ਵਾਰਾਂ ਭਾਈ ਗੁਰਦਾਸ ਜੀ

ਅੰਗ - 32


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਪਹਿਲਾ ਗੁਰਮੁਖਿ ਜਨਮੁ ਲੈ ਭੈ ਵਿਚਿ ਵਰਤੈ ਹੋਇ ਇਆਣਾ ।

(ਜਦੋਂ) ਗੁਰਮੁਖ ਨਵਾਂ ਜਨਮ ਲੈਂਦਾ ਹੈ (ਭਾਵ ਗੁਰੂ ਦੀ ਸਿੱਖਿਆ ਲੈਕੇ ਨਵਾਂ ਜਨਮ ਧਾਰਦਾ ਹੈ) ਇਆਣਿਆਂ ਵਾਂਙੂ ਗੁਰੂ ਦੇ ਭੈ ਵਿਚ ਕੰਮ ਕਰਦਾ ਹੈ, (ਜਿੱਕੁਰ ਬਾਲਕ ਡਰਦਾ ਕੋਈ ਅਵਿਹਤ ਕੰਮ ਨਹੀਂ ਕਰਦਾ)।

ਗੁਰ ਸਿਖ ਲੈ ਗੁਰਸਿਖੁ ਹੋਇ ਭਾਇ ਭਗਤਿ ਵਿਚਿ ਖਰਾ ਸਿਆਣਾ ।

ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਕੇ ਗੁਰੂ ਸਿਖ ਬਣਦਾ ਹੈ ਅਰ ਪ੍ਰੇਮਾ ਭਗਤੀ ਵਿਖੇ ਖਰਾ ਸਿਆਣਾ ਹੁੰਦਾ ਜਾਂਦਾ ਹੈ, (ਭਾਵ ਜਵਾਨ ਹੋ ਜਾਂਦਾ ਹੈ)।

ਗੁਰ ਸਿਖ ਸੁਣਿ ਮੰਨੈ ਸਮਝਿ ਮਾਣਿ ਮਹਤਿ ਵਿਚਿ ਰਹੈ ਨਿਮਾਣਾ ।

ਗੁਰ ਸਿੱਖਿਆ ਨੂੰ ਸੁਣਕੇ ਮੰਨਦਾ ਫੇਰ ਸਮਝ ਕੇ (ਨਿੱਧ੍ਯਾਸਨ ਕਰਕੇ) ਮਾਣ ਤਾਣ ਵਿਖੇ ਨਿਮਾਣਾ ਰਹਿੰਦਾ ਹੈ।

ਗੁਰ ਸਿਖ ਗੁਰਸਿਖੁ ਪੂਜਦਾ ਪੈਰੀ ਪੈ ਰਹਰਾਸਿ ਲੁਭਾਣਾ ।

ਗੁਰੂ ਦਾ ਸਿੱਖ ਗੁਰੂ ਦੇ ਸਿਖ ਦੀ ਸੇਵਾ ਕਰਦਾ ਹੈ, ਪੈਰੀਂ ਪੈਕੇ ਸੱਚੇ ਰਸਤੇ ਵਿਖੇ ਮਸਤ ਰਹਿੰਦਾ ਹੈ।

ਗੁਰ ਸਿਖ ਮਨਹੁ ਨ ਵਿਸਰੈ ਚਲਣੁ ਜਾਣਿ ਜੁਗਤਿ ਮਿਹਮਾਣਾ ।

ਪਰਾਹੁਣਿਆਂ ਦੀ ਤਰ੍ਹਾਂ (ਸੰਸਾਰ ਤੋਂ) ਚੱਲਣਾ ਜਾਣ ਦਾ ਰਹਿੰਦਾ ਹੈ ਤੇ ਗੁਰ ਸਿੱਖ੍ਯਾ ਮਨੋਂ (ਕਦੀ) ਨਹੀਂ ਭੁਲਾਉਂਦਾ।

ਗੁਰ ਸਿਖ ਮਿਠਾ ਬੋਲਣਾ ਨਿਵਿ ਚਲਣਾ ਗੁਰਸਿਖੁ ਪਰਵਾਣਾ ।

ਗੁਰ ਸਿਖ (ਬਾਣੀ ਕਰਕੇ) ਮਿੱਠਾ (ਬਚਨ) ਬੋਲਦਾ (ਸਰੀਰ ਕਰਕੇ) ਨਿਵਕੇ ਚਲਦਾ (ਅਰ ਮਨ ਕਰਕੇ) ਗੁਰੂ ਦੀ ਸਿੱਖ੍ਯਾ ਪਰਵਾਨ ਕਰਦਾ ਹੈ।

ਘਾਲਿ ਖਾਇ ਗੁਰਸਿਖ ਮਿਲਿ ਖਾਣਾ ।੧।

ਕਮਾਈ ਕਰ ਕੇ (ਆਪ) ਖਾਂਦਾ ਹੈ (ਕੀ ਆਪੋ ਆਪ? ਨਹੀਂ) ਗੁਰੂ ਦੇ ਸਿਖਾਂ ਨਾਲ ਮਿਲਕੇ (ਵੰਡਕੇ) ਖਾਂਦਾ ਹੈ, (ਕਿਉਂ ਗੁਰੂ ਜੀ ਦਾ ਬਚਨ ਹੈ:- 'ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ'॥

ਪਉੜੀ ੨

ਦਿਸਟਿ ਦਰਸ ਲਿਵ ਸਾਵਧਾਨੁ ਸਬਦ ਸੁਰਤਿ ਚੇਤੰਨੁ ਸਿਆਣਾ ।

(ਗੁਰਮੁਖ ਨੇ) ਨੇਤ੍ਰ (ਗੁਰੂ ਜੀ ਦੇ) ਦਰਸ਼ਨ ਦੀ ਲਿਵ ਵਿਖੇ ਸਾਵਧਾਨ (ਕੀਤੇ ਹਨ ਅਰ) ਸ਼ਬਦ ਦੀ ਸੁਰਤ ਵਿਖੇ ਚੇਤੰਨ ਤੇ ਸਿਆਣਾ (ਹੋਯਾ) ਹੈ।

ਨਾਮੁ ਦਾਨੁ ਇਸਨਾਨੁ ਦਿੜੁ ਮਨ ਬਚ ਕਰਮ ਕਰੈ ਮੇਲਾਣਾ ।

ਨਾਮ ਦਾਨ ਇਸ਼ਨਾਨ ਦ੍ਰਿੜ ਰਖਦਾ ਹੈ, ਮਨ ਬਚ ਸਰੀਰ ਕਰ ਕੇ (ਸਭ ਨਾਲ) ਮੇਲ ਰਖਦਾ ਹੈ।

ਗੁਰਸਿਖ ਥੋੜਾ ਬੋਲਣਾ ਥੋੜਾ ਸਉਣਾ ਥੋੜਾ ਖਾਣਾ ।

ਗੁਰਮੁਖ ਥੋੜਾ ਬੋਲਦਾ, ਥੋੜਾ ਸਉਂਦਾ ਅਰ ਥੋੜਾ ਖਾਂਦਾ ਹੈ, (ਭਾਵ ਇਤਨਾ ਭੁੱਖਾ ਨਹੀਂ ਰਹਿੰਦਾ ਕਿ ਭਜਨ ਨਾਂ ਹੋ ਸਕੇ, ਇਤਨਾ ਢਿੱਡ ਭਰਕੇ ਨਹੀਂ ਖਾਂਦਾ ਕਿ ਮੂੰਹ ਥੋਂ ਬਾਹਰ ਆ ਜਾਵੇ। ਲਿਖਿਆ ਹੈ:-ਅੰਨੁ ਪਾਣੀ ਥੋੜਾ ਖਾਇਆ)।

ਪਰ ਤਨ ਪਰ ਧਨ ਪਰਹਰੈ ਪਰ ਨਿੰਦਾ ਸੁਣਿ ਮਨਿ ਸਰਮਾਣਾ ।

ਪਰਾਈ ਇਸਤ੍ਰੀ, ਪਰਾਇਆ ਧਨ ਤਿਆਗ ਕੇ ਪਰਾਈ ਨਿੰਦਾ ਦੇ ਸੁਣਨ ਥੋਂ ਮਨ ਵਿਚ ਸ਼ਰਮ ਰਖਦਾ ਹੈ।

ਗੁਰ ਮੂਰਤਿ ਸਤਿਗੁਰ ਸਬਦੁ ਸਾਧਸੰਗਤਿ ਸਮਸਰਿ ਪਰਵਾਣਾ ।

ਗੁਰੂ ਦੀ ਮੂਰਤੀ ਅਰ ਸਤਿਗੁਰ (ਸ੍ਰੀ ਗੁਰੂ ਨਾਨਕ) ਦੇ ਸ਼ਬਦ ਅਰ ਸਾਧ ਸੰਗਤ ਨੂੰ ਬਰਾਬਰ ਕਰ ਕੇ ਪਰਵਾਨ ਕਰਦਾ ਹੈ।

ਇਕ ਮਨਿ ਇਕੁ ਅਰਾਧਣਾ ਦੁਤੀਆ ਨਾਸਤਿ ਭਾਵੈ ਭਾਣਾ ।

ਇਕ ਮਨ ਹੋ ਕੇ ਈਸ਼੍ਵਰ ਦੀ ਅਰਾਧਨਾ ਕਰਦਾ ਹੈ, ਦੂਜਾ ਭਾਉ ਨਾਸ਼ ਹੋ ਗਿਆ ਹੈ, (ਇਕ ਅਕਾਲ ਪੁਰਖ ਦਾ) ਭਾਣਾ ਮਿੱਠਾ ਲਗਦਾ ਹੈ।

ਗੁਰਮੁਖਿ ਹੋਦੈ ਤਾਣਿ ਨਿਤਾਣਾ ।੨।

ਗੁਰਮੁਖ ਤਾਣ ਹੁੰਦੇ ਹੀ ਨਿਤਾਣਾ ਹੋਕੇ ਰਹਿੰਦਾ ਹੈ (ਕਿਉਂ ਜੋ ਇਕ ਪਰਮਾਤਮਾਂ ਪੁਰ ਭਰੋਸਾ ਰੱਖ ਕੇ ਆਪ ਹੁਦਰੀ ਨਹੀਂ ਕਰਦਾ ਹੈ)।

ਪਉੜੀ ੩

ਗੁਰਮੁਖਿ ਰੰਗੁ ਨ ਦਿਸਈ ਹੋਂਦੀ ਅਖੀਂ ਅੰਨ੍ਹਾ ਸੋਈ ।

ਗੁਰਮੁਖ ਦਾ ਰੂਪ ਜਿਸ ਨੂੰ ਨਹੀਂ ਦਿਸਦਾ ਓਹ ਅੱਖਾਂ ਦੇ ਹੁੰਦਿਆਂ ਅੰਨ੍ਹਾਂ ਹੈ (ਕਿਉਂ ਜੋ ਨੇਤ੍ਰ ਗੁਰਮੁਖਾਂ ਦੇ ਦਰਸ਼ਨ ਨਾਲ ਹੀ ਸਫਲ ਹੁੰਦੇ ਹਨ)।

ਗੁਰਮੁਖਿ ਸਮਝਿ ਨ ਸਕਈ ਹੋਂਦੀ ਕੰਨੀਂ ਬੋਲਾ ਹੋਈ ।

ਗੁਰਮੁਖਾਂ (ਦੇ ਬਚਨ ਜੋ) ਨਹੀਂ ਸਮਝ ਸਕਦਾ, ਕੰਨਾਂ ਦੇ ਹੁੰਦਿਆਂ ਬੋਲਾ ਹੈ।

ਗੁਰਮੁਖਿ ਸਬਦੁ ਨ ਗਾਵਈ ਹੋਂਦੀ ਜੀਭੈ ਗੁੰਗਾ ਗੋਈ ।

ਗੁਰਮੁਖਾਂ ਦੇ ਸ਼ਬਦ ਨੂੰ ਜੋ ਗਾਇਨ ਨਹੀਂ ਕਰਦਾ ਜੀਭ ਦੇ ਹੁੰਦਿਆਂ ਹੀ ਗੁੰਗਾ ਕਿਹਾ ਜਾਂਦਾ ਹੈ।

ਚਰਣ ਕਵਲ ਦੀ ਵਾਸ ਵਿਣੁ ਨਕਟਾ ਹੋਂਦੇ ਨਕਿ ਅਲੋਈ ।

(ਗੁਰੂ ਦੇ) ਚਰਨ ਕਮਲਾਂ ਦੀ ਵਾਸ਼ਨਾਂ ਥੋਂ ਬਿਨਾਂ (ਜੋ ਹੋਇਆ ਓਹ) ਨੱਕ ਵਾਲਾ ਹੋਕੇ ਭੀ ਆਪ ਨੂੰ ਨਕਟਾ ਦੇਖਦਾ ਹੈ।

ਗੁਰਮੁਖਿ ਕਾਰ ਵਿਹੂਣਿਆਂ ਹੋਂਦੀ ਕਰੀਂ ਲੁੰਜਾ ਦੁਖ ਰੋਈ ।

ਗੁਰਮੁਖਾਂ ਦੀ ਸੇਵਾ ਥੋਂ ਜੋ ਬੇਮੁਖ ਹੈ, ਹੱਥਾਂ ਦੇ ਹੁੰਦਿਆਂ ਲੁੰਜਾ ਹੈ ਅਰ ਦੁਖੀ ਹੋਕੇ ਰੋਂਦਾ ਹੈ।

ਗੁਰਮਤਿ ਚਿਤਿ ਨ ਵਸਈ ਸੋ ਮਤਿ ਹੀਣੁ ਲਹਦਾ ਢੋਈ ।

ਗੁਰੂ ਦੀ ਮਤ (ਸਿਖਿਆ) ਥੋਂ ਜੋ ਬਾਹਰਾ ਹੈ ਉਹ ਮਤ ਹੀਣ ਹੈ ਕਿਧਰੇ ਢੋਈ ਨਹੀਂ ਲੈ ਸਕਦਾ, (ਗੱਲ ਕੀ ਨਰਕ ਭੀ ਉਸ ਨੂੰ ਪਰੇ ਪਰੇ ਕਰਦੇ ਹਨ)।

ਮੂਰਖ ਨਾਲਿ ਨ ਕੋਇ ਸਥੋਈ ।੩।

ਮੂਰਖ ਦਾ ਕੋਈ ਸਾਥੀ ਨਹੀਂ ਹੈ (ਗੱਲ ਕੀ ਅੰਨ੍ਹਾਂ, ਬੋਲਾ, ਗੁੰਗਾ, ਨਕਟਾ, ਲੁੰਜਾ ਆਦਿ ਸਾਰੇ ਵਿਸ਼ੇਖਣ ਉਸ ਵਿਖੇ ਵਿਦਮਾਨ ਹਨ)।

ਪਉੜੀ ੪

ਘੁਘੂ ਸੁਝੁ ਨ ਸੁਝਈ ਵਸਦੀ ਛਡਿ ਰਹੈ ਓਜਾੜੀ ।

ਉੱਲੂ ਨੂੰ ('ਸੂਝ') ਚਾਨਣਾ (ਯਾ ਸੂਰਜ) ਨਹੀਂ ਸੁੱਝਦਾ, ਵਸਤੀਆਂ (ਪਿੰਡਾਂ) ਨੂੰ ਛਡਕੇ ਉਜਾੜੀਂ ਰਹਿੰਦਾ ਹੈ।

ਇਲਿ ਪੜ੍ਹਾਈ ਨ ਪੜ੍ਹੈ ਚੂਹੇ ਖਾਇ ਉਡੇ ਦੇਹਾੜੀ ।

ਇੱਲ ਕਿਸੇ ਦੀ ਪੜ੍ਹਾਈ ਹੋਈ ਨਹੀਂ ਸਿੱਖਦੀ, ਚੂਹੇ ਖਾ ਕੇ ਦਿਨ ਭਰ ਉਡਦੀ ਰਹਿੰਦੀ ਹੈ।

ਵਾਸੁ ਨ ਆਵੈ ਵਾਂਸ ਨੋ ਹਉਮੈ ਅੰਗਿ ਨ ਚੰਨਣ ਵਾੜੀ ।

ਵਾਂਸ ਵਿਖੇ ਵਾਸ਼ਨਾ ਹਉਮੈਂ ਦੀ ਅੱਗ ਕਰ ਕੇ ਨਹੀਂ ਆਉਂਦੀ, ਚੰਨਣ ਦੀ ਬਗੀਚੀ ਵਿਚ ਤਾਂ (ਇਹ ਮੇਰ ਤੇਰ) ਕੋਈ ਨਹੀਂ।

ਸੰਖੁ ਸਮੁੰਦਹੁ ਸਖਣਾ ਗੁਰਮਤਿ ਹੀਣਾ ਦੇਹ ਵਿਗਾੜੀ ।

ਸੰਖ ਸਮੁੰਦਰ ਵਿਚੋਂ ਭੀ ਖਾਲੀ ਹੀ ਆਉਂਦਾ ਹੈ, ਗੁਰਮਤ ਥੋਂ ਹੀਣ ਹੋਣ ਕਰ ਕੇ ਦੇਹ ਵਿਗਾੜ ਲੀਤੀ ਹੈ।

ਸਿੰਮਲੁ ਬਿਰਖੁ ਨ ਸਫਲੁ ਹੋਇ ਆਪੁ ਗਣਾਏ ਵਡਾ ਅਨਾੜੀ ।

ਸਿੰਮਲ ਦਾ ਬ੍ਰਿੱਛ ਫਲਾਂ ਵਾਲਾ ਨਹੀਂ ਹੁੰਦਾ, ਆਪਣਾ ਆਪ ਮੂਰਖ ਹੰਕਾਰ ਵਿਚ ਹੀ ਗਵਾ ਦਿੰਦਾ ਹੈ।

ਮੂਰਖੁ ਫਕੜਿ ਪਵੈ ਰਿਹਾੜੀ ।੪।

(ਗੱਲ ਕੀ) ਮੂਰਖ ਲੋਕ (ਰੋਂਦੜ ਅਥਵਾ) ਦਿਲ ਦੇ ਫਟੇ ਹੋਏ ਹਨ, ਝਗੜਿਆਂ ਅਥਵਾ ਜ਼ਿਦਾਂ ਵਿਚ (ਹੀ ਉੱਲੂਆਂ, ਇੱਲਾਂ ਵਾਂਙੂ ਬਿਰਥਾ ਭਟਕ ਭਟਕ ਕੇ ਵਾਂਸਾਂ, ਤੇ ਸਿੰਮਲ ਵਾਙੂ ਨਿਕੰਮੇ ਰਹਿਕੇ ਅਵਸਥਾ ਬਿਤੀਤ ਕਰ ਦਿੰਦੇ) ਹਨ।

ਪਉੜੀ ੫

ਅੰਨ੍ਹੇ ਅਗੈ ਆਰਸੀ ਨਾਈ ਧਰਿ ਨ ਵਧਾਈ ਪਾਵੈ ।

ਨਾਈ (ਆਪਦੀ) ਆਰਸੀ ਅੰਨ੍ਹੇ ਦੇ ਅੱਗੇ ਰੱਖਕੇ ਵਧਾਈ ਨਹੀਂ ਪਾਉਂਦਾ (ਪੈਸਾ ਨਹੀਂ ਮਿਲਦਾ)।

ਬੋਲੈ ਅਗੈ ਗਾਵੀਐ ਸੂਮੁ ਨ ਡੂਮੁ ਕਵਾਇ ਪੈਨ੍ਹਾਵੈ ।

ਡੂੰਮ ਬੋਲੇ ਤੇ ਸੂੰਮ ਦੇ ਅੱਗੇ ਭਾਵੇਂ ਕਿੰਨਾ ਗਾਇਨ ਕਰੇ ਉਹ ਪੁਸ਼ਾਕ ਨਹੀਂ ਪਹਿਰਾਉਂਦੇ (ਕਿਉਂ ਜੋ ਇਕ ਸੁਣਦਾ ਨਹੀਂ, ਦੂਜਾ ਦਿਲ ਦਾ ਕੰਦਰਜ ਹੈ)।

ਪੁਛੈ ਮਸਲਤਿ ਗੁੰਗਿਅਹੁ ਵਿਗੜੈ ਕੰਮੁ ਜਵਾਬੁ ਨ ਆਵੈ ।

ਵਿਗੜੇ ਹੋਏ ਕੰਮ (ਲਈ ਕੋਈ 'ਮਸਲਤ' ਸਲਾਹ ਗੁੰਗੇ ਥੋਂ ਪੁਛੋ ਅਗੋਂ ਜਵਾਬ ਕੁਝ ਨਹੀਂ ਅਹੁੜ ਸਕਦਾ।

ਫੁਲਵਾੜੀ ਵੜਿ ਗੁਣਗੁਣਾ ਮਾਲੀ ਨੋ ਨ ਇਨਾਮੁ ਦਿਵਾਵੈ ।

ਫੁਲਾਂ ਦੀ ਬਗੀਚੀ ਵਿਚ ਵੜਕੇ ਗੁਣਗੁਣਾ ਮਾਲੀ ਨੂੰ ਇਨਾਮ ਨਹੀਂ ਦਿਵਾ ਸਕਦਾ (ਕਿਉਂ ਜੋ ਘ੍ਰਾਣੇਂ ਦ੍ਰਿਯ ਨਾ ਹੋਣ ਕਰ ਆਪ ਹੀ ਅਨੰਦ ਨਹੀਂ ਲੈ ਸਕਦਾ)।

ਲੂਲੇ ਨਾਲਿ ਵਿਆਹੀਐ ਕਿਵ ਗਲਿ ਮਿਲਿ ਕਾਮਣਿ ਗਲਿ ਲਾਵੈ ।

ਲੂਲ੍ਹੇ ਨਾਲ ਕੋਈ ਕਾਮਣੀ ਵਿਆਹੀ ਜਾਵੇ ਤਾਂ ਉਹ ਕਿੱਕੁਰ ਉਸ ਦੇ ਗਲ ਨਾਲ ਮਿਲਕੇ (ਉਸ ਨੂੰ) ਆਪਣੇ ਗਲ ਨਾਲ ਲਾ ਸਕਦਾ ਹੈ।

ਸਭਨਾ ਚਾਲ ਸੁਹਾਵਣੀ ਲੰਗੜਾ ਕਰੇ ਲਖਾਉ ਲੰਗਾਵੈ ।

ਸਭਨਾਂ ਦੀਆਂ ਚਾਲਾਂ ਸੁੰਦਰ ਹਨ, ਲੰਗੜਾ ਆਪਣੀ ਚਾਲ ਦਾ ('ਲਖਾਉ') ਦਿਖਾਵਾ ਕਰਦਾ ਹੈ, (ਪਰ ਫੇਰ) ਲੰਗਾਉਂਦਾ ਹੈ।

ਲੁਕੈ ਨ ਮੂਰਖੁ ਆਪੁ ਲਖਾਵੈ ।੫।

ਮੂਰਖ ਲੁਕਦਾ ਨਹੀਂ ਆਪਣਾ ਆਪ ਹੀ ਲਖਾ ਦਿੰਦਾ ਹੈ।

ਪਉੜੀ ੬

ਪਥਰੁ ਮੂਲਿ ਨ ਭਿਜਈ ਸਉ ਵਰ੍ਹਿਆ ਜਲਿ ਅੰਦਰਿ ਵਸੈ ।

ਪੱਥਰ ਕਦੇ ਨਹੀਂ ਭਿੱਜਦਾ, ਭਾਵੇਂ ਸੈਂਕੜੇ ਵਰਹੇ ਪਾਣੀ ਦੇ ਅੰਦਰ ਵੱਸਦਾ ਰਹੇ।

ਪਥਰ ਖੇਤੁ ਨ ਜੰਮਈ ਚਾਰਿ ਮਹੀਨੇ ਇੰਦਰੁ ਵਰਸੈ ।

ਪੱਥਰ ਉਤੇ ਪੈਲੀ ਨਹੀਂ ਜੰਮਦੀ, (ਭਾਵੇਂ ਬਰਾਬਰ ਬਰਸਾਤ ਦੇ) ਚਾਰ ਮਹੀਨੇ ਇੰਦਰ ਵਰਖਾ ਕਰਦਾ ਰਹੇ।

ਪਥਰਿ ਚੰਨਣੁ ਰਗੜੀਏ ਚੰਨਣ ਵਾਂਗਿ ਨ ਪਥਰੁ ਘਸੈ ।

ਪੱਥਰ ਚੰਨਣ ਨੂੰ ਘਸਾ ਦਿੰਦਾ ਹੈ, (ਪਰੰਤੂ ਆਪ) ਚੰਨਣ ਵਾਂਙੂੰ ਘਸ ਨਹੀਂ ਸਕਦਾ।

ਸਿਲ ਵਟੇ ਨਿਤ ਪੀਸਦੇ ਰਸ ਕਸ ਜਾਣੇ ਵਾਸੁ ਨ ਰਸੈ ।

ਸਿਲਾਂ ਦੇ ਵੱਟੇ ਰਸਕਸਾਂ ਨੂੰ ਨਿਤ ਪੀਸਦੇ ਹਨ, (ਪਰੰਤੂ ਉਨ੍ਹਾਂ ਦੀ) ਵਾਸ਼ਨਾ ਅਤੇ ਸੁਆਦ ਨੂੰ ਨਹੀਂ ਜਾਣਦੇ।

ਚਕੀ ਫਿਰੈ ਸਹੰਸ ਵਾਰ ਖਾਇ ਨ ਪੀਐ ਭੁਖ ਨ ਤਸੈ ।

ਚੱਕੀ ਹਜ਼ਾਰ ਵਾਰ ਫੇਰ ਫਿਰਦੀ ਹੈ ਨਾ ਖਾਂਦੀ ਨਾ ਪੀਂਦੀ ਹੈ, ਨਾ ਭੁੱਖੀ ਨਾ ਤਿਹਾਈ ਹੁੰਦੀ ਹੈ।

ਪਥਰ ਘੜੈ ਵਰਤਣਾ ਹੇਠਿ ਉਤੇ ਹੋਇ ਘੜਾ ਵਿਣਸੈ ।

ਪੱਥਰ ਅਤੇ ਘੜੇ ਦੀ ਵਰਤਣ (ਅਜਿਹੀ ਹੈ ਕਿ ਭਾਵੇਂ) ਹੇਠੋਂ ਤੇ ਭਾਵੇਂ ਉਤੋਂ ਲੱਗੇ, ਘੜੇ ਦਾ ਹੀ ਨਾਸ਼ ਕਰਦਾ ਹੈ (ਆਪ ਫੇਰ ਪੱਥਰ ਦਾ ਪੱਥਰ ਹੈ। ਅੱਗੇ ਦ੍ਰਿਸ਼ਟਾਂਤ ਦੱਸਦੇ ਹਨ)।

ਮੂਰਖ ਸੁਰਤਿ ਨ ਜਸ ਅਪਜਸੈ ।੬।

ਮੂਰਖ ਨੂੰ ਆਪਣੇ ਜਸ ਅਪਜਸ ਦੀ ਸੁਰਤ ਨਹੀਂ ਹੈ।

ਪਉੜੀ ੭

ਪਾਰਸ ਪਥਰ ਸੰਗੁ ਹੈ ਪਾਰਸ ਪਰਸਿ ਨ ਕੰਚਨੁ ਹੋਵੈ ।

ਪਾਰਸ ਦਾ ਪੱਥਰ ਨਾਲ, ਮਿਲਾਪ ਹੈ, (ਪਰੰਤੂ) ਪਾਰਸ ਨਾਲ ਛੋਹਕੇ (ਪੱਥਰ) ਸੋਨਾ ਨਹੀਂ ਹੁੰਦਾ।

ਹੀਰੇ ਮਾਣਕ ਪਥਰਹੁ ਪਥਰ ਕੋਇ ਨ ਹਾਰਿ ਪਰੋਵੈ ।

ਹੀਰੇ ਤੇ ਮਾਣਕ ਪੱਥਰਾਂ ਵਿਚੋਂ ਹੀ ਨਿਕਲਦੇ ਹਨ, (ਪਰੰਤੂ) ਪੱਥਰਾਂ ਦੇ (ਹੀਰਿਆਂ ਵਾਂਙੂੰ) ਕੋਈ ਹਾਰ ਪਰੋਕੇ (ਗੱਲ ਨਹੀਂ ਪਾਉਂਦਾ)।

ਵਟਿ ਜਵਾਹਰੁ ਤੋਲੀਐ ਮੁਲਿ ਨ ਤੁਲਿ ਵਿਕਾਇ ਸਮੋਵੈ ।

(ਪਥਰਾਂ ਦੇ) ਵੱਟੇ ਨਾਲ ਜਵਾਹਰ (ਇਕੋ ਤੱਕੜੀ) ਤੋਲੀਦਾ ਹੈ, ਪਰੰਤੂ ਮੁੱਲ ਵਿਚ ਤੁੱਲਤਾ ਦੀ ਸਮਾਈ ਨਹੀਂ ਹੁੰਦੀ, (ਕਿਉਂ ਜੋ ਚੀਜ਼ ਕੱਦ ਵਿਚ ਛੋਟੀ ਕੀਮਤ ਵਿਚ ਵੱਡੀ ਹੁੰਦੀ ਹੈ ਦੇਖੋ ਹੀਰੇ ਅਤੇ ਪੱਥਰ ਵਿਚ ਕਿੰਨਾ ਭੇਦ ਹੈ)।

ਪਥਰ ਅੰਦਰਿ ਅਸਟ ਧਾਤੁ ਪਾਰਸੁ ਪਰਸਿ ਸੁਵੰਨੁ ਅਲੋਵੈ ।

ਪੱਥਰਾਂ ਵਿਖੇ ਹੀ ਅੱਠੇ ਧਾਤਾਂ (ਲੋਹਾ ਆਦਿਕ) ਹਨ, ਪਰ ਪਾਰਸ ਦੇ ਮਿਲਾਪ ਨਾਲ ਸੁਵਰਨ ਦੇਖੀਦੀਆਂ ਹਨ (ਭਾਵ ਉਨ੍ਹਾਂ ਪੁਰ ਅਸਰ ਹੋ ਜਾਂਦਾ ਹੈ)।

ਪਥਰੁ ਫਟਕ ਝਲਕਣਾ ਬਹੁ ਰੰਗੀ ਹੋਇ ਰੰਗੁ ਨ ਗੋਵੈ ।

ਬਲੌਰੀ ਪੱਥਰ ਚਮਕੀਲਾ ਹੈ, ਕੋਈ ਰੰਗ ਉਸ ਪਾਸ ਰੱਖੀਏ ਤਦਰੂਪ ਹੋਕੇ ਭੀ ਆਪਣਾ ਰੰਗ ਨਹੀਂ ਛਪਾਉਂਦਾ, (ਭਾਵ ਉਪਾਧੀ ਭੇਦ ਕਰ ਕਈ ਰੰਗ ਧਾਰਕੇ ਫੇਰ ਕਰੜੇ ਦਾ ਕਰੜਾ ਹੀ ਰਹਿੰਦਾ ਹੈ)।

ਪਥਰ ਵਾਸੁ ਨ ਸਾਉ ਹੈ ਮਨ ਕਠੋਰੁ ਹੋਇ ਆਪੁ ਵਿਗੋਵੈ ।

ਪੱਥਰ ਵਿਖੇ ਵਾਸ਼ਨਾ ਅਰ ਸਵਾਦ ਕੁਝ ਨਹੀਂ ਹੈ, ਮਨ ਦਾ ਕਠੋਰ ਹੋਕੇ ਆਪਣਾ ਆਪ ਖਰਾਬ ਕਰਦਾ ਹੈ।

ਕਰਿ ਮੂਰਖਾਈ ਮੂਰਖੁ ਰੋਵੈ ।੭।

(ਪਰ ਅੰਤ ਨੂੰ) ਮੂਰਖ ਮੂਰਖਾਈਆਂ (ਕਰਨ ਕਰਕੇ) ਰੋਂਦਾ ਹੈ।

ਪਉੜੀ ੮

ਜਿਉਂ ਮਣਿ ਕਾਲੇ ਸਪ ਸਿਰਿ ਸਾਰ ਨ ਜਾਣੈ ਵਿਸੂ ਭਰਿਆ ।

ਕਾਲੇ ਸੱਪ ਦੇ ਸਿਰ ਵਿਖੇ ਮਣੀ ਹੁੰਦੀ ਹੈ, ਜਿੱਕੁਰ (ਉਹ ਉਸਦੀ) ਸਾਰ ਨਾ ਜਾਣਕੇ ਵਿਹੁ ਦਾ ਭਰਿਆ ਰਹਿੰਦਾ ਹੈ (ਤਿਵੇਂ ਮੂਰਖ 'ਆਪਣੇ ਅੰਤਹਕਰਣ ਵਿਖੇ ਈਸ਼੍ਵਰ ਪੂਰਣ ਹੈ' ਦੀ ਸਾਰ ਨਾ ਜਾਣਕੇ ਹੰਕਾਰ ਦੀ ਵਿਖ ਵਿਖੇ ਭਰਿਆ ਹੀ ਰਹਿੰਦਾ ਹੈ)।

ਜਾਣੁ ਕਥੂਰੀ ਮਿਰਗ ਤਨਿ ਝਾੜਾਂ ਸਿੰਙਦਾ ਫਿਰੈ ਅਫਰਿਆ ।

ਮਿਰਗ ਦੇ ਸਰੀਰ ਵਿਖੇ ਕਥੂਰੀ ਹੈ ਉਹ ਝਾੜੀਆਂ ਨੂੰ ਸੁੰਘਦਾ (ਅਥਵਾ ਝਾੜੀਆਂ ਵਿਚ ਸਿੰਗ ਫਸਾਉਂਦਾ) ਅਮੋੜ ਫਿਰਦਾ ਹੈ।

ਜਿਉਂ ਕਰਿ ਮੋਤੀ ਸਿਪ ਵਿਚਿ ਮਰਮੁ ਨ ਜਾਣੈ ਅੰਦਰਿ ਧਰਿਆ ।

ਜਿਵੇਂ ਸਿੱਪ ਵਿਖੇ ਮੋਤੀ ਹੁੰਦਾ ਹੈ ਉਹ ਉਸ ਦਾ ਭੇਤ ਨਹੀਂ ਜਾਣਦਾ ਕਿ ਅੰਦਰ ਹੀ ਧਰਿਆ ਹੈ।

ਜਿਉਂ ਗਾਈਂ ਥਣਿ ਚਿਚੁੜੀ ਦੁਧੁ ਨ ਪੀਐ ਲੋਹੂ ਜਰਿਆ ।

ਚਿੱਚੜ ਗਊ ਦੇ ਥਣਾਂ ਪੁਰ ਚੰਮੜਿਆਂ ਹੋਇਆ ਦੁੱਧ ਵਲ ਧਿਆਨ ਨਹੀਂ ਕਰਦਾ, ਲਹੂ ਵਿਚ ਹੀ ਜੜਿਆ (ਲੱਗਾ) ਰਹਿੰਦਾ ਹੈ।

ਬਗਲਾ ਤਰਣਿ ਨ ਸਿਖਿਓ ਤੀਰਥਿ ਨ੍ਹਾਇ ਨ ਪਥਰੁ ਤਰਿਆ ।

ਬਗਲੇ ਨੇ ਤਰਨਾ ਨਾ ਸਿਖਿਆ, (ਸਾਰੀ ਉਮਰ) ਤੀਰਥ ਨ੍ਹਾਉਂਦਾ ਰਿਹਾ, ਤੇ ਪੱਥਰ ਬੀ (ਤੀਰਥ ਵਿਖੇ ਵਸਦਾ ਰਿਹਾ, ਪਰ ਆਪ) ਨਾ ਤਰਿਆ।

ਨਾਲਿ ਸਿਆਣੇ ਭਲੀ ਭਿਖ ਮੂਰਖ ਰਾਜਹੁ ਕਾਜੁ ਨ ਸਰਿਆ ।

ਸਿਆਣੇ ਨਾਲ ਭਿਖਿਆ ਮੰਗਕੇ ਖਾਣੀ ਚੰਗੀ ਹੈ, ਮੂਰਖ ਨਾਲ ਰਾਜ ਮਿਲੇ ਤਾਂ ਕਿਸੇ ਕੰਮ ਨਹੀਂ ਹੈ (ਕਿਉਂ ਜੋ ਮੂਰਖ ਦਾ ਸੰਗ ਅੰਤ ਨੂੰ ਦੁਖਦਾਈ ਹੁੰਦਾ ਹੈ)।

ਮੇਖੀ ਹੋਇ ਵਿਗਾੜੈ ਖਰਿਆ ।੮।

ਖੋਟਾ ਰੁਪੱਯਾ ਵਿਗਾੜ ਵਿਚ ਹੀ ਖਰਾ ਹੁੰਦਾ ਹੈ, (ਭਾਵ ਅੱਗ ਵਿਖੇ ਤਾਉਣ ਨਾਲ ਹੀ ਸਾਫ ਹੋ ਸਕਦਾ ਹੈ। ਨਰਕ ਦੀ ਅੱਗ ਵਿਖੇ ਸਿਟਿਆ ਜਾਂਦਾ ਹੈ। ਅਥਵਾ ਮੇਖੀ ਕਹੀਏ ਦਾਗੀ ਆਦਮੀ ਪਾਤਸ਼ਾਹ ਦੀ ਵਿਗਾਰ ਵਿਖੇ ਖੜੀਦਾ ਹੈ, ਭਾਵ ਚੱਕੀ ਝੋਂਦਾ ਹੀ ਮਰ ਜਾਂਦਾ ਹੈ। ਯਥਾ-”ਕਬੀਰ ਸਾਕਤ ਸੰਗ ਨ ਕੀਜੀਐ ਦੂਰਹੁ ਜਾਈਐ ਭਾਗ॥ ਬਾਸਨ ਕਾਰੋ ਪਰ

ਪਉੜੀ ੯

ਕਟਣੁ ਚਟਣੁ ਕੁਤਿਆਂ ਕੁਤੈ ਹਲਕ ਤੈ ਮਨੁ ਸੂਗਾਵੈ ।

ਕੁਤਿਆਂ ਦਾ ਕੰਮ ਕੱਟਣਾ ਤੇ ਚੱਟਣਾ ਹੈ, (ਕਿਉਂ ਜੋ ਮਾਰੀਏ ਤਾਂ ਕੱਟਦਾ ਹੈ, ਪ੍ਰੀਤ ਕੀਤਿਆਂ ਚੱਟਦਾ ਹੈ ਅਰ) ਕੁਤੇ ਦੇ ਹਲਕਪੁਣੇ ਤੇ ਮਨ ਡਰਦਾ ਹੈ। (ਚੱਟਣਾ ਕੁਤੇ ਦਾ ਸੁਭਾਉ ਹੈ, ਜੇਕਰ ਹਲਕ ਜਾਏ ਤਾਂ ਉਸ ਦਾ ਚੱਟਣਾ ਹੀ ਮਾਰ ਦੇਂਦਾ ਹੈ, ਏਸ ਕਰ ਕੇ ਓਸ ਤੋਂ ਸੰਕੋਚ ਕਰਨਾ ਹੀ ਚੰਗਾ ਹੈ)। (ਅੱਗੇ ਹੋਰ ਦ੍ਰਿਸ਼ਟਾਂਤ ਦਿੰਦੇ

ਠੰਢਾ ਤਤਾ ਕੋਇਲਾ ਕਾਲਾ ਕਰਿ ਕੈ ਹਥੁ ਜਲਾਵੈ ।

ਜਿੱਕੁਰ ਠੰਢਾ ਕੋਲਾ ਹੱਥ ਕਾਲੇ ਕਰਦਾ ਹੈ, ਤੱਤਾ ਹੱਥ ਸਾੜਦਾ ਹੈ।

ਜਿਉ ਚਕਚੂੰਧਰ ਸਪ ਦੀ ਅੰਨ੍ਹਾ ਕੋੜ੍ਹੀ ਕਰਿ ਦਿਖਲਾਵੈ ।

ਜਿੱਕੁਰ ਸੱਪ ਨੂੰ ਕੋੜ ਕਿਰਲੀ (ਖਾਧਿਆਂ) ਕੋੜ੍ਹੀ ਤੇ (ਛੱਡਿਆਂ ਸੱਪ ਨੂੰ) ਅੰਨ੍ਹਾ ਕਰ ਕੇ ਦੱਸਦੀ ਹੈ।

ਜਾਣੁ ਰਸਉਲੀ ਦੇਹ ਵਿਚਿ ਵਢੀ ਪੀੜ ਰਖੀ ਸਰਮਾਵੈ ।

ਰਸੌਲੀ' (ਅਰਥਾਤ ਉਭਰੇ ਹੋਏ ਮਾਸ ਦੀ ਗੰਢ) ਨੂੰ ਜੇ ਵੱਢੀਏ ਤਾਂ ਪੀੜ ਕਰਦੀ ਹੈ, ਜੇ ਰੱਖੀ ਜਾਵੇ ਤਾਂ ਸ਼ਰਮ ਲੱਗਦੀ ਹੈ, (ਕਿਉਂ ਜੋ ਉਸ ਨਾਲ ਭੈੜਾ ਰੂਪ ਭਾਸਦਾ ਹੈ)।

ਵੰਸਿ ਕਪੂਤੁ ਕੁਲਛਣਾ ਛਡੈ ਬਣੈ ਨ ਵਿਚਿ ਸਮਾਵੈ ।

ਕੁਲ ਵਿਖੇ ਖੋਟਾ ਪੁਤ੍ਰ ਛੱਡਿਆ ਬੀ ਨਹੀਂ ਬਣਦਾ, ਨਾਂ ਵਿਚ ਹੀ ਸਮਾ ਸਕਦਾ ਹੈ, (ਕਿਉਂ ਜੋ ਕੋਈ ਨਾ ਕੋਈ ਪੁਆੜਾ ਹੀ ਖੜਾ ਰੱਖੂ)।

ਮੂਰਖ ਹੇਤੁ ਨ ਲਾਈਐ ਪਰਹਰਿ ਵੈਰੁ ਅਲਿਪਤੁ ਵਲਾਵੈ ।

ਮੂਰਖ ਨਾਲ ਹਿਤ ਨਾ ਕਰੀਏ ਤੇ ਵੇਰ ਭੀ ਛੱਡੀਏ, (ਹਾਂ) ਅਲਿਪਤ ਹੋਕੇ (ਉਦਾਸ ਭਾਉ ਹੀ) ਚੰਗਾ ਹੈ। (ਅਪੇਛਾ ਧਾਰਨ ਕਰੋ)।

ਦੁਹੀਂ ਪਵਾੜੀਂ ਦੁਖਿ ਵਿਹਾਵੈ ।੯।

(ਨਹੀਂ ਤਾਂ) ਦੁਹਾਂ ਪਵਾੜਿਆਂ ਵਿਚ ਦੁਖ ਹੀ ਹੋਊ।

ਪਉੜੀ ੧੦

ਜਿਉ ਹਾਥੀ ਦਾ ਨ੍ਹਾਵਣਾ ਬਾਹਰਿ ਨਿਕਲਿ ਖੇਹ ਉਡਾਵੈ ।

ਹਾਥੀ ਦੇ ਨ੍ਹਾਉਣ ਵਾਂਙੂੰ (ਮੂਰਖ ਦਾ ਕੰਮ ਹੈ ਜਿੱਕੁਰ ਉਹ ਤਾਲੋਂ) ਬਾਹਰ ਨਿਕਲਦਾ ਹੀ (ਸਿਰ ਪੁਰ) ਸੁਆਹ ਉਡਾਂਵਦਾ ਹੈ; (ਤੇਹਾ ਮੂਰਖ ਚੰਗਾ ਕੰਮ ਕਰੇ ਭੀ ਤਾਂ ਖੇਹ ਉਡਾਉਂਦਾ ਹੈ।

ਜਿਉ ਊਠੈ ਦਾ ਖਾਵਣਾ ਪਰਹਰਿ ਕਣਕ ਜਵਾਹਾਂ ਖਾਵੈ ।

ਜਿੱਕੁਰ ਊਠ ਦਾ ਖਾਣਾ ਹੈ, (ਪੈਲੀ ਵਿਚੋਂ) ਕਣਕ ਛੱਡ ਦੇਵੇਗਾ (ਤੇ) 'ਜਵਾਹਾਂ' (ਕੰਡਿਆਂ ਵਾਲੇ ਬੂਟੇ ਨੂੰ) ਖਾਂਦਾ ਹੈ, (ਤਿਹਾ ਹੀ ਮੂਰਖ ਗੁਣਾਂ ਨੂੰ ਛੱਡਕੇ ਅਵਗੁਣ ਹੀ ਗ੍ਰਹਿਣ ਕਰਦਾ ਹੈ)।

ਕਮਲੇ ਦਾ ਕਛੋਟੜਾ ਕਦੇ ਲਕ ਕਦੇ ਸੀਸਿ ਵਲਾਵੈ ।

ਕਮਲਾ (ਸੌਦਾਈ) ਲੰਗੋਟੇ ਨੂੰ ਕਦੇ ਲੱਕ ਕਦੇ ਸਿਰ ਪੁਰ ਵਲਾਵੇ (ਲਪੇਟਦਾ ਹੈ, ਮੂਰਖ ਦੀ ਕ੍ਰਿਆ ਅਟਪਦੀ ਹੁੰਦੀ ਹੈ)

ਜਿਉਂ ਕਰਿ ਟੁੰਡੇ ਹਥੜਾ ਸੋ ਚੁਤੀਂ ਸੋ ਵਾਤਿ ਵਤਾਵੈ ।

ਟੁੰਡੇ ਦਾ ਹੱਥ ਊਹੋ ਚੁਤੜਾਂ ਵਿਚ ਊਹੋ ਮੂੰਹ ਵਿਚ ਮਿਲਾਇਆ ਜਾਂਦਾ ਹੈ, (ਭ੍ਰਸ਼ਟ ਕ੍ਰਿਆ ਮੂਰਖ ਦੀ ਹੁੰਦੀ ਹੈ)।

ਸੰਨ੍ਹੀ ਜਾਣੁ ਲੁਹਾਰ ਦੀ ਖਿਣੁ ਜਲਿ ਵਿਚਿ ਖਿਨ ਅਗਨਿ ਸਮਾਵੈ ।

ਲੁਹਾਰ ਦੀ ਸੰਨ੍ਹੀ ਪਲ ਪਾਣੀ ਵਿਚ ਪਲ ਅੱਗ ਵਿਚ ਰਖੀ ਜਾਂਦੀ ਹੈ, (ਮੂਰਖ ਬੇਅਸੂਲਾ ਆਦਮੀ ਹੁੰਦਾ ਹੈ)।

ਮਖੀ ਬਾਣੁ ਕੁਬਾਣੁ ਹੈ ਲੈ ਦੁਰਗੰਧ ਸੁਗੰਧ ਨ ਭਾਵੈ ।

ਮੱਖੀ ਦੀ ਖੋਟੀ ਵਾਦੀ ਹੈ ਜੋ ਸੁਗੰਧੀ ਨੂੰ ਛੱਡਕੇ ਦੁਰਗੰਧੀ ਪੁਰ ਹੀ (ਬੈਠਣਾ) ਪਸੰਦ ਕਰਦੀ ਹੈ। (ਸੱਤਵੀਂ ਤੁਕ ਵਿਖੇ ਦ੍ਰਿਸ਼ਟਾਂਤ ਮੂਰਖ ਪਰ ਘਟਾਉਂਦੇ ਹਨ)।

ਮੂਰਖ ਦਾ ਕਿਹੁ ਹਥਿ ਨ ਆਵੈ ।੧੦।

ਮੂਰਖ ਦਾ ਕੁਝ ਹੱਥ ਨਹੀਂ ਆਉਂਦਾ (ਅਰਥਾਤ ਮੂਰਖ ਦਾ ਥਹੁਥਿੱਤਾ ਕੁਝ ਨਹੀਂ ਹੈ, ਉਸ ਦੀ ਬ੍ਰਿਤਿ ਇਕ ਰਸ ਨਹੀਂ ਰਹਿੰਦੀ)।

ਪਉੜੀ ੧੧

ਤੋਤਾ ਨਲੀ ਨ ਛਡਈ ਆਪਣ ਹਥੀਂ ਫਾਥਾ ਚੀਕੈ ।

ਤੋਤਾ ਨਲੀ ਨਹੀਂ ਛੱਡਦਾ, ਆਪਣੇ ਹੱਥੀਂ ਆਪ ਹੀ ਫਸਕੇ ਪਿੱਛੋਂ ਚੀਂ ਚੀਂ ਕਰਦਾ ਹੈ।

ਬਾਂਦਰੁ ਮੁਠਿ ਨ ਛਡਈ ਘਰਿ ਘਰਿ ਨਚੈ ਝੀਕਣੁ ਝੀਕੈ ।

ਬਾਂਦਰ (ਘੜੇ ਵਿਚ ਛੋਲਿਆਂ ਦੀ ਮੁੱਠ ਕਰ ਕੇ ਫੇਰ) ਮੁੱਠ ਨੂੰ ਖੋਲ੍ਹਦਾ ਨਹੀਂ, (ਇਸੇ ਕਰ ਕੇ ਫੜਿਆ ਜਾਂਦਾ ਤੇ) ਘਰ ਘਰ ਨੱਚਦਾ ਫਿਰਦਾ ਤੇ ('ਝੀਕਣ') ਝਿੜਕਿਆਂ ਹੋਇਆਂ (ਸੋਟੀ ਨਾਲ ਝੀਕਦਾ ਕਹੀਏ) ਨਕਲਾਂ ਕਰਦਾ ਹੈ(ਅਥਵਾ ਝਹੀਆਂ ਲੈਂਦਾ ਹੈ)।

ਗਦਹੁ ਅੜੀ ਨ ਛਡਈ ਚੀਘੀ ਪਉਦੀ ਹੀਕਣਿ ਹੀਕੈ ।

ਖੋਤਾ ਅੜੀ (ਜ਼ਿਦ) ਨਹੀਂ ਛੱਡਦਾ, ('ਚੀਂਘੀ') ਛੱਟ ਦੇ ਪਾਇਆਂ ਟੀਟਣੇ ਮਾਰਦਾ ਹੈ।

ਕੁਤੇ ਚਕੀ ਚਟਣੀ ਪੂਛ ਨ ਸਿਧੀ ਧ੍ਰੀਕਣਿ ਧ੍ਰੀਕੈ ।

ਕੁੱਤਾ ਚੱਕੀ ਹੀ ਚੱਟਦਾ ਹੈ (ਆਟੇ ਵੱਲ ਧਿਆਨ ਹੀ ਨਹੀਂ) ਪੂਛ ਸਿੱਧੀ ਨਹੀਂ ਹੁੰਦੀ (ਭਾਵੇਂ) ਕਿੰਨੀਆਂ ਘਸੀਟਾਂ ਨਾਲ ਘਸੀਟੀਏ। ਪੰਜਵੀਂ ਤੇ ਛੀਵੀਂ ਤੁਕ ਵਿਖੇ ਦ੍ਰਾਂਸ਼ਟਾਂਤ ਦੱਸਦੇ ਹਨ)।

ਕਰਨਿ ਕੁਫਕੜ ਮੂਰਖਾਂ ਸਪ ਗਏ ਫੜਿ ਫਾਟਨਿ ਲੀਕੈ ।

ਮੂਰਖ ਲੋਕ ਖੋਟੇ ਕੰਮ ਹੀ ਕਰਦੇ ਹਨ, ਸੱਪ ਦੇ ਗਿਆਂ ਹੋਇਆਂ (ਉਸ ਦੀ) ਲੀਕ ਨੂੰ ਫੜਕੇ ਹੀ ('ਫਾਟਨ') ਮਾਰਨ ਲੱਗਦੇ ਹਨ।

ਪਗ ਲਹਾਇ ਗਣਾਇ ਸਰੀਕੈ ।੧੧।

(ਉਹ ਲੀਕ ਕਿਹੜੀ ਹੈ?) (ਮਰਣੇ ਵਿਚ) ਪੱਗਾਂ ਲਾਹਕੇ ਸ਼ਰੀਕ ਬਣ ਬੈਠਦੇ ਹਨ (ਕਿ ਸਾਡਾ ਚਾਚਾ ਜਾਂ ਤਾਇਆ ਮਰ ਗਿਆ ਹੈ, ਗੱਲ ਕੀ ਸਾਰੀ ਉਮਰ ਘੋਲ ਘਮਸਾਨ ਕਰਦਿਆਂ ਗੁਜ਼ਰੀ, ਪਿੱਛੋਂ ਪੱਗਾਂ ਲਾਹਕੇ ਸ਼ਰੀਕ ਬਣ ਬੈਠਦੇ ਹਨ)।

ਪਉੜੀ ੧੨

ਅੰਨ੍ਹਾ ਆਖੇ ਲੜਿ ਮਰੈ ਖੁਸੀ ਹੋਵੈ ਸੁਣਿ ਨਾਉ ਸੁਜਾਖਾ ।

ਅੰਨ੍ਹਾਂ ਆਖਿਆਂ ਲੜ ਮਰਦਾ ਹੈ (ਭਾਵ ਗਲ ਪੈ ਜਾਂਦਾ ਹੈ) ਜੇਕਰ ਕੋਈ ਸੁਜਾਖਾ ਆਖੇ ਤਾਂ ਖੁਸ਼ੀ ਹੁੰਦਾ ਹੈ।

ਭੋਲਾ ਆਖੇ ਭਲਾ ਮੰਨਿ ਅਹਮਕੁ ਜਾਣਿ ਅਜਾਣਿ ਨ ਭਾਖਾ ।

(ਮੂਰਖ) ਭੋਲਾ ਆਖਿਆਂ ਭਲਾ ਮੰਨਦਾ ਹੈ, ਅਹਿਮਕ ਆਖਿਆ ਜਾਣ ਬੁੱਝਕੇ ਅਜਾਣ ਹੋ ਉੱਤਰ ਹੀ ਨਹੀਂ ਦਿੰਦਾ (ਅਣਸੁਣੀ ਕਰ ਛੱਡਦਾ ਹੈ, ਅਜਾਣ ਜਾਣਕੇ ਭੀ ਅਹਿਮਕ ਨਾਂ ਆਖੋ, ਭੋਲਾ ਕਹੋਗੇ ਤਾਂ ਭਲਾ ਮੰਨੇਗਾ)।

ਧੋਰੀ ਆਖੈ ਹਸਿ ਦੇ ਬਲਦ ਵਖਾਣਿ ਕਰੈ ਮਨਿ ਮਾਖਾ ।

(ਮੂਰਖ) ਧੋਰੀ ਆਖਿਆਂ ਹੱਸ ਦਿੰਦਾ ਹੈ (ਕਿ ਮੈਂ ਵੱਡਾ ਧੀਰਜੀ ਹਾਂ ਜੇ ਕੋਈ) ਬਲਦ ਆਖੇ ਤਾਂ ਮਨ ਵਿਚ ('ਮਾਖਾ') ਲੋਹਾ ਲਾਖਾ ਹੋ ਜਾਂਦਾ ਹੈ।

ਕਾਉਂ ਸਿਆਣਪ ਜਾਣਦਾ ਵਿਸਟਾ ਖਾਇ ਨ ਭਾਖ ਸੁਭਾਖਾ ।

ਕਾਉਂ (ਵੱਡੀ) ਸਿਆਣਪ ਜਾਣਦਾ ਹੈ, (ਪਰੰਤੂ ਕਰਮ ਇਹ ਕਿ) ਵਿਸ਼ਟਾ ਖਾਂਦਾ ਹੈ ('ਸੁਭਾਖਾ') ਚੰਗੀ ਭਾਖਾ ਨਹੀਂ ਬੋਲਦਾ।

ਨਾਉ ਸੁਰੀਤ ਕੁਰੀਤ ਦਾ ਮੁਸਕ ਬਿਲਾਈ ਗਾਂਡੀ ਸਾਖਾ ।

ਕੁਰੀਤੀਆਂ ਦਾ ਨਾਉਂ ਸੁਰੀਤੀਆਂ ਪੈ ਗਿਆ ਹੈ, (ਦ੍ਰਿਸ਼ਟਾਂਤ) ਗਾਂਡੀ ਸਾਖਾ ਨੂੰ ਲੈ ਕੇ ਮੁਸ਼ਕ ਬਿਲਾਈ ਆਖਦੇ ਹਨ।

ਹੇਠਿ ਖੜਾ ਥੂ ਥੂ ਕਰੈ ਗਿਦੜ ਹਥਿ ਨ ਆਵੈ ਦਾਖਾ ।

ਗਿੱਦੜ ਦਾਖ ਦੇ ਬੂਟੇ ਹੇਠ (ਜਦ ਹੱਥ ਨਹੀਂ ਪਹੁੰਚ ਸਕਦਾ) ਖੜੋਕੇ ਥੂ ਥੂ ਕਰਦਾ ਹੈ (ਕਿ ਇਹ ਬੜੀ ਖੱਟੀ ਟੀਟ ਹੈ)

ਬੋਲ ਵਿਗਾੜੁ ਮੂਰਖੁ ਭੇਡਾਖਾ ।੧੨।

ਮੂਰਖ ਬੋਲਕੇ ਵਿਗਾੜ ਪਾ ਲੈਂਦਾ ਹੈ, (ਭੇਡਾਖਾ) ਭੇਡ ਦੀਆਂ ਅੱਖਾਂ ਵਾਲਾ ਹੈ, (ਕਿਉਂ ਜੋ ਭੇਡ ਦੇ ਮਗਰ ਭੇਡ ਤੁਰਦੀ ਹੈ, ਆਪਣੀ ਅਕਲ ਨਜ਼ਰ ਨੂੰ ਵਿਦਾ ਕਰ ਛਡਿਆ ਹੈ)।

ਪਉੜੀ ੧੩

ਰੁਖਾਂ ਵਿਚਿ ਕੁਰੁਖੁ ਹੈ ਅਰੰਡੁ ਅਵਾਈ ਆਪੁ ਗਣਾਏ ।

ਬ੍ਰਿੱਛਾਂ ਵਿਚੋਂ ਖੋਟਾ ਬ੍ਰਿਛ ਅਰਿੰਡ ਹੈ, ਵ੍ਯਰਥ ਹੀ (ਉਹ) ਆਪਣਾ ਆਪ ਗਣਾਉਂਦਾ ਹੈ, (ਕਿਉਂ ਜੋ ਉਸਦੀ ਛਾਂਉਂ ਹੇਠ ਪਾਂਧੀ ਆਰਾਮ ਨਹੀਂ ਲੈ ਸਕਦੇ)।

ਪਿਦਾ ਜਿਉ ਪੰਖੇਰੂਆਂ ਬਹਿ ਬਹਿ ਡਾਲੀ ਬਹੁਤੁ ਬਫਾਏ ।

ਪੰਖੇਰੂਆਂ ਵਿਚੋਂ ਪਿੱਦਾ (ਨਾਮੇ ਇਕ ਨਿੱਕੀ ਚਿੜੀ) ਟਾਹਣੀਆਂ ਪੁਰ ਬੈਠਕੇ ਬਹੁਤ (ਆਪਣਾ ਆਪ) ਦੱਸਦੀ ਹੈ।

ਭੇਡ ਭਿਵਿੰਗਾ ਮੁਹੁ ਕਰੈ ਤਰਣਾਪੈ ਦਿਹਿ ਚਾਰਿ ਵਲਾਏ ।

ਭੇਡ ਭੈਂ ਭੈਂ ਦਾ ਸ਼ਬਦ ਮੂੰਹੋਂ ਬੋਲਕੇ (ਅਥਵਾ ਇਕ ਅੱਖ ਵਿੰਗੀ ਕਰ ਕੇ ਤੁਰਦੀ ਹੈ) ਜਵਾਨੀ ਦੇ ਚਾਰ ਦਿਨ ਲੰਘਾਉਂਦੀ (ਓੜਕ ਕੋਹੀ ਜਾਂਦੀ ਹੈ)।

ਮੁਹੁ ਅਖੀ ਨਕੁ ਕਨ ਜਿਉਂ ਇੰਦ੍ਰੀਆਂ ਵਿਚਿ ਗਾਂਡਿ ਸਦਾਏ ।

ਮੂੰਹ, ਅੱਖਾਂ, ਨੱਕ, ਕੰਨ, ਆਦ ਗਿਆਨੇਂਦ੍ਰਿਆਂ ਵਿਚੋਂ ਗੁਦਾ ਭੀ ਆਪ ਨੂੰ ਗਿਆਨੇਂਦ੍ਰਿਯ ਕਹਾਉਂਦੀ ਹੈ, (ਕਿਉਂ ਜੋ ਜਿਸ ਨੂੰ ਮਿਰਚ ਦਾ ਗਿਆਨ ਹੁੰਦਾ ਹੈ, ਪਰੰਤੂ ਇਸਦਾ ਗੁਮਾਨ ਝੂਠਾ ਹੈ। ਸ਼ਾਸਤ੍ਰਕਾਰਾਂ ਨੇ ਇਸਨੂੰ ਇੰਦ੍ਰਿਆਂ ਵਿਚ ਨਹੀਂ ਗਿਣਿਆਂ, ਜਿਸ ਪੁਰ ਹੇਠ ਪੰਜਵੀਂ ਤੁਕ ਵਿਖੇ ਦ੍ਰਿਸ਼ਟਾਤ ਦਿੰਦੇ ਹਨ)।

ਮੀਆ ਘਰਹੁ ਨਿਕਾਲੀਐ ਤਰਕਸੁ ਦਰਵਾਜੇ ਟੰਗਵਾਏ ।

ਮੀਆਂ (ਸਿਪਾਹੀ) ਘਰੋਂ ਕੱਢ ਦੇਈਏ ਅਰ ਤਰਕਸ਼ (ਆਦਿਕ ਹਥੀਆਰ) ਦਰਵਾਜ਼ੇ ਪੁਰ ਲਟਕਾ ਛੱਡੀਏ (ਕਿ ਵੈਰੀ ਦੇਖਕੇ ਡਰ ਜਾਣ, ਸੱਚ ਪੁਛੋ ਤਾਂ ਕਿਲ੍ਹੇ ਵਿਚ ਸਿਪਾਹੀ ਨਾਂ ਹੋਣ ਤਾਂ ਬਾਹਰ ਸ਼ਸਤ੍ਰ ਟੰਗਣ ਨਾਲ ਕੀ ਲਾਭ ਹੈ, ਅਜਿਹਾ ਹੀ)

ਮੂਰਖ ਅੰਦਰਿ ਮਾਣਸਾਂ ਵਿਣੁ ਗੁਣ ਗਰਬੁ ਕਰੈ ਆਖਾਏ ।

ਮਨੁੱਖਾਂ ਵਿਚੋਂ ਮੂਰਖ (ਉਕਤ ਦ੍ਰਿਸ਼ਟਾਂਤ ਲੋਕ ਦਿਖਲਾਵੇ ਲਈ) ਮੂੰਹ ਪੁਰ ਹੀ ਚੰਗੇ ਚੰਗੇ ਬਚਨਾਂ ਦੇ ਸ਼ਾਸਤ੍ਰ ਦੱਸਦਾ ਹੈ, ਅੰਦਰ ਉਸਦਾ ਰਹਿਣੀ ਥੋਂ ਖਾਲੀ ਹੈ।

ਮਜਲਸ ਬੈਠਾ ਆਪੁ ਲਖਾਏ ।੧੩।

(ਗੁਣਾਂ ਦੇ ਬਾਝ ਹੰਕਾਰ ਕਰਕੇ) ਮਜਲਸਾਂ ਵਿਖੇ ਬੈਠਾ (ਵਖ੍ਯਾਨ ਦੇਕੇ) ਆਪਣਾ ਆਪ (ਗਿਆਨੀ ਜਾਂ ਪੰਡਤ ਕਰਕੇ) ਦੱਸਦਾ ਹੈ, (ਵਿਚ ਤਿੰਨ ਕਾਣੇ ਵੀ ਨਹੀਂ ਹੁੰਦੇ।

ਪਉੜੀ ੧੪

ਮੂਰਖ ਤਿਸ ਨੋ ਆਖੀਐ ਬੋਲੁ ਨ ਸਮਝੈ ਬੋਲਿ ਨ ਜਾਣੈ ।

ਮੂਰਖ ਉਸਨੂੰ ਕਹੀਦਾ ਹੈ ਜੋ ਨਾਂ (ਠੀਕ) ਬੋਲ ਨੂੰ ਸਮਝੇ, ਨਾਂ ਹੀ ਬੋਲਣਾ ਜਾਣੇ; (ਅਰਥਾਤ ਉਹ ਨਹੀਂ ਜਾਣਦੇ ਕਿ)

ਹੋਰੋ ਕਿਹੁ ਕਰਿ ਪੁਛੀਐ ਹੋਰੋ ਕਿਹੁ ਕਰਿ ਆਖਿ ਵਖਾਣੈ ।

ਹੋਰਨਾਂ ਨੂੰ ਕਿੱਕੁਰ ਪੁਛੀਦਾ ਹੈ ਅਤੇ ਹੋਰਨੂੰ ਕਿੱਕੁਰ ਆਖਕੇ ਵੱਢ੍ਯਾਨ ਕਰੀਦਾ ਹੈ।

ਸਿਖ ਦੇਇ ਸਮਝਾਈਐ ਅਰਥੁ ਅਨਰਥੁ ਮਨੈ ਵਿਚਿ ਆਣੈ ।

ਸਿੱਖ੍ਯਾ ਦੇਕੇ ਸਮਝਾਈਦਾ ਹੈ (ਪਰ ਓਹ ਸਿਧੀ ਗੱਲ ਦੇ ਵੀ) ਉਲਟੇ ਅਰਥ ਮਨ ਵਿਚ ਲਿਆਉਂਦਾ ਹੈ।

ਵਡਾ ਅਸਮਝੁ ਨ ਸਮਝਈ ਸੁਰਤਿ ਵਿਹੂਣਾ ਹੋਇ ਹੈਰਾਣੈ ।

ਵੱਡਾ ਅਸਮਝ ਸਮਝਦਾ ਨਹੀਂ, ਗਿਆਤ ਥੋਂ ਬਿਨਾਂ ਹੈਰਾਨ ਰਹਿੰਦਾ ਹੈ, (ਭਾਵ ਬਾਂਦਰਾਂ ਵਾਂਙੂੰ ਇਕ ਥਾਉਂ ਨਹੀਂ ਟਿਕਦਾ)।

ਗੁਰਮਤਿ ਚਿਤਿ ਨ ਆਣਈ ਦੁਰਮਤਿ ਮਿਤ੍ਰੁ ਸਤ੍ਰੁ ਪਰਵਾਣੈ ।

ਗੁਰ ਸਿੱਖ੍ਯਾ ਯਾਦ ਨਾਂ ਰੱਖਕੇ ਖੋਟੀ ਬੁੱਧੀ ਕਰ ਕੇ ਵੈਰੀ ਮਿੱਤ੍ਰ ਇਕੋ ਜੇਹੇ ਦੇਖਦਾ ਹੈ,

ਅਗਨੀ ਸਪਹੁਂ ਵਰਜੀਐ ਗੁਣ ਵਿਚਿ ਅਵਗੁਣ ਕਰੈ ਧਿਙਾਣੈ ।

ਅੱਗ ਤੇ ਸੱਪ ਥੋਂ ਕੋਈ ਵਰਜੇ ਤਾਂ ਗੁਣ ਵਿਚ ਔਗੁਣ ਹੀ ਜ਼ੋਰ ਧਿਙਾਣੇ ਕਰਦਾ ਹੈ।

ਮੂਤੈ ਰੋਵੈ ਮਾ ਨ ਸਿਞਾਣੈ ।੧੪।

(ਜਿੱਕੁਰ ਬਾਲਕ ਨੂੰ ਮਾਂ ਬਿਸਤਰੇ ਵਿਚੋਂ ਚੁਕ ਕੇ) ਮੁਤਾਉਂਦੀ ਹੈ (ਕਿ ਗਿੱਲੇ ਬਿਸਤਰੇ ਨਾਲ ਔਖਾ ਨਾਂ ਹੋਵੇ, ਉਹ) ਰੋਂਦਾ ਤੇ ਮਾਂ ਨੂੰ ਸਿਆਣਦਾ ਨਹੀਂ (ਕਿ ਮੇਰਾ ਭਲਾ ਕਰ ਰਹੀ ਹੈ)।

ਪਉੜੀ ੧੫

ਰਾਹੁ ਛਡਿ ਉਝੜਿ ਪਵੈ ਆਗੂ ਨੋ ਭੁਲਾ ਕਰਿ ਜਾਣੈ ।

(ਮੂਰਖ) ਰਾਹ ਛੱਡਕੇ ਉਜਾੜ ਪੈਂਦਾ ਹੈ, ਰਾਹ ਦਸਣ ਵਾਲੇ ਨੂੰ (ਉਲਟਾ) ਭੁੱਲਾ ਹੋਇਆ ਸਮਝਦਾ ਹੈ।

ਬੇੜੇ ਵਿਚਿ ਬਹਾਲੀਐ ਕੁਦਿ ਪਵੈ ਵਿਚਿ ਵਹਣ ਧਿਙਾਣੈ ।

ਜੇ ਬੇੜੀ ਵਿਚ ਬੈਠਾਈਏ ਤਾਂ (ਧਿਙਾਣੇ) ਧਿੰਗੋਜੋਰ ਨਦੀ ਵਿਚ ਛਾਲ ਮਾਰਦਾ ਹੈ।

ਸੁਘੜਾਂ ਵਿਚਿ ਬਹਿਠਿਆਂ ਬੋਲਿ ਵਿਗਾੜਿ ਉਘਾੜਿ ਵਖਾਣੈ ।

ਜੇ ਚਤੁਰਾਂ ਵਿਚ ਬੈਠਾਈਏ ਤਾਂ ਆਪਣੀ ਮੂਰਖਤਾ ਬੋਲ ਵਿਗਾੜ ਕਰ ਕੇ ਪ੍ਰਗਟ ਕਰ ਦਿੰਦਾ ਹੈ।

ਸੁਘੜਾਂ ਮੂਰਖ ਜਾਣਦਾ ਆਪਿ ਸੁਘੜੁ ਹੋਇ ਵਿਰਤੀਹਾਣੈ ।

(ਕਿਉਂ ਜੋ) ਚਤੁਰਾਂ ਨੂੰ ਮੂਰਖ ਜਾਣਦਾ ਹੈ, ਆਪ ਚਤੁਰ ਹੋਕੇ ('ਵਿਰਤੀਹਾਣੈ') ਹਾਣਤਾ ਵਾਲੀਆਂ ਗੱਲਾਂ ਕਰਦਾ ਹੈ।

ਦਿਹ ਨੋ ਰਾਤਿ ਵਖਾਣਦਾ ਚਾਮਚੜਿਕ ਜਿਵੇਂ ਟਾਨਾਣੈ ।

ਦਿਨ ਨੂੰ ਰਾਤ ਆਖਦਾ ਹੈ, ਜਿੱਕੁਰ ਚਾਮ ਚੜਿੱਕੀ ਤੇ ਟਿਣਾਣਾ (ਦੋਵੇਂ ਦਿਨੇ ਅੰਨ੍ਹੇ ਹੋ ਜਾਂਦੇ ਹਨ ਰਾਤ ਨੂੰ ਹੀ ਦਿਨ ਜਾਣਦੇ ਹਨ)।

ਗੁਰਮਤਿ ਮੂਰਖੁ ਚਿਤਿ ਨ ਆਣੈ ।੧੫।

(ਇਸ ਲਈ) ਗੁਰੂ ਦੀ ਮਤ ਨੂੰ ਮੂਰਖ ਚਿਤ ਵਿਚ ਨਹੀਂ ਲਿਆਉਂਦਾ॥

ਪਉੜੀ ੧੬

ਵੈਦਿ ਚੰਗੇਰੀ ਊਠਣੀ ਲੈ ਸਿਲ ਵਟਾ ਕਚਰਾ ਭੰਨਾ ।

ਇਕ ਵੈਦ ਨੇ ਚੰਗੀ ਊਠਣੀ (ਜਿਸ ਦੇ ਸੰਘ ਵਿਖੇ ਕਚਰਾ ਫਸ ਗਿਆ ਸੀ) ਸਿਲਾ ਪੁਰ (ਗਿੱਚੀ ਰੱਖਕੇ) ਵੱਟੇ ਨਾਲ ਕਚਰਾ ਭੰਨਕੇ (ਰਾਜ਼ੀ ਕਰ ਦਿੱਤੀ)।

ਸੇਵਕਿ ਸਿਖੀ ਵੈਦਗੀ ਮਾਰੀ ਬੁਢੀ ਰੋਵਨਿ ਰੰਨਾ ।

ਇਕ ਸੇਵਕ (ਪਾਸ ਦੇਖਦਾ ਸੀ, ਉਸ ਨੇ) ਵੈਦਗੀ ਸਿੱਖਕੇ ਇਕ ਬੁੱਢੀ (ਜਿਸ ਦੇ ਗਲ ਵਿਖੇ ਗਿੱਲੜ ਦੀ ਮਾਂਦਗੀ ਸੀ ਉਸੇ ਉਪਾਉ ਨਾਲ) ਜਾਨ ਮੁਕਾ ਦਿੱਤੀ ਤੇ ਤ੍ਰੀਮਤਾਂ ਰੋਣ ਲੱਗ ਪਈਆਂ।

ਪਕੜਿ ਚਲਾਇਆ ਰਾਵਲੈ ਪਉਦੀ ਉਘੜਿ ਗਏ ਸੁ ਕੰਨਾ ।

ਰਾਜਾ ਪਾਸ ਫੜਕੇ (ਉਸ ਕੱਚੇ ਵੈਦ ਨੂੰ ਲੋਕ) ਲੈ ਗਏ (ਜਦ) ਜੁੱਤੀਆਂ ਪੈਂਦੀਆਂ (ਵਾਰ ਨਾਂ ਆਇਆ) ਓਦੋਂ ਕੰਨ ਖੁਲ ਗਏ, (ਭਈ ਇੱਕੁਰ ਵੈਦਗੀ ਕੀਤੀ ਜਾਂਦੀ ਹੈ)।

ਪੁਛੈ ਆਖਿ ਵਖਾਣਿਉਨੁ ਉਘੜਿ ਗਇਆ ਪਾਜੁ ਪਰਛੰਨਾ ।

(ਜਦ ਲੋਕਾਂ) ਪੁੱਛਿਆ ਤਾਂ ਬਿਰਤਾਂਤ ਕਹਿ ਸੁਣਾਇਆ, ਹੁਣ ਉਸ ਦਾ ਪਾਜ ਖੁੱਲ੍ਹ ਗਿਆ।

ਪਾਰਖੂਆ ਚੁਣਿ ਕਢਿਆ ਜਿਉ ਕਚਕੜਾ ਨ ਰਲੈ ਰਤੰਨਾ ।

ਪਾਰਖੂਆਂ ਨੇ ਚੁਣਕੇ ਕੱਢ ਦਿਤਾ (ਕਿ ਇਸ ਦੀ ਕੋਈ ਔਖਧੀ ਨਾਂ ਕਰੇ, ਇਹ) ਰਤਨਾਂ ਦੇ ਵਿਚ ਕੱਚ ਦੇ ਛੱਲੇ ਵਾਂਙ ਰਲਣ ਵਾਲਾ ਨਹੀਂ ਹੈ। (ਅੰਤ ਦੀਆਂ ਦੋ ਤੁਕਾਂ ਵਿਖੇ ਦੱਸਦੇ ਹਨ, ਕਿ)

ਮੂਰਖੁ ਅਕਲੀ ਬਾਹਰਾ ਵਾਂਸਹੁ ਮੂਲਿ ਨ ਹੋਵੀ ਗੰਨਾ ।

ਮੂਰਖ ਅਕਲ ਥੋਂ ਬਾਹਰ ਹਨ, ਭਲਾ ਕਦੀ ਵਾਂਸ ਭੀ ਗੰਨਾ ਹੋ ਸਕਦਾ ਹੈ?

ਮਾਣਸ ਦੇਹੀ ਪਸੂ ਉਪੰਨਾ ।੧੬।

ਉਨ੍ਹਾਂ ਦੀ ਮਨੁੱਖ ਦੇਹ ਤਾਂ ਹੈ, (ਪਰੰਤੂ ਅਕਲ ਦੇ) ਪਸੂ ਉਪਜੇ ਹਨ, (ਇਕ ਪੂਛ ਤੇ ਸਿੰਗ ਨਹੀਂ ਹਨ, ਹੋਰ ਸਾਰੀ ਕ੍ਰਿਆ ਪਸੂਆਂ ਦੇ ਤੁੱਲ ਹੈ। 'ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਸੁਣ ਗਰਬੁ ਕਰੰਤ'॥

ਪਉੜੀ ੧੭

ਮਹਾਦੇਵ ਦੀ ਸੇਵ ਕਰਿ ਵਰੁ ਪਾਇਆ ਸਾਹੈ ਦੇ ਪੁਤੈ ।

ਸ਼ਿਵ ਦੀ ਤਪਸਿਆ ਕਰ ਕੇ (ਇਕ) ਧਨੀ ਦੇ ਪੁੱਤ੍ਰ ਨੇ ਵਰ ਲੀਤਾ ਸੀ (ਕਿ ਮੇਰੇ ਘਰ ਧਨ ਬਾਹਲਾ ਹੋ ਜਾਵੇ)।

ਦਰਬੁ ਸਰੂਪ ਸਰੇਵੜੈ ਆਏ ਵੜੇ ਘਰਿ ਅੰਦਰਿ ਉਤੈ ।

ਧਨ ਦਾ ਰੂਪ ਬਣਕੇ ਸਰੇਵੜੇ ਉਸ ਦੇ ਘਰ ਆਏ।

ਜਿਉ ਹਥਿਆਰੀ ਮਾਰੀਅਨਿ ਤਿਉ ਤਿਉ ਦਰਬ ਹੋਇ ਧੜਧੁਤੈ ।

(ਸ਼ਿਵ ਦੇ ਕਹੇ ਅਨੁਸਾਰ) ਜਿਉਂ ਜਿਉਂ (ਸਰੇਵੜੇ) ਤਲਵਾਰਾਂ ਨਾਲ ਕੱਟੀ ਦੇ ਸਨ ਦਰਬ ਦੇ ਢੇਰ ਲੱਗਦੇ ਜਾਂਦੇ ਸੀ।

ਬੁਤੀ ਕਰਦੇ ਡਿਠਿਓਨੁ ਨਾਈ ਚੈਨੁ ਨ ਬੈਠੇ ਸੁਤੈ ।

ਇਕ ਨਾਈ ਨੂੰ (ਜਿਹੜਾ) ਬੁੱਤੀ ਕਰਨ ਲਈ ਉਥੇ ਆਇਆ ਹੋਇਆ ਸੀ ਦੇਖਦਿਆਂ ਹੀ ਬੈਠਿਆਂ ਸੁਤਿਆਂ ਚੈਨ ਨਾਂ ਆਇਆ, (ਭਈ ਘਰ ਚਲਕੇ ਮੈਂ ਭੀ ਇਹ ਕੰਮ ਛੇਤੀ ਕਰਾਂ)।

ਮਾਰੇ ਆਣਿ ਸਰੇਵੜੇ ਸੁਣਿ ਦੀਬਾਣਿ ਮਸਾਣਿ ਅਛੁਤੈ ।

(ਘਰ) ਆਂਵਦੇ ਹੀ ਸਰੇਵੜੇ ਬੁਲਾਕੇ ਕਤਲ ਕਰਵਾ ਦਿੱਤੇ (ਰਾਜਾ ਦੇ) ਦੀਵਾਨ ਵਿਚ ਖਬਰ ਹੋਈ ਕਿ ਨਿਰਦੋਖ ਮਾਰੇ ਗਏ ਹਨ।

ਮਥੈ ਵਾਲਿ ਪਛਾੜਿਆ ਵਾਲ ਛਡਾਇਅਨਿ ਕਿਸ ਦੈ ਬੁਤੈ ।

ਸਿਰਾਂ ਦੇ ਵਾਲਾਂ ਥੋਂ ਫੜੀਦਾ (ਨਾਈ) ਧਰਤੀ ਪੁਰ ਘਸੀਟਿਆ ਗਿਆ, ਹੁਣ ਕਿਸ ਦੇ ਪਾਸੋਂ ਵਾਲ ਛੁਡਾਏ (ਮਾਰਿਆ ਗਿਆ), (ਜਾਣੋਂ ਆਪਣੇ ਕੀਤੇ ਦਾ ਫਲ ਪਾ ਲੀਤਾ। ਸਤਵੀਂ ਤੁਕ ਵਿਖੇ ਫਲ ਦੱਸਦੇ ਹਨ)।

ਮੂਰਖੁ ਬੀਜੈ ਬੀਉ ਕੁਰੁਤੈ ।੧੭।

ਮੂਰਖ ਲੋਕ ਕੁਰੁਤਾ ਬੀਜ ਬੀਜਦੇ ਹਨ (ਦੇਖਾ ਦੇਖੀ ਭੈੜਾ ਕੰਮ ਕਰ ਬੈਠਦੇ ਹਨ, ਜਦ ਫਲ ਦਾ ਵੇਲਾ ਹੁੰਦਾ ਹੈ ਤਾਂ ਫਲ ਦੀ ਥਾਂ ਸੁਆਹ ਭੀ ਨਹੀਂ ਹੁੰਦੀ, ਤਦੋਂ ਮਾਪੇ ਮਰ ਜਾਂਦੇ ਹਨ, ਕੋਈ ਰਾਖਾ ਨਹੀਂ ਬਣਦਾ)।

ਪਉੜੀ ੧੮

ਗੋਸਟਿ ਗਾਂਗੇ ਤੇਲੀਐ ਪੰਡਿਤ ਨਾਲਿ ਹੋਵੈ ਜਗੁ ਦੇਖੈ ।

(ਰਾਜਾ ਭੋਜ ਦੇ ਉਜੈਨ ਨਾਮੇ ਨਗਰ ਵਿਖੇ ਇਕ) ਗਾਂਗਾ ਤੇਲੀ (ਅੱਖੋਂ ਲਾਵਾਂ ਰਹਿੰਦਾ ਸੀ, ਉਸ ਦੀ) ਚਰਚਾ (ਇਕ) ਪੰਡਤ ਨਾਲ (ਜੋ ਦਿਗ ਬਿਜਯ ਕਰ ਰਿਹਾ ਸੀ) ਹੋਣ ਵੇਲੇ ਬਾਹਲੇ ਲੋਕ ਕੱਠੇ ਹੋਏ।

ਖੜੀ ਕਰੈ ਇਕ ਅੰਗੁਲੀ ਗਾਂਗਾ ਦੁਇ ਵੇਖਾਲੈ ਰੇਖੈ ।

(ਪੰਡਤ ਨੇ) ਇਕ ਅੰਗੁਲੀ ਖੜੀ ਕੀਤੀ (ਭਈ ਇਕ ਹੀ ਨਿਰਗੁਣ ਬ੍ਰਹਮ ਹੈ) ਗਾਂਗੇ ਨੇ ਦੋ ਉਗਲਾਂ ਖੜੀਆਂ ਕੀਤੀਆਂ (ਕਿ ਮੈਂ ਦੋ ਅੱਖਾਂ ਤੇਰੀਆਂ ਕੱਢ ਦੇਵਾਂਗਾ। ਪੰਡਤ ਨੇ ਜਾਤਾ ਭਈ ਇਹ ਨਿਰਗੁਣ ਤੇ ਸਰਗੁਣ ਦੋ ਬ੍ਰਹਮ ਪ੍ਰਤਿਪਾਦਨ ਕਰਦਾ ਹੈ)।

ਫੇਰਿ ਉਚਾਇ ਪੰਜਾਂਗੁਲਾ ਗਾਂਗਾ ਮੁਠਿ ਹਲਾਇ ਅਲੇਖੈ ।

(ਹੁਣ ਪੰਡਤ ਨੇ) ਪੰਜ ਉਂਗਲਾਂ ਕੀਤੀਆਂ (ਕਿ ਪਰਮੇਸਰ ਪੰਜ ਕਾਮਾਦਿ ਵਿਖ੍ਯ ਜਿੱਤਣ ਨਾਲ ਮਿਲਦਾ ਹੈ), (ਗਾਂਗੇ ਤੇਲੀ ਨੇ) ਮੁਕੀ ਵੱਟਕੇ ਹਲਾਈ (ਅੱਖ ਦੀ ਸ਼ਰਾਰਤ ਕੀਤੀ ਭਾਵ ਕਿ ਤੁਸੀ ਪੰਜ ਜਣੇ ਮੇਰੀ ਇਕ ਮੁੱਕੀ ਦੀ ਮਾਰ ਹੋ)।

ਪੈਰੀਂ ਪੈ ਉਠਿ ਚਲਿਆ ਪੰਡਿਤੁ ਹਾਰਿ ਭੁਲਾਵੈ ਭੇਖੈ ।

ਭੇਖ ਦੇ ਭਲਾਵੇ ਪੰਡਤ ਹਾਰਕੇ ਪੈਰੀਂ ਪੈਕੇ ਉਠਕੇ ਚਲਾ ਗਿਆ।

ਨਿਰਗੁਣੁ ਸਰਗੁਣੁ ਅੰਗ ਦੁਇ ਪਰਮੇਸਰੁ ਪੰਜਿ ਮਿਲਨਿ ਸਰੇਖੈ ।

(ਇਹ ਉਪਰ ਦੱਸ ਆਏ ਹਾਂ ਕਿ ਦੋ ਤੇ ਪੰਜ ਦਾ ਭਾਵ ਪੰਡਤ ਨੇ ਕੀ ਸਮਝਿਆ ਸੀ) ਨਿਰਗੁਣ ਸਰਗੁਣ ਦੋ ਪੱਖ ਹਨ ਤੇ ਪੰਜ (ਦੂਤਾਂ) ਦੇ ਸਰ ਕੀਤਿਆਂ ਪਰਮੇਸੁਰ ਮਿਲਦਾ ਹੈ।

ਅਖੀਂ ਦੋਵੈਂ ਭੰਨਸਾਂ ਮੁਕੀ ਲਾਇ ਹਲਾਇ ਨਿਮੇਖੈ ।

(ਤੇ ਗਾਂਗਾ ਇਹ ਕਹਿੰਦਾ ਸੀ, ਕਿ) ਦੋਵੇਂ ਅੱਖਾਂ ਭੰਨ ਦਿਆਂਗਾ, ਇਕ ਨਿਮਖ ਵਿਚ ਮੁਕੀ ਲਾਕੇ ਹਿਲਾ (ਹਰਾ) ਦਿਆਂਗਾ।

ਮੂਰਖ ਪੰਡਿਤੁ ਸੁਰਤਿ ਵਿਸੇਖੈ ।੧੮।

ਮੂਰਖ ਤੇ ਪੰਡਤ ਵਿਖੇ ਗ੍ਯਾਤ ਦੀ ਵਿਸ਼ੇਸ਼ਤਾ ਹੈ।

ਪਉੜੀ ੧੯

ਠੰਢੇ ਖੂਹਹੁੰ ਨ੍ਹਾਇ ਕੈ ਪਗ ਵਿਸਾਰਿ ਆਇਆ ਸਿਰਿ ਨੰਗੈ ।

(ਇਕ ਖੱਤ੍ਰੀ) ਠੰਢ (ਦੇ ਦਿਨਾਂ ਵਿਚ) ਖੂਹ ਪੁਰ ਨ੍ਹਾਉਂਦਾ ਹੀ ਪੱਗ ਨੂੰ ਵਿਸਾਰਕੇ ਨੰਗੇ ਸਿਰ ਘਰ ਆਇਆ।

ਘਰ ਵਿਚਿ ਰੰਨਾਂ ਕਮਲੀਆਂ ਧੁਸੀ ਲੀਤੀ ਦੇਖਿ ਕੁਢੰਗੈ ।

ਘਰ ਵਿਖੇ ਤ੍ਰੀਮਤਾਂ ਕਮਲੀਆਂ ਨੇ ਕੁਢੰਗੇ (ਬਾਬੇ ਦਾ ਭੈੜਾ ਢੰਗ ਦੇਖ ਖਲੋਕੇ) ਮੱਥੇ ਤੇ ਹੱਥ ਮਾਰ ਪਿੱਟਣ ਲੱਗ ਪਈਆਂ (ਕਿ ਕੋਈ ਮਰ ਗਿਆ ਹੈ ਕਿਉਂ ਜੋ ਬਾਬੇ ਦੀ ਪੱਗ ਲੱਥੀ ਹੋਈ ਹੈ)।

ਰੰਨਾਂ ਦੇਖਿ ਪਿਟੰਦੀਆਂ ਢਾਹਾਂ ਮਾਰੈਂ ਹੋਇ ਨਿਸੰਗੈ ।

ਤ੍ਰੀਮਤਾਂ ਨੂੰ ਸਿਆਪਾ ਕਰਦੀਆਂ ਦੇਖਕੇ (ਘਰ ਦੇ ਸਾਰੇ ਲੋਕ) ਧਾਹਾਂ ਨਿਸੰਗ ਹੋਕੇ ਮਾਰਣ ਲੱਗ ਪਏ।

ਲੋਕ ਸਿਆਪੇ ਆਇਆ ਰੰਨਾਂ ਪੁਰਸ ਜੁੜੇ ਲੈ ਪੰਗੈ ।

ਬਾਹਰੋਂ (ਰੌਲਾ ਸੁਣਕੇ) ਸਿਆਪੇ ਤੇ ਤ੍ਰੀਮਤਾਂ ਤੇ ਪੁਰਖ ਪੰਗਤ ਲਾਕੇ ਜੁੜ ਬੈਠੇ (ਤੇ ਅਫਸੋਸ ਕਰਨ ਲੱਗੇ)।

ਨਾਇਣ ਪੁਛਦੀ ਪਿਟਦੀਆਂ ਕਿਸ ਦੈ ਨਾਇ ਅਲ੍ਹਾਣੀ ਅੰਗੈ ।

('ਅੰਗੇ') ਵੇਹੜੇ ਵਿਚ ਨਾਇਣ (ਆਕੇ) ਤ੍ਰੀਮਤਾਂ ਨੂੰ ਪਿੱਟਦੀਆਂ (ਦੇਖ) ਪੁੱਛਣ ਲੱਗੀ, ਕਿਸ ਦੇ ਨਾਉਂ ਦੀ ਮੈਂ ਅਲਾਹੁਣੀ ਲਵਾਂ (ਹੈ ਹੈ ਮੋਰਨੀ ਆਖਾਂ ਕਿ ਹੈ ਵੇ ਝਨਾਉਂ ਦਿਆ ਲਾੜਿਆ ਆਖਾਂ, ਕਿਸ ਦਾ ਨਾਉਂ ਲੈ ਕੇ ਪਿਟਾਵਾਂ?)

ਸਹੁਰੇ ਪੁਛਹੁ ਜਾਇ ਕੈ ਕਉਣ ਮੁਆ ਨੂਹ ਉਤਰੁ ਮੰਗੈ ।

(ਨੂੰਹ ਬੋਲੀ ਮੇਰੇ) ਸਹੁਰੇ ਨੂੰ (ਜਿਹੜਾ ਪੱਗ ਲੱਥੀ ਘਰ ਆਇਆ ਹੈ) ਜਾਕੇ ਪੁੱਛੋ ਕਿ ਨੂੰਹ ਉੱਤਰ ਮੰਗਦੀ ਹੈ ਕਿ ਕੌਣ ਮਰ ਗਿਆ ਹੈ? (ਮੁਕਦੀ ਗੱਲ ਸਹੁਰੇ ਨੇ ਸਿਰ ਨੰਗਾ ਦੇਖਕੇ ਖੂਹ ਥੋਂ ਦੌੜਕੇ ਪੱਗ ਸਿਰ ਬੱਧੀ, ਤ੍ਰੀਮਤਾਂ ਆਪੋ ਆਪਣੀ ਘਰੀਂ ਕਾਂਵਾਂ ਰੌਲੀ ਪਾਕੇ ਪੱਤ੍ਰਾ ਵਾਚੀਆਂ)।

ਕਾਵਾਂ ਰੌਲਾ ਮੂਰਖੁ ਸੰਗੈ ।੧੯।

ਮੂਰਖਾਂ ਦੀ ਸੰਗਤ ਵਿਚ ਕਾਵਾਂ ਰੌਲੀ ਹੈ (ਜਿੱਕੁਰ ਕਾਉਂ ਇਕ ਕਾਉਂ ਦੀ ਅਵਾਜ਼ ਸੁਣਕੇ ਹਜ਼ਾਰਾਂ ਕਾਉਂ ਕਾਉਂ ਕਰਦੇ ਹਨ, ਬਿਨ ਸਮਝੇ ਪਿੱਟਾ ਖੋਹੀ ਹੀ ਪਾਉਂਦੇ ਹਨ, ਸੁਖ ਦੀ ਗੱਲ ਕੋਈ ਨਹੀਂ ਕਰਦੇ)।

ਪਉੜੀ ੨੦

ਜੇ ਮੂਰਖੁ ਸਮਝਾਈਐ ਸਮਝੈ ਨਾਹੀ ਛਾਂਵ ਨ ਧੁਪਾ ।

ਜੇਕਰ ਮੂਰਖ ਨੂੰ ਸਮਝਾਈਏ ਤਾਂ ਛਾਂ ਅਤੇ ਧੁੱਪ ਨਹੀਂ ਸਮਝਦਾ।

ਅਖੀਂ ਪਰਖਿ ਨ ਜਾਣਈ ਪਿਤਲ ਸੁਇਨਾ ਕੈਹਾਂ ਰੁਪਾ ।

ਅੱਨਾਂ ਨਾਲ ਪਿੱਤਲ ਸੋਨੇ ਦੀ ਅਰ ਕੈਂਹੇ ਤੇ ਰੁੱਪੇ ਦੀ ਪਰਖ ਨਹੀਂ ਕਰਦਾ।

ਸਾਉ ਨ ਜਾਣੈ ਤੇਲ ਘਿਅ ਧਰਿਆ ਕੋਲਿ ਘੜੋਲਾ ਕੁਪਾ ।

ਤੇਲ ਦਾ ਕੁੱਪਾ ਅਰ ਘਿਉ ਦਾ ਘੜਾ ਮੂਰਖ ਦੇ ਕੋਲ ਧਰੇ (ਅਥਵਾ ਘੜਾ ਤੇ ਕੁੱਪਾ ਦੋਵੇਂ ਘਿਉ ਤੇ ਤੇਲ ਦਾ ਸਵਾਦ ਨਹੀਂ ਰਖਦੇ) ਦੁਹਾਂ ਦਾ ਸੁਆਦ ਨਹੀਂ ਪਰਖ ਸਕਦਾ।

ਸੁਰਤਿ ਵਿਹੂਣਾ ਰਾਤਿ ਦਿਹੁ ਚਾਨਣੁ ਤੁਲਿ ਅਨ੍ਹੇਰਾ ਘੁਪਾ ।

('ਸੁਰਤ') ਗਿਆਤ ਥੋਂ ਬਾਝ ਰਾਤ ਦਿਨ ਰਹਿੰਦਾ ਹੈ, ਘੁੱਪ ਹਨੇਰੇ ਤੇ ਚਾਨਣ ਨੂੰ ਬਰਾਬਰ ਜਾਣਦਾ ਹੇ।

ਵਾਸੁ ਕਥੂਰੀ ਥੋਮ ਦੀ ਮਿਹਰ ਕੁਲੀ ਅਧਉੜੀ ਤੁਪਾ ।

ਕਸਤੂਰੀ ਅਤੇ ਥੋਮ ਦੀ ਵਾਸ਼ਨਾਂ ਅਤੇ ('ਮੇਹਰ ਕੁਲੀ') ਮਖਮਲ ਅਤੇ ਚੰਮ ਦਾ ਤੋਪਾ (ਇਕੋ ਜਾਣਦਾ ਹੈ।

ਵੈਰੀ ਮਿਤ੍ਰ ਨ ਸਮਝਈ ਰੰਗੁ ਸੁਰੰਗ ਕੁਰੰਗੁ ਅਛੁਪਾ ।

ਵੇਰੀ ਤੇ ਮਿੱਤ੍ਰ ਨਹੀਂ ਜਾਣਦਾ, ਲਾਲ ਰੰਗ ਚੰਗੇ ਰੰਗ ਅਤੇ ਖੋਟੇ ਰੰਗ ('ਅਛੁਪਾ') ਛੋਹਣ ਥੋਂ ਦੂਰ ਰਹਿੰਦਾ ਹੈ (ਸੋਝੀ ਨਹੀਂ ਰੱਖਦਾ) (ਅਜਿਹੇ ਉਕਤ ਮੂਰਖ ਨਾਲ ਕੀ ਵਰਤਾਰਾ ਜੋਗ ਹੈ?)

ਮੂਰਖ ਨਾਲਿ ਚੰਗੇਰੀ ਚੁਪਾ ।੨੦।੩੨। ਬੱਤੀਹ ।

ਮੂਰਖ ਨਾਲ ਚੁਪ ਚੰਗੀ ਹੈ।


Flag Counter