ਵਾਰਾਂ ਭਾਈ ਗੁਰਦਾਸ ਜੀ

ਅੰਗ - 22


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਨਿਰਾਧਾਰ ਨਿਰੰਕਾਰੁ ਨ ਅਲਖੁ ਲਖਾਇਆ ।

(ਵਾਹਿਗੁਰੂ) ਕਿਸੇ ਦੇ ਆਸ਼੍ਰਯ ਨਹੀਂ ਅਕਾਰ ਤੋਂ ਰਹਿਤ ਹੈ (ਉਸ) ਅਲੱਖ ਨੇ (ਆਪਣਾ ਆਪ) ਲਖਾਇਆ ਨਹੀਂ ਹੈ।

ਹੋਆ ਏਕੰਕਾਰੁ ਆਪੁ ਉਪਾਇਆ ।

(ਵਾਹਿਗੁਰੂ ਨਿਰਾਕਾਰ ਸੀ। ਉਸ ਨਿਰਾਕਾਰ ਤੋਂ ਏਕੰਕਾਰ ਹੋਇਆ, (ਕਿਸੇ ਦੇ ਕੀਤਿਆਂ ਨਹੀਂ ਉਸ ਨੇ ਆਪਣਾ ਇਹ ਰੂਪ) ਆਪ ਉਪਾਇਆ।

ਓਅੰਕਾਰਿ ਅਕਾਰੁ ਚਲਿਤੁ ਰਚਾਇਆ ।

(ਏਕੰਕਾਰ ਤੋਂ) ਓਅੰਕਾਰ ਰੂਪ ਦਾ ਕੌਤਕ ਰਚਿਆ (ਸ਼ਬਦ ਬ੍ਰਹਮ ਹੋਇਆ)।

ਸਚੁ ਨਾਉ ਕਰਤਾਰੁ ਬਿਰਦੁ ਸਦਾਇਆ ।

ਓਅੰਕਾਰ ਤੋਂ) ਸਤਿਨਾਮ (ਹੋਇਆ ਅਰ ਇਸ ਤੋਂ) ਕਰਤਾ ਪੁਰਖ (ਹੋਣ ਕਰ ਕੇ ਭਗਤ ਵਛਲ) ਬਿਰਦ ਸਦਵਾਯਾ।

ਸਚਾ ਪਰਵਦਗਾਰੁ ਤ੍ਰੈ ਗੁਣ ਮਾਇਆ ।

(ਪਰ ਆਪ ਕੁਝ ਹੇਰ ਫੇਰ ਨਹੀਂ ਖਾ ਗਿਆ ਉਹੋ ਨਿਰਾਕਾਰ ਸਤਿ ਸਰੂਪ ਰਿਹਾ) ਸੱਚਾ (ਓਹੋ ਤ੍ਰ੍ਰੈਕਾਲ ਅਬਾਧ ਰੂਪ ਵਾਲਾ ਰਹਿਕੇ ਹੁਣ ਨਾਲ) ਪਾਲਣ ਵਾਲਾ (ਸਦਵਾਇਆ, ਪਰ ਫੇਰ ਤ੍ਰਿਗੁਣਾਤੀਤ ਰਿਹਾ) ਤਿੰਨ ਗੁਣਾਂ ਵਿਚ ਮਾਇਆ ਹੈ (ਆਪ ਨਹੀਂ)।

ਸਿਰਠੀ ਸਿਰਜਣਹਾਰੁ ਲੇਖੁ ਲਿਖਾਇਆ ।

(ਤ੍ਰ੍ਰੈਗੁਣਾਂ ਵਿਚ ਹੋਣ ਕਰਕੇ) ਸ੍ਰਿਸ਼ਟੀ ਨੇ ਸਿਰਜਣਾ ਤੋਂ ਲੇਖ ਲਿਖਵਾਇਆ (ਕਿ ਕਰਮਾਂ ਦਾ ਬਦਲਾ ਪਾਵਾਂਗੇ, ਜੇ ਇਹ ਹੁਕਮ ਨਾ ਹੁੰਦਾ ਤਦ ਸੰਸਾਰ ਚਲਦਾ ਹੀ ਨਾ)।

ਸਭਸੈ ਦੇ ਆਧਾਰੁ ਨ ਤੋਲਿ ਤੁਲਾਇਆ ।

(ਕਰਮਾਂ ਦਾ ਫਲ ਦਾ ਨਿਯਮ ਬੰਨ੍ਹਕੇ) ਆਸਰਾ ਸਭ ਨੂੰ ਦੇਂਦਾ ਹੈ (ਭਾਵ ਪਾਲਣਾ ਸਭ ਦੀ ਕਰਦਾ ਹੈ ਇਸ ਵਿਚ ਕਿਸੇ ਦਾ) ਤੋਲ ਨਹੀਂ ਤੋਲਦਾ। (ਭਾਵ “ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨ ਹਾਰੈ॥ “ ਭਲੇ ਬੁਰੇ ਸਭ ਦੀ ਪਾਲਣਾ ਕਰਦਾ ਹੈ।

ਲਖਿਆ ਥਿਤਿ ਨ ਵਾਰੁ ਨ ਮਾਹੁ ਜਣਾਇਆ ।

(ਇਸ ਰਚਨਾਂ ਦੇ ਰਚਨ ਦਾ) ਥਿੱਤ ਵਾਰ ਨਹੀਂ ਲਿਖਿਆ, ਨਾ ਮਹੀਨਾ ਹੀ ਜਣਾਇਆ ਹੈ।

ਵੇਦ ਕਤੇਬ ਵੀਚਾਰੁ ਨ ਆਖਿ ਸੁਣਾਇਆ ।੧।

(੯) ਵੇਦਾਂ ਕਤੇਬਾਂ (ਤੇ ਹੋਰ) ਵੀਚਾਰਾਂ ਨੇ ਵੀ (ਏਹ ਗੱਲ) ਨਹੀਂ ਦੱਸੀ।

ਪਉੜੀ ੨

ਨਿਰਾਲੰਬੁ ਨਿਰਬਾਣੁ ਬਾਣੁ ਚਲਾਇਆ ।

ਨਿਰਆਸਰੇ ਤੇ ਨਿਰਬੰਧ ਬਾਣ (ਕਿਸ ਨੇ) ਚਲਾਇਆ?

ਉਡੈ ਹੰਸ ਉਚਾਣ ਕਿਨਿ ਪਹੁਚਾਇਆ ।

ਹੰਸ ਉਚਾਈ ਤੇ ਉਡਦਾ ਹੈ (ਉਸ ਨੂੰ ਮਾਨਸਰੋਵਰ ਉਤੇ) ਕਿਸ ਨੇ ਪਹੁੰਚਾਇਆ?

ਖੰਭੀ ਚੋਜ ਵਿਡਾਣੁ ਆਣਿ ਮਿਲਾਇਆ ।

(ਉਸ ਦੇ) ਖੰਭਾਂ ਦਾ ਅਚਰਜ ਕੌਤਕ ਹੈ (ਜਿਨ੍ਹਾਂ ਨੇ ਮਾਨ ਸਰੋਵਰ ਫੇਰ) ਆਣ ਮਿਲਾਇਆ ਹੈ।

ਧ੍ਰੂ ਚੜਿਆ ਅਸਮਾਣਿ ਨ ਟਲੈ ਟਲਾਇਆ ।

(ਐਉਂ ਹੀ ਤਾਂ) ਧ੍ਰੂ ਅਸਮਾਨ ਤੇ ਚੜ੍ਹਿਆ ਹੈ (ਜੋ ਕਿਸੇ ਦਾ ਟਾਲਿਆ ਟਲ ਨਹੀਂ ਸਕਦਾ।

ਮਿਲੈ ਨਿਮਾਣੈ ਮਾਣੁ ਆਪੁ ਗਵਾਇਆ ।

(ਜਿਸ ਨੇ) ਆਪਣਾ ਆਪ ਗੁਆ ਦਿਤਾ ਹੈ (ਉਸ) ਨਿਮਾਣੇ ਨੂੰ (ਦਰਗਾਹ ਵਿਚ) ਮਾਣ ਮਿਲਦਾ ਹੈ।

ਦਰਗਹ ਪਤਿ ਪਰਵਾਣੁ ਗੁਰਮੁਖਿ ਧਿਆਇਆ ।੨।

(ਜਿਸਨੇ) ਗੁਰਮੁਖ ਦੁਆਰਾ (ਵਾਹਿਗੁਰੂ) ਨੂੰ ਧਿਆਇਆ ਹੈ, ਦਰਗਾਹ ਵਿਚ ਪਤ (ਉਸੇ ਦੀ) ਪਰਵਾਨ ਪਈ ਹੈ।

ਪਉੜੀ ੩

ਓੜਕੁ ਓੜਕੁ ਭਾਲਿ ਨ ਓੜਕੁ ਪਾਇਆ ।

ਜਤਨ ਨਾਲ (ਅਕਾਲ ਪੁਰਖ ਰੂਪ ਸਮੁੰਦਰ ਦੇ) ਅੰਤ ਨੂੰ ਲੱਭਣ ਗਏ, (ਪਰੰਤੂ) ਓੜਕ (ਅੰਤ) ਹੱਥ ਨਾਂ ਆਇਆ।

ਓੜਕੁ ਭਾਲਣਿ ਗਏ ਸਿ ਫੇਰ ਨ ਆਇਆ ।

(ਜੋ) ਓੜਕ ਨੂੰ ਭਾਲਣ ਗਏ ਓਹ ਫੇਰ ਆਏ ਹੀ ਨਹੀਂ।

ਓੜਕੁ ਲਖ ਕਰੋੜਿ ਭਰਮਿ ਭੁਲਾਇਆ ।

(ਤੇ ਹੋਰ) ਲੱਖਾਂ ਕ੍ਰੋੜਾਂ ਨੂੰ ਓੜਕ (ਦੀ ਭਾਲ) ਨੇ ਭਰਮ ਵਿਚ ਭੁਲਾ ਦਿਤਾ।

ਆਦੁ ਵਡਾ ਵਿਸਮਾਦੁ ਨ ਅੰਤੁ ਸੁਣਾਇਆ ।

ਆਦ ਵੱਡਾ ਅਸਚਰਜ ਰੂਪ ਹੈ (ਤੇ) ਅੰਤ ਸੁਣਾਇਆ ਹੀ ਨਾ।

ਹਾਥਿ ਨ ਪਾਰਾਵਾਰੁ ਲਹਰੀ ਛਾਇਆ ।

(ਅਕਾਲ ਰੂਪ ਸਾਗਰ ਦੇ) ਪਾਰਾਵਾਰ ਦਾ ਕੋਈ ਅੰਤ ਨਹੀਂ ਹੈ (ਅਨੰਦ ਦੀਆਂ) ਲਹਿਰਾਂ ਨਾਲ ਛਾ ਰਿਹਾ ਹੈ।

ਇਕੁ ਕਵਾਉ ਪਸਾਉ ਨ ਅਲਖੁ ਲਖਾਇਆ ।

(ੳਸ ਨੇ) ਇਕ ਵਾਕ ਥੋਂ ਹੀ ਪਸਾਰਾ ਕਰ ਦਿਤਾ ਹੈ (ਫੇਰ) ਆਪ ਅਲਖ ਹੋ ਰਿਹਾ ਹੈ (ਕਿਸੇ ਨੂੰ ਲਖਾਇਆ ਨਹੀਂ।

ਕਾਦਰੁ ਨੋ ਕੁਰਬਾਣੁ ਕੁਦਰਤਿ ਮਾਇਆ ।

ਉਸ ਕਰਤਾਰ ਥੋਂ (ਅਸੀਂ) ਵਾਰਨੇ ਜਾਂਦੇ ਹਾਂ ਜਿਸ ਦੀ ਮਾਇਆ ਦੀ (ਇਡੀ) ਕੁਦਰਤ (ਸ਼ਕਤੀ) ਹੈ; (ਕੋਈ ਜਾਣਦਾ ਹੈ ਕਿ ਨਹੀਂ?)

ਆਪੇ ਜਾਣੈ ਆਪੁ ਗੁਰਿ ਸਮਝਾਇਆ ।੩।

ਆਪਣੀ ਸ਼ਕਤੀ ਨੂੰ ਆਪ ਹੀ ਜਾਣਦਾ ਹੈ (ਇਹ ਗਲ ਬੀ ਉਹੋ ਜਾਣਦਾ ਹੈ ਜਿਸ ਨੂੰ) ਗੁਰੂ ਨੇ ਸੂਝ ਪਾਈ ਹੈ।

ਪਉੜੀ ੪

ਸਚਾ ਸਿਰਜਣਿਹਾਰੁ ਸਚਿ ਸਮਾਇਆ ।

(ਜਗਤ ਦਾ) ਰਚਣਹਾਰਾ ਸੱਚਾ ਹੈ ਅਰ ਸੱਚ ਰੂਪ ਹੋਕੇ (ਰਚਨਾ ਵਿਖੇ) ਸਮਾਇ ਰਿਹਾ ਹੈ (ਯਥਾ: “ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥ “)

ਸਚਹੁ ਪਉਣੁ ਉਪਾਇ ਘਟਿ ਘਟਿ ਛਾਇਆ ।

ਸੱਚ ਥੋਂ ਵਾਯੂ ਬਣਾਇਆ ਜੋ ਘਟਾਂ ਘਟਾਂ ਵਿਖੇ (ਪ੍ਰਾਣ ਰੂਪ ਹੋਕੇ) ਛਾਇ ਰਿਹਾ ਹੈ।

ਪਵਣਹੁ ਪਾਣੀ ਸਾਜਿ ਸੀਸੁ ਨਿਵਾਇਆ ।

ਪੌਣ ਥੋਂ ਜਲ ਬਣਾਇਆ। (ਜਲ ਨੇ) ਸੀਸ ਨਿਵਾ ਦਿਤਾ। (ਯਥਾ:-”ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ “)

ਤੁਲਹਾ ਧਰਤਿ ਬਣਾਇ ਨੀਰ ਤਰਾਇਆ ।

(ਪਾਣੀ ਦੇ ਟਿਕਣ ਲਈ ਧਰਤੀ ਦੀ ਲੋੜ ਸੀ, ਇਸ ਲਈ ਪਾਣੀ ਅਰ ਹੋਰ ਚੀਜ਼ਾਂ ਲਈ) ਆਸਰਾ ਰੂਪ ਧਰਤ ਬਣਾਈ, (ਤੇ) ਪਾਣੀ (ਸਾਰੇ, ਉਸ ਉਤੇ) ਤਾਰਿਆ। (ਤਾਰਿਆ ਦਾ ਭਾਵ ਇਹ ਕਿ ਪਾਣੀ ਨੀਵਾਂ ਜਾਂਦਾ ਸੀ, ਚਾਹੀਦਾ ਸੀ ਕਿ ਭਾਰੀ ਧਰਤ ਵਿਚ ਡੁਬ ਜਾਂਦਾ, ਤੇ ਹੁੰਦਾ ਇਹ ਹੈ ਕਿ ਧਰਤੀ ਪਾਣੀ ਜਦ ਕੱਠੇ ਹੋਣ ਤਦ ਪਾਣੀ ਤਰਦਾ ਹੈ। ਇਹ ਭਾਈ ਸ

ਨੀਰਹੁ ਉਪਜੀ ਅਗਿ ਵਣਖੰਡੁ ਛਾਇਆ ।

ਪਾਣੀ ਤੋਂ ਅੱਗ ਪੈਦਾ ਹੋਈ, ਜੋ ('ਖੰਡ') ਮਹਾਂ ਦੀਪ (ਤੇ ਉਨ੍ਹਾਂ ਪਰ ਬਨ ਛਾ ਗਏ। ਭਾਵ ਸਮੁੰਦਰਾਂ ਵਿਚ ਬੜਵਾ ਅਗਨੀ ਦੇ ਬਲ ਨਾਲ ਬੜੇ ਬੜੇ ਮਹਾਂ ਦੀਪ ਬਣ ਗਏ ਜੋ ਫੇਰ ਪਾਣੀ ਕਰ ਕੇ ਹੀ ਬਨਾ ਨਾਲ ਛਾ ਗਏ। ਨੀਰ ਤੋਂ ਅੱਗ ਉਪਜਣ ਦਾ ਭਾਵ ਬੜਵਾ ਅਗਨੀ ਹੈ, ਯਾ ਸ਼ਾਇਦ ਇਹ ਭਾਵ ਹੋਵੇ ਕਿ ਪਾਣੀ ਜਿਨ੍ਹਾਂ ਦੋ ਪਦਾਰਥਾਂ ਤੋਂ ਬਣਦ

ਅਗੀ ਹੋਦੀ ਬਿਰਖੁ ਸੁਫਲ ਫਲਾਇਆ ।

(ਇਸ ਤੋਂ) ਅਗੋਂ (ਫੇਰ) ਚੰਗੇ ਫਲਾਂ (ਨਾਲ) ਫਲਨ ਵਾਲੇ ਬ੍ਰਿਛ ਹੋਏ।

ਪਉਣੁ ਪਾਣੀ ਬੈਸੰਤਰੁ ਮੇਲਿ ਮਿਲਾਇਆ ।

(ਏਹ ਸਭ ਕੁਝ) ਪੌਣ ਪਾਣੀ ਤੇ ਬੈਸੰਤਰ ਦਾ ਮੇਲ ਮਿਲਾਯਾ ਹੈ (ਇਹ ਜੋ ਤ੍ਰਿਭਵਣ ਨਜ਼ਰ ਪੈਂਦਾ ਹੈ)।

ਆਦਿ ਪੁਰਖੁ ਆਦੇਸੁ ਖੇਲੁ ਰਚਾਇਆ ।੪।

(ਉਸ) ਆਦਿ ਪੁਰਖ ਨੂੰ ਨਮਸਕਾਰ ਹੈ (ਜਿਸ ਨੇ) ਖੇਲ ਰਚਾਇਆ ਹੈ।

ਪਉੜੀ ੫

ਕੇਵਡੁ ਆਖਾ ਸਚੁ ਸਚੇ ਭਾਇਆ ।

ਕਿੱਡਾਕੁ ਵੱਡਾ ਮੈਂ ਸੱਚ ਦਾ ਵਰਣਨ ਕਰਾਂ (ਜੋ) ਸੱਚੇ ਅਕਾਲ ਪੁਰਖ ਨੂੰ ਭਾਉਂਦਾ ਹੈ?

ਕੇਵਡੁ ਹੋਆ ਪਉਣੁ ਫਿਰੈ ਚਉਵਾਇਆ ।

ਕਿੱਡਾਕੁ ਪੌਣ ਹੋਇਆ ਹੈ ਜੋ ਚੌਫੇਰੇ ਵਗ ਰਿਹਾ ਹੈ?

ਚੰਦਣ ਵਾਸੁ ਨਿਵਾਸੁ ਬਿਰਖ ਬੋਹਾਇਆ ।

ਚੰਦਨ ਵਿਖੇ ਵਾਸ ਦਾ ਨਿਵਾਸ ਕੀਤਾ ਹੈ ਜੋ ਬਿਰਛਾਂ ਨੂੰ ਸੁਗੰਧਤ ਕਰ ਰਿਹਾ ਹੈ (ਭਾਵ ਸਤੋਗੂਣੀ ਲੋਕ ਸਤ ਦਾ ਉਪਦੇਸ਼ ਕਰਦੇ ਹਨ)।

ਖਹਿ ਖਹਿ ਵੰਸੁ ਗਵਾਇ ਵਾਂਸੁ ਜਲਾਇਆ ।

ਵਾਸਾਂ (ਵਾਂਙੂੰ ਤਮੋਗੁਣੀ ਲੋਕ) ਖਹਿ ਖਹਿ ਕੇ ਆਪੋ ਵਿਚ ਮਰਦੇ ਤੇ ਜਲਕੇ ਕੁਲ ਦਾ ਨਾਸ਼ ਕਰ ਦੇਂਦੇ ਹਨ।

ਸਿਵ ਸਕਤੀ ਸਹਲੰਗੁ ਅੰਗੁ ਜਣਾਇਆ ।

ਸ਼ਿਵ ਸ਼ਕਤੀ ਮਿਲਕੇ ਆਪੋ ਆਪਣਾ ਗੁਣ ਦੱਸਦੇ ਹਨ (ਸ਼ਿਵ-ਚੰਦਨ ਦੀ ਸੀਤਲਤਾ, ਤੇ ਸ਼ਕਤੀ-ਵਾਂਸਾਂ ਦੀ ਅੱਗ)।

ਕੋਇਲ ਕਾਉ ਨਿਆਉ ਬਚਨ ਸੁਣਾਇਆ ।

ਕੋਇਲ ਅਤੇ ਕਾਂ ਦਾ ਨਿਆਉਂ (ਪਛਾਣ) ਬੋਲੀ ਬੋਲਣ ਥੋਂ (ਹੋ ਜਾਂਦਾ ਹੈ), ਮਾਯਾ ਵਿਚ ਫਸੇ ਜੀਵ ਗੁਰੂ ਕੋਇਲ ਦੀ ਬਾਣੀ ਸੁਣਕੇ ਸਤਿਸੰਗ ਵਿਚ ਜਾ ਰਲਦੇ ਹਨ)।

ਖਾਣੀ ਬਾਣੀ ਚਾਰਿ ਸਾਹ ਗਣਾਇਆ ।

ਚਾਰ ਖਾਣੀ ਦੀ ਬਾਣੀ (ਬਣਾਉਤ) ਕੀਤੀ ਹੈ, ਉਨ੍ਹਾਂ ਵਿਖੇ ਸਾਹ ਗਿਣਕੇ ਪਾਏ ਹਨ।

ਪੰਜਿ ਸਬਦ ਪਰਵਾਣੁ ਨੀਸਾਣੁ ਬਜਾਇਆ ।੫।

ਪੰਜ ਸ਼ਬਦ ਪਰਵਾਨ ਹਨ, (ਜਿਨ੍ਹਾਂ ਦਾ) ਵੱਜਣਾਂ ਪ੍ਰਗਟ ਹੈ।

ਪਉੜੀ ੬

ਰਾਗ ਨਾਦ ਸੰਬਾਦ ਗਿਆਨੁ ਚੇਤਾਇਆ ।

ਰਾਗ, ਸ਼ਬਦ 'ਸੰਬਾਦ' (ਆਪੋ ਵਿਚ ਪ੍ਰਸ਼ਨੋਤਰ) (ਪਰਮਾਤਮਾ ਸੰਬੰਧੀ) ਗਿਆਨ ਦੀ ਹੀ ਚਿਤਾਵਨੀ ਰਖਦੇ ਹਨ।

ਨਉ ਦਰਵਾਜੇ ਸਾਧਿ ਸਾਧੁ ਸਦਾਇਆ ।

ਨੌਂ ਗੋਲਕਾਂ ਨੂੰ ('ਸਾਧਿ' ਸੰਸਾਰ ਵਲੋਂ) ਰੋਕ ਕੇ ਸਾਧੂ ਸਦਾਉਂਦੇ ਹਨ।

ਵੀਹ ਇਕੀਹ ਉਲੰਘਿ ਨਿਜ ਘਰਿ ਆਇਆ ।

ਜੀਵ ਈਸ਼੍ਵਰ ਦੋਵੇਂ (ਆਪੇਖਕ ਪਦਾਂ ਤੋਂ) ਲੰਘ ਕੇ (ਇਕ) ਨਿਜ ਘਰ (ਸ੍ਵੈ ਸਰੂਪ ਦੀ ਪਛਾਣ) ਵਿਚ ਆਉਂਦੇ ਹਨ (ਅਥਵਾ ਗਿਣਤੀ ਅਗਿਣਤੀ ਦੁਹਾਂ ਤੋਂ ਲੰਘਕੇ ਆਪਣੇ ਸਰੂਪ ਨੂੰ ਪਹੁੰਚੇ)।

ਪੂਰਕ ਕੁੰਭਕ ਰੇਚਕ ਤ੍ਰਾਟਕ ਧਾਇਆ ।

ਪੂਰਕ, ਕੁੰਭਕ, ਰੇਚਕ (ਤਿੰਨਾਂ ਨਾੜੀਆਂ ਯਾਂ ਪ੍ਰਾਣਾਯਾਮਾਂ ਦੀ 'ਤ੍ਰਾਟਕ' ਤ੍ਰਿਕੁਟੀ ਵੱਲ (ਮਨ) ਦੌੜਦਾ ਹੈ (ਪੂਰਕ=ਸੁਵਾਸਾਂ ਦਾ ਚੜ੍ਹਾਉਣਾ, ਰੇਚਕ=ਉਤਾਰਨਾ, ਕੁੰਭਕ=ਠਹਿਰਾਵਣਾ)।

ਨਿਉਲੀ ਕਰਮ ਭੁਯੰਗੁ ਆਸਣ ਲਾਇਆ ।

(ਨਿਵਲੀ ਕਰਮ ਕਹੀਏ) ਸਰੀਰ ਨੂੰ ਸੋਧਕੇ ਭੁਯੰਗਮ (ਨਾੜੀ ਦੁਆਰੇ ਸੁਰਤ ਚਾੜ੍ਹਕੇ ਦਬਮ ਦੁਵਾਰ ਵਿਖੇ) ਆਸਣ ਲਾਉਂਦੇ ਹਨ।

ਇੜਾ ਪਿੰਗੁਲਾ ਝਾਗ ਸੁਖਮਨਿ ਛਾਇਆ ।

ਇੜਾ' (ਸੱਜੀ) 'ਪਿੰਗਲਾ' (ਖੱਬੀ ਨਾਸ ਦੁਆਰੇ) 'ਝਾਗ' (ਸੁਵਾਸਾਂ ਨੂੰ ਚੜ੍ਹਾ ੳਤਾਰਕੇ ਫੇਰ 'ਸੁਖਮਨਾ') ਦਸਮ ਦੁਆਰ ਦੀ (ਤੀਜੀ ਸੁਰ ਵਿਖੇ 'ਛਾਇਆ') ਸਮਾਧੀ ਲਾ ਦਿੰਦੇ ਹਨ।

ਖੇਚਰ ਭੂਚਰ ਚਾਚਰ ਸਾਧਿ ਸਧਾਇਆ ।

ਖੇਚਰੀ, ਭੂਚਰੀ, ਚਾਚਰੀ (ਅਗੋਚਰੀ, ਉਨਮਨੀ, ਨਾਮੇ ਜੋਗ ਦੀਆਂ ਪੰਜ ਮੁੰਦ੍ਰਾਂ ਜੋਗੀ ਲੋਕ ਸਾਧ ਲੈਂਦੇ ਹਨ) ਤੇ ਸਾਧ ਸਦਾਉਂਦੇ ਹਨ।

ਸਾਧ ਅਗੋਚਰ ਖੇਲੁ ਉਨਮਨਿ ਆਇਆ ।੬।

ਸਾਧ ਲੋਕ 'ਅਗੋਚਰ ਖੇਲ' ਹੋਕੇ (ਅਰਥਾਤ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇੰਦ੍ਰ੍ਰੀਆਂ ਦੇ ਖੇਲ ਤੋਂ ਰਹਿਤ ਹੋ ਕੇ) (ਉਨਮਨ) ਤੁਰੀਆ ਅਵਸਥਾ ਵਿਚ ਆ ਜਾਂਦੇ ਹਨ (ਅਥਵਾ ਖੇਚਰ=ਅਕਾਸ਼, ਭੂਚਰ=ਪ੍ਰਿਥਵੀ, ਚਾਚਰ=ਪੌਣ, ਉਨਮਨ=ਜਲ, ਅਗੋਚਰ ਅਗਨੀ, ਏਹ ਪੰਜ ਤੱਤ ਸਿਧ ਕਰ ਲੀਤੇ ਭਾਵ ਸਰੀਰ ਦੀ ਇੱਛਾ ਨਹੀਂ ਰਖਦੇ, ਅਜਿਹੇ ਸਾਧ ਸਦਾਉਂਦੇ

ਪਉੜੀ ੭

ਤ੍ਰੈ ਸਤੁ ਅੰਗੁਲ ਲੈ ਮਨੁ ਪਵਣੁ ਮਿਲਾਇਆ ।

ਦਸ ਅੰਗੁਲੀ ਪ੍ਰਮਾਣ (ਸੁਆਸ ਬਾਹਰ ਜਾਕੇ ਫੇਰ ਅੰਦਰ ਆਉਂਦੇ ਹਨ) ਉਨ੍ਹਾਂ ਵਿਖੇ ਮਨ ਤੇ ਪਵਣ ਨੂੰ ਮਿਲਾਇਆ।

ਸੋਹੰ ਸਹਜਿ ਸੁਭਾਇ ਅਲਖ ਲਖਾਇਆ ।

(ਇਸ ਪ੍ਰਕਾਰ ਸੋਲਾਂ ਵਾਰ) ਸੋਹੰ (ਮੰਤ੍ਰ੍ਰ ਦਾ ਜਾਪ ਕਰਦੇ ਪ੍ਰਾਣ ਚੜ੍ਹਾਉਂਦੇ ਹਨ, ਜਦ ਪ੍ਰਾਣਾਯਾਮ ਸਿੱਧ ਹੋ ਜਾਂਦਾ ਹੈ ਤਦ) ਸਹਿਜ ਸੁਭਾ ਹੀ ਅਲਖ ਲਖਿਆ (ਜਾਣਦੇ ਹਨ)।

ਨਿਝਰਿ ਧਾਰਿ ਚੁਆਇ ਅਪਿਉ ਪੀਆਇਆ ।

ਇਕ ਰਸ (ਦਸਮ ਦੁਆਰ ਵਿਚੋਂ) ਅੰਮ੍ਰਿਤ ਦੀ ਬੂੰਦ ਡਿਗਦੀ ਹੈ, ਉਸਨੂੰ ਯੋਗੀਸ਼੍ਵਰ ਲੋਕ) ਪਾਨ ਕਰਦੇ ਹਨ।

ਅਨਹਦ ਧੁਨਿ ਲਿਵ ਲਾਇ ਨਾਦ ਵਜਾਇਆ ।

(ਫੇਰ) ਇਕ ਰਸ ਧੁਨੀ ਵਾਲੇ ਵਾਜੇ (ਦਸਮ ਦੁਵਾਰ ਦੇ) ਲਿਵ ਲਾਵੇ (ਸੁਣਦੇ) ਹਨ।

ਅਜਪਾ ਜਾਪੁ ਜਪਾਇ ਸੁੰਨ ਸਮਾਇਆ ।

ਅਜਪਾ ਜਾਪ' (ਓਅੰ ਸੋਹੰ ਮੰਤ੍ਰ੍ਰ ਦਾ ਜਾਪ ਕਰ ਕੇ ਭਾਵ ਹੋਂਠ ਫਰਕਣ ਥੋਂ ਬਾਝ, ਹ੍ਰਿਦਯ ਦੀ ਬ੍ਰਿਤੀ ਨਾਲ) ਜਪਕੇ (ਸੁੰਨ) ਅਫੁਰ ਪਦ ਵਿਖੇ ਮਿਲ ਜਾਂਦੇ ਹਨ।

ਸੁੰਨਿ ਸਮਾਧਿ ਸਮਾਇ ਆਪੁ ਗਵਾਇਆ ।

('ਸੁੰਨ ਸਮਾਧ'=) ਨਿਵਾਤ ਦੀਪਵਤ ਚਿਤ ਹੋਕੇ ਆਪਣਾ ਆਪ ਭੁਲਾਇਆ ਹੈ।

ਗੁਰਮੁਖਿ ਪਿਰਮੁ ਚਖਾਇ ਨਿਜ ਘਰੁ ਛਾਇਆ ।

(ਪਰ) ਗੁਰਮੁਖ ਲੋਕ ਪ੍ਰੇਮ ਰਸ ਨੂੰ ਚੱਖਕੇ ਸ੍ਵੈਸਰੂਪ ਵਿਖੇ ਛਾਇ ਰਹੇ ਹਨ।

ਗੁਰਸਿਖਿ ਸੰਧਿ ਮਿਲਾਇ ਪੂਰਾ ਪਾਇਆ ।੭।

ਗੁਰੂ ਅਤੇ ਸਿਖ ਦੀ ਮਿਲੌਣੀ ਦੇ ਮਿਲਣ ਕਰ ਕੇ ਪੂਰਣ (ਪ੍ਰਮਾਤਮਾ ਦੀ) ਪ੍ਰਾਪਤੀ ਹੋ ਜਾਂਦੀ ਹੈ।

ਪਉੜੀ ੮

ਜੋਤੀ ਜੋਤਿ ਜਗਾਇ ਦੀਵਾ ਬਾਲਿਆ ।

(ਗੁਰੂ ਸਿੱਖ ਦੀ ਸੰਧਿ ਦਾ ਇਹ ਦ੍ਰਿਸ਼ਟਾਂਤ ਹੈ, ਜਿਕੁਰ ਦੀਵੇ ਤੋਂ) ਦੀਵਾ ਜਗਦਾ ਹੈ (ਤਿਵੇਂ) ਜੋਤ ਤੋਂ ਜੋਤ ਜਗਦੀ ਹੈ।

ਚੰਦਨ ਵਾਸੁ ਨਿਵਾਸੁ ਵਣਸਪਤਿ ਫਾਲਿਆ ।

(ਪੁਨਾ:-ਜਿੱਕੁਰ) ਬਨਸਪਤੀ ਚੰਦਨ ਦੀ ਵਾਸ਼ਨਾ ਦੇ ਨਿਵਾਸ ਨਾਲ (ਚੰਦਨ ਰੂਪ) ਫੈਲਦੀ ਹੈ।

ਸਲਲੈ ਸਲਲਿ ਸੰਜੋਗੁ ਤ੍ਰਿਬੇਣੀ ਚਾਲਿਆ ।

(ਪੁਨਾ:-ਜਿੱਕੁਰ) ਪਾਣੀ (ਗੰਗਾ, ਜਮਨਾ, ਸੁਰਸਤੀ ਦੇ) ਪਾਣੀਆਂ ਨਾਲ ਮਿਲਕੇ ਤ੍ਰਿਬੇਣੀ ਰੂਪ ਹੋ ਜਾਂਦੇ ਹਨ।

ਪਵਣੈ ਪਵਣੁ ਸਮਾਇ ਅਨਹਦੁ ਭਾਲਿਆ ।

(ਪੁਨਾ:ਜਿੱਕੁਰ ਸ਼ਬਦ ਦੀ) ਪੌਣ ਪੌਣ ਵਿਚ ਸਮਾਉਂਦੀ ਹੈ (ਯਾ ਜਿੱਕੂੰ) ਅਨਹਦ ਸ਼ਬਦਾਂ ਦਾ ਮਿਲਾਪ ਹੈ।

ਹੀਰੈ ਹੀਰਾ ਬੇਧਿ ਪਰੋਇ ਦਿਖਾਲਿਆ ।

(ਪੁਨਾ: ਜਿੱਕੂੰ) ਹੀਰਾ ਹੀਰੇ ਵਿੰਨ੍ਹਕੇ (ਮਾਲਾ ਵਿਚ) ਪ੍ਰੋ ਦਿਖਾਲਦਾ ਹੈ।

ਪਥਰੁ ਪਾਰਸੁ ਹੋਇ ਪਾਰਸੁ ਪਾਲਿਆ ।

(ਪੁਨਾ: ਜਿੱਕੂੰ) ਪਾਰਸ ਨੂੰ ਪਾਕੇ ਪੱਥਰ ਪਾਰਸ ਹੋ ਜਾਂਦਾ ਹੈ।

ਅਨਲ ਪੰਖਿ ਪੁਤੁ ਹੋਇ ਪਿਤਾ ਸਮ੍ਹਾਲਿਆ ।

(ਪੁਨਾ: ਜਿੱਕੂੰ) ਅਨਲ ਪੰਖੀ ਦਾ ਪੁੱਤ (ਅਕਾਸ਼ ਵਿਚ) ਜੰਮਕੇ ਪਿਤਾ ਨੂੰ ਸੰਮ੍ਹਾਲ ਲੈਂਦਾ ਹੈ (ਭਾਵ ਬਿੰਦੀ ਸੰਤਾਨ ਹੋਕੇ ਨਾਦੀ ਪੁੱਤ ਬਣ ਜਾਂਦਾ ਹੈ।

ਬ੍ਰਹਮੈ ਬ੍ਰਹਮੁ ਮਿਲਾਇ ਸਹਜਿ ਸੁਖਾਲਿਆ ।੮।

(ਪੁਨਾ: ਐਉਂ ਜਿਕੂੰ) ਸਹਿਜ ਸੁਖਾਲੇ ਬ੍ਰਹਮ ਨੂੰ ਬ੍ਰਹਮ ਮਿਲ ਪਿਆ (ਕਹੀਏ)।

ਪਉੜੀ ੯

ਕੇਵਡੁ ਇਕੁ ਕਵਾਉ ਪਸਾਉ ਕਰਾਇਆ ।

(ਉਹ) ਇਕ ਵਾਕ ਕਿੱਡਾਕੁ ਹੈ (ਜਿਸ ਤੋਂ) ਪਸਾਰਾ ਪਸਾਰਿਆ ਹੈ?

ਕੇਵਡੁ ਕੰਡਾ ਤੋਲੁ ਤੋਲਿ ਤੁਲਾਇਆ ।

ਕਿੱਡਾ ਵੱਡਾ ਤੋਲਣ ਵਾਲਾ ਕੰਡਾ ਹੈ (ਜਿਸ ਪਰ) ਤੋਲ ਤੋਲਿਆ ਹੈ?

ਕਰਿ ਬ੍ਰਹਮੰਡ ਕਰੋੜਿ ਕਵਾਉ ਵਧਾਇਆ ।

ਸ਼ਬਦ ਨਾਲ ਕ੍ਰੋੜਾਂ ਬ੍ਰਹਮੰਡਾਂ ਦਾ ਵਾਧਾ ਵਧਾਇਆ ਹੈ

ਲਖ ਲਖ ਧਰਤਿ ਅਗਾਸਿ ਅਧਰ ਧਰਾਇਆ ।

ਲੱਖਾਂ ਧਰਤੀਆਂ ਨਿਰਾਸਰੇ ਲੱਖਾਂ ਅਕਾਸ਼ਾਂ ਵਿਚ ਧਰੀਆਂ ਹਨ।

ਪਉਣੁ ਪਾਣੀ ਬੈਸੰਤਰੁ ਲਖ ਉਪਾਇਆ ।

ਲੱਖਾਂ(=ਅਮਿੱਤ) ਪੌਣ, ਪਾਣੀ, ਅਗਨੀ ਉਤਪਤ ਕੀਤੇ ਹਨ।

ਲਖ ਚਉਰਾਸੀਹ ਜੋਨਿ ਖੇਲੁ ਰਚਾਇਆ ।

ਚੁਰਾਸੀ ਲੱਖ ਜੂਨ ਦਾ ਖੇਲ ਰਚਾਇਆ ਹੈ।

ਜੋਨਿ ਜੋਨਿ ਜੀਅ ਜੰਤ ਅੰਤੁ ਨ ਪਾਇਆ ।

ਜੂਨ ਜੂਨ ਵਿਚ ਹੋਰ ਜੀਅ ਜੰਤ ਹਨ (ਜੈਸੇ ਕੁੱਤੇ ਪਰ ਚਿਚੜ) ਅੰਤ ਨਹੀਂ ਹੈ।

ਸਿਰਿ ਸਿਰਿ ਲੇਖੁ ਲਿਖਾਇ ਅਲੇਖੁ ਧਿਆਇਆ ।੯।

ਸਭ ਸਿਰਾਂ ਪਰ ਉਸ ਨੇ ਲੇਖ ਲਿਖਿਆ ਹੈ, (ਪਰ ਆਪ) ਅਲੇਖ ਹੈ (ਅਸਾਂ ਓਸ ਨੂੰ) ਧਿਆਇਆ ਹੈ।

ਪਉੜੀ ੧੦

ਸਤਿਗੁਰ ਸਚਾ ਨਾਉ ਆਖਿ ਸੁਣਾਇਆ ।

ਸਤਿਗੁਰੂ ਨੇ ਆਖਕੇ ਸੱਚਾ ਨਾਮ ਸੁਣਾ ਦਿਤਾ ਹੈ (ਕਿ ਵਾਹਿਗੁਰੂ ਦਾ ਜਾਪ ਕਰੋ, ਜਿਹਾਕੁ ਜਪੁਜੀ ਦੇ ਮੁੱਢ ਵਿਖੇ ਹੈ)।

ਗੁਰ ਮੂਰਤਿ ਸਚੁ ਥਾਉ ਧਿਆਨੁ ਧਰਾਇਆ ।

ਗੁਰੂ ਜੀ ਦੀ ਮੂਰਤੀ ਸੱਚਾ ਥਾਉਂ ਹੈ ਧ੍ਯਾਨ ਧਾਰਨ ਲਈ।

ਸਾਧਸੰਗਤਿ ਅਸਰਾਉ ਸਚਿ ਸੁਹਾਇਆ ।

ਸਾਧ ਸੰਗਤ ਦਾ ਆਸਸ਼੍ਰਯ ਸੱਚਾ ਹੈ ਅਰ ਸੁਭਾਯਮਾਨ ਹੈ।

ਦਰਗਹ ਸਚੁ ਨਿਆਉ ਹੁਕਮੁ ਚਲਾਇਆ ।

ਦਰਗਾਹ ਵਿਖੇ ਸੱਚਾ ਨਿਆਉਂ ਹੁੰਦਾ ਹੈ, (ਉਥੇ ਇਕੋ) ਹੁਕਮ ਚੱਲਦਾ ਹੈ (“ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰਵਾਰਿ”)।

ਗੁਰਮੁਖਿ ਸਚੁ ਗਿਰਾਉ ਸਬਦ ਵਸਾਇਆ ।

ਗੁਰਮੁਖਾਂ ਦਾ ('ਗਿਰਾਉਂ') ਗ੍ਰਾਮ ਸੱਚਾ ਹੈ ਉਥੇ ਸ਼ਬਦ ਦਾ ਨਿਵਾਸ ਹੈ (“ਨੀਕੀ ਸਾਧ ਸੰਗਾਨੀ॥ ਰਹਾਉ॥ ਪਹਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ॥ “ ਇਹ ਗਿਰਾਉਂ ਕਿਸ ਨੂੰ ਮਿਲਦਾ ਹੈ)?

ਮਿਟਿਆ ਗਰਬੁ ਗੁਆਉ ਗਰੀਬੀ ਛਾਇਆ ।

ਜਿਸ ਨੇ ਗਰਬ ਗੁਆਕੇ ਗਰੀਬੀ ਨੂੰ (ਰਿਦੇ ਵਿਖੇ) ਵਸਾਇਆ ਹੈ।

ਗੁਰਮਤਿ ਸਚੁ ਹਿਆਉ ਅਜਰੁ ਜਰਾਇਆ ।

(ਜਿਨ੍ਹਾਂ) ਗੁਰੂ ਦੀ ('ਮਤਿ') ਸਿੱਖਯਾ ਧਾਰੀ ਹੈ ਉਨ੍ਹਾਂ ਦਾ ਰਿਦਾ ਸੱਚਾ ਹੈ ਅਰ ਅਜਰ ਨੂੰ ਉਨ੍ਹਾਂ ਨੇ ਜਰ ਲੀਤਾ ਹੈ।

ਤਿਸੁ ਬਲਿਹਾਰੈ ਜਾਉ ਸੁ ਭਾਣਾ ਭਾਇਆ ।੧੦।

(ਇਸੇ ਕਾਰਨ) ਮੈਂ ਉਸ ਥੋਂ ਵਾਰਨੇ ਜਾਂਦਾ ਹਾਂ, ਜਿਸ ਨੂੰ (ਸਤਿਗੁਰੂ ਦਾ) ਭਾਣਾ ਚੰਗਾ ਲਗਦਾ ਹੈ।

ਪਉੜੀ ੧੧

ਸਚੀ ਖਸਮ ਰਜਾਇ ਭਾਣਾ ਭਾਵਣਾ ।

ਅਕਾਲ ਪੁਰਖ ਦੀ ਆਗ੍ਯਾ (ਉਹ) ਸੱਚੀ ਜਾਣਦੇ ਹਨ ਤੇ ਭਾਣੇ ਨੂੰ ਪਸਿੰਦ ਕਰਦੇ ਹਨ।

ਸਤਿਗੁਰ ਪੈਰੀ ਪਾਇ ਆਪੁ ਗਵਾਵਣਾ ।

(ਉਹ ਆਪ ਨੂੰ) ਸਤਿਗੁਰ ਦੀ ਚਰਨੀਂ ਡੇਗਕੇ ਆਪਾ ਭਾਵ ਗੁਆ ਦੇਂਦੇ ਹਨ।

ਗੁਰ ਚੇਲਾ ਪਰਚਾਇ ਮਨੁ ਪਤੀਆਵਣਾ ।

ਸਿੱਖ ਗੁਰੂ ਨੂੰ (ਪਹਿਲੇ ਸੇਵਾ ਨਾਲ ਰਜ਼ਾ ਮੰਨਕੇ ਜਦ) ਪ੍ਰਸੰਨ ਕਰਦਾ ਹੈ (ਫੇਰ ਗੁਰੂ ਦਾ) ਮਨ ਬੀ ਪਤੀਜਦਾ ਹੈ।

ਗੁਰਮੁਖਿ ਸਹਜਿ ਸੁਭਾਇ ਨ ਅਲਖ ਲਖਾਵਣਾ ।

(ਫੇਰ ਸਿੱਖ) ਗੁਰੂ ਦੁਆਰਾ ਸਹਿਜ ਸੁਭਾਵ ਹੀ ਅਲਖ ਨੂੰ ਲਖ ਲੈਂਦਾ ਹੈ।

ਗੁਰਸਿਖ ਤਿਲ ਨ ਤਮਾਇ ਕਾਰ ਕਮਾਵਣਾ ।

ਗੁਰੂ ਦਾ ਸਿੱਖ ਤਿਲ ਜਿੰਨਾ ਬੀ ਨਾ ਰੱਖਕੇ ਕੰਮ ਕਰਦਾ ਹੈ।

ਸਬਦ ਸੁਰਤਿ ਲਿਵ ਲਾਇ ਹੁਕਮੁ ਮਨਾਵਣਾ ।

ਸ਼ਬਦ ਸੁਰਤ ਵਿਖੇ ਲਿਵ ਲਾਕੇ ਹੁਕਮ ਦਾ ਮੰਨਣਾ ਕਰਦਾ ਹੈ

ਵੀਹ ਇਕੀਹ ਲੰਘਾਇ ਨਿਜ ਘਰਿ ਜਾਵਣਾ ।

(ਉਹ) ਵੀਹ (ਰਜੋ, ਤਮੋ, ਦੀਆਂ ਤਾਰੀਆ-ਪੌੜੀਆਂ) ਲੰਘ ਕੇ ਇਕੀਹ (ਸਤੋ ਤੋਂ ਅੱਗੇ) ਜਾਕੇ ਸ੍ਵੈਸਰੂਪ ਵਿਚ ਪਹੁੰਚਦੇ ਹਨ।

ਗੁਰਮੁਖਿ ਸੁਖ ਫਲ ਪਾਇ ਸਹਜਿ ਸਮਾਵਣਾ ।੧੧।

(ਐਉਂ) ਗੁਰਮੁਖ (ਹੋਕੇ) ਸੁਖ ਫਲ ਪਾਕੇ ਸਹਿਜ ਵਿਚ ਸਮਾਉਂਦੇ ਹਨ।

ਪਉੜੀ ੧੨

ਇਕੁ ਗੁਰੂ ਇਕੁ ਸਿਖੁ ਗੁਰਮੁਖਿ ਜਾਣਿਆ ।

ਇਕ ਗੁਰੂ (ਨਾਨਕ ਗੁਰੂ ਹਨ, ਅਰਥਾਤ ਸ਼ਿਰੋਮਣੀ ਗੁਰੂ ਹਨ, ਤਿਹਾ ਹੀ) ਇਕ ਸਿਖ (ਗੁਰੂ ਅੰਗਦ ਹੈ, ਇਸ ਭੇਤ ਨੂੰ ਪੂਰਨ ਅਵਸਥਾ ਗੁਰ ਸਿਖੀ ਦੀ ਇਨ੍ਹਾਂ ਵਿਚ ਘਟੀ ਹੈ) ਗੁਰਮੁਖ ਲੋਕਾਂ ਜਾਣਿਆ ਹੈ।

ਗੁਰ ਚੇਲਾ ਗੁਰ ਸਿਖੁ ਸਚਿ ਸਮਾਣਿਆ ।

ਗੁਰ ਚੇਲਾ (ਕਹੋ) ਭਾਵੇਂ ਗੁਰ ਸਿਖ (ਕਹੋ ਭਾਵ ਇਕ ਰੂਪ ਹੋਕੇ) ਸੱਚ ਵਿਖੇ ਸਮਾ ਗਏ ਹਨ।

ਸੋ ਸਤਿਗੁਰ ਸੋ ਸਿਖੁ ਸਬਦੁ ਵਖਾਣਿਆ ।

ਸੋਈ 'ਸਤਿਗੁਰ' (ਗੁਰੂ ਨਾਨਕ) ਸੋਈ ਸਿਖ (ਅੰਗਦ ਜੀ) ਸ਼ਬਦ(ਰੂਪ ਦੇ) ਵਖਾਣ ਕੀਤੇ ਗਏ ਹਨ।

ਅਚਰਜ ਭੂਰ ਭਵਿਖ ਸਚੁ ਸੁਹਾਣਿਆ ।

(ਅਚਰਜ ਰੂਪ) ਭੂਤ (ਕਾਲ ਵਿਚ ਸੀ ਉਨ੍ਹਾਂ ਦਾ ਅਤੇ) ਭਵਿੱਖਤ (ਵਿਚ ਭੀ) ਅਚਰਜ ਰੂਪ ਹੈ, ਸੱਚ (ਦੋਹਾਂ ਨੂੰ ਤਿੰਨਾਂ ਕਾਲਾਂ ਵਿਖੇ) ਪ੍ਯਾਰਾ ਲਗਾ ਹੈ (ਭਾਵ ਕਦੇ ਨਾਸੀ ਨਹੀਂ ਹਨ)।

ਲੇਖੁ ਅਲੇਖੁ ਅਲਿਖੁ ਮਾਣੁ ਨਿਮਾਣਿਆ ।

ਲੇਖੇ ਥੋਂ ਅਲੇਖ ਹਨ, ਨਿਮਾਣਿਆਂ ਦੇ ਮਾਣ ਅਲੇਖ ਹਨ, (ਅਥਵਾ ਨਿਮਾਣਿਆਂ ਦੇ ਮਾਣ ਅਲਿੱਖ ਹਨ ਕਿ ਲਿਖਤ ਵਿਖੇ ਨਹੀਂ ਆ ਸਕਦੇ)।

ਸਮਸਰਿ ਅੰਮ੍ਰਿਤੁ ਵਿਖੁ ਨ ਆਵਣ ਜਾਣਿਆ ।

(ਉਨ੍ਹਾਂ ਨੂੰ) ਅੰਮ੍ਰਿਤ ਅਤੇ ਵਿਖ ਬਰਾਬਰ ਹੈ; ਆਵਾਗਵਨ ਵਿਖ ਨਹੀਂ ਹਨ।

ਨੀਸਾਣਾ ਹੋਇ ਲਿਖੁ ਹਦ ਨੀਸਾਣਿਆ ।

(ਜੋ) ਪ੍ਰਗਟ ਹੋਕੇ (ਹਰੀ ਦਾ ਜਸ) ਲਿਖਦੇ (ਅਰਥਾਤ ਧਾਰਨ ਕਰਦੇ ਹਨ ਉਹ 'ਹਦ ਨੀਸਾਣਿਆ' ਕਹੀਏ) ਅਤਿ ਪ੍ਰਗਟ ਹੋ ਜਾਂਦੇ ਹਨ (ਭਾਵ ਚਾਰ ਕੁੰਟਾਂ ਵਿਖੇ ਵਿਦਤ ਹੁੰਦੇ ਹਨ)।

ਗੁਰਸਿਖਹੁ ਗੁਰ ਸਿਖੁ ਹੋਇ ਹੈਰਾਣਿਆ ।੧੨।

ਸਿਖ ਥੋਂ ਗੁਰੂ ਦਾ ਰੂਪ ਬਣ ਜਾਣਾ (ਵੇਖਕੇ) ਗੁਰੂ ਸਿੱਖ ਹੈਰਾਨ ਹੋ ਗਏ।

ਪਉੜੀ ੧੩

ਪਿਰਮ ਪਿਆਲਾ ਪੂਰਿ ਅਪਿਓ ਪੀਆਵਣਾ ।

ਪ੍ਰੇਮ ਰੂਪੀ ਅੰਮ੍ਰਿਤ ਦਾ ਪਿਆਲਾ ਲਬਾਲਬ (ਜਿਨ੍ਹਾਂ ਨੇ) ਪੀਤਾ ਹੈ,

ਮਹਰਮੁ ਹਕੁ ਹਜੂਰਿ ਅਲਖੁ ਲਖਾਵਣਾ ।

ਓਹ ਹਰ ਜਗਹ ਮੌਜੂਦ ਖੁਦਾ ਦੇ 'ਮਹਿਰਮ' ਹੋ ਗਏ ਹਨ ਅਰ ਅਲਖ ਨੂੰ ਲਖ ਗਏ ਹਨ।

ਘਟ ਅਵਘਟ ਭਰਪੂਰਿ ਰਿਦੈ ਸਮਾਵਣਾ ।

(ਜਾਣਦੇ ਹਨ) ਕਿ ਘਟਾਂ ਤੇ ਅਵਘਟਾਂ ਵਿਖੇ ਪੂਰਨ ਹੋਕੇ ਰਿਦੇ ਵਿਖੇ ਸਮਾਇ ਰਿਹਾ ਹੈ।

ਬੀਅਹੁ ਹੋਇ ਅੰਗੂਰੁ ਸੁਫਲਿ ਸਮਾਵਣਾ ।

(ਜਿਨ੍ਹਾਂ ਦੇ ਰਿਦੇ ਦੇ ਵਿਖੇ ਗੁਰੂ ਸ਼ਬਦ) ਬੀਜ ਦਾ ਅੰਗੂਰ ਨਿਕਲਦਾ ਹੈ ਉਹਨੂੰ 'ਸਫਲ' (ਕਹੀਏ ਗ੍ਯਾਨ ਵੈਰਾਗ ਦੇ) ਫਲ ਲਗਦੇ ਹਨ।

ਬਾਵਨ ਹੋਇ ਠਰੂਰ ਮਹਿ ਮਹਿਕਾਵਣਾ ।

(ਉਹ) ਬਾਵਨ ਚੰਦਨ ਵਾਂਗੂੰ ਸੀਤਲ ਹੋਕੇ ਧਰਤੀ ਨੂੰ ਸੁਗੰਧਿਤ ਕਰਦੇ ਹਨ।

ਚੰਦਨ ਚੰਦ ਕਪੂਰ ਮੇਲਿ ਮਿਲਾਵਣਾ ।

ਚੰਦਨ, ਚੰਦ੍ਰ੍ਰਮਾਂ, ਤੇ ਕਪੂਰ (ਇਹ ਤਿੰਨ ਸੀਤਲ ਹਨ ਪ੍ਰੰਤੂ) ('ਨ ਮੇਲ ਮਿਲਾਵਣਾ') ਉਨ੍ਹਾਂ ਦੀ ਬਰੋਬਰੀ ਨਹੀਂ ਕਰਦੇ।

ਸਸੀਅਰ ਅੰਦਰਿ ਸੂਰ ਤਪਤਿ ਬੁਝਾਵਣਾ ।

ਸੂਰਜ ਦੀ ਤਪਤ ਨੂੰ ਚੰਦ੍ਰਮਾਂ ਵਾਂਗੂ ਬੁਝਾ ਦਿੰਦੇ ਹਨ (ਭਾਵ ਵਿਸ਼ੇ ਵਿਕਾਰਾਂ ਦੀ ਤਪਤ ਦਾ ਖੁਰਾ ਖੋਜ ਉਡਾ ਦਿੰਦੇ ਹਨ)।

ਚਰਣ ਕਵਲ ਦੀ ਧੂਰਿ ਮਸਤਕਿ ਲਾਵਣਾ ।

(ਅਜਿਹੇ) ਗੁਰਮੁਖਾਂ ਦੀ ਚਰਨ ਧੂੜ ਮੱਥੇ ਪਰ ਲਾਵਣੀ ਚਾਹੀਦੀ ਹੈ। (ਪ੍ਰਮਾਣ-'ਤੇਰਿਆ ਸੰਤਾ ਜਾਚਉ ਚਰਣ ਰੇਨ॥ ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ॥')

ਕਾਰਣ ਲਖ ਅੰਕੂਰ ਕਰਣੁ ਕਰਾਵਣਾ ।

(੯) (ਕਿਉਂ ਜੋ) ਲੱਖਾਂ ਅੰਗੂਰਾਂ ਦਾ ਕਾਰਣ ਹੋ ਕੇ ਕਾਰਜ ਕਰਦੀ ਹੈ (ਕਿਉਂ ਜੋ ਧੂੜੀ, ਮਿੱਟੀ ਬਾਝ ਬੀਜ ਦਾ ਉੱਗਣਾ ਅਸੰਭਵ ਹੈ)।

ਵਜਨਿ ਅਨਹਦ ਤੂਰ ਜੋਤਿ ਜਗਾਵਣਾ ।੧੩।

(੧੦) ਵੱਜ ਪੈਂਦੇ ਹਨ ਅਨਾਹਦ ਵਾਜੇ (ਤੇ) ਜਾਗ ਪੈਂਦੀ ਹੈ ਜੋਤਿ (ਪ੍ਯਾਰੇ ਦੀ)।

ਪਉੜੀ ੧੪

ਇਕੁ ਕਵਾਉ ਅਤੋਲੁ ਕੁਦਰਤਿ ਜਾਣੀਐ ।

ਇਕ ਵਾਕ੍ਯ ਤੋਲਣ ਤੋਂ ਬਾਹਰਾ ਹੈ (ਤਿਵੇਂ ਹੀ) ਕੁਦਰਤ (ਨੂੰ ਬੀ) ਅਤੋਲ ਹੀ ਜਾਣੀਏਂ (ਜੋ ਉਸ ਤੋਂ ਬਣੀ ਹੈ)।

ਓਅੰਕਾਰੁ ਅਬੋਲੁ ਚੋਜ ਵਿਡਾਣੀਐ ।

(ਇਸ ਦਾ ਕਾਰਕ) 'ਓਅੰਕਾਰ' ਹੈ, ਬਚਨ ਥੋਂ ਬਾਹਰਾ ਹੈ, (ਉਸਦੇ) ਚੋਜ ਅਚਰਜ ਰੂਪ ਹਨ, (ਓਹ ਕੀ ਹਨ?)

ਲਖ ਦਰੀਆਵ ਅਲੋਲੁ ਪਾਣੀ ਆਣੀਐ ।

ਲੱਖਾਂ ਦਰੀਆ ਅੰਮ੍ਰਿਤ ਪਾਣੀ ਲਿਆਉਂਦੇ ਹਨ। (ਭਾਵ ਕਈ ਲੱਖਾਂ ਗੁਰੂ ਦੇ ਸਿਖ ਨਾਮ ਰੂਪ ਅਚੰਚਲ ਜਲ ਅੰਮ੍ਰਿਤ ਨਾਲ ਭਰੇ ਹੋਏ ਹਨ)।

ਹੀਰੇ ਲਾਲ ਅਮੋਲੁ ਗੁਰਸਿਖ ਜਾਣੀਐ ।

ਅਮੋਲਕ ਹੀਰੇ ਲਾਲ ਰੂਪ ਬੀ ਗੁਰੂ ਦੇ ਸਿਖ ਹਨ, (ਓਹ ਕਿਹੇ ਹਨ?)

ਗੁਰਮਤਿ ਅਚਲ ਅਡੋਲ ਪਤਿ ਪਰਵਾਣੀਐ ।

ਗੁਰੂ ਦੀ ਸਿਖ੍ਯਾ ਲੈ ਕੇ (ਮਨ ਬਾਣੀ ਕਰਕੇ) ਅਚੱਲ ਤੇ ਅਡੋਲ ਹੋ ਰਹੇ ਹਨ (ਇਸੇ ਕਰ ਕੇ ਉਨ੍ਹਾਂ ਦੀ) ਪਤ ਪ੍ਰਵਾਣ ਪਈ ਹੈ।

ਗੁਰਮੁਖਿ ਪੰਥੁ ਨਿਰੋਲੁ ਸਚੁ ਸੁਹਾਣੀਐ ।

ਗੁਰਮੁਖਾਂ ਦਾ ਮਾਰਗ ਨਿਰੋਲ (ਕਾਮਾਦਿਕ ਚੋਰਾਂ ਦੇ ਰੌਲੇ ਥੋਂ ਰਹਿਤ) ਹੈ, ਸਚ ਸੁਹਣਾ ਲਗਦਾ ਹੈ (ਐਸਾ ਪੰਥ ਹੈ)।

ਸਾਇਰ ਲਖ ਢੰਢੋਲ ਸਬਦੁ ਨੀਸਾਣੀਐ ।

ਕਵੀ (ਸਾਈਂ ਲੋਕ) ਲੱਖਾਂ ਹੀ ਢੂੰਡੇ (ਪਰ) ਸ਼ਬਦ ਦੀ ਨੀਸਾਣੀ (ਵਾਲੇ ਪੂਰਨ ਹੁੰਦੇ ਹਨ; ਜੋ ਵਿਰਲੇ ਹਨ)।

ਚਰਣ ਕਵਲ ਰਜ ਘੋਲਿ ਅੰਮ੍ਰਿਤ ਵਾਣੀਐ ।

ਉਨ੍ਹਾਂ ਦੇ ਚਰਨ ਕਵਲਾਂ ਦੀ ਧੂੜੀ ਘੋਲੀ ਹੋਈ ਅੰਮ੍ਰਿਤ ਵਰਗੀ ਹੈ।

ਗੁਰਮੁਖਿ ਪੀਤਾ ਰਜਿ ਅਕਥ ਕਹਾਣੀਐ ।੧੪।

(੯) ਗੁਰਮੁਖਾਂ ਨੇ (ਇਸ ਨੂੰ) ਰੱਜ ਕੇ ਪੀਤਾ ਹੈ, (ਇਸਦੀ) ਕਥਾ ਅਕੱਥ ਹੈ।

ਪਉੜੀ ੧੫

ਕਾਦਰੁ ਨੋ ਕੁਰਬਾਣੁ ਕੀਮ ਨ ਜਾਣੀਐ ।

(ਪਰਪੰਚ ਦੇ) ਕਰਤਾ ਤੋਂ ਕੁਰਬਾਣ (ਜਾਂਦੇ ਹਾਂ ਜਿਸਦੀ) ਕੀਮਤ ਨਹੀਂ ਪਾਈ ਜਾਂਦੀ।

ਕੇਵਡੁ ਵਡਾ ਹਾਣੁ ਆਖਿ ਵਖਾਣੀਐ ।

ਕੇਡੀਕੁ ਵੱਡੀ ਉਸ ਦੀ ਉਮਰ ਆਖਕੇ ਵਖਾਣੀਏ (“ਕੇਵਡੁ ਵਡਾ ਡੀਠਾ ਹੋਇ”)।

ਕੇਵਡੁ ਆਖਾ ਤਾਣੁ ਮਾਣੁ ਨਿਮਾਣੀਐ ।

ਕਿੱਡਾਕੁ ਉਸ ਦਾ ਬਲ ਦੱਸੀਏ (ਹਾਂ, ਇਹ ਦੱਸਦੇ ਹਾਂ ਕਿ ਉਹ) ਨਿਮਾਣਿਆਂ ਦਾ ਮਾਣ ਹੈ।

ਲਖ ਜਿਮੀ ਅਸਮਾਣੁ ਤਿਲੁ ਨ ਤੁਲਾਣੀਐ ।

ਲੱਖਾਂ ਧਰਤੀ ਅਕਾਸ਼ ਉਸਦੇ ਇਕ ਤਿਲ ਦੇ ਤੋਲ ਦੇ ਸਮਾਨ ਨਹੀਂ ਹਨ।

ਕੁਦਰਤਿ ਲਖ ਜਹਾਨੁ ਹੋਇ ਹੈਰਾਣੀਐ ।

ਕੁਦਰਤ (ਰਚਨਾ) ਵਿਚ ਲੱਖਾਂ ਜਹਾਨ ਹਨ, (ਜਿਨ੍ਹਾਂ ਨੂੰ ਵੇਖ ਕੇ) ਹੈਰਾਨ ਰਹਿ ਜਾਈਦਾ ਏ

ਸੁਲਤਾਨਾ ਸੁਲਤਾਨ ਹੁਕਮੁ ਨੀਸਾਣੀਐ ।

(ਉਹ ਕਰਤਾ) ਸੁਲਤਾਨਾਂ ਦਾ ਸੁਲਤਾਨ ਹੈ, ਹੁਕਮ (ਉਸਦਾ) ਪ੍ਰਗਟ ਹੈ।

ਲਖ ਸਾਇਰ ਨੈਸਾਣ ਬੂੰਦ ਸਮਾਣੀਐ ।

ਲੱਖਾਂ ਸਮੁੰਦ੍ਰ੍ਰ ਅਤੇ ਨਦੀਆਂ ਉਸ ਦੇ ਇਕ ਬੂੰਦ ਦੇ ਸਾਮਾਨ ਹਨ।

ਕੂੜ ਅਖਾਣ ਵਖਾਣ ਅਕਥ ਕਹਾਣੀਐ ।੧੫।

(ਜਿਹੜੇ ਆਖਣ ਭਈ ਐਡਾ ਹੈ) ਉਨ੍ਹਾਂ ਦੇ ਕਥਨ ਕੂੜੇ ਵਖ੍ਯਾਨ ਹਨ, (ਕਿਉਂਕਿ ਉਸ ਦੀ) ਕਹਾਣੀ ਅਕੱਥ ਹੈ।

ਪਉੜੀ ੧੬

ਚਲਣੁ ਹੁਕਮੁ ਰਜਾਇ ਗੁਰਮੁਖਿ ਜਾਣਿਆ ।

ਗੁਰਮੁਖਾਂ ਨੇ ਜਾਣਿਆਂ ਹੈ ਕਿ ਰਜਾਈ (ਵਾਹਿਗੁਰੂ) ਦੇ ਹੁਕਮ ਵਿਚ ਚੱਲਣਾ ਹੈ (ਅਥਵਾ ਚੱਲਣਾ ਹੀ ਗੁਰਮੁਖਾਂ ਨੇ ਜਾਣਿਆ ਹੈ)।

ਗੁਰਮੁਖਿ ਪੰਥਿ ਚਲਾਇ ਚਲਣੁ ਭਾਣਿਆ ।

ਗੁਰਮੁਖਾਂ ਨੇ (ਏਹੋ) ਪੰਥ ਤੋਰਿਆ ਹੈ (ਕਿ ਵਾਹਿਗੁਰੂ ਦੇ) ਭਾਣੇ ਵਿਖੇ ਚੱਲਣਾ (ਹੀ ਸ੍ਰੇਸ਼ਟ ਹੈ)।

ਸਿਦਕੁ ਸਬੂਰੀ ਪਾਇ ਕਰਿ ਸੁਕਰਾਣਿਆ ।

ਭਰੋਸਾ ਅਤੇ ਸੰਤੋਖ ਨੂੰ ਪਾਕੇ ਪਰਮਾਤਮਾਂ ਦਾ ਧੰਨਵਾਦ ਕਰਨਾ (ਹੀ ਸ੍ਰੇਸ਼ਟ ਹੈ)।

ਗੁਰਮੁਖਿ ਅਲਖੁ ਲਖਾਇ ਚੋਜ ਵਿਡਾਣਿਆ ।

ਐਉਂ ਗੁਰਮੁਖ ਪਰਮਾਤਮਾਂ ਨੂੰ ਲਖ ਲੈਂਦੇ ਹਨ; (ਇਹ) ਵੱਡਾ ਅਸਚਰਜ ਕੌਤਕ ਹੈ (ਕਿ ਫਿਰ ਬੀ)

ਵਰਤਣ ਬਾਲ ਸੁਭਾਇ ਆਦਿ ਵਖਾਣਿਆ ।

ਬਾਲਕਾਂ ਵਤ ਸੁਭਾਵ ਰਖਦੇ ਹਨ (ਇਹ) ਆਦ ਥੋਂ ਵਖਾਣ ਕੀਤਾ ਹੈ (ਭਾਵ ਉਨ੍ਹਾਂ ਦਾ ਜਮਾਂਦਰੂ ਸੁਭਾਉ ਹੈ, ਨਿਰਮਾਨ ਬਾਲ ਵਤ ਰਹਿੰਦੇ ਹਨ, ਅਥਵਾ ਹਰਖ ਸੋਗ ਤੋਂ ਅਤੀਤ ਹਨ।

ਸਾਧਸੰਗਤਿ ਲਿਵ ਲਾਇ ਸਚੁ ਸੁਹਾਣਿਆ ।

ਸਾਧ ਸੰਗਤ ਵਿਖੇ 'ਲਿਵ' (ਪ੍ਰੀਤ) ਲਾਈ ਰਖਦੇ ਹਨ, ਤੇ ਸੱਚ ਉਨ੍ਹਾਂ ਨੂੰ ਸੁਹਾਉਂਦਾ ਹੈ।

ਜੀਵਨ ਮੁਕਤਿ ਕਰਾਇ ਸਬਦੁ ਸਿਞਾਣਿਆ ।

ਜੀਵਨ ਮੁਕਤ ਹੋਕੇ ਸਬਦ ਬ੍ਰਹਮ ਨੂੰ ਹੀ ਸਾਰੇ ਪਛਾਣਦੇ ਹਨ।

ਗੁਰਮੁਖਿ ਆਪੁ ਗਵਾਇ ਆਪੁ ਪਛਾਣਿਆ ।੧੬।

ਆਪਾ ਭਾਵ ਗਵਾਕੇ ਆਪਣਾ ਆਪ ਗੁਰਮੁਖਾਂ ਨੇ ਪਛਾਣ ਲਿਆ ਹੈ, (ਅਰ ਸੱਚ ਊੂਨ੍ਹਾਂ ਨੂੰ ਸੁਹਾਉਂਦਾ ਹੈ, ਸੱਚ ਕਹਿ ਤਾਂ ਬਥੇਰੇ ਲੈਂਦੇ ਹਨ, ਪਰ ਸੱਚ ਸੁਣਕੇ ਸੁਹਾਵਣਾ ਗੁਰਮੁਖਾਂ ਨੂੰ ਹੀ ਲਗਦਾ ਹੈ)।

ਪਉੜੀ ੧੭

ਅਬਿਗਤਿ ਗਤਿ ਅਸਗਾਹ ਆਖਿ ਵਖਾਣੀਐ ।

ਅਬਿਗਤ ਅਤੇ ਅਥਾਹ ਗਤੀ ਕਹਿਕੇ ਵਖਾਣੀਦੀ ਹੈ।

ਗਹਰਿ ਗੰਭੀਰ ਅਥਾਹ ਹਾਥਿ ਨ ਆਣੀਐ ।

ਡੂੰਘੀ ਤੇ ਗੰਭੀਰ ਹੈ, ਹਾਥ ਕਿਸੇ ਨਹੀਂ ਪਾਇਆ।

ਬੂੰਦ ਲਖ ਪਰਵਾਹ ਹੁਲੜਵਾਣੀਐ ।

ਇਕ ਬੂੰਦ ਥੋਂ ਲੱਖਾਂ ਪਰਵਾਹ ਤੇ ਹੜ੍ਹਾਂ ਵਾਲੇ ਮਹਾਂ ਨਦ ਬਣਦੇ ਹਨ।

ਗੁਰਮੁਖਿ ਸਿਫਤਿ ਸਲਾਹ ਅਕਥ ਕਹਾਣੀਐ ।

(ਇਸ ਲਈ) ਗੁਰਮੁਖਾਂ ਦੀ ਸਿਫਤ ਸ਼ਲਾਘਾ ਦੀ ਅਕੱਥ ਕਹਾਣੀ ਹੈ।

ਪਾਰਾਵਾਰੁ ਨ ਰਾਹੁ ਬਿਅੰਤੁ ਸੁਹਾਣੀਐ ।

ਉਨ੍ਹਾਂ ਦੇ ਰਾਹ ਦਾ ਪਾਰਾਵਾਰ ਨਹੀਂ, ਬਿਅੰਤ ਹੈ ਅਤੇ ਸੁਭਾਇਮਾਨ ਹੈ।

ਲਉਬਾਲੀ ਦਰਗਾਹ ਨ ਆਵਣ ਜਾਣੀਐ ।

ਦਰਗਾਹ' (ਸਾਧ ਸੰਗਤ) ਬੇਪਰਵਾਹ ਆਵਣ ਜਾਣ ਤੋਂ ਰਹਿਤ ਹੈ।

ਵਡਾ ਵੇਪਰਵਾਹੁ ਤਾਣੁ ਨਿਤਾਣੀਐ ।

ਵਡਾ ਬੇਪਰਵਾਹ ਹੈ, ਨਿਤਾਣਿਆਂ ਨੂੰ ਤਾਣ ਦਿੰਦਾ ਹੈ।

ਸਤਿਗੁਰ ਸਚੇ ਵਾਹੁ ਹੋਇ ਹੈਰਾਣੀਐ ।੧੭।

(ਅਜਿਹੇ) ਸੱਚੇ ਸਤਿਗੁਰੂ ਧੰਨ ਹਨ (ਵਡੇ ਵਡੇ ਲੋਕ) ਹੈਰਾਣ ਹੁੰਦੇ ਹਨ (ਕਿ ਸਤਿਗੁਰੂ ਵੱਡੇ ਦਿਆਲੂ ਤੇ ਨਿਤਾਣਿਆਂ ਦੀ ਕਲ੍ਯਾਣ ਹਾਰੇ ਹਨ)।

ਪਉੜੀ ੧੮

ਸਾਧਸੰਗਤਿ ਸਚ ਖੰਡੁ ਗੁਰਮੁਖਿ ਜਾਈਐ ।

ਸਾਧ ਸੰਗਤ ਸੱਚਾ ਖੰਡ ਹੈ (ਉਥੇ) ਗੁਰਮੁਖ ਲੋਕ ਜਾਂਦੇ ਹਨ (ਉਥੇ ਜਾਕੇ ਕੀ ਕਰਦੇ ਹਨ?)।

ਸਚੁ ਨਾਉ ਬਲਵੰਡੁ ਗੁਰਮੁਖਿ ਧਿਆਈਐ ।

ਗੁਰਮੁਖ (ਉਥੇ) ਵਾਹਿਗੁਰੂ ਦਾ ਸੱਚਾ ਨਾਮ ਜਪਦੇ ਹਨ।

ਪਰਮ ਜੋਤਿ ਪਰਚੰਡੁ ਜੁਗਤਿ ਜਗਾਈਐ ।

(ਗੁਰੂ ਦੀ ਦੱਸੀ ਜੁਗਤ) ਨਾਲ (ਵਾਹਿਗੁਰੂ ਦੀ) ਪਰਮ ਜੋਤ ਦਾ ਪ੍ਰਕਾਸ਼ ਜਗਾਉਂਦੇ ਹਨ, (ਭਾਵ ਜੋਤਿ ਸਰੂਪ ਪਰਮਾਤਮਾ ਦਾ ਰਿਦੇ ਵਿਖੇ ਚਿੰਤਨ ਕਰਦੇ ਹਨ)।

ਸੋਧਿ ਡਿਠਾ ਬ੍ਰਹਮੰਡੁ ਲਵੈ ਨ ਲਾਈਐ ।

(ਕਿਉਂ ਜੋ ਉਨ੍ਹਾਂ ਨੇ ਸਾਰੇ) ਬ੍ਰਹਮਾਂਡ ਵਿਖੇ (ਸੋਧ) ਵਿਚਾਰਕੇ ਡਿੱਠਾ ਹੈ, (ਉਸਦੇ ਸਮਾਨ) ਹੋਰ ਕੋਈ ਨਹੀਂ।

ਤਿਸੁ ਨਾਹੀ ਜਮ ਡੰਡੁ ਸਰਣਿ ਸਮਾਈਐ ।

ਐਸੇ (ਸਤਿਸੰਗੀ) ਨੂੰ ਜਮ ਦੰਡ ਨਹੀਂ ਹੈ, ਉਹ ਸ਼ਰਣ (ਪ੍ਰਭੂ ਦੀ) ਵਿਚ ਸਮਾਇਆ ਹੈ।

ਘੋਰ ਪਾਪ ਕਰਿ ਖੰਡੁ ਨਰਕਿ ਨ ਪਾਈਐ ।

ਉਸ ਦੇ ਘੋਰ ਪਾਪ ਖੰਡੇ ਜਾਂਦੇ ਹਨ, (ਉਹ) ਨਰਕਾਂ ਵਿਚ ਨਹੀਂ ਪਾਇਆ ਜਾਂਦਾ; (ਪਰੰਤੂ ਕੂੜੇ ਲੋਕ ਉਥੇ ਨਹੀਂ ਟਿਕ ਸਕਦੇ, ਦ੍ਰਿਸ਼ਟਾਂਤ-ਜਿੱਕੁਰ)

ਚਾਵਲ ਅੰਦਰਿ ਵੰਡੁ ਉਬਰਿ ਜਾਈਐ ।

ਚਾਵਲਾਂ ਵਿਚੋਂ ਵੰਡ (ਛੱਟਿਆਂ) ਉੱਭਰ ਆਉਂਦੇ ਹਨ, ਤੇ ਕੱਢੇ ਜਾਂਦੇ ਹਨ।

ਸਚਹੁ ਸਚੁ ਅਖੰਡੁ ਕੂੜੁ ਛੁਡਾਈਐ ।੧੮।

ਅਖੰਡ ਸੱਚ ਦੇ (ਭਾਵ ਸਤਿਸੰਗ ਦੇ) ਵਿਚੋਂ ਝੂਠੇ ਕੱਢੇ ਜਾਂਦੇ ਹਨ।

ਪਉੜੀ ੧੯

ਗੁਰਸਿਖਾ ਸਾਬਾਸ ਜਨਮੁ ਸਵਾਰਿਆ ।

ਗੁਰਸਿੱਖਾਂ ਨੂੰ ਸ਼ਾਬਾਸ਼ ਹੈ (ਜਿਨ੍ਹਾਂ ਨੇ ਆਪਣਾ) ਜਨਮ ਸੁਵਾਰ ਲੀਤਾ ਹੈ।

ਗੁਰਸਿਖਾਂ ਰਹਰਾਸਿ ਗੁਰੂ ਪਿਆਰਿਆ ।

ਗੁਰ ਸਿੱਖਾਂ ਦਾ ਰਸਤਾ ਸਿੱਧਾ ਹੈ (ਕਿ ਉਨ੍ਹਾਂ ਨੇ) ਗੁਰੂ ਨੂੰ ਪ੍ਯਾਰ ਕੀਤਾ ਹੈ।

ਗੁਰਮੁਖਿ ਸਾਸਿ ਗਿਰਾਸਿ ਨਾਉ ਚਿਤਾਰਿਆ ।

ਗੁਰਮੁਖ (ਹੋ ਕੇ ਉਨ੍ਹਾਂ ਨੇ ਪਰਮੇਸ਼ਰ ਦੇ) ਨਾਮ ਨੂੰ ਸਾਸ ਗਿਰਾਸ ਯਾਦ ਕੀਤਾ ਹੈ।

ਮਾਇਆ ਵਿਚਿ ਉਦਾਸੁ ਗਰਬੁ ਨਿਵਾਰਿਆ ।

ਮਾਇਆ ਵਿਚ ਉਦਾਸ ਰਹਿਕੇ ਹੰਕਾਰ ਦੂਰ ਕੀਤਾ ਹੈ।

ਗੁਰਮੁਖਿ ਦਾਸਨਿ ਦਾਸ ਸੇਵ ਸੁਚਾਰਿਆ ।

ਦਾਸਾਂ ਦੇ ਦਾਸ ਹੋਕੇ ਗੁਰਮੁਖਾਂ ਨੇ ਸੇਵਾ ਦਾ ਭਲਾ ਕੰਮ ਕੀਤਾ ਹੈ।

ਵਰਤਨਿ ਆਸ ਨਿਰਾਸ ਸਬਦੁ ਵੀਚਾਰਿਆ ।

ਆਸਾ ਵਿਚ (ਫੇਰ ਬੀ) ਨਿਰਾਸ ਹੀ ਵਰਤਨਗੇ ਅਰ ਸ਼ਬਦ ਦੀ ਵੀਚਾਰ ਕਰਨਗੇ।

ਗੁਰਮੁਖਿ ਸਹਜਿ ਨਿਵਾਸੁ ਮਨ ਹਠ ਮਾਰਿਆ ।

ਗੁਰਮੁਖਾਂ ਦਾ ਨਿਵਾਸ ਸਹਿਜ ਵਿੱਚ ਹੋਵੇਗਾ (ਕਿਸੇ ਬਾਤ ਵਿਚ) ਹਠ ਮਨ ਵਿਚ ਨਹੀਂ ਧਾਰਨਗੇ।

ਗੁਰਮੁਖਿ ਮਨਿ ਪਰਗਾਸੁ ਪਤਿਤ ਉਧਾਰਿਆ ।੧੯।

ਗੁਰਮੁਖਾਂ ਦੇ ਮਨ ਵਿਚ (ਵਾਹਿਗੁਰੂ) ਦਾ ਪਰਗਾਸ ਹੋ ਜਾਏਗਾ (ਫੇਰ ਉਨ੍ਹਾਂ ਥੋਂ) ਪਤਿਤ ਉਧਾਰ ਪਾਉਣਗੇ।

ਪਉੜੀ ੨੦

ਗੁਰਸਿਖਾ ਜੈਕਾਰੁ ਸਤਿਗੁਰ ਪਾਇਆ ।

ਗੁਰੂ ਦੇ ਸਿਖਾਂ ਦੀ (ਜਿਨ੍ਹਾਂ ਨੇ) ਸਤਿਗੁਰੂ (ਗੁਰੂ ਨਾਨਕ ਜੀ ਦਾ ਦਰਸ਼ਨ) ਪਾਇਆ ਹੈ, ਜਯ ਜਯ ਹੋਵੇ।

ਪਰਵਾਰੈ ਸਾਧਾਰੁ ਸਬਦੁ ਕਮਾਇਆ ।

(ਕਿਉਂ ਜੋ ਉਨ੍ਹਾਂ ਨੇ) ਗੁਰੂ ਦਾ ਸ਼ਬਦ ਕਮਾਕੇ ਸਾਰੇ ਪਰਿਵਾਰ ਦਾ ਉਧਾਰ ਕੀਤਾ ਹੈ।

ਗੁਰਮੁਖਿ ਸਚੁ ਆਚਾਰੁ ਭਾਣਾ ਭਾਇਆ ।

(ਜਿਨ੍ਹਾਂ) ਗੁਰਮੁਖਾਂ ਨੂੰ (ਅਕਾਲ ਪੁਰਖ ਦਾ) ਭਾਣਾ ਮਿੱਠਾ ਲਗਦਾ ਹੈ, (ਉਨ੍ਹਾਂ ਦੀ) ਕਰਨੀ ਸੱਚ ਦੀ ਹੋ ਗਈ ਹੈ।

ਗੁਰਮੁਖਿ ਮੋਖ ਦੁਆਰੁ ਆਪ ਗਵਾਇਆ ।

ਗੁਰਮੁਖ ਮੁਕਤੀ ਦਾ ਵਸੀਲਾ ਹਨ, (ਕਿਉਂਕਿ) ਆਪਾ ਭਾਵ ਗਵਾ ਦਿਤਾ ਹੈ, (ਜਿਸ ਤਰ੍ਹਾਂ ਦਰਵਾਜੇ ਨੇ ਅਪਨੇ ਵਿਚੋਂ ਕੰਧ ਰੂਪ ਹਊਮੈ ਕੱਢਕੇ ਰਾਹ ਖੋਲ੍ਹ ਦਿਤਾ ਹੁੰਦਾ ਹੈ ਤੇ ਡਾਟ ਦੇ ਆਸਰੇ ਖੜਾ ਹੈ)।

ਗੁਰਮੁਖਿ ਪਰਉਪਕਾਰ ਮਨੁ ਸਮਝਾਇਆ ।

ਗੁਰਮੁਖ ਪਰਉਪਕਾਰ ਕਰਦੇ ਹਨ, (ਇਹੋ) ਮਨ ਨੂੰ ਸਮਝਾਉਂਦੇ ਹਨ (ਕਿ ਨਿਰਾਸ ਤੇ ਨਿਸ਼ਕਾਮ ਰਹਿਕੇ ਉਪਕਾਰ ਕਰ)।

ਗੁਰਮੁਖਿ ਸਚੁ ਆਧਾਰੁ ਸਚਿ ਸਮਾਇਆ ।

ਗੁਰਮੁਖ ਸੱਚ ਦਾ ਆਸ਼੍ਰਯ ਲੈਕੇ ਸੱਚ ਵਿਖੇ ਸਮਾ ਜਾਂਦੇ ਹਨ।

ਗੁਰਮੁਖਾ ਲੋਕਾਰੁ ਲੇਪੁ ਨ ਲਾਇਆ ।

ਗੁਰਮੁਖਾਂ ਨੂੰ ਲੋਕ ਲੱਜਾ ਦਾ ਲੇਪ ਨਹੀਂ ਲਗਦਾ (ਭਾਵ ਲੋਕ ਲੱਜਾ ਛੱਡਕੇ) ਭਗਵੰਤ ਪਰਾਯਣ ਰਹਿੰਦੇ ਹਨ। ਅਥਵਾ ਪੱਛਮੀ ਦੇਸ਼ ਵਿਖੇ ਲੰਕਾਰ ਲੋਈ ਦਾ ਵਾਚਕ ਹੈ, ਇਥੇ ਭਾਵ ਵਿਚ ਗੋਦੜੀ ਦਾ ਅਰਥ ਲੈਂਦੇ ਹਨ ਕਿ ਗੁਰਮੁਖਾਂ ਦੀ ਗੋਦੜੀ ਨੂੰ ਲੋਕਕ ਕਲੰਕ ਨਹੀਂ ਲਗਦਾ)।

ਗੁਰਮੁਖਿ ਏਕੰਕਾਰੁ ਅਲਖੁ ਲਖਾਇਆ ।੨੦।

ਗੁਰਮੁਖਾਂ ਨੂੰ ਅਲਖ (ਵਾਹਿਗੁਰੂ ਨੇ ਆਪਣਾ) ਏਕੰਕਾਰ (ਸਰੂਪ) ਲਖਾ ਦਿਤਾ ਹੈ।

ਪਉੜੀ ੨੧

ਗੁਰਮੁਖਿ ਸਸੀਅਰ ਜੋਤਿ ਅੰਮ੍ਰਿਤ ਵਰਸਣਾ ।

ਗੁਰਮੁਖਾਂ ਦੀ ਜੋਤ ਚੰਦ੍ਰ੍ਰਮਾਂ ਵਤ ਹੈ, (ਉਸ ਵਿਚੋਂ) ਅੰਮ੍ਰਿਤ (ਨਾਮ) ਦੀ ਵਰਖਾ ਹੁੰਦੀ ਹੈ।

ਅਸਟ ਧਾਤੁ ਇਕ ਧਾਤੁ ਪਾਰਸੁ ਪਰਸਣਾ ।

(ਓਹ) ਪਾਰਸ (ਵਾਂਙੂ) ਪਰਸਕੇ ਅੱਠਾਂ ਧਾਤਾਂ ਨੂੰ ਇਕ ਧਾਤ (ਸੋਨਾ ਕਰ ਦਿੰਦੇ ਹਨ)।

ਚੰਦਨ ਵਾਸੁ ਨਿਵਾਸੁ ਬਿਰਖ ਸੁਦਰਸਣਾ ।

(ਗੁਰਮੁਖ) ਚੰਦਨ ਦੀ ਵਾਸ਼ਨਾ (ਵਾਸ ਨਿਵਾਸ ਕਹੀਏ) ਨਾਲ ਦੇ (ਬਿਰਛਾਂ ਨੂੰ) ਆਪਣੇ ਵਰਗਾ (ਚੰਦਨ) ਕਰਦੀ ਹੈ।

ਗੰਗ ਤਰੰਗ ਮਿਲਾਪੁ ਨਦੀਆਂ ਸਰਸਣਾ ।

(ਗੁਰਮੁਖ) ਗੰਗਾ (ਵਾਂਙੂ ਆਪਣੇ) ਤਰੰਗਾਂ ਦੇ ਮਿਲਾਪ ਨਾਲ (ਹੋਰ) ਨਦੀਆਂ ਨੂੰ (ਆਪਣੇ) (ਜਿਹਾ ਕਰਦੇ ਹਨ)।

ਮਾਨਸਰੋਵਰ ਹੰਸ ਨ ਤ੍ਰਿਸਨਾ ਤਰਸਣਾ ।

ਮਾਨ ਸਰੋਵਰ ਦੇ ਹੰਸ (ਗੁਰਮੁਖਾਂ ਦੇ ਦਰਸ਼ਨ) ਦੀ ਤ੍ਰਿਸ਼ਨਾ ਤਰਸਦੇ ਹਨ, (ਭਾਵ ਇਧਰ ਮਹਾਤਮਾਂ ਲੋਕ ਭੀ ਗੁਰਮੁਖ ਮਿਲਾਪ ਨੂੰ ਤਰਸਦੇ ਹਨ)।

ਪਰਮ ਹੰਸ ਗੁਰਸਿਖ ਦਰਸ ਅਦਰਸਣਾ ।

ਗੁਰ ਸਿੱਖ ਪਰਮ ਹੰਸ ਹਨ, (ਉਨ੍ਹਾਂ ਦਾ) ਦਰਸ਼ਨ (ਓਹ ਲੋਚਦੇ ਹਨ ਜੋ ਆਪ) ਕਿਸੇ ਨੂੰ ਦਰਸ਼ਨ ਨਹੀਂ ਦੇਂਦੇ ਅਥਵਾ ਸ਼ੀਸ਼ੇ ਵਤ ਸ਼ੁਧ ਹਿਰਦੇ ਦਰਸ਼ਨ ਪਾਉਂਦੇ ਹਨ)।

ਚਰਣ ਸਰਣ ਗੁਰਦੇਵ ਪਰਸ ਅਪਰਸਣਾ ।

(ਉਨ੍ਹਾਂ ਨੇ) ਗੁਰਾਂ ਦੇ ਚਰਨ ਕਮਲਾਂ ਦੀ ਸ਼ਰਣ ਲੀਤੀ ਹੈ, ਓਹ (ਭਾਵੇਂ) ਅਪਰਸਣਾ ਕਹੀਏ ਨੀਚ ਜਾਤ ਹਨ, (ਪ੍ਰੰਤੂ) ਪਰਸਣ ਦੇ ਲਾਇਕ ਹੋ ਗਏ ਹਨ, ਭਾਵ “ਨੀਚ ਜਾਤਿ ਹਰਿ ਜਪਤਿਆ ਊੂਤਮ ਪਦਵੀ ਪਾਇ” ਨੀਚ ਜਾਤੋਂ ਉੱਚੀ ਜਾਤ ਵਾਲੇ ਹੋ ਜਾਂਦੇ ਹਨ, ਕਿਉਂ ਜੋ)

ਸਾਧਸੰਗਤਿ ਸਚ ਖੰਡੁ ਅਮਰ ਨ ਮਰਸਣਾ ।੨੧।੨੨। ਬਾਈ ।

ਸਾਧ ਸੰਗਤ ਸੱਚਾ ਖੰਡ ਹੈ (ਜੋ ਪ੍ਰਾਪਤ ਹੁੰਦੇ ਹਨ) ਅਮਰ ਹੋਕੇ ਕਦੇ ਮਰਦੇ ਨਹੀਂ (“ਆਵਣ ਜਾਣੁ ਰਹਿਓ”)।


Flag Counter