ਵਾਰਾਂ ਭਾਈ ਗੁਰਦਾਸ ਜੀ

ਅੰਗ - 23


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਸਤਿ ਰੂਪ ਗੁਰੁ ਦਰਸਨੋ ਪੂਰਨ ਬ੍ਰਹਮੁ ਅਚਰਜੁ ਦਿਖਾਇਆ ।

ਗੁਰੂ (ਨਾਨਕ ਦੇਵ) ਦਾ ਦਰਸ਼ਨ ਸੱਤ ਸਰੂਪ ਹੈ (ਜਿਨ੍ਹਾਂ ਨੇ) ਪਾਬ੍ਰਹਮ ਅਚਰਜ ਰੂਪ ਦੱਸਿਆ ਹੈ।

ਸਤਿ ਨਾਮੁ ਕਰਤਾ ਪੁਰਖੁ ਪਾਰਬ੍ਰਹਮੁ ਪਰਮੇਸਰੁ ਧਿਆਇਆ ।

(ਆਪ ਨੇ) ਸਤਿਨਾਮ ਕਰਤਾ ਪੁਰਖ (ਦਾ ਮੰਤ੍ਰ ਦੱਸਕੇ) ਪਾਰਬ੍ਰਹਮ ਪਰਮੇਸ਼ਰ ਦਾ ਸਿਮਰਨ (ਦ੍ਰਿੜ੍ਹ ਕਰਾਇਆ) ਹੈ।

ਸਤਿਗੁਰ ਸਬਦ ਗਿਆਨੁ ਸਚੁ ਅਨਹਦ ਧੁਨਿ ਵਿਸਮਾਦ ਸੁਣਾਇਆ ।

ਸਤਿਗੁਰੂ ਦਾ ਸ਼ਬਦ ਅਰ ਗਿਆਨ ਸੱਚਾ ਹੈ, (ਉਸ ਸ਼ਬਦ ਨਾਮ ਦੀ) ਅਨਹਦ ਧੁਨੀ ਦੇ ਅਚਰਜ ਵਾਜਿਆਂ ਦਾ ਸ਼ਬਦ (ਸਬਦ ਬ੍ਰਹਮ ਤਕ ਸਿਮਰਨ ਨਾਲ ਪੁਚਾਯਾ ਹੈ) ਸੁਣਾਇਆ ਹੈ। (ਪ੍ਰਭੁ ਕੈ ਸਿਮਰਨ ਅਨਹਦ ਝੁਨਕਾਰ)।

ਗੁਰਮੁਖਿ ਪੰਥੁ ਚਲਾਇਓਨੁ ਨਾਮੁ ਦਾਨੁ ਇਸਨਾਨੁ ਦ੍ਰਿੜਾਇਆ ।

ਉਨ੍ਹਾਂ ਨੇ ਗੁਰਮੁਖ ਪੰਥ ਤੋਰ ਕੇ ਨਾਮ ਦਾਨ ਇਸ਼ਨਾਨ ਦ੍ਰਿੜ੍ਹ ਕਰਾਇਆ।

ਗੁਰ ਸਿਖੁ ਦੇ ਗੁਰਸਿਖ ਕਰਿ ਸਾਧ ਸੰਗਤਿ ਸਚੁ ਖੰਡੁ ਵਸਾਇਆ ।

ਗੁਰੂ ਸਿੱਖ੍ਯਾ ਦੇਕੇ 'ਗੁਰ ਸਿਖ' (ਗੁਰੂ ਅੰਗਦ) ਨੂੰ ਥਾਪ ਕਰ ਕੇ ਸਾਧ ਸੰਗਤ ਰੂਪੀ ਸੱਚਾ ਖੰਡ ਵਸਾ ਦਿਤਾ ਹੈ।

ਸਚੁ ਰਾਸ ਰਹਰਾਸਿ ਦੇ ਸਤਿਗੁਰ ਗੁਰਸਿਖ ਪੈਰੀ ਪਾਇਆ ।

(ਗੁਰੂ ਅੰਗਦ ਜੀ ਨੇ) ਸਚੀ ਪੂੰਜੀ ਦੇਕੇ ਅਰ ਸਚਾ ਰਸਤਾ ਦੱਸਕੇ 'ਸਤਿਗੁਰ' (ਗੁਰੂ ਨਾਨਕ) ਦੀ ਚਰਣੀ ਗੁਰ ਸਿਖਾਂ ਨੂੰ ਲਾਇਆ ਹੈ।

ਚਰਣ ਕਵਲ ਪਰਤਾਪੁ ਜਣਾਇਆ ।੧।

(ਅਤੇ) ਚਰਣ ਕਮਲਾਂ ਦਾ ਪ੍ਰਤਾਪ (ਸਿੱਖਾਂ ਨੂੰ) ਦੱਸਿਆ (ਕਿ ਗੁਰੂ ਜੀ ਦੇ ਚਰਨਾਂ ਦੇ ਪ੍ਰਤਾਪ ਕਰ ਕੇ ਹੀ ਸਾਡੀ ਉੱਨਤੀ ਤੇ ਬ੍ਰਿਧੀ ਹੈ)।

ਪਉੜੀ ੨

ਤੀਰਥ ਨ੍ਹਾਤੈ ਪਾਪ ਜਾਨਿ ਪਤਿਤ ਉਧਾਰਣ ਨਾਉਂ ਧਰਾਇਆ ।

ਤੀਰਥਾਂ ਵਿਖੇ ਇਸ਼ਨਾਨ ਕੀਤਿਆਂ ਪਾਪ ਚਲੇ ਜਾਣੇ (ਮੰਨਕੇ ਲੋਕਾਂ ਨੇ ਇਸ ਕਾਰਣ ਉਨ੍ਹਾਂ ਦਾ) ਨਾਮ ਪਤਿਤ ਉਧਾਰਣ ਧਰ ਦਿੱਤਾ ਹੈ।

ਤੀਰਥ ਹੋਨ ਸਕਾਰਥੇ ਸਾਧ ਜਨਾਂ ਦਾ ਦਰਸਨੁ ਪਾਇਆ ।

(ਪਰੰਤੂ) ਤੀਰਥ (ਆਪ ਤਦ) 'ਸਕਾਰਥੇ' ਹੁੰਦੇ ਹਨ (ਜਦ) ਸਾਧ ਜਨਾਂ ਦਾ ਦਰਸ਼ਨ ਪਾ ਲੈਣ ਤਾਂ (ਕਿਉਂ ਜੋ ਉਨ੍ਹਾਂ ਦੇ ਪਾਪ ਸਾਧੂ ਦੂਰ ਕਰਦੇ ਹਨ, ਯਥਾ-ਸ੍ਰੀ ਮੁਖ ਵਾਕ:- “ਗੰਗਾ ਜਮਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਦੀ ਤਾਈ॥ ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ”)।

ਸਾਧ ਹੋਏ ਮਨ ਸਾਧਿ ਕੈ ਚਰਣ ਕਵਲ ਗੁਰ ਚਿਤਿ ਵਸਾਇਆ ।

(ਹੁਣ ਕੋਈ ਪੁੱਛੇ ਕਿ) ਸਾਧੂ (ਕਿਹੜੇ) ਹਨ? (ਉੱਤਰ) ਜੋ ਮਨ ਨੂੰ ਸਾਧਕੇ (ਗੁਰੂ ਨਾਨਕ ਦੇਵ ਜੀ) ਦੇ ਚਰਣ ਕਮਲ ਵਿਖੇ ਚਿਤ ਵਸਾ ਛਡਦੇ ਹਨ (ਭਾਵ ਕਦੇ ਆਪ ਥੋਂ ਭਿੰਨ ਨਹੀਂ ਹੋਣ ਦੇਂਦੇ)।

ਉਪਮਾ ਸਾਧ ਅਗਾਧਿ ਬੋਧ ਕੋਟ ਮਧੇ ਕੋ ਸਾਧੁ ਸੁਣਾਇਆ ।

ਸਾਧ ਦੀ ਉਪਮਾਂ ਡੂੰਘੇ ਵਿਚਾਰ ਵਾਲੀ ਹੈ ਕ੍ਰੋੜਾਂ ਵਿਚੋਂ ਕੋਈ (ਇਕ ਅਜਿਹਾ) ਸਾਧੂ ਸੁਣੀਦਾ ਹੈ। (ਯਥਾ:-”ਤੇਰਾ ਜਨੁ ਇਕੁ ਆਧੁ ਕੋਈ”॥ ਪੁਨਾ:-”ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ”)।

ਗੁਰਸਿਖ ਸਾਧ ਅਸੰਖ ਜਗਿ ਧਰਮਸਾਲ ਥਾਇ ਥਾਇ ਸੁਹਾਇਆ ।

ਗੁਰੂ (ਨਾਨਕ ਦੇਵ ਜੀ) ਦੇ ਸਿਖ (ਅਤੇ ਸਾਧੂ) ਅਨਗਿਣਤ ਜਗਤ ਵਿਖੇ ਹਨ, (ਕਿਉਂ ਜੋ) ਧਰਮਸਾਲ (ਰੂਪ ਤੀਰਥ) ਜਗਾ ਜਗਾ ਸ਼ੋਭ ਰਹੇ ਹਨ।

ਪੈਰੀ ਪੈ ਪੈਰ ਧੋਵਣੇ ਚਰਣੋਦਕੁ ਲੈ ਪੈਰੁ ਪੁਜਾਇਆ ।

ਪੈਰੀਂ ਪੈਕੇ' ਗੁਰੂ ਸਿਖਾਂ ਦੇ ਪੈਰ ਧੋ ਕੇ ਚਰਣੋਦਕ ਲੈਂਦੇ ਹਨ (ਅਰ ਉਨ੍ਹਾਂ ਦੇ) ਚਰਣ ਪੂਜਦੇ ਹਨ।

ਗੁਰਮੁਖਿ ਸੁਖ ਫਲੁ ਅਲਖੁ ਲਖਾਇਆ ।੨।

(ਅਜਿਹੇ ਗੁਰਮੁਖਾਂ ਨੇ) ਅਲਖ ਪਰਮਾਤਮਾਂ ਨੂੰ ਲਖ ਲੀਤਾ (ਇਸ ਲਈ) ਗੁਰਮੁਖਾਂ ਨੂੰ ਸੁਖ ਫਲ ਦੀ ਪ੍ਰਾਪਤੀ ਹੋਈ ਹੈ (ਜੋ ਧਰਮਸਾਲਾਂ ਵਿਖੇ ਸੇਵਾ ਭਗਤੀ ਕਰ ਰਹੇ ਹਨ। ਯਥਾ:-”ਘਰ ਘਰ ਅੰਦਰ ਧਰਮਸਾਲ ਹੋਵੈ ਕਰਤਨ ਸਦਾ ਵਸੋਆ”)।

ਪਉੜੀ ੩

ਪੰਜਿ ਤਤ ਉਤਪਤਿ ਕਰਿ ਗੁਰਮੁਖਿ ਧਰਤੀ ਆਪੁ ਗਵਾਇਆ ।

ਪੰਜ ਤੱਤ (ਅਪੁ, ਤੇਜ, ਵਾਯੂ, ਅਕਾਸ਼ ਪ੍ਰਿਥਵੀ ਈਸ਼੍ਵਰ ਨੇ) ਉਤਪਤ ਕੀਤੇ ਹਨ (ਇਨ੍ਹਾਂ ਵਿਚੋਂ ਗੁਰਮੁਖਾਂ ਨੇ) ਧਰਤੀ ਦਾ ਗੁਣ ਲੈਕੇ ਆਪਣਾ ਆਪ ਗਵਾ ਦਿਤਾ ਹੈ, (ਅੱਗੇ ਫਲ ਦੱਸਦੇ ਹਨ)।

ਚਰਣ ਕਵਲ ਸਰਣਾਗਤੀ ਸਭ ਨਿਧਾਨ ਸਭੇ ਫਲ ਪਾਇਆ ।

ਚਰਣ ਕਮਲਾਂ ਦੀ ਸ਼ਰਨ ਲੈਣ ਨਾਲ (ਗੁਰਮੁਖਾਂ ਨੇ) ਸਾਰੇ ਪਦਾਰਥ ਅਰ ਹੋਰ ਸਾਰੇ ਫਲ ਪਾ ਲੀਤੇ ਹਨ।

ਲੋਕ ਵੇਦ ਗੁਰ ਗਿਆਨ ਵਿਚਿ ਸਾਧੂ ਧੂੜਿ ਜਗਤ ਤਰਾਇਆ ।

ਲੋਕਾਂ, ਧਰਮ ਪੁਸਤਕਾਂ, ਅਰ ਗੁਰੂ ਜੀ ਦੇ ਗਿਆਨ ਵਿਖੇ ਸਾਧੂ ਦੀ ਧੂੜੀ ਨੇ ਜਗਤ ਤਾਰਿਆ ਹੈ।

ਪਤਿਤ ਪੁਨੀਤ ਕਰਾਇ ਕੈ ਪਾਵਨ ਪੁਰਖ ਪਵਿਤ੍ਰ ਕਰਾਇਆ ।

ਪਾਪੀਆਂ ਨੂੰ ਪਵਿਤ੍ਰ੍ਰ ਕਰਕੇ, ਪਵਿਤ੍ਰ੍ਰ ਪੁਰਖਾਂ ਨੂੰ ਬੀ ਪਵਿਤ੍ਰ੍ਰ ਕਰਦੀ ਹੈ (ਗੱਲ ਕੀ ਪਾਵਨ ਪੁਰਖ ਬੀ ਇਸੇ ਧੂੜੀ ਨਾਲ ਹੀ ਪਵਿਤ੍ਰ ਰਹਿੰਦੇ ਹਨ)।

ਚਰਣੋਦਕ ਮਹਿਮਾ ਅਮਿਤ ਸੇਖ ਸਹਸ ਮੁਖਿ ਅੰਤੁ ਨ ਪਾਇਆ ।

ਚਰਣਾਂਮ੍ਰਿਤ ਦੀ ਮਹਿਮਾਂ ਦਾ ਅੰਤ ਹੀ ਨਹੀਂ ਹੈ ਹਜ਼ਾਰ ਮੂੰਹ ਵਾਲਾ ਸ਼ੇਖ ਨਾਗ ਬੀ ਅੰਤ ਨਹੀਂ ਪਾ ਸਕਦਾ।

ਧੂੜੀ ਲੇਖੁ ਮਿਟਾਇਆ ਚਰਣੋਦਕ ਮਨੁ ਵਸਿਗਤਿ ਆਇਆ ।

(ਸਾਧ ਸੰਗਤ ਦੇ ਚਰਣਾਂ ਦੀ) ਧੂੜ ਨਾਲ ਲੇਖ (ਕੁਲੇਖ) ਮਿਟ ਜਾਂਦੇ ਹਨ, ਅਰ ਚਰਣਾਂਮ੍ਰਿਤ ਲੈਣ ਨਾਲ ਮਨ ਵੱਸ ਆ ਜਾਂਦਾ ਹੈ।

ਪੈਰੀ ਪੈ ਜਗੁ ਚਰਨੀ ਲਾਇਆ ।੩।

ਗੁਰੂ ਬੀ ਪੈਰੀਂ ਪੈਕੇ (ਸਾਰੇ) ਜਗਤ ਨੂੰ ਪੈਰੀ ਪਾ ਲੀਤਾ (ਯਥਾ:- “ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ”)।

ਪਉੜੀ ੪

ਚਰਣੋਦਕੁ ਹੋਇ ਸੁਰਸਰੀ ਤਜਿ ਬੈਕੁੰਠ ਧਰਤਿ ਵਿਚਿ ਆਈ ।

(ਲੋਕ ਪ੍ਰਸਿੱਧ ਕਥਾ ਹੈ ਕਿ) ਗੰਗਾ (ਬਾਵਨ ਦੇ ਚਰਨਾਂ) ਦਾ ਚਰਣਾਮ੍ਰਿਤ ਹੋਣ ਕਰ ਕੇ ਬੈਕੁੰਠ ਛਡ ਕੇ ਧਰਤੀ ਵਿਖੇ ਆਈ।

ਨਉ ਸੈ ਨਦੀ ਨੜਿੰਨਵੈ ਅਠਸਠਿ ਤੀਰਥਿ ਅੰਗਿ ਸਮਾਈ ।

ਨੌਂ ਸੈ ਨੜਿੰਨਵੈ ਨਦੀ ਤੇ ਅਠਾਹਠ ਤੀਰਥਾਂ ਨੇ ਗੰਗਾ ਵਿਖੇ ਸਮਾਈ ਕੀਤੀ, (ਗੰਗਾ ਸ਼ਨਾਨ ਦਾ ਫਲ ਸਭ ਤੋਂ ਸ਼੍ਰੇਸ਼ਟ ਮੰਨਦੇ ਹਨ)।

ਤਿਹੁ ਲੋਈ ਪਰਵਾਣੁ ਹੈ ਮਹਾਦੇਵ ਲੈ ਸੀਸ ਚੜ੍ਹਾਈ ।

ਤਿੰਨਾਂ ਲੋਕਾਂ ਵਿਖੇ ਪ੍ਰਮਾਣਿਕ ਹੋਈ (ਅਰਥਾਤ ਉਸ ਦੀਆਂ ਤਿੰਨ ਧਾਰਾਂ ਹੋ ਗਈਆਂ, ਪਾਤਾਲ ਧਾਰਾ ਦਾ ਨਾਮ ਭੋਗਾਵਤੀ, ਸ੍ਵਰਗ ਧਾਰਾ ਦਾ ਨਾਮ ਅਮਰਾਵਤੀ, ਅਰ ਭੁਲੋਕ ਵਿਖੇ ਗੰਗਾ ਨਾਮ ਕਹੀਦਾ ਹੈ) ਇਸੇ ਨੂੰ ਸ਼ਿਵ ਨੇ ਲੈਕੇ ਸਿਰ ਪੁਰ ਰੱਖਿਆ।

ਦੇਵੀ ਦੇਵ ਸਰੇਵਦੇ ਜੈ ਜੈਕਾਰ ਵਡੀ ਵਡਿਆਈ ।

ਦੇਵੀਆਂ ਅਰ ਦੇਵਤੇ ਸੇਂਵਦੇ ਹਨ, ਜੈ ਜੈ ਕਾਰ ਹੁੰਦੇ ਹਨ ਅਰ ਵੱਡ ਸ਼ੋਭਾ ਹੁੰਦੀ ਹੈ।

ਸਣੁ ਗੰਗਾ ਬੈਕੁੰਠ ਲਖ ਲਖ ਬੈਕੁੰਠ ਨਾਥਿ ਲਿਵ ਲਾਈ ।

(ਪਰ) ਲੱਖਾਂ ਬੈਕੁੰਠ, ਅਰ ਲੱਖਾਂ ਬੈਕੁੰਠਾਂ ਦੇ ਸ੍ਵਾਮੀ (ਇਸ) ਗੰਗਾ ਸਮੇਤ ਲਿਵ ਲਾਕੇ (ਧ੍ਯਾਨ ਕਰ ਕੇ ਇਹ ਗੱਲ ਆਖਦੇ ਹਨ ਕਿ)

ਸਾਧੂ ਧੂੜਿ ਦੁਲੰਭ ਹੈ ਸਾਧਸੰਗਤਿ ਸਤਿਗੁਰੁ ਸਰਣਾਈ ।

ਸੰਤਾਂ ਦੇ ਚਰਣਾਂ ਦੀ ਧੂੜ ਵੱਡੀ ਹੀ ਦੁਰਲੱਭ ਹੈ, (ਜੋ) ਸਤਿਗੁਰੂ ਅਤੇ ਸਾਧਸੰਗਤ (ਦੀ) ਸ਼ਰਨ ਆਉਣ (ਦਾ ਨਾਮ) ਹੈ।

ਚਰਨ ਕਵਲ ਦਲ ਕੀਮ ਨ ਪਾਈ ।੪।

ਦਰਨ ਕਵਲਾਂ ਦੇ ਇੱਕ ਦਲ (ਪੱਤ੍ਰ) ਦੀ ਕੀਮਤ ਨਹੀਂ (ਕਿਸੇ) ਪਾਈ।

ਪਉੜੀ ੫

ਚਰਣ ਸਰਣਿ ਜਿਸੁ ਲਖਮੀ ਲਖ ਕਲਾ ਹੋਇ ਲਖੀ ਨ ਜਾਈ ।

ਜਿਸ ਲੱਖਮੀ ਦੀ ਚਰਣ ਸ਼ਰਣ ਵਿਖੇ ਲੱਖਾਂ 'ਕਲਾਂ' ਹਨ (ਅਜੇਹੀ) ਹੋਕੇ (ਕਿਸੇ ਥੋਂ) ਲਖੀ ਨਹੀਂ ਜਾਂਦੀ।

ਰਿਧਿ ਸਿਧਿ ਨਿਧਿ ਸਭ ਗੋਲੀਆਂ ਸਾਧਿਕ ਸਿਧ ਰਹੇ ਲਪਟਾਈ ।

(ਕਿਉਂ ਜੋ) ਰਿਧਾਂ ਸਿਧਾਂ ਨੌਂ ਨਿਧਾਂ ਸਾਰੀਆਂ ਟਹਿਲਣਾਂ ਹਨ, ਸਾਧਨਾਂ ਕਰਨ ਵਾਲੇ ਅਤੇ ਸਿੱਧ (ਲੋਕ ਉੇਸੇ ਲੱਛਮੀ ਨਾਲ ਹੀ) ਲਪਟ ਰਹੇ ਹਨ (ਭਾਵ ਸਾਰੇ ਮਾਯਾ ਦੇ ਦਾਸ ਹਨ)।

ਚਾਰਿ ਵਰਨ ਛਿਅ ਦਰਸਨਾਂ ਜਤੀ ਸਤੀ ਨਉ ਨਾਥ ਨਿਵਾਈ ।

(ਜਿਸ ਨੇ) ਚਾਰੇ ਵਰਣ, ਛੀ ਦਰਸ਼ਨ, ਜਤੀ ਸਤੀ ਅਰ ਨੌਂ ਨਾਥ ਬੀ ਨਿਵਾ ਲੀਤੇ ਹਨ।

ਤਿੰਨ ਲੋਅ ਚੌਦਹ ਭਵਨ ਜਲਿ ਥਲਿ ਮਹੀਅਲ ਛਲੁ ਕਰਿ ਛਾਈ ।

ਤਿੰਨਾਂ ਲੋਕਾਂ, ਚੌਦਾਂ ਬ੍ਰਹਮੰਡਾਂ, ਜਲਾਂ ਥਲਾਂ, ਪ੍ਰਿਥਵੀ, ਪਾਤਾਲਾਂ ਵਿਖ ਛਲ ਕਰ ਕੇ ਛਾਇ ਰਹੀ ਹੈ।

ਕਵਲਾ ਸਣੁ ਕਵਲਾਪਤੀ ਸਾਧਸੰਗਤਿ ਸਰਣਾਗਤਿ ਆਈ ।

ਉਹ 'ਕਵਲਾ' (ਲਛਮੀ) ਕਮਲਾਪਤ (ਵਿਸ਼ਨੂੰ) ਦੇ ਸਣੇ ਸੰਗਤ ਦੀ ਸ਼ਰਣ ਆਈ ਹੈ।

ਪੈਰੀ ਪੈ ਪਾਖਾਕ ਹੋਇ ਆਪੁ ਗਵਾਇ ਨ ਆਪੁ ਗਣਾਈ ।

ਪੈਰੀਂ ਪੈ ਕੇ ਪੈਰਾਂ ਦੀ ਖਾਕ ਧੂੜ ਹੋਕੇ ਆਪਣਾ ਆਪ ਗਵਾ ਦਿਤਾ ਹੈ।

ਗੁਰਮੁਖਿ ਸੁਖ ਫਲੁ ਵਡੀ ਵਡਿਆਈ ।੫।

(ਇਹ ਗੁਰਮੁਖਾਂ ਦੇ ਸੁਖਫਲ (ਵੈਰਾਗ) ਦੀ ਵਡੀ ਸ਼ੋਭਾ ਹੈ (ਕਿ ਮਾਯਾ ਨੂੰ ਬੀ ਆਪਣੇ ਚਰਣਾਂ ਦੀ ਦਾਸੀ ਕਰ ਲੈਂਦੇ ਹਨ)।

ਪਉੜੀ ੬

ਬਾਵਨ ਰੂਪੀ ਹੋਇ ਕੈ ਬਲਿ ਛਲਿ ਅਛਲਿ ਆਪੁ ਛਲਾਇਆ ।

ਬਾਵਨ (ਅਰਥਾਤ ਨਿੱਕਾ ਜਿਹਾ) ਰੂਪ ਧਾਰਕੇ ਰਾਜਾ ਬਲੀ ਨੂੰ ਛਲਦਾ ਹੋਇਆ ਛਲਨ ਵਿੱਚ (ਨਾਂ ਕਾਮਯਾਬ ਹੋਕੇ) ਆਪ ਨੂੰ ਛਲਾ ਬੈਠਾ।

ਕਰੌਂ ਅਢਾਈ ਧਰਤਿ ਮੰਗਿ ਪਿਛੋਂ ਦੇ ਵਡ ਪਿੰਡੁ ਵਧਾਇਆ ।

ਪਹਿਲੇ (ਰਾਜਾ ਪਾਸੋਂ) ਅਢਾਈ ਉਲਾਂਘਾਂ ਜ਼ਮੀਨ ਮੰਗੀ ਪਿੱਛੋਂ ਵਡਾ ਸ਼ਰੀਰ ਵਧਾ ਲੀਤਾ (ਅਜਿਹਾ ਕਿ)

ਦੁਇ ਕਰੁਵਾ ਕਰਿ ਤਿੰਨਿ ਲੋਅ ਬਲਿ ਰਾਜੇ ਫਿਰਿ ਮਗਰੁ ਮਿਣਾਇਆ ।

ਦੋ ਉਲਾਂਘਾਂ ਵਿਚ ਤਿੰਨੇ ਲੋਕ (ਮਿਣ ਲੀਤੇ ਪਿੱਛੇ ਅੱਧੀ ਉਲਾਂਘ ਦੇ ਬਦਲੇ) ਰਾਜੇ ਦਾ ਸਰੀਰ ਮਿਣਿਆ (ਕਿਉਂ ਜੋ ਇਹ ਦਾਨ ਤੋਂ ਬਾਹਰ ਹੈਸੀ)।

ਸੁਰਗਹੁ ਚੰਗਾ ਜਾਣਿ ਕੈ ਰਾਜੁ ਪਤਾਲ ਲੋਕ ਦਾ ਪਾਇਆ ।

(ਹੁਣ ਰਾਜਾ ਬਲਿ ਨੇ) ਸੁਰਗ ਨਾਲੋਂ ਪਤਾਲ (ਭਾਵ ਨਿੰਮ੍ਰਤਾ ਧਾਰਨੀ) ਦਾ ਰਾਜ ਚੰਗਾ ਜਾਣ ਕੇ ਲੀਤਾ (ਜਦ ਬਾਵਨ ਮੁੜਨ ਲੱਗਾ ਤਦ ਬਲੀ ਨੇ ਕਿਹਾ ਕਿ ਤੂੰ ਕਿੱਥੇ ਜਾਂਦਾ ਹੈਂ? ਆਪਣਾ ਬਚਨ ਯਾਦ ਰੱਖਕੇ ਮੇਰੇ ਬੂਹੇ ਬੈਠ)।

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਭਗਤਿ ਵਛਲ ਦਰਵਾਨ ਸਦਾਇਆ ।

(ਹੁਣ) ਤਿੰਨਾਂ ਬ੍ਰਹਮਾਂ, ਬਿਸ਼ਨੂੰ; ਸ਼ਿਵ ਨੂੰ (ਵਾਰੀ ਵਾਰੀ ਸਿਰ) ਪਹਿਰੇਦਾਰ ਸਦਾਉਣਾ ਪਿਆ ਭਗਤ ਵਛਲ (ਹੋਣ ਕਰਕੇ)।

ਬਾਵਨ ਲਖ ਸੁ ਪਾਵਨਾ ਸਾਧਸੰਗਤਿ ਰਜ ਇਛ ਇਛਾਇਆ ।

ਬਾਵਨ ਵਰਗੇ ਲੱਖਾਂ ਪਵਿੱਤ੍ਰਾਂ ਨੇ ਸਾਧ ਸੰਗਤ ਦੀ ਧੂੜੀ ਦੀ ਇੱਛਾ ਕੀਤੀ ਹੈ (ਕਿ ਕਿਵੇਂ ਪ੍ਰਾਪਤ ਹੋਵੇ)।

ਸਾਧ ਸੰਗਤਿ ਗੁਰ ਚਰਨ ਧਿਆਇਆ ।੬।

ਸਾਧ ਸੰਗਤ ਅਰ ਗੁਰੂ ਦੇ ਚਰਨਾਂ ਨੂੰ ਧਿਆਇਆ ਹੈ।

ਪਉੜੀ ੭

ਸਹਸ ਬਾਹੁ ਜਮਦਗਨਿ ਘਰਿ ਹੋਇ ਪਰਾਹੁਣਚਾਰੀ ਆਇਆ ।

ਸਹਸਬਾਹੁ (ਨਾਮੇ ਰਾਜਾ ਜਿਸ ਦੀਆਂ ਹਜ਼ਾਰ ਬਾਂਹਾਂ ਸਨ) ਜਮਦਗਨੀ (ਨਾਮੇ ਰਿਖੀ ਪਾਸ ਜੋ ਉਸ ਦਾ ਸਾਂਢੂ ਬੀ ਸੀ) ਪਰਾਹੁਣਾਂ ਬਣਕੇ (ਬਣ ਵਿਖੇ ਇਕ ਦਿਨ ਫੌਜ ਸਮੇਤ) ਆ ਉਤਰਿਆ।

ਕਾਮਧੇਣੁ ਲੋਭਾਇ ਕੈ ਜਮਦਗਨੈ ਦਾ ਸਿਰੁ ਵਢਵਾਇਆ ।

ਲਲਚਾ ਕੇ ਕਾਮਧੇਨ ਗਊ (ਰਿਖੀ ਪਾਸ ਵੇਖ ਕੇ ਮੰਗੀ, ਨਾ ਮਿਲਣ ਪਰ) ਜਮਦਗਨੀ ਦਾ ਸਿਰ ਵਢਵਾ ਦਿੱਤਾ।

ਪਿਟਦੀ ਸੁਣਿ ਕੈ ਰੇਣੁਕਾ ਪਰਸਰਾਮ ਧਾਈ ਕਰਿ ਧਾਇਆ ।

(ਹੁਣ ਪਰਸਰਾਮ ਦੀ ਮਾਂ) ਰੇਣਕਾ (ਰੰਡੀ ਹੋਣ ਕਰਕੇ) ਪਿੱਟਣ ਲੱਗੀ, ਪਰਸਰਾਮ (ਸੁਣਦਾ ਹੀ) ਦੌੜਕੇ ਆਇਆ।

ਇਕੀਹ ਵਾਰ ਕਰੋਧ ਕਰਿ ਖਤ੍ਰੀ ਮਾਰਿ ਨਿਖਤ੍ਰ ਕਰਾਇਆ ।

(ਪਰਸਰਾਮ ਨੇ) ੨੧ ਵਾਰੀ ਕ੍ਰੋਧ ਕਰ ਕੇ ਖੱਤ੍ਰੀ ਮਾਰਕੇ ਨਿਹਖੱਤ੍ਰਾਇਣ ਕਰ ਦਿੱਤਾ (ਪ੍ਰੰਤੂ ਓਹ ਬੀ ਹਉਮੈ ਨਾ ਮਾਰ ਸਕਿਆ)।

ਚਰਣ ਸਰਣਿ ਫੜਿ ਉਬਰੇ ਦੂਜੈ ਕਿਸੈ ਨ ਖੜਗੁ ਉਚਾਇਆ ।

(ਜਿਨ੍ਹਾਂ ਨੇ ਪਰਮਸ਼ਰ ਦੇ) ਚਰਨਾਂ ਦੀ ਸ਼ਰਨ ਫੜੀ ਸੋ ਬਚੇ (ਰਾਮਚੰਦ੍ਰ ਪਰਵਾਰ ਸਮੇਤ ਪਰਮੇਸ਼ੁਰ ਭਗਤ ਹੋਣ ਕਰ ਕੇ ਪਰਸਰਾਮ ਤੋਂ ਬਚ ਰਹੇ ਸੇ, ਐਸੇ ਹੀ ਰਾਜਾ ਅਗੁਟ ਸਿੰਧ ਦੇ, ਪਰਜਾ ਤੇ ਸ਼ਰਨਾਗਤਾਂ ਸਮੇਤ ਬਚੇ, ਐਸੇ ਹੀ ਜਨਕ ਭਗਤ ਅਰ ਹੋਰ ਵਾਹਿਗੁਰੂ ਚਰਨਾਂ ਦੇ ਸ਼ਰਨਾਗਤ) ਹੋਰ ਕਿਸੇ ਨੇ ੳਸ (ਕਾਤਲ) ਦੇ ਸਾਮ੍ਹਣੇ ਤਲਵਾਰ ਉਚੀ

ਹਉਮੈ ਮਾਰਿ ਨ ਸਕੀਆ ਚਿਰੰਜੀਵ ਹੁਇ ਆਪੁ ਜਣਾਇਆ ।

(ਇੱਡਾ ਬਲੀ ਹੋਕੇ ਪਰਸਰਾਮ) ਹਉਮੈ ਨਾ ਮਾਰ ਸਕਿਆ, ਵਡੀ ਉਮਰਾ ਹੋਕੇ ਆਪੇ ਦਾ ਹੰਕਾਰ ਕਰਦਾ ਰਿਹਾ।

ਚਰਣ ਕਵਲ ਮਕਰੰਦੁ ਨ ਪਾਇਆ ।੭।

ਚਰਨਾਂ ਕਮਲਾਂ ਦਾ ਮਕਰੰਦ ਰਸ ਨਾ ਪਾਯਾ। (ਹਉਮੈ ਵਿਚ ਹੀ ਦੁਖੀ ਗਿਆ)।

ਪਉੜੀ ੮

ਰੰਗ ਮਹਲ ਰੰਗ ਰੰਗ ਵਿਚਿ ਦਸਰਥੁ ਕਉਸਲਿਆ ਰਲੀਆਲੇ ।

ਦਸਰਥ ਦੇ ਰਣਵਾਸ ਵਿਖੇ (ਜਿੱਥੇ) ਵਡੇ ਰਾਗ ਰੰਗ (ਹੁੰਦੇ ਸਨ) ਕੌਸ਼ੱਲਿਆ ਪਟਰਾਣੀ ਗਰਭਵਤੀ ਹੋਈ।

ਮਤਾ ਮਤਾਇਨਿ ਆਪ ਵਿਚਿ ਚਾਇ ਚਈਲੇ ਖਰੇ ਸੁਖਾਲੇ ।

ਆਪੋ ਵਿਚ ਸਲਾਹਾਂ ਕਰਨ, ਚਾਉ ਵਿਚ ਭਰੇ ਹੋਏ, ਖਰੇ ਸੁਖੀ ਹੋਏ ਹੋਏ।

ਘਰਿ ਅਸਾੜੈ ਪੁਤੁ ਹੋਇ ਨਾਉ ਕਿ ਧਰੀਐ ਬਾਲਕ ਬਾਲੇ ।

(ਹੇ ਪਿਆਰੀ) ਇਸਤ੍ਰੀ! ਜੇ ਸਾਡੇ ਘਰ ਪੁੱਤਰ ਹੋਵੇ ਤਾਂ ਅਸੀਂ ਉਸ ਬਾਲਕ ਦਾ ਕੀ ਨਾਉਂ ਧਰੀਏ?

ਰਾਮਚੰਦੁ ਨਾਉ ਲੈਂਦਿਆਂ ਤਿੰਨਿ ਹਤਿਆ ਤੇ ਹੋਇ ਨਿਰਾਲੇ ।

(ਇਸਤ੍ਰੀ ਨੇ ਕਿਹਾ, ਐਸਾ ਨਾਮ ਧਰੋ ਜੋ ਪਰਮੇਸ਼ੁਰ ਦਾ ਨਾਮ ਹੋਵੇ, ਤਾਂ ਕਿ ਅਜਾਮਲ ਵਾਂਗੂੰ ਸਾਡੇ ਪਾਪ ਵੀ ਧੋਤੇ ਜਾਣ, ਤਾਂਤੇ) ਰਾਮਚੰਦ੍ਰ ਨਾਉਂ (ਰੱਖਿਆ, ਜਿਸਦੇ) ਲੀਤਿਆਂ ਤਿੰਨ ਹੱਤਿਆ ਤੋਂ ਨਿਰਮਲ ਹੋਏ।

ਰਾਮ ਰਾਜ ਪਰਵਾਣ ਜਗਿ ਸਤ ਸੰਤੋਖ ਧਰਮ ਰਖਵਾਲੇ ।

ਰਾਮ ਦਾ ਰਾਜ ਜੱਗਪ੍ਰਵਾਣ ਹੋਇਆ, (ਕਿਉਂਕਿ ਰਾਮ ਜੀ) ਸਤ ਸੰਤੋਖ ਧਰਮ ਦੇ ਰਖਵਾਲੇ (ਹੋਕੇ ਰਾਜ ਕਰਦੇ ਸੇ)।

ਮਾਇਆ ਵਿਚਿ ਉਦਾਸ ਹੋਇ ਸੁਣੈ ਪੁਰਾਣੁ ਬਸਿਸਟੁ ਬਹਾਲੇ ।

ਆਪ ਮਾਯਾ ਵਿਚ ਉਦਾਸ ਹੋਕੇ (ਨਿੰਮ੍ਰਤਾ ਧਾਰੀ ਸੇ ਕਿ) ਵਸ਼ਿਸ਼ਟ ਗੁਰੂ (ਪਾਸ) ਬਹਾਲ ਕੇ (ਕਥਾ ਵਾਰਤਾ) ਪੁਰਾਤਣ (ਕਰਦਾ ਸੀ ਤਾਂ ਨਿੰਮ੍ਰਤਾ ਨਾਲ) ਸੁਣਦੇ ਸੇ।

ਰਾਮਾਇਣੁ ਵਰਤਾਇਆ ਸਿਲਾ ਤਰੀ ਪਗ ਛੁਹਿ ਤਤਕਾਲੇ ।

(ਜਗਤ ਵਿਚ ਇਹ ਪ੍ਰਚਾਰ ਕੀਤਾ ਕਿ) ਪਰਮੇਸ਼ੁਰ (ਸਭ ਦਾ) ਆਸਰਾ ਹੈ, (ਇਸ ਭਗਤੀ ਕਰ ਕੇ ਇਨ੍ਹਾਂ ਦੇ) ਪੈਰਾਂ ਨਾਲ ਲੱਗਕੇ ਸਿਲਾ ਓਸੇ ਵੇਲੇ ਤਰ ਗਈ।

ਸਾਧਸੰਗਤਿ ਪਗ ਧੂੜਿ ਨਿਹਾਲੇ ।੮।

(ਰਾਮ ਚੰਦ੍ਰ ਜੀ) ਸਾਧ ਸੰਗਤ ਦੇ ਪੈਰਾਂ ਦੀ ਧੂੜ ਨੂੰ ਯਾਚਦੇ ਸਨ। (ਜੈਸਾ:- ਬਨ ਵਿਚ ਜਾਕੇ ਤਪੀਆਂ ਦੇ ਚਰਨ ਧੋਂਦੇ ਰਹੇ)।

ਪਉੜੀ ੯

ਕਿਸਨ ਲੈਆ ਅਵਤਾਰੁ ਜਗਿ ਮਹਮਾ ਦਸਮ ਸਕੰਧੁ ਵਖਾਣੈ ।

ਕ੍ਰਿਸ਼ਨ ਨੇ ਜਗਤ ਵਿਖੇ (ਵਾਸਦੇਵ ਦੇਵਕੀ ਦੇ ਘਰ) ਅਵਤਾਰ ਲੀਤਾ (ਭਾਗਵਤ ਦੇ) ਦਸਮੇਂ ਪੁਰਬ ਵਿਖੇ (ਇਹ ਕਥਾ ਤੇ) ਮਹਿਮਾਂ ਲਿਖੀ ਹੈ।

ਲੀਲਾ ਚਲਤ ਅਚਰਜ ਕਰਿ ਜੋਗੁ ਭੋਗੁ ਰਸ ਰਲੀਆ ਮਾਣੈ ।

ਅਚਰਜ ਕੌਤਕ ਦੇ ਚਲਿਤ ਕਰ ਕੇ ਜੋਗ, ਭੋਗ ਤੇ ਅਨੰਦ ਖੁਸ਼ੀਆ ਮਾਣੀਆਂ।

ਮਹਾਭਾਰਥੁ ਕਰਵਾਇਓਨੁ ਕੈਰੋ ਪਾਡੋ ਕਰਿ ਹੈਰਾਣੈ ।

ਕੈਰਵਾਂ ਅਰ ਪਾਂਡਵਾ ਦਾ ਵੱਡਾ ਭਾਰੀ ਸੰਗ੍ਰਾਮ ਕਰਾਕੇ ਉਹਨਾਂ ਨੂੰ ਹੈਰਾਨ ਕਰ ਦਿੱਤਾ।

ਇੰਦ੍ਰਾਦਿਕ ਬ੍ਰਹਮਾਦਿਕਾ ਮਹਿਮਾ ਮਿਤਿ ਮਿਰਜਾਦ ਨ ਜਾਣੈ ।

(ਕ੍ਰਿਸ਼ਨ ਉਪਾਸ਼ਕਾਂ ਦਾ ਭਰੋਸਾ ਹੈ ਕਿ) ਇੰਦ੍ਰ ਆਦਿ, ਬ੍ਰਹਮਾ ਆਦਿ ਮਹਿੰਮਾ ਦੀ ਮਿਤੀ ਤੇ ਮਿਰਜਾਦਾ ਨਹੀਂ ਜਾਣਦੇ, (ਪਰ ਭਾਈ ਸਾਹਿਬ ਜੀ ਦੱਸਦੇ ਹਨ ਕਿ ਇੱਡੇ ਵੱਡੇ ਕਹਿਲਾਉਣ ਵਾਲੇ ਕ੍ਰਿਸ਼ਨ ਜੀ ਨੇ ਬੀ)

ਮਿਲੀਆ ਟਹਲਾ ਵੰਡਿ ਕੈ ਜਗਿ ਰਾਜਸੂ ਰਾਜੇ ਰਾਣੈ ।

ਜਦ (ਯੁਧਿਸ਼ਟਰ ਦੇ) ਰਾਜਸੂ ਨਾਮੇ ਯੱਗ ਵਿਖੇ ਰਾਜਿਆਂ ਤੇ ਰਾਣਿਆਂ ਨੂੰ ਟਹਿਲਾ ਮਿਲਣ ਲੱਗੀਆਂ (ਤਦ)

ਮੰਗ ਲਈ ਹਰਿ ਟਹਲ ਏਹ ਪੈਰ ਧੋਇ ਚਰਣੋਦਕੁ ਮਾਣੈ ।

ਇਹ ਟਹਿਲ ਮੰਗ ਲਈ ਕਿ ਮੈਂ ਚਰਨ ਧੋਵਾਂਗਾ ਅਰ ਚਰਣੋਦਕ ਦੀ ਮੌਜ ਲਵਾਂਗਾ।

ਸਾਧਸੰਗਤਿ ਗੁਰ ਸਬਦੁ ਸਿਞਾਣੈ ।੯।

(ਤਾਂ ਜੋ ਇਸ ਨਿੰਮ੍ਰਤਾ ਦੇ ਪ੍ਰਤਾਪ ਕਰਕੇ) ਸਾਧ ਸੰਗਤ ਅਰ ਗੁਰੂ ਦੇ ਸ਼ਬਦ ਨੂੰ ਪਛਾਣ ਲਵੇ।

ਪਉੜੀ ੧੦

ਮਛ ਰੂਪ ਅਵਤਾਰੁ ਧਰਿ ਪੁਰਖਾਰਥੁ ਕਰਿ ਵੇਦ ਉਧਾਰੇ ।

ਮੱਛ ਰੂਪ ਦਾ ਅਵਤਾਰ ਧਾਰ ਕੇ ਮਿਹਨਤ ਕਰ ਕੇ ਵੇਦਾਂ ਦਾ ਉਧਾਰ ਕੀਤਾ।

ਕਛੁ ਰੂਪ ਹੁਇ ਅਵਤਰੇ ਸਾਗਰੁ ਮਥਿ ਜਗਿ ਰਤਨ ਪਸਾਰੇ ।

(ਫੇਰ) ਕੱਛੂ ਰੂਪ ਧਾਰ ਕੇ ਸਮੁੰਦਰ ਰਿੜਕਿਆ ਜਗਤ ਵਿਚ (ਚੌਦਾਂ) ਰਤਨ ਪਸਾਰੇ।

ਤੀਜਾ ਕਰਿ ਬੈਰਾਹ ਰੂਪੁ ਧਰਤਿ ਉਧਾਰੀ ਦੈਤ ਸੰਘਾਰੇ ।

ਤੀਜਾ ਸੂਕਰ ਰੂਪ ਧਾਰਕੇ ਧਰਤੀ ਦੀ ਰੱਛਾ ਕੀਤੀ ਤੇ ਦੈਂਤ ਮਾਰੇ।

ਚਉਥਾ ਕਰਿ ਨਰਸਿੰਘ ਰੂਪੁ ਅਸੁਰੁ ਮਾਰਿ ਪ੍ਰਹਿਲਾਦਿ ਉਬਾਰੇ ।

ਚੌਥਾ ਨਰ ਸਿੰਘ ਦਾ ਰੂਪ ਕਰ ਕੇ ਰਾਖਸ਼ ਮਾਰਕੇ ਪ੍ਰਹਿਲਾਦ ਦੀ ਰੱਛਾ ਕੀਤੀ।

ਇਕਸੈ ਹੀ ਬ੍ਰਹਮੰਡ ਵਿਚਿ ਦਸ ਅਵਤਾਰ ਲਏ ਅਹੰਕਾਰੇ ।

(ਇਸ) ਇਕੋ ਬ੍ਰਹਮੰਡ ਵਿਖੇ ਦਸ ਅਵਤਾਰ ਹੰਕਾਰ ਨਾਲ ਲੀਤੇ।

ਕਰਿ ਬ੍ਰਹਮੰਡ ਕਰੋੜਿ ਜਿਨਿ ਲੂੰਅ ਲੂੰਅ ਅੰਦਰਿ ਸੰਜਾਰੇ ।

(ਜਿਸ ਨੇ ਐਸੇ) ਕਰੋੜਾਂ ਬ੍ਰਹਿਮੰਡ ਇਕ ਇਕ ਰੋਮ ਵਿਖੇ ਸੰਜਰੇ ਹੋਏ ਹਨ।

ਲਖ ਕਰੋੜਿ ਇਵੇਹਿਆ ਓਅੰਕਾਰ ਅਕਾਰ ਸਵਾਰੇ ।

ਏਹੋ ਜੇਹੇ ਸਰੂਪ ਓਅੰਕਾਰ ਪਰਮਾਤਮਾਂ ਨੇ ਲੱਖਾਂ ਕਰੋੜਾਂ ਸਵਾਰ ਛਡੇ ਹਨ।

ਚਰਣ ਕਮਲ ਗੁਰ ਅਗਮ ਅਪਾਰੇ ।੧੦।

ਪਰ ਗੁਰੂ ਦੇ ਚਰਨ ਕਮਲ ਅਗੰਮ ਤੇ ਅਪਾਰ ਹਨ, (ਜਿਨ੍ਹਾਂ ਦੀ ਰੀਸ ਨਹੀਂ ਹੋ ਸਕਦੀ)।

ਪਉੜੀ ੧੧

ਸਾਸਤ੍ਰ ਵੇਦ ਪੁਰਾਣ ਸਭ ਸੁਣਿ ਸੁਣਿ ਆਖਣੁ ਆਖ ਸੁਣਾਵਹਿ ।

(ਛੀ) ਸ਼ਾਸਤ੍ਰ (ਚਾਰ) ਵੇਦ (ਅਠਾਰਾਂ) ਪੁਰਾਣ ਸੱਭ ਬੁੱਧਿਮਾਨਾਂ ਤੋਂ ਸੁਣ ਸੁਣ ਕੇ ਕਥਾ ਵਖਯਾਨ ਕਰਦੇ ਹਨ।

ਰਾਗ ਨਾਦ ਸੰਗਤਿ ਲਖ ਅਨਹਦ ਧੁਨਿ ਸੁਣਿ ਸੁਣਿ ਗੁਣ ਗਾਵਹਿ ।

ਕਈ (ਰਾਗੀ ਲੋਕ) ਰਾਗਾਂ ਦੇ ਸ਼ਬਦ ਕਰਕੇ, ਕਈ ਸੰਗੀਤ (ਧ੍ਰਪਤ ਸਰਗਮਾਂ ਤੇ ਤਰਾਨਿਆਂ) ਵਿਚ ਇਕ ਰਸ ਧੁਨੀ ਨਾਲ ਗੁਣਾਨੁਵਾਦ ਵਿਚ ਲਿਵ ਲਾਉਂਦੇ ਹਨ।

ਸੇਖ ਨਾਗ ਲਖ ਲੋਮਸਾ ਅਬਿਗਤਿ ਗਤਿ ਅੰਦਰਿ ਲਿਵ ਲਾਵਹਿ ।

ਬ੍ਰਹਮੇ ਬਿਸਨੁ ਮਹੇਸ ਲਖ ਗਿਆਨੁ ਧਿਆਨੁ ਤਿਲੁ ਅੰਤੁ ਨ ਪਾਵਹਿ ।

(ਲੱਖਾਂ) ਬ੍ਰਹਮੇ, ਬਿਸ਼ਨੁ ਸ਼ਿਵ ਲੱਖਾਂ ਹੀ, ਗਿਆਨ ਧਿਆਨ ਦਾ ਤਿਲ ਮਾਤ੍ਰ ਬੀ ਅੰਤ ਨਹੀਂ ਪਾ ਸਕਦੇ।

ਦੇਵੀ ਦੇਵ ਸਰੇਵਦੇ ਅਲਖ ਅਭੇਵ ਨ ਸੇਵ ਪੁਜਾਵਹਿ ।

ਦੇਵੀਆਂ ਦੇਵਤੇ ਅਲਖ ਪਰਮਾਤਮਾਂ ਦਾ ਭੇਤ ਨਹੀਂ ਪਾ ਸਕਦੇ ਅਰ ਸੇਵਾ ਕਰਦੇ ਉਸਨੂੰ ਪਹੁੰਚ ਨਹੀਂ ਸਕਦੇ।

ਗੋਰਖ ਨਾਥ ਮਛੰਦ੍ਰ ਲਖ ਸਾਧਿਕ ਸਿਧਿ ਨੇਤ ਕਰਿ ਧਿਆਵਹਿ ।

ਲੱਖਾਂ ਗੋਰਖਨਾਥ, ਲੱਖਾਂ ਮਛੰਦਰ, ਲੱਖਾਂ ਸਾਧਕ, ਲੱਖਾਂ ਸਿੱਧ, ਨੇਤਿ ਨੇਤਿ ਕਰ ਕੇ ਚਿੰਤਨ ਕਰਦੇ ਹਨ।

ਚਰਨ ਕਮਲ ਗੁਰੁ ਅਗਮ ਅਲਾਵਹਿ ।੧੧।

(ਪਰੰਤੂ ਇਹੀ) ਆਖਦੇ ਹਨ ਕਿ ਗੁਰੂ ਦੇ ਚਰਨ ਕਵਲ ਅਗੰਮ ਹਨ।

ਪਉੜੀ ੧੨

ਮਥੈ ਤਿਵੜੀ ਬਾਮਣੈ ਸਉਹੇ ਆਏ ਮਸਲਤਿ ਫੇਰੀ ।

ਮੱਥੇ ਤੇ ਤਿਊੜੀ ਵਾਲਾ ਬ੍ਰਾਹਮਣ ਜੇ ਸਾਹਮਣੇ ਮਿਲ ਪਵੇ (ਤਦ ਲੋਕ) ਸਲਾਹ ਫੇਰ ਲੈਂਦੇ ਹਨ (ਭਾਵ ਤੁਰਣ ਤੋਂ ਹਟ ਜਾਂਦੇ ਹਨ ਕਿ ਇਹ ਅਪਸ਼ਗਨ ਹੈ। ਸੋ ਮਥਾ ਪੂਜਿਆ ਨਹੀਂ ਜਾਂਦਾ)।

ਸਿਰੁ ਉਚਾ ਅਹੰਕਾਰ ਕਰਿ ਵਲ ਦੇ ਪਗ ਵਲਾਏ ਡੇਰੀ ।

(ਸਿਰ) ਹੰਕਾਰੁ ਕਰ ਕੇ ਉੱਚਾ ਹੈ (ਰੱਸੇ ਵਾਂਙੁ) ਵੱਟ ਚਾੜ੍ਹਕੇ ਵਿੰਗੀ ਪੱਗ ਬੰਨਦਾ ਹੈ (ਤਾਂਤੇ ਨਹੀਂ ਪੂਜੀਦਾ)।

ਅਖੀਂ ਮੂਲਿ ਨ ਪੂਜੀਅਨਿ ਕਰਿ ਕਰਿ ਵੇਖਨਿ ਮੇਰੀ ਤੇਰੀ ।

ਅੱਖਾਂ ਮੂਲ ਨਹੀਂ ਪੂਜੀਦੀਆਂ ਕਿ☬ਉਂ ਜੋ ਉਹ ਮੇਰੀ ਤੇਰੀ (ਦ੍ਵੇਤ ਨਾਲ) ਵੇਖਦੀਆਂ ਹਨ।

ਨਕੁ ਨ ਕੋਈ ਪੂਜਦਾ ਖਾਇ ਮਰੋੜੀ ਮਣੀ ਘਨੇਰੀ ।

ਨੱਕ ਨੂੰ ਭੀ ਕੋਈ ਨਹੀਂ ਪੂਜਦਾ (ਆਪ ਥੋਂ ਨੀਵੇਂ ਨੂੰ ਵੇਖ ਕੇ) ਮਰੋੜੀ ਚਾੜ੍ਹਦਾ ਹੈ (ਉਸ ਵਿਚ ਮੈਂ ਦੀ) ਮਣੀ ਘਣੀ ਵੜੀ ਹੋਈ ਹੈ।

ਉਚੇ ਕੰਨ ਨ ਪੂਜੀਅਨਿ ਉਸਤਤਿ ਨਿੰਦਾ ਭਲੀ ਭਲੇਰੀ ।

ਉੱਚੇ ਕੰਨ (ਭੀ) ਨਹੀਂ ਪੂਜੀਦੇ (ਕਿਉਂਕਿ ਲੋਕਾਂ ਦੀ) ਉਸਤਤ ਨਿੰਦਾ ਭਲੀ ਬੁਰੀ ਸੁਣਦੇ ਰਹਿੰਦੇ ਹਨ।

ਬੋਲਹੁ ਜੀਭ ਨ ਪੂਜੀਐ ਰਸ ਕਸ ਬਹੁ ਚਖੀ ਦੰਦਿ ਘੇਰੀ ।

ਜੀਭ (ਇਸ ਲਈ) ਨਹੀਂ ਪੂਜੀਦੀ ਕਿ (ਇਕ ਤਾਂ) ਬਾਹਲਾ ਬੜ ਬੜ ਕਰਦੀ ਹੈ, ਦੂਜੇ ਬਾਹਲੇ ਰਸਾਂ ਕਸਾਂ ਦੇ ਸ੍ਵਾਦ ਲੈਣ ਲਈ ਦੰਦਾਂ ਵਿਚ ਘੇਰੀ ਰਹਿੰਦੀ ਹੈ।

ਨੀਵੇਂ ਚਰਣ ਪੂਜ ਹਥ ਕੇਰੀ ।੧੨।

ਚਰਨ ਨੀਵੇਂ ਹਨ, (ਇਸ ਲਈ) ਹੱਥਾਂ ਨਾਲ ਪੂਜੀਦੇ ਹਨ।

ਪਉੜੀ ੧੩

ਹਸਤਿ ਅਖਾਜੁ ਗੁਮਾਨ ਕਰਿ ਸੀਹੁ ਸਤਾਣਾ ਕੋਇ ਨ ਖਾਈ ।

ਹਾਥੀ (ਦਾ ਮਾਸ) ਅਪਵਿੱਤ੍ਰ ਹੈ (ਇਸ ਲਈ ਕਿ ਇਸ ਵਿਖੇ) ਗੁਮਾਨ ਵੱਡਾ ਹੈ; ਸ਼ੇਰ ਨੂੰ ਆਪਣੇ ਤਾਣ (ਦਾ ਗੁਮਾਨ ਹੈ, ਇਸ ਲਈ ਉਸਨੂੰ ਬੀ) ਕੋਈ ਨਹੀਂ ਖਾਂਦਾ।

ਹੋਇ ਨਿਮਾਣੀ ਬਕਰੀ ਦੀਨ ਦੁਨੀ ਵਡਿਆਈ ਪਾਈ ।

ਬਕਰੀ ਨਿਰਮਾਣ ਹੈ ਇਸ ਲਈ ਦੋਹਾਂ ਲੋਕਾਂ ਵਿਖੇ ਇਸਦੀ ਸ਼ੋਭਾ ਹੈ।

ਮਰਣੈ ਪਰਣੈ ਮੰਨੀਐ ਜਗਿ ਭੋਗਿ ਪਰਵਾਣੁ ਕਰਾਈ ।

ਮਰਣੇ ਤੇ ਪਰਣੇ ਵਿਖੇ ਮੰਨੀ ਜਾਂਦੀ ਹੈ, ਜੱਗ ਅਰ ਵਡੇ ਖਾਣਿਆਂ ਵਿਖੇ ਪ੍ਰਮਾਣਿਕ ਹੈ।

ਮਾਸੁ ਪਵਿਤ੍ਰ ਗ੍ਰਿਹਸਤ ਨੋ ਆਂਦਹੁ ਤਾਰ ਵੀਚਾਰਿ ਵਜਾਈ ।

ਗ੍ਰਿਹਸਤੀ ਵਾਸਤੇ ਇਸ ਦਾ ਮਾਸ ਪਵਿੱਤ੍ਰ (ਮੰਨਿਆ) ਹੈ; ਆਂਦਰਾਂ ਤੋਂ ਤਾਰ (ਤੰਦੀ ਬਣਦੀ ਹੈ ਜੋ) ਵੀਚਾਰਵਾਨ (ਸਾਧੂ ਬੀ) ਵਜਦੀ (ਸੁਣਕੇ ਮਗਨ ਹੁੰਦੇ ਹਨ)।

ਚਮੜੇ ਦੀਆਂ ਕਰਿ ਜੁਤੀਆ ਸਾਧੂ ਚਰਣ ਸਰਣਿ ਲਿਵ ਲਾਈ ।

(ਇਸ ਦੇ) ਚਮੜੇ ਦੀਆਂ (ਨਰਮ) ਜੁਤੀਆਂ (ਬਣਦੀਆਂ ਹਨ) ਸਾਧੂ ਸ਼ਰਣ ਵਿਚ ਲਿਵ ਲਾਉਣ ਵਾਲੇ ਚਰਨੀਂ (ਪਹਿਨਦੇ ਹਨ)।

ਤੂਰ ਪਖਾਵਜ ਮੜੀਦੇ ਕੀਰਤਨੁ ਸਾਧਸੰਗਤਿ ਸੁਖਦਾਈ ।

(ਫੇਰ ਇਸ ਦੇ ਚਮੜੇ ਨਾਲ) ਮ੍ਰਿਦੰਗ ਤੇ ਜੋੜੀਆਂ ਮੜ੍ਹੀਆਂ ਜਾਂਦੀਆਂ ਹਨ, ਸਾਧ ਸੰਗਤ ਵਿਖੇ ਕੀਰਤਨ (ਤੇ ਸ਼ਬਦ ਦੀ ਵਰਖਾ ਵਿਚ ਇਹ) ਸੁਖਦਾਇਕ ਹੁੰਦੇ ਹਨ।

ਸਾਧਸੰਗਤਿ ਸਤਿਗੁਰ ਸਰਣਾਈ ।੧੩।

ਸਤਿਸੰਗਤ ਦੀ ਸ਼ਰਨ (ਆਉਣਾ) ਸਤਿਗੁਰੂ ਦੀ ਸ਼ਰਨ (ਆਉਂਣਾ ਹੈ)।

ਪਉੜੀ ੧੪

ਸਭ ਸਰੀਰ ਅਕਾਰਥੇ ਅਤਿ ਅਪਵਿਤ੍ਰੁ ਸੁ ਮਾਣਸ ਦੇਹੀ ।

ਸਾਰੇ ਸਰੀਰ ਅਕਾਰਥੇ ਹਨ, ਵਡੀ ਅਪਵਿੱਤ੍ਰ (ਇਕ) ਮਨੁੱਖਾ ਦੇਹ ਹੈ। (ਪਰੰਤੂ ਇਸ ਵਿਚ)

ਬਹੁ ਬਿੰਜਨ ਮਿਸਟਾਨ ਪਾਨ ਹੁਇ ਮਲ ਮੂਤ੍ਰ ਕੁਸੂਤ੍ਰ ਇਵੇਹੀ ।

ਬਹੁਤੇ ਭੋਜਨ ਤੇ ਮਿੱਠੇ ਸ਼ਰਬਤ, ਮਲ ਮੂਤ੍ਰ ਹੋਕੇ ਐਵੇਂ ਹੀ ਕਸੂਤ ਹੋ ਜਾਂਦੇ ਹਨ।

ਪਾਟ ਪਟੰਬਰ ਵਿਗੜਦੇ ਪਾਨ ਕਪੂਰ ਕੁਸੰਗ ਸਨੇਹੀ ।

ਪੱਟ ਦੇ ਕਪੜੇ (ਪਹਿਰਣ ਨਾਲ) ਮੈਲੇ ਹੋ ਜਾਂਦੇ ਹਨ, ਪਾਨਾਂ ਦੇ ਬੀੜੇ, (ਦੇਹ ਦੇ) ਕੁਸੰਗ ਨਾਲ ਮਿਲਕੇ ਕੁਰੂਪ ਹੋ ਜਾਂਦੇ ਹਨ।

ਚੋਆ ਚੰਦਨੁ ਅਰਗਜਾ ਹੁਇ ਦੁਰਗੰਧ ਸੁਗੰਧ ਹੁਰੇਹੀ ।

ਚੋਆ, ਚੰਦਨ, ਅਰਗਜਾ ਤੇ ਹੋਰ ਸੁਗੰਧੀਆਂ ਬੀ ਦੁਰਗੰਧ ਹੁੰਦੀਆਂ ਹਨ।

ਰਾਜੇ ਰਾਜ ਕਮਾਂਵਦੇ ਪਾਤਿਸਾਹ ਖਹਿ ਮੁਏ ਸਭੇ ਹੀ ।

ਰਾਜੇ ਰਾਜ ਕਰਦੇ ਹੋਏ, ਪਾਤਸ਼ਾਹ ਸਾਰੇ ਹੀ (ਹਉਮੈ ਨਾਲ) ਆਪੋ ਵਿਚ ਖਹਿ ਖਹਿ ਕੇ ਮਰਦੇ ਹਨ।

ਸਾਧਸੰਗਤਿ ਗੁਰੁ ਸਰਣਿ ਵਿਣੁ ਨਿਹਫਲੁ ਮਾਣਸ ਦੇਹ ਇਵੇਹੀ ।

ਸਾਧ ਸੰਗਤ ਅਰ ਗੁਰੂ ਦੇ ਸ਼ਬਦ ਥੋਂ ਬਿਨਾਂ ਮਨੁੱਖਾਂ ਦੇਹੀ ਐਵੇਂ ਹੀ ਨਿਹਫਲ ਹੈ।

ਚਰਨ ਸਰਣਿ ਮਸਕੀਨੀ ਜੇਹੀ ।੧੪।

(ਪਰ) ਚਰਣਾਂ ਦੀ ਸ਼ਰਣ ਲੈ ਕੇ (ਜਿਨ੍ਹਾਂ) ਗਰੀਬੀ (ਫੜੀ ਹੈ, ਉਨ੍ਹਾਂ) ਜਿਹੀ (ਸਫਲਤਾ ਕਿਸੇ ਦੀ ਨਹੀਂ)।

ਪਉੜੀ ੧੫

ਗੁਰਮੁਖਿ ਸੁਖ ਫਲੁ ਪਾਇਆ ਸਾਧਸੰਗਤਿ ਗੁਰ ਸਰਣੀ ਆਏ ।

ਗੁਰਮੁਖਾਂ ਨੇ ਸੁਖ ਫਲ ਪਾ ਲੀਤਾ ਹੈ, ਜਿਹੜੇ ਸਾਧ ਸੰਗਤ (ਨਾਲ ਮਿਲਕੇ) ਸ੍ਰੀ ਗੁਰੂ ਜੀ ਦੀ ਸ਼ਰਣੀ ਆਏ ਹਨ (ਸੋ ਹੇਠਲੀਆਂ ਚਾਰ ਤੁਕਾਂ ਵਿਖੇ ਦੱਸਦੇ ਹਨ)।

ਧ੍ਰੂ ਪ੍ਰਹਿਲਾਦ ਵਖਾਣੀਅਨਿ ਅੰਬਰੀਕੁ ਬਲਿ ਭਗਤਿ ਸਬਾਏ ।

ਧ੍ਰੂਵ, ਪ੍ਰਹਿਲਾਦ, ਅੰਬਰੀਕ, ਬਲ, ਸਾਰੇ ਭਗਤ ਕਹੀਦੇ ਹਨ।

ਜਨਕਾਦਿਕ ਜੈਦੇਉ ਜਗਿ ਬਾਲਮੀਕੁ ਸਤਿਸੰਗਿ ਤਰਾਏ ।

ਸਨਕਾਦਿਕ, ਜੈਦੇਵ, ਬਾਲਮੀਕ, ਸਤਸੰਗਤਿ ਨੇ ਤਾਰੇ।

ਬੇਣੁ ਤਿਲੋਚਨੁ ਨਾਮਦੇਉ ਧੰਨਾ ਸਧਨਾ ਭਗਤ ਸਦਾਏ ।

ਬੇਣੀ, ਤ੍ਰਿਲੋਚਨ, ਨਾਮਦੇਉ, ਧੰਨਾ, ਸਧਨਾ ਭਗਤ ਸਦਾਏ।

ਭਗਤੁ ਕਬੀਰੁ ਵਖਾਣੀਐ ਜਨ ਰਵਿਦਾਸੁ ਬਿਦਰ ਗੁਰੁ ਭਾਏ ।

ਕਬੀਰ ਭਗਤ ਕਹੀਦਾ ਹੈ, ਜਨ ਰਵਿਦਾਸ, ਬਿਰਦ ਗੁਰੂ ਨੂੰ ਭਾਏ,

ਜਾਤਿ ਅਜਾਤਿ ਸਨਾਤਿ ਵਿਚਿ ਗੁਰਮੁਖਿ ਚਰਣ ਕਵਲ ਚਿਤੁ ਲਾਏ ।

(ਇਨ੍ਹਾਂ ਵਿਖੋਂ) ਕਈ ਨੀਵੀਂ ਜਾਤ ਵਾਲੇ, ਕਈ ਚਮਾਰ (ਆਦਿ) ਹਨ, ਪਰੰਤੂ ਗੁਰਮੁਖਾਂ ਦੇ ਚਰਣ ਕਵਲਾਂ ਵਿਖੇ ਚਿੱਤ ਲਾਇਆ,

ਹਉਮੈ ਮਾਰੀ ਪ੍ਰਗਟੀ ਆਏ ।੧੫।

ਹਉਮੈ ਮਾਰੀ ਤੇ ਪ੍ਰਗਟ ਹੋ ਗਏ।

ਪਉੜੀ ੧੬

ਲੋਕ ਵੇਦ ਸੁਣਿ ਆਖਦਾ ਸੁਣਿ ਸੁਣਿ ਗਿਆਨੀ ਗਿਆਨੁ ਵਖਾਣੈ ।

(ਬੁਧੀਮਾਨ) ਲੋਕਾਂ ਤੋਂ ਸੁਣਕੇ ਵੇਦ ਆਖਦਾ ਹੈ, ਸੁਣ ਸੁਣ (ਕੇ ਹੀ) ਗਿਆਨੀ ਲੋਕ ਗਿਆਨ ਕਰਦੇ ਹਨ।

ਸੁਰਗ ਲੋਕ ਸਣੁ ਮਾਤ ਲੋਕ ਸੁਣਿ ਸੁਣਿ ਸਾਤ ਪਤਾਲੁ ਨਾ ਜਾਣੈ ।

ਸੁਰਗ ਦੇ ਲੋਕ ਸਣੇ ਮਾਤਲੋਕ ਦੇ ਸੱਤੇ ਪਤਾਲਾਂ ਦੇ ਲੋਕ ਬੀ ਸੁਣ ਸੁਣ ਕੇ (ਉਸ ਨੂੰ) ਜਾਣਦੇ ਨਹੀਂ।

ਭੂਤ ਭਵਿਖ ਨ ਵਰਤਮਾਨ ਆਦਿ ਮਧਿ ਅੰਤ ਹੋਏ ਹੈਰਾਣੈ ।

ਭੂਤ, ਭਵਿੱਖਤ ਅਤੇ ਵਰਤਮਾਨ ਵਿਖੇ ਆਦ ਮੱਧ ਅੰਤ ਤੀਕ ਹੈਰਾਣ ਹੋ ਰਹੇ ਹਨ।

ਉਤਮ ਮਧਮ ਨੀਚ ਹੋਇ ਸਮਝਿ ਨ ਸਕਣਿ ਚੋਜ ਵਿਡਾਣੈ ।

ਉਤਮ, ਮੱਧਮ ਅਤੇ ਨੀਚ ਹੋਕੇ (ਤਿੰਨ ਦਸ਼ਾ ਦੇ ਲੋਕ) ਉੇਸ ਪਰਮਾਤਮਾ ਦੇ ਅਚਰਜ ਕੌਤਕਾਂ ਨੂੰ ਸਾਰੇ ਸਮਝ ਨਹੀਂ ਸਕਦੇ।

ਰਜ ਗੁਣ ਤਮ ਗੁਣ ਆਖੀਐ ਸਤਿ ਗੁਣ ਸੁਣ ਆਖਾਣ ਵਖਾਣੈ ।

ਰਜੋ ਗੁਣੀ (ਰਾਜੇ) ਤਮੋਗੁਣੀ (ਦੈਤ ਦਾਨਵ) ਸਤੋਗੁਣੀ (ਦੇਵਤੇ) ਬੀ ਸੁਣ ਸੁਣਕੇ ਅਖਾਣਾਂ ਨੂੰ ਆਖਦੇ ਹਨ।

ਮਨ ਬਚ ਕਰਮ ਸਿ ਭਰਮਦੇ ਸਾਧਸੰਗਤਿ ਸਤਿਗੁਰ ਨ ਸਿਞਾਣੈ ।

ਮਨ ਬਾਣੀ ਅਰ ਸਰੀਰ ਕਰ ਕੇ ਭਰਮ ਰਹੇ ਹਨ, ਕਿਉਂ ਜੋ ਸਾਧ ਸੰਗਤ ਵਿਖੇ ਮਿਲਕੇ 'ਸਤਿਗੁਰੂ) (ਸ਼੍ਰੀ ਗੁਰੂ ਨਾਨਕ ਦੇਵ), ਨੂੰ ਨਹੀਂ ਪਛਾਣਦੇ।

ਫਕੜੁ ਹਿੰਦੂ ਮੁਸਲਮਾਣੈ ।੧੬।

(ਏਸੇ ਕਰਕੇ) ਹਿੰਦੂ ਅਤੇ ਮੁਸਲਮਾਨ (ਦੋਵੇਂ ਹੀ) ਫੱਕੜ ਹਨ, (ਭਾਵ ਨਿੰਦਕ ਅਤੇ ਵ੍ਯਰਥ ਹਨ)।

ਪਉੜੀ ੧੭

ਸਤਿਜੁਗਿ ਇਕੁ ਵਿਗਾੜਦਾ ਤਿਸੁ ਪਿਛੈ ਫੜਿ ਦੇਸੁ ਪੀੜਾਏ ।

ਸਤਿਜੁਗ ਵਿਚ ਇਕ ਜਣਾ ਪਾਪ ਕਰਦਾ ਸੀ, ਉਸ ਦੀ ਹੁੰਦੀ ਸਾਰਾ ਦੇਸ਼ ਪੀੜੀਦਾ ਸੀ।

ਤ੍ਰੇਤੈ ਨਗਰੀ ਵਗਲੀਐ ਦੁਆਪਰਿ ਵੰਸੁ ਨਰਕਿ ਸਹਮਾਏ ।

ਤ੍ਰੇਤੈ ਵਿਖੇ ਸਾਰੀ ਨਗਰੀ ਫੜੀਦੀ ਸੀ, ਦੁਆਪਰ ਵਿਖੇ ਸਾਰੀ ਵੰਸ਼ ਨਰਕ (ਕੈਦ ਵਿਚ) ਜਾਂਦੀ ਸੀ।

ਜੋ ਫੇੜੈ ਸੋ ਫੜੀਦਾ ਕਲਿਜੁਗਿ ਸਚਾ ਨਿਆਉ ਕਰਾਏ ।

ਕਲਜੁਗ ਵਿਖੇ ਜੋ ਪਾਪ ਕਰੇ ਫੜੀਦਾ ਹੈ, (ਇਸੇ ਕਰਕੇ) ਸੱਚਾ ਨਿਆਉਂ ਕੀਤਾ ਜਾਂਦਾ ਹੈ (“ਸਤਜੁਗ, ਤ੍ਰੇਤਾ, ਦੁਆਪਰ ਭਣੀਐ ਕਲਿਜੁਗ ਊਤਮ ਜੁਗਾ ਮਾਹਿ॥ ਅਹਿਕਰੁ ਕਰੇ ਸੋ ਅਹਿਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ”)।

ਸਤਿਜੁਗ ਸਤੁ ਤ੍ਰੇਤੈ ਜੁਗਾ ਦੁਆਪਰਿ ਪੂਜਾ ਚਾਰਿ ਦਿੜਾਏ ।

ਸਤਜੁਗ ਵਿਖੇ ਸਤਿ ਬੋਲਣ ਨਾਲ, ਤ੍ਰੇਤੈ ਵਿਖੇ ਜੱਗਾਂ ਕਰਨ ਨਾਲ, ਦੁਆਪਰ ਵਿਖੇ ਪੂਜਾ ਦੇ ਕਰਤਬਾਂ ਦੀ ਦ੍ਰਿੜਤਾ ਕਰਾਂਦੇ ਸੀ। (“ਸਤਜੁਗ ਸਤ, ਤ੍ਰੇਤਾ ਜਗੀ, ਦੁਆਪਰ ਪੂਜਾ ਚਾਰ। “ ਪੁਨਾ:- “ਕਲਿ ਕੇਵਲ ਨਾਮ ਆਧਾਰ”)।

ਕਲਿਜੁਗਿ ਨਾਉ ਅਰਾਧਣਾ ਹੋਰ ਕਰਮ ਕਰਿ ਮੁਕਤਿ ਨ ਪਾਏ ।

ਕਲਿਜੁਗ ਵਿਖੇ ਇਕ ਨਾਮ ਦੀ ਅਰਾਧਣਾਂ (ਮੁਖ ਕਰਮ ਹੈ) ਹੋਰ ਕਰਮਾਂ (ਧਰਮਾਂ) ਕਰ ਕੇ ਮੁਕਤੀ ਨਹੀਂ ਮਿਲਦੀ।

ਜੁਗਿ ਜੁਗਿ ਲੁਣੀਐ ਬੀਜਿਆ ਪਾਪੁ ਪੁੰਨੁ ਕਰਿ ਦੁਖ ਸੁਖ ਪਾਏ ।

ਜੁਗਾਂ ਜੁਗਾਂ ਵਿਖੇ ਜਿਹਾ ਕੋਈ ਪਾਪ ਪੁੰਨ ਬੀਜਦਾ (ਉਸ ਦਾ ਫਲ) ਦੁਖ ਜਾਂ ਸੁਖ ਕੱਟਦਾ ਸੀ (ਪਰੰਤੂ ਕਲਿਜੁਗ ਦੀ ਇਕ ਹੋਰ ਗੱਲ ਵੱਡੀ ਚੰਗੀ ਹੈ)

ਕਲਿਜੁਗਿ ਚਿਤਵੈ ਪੁੰਨ ਫਲ ਪਾਪਹੁ ਲੇਪੁ ਅਧਰਮ ਕਮਾਏ ।

ਕਿ ਕਲਿਜੁਗ ਵਿਖੇ ਪੁੰਨ ਦੇ ਚਿਤਵਿਆਂ ਫਲ ਹੋ ਜਾਂਦਾ ਹੈ ਅਰ ਪਾਪ ਦਾ ਲੇਪ ਅਧਰਮ ਦੇ ਕਮਾਇਆਂ ਹੀ ਹੁੰਦਾ ਹੈ।

ਗੁਰਮੁਖਿ ਸੁਖ ਫਲੁ ਆਪੁ ਗਵਾਏ ।੧੭।

(ਪਰ) ਸੁਖ ਰੂਪੀ ਫਲ ਆਪਾ ਭਾਵ ਗਵਾਕੇ ਗੁਰਮੁਖ (ਪਦ ਵਿਖੇ) ਹੈ।

ਪਉੜੀ ੧੮

ਸਤਜੁਗ ਦਾ ਅਨਿਆਉ ਵੇਖਿ ਧਉਲ ਧਰਮੁ ਹੋਆ ਉਡੀਣਾ ।

ਸਤਿਜੁਗ ਵਿਖੇ ਪਾਪ ਦੇ ਬਦਲੇ ਦੇਸ਼ ਨੂੰ ਪੀੜੀਦਾ ਵੇਖਕੇ ਧਰਮ ਬੈਲ ਉਦਾਸੀਨ ਹੋ ਗਿਆ।

ਸੁਰਪਤਿ ਨਰਪਤਿ ਚਕ੍ਰਵੈ ਰਖਿ ਨ ਹੰਘਨਿ ਬਲ ਮਤਿ ਹੀਣਾ ।

(ਅਜਿਹਾ ਕਿ) 'ਸੁਪਰਤ' (ਇੰਦ੍ਰ) ਤੇ ਚੱਕ੍ਰਵਰਤੀ ਰਾਜੇ ਬੀ ਸੰਭਾਲ ਨਾ ਸਕੇ, ਬਲ ਅਤੇ ਬੁੱਧੀ ਤੋਂ ਹੀਣਾ ਹੋ ਗਿਆ।

ਤ੍ਰੇਤੇ ਖਿਸਿਆ ਪੈਰੁ ਇਕੁ ਹੋਮ ਜਗ ਜਗੁ ਥਾਪਿ ਪਤੀਣਾ ।

ਤ੍ਰੇਤੇ ਜੁਗ ਵਿਖੇ ਧਰਮ ਬੈਲ ਦਾ ਇਕ ਪੈਰ ਖਿਸਕ ਗਿਆ; ਹੋਮ ਅਤੇ ਜੱਗਾਂ ਦਾ ਥਾਪ ਥਾਪ ਕੇ ਲੋਕ ਪਤੀਜ ਗਏ।

ਦੁਆਪੁਰਿ ਦੁਇ ਪਗ ਧਰਮ ਦੇ ਪੂਜਾ ਚਾਰ ਪਖੰਡੁ ਅਲੀਣਾ ।

ਦੁਆਪਰ ਵਿਖੇ ਧਰਮ ਦੇ ਦੋ ਪੈਰ ਘਟ ਗਏ; (ਲੋਕ) ਪੂਜਾ ਚਾਰਾਂ ਦੇ ਪਖੰਡਾਂ ਵਿਖੇ ਮਸਤ ਹੋ ਗਏ।

ਕਲਿਜੁਗ ਰਹਿਆ ਪੈਰ ਇਕੁ ਹੋਇ ਨਿਮਾਣਾ ਧਰਮ ਅਧੀਣਾ ।

ਕਲਜੁਗ ਵਿਖੇ ਇਕੋ ਪੈਰ ਰਹਿ ਗਿਆ, ਧਰਮ ਨਿਮਾਣਾ ਹੋਕੇ ਅਧੀਨ ਹੋ ਗਿਆ।

ਮਾਣੁ ਨਿਮਾਣੈ ਸਤਿਗੁਰੂ ਸਾਧਸੰਗਤਿ ਪਰਗਟ ਪਰਬੀਣਾ ।

ਨਿਮਾਣਿਆਂ ਨੂੰ ਮਾਣ ਦੇਣ ਹਾਰੇ ਸਤਿਗੁਰੂ (ਸ੍ਰੀ ਗੁਰੂ ਨਾਨਕ ਦੇਵ) ਨੇ ਪਰਬੀਣ (ਤਤ ਮਿਥ੍ਯਾ ਤੇ ਨ੍ਯਾਯ ਜੀਵਨ ਵਾਲੀ ਰੀਤ) ਸਾਧ ਸੰਗ ਤੇ ਪ੍ਰਗਟ ਕੀਤੀ।

ਗੁਰਮੁਖ ਧਰਮ ਸਪੂਰਣੁ ਰੀਣਾ ।੧੮।

ਧਰਮ (ਜੋ) ਕਿਣਕੇ ਕਿਣਕੇ ਹੁੰਦਾ ਜਾਂਦਾ ਸੀ (ਉਹ) ਗੁਰਮੁਖਾਂ ਦਵਾਰੇ 'ਸੰਪੂਰਣ' (ਚਾਰ ਪੈਰਾਂ ਵਾਲਾ ਸਾਬਤ ਕਰ ਦਿਤਾ।

ਪਉੜੀ ੧੯

ਚਾਰਿ ਵਰਨਿ ਇਕ ਵਰਨ ਕਰਿ ਵਰਨ ਅਵਰਨ ਸਾਧਸੰਗੁ ਜਾਪੈ ।

ਚਾਰ ਵਰਣ (ਖਤ੍ਰੀ, ਬ੍ਰਾਹਮਣ, ਸੂਦ, ਵੈਸ) ਦਾ ਇਕ ਵਰਣ ਕਰ ਕੇ ਵਰਣ ਭਾਵੇਂ ਅਵਰਣ ਹੋਵੇ ਸਾਧ ਸੰਗਤ ਹੀ ਜਾਣੀਦੇ ਹਨ।

ਛਿਅ ਰੁਤੀ ਛਿਅ ਦਰਸਨਾ ਗੁਰਮੁਖਿ ਦਰਸਨੁ ਸੂਰਜੁ ਥਾਪੈ ।

ਛੀ ਰੁਤਾਂ (ਰੂਪੀ) ਛੀ ਦਰਸ਼ਨਾਂ ਵਿਖੇ ਗੁਰਮੁਖ ਦਰਸ਼ਨ (ਮਤ) ਸੂਰਜ ਵਾਂਙ ਸਥਾਪਨ ਹੋਇਆ।

ਬਾਰਹ ਪੰਥ ਮਿਟਾਇ ਕੈ ਗੁਰਮੁਖਿ ਪੰਥ ਵਡਾ ਪਰਤਾਪੈ ।

ਬਾਰਾਂ ਪੰਥ (ਜੋਗੀਆਂ ਦਾ ਝਗੜਾ) ਮਿਟਾਕੇ ਗੁਰਮੁਖ ਪੰਥ ਵਡੇ ਪਰਤਾਪ ਵਾਲਾ (ਬਣਾਇਆ ਹੈ)।

ਵੇਦ ਕਤੇਬਹੁ ਬਾਹਰਾ ਅਨਹਦ ਸਬਦੁ ਅਗੰਮ ਅਲਾਪੈ ।

ਇਹ ਪੰਥ ਵੇਦਾਂ ਕਤੇਬਾਂ ਥੋਂ ਬਾਹਰ ਹੈ, (ਕਿਉਂ ਜੋ) ਅਨਹਦ ਸ਼ਬਦ ਦਵਾਰਾ 'ਅਗਮ' (ਅਕਾਲ ਪੁਰਖ) ਦਾ ਹੀ ਉਚਾਰਨ ਕਰਦੇ ਹਨ।

ਪੈਰੀ ਪੈ ਪਾ ਖਾਕ ਹੋਇ ਗੁਰਸਿਖਾ ਰਹਰਾਸਿ ਪਛਾਪੈ ।

ਪੈਰੀਂ ਪੈਣਾਂ ਪੈਰਾਂ ਦੀ ਧੂੜੀ ਹੋਣਾ (ਇਹ) ਗੁਰ ਸਿਖਾਂ ਦੀ ਰਹੁ ਰੀਤ ਪਛਾਣੀ ਦੀ ਹੈ।

ਮਾਇਆ ਵਿਚਿ ਉਦਾਸੁ ਕਰਿ ਆਪੁ ਗਵਾਏ ਜਪੈ ਅਜਾਪੈ ।

ਮਾਯਾ ਦੇ ਵਿਚ ਹੀ ਉਦਾਸ ਰਹਿਕੇ ਆਪਾ ਭਾਵ ਹਟਾ ਅਜਪਾ ਜਾਪ ਦਵਾਰੇ ਜਾਪ ਕਰਦੇ ਹਨ।

ਲੰਘ ਨਿਕਥੈ ਵਰੈ ਸਰਾਪੈ ।੧੯।

ਵਰ ਸਰਾਪ (ਸਿੱਧੀਆਂ ਆਦਿ) ਤੋਂ ਲੰਘਕੇ (ਗੁਰਮੁਖ ਪੰਥ ਹੈ)।

ਪਉੜੀ ੨੦

ਮਿਲਦੇ ਮੁਸਲਮਾਨ ਦੁਇ ਮਿਲਿ ਮਿਲਿ ਕਰਨਿ ਸਲਾਮਾਲੇਕੀ ।

(ਜਦ) ਦੋ ਮੁਸਲਮਾਨ (ਆਪੋ ਵਿਚ) ਮਿਲਦੇ ਹਨ ਤਾਂ ਮਿਲ ਮਿਲਕੇ ਸਲਾਮਾ ਲੈਕਮ ਕਰਦੇ ਹਨ।

ਜੋਗੀ ਕਰਨਿ ਅਦੇਸ ਮਿਲਿ ਆਦਿ ਪੁਰਖੁ ਆਦੇਸੁ ਵਿਸੇਖੀ ।

ਜੋਗੀ ਮਿਲਦੇ ਹਨ (ਇਕ) ਆਦੇਸ (ਨਮਸਕਾਰ) ਕਹਿੰਦਾ ਹੈ (ਦੂਜਾ) 'ਆਦ ਪੁਰਖ ਆਦੇਸ' ਕਹਿੰਦਾ ਹੈ (ਕਿ ਪਰਮਾਤਮਾ ਕੋ ਨਿਮਸਕਾਰ ਹੋਵੇ)।

ਸੰਨਿਆਸੀ ਕਰਿ ਓਨਮੋ ਓਨਮ ਨਾਰਾਇਣ ਬਹੁ ਭੇਖੀ ।

ਜਦ ਸੰਨ੍ਯਾਸੀ (ਆਪੋ ਵਿਚ ਟਕਰਦੇ ਹਨ) (ਇੱਕ) ਓਨਮ: ਕਹਿੰਦਾ ਹੈ (ਕਿ ਓਅੰ ਨੂੰ ਨਮਸਕਾਰ ਹੋਵੇ, ਦੂਜਾ) ਓਨਮੋ ਨਾਰਾਇਣ ਕਹਿੰਦਾ ਹੈ, (ਕਿ ਨਾਰਾਇਣ ਕੋ ਨਮਸਕਾਰ ਹੋਵੇ)।

ਬਾਮ੍ਹਣ ਨੋ ਕਰਿ ਨਮਸਕਾਰ ਕਰਿ ਆਸੀਰ ਵਚਨ ਮੁਹੁ ਦੇਖੀ ।

ਬ੍ਰਾਹਮਣ ਨੂੰ (ਜੇ ਕੋਈ ਨਮਸਕਾਰ ਕਹਿੰਦਾ ਹੈ ਉਹ ਅਗੋਂ ਮੂੰਹ ਦੇਖਕੇ ਆਸ਼ੀਰਬਾਦ ਦਾ ਬਚਨ ਕਹਿੰਦਾ ਹੈ। (ਹੁਣ ਪੰਜਵੀਂ ਤੇ ਛੀਵੀਂ ਤੁਕ ਵਿਖੇ 'ਸਤਿਗੁਰ' ਗੁਰੂ ਨਾਨਕ ਦੇਵ ਜੀ ਦੀ ਰਹੁ ਰੀਤ ਦੱਸਦੇ ਹਨ)।

ਪੈਰੀ ਪਵਣਾ ਸਤਿਗੁਰੂ ਗੁਰ ਸਿਖਾ ਰਹਰਾਸਿ ਸਰੇਖੀ ।

('ਭਾਈ ਜੀ) ਪੈਰੀ ਪੈ' ਸਤਿਗੁਰੂ ਜੀ ਨੇ ਇਹ ਗੁਰੂ ਸਿੱਖਾਂ ਦੀ ਰਾਹ ਰੀਤ ਚਲਾਈ।

ਰਾਜਾ ਰੰਕੁ ਬਰਾਬਰੀ ਬਾਲਕ ਬਿਰਧਿ ਨ ਭੇਦੁ ਨਿਮੇਖੀ ।

ਇਸ ਵਿਖੇ ਰਾਜਾ ਰੰਕ ਬਰਾਬਰ ਹੈ, ਬਾਲਕ ਬਿਰਧ ਵਿਖੇ ਭੇਦ ਰੰਚਕ ਨਹੀਂ ਹੈ।

ਚੰਦਨ ਭਗਤਾ ਰੂਪ ਨ ਰੇਖੀ ।੨੦।

ਚੰਦਨ ਰੂਪ ਭਗਤਾਂ ਵਿਚ ਰੂਪ ਰੇਖ ਨਹੀਂ ਹੈ।

ਪਉੜੀ ੨੧

ਨੀਚਹੁ ਨੀਚੁ ਸਦਾਵਣਾ ਗੁਰ ਉਪਦੇਸੁ ਕਮਾਵੈ ਕੋਈ ।

ਨੀਚ ਥੋਂ ਨੀਚ (ਆਪ ਨੂੰ) ਸਦਾਉਣਾ ਚਾਹੀਦਾ ਹੈ (ਪਰੰਤੂ ਇਹ) ਗੁਰੂ ਜੀ ਦਾ ਉਪਦੇਸ਼ ਕੋਈ ਹੀ ਕਮਾਉਂਦਾ ਹੈ।

ਤ੍ਰੈ ਵੀਹਾਂ ਦੇ ਦੰਮ ਲੈ ਇਕੁ ਰੁਪਈਆ ਹੋਛਾ ਹੋਈ ।

(ਦ੍ਰਿਸ਼ਟਾਂਤ) 'ਤ੍ਰੈਵੀਹਾਂ' (ਸੱਠ) ਪੈਸੇ (ਅਥਵਾ ਤੀਹ ਟਕੇ) ਦੇਕੇ ਇਕ ਰੁਪਈਆ ਲਈਏ ਤਾਂ (ਭਾਰ 'ਹੋਛਾ' ਅਰਥਾਤ) ਹੌਲਾ ਹੋ ਜਾਂਦਾ ਹੈ। (ਭਾਵ ਇਕ ਤੋਲਾ ਰਹਿ ਜਾਂਦਾ ਹੈ। ਤਥਾ)

ਦਸੀ ਰੁਪਯੀਂ ਲਈਦਾ ਇਕੁ ਸੁਨਈਆ ਹਉਲਾ ਸੋਈ ।

ਦਸ ਰੁਪਏ ਦੇਕੇ ਇਕ ਸੁਨਈਆ (ਮੋਹਰ) ਲਈਏ (ਦਸਵਾਂ ਹਿੱਸਾ ਭਾਰ ਹੋਰ) ਹਲਕਾ ਹੋ ਜਾਂਦਾ ਹੈ।

ਸਹਸ ਸੁਨਈਏ ਮੁਲੁ ਕਰਿ ਲੱਯੈ ਹੀਰਾ ਹਾਰ ਪਰੋਈ ।

ਹਜ਼ਾਰ ਮੋਹਰ ਦਾ ਮੁੱਲ ਕਰ ਕੇ ਇਕ ਹੀਰਾ ਲਈਏ ਉਹ (ਭਾਰ ਐਡਾ ਹੌਲਾ ਹੋ ਜਾਂਦਾ ਹੈ ਕਿ ਰਾਣੀਆਂ ਦੇ) ਹਾਰ ਵਿਚ ਪ੍ਰੋਤਾ ਜਾਂਦਾ ਹੈ।

ਪੈਰੀ ਪੈ ਪਾ ਖਾਕ ਹੋਇ ਮਨ ਬਚ ਕਰਮ ਭਰਮ ਭਉ ਖੋਈ ।

(ਅਜਿਹਾ ਹੀ) ਜੋ ਪੈਰਾਂ ਦੀ ਖਾਕ ਹੋਕੇ ਪੈਰੀਂ ਪੈਂਦੇ ਹਨ ਅਰ ਮਨ ਬਚ ਕਰਮ ਕਰ ਕੇ ਭਰਮ ਭਊ ਨਹੀਂ ਰਖਦੇ।

ਹੋਇ ਪੰਚਾਇਣੁ ਪੰਜਿ ਮਾਰ ਬਾਹਰਿ ਜਾਦਾ ਰਖਿ ਸਗੋਈ ।

ਸਤਿਸੰਗ ਵਿਖੇ (ਪ੍ਰਾਪਤ ਹੋਕੇ) ਪੰਜ ਇੰਦ੍ਰਯ (ਅਥਵਾ ਕਾਮਾਦਿਕ ਵਿਖਯ) ਮਾਰਕੇ ਬਾਹਰ ਜਾਂਦਾ (ਮਨ) ਰੋਕ ਰਖੇ।

ਬੋਲ ਅਬੋਲੁ ਸਾਧ ਜਨ ਓਈ ।੨੧।੨੩। ਤ੍ਰੇਈ ।

ਉਹ ਸਾਧੂ (ਜਨ ਹੈ ਉਸ ਦੇ) ਬੋਲ (ਮਹਿੰਮਾ) ਅਮੋਲ ਹੈ (ਹੀਰੇ ਤੋਂ ਬੀ ਵਧੀਕ ਮਹਿੰਗਾ ਹੈ)।


Flag Counter