀ ਸਾਲਤਾ ।

ਮਾਸੜ ਫੁੱਫੜ, ਸਹੁਰਾ, ਸੱਸ, ਸਾਲੀ, ਸਾਲੇ ਦਾ ਪੁੱਤ੍ਰ, ਸਾਰੇ ਸਾਕ

ਤਾਏਰ ਪਿਤੀਏਰ ਮੇਲੁ ਮਿਲਿ ਮਉਲੇਰ ਫੁਫੇਰ ਅਵਤਾ ।

(ਕੋਈ) ਤਾਏ ਚਾਚੇ ਦੇ ਪੁੱਤ੍ਰ ਪੋਤਰੇ, ਮਾਮੇ ਦੇ ਪੁੱਤ੍ਰ ਪੋਤਰੇ, ਭੂਆ ਦੀ ਸੰਤਾਨ (ਵਿਖੇ) ਆਕੜਿਆ (ਫਿਰਦਾ ਹੈ)।

ਸਾਢੂ ਕੁੜਮੁ ਕੁਟੰਬ ਸਭ ਨਦੀ ਨਾਵ ਸੰਜੋਗ ਨਿਸਤਾ ।

ਸਾਂਢੂ ਕੁੜਮ ਆਦਿਕ ਸਾਰੇ ਸੰਬੰਧੀ ਨਦੀ ਦੀ ਬੇੜੀ ਦੇ ਪੂਰ ਵਾਂਗੂ ਕੱਠੇ ਹੋਏ ਹਨ। (ਇਹ ਕੱਠ) ਝੂਠਾ ਹੈ, (ਜਦ ਅਵਧ ਪੁਜਦੀ ਹੈ ਕੋਈ ਕਿਧਰੇ ਦਾ ਕਿਧਰੇ ਚਲਿਆ ਜਾਂਦਾ ਹੈ। ਸੱਚਾ ਸਾਕ ਕੌਣ ਹੈ?)

ਸਚਾ ਸਾਕ ਨ ਵਿਛੜੈ ਸਾਧਸੰਗਤਿ ਗੁਰਭਾਈ ਭਤਾ ।

(੯) ਸੱਚਾ ਸਾਕ ਸਾਧ ਸੰਗਤ ਹੈ ਜੋ ਕਦੇ ਨਾ ਵਿਛੁੜੇ, ਜੋ ਗੁਰ ਭਾਈਆਂ ਦੀ ਭਾਂਤ ਵਰਤਦੇ ਹਨ (ਯਾ ਜੋ ਭੱਤੇ ਵਾਂਙ ਗੁਰ ਭਾਈ ਮਿਲੇ ਰਹਿੰਦੇ ਹਨ।)

ਭੋਗ ਭੁਗਤਿ ਵਿਚਿ ਜੋਗ ਜੁਗਤਾ ।੧੯।

(੧੦) ਭੋਗ ਦੀ ਭੁਗਤੀ ਵਿਚ ਹੀ ਜੋਗ ਦੀ ਜੁਗਤ ਵਿਚ ਰਹਿੰਦੇ ਹਨ। ਗ੍ਰਿਹਸਥ ਵਿਖੇ ਰਹਿਕੇ ਪਰਸਪਰ ਪ੍ਰੀਤ ਕਰਦੇ ਹੋਏ ਨਿਰਬੰਧਨ ਅਰ ਆਤਮਾਂ ਵਿਖੇ ਜੁੜੇ ਰਹਿੰਦੇ ਹਨ)।

ਪਉੜੀ ੨੦

ਪੀਉ ਦੇ ਨਾਂਹ ਪਿਆਰ ਤੁਲਿ ਨਾ ਫੁਫੀ ਨਾ ਪਿਤੀਏ ਤਾਏ ।

ਪਿਤਾ ਦੇ ਪਿਆਰ ਦੇ ਨਾਲ ਚਚੇਰ ਭਿਰਾਵ, ਭੁਆ ਅਤੇ ਤਾਏ ਦੇ ਪੁੱਤ੍ਰ ਦੇ ਪਿਆਰ ਬਰਾਬਰੀ ਨਹੀਂ ਕਰ ਸਕਦੇ, (ਕਿਉਂ ਜੋ ਏਹ ਸਾਰੇ ਸ੍ਵਾਰਥ ਵਾਸਤੇ ਕਰਦੇ ਹਨ, ਪਿਤਾ ਦਾ ਪੁੱਤ੍ਰ ਨਾਲ ਕੁਦਰਤੀ ਮੋਹ ਹੁੰਦਾ ਹੈ)।

ਮਾਊ ਹੇਤੁ ਨ ਪੁਜਨੀ ਹੇਤੁ ਨ ਮਾਮੇ ਮਾਸੀ ਜਾਏ ।

ਮਾਵਾਂ ਦੇ ਹੇਤ ਨਾਲ ਮਾਮੇ ਮਾਸੀਆਂ ਦੇ ਪੁੱਤ੍ਰ ਦਾ ਪਿਆਰ ਨਹੀਂ ਪੁਜ ਸਕਦਾ।

ਅੰਬਾਂ ਸਧਰ ਨ ਉਤਰੈ ਆਣਿ ਅੰਬਾਕੜੀਆਂ ਜੇ ਖਾਏ ।

ਅੰਬਾਂ ਦੀ ਸੱਧਰ ਅੰਬਾਕੜੀਆਂ ਦੇ ਖਾਣ ਨਾਲ ਕਦ ਲਹਿੰਦੀ ਹੈ, (ਭਾਵ ਆਪਣੇ ਪੁੱਤ੍ਰ ਅੰਬ ਦੂਜੇ ਅੰਬਾਕੜੀਆਂ ਦੇ ਸਮਾਨ ਹਨ)।

ਮੂਲੀ ਪਾਨ ਪਟੰਤਰਾ ਵਾਸੁ ਡਿਕਾਰੁ ਪਰਗਟੀਆਏ ।

ਮੂਲੀ ਅਤੇ ਪਾਨ ਦਾ ਭੇਦ ਡਿਕਾਰ ਦੀ ਵਾਸ਼ਨਾ ਥੋਂ ਮਲੂਮ ਹੁੰਦਾ ਹੈ (ਭਾਵ ਸਤਿਗੁਰਾਂ ਦਾ ਪਿਆਰ ਪਾਨ ਵਾਂਗੂੰ ਗੁਣਕਾਰੀ ਹੈ ਅਰ ਸੰਸਾਰ ਮੋਹ ਮੂਲੀ ਦੇ ਡਿਕਾਰ ਵਾਂਗੂੰ ਗੰਦੇ ਹਨ)।

ਸੂਰਜ ਚੰਦ ਨ ਪੁਜਨੀ ਦੀਵੇ ਲਖ ਤਾਰੇ ਚਮਕਾਏ ।

ਸੂਰਜ ਅੱਗੇ ਲਖਾਂ ਦੀਵੇ ਅਰ ਚੰਦ੍ਰਮਾਂ ਦੇ ਅਗੇ ਲੱਖਾਂ ਤਾਰੇ ਚਮਕੀਲੇ ਨਹੀਂ ਪੁੱਜ ਸਕਦੇ, (ਭਾਵ ਸਤਿਗੁਰੂ ਦੇ ਪਿਆਰ ਵਿਚ ਸਾਰੇ ਪਿਆਰ ਸਮਾਂ ਜਾਂਦੇ ਹਨ)।

ਰੰਗ ਮਜੀਠ ਕੁਸੁੰਭ ਦਾ ਸਦਾ ਸਥੋਈ ਵੇਸੁ ਵਟਾਏ ।

(ਜਿਵੇਂ) ਮਜੀਠ ਦਾ ਰੰਗ ਸਦਾ ਦਾ ਸਾਥੀ ਹੈ, ਤੇ ਕਸੁੰਭੇ ਦਾ (ਚਾਰ ਦਿਨੀਂ) ਵੇਸ ਵਟਾ ਦਿੰਦਾ ਹੈ (ਬਦਲ ਜਾਂਦਾ ਹੈ)।

ਸਤਿਗੁਰੁ ਤੁਲਿ ਨ ਮਿਹਰਵਾਨ ਮਾਤ ਪਿਤਾ ਨ ਦੇਵ ਸਬਾਏ ।

ਸਤਿਗੁਰੂ ਦੇ ਤੁੱਲ ਕੋਈ ਮਿਹਰਵਾਨ ਨਹੀਂ, ਮਾਤਾ ਪਿਤਾ ਆਦਿ ਸਾਰੇ ਸਾਕ ਅਰ ਦੇਵਤੇ।

ਡਿਠੇ ਸਭੇ ਠੋਕਿ ਵਜਾਏ ।੨੦।

ਸਾਰੇ ਠੋਕ ਵਜਾ ਕੇ (ਅਰਥਾਤ ਨਿਰਨੈ ਕਰਕੇ) ਦੇਖੇ ਗਏ ਹਨ।

ਪਉੜੀ ੨੧

ਮਾਪੇ ਹੇਤੁ ਨ ਪੁਜਨੀ ਸਤਿਗੁਰ ਹੇਤੁ ਸੁਚੇਤ ਸਹਾਈ ।

ਸਤਿਗੁਰੂ (ਨਾਨਕ) ਜੀ ਦੇ ਪਿਆਰ ਦੇ ਬਰਾਬਰ ਮਾਪਿਆਂ ਦੇ ਪਿਆਰ ਨਹੀਂ ਪੁਜ ਸਕਦੇ। (ਕਿਉਂ ਜੋ ਇਹ ਪਿਆਰ ਇਸ ਲੋਕ ਦੇ ਹਨ - ਸਤਿਗੁਰੂ ਦਾ ਪਿਆਰ ਇਸ ਲੋਕ ਵਿਖੇ ਬੀ) ਸੁਚੇਤ ਹੈ (ਅਰ ਅੱਗੇ ਦਾ ਬੀ) ਸਹਾਈ ਹੁੰਦਾ ਹੈ।

ਸਾਹ ਵਿਸਾਹ ਨ ਪੁਜਨੀ ਸਤਿਗੁਰ ਸਾਹੁ ਅਥਾਹੁ ਸਮਾਈ ।

(ਸੰਸਾਰ ਦੇ) ਸ਼ਾਹ ਬੀ ਬਰਾਬਰੀ ਨਹੀਂ ਕਰ ਸਕਦੇ, (ਕਿਉਂ ਜੋ) ਸਤਿਗੁਰੂ ਸ਼ਾਹ ਅਥਾਹ ਹਨ (ਅਰ ਹਰੇਕ ਦੀ) ਸਮਾਈ ਕਰ ਸਕਦੇ ਹਨ, (ਭਾਵ ਬੇਅੰਤ ਹਨ ਅਰ ਸਭ ਦੇ ਪਾਲਕ ਹਨ ਕਦੇ ਨਾਂਹ ਨਹੀਂ ਹੈ)।

ਸਾਹਿਬ ਤੁਲਿ ਨ ਸਾਹਿਬੀ ਸਤਿਗੁਰ ਸਾਹਿਬ ਸਚਾ ਸਾਈਂ ।

ਕਿਸੇ ਸਾਹਿਬ ਦੀ (ਅਰਥਾਤ ਸਾਮਰਥ ਪੁਰਖ ਦੀ) ਸਾਹਿਬੀ ਤੁੱਲਤਾ ਨਹੀਂ ਕਰ ਸਕਦੀ, ਕਿਉਂ ਜੋ ਸਤਿਗੁਰੂ ਸਾਹਿਬ ਸੱਚਾ ਸੁਆਮੀ ਹੈ, (ਹੋਰ ਸਾਹਿਬ ਚਾਰ ਦਿਨਾਂ ਦੇ ਪ੍ਰਾਹੁਣੇ ਹਨ)।

ਦਾਤੇ ਦਾਤਿ ਨ ਪੁਜਨੀ ਸਤਿਗੁਰ ਦਾਤਾ ਸਚੁ ਦ੍ਰਿੜਾਈ ।

ਕਿਸੇ ਦਾਤੇ ਦੀ ਦਾਤ (ਸਤਿਗੁਰ ਦਾਤ ਨੂੰ) ਨਹੀਂ ਪੁਜਦੀ, ਕਿਉਂ ਜੋ ਸਤਿਗੁਰੂ ਦਾਤਾ ਸੱਚ ਦਾ ਉਪਦੇਸ਼ ਦ੍ਰਿੜ੍ਹ ਕਰਾਉਂਦੇ ਹਨ, (ਹੋਰ ਦਾਤਿਆਂ ਦੀ ਦਾਤ ਬਿਲਾ ਜਾਂਦੀ ਹੈ, ਸੱਚ ਰੂਪੀ ਦਾਤ ਆਤਮਾਂ ਵਿਚ ਸਦਾ ਪ੍ਰਵੇਸ਼ ਕਰਦੀ ਹੈ)।

ਵੈਦ ਨ ਪੁਜਨਿ ਵੈਦਗੀ ਸਤਿਗੁਰ ਹਉਮੈ ਰੋਗ ਮਿਟਾਈ ।

ਹਕੀਮ ਲੋਕ ਵੈਦਗੀ ਵਿਖੇ ਸਤਿਗੁਰੂ ਦੇ ਤੁੱਲ ਨਹੀਂ ਪੁਜ ਸਕਦੇ, (ਕਿਉਂ ਜੋ) ਸਤਿਗੁਰੂ (ਗੁਰੂ ਨਾਨਕ ਦੇਵ ਆਪਦੀ ਚਕਿਤਸਾ ਨਾਲ ਸਿਖ ਦੇ) ਹਉਂਮੈਂ ਦੇ ਰੋਗ ਨੂੰ ਮਿਟਾਉਂਦੇ ਹਨ, (ਹਕੀਮ ਦੇਹ ਦਾ ਰੋਗ ਕੱਟਦਾ ਹੈ, ਓਹ ਹਉਂਮੈ ਰੋਗ ਕੱਟਦੇ ਹਨ)।

ਦੇਵੀ ਦੇਵ ਨ ਸੇਵ ਤੁਲਿ ਸਤਿਗੁਰ ਸੇਵ ਸਦਾ ਸੁਖਦਾਈ ।

ਦੇਵੀਆਂ ਅਤੇ ਦੇਵਤਿਆਂ ਦੀ ਸੇਵਾ (ਗੁਰੂ ਸੇਵਾ ਦੀ) ਬਰਾਬਰੀ ਨਹੀਂ ਕਰ ਸਕਦੀ, (ਕਿਉਂ ਜੋ) ਸਤਿਗੁਰੂ ਦੀ ਸੇਵਾ ਸਦਾ ਦੀ ਸੁਖਦਾਤੀ ਹੈ (ਇਧਰ ਦੇਵਤਿਆਂ ਦੀ ਸੇਵਾ ਦਾ ਫਲ ਨਾਸ਼ੀ ਹੈ ਅਰ ਹਉੁਂਮੈਂ ਚੱਕ੍ਰਾਂ ਵਿਚ ਹੋਣ ਕਰ ਕੇ ਦੁਖਦਾਈ ਹੈ)।

ਸਾਇਰ ਰਤਨ ਨ ਪੁਜਨੀ ਸਾਧਸੰਗਤਿ ਗੁਰਿ ਸਬਦੁ ਸੁਭਾਈ ।

ਸਮੁੰਦਰ ਦੇ ਰਤਨ ਨਹੀਂ ਪੁਜ ਸਕਦੇ, ਸਤਿਗੁਰੂ ਦੀ ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਰੂਪੀ (ਅਨਗਿਣਤ ਰਤਨ ਸੁਭਾਈ ਅਰਥਾਤ) ਪਰਕਾਸ਼ ਰਹੇ ਹਨ।

ਅਕਥ ਕਥਾ ਵਡੀ ਵਡਿਆਈ ।੨੧।੩੯। ਉਣਤਾਲੀ ।

ਸਤਿਗੁਰੂ ਦੀ ਕਥਾ ਅਕੱਥਨੀਯ ਹੈ ਅਰ ਵੱਡੀ ਵਡਿਆਈ ਹੈ, (ਕਿਉਂਕਿ ਭਵ ਸਾਗਰ ਤੋਂ ਪਾਰ ਕਰਦੇ ਹਨ।


Flag Counter