ਵਾਰਾਂ ਭਾਈ ਗੁਰਦਾਸ ਜੀ

ਅੰਗ - 36


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

(ਅਪਤੀਣਾ=ਬੇਪ੍ਰਤੀਤਾ। ਲਵੈ=ਬੋਲੇ। ਓਡੀਣਾ=ਉਦਾਸੀਨ) ਮੀਣਾ=ਦੱਖਣੀ ਪੰਜਾਬ ਦੇ ਜ਼ਿਲਿਆਂ ਵਿਚ ਇਕ ਜੁਰਮ ਪੇਸ਼ਾ ਕੌਮ ਹੈ ਜਿਸ ਦਾ ਨਾਮ ਮੀਣਾ ਹੈ, ਏਹ ਲੋਕ ਅਜਬ ਹੀਲਿਆਂ ਨਾਲ ਮੁਸਾਫਰਾਂ, ਸੰਗਾਂ ਤੇ ਕਾਫਲਿਆਂ ਨੂੰ ਲੁੱਟਦੇ ਹੁੰਦੇ ਸੇ। ਇਥੇ ਬੁਰੇ ਆਦਮੀ ਨੂੰ ਮੀਣਾ ਕਹਿੰਦੇ ਹਨ ਆਮ ਅਰਥ ਮੀਸਣਾ ਹੈ। ਕਪਟੀ, ਛਲੀਆ ਜੋ ਉਤੋਂ ਹੋ

ਤੀਰਥ ਮੰਝਿ ਨਿਵਾਸੁ ਹੈ ਬਗੁਲਾ ਅਪਤੀਣਾ ।

ਬਗਲਾ ਤੀਰਥ ਪੁਰ ਹੀ ਰਹਿੰਦਾ ਹੈ (ਪਰੰਤੂ ਤੀਰਥ ਪਰ) ਪ੍ਰਤੀਤ ਨਹੀਂ ਰਖਦਾ, (ਕਿ ਇਹ ਭਜਨ ਦਾ ਥਾਉਂ ਹੈ, ਇਥੇ ਪਾਪ ਕਰਨਾ ਜੋਗ ਨਹੀਂ)।

ਲਵੈ ਬਬੀਹਾ ਵਰਸਦੈ ਜਲ ਜਾਇ ਨ ਪੀਣਾ ।

ਚਾਤ੍ਰਿਕ ਜਲ ਦੇ ਵਰਸਦਿਆਂ ਲਉਂਦਾ ਰਹਿੰਦਾ ਹੈ, ਜੋ ਜਲ ਪਾਣ ਨਹੀਂ ਕਰਦਾ।

ਵਾਂਸੁ ਸੁਗੰਧਿ ਨ ਹੋਵਈ ਪਰਮਲ ਸੰਗਿ ਲੀਣਾ ।

ਬਾਂਸ ਵਿਖੇ ਸੁਗੰਧੀ ਨਹੀਂ ਹੁੰਦੀ ਭਾਵੇਂ ਚੰਦਨ ਦੇ ਪਾਸ ਹੀ ('ਲੀਣਾ') ਮਗਨ ਰਹੇ।

ਘੁਘੂ ਸੁਝੁ ਨ ਸੁਝਈ ਕਰਮਾ ਦਾ ਹੀਣਾ ।

ਉੱਲੂ ਨੂੰ (ਚਾਨਣਾ) ਸੂਰਜ ਨਹੀਂ ਦਿੱਸਦਾ, ਕਰਮਾਂ ਦਾ ਹੀਣਾ ਹੈ।

ਨਾਭਿ ਕਥੂਰੀ ਮਿਰਗ ਦੇ ਵਤੈ ਓਡੀਣਾ ।

ਹਰਣ ਦੀ ਧੁੰਨੀ ਵਿਖੇ ਕਸਤੂਰੀ ਹੈ। (ਪਰੰਤੂ ਉਹ) ਉਦਾਸ ਹੋਇਆ (ਝਾੜੀਆਂ ਦੀ ਸੁੰਘਦਾ) ਫਿਰਦਾ ਹੈ।

ਸਤਿਗੁਰ ਸਚਾ ਪਾਤਿਸਾਹੁ ਮੁਹੁ ਕਾਲੈ ਮੀਣਾ ।੧।

ਸਤਿਗੁਰੂ ਸਚਾ ਪਾਤਸ਼ਾਹ ਹੈ, ਪਰ ਮੀਣਿਆਂ ਦਾ ਮੂੰਹ ਕਾਲਾ ਹੈ।

ਪਉੜੀ ੨

ਨੀਲਾਰੀ ਦੇ ਮਟ ਵਿਚਿ ਪੈ ਗਿਦੜੁ ਰਤਾ ।

ਇਕ ਗਿੱਦੜ ਲਿਲਾਰੀ ਦੇ ਮਟਕੇ ਵਿਚ ਪੈਕੇ ਰੰਗਿਆ ਗਿਆ।

ਜੰਗਲ ਅੰਦਰਿ ਜਾਇ ਕੈ ਪਾਖੰਡੁ ਕਮਤਾ ।

ਬਨ ਵਿਖੇ ਜਾ ਕੇ ਉਸ ਨੇ ਪਾਖੰਡ ਕੀਤਾ (ਕਿ ਮੈਂ ਇਸ ਬਨ ਦਾ ਰਾਜਾ ਹਾਂ)।

ਦਰਿ ਸੇਵੈ ਮਿਰਗਾਵਲੀ ਹੋਇ ਬਹੈ ਅਵਤਾ ।

ਮਿਰਗਾਂ ਦੀ ਕਤਾਰ ਉਸ ਦੇ ਬੂਹੇ ਪੁਰ ਖੜੋਕੇ ਸੇਵਾ ਕਰਨ ਲਗੀ, ਉਹ ਆਕੜ ਦੇ ਬੈਠਣ ਲੱਗਾ। (ਭਾਵ ਹੰਕਾਰੀ ਹੋਕੇ ਘੂਰਨ ਲੱਗਾ)।

ਕਰੈ ਹਕੂਮਤਿ ਅਗਲੀ ਕੂੜੈ ਮਦਿ ਮਤਾ ।

ਜੀਵਾਂ ਪੁਰ ਬਹੁਤ ਹੁਕਮ ਕਰਨ ਲੱਗਾ, ਝੂਠੀ ਸ਼ਰਾਬ ਦੀ ਮਸਤੀ ਵਿਖੇ ਮਸਤ ਹੋ ਗਿਆ, (ਇਕੇਰਾਂ ਜਦ ਗਿੱਦੜ ਰਾਤ ਨੂੰ ਹੁਆਂ ਹੁਆਂ ਦੀ ਬੋਲੀ ਬੋਲਣ ਲਗੇ ਉਹ ਬੀ ਬੋਲ ਬੈਠਾ, ਇਸ ਗਲ ਤੋਂ ਪਛਾਣਿਆ ਗਿਆ)

ਬੋਲਣਿ ਪਾਜ ਉਘਾੜਿਆ ਜਿਉ ਮੂਲੀ ਪਤਾ ।

(ਇਸ) ਬੋਲ ਪੈਣ ਨੇ ਪਾਜ ਖੋਲ ਦਿੱਤਾ, ਜਿਸ ਤਰ੍ਹਾਂ ਮੂਲੀ ਦਾ ਡਕਾਰ (ਪਾਜ ਖੋਹਲ ਦੇਂਦਾ ਹੈ) (ਹੁਣ ਸਾਰੀ ਮਿਰਗਾਵਲੀ ਨੇ ਮਾਰਕੇ ਕੱਢ ਦਿੱਤਾ ਕਿ ਇਹ ਤਾਂ ਵੱਡਾ ਕੂੜਾ ਤੇ ਕੁਪੱਤਾ ਹੈ॥

ਤਿਉ ਦਰਗਹਿ ਮੀਣਾ ਮਾਰੀਐ ਕਰਿ ਕੂੜੁ ਕੁਪਤਾ ।੨।

ਇਸੇ ਤਰ੍ਹਾ ਦਰਗਾਹ ਵਿਖੇ ਮੀਣਾ ਝੂਠਾ ਤੇ ਕੁਪੱਤਾ ਹੋਣ ਕਰ ਕੇ ਮਾਰੀਦਾ ਹੈ।

ਪਉੜੀ ੩

ਚੋਰੁ ਕਰੈ ਨਿਤ ਚੋਰੀਆਂ ਓੜਕਿ ਦੁਖ ਭਾਰੀ ।

ਚੋਰ (ਪਰਾਈਆਂ) ਚੋਰੀਆਂ ਕਰਦਾ ਹੈ, (ਪਰੰਤੂ) ਅੰਤ ਨੂੰ ਭਾਰੀ ਦੁਖ ਭੋਗਦਾ ਹੈ।

ਨਕੁ ਕੰਨੁ ਫੜਿ ਵਢੀਐ ਰਾਵੈ ਪਰ ਨਾਰੀ ।

ਜੋ ਪਰਾਈ ਇਸਤ੍ਰੀ ਨੂੰ ਭੋਗਦਾ ਹੈ ਉਸ ਦੇ ਨੱਕ ਕੰਨ ਫੜ ਕੇ ਵੱਢੇ ਜਾਂਦੇ ਹਨ।

ਅਉਘਟ ਰੁਧੇ ਮਿਰਗ ਜਿਉ ਵਿਤੁ ਹਾਰਿ ਜੂਆਰੀ ।

ਔਖੇ ਰਸਤੇ (ਭਾਵ ਜਾਲ ਵਿਖੇ) ਫਸੇ ਹੋਏ ਮਿਰਗ ਵਾਂਗੂੰ ਜੁਆਰੀਆ (ਆਪਣਾ) ਧਨ ਹਾਰ ਬੈਠਦਾ ਹੈ।

ਲੰਙੀ ਕੁਹਲਿ ਨ ਆਵਈ ਪਰ ਵੇਲਿ ਪਿਆਰੀ ।

ਲੰਙੀ ਨੂੰ ਸੁਹਣੀ ਚਾਲ ਨਹੀਂ ਆਉਦੀ, ਫੇਰ ਬੀ ਪਰਾਈ ਇਸਤ੍ਰੀ ਪ੍ਯਾਰੀ ਹੀ ਲੱਗਦੀ ਹੈ (ਭਾਵ ਖੋਟੇ ਪੁਰਖਾਂ ਨੂੰ ਪਰਾਈ ਸ਼ੈ ਭਾਉਂ ਦੀ ਹੈ ਭਾਵੇਂ ਉਹ ਬੁਰੀ ਹੀ ਹੋਵੇ, ਚੋਰੀ ਦਾ ਗੁੜ ਮਿੱਠਾ)।

ਵਗ ਨ ਹੋਵਨਿ ਕੁਤੀਆ ਮੀਣੇ ਮੁਰਦਾਰੀ ।

ਕੁੱਤੀਆਂ ਦੇ ਕਦੇ ਵੱਗ ਨਹੀਂ ਹੁੰਦੇ (ਵਗ ਗਊਆਂ ਦੇ ਹੀ ਹੁੰਦੇ ਹਨ)। ਮੀਣੇ ਮੁਰਦੇ ਖਾਣੇ ਹਨ। (ਭਾਵ ਇਹ ਕਿ ਕਪਟੀ ਆਗੂ ਹੋਕੇ ਜੋ ਸੰਗ ਮਗਰ ਲਾਵੇ ਤਾਂ ਸੰਗ ਨਿਭ ਨਹੀਂ ਸਕਦਾ, ਸੱਚੇ ਦੇ ਮਗਰ ਹੀ ਸੰਗ ਨਿਭ ਸਕਦਾ ਹੈ। ਮੁਰਦਾਰੀ ਏਸ ਆਸ਼ੇ ਤੇ ਕਿਹਾ ਹੈ “ਕੂੜੁ ਬੋਲਿ ਮੁਰਦਾਰੁ ਖਾਇ”॥)

ਪਾਪਹੁ ਮੂਲਿ ਨ ਤਗੀਐ ਹੋਇ ਅੰਤਿ ਖੁਆਰੀ ।੩।

ਪਾਪ ਕਰਨ ਤੋਂ ਕਦੇ ਉੱਧਾਰ ਨਹੀਂ ਹੁੰਦਾ, ਅੰਤ ਨੂੰ ਖੇਹ ਖਰਾਬੀ ਹੀ ਹੁੰਦੀ ਹੈ।

ਪਉੜੀ ੪

ਚਾਨਣਿ ਚੰਦ ਨ ਪੁਜਈ ਚਮਕੈ ਟਾਨਾਣਾ ।

ਟਾਨਾਣਾ ਭਾਵੇਂ ਕਿੰਨਾ (ਰਾਤ ਨੂੰ) ਚਮਕੇ (ਪਰੰਤੂ) ਚੰਦ੍ਰਮਾਂ ਦੇ ਚਾਨਣ ਨੂੰ ਪੁੱਜ ਨਹੀਂ ਸਕਦਾ।

ਸਾਇਰ ਬੂੰਦ ਬਰਾਬਰੀ ਕਿਉ ਆਖਿ ਵਖਾਣਾ ।

ਬੂੰਦ ਕਦੇ ਸਮੁੰਦ੍ਰ ਦੀ ਬਰਾਬਰੀ (ਕਰ ਸਕਦੀ ਹੈ? ਇਹ ਗਲ) ਕਿਕੂੰ ਕਹੀ ਜਾਵੇ।

ਕੀੜੀ ਇਭ ਨ ਅਪੜੈ ਕੂੜਾ ਤਿਸੁ ਮਾਣਾ ।

ਕੀੜੀ ਹਾਥੀ ਦੀ ਰੀਸ ਕਰੇ ਤਾਂ ਉਸ ਦਾ ਗੁਮਾਨ ਝੂਠਾ ਹੈ।

ਨਾਨੇਹਾਲੁ ਵਖਾਣਦਾ ਮਾ ਪਾਸਿ ਇਆਣਾ ।

ਇਆਣਾ ਹੋਕੇ ਮਾਂ ਦੇ ਪਾਸ ਆਕੇ ਨਾਨਕਿਆਂ ਦਾ ਹਾਲ ਸੁਣਾਵੇ (ਕਿ ਮਾਪਿਆਂ ਨਾਲੋਂ ਚੰਗੇ ਹਨ, ਕੀ ਉਹ ਮਾਂ ਨਾਲੋਂ ਵਧੀਕ ਜਾਣ ਸਕਦਾ ਹੈ? ਕਦੇ ਨਹੀਂ। ਅੱਗੇ ਪੰਜਵੀਂ ਤੇ ਛੀਵੀਂ ਤੁਕ ਵਿਖੇ ਉਪਦੇਸ਼ ਦਿੰਦੇ ਹਨ)।

ਜਿਨਿ ਤੂੰ ਸਾਜਿ ਨਿਵਾਜਿਆ ਦੇ ਪਿੰਡੁ ਪਰਾਣਾ ।

ਮੁਢਹੁ ਘੁਥਹੁ ਮੀਣਿਆ ਤੁਧੁ ਜਮਪੁਰਿ ਜਾਣਾ ।੪।

ਹੇ ਮੀਣਿਆ। ਜਿਸਨੇ ਤੈਨੂੰ ਸਾਜਿਆ ਅਤੇ ਵਡਿਆਇਆ ਹੈ ਪਿੰਡ ਅਰ ਪ੍ਰਾਣ ਦਿੱਤੇ ਹਨ, (ਜੇਕਰ ਉਸ ਨੂੰ ਨਾ ਜਾਣੇਗਾ ਅਰ ਸੱਚ ਤੇ ਭਲਿਆਈ ਦੇ ਰਸਤਿਓਂ ਭੁੱਲਾ ਫਿਰੇਂਗਾ ਤਦ) ਹੇ ਮੁੱਢ ਤੋਂ ਘੁੱਥੇ ਹੋਏ। ਤੂੰ ਜਮਪੁਰੀ ਨੂੰ ਜਾਏਂਗਾ।

ਪਉੜੀ ੫

ਕੈਹਾ ਦਿਸੈ ਉਜਲਾ ਮਸੁ ਅੰਦਰਿ ਚਿਤੈ ।

ਕੈਹਾਂ (ਨਾਮ ਵਾਲਾ ਧਾਤੂ) ਚਿੱਟਾ ਦਿਸਦਾ ਹੈ (ਪਰੰਤੂ) ਉਸ ਦੇ ਅੰਦਰ ਕਾਲਖ ਚਿੱਤ੍ਰਤ ਹੈ (ਭਾਵ ਅਭੇਦ ਹੋਈ ਹੋਈ ਹੈ। ਇਸ ਲਈ ਦੁਭਾਂਤੀਆ ਹੈ)।

ਹਰਿਆ ਤਿਲੁ ਬੂਆੜ ਜਿਉ ਫਲੁ ਕੰਮ ਨ ਕਿਤੈ ।

ਜਿਕੂੰ ਹਰਿਆ ਬੂਆੜ ਦਾ ਬੂਟਾ ਤਿਲਾਂ (ਖੱਤੇ ਵਿਖੇ ਉੱਗਦਾ ਹੈ) ਪਰੰਤੂ ਉਸ ਦਾ ਫਲ ਕਿਸੇ ਕੰਮ ਦਾ ਨਹੀਂ ਹੁੰਦਾ।

ਜੇਹੀ ਕਲੀ ਕਨੇਰ ਦੀ ਮਨਿ ਤਨਿ ਦੁਹੁ ਭਿਤੈ ।

ਕਨੇਰ ਦੀ ਕਲੀ ਮਨੋਂ ਤਨੋਂ ਹੀ ਹੁੰਦੀ ਹੈ (ਦੇਖਣ ਨੂੰ ਸੋਹਣੀ ਅੰਦਰੋਂ ਵਿਹੁਲੀ ਹੈ)।

ਪੇਂਝੂ ਦਿਸਨਿ ਰੰਗੁਲੇ ਮਰੀਐ ਅਗਲਿਤੈ ।

ਪੇਂਝੂ ਦੇ ਫਲ ਦੇਖਣ ਨੂੰ ਲਾਲ ਗੁਲਾਲ ਹੁੰਦੇ ਹਨ, ਪਰ ਬਾਹਲੇ ਖਾਣ ਨਾਲ ਮਰ ਜਾਈਦਾ ਹੈ।

ਖਰੀ ਸੁਆਲਿਓ ਵੇਸੁਆ ਜੀਅ ਬਝਾ ਇਤੈ ।

ਵੇਸਵਾ ਖਰੀ ਸੋਹਣੀ ਹੁੰਦੀ ਹੈ (ਪਰ) ਚਿਤ ਉਸ ਦੇ ਵਿਖੇ ਬੱਝ ਜਾਂਦਾ ਹੈ (ਅੰਤ ਉਸ ਦਾ ਖਰਾਬ ਹੁੰਦਾ ਹੈ)।

ਖੋਟੀ ਸੰਗਤਿ ਮੀਣਿਆ ਦੁਖ ਦੇਂਦੀ ਮਿਤੈ ।੫।

ਹੇ ਮੀਣੇ, ਖੋਟੀ ਸੰਗਤ (ਅੰਤ ਮਿੱਤ੍ਰਾਂ ਨੂੰ ਹੀ ਦੁਖ ਦੇਂਦੀ ਹੈ (ਅਥਵਾ ਮੀਣਿਆਂ ਦੀ ਸੰਗਤ ਕਰਨੀ ਖੋਟੀ ਹੈ, ਸੱਜਨਾਂ ਨੂੰ ਦੁਖਦਾਈ ਹੁੰਦੀ ਹੈ)।

ਪਉੜੀ ੬

ਬਧਿਕੁ ਨਾਦੁ ਸੁਣਾਇ ਕੈ ਜਿਉ ਮਿਰਗੁ ਵਿਣਾਹੈ ।

ਸ਼ਿਕਾਰੀ (ਘੰਟਾਹੇੜੀ ਦਾ) ਨਾਦ (ਵਾਜਾ) ਸੁਣਾਕੇ ਜਿੱਕੁਰ ਮਿਰਗ ਨੂੰ ਫੜ ਲੈਂਦਾ ਹੈ।

ਝੀਵਰੁ ਕੁੰਡੀ ਮਾਸੁ ਲਾਇ ਜਿਉ ਮਛੀ ਫਾਹੈ ।

ਮਾਛੀ ਕੁੰਡੀ ਵਿਖੇ ਮਾਸ (ਦੀ ਬੋਟੀ) ਲਾਕੇ ਮੱਛੀ ਨੂੰ ਫਸਾ ਲੈਂਦਾ ਹੈ।

ਕਵਲੁ ਦਿਖਾਲੈ ਮੁਹੁ ਖਿੜਾਇ ਭਵਰੈ ਵੇਸਾਹੈ ।

ਕਵਲ (ਦਾ ਫੁਲ) ਆਪਣੇ ਮੂੰਹ ਖਿੜਾਕੇ ਦਸਦਾ ਹੈ, ਭਵਰਾ ਉਸ ਦੇ ਉਤੇ ਵਿਸਾਹਿਆ ਜਾਂਦਾ ਹੈ। (ਇਸ ਲਈ ਸਾਰੀ ਰਾਤ ਉਸ ਦੇ ਵਿੱਚ ਕੈਦ ਕਟੀ ਕਰਦਾ ਹੈ)

ਦੀਪਕ ਜੋਤਿ ਪਤੰਗ ਨੋ ਦੁਰਜਨ ਜਿਉ ਦਾਹੈ ।

ਦੀਵੇ ਦੀ ਲਾਟ ਵੈਰੀ ਵਾਂਙੂੰ ਭੰਬਟ ਨੂੰ ਸਾੜ ਸਿਟਦੀ ਹੈ।

ਕਲਾ ਰੂਪ ਹੋਇ ਹਸਤਨੀ ਮੈਗਲੁ ਓਮਾਹੈ ।

ਕਲਬੂਤੀ ਹਥਨੀ ਹੋ ਕੇ ਹਾਥੀ ਦੇ ਦਿਲ ਨੂੰ ਖੁਸ਼ੀ ਦਿੰਦੀ ਹੈ (ਇਸ ਲਈ ਖਾਤੇ ਵਿਚ ਪੈਕੇ ਕੈਦ ਹੁੰਦਾ ਹੈ)।

ਤਿਉ ਨਕਟ ਪੰਥੁ ਹੈ ਮੀਣਿਆ ਮਿਲਿ ਨਰਕਿ ਨਿਬਾਹੈ ।੬।

ਮੀਣਿਆਂ (ਅਰਥਾਤ ਬੇਮੁਖਾਂ) ਦਾ ਨਕਟਾ ਪੰਥ (ਅਰਥਾਤ ਏਪਤਾ ਪੰਥ) ਹੈ, (ਜੋ ਉਨ੍ਹਾਂ ਦੀ) ਸੰਗਤ ਕਰਦਾ ਹੈ ਨਰਕ ਵਿਖੇ ਗ਼ੋਤੇ ਖਾਂਦਾ ਹੈ।

ਪਉੜੀ ੭

ਹਰਿਚੰਦੁਉਰੀ ਦੇਖਿ ਕੈ ਕਰਦੇ ਭਰਵਾਸਾ ।

ਹਰੀ ਚੰਦ ਦੀ ਨਗਰੀ (ਅਰਥਾਤ ਧੁੰਏ ਧਾਰ) ਨੂੰ (ਨਗਰ ਦੇ ਅਕਾਰ ਵਾਂਗੂੰ) ਵੇਖਕੇ ਭਰੋਸਾ ਕਰਦੇ ਹਨ (ਕਿ ਇਹ ਸੱਚਾ ਨਗਰ ਵਸਦਾ ਹੈ)।

ਥਲ ਵਿਚ ਤਪਨਿ ਭਠੀਆ ਕਿਉ ਲਹੈ ਪਿਆਸਾ ।

ਜਿਸ ਥਲ ਵਿਖੇ ਭੱਠ ਤਪਣ (ਅਰਥਾਤ ਕਹਿਰ ਦੀ ਧੁੱਪ ਪੈਂਦੀ ਹੋਵੇ) ਉਥੇ ਕਿੱਕੁਰ ਤੇਹ ਲਹਿੰਦੀ ਹੈ? (ਭਾਵ ਮ੍ਰਿਗ ਤ੍ਰਿਸ਼ਨਾ ਦਾ ਜਲ ਸੱਚ ਮੁੱਚ ਦਾ ਜਲ ਕਿਥੇ ਹੋ ਸਕਦਾ ਹੈ)।

ਸੁਹਣੇ ਰਾਜੁ ਕਮਾਈਐ ਕਰਿ ਭੋਗ ਬਿਲਾਸਾ ।

ਸੁਫਨੇ ਵਿਖੇ ਰਾਜ ਕਰੀਏ ਅਰ ਨਾਨਾ ਭੋਗ ਬਿਲਾਸ ਕਮਾਈਐ (ਤਦ ਪੱਲੈ ਕੀਹ ਬੱਝਦਾ ਹੈ?)।

ਛਾਇਆ ਬਿਰਖੁ ਨ ਰਹੈ ਥਿਰੁ ਪੁਜੈ ਕਿਉ ਆਸਾ ।

ਬ੍ਰਿੱਛ ਦੀ ਛਾਂ ਥਿਰ ਰਹਿੰਦੀ ਨਹੀਂ ਆਸਾ ਕਿੱਕੁਰ ਪੂਰਣ ਹੋਵੇ, (ਭਾਵ ਭੋਜਨ ਅਜੇ ਵਿਚੇ ਹੀ ਰਹਿੰਦਾ ਹੈ ਕਿ ਸਿਰ ਤੇ ਧੁਪ ਆ ਜਾਂਦੀ ਹੈ)।

ਬਾਜੀਗਰ ਦੀ ਖੇਡ ਜਿਉ ਸਭੁ ਕੂੜੁ ਤਮਾਸਾ ।

ਬਾਜੀਗਰ ਦੀ ਖੇਡ ਵਾਂਗੂੰ (ਬੇਮੁਖਾਂ ਦੇ) ਸਭ ਕੂੜੇ ਹੀ ਤਮਾਸ਼ੇ ਹਨ।

ਰਲੈ ਜੁ ਸੰਗਤਿ ਮੀਣਿਆ ਉਠਿ ਚਲੈ ਨਿਰਾਸਾ ।੭।

ਮੀਣਿਆਂ' (ਅਰਥਾਤ ਬੇਮੁਖਾਂ) ਦੀ ਸੰਗਤ ਵਿਖੇ ਜੋ ਮਿਲ ਬੈਠਦਾ ਹੈ ਉਹ ਨਿਰਾਸ ਹੋਕੇ (ਅੰਤ ਨੂੰ) ਉਠ ਤੁਰਤਾ ਹੈ (ਉਸ ਦੇ ਦਿਨ ਕਾਣੇ ਪੂਰੇ ਨਹੀਂ ਹੁੰਦੇ, ਮਨ ਦੀ ਮਨ ਵਿਖੇ ਹੀ ਰਹਿ ਜਾਂਦੀ ਹੈ)।

ਪਉੜੀ ੮

ਕੋਇਲ ਕਾਂਉ ਰਲਾਈਅਨਿ ਕਿਉ ਹੋਵਨਿ ਇਕੈ ।

ਕੋਇਲਾਂ ਅਤੇ ਕਾਉਂ ਦੋਵੇਂ ਕੱਠੇ ਕਰੀਏ ਤਾਂ ਕੀ ਇਕ ਹੋ ਸਕਦੇ ਹਨ? (ਅੱਗੇ ਉਤਰ ਦਿੰਦੇ ਹਨ)।

ਤਿਉ ਨਿੰਦਕ ਜਗ ਜਾਣੀਅਨਿ ਬੋਲਿ ਬੋਲਣਿ ਫਿਕੈ ।

ਤਿਵੇਂ ਬੇਮੁਖ ਲੋਕ ਜਗਤ ਵਿਖੇ ਜਾਣੇ ਜਾਂਦੇ ਹਨ, (ਕਿਉਂ ਜੋ ਓਹ) ਕੌੜੇ ਬੋਲ (ਕਾਵਾਂ ਵਾਂਗੂੰ) ਬੋਲਦੇ ਹਨ (ਅਰ ਗੁਰਮੁਖ ਕੋਇਲਾਂ ਵਾਂਗੂੰ ਸਭ ਨੂੰ ਅਨੰਦਦਾਇਕ ਬਚਨ ਬੋਲਦੇ ਹਨ)।

ਬਗੁਲੇ ਹੰਸੁ ਬਰਾਬਰੀ ਕਿਉ ਮਿਕਨਿ ਮਿਕੈ ।

ਬਗਲਾ ਹੰਸ ਦੀ ਬਰਾਬਰੀ ਕਰ ਕੇ ਕਿੱਕੁਰ ਉਸ ਦੀ ਮਿਲੌਨੀ ਵਿਖੇ ਮਿਲਦਾ ਹੈ? (“ਹੰਸਾਂ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ”)।

ਤਿਉ ਬੇਮੁਖ ਚੁਣਿ ਕਢੀਅਨਿ ਮੁਹਿ ਕਾਲੇ ਟਿਕੈ ।

ਇਸੇ ਤਰ੍ਹਾਂ ਬੇਮੁਖ (ਹੰਸਾਂ ਵਿਚੋਂ) ਚੁਣਕੇ ਕੱਢੇ ਜਾਂਦੇ ਹਨ, ਅਰ ਮੂੰਹਾਂ ਪੁਰ ਕਾਲੇ ਦਾਗ ਦਿਤੇ ਜਾਂਦੇ ਹਨ (ਤਾਂ ਜੋ ਹੰਸਾਂ ਵਿਖੇ ਮਿਲ ਨਾ ਸੱਕਣ)।

ਕਿਆ ਨੀਸਾਣੀ ਮੀਣਿਆ ਖੋਟੁ ਸਾਲੀ ਸਿਕੈ ।

ਕਿਆ ਚਿੰਨ ਹੈ ਬੇਮੁਖਾਂ ਦਾ ਉਹ ਖੋਟੀ ਟਕਸਾਲ ਦੇ ਸਿੱਕੇ (ਰੁਪਏ) ਹਨ (ਭਾਵ ਉਨ੍ਹਾਂ ਦਾ ਕੋਈ ਚਿੰਨ ਚੱਕ੍ਰ ਨਹੀਂ ਹੈ)।

ਸਿਰਿ ਸਿਰਿ ਪਾਹਣੀ ਮਾਰੀਅਨਿ ਓਇ ਪੀਰ ਫਿਟਿਕੈ ।੮।

ਸਿਰੇ ਸਿਰ ਜੁੱਤੀਆਂ ਦੀਆਂ ਮਾਰਾਂ ਖਾਂਦੇ ਹਨ, (ਕਿਉਂ ਜੋ ਜਿਥੇ ਗੁਰੂ ਦੀ ਨਿੰਦਾ ਕਰਦੇ ਹਨ) ਉਥੇ ਹੀ 'ਪੀਰ ਫਿਟਿਕੇ' ਦੀ ਗਾਲ ਖਾਂਦੇ ਹਨ (ਇਹੋ ਜੁੱਤੀਆਂ ਹਨ)।

ਪਉੜੀ ੯

ਰਾਤੀ ਨੀਂਗਰ ਖੇਲਦੇ ਸਭ ਹੋਇ ਇਕਠੇ ।

(ਚਾਂਦਨੀ) ਰਾਤ ਦੇ ਵੇਲੇ ਬਾਲਕ ਸਭ ਇਕੱਠੇ ਹੋਕੇ ਖੇਡਾਂ ਖੇਡਦੇ ਹਨ।

ਰਾਜਾ ਪਰਜਾ ਹੋਵਦੇ ਕਰਿ ਸਾਂਗ ਉਪਠੇ ।

ਕੋਈ ਰਾਜਾ ਕੋਈ ਪਰਜਾ ਬਣ ਜਾਂਦਾ ਹੈ, ਉਲਟੇ ਪੁਲਟੇ ਕਈ ਸਾਂਗ ਬਣਾ ਲੈਂਦੇ ਹਨ।

ਇਕਿ ਲਸਕਰ ਲੈ ਧਾਵਦੇ ਇਕਿ ਫਿਰਦੇ ਨਠੇ ।

ਇਕ (ਮੁੰਡਿਆਂ ਦੀ) ਸੈਨਾ ਆਪਣੇ ਨਾਲ ਲਾਕੇ ਦੌੜਦੇ ਹਨ। ਇਕ (ਹਾਰ ਖਾਕੇ) ਨੱਠੇ ਫਿਰਦੇ ਹਨ।

ਠੀਕਰੀਆਂ ਹਾਲੇ ਭਰਨਿ ਉਇ ਖਰੇ ਅਸਠੇ ।

ਇਕ ਠੀਕਰੀਆਂ ਦੇ ਰੁਪਏ ਬਣਾ ਕੇ ਮਾਮਲੇ ਤਾਰਨ ਜਾਂਦੇ ਹਨ, ਓਹ ਖਰੇ ਸਿਆਣੇ (ਬਣ ਬਹਿੰਦੇ ਹਨ)।

ਖਿਨ ਵਿਚਿ ਖੇਡ ਉਜਾੜਿਦੇ ਘਰੁ ਘਰੁ ਨੂੰ ਤ੍ਰਠੇ ।

ਥੋੜੇ ਵਿਚ ਹੀ ਖੇਡ ਨੂੰ ਉਜਾੜ ਕੇ ਘਰੋ ਘਰੀ ਨੱਸਕੇ ਆ ਜਾਂਦੇ ਹਨ। (ਦਾਰਸ਼ਟਾਂਤ ਦੱਸਦੇ ਹਨ)

ਵਿਣੁ ਗੁਣੁ ਗੁਰੂ ਸਦਾਇਦੇ ਓਇ ਖੋਟੇ ਮਠੇ ।੯।

ਗੁਰੂ ਦੇ ਬਾਝ ਜੋ (ਮੂਰਖ ਲੋਕ) ਆਪ ਨੂੰ ਗੁਰੂ ਸਦਾਉਂਦੇ ਹਨ, ਓਹ ਖੋਟੇ ਤੇ (ਮਨ ਦੇ) ਆਲਸੀ ਢੱਗੇ ਹਨ।

ਪਉੜੀ ੧੦

ਉਚਾ ਲੰਮਾ ਝਾਟੁਲਾ ਵਿਚਿ ਬਾਗ ਦਿਸੰਦਾ ।

ਸੰਘਣਾ (ਸਿੰਮਲ ਦਾ ਬੂਟਾ) ਬਾਗ ਵਿਖੇ (ਸੁੰਦਰ) ਦਿੱਸਦਾ ਹੈ।

ਮੋਟਾ ਮੁਢੁ ਪਤਾਲਿ ਜੜਿ ਬਹੁ ਗਰਬ ਕਰੰਦਾ ।

ਮੁੰਢ ਮੋਟਾ ਹੈ ਜੜ੍ਹ (ਵੱਡੀ ਡੂੰਘੀ ਮਾਨੋਂ) ਪਤਾਲ (ਗਈ ਹੋਈ ਹੈ।) ਹੰਕਾਰ ਵੱਡਾ ਕਰਦਾ ਹੈ (ਕਿ ਮੈਂ ਸਭਨਾਂ ਨਾਲੋਂ ਦ੍ਰਿੜ ਅਰ ਵਿਸਥਾਰ ਵਾਲਾ ਹਾਂ)।

ਪਤ ਸੁਪਤਰ ਸੋਹਣੇ ਵਿਸਥਾਰੁ ਬਣੰਦਾ ।

ਪੱਤ ਸਾਵੇ ਤੇ ਸੋਹਣੇ ਹਨ, ਲੰਮੇ ਚੌੜੇ ਫੈਲਾਉ ਵਿਖੇ ਪਸਰਿਆ ਹੋਇਆ ਹੈ।

ਫੁਲ ਰਤੇ ਫਲ ਬਕਬਕੇ ਹੋਇ ਅਫਲ ਫਲੰਦਾ ।

ਫੁਲ ਲਾਲ ਪਰੰਤੂ ਫਲ ਉਸ ਦੇ ਬਕਬਕੇ ਹੁੰਦੇ, ਇਸ ਲਈ ਫਲਦਾ ਹੋਇਆ ਬੀ ਅੱਫਲ ਹੈ, (ਕਿਉਂ ਜੋ)

ਸਾਵਾ ਤੋਤਾ ਚੁਹਚੁਹਾ ਤਿਸੁ ਦੇਖਿ ਭੁਲੰਦਾ ।

ਸਾਵੇ ਰੰਗ ਦੇ ਤੋਤੇ ਚੁਹ ਚੁਹ ਕਰ ਕੇ ਚੀਕਦੇ ਹੋਏ ਉਸ ਦੇ ਫਲਾਂ ਪਰ ਭੁੱਲਦੇ ਹਨ।

ਪਿਛੋ ਦੇ ਪਛੁਤਾਇਦਾ ਓਹੁ ਫਲੁ ਨ ਲਹੰਦਾ ।੧੦।

ਪਿੱਛੋਂ ਨੂੰ ਓਹ ਪੱਛੋਤਾਪ ਕਰ ਕੇ ਮੁੜ ਜਾਂਦੇ ਹਨ, (ਕਿਉਂ ਜੋ) ਓਹ (ਅਨੰਦਦਾਇਕ) ਫਲ ਨਹੀਂ ਪਾ ਸਕੇ।

ਪਉੜੀ ੧੧

ਪਹਿਨੈ ਪੰਜੇ ਕਪੜੇ ਪੁਰਸਾਵਾਂ ਵੇਸੁ ।

(ਹੀਜੜਾ) ਪੁਰਸ਼ਾਂ ਵਾਲਾ (ਸਾਰਾ) ਵੇਸ ਕਰੇ, ਪੰਜ ਕਪੜੇ ਬੀ ਪਹਿਨ ਲਵੇ।

ਮੁਛਾਂ ਦਾੜ੍ਹੀ ਸੋਹਣੀ ਬਹੁ ਦੁਰਬਲ ਵੇਸੁ ।

ਮੁੱਛਾਂ ਤੇ ਦਾਹੜੀ ਬੀ ਸੋਹਣੀ (ਲਾ ਲਵੇ, ਯਾ ਹੋ ਪਵੇ ਤੇ) ਡੀਲ ਬੀ ਛੀਟਕੀ ਹੋਵੇ।

ਸੈ ਹਥਿਆਰੀ ਸੂਰਮਾ ਪੰਚੀਂ ਪਰਵੇਸੁ ।

ਸੋ (ਸਾਰੇ) ਹਥਿਆਰ ਲਾ ਕੇ ਸੂਰਮਾਂ (ਬੀ ਬਣੇ ਤੇ) ਚੌਧਰੀ ਬਨ ਬੈਠੇ।

ਮਾਹਰੁ ਦੜ ਦੀਬਾਣ ਵਿਚਿ ਜਾਣੈ ਸਭੁ ਦੇਸੁ ।

ਦੀਵਾਨ ਆਦਿਕ ਵਿਚ ਮੁਖੀਆ (ਬੀ ਹੋ ਜਾਵੇ) ਸਾਰੇ ਦੇਸ਼ ਉਸ ਨੂੰ (ਮੁਖੀਆ) ਜਾਣ ਬੀ ਲਵੇ।

ਪੁਰਖੁ ਨ ਗਣਿ ਪੁਰਖਤੁ ਵਿਣੁ ਕਾਮਣਿ ਕਿ ਕਰੇਸੁ ।

ਪੁਰਖੱਤਾ ਬਿਨਾਂ ਉਸ ਨੂੰ ਪੁਰਖ ਨਾ ਗਿਣ, (ਕਿਉਂਕਿ) ਵਹੁਟੀ ਉਸ ਨੂੰ ਕੀਹ ਕਰੇ (ਭਾਵ ਸਾਰੇ ਮਰਦਾਂ ਵਾਲੇ ਸ਼ਿੰਗਾਰਾਂ ਦੇ ਹੁੰਦਿਆਂ ਉਹ ਇਸਤ੍ਰੀ ਦੇ ਗਉਂ ਦਾ ਨਹੀਂ ਹੈ, ਤਿਵੇਂ ਨਿਗੁਰੇ ਪੁਰਖ ਜਗਿਆਸੂਆਂ ਲਈ ਨਿਕੰਮੇ ਹਨ)।

ਵਿਣੁ ਗੁਰ ਗੁਰੂ ਸਦਾਇਦੇ ਕਉਣ ਕਰੈ ਅਦੇਸੁ ।੧੧।

ਜੋ ਗੁਰੂ ਹੀਣ ਗੁਰੂ ਬਣ ਬੈਠਦੇ ਹਨ (ਉਨ੍ਹਾਂ ਨੂੰ) ਕਉਣ ਮੱਥਾ ਟੇਕੇ?

ਪਉੜੀ ੧੨

ਗਲੀਂ ਜੇ ਸਹੁ ਪਾਈਐ ਤੋਤਾ ਕਿਉ ਫਾਸੈ ।

ਜੋ ਗੱਲਾਂ ਨਾਲ ਸ਼ਹੁ ਮਿਲੇ (ਤਦ ਬਹੁਤ ਗੱਲਾਂ ਦਾ ਧਨ) ਤੋਤਾ ਕਿਉਂ ਫਸੇ (ਪਿੰਜਰੇ ਪਵੇ)।

ਮਿਲੈ ਨ ਬਹੁਤੁ ਸਿਆਣਪੈ ਕਾਉ ਗੂੰਹੁ ਗਿਰਾਸੈ ।

ਜੇ ਅੱਤ ਸਿਆਣਪ ਨਾਲ ਮਿਲੇ (ਤਦ) ਕਾਉਂ ਗੰਦਗੀ ਕਿਉਂ ਖਾਵੇ?

ਜੋਰਾਵਰੀ ਨ ਜਿਪਈ ਸੀਹ ਸਹਾ ਵਿਣਾਸੈ ।

ਤੇ ਜ਼ੋਰਵਾਰੀ ਨਾਲ (ਬੀ ਨਹੀਂ ਮਿਲਦਾ (ਜੇ ਮਿਲੇ ਤਕ) ਸਹਿਆ ਸ਼ੇਰ ਨੂੰ ਕਿਸ ਤਰ੍ਹਾਂ ਮਾਰ ਲਵੇ?

ਗੀਤ ਕਵਿਤੁ ਨ ਭਿਜਈ ਭਟ ਭੇਖ ਉਦਾਸੈ ।

ਜੇ (ਨਿਰੇ) ਗੀਤਾਂ ਤੇ ਕਬੇੱਤਾਂ ਪਰ ਹੀ ਰੀਝੇ ਤਕ ਭੱਟ (ਕਿਉਂ) ਦਾਸ ਵੇਸ ਵਿਚ ਹਨ?

ਜੋਬਨ ਰੂਪੁ ਨ ਮੋਹੀਐ ਰੰਗੁ ਕੁਸੁੰਭ ਦੁਰਾਸੈ ।

ਜੋਬਨ ਰੂਪ ਨਾਲ ਬੀ ਨਹੀਂ ਮੋਹੀਦਾ ਕਸੁੰਭੇ ਦਾ ਰੰਗ (ਤੇ ਜੋਬਨ ਚੁਹਚੁਹਾਪਨ) ਨਾਸ਼ ਹੀ ਹੁੰਦਾ ਹੈ।

ਵਿਣੁ ਸੇਵਾ ਦੋਹਾਗਣੀ ਪਿਰੁ ਮਿਲੈ ਨ ਹਾਸੈ ।੧੨।

ਹੇ ਦੋਹਾਗਣੀ। ਸੇਵਾ ਬਿਨ ਪਤੀ ਹਾਸਿਆਂ ਨਾਲ ਨਹੀਂ ਮਿਲਦਾ।

ਪਉੜੀ ੧੩

ਸਿਰ ਤਲਵਾਏ ਪਾਈਐ ਚਮਗਿਦੜ ਜੂਹੈ ।

ਜੇ ਸਿਰ ਹੇਠ ਕੀਤੀਆਂ (ਉਰਧ ਤਪ, ਬ੍ਰਿੱਛਾਂ ਨਾਲ ਟੰਗੀਜ ਕੇ) ਮਿਲਦੀ ਤਾਂ ਬਨਾਂ ਵਿਚ ਚਮਗਿੱਦੜਾਂ (ਨੂੰ ਮੁਕਤੀ ਮਿਲ ਪੈਂਦੀ)।

ਮੜੀ ਮਸਾਣੀ ਜੇ ਮਿਲੈ ਵਿਚਿ ਖੁਡਾਂ ਚੂਹੈ ।

ਜੇ ਮੜੀਆਂ ਮਸਾਣਾਂ (ਵਿਚ ਵਸਿਆਂ ਯਾ ਅਗਨ ਤਪ ਤਪਿਆਂ) ਮਿਲਦੀ ਤਾਂ ਚੂਹਿਆਂ ਨੂੰ ਖੁਡਾਂ ਵਿਚ ਮਿਲ ਪੈਂਦੀ (ਖੁੱਡਾਂ ਕਬਰ ਸਮਾਨ ਕਹੀਆਂ ਹਨ)

ਮਿਲੈ ਨ ਵਡੀ ਆਰਜਾ ਬਿਸੀਅਰੁ ਵਿਹੁ ਲੂਹੈ ।

ਵੱਡੀ ਉਮਾ ਨਾਲ ਬੀ ਨਹੀਂ ਮਿਲਦੀ, ਸੱਪ (ਵੱਡੀ ਉਮਰ ਵਾਲਾ) ਜ਼ਹਿਰ ਨਾਲ ਹੀ ਲੂੰਹਦਾ ਰਹਿੰਦਾ ਹੈ, (ਯਾ ਚਿਰਜੀਵੇ ਜੋਗੀ ਮੁਕਤ ਕਿਉਂ ਨਾਂ ਹੁੰਦੇ, ਉਮਰ ਵਧਾਣ ਤੇ ਲਾਲਚ ਰੂਪ ਵਿਹੁ ਵਿਚ ਕਿਉਂ ਫਸੇ ਰਹਿੰਦੇ)।

ਹੋਇ ਕੁਚੀਲੁ ਵਰਤੀਐ ਖਰ ਸੂਰ ਭਸੂਹੇ ।

ਜੇ ਕੁਚੀਲ (ਸ੍ਰਾਵਗੀ ਜਾਂ ਘੋਰੀ ਬਣਿਆਂ) ਵਰਤਣ ਵਰਤਿਆ (ਮਿਲ ਸਕਦੀ ਤਦ) ਸੂਰ ਤੇ ਖੋਤੇ ਭਸ- ਖੇਹ- ਵਿਚ ਕਿਉਂ ਰੁਲਦੇ?

ਕੰਦ ਮੂਲ ਚਿਤੁ ਲਾਈਐ ਅਈਅੜ ਵਣੁ ਧੂਹੇ ।

ਜੇ ਕੰਦ ਮੂਲ (ਫਲਾਂ ਫੁਲਾਂ) ਪੁਰ ਗੁਜ਼ਾਰਾ ਕੀਤਿਆਂ (ਬਨਬਾਸੀ ਹੋਇਆਂ ਫਲੋਹਾਰੀ ਵਰਤ ਰੱਖਿਆ ਮਿਲ ਸਕਦੀ ਹੁੰਦੀ ਤਾਂ ਭੇਡਾਂ ਬਕਰੀਆਂ ਦੇ) ਅੱਯੜ ਵਣ ਹੀ ਖਾਂਦੇ ਹਨ। (ਪਰ ਮੁਕਤ ਨਹੀਂ ਹੋਏ।

ਵਿਣੁ ਗੁਰ ਮੁਕਤਿ ਨ ਹੋਵਈ ਜਿਉਂ ਘਰੁ ਵਿਣੁ ਬੂਹੇ ।੧੩।

ਬਿਨਾਂ ਗੁਰੂ ਦੇ ਮੁਕਤੀ ਨਹੀਂ ਹੁੰਦੀ, ਜਿਸ ਤਰ੍ਹਾਂ ਬਿਨਾ ਬੂਹਿਆਂ ਦੇ ਘਰ ਨਹੀਂ (ਕਹੀਦਾ)।

ਪਉੜੀ ੧੪

ਮਿਲੈ ਜਿ ਤੀਰਥਿ ਨਾਤਿਆਂ ਡਡਾਂ ਜਲ ਵਾਸੀ ।

ਜੇ ਤੀਰਥ ਨ੍ਹਾਤਿਆਂ (ਮੁਕਤੀ) ਮਿਲਦੀ (ਤਾਂ) ਡੱਡਾਂ ਬੀ ਜਲ ਵਾਸੀ ਹਨ।

ਵਾਲ ਵਧਾਇਆਂ ਪਾਈਐ ਬੜ ਜਟਾਂ ਪਲਾਸੀ ।

ਜਟਾਂ ਵਧਾਇਆਂ (ਬੀ ਮੁਕਤੀ ਨਹੀਂ ਮਿਲਦੀ), ਮਿਲਦੀ (ਹੁੰਦੀ ਤਾਂ) ਬੋੜ੍ਹ ਦੀਆਂ ਜੜ੍ਹਾਵਾਂ (ਬਹੁਤ) ਲਮਕਦੀਆਂ ਹਨ।

ਨੰਗੇ ਰਹਿਆਂ ਜੇ ਮਿਲੈ ਵਣਿ ਮਿਰਗ ਉਦਾਸੀ ।

(ਨਿਰੇ) ਨੰਗੇ ਰਿਹਾਂ ਜੇ (ਮੁਕਤ) ਮਿਲਦੀ ਹੈ ਤਾਂ ਬਨਾਂ ਵਿਚ ਮਿਰਗ (ਖਰੇ) ਉਦਾਸੀ (ਨਾਂਗੇ) ਹਨ।

ਭਸਮ ਲਾਇ ਜੇ ਪਾਈਐ ਖਰੁ ਖੇਹ ਨਿਵਾਸੀ ।

ਜੇ ਭਬੂਤ (ਸੁਆਹ) ਲਾਇਆਂ ਮਿਲਦੀ ਹੈ ਤਾਂ ਖੋਤਾ ਖੇਹ ਵਿਚ ਹੀ ਲੇਟਦਾ ਹੈ।

ਜੇ ਪਾਈਐ ਚੁਪ ਕੀਤਿਆਂ ਪਸੂਆਂ ਜੜ ਹਾਸੀ ।

ਜੇ ਚੁਪ ਕੀਤਿਆਂ ਪਾ ਸਕੀਦੀ ਹੈ ਤਾਂ ਪਸੂ (ਸਭ) ਜੜ੍ਹ-(ਮੌਨ) - ਹੀ ਹਨ।

ਵਿਣੁ ਗੁਰ ਮੁਕਤਿ ਨ ਹੋਵਈ ਗੁਰ ਮਿਲੈ ਖਲਾਸੀ ।੧੪।

ਗੁਰੂ ਬਿਨਾ ਮੁਕਤੀ ਨਹੀਂ ਮਿਲਦੀ (ਸੰਸਾਰ, ਆਵਾਗਵਨ, ਪਾਪ, ਸਭ ਤੋਂ ਖਲਾਸੀ ਗੁਰੂ (ਦੀ ਕ੍ਰਿਪਾ ਨਾਲ) ਹੀ ਮਿਲਦੀ ਹੈ।

ਪਉੜੀ ੧੫

ਜੜੀ ਬੂਟੀ ਜੇ ਜੀਵੀਐ ਕਿਉ ਮਰੈ ਧਨੰਤਰੁ ।

ਜੋ ਜੜੀਆਂ ਬੂਟੀਆਂ (ਦਵਾਵਾਂ) ਨਾਲ (ਅਮਰ ਜੀਵਨ - ਮੁਕਤੀ ਜੀਵਨ) ਜੀਉ ਸਕੀਏ ਤਾਂ ਧਨੰਤਰ ਵੈਦ ਕਿਉਂ ਮਰਦਾ?

ਤੰਤੁ ਮੰਤੁ ਬਾਜੀਗਰਾਂ ਓਇ ਭਵਹਿ ਦਿਸੰਤਰੁ ।

ਤੰਤ੍ਰਾਂ ਮੰਤ੍ਰਾਂ (ਜਾਦੂਆਂ) ਨਾਲ (ਅਮਰ ਜੀਵਨ ਮੁਕਤੀ ਮਿਲਦਾ ਤਾਂ) ਬਾਜ਼ੀਗਰ ਕਿਉਂ ਦੇਸ਼ਾਂਤ੍ਰਾਂ ਵਿਚ (ਪੈਸੇ ਮੰਗਦੇ) ਫਿਰਦੇ?

ਰੁਖੀਂ ਬਿਰਖੀਂ ਪਾਈਐ ਕਾਸਟ ਬੈਸੰਤਰੁ ।

ਜੇ ਰੁੱਖਾਂ ਬ੍ਰਿਛਾਂ (ਨਾਲ ਰੰਗੀਜਿਆਂ, ਜਾਂ ਤੁਲਸੀ ਪਿੱਪਲ ਆਦਿ ਪੂਜਿਆਂ ਮੁਕਤੀ) ਮਿਲ ਪੈਂਦੀ ਤਾਂ ਕਾਠ ਨੂੰ ਅੱਗ (ਕਿਉਂ ਤੋਂ ਵਿਆਪਦੀ ਹੈ, ਕਾਠ ਆਪ ਕਲੇਸ਼ ਤੋਂ ਵਿਪਾਕ ਨਹੀਂ ਹੋਇਆ)

ਮਿਲੈ ਨ ਵੀਰਾਰਾਧੁ ਕਰਿ ਠਗ ਚੋਰ ਨ ਅੰਤਰੁ ।

ਭੂਤ ਸੇਵਿਆਂ ਨਹੀਂ ਮਿਲਦੀ, ਚੋਰ ਤੇ ਠੱਗਾਂ ਵਿਚ ਅੰਤਰਾ ਨਹੀਂ (ਭਾਵ ਭੂਤ ਸੇਵੀ, ਚੋਰ ਤੇ ਠੱਗਾਂ ਵਿਚ ਕੁਛ ਫਰਕ ਨਹੀਂ, ਭੂਤ ਸੇਵੀ ਠੱਗੀ ਕਰ ਕੇ ਹੀ ਧਨ ਮੁਛ (ਲੈਂਦੇ ਹਨ)।

ਮਿਲੈ ਨ ਰਾਤੀ ਜਾਗਿਆਂ ਅਪਰਾਧ ਭਵੰਤਰੁ ।

ਰਾਤ ਜਾਗਿਆਂ ਨਹੀਂ ਮਿਲਦਾ, ਅਪਰਾਧੀ ਸਾਰੀ ਰਾਤ ਭੌਂਦੇ ਰਹਿੰਦੇ ਹਨ, (ਚੋਰ, ਜਾਰ, ਕੁਆਰ, ਰਾਤ ਜਾਗਕੇ ਹੀ ਪਾਪ ਕਰਦੇ ਹਨ)

ਵਿਣੁ ਗੁਰ ਮੁਕਤਿ ਨ ਹੋਵਈ ਗੁਰਮੁਖਿ ਅਮਰੰਤਰੁ ।੧੫।

ਬਿਨਾਂ ਗੁਰੂ ਦੇ ਮੁਕਤੀ ਨਹੀਂ ਹੁੰਦੀ, ਗੁਰਮਖ ਅਮਰ ਹਨ ਤੇ ਅਮਰ ਕਰਦੇ ਹਨ।

ਪਉੜੀ ੧੬

ਘੰਟੁ ਘੜਾਇਆ ਚੂਹਿਆਂ ਗਲਿ ਬਿਲੀ ਪਾਈਐ ।

ਚੂਹਿਆਂ ਨੇ ਘੜਿਆਲ ਬਨਵਾਇਆ ਕਿ ਬਿੱਲੀ ਦੇ ਗਲ ਪਾ ਦੇਈਏ, (ਤਾਂ ਜੋ, ਜਦ ਆਵੇ ਸਾਨੂੰ ਪਤਾ ਲੱਗ ਜਾਵੇ ਕਿ ਮਾਸੀ ਆਈ ਹੈ, ਪਰ ਏਹ ਬਾਤ ਅੰਸਭਵ ਹੈ, ਚੂਹੇ ਕਰ ਨਹੀਂ ਸਕਦੇ)।

ਮਤਾ ਮਤਾਇਆ ਮਖੀਆਂ ਘਿਅ ਅੰਦਰਿ ਨਾਈਐ ।

ਮੱਖੀਆਂ ਨੇ ਸਲਾਹ ਕੀਤੀ ਕਿ ਘਿਉ ਵਿਚ ਇਸ਼ਨਾਨ ਕਰੀਏ (ਇਹ ਬੀ ਅਸੰਭਵ ਹੈ)।

ਸੂਤਕੁ ਲਹੈ ਨ ਕੀੜਿਆਂ ਕਿਉ ਝਥੁ ਲੰਘਾਈਐ ।

ਕੀੜੀਆਂ (ਸਲਾਹ ਕੀਤੀ ਕਿ ਸੂਤਕ ਲਾਹੀਏ ਪਰ ਉਨ੍ਹਾਂ ਦਾ) ਵਕਤ ਹੀ ਨਹੀਂ ਲੰਘਦਾ (ਇਹ ਬੀ ਅਸੰਭਵ ਹੈ)।

ਸਾਵਣਿ ਰਹਣ ਭੰਬੀਰੀਆਂ ਜੇ ਪਾਰਿ ਵਸਾਈਐ ।

ਜੇ ਜਤਨ (ਬੀ ਕਰੀਏ ਸਾਵਣ ਦੇ ਭੰਬਟ ਭੰਬੀਰੀਆਂ ਰਹਿ ਨਹੀਂ ਸਕਦੇ (ਭੰਬਟ ਰਾਤ ਰਾਤ ਵਿਚ ਤੇ ਭੰਬੀਰੀਆਂ ਕੁਝ ਦਿਨਾਂ ਵਿਚ ਹੀ ਮਰ ਜਾਂਦੀਆਂ ਹਨ, ਇਨ੍ਹਾਂ ਦਾ ਰੱਖਣਾ ਬੀ ਅਸੰਭਵ ਹੈ)।

ਕੂੰਜੜੀਆਂ ਵੈਸਾਖ ਵਿਚਿ ਜਿਉ ਜੂਹ ਪਰਾਈਐ ।

ਵੈਸਾਖ ਵਿਚ ਜਿਕੂੰ ਕੂੰਜਾਂ ਪਰਾਈਆਂ ਜੂਹਾਂ ਵਿਚ (ਬੈਠਦੀਆਂ ਹਨ, ਸਦਾ ਓਥੇ ਰਖ ਲੈਣੀਆਂ ਅਸੰਭਵ ਹਨ)।

ਵਿਣੁ ਗੁਰ ਮੁਕਤਿ ਨ ਹੋਵਈ ਫਿਰਿ ਆਈਐ ਜਾਈਐ ।੧੬।

(ਤਿਵੇਂ ਅਸੰਭਵ ਹੈ) ਗੁਰ ਬਿਨਾਂ (ਮੁਕਤ ਹੋਣੀ ਆਵਾਗਵਨ ਮਿਟਦਾ ਨਹੀਂ, ਮੁਕਤਿ ਹੁੰਦੀ ਨਹੀਂ।)

ਪਉੜੀ ੧੭

ਜੇ ਖੁਥੀ ਬਿੰਡਾ ਬਹੈ ਕਿਉ ਹੋਇ ਬਜਾਜੁ ।

ਜੇ ਬੀਂਡਾ ਥੇਕੀ ਪਰ ਬੈਠ ਜਾਵੇ ਉਹ ਬਜਾਜ ਕਿਕੂੰ ਹੋ ਸਕਦਾ ਹੈ?

ਕੁਤੇ ਦੇ ਗਲ ਵਾਸਣੀ ਨ ਸਰਾਫੀ ਸਾਜੁ ।

ਜੇ ਕੁੱਤੇ ਦੇ ਗਲ ਵਾਂਸਲੀ (ਬੰਨ੍ਹ ਦੇਈਏ) ਤਦ ਉਹ ਸਰਾਫ ਵਾਲਾ ਸਮਾਨ ਨਹੀਂ ਕਰ ਸਕਦਾ।

ਰਤਨਮਣੀ ਗਲਿ ਬਾਂਦਰੈ ਜਉਹਰੀ ਨਹਿ ਕਾਜੁ ।

ਬਾਂਦਰ ਦੇ ਗਲ ਰਤਨ ਮਾਣਕ (ਬੰਨ੍ਹ ਦੇਈਏ ਤਦ ਉਹ ਜੌਹਰੀ ਦਾ ਕੰਮ ਨਹੀਂ ਕਰ ਸਕਦਾ।

ਗਦਹੁੰ ਚੰਦਨ ਲਦੀਐ ਨਹਿੰ ਗਾਂਧੀ ਗਾਜੁ ।

ਖੋਤੇ ਉਤੇ ਚੰਦਨ ਲੱਦ ਦੇਈਏ) ਤਾਂ ਉਹ ਗਾਂਧੀ ਨਹੀਂ ਕਹੀਦਾ।

ਜੇ ਮਖੀ ਮੁਹਿ ਮਕੜੀ ਕਿਉ ਹੋਵੈ ਬਾਜੁ ।

ਜੇ ਮਕੜੀ (ਡੌਰੇ) ਦੇ ਮੂੰਹ ਵਿਚ ਮੱਖੀ (ਆ ਜਾਵੇ) ਉਹ ਬਾਜ ਕਿਕੂੰ ਹੋ ਸਕਦੀ ਹੈ?

ਸਚੁ ਸਚਾਵਾਂ ਕਾਂਢੀਐ ਕੂੜਿ ਕੂੜਾ ਪਾਜੁ ।੧੭।

(ਤਿਵੇਂ ਹੀ ਸੱਚ ਨਾਲ ਲੱਭ ਲਈਦਾ ਹੈ, ਕੂੜੇ ਦਾ ਕੰਮ (ਦਸ ਦੇਂਦਾ ਹੈ ਕਿ ਇਹ) ਝੁਠਾ (ਤਯਾਗਨੀਯ ਹੈ)।

ਪਉੜੀ ੧੮

ਅੰਙਣਿ ਪੁਤੁ ਗਵਾਂਢਣੀ ਕੂੜਾਵਾ ਮਾਣੁ ।

(ਆਪਣੇ) ਵੇਹੜੇ ਵਿਚ ਗੁਆਂਢਣ ਦਾ ਪੁੱਤ (ਆ ਜਾਵੇ ਤਦ ਆਪਣਾ ਜਾਣਕੇ (ਉਸ ਦਾ) ਮਾਣ ਕਰਨਾ ਝੂਠਾ ਹੈ।

ਪਾਲੀ ਚਉਣਾ ਚਾਰਦਾ ਘਰ ਵਿਤੁ ਨ ਜਾਣੁ ।

ਛੇੜੂ ਵੱਗ ਨੂੰ ਚਾਰਦਾ ਹੈ, (ਪਰ ਵੱਗ ਨੂੰ) ਘਰ ਦਾ ਮਾਲ ਨਹੀਂ ਜਾਣ ਸਕਦਾ।

ਬਦਰਾ ਸਿਰਿ ਵੇਗਾਰੀਐ ਨਿਰਧਨੁ ਹੈਰਾਣੁ ।

(ਰੁਪੱਯਾਂ ਦੀ) ਥੈਲੀ ਵੰਗਾਰੀ ਦੇ ਸਿਰ ਤੇ ਹੁੰਦਿਆਂ ਬੀ ਉਹ ਨਿਰਧਨ ਤੇ ਹੈਰਾਨ (ਦੁਖੀ) ਹੈ (ਯਥਾ:- “ਖੇਦੁ ਭਇਓ ਬੇਗਾਰੀ ਨਿਆਈ ਘਰ ਕੇ ਕਾਮਿ ਨ ਆਇਆ”)।

ਜਿਉ ਕਰਿ ਰਾਖਾ ਖੇਤ ਵਿਚਿ ਨਾਹੀ ਕਿਰਸਾਣੁ ।

ਜਿਕੂੰ ਰਾਖਾ ਖੇਤ ਵਿਚ ਹੁੰਦਾ ਹੈ। (ਉਹ) ਜ਼ਿਮੀਦਾਰ (ਖੇਤ ਦਾ ਮਾਲਕ) ਨਹੀਂ ਹੋ ਜਾਂਦਾ।

ਪਰ ਘਰੁ ਜਾਣੈ ਆਪਣਾ ਮੂਰਖੁ ਮਿਹਮਾਣੁ ।

(ਉਹ) ਪਰਾਹੁਣਾ ਮੂਰਖ ਹੈ ਜੋ ਪਰਾਏ ਘਰ ਨੂੰ ਆਪਣਾ ਜਾਣਦਾ ਹੈ।

ਅਣਹੋਂਦਾ ਆਪੁ ਗਣਾਇੰਦਾ ਓਹੁ ਵਡਾ ਅਜਾਣੁ ।੧੮।

(ਤਿਵੇਂ ਜੋ) ਅਣਹੋਂਦ ਆਪ ਨੂੰ ਗਣਾਉਂਦਾ ਹੈ, ਉਹ ਵੱਡਾ ਮੂਰਖ ਹੈ। (ਯਥਾ:-ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ॥”)

ਪਉੜੀ ੧੯

ਕੀੜੀ ਵਾਕ ਨ ਥੰਮੀਐ ਹਸਤੀ ਦਾ ਭਾਰੁ ।

ਕੀੜੀ ਪਾਸੋਂ ਹਾਥੀ ਦਾ ਭਾਰ ਧੰਮ੍ਹੀਦਾ ਨਹੀਂ।

ਹਥ ਮਰੋੜੇ ਮਖੁ ਕਿਉ ਹੋਵੈ ਸੀਂਹ ਮਾਰੁ ।

ਮੱਖ ਕਿੰਨਾ ਹੀ ਹੱਥ ਮਰੋੜੇ, ਕੀ ਸ਼ੀਹ ਮਾਰ ਬਣ ਸਕਦਾ ਹੈ। (ਹੱਥਾਂ ਨਾਲ ਮੱਖੀਆਂ ਮਰੋੜਕੇ ਸ਼ੀਹ ਮਾਰ ਕਿਸ ਤਰ੍ਹਾਂ ਬਣ ਸਕਦਾ ਹੈ)।

ਮਛਰੁ ਡੰਗੁ ਨ ਪੁਜਈ ਬਿਸੀਅਰੁ ਬੁਰਿਆਰੁ ।

ਮੱਛਰ ਦਾ ਡੰਗ ਬਰੀਆਰ (ਜ਼ਬਰ ਦਸਤ) ਸਪ ਦੇ ਬਰਾਬਰ ਪੁੱਜ ਨਹੀਂ ਸਕਦਾ।

ਚਿਤ੍ਰੇ ਲਖ ਮਕਉੜਿਆਂ ਕਿਉ ਹੋਇ ਸਿਕਾਰੁ ।

ਜੇ ਲੱਖਾਂ ਮਕੌੜਿਆਂ ਨੂੰ ਕਈ ਰੰਗਾਂ ਨਾਲ) ਦਿੱਤ੍ਰਕੇ (ਨਾਲ ਰਖੀਏ) ਕਿਸੇ ਤਰ੍ਹਾਂ ਸ਼ਿਕਾਰ ਮਾਰ ਸਕਦਾ ਹੈ? (ਪਰ ਅਸਲ ਅਰਥ ਏਹ ਪ੍ਰਤੀਤ ਹੁੰਦਾ ਹੈ:- ਲਖ ਮਕੌੜਿਆਂ ਨਾਲ ਚਿੱਤ੍ਰੇ ਦਾ ਸ਼ਿਕਾਰ ਕਿਕੂੰ ਹੋ ਸਕਦਾ ਹੈ? ਜਾਂ ਲਖਾਂ ਮਕੌੜੇ ਮਾਰਕੇ ਚਿਤ੍ਰੇ ਜਾ ਸ਼ਿਕਾਰੀ ਨਹੀਂ ਬਣ ਜਾਂਦਾ)

ਜੇ ਜੂਹ ਸਉੜੀ ਸੰਜਰੀ ਰਾਜਾ ਨ ਭਤਾਰੁ ।

ਜੇਕਰ ਕਿਸੇ ਪੁਰਖ ਦੀ ਸਉੜੀ (ਰਜਾਈ) ਵਿਚ ਬਾਹਲੀਆਂ ਜੂੰਆ ਸੰਜਰ ਜਾਣ (ਘਰ ਕਰ ਜਾਣ) ਕੀ ਉਸ ਦਾ ਮਾਲਕ ਰਾਜਾ (ਇਸ ਲਈ ਬਣ ਸਕਦਾ ਹੈ ਕਿ ਮੇਰੇ ਵਿਚ ਜੂੰਆਂ ਦਾ ਲਸ਼ਕਰ ਬਾਹਲਾ ਹੈ) (ਅਥਵਾ ਕਿਸੇ ਦੀ ਵਹੁਟੀ ਦੀ 'ਸਉੜੀ' ਗੁੱਤ ਵਿਖੇ ਜੂੰਆਂ ਹੋਣ ਤਾਂ ਉਸ ਦਾ ਭਰਤਾ ਰਾਜਾ ਹੋ ਸਕਦਾ ਹੈ ਭਾਵ ਜੂੰਆਂ ਹੀ ਨਹੀਂ ਮਾਰ ਸਕਦਾ ਤਾਂ ਦੇ

ਅਣਹੋਂਦਾ ਆਪੁ ਗਣਾਇੰਦਾ ਉਹੁ ਵਡਾ ਗਵਾਰੁ ।੧੯।

(ਜੋ ਲੋਕ) ਅਣਹੋਂਦਾ (ਅਸਮਰਥ) ਹੋਕੇ ਫੇਰ ਆਪ ਨੂੰ ਗਣਾਉਂਦੇ ਹਨ ਓਹ ਵਡੇ ਗਵਾਰ ਹਨ।

ਪਉੜੀ ੨੦

ਪੁਤੁ ਜਣੈ ਵੜਿ ਕੋਠੜੀ ਬਾਹਰਿ ਜਗੁ ਜਾਣੈ ।

(ਮਾਂ) ਪੁੱਤ੍ਰ ਨੂੰ ਕੋਠੜੀ ਵਿਚ ਵੜਕੇ ਜਣਦੀ ਹੈ ਪਰ) ਜਗਤ ਨੂੰ ਬਾਹਰ ਮਲੂਮ ਹੋ ਜਾਂਦਾ ਹੈ।

ਧਨੁ ਧਰਤੀ ਵਿਚਿ ਦਬੀਐ ਮਸਤਕਿ ਪਰਵਾਣੈ ।

ਦੌਲਤ ਧਰਤੀ ਵਿਖੇ ਦੱਬੀਦੀ ਹੈ, ਮੱਥੇ ਵਿਖੇ (ਲੋਕ ਦਮਕ ਵੇਖਕੇ) ਪਰਵਾਣ ਕਰਦੇ ਹਨ।

ਵਾਟ ਵਟਾਊ ਆਖਦੇ ਵੁਠੈ ਇੰਦ੍ਰਾਣੈ ।

ਰਸਤੇ ਦੇ 'ਵਟਾਊ' (ਰਾਹੀ) ਲੋਕ ਬੀ ਦੱਸਦੇ ਹਨ ਕਿ ਮੀਂਹ ਵਰਸਿਆ ਹੈ। (ਭਾਵ ਵਰਖਾ ਗੁੱਝੀ ਨਹੀਂ ਰਹਿੰਦੀ)।

ਸਭੁ ਕੋ ਸੀਸੁ ਨਿਵਾਇਦਾ ਚੜ੍ਹਿਐ ਚੰਦ੍ਰਾਣੈ ।

(ਦੂਜ ਦੇ) ਚੰਦ ਚੜੇ ਨੂੰ ਹਰ ਕੋਈ ਮੱਥਾ ਟੇਕਦਾ ਹੈ।

ਗੋਰਖ ਦੇ ਗਲਿ ਗੋਦੜੀ ਜਗੁ ਨਾਥੁ ਵਖਾਣੈ ।

ਗੋਰਖ ਦੇ ਗਲ ਵਿਖੇ ਗੋਦੜੀ ਹੈ ਫਿਰ ਬੀ ਜਗਤ ਨਾਥ ਆਖਦੇ ਹਨ, (ਭਾਵ ਇਹ ਕਿ ਗੋਦੜੀ ਨਾਲ ਜਗਤ ਦਾ ਨਾਥ ਕੋਈ ਨਹੀਂ ਹੋ ਸਕਦਾ ਉਹ ਤਾਂ ਇਕ ਅਕਾਲ ਹੀ ਹੈ। ਅਜਿਹਾ ਹੀ ਕਿਸੇ ਦੇ ਕਿਹਾ ਕੋਈ ਵੱਡਾ ਨਹੀਂ ਹੁੰਦਾ, ਨਾ ਕਿਸੇ ਵੇਸ ਨਾਲ ਹੁੰਦਾ ਹੈ, ਗੁਣ ਚਾਹੀਏ)

ਗੁਰ ਪਰਚੈ ਗੁਰੁ ਆਖੀਐ ਸਚਿ ਸਚੁ ਸਿਾਣੈ ।੨੦।

ਗੁਰੂ ਨਾਲ ਪ੍ਰੇਮ ਕਰਨ ਨਾਲ ਗੁਰੂ ਆਖੀਦਾ ਹੈ ਕਿਉਂ ਜੋ ਸੱਚ ਨੂੰ ਸੱਚ ਪਛਾਣਦਾ ਹੈ।

ਪਉੜੀ ੨੧

ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ ।

ਮੈਂ ਅਪਰਾਧੀ¹, ਕਸੂਰ ਕਰਣ ਵਾਲਾ², ਬੇਮੁਖ³ ਅਤੇ ਮੰਦਾ⁴ ਹਾਂ।

ਚੋਰੁ ਯਾਰੁ ਜੂਆਰਿ ਹਉ ਪਰ ਘਰਿ ਜੋਹੰਦਾ ।

ਚੋਰ⁵, ਯਾਰ⁶, ਜੁਆਰੀਆ⁷, ਅਰ ਪਰਾਏ ਘਰਾਂ ਦੇ ਤੱਕਣ ਵਾਲਾ⁸ ਹਾਂ।

ਨਿੰਦਕੁ ਦੁਸਟੁ ਹਰਾਮਖੋਰ ਠਗੁ ਦੇਸ ਠਗੰਦਾ ।

ਨਿੰਦਕ⁹ ਦੁਸ਼ਟ¹⁰, ਹਰਾਮ ਖੋਰ¹¹, ਦੇਸਾਂ ਦੇ ਠਗਣ ਹਾਰਾ ਠੱਗ¹² ਹਾਂ।

ਕਾਮ ਕ੍ਰੋਧ ਮਦੁ ਲੋਭੁ ਮੋਹੁ ਅਹੰਕਾਰੁ ਕਰੰਦਾ ।

ਕਾਮ¹³, ਕ੍ਰੋਧ¹⁴, ਮਦ¹⁵, ਲੋਭ¹⁶, ਮੋਹ¹⁷ ਤੇ ਹੰਕਾਰ ਕਰਣ ਵਾਲਾ¹⁸ ਹਾਂ।

ਬਿਸਵਾਸਘਾਤੀ ਅਕਿਰਤਘਣ ਮੈ ਕੋ ਨ ਰਖੰਦਾ ।

ਵਿਸਾਹਘਾਤੀ¹⁹, ਅਕਿਰਤਘਣ²⁰ ਹਾਂ, ਮੈਨੂੰ ਕੋਈ ਰੱਖਣ ਹਾਰਾ ਨਹੀਂ ਹੈ। (ਅਜਿਹੇ ਪਾਪੀ ਦੀ ਰੱਖਯਾ ਕੌਣ ਕਰ ਸਕਦਾ ਹੈ?)

ਸਿਮਰਿ ਮੁਰੀਦਾ ਢਾਢੀਆ ਸਤਿਗੁਰ ਬਖਸੰਦਾ ।੨੧।੩੬। ਛੱਤੀ ।

(ਇਕ ਗੁਰ ਨਾਨਕ ਦੇਵ ਹੀ ਮੇਰੇ ਜਹੇ ਪਾਪੀਆਂ ਦੇ ਰੱਖਯਕ ਹਨ ਇਸ ਲਈ ਹੇ ਮੁਰੀਦ ਢਾਡੀ ਜਿਸ ਦੇ ਗਾਉਣ ਵਾਲੇ ਸਿਖ। ਅਜਿਹੇ) ਸਤਿਗੁਰੂ (ਨੂੰ) ਸਿਮਰਣ ਕਰ ਜੋ ਸਖਸੰਦਾ ਹੈ।


Flag Counter