ਵਾਰਾਂ ਭਾਈ ਗੁਰਦਾਸ ਜੀ

ਅੰਗ - 18


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਇਕ ਕਵਾਉ ਪਸਾਉ ਕਰਿ ਓਅੰਕਾਰ ਅਨੇਕ ਅਕਾਰਾ ।

ਓਅੰਕਾਰ' (ਪਰਮਾਤਮਾ) ਨੇ ਇਕ ਵਾਕ ਤੋਂ ਅਨੇਕ 'ਅਕਾਰੀ' (ਸਰੀਰ ਦਾ) ਪਸਾਰਾ ਕੀਤਾ ਹੈ।

ਪਉਣੁ ਪਾਣੀ ਬੈਸੰਤਰੋ ਧਰਤਿ ਅਗਾਸਿ ਨਿਵਾਸੁ ਵਿਥਾਰਾ ।

ਵਾਯੂ ੧, ਜਲ ੨, ਅਗਨੀ ੩, ਪ੍ਰਿਥਵੀ ੪, ਅਕਾਸ਼ ੫, (ਏਹ ਪੰਚ ਤਤ ਰਚਕੇ) (ਨਿਵਾਸ ਵਿਥਾਰਾ) ਘਰ ਕੀਤਾ (ਅਥਵਾ ਇਨ੍ਹਾਂ ਦੇ ਮੇਲ ਦਾ ਪਸਾਰਾ ਪਸਾਰਿਆ)।

ਜਲ ਥਲ ਤਰਵਰ ਪਰਬਤਾਂ ਜੀਅ ਜੰਤ ਅਗਣਤ ਅਪਾਰਾ ।

ਜਲਾਂ ਥਲਾਂ, ਤਰਵਰਾਂ, ਪਰਬਤਾਂ ਵਿਖੇ ਜੀਆ ਜੰਤ ਗਿਣਤੀ ਥੋਂ ਬਾਹਰ (ਬੇ ਓੜਕ) ਰਚ ਦਿੱਤੇ।

ਇਕੁ ਵਰਭੰਡੁ ਅਖੰਡੁ ਹੈ ਲਖ ਵਰਭੰਡ ਪਲਕ ਪਲਕਾਰਾ ।

ਇਕ ('ਵਰਭੰਡ' ਕਹੀਏ) ਸ੍ਰੇਸ਼ਟ ਭਾਂਡਾ (ਭਾਵ ਆਧਾਰ ਰੂਪ ਆਤਮਾ) ਇਕ ਰਹਿੰਦਾ ਹੈ ਅਰ ਹੋਰ ਲਖਾਂ ਬ੍ਰਹਿਮੰਡਾਂ ਦਾ ਪ੍ਰਕਾਰ ਅੱਖ ਦੇ ਫੋਰ ਵਿਚ ਕਰ ਸਕਦਾ ਹੈ ('ਹਰਨ ਭਰਨ ਜਾਕਾ ਨੇਤ੍ਰ ਫੋਰੁ')।

ਕੁਦਰਤਿ ਕੀਮ ਨ ਜਾਣੀਐ ਕੇਵਡੁ ਕਾਦਰੁ ਸਿਰਜਣਹਾਰਾ ।

ਕੁਦਰਤ (ਮਾਯਾ) ਦੀ ਕੀਮਤ ਨਹੀਂ ਲਖੀਦੀ, ਉਸਦਾ ਰਚਨਹਾਰ 'ਕਾਦਰ' ਕਿੱਡਾਕੁ ਆਖੀਏ?

ਅੰਤੁ ਬਿਅੰਤੁ ਨ ਪਾਰਾਵਾਰਾ ।੧।

ਇਸੇ ਲਈ ਅੰਤ ਥੋਂ ਬੇਅੰਤ ਹੈ (ਉਸਦਾ) ਉਰਾਰ ਪਾਰ ਨਹੀਂ ਲਖੀਦਾ। ਭਾਵ, ਵਾਹਿਗੁਰੂ ਦੀ ਬੇਅੰਤਤਾਈ ਦੱਸੀ ਹੈ)।

ਪਉੜੀ ੨

ਕੇਵਡੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ ।

ਕਿੱਡਾ ਕੁ ਵਡਾ ਕਹੀਏ (ਉਸ) ਵਡੇ (ਪਰਮਾਤਮਾ) ਦੀ ਵਡੀ ਹੀ ਮਹਿਮਾ ਹੈ, ('ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ॥ ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ॥' ਇਸ ਲਈ ਅੰਤ ਨੂੰ ਛਡਕੇ)।

ਵਡੀ ਹੂੰ ਵਡਾ ਵਖਾਣੀਐ ਸੁਣਿ ਸੁਣਿ ਆਖਣੁ ਆਖ ਸੁਣਾਈ ।

ਵਡਿਆਈ ਥੋਂ ਬੀ ਵਡਾ ਆਖਦੇ ਹਨ (ਭਾਵ ਸਮਾਨ ਗਿਆਨ ਕਰ ਕੇ ਵਰਣਨ ਕਰਦੇ ਹਨ, ਉਸ ਦਾ ਵਿਸ਼ੇਖ ਗਿਆਨ ਕੋਈ ਨਹੀਂ ਜਾਣਦਾ ਕਿਉਂ ਜੋ ਨੇਤ੍ਰਾਂ ਦਾ ਵਿਖ੍ਯ ਨਹੀਂ ਹੈ, ਇਸ ਲਈ) ਸੁਣ ਸੁਣਕੇ ਅਖਾਣਾਂ ਨੂੰ ਆਖਕੇ ਸੁਣਾਉਂਦੇ ਹਨ।

ਰੋਮ ਰੋਮ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਸਮਾਈ ।

ਰੋਮ ਰੋਮ ਵਿਖੇ ਕ੍ਰੋੜ ਕ੍ਰੋੜ ਬ੍ਰਹਿਮੰਡ ਦੀ ਗਿਣਤੀ ਕਰ ਕੇ (ਉਸ ਈਸ਼ਵਰ ਨੇ) ਰੱਖ ਛੱਡੀ ਹੈ।

ਇਕੁ ਕਵਾਉ ਪਸਾਉ ਜਿਸੁ ਤੋਲਿ ਅਤੋਲੁ ਨ ਤੁਲਿ ਤੁਲਾਈ ।

ਜਿਸਦੇ ਇਕ ਵਾਕ ਦਾ (ਇਹ) ਪਸਾਰਾ ਹੈ, ਉਹ ਤੋਲਣ ਥੋਂ ਅਤੋਲ ਹੈ, ਕੋਈ ਤੱਕੜੀ (ਉਸ ਨੂੰ) ਨਹੀਂ ਤੋਲ ਸਕਦੀ।

ਵੇਦ ਕਤੇਬਹੁ ਬਾਹਰਾ ਅਕਥ ਕਹਾਣੀ ਕਥੀ ਨ ਜਾਈ ।

ਬੇਦ ਕਤੇਬਾਂ ਥੋਂ ਬਾਹਰ ਹੈ, ਉਸ ਦੀ ਕਥਾ ਅਕੱਥ ਹੈ, ਕਿਸੇ ਥੋਂ ਕਥਨ ਨਹੀਂ ਕੀਤੀ ਜਾ ਸਕਦੀ (ਯਥਾ 'ਬੇਦ ਕਤੇਬ ਸੰਸਾਰ ਹਭਾਹੂੰ ਬਾਹਰਾ, ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ'॥

ਅਬਿਗਤਿ ਗਤਿ ਕਿਵ ਅਲਖੁ ਲਖਾਈ ।੨।

ਜਿਸ ਦਾ ਗਿਆਨ ਨਹੀਂ ਪਾਇਆ ਜਾ ਸਕਦਾ, ਉਹ ਅਲੱਖ ਕਿੱਕੁਰ ਲਖਿਆ ਜਾਵੇ?

ਪਉੜੀ ੩

ਜੀਉ ਪਾਇ ਤਨੁ ਸਾਜਿਆ ਮੁਹੁ ਅਖੀ ਨਕੁ ਕੰਨ ਸਵਾਰੇ ।

ਜੀਵ ਉਪਾਵਣ ਲਈ ਦੇਹੀ ਨੂੰ ਸਾਜਕੇ ਮੂੰਹ (ਉਪਲਖਤ ਜੀਭ), ਅੱਖਾਂ, ਨੱਕ, ਕੰਨ (ਅਰ ਤੁਚਾ) ਸਵਾਰੇ ਹਨ।

ਹਥ ਪੈਰ ਦੇ ਦਾਤਿ ਕਰਿ ਸਬਦ ਸੁਰਤਿ ਸੁਭ ਦਿਸਟਿ ਦੁਆਰੇ ।

ਹੱਥ ਪੈਰ (ਆਦਿ) ਦੇਕੇ ਈਸ਼੍ਵਰ ਨੇ ਦਾਤ ਕੀਤੀ ਹੈ, ਸ਼ਬਦ ਦੀ ਸੁਰਤ (ਕੰਨਾਂ) ਦੁਆਰੇ, (ਨੇਤਰ ਗੋਲਕ) ਵਿਖੇ ਭਲੀ ਨਜ਼ਰ ਬਖਸ਼ੀ ਹੈ।

ਕਿਰਤਿ ਵਿਰਤਿ ਪਰਕਿਰਤਿ ਬਹੁ ਸਾਸਿ ਗਿਰਾਸਿ ਨਿਵਾਸੁ ਸੰਜਾਰੇ ।

(ਹੱਥਾਂ ਵਿਖੈ) ਵਿਰਤਿ ਦੀ ਕ੍ਰਿਯਾ, ਤੇ ਹੋਰ ਬਾਹਲੀਆਂ ਕ੍ਰਿਯਾ ਪਾਈਆਂ, ਸਾਸ ਗਿਰਾਸ ਦਾ ਨਿਵਾਸ ਕੀਤਾ (ਅਰਥਾਤ ਸ੍ਵਾਸ ਬਾਹਰ ਤੇ ਅੰਦਰ ਆਵਣ ਜਾਣ ਲੱਗਾ)।

ਰਾਗ ਰੰਗ ਰਸ ਪਰਸਦੇ ਗੰਧ ਸੁਗੰਧ ਸੰਧਿ ਪਰਕਾਰੇ ।

ਰਾਗ ਰੰਗ, (ਰਾਗ ਦਾ ਅਨੰਦ) ਰਸ, ਸਪਰਸ਼ ਦਿੱਤਾ, ਗੰਧਾਂ ਵਿਚੋਂ ਸੁਗੰਧੀਆਂ ਦੇ ਮੇਲਣ ਦਾ ਪਰਕਾਰ (ਬਖਸ਼ਿਆ)।

ਛਾਦਨ ਭੋਜਨ ਬੁਧਿ ਬਲੁ ਟੇਕ ਬਿਬੇਕ ਵੀਚਾਰ ਵੀਚਾਰੇ ।

ਕੱਪੜੇ ਅਰ ਭੋਜਨ ਦਿਤੇ, ਬੁੱਧੀ ਅਰ ਬਲ (ਪਾਇਆ), (ਸਰੀਰ ਦੇ ਉਧਾਰ ਲਈ) ਗਿਆਨ ਦਾ ਆਸ਼੍ਰਯ ਦਿੱਤਾ, ਅਰ 'ਵੀਚਾਰ ਵੀਚਾਰੇ' (ਵਿਹਾਰਾਂ ਦੇ ਲਈ) ਸ਼ੁਭਾਸ਼ੁਭ ਬੀਚਾਰ ਦਿਤੇ।

ਦਾਨੇ ਕੀਮਤਿ ਨਾ ਪਵੈ ਬੇਸੁਮਾਰ ਦਾਤਾਰ ਪਿਆਰੇ ।

ਵਾਹਿਗੁਰੂ ਦੀਆਂ ਬਖਸ਼ਿਸ਼ਾਂ (ਦਾਤਾਂ) ਦੀ ਕੀਮਤ ਨਹੀਂ ਪੈ ਸਕਦੀ (ਤਦ ਓਹ) ਆਪ ਦਾਤਾਰ (ਕੇਡਾ) ਬੇਸ਼ੁਮਾਰ ਹੈ, (ਅਰ ਉਸ ਦਾ) ਪਿਆਰ ਬੀ ਅਨਗਿਣਤ ਹੈ।

ਲੇਖ ਅਲੇਖ ਅਸੰਖ ਅਪਾਰੇ ।੩।

ਲੇਖ ਤੋਂ ਅਲੇਖ ਹੈ, ਅਨਗਿਣਤ ਹੈ, ਅਰ ਪਾਰ ਰਹਿਤ ਹੈ।

ਪਉੜੀ ੪

ਪੰਜਿ ਤਤੁ ਪਰਵਾਣੁ ਕਰਿ ਖਾਣੀ ਚਾਰਿ ਜਗਤੁ ਉਪਾਇਆ ।

ਪੰਜ ਤੱਤਾਂ ਦਾ ਅੰਦਾਜ਼ਾ ਕਰ ਕੇ (ਉਨ੍ਹਾਂ ਤੋਂ) ਚਾਰੇ ਖਾਣੀਆਂ (ਅੰਡਜ, ਜੇਰਜ, ਸੇਤਜ ਉਤਭੁਜ) ਦਾ ਜਗਤ ਉਤਪਤ ਕੀਤਾ ਹੈ।

ਲਖ ਚਉਰਾਸੀਹ ਜੂਨਿ ਵਿਚਿ ਆਵਾਗਵਣ ਚਲਤੁ ਵਰਤਾਇਆ ।

ਚੌਰਾਸੀ ਲਖ ਜੂਨੀਆਂ ਵਿਖੇ ਆਵਾ ਗੌਣ ਦਾ ਚਲਿੱਤ੍ਰ ਵਰਤਾਇਆ ਹੈ।

ਇਕਸ ਇਕਸ ਜੂਨਿ ਵਿਚਿ ਜੀਅ ਜੰਤ ਅਣਗਣਤ ਵਧਾਇਆ ।

ਇਕ ਇਕ ਜੋਨੀ ਵਿਖੇ ਜੀਆ ਜੰਤ ਬੇਸ਼ੁਮਾਰ ਵਧਾ ਦਿੱਤੇ ਹਨ।

ਲੇਖੈ ਅੰਦਰਿ ਸਭ ਕੋ ਸਭਨਾ ਮਸਤਕਿ ਲੇਖੁ ਲਿਖਾਇਆ ।

(ਫੇਰ) ਸਾਰੀ ਸ੍ਰਿਸ਼ਟੀ ਲੇਖੇ ਦੇ ਵਿਚ ਹੈ, ਸਾਰਿਆਂ ਦੇ ਮੱਥੇਪੁਰ ਲੇਖ ਲਿਖ ਦਿਤਾ ਹੈ।

ਲੇਖੈ ਸਾਸ ਗਿਰਾਸ ਦੇ ਲੇਖ ਲਿਖਾਰੀ ਅੰਤੁ ਨ ਪਾਇਆ ।

ਲੇਖੇ ਵਿਚ ਸਾਸ ਗਿਰਾਸ ਹਨ, ਉਸ ਲਿਖਾਰੀ (ਵਾਹਿਗੁਰੂ) ਦੇ ਲੇਖੇ ਦਾ ਅੰਤ ਕਿਸੇ ਨਹੀਂ ਪਾਇਆ ('ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ')

ਆਪਿ ਅਲੇਖੁ ਨ ਅਲਖੁ ਲਖਾਇਆ ।੪।

ਆਪ (ਵਾਹਿਗੁਰੂ) ਅਲੇਖ ਹੈ (ਭਾਵ, ਉਸ ਦੇ ਸਿਰ ਪੁਰ ਕਰਮਾਂ ਦਾ ਲੇਖ ਨਹੀਂ ਫੇਰ) ਅਲਖ ਹੈ, (ਅਰਥਾਤ ਕਿਸੇ ਇੰਦ੍ਰਯ ਦਾ ਵਿਖਯ ਨਹੀਂ ਹੈ) ਕਿਸੇ ਨਹੀਂ (ਉਸ ਦਾ ਅੰਤ) ਲਖਿਆ।

ਪਉੜੀ ੫

ਭੈ ਵਿਚਿ ਧਰਤਿ ਅਗਾਸੁ ਹੈ ਨਿਰਾਧਾਰ ਭੈ ਭਾਰਿ ਧਰਾਇਆ ।

(ਅਕਾਲ ਪੁਰਖ ਨੇ ਆਪ) ਆਸ਼੍ਰਯ ਤੋਂ ਰਹਿਤ ਹੋਕੇ ਆਪਣੇ ਭਯ ਵਿਚ ਧਰਤੀ ਤੇ ਆਕਾਸ਼ ਰਖੇ ਹਨ। (ਅਰ ਸਾਰੀ ਸ੍ਰਿਸ਼ਟੀ ਨੂੰ) ਆਪਣੇ ਭੈ ਦੇ ਭਾਰ ਨਾਲ ਰਖਿਆ ਹੋਇਆ ਹੈ।

ਪਉਣੁ ਪਾਣੀ ਬੈਸੰਤਰੋ ਭੈ ਵਿਚਿ ਰਖੈ ਮੇਲਿ ਮਿਲਾਇਆ ।

ਵਾਯੂ, ਜਲ, ਅਗਨੀ; (ਆਦਿ ਸਾਰੇ ਤੱਤ) ਭਯ ਵਿਚ ਰਖਕੇ ਉਨ੍ਹਾਂ ਦਾ ਆਪੋ ਵਿਚ ਮੇਲ ਮਿਲਾ ਦਿਤਾ ਹੈ।

ਪਾਣੀ ਅੰਦਰਿ ਧਰਤਿ ਧਰਿ ਵਿਣੁ ਥੰਮ੍ਹਾ ਆਗਾਸੁ ਰਹਾਇਆ ।

ਪਾਣੀ ਦੇ ਅੰਦਰ ਧਰਤੀ ਰੱਖੀ ਹੋਈ ਹੈ, ਅਕਾਸ਼ ਥੰਮ੍ਹਿਆਂ ਦੇ ਬਿਨਾ ਹੀ ਰੱਖਿਆ ਹੋਇਆ ਹੈ।

ਕਾਠੈ ਅੰਦਰਿ ਅਗਨਿ ਧਰਿ ਕਰਿ ਪਰਫੁਲਿਤ ਸੁਫਲੁ ਫਲਾਇਆ ।

ਲੱਕੜੀ ਵਿਚ ਅੱਗ ਰੱਖੀ ਹੋਈ ਹੈ, ਫੇਰ ਬ੍ਰਿੱਛਾਂ ਨੂੰ 'ਪਰਫੁਲਤ' ਰੱਖਕੇ ਫਲਾਂ ਨਾਲ ਫਲਾਉਂਦਾ ਹੈ।

ਨਵੀ ਦੁਆਰੀ ਪਵਣੁ ਧਰਿ ਭੈ ਵਿਚਿ ਸੂਰਜੁ ਚੰਦ ਚਲਾਇਆ ।

ਨੌ ਦੁਆਰਿਆਂ ਵਿਖੇ ਪਵਣ ਰੱਖੀ ਹੈ (ਅਰਥਾਤ ਇਨ੍ਹਾਂ ਦੇ ਰਸਤੇ ਅੰਦਰ ਦੀਆਂ ਮੈਲਾਂ ਬਾਹਰ ਨਿਕਲਦੀਆਂ ਹਨ); ਸੂਰਜ ਤੇ ਚੰਦ ਭੀ ਭੈ ਵਿਚ ਚਲਾਏ ਹਨ।

ਨਿਰਭਉ ਆਪਿ ਨਿਰੰਜਨੁ ਰਾਇਆ ।੫।

ਪਰ ਆਪ ਮਾਇਆ ਤੋਂ ਅਲੇਪ ਰਾਜਾ (ਵਾਹਿਗੁਰੂ) ਨਿਰਭਉ ਹੈ (ਪੌਣ ਬੀ ਸੂਖਮ ਤੱਤ ਹੈ, ਪੰਜਾਹ ਮੀਲ ਤੋਂ ਪਰੇ ਨਹੀਂ, ਪਰ ਅਕਾਸ਼ ਤੱਤ ਸਾਰੇ ਵ੍ਯਾਪਕ ਹੈ; ਪੱਛਮੀ ਵਿਦ੍ਵਾਨ ਬੀ ਹੁਣ ਅਕਾਸ਼ ਨੂੰ ਈਥਰ ਨਾਮ ਕਰ ਕੇ ਮੰਨਦੇ ਹਨ)।

ਪਉੜੀ ੬

ਲਖ ਅਸਮਾਨ ਉਚਾਣਿ ਚੜਿ ਉਚਾ ਹੋਇ ਨ ਅੰਬੜਿ ਸਕੈ ।

ਲੱਖ ਅਸਮਾਨਾਂ ਦੀ ਉਚਾਈ ਪੁਰ ਚੜ੍ਹਕੇ ਕੋਈ ਉਚਾ ਹੋ ਖੜੋਵੇ (ਪਰ ਉਸ ਉਚੇ ਈਸ਼੍ਵਰ ਨੂੰ ਕੋਈ) ਪਹੁੰਚ ਨਹੀਂ ਸਕਦਾ (ਕਿਉਂ ਜੋ)

ਉਚੀ ਹੂੰ ਊਚਾ ਘਣਾ ਥਾਉ ਗਿਰਾਉ ਨ ਨਾਉ ਅਥਕੈ ।

ਸਭ ਤੋਂ ਉਚੇ ਲੋਕ ਜੋ ਹਨ (ਉਹ ਅਕਾਲ ਪੁਰਖ ਉਨ੍ਹਾਂ ਥੋਂ ਬੀ) ਬਹੁਤਾ ਉਚਾ ਹੈ, ਉਸਦੇ ਪਿੰਡ ਦਾ ਨਾਂ ਥਾਉਂ ਨਾ ਕੋਈ ਨਾਉਂ ਹੀ ਹੈ (ਸਾਰੇ ਵਿਆਪਕ ਹੈ ਪਰ ਫੇਰ ਤੁਰ ਫਿਰਕੇ) ਥਕਦਾ ਨਹੀਂ (ਭਾਵ, ਸਾਰੇ ਵਿਆਪਕ ਹੈ, ਅਰ ਫੇਰ ਅਕਾਸ਼ਵਤ ਜੜ੍ਹ ਨਹੀਂ ਚੇਤਨ ਹੈ)।

ਲਖ ਪਤਾਲ ਨੀਵਾਣਿ ਜਾਇ ਨੀਵਾ ਹੋਇ ਨ ਨੀਵੈ ਤਕੈ ।

ਲੱਖਾਂ ਪਾਤਾਲਾਂ ਦੇ ਨਿਵਾਣਾਂ ਵਿਚ ਜਾਕੇ ਬੀ ਨੀਵਾਂ ਜੋ ਜਾਵੇ (ਫੇਰ ਬੀ) ਡੂੰਘੇ ਈਸ਼੍ਵਰ ਨੂੰ (ਕੋਈ) ਤੱਕ ਨਹੀਂ ਸੱਕੂ, (ਕਿਉਂ ਜੋ ਉਹ ਲੱਖਾਂ ਪਤਾਲਾਂ ਤੋਂ ਬੀ ਡੂੰਘਾ ਹੈ। ਅਗੇ ਚਾਰੇ ਲਾਭਾਂ ਦਾ ਵਰਣਨ ਹੈ)।

ਪੂਰਬਿ ਪਛਮਿ ਉਤਰਾਧਿ ਦਖਣਿ ਫੇਰਿ ਚਉਫੇਰਿ ਨ ਢਕੈ ।

ਪੂਰਬ, ਪੱਛੋਂ, ਉੱਤਰ, ਦੱਖਣ ਦੇ ਚਉਫੇਰੇ ਫਿਰ ਰਿਹਾ ਹੈ, ਉਸਨੂੰ ਕੋਈ ਲਾਂਭ ਨਹੀਂ ਕੱਜ ਸਕਦੀ (ਜੇਕਰ ਪਰਛਿੰਨ ਅਰਥਾਤ ਅਲਪ ਵਸਤੂ ਹੋਵੇ ਤਦ ਦੇਸ਼ ਕਾਲ ਵਸਤੂ ਦੇ ਭੇਦ ਕਰ ਕੇ ਲੁਕ ਸਕਦੀ ਹੈ ਉਹ ਪਰਮਾਤਮਾ ਸਰਬ ਦੇਸ਼, ਸਰਬ ਕਾਲ, ਸਰਬ ਵਸਤੂ ਵਿਖੇ ਅਕਾਸ਼ ਵਤ ਵ੍ਯਾਪਕ ਹੋ ਰਿਹਾ ਹੈ ਇਸੇ ਕਰ ਕੇ ਉਸਦਾ)

ਓੜਕ ਮੂਲੁ ਨ ਲਭਈ ਓਪਤਿ ਪਰਲਉ ਅਖਿ ਫਰਕੈ ।

ਅੰਤ ਨਹੀਂ ਲੱਭਦਾ, ਉਤਪਤੀ ਅਤੇ ਪਰਲਯ ਅੱਖ ਦੇ ਫੋਰ ਵਿਖੇ ਕਰ ਸੱਕਦਾ ਹੈ।

ਫੁਲਾਂ ਅੰਦਰਿ ਵਾਸੁ ਮਹਕੈ ।੬।

ਪਰ (ਜਿਕੁਰ) ਫੁੱਲਾਂ ਵਿਖੇ ਵਾਸ਼ਨਾਂ ਮਹਿਕ ਰਹੀ ਹੈ (ਅਜਿਹਾ ਹੀ ਈਸ਼੍ਵਰ ਸਾਰੇ ਪਦਾਰਥਾਂ ਵਿਖੇ ਵਿਆਪਕ ਹੋਕਰ ਮਹਿਕ ਰਿਹਾ ਹੈ, ਸੱਤਾ ਦੇ ਰਿਹਾ ਹੈ)।

ਪਉੜੀ ੭

ਓਅੰਕਾਰਿ ਅਕਾਰੁ ਕਰਿ ਥਿਤਿ ਵਾਰੁ ਨ ਮਾਹੁ ਜਣਾਇਆ ।

(ਜਦ 'ਓਅੰਕਾਰ') ਬ੍ਰਹਮ ਨੇ (ਅਕਾਰ=) ਪਰਪੰਚ ਕੀਤਾ ਹੈ, ਤਦੋਂ ਥਿਤ ਵਾਰ ਅਰ ਮਹੀਨਾ (ਕੁਝ ਬੀ, ਕੋਈ ਬੀ) ਜਾਣਦਾ ਨਹੀਂ ਸੀ।

ਨਿਰੰਕਾਰੁ ਆਕਾਰੁ ਵਿਣੁ ਏਕੰਕਾਰ ਨ ਅਲਖੁ ਲਖਾਇਆ ।

(ਨਿਰੰਕਾਰ') ਪਰਮਾਤਮਾ ਸਰੂਪ ਤੋਂ ਬਿਨਾਂ (ਜੋਤੀ ਸਰੂਪ ਸੀ), (ਉਸ) 'ਏਕੰਕਾਰ' ਅਲਖ ਨੇ ਕਿਸੇ ਨੂੰ ਆਪਣਾ ਆਪ ਨਹੀਂ 'ਲਖਾਇਆ' (=ਦਸਿਆ)।

ਆਪੇ ਆਪਿ ਉਪਾਇ ਕੈ ਆਪੇ ਅਪਣਾ ਨਾਉ ਧਰਾਇਆ ।

ਆਪ (ਜਗਤ) ਉਤਪੰਨ ਕਰ ਕੇ ਆਪ ਹੀ ਆਪਣਾ ਨਾਉਂ (ਪਰਮੇਸ਼ਰ ਦਾ ਸਰਬ ਨਾਮ) ਧਰਾਇਆ ਸੀ (ਅਥਵਾ ਜੀਵਾਂ ਨੂੰ ਰਚਕੇ ਉਨ੍ਹਾਂ ਦੀ ਕਲਯਾਨ ਦਾ ਸਾਧਨ ਆਪਨਾ ਨਾਮ ਬੀ ਆਪ ਹੀ ਸਥਾਪਤ ਕੀਤਾ)।

ਆਦਿ ਪੁਰਖੁ ਆਦੇਸੁ ਹੈ ਹੈ ਭੀ ਹੋਸੀ ਹੋਂਦਾ ਆਇਆ ।

(ਓਹ ਵਾਹਿਗੁਰੂ ਸਰਬ ਦਾ) ਆਦਿ (ਕਾਰਨ) ਹੈ ਨਮਸਕਾਰ ਹੋਵੇ ਸਾਡੀ ਉਸਨੂੰ ਜੋ ਹੁਣ ਹੈ, ਅਗੇ ਹੋਸੀ. ਭੂਤ ਕਾਲ ਵਿਖੇ ਪਰੰਪਰਾ ਤੋਂ ਹੁੰਦਾ ਆਇਆ ਹੈ।

ਆਦਿ ਨ ਅੰਤੁ ਬਿਅੰਤੁ ਹੈ ਆਪੇ ਆਪਿ ਨ ਆਪੁ ਗਣਾਇਆ ।

ਉਸਦਾ ਮੁੱਢ ਅਰ ਉਸਦਾ ਅੰਤ ਕੋਈ ਨਹੀਂ ਹੈ, (ਕਿਉਂ ਜੋ) ਓਹ ਬੇਅੰਤ ਹੈ, ਆਪੇ ਆਪ ਹੈ, ਜਤਾਉਂਦਾ ਨਹੀਂ।

ਆਪੇ ਆਪੁ ਉਪਾਇ ਸਮਾਇਆ ।੭।

(ਸ੍ਰਿਸ਼ਟੀ) ਆਪ ਰਚਕੇ ਆਪੇ ਹੀ ਸਮਾਇ ਲੈਂਦਾ ਹੈ।

ਪਉੜੀ ੮

ਰੋਮ ਰੋਮ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਸਮਾਈ ।

(ਇਕ ਇਕ) ਰੋਮ ਵਿਖੇ ਕਰੋੜ ਬ੍ਰਹਿਮੰਡ ਦੀ ਗਿਣਤੀ ਨੂੰ (ਉਸ ਪਰਮਾਤਮਾਂ ਨੇ) ਰਖਿਆ ਹੈ।

ਕੇਵਡੁ ਵਡਾ ਆਖੀਐ ਕਿਤੁ ਘਰਿ ਵਸੈ ਕੇਵਡੁ ਜਾਈ ।

(ਹੁਣ ਆਪ ਸੋਚੋ) ਉਸ ਨੂੰ ਅਸੀਂ ਕਿੱਡਾ ਕੁ ਵਡਾ ਕਹੀਏ ਤੇ ਕਿਹੜੇ ਘਰ ਵਿਖੇ ਵਸਦਾ ਹੈ, ਤੇ ਕਿਹੜੀ ਉਸ ਦੀ ਜਗ੍ਹਾ ਹੈ? (ਭਾਵ ਜਿਸ ਦੇ ਇਕ ਵਾਕ ਦਾ ਹੀ ਅੰਤ ਨਹੀਂ ਹੈ, ਉਸ ਦੇ ਘਰ ਤੇ ਥਾਉਂ ਦਾ ਕੀ ਪਤਾ ਦੇਈਏ, ਯਥਾ:-”ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ

ਇਕੁ ਕਵਾਉ ਅਮਾਉ ਹੈ ਲਖ ਦਰੀਆਉ ਨ ਕੀਮਤਿ ਪਾਈ ।

ਤੇਰਾ ਇਕ ਵਾਕ ਮਿਣਤੀ ਵਿਚ ਨਹੀਂ ਆਉਂਦਾ (ਉਸ ਤੇਰੇ ਇਕ ਵਾਕ ਥੋਂ ਹੋਏ) ਲਖਾਂ ਦਰੀਆਵਾਂ ਦੀ ਕੀਮਤ ਨਹੀਂ ਪਾਈ ਜਾਂਦੀ (ਯਥਾ:-”ਕੀਤਾ ਪਾਸਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥ ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ”)॥

ਪਰਵਦਗਾਰੁ ਅਪਾਰੁ ਹੈ ਪਾਰਾਵਾਰੁ ਨ ਅਲਖੁ ਲਖਾਈ ।

(ਹੇ ਅਕਾਲ ਪੁਰਖ! ਤੂੰ) ਪਰਵਦਗਾਰ (ਸਭ ਦਾ ਪਾਲਕ) ਹੈਂ, ਅਪਾਰ ਹੈਂ ਤੇਰਾ ਪਾਰਾਵਾਰ ਨਹੀਂ ਹੈ, ਨਾ ਅਲਖ ਦੀ ਲਖਤਾ ਹੀ ਹੋ ਸਕਦੀ ਹੈ।

ਏਵਡੁ ਵਡਾ ਹੋਇ ਕੈ ਕਿਥੈ ਰਹਿਆ ਆਪੁ ਲੁਕਾਈ ।

ਏਡਾ ਵੱਡਾ ਹੋਕੇ ਕਿਥੇ ਤੂੰ ਆਪਦਾ ਆਪ ਲੁਕਾ ਛਡਿਆ ਹੈ?

ਸੁਰ ਨਰ ਨਾਥ ਰਹੇ ਲਿਵ ਲਾਈ ।੮।

ਦੇਉਤੇ, ਆਦਮੀ, ਜੋਗੀ ਲੋਕ ਲਿਵ ਲਾਕੇ (ਥੱਕ) ਰਹੇ, (ਅੰਤ ਨਹੀਂ ਪਾਯਾ)।

ਪਉੜੀ ੯

ਲਖ ਦਰੀਆਉ ਕਵਾਉ ਵਿਚਿ ਅਤਿ ਅਸਗਾਹ ਅਥਾਹ ਵਹੰਦੇ ।

(ਉਸਦੇ) ਵਾਕ (ਅਥਵਾ ਸਰੀਰ) ਵਿਖੇ ਲਖਾਂ ਦਰੀਆਉ (ਭਾਵ ਵਿਚ ਕਾਰਕ ਬੀ ਲੈਂਦੇ ਹਨ) ਅਤੀ ਡੂੰਘੇ ਤੇ ਅਥਾਹ ਵਹਿੰਦੇ ਹਨ (ਕਿਉਂ ਜੋ ਦਸਮ ਗੁਰੂ ਜੀ ਬਚਨ ਕਰਦੇ ਹਨ 'ਅਕਾਲ ਪੁਰਖ ਕੀ ਦੇਹ ਮੋ ਕੋਟਕ ਬਿਸਨ ਮਹੇਸ॥ ਕੋਟ ਇੰਦ੍ਰ ਬ੍ਰਹਮਾ ਕਿਤੇ ਰਵਿ ਸਸਿ ਕ੍ਰੋਰ ਜਲੇਸ'॥)

ਆਦਿ ਨ ਅੰਤੁ ਬਿਅੰਤੁ ਹੈ ਅਗਮ ਅਗੋਚਰ ਫੇਰ ਫਿਰੰਦੇ ।

ਅਗਮ ਅਗੋਚਰ' (ਅਕਾਲ ਪੁਰਖ ਰੂਪੀ ਅਸਗਾਹ ਸਮੁੰਦ੍ਰ ਵਿਖੇ) ਘੁੰਮਣ ਘੇਰੀਆਂ ਖਾਂਦੇ ਹਨ।

ਅਲਖੁ ਅਪਾਰੁ ਵਖਾਣੀਐ ਪਾਰਾਵਾਰੁ ਨ ਪਾਰ ਲਹੰਦੇ ।

(ਉਹ) ਅਲੱਖ ਤੇ ਅਪਾਰ ਕਹੀਦਾ ਹੈ (ਉਸ ਦੇ) ਪਾਰਾਵਾਰ ਦਾ ਪਾਰ ਨਹੀਂ ਲੈ ਸਕਦੇ।

ਲਹਰਿ ਤਰੰਗ ਨਿਸੰਗ ਲਖ ਸਾਗਰ ਸੰਗਮ ਰੰਗ ਰਵੰਦੇ ।

ਲਹਿਰਾਂ ਦੇ ਤਰੰਗ, ਬੁਦਬੁਦੇ ਨਿਸਚੇ ਕਰ ਕੇ ਲੱਖਾਂ ਹੀ ਸਮੁੰਦ੍ਰ ਦੇ ਨਾਲ ਮਿਲਕੇ ਉਸੇ ਦੇ ਰੰਗ ਵਿਚ ਚਲਦੇ ਹਨ।

ਰਤਨ ਪਦਾਰਥ ਲਖ ਲਖ ਮੁਲਿ ਅਮੁਲਿ ਨ ਤੁਲਿ ਤੁਲੰਦੇ ।

ਕਈ ਲੱਖਾਂ ਰਤਨ ਪਦਾਰਥ ਹੁੰਦੇ ਹਨ, ਓਸ ਮੁੱਲ ਥੋਂ ਅਮੋਲਕ ਗੁਣ ਧਾਰਨ ਕਰਦੇ ਹਨ)।

ਸਦਕੇ ਸਿਰਜਣਹਾਰਿ ਸਿਰੰਦੇ ।੯।

ਸਿਰਜਣਹਾਰ ਥੋਂ ਅਸੀਂ ਕੁਰਬਾਨ ਜਾਂਦੇ ਹਨ। (ਅਗੇ ਇਸੇ ਨੂੰ ਹੋਰ ਪੁਸ਼ਟ ਕਰਦੇ ਹੈਨ)।

ਪਉੜੀ ੧੦

ਪਰਵਦਗਾਰੁ ਸਲਾਹੀਐ ਸਿਰਠਿ ਉਪਾਈ ਰੰਗ ਬਿਰੰਗੀ ।

ਪਾਲਣਾ ਕਰਨਹਾਰੇ ਦੀ ਸ਼ਲਾਘਾ ਕਰੀਏ (ਜਿਸ ਨੇ) ਨਾਨਾ ਰੰਗਾਂ ਦੀ ਸ੍ਰਿਸ਼ਟੀ ਰਚੀ ਹੈ।

ਰਾਜਿਕੁ ਰਿਜਕੁ ਸਬਾਹਿਦਾ ਸਭਨਾ ਦਾਤਿ ਕਰੇ ਅਣਮੰਗੀ ।

ਰੋਟੀ ਸਭ ਨੂੰ ਪਹੁੰਚਾਉਂਦਾ ਹੈ, ਸਭਨਾ ਨੂੰ ਅਣਮੰਗੀ ਦਾਤ ਕਰਦਾ ਹੈ।

ਕਿਸੈ ਜਿਵੇਹਾ ਨਾਹਿ ਕੋ ਦੁਬਿਧਾ ਅੰਦਰਿ ਮੰਦੀ ਚੰਗੀ ।

ਇਕ ਦੂਜੇ ਨਾਲ ਕਿਸੇ ਦਾ ਰੰਗ ਰੂਪ ਨਹੀਂ ਮਿਲ ਸਕਦਾ, ਦ੍ਵੈਤ ਦੇ ਅੰਦਰ (ਕੋਈ ਤਾਂ) ਮੰਦੀ (ਸ੍ਰਿਸ਼ਟੀ ਹੈ ਭਾਵ ਆਸੁਰੀ ਸੰਪਦਾ ਵਾਲੀ ਕੋਈ) ਚੰਗੀ ਦੈਵੀ ਸੰਪਦਾ ਵਾਲੀ ਹੈ (ਯਥਾ:-'ਅਸੰਖ ਜਪ ਅਸੰਖ ਭਾਉ' ਦੀਆਂ ਪੌੜੀਆਂ ਹਨ)।

ਪਾਰਬ੍ਰਹਮੁ ਨਿਰਲੇਪੁ ਹੈ ਪੂਰਨੁ ਬ੍ਰਹਮੁ ਸਦਾ ਸਹਲੰਗੀ ।

(ਰਚਨਹਾਰ) ਪਰਮਾਤਮਾ ਸਭ ਤੋਂ ਨਿਰਲੇਪ ਹੈ, ਸਰਬ ਵਿਖੇ ਪੂਰਣ ਹੈ, ਅਰ ਸਰਬ ਨਾਲ ਸਦਾ ਮਿਲਿਆ ਹੋਇਆ ਹੈ।

ਵਰਨਾਂ ਚਿਹਨਾਂ ਬਾਹਰਾ ਸਭਨਾ ਅੰਦਰਿ ਹੈ ਸਰਬੰਗੀ ।

(ਫੇਰ) ਵਰਨਾਂ ਚਿਹਨਾਂ ਤੋਂ ਬਾਹਰ ਹੈ ਸਭਨਾਂ ਦੇ ਅੰਦਰ ਸਰਬੰਗੀ (ਭਾਵ ਨਖ ਥੋਂ ਸ਼ਿਖਾ ਤੀਕ ਵ੍ਯਾਪਕ ਹੋਕੇ ਫੈਲ ਰਿਹਾ) ਹੈ।

ਪਉਣੁ ਪਾਣੀ ਬੈਸੰਤਰੁ ਸੰਗੀ ।੧੦।

ਪਉਣ ਪਾਣੀ, ਅਤੇ ਬੈਸੰਤਰ (ਆਦਿ ਸਾਰਿਆਂ ਪੰਜਾਂ ਭੂਤਾਂ ਦਾ) 'ਸੰਗੀ' ਹੈ, (ਭਾਵ ਸਭ ਨਾਲ ਮਿਲਿਆ ਹੋਇਆ ਹੈ)।

ਪਉੜੀ ੧੧

ਓਅੰਕਾਰਿ ਆਕਾਰੁ ਕਰਿ ਮਖੀ ਇਕ ਉਪਾਈ ਮਾਇਆ ।

ਓਅੰਕਾਰ' ਪ੍ਰਮਾਤਮਾ ਨੇ (ਮਨ ਵਿਖੇ) ਫੁਰਨਾ ਕਰ ਕੇ (ਯਾ ਰੂਪ ਬਣਾਕੇ) ਇਕ ਮਾਇਆ ਦੀ ਮੱਖੀ ਉਤਪਤ ਕੀਤੀ। (ਮੱਖੀ ਕਹਿਣ ਥੋਂ ਭਾਵ ਇਹ ਹੈ ਕਿ ਇਕ ਜਗ੍ਹਾ ਟਿਕਦੀ ਨਹੀਂ ਛਲ ਰੂਪ ਹੈ ਅਰ ਦੁਰਗੰਧੀ ਪੁਰ ਬਹੁਤ ਹੁੰਦੀ ਹੈ ਜਿਹਾ ਕਿ 'ਮਾਖੀ ਰਾਮ ਕੀ ਤੂ ਮਾਖੀ॥ ਜਹ ਦੁਰਗੰਧ ਤਹਾ ਤੂ ਬੈਸਹਿ ਮਹਾ ਬਿਖਿਆ ਮਦ ਚਾਖੀ॥' ਭਾਵ ਜਿਥੇ ਵ

ਤਿਨਿ ਲੋਅ ਚਉਦਹ ਭਵਣੁ ਜਲ ਥਲੁ ਮਹੀਅਲੁ ਛਲੁ ਕਰਿ ਛਾਇਆ ।

ਤਿੰਨ ਲੋਕ ਚੌਦਾਂ ਭਵਨ (ਸਾਰਾ ਸੰਸਾਰ) ਹੋਰ ਜਲ, ਥਲ, ਪ੍ਰਿਥਵੀ, ਅਕਾਸ਼, ਸਭਨਾਂ ਪਰ (ਮਾਇਆ ਨੇ) ਅਪਣੇ ਛਲ ਕਰਨ ਵਾਲੇ (ਰੂਪ) ਦੀ ਛਾਇਆ (ਕਰ ਰਖੀ ਹੈ)।

ਬ੍ਰਹਮਾ ਬਿਸਨ ਮਹੇਸੁ ਤ੍ਰੈ ਦਸ ਅਵਤਾਰ ਬਜਾਰਿ ਨਚਾਇਆ ।

ਬ੍ਰਹਮਾ ਬਿਸ਼ਨ ਅਰ ਸ਼ਿਵ ਏਹ ਤਿੰਨ (ਅਰ ਹੋਰ) ਦਸ ਅਵਤਾਰ ਹੋਏ, (ਉਨ੍ਹਾਂ ਨੇ) ਬਜ਼ਾਰਾਂ ਵਿਖੇ (ਆਪਣਾ ਨਾਚ) ਨਚਾਯਾ (ਭਾਵ ਲੋਕ ਰਾਸਾਂ ਪਾਕੇ ਅਵਤਾਰਾਂ ਨੂੰ ਨਚਾਕੇ ਤਮਾਸ਼ਾ ਦੇਖਣ ਲਗੇ। ਜਿਹਾਕੁ 'ਵਾਇਨਿ ਚੇਲੇ ਨਚਨਿ ਗੁਰ॥ ਪੈਰ ਚਲਾਇਨਿ ਫੇਰਨਿ ਸਿਰਿ॥ ਉਡਿ ਉਡਿ ਰਾਵਾ ਝਾਟੈ ਪਾਇ॥ ਵੇਖੈ ਲੋਕੁ ਹਸੈ ਘਰਿ ਜਾਇ'॥)

ਜਤੀ ਸਤੀ ਸੰਤੋਖੀਆ ਸਿਧ ਨਾਥ ਬਹੁ ਪੰਥ ਭਵਾਇਆ ।

ਜਤੀ, ਸਤੀ ਸੰਤੋਖੀ ਲੋਕ, ਸਿਧ, (ਨੌ) ਨਾਥਾਂ ਨੂੰ ਬਾਹਲੇ ਪੰਥ (ਭੇਖਾਂ ਵਿਖੇ ਮਾਇਆ ਨੇ) ('ਭੌਤਲ'=) ਭੌਂਦੂ ਕਰ ਛਡਿਆ ਹੈ।

ਕਾਮ ਕਰੋਧ ਵਿਰੋਧ ਵਿਚਿ ਲੋਭ ਮੋਹੁ ਕਰਿ ਧ੍ਰੋਹੁ ਲੜਾਇਆ ।

ਕਾਮ ਕ੍ਰੋਧ (ਦੇ ਝਗੜਿਆਂ ਵਿਖੇ) ਲੋਭ ਤੇ ਮੋਹ ਦੀ (ਫਾਂਸੀ ਵਿਚ ਫਸੇ ਹੋਏ ਆਪੋ ਵਿਚ ਵਿਰੋਧ ਕਰਕੇ) ਧ੍ਰੋਹ ਕਰ ਕੇ ਲੜਦੇ ਹਨ।

ਹਉਮੈ ਅੰਦਰਿ ਸਭੁ ਕੋ ਸੇਰਹੁ ਘਟਿ ਨ ਕਿਨੈ ਅਖਾਇਆ ।

(ਸਿੱਧਾਂਤ) ਸਾਰਾ ਸੰਸਾਰ ਹਉਮੈ ਦੇ ਅੰਦਰ ਫਸਿਆ ਹੋਇਆ ਹੈ, (ਫੇਰ ਬੀ) ਆਪ ਨੂੰ ਅਪੂਰਨ ਕਿਸੇ ਨਹੀਂ ਕਹਾਇਆ। (ਸਭ ਕੋਈ ਸੋਲਾਂ ਛਟਾਂਕ ਹੀ ਆਪ ਨੂੰ ਮੰਨਦਾ ਹੈ ੧੫ ਛਟਾਂਕ ਕੋਈ ਨਹੀਂ ਮੰਨਦਾ)।

ਕਾਰਣੁ ਕਰਤੇ ਆਪੁ ਲੁਕਾਇਆ ।੧੧।

ਇਹ ਨਹੀਂ ਜਾਣਦੇ ਕਿ ਸਾਰੇ) ਕਾਰਣ ਕਰਤੇ ਨੇ ਆਪਣੇ ਹੱਥ ਲੁਕਾਏ ਹਨ (ਹੋਰ ਕਿਸੇ ਦੇ ਹੱਥ ਨਹੀਂ ਦਿਤੇ, ਯਥਾ:-'ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ')॥

ਪਉੜੀ ੧੨

ਪਾਤਿਸਾਹਾਂ ਪਾਤਿਸਾਹੁ ਹੈ ਅਬਚਲੁ ਰਾਜੁ ਵਡੀ ਪਾਤਿਸਾਹੀ ।

(ਅਕਾਲ ਪੁਰਖ) ਪਾਤਸ਼ਾਹਾਂ ਦਾ ਬੀ ਪਾਤਸ਼ਾਹ ਹੈ (ਕਿਉਂ ਜੋ ਉਹ) ਅਟਲ ਰਾਜ ਤੇ ਵਡੀ ਵਡਿਆਈ ਵਾਲਾ ਹੈ।

ਕੇਵਡੁ ਤਖਤੁ ਵਖਾਣੀਐ ਕੇਵਡੁ ਮਹਲੁ ਕੇਵਡੁ ਦਰਗਾਹੀ ।

ਕਿੱਡਾ ਕੁ ਉਸਦਾ ਰਾਜ ਸਿੰਘਾਸਣ ਵਰਣਨ ਕਰੀਏ? ਕੇਡਾਕੁ ਰਾਜ ਤੇ ਮੰਦਰ ਅਰ ਕਿੰਨੇਕੁ ਵਡੇ (ਉਸਦੇ) ਦਰਗਾਹੀ (ਸਭਾ ਸ਼ਿੰਗਾਰ) ਮੁਸਾਹਿਬ।

ਕੇਵਡੁ ਸਿਫਤਿ ਸਲਾਹੀਐ ਕੇਵਡੁ ਮਾਲੁ ਮੁਲਖੁ ਅਵਗਾਹੀ ।

ਕੇਡੀਕੁ ਉਸ ਦੀ ਉਸਤਤਿ ਕਰੀਏ? ਕੇਡਾਕੁ ਮਾਲ ਅਰ ਉਸ ਦਾ ਮੁਲਖ ਵਿਚਾਰੀਏ (ਅਥਵਾ ਗਾਹਿਆ ਨਹੀਂ ਜਾਂਦਾ ਬੇਅੰਤ ਹੈ)।

ਕੇਵਡੁ ਮਾਣੁ ਮਹਤੁ ਹੈ ਕੇਵਡੁ ਲਸਕਰ ਸੇਵ ਸਿਪਾਹੀ ।

ਵੱਡਾ ਪ੍ਰਤਾਪ ਕਿੰਨਾਕੁ ਆਖੀਏ ਕਿੱਡਾਕੁ ਲਸ਼ਕਰ (ਗਿਣੀਏ) ਅਰ ਸੇਵਾ ਦੇ ਸਿਪਾਹੀ (ਕਿੰਨੇਕੁ ਕਥਨ ਕਰੀਏ)। (ਹੁਣ ਪੰਜਵੀਂ ਤੇ ਛੀਵੀਂ ਤੁਕ ਵਿਖੇ ਸਾਰਾ ਸਿੱਟਾ ਦੱਸਦੇ ਹਨ:)।

ਹੁਕਮੈ ਅੰਦਰਿ ਸਭ ਕੋ ਕੇਵਡੁ ਹੁਕਮੁ ਨ ਬੇਪਰਵਾਹੀ ।

ਉਸ ਦੇ ਹੁਕਮ ਦੇ ਅੰਦਰ ਸਾਰੇ ਹਨ, ਕੇਡਾ ਹੁਕਮ ਕਹੀਏ (ਭਾਵ ਅਤ੍ਯੰਤ ਹੇ, ਪਰ ਫੇਰ) (ਨ ਬੇਪਰਵਾਹੀ=) ਅਲਗਰਜ਼ੀ ਨਹੀਂ ਕਰਦਾ।

ਹੋਰਸੁ ਪੁਛਿ ਨ ਮਤਾ ਨਿਬਾਹੀ ।੧੨।

(ਫੇਰ ਅੰਤਰਜਾਮੀ ਅਰ ਸੁਤੇ ਆਧਾਰ ਐਡਾ ਹੈ ਕਿ ਇਤਨੇ ਵਡੇ ਰਾਜ ਦਾ ਪ੍ਰਬੰਧ ਹੋਰ) ਕਿਸੇ ਨਾਲ ਸਲਾਹ ਪੁੱਛਕੇ ਨਹੀਂ ਕਰਦਾ (ਆਪ ਹੀ ਸਰਬ ਸਮਰੱਥ ਹੈ)।

ਪਉੜੀ ੧੩

ਲਖ ਲਖ ਬ੍ਰਹਮੇ ਵੇਦ ਪੜ੍ਹਿ ਇਕਸ ਅਖਰ ਭੇਦੁ ਨ ਜਾਤਾ ।

ਲੱਖਾਂ ਬ੍ਰਹਮੇ ਲੱਖਾਂ ਵਾਰ ਵੇਦ ਪੜ੍ਹਦੇ ਹਨ ਪਰੰਤੂ ਇਕ 'ਅੱਖਰ' (ਅਕਾਲ ਪੁਰਖ) ਦਾ ਭੇਦ ਨਹੀਂ ਜਾਣਿਆਂ।

ਜੋਗ ਧਿਆਨ ਮਹੇਸ ਲਖ ਰੂਪ ਨ ਰੇਖ ਨ ਭੇਖੁ ਪਛਾਤਾ ।

ਪ੍ਰਾਣਾਯਾਮ ਕਰ ਕੇ ਲੱਖਾਂ ਸ਼ਿਵ ਧਿਆਨ ਕਰਦੇ ਹਨ (ਪਰੰਤੂ ਅਕਾਲ ਪੁਰਖ ਦਾ) ਰੂਪ ਰੇਖ ਅਰ ਭੇਖ ਨਹੀਂ ਪਛਾਣਿਆਂ।

ਲਖ ਅਵਤਾਰ ਅਕਾਰ ਕਰਿ ਤਿਲੁ ਵੀਚਾਰੁ ਨ ਬਿਸਨ ਪਛਾਤਾ ।

ਲੱਖਾਂ ਅਵਤਾਰਾਂ ਦੇ ਅਕਾਰ ਵਿਸ਼ਨੂੰ ਨੇ (ਧਾਰਨ) ਕੀਤੇ (ਪਰੰਤੂ ਉਸ ਦਾ) ਤਿਲ ਮਾਤ੍ਰ ਬੀ ਵਿਚਾਰ ਨਾ ਲੱਭਿਆ।

ਲਖ ਲਖ ਨਉਤਨ ਨਾਉ ਲੈ ਲਖ ਲਖ ਸੇਖ ਵਿਸੇਖ ਨ ਤਾਤਾ ।

ਕਈ ਲੱਖਾਂ ਸ਼ੇਸ਼ ਨਾਗਾਂ ਨੇ ਕਈ ਲੱਖਾਂ ਨਵੇਂ ਥੋਂ ਨਵੇਂ ਨਾਮ (ਰੋਜ਼) ਲੈ ਲੈ ਕੇ ਭੀ ਤੱਤ ਸਾਰ ਵਿਸ਼ੇਸ਼ ਨਾ (ਜਾਣਿਆਂ)।

ਚਿਰੁ ਜੀਵਣੁ ਬਹੁ ਹੰਢਣੇ ਦਰਸਨ ਪੰਥ ਨ ਸਬਦੁ ਸਿਞਾਤਾ ।

ਚਿਰੰਜੀਵੀਆਂ ਨੇ ਬਹੁਤ ਕਾਲ ਆਯੂ ਬੀ ਭੋਗੀ ਪਰੰਤੂ (ਉਨ੍ਹਾਂ ਨੇ ਬੀ ਅਰ ਹੋਰ ਖਟ) ਦਰਸ਼ਨਾਂ, (ਬਾਰਾਂ) ਪੰਥਾ ਨੇ ਬੀ ਸ਼ਬਦ (ਬ੍ਰਹਮ) ਨੂੰ ਨਹੀਂ ਪਛਾਤਾ।

ਦਾਤਿ ਲੁਭਾਇ ਵਿਸਾਰਨਿ ਦਾਤਾ ।੧੩।

ਕਿਉਂਕਿ ਦਾਤ (ਮਾਇਆ) ਵਿਚ ਲੁਭਾਇਮਾਨ ਹੋਕੇ ਦਾਤੇ ਨੂੰ ਵਿਸਾਰ ਦੇਂਦੇ ਹਨ।

ਪਉੜੀ ੧੪

ਨਿਰੰਕਾਰ ਆਕਾਰੁ ਕਰਿ ਗੁਰ ਮੂਰਤਿ ਹੋਇ ਧਿਆਨ ਧਰਾਇਆ ।

ਨਿਰੰਕਾਰ ਨੇ ਗੁਰੂ ਦਾ ('ਆਕਾਰ' ਕਹੀਏ) ਸਰੂਪ ਕਰ ਕੇ ਗੁਰ ਮੂਰਤ (ਗੁਰੂ ਨਾਨਕ ਦੇਵ ਨੂੰ ਜਗਤ ਵਿਖੇ ਭੇਜਿਆ, ਜਿਨ੍ਹਾਂ ਨੇ ਵਾਹਿਗੁਰੂ ਦਾ ਹੀ) ਧ੍ਯਾਨ ਧਰਵਾਇਆ।

ਚਾਰਿ ਵਰਨ ਗੁਰਸਿਖ ਕਰਿ ਸਾਧਸੰਗਤਿ ਸਚ ਖੰਡੁ ਵਸਾਇਆ ।

(ਗੁਰੂ ਨੇ) ਚਾਰ ਵਰਨਾਂ ਨੂੰ ਗੁਰੂ ਦੇ ਸਿੱਖ ਕਰ ਕੇ ਸਾਧ ਸੰਗਤ ਰੂਪ ਸੱਚ ਦਾ ਖੰਡ (ਧਰਤੀ ਉਤੇ) ਵਸਾ ਦਿੱਤਾ।

ਵੇਦ ਕਤੇਬਹੁ ਬਾਹਰਾ ਅਕਥ ਕਥਾ ਗੁਰ ਸਬਦੁ ਸੁਣਾਇਆ ।

ਵੇਦ ਕਤੇਬਾਂ ਥੋਂ ਬਾਹਰ ਅਕੱਥ ਜਿਸਦੀ ਕਥਾ ਹੈ (ਉਸ ਵਾਹਿਗੁਰੂ ਦਾ) ਗੁਰੂ ਜੀ ਨੇ ਸ਼ਬਦ ਦਾ ਉਪਦੇਸ਼ ਸੁਣਾਇਆ।

ਵੀਹਾਂ ਅੰਦਰਿ ਵਰਤਮਾਨੁ ਗੁਰਮੁਖਿ ਹੋਇ ਇਕੀਹ ਲਖਾਇਆ ।

(ਲੋਕੀਂ ਜੋ ਸ਼ਬਦ ਧਾਰਨ ਤੋਂ ਪਹਿਲਾਂ) ਵੀਹਾਂ ਵਿੱਚ ਵਰਤਮਾਨ ਸਨ (ਸੰਸਾਰ ਖੱਚਤ ਸਨ, ਹੁਣ) ਗੁਰਮੁਖ ਹੋਕੇ (ਉਨ੍ਹਾਂ ਨੂੰ) ਇਕ ਈਸ਼ਰ ਲਖਾ ਦਿੱਤਾ।

ਮਾਇਆ ਵਿਚਿ ਉਦਾਸੁ ਕਰਿ ਨਾਮੁ ਦਾਨੁ ਇਸਨਾਨੁ ਦਿੜਾਇਆ ।

ਮਾਇਆ ਵਿਚ ਉਦਾਸ ਰਹਿਕੇ ਨਾਮ, ਦਾਨ ਤੇ ਇਸ਼ਨਾਨ ਦ੍ਰਿੜ੍ਹ ਕੀਤਾ।

ਬਾਰਹ ਪੰਥ ਇਕਤ੍ਰ ਕਰਿ ਗੁਰਮੁਖਿ ਗਾਡੀ ਰਾਹੁ ਚਲਾਇਆ ।

(ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਦੇ) ਬਾਰਾਂ ਪੰਥ ਇਕੱਠੇ ਕਰ ਕੇ ਗੁਰਮੁਖਾਂ ਨੂੰ ਇਕ ਗਾਡੀ ਰਾਹ (ਅਰਥਾਤ ਪੱਧਰਾ ਤੇ ਸੁਖਾਲਾ ਮੁਕਤੀ ਦਾ ਰਾਹ ਦੱਸਿਆ।

ਪਤਿ ਪਉੜੀ ਚੜਿ ਨਿਜ ਘਰਿ ਆਇਆ ।੧੪।

ਪਤੀ (ਪ੍ਰਾਪਤੀ ਦੀ) ਪਉੜੀ ਚੜ੍ਹਕੇ ਨਿਜ ਸਰੂਪ ਵਿੱਚ ਇਸਥਿਤ ਹੋ ਗਿਆ।

ਪਉੜੀ ੧੫

ਗੁਰਮੁਖਿ ਮਾਰਗਿ ਪੈਰ ਧਰਿ ਦੁਬਿਧਾ ਵਾਟ ਕੁਵਾਟ ਨ ਧਾਇਆ ।

ਗੁਰਮੁਖ ਲੋਕ (ਪੂਰਬੋਕਤ ਨਾਮ ਦੇ ਗਾਡੀ) ਰਾਹ ਪੁਰ ਚਲਦੇ ਹਨ, ਦੁਬਿਧਾ ਦਾ ਰਸਤਾ ਖੋਟਾ ਰਸਤਾ ਹੈ, (ਉਥੇ) ਨਹੀਂ ਦੌੜਦੇ।

ਸਤਿਗੁਰ ਦਰਸਨੁ ਦੇਖਿ ਕੈ ਮਰਦਾ ਜਾਂਦਾ ਨਦਰਿ ਨ ਆਇਆ ।

ਸਤਿਗੁਰ ਦੇ ਦਰਸ਼ਨ ਦੇਖਣ ਕਰ ਕੇ (ਉਨ੍ਹਾਂ ਨੂੰ) ਮਰਦਾ ਜੰਮਦਾ ਨਜ਼ਰ ਨਹੀਂ ਆਉਂਦਾ (ਉਹ ਜਾਣਦੇ ਹਨ “ਨਹ ਕਿਛੁ ਜਨਮੈ ਨਹ ਕਿਛੁ ਮਰੈ॥ ਆਪਨ ਚਲਿਤੁ ਆਪ ਹੀ ਕਰੈ”)।

ਕੰਨੀ ਸਤਿਗੁਰ ਸਬਦੁ ਸੁਣਿ ਅਨਹਦ ਰੁਣ ਝੁਣਕਾਰੁ ਸੁਣਾਇਆ ।

ਕੰਨੀਂ ਸਤਿਗੁਰੂ ਦੇ ਸ਼ਬਦ ਦੇ ਸੁਣਨ ਨਾਲ ਅਨਹਦ ਵਾਜੇ ਇਕ ਰਸ ਸੁਣਦੇ ਹਨ।

ਸਤਿਗੁਰ ਸਰਣੀ ਆਇ ਕੈ ਨਿਹਚਲੁ ਸਾਧੂ ਸੰਗਿ ਮਿਲਾਇਆ ।

ਸਤਿਗੁਰੂ ਦੀ ਸ਼ਰਣੀ ਆਕੇ ਸਾਧੂਆਂ ਦੀ ਸੰਗਤ ਵਿਖੇ ਅਚੱਲ ਹੋਕੇ ਮਿਲੇ ਰਹਿੰਦੇ ਹਨ।

ਚਰਣ ਕਵਲ ਮਕਰੰਦ ਰਸਿ ਸੁਖ ਸੰਪਟ ਵਿਚਿ ਸਹਜਿ ਸਮਾਇਆ ।

ਗੁਰੂ ਜੀ ਦੇ ਚਰਣ ਕਵਲਾਂ ਦੇ ਮਕਰੰਦ ਰਸਿ ਨੂੰ ਸੁੱਖਾਂ ਦਾ ਡੱਬਾ ਜਾਣਕੇ ਉਸੇ ਵਿਖੇ ਭੌਰੇ ਵਾਂਗੂ ਸਮਾਏ ਰਹਿੰਦੇ ਹਨ।

ਪਿਰਮ ਪਿਆਲਾ ਅਪਿਉ ਪੀਆਇਆ ।੧੫।

ਪ੍ਰੇਮ ਰੂਪ ਅੰਮ੍ਰਿਤ ਦੇ ਪਿਆਲੇ ਨੂੰ ਪੀਕੇ ਸਦਾ ਅਲਮਸਤ ਰਹਿੰਦੇ ਹਨ।

ਪਉੜੀ ੧੬

ਸਾਧਸੰਗਤਿ ਕਰਿ ਸਾਧਨਾ ਪਿਰਮ ਪਿਆਲਾ ਅਜਰੁ ਜਰਣਾ ।

ਸਾਧ ਸੰਗਤ ਵਿਖੇ (ਜਿਨ੍ਹਾਂ ਪੁਰਖਾਂ ਨੇ) ਸਾਧਨਾਂ ਕੀਤੀ ਹੈ, ਪ੍ਰੇਮ ਦਾ ਅਜਰ ਪਿਆਲਾ (ਜਿਸ ਦਾ ਜਰਣਾ ਔਖਾ ਹੈ ਉਨ੍ਹਾਂ ਨੇ ਬੀ) ਜਰਿਆ ਹੈ।

ਪੈਰੀ ਪੈ ਪਾ ਖਾਕੁ ਹੋਇ ਆਪੁ ਗਵਾਇ ਜੀਵੰਦਿਆਂ ਮਰਣਾ ।

(ਕਿਉਂ ਜੋ ਉਹ ਗੁਰਾਂ ਦੀ) ਪੈਰੀਂ ਪੈਕੇ ਚਰਣ ਧੂੜ ਹੋ ਕੇ ਆਪਣਾ ਆਪ ਗਵਾ ਕੇ ਜੀਵਦਿਆਂ ਹੀ ਮੋਏ ਹਨ।

ਜੀਵਣ ਮੁਕਤਿ ਵਖਾਣੀਐ ਮਰਿ ਮਰਿ ਜੀਵਣੁ ਡੁਬਿ ਡੁਬਿ ਤਰਣਾ ।

ਜੀਵਣ ਮੁਕਤ ਉਨ੍ਹਾਂ ਨੂੰ ਆਖੀਦਾ ਹੈ (ਜੋ ਮਾਇਆ ਵਲੋਂ) ਮਰਕੇ (ਉਸ) ਮੌਤ ਤੋਂ (ਪਰਮੇਸ਼ਰ ਪ੍ਰੇਮ ਵਿਖੇ) ਜੀਉ ਪਏ (ਅਤੇ ਵਾਹਿਗੁਰੂ ਪ੍ਰੇਮ ਵਿਚ) ਡੁੱਬ (ਕੇ, ਮਾਇਆ ਵਿਚਲੇ) ਡੋਬਿਆਂ (ਤੋਂ) ਤਰ ਪਏ ਹਨ।

ਸਬਦੁ ਸੁਰਤਿ ਲਿਵਲੀਣੁ ਹੋਇ ਅਪਿਉ ਪੀਅਣੁ ਤੈ ਅਉਚਰ ਚਰਣਾ ।

(ਗੁਰੂ ਦੇ) ਸ਼ਬਦ ਸੁਰਤ ਦੀ ਸਮਾਧੀ ਵਿਖੇ ਮਗਨ ਹੋ ਕੇ ਅੰਮ੍ਰਿਤ ਨੂੰ ਪੀਕੇ ਹੰਕਾਰ ਦਾ ਅਭਾਵ ਕਰ ਦਿੱਤਾ ਹੈ।

ਅਨਹਦ ਨਾਦ ਅਵੇਸ ਕਰਿ ਅੰਮ੍ਰਿਤ ਵਾਣੀ ਨਿਝਰੁ ਝਰਣਾ ।

ਅਨਹਦ ਨਾਦ (ਉਹ ਸ਼ਬਦ, ਜੋ ਹਤ ਤੋਂ ਬਿਨਾਂ ਹੈ, ਸ਼ਬਦ ਬ੍ਰਹਮ) ਉਨ੍ਹਾਂ ਵਿਖੇ ਪਰਵੇਸ਼ ਹੋ ਗਿਆ ਹੈ, ਇਕ ਰਸ ਅੰਮ੍ਰਿਤ ਬਾਣੀ ਝਰਦੀ ਹੈ।

ਕਰਣ ਕਾਰਣ ਸਮਰਥੁ ਹੋਇ ਕਾਰਣੁ ਕਰਣੁ ਨ ਕਾਰਣੁ ਕਰਣਾ ।

(ਫਲ ਇਹ ਕਿ ਓਹ ਪੁਰਖ) 'ਕਰਣ ਕਾਰਣ' ਸਮਰਥ ਹੋ ਜਾਂਦੇ ਹਨ, ਜੋ ਕਰਣਾ ਚਾਹੁਣ ਕਰ ਸਕਦੇ ਹਨ (ਪਰੰਤੂ) (ਆਪ ਕੁਝ) ਕਾਰਣ ਨਹੀਂ ਕਰਦੇ (ਭਾਵ ਈਸ਼੍ਵਰ ਦੇ ਭਾਣੇ ਪਰ ਭਾਈ ਭਿਖਾਰੀ ਵਾਂਙੂ ਸ਼ਾਕਰ ਰਹਿੰਦੇ ਹਨ)।

ਪਤਿਤ ਉਧਾਰਣ ਅਸਰਣ ਸਰਣਾ ।੧੬।

ਪਤਿਤਾਂ ਦੇ ਉਧਾਰ ਕਰਣੇ ਵਾਲੇ ਹਨ ਅਰ 'ਅਸਰਣ' ਕਹੀਏ। ਜਿਨ੍ਹਾਂ ਨੂੰ ਕੋਈ ਸ਼ਰਣ ਨਾ ਦੇ ਸਕੇ, (ਉਨ੍ਹਾਂ ਨੂੰ) ਸ਼ਰਣ ਦੇ ਕੇ (ਮੁਕਤ ਕਰ ਦੇਂਦੇ ਹਨ)।

ਪਉੜੀ ੧੭

ਗੁਰਮੁਖਿ ਭੈ ਵਿਚਿ ਜੰਮਣਾ ਭੈ ਵਿਚਿ ਰਹਿਣਾ ਭੈ ਵਿਚਿ ਚਲਣਾ ।

ਗੁਰਮੁਖ ਭੈ ਵਿਚ ਹੀ ਜੰਮਦੇ, ਭੈ ਵਿਚ ਰਹਿੰਦੇ ਅਰ ਭੈ ਵਿਚ ਹੀ ਮਰਦੇ ਹਨ।

ਸਾਧਸੰਗਤਿ ਭੈ ਭਾਇ ਵਿਚਿ ਭਗਤਿ ਵਛਲੁ ਕਰਿ ਅਛਲੁ ਛਲਣਾ ।

ਸਾਧ ਸੰਗਤ ਵਿਖੇ (ਦੇਵੀ) ਭੈ ਅਰ ਪ੍ਰੇਮਾ ਭਗਤੀ ਦੇ ਨਾਲੇ ਭਗਤ ਵਛਲ ਜੋ ਕਿਸੇ ਥੋਂ ਛਲਿਆ ਨਹੀਂ ਜਾ ਸਕਦਾ, ਉਸਨੂੰ ਛਲ ਲੈਂਦੇ ਹਨ ਪ੍ਰਕਾਰ ਪਿਛੇ ਕਹਿ ਆਏ ਹਾਂ)।

ਜਲ ਵਿਚਿ ਕਵਲੁ ਅਲਿਪਤ ਹੋਇ ਆਸ ਨਿਰਾਸ ਵਲੇਵੈ ਵਲਣਾ ।

(ਕਾਰਣ ਇਹ ਕਿ) ਆਸਾ ਥੋਂ ਨਿਰਾਸ ਹੋ ਕੇ ਜਲ ਵਿਖੇ ਕਮਲ ਦੇ ਅਲੇਪ ਰਹਿਣ ਵਾਂਙੂ ਧੰਦਿਆਂ ਵਿਖੇ (ਅਲੇਪ) ਰਹਿੰਦੇ ਹਨ (ਪਰੰਤੂ ਕਈ ਸੱਟਾਂ ਵਜਦੀਆਂ ਹਨ, ਟੁੱਟਦੇ ਨਹੀਂ ਸਗੋਂ ਪੱਕੇ ਰਹਿੰਦੇ ਹਨ, ਸੋ ਦ੍ਰਿਸ਼ਟਾਂਤ ਦੇਂਦੇ ਹਨ)।

ਅਹਰਣਿ ਘਣ ਹੀਰੇ ਜੁਗਤਿ ਗੁਰਮਤਿ ਨਿਹਚਲੁ ਅਟਲੁ ਨ ਟਲਣਾ ।

ਅਹਿਰਣ ਅਤੇ ਵਦਾਣ ਵਿਚ ਹੀਰੇ ਦੀ ਤਰ੍ਹਾਂ ਅਟੱਲ ਰਹਿਕੇ ਗੁਰਮਤ ਵਿਚ ਨਿਹਚਲ ਹੋ ਕੇ ਟਲਦੇ ਨਹੀਂ (ਭਾਵ-ਹਰ ਤਰ੍ਹਾਂ ਦੇ ਕਸ਼ਟਾਂ ਤੇ ਦੁਖਾਂ ਨੂੰ ਸਹਿੰਦੇ ਹਨ।

ਪਰਉਪਕਾਰ ਵੀਚਾਰਿ ਵਿਚਿ ਜੀਅ ਦੈਆ ਮੋਮ ਵਾਂਗੀ ਢਲਣਾ ।

ਪਰੋਪਕਾਰ ਤੇ ਵੀਚਾਰ ਵਿਖੇ, ਜੀਵ ਦਯਾ ਵਿਖੇ ਮੋਮ ਵਾਂਙੂ ਢਲ ਜਾਂਦੇ ਹਨ।

ਚਾਰਿ ਵਰਨ ਤੰਬੋਲ ਰਸੁ ਆਪੁ ਗਵਾਇ ਰਲਾਇਆ ਰਲਣਾ ।

ਚਾਰ ਵਰਣਾਂ ਦੇ ਪਾਨ ਦੇ ਬੀੜੇ ਦੇ ਰਸ ਵਾਂਙੂ ਆਪਾ ਭਾਵ ਗੁਵਾਕੇ, ਸਾਰੇ ਮੇਲਾਂ ਵਿਖੇ ਮਿਲ ਜਾਂਦੇ ਹਨ (ਭਾਵ ਦ੍ਵੈਤ ਭਾਵ ਕਿਸੇ ਨਾਲ ਨਹੀਂ ਰਖਦੇ)।

ਵਟੀ ਤੇਲੁ ਦੀਵਾ ਹੋਇ ਬਲਣਾ ।੧੭।

ਵੱਟੀ ਤੇਲ ਦੇ ਦੀਵੇ ਵਾਂਙੂ ਬਲਦੇ ਹਨ।

ਪਉੜੀ ੧੮

ਸਤੁ ਸੰਤੋਖੁ ਦਇਆ ਧਰਮੁ ਅਰਥ ਕਰੋੜਿ ਨ ਓੜਕੁ ਜਾਣੈ ।

ਸਤ, ਸੰਤੋਖ, ਦਇਆ, ਧਰਮ, ਅਰਥ (ਧਨ ਆਦਿਕ ਪਦਰਥ) ਕਰੋੜਾਂ (ਜਿਨ੍ਹਾਂ ਦਾ) ਓੜਕ ਕਦੀ ਨਾ ਜਾਣ ਸਕੇ।

ਚਾਰ ਪਦਾਰਥ ਆਖੀਅਨਿ ਹੋਇ ਲਖੂਣਿ ਨ ਪਲੁ ਪਰਵਾਣੈ ।

ਅਰ ਚਾਰ ਪਦਾਰਥ (ਧਰਮ, ਅਰਥ ਕਾਮ ਅਤੇ ਮੋਖ ਕਹੀਦੇ ਹਨ (ਇਹੋ ਜੇਹੇ) ਲੱਖਾਂ ਹੀ ਵਿਦਮਾਨ ਹੋਣ (ਪਰੰਤੂ ਸਤਿਸੰਗਤ ਦੇ) ਪਲ ਮਾਤ੍ਰ (ਮਿਲਾਪ) ਦੇ ਬਰਾਬਰ ਨਹੀਂ ਹਨ।

ਰਿਧੀ ਸਿਧੀ ਲਖ ਲਖ ਨਿਧਿ ਨਿਧਾਨ ਲਖ ਤਿਲੁ ਨ ਤੁਲਾਣੈ ।

ਰਿਧੀਆਂ, ਸਿਧੀਆਂ ਲੱਖ ਹੋਣ, ਲਖਾਂ ਨਿਧੀਆਂ ਦੇ ਖਜ਼ਾਨੇ ਹੋਣ (ਪਰੰਤੂ ਪੂਰਬੋਕਤ ਆਨੰਦ ਦੇ ਇਕ) ਤਿਲ ਨਾਲ ਨਹੀਂ ਤੁਲਦੇ।

ਦਰਸਨ ਦ੍ਰਿਸਟਿ ਸੰਜੋਗ ਲਖ ਸਬਦ ਸੁਰਤਿ ਲਿਵ ਲਖ ਹੈਰਾਣੈ ।

(ਕਿਉਂ ਜੋ) ਦ੍ਰਿਸ਼ਟ ਦੇ ਸੰਜੋਗ ਕਰ ਕੇ ਦਰਸ਼ਨ ਨੂੰ ਦੇਖਕੇ (ਅਰ ਉਨ੍ਹਾਂ ਦੀ ਗੁਰੂ ਦੇ) ਸ਼ਬਦ ਦੀ ਸੁਰਤ ਵਿਖੇ ਸਮਾਧੀ ਨੂੰ ਦੇਖਕੇ (ਸਭ ਉਕਤ ਪਦਾਰਥ) ਹੈਰਾਨ ਹੁੰਦੇ ਹਨ।

ਗਿਆਨ ਧਿਆਨ ਸਿਮਰਣ ਅਸੰਖ ਭਗਤਿ ਜੁਗਤਿ ਲਖ ਨੇਤ ਵਖਾਣੈ ।

ਗਿਆਨ, ਧਿਆਨ, ਸਿਮਰਣ ਅਨਗਿਣਤ ਭਗਤੀ ਦੀਆਂ ਜੁਗਤਾਂ (ਡੌਲਾਂ) ਲਖਕੇ (ਸਾਰੇ) ਨੇਤਿ ਨੇਤਿ ਕਹਿੰਦੇ ਹਨ (ਕਿ ਸਾਥੋਂ ਇਨ੍ਹਾਂ ਦਾ ਅੰਤ ਨਹੀਂ ਆ ਸਕਦਾ)।

ਪਿਰਮ ਪਿਆਲਾ ਸਹਜਿ ਘਰੁ ਗੁਰਮੁਖਿ ਸੁਖ ਫਲ ਚੋਜ ਵਿਡਾਣੈ ।

ਪ੍ਰੇਮ ਦਾ ਪਿਆਲਾ ਸ਼ਾਂਤਿ ਦੇ ਘਰ ਵਿਖੇ ਪੀ ਕਰ ਕੇ ਜੋ ਗੁਰਮੁਖਾਂ ਨੂੰ ਸੁਖ ਫਲ ਪ੍ਰਾਪਤ ਹੋਇਆਹੈ (ਉਸਦਾ) ਚੋਜ ਅਚਰਜ ਰੂਪ ਹੈ।

ਮਤਿ ਬੁਧਿ ਸੁਧਿ ਲਖ ਮੇਲਿ ਮਿਲਾਣੈ ।੧੮।

ਗੁਰਮੁਖਾਂ ਦੀ ਮਤ (ਵਿਵਹਾਰਕ ਅਕਲ), ਬੁਧਿ (ਸਦਾਚਾਰ, ਨੇਕੀ ਦੀ ਅਕਲ) ਸੁਧਿ (ਗਿਆਨ ਦੀ ਅਕਲ) ('ਲਖ'=) ਵਾਹਿਗੁਰੂ ਦੇ ਮੇਲ ਵਿਚ ਮਿਲੀ ਹੋਈ ਹੈ (ਅਥਵਾ ਮਤਿ, ਬੁਧ, ਸੁਧੀਆਂ ਲਖਾਂ ਹੀ ਉਕਤ ਵਿਖੇ ਮਿਲਦੀਆਂ ਹਨ ਭਾਵ ਏਹ ਬੀ ਉਸ ਅਨੰਦ ਦੇ ਬਰਾਬਰ ਨਹੀਂ ਹਨ)।

ਪਉੜੀ ੧੯

ਜਪ ਤਪ ਸੰਜਮ ਲਖ ਲਖ ਹੋਮ ਜਗ ਨਈਵੇਦ ਕਰੋੜੀ ।

ਜਪ (ਪਾਠ ਕਰਨਾ), ਤਪ (ਪੰਜ ਧੂਣੀਆਂ ਆਦਿਕ), ਸੰਜਮ (ਧਾਰਨਾ, ਧ੍ਯਾਨ, ਸਮਾਧੀ) ਲੱਖਾਂ ਤੇ ਲੱਖਾਂ ਹਵਨ, ਯੱਗ, ਅਰ ਠਾਕਰਾਂ ਨੂੰ ਕਰੋੜਾਂ ਭੋਗ ਲਗਾਉਣੇ;

ਵਰਤ ਨੇਮ ਸੰਜਮ ਘਣੇ ਕਰਮ ਧਰਮ ਲਖ ਤੰਦੁ ਮਰੋੜੀ ।

ਵਰਤੁ ਨੇਮੁ, ਸੰਜਮੁ (ਪ੍ਰਹੇਜ਼ਗਾਰੀ) ਬਹੁਤ ਕਰਣੇ, ਕਰਮ ਧਰਮ ਲੱਖਾਂ ਹੀ (ਕੱਚੀ) ਤੰਦ ਦੀ ਮਰੋੜੀ ਦੇ ਵਾਂਗੂੰ ਹਨ (ਭਾਵ ਕੱਚੇ ਹਨ)।

ਤੀਰਥ ਪੁਰਬ ਸੰਜੋਗ ਲਖ ਪੁੰਨ ਦਾਨੁ ਉਪਕਾਰ ਨ ਓੜੀ ।

ਤੀਰਥਾਂ ਦੇ ਪੁਰਬਾਂ ਦੇ ਲੱਖਾਂ ਸੰਜੋਗਾਂ ਪੁਰ ਜੋ ਲੱਖ ਪੁੰਨ ਦਾਨ ਅਰ ਉਪਕਾਰ ਬੇਓੜਕ ਕੀਤੇ ਜਾਂਦੇ ਹਨ।

ਦੇਵੀ ਦੇਵ ਸਰੇਵਣੇ ਵਰ ਸਰਾਪ ਲਖ ਜੋੜ ਵਿਛੋੜੀ ।

ਦੇਵੀ ਦੇਵਤਿਆਂ ਦੀਆਂ ਸੇਵਾ (ਉਨ੍ਹਾਂ ਦੇ) ਵਰਾਂ ਕਰ ਕੇ ਸੰਜੋਗ ਦਾ ਹੋਣਾ, ਅਰ ਸਰਾਪ ਕਰ ਕੇ ਵਿਛੋੜਾ ਪੈ ਜਾਣਾ।

ਦਰਸਨ ਵਰਨ ਅਵਰਨ ਲਖ ਪੂਜਾ ਅਰਚਾ ਬੰਧਨ ਤੋੜੀ ।

(ਖਟ) ਦਰਸ਼ਨ (ਚਾਰ) ਵਰਣ ਤੇ ਅਵਰਨ (ਹੋਰ ਸਾਰੇ ਲੋਕਾਂ) ਦੀਆਂ ਪੂਜਾ ਅਰਚਾ ਦੇ ਬੰਧਨ (ਸਭੀ) ਤੋੜ ਦਿੱਤੇ ਹਨ।

ਲੋਕ ਵੇਦ ਗੁਣ ਗਿਆਨ ਲਖ ਜੋਗ ਭੋਗ ਲਖ ਝਾੜਿ ਪਛੋੜੀ ।

ਲੋਕ ਸ਼ਾਸਤ੍ਰ ਤੇ ਵੇਦਾਂ ਦੇ ਗੁਣ ਅਤੇ ਗਿਆਨ ਲੱਖਾਂ ਹੀ ਜੋਗ, ਅਰ ਭੋਗ ਲੱਖਾਂ ਹੀ ਝਾੜਕੇ ਪਿੱਛੇ ਸੁੱਟ ਦਿੱਤੇ ਹਨ।

ਸਚਹੁ ਓਰੈ ਸਭ ਕਿਹੁ ਲਖ ਸਿਆਣਪ ਸੱਭਾ ਥੋੜੀ ।

(ਕਿਉਂਕਿ) ਸਚ ਥੋਂ ਉਰੇ ਹੀ ਸਾਰੇ (ਉਕਤ ਜਪ ਤਪਾਦਿ ਹਨ), ਲਖਾਂ ਸਿਆਣਪਾਂ ਸੱਚ ਦੇ ਅਗੇ ਥੋੜੀਆਂ ਹਨ (ਤੇ ਉਨ੍ਹਾਂ ਗੁਰਮੁਖਾਂ ਨੇ ਸੱਚ ਲੱਭ ਲਿਆ ਹੈ ਹੁਣ ਛੇਕੜ ਦੀ ਅੱਠਵੀਂ ਤੁਕ ਵਿਖੇ ਹੋਰ ਪੱਕਾ ਕਰਦੇ ਹਨ)।

ਉਪਰਿ ਸਚੁ ਅਚਾਰੁ ਚਮੋੜੀ ।੧੯।

ਸਚ ਦਾ ਕਰਮ (ਸਭਨਾਂ ਦੇ) ਉਪਰ ਰੱਖ੍ਯਾ ਹੈ (ਕਿ ਸੱਚ ਹੀ ਸਾਰੇ ਕਰਮਾਂ ਦਾ ਸ਼ਿਰੋਮਣੀ ਕਰਮ ਹੈ ਅਥਵਾ-ਸੱਚ ਦਾ ਅਚਾਰ ਸਭ ਤੋਂ ਉਪਰ ਹੈ ਤੇ ਹੋਰ ਸਾਰੇ ਜਪ ਤਪ ਇਕ 'ਚਮੋੜੀ'=ਚਮੜਾ ਜਾਂ ਚਤੁਰੰਗ ਦੀ ਸੈਨਾਂ ਹਨ)।

ਪਉੜੀ ੨੦

ਸਤਿਗੁਰ ਸਚਾ ਪਾਤਿਸਾਹੁ ਸਾਧਸੰਗਤਿ ਸਚੁ ਤਖਤੁ ਸੁਹੇਲਾ ।

ਸਤਿਗੁਰੂ (ਗੁਰੂ ਅਰਜਨ ਦੇਵ ਜੀ) ਸਚੇ ਪਾਤਸ਼ਾਹ ਹਨ, ਸਾਧ ਸੰਗਤ ਰੂਪੀ ਸਦਾ ਸਿੰਘਾਸਨ ਸੁਖਦਾਈ ਹੈ। (ਭਾਵ ਹੋਰ ਤਖਤਾਂ ਵਿਖੇ ਮਾਯਕ ਵਿਹਾਰ ਹੈ, ਇਸ ਵਿਖੇ ਆਤਮਾ ਦਾ ਸਦਾ ਅਨੰਦ ਹੈ)।

ਸਚੁ ਸਬਦੁ ਟਕਸਾਲ ਸਚੁ ਅਸਟ ਧਾਤੁ ਇਕ ਪਾਰਸ ਮੇਲਾ ।

(ਸੱਚੇ) ਸ਼ਬਦ ਦੀ ਟਕਸਾਲ ਸੱਚੀ ਹੈ, ਅੱਠ ਧਾਤਾਂ (ਚਾਰ ਵਰਣ ਤੇ ਚਾਰ ਆਸ਼ਰਮਾਂ ਨੂੰ) ਇਕੋ ਜਿਹਾ ਪਾਰਸ ਦਾ ਮੇਲ ਹੈ (ਭਾਵ ਸਭ ਨੂੰ ਕੰਚਨ ਕਰਦਾ ਹੈ)।

ਸਚਾ ਅਬਿਚਲ ਰਾਜ ਹੈ ਸਚ ਮਹਲ ਨਵਹਾਣ ਨਵੇਲਾ ।

ਸੱਚਾ ਅਤੇ ਅਟੱਲ (ਸਤਿਗੁਰੂ) ਦਾ ਰਾਜ ਹੈ, ਸੱਚਾ ਅਤੇ ('ਨਵਹਾਣ'=) ਨਵੇਂ ਰੰਗ ਦਾ ਨਵੇਕਲਾ ਸੁੰਦਰ ਸਰੂਪ ਰੂਪੀ ਮਹਲ ਹੈ (ਅੰਤ੍ਰੀਵ ਅਰਥ ਇਹ ਹੈ ਕਿ ਸ੍ਵੈ ਸਰੂਪ ਵਿਖੇ ਬਿਰਾਜਮਾਨ ਰਹਿੰਦੇ ਹਨ)।

ਸਚਾ ਹੁਕਮੁ ਵਰਤਦਾ ਸਚਾ ਅਮਰੁ ਸਚੋ ਰਸ ਕੇਲਾ ।

ਹੁਕਮ ਭੀ ਸੱਚਾ ਹੈ (ਜੋ ਉਹ ਗੁਰੂ ਦਾ) ਮੰਨਦੇ ਹਨ, ਸੱਚਾ ਅਮਰ (ਹੁਕਮ ਹੈ, ਜੋ ਉਹਨਾਂ ਦਾ ਅਗੇ ਮੰਨਿਆ ਜਾਂਦਾ ਹੈ) ਅਰ ਸਚੇ ਰਸ ਦਾ ਆਨੰਦ ਲੈਂਦਾ ਹੈ।

ਸਚੀ ਸਿਫਤਿ ਸਲਾਹ ਸਚੁ ਸਚੁ ਸਲਾਹਣੁ ਅੰਮ੍ਰਿਤ ਵੇਲਾ ।

ਸੱਚੀ ਸਿਫਤ ਅਤੇ ਸ਼ਲਾਘਾ ਬੀ ਸੱਚੀ ਹੈ (ਜੋ ਉਹ ਵਾਹਿਗੁਰੂ ਦੀ ਕਰਦੇ ਹਨ; ਪੁਨ:) ਅੰਮ੍ਰਿਤ ਵੇਲੇ ਸਚ ਦਾ ਸਲਾਹੁਣਾ ਹੁੰਦਾ ਹੈ। (ਭਾਵ ਤੜਕੇ ਉੱਠਕੇ ਬਾਣੀ ਪੜ੍ਹਦੇ ਹਨ ਸੱਚੇ ਰੱਬ ਦੀ)।

ਸਚਾ ਗੁਰਮੁਖਿ ਪੰਥੁ ਹੈ ਸਚੁ ਉਪਦੇਸ ਨ ਗਰਬਿ ਗਹੇਲਾ ।

ਗੁਰਮੁਖਾਂ ਦਾ ਪੰਥ ਸੱਚਾ ਹੈ, ਉਪਦੇਸ਼ ਸੱਚਾ ਹੈ, (ਹੋਰ ਪਾਤਸ਼ਾਹ ਵਾਂਗੂੰ) ਆਕੜ ਨਾਲ ਗ੍ਰਸੇ ਹੋਏ ਨਹੀਂ ਹਨ।

ਆਸਾ ਵਿਚਿ ਨਿਰਾਸ ਗਤਿ ਸਚਾ ਖੇਲੁ ਮੇਲੁ ਸਚੁ ਖੇਲਾ ।

ਆਸਾ ਵਿਖੇ ਨਿਰਾਸਤਾ ਦੀ ਉਹਨਾਂ ਦੀ ਚਾਲ ਹੈ, ਸੱਚਾ ਉਹਨਾਂ ਦਾ ਖੇਲ ਹੈ, (ਵਿਵਹਾਰ ਸੱਚਾ ਹੈ) ਮੇਲ ਭੀ ਸੱਚਾ ਮੇਲਦੇ ਹਨ, (ਜਿਸ ਨੂੰ ਮਿਲਨ ਦਾ ਉਪਕਾਰ ਕਰਦੇ ਤੇ ਸੱਚ ਦੀ ਸਾਂਝ ਕਰਦੇ ਹਨ)।

ਗੁਰਮੁਖਿ ਸਿਖੁ ਗੁਰੂ ਗੁਰ ਚੇਲਾ ।੨੦।

ਗੁਰਾਂ ਵਲ ਜਿਨ੍ਹਾਂ ਦਾ ਮੁਖ ਹੈ (ਅਜਿਹੇ ਸਿੱਖ) ਗੁਰੂ ਰੂਪ ਹਨ ਅਰ ਗੁਰੂ ਜੀ ਚੇਲਾ ਰੂਪ ਹਨ।

ਪਉੜੀ ੨੧

ਗੁਰਮੁਖਿ ਹਉਮੈ ਪਰਹਰੈ ਮਨਿ ਭਾਵੈ ਖਸਮੈ ਦਾ ਭਾਣਾ ।

ਗੁਰਮੁਖ ਲੋਕ ਹਉਮੈਂ ਨਹੀਂ ਕਰਦੇ (ਕਿਉਂ ਜੋ ਉਹਨਾਂ ਦੇ) ਮਨ ਵਿਖੇ ਵਾਹਿਗੁਰੂ ਦਾ ਭਾਣਾ ਹੀ ਚੰਗਾ ਲਗਦਾ ਹੈ।

ਪੈਰੀ ਪੈ ਪਾ ਖਾਕ ਹੋਇ ਦਰਗਹ ਪਾਵੈ ਮਾਣੁ ਨਿਮਾਣਾ ।

(ਸਤਿਗੁਰ ਦੀ) ਚਰਨੀ ਪੈਕੇ ਚਰਨ ਧੂੜ ਬਣ ਗਏ ਹਨ (ਇਸ ਕਰ ਕੇ ਉਹ ਇਥੇ) ਨਿਮਾਣੇ (ਹਨ, ਪਰ) ਦਰਗਾਹ ਵਿਖੇ ਮਾਣ ਪਾਉਣਗੇ।

ਵਰਤਮਾਨ ਵਿਚਿ ਵਰਤਦਾ ਹੋਵਣਹਾਰ ਸੋਈ ਪਰਵਾਣਾ ।

ਵਰਤਮਾਨ ਵਿਖੇ ਜੋ ਭਾਵੀ ਵਰਤ ਰਹੀ ਹੈ ਉਹੋ (ਉਹਨਾਂ ਨੇ) ਪਰਵਾਨ ਕੀਤੀ ਹੈ।

ਕਾਰਣੁ ਕਰਤਾ ਜੋ ਕਰੈ ਸਿਰਿ ਧਰਿ ਮੰਨਿ ਕਰੈ ਸੁਕਰਾਣਾ ।

ਜੋ ਕੁਝ ਕਰਤਾਰ ਕਾਰਣ ਕਰਦਾ ਹੈ, ਉਸ ਨੂੰ ਸਿਰ ਪਰ ਰੱਖਕੇ ਮੰਨਕੇ ਸ਼ੁਕਰੀਆ ਕਰਦੇ ਹਨ !

ਰਾਜੀ ਹੋਇ ਰਜਾਇ ਵਿਚਿ ਦੁਨੀਆਂ ਅੰਦਰਿ ਜਿਉ ਮਿਹਮਾਣਾ ।

(ਵਾਹਿਗੁਰੂ ਦੀ) ਰਜ਼ਾਇ ਵਿਖੇ ਰਾਜ਼ੀ ਹੋਕੇ ਦੁਨੀਆਂ ਦੇ ਵਿਚ ਆਪ ਨੂੰ (ਚਾਰ ਦਿਨ ਦੇ) ਪਰਾਹੁਣੇ (ਵਾਂਗੂੰ ਮੰਨਦੇ ਹਨ)।

ਵਿਸਮਾਦੀ ਵਿਸਮਾਦ ਵਿਚਿ ਕੁਦਰਤਿ ਕਾਦਰ ਨੋ ਕੁਰਬਾਣਾ ।

ਅਚਰਜ ਰੂਪ ਨਿਰੰਕਾਰ ਦੇ 'ਵਿਸਮਾਦ' ਥੋਂ ਤੇ ਕਾਦਰ ਦੀ ਕੁਦਰਤ ਤੋਂ ਬਲਿਹਾਰ ਜਾਂਦੇ ਹਨ।

ਲੇਪ ਅਲੇਪ ਸਦਾ ਨਿਰਬਾਣਾ ।੨੧।

(ਇਸੇ ਕਰ ਕੇ ਸਾਰੇ) 'ਲੇਪਾਂ' ਥੋਂ ਅਲੇਪ ਹੋਕੇ ਨਿਰਬੰਧਨ ਰਹਿੰਦੇ ਹਨ।

ਪਉੜੀ ੨੨

ਹੁਕਮੀ ਬੰਦਾ ਹੋਇ ਕੈ ਸਾਹਿਬੁ ਦੇ ਹੁਕਮੈ ਵਿਚਿ ਰਹਣਾ ।

ਹੁਕਮ ਦਾ ਦਾਸ ਹੋ ਕਰ ਕੇ (ਆਪਣੇ) ਸ੍ਵਾਮੀ ਦੇ ਹੁਕਮ ਵਿਖੇ ਰਹੇ (ਉਹ ਬੰਦਾ ਹੈ)।

ਹੁਕਮੈ ਅੰਦਰਿ ਸਭ ਕੋ ਸਭਨਾ ਆਵਟਣ ਹੈ ਸਹਣਾ ।

ਹੁਕਮ ਦੇ ਅੰਦਰ ਸਾਰਾ (ਸੰਸਾਰ) ਹੈ, (ਭਾਣੇ ਦਾ) ਸੇਕ ਸਭ ਕਿਸੇ ਨੂੰ ਸਹਾਰਨਾ ਬਣਦਾ ਹੈ।

ਦਿਲੁ ਦਰੀਆਉ ਸਮਾਉ ਕਰਿ ਗਰਬੁ ਗਵਾਇ ਗਰੀਬੀ ਵਹਣਾ ।

(ਇਸ ਲਈ) ਦਿਲ (ਨੂੰ) ਦਰਿਆਉ (ਕਰਕੇ) (ਸਭ ਸੇਕਾਂ ਦੀ) ਸਮਾਈ ਕਰੇ, ਹੰਕਾਰ ਨੂੰ ਛੱਡਕੇ ਗਰੀਬੀ ਵਿਖੇ ਚਲਣਾ ਕਰੇ।

ਵੀਹ ਇਕੀਹ ਉਲੰਘਿ ਕੈ ਸਾਧਸੰਗਤਿ ਸਿੰਘਾਸਣਿ ਬਹਣਾ ।

('ਵੀਹ') ਲੋਕ ('ਇਕੀਹ') ਪਰਲੋਕ (ਦੀ ਇੱਛਾ ਥੋਂ) ਲੰਘ ਕੇ ਸਾਧ ਸੰਗਤ ਰੂਪ ਸਿੰਘਾਸਣ ਵਿਚ ਬੈਠੇ (ਭਾਵ ਨਿਸ਼ਕਾਮ ਭਗਤੀ ਕਰੇ)।

ਸਬਦੁ ਸੁਰਤਿ ਲਿਵਲੀਣੁ ਹੋਇ ਅਨਭਉ ਅਘੜ ਘੜਾਏ ਗਹਣਾ ।

ਸ਼ਬਦ ਦੀ ਸੁਰਤ ਵਿਖੇ ਮਗਨ ਹੋਕੇ ਗੁਰੂ ਦੇ ਗ੍ਯਾਨ ਨਾਲ ਅਘੜ (ਮਨ ਦਾ ਜੋ) ('ਗਹਿਣਾ'=) ਗ੍ਰਹਿਣ ਕਰਣਾ ਹੈ, (ਇਹੋ ਗਹਿਣਾ) ਘੜਾਵੇ (ਇਥੇ ਗਹਿਣਾ ਪਦ ਵਿਖੇ ਸ਼ਲੇਖਾਲੰਕਾਰ ਹੈ, ਪਕੜਨਾ ਤੇ ਜ਼ੇਵਰ)।

ਸਿਦਕ ਸਬੂਰੀ ਸਾਬਤਾ ਸਾਕਰੁ ਸੁਕਰਿ ਨ ਦੇਣਾ ਲਹਣਾ ।

ਭਰੋਸੇ ਅਤੇ ਸੰਤੋਖ ਵਿਖੇ ਸਾਬਤ ਰਹੇ, (ਹਰ ਬਾਤ ਵਿਚ) ਸ਼ੁਕਰ ਕਰਨ ਵਾਲਾ ਰਹੇ, ਦੇਣਾ ਲੈਣਾ (ਸਿਵਾਇ) ਸ਼ੁਕਰ ਦੇ (ਹੋਰ ਕੋਈ ਨਾ ਕਰੇ)।

ਨੀਰਿ ਨ ਡੁਬਣੁ ਅਗਿ ਨ ਦਹਣਾ ।੨੨।

(ਐਸੇ ਬੰਦੇ ਨੂੰ) ਪਾਣੀ ਵਿੱਚ ਡੁੱਬਣ ਨਹੀਂ ਤੇ ਅੱਗ ਵਿੱਚ ਸਾੜ ਨਹੀਂ, (ਯਥਾ-”ਜਲ ਅਗਨੀ ਵਿਚ ਘਤਿਆ ਜਲੈ ਨ ਡੁਬੈ ਗੁਰਪਰਸਾਦਿ”)। (ਅਥਵਾ ਪਦਾਰਥਾਂ ਦੇ ਪਾਣੀ, ਅਰ ਤ੍ਰਿਸ਼ਨਾ ਜਾਂ ਈਰਖਾ ਦੀ ਅੱਗ ਐਸੇ ਗੁਰਮੁਖਾਂ ਨੂੰ ਨਹੀਂ ਪੋਂਹਦੇ)।

ਪਉੜੀ ੨੩

ਮਿਹਰ ਮੁਹਬਤਿ ਆਸਕੀ ਇਸਕੁ ਮੁਸਕੁ ਕਿਉ ਲੁਕੈ ਲੁਕਾਇਆ ।

(ਗੁਰੂ ਦੀ) ਮਿਹਰ (ਤੇ ਸਿੱਖ ਦੀ) ਮੁਹੱਬਤ, ਇਸ਼ਕ (ਦੇ ਦਰਜੇ ਦੀ ਅਰਥਾਤ ਉੱਚੀ) ਪ੍ਰੀਤਿ ਲੁਕਣ ਵਾਲੇ ਪਦਾਰਥ ਨਹੀਂ, (ਕਿਉਂਕਿ ਕਹਾਵਤ ਹੈ 'ਇਸ਼ਕ ਮੁਸ਼ਕ ਖਾਂਸੀ ਖੁਰਕ ਲੁਕਾਇਆ ਨਹੀਂ ਲੁਕਦੇ')।

ਚੰਦਨ ਵਾਸੁ ਵਣਾਸਪਤਿ ਹੋਇ ਸੁਗੰਧੁ ਨ ਆਪੁ ਗਣਾਇਆ ।

(ਜਿਕੂੰ) ਚੰਦਨ ਦੀ ਵਾਸ਼ਨਾਂ ਨਾਲ ਵਣਾਸਪਤੀ (ਚੰਦਨ) ਹੋਕੇ ਆਪਣਾ ਆਪ ਜਣਾਉਂਦੀ ਨਹੀਂ, (ਪ੍ਰੰਤੂ ਵਾਸ਼ਨਾਂ ਥੋਂ ਹੀ ਚੰਦਨ ਜਾਪਦੀ ਹੈ)।

ਨਦੀਆਂ ਨਾਲੇ ਗੰਗ ਮਿਲਿ ਹੋਇ ਪਵਿਤੁ ਨ ਆਖਿ ਸੁਣਾਇਆ ।

ਨਦੀਆਂ ਅਤੇ ਨਾਲੇ ਗੰਗਾ ਨਾਲ ਮਿਲਕੇ ਨਿਰਮਲ ਹੋ ਜਾਂਦੇ ਹਨ, (ਪਰ ਲੋਕਾਂ ਨੂੰ) ਆਖਕੇ ਟਾਹਰਾ ਨਹੀਂ ਮਾਰਦੇ (ਕਿ ਅਸੀ ਭੀ ਹੁਣ ਗੰਗਾ ਹੋ ਗਏ ਹਾਂ)।

ਹੀਰੇ ਹੀਰਾ ਬੇਧਿਆ ਅਣੀ ਕਣੀ ਹੋਇ ਰਿਦੈ ਸਮਾਇਆ ।

ਹੀਰੇ ਨਾਲ ਹੀਰਾ ਵਿੰਨ੍ਹਿਆ ਜਾਂਦਾ ਹੈ (ਪਰ ਜਦ ਵਰਮੇ ਦੀ) 'ਅਣੀ' ਪੁਰ ਹੀਰੇ ਦੀ ਕਣੀ ਰਿਦੇ ਵਿਖੇ ਸਮਾਇ ਜਾਂਦੀ ਹੈ, (ਅੰਤ੍ਰੀਵ) ਅਰਥ ਇਹ ਹੈ ਕਿ ਗੁਰੂ ਜੀ ਜੀਭ ਰੂਪੀ ਵਰਮੇ ਦੀ ਅਣੀ ਪਰ ਨਾਮ ਦੀ ਕਣੀ ਰੱਖਕੇ ਜੱਗ੍ਯਾਸੂ ਨੂੰ ਵਿੰਨ੍ਹ ਦੇਂਦੇ ਹਨ, 'ਯਥਾ:-”ਗੁਰਮੁਖ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ”)।

ਸਾਧਸੰਗਤਿ ਮਿਲਿ ਸਾਧ ਹੋਇ ਪਾਰਸ ਮਿਲਿ ਪਾਰਸ ਹੋਇ ਆਇਆ ।

ਸਾਧ ਸੰਗਤ ਨਾਲ ਮਿਲਕੇ ਸਾਧ ਹੋ ਜਾਂਦਾ ਹੈ, (ਮਾਨੋਂ) ਪਾਰਸ ਨਾਲ ਮਿਲਕੇ ਪਾਰਸ ਰੂਪ ਹੀ ਹੋ ਗਿਆ ਹੈ।

ਨਿਹਚਉ ਨਿਹਚਲੁ ਗੁਰਮਤੀ ਭਗਤਿ ਵਛਲੁ ਹੋਇ ਅਛਲੁ ਛਲਾਇਆ ।

ਗੁਰੂ ਦੀ ਅਚਲ ਮੱਤਿ ਨੂੰ ਨਿਹਚੇ ਨਾਲ ਪਾਕੇ (ਆਪ ਅਚਲ ਭਗਤੀ ਵਾਲਾ) ਹੋ ਜਾਂਦਾ ਹੈ, ਭਗਤ ਵਛਲ ਹੋਣ ਕਰ ਕੇ ਅਛਲ ਨੇ ਆਪ ਨੂੰ ਛਲਾਇਆ ਹੈ।

ਗੁਰਮੁਖਿ ਸੁਖ ਫਲੁ ਅਲਖੁ ਲਖਾਇਆ ।੨੩।੧੮। ਅਠਾਰਾਂ ।

ਗੁਰਮੁਖ ਨੂੰ ਸੁਖ ਰੂਪੀ ਫਲ (ਮਿਲਦਾ ਹੈ, ਸਰੂਪ ਇਹ ਕਿ) ਅਲੱਖ ਵਾਹਿਗੁਰੂ ਨੇ (ਨਿਜ ਨੂੰ ਉਨ੍ਹਾਂ ਪਰ) ਲਖਾ ਦਿੱਤਾ ਹੈ।