ਵਾਰਾਂ ਭਾਈ ਗੁਰਦਾਸ ਜੀ

ਅੰਗ - 21


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਪਾਤਿਸਾਹਾ ਪਾਤਿਸਾਹੁ ਸਤਿ ਸੁਹਾਣੀਐ ।

ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਸੱਤ ਹੈ, ਤੇ ਸੁੰਦਰਤਾ ਵਾਲਾ ਹੈ।

ਵਡਾ ਬੇਪਰਵਾਹ ਅੰਤੁ ਨ ਜਾਣੀਐ ।

ਬਹੁਤ ਬੇਪਰਵਾਹ ਹੈ (ਉਸਦਾ) ਅੰਤ ਨਹੀਂ ਲੱਭਦਾ।

ਲਉਬਾਲੀ ਦਰਗਾਹ ਆਖਿ ਵਖਾਣੀਐ ।

(ਉਸਦੀ) ਦਰਗਾਹ ਬੇਪਰਵਾਹ ਹੈ, (ਬੇਪਰਵਾਹ ਕਰ ਕੇ ਹੀ ਉਸ ਦਰਗਾਹ ਨੂੰ) ਵਰਣਨ ਕਰਦੇ ਹਨ।

ਕੁਦਰਤ ਅਗਮੁ ਅਥਾਹੁ ਚੋਜ ਵਿਡਾਣੀਐ ।

(ਆਪ ਕਾਦਰ ਤੇ ਬੇਅੰਤ ਹੈ, ਪਰ ਸਾਡੇ ਜੀਵਾਂ ਲਈ ਉਸਦੀ) ਕੁਦਰਤ ਬੀ ਅਗੰਮ ਤੇ ਅਥਾਹ ਹੈ, ਕੌਤਕ ਉਸਦੇ ਅਚਰਜ ਹਨ।

ਸਚੀ ਸਿਫਤਿ ਸਲਾਹ ਅਕਥ ਕਹਾਣੀਐ ।

(ਉਸਦੀ) ਕੀਰਤੀ ਤੇ ਮਹਿੰਮਾਂ (ਜਿੰਨੀ ਕਰੀਏ) ਸਚੀ ਹੈ, (ਉਸਦੀ) ਕਹਾਣੀ ਵਰਣਨ ਕਰਨ ਤੋਂ ਬਾਹਰ ਹੈ।

ਸਤਿਗੁਰ ਸਚੇ ਵਾਹੁ ਸਦ ਕੁਰਬਾਣੀਐ ।੧।

ਸੱਚੇ 'ਸਤਿ+ਗੁਰ' ਤੇ 'ਵਾਹ+ਗੁਰ' ਤੋਂ ਸਦਾ ਕੁਰਬਾਣ ਜਾਈਏ।

ਪਉੜੀ ੨

ਬ੍ਰਹਮੇ ਬਿਸਨ ਮਹੇਸ ਲਖ ਧਿਆਇਦੇ ।

(ਗੁਰੂ ਨਾਨਕ ਜੀ ਦੇ ਪਾਤਸ਼ਾਹ ਦੇ ਅੱਗੇ) ਬ੍ਰਹਮੇ, ਬਿਸ਼ਨੁ ਸ਼ਿਵ ਆਦਿ ਲਖਾਂ ਧਿਆਨ ਕਰਣ ਹਾਰੇ (ਮੁਸਾਹਿਬ ਹਨ)।

ਨਾਰਦ ਸਾਰਦ ਸੇਸ ਕੀਰਤਿ ਗਾਇਦੇ ।

ਨਾਰਦ ਰਿਖੀ, ਸੁਰੱਸ੍ਵਤੀ, ਸ਼ੇਸ਼ ਨਾਗ (ਭੱਟਾਂ ਵਾਂਙੂ) ਜਸ ਗਾਉਂਦੇ ਹਨ।

ਗਣ ਗੰਧਰਬ ਗਣੇਸ ਨਾਦ ਵਜਾਇਦੇ ।

ਰਣ (ਨੰਦੀ, ਭ੍ਰਿੰਗੀ ਆਦਿ) ਗੰਧਰਬ ਤੇ ਗਣੇਸ਼ ਵਾਜੇ ਵਜਾਉਂਦੇ ਹਨ।

ਛਿਅ ਦਰਸਨ ਕਰਿ ਵੇਸ ਸਾਂਗ ਬਣਾਇਦੇ ।

ਛੀ ਦਰਸ਼ਨ (ਜੋਗੀ ਜੰਗਮ ਆਦਿ ਅਨੇਕ) ਵੰਸ਼ ਕਰ ਕੇ (ਆਪ ਦੇ ਅੱਗੇ) ਸਾਂਗ ਬਣਾਉਂਦੇ ਹਨ (ਤਮਾਸ਼ਾ ਕਰਨ ਲਈ)।

ਗੁਰ ਚੇਲੇ ਉਪਦੇਸ ਕਰਮ ਕਮਾਇਦੇ ।

ਗੁਰੂ ਚੇਲਿਆਂ ਨੂੰ ਉਪਦੇਸ਼ ਦੇਂਦੇ ਹਨ (ਤੇ ਚੇਲੇ ਦੱਸੇ ਹੋਏ) ਕਰਮ ਕਮਾਉਂਦੇ ਹਨ।

ਆਦਿ ਪੁਰਖੁ ਆਦੇਸੁ ਪਾਰੁ ਨ ਪਾਇਦੇ ।੨।

ਆਦਿ ਪੁਰਖ ਨੂੰ ਨਮਸ਼ਕਾਰ ਹੈ, (ਕੋਈ ਉਸਦਾ) ਪਾਰ ਨਹੀਂ ਪਾਉਂਦੇ।

ਪਉੜੀ ੩

ਪੀਰ ਪੈਕੰਬਰ ਹੋਇ ਕਰਦੇ ਬੰਦਗੀ ।

(ਮੁਸਲਮਾਨਾਂ ਦੇ) ਪੀਰ ਪੈਕੰਬਰ ਹੋਕੇ (ਆਦਿ ਪੁਰਖ ਦੀ) ਬੰਦਗੀ ਕਰਦੇ ਹਨ।

ਸੇਖ ਮਸਾਇਕ ਹੋਇ ਕਰਿ ਮੁਹਛੰਦਗੀ ।

ਸ਼ੇਖ, ਅਤੇ ਮਸ਼ਾਇਕ ਮੁਥਾਜੀ ਕੱਢਦੇ ਹਨ।

ਗਉਸ ਕੁਤਬ ਕਈ ਲੋਇ ਦਰ ਬਖਸੰਦਗੀ ।

ਗਉਸ ਅਤੇ ਕੁਤਬ (ਆਦਿ) ਕਈ ਲੋਕ ਦਰਗਾਹ ਤੋਂ ਬਖਸ਼ਿਸ਼ ਮੰਗਦੇ ਹਨ।

ਦਰ ਦਰਵੇਸ ਖਲੋਇ ਮਸਤ ਮਸੰਦਗੀ ।

(ਕਈ ਲੋਕ ਦਰਗਾਹ ਦੇ) ਦਰਵਾਜ਼ੇ ਪਰ ਫਕੀਰ ਹੋ ਖਲੋਤੇ ਮਸਤ ਤੇ ਅਵਧੂਤ (ਰੂਪ) ਹੋ ਰਹੇ ਹਨ।

ਵਲੀਉਲਹ ਸੁਣਿ ਸੋਇ ਕਰਨਿ ਪਸੰਦਗੀ ।

ਅੱਲਹ ਦੇ ਵਲੀ (ਇਕ ਦਰਜੇ ਦੇ ਸਾਈਂ ਲੋਕ) (ਸੋਇ=) ਸੋਭਾ ਸੁਣਕੇ ਪ੍ਰਸੰਨ ਹੁੰਦੇ ਹਨ। (ਯਥਾ:- ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ)।

ਦਰਗਹ ਵਿਰਲਾ ਕੋਇ ਬਖਤ ਬਲੰਦਗੀ ।੩।

ਦਰਗਾਹ ਵਿਖੇ ਉੱਚੇ ਭਾਗਾਂ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ।

ਪਉੜੀ ੪

ਸੁਣਿ ਆਖਾਣਿ ਵਖਾਣੁ ਆਖਿ ਵਖਾਣਿਆ ।

(ਲੋਕ) 'ਅਖਾਣਾ' (ਧਰਮ ਪੁਸਤਕਾਂ ਦੇ) ਵਰਣਨ ਸੁਣ ਸੁਣ ਕੇ ਆਖ ਕੇ (ਵਿਸਥਾਰ ਕਰਕੇ) ਵਖਾਣਦੇ ਹਨ (ਭਾਵ ਲੋਕਾਂ ਨੂੰ ਸੁਣਾਉਂਦੇ ਹਨ)।

ਹਿੰਦੂ ਮੁਸਲਮਾਣੁ ਨ ਸਚੁ ਸਿਞਾਣਿਆ ।

ਹਿੰਦੂ ਅਤੇ ਮੁਸਲਮਾਨਾਂ ਨੇ ਸਚੇ ਨੂੰ ਨਹੀਂ ਪਛਾਣਿਆਂ (ਕਿਉਂਕਿ ਹਉਮੈ ਅਤੀਤ ਹੋਕੇ ਖੋਜ ਨਹੀਂ ਕੀਤੀ)।

ਦਰਗਹ ਪਤਿ ਪਰਵਾਣੁ ਮਾਣੁ ਨਿਮਾਣਿਆ ।

(ਈਸ਼੍ਵਰ ਦੀ) ਅਦਾਲਤ ਵਿਖੇ (ਉਸਦੀ) ਪਤ ਪਰਵਾਣ ਪਈ ਹੈ (ਜਿਸ ਨੇ) ਮਾਣ ਵਾਲੇ (ਹੋਕੇ) ਨਿਮਾਣਾਪਨ ਅਖਤਿਆਰ ਕੀਤਾ।

ਵੇਦ ਕਤੇਬ ਕੁਰਾਣੁ ਨ ਅਖਰ ਜਾਣਿਆ ।

ਵੇਦ, ਕਤੇਬ, ਅਰ ਕੁਰਾਨ ਨੇ (ਆਖਰ) ਓੜਕ ਨਹੀਂ ਜਾਤਾ ('ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ। ') ਕਿਉਂਕਿ ਇਹ ਹੱਦ ਵਾਲੇ ਹਨ, ਵਾਹਿਗੁਰੂ ਬੇਹੱਦ ਹੈ)।

ਦੀਨ ਦੁਨੀ ਹੈਰਾਣੁ ਚੋਜ ਵਿਡਾਣਿਆ ।

ਦੀਨ ਅਤੇ ਦੁਨੀਆਂ (ਭਾਵ ਲੋਕ ਪਰਲੋਕ ਨਿਵਾਸੀ ਸਾਰੇ) ਹੈਰਾਨ ਹੋਕੇ (ਪੰਜੇ ਉਂਗਲੀਆਂ ਮੂੰਹ ਵਿਚ ਪਾਉਂਦੇ ਹਨ, ਕਿ ਉਸਦੇ) ਕੌਤਕ ਵਡੇ ਅਚਰਜ ਰੂਪ ਹਨ।

ਕਾਦਰ ਨੋ ਕੁਰਬਾਣੁ ਕੁਦਰਤਿ ਮਾਣਿਆ ।੪।

(ਤਾਂਤੇ ਸ੍ਰਿਸ਼ਟੀ ਦੇ ਕਾਦਰ=) ਰਚਣਹਾਰ ਥੋਂ (ਅਸੀਂ) ਕੁਰਬਾਣ (=ਵਾਰਨੇ) ਜਾਂਦੇ ਹਾਂ, (ਆਪਣੀ ਕੁਦਰਤ ਦਾ ਆਪ ਮਾਣ) ਆਸਰਾ (ਕਾਰਨ) ਹੈ।

ਪਉੜੀ ੫

ਲਖ ਲਖ ਰੂਪ ਸਰੂਪ ਅਨੂਪ ਸਿਧਾਵਹੀ ।

ਕਈ ਲੱਖਾਂ ਸੁਹਣੇ ਰੂਪ ਅਨੂਪ (ਜਿਨ੍ਹਾਂ ਦੀ ਉਪਮਾਂ ਵਾਸਤੇ ਕੋਈ ਉਪਮਾਨ ਨਹੀਂ ਹੈ) ('ਸਿਧਾਵਹੀ'=) ਮਰ ਜਾਂਦੇ ਹਨ।

ਰੰਗ ਬਿਰੰਗ ਸੁਰੰਗ ਤਰੰਗ ਬਣਾਵਹੀ ।

(ਈਸ਼੍ਵਰੀਯ ਰਚਨਾ ਵਿਖੇ ਕਈ ਤਰ੍ਹਾਂ ਦੇ) ਰੰਗ, ਰੰਗਾਂ ਤੋਂ ਬਿਨਾਂ, ਅਰ ਸੁਹਣੇ ਰੰਗਾ ਵਾਲੇ ਹੋਕੇ ਕੌਤਕ ਕਰਦੇ ਹਨ।

ਰਾਗ ਨਾਦ ਵਿਸਮਾਦ ਗੁਣ ਨਿਧਿ ਗਾਵਹੀ ।

ਕਈ ਰਾਗ ਕਈ ਵਾਜੇ ਅਸਚਰਜ ਰੂਪ ਹਨ ਜੋ (ਗੁਣ ਨਿਧਿ) ਗੁਣਾਂ ਦੇ ਸਮੁੰਦ੍ਰ (ਅਕਾਲ ਪੁਰਖ) ਨੂੰ ਗਾਇਨ ਕਰਦੇ ਹਨ।

ਰਸ ਕਸ ਲਖ ਸੁਆਦ ਚਖਿ ਚਖਾਵਹੀ ।

ਕਈ ਰਸ ਕਸਾਂ ਦੇ ਲੱਖ ਸੁਵਾਦਾਂ ਨੂੰ (ਆਪ) ਚੱਖਕੇ (ਹੋਰਾਂ ਨੂੰ) ਚਖਾਂਵਦੇ ਹਨ (ਭਾਵ ਕਈਆਂ ਨੂੰ ਭੋਜਨਾਂ ਦਾ ਹੀ ਵਿਸ਼ਾ ਪੈ ਰਿਹਾ ਹੈ)।

ਗੰਧ ਸੁਗੰਧ ਕਰੋੜਿ ਮਹਿ ਮਹਕਾਵਈ ।

ਕਰੋੜਾਂ ਸੁਗੰਧੀਆਂ ਵਿਖੇ ਲਗ ਰਹੇ ਹਨ (ਅਜਿਹਾ ਕਿ ਜਿਥੇ ਬੈਠਦੇ ਹਨ) ਧਰਤੀ ਨੂੰ ਮਹਿਕਾ ਦਿੰਦੇ ਹਨ।

ਗੈਰ ਮਹਲਿ ਸੁਲਤਾਨ ਮਹਲੁ ਨ ਪਾਵਹੀ ।੫।

(ਜੋ ਲੋਕ ਵਿਸ਼੍ਯਾਂ ਵਿਕਾਰਾਂ ਵਿਖੇ ਲੱਗਕੇ ਪਰਮੇਸ਼ੁਰ) ਦੇ ਮਹਲ ਥੋਂ ਗੈਰ ਹੋ ਗਏ ਹਨ (ਓਪਰੇ ਯਾ ਦੂਰ ਹੋ ਗਏ ਹਨ) (ਉਹ ਲੋਕ) ਮਹਲ ਨੂੰ ਨਹੀਂ ਪਾਉਂਦੇ (ਭਾਵ ਜਿਨ੍ਹਾਂ ਨੇ ਸਾਈਂ ਨਾਲ ਨੇਹੁੰ ਨਹੀਂ ਲਾਇਆ ਤੇ ਇਨ੍ਹਾਂ ਵਿਸ਼੍ਯਾਂ ਵਿਚ ਲਗੇ ਰਹੇ ਹਨ ਓਹ ਸਰੂਪ ਨੂੰ ਪ੍ਰਾਪਤ ਹੋਣ ਦੀ ਥਾਂ ਸਰੂਪ ਪ੍ਰਾਪਤੀ ਤੋਂ ਦੂਰ ਹੋ ਜਾਣਗੇ।

ਪਉੜੀ ੬

ਸਿਵ ਸਕਤੀ ਦਾ ਮੇਲੁ ਦੁਬਿਧਾ ਹੋਵਈ ।

ਸ਼ਿਵ ਸਕਤੀ ਦੇ ਮੇਲ ਤੋਂ ਦੋ ਬਿਧਾਂ ਹੋ ਰਹੀਆਂ ਹਨ। (ਸ਼ਿਵ=ਉਹ ਸ਼ਕਤੀ ਜੋ ਚੇਤਨ ਰੂਪ ਹੈ, ਸ਼ਕਤੀ=ਉਹ ਸ਼ਕਤੀ ਜੋ ਜੜ੍ਹ ਹੈ। ਤੀਜਾ ਇਸ ਸ਼ਕਤੀ ਦਾ ਸਥੂਲ ਰੂਪ ਪ੍ਰਕ੍ਰਿਤੀ ਹੁੰਦੀ ਹੈ, ਜਿਨ੍ਹਾਂ ਤੋਂ ਸੰਸਾਰ ਦੀ ਕਾਰ ਚਲ ਰਹੀ ਹੈ, ਜੋ ਦੁਬਿਧਾ ਰੂਪ ਹੈ। ਇਕ ਰੂਪ ਹੋਵੇ ਤਦ ਸੰਸਾਰ ਦਾ ਇਹ ਪ੍ਰਕਾਸ਼ ਨਹੀਂ ਰਹਿੰਦਾ)।

ਤ੍ਰੈ ਗੁਣ ਮਾਇਆ ਖੇਲੁ ਭਰਿ ਭਰਿ ਧੋਵਈ ।

ਤ੍ਰਿਗੁਣੀ (ਰਜੋ, ਤਮੋ, ਸਤੋ ਰੂਪ) ਮਾਇਆ ਦਾ ਖੇਲ ਹੋਇਆ (ਲੋਕ ਅਵਗੁਣਾ ਨਾਲ ਆਪ ਨੂੰ) ਭਰ ਭਰ ਕੇ ਧੋਣ ਲਗ ਪਏ (ਭਾਵ ਰਜੋ ਤਮੋ ਵਾਲੇ ਭਰਦੇ, ਅਤੇ ਸਤੋ ਗੁਣ ਵਾਲੇ ਪਾਪਾਂ ਨੂੰ ਧੋਂਦੇ ਹਨ)।

ਚਾਰਿ ਪਦਾਰਥ ਭੇਲੁ ਹਾਰ ਪਰੋਵਈ ।

ਚਾਰ (ਧਰਮ, ਅਰਥ, ਕਾਮ, ਮੋਖ) ਪਦਾਰਥਾਂ ਨੂੰ ਮਿਲਾਕੇ ਹਾਰ ਵਾਂਗੂੰ (ਗਲ ਵਿਖੇ) ਪੁਰੋਂਦੇ (ਭਾਵ ਇਥੇ ਸੁਖੀ, ਅਰ ਅੰਤ ਨੂੰ ਮੁਕਤ ਪਾਉਂਦੇ ਹਨ)

ਪੰਜਿ ਤਤ ਪਰਵੇਲ ਅੰਤਿ ਵਿਗੋਵਈ ।

(ਨਹੀਂ ਤਾਂ ਤਮੋ ਗੁਣੀ ਲੋਕ) ਪੰਜ ਤੱਤਾਂ ਦੇ ਪੁਤਲੇ ਅੰਤ ਨੂੰ ਵਿਸ਼ੇਖ ਕਰ ਨਾਸ਼ ਹੁੰਦੇ ਹਨ (ਭਾਵ ਬਾਰ ਬਾਰ ਜਨਮ ਧਾਰਦੇ ਹਨ। ਫੇਰ ਕੀ ਹੁੰਦਾ ਹੇ।

ਛਿਅ ਰੁਤਿ ਬਾਰਹ ਮਾਹ ਹਸਿ ਹਸਿ ਰੋਵਈ ।

ਬਾਰਾਂ ਮਹੀਨਿਆਂ ਦੀਆਂ ਛੀ ਰੁੱਤਾਂ ਵਿਖੇ ਹੱਸ ਹੱਸ ਕੇ ਰੋਂਦੇ ਹਨ।

ਰਿਧਿ ਸਿਧਿ ਨਵ ਨਿਧਿ ਨੀਦ ਨ ਸੋਵਈ ।੬।

(ਕਿਉਂਕਿ ਦੁਬਿਧਾ ਵਿਚ ਹਨ, ਇਕ ਨਾਲ ਲਿਵ ਨਹੀਂ, ਭਾਵੇਂ ਸਿਧ ਬੀ ਹੋ ਜਾਣ ਅਰ) ਰਿੱਧਾਂ ਸਿੱਧਾਂ ਤੇ ਨੌਂ ਨਿਧਾਂ ਬੀ (ਪਾ ਲੈਣ ਤਦ ਬੀ) ਨਿਰਵਿਕਲਪ ਵਿਖੇ ਨਹੀਂ ਸੌਂਦੇ।

ਪਉੜੀ ੭

ਸਹਸ ਸਿਆਣਪ ਲਖ ਕੰਮਿ ਨ ਆਵਹੀ ।

ਹਜ਼ਾਰਾਂ ਲੱਖਾਂ ਚਤੁਰਾਈਆਂ ਕੰਮ ਨਹੀਂ ਆਉਂਦੀਆਂ (“ਸਹਸ ਸਿਆਣਪਾ ਲਖ ਹੋਹਿ ਤ ਇਕੁ ਨ ਚਲੈ ਨਾਲਿ”)।

ਗਿਆਨ ਧਿਆਨ ਉਨਮਾਨੁ ਅੰਤੁ ਨ ਪਾਵਹੀ ।

ਕਈ ਗਿਆਨੀ ਕਈ ਧਿਆਨੀ ਕਈ ਉਨਮਾਨੀ ਬੀ ਅੰਤ ਨਹੀਂ ਪਾ ਸਕਦੇ।

ਲਖ ਸਸੀਅਰ ਲਖ ਭਾਨੁ ਅਹਿਨਿਸਿ ਧ੍ਯਾਵਹੀ ।

ਲੱਖਾਂ ਚੰਦ੍ਰਮਾ, ਲੱਖਾਂ ਸੂਰਜ, ਰਾਤ ਦਿਨ (ਅਕਾਲ ਪੁਰਖ ਨੂੰ) ਧਿਆਉਂਦੇ ਹਨ (ਅਰਥਾਤ ਪ੍ਰੇਮ ਦੇ ਅਨੁਭਵ ਬਿਨਾਂ ਉਸ ਦੀ ਮਹਿੰਮਾ ਦਾ ਪ੍ਰਕਾਸ਼ ਕਰ ਰਹੇ ਹਨ।

ਲਖ ਪਰਕਿਰਤਿ ਪਰਾਣ ਕਰਮ ਕਮਾਵਹੀ ।

ਲੱਖਾਂ ਮਾਇਆ ਪਰਾਇਣ ਹੋਕੇ ਕਰਮਾਂ ਨੂੰ ਕਰਦੇ ਹਨ (ਭਾਵ ਯੱਗ, ਤਪ, ਮਾਯਾ, ਹਿਤ ਕਰਦੇ ਹਨ)।

ਲਖ ਲਖ ਗਰਬ ਗੁਮਾਨ ਲੱਜ ਲਜਾਵਹੀ ।

ਲੱਖਾਂ (ਲੋਕ) ਹੰਕਾਰ ਤੇ ਮਗ਼ਰੂਰੀ ਵਿਖੇ ਫਸੇ ਹੋਏ ਹਨ (ਅਰ) ਲੱਖਾਂ ਹੀ ਲੱਜ (ਕਰਕੇ ਸਿਰ ਨੀਵਾਂ ਕਰਦੇ ਹਨ ਕਿ ਅਸੀਂ ਕੁਝ ਚੀਜ਼ ਨਹੀਂ ਹਾਂ)।

ਲਖ ਲਖ ਦੀਨ ਈਮਾਨ ਤਾੜੀ ਲਾਵਹੀ ।

ਲੱਖਾਂ ਦੀਨ ਦੇ ਈਮਾਨ ਵਾਲੇ ਹੋਕੇ ਤਾੜੀ ਲਾਉਂਦੇ ਹਨ,

ਭਾਉ ਭਗਤਿ ਭਗਵਾਨ ਸਚਿ ਸਮਾਵਹੀ ।੭।

ਪਰ ਜੋ ਭਗਵਾਨ ਦੀ ਪ੍ਰੇਮਾ ਭਗਤੀ ਕਰਦੇ ਹਨ, (ਉਹੋ ਹੀ) ਸਚ (ਸਰੂਪ ਵਿਖੇ) ਸਮਾਉਂਦੇ ਹਨ।

ਪਉੜੀ ੮

ਲਖ ਪੀਰ ਪਤਿਸਾਹ ਪਰਚੇ ਲਾਵਹੀ ।

ਲੱਖਾਂ ਪੀਰਾਂ ਦੇ ਪਾਤਸ਼ਾਹ (ਭਾਵ ਵਡੇ ਪੀਰ) ਕਰਾਮਾਤਾਂ ਲਾਉਣੇ ਕਰ ਕੇ (ਲੋਕਾਂ ਨੂੰ ਪਰਚਾਉਂਦੇ) ਹਨ।

ਜੋਗ ਭੋਗ ਲਖ ਰਾਹ ਸੰਗਿ ਚਲਾਵਹੀ ।

ਜੋਗ ਅਤੇ ਭੋਗ ਵਿਖੇ ਲੱਖਾਂ ਰਾਹ ਕੱਢਕੇ ਮੰਡਲੀਆਂ ਬਣਾਉਂਦੇ ਹਨ (ਭਾਵ ਕਈ ਜੋਗ ਨੂੰ ਅਤੇ ਕਈ ਭੋਗ ਨੂੰ ਹੀ ਮੁੱਖ ਰਖਦੇ ਹਨ, ਉਹ ਇਹ ਆਖਦੇ ਹਨ ਦੋਹਾ:- 'ਮਾਨਸ' ਕੋ ਅਵਾਤਰ ਧਰ ਕਰ ਲੈ ਮੌਜ ਬਹਾਰ। ਨਰਕ ਸੁਰਗ ਕੇ ਸੀਸ ਪਰ ਮਾਰ ਪੰਜਾਹ ਹਜਾਰ')।

ਦੀਨ ਦੁਨੀ ਅਸਗਾਹ ਹਾਥਿ ਨ ਪਾਵਹੀ ।

(ਏਹ ਲੋਕ ਬੀ) ਨਾ ਦੀਨ ਨਾ ਦੁਨੀਆਂ ਦਾ ਅੰਤ ਪਾ ਸਕਦੇ ਹਨ, (ਕਿਉਂਕਿ ਇਨ੍ਹਾਂ ਲਈ ਦੀਨ ਦੁਨੀ ਦੋਵੇਂ) ਅਸਗਾਹ ਹਨ।

ਕਟਕ ਮੁਰੀਦ ਪਨਾਹ ਸੇਵ ਕਮਾਵਹੀ ।

ਕਈ ਮੁਰੀਦਾਂ ਦੇ ਸਮੂਹ (ਪੀਰ ਦੀ) ਸ਼ਰਨ ਲੈ ਕੇ ਹੀ ਸੇਵਾ ਕਰਦੇ ਹਨ।

ਅੰਤੁ ਨ ਸਿਫਤਿ ਸਲਾਹ ਆਖਿ ਸੁਣਾਵਹੀ ।

ਉਸ ਦੀ ਸਿਫਤ ਦੇ ਸਲਾਹੁਣ ਦਾ ਕੁਝ ਅੰਤ ਨਹੀਂ' (ਕਈ ਏਹ ਬਾਤ) ਆਖਕੇ ਸਣਾਉਂਦੇ ਹਨ।

ਲਉਬਾਲੀ ਦਰਗਾਹ ਖੜੇ ਧਿਆਵਹੀ ।੮।

ਕਈ ਬੇਪਰਵਾਹ (ਅਕਾਲ ਪੁਰਖ ਦੀ) ਦਰਗਾਹ ਅੱਗੇ ਖੜੋਕੇ ਧਿਆਉਂਦੇ ਹਨ।

ਪਉੜੀ ੯

ਲਖ ਸਾਹਿਬਿ ਸਿਰਦਾਰ ਆਵਣ ਜਾਵਣੇ ।

ਲੱਖਾਂ 'ਸਾਹਿਬ' (ਸਭਾ ਸੀਂਗਾਰ) (ਲੱਖਾਂ 'ਸਰਦਾਰ') ਰਈਸ ਲੋਕ ਆਂਵਦੇ ਜਾਦੇ ਹਨ।

ਲਖ ਵਡੇ ਦਰਬਾਰ ਬਣਤ ਬਣਾਵਣੇ ।

ਲੱਖਾਂ ਵਡੇ ਦਰਬਾਰ ਅਰ ਜਲਸੇ ਕਰਦੇ ਹਲ।

ਦਰਬ ਭਰੇ ਭੰਡਾਰ ਗਣਤ ਗਣਾਵਣੇ ।

(ਕਈ) ਮਾਯਾ ਦੇ ਭੰਡਾਰੇ ਭਰਕੇ ਗਿਣਤੀਆ ਹੀ ਗਿਣਾਉਂਦੇ ਰਹਿੰਦੇ ਹਨ।

ਪਰਵਾਰੈ ਸਾਧਾਰ ਬਿਰਦ ਸਦਾਵਣੇ ।

ਆਪਣੀ ਪਦਵੀ 'ਪਰਵਾਰੈ ਸਾਧਾਰ' ਸਦਾਉਂਦੇ ਹਨ ਕਿ ਅਸੀਂ ਸਾਰੇ ਪਰਵਾਰ ਦੇ ਸੁੱਧ ਕਰਨ ਵਾਸਤੇ ਆਏ ਹਾਂ, (ਮਾਇਆ ਵਾਸਤੇ ਨਹੀਂ ਆਏ)।

ਲੋਭ ਮੋਹ ਅਹੰਕਾਰ ਧੋਹ ਕਮਾਵਣੇ ।

(ਕਈ) ਲੋਭ, ਮੋਹ, ਹੰਕਾਰ ਤੇ ਛਲਾਂ (ਵਿਚ ਹੀ ਉਮਰ ਕੱਟਦੇ ਹਨ।

ਕਰਦੇ ਚਾਰੁ ਵੀਚਾਰਿ ਦਹ ਦਿਸਿ ਧਾਵਣੇ ।

ਕਈ ਸੁੰਦਰ ਵੀਚਾਰ ਵਿਚ ਲੱਗਦੇ ਦਸੋਂ ਦਿਸ਼ਾ ਵਿਖੇ ਦੌੜਦੇ ਫਿਰਦੇ ਹਨ (ਕਿ ਕਿਸੇ ਪਾਸੇ ਲਾਭ ਹੋਵੇ)

ਲਖ ਲਖ ਬੁਜਰਕਵਾਰ ਮਨ ਪਰਚਾਵਣੇ ।੯।

ਲੱਖਾਂ ਬਜ਼ੁਰਗੀ ਵਾਲੇ ਮਹੰਤ ਲੋਕਾਂ ਦੇ ਮਨਾਂ ਨੂੰ ਪਰਚਾਉਂਦੇ ਹਨ (ਅਥਵਾ ਲੱਖਾਂ ਹੀ ਐਸੇ ਮਨਾਂ ਨੂੰ ਪਰਚਾਉਣ ਵਾਲੇ ਹਨ, ਪਰ ਵਾਹਿਗੁਰੁ ਦੀ ਸਿਾਣ ਵਲੋਂ ਉਨ੍ਹਾਂ ਦੇ ਮਨਾਂ ਪਰ ਪਾਠਾਂਤ੍ਰ-'ਸਜਰ ਕਵਾਰ' - ਪੱਥਰ ਦੇ ਦਰਵਾਜ਼ੇ ਲਗੇ ਹੋਏ ਹਨ)।

ਪਉੜੀ ੧੦

(ਅਉਤਰਿ=ਅਵਤਾਰ ਧਾਰਨਾ। ਖੇਵਟ=ਮਲਾਹ। ਖੇਵਹੀ=ਚੱਪੇ ਲਾਉਂਦੇ ਹਨ। ਜੈਵਣਵਾਰ=ਰਸੋਈਏ। ਜੇਵਣ=ਰਸੋਈ। ਦਰਗਾਹ ਦਰਬਾਰ=ਹਜ਼ੂਰੀ ਕਚਹਿਰੀ ਜਾਂ ਸਭਾ।)

ਲਖ ਦਾਤੇ ਦਾਤਾਰ ਮੰਗਿ ਮੰਗਿ ਦੇਵਹੀ ।

ਲੱਖਾਂ ਦਾਨ ਕਰਨ ਵਾਲੇ ਦਾਤੇ ਮੰਗਣ ਵਾਲਿਆਂ ਨੂੰ ਮੰਗੀ (ਚੀਜ਼) ਦੇਂਦੇ ਹਨ। (ਪੁਨਾ:)

ਅਉਤਰਿ ਲਖ ਅਵਤਾਰ ਕਾਰ ਕਰੇਵਹੀ ।

ਲੱਖਾਂ ਅਵਤਾਰ ਧਾਰਕੇ ਕੰਮ ਕਰਦੇ ਹਨ।

ਅੰਤੁ ਨ ਪਾਰਾਵਾਰੁ ਖੇਵਟ ਖੇਵਹੀ ।

ਮਲਾਹ ਲੋਕ (ਆਗੂ) ਚੱਪੇ ਲਾਉਂਦੇ ਹਨ, ਪਰ ਅੰਤ ਦਾ ਪਾਰਾਵਾਰ ਨਹੀਂ ਆਉਂਦਾ (ਬੁੱਧੀ ਦੀ ਬੇੜੀ ਅੱਗੇ ਅੱਗੇ ਚਲ ਨਹੀਂ ਸਕਦੀ)।

ਵੀਚਾਰੀ ਵੀਚਾਰਿ ਭੇਤੁ ਨ ਦੇਵਹੀ ।

ਵੀਚਾਰ ਕਰਣਹਾਰੇ ਵਿਚਾਰਦੇ ਹਨ, (ਪਰੰਤੂ) ਭੇਤ ਨਹੀਂ ਦੇ ਸਕਦੇ।

ਕਰਤੂਤੀ ਆਚਾਰਿ ਕਰਿ ਜਸੁ ਲੇਵਹੀ ।

ਕਰਤੂਤਾਂ ਕਰਨਹਾਰੇ 'ਅਚਾਰ' (ਯੱਗ ਆਦਿਕ) ਵਡੇ ਕਰਮ ਕਰ ਕੇ ਜੱਸ ਲੈਂਦੇ ਹਨ।

ਲਖ ਲਖ ਜੇਵਣਹਾਰ ਜੇਵਣ ਜੇਵਹੀ ।

ਲੱਖਾਂ ਖਵਾਲਣ ਵਾਲੇ ਲੱਖਾਂ ਰਸੋਈਆਂ ਕਰ ਕੇ (ਲੋਕਾਂ ਨੂੰ) ਖਵਾਉਂਦੇ ਹਨ।

ਲਖ ਦਰਗਹ ਦਰਬਾਰ ਸੇਵਕ ਸੇਵਹੀ ।੧੦।

ਲੱਖਾਂ (ਪਾਤਸ਼ਾਹ) ਦੇ ਦਰਬਾਰ ਤੇ ਕਚਹਿਰੀਆਂ ਦੇ ਸੇਵਕ ਹੋਕੇ ਸੇਵਾ ਕਰਦੇ ਹਨ, ('ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ')।

ਪਉੜੀ ੧੧

ਸੂਰ ਵੀਰ ਵਰੀਆਮ ਜੋਰੁ ਜਣਾਵਹੀ ।

(ਸੂਰਬੀਰ) ਬਲੀ ਸੂਰਮੇ ਅਰ 'ਅਤਿਰਥੀ' (ਆਪੋ ਆਪਣਾ) ਬਲ ਦੱਸਦੇ ਹਨ।

ਸੁਣਿ ਸੁਣਿ ਸੁਰਤੇ ਲਖ ਆਖਿ ਸੁਣਾਵਹੀ ।

ਲੱਖਾਂ ਸ੍ਰੋਤੇ (ਧਰਮ ਪੁਸਤਕਾਂ ਨੂੰ) ਸੁਣ ਸੁਣਕੇ (ਫੇਰ) ਆਖਕੇ ਵ੍ਯਾਖ੍ਯਾਨ ਕਰਦੇ ਹਨ।

ਖੋਜੀ ਖੋਜਨਿ ਖੋਜਿ ਦਹਿ ਦਿਸਿ ਧਾਵਹੀ ।

ਲੱਖਾਂ ਖੋਜੀ ਖੋਜਾਂ ਨੂੰ ਖੋਜਦੇ ਹੋਏ ਦਸੋਂ ਦਿਸ਼ਾਂ ਨੂੰ ਦੌੜਦੇ ਹਨ।

ਚਿਰ ਜੀਵੈ ਲਖ ਹੋਇ ਨ ਓੜਕੁ ਪਾਵਹੀ ।

ਲਖਾਂ ਚਿਰਕਾਲ ਜੀਵਣ ਵਾਲੇ (ਮਾਰਕੰਡੇਯ ਆਦਿਕ ਲੋਕ ਪ੍ਰਸਿੱਧ ਜੀਵੇ) ਹੋਕੇ (ਬੀ ਰੱਬ ਦਾ) ਓੜਕ ਨਹੀਂ ਪਾਉਂਦੇ।

ਖਰੇ ਸਿਆਣੇ ਹੋਇ ਨ ਮਨੁ ਸਮਝਾਵਹੀ ।

ਬਾਹਲੇ 'ਸਿਆਣੇ' (ਚਤੁਰ ਹੋਕੇ ਲੋਕਾਂ ਨੂੰ ਤਾਂ ਸਮਝੌਤੀਆਂ ਦਿੰਦੇ, ਪਰੰਤੂ ਆਪਣੇ) ਮਨ ਨੂੰ ਸਮਝਾ ਨਹੀਂ ਸਕਦੇ।

ਲਉਬਾਲੀ ਦਰਗਾਹ ਚੋਟਾਂ ਖਾਵਹੀ ।੧੧।

ਬੇਪਰਵਾਹ (ਵਾਹਿਗੁਰੂ ਦੀ) ਦਰਗਾਹ ਵਿਖੇ ਉਹ ਲੋਕ ਸਜ਼ਾਵਾਂ ਪਾਉਂਦੇ ਹਨ।

ਪਉੜੀ ੧੨

ਹਿਕਮਤਿ ਲਖ ਹਕੀਮ ਚਲਤ ਬਣਾਵਹੀ ।

ਲੱਖਾਂ ਹਕੀਮ ਲੋਕ 'ਹਿਕਮਤ' (ਅਰਥਾਤ ਚਕਿਤਸਾ) ਦੇ ਚਲਿੱਤ੍ਰ੍ਰ ਬਣਾਉਂਦੇ ਹਨ (ਚੰਗੇ ਨੁਸਖੇ, ਯਾ ਇਲਾਜ ਲਈ ਦਾਰੂ ਬਣਾਉਂਦੇ ਹਨ)।

ਆਕਲ ਹੋਇ ਫਹੀਮ ਮਤੇ ਮਤਾਵਹੀ ।

(ਕਈ) ਬੁੱਧੀਮਾਨ ਸੋਚ ਵਿਚਾਰ ਵਾਲੇ ਹੋਕੇ ਮਤੇ ਪਕਾਉਂਦੇ ਹਨ? (ਕਿ ਰਾਜ ਦੀ ਉੱਨਤੀ ਕਿੱਕੁਰਾਂ ਹੋਵੇ?)।

ਗਾਫਲ ਹੋਇ ਗਨੀਮ ਵਾਦ ਵਧਾਵਹੀ ।

ਕਈ ਗਫਲਤ ਕਰ ਕੇ (ਅਨਗਹਿਲੇ ਹੋਕੇ) ਵੈਰ ਤੇ ਝਗੜਾ ਵਧਾ ਲੈਂਦੇ ਹਨ। ਅਥਵਾ ਪਾਤਸ਼ਾਹ ਜੋ ਗਾਫਲ ਹੋਵੇ ਉਸਦੇ ਦੇਸ਼ ਵਿਚ ਝਗੜੇ ਵਧਦੇ ਹਨ)।

ਲੜਿ ਲੜਿ ਕਰਨਿ ਮੁਹੀਮ ਆਪੁ ਗਣਾਵਹੀ ।

(ਕਈ) ਲੜ ਲੜ ਕੇ ਮੁਹਿੰਮਾਂ ਕਰ ਕੇ ਤੇ ਆਪਣਾ ਆਪ ਦੱਸਦੇ ਹਨ (ਕਿ ਅਸੀਂ ਵੱਡੇ ਜੋਧੇ ਹਾਂ)।

ਹੋਇ ਜਦੀਦ ਕਦੀਮ ਨ ਖੁਦੀ ਮਿਟਾਵਹੀ ।

ਨਵੀਂ ਉਮਰ ਥੋਂ ਲੈ ਬੁੱਢੇ ਹੋ ਜਾਂਦੇ ਹਨ, (ਪਰ) ਖੁਦੀ ਨਹੀਂ ਗੁਆਉਂਦੇ (ਇਸ ਕਰ ਕੇ ਦੁਖੀ ਰਹਿੰਦੇ ਹਨ, ਕਿਉਂ ਜੋ “ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ॥ “)

ਸਾਬਰੁ ਹੋਇ ਹਲੀਮ ਆਪੁ ਗਵਾਵਹੀ ।੧੨।

(ਜਿਹੜੇ) ਸੰਤੋਖ ਨੂੰ ਧਾਰਕੇ ਸ਼ਹਿਣਸ਼ੀਲ ਹੋਏ ਹਨ, (ਓਹ) ਆਪਣਾ ਆਪ ਗੁਆ ਦਿੰਦੇ ਹਨ।

ਪਉੜੀ ੧੩

ਲਖ ਲਖ ਪੀਰ ਮੁਰੀਦ ਮੇਲ ਮਿਲਾਵਹੀ ।

ਲੱਖਾਂ ਪੀਰ ਲੱਖਾਂ ਮੁਰੀਦਾਂ ਦੇ ਮੇਲ ਮਿਲਾਉਂਦੇ (ਭਾਵ ਇਕੱਠ ਕਰ ਬੈਠਦੇ ਹਨ)।

ਸੁਹਦੇ ਲਖ ਸਹੀਦ ਜਾਰਤ ਲਾਵਹੀ ।

ਲੱਖਾਂ ਸ਼ੁਹਦੇ ਲੱਖਾਂ ਸ਼ਹੀਦਾਂ (ਦੀਆਂ ਕਬਰਾਂ ਪਰ) ਜ਼੍ਯਾਰਤਾਂ (ਮੇਲੇ) ਲਾਉਂਦੇ ਹਨ।

ਲਖ ਰੋਜੇ ਲਖ ਈਦ ਨਿਵਾਜ ਕਰਾਵਹੀ ।

ਲੱਖਾਂ ਰੋਜ਼ੇ ਲੱਖਾਂ ਈਦਾਂ, ਅਤੇ ਨਿਮਾਜ਼ਾਂ ਕਰਾਉਂਦੇ ਹਨ।

ਕਰਿ ਕਰਿ ਗੁਫਤ ਸੁਨੀਦ ਮਨ ਪਰਚਾਵਹੀ ।

(ਹੋਰ ਕਈ) ਉਤਰ ਪ੍ਰਸ਼ਨ ਕਰ ਕਰ ਕੇ ਮਨਾਂ ਨੂੰ ਬਹਿਲਾਉਂਦੇ (ਸਮਾਂ ਕੱਟਦੇ) ਹਨ।

ਹੁਜਰੇ ਕੁਲਫ ਕਲੀਦ ਜੁਹਦ ਕਮਾਵਹੀ ।

(ਮਨ ਰੂਪ) ਮੰਦਰ ਦੇ ਜੰਦਰੇ ਦੀ ਕੁੰਜੀ (ਜ਼ੁਹਦ) ਤ੍ਯਾਗ ਕਮਾਉਂਦੇ ਹਨ।

ਦਰਿ ਦਰਵੇਸ ਰਸੀਦ ਨ ਆਪੁ ਜਣਾਵਹੀ ।੧੩।

(ਪਰੰਤੂ ਪਰਮੇਸ਼ੁਰ ਦੇ) ਦਰਵਾਜ਼ੇ ਪਰ ਪਹੁੰਚ (ਉਨ੍ਹਾਂ ਦੀ ਹੈ ਜੋ) ਆਪਾ ਜਣਾਉਂਦੇ ਹਨ (ਪਰ ਜਿਨ੍ਹਾਂ ਦੀ ਖੁਦੀ ਮਿਟ ਗਈ ਹੈ)।

ਪਉੜੀ ੧੪

ਉਚੇ ਮਹਲ ਉਸਾਰਿ ਵਿਛਾਇ ਵਿਛਾਵਣੇ ।

(ਦੁਨੀਆਂਦਾਰ) ਲੋਕ ਉੱਚੇ ਮੰਦਰਾਂ ਨੂੰ ਉਸਾਰਕੇ (ਦਰੀਆਂ ਗਲੀਚੇ ਆਦਿ ਬਿਸਤਰੇ) ਵਿਛਾਂਵਦੇ ਹਨ।

ਵਡੇ ਦੁਨੀਆਦਾਰ ਨਾਉ ਗਣਾਵਣੇ ।

ਵਡੇ ਦੁਨੀਆਂਦਾਰ ਹੋਕੇ (ਆਪਣੇ) ਨਾਮ ਗਣਾਉਂਦੇ (ਭਾਵ ਕੋਈ ਆਪ ਨੂੰ ਲਖਪਤੀ ਕੋਈ ਕਰੋੜਪਤੀ ਸਦਾਉਂਦਾ ਹੈ)।

ਕਰਿ ਗੜ ਕੋਟ ਹਜਾਰ ਰਾਜ ਕਮਾਵਣੇ ।

ਕਿਲ੍ਹੇ ਤੇ ਕੋਟ ਹਜ਼ਾਰਾਂ ਤਣਵਾਕੇ ਰਾਜ ਕਰਦੇ ਹਨ। ('ਜਿਨਿ ਗੜ ਕੋਟਿ ਕੀਏ ਕੰਚਨ ਕੇ ਛੋਡਿ ਗਇਆ ਸੋ ਰਾਵਨੂ”ੇ

ਲਖ ਲਖ ਮਨਸਬਦਾਰ ਵਜਹ ਵਧਾਵਣੇ ।

ਲੱਖਾਂ ਅਹੁਦੇਦਾਰ ਲੱਖ (ਰੁਪਯੇ ਤੀਕ ਆਪਣੀਆਂ) ਮਾਹਵਾਰੀ ਤਲਬਾਂ ਵਧਵਾ ਲੈਂਦੇ ਹਨ।

ਪੂਰ ਭਰੇ ਅਹੰਕਾਰ ਆਵਨ ਜਾਵਣੇ ।

(ਪਰ ਐਸੇ) ਪੂਰਾਂ ਦੇ ਪੂਰ ਅਹੰਕਾਰ ਨਾਲ ਭਰੇ ਹੋਂਏ ਜੰਮਦੇ ਮਰਦੇ ਰਹਿੰਦੇ ਹਨ।

ਤਿਤੁ ਸਚੇ ਦਰਬਾਰ ਖਰੇ ਡਰਾਵਣੇ ।੧੪।

(ਏਹ) ਉਸ (ਅਕਾਲ ਪੁਰਖ ਦੇ) ਸੱਚੇ ਦਰਬਾਰ ਵਿਖੇ ਖਰੇ ਭਿਆਨਕ ਰੂਪ ਹੁੰਦੇ ਹਨ।

ਪਉੜੀ ੧੫

ਤੀਰਥ ਲਖ ਕਰੋੜਿ ਪੁਰਬੀ ਨਾਵਣਾ ।

ਲੱਖਾਂ ਕਰੋੜਾਂ (ਵਾਰ) ਤੀਰਥਾਂ ਪੁਰ ਪੁਰਬੀਆਂ ਦੇ ਅਸ਼ਨਾਨ ਕਰਨੇ।

ਦੇਵੀ ਦੇਵ ਸਥਾਨ ਸੇਵ ਕਰਾਵਣਾ ।

ਦੇਵੀ ਦੇਵਤਿਆਂ ਦੇ ਮੰਦਰਾਂ ਵਿਖੇ ਜਾਕੇ ਸੇਵਾ ਟਹਿਲ ਕਰਨੀ।

ਜਪ ਤਪ ਸੰਜਮ ਲਖ ਸਾਧਿ ਸਧਾਵਣਾ ।

(ਲੱਖਾਂ) ਜਪ, ਤਪ, ਲੱਖਾਂ ਸੰਜਮ, ਲੱਖਾਂ ਸਾਧਨਾਂ ਸਾਧਣੀਆਂ।

ਹੋਮ ਜਗ ਨਈਵੇਦ ਭੋਗ ਲਗਾਵਣਾ ।

ਹੋਮ, ਯੱਗ, ਨਈਵੇਦ (ਅਤੇ ਠਾਕਰਾਂ ਨੂੰ) ਭੋਗ ਲਗਾਉਣੇ।

ਵਰਤ ਨੇਮ ਲਖ ਦਾਨ ਕਰਮ ਕਮਾਵਣਾ ।

ਲੱਖਾਂ ਵਰਤ, ਨੇਮ, ਦਾਨ (ਆਦਿ) ਕਰਨੇ।

ਲਉਬਾਲੀ ਦਰਗਾਹ ਪਖੰਡ ਨ ਜਾਵਣਾ ।੧੫।

(ਉਸ) ਬੇਪਰਵਾਹ (ਅਕਾਲ ਪੁਰਖ ਦੀ) ਸਭਾ ਵਿਖੇ ਏਹ ਪਖੰਡ ਹਨ, (ਨਾਲ) ਨਹੀਂ ਜਾਣੇ।

ਪਉੜੀ ੧੬

ਪੋਪਲੀਆਂ ਭਰਨਾਲਿ ਲਖ ਤਰੰਦੀਆਂ ।

ਲੱਖਾਂ ਸਰਨਾਈਆਂ (ਜਾਂ ਬੇੜੀਆਂ) ਸਮੁੰਦਰ ਵਿਖੇ ਤਰਦੀਆਂ ਹਨ।

ਓੜਕ ਓੜਕ ਭਾਲਿ ਸੁਧਿ ਨ ਲਹੰਦੀਆਂ ।

(ਸਮੁੰਦਰ ਦੇ) ਅੰਤ ਨੂੰ ਓੜਕ (ਜਤਨ) ਨਾਲ ਭਾਲਦੀਆਂ ਹਨ, (ਪਰੰਤੂ 'ਸੁਧ') ਸਾਰ ਨਹੀਂ ਲੈਂਦੀਆਂ।

ਅਨਲ ਮਨਲ ਕਰਿ ਖਿਆਲ ਉਮਗਿ ਉਡੰਦੀਆਂ ।

ਅਨਲ ਮਨਲ (ਪੰਛੀ ਅਕਾਸ਼ ਦੇ ਅੰਤ ਲੈਣ ਦੇ) ਖਿਆਲ ਵਿਚ ਖੁਸ਼ੀ ਨਾਲ ਉਡਦੇ ਰਹਿੰਦੇ ਹਨ।

ਉਛਲਿ ਕਰਨਿ ਉਛਾਲ ਨ ਉਭਿ ਚੜ੍ਹੰਦੀਆਂ ।

(ਅਰ ਉਨ੍ਹਾਂ ਦਾ ਅੰਡਾ ਬੀ ਉਤਾਹਾਂ ਨੂੰ) ਉਛਲਕੇ ਛਾਲਾਂ ਮਾਰਦਾ ਹੈ, ਪਰੰਤੂ ('ਉਭ') ਅਕਾਸ਼ (ਦੇ ਅੰਤ ਨੂੰ) ਨਹੀਂ ਚੜ੍ਹਦੇ।

ਲਖ ਅਗਾਸ ਪਤਾਲ ਕਰਿ ਮੁਹਛੰਦੀਆਂ ।

ਲੱਖਾਂ ਅਕਾਸ਼ ਪਤਾਲ (ਅਕਾਲ ਪੁਰਖ ਦੀਆਂ) ਮੁਥਾਜੀਆਂ ਕੱਢਦੇ ਹਨ (ਭਾਵ ਅਕਾਸ਼ ਪਤਾਲ ਨਿਵਾਸੀ ਲੋਕ ਲਖਾਂ ਹੀ ਨਿੰਮ੍ਰਤਾ ਨਾਲ ਦੰਦੀਆਂ ਵਿਲਕਦੇ ਹਨ)।

ਦਰਗਹ ਇਕ ਰਵਾਲ ਬੰਦੇ ਬੰਦੀਆਂ ।੧੬।

(ਅਕਾਲ ਪੁਰਖ ਦੀ) ਦਰਗਾਹ ਦੇ ਬੰਦੇ ਅਰ ਬੰਦੀਆਂ (ਦਾਸ) ਦਾਸੀਆਂ ਅਗੇ ਏਹ) ਇਕ ਰਵਾਲ (ਕਿਣਕੇ) ਦੇ ਸਮਾਨ ਹਨ।

ਪਉੜੀ ੧੭

ਤ੍ਰੈ ਗੁਣ ਮਾਇਆ ਖੇਲੁ ਕਰਿ ਦੇਖਾਲਿਆ ।

ਮਾਯਾ ਦ੍ਵਾਰੇ ਤਿੰਨ ਗੁਣ (ਰਜੋ, ਤਮੋ, ਸਤੋ) ਦਾ ਖੇਲ ਕਰ ਕੇ ਦਿਖਾਇਆ ਹੈ।

ਖਾਣੀ ਬਾਣੀ ਚਾਰਿ ਚਲਤੁ ਉਠਾਲਿਆ ।

(ਚਾਰ) ਖਾਣੀਆ (ਅੰਡਜ, ਜੇਰਜ, ਸ੍ਵੇਤਜ, ਅਤੇ ਉਤਭੁਜ) ਚਾਰੇ ਬਾਣੀਆਂ (ਪਰਾ, ਪਸੰਤੀ, ਮੱਧਮਾ ਅਤੇ ਬੈਖਰੀ) ਦਾ ਕੌਤਕ ਬਣਾਇਆ ਹੈ।

ਪੰਜਿ ਤਤ ਉਤਪਤਿ ਬੰਧਿ ਬਹਾਲਿਆ ।

ਪੰਜ ਤਤ (ਅਪ, ਤੇਜ, ਵਾਯੂ, ਪ੍ਰਿਥਵੀ, ਅਕਾਸ਼) ਉਤਪਤ ਕਰ ਕੇ (ਉਨ੍ਹਾਂ ਦਾ) ਨਿਯਮ ਬੰਨ੍ਹ ਦਿੱਤਾ ਹੈ।

ਛਿਅ ਰੁਤਿ ਬਾਰਹ ਮਾਹ ਸਿਰਜਿ ਸਮ੍ਹਾਲਿਆ ।

ਛੀ ਰੁਤਾਂ ਅਤੇ ਬਾਰਾਂ ਮਹੀਨੇ ਰਚਕੇ ਸਮ੍ਹਾਲ ਕੀਤੀ (ਭਾਵ ਵਕਤ ਦਾ ਕੌਤਕ ਰਚਕੇ ਇਸਦਾ ਸਰੰਜਾਮ ਤੇ ਨਿਯਮ ਬੀ ਬੰਨ੍ਹ ਦਿੱਤੇ, ਕਿਉਂਕਿ ਪਰਕ੍ਰਿਤੀ ਦਾ ਖੇਲ ਇਸ ਬਿਨ ਨਿਭਦਾ ਨਹੀਂ)।

ਅਹਿਨਿਸਿ ਸੂਰਜ ਚੰਦੁ ਦੀਵੇ ਬਾਲਿਆ ।

ਦਿਨ (ਦੇ ਲਈ) ਸੂਰਜ (ਤੇ) ਰਾਤ (ਦੇ ਚਾਨਣ ਲਈ) ਚੰਦ (ਮਾਨੋਂ ਦੋ) ਦੀਵੇ ਬਾਲੇ ਹਨ।

ਇਕੁ ਕਵਾਉ ਪਸਾਉ ਨਦਰਿ ਨਿਹਾਲਿਆ ।੧੭।

(ਏਹ ਸਾਰਾ ਪਸਾਰਾ) ਇਕ ਬਚਨ ਥੋਂ ਪਸਾਰਕੇ (ਆਪ) ਨਦਰ ਨਾਲ ਡਿੱਠਾ ('ਕਰਿ ਆਸਣੁ ਡਿਠੋ ਚਾਉ')।

ਪਉੜੀ ੧੮

ਕੁਦਰਤਿ ਇਕੁ ਕਵਾਉ ਥਾਪ ਉਥਾਪਦਾ ।

ਸ੍ਰਿਸ਼ਟੀ ਨੂੰ ਇਕ ਵਾਕ ਨਾਲ ਥਾਪਕੇ ਫੇਰ (ਉਥਾਪ ਕਹੀਏ) ਨਾਸ਼ ਕਰ ਦਿੰਦਾ ਹੈ।

ਤਿਦੂ ਲਖ ਦਰੀਆਉ ਨ ਓੜਕੁ ਜਾਪਦਾ ।

ਉਸੇ (ਅਕਾਲ ਪੁਰਖ) ਤੋਂ ਲੱਖਾਂ ਦਰੀਆਉ (ਫਰਿਸ਼ਤੇ, ਦੇਉਤੇ ਆਦਿ ਉਚੇਰੀ ਸ੍ਰਿਸ਼ਟੀ) ਦਾ ਅੰਤ ਕੋਈ ਨਹੀਂ ਪਾ ਸਕਦਾ।

ਲਖ ਬ੍ਰਹਮੰਡ ਸਮਾਉ ਨ ਲਹਰਿ ਵਿਆਪਦਾ ।

ਉਸਦੇ (ਇਕ ਇਕ ਰੋਮ ਵਿਖੇ) ਲੱਖਾਂ ਬ੍ਰਹਮੰਡਾਂ ਦੀ ਕਮਾਈ ਹੈ (ਤੇ ਆਪ ਉਸਨੂੰ ਕੋਈ) ਲਹਿਰ ਨਹੀਂ ਵਿਆਪਦੀ (ਭਾਵ, ਆਪ ਕਦੇ ਬਦਲਦਾ ਨਹੀਂ, ਇਕ ਰਸ ਤ੍ਰ੍ਰੈਕਾਲ ਅਬਾਧ ਰੂਪ ਰਹਿੰਦਾ ਹੈ)।

ਕਰਿ ਕਰਿ ਵੇਖੈ ਚਾਉ ਲਖ ਪਰਤਾਪਦਾ ।

(ਉਹ ਅਪਣੀ ਰਚਨਾਂ ਨੂੰ) ਕਰ ਕਰ ਕੇ ਚਾਉ ਨਾਲ ਦੇਖਦਾ ਅਰ ਲੱਖਾਂ ਨੂੰ ਪ੍ਰਤਾਪਵਾਨ ਕਰ ਰਿਹਾ ਹੈ।

ਕਉਣੁ ਕਰੈ ਅਰਥਾਉ ਵਰ ਨ ਸਰਾਪ ਦਾ ।

ਕੌਣ ਉਸਦੇ (ਅਰਥਾਉ ਅੰਤ ਨੂੰ ਜਾਂ) ਸਿਧਾਂਤ ਨੂੰ ਦੱਸ ਸਕਦਾ ਹੈ, ਉਸਨੂੰ ਨਾ ਵਰ ਦਾ ਨਾ ਸਰਾਪ ਦਾ (ਅਤੇ)

ਲਹੈ ਨ ਪਛੋਤਾਉ ਪੁੰਨੁ ਨ ਪਾਪ ਦਾ ।੧੮।

ਨਾ ਪੁੰਨ ਦਾ ਨ ਪਾਪ ਦਾ ਪਛੋਤਾਉ ਹੈ।

ਪਉੜੀ ੧੯

ਕੁਦਰਤਿ ਅਗਮੁ ਅਥਾਹੁ ਅੰਤੁ ਨ ਪਾਈਐ ।

(ਅਕਾਲ ਪੁਰਖ ਦੀ) ਰਚਨਾ ਅਗਮ ਤੇ ਅਥਾਹ ਹੈ (ਉਸਦਾ) ਅੰਤ ਨਹੀਂ ਪਾਇਆ ਜਾਂਦਾ।

ਕਾਦਰੁ ਬੇਪਰਵਾਹੁ ਕਿਨ ਪਰਚਾਈਐ ।

ਕਰਤਾ ਬੇਪਰਵਾਹ ਹੈ (ਉਸ ਨੂੰ) ਕੌਣ ਪਰਚਾ ਸਕਦਾ ਏ, (ਭਾਵ ਕਿਸੇ ਦੇ ਵੱਸ ਵਿਖੇ ਨਹੀਂ ਆ ਸਕਦਾ। ਯਥਾ ਸ੍ਰੀ ਮੁਖਵਾਕ:-'ਨਾ ਤੂ ਆਵਹਿ ਵਸਿ ਬਹੁਤ ਘਿਣਾਵਣੈ॥ ਨਾ ਤੂ ਆਵਹਿ ਵਸਿ ਬੇਦ ਪੜਾਵਣੇ॥ ਨਾ ਤੂ ਆਵਹਿ ਵਸਿ ਤੀਰਥਿ ਨਾਈਐ॥ ਨਾ ਤੂ ਆਵਹਿ ਵਸਿ ਧਰਤੀ ਧਾਈਐ”॥)

ਕੇਵਡੁ ਹੈ ਦਰਗਾਹ ਆਖਿ ਸੁਣਾਈਐ ।

(ਉਸ ਦੀ) ਕਚਹਿਰੀ ਕਿੱਡੀਕੁ ਹੈ ਆਖਕੇ ਸੁਣਾਓ ਤਾਂ ਸਹੀ?

ਕੋਇ ਨ ਦਸੈ ਰਾਹੁ ਕਿਤੁ ਬਿਧਿ ਜਾਈਐ ।

ਕੋਈ ਰਾਹ ਨਹੀਂ ਦੱਸ ਸਕਦਾ, ਕਿੱਕੁਰ (ਉਥੇ) ਜਾਈਏ।

ਕੇਵਡੁ ਸਿਫਤਿ ਸਲਾਹ ਕਿਉ ਕਰਿ ਧਿਆਈਐ ।

ਕਿੱਡੀਕੁ (ਉਸਦੀ) ਸਿਫਤ (ਬਾਣੀ ਕਰਕੇ) ਸਲਾਹੀਏ ਅਤੇ ਧਿਆਈਏ ਕਿਕੂੰ (ਮਨ ਉਥੇ ਪਹੁੰਚ ਨਹੀਂ ਸਕਦਾ)।

ਅਬਿਗਤਿ ਗਤਿ ਅਸਗਾਹੁ ਨ ਅਲਖੁ ਲਖਾਈਐ ।੧੯।

(ਉਸਦੀ) ਗਤਿ (ਗ੍ਯਾਨ ਅਥਵਾ ਪ੍ਰਾਪਤੀ ਕਠਨ ਅਤੇ ਅਸਗਾਹ ਹੈ, (ਉਹ ਅਲਖ ਹੈ ਨਹੀਂ ਲਖਿਆ ਜਾਂਦਾ।

ਪਉੜੀ ੨੦

ਆਦਿ ਪੁਰਖੁ ਪਰਮਾਦਿ ਅਚਰਜੁ ਆਖੀਐ ।

ਆਦੀ ਪੁਰਖ ਹੈ (ਪਰੰਤੂ ਉਸਦੀ ਆਦਿ ਦਾ ਸਮਯ ਨਾ ਮਿਲਣੇ ਕਰ) ਪਰਮਾਦਿ (ਕਹੀਦਾ ਹੈ) (ਆਦਿ ਨਾ ਹੋਣ ਕਰਕੇ) ਅਚਰਜ (ਆਉਂਦਾ ਹੈ, ਤਦ ਅਚਰਜ ਰੂਪ ਹੀ) ਕਹੀਦਾ ਹੈ।

ਆਦਿ ਅਨੀਲੁ ਅਨਾਦਿ ਸਬਦੁ ਨ ਸਾਖੀਐ ।

ਆਦ ਹੈ, ਅਕਲੰਕ ਹੈ, ਆਦ ਤੋਂ ਰਹਿਤ ਹੈ, (ਕੋਈ ਸਾਖੀ ਨਹੀਂ ਦੇ ਸਕਦਾ ਕਿ ਕਿੱਡਾ ਹੈ। ਜੇ ਕਹੋ ਕਿ ਹੋਰ ਪ੍ਰਮਾਣ ਤਾਂ ਨਹੀਂ ਪਰ ਸਬਦ ਪ੍ਰਮਾਣ ਤਾਂ ਹੈ; ਕਹਿੰਦੇ ਹਨ ਉਹ ਬੀ ਨੇਤਿ ਨੇਤਿ ਕਹਿਕੇ ਹੀ ਖਹਿੜਾ ਛੁਡਾਂਦੇ ਹਨ, ਤਾਂ ਤੇ) ਸਬਦ (ਪ੍ਰਮਾਣ ਬੀ) ਸਾਖੀ ਨਹੀਂ ਭਰ ਸਕਦਾ।

ਵਰਤੈ ਆਦਿ ਜੁਗਾਦਿ ਨ ਗਲੀ ਗਾਖੀਐ ।

ਆਦਿ ਜੁਗਾਦਿ ਵਿਖੇ ਵਰਤ ਰਿਹਾ ਹੈ (ਇਹ ਹੈ ਸਦਾ, ਪਰ) ਗੱਲਾਂ ਨਾਲ ਵਿਚਾਰਿਆ ਨਹੀਂ ਜਾਂਦਾ।

ਭਗਤਿ ਵਛਲੁ ਅਛਲਾਦਿ ਸਹਜਿ ਸੁਭਾਖੀਐ ।

ਭਗਤਾਂ ਦਾ ਪਿਆਰਾ ਹੈ (ਉਹ ਆਪ) ਆਦ ਥੋਂ ਅਛਲ ਹੈ ਸਹਿਜ (ਯਥਾਰਥ ਹੈ, ਅਵਸਥਾ ਅਤੀਤ) ਕਹੀਦਾ ਹੈ।

ਉਨਮਨਿ ਅਨਹਦਿ ਨਾਦਿ ਲਿਵ ਅਭਿਲਾਖੀਐ ।

(ਜਦ) ਉਨਮਨ (ਤੁਰੀਆ ਪਦ) ਵਿਖੇ ਅਨਹਤ ਸਬਦ ਦੀ ਲਿਵ (ਲਗਦੀ ਹੈ, ਤਦ) ਅਭਿਲਾਖੀ ਦਾ ਹੈ (ਅਨੰਦ ਵਿਚ ਹੋਈਦਾ ਹੈ। ਭਾਵ ਉਸ ਆਨੰਦ ਤੋਂ ਅੱਕੀਦਾ ਨਹੀਂ, ਸਦਾ ਅਭਿਲਾਖ ਪ੍ਯਾਰੀ ਲਗਦੀ ਹੈ)।

ਵਿਸਮਾਦੈ ਵਿਸਮਾਦ ਪੂਰਨ ਪਾਖੀਐ ।

ਤਦੋਂ ਕੀ ਹੋਈਦਾ ਹੈ?) (ਆਪ ਵਾਹਿਗੁਰੂ) ਅਚਰਜ ਰੂਪ ਹੈ, ਪੂਰੇ ਪੱਖ ਵਾਲਾ ਹੈ (ਉਸ ਵਿਖੇ ਵਿਸਮਾਦ) ਅਚਰਜ (ਹੋਈਦਾ ਹੈ)।

ਪੂਰੈ ਗੁਰ ਪਰਸਾਦਿ ਕੇਵਲ ਕਾਖੀਐ ।੨੦।੨੧। ਇਕੀਹ ।

ਕੇਵਲ (ਇਕ) ਪੂਰਣ ਗੁਰੂ (ਨਾਨਕ ਦੇਵ) ਦੀ ਕ੍ਰਿਪਾ ਹੀ (ਉਸਦੀ ਪ੍ਰਾਪਤੀ ਦਾ ਸਾਧਨ) ਚਾਹੀਏ, (ਕਿਉਂ ਜੋ ਇਸੇ ਕਰ ਕੇ ਮਿਲ ਸਕਦਾ ਹੈ)।


Flag Counter