ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਜੋ) ਸਾਧ ਸੰਗਤ ਵਿਖੇ ਗੁਰਮੁਖ ਹੁੰਦਾ ਹੈ (ਉਹ) ਹੋਰ ਕੁਸੰਗੀਆਂ ਦੇ ਸੰਗ ਵਿਚ ਨਹੀਂ ਲਗਦਾ।
ਗੁਰਮੁਖਾਂ ਦਾ ਪੰਥ ਸ਼ੋਭਨੀਕ ਹੈ (ਜੋਗੀਆਂ ਦੇ) ਬਾਰਾਂ ਪੰਥਾਂ ਦੀਆਂ ਖੇਚਲਾਂ ਵਿਚ ਨਹੀਂ ਖਚਿਤ ਹੁੰਦਾ ਹੈ।
ਗੁਰਮੁਖ ਵਰਣ (ਖੱਤ੍ਰੀ, ਬ੍ਰਾਹਮਣ) ਹੋਵੇ ਭਾਵੇਂ (ਅਵਰਣ=) ਨੀਚ ਜਾਤ ਹੋਵੇ (ਉਹ ਤੰਬੋਲ=) ਪਾਨ ਦੇ ਬੀੜੇ ਦੇ ਲਾਲ ਰੰਗ ਵਿਚ (ਸਤਿਸੰਗ ਵਿਚ=) ਪਰੁੱਚ ਜਾਂਦਾ ਹੈ (ਭਾਵ ਅਭੇਦ ਹੋ ਜਾਂਦਾ ਹੈ)।
ਗੁਰਮੁਖਾਂ ਦਾ ਦਰਸ਼ਨ (ਜਿਨ੍ਹਾਂ) ਦੇਖਣਾ ਕੀਤਾ ਹੈ ਉਹ ਛੀ ਦਰਸ਼ਨਾਂ ਦੇ ਪਰਸਣ ਵਿਚ ਨਹੀਂ ਫਸਦੇ।
ਗੁਰਮੁਖਾਂ ਦੀ ਅਟੱਲ ਬੁੱਧੀ ਹੈ, ਦੂਜੇ ਭਾਵ ਦੇ ਲੋਭ ਵਿਚ ਨਹੀਂ ਸੜਦੇ।
ਗੁਰਮੁਖਾਂ ਦਾ ਸ਼ਬਦ (ਜਿਨ੍ਹਾਂ) ਕਮਾਇਆ ਹੈ (ਓਹ) ਪੈਰੀਂ ਪੈਣਾ ਅਰ ਗੁਰਮੁਖਾਂ ਦੀਆਂ ਰਾਹ ਰਸਮਾਂ ਥੋਂ ਨਹੀਂ ਹਿਚਕਦੇ (ਤਿਲਕਦੇ)।
ਪ੍ਰੇਮਾਂ ਭਗਤੀ ਦੀ ਖੁਸ਼ੀ ਵਿਖੇ ਮਸਤ ਰਹਿੰਦੇ ਹਨ।
ਗੁਰਮੁਖ ਇਕ ਮਨ ਹੋਕੇ ਇਕ ਈਸ਼੍ਵਰ ਅਰਾਧਦੇ ਹਨ, ਦੋ ਦਿਲੇ ਨਹੀਂ ਹੁੰਦੇ।
ਆਪਾ ਭਾਵ ਗੁਵਾ ਦਿੰਦੇ ਹਨ, ਜੀਵਨ ਮੁਕਤ ਹੋ ਰਹੇ ਹਨ, ਗੁਰਮੁਖਾਂ ਦਾ ਪਿੱਤਾ (ਦਿਲ) ਤਮੋਂ ਗੁਣੀ ਨਹੀਂ।
ਗੁਰੂ ਦੇ ਉਪਦੇਸ਼ ਵਿਖੇ ਪ੍ਰਵੇਸ਼ ਕਰ ਕੇ ਸਣੇ (ਪੰਜ) ਦੂਤਾਂ ਦੇ ਕਠਨ ਗੜ੍ਹ (ਦੇਹਾਭਿਮਾਨ) ਜਿੱਤ ਲੀਤਾ ਹੈ।
ਪੈਰੀ ਪੈਕੇ ਚਰਨਾਂ ਦੀ ਖ਼ਾਕ ਹੋਕੇ ਆਪ ਨੂੰ ਪ੍ਰਾਹੁਣਾ ਮੰਨਦੇ ਹਨ (ਇਸੇ ਕਾਰਣ) ਜਗ ਦੇ (ਅਥਿੱਤਾ=) ਪੂਜਨਕੀ ਹਨ।
ਗੁਰਮੁਖ (ਲੋਕ) ਗੁਰੂ ਦੇ ਸਿੱਖਾਂ ਦੀ ਸੇਵਾ ਕਰਦੇ, ਅਰ ਗੁਰਮੁਖਾਂ ਨੂੰ ਹੀ ਮਾਤਾ ਪਿਤਾ ਭਾਈ ਤੇ ਮਿਤ੍ਰ (ਮੰਨਦੇ) ਹਨ।
ਦੁਰਮਤ ਤੇ ਦੁਬਿਧਾ ਦੂਰ ਕਰ ਦਿਤੀ ਹੈ; ਗੁਰ ਸਿਖਿਆ ਲੈ ਸ਼ਬਦ ਦੀ ਗਯਾਤ ਵਿਖੇ ਮਨ ਸੀਉਂ ਛਡਿਆ ਹੈ।
ਖੋਟਾ ਕੰਮ ਅਰ ਕੂੜੀਆਂ ਹੁੱਜਤਾਂ ਜਾਂ ਕੁਬੁਧੀਆਂ ਨੂੰ ਛੱਡ ਦਿੱਤਾ।
ਚਾਰ ਵਰਣ ਦੇ ਲੋਕ ਅਪਣੇ ਅਪਣੇ ਵਰਨ (ਖਤ੍ਰੀ, ਬ੍ਰਾਹਮਣ, ਸੂਦ੍ਰ, ਵੈਸ ਵਿਚ ਕੁਲਾਚਾਰੀ ਧਰਮ ਨੂੰ ਧਾਰਦੇ ਹਨ।
ਛੀ ਦਰਸ਼ਣਾਂ; ਛੀ ਸ਼ਾਸਤ੍ਰਾਂ ਦੇ ਵੱਖੋ ਵੱਖ ਗੁਰੂਆਂ ਦੀ ਮਤ ਲੈਕੇ ਖਟ ਕਰਮ (ਜਪ ੧, ਹੋਮ ੨, ਸੰਧ੍ਯਾ੩, ਸ਼ਨਾਨ, ੪ ਅਤਿ ਪੂਜਾ ੫, ਦੇਵ ਅਰਚਾ ੬ ਨੂੰ) ਕਰਦੇ ਹਨ।
ਆਪਣੇ ਆਪਣੇ ਮਾਲਿਕ ਅੱਗੇ ਚਾਕਰ ਜਾਕੇ ਸੇਵਾ ਵਿਚ ਜੁੜਦੇ ਹਨ।
ਵਪਾਰੀ ਆਪਣੇ ਆਪਣੇ ਵਪਾਰ ਵਿੱਚ ਰਚ ਰਹੇ ਹਨ।
ਆਪਣੇ ਆਪਣੇ ਖੇਤ ਵਿਚ ਸਾਰੇ ਕਿਸਾਣ ਬੀ ਬੀਜਦੇ ਹਨ।
ਕਾਰੀਗਰ ਕਾਰੀਗਰਾਂ ਕਾਰਖਾਨਿਆਂ ਵਿਚ ਜਾ ਮਿਲਦੇ ਹਨ।
ਤਿਵੇਂ ਗੁਰੂ ਕੇ ਸਿੱਖ ਸਾਧਸੰਗਤਿ ਵਿਚ ਪਹੁੰਚਦੇ ਹਨ।
ਨਸ਼ਈ ਨਸ਼ਈਆਂ ਨਾਲ ਰਚਦੇ ਹਨ, ਸੂਫੀ ਸੂਫੀਆਂ ਨਾਲ ਮੇਲ ਕਰਦੇ ਹਨ।
ਜੁਆਰੀਏ ਜੁਆਰੀਆਂ ਨਾਲ (ਹੋਰ) ਖੋਟੇ ਕੰਮ ਕਰਨ ਵਾਲੇ ਖੋਟੇ ਕੰਮ ਕਰਨ ਵਾਲਿਆਂ ਨਾਲ ਰਹਿੰਦੇ ਹਨ।
ਚੋਰਾਂ ਦੀ ਚੋਰਾਂ ਨਾਲ ਪ੍ਰੀਤ ਹੈ, ਠੱਗ ਠੱਗਾਂ ਨੂੰ ਮਿਲਕੇ ਦੇਸ਼ ਠਗਦੇ ਹਨ।
ਮਸਖਰਿਆਂ ਨੂੰ ਮਸਖ਼ਰੇ ਮਿਲਦੇ (ਤੇ) ਚੁਗਲਾਂ ਨੂੰ ਚੁਗਲ ਖੁਸ਼ੀ ਨਾਲ ਮਿਲਦੇ ਹਨ।
ਅਨਤਾਰੂ ਅਨਤਾਰੂਆਂ ਨੂੰ ਤੇ ਤਾਰੂ ਤਾਰੂ (ਨਾਲ ਮਿਲਕੇ) ਤਰਦੇ ਤਾਰਦੇ ਹਨ।
ਦੁਖੀਏ ਦੁਖੀਆਂ ਨੂੰ ਮਿਲਕੇ ਆਪੋ ਆਪਣੇ ਦੁਖ ਰੋਂਵਦੇ ਹਨ।
(ਤਿਵੇਂ) ਸਾਧ ਸੰਗਤ ਵਿਚ ਗੁਰੂ ਦੇ ਸਿਖ ਵਸਦੇ ਹਨ।
ਕੋਈ ਪੰਡਤ ਹੈ, ਕੋਈ ਜੋਤਸ਼ੀ ਹੈ, ਕੋਈ ਪਾਂਧਾ ਹੈ, ਕੋਈ ਵੈਦ ਸਦਾਉਂਦਾ ਹੈ।
ਕੋਈ ਰਾਜਾ ਹੈ, ਕੋਈ ਰਾਉ (ਛੋਟਾ ਰਾਜਾ) ਹੈ, ਕੋਈ ਮਹਿਤਾ ਤੇ ਕੋਈ ਚੌਧਰੀ ਅਖਾਂਵਦਾ ਹੈ।
ਕੋਈ ਬਜਾਜ, ਕੋਈ ਸਰਾਫ, ਕੋਈ ਜੌਹਰੀ ਕੋਈ ਜੜਤ ਜੜਨ ਦਾ ਕੰਮ ਕਰਦਾ ਹੈ।
ਕੋਈ ਪਸਾਰੀ, ਕੋਈ ਪਰਚੂਨੀਏਂ, ਕੋਈ ਦਲਾਲ ਆਪਣੀ ਕਿਰਸ ਦੀ ਕਮਾਈ ਕਰਦੇ ਹਨ।
ਜਾਤ ਤੋਂ ਕੁਜਾਤ, ਹਜ਼ਾਰਾਂ ਲੱਖਾਂ ਕਿਰਤਾਂ ਤੇ ਕੰਮ (ਜਿਨ੍ਹਾਂ ਕਰਕੈ ਅੱਡੋ ਅਡ) ਨਾਮ ਗਿਣਾਉਂਦੇ ਹਨ।
ਗੁਰੂ ਦੇ ਸਿਖ ਸਾਧ ਸੰਗਤ ਵਿਖੇ ਮਿਲਕੇ ਆਸਾ ਵਿਖੇ ਨਿਰਾਸ ਰਹਿਕੇ (ਆਪਣੀ ਅਵਸਥਾ ਦੇ) ਦਿਨ ਪੂਰੇ ਕਰਦੇ ਹਨ।
ਅਰ ਸ਼ਬਦ ਦੀ ਸੁਰਤ ਵਿਖੇ ਲਿਵ ਲਾਕੇ ਅਲਖ (ਪਰਮਾਤਮਾਂ ਨੂੰ) ਲਖਦੇ ਹਨ।
ਜਤੀ, ਸਤੀ, ਚਿਰਜੀਵਣੇ, ਸਾਧਨ ਕਰਨ ਵਾਲਾ, ਸਿੱਧ ਨਾਥ, ਗੁਰੂ ਤੇ ਚੇਲੇ।
ਦੇਵੀ, ਦੇਵ, ਰਿਖੀ, ਭੈਰਉਂ, ਖੇਤ੍ਰਪਾਲ ਬਹੁਤ ਤਰ੍ਹਾਂ ਦੇ ਮੇਲੇ (ਸਮੂਹ)।
ਗੰਧਰਬ (ਸਵਰਗੀ ਰਾਗੀਆਂ) ਦੇ ਸਮੂਹ, ਅਪੱਛਰਾਂ, ਕਿੰਨਰ, ਜੱਛ (ਦੇਵਤੇ) ਬਹੁਤ ਚਲਿੱਤ੍ਰ ਨੂੰ ਖੇਲਣ ਵਾਲੇ।
ਰਾਖਸ਼, ਦਾਨਵ, ਲੱਖਾਂ ਦੈਂਤ, ਦੂਜੇ ਭਾਵ ਵਿਖੇ (ਸਭ) ਦੁਖੀ ਰਹਿੰਦੇ ਹਨ ਅੰਦਰੋਂ।
ਸਭ ਕੋਈ ਹਉਮੈ ਵਿਚ ਹੈ, ਗੁਰਮੁਖ ਸਾਧ ਸੰਗਤ ਦੇ ਰਸ ਵਿਚ ਖੇਡਦੇ ਹਨ।
(ਕਿਉਂ ਜੋ) ਇਕ ਮਨ ਹੋਕੇ ਇਕ (ਈਸ਼੍ਵਰ) ਦੀ ਅਰਾਧਨਾ ਕਰਦੇ ਹਨ, ਗੁਰਮਤ ਨਾਲ ਆਪਾ ਭਾਵ ਗੁਵਾਕੇ ਸੁਖੀ ਰਹਿੰਦੇ ਹਨ।
ਉਨ੍ਹਾਂ ਨੇ (ਚਲਣਾ=) ਮਰਨਾ ਜਾਣ ਛਡਿਆ ਹੈ, ਇਹੋ ਤੇਲ ਉਨ੍ਹਾਂ ਦੇ ਸਿਰ ਤੇ ਪਿਆ ਹੋਇਆ ਹੈ (ਜਿੱਕੁਰ ਮਾਈਂਏਂ ਪਈ ਤੇਲ ਚੜ੍ਹੀ ਹੋਈ ਕੁੜੀ ਇਹੋ ਜਾਣਦੀ ਹੈ ਕਿ ਹੁਣੇ ਘਰੋਂ ਚਲਿਆ ਜਾਣਾ ਹੈ)।
ਜਤ, ਸਤ, ਸੰਜਮ, ਹੋਮ, ਜੱਗ, ਜਪ, ਤਪ, ਪੁੰਨ, ਦਾਨ (ਆਦਿ ਸਾਧਨ) ਬਹੁਤੇ ਲੋਕ ਕਰਦੇ ਹਨ।
ਕਈ ਰਿਧੀਆਂ, ਸਿਧੀਆਂ, ਨੌਂ ਨਿਧਾਂ ਦੇ ਪਖੰਡ (ਤੰਤ੍ਰ=) ਤੀਵਤ ਮੰਤ੍ਰ ਆਦਿ (ਮਦਾਰੀਆਂ ਦੇ) ਤਮਾਸ਼ੇ ਬਾਹਲੇ (ਦੱਸਦੇ ਹਨ)।
ਕਈ (ਬਵੰਜਾ) ਬੀਰਾਂ ਨੂੰ ਅਰਾਧਦੇ, ਕਈ ਜੋਗਣੀਆਂ ਨੂੰ ਵੱਸ ਕਰਦੇ ਹਨ, ਮੜ੍ਹੀ ਪੂਜਾ, ਮਸਾਣ ਜਗਾਉਣ ਦੇ ਭਿੰਨ ਭਿੰਨ ਬਹੁਤੇ (ਕੰਮ ਕਰਦੇ ਹਨ)।
(ਜੋਗੀ) ਪੂਰਕ, ਕੁੰਭਕ, ਰੇਚਕ (ਸ੍ਵਾਸ ਚਾੜ੍ਹਨਾ) ਰੋਕਣਾ, ਉਤਾਰਨਾ ਦੱਸਦੇ ਹਨ), ਨਿਉਲੀ ਕਰਮ (ਨਾਤੀ ਧੋਤੀ ਆਦ ਕਰਮ ਤੇ) (ਭੁਯੰਗਮ) 'ਘੁੰਮਣ ਘੇਰ' ਵਿਚ ਘੇਰੇ ਹੋਏ ਹਨ (ਯਾ ਸਰੀਰ ਨੂੰ ਮਿੱਟੀ ਲਾਉਣ ਦੇ ਕੁਫੇਰ ਵਿਚ ਹਨ)।
ਸਿਧ (ਲੋਕ ਚੁਰਾਸੀ) ਆਸਣਾਂ ਵਿਚ ਬਾਹਲੇ ਪਰਚੇ ਹੋਏ ਹਨ; ਹਠ ਨਿਗ੍ਰਹ (ਇੰਦ੍ਰੀਆਂ ਦਾ ਰੋਕਣ ਆਦਿ) ਕੌਤਕ ਲਖਾਂ ਦੇਖੀਦੇ ਹਨ।
(ਕੋਈ) ਪਾਰਸ ਮਣੀ (ਕੋਈ) ਰਸਾਇਣਾਂ ਦੀ ਕਰਾਮਾਤ ਦੀ ਸ਼ਾਹੀ ਨਾਲ ਅੰਨ੍ਹੇ ਹੋ ਰਹੇ ਹਨ।
ਕੋਈ (ਠਾਕਰ) ਪੂਜਾ ਕੋਈ (ਇਕਾਦਸੀ ਆਦਿ) ਵਰਤ ਉਪਾਰਣ ਵਿਖੇ, (ਕੋਈ) ਵਰ ਸਰਾਪ ਦੇ ਸਤੋ ਤਮੋ ਗੁਣਾਂ ਵਿਖੇ ਲਗੇ ਹੋਏ ਹਨ।
(ਪਰੰਤੂ ਕਲਿਜੁਗ ਵਿਖੇ) ਸਾਧ ਸੰਗਤ ਤੇ ਗੁਰੂ ਦੇ ਸ਼ਬਦ ਬਾਝ ਕੋਈ ਥਾਉਂ ਨਹੀਂ ਪਾਉਣਗੇ (ਭਾਵੇਂ ਕਿੱਡੇ) ਭਲਿਆਂ ਥੋਂ ਭਲੇ (ਦਿਖਾਈ ਪਏ ਦੇਣ)।
(੯) ਇਕ ਝੂਠ ਨੂੰ (ਸਿਰੇ ਚਾੜ੍ਹਨ ਲਈ) ਸੌ ਗੰਢ ਦਾ ਫੇਰ ਦੇਈਦਾ ਹੈ (ਭਾਵ ਝੂਠ ਕਾਇਮ ਨਹੀਂ ਰਹਿੰਦਾ ਨਿਤਰ ਪੈਂਦਾ ਹੈ)।
(ਕੋਈ ਸਉਣ) ਜੋਤਿਸ਼ ਸ਼ਾਸਤ੍ਰ ਥੋਂ ਸ਼ਗਨ, ਨੌਂ ਗ੍ਰਿਹ, (ਚੰਦ, ਸੂਰਜ ਛਨਿਛਰ, ਸ਼ੁਕਰ, ਬ੍ਰਹਸਪਤ, ਮੰਗਲ, ਬੁਧ, ਰਾਹੂ, ਕੇਤੂ) ਅਰ ਬਾਰਾਂ ਰਾਸਾਂ ੧) ਮੇਖ, ੨) ਬ੍ਰਿਖ, ੩) ਮਿਥਨ, ੪) ਕਰਕ, ੫) ਸਿੰਘ, ੬) ਕੰਨਿਆਂ, ੭) ਤੁਲਾ, ੮) ਬ੍ਰਿਸਚਕ, ੯) ਧਨ, ੧੦) ਮਕਰ, ੧੧) ਕੁੰਭ, ੧੨) ਮੀਨ ਦ੍ਵਾਰਾ ਵੀਚਾਰ ਕਰਦੇ ਹਨ।
(ਕਾਮਣਾ=) ਤ੍ਰੀਮਤਾਂ ਟੂਣੇ ਔਂਸੀਆਂ (ਬਾਹਲੀਆਂ ਲੀਕਾਂ ਖਿੱਚਕੇ ਗਿਣਨ ਥੋਂ ਪਿੱਛੇ ਜੇ ਟਾਂਕ ਵਧੇ ਤਾਂ ਚੰਗੀ ਔਂਸੀ ਜੇ ਜਿਸਤ ਵਧੇ ਤਾਂ ਮੰਦੀ) ਕਣਸੋਈ (=ਸੁੰਧਕਾਂ ਰਖਦੀਆਂ ਹਨ; ਅਜਿਹੇ ਕਈ) ਪਸਾਰੇ ਪਸਾਰਦੀਆਂ ਹਨ;
ਕੋਈ ਖੋਤਿਆਂ, ਕੁੱਤੇ, ਬਿੱਲੀਆਂ, ਇੱਲ, (ਮਲਾਲੀ=) ਮੈਨਾਂ, ਗਿੱਦੜਾਂ, (ਛਾਰਾ=) ਵਾ ਵਰੋਲਿਆਂ (ਦੇ ਸ਼ਗਨ ਮਨਾਉਂਦੇ ਅਰ ਸਮਝਦੇ ਹਨ ਕਿ ਤੁਰਨ ਵੇਲੇ ਖਬੇ ਖੋਤਾ ਬੋਲੇ ਤਾਂ ਚੰਗਾ ਅਰ ਗਿਦੜ ਦਿਨੇ ਬੋਲੇ ਤਾਂ ਭੈੜਾ ਸ਼ਗਨ ਹੈ ਆਦਿ)।
ਨਾਰਿ, ਪੁਰਖ, ਪਾਣੀ, ਅਗਨਿ (ਅਰਥਾਤ ਤੁਰਨ ਵੇਲੇ ਜੇ ਤ੍ਰੀਮਤ ਪਾਣੀ ਦਾ ਘੜਾ ਲੈ ਕੇ ਅੱਗੋਂ ਮਿਲੇ ਤਾਂ ਕੰਮ ਫਤੇ, ਜੇ ਪੁਰਖ ਅਗੋਂ ਲੈਕੇ ਮਿਲੇ ਤਾਂ ਅਮੰਗਲ ਹੁੰਦਾ ਹੈ, ਅੱਗ ਮਿਲੇ ਤਾਂ ਮਾੜੀ), ਕੋਈ ਨਿੱਛ, ਵਾਯੂ ਜਾਂ ਹਿਡਕੀ ਦਾ ਵਰਤਾਉ ਕਰਦੇ ਹਨ (ਅਰਥਾਤ ਇਕ ਨਿੱਛ ਪਵੇ ਤਾਂ ਬੁਰੀ ਦੋ ਆਉਣ ਤਾਂ ਸ਼ਗਨ ਸਮਝਦੇ ਹਨ)।
ਥਿਤ ਤੇ ਵਾਰ, ਭੱਦ੍ਰਾਂ ਦਾ ਭਰਮ, (ਕਿ ਸਾਹਮਣੇ ਭੱਦ੍ਰਾਂ ਹੋਣ ਤਾਂ ਮੌਤ ਹੁੰਦੀ ਹੈ) ਅਤੇ ਦਿਸ਼ਾ ਸ਼ੂਲ ਦਾ ਸੰਸਾ ਸੰਸਾਰ ਨੂੰ ਪਿਆ ਹੋਇਆ ਹੈ।
ਵਲ ਛਲ ਕਰ ਕੇ ਲੱਖਾਂ ਪੁਰ ਭਰੋਸਾ ਰੱਖਣ ਨਾਲ (ਬਹੁਚੁਖੀ) ਵਡੇ ਸਵਾਦਾਂ-ਵਾਲੀ (ਵੇਸਵਾ) ਕਿਕੁਰ ਭਰਤਾ ਨੂੰ ਰਵੇਗੀ।
ਗੁਰਮੁਖ ਨੂੰ ਸੁਖ ਫਲ (ਪਾ੍ਰਪਤ ਹੁੰਦਾ ਹੈ) ਇਸ ਕਰ ਕੇ ਪਾਰ ਉਤਾਰਾ (ਪਾਉਂਦੇ ਯਾ ਕਰਦੇ ਹਨ)।
ਨਦੀਆਂ, ਨਾਲੇ ਤੇ ਵਾਹੜੇ ਗੰਗਾ ਨਾਲ ਮਿਲਕੇ ਗੰਗੋਦਕ ਹੋ ਜਾਂਦੇ ਹਨ।
ਪਾਰਸ ਦੇ ਪਰਸਿਆਂ ਅੱਠੇ ਧਾਤਾਂ (ਉਹੋ ਸੋਨਾ-) ਇਕ ਧਾਤ ਬਣ ਜਾਂਦੀਆਂ ਹਨ।
ਚੰਦਨਦੀ ਖੁਸ਼ਬੋਈ ਬਨਸਪਤੀ ਨੂੰ (ਭਾਵੇਂ) ਅਫਲ ਹੋਵੇ ਭਾਵੇਂ ਫਲਦਾਰ ਹੋਵੇ, ਚੰਦਨ ਬਣਾ ਦੇਂਦੀ ਹੈ।
ਛੀ ਰੁਤਾਂ ਬਾਰਾਂ ਮਹੀਨਿਅਆਂ ਵਿਖੇ (ਸੁੱਝ=) ਸੂਰਜ ਇਕੋ ਹੈ ਦੂਜਾ ਸੂਰਜ ਕੋਈ ਨਹੀਂ।
ਚਾਰ ਵਰਨ ਤੇ ਛੀ ਦਰਸ਼ਨ, ਬਾਰਾਂ ਰਸਤਿਆਂ ਵਿਚ ਸਾਰੀ ਸ੍ਰਿਸ਼ਟੀ ਭੌਂਦੀ ਹੈ।
ਗੁਰਮੁਖਾਂ ਦਾ ਦਰਸ਼ਨ (ਮਾਰਗ) ਸਾਧ ਸੰਗ ਹੈ, (ਇਸ) ਗੁਰਮੁਖ ਮਾਰਗ (ਨੇ) ਦੁਬਿਧਾ ਗੁਆ ਦਿਤੀ ਹੈ।
ਇਕ (ਪਰਮਾਤਮਾ ਦਾ ਹੀ) ਇਕ ਮਨ ਹੋਕੇ ਓਹ ਅਰਾਧਨ ਕਰਦੇ ਹਨ (ਹੋਰ ਸ਼ਗਨਾਂ ਆਦਿ ਝੂਠੇ ਕੰਮਾਂ ਵਿਖੇ ਨਹੀਂ ਫਸਦੇ)।
ਨਾਨਕੇ, ਦਾਦਕੇ ਸਾਹੁਰੇ (ਘਰਾਂ ਵਿਖੇ) ਪ੍ਰੋਹਤ (ਤੇ) ਲਾਗੀ ਹੁੰਦੇ ਹਨ।
ਜੰਮਣ, ਸਿਰ ਮੁੰਡਨ, ਸਗਾਈ, ਮਰਣੇ, ਪਰਣਿਆਂ ਵਿਖੇ (ਸਮੱਗਰੀਆਂ) ਕਠੀਆਂ ਕਰਦੇ ਹਨ।
ਰੀਤਾਂ ਦੀਆਂ ਚੰਗਿਆਈਆਂ ਤੇ ਕੁਲ ਧਰਮ ਦੇ ਚੱਜ ਅਚਾਰਾਂ ਦੇ ਵਿਚਾਰ ਵਿਖੇ ਹੀ ਭੁਲੇ ਰਹਿੰਦੇ ਹਨ।
(ਕੁਸੂਤ) ਜਨੇਊ ਪਾਵਣ ਵਿਚ ਭੈੜੇ ਉਪਾਉ ਕਰਦੇ ਦੁਲੀਚੇ (ਹੇਠ) ਪਾਕੇ ਅਕਾਸ਼ੀ ਚੰਦੋਏ (ਉਪਰ ਤਾਣਦੇ ਹਨ)
ਜੋਧਿਆਂ' ਤੇ ਕੁਲ ਦੇ 'ਜਠੇਰਿਆਂ' (ਵਡਕਿਆਂ) ਦੀ ਪੂਜਾ ਕਰਾਉਂਦੇ ਸਤੀਆਂ ਤੇ ਸਉਕਣਾ ਨੂੰ ਮੰਨਦੇ ਹਨ (ਸਉਕਣ ਦੀ ਮੂਰਤ ਨਵੀਂ ਵਹੁਟੀ ਦੇ ਗਲ ਪਾਉਂਦੇ ਹਨ ਅਰ ਪਹਿਲਾ ਫਲ ਸੌਂਕਣਾਂ ਦੇ ਨਾਉਂ ਦਿੱਤਾ ਜਾਂਦਾ ਹੈ ਕਿ ਉਹ ਬੁਰਾ ਨਾ ਕਰੇ), ਕਈ ਟੋਭੜੀਆਂ ਤੇ ਟੋਇਆਂ (ਨੂੰ ਮੰਨਦੇ ਹਨ, ਤਾਤਪਰਜ ਉਨ੍ਹਾਂ ਵਿਖੇ ਬਾਲਾਂ ਨੂੰ ਨਹਾਉਂ
ਗੁਰ ਸਬਦ ਤੇ ਸਾਧ ਸੰਗਤ ਤੋਂ ਬਾਝ ਮਰ ਮਰ ਕੇ ਜੰਮਦੇ ਹਨ ਪਰਮੇਸ਼ੁਰ ਤੋਂ (ਵਿਗੋਏ) ਭੁੱਲੇ ਹੋਏ (ਐਸੇ ਲੋਕ)।
ਪਰ ਗੁਰਮੁਖ ਹੀਰੇ ਹਾਰ ਵਿਖੇ ਪੁਰੋਏ ਹਨ।
ਫੌਜ ਵਿਖੇ ਪਾਤਸ਼ਾਹਾਂ ਦੇ ਜਾਏ ਲਾਡਲੇ ਸ਼ਾਹਜ਼ਾਦੇ (ਬੀ) ਹੁੰਦੇ ਹਨ।
ਪਾਤਸ਼ਾਹੁ ਅੱਗੇ ਤੇ ਸਾਰੇ ਉਮਰਾਉ ਅਤੇ ਪਿਆਦੇ ਪਿੱਛੇ ਲੱਗਕੇ ਚੜ੍ਹਦੇ ਹਨ।
ਵੇਸ਼ਵਾ ਦੇ ਟੋਲੇ ਕਈ ਬਣ ਫਬ ਕੇ ਆਉਂਦੇ ਹਨ, (ਪਰ) ਉਹ ਰਾਜ ਕੰਵਰ ਸਾਦ ਮੁਰਾਦੇ ਰਹਿੰਦੇ ਹਨ।
ਪਾਤਸ਼ਾਹ ਦੇ ਖਿਦਮਤਗਾਰ ਵਡਿਆਈਦੇ ਹਨ (ਤੇ ਸਾਹਮਣੇ ਉੱਤਰ ਦੇਣਹਾਰੇ) ਕਚਹਿਰੀ ਵਿਖੇ ਖੁਆਰ ਕੀਤੇ ਜਾਂਦੇ ਹਨ (ਯਾ-ਏਥੇ ਵਡਿਆਈ ਪਾਉਂਦੇ ਹਨ ਪਰਲੋਕ ਵਿਚ ਖੁਆਰ ਹੁੰਦੇ ਹਨ)।
ਅਗੇ ਆਸ਼੍ਰਯ ਉਹ ਲੈਣਗੇ, ਜੋ ਨੌਕਰੀ ਵਿਚ (ਕੁਸ਼ਾਦੀ=) ਖੁੱਲ੍ਹੀ (ਚੰਗੀ) ਕਾਰ ਕਰਨਗੇ।
ਜੋ ਗੁਰਮੁਖ ਲੋਕ ਗੁਰੂ ਦੀ ਕਿਰਪਾ ਵਿਖੇ ਵਰਤਦੇ ਹਨ ਓਹ ਪਾਤਸ਼ਾਹਾਂ ਦੇ ਬੀ ਪਾਤਸ਼ਾਹ ਹਨ।
(ਓਹ) 'ਸ਼ਾਹ' ਸਦਾ ਸਦਾ ਸੁਖੀ ਰਹਿਣਗੇ।
ਲਖਾਂ ਤਾਰੇ ਹਨੇਰੇ ਵਿਚ (ਚਮਕਦੇ ਹਨ) ਸੂਰਜ ਦੇ ਚੜ੍ਹਿਆਂ ਕੋਈ ਨਹੀਂ ਦਿਸਦਾ।
ਸ਼ੇਰ ਦੇ ਗਰਜਣ ਨਾਲ ਮਿਰਗਾਂ ਦੀ ਕਤਾਰ ਭੱਜ ਜਾਂਦੀ ਹੈ, ਨਹੀਂ ਖੜੋਂਦੀ।
ਗਰੜ ਨੂੰ ਦੇਖਕੇ ਲੱਖਾਂ ਸੱਪ ਖੁਡਾਂ ਵਿਖੇ ਨੱਸਕੇ ਵੜ ਜਾਂਦੇ ਹਨ।
ਪੰਛੀ ਬਾਜ ਨੂੰ ਵੇਖਕੇ ਨੇੜੇ ਨਹੀਂ ਢੁੱਕਦੇ (ਐਨਾਂ ਨੱਸਦੇ ਹਨ ਕਿ ਲੁਕਣ ਨੂੰ ਕਿਧਰੇ) ਢੋਈ ਨਹੀਂ ਮਿਲਦੀ।
ਸੰਸਾਰ ਵਿਖੇ ਉੱਤਮ ਵੀਚਾਰ (ਇਹ ਹੁੰਦਾ ਹੈ ਕਿ) ਸਾਧ ਸੰਗ ਨੂੰ ਮਿਲੇ (ਉਥੇ) ਦੁਰਮਤ ਦਾ ਨਾਸ਼ ਹੋ ਜਾਂਦਾ ਹੈ।
ਸਤਿਗੁਰੂ ਜੀ ਸੱਚੇ ਪਾਤਸ਼ਾਹ ਹਨ, ਦੁਬਿਧਾ ਦਾ ਨਾਸ਼ ਕਰ ਦਿੰਦੇ ਹਨ (ਤਦ) ਆਕੀ (ਕਾਮ ਕ੍ਰੋਧ ਆਦਿ ਆਪੇ) ਨੱਸ ਜਾਂਦੇ ਹਨ।
ਜੋ ਗੁਰਮੁਖ ਜਾਣਦੇ ਹਨ (ਓਹ ਆਪ) ਜਾਣਕੇ (ਹੋਰਨਾਂ ਨੂੰ) ਜਣਾ ਦਿੰਦੇ ਹਨ।
ਸਤਿਗੁਰੂ ਸਚੇ ਪਾਤਸ਼ਾਹ ਨੇ ਗੁਰਮੁਖਾਂ ਦਾ ਸੌਖਾ ਰਸਤਾ ਚਲਾਇਆ ਹੈ।
(ਕਿ ਉਨ੍ਹਾਂ ਨੇ) ਪੰਜ ਦੂਤ (ਕਾਮਾਦਿਕ) ਭੂਤ ਵਾਂਙੂ ਕਾਬੂ ਕਰ ਕੇ ਖੋਟੀ ਬੁੱਧੀ ਵਾਲਾ ਦੂਜਾ ਭਾਉ ਮਿਟਾ ਦਿਤਾ ਹੈ।
(ਅਰ ਗੁਰੂ ਦੇ) ਸਬਦ ਦੀ ਸੁਰਤ ਵਿਖੇ ਪ੍ਰੀਤਿ ਨਾਲ ਚੱਲਦੇ ਹਨ, ਜਮ ਮਹਸੂਲੀਆ (ਉਨ੍ਹਾਂ ਦੇ) ਨੇੜੇ ਨਹੀਂ ਆਉਂਦਾ।
ਬੇਮੁਖ ਲੋਕ ਜੋਗੀਆਂ ਦੇ ਬਾਰਾਂ ਪੰਥਾਂ ਵਿਖੇ (ਕੰਨ ਪੜਾਈ ਫਿਰਦੇ ਤੇ ਦੁਖ ਸਹਾਰਦੇ ਹਨ ਪਰ ਜੋ) ਸਾਧ ਸੰਗ ਵਿਚ ਆਇਆ ਹੈ, (ਉਹ ਪਰਮੇਸਰ ਨੇ) ਸਚਖੰਡ ਵਿਚ ਵਸਾ ਦਿੱਤਾ ਹੈ।
(ਪਰਮੇਸੁਰ ਦਾ) ਭਉ, ਪ੍ਰੇਮ ਤੇ ਭਗਤੀ ਦਾ ਮੰਤਰ ਦੇਕੇ (ਉਸਨੂੰ ਗੁਰਮੁਖਾਂ ਨੇ) ਨਾਮ ਦਾਨ ਤੇ ਇਸ਼ਨਾਨ ਦ੍ਰਿੜ੍ਹ ਕਰਾਇਆ ਹੈ।
(ਓਹ) ਮਾਇਆ ਵਿਖੇ ਐਉਂ ਅਲਿਪਤ ਰਹਿੰਦੇ ਹਨ ਜਿੱਕੂੰ ਜਲ ਵਿਚ ਕਵਲ ਹੈ।
(ਅਤੇ) ਨਿਰਹੰਕਾਰ ਹੋਕੇ (ਗੁਰਮੁਖਾਂ ਨੇ) ਆਪਾ ਭਾਵ ਨਹੀਂ ਗਿਣਾਇਆ (ਤਿਲਾਂਜਲੀ ਦੇ ਛੱਡੀ ਹੈ)।
(ਸ੍ਰਿਸ਼ਟੀ) ਰਾਜਾ ਪਰਜਾ ਹੋਕੇ (ਵਰਤਦੀ ਹੈ; ਰਾਜਾ ਦੇ) ਨੌਕਰ ਕੁਟਵਾਲ (ਉਸਦੇ ਹੁਕਮ ਦੀ) ਦੇਸ਼ ਵਿਚ ਦੁਹਾਈ ਫੇਰਦੇ ਹਨ।
(ਸ੍ਰਿਸ਼ਟੀ ਵਿੱਚ) ਜੰਮਣੇ ਪੁਰ ਅਨੰਦ ਤੇ ਨਾਨਕੇ ਦਾਦਕੇ ਵਧਾਈ ਹੁੰਈ ਹੈ।
ਵਿਵਾਹਾਂ ਪਰ ਸਿੱਠਣੀਆਂ ਮਿਲਦੀਆਂ ਤੇ ਦੁਵੱਲੀ ਵਾਜੇ ਵੱਜਦੇ ਹਨ।
ਮੋਇਆਂ ਨੂੰ ਰੋਣਾ ਪਿੱਟਣਾ ਹੁੰਦਾ ਹੈ, ਵੈਣਾਂ ਤੇ ਅਲਾਹਣੀਆਂ ਦੀ ਧੁੰਮ ਪੈਂਦੀ ਹੈ।
(ਪਰ) ਸਾਧ ਸੰਗਤ ਵਿੱਚ (ਸਦਾ ਹੀ) ਸੱਚ ਅਨੰਦ ਰਹਿੰਦਾ ਹੈ, ਗੁਰਮੁਖ ਇਸ ਕਰ ਕੇ ਸਾਧ ਸੰਗ ਵਿਚ ਲਿਵ ਲਾਈ ਰਖਦੇ ਹਨ।
ਕਿਉਂਕਿ ਆਤਮਾ ਬੇਦ ਕਤੇਬ ਤੋਂ ਬਾਹਰ ਹੈ, ਅਰ ਜਨਮ ਮਰਨ ਤੋਂ ਅਲੇਪ ਰਹਿੰਦਾ ਹੈ। (ਅ) (ਗੁਰਮੁਖ ਮਾਰਗ) ਵੇਦ ਕਤੇਬ ਤੋਂ ਵੱਖਰਾ ਹੈ, ਜੰਮਣ ਮਰਨ ਵੇਲੇ (ਹਰਖ ਸੋਗ ਤੋਂ) ਅਲੇਪ ਰਹਿੰਦਾ ਹੈ।
(ਗੁਰਮੁਖ ਮਾਰਗ) ਆਸਾ ਵਿਚ ਨਿਰਾਸ ਰਹਿੰਦਾ ਹੈ।
ਗੁਰਮੁਖਾਂ (ਦਾ ਵਾਸ ਅਪਣੇ) ਸੁਹੇਲੜੇ ਪੰਥ ਵਿਚ ਹੁੰਦਾ ਹੈ ਜੋ ਉਪਰ ਕਿਹਾ ਹੈ ਪਰ ਮਨਮੁਖ ਬਹੁਤ ਰਸਤਿਆਂ ਵਿਚ ਭਟਕਦੇ ਹਨ।
ਗੁਰਮੁਖ ਜੱਗ੍ਯਾਸੂ ਨੂੰ ਪਾਰ ਲੰਘਾਉਂਦਾ ਹੈ, ਮਨਮੁਖ ਭਉਜਲ ਸੰਸਾਰ ਵਿਚ ਡੁਬ ਜਾਂਦੇ ਹਨ।
ਗੁਰਮੁਖ ਜੀਵਨ ਮੁਕਤ ਕਰਦਾ ਹੈ। ਮਨਮੁਖ ਫੇਰ ਫੇਰ ਜੰਮਦੇ ਮਰਦੇ ਹਨ।
ਗੁਰਮੁਖ ਸੁਖ (ਰੂਪ) ਪਾਉਂਦੇ ਹਨ, ਮਨਮੁਖ (ਅਪਣੀ) ਦੁਖ (ਰੂਪ ਕਰਨੀ) ਦਾ ਫਲ ਦੁਖ ਪਾਉਂਦੇ ਹਨ।
ਗੁਰਮੁਖ ਦਰਗਾਹ ਵਿਚ ਸੁਰਖਰੂ ਹੁੰਦੇ ਹਨ, ਮਨਮੁਖ ਜਮਪੁਰ ਵਿਚ ਸਜ਼ਾ ਪਾਉਂਦੇ ਹਨ।
(ਕ੍ਯੋਂਕਿ) ਗੁਰਮੁਖ ਨੇ ਆਪਾ ਗੁਆ ਲਿਆ ਹੈ (ਇਸ ਕਰ ਕੇ ਸੁਖੀ ਹੈ), ਮਨਮੁਖ ਹਊੂਮੈ ਦੀ ਅੱਗ ਵਿਚ ਸੜਦੇ ਹਨ (ਕਿਉਂਕਿ ਆਪਾ ਨਹੀਂ ਗੁਆਇਆ)।
ਬੰਦੀ (ਮਾਯਾ) ਵਿਚ ਵਿਰਲੇ ਹੀ ਭਗਤ ਹੁੰਦੇ ਹਨ।
ਪੇਕੇ ਘਰ ਵਿਖੇ ਮਾਂ ਦੀ (ਲਾਡਲੀ=) ਪਿਆਰੀ (ਅਰ) ਪਿਤਾ ਦੀ ਬੀ ਖਰੀ ਪਿਆਰੀ ਹੁੰਦੀ ਹੈ (ਭਾਵ ਗੁਰਮੁਖ ਰੂਪ ਸੁਹਾਗਣ ਇਸਤ੍ਰ੍ਰੀ ਸੰਸਾਰ ਵਿਖੇ ਭੀ ਸੁਖ ਪਾਉੁਂਦੀ ਹੈ)।
(ਗਯਾਨ ਵੈਰਾਗ ਰੂਪੁ) ਭਰਾਵਾਂ ਵਿਖੇ ਭੈਣ, ਨਾਨਕੇ (ਸ਼ਰਧਾ) ਦਾਦਕੇ (ਅੱਭ੍ਯਾਸ) ਪਰਵਾਰ ਦੇ ਸਾਥ।
ਲੱਖਾਂ ਰੁਪਏ ਖਰਚਕੇ ਗਹਿਣੇ ਅਰ ਦਾਜ ਦੇ ਭਾਰੀ ਸਾਮਾਨ ਨਾਲ ਵਿਆਹੀ ਜਾਂਦੀ ਹੇ।
ਸਾਹੁਰੜੇ ਘਰ (ਸਤਿਸੰਗ ਤੇ ਪ੍ਰਲੋਕ) ਵਿਖੇ ਮੰਨੀਦੀ ਹੈ (ਭਾਵ ਸੱਸ ਸੌਹਰਾ ਵੱਡਾ ਆਦਰ ਕਰਦੇ ਹਨ, ਸਾਰੇ) ਪਰਵਾਰ ਨੁੰ ਸੁਧਾਰਦੀ ਹੈ (ਭਾਵ ਪੇਕਿਆਂ ਦੀ ਸ਼ੋਭਾ ਕਰਾਉਂਦੀ ਹੈ, ਕਿ ਵਡੇ ਕੁਲ ਘਰ ਦੀ ਵਹੁਟੀ ਹੈ)।
(ਪਿਰ=) ਭਰਤਾ ਦੀ ਸੇਜਾ ਦਾ ਸੁਖ ਮਾਣਦੀ ਹੈ, ਛੱਤੀ ਪ੍ਰਕਾਰ ਦੇ ਭੋਜਨ (ਅਰ ਗਹਿਣੇ ਕਪੜਿਆਂ ਨਾਲ) ਸਦਾ ਸੋਭਾਇਮਾਨ ਰਹਿੰਦੀ ਹੈ।
ਲੋਕਾਂ ਦੇ (ਗੁਣ) ਵੀਚਾਰ ਵਿਚ ਅਰ ਵੇਦਾਂ ਦੇ ਗਿਆਨ ਵਿਚ, ਅਰਧ ਸਰੀਰੀ (=ਇਸਤ੍ਰ੍ਰੀ) ਮੁਕਤ ਦਾ ਦੁਆਰਾ ਹੈ। (ਅ) ਲੋਕ, ਵੇਦ ਤੇ ਗੁਣਾਂ ਦੇ ਵਿਚਾਰ ਵਿਚ (ਇਸਤ੍ਰ੍ਰੀ) ਅਰਧ ਸਰੀਰੀ ਹੈ, ਅਰ ਮੁਕਤ ਦਾ ਰਸਤਾ ਹੈ।
ਗੁਰਮੁਖ (ਹੀ) ਨਿਹਚਉ ਨਾਰੀ (ਅਰਥਾਤ ਪਤਿਬ੍ਰਤਾ ਇਸਤ੍ਰ੍ਰੀ) ਹੈ, (ਓਹੀ) (ਸੁਖ ਫਲ) ਆਤਮ ਫਲ (ਦਾ ਅਨੰਦ ਅੰਤਹਕਰਣ ਦੀ ਸੇਜਾ ਪੁਰ ਮਾਣਦੀ ਹੈ)।
ਜਿਕੂੰ ਬਾਹਲੇ ਯਾਰਾਂ ਵਾਲੀ ਵੇਸ਼ਵਾ ਸਾਰੇ ਖੋਟੇ ਲੱਛਣਾਂ ਵਾਲੀ ਹੈ ਤੇ ਪਾਪ ਕਮਾਉਂਦੀ ਹੈ।
ਲੋਕ ਅਤੇ ਦੇਸ਼ ਦੀ ਰੀਤੀ ਤੋਂ ਬਾਹਰ ਹੈ, ਤਿੰਨਾਂ ਪੱਖਾਂ (ਨਾਨਕੇ, ਦਾਦਕੇ ਅਤੇ ਸਹੁਰਿਆਂ) ਨੂੰ ਕਲੰਕ ਲਾਉਂਦੀ ਹੈ।
(ਆਪ ਤਾਂ) ਡੁੱਬੀ ਹੈ (ਪਰੰਤੂ) ਹੋਰਨਾਂ ਦਾ ਵੀ ਨਾਸ਼ ਕਰਦੀ ਹੈ, ਮਹੁਰੇ (ਭਾਵ, ਵਿਸ਼ੇ ਰੂਪ ਵਿਹੁ) ਨੂੰ ਮਿੱਠਾ ਕਰ ਕੇ ਪਚਾਉਂਦੀ ਹੈ।
ਘੰਡੇ ਹੇੜੇ ਦੇ ਮ੍ਰਿਗ ਵਾਂਙ (ਅਰ) ਦੀਵੇ ਦੇ ਭੰਭਟ ਵਾਂਙੂੰ (ਲੋਕਾਂ ਨੂੰ ਅਪਣੇ ਰੂਪ ਤੇ ਫਾਹੁੰਦੀ ਤੇ) ਸਾੜਦੀ ਹੈ।
(ਫਲ) ਦੁਹਾਂ ਸਰਾਵਾਂ (=ਲੋਕ ਪ੍ਰਲੋਕ) ਵਿਖੇ ਮੂੰਹ ਕਾਲਾ ਹੁੰਦਾ ਹੈ (ਅਰ ਆਪ) ਪੱਥਰ ਦੀ ਬੇੜੀ (ਬਣਕੇ) ਸਾਰੇ ਸਾਥ ਨੂੰ ਡੋਬਦੀ ਹੈ।
ਮਨਮੁਖਾਂ ਦਾ ਮਨ ਅੱਠ ਟੁਕੜੇ ਹੋਕੇ ਦੁਸ਼ਟਾਂ ਦੀ ਸੰਗਤ ਵਿਖੇ ਭਰਮ ਵਿਚ ਭੁੱਲ ਜਾਂਦਾ ਹੈ (ਅਰ ਕਹਿੰਦਾ ਹੈ ਕਿ ਤੋਤੇ ਵਾਂਙੂੰ ਨੱਕ, ਅੱਖਾਂ ਕਮਲ ਵਾਂਙੂੰ, ਗੁਤ ਸ਼ੇਸ਼ਨਾਗ ਵਾਂਙੂੰ, ਭੌਹਾਂ ਭੌਰੇ ਵਾਂਙੂੰ ਹਨ। ਅੱਠ ਸ਼ਿੰਗਾਰ ਅੰਗਾਂ ਵਿਖੇ ਮਨ ਅੱਠ ਉਪਮਾਂ ਵਿਚਾਰਦਾ ਅੱਠ ਟੋਟੇ ਹੋ ਗਿਆ; ਫਲ ਅੱਗੇ ਦੱਸਦੇ ਹਨ)।
ਵੇਸ਼ਵਾ ਦਾ ਪੁੱਤ੍ਰ ਨਿਨਾਵਾਂ ਸਦਾਉਂਦਾ ਹੈ।
ਬਾਲਕ ਬੁੱਧੀ (ਬਾਲਪਨੇ ਦੇ ਦਿਨਾਂ) ਵਿਚ ਸਮਝ ਨਹੀਂ ਹੁੰਦੀ, ਬਾਲਕਾਂ ਦੀ ਖੇਡ ਵਿਚ (ਉਮਰ) ਬੀਤਦੀ ਹੈ।
ਜਦ ਜੋਬਨ ਭਰਦਾ ਹੈ ਤਦ ਭਰਮ ਜਾਂਦਾ ਹੈ, ਤੇ ਪਰਾਏ ਸਰੀਰ, ਪਰਾਏ ਧਨ ਤੇ ਪਰਾਈ ਨਿੰਦਾ ਵਿਚ ਲੋਭ ਜਾਂਦਾ ਹੈ।
ਬਿਰਧ ਹੋਕੇ ਜੰਜਾਲਾਂ ਵਿਚ ਪੈ ਜਾਂਦਾ ਹੈ, ਪਰਵਾਰ ਦੇ ਮਹਾਂ ਜਾਲ ਵਿਚ ਫਸ ਜਾਂਦਾ ਹੈ।
ਬਲ ਤੋਂ ਹੀਣਾ ਬੁੱਧ ਤੋਂ ਹੀਣਾ ਹੋ ਜਾਂਦਾ ਹੈ, ਬਰੜਾ ਬਰੜਾ (ਉਠਦਾ ਹੈ, ਲੋਕ ਸੱਤਰਿਆ) ਬਹੱਤਰਿਆ ਨਾਉਂ (ਧਰ ਦੇਂਦੇ ਹਨ)।
(ਅੱਖੋਂ) ਅੰਨ੍ਹਾਂ, (ਕੰਨੋਂ ਬੋਲਾ, (ਪੈਰੋਂ) ਪਿੰਗਲਾ, ਸਰੀਰ ਚੱਲ ਨਹੀਂ ਸਦਾ (ਪਰੰਤੂ) ਮਨ ਦਸੋ ਦਿਸ਼ਾ ਨੂੰ ਦੌੜਦਾ ਹੈ।
ਸਾਧ ਸੰਗਤ ਤੇ ਗੁਰ ਸ਼ਬਦ ਬਾਝ ਚੌਰਾਸੀ ਲੱਖ ਜੂਨਾਂ ਵਿਚ ਪਿਆ ਭਟਕਦਾ ਹੈ।
(ਮਾਨੁਖ ਦੇਹ ਦਾ) ਸਮਾਂ ਚੁਕ ਗਿਆ ਫੇਰ ਹੱਥ ਨਹੀਂ ਆਊੂ।
ਹੰਸ ਮਾਨਸਰੋਵਰ ਨੂੰ ਛੱਡਦਾ ਨਹੀਂ, ਬਗਲਾ ਬਾਹਲੇ ਛੱਪੜਾਂ ਵਿਚ ਫਿਰ ਆਉਂਦਾ ਹੈ (ਭਾਵ ਗੁਰਮੁਖ ਸਤਿਸੰਗ ਨੂੰ ਨਹੀਂ ਛੱਡਦੇ, ਦੰਭੀ ਲੋਕ ਕਈ ਕੁਸੰਗਤਾਂ ਵਿਚ ਭਟਕਦੇ ਹਨ)
ਕੋਇਲ (ਨਿਰੇ) ਅੰਬਾਂ (ਦੇ ਬ੍ਰਿੱਛਾਂ) ਵਿਖੇ ਬੋਲਦੀ ਹੈ, ਕਾਂ ਨੂੰ ਵਣ ਵਣ ਦੀਆਂ ਭੈੜੀਆਂ ਥਾਵਾਂ ਭਾਉਂਦੀਆਂ ਹਨ।
ਕੁੱਤੀਆਂ ਦੇ ਵੱਗ ਨਹੀਂ ਹੁੰਦੇ, ਗਊੂਆਂ ਹੀ ਘਿਓ ਅਤੇ ਵੰਸ ਨੂੰ ਵਧਾਉਂਦੀਆਂ ਹਨ। (ਭਾਵ ਉਪਕਾਰ ਕਰਦੀਆਂ ਹਨ ਤੇ ਆਪਣਾ ਵਾਧਾ ਕਰਦੀਆਂ ਹਨ)।
(ਉਨ੍ਹਾਂ) ਬ੍ਰਿਛਾਂ ਨੂੰ ਹੀ ਫਲ ਲਗਦੇ ਹਨ ਜੋ (ਇਧਰ ਉਧਰ) ਭਟਕਦੇ ਨਹੀਂ, ਜੋ ਮਨੁਖ ਦਸੋਂ ਦਿਸ਼ਾ ਨੂੰ ਧਾਂਵਦਾ ਹੈ ਉਹ ਨਿਹਫਲ ਰਹਿੰਦਾ ਹੈ।
ਅਗਨੀ ਗਰਮ ਹੈ ਤੇ ਪਾਣੀ ਠੰਢਾ ਹੈ, (ਕਾਰਣ) ਅੱਗ ਦੀ ਲਾਟ ਉੱਚੀ ਤੇ (ਪਾਣੀ ਦਾ ਪਰਵਾਹ) ਨਿਵਾਣ ਨੂੰ ਜਾਂਦਾ ਹੈ।
ਗੁਰਮੁਖ (ਸ਼ੁਭ ਇਸ ਕਰ ਕੇ ਹੈ ਕਿ ਉਸਨੇ) ਆਪਾ ਭਾਵ ਗੁਆ ਦਿਤਾ ਹੈ ਅਤੇ ਮਨਮੁਖ ਮੂਰਖ (ਇਸ ਕਰ ਕੇ ਹੈ ਕਿ) ਆਪਣੇ ਆਪ ਨੂੰ ਗਣਾਉਂਦਾ (ਜਤਾਉਂਦਾ) ਹੈ।
ਦੂਜਾ ਭਾਉ ਖੋਟਾ ਭਾਉ ਹੈ (ਇਸ ਨਾਲ) ਹਾਰ ਹੀ ਆਉਂਦੀ ਹੈ।
ਹਾਥੀ, ਮ੍ਰਿਗ, ਮੱਛੀ, ਭੰਭਟ, ਭੌਰਾ ਇਕ ਇਕ ਰੋਗ ਨਾਲ ਮਰਦੇ ਹਨ। (ਹਾਥੀ ਨੂੰ ਸਪਰਸ਼ ਦਾ, ਮ੍ਰਿਗ ਨੂੰ ਸ਼ਬਦ ਦਾ, ਮੱਛੀ ਨੂੰ ਰਸ ਦਾ, ਭੰਭਟ ਨੂੰ ਰੂਪ ਦਾ, ਭੌਰੇ ਨੂੰ ਗੰਧ ਦਾ ਰੋਗ ਚੰਬੜਿਆ ਹੋਇਆ ਹੈ)।
ਮਨੁੱਖ ਦੇਹੀ ਵਿਚ ਪੰਜੇ ਰੋਗ ਹਨ, ਪੰਜੇ ਦੂਤ ਉਪੱਦਰ ਕਰਦੇ ਹਨ।
(ਇਨ੍ਹਾਂ ਤੋਂ ਵਧੀਕ) ਆਸਾ, ਮਨਸਾ, ਡੈਣਾਂ, ਹਰਖ ਤੇ ਸੋਗ (ਕੁਪੱਥ) ਰੋਗ ਨੂੰ ਬਹੁਤ ਵਧਾਉਣ ਵਾਲੇ ਹਨ।
ਮਨਮੁਖ ਦੂਜੇ ਭਾਵ ਨੂੰ ਲੱਗਕੇ ਭਟਕਾਂ ਖਾਂਦੇ ਭੌਂਦੇ ਹਨ।
ਸਤਿਗੁਰ ਸੱਚਾ ਪਾਤਸ਼ਾਹ ਹੈ, ਗੁਰਮੁਖ (ਜਨ ਉਨ੍ਹਾਂ ਦੇ) ਗਾਡੀ ਰਾਹ ਪਰ ਤੁਰਦੇ ਹਨ।
(ਓਹ) ਸਾਣ ਸੰਗਤ ਵਿਖੇ ਮਿਲਕੇ ਚਲਦੇ ਹਨ (ਇਸੇ ਕਾਰਣ ਪੰਜ ਵਿਸ਼ੇ ਅਤੇ ਹਰਖ ਸੋਗ ਆਦਿ) ਚੋਰ ਠੱਗਣ ਹਾਰੇ ਡਰਕੇ ਭੱਜ ਜਾਂਦੇ ਹਨ।
(ਗੁਰਮੁਖ ਜਨਮ ਦਾ) ਲਾਭ ਲੈਕੇ ਸ੍ਵੈਸਰੂਪ ਵਿਖੇ ਨਿਵਾਸ ਕਰਦੇ ਹਨ।
ਬੇੜੀ ਪੁਰ ਚੜ੍ਹਾਕੇ ਇਕ (ਮੁਹਾਣਾ) ਮਲਾਹ ਬਾਹਲੇ ਮਨੁਖਾਂ ਦੇ ਪੂਰ ਨੂੰ (ਨਦੀ ਥੋਂ) ਪਾਰ ਕਰਦਾ ਹੈ (ਭਾਵ ਸਤਿਗੁਰੂ ਇਕ ਹੀ ਲੱਖਾਂ) ਸੰਗਤਾਂ ਨੂੰ ਭਗਤੀ ਦੀ ਬੇੜੀ ਪੁਰ ਚੜ੍ਹਾਕੇ ਸੰਸਾਰ ਨਦੀ ਥੋਂ ਪਾਰ ਕਰ ਦਿੰਦੇ ਹਨ)।
ਇਕੋ ਆਗੂ ਸੁਲਤਾਨਾਂ ਤੇ ਪਾਤਸ਼ਾਹਾਂ ਦੇ ਲਸ਼ਕਰਾਂ ਦੇ ਸੰਗ ਨੂੰ ਨਿਬਾਹ ਲੈਂਦਾ ਹੈ।
ਇਕ ਪਹਿਰਾ ਦੇਣ ਵਾਲਾ (ਸਾਰੇ) ਮਹੱਲੇ ਵਿਚ (ਰਾਤ) ਚੌਂਕੀ ਦਿੰਦਾ ਹੈ, ਅਮੀਰ ਲੋਕ (ਚੋਰਾਂ ਥੋਂ) ਨਿਚਿੰਤ ਹੋਕੇ ਸੌ ਜਾਂਦੇ ਹਨ।
ਲਾੜਾ ਇਕ ਵਿਆਹੀਦਾ ਹੈ (ਪਰ ਉਸ ਇਕ ਦੀ ਖ਼ਾਤਰ) ਬਹੁਤੇ ਜਾੀਂ ਪਰਾਹੁਣੇ ਕਹੀਦੇ ਹਨ (ਭਾਵ ਆਦਰ ਪਾਉਂਦੇ ਹਨ)।
ਪਾਤਸ਼ਾਹ ਤਾਂ ਦੇਸ਼ ਵਿਚ ਇਕੋ ਹੁੰਦਾ ਹੈ (ਉਸਦੀ) ਪਰਜਾ ਹਿੰਦੂ ਮੁਸਲਮਾਨ (ਅਨੇਕ) ਹੁੰਦੀ ਹੈ।
ਸਤਿਗੁਰ ਸੱਚਾ ਪਾਤਸ਼ਾਹ ਹੈ, ਸਾਧ ਸੰਗਤ (ਸਭਾ ਹੈ) ਗੁਰੂ ਗੁਰ ਸਬਦ (ਦਾ) ਪਰਵਾਨਾ (ਦੇਕੇ ਸੰਸਾਰ ਥੋਂ ਪਾਰ ਕਰ ਦਿੰਦੇ ਹਨ)।
(ਜੋ) ਸਤਿਗੁਰੂ ਦਾ ਆਸਰਾ (ਲੈਂਦੇ ਹਨ) ਉਨ੍ਹਾਂ ਥੋਂ ਕੁਰਬਾਣ ਹਾਂ।