ਵਾਰਾਂ ਭਾਈ ਗੁਰਦਾਸ ਜੀ

ਅੰਗ - 29


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਆਦਿ ਪੁਰਖ ਆਦੇਸੁ ਹੈ ਸਤਿਗੁਰੁ ਸਚੁ ਨਾਉ ਸਦਵਾਇਆ ।

ਆਦਿ ਪੁਰਖ (ਗੁਰੂ ਨਾਨਕ ਦੇਵ ਜੀ) ਨੂੰ ਨਮਸਕਾਰ ਹੈ, (ਜਿਨ੍ਹਾਂ) ਸਤਿਗੁਰਾਂ ਸੱਚਾ ਨਾਮ ਸਦਾਯਾ (ਭਾਵ 'ਸਤਿਗੁਰ ਕਹਾਉਣਾ' ਉਨ੍ਹਾਂ ਨੂੰ ਹੀ ਸਚ ਦਾ ਸ਼ੋਭਦਾ ਹੈ)।

ਚਾਰਿ ਵਰਨ ਗੁਰਸਿਖ ਕਰਿ ਗੁਰਮੁਖਿ ਸਚਾ ਪੰਥੁ ਚਲਾਇਆ ।

ਚਾਰੋ ਵਰਣਾ ਨੂੰ ਗੁਰੂ ਜੀ ਨੇ ਸਿੱਖ ਕਰ ਕੇ ਗੁਰਮੁਖਾਂ ਦਾ ਸੱਚਾ ਪੰਥ ਚਲਾਯਾ ਹੈ।

ਸਾਧਸੰਗਤਿ ਮਿਲਿ ਗਾਂਵਦੇ ਸਤਿਗੁਰੁ ਸਬਦੁ ਅਨਾਹਦੁ ਵਾਇਆ ।

ਸਾਧ ਸੰਗਤ ਮਿਲਕੇ ਕੀਰਤਨ ਕਰਦੇ ਹਨ, ਸਤਿਗੁਰੂ ਜੀ ਨੇ (ਜੋ) ਸ਼ਬਦਾਂ ਦੀ ਅਨਾਹਦ ਧੁਨੀ ਵਜਾਈ ਹੈ।

ਗੁਰ ਸਾਖੀ ਉਪਦੇਸੁ ਕਰਿ ਆਪਿ ਤਰੈ ਸੈਸਾਰੁ ਤਰਾਇਆ ।

ਗੁਰੂ ਜੀ ਨੇ ਸਾਖ਼ੀ ਹੋਕੇ ਉਪਦੇਸ਼ ਕਰ ਕੇ ਆਪ ਤਰਕੇ ਸੰਸਾਰ ਨੂੰ ਤਾਰਿਆ ਹੈ (ਭਾਵ ਇਹ ਕਿ ਜੋ ਉਪਦੇਸ਼ ਕੀਤਾ ਹੈ ਉਸ ਪਰ ਸਾਖੀ ਭਰੀ ਹੈ ਕਿ ਮੈਂ ਇਹ ਕਰ ਕੇ ਡਿੱਠਾ ਹੈ, ਠੀਕ ਹੈ, ਮੈਂ ਆਪ ਤਰਿਆ ਹਾਂ ਤੇ ਤੁਹਾਨੂੰ ਕਹਿੰਦਾ ਹਾਂ, ਸੁਣੀ ਸੁਣਾਈ ਬਾਤ ਨਹੀਂ ਆਖੀ)।

ਪਾਨ ਸੁਪਾਰੀ ਕਥੁ ਮਿਲਿ ਚੂਨੇ ਰੰਗੁ ਸੁਰੰਗ ਚੜ੍ਹਾਇਆ ।

(ਜਿਵੇਂ) ਪਾਨ ਸੁਪਾਰੀ, ਕੱਥ ਤਿੰਨੇ (ਥੋਕ) ਚੂਨੇ ਨਾਲ ਮਿਲਕੇ ਆਪਣਾ ਰੰਗ ਵਟਾ ਕੇ ('ਸਰੰਗ') ਲਾਲ ਰੰਗ ਹੋ ਜਾਂਦੇ ਹਨ, (ਤਿਹਾ ਹੀ ਚਾਰੇ ਵਰਣ ਮਿਲਕੇ ਇਕ ਗੁਰ ਸਿੱਖੀ ਦੇ ਰੰਗ ਵਿਚ ਰੰਗੇ ਗਏ ਹਨ)।

ਗਿਆਨੁ ਧਿਆਨੁ ਸਿਮਰਣਿ ਜੁਗਤਿ ਗੁਰਮਤਿ ਮਿਲਿ ਗੁਰ ਪੂਰਾ ਪਾਇਆ ।

ਪੂਰਣ (ਗੁਰੂ ਗੁਰ ਨਾਨਕ ਦੇਵ) ਨੂੰ ਪਾਕੇ ਜਿਨ੍ਹਾਂ ਗੁਰਮਤ ਲੀਤੀ ਹੈ, ਗਿਆਨ ਧਿਆਨ ਅਤੇ ਸਿਮਰਣ ਦੀ ਜੁਗਤੀ (ਸਾਰੀ ਕਰ ਲੀਤੀ) ਹੈ, ਕਿਉਂ ਜੋ ਗੁਰੂ ਦੀ ਮਤ ਦਾ ਸਾਰੇ ਦੈਵੀ ਗੁਣ ਵਿਦਮਾਨ ਹਨ)।

ਸਾਧਸੰਗਤਿ ਸਚਖੰਡੁ ਵਸਾਇਆ ।੧।

ਸਾਧ ਸੰਗਤ ਦਾ ਸਚਖੰਡ (ਅਰਥਾਤ ਪਰਮਾਤਮਾ ਦਾ ਨਿਵਾਸਸਥਾਨ ਬੀ ਆਪ ਗੁਰ ਨਾਨਕ ਦੇਵ ਜੀ ਨੇ ਹੀ) ਵਸਾਯਾ ਹੈ।

ਪਉੜੀ ੨

ਪਰ ਤਨ ਪਰ ਧਨ ਪਰ ਨਿੰਦ ਮੇਟਿ ਨਾਮੁ ਦਾਨੁ ਇਸਨਾਨੁ ਦਿੜਾਇਆ ।

ਪਰ ਇਸਤ੍ਰੀ, ਪਰਧਨ, ਪਰਾਈ ਨਿੰਦਾ (ਦੇ ਵਿਕਾਰ) ਨੂੰ ਮੇਟਕੇ ਨਾਮ ਦਾਨ, ਇਸ਼ਨਾਨ (ਦੀ ਕ੍ਰਿਯਾ) ਦ੍ਰਿੜ੍ਹ ਕਰਾਈ ਹੈ।

ਗੁਰਮਤਿ ਮਨੁ ਸਮਝਾਇ ਕੈ ਬਾਹਰਿ ਜਾਂਦਾ ਵਰਜਿ ਰਹਾਇਆ ।

ਗੁਰੂ ਦੀ ਸਿੱਖ੍ਯਾ ਨਾਲ ਮਨ ਨੂੰ ਸਮਝਾਕੇ (ਵਿਯ੍ਯਾਂ ਵਿਖੇ) ਭਟਕਦੇ ਨੂੰ ਅੰਤਰਮੁਖ ਕੀਤਾ ਹੈ।

ਮਨਿ ਜਿਤੈ ਜਗੁ ਜਿਣਿ ਲਇਆ ਅਸਟ ਧਾਤੁ ਇਕ ਧਾਤੁ ਕਰਾਇਆ ।

ਮਨ ਜਿੱਤ ਲਿਆ ਹੈ (ਤੇ ਐਉਂ) ਸਾਰਾ ਜਗਤ ਜਿਤ ਲੀਤਾ ਹੈ (“ਮਨ ਜੀਤੈ ਜਗੁ ਜੀਤੁ”॥) ਅੱਠਾਂ ਧਾਤਾਂ ਦੀ ਇਕ ਧਾਤ ਕਰ ਦਿੱਤੀ ਹੈ, (ਭਾਵ ਚਾਰੇ ਵਰਨ ਚਾਰੇ ਆਸ਼ਰਮ ਇਕ ਗੁਰੂ ਦੇ ਸਿੱਖ ਸਦਾਉਂਦੇ ਹਨ)।

ਪਾਰਸ ਹੋਏ ਪਾਰਸਹੁ ਗੁਰ ਉਪਦੇਸੁ ਅਵੇਸੁ ਦਿਖਾਇਆ ।

ਪਾਰਸ ਗੁਰੂ ਦੇ ਉਪਦੇਸ਼ ਵਿਖੇ ਜਿਨ੍ਹਾਂ ਨੇ ('ਅਵੇਸ') ਘਰ ਕੀਤਾ ਹੈ, ਉਹ ਪਾਰਸ ਰੂਪ ਹੋ ਗਏ ਹਨ।

ਜੋਗ ਭੋਗ ਜਿਣਿ ਜੁਗਤਿ ਕਰਿ ਭਾਇ ਭਗਤਿ ਭੈ ਆਪੁ ਗਵਾਇਆ ।

ਜੋਗ ਤੇ ਭੋਗ ਜੁਗਤੀ ਕਰ ਕੇ (ਅਰਥਾਤ ਈਸ਼੍ਵਰ ਪਰਾਇਣ ਹੋਕੇ) ਜਿੱਤ ਲਏ ਹਨ, ਪ੍ਰੇਮਾ ਭਗਤੀ ਕਰ ਕੇ ਆਪਣਾ ਆਪ ਗਵਾ ਦਿੱਤਾ ਹੈ।

ਆਪੁ ਗਇਆ ਆਪਿ ਵਰਤਿਆ ਭਗਤਿ ਵਛਲ ਹੋਇ ਵਸਗਤਿ ਆਇਆ ।

ਆਪਾ ਭਾਵ ਦੇ ਜਾਣ ਨਾਲ ਸਾਰੇ ਆਪ (ਪਰਮਾਤਮਾ) ਦਾ ਹੀ ਵਰਤਾਉ (ਜਾਣਦੇ) ਹਨ, ਭਗਤ ਵੱਛਲ (ਹਰੀ ਉਨ੍ਹਾਂ ਦੇ) ਅੰਗ ਸੰਗ ਰਹਿੰਦਾ ਹੈ।

ਸਾਧਸੰਗਤਿ ਵਿਚਿ ਅਲਖੁ ਲਖਾਇਆ ।੨।

(ਅਜਿਹੀ) ਸਾਧ ਸੰਗਤ ਵਿਖੇ ਅਲਖ (ਪਰਮਾਤਮਾਂ) ਦਾ ਗਿਆਨ ਹੋ ਜਾਂਦਾ ਹੈ।

ਪਉੜੀ ੩

ਸਬਦ ਸੁਰਤਿ ਮਿਲਿ ਸਾਧਸੰਗਿ ਗੁਰਮੁਖਿ ਦੁਖ ਸੁਖ ਸਮ ਕਰਿ ਸਾਧੇ ।

ਗੁਰਮੁਖਾਂ ਨੇ ਸਾਧ ਸੰਗਤ ਵਿਖੇ ਮਿਲ ਕਰ ਕੇ ਸ਼ਬਦ ਸੁਰਤ ਨਾਲ ਦੁਖ ਅਤੇ ਸੁਖ ਸਮਾਨ ਜਾਣ ਕਰ ਸਾਧ ਲੀਤੇ ਹਨ (ਕਿਉਂ ਜੋ ਦੋਹਾਂ ਵਿਖੇ ਈਸ਼੍ਵਰ ਅਰਾਧਨ ਨਹੀਂ ਛੱਡਦੇ ਸਗਮਾਂ ਜਾਣਦੇ ਹਨ ਕਿ ਸੁਖ ਰੋਗ ਰੂਪ ਅਰ ਦੁਖ ਦਾਰੂ ਰੂਪ ਹਨ “ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ”)॥

ਹਉਮੈ ਦੁਰਮਤਿ ਪਰਹਰੀ ਗੁਰਮਤਿ ਸਤਿਗੁਰ ਪੁਰਖੁ ਆਰਾਧੇ ।

ਹਉਮੈ ਅਰ ਦੁਰਮਤ ਤਿਆਗ ਦਿੱਤੀ ਹੈ ਗੁਰਮਤ ਲੈਕੇ ਸਤਿਗੁਰ ਪੁਰਖ (ਗੁਰੂ ਨਾਨਕ ਦੇਵ) ਦਾ ਅਰਾਧਨ ਕਰਦੇ ਹਨ।

ਸਿਵ ਸਕਤੀ ਨੋ ਲੰਘਿ ਕੈ ਗੁਰਮੁਖਿ ਸੁਖ ਫਲੁ ਸਹਜ ਸਮਾਧੇ ।

ਰਜੋ ਸਤੋ ਤਮੋ ਆਦਿਕ ਤਿੰਨੇ ਗੁਣਾਂ ਥੋਂ ਲੰਘਕੇ, ਗੁਰਮੁਖ, (ਸਤਿਰੂਪ) ਸੁਖ ਫਲ ਵਿਖੇ (ਭਾਵ ਤੁਰੀਆਂ ਪਦ ਵਿਖੇ) ਸਮਾਧੀ ਰਖਦੇ ਹਨ।

ਗੁਰੁ ਪਰਮੇਸਰੁ ਏਕੁ ਜਾਣਿ ਦੂਜਾ ਭਾਉ ਮਿਟਾਇ ਉਪਾਧੇ ।

ਗੁਰੂ ਅਤੇ ਪਰਮੇਸ਼ਰ ਨੂੰ ਇਕ (ਰੂਪ) ਜਾਣਕੇ ਦੂਜੇ ਭਾਉ ਦੀ ਉਪਾਧੀ ਮਿਟਾ ਦਿੱਤੀ ਹੈ।

ਜੰਮਣ ਮਰਣਹੁ ਬਾਹਰੇ ਅਜਰਾਵਰਿ ਮਿਲਿ ਅਗਮ ਅਗਾਧੇ ।

ਜਨਮ ਮਰਨ ਅਰ ਬੁਢਾਪੇ (ਦੇ ਦੁਖ) ਤੋਂ ਰਹਿਤ ਹੋਕੇ (ਅਗਮ ਅਗਾਧ) ਮਨ ਬਾਣੀ ਥੋਂ ਪਰੇ ਆਤਮਾ ਵਿਖੇ ਮਿਲ ਜਾਂਦੇ ਹਨ।

ਆਸ ਨ ਤ੍ਰਾਸ ਉਦਾਸ ਘਰਿ ਹਰਖ ਸੋਗ ਵਿਹੁ ਅੰਮ੍ਰਿਤ ਖਾਧੇ ।

ਆਸਾ ਤੇ ਭੈ ਥੋਂ ਘਰ ਵਿਖੇ ਹੀ ਉਦਾਸ ਰਹਿਕੇ ਹਰਖ ਤੇ ਸੋਗ, ਵਿਖੇ ਅਤੇ ਅੰਮ੍ਰਿਤ (ਇਕ ਰੂਪ ਕਰਕੇ) ਧਾਰਣ ਕੀਤੇ ਹਨ।

ਮਹਾ ਅਸਾਧ ਸਾਧਸੰਗ ਸਾਧੇ ।੩।

ਮਹਾਂ ਅਸਾਧ (ਉਕਤ ਸੁਖ ਦੁਖ, ਹਰਖ ਤੇ ਸੋਗਾਦਿਕ ਜੋ) ਸਾਧੇ ਨਹੀਂ ਜਾਂਦੇ ਹਨ, ਗੁਰਮੁਖਾਂ ਨੇ ਸਾਧ ਸੰਗਤ (ਵਿਖੇ ਮਿਲ ਕਰਕੇ) ਸਾਧ ਲੀਤੇ ਹਨ (“ਸੁਖੁ ਦੁਖੁ ਦੋਨੋ ਸਮਕਰਿ ਜਾਨੈ ਅਉਰੁ ਮਾਨੁ ਅਪਮਾਨਾ॥ ਹਰਖ ਸੋਖ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ”)।

ਪਉੜੀ ੪

ਪਉਣੁ ਪਾਣੀ ਬੈਸੰਤਰੋ ਰਜ ਗੁਣੁ ਤਮ ਗੁਣੁ ਸਤ ਗੁਣੁ ਜਿਤਾ ।

ਪਵਣ, ਜਲ, ਅਗਨੀ ਜੋ ਕਿ ਰਜੋ, ਸਤੋ, ਤਮੋ, (ਕ੍ਰਮ ਨਾਲ ਤਿੰਨੇ) ਗੁਣਾਂ ਦੇ (ਰੂਪ ਹਨ) ਜਿੱਤ ਲੀਤੇ ਹਨ।

ਮਨ ਬਚ ਕਰਮ ਸੰਕਲਪ ਕਰਿ ਇਕ ਮਨਿ ਹੋਇ ਵਿਗੋਇ ਦੁਚਿਤਾ ।

ਮਨ ਬਚ ਸਰੀਰ ਨੂੰ ਸੰਕਲਪ ਕਰ ਕੇ (ਤਿਆਗ ਕੇ ਭਾਵ ਅਭਿਮਾਨ ਤੋਂ ਰਹਿਤ ਹੋ) ਇਕ ਮਨ ਹੋ ਗਏ ਹਨ (ਪੰਚ ਤਤ ਦੇ ਮਨ ਸਰੀਰ ਤੋਂ ਨਿਕਲਕੇ ਉਨਮਨ ਵਿਚ ਆ ਗਏ, “ਇਹੁ ਮਨੁ ਲੈ ਜਉ ਉਨਿਮਨ ਰਹੈ॥ ਤਉ ਤੀਨਿ ਲੋਕ ਕੀ ਬਾਤੇ ਕਹੈ॥” ਇਕ ਮਨ ਦਾ ਕੀ ਰੂਪ ਹੈ?) ਦੂਜੀ ਚਿੰਤਾ ਛੱਡ ਦਿੱਤੀ ਹੈ।

ਲੋਕ ਵੇਦ ਗੁਰ ਗਿਆਨ ਲਿਵ ਅੰਦਰਿ ਇਕੁ ਬਾਹਰਿ ਬਹੁ ਭਿਤਾ ।

ਗੁਰੁ ਦੇ ਗ੍ਯਾਨ ਦੀ ਲਿਵ ਹੀ (ਉਨ੍ਹਾਂ ਦਾ) ਲੋਕ ਤੇ ਵੇਦ ਹੈ, ਅੰਦਰੋਂ (ਮਨ ਕਰਕੇ) ਇਕ ਰੂਪ ਅਰ ਬਾਹਰੋਂ (ਬਹੁ ਭਿਤਾ) ਬਹੁਤ ਪ੍ਰਕਾਰ ਦੇ ਦਿੱਸਦੇ ਹਨ (ਭਾਵ ਲੋਕ ਪਛਾਣ ਨਹੀਂ ਸਕਦੇ, ਸਭ ਨਾਲ ਮਿੱਠਾ ਵਰਤਦੇ ਹਨ ਅੰਦਰੋਂ ਨਿਰਮੋਹ ਹਲ। “ਦੀਸਿ ਆਵਤ ਹੈ ਬਹੁਤੁ ਭੀਹਾਲਾ॥ ਸਗਲ ਚਰਨ ਕੀ ਇਹੁ ਮਨ ਰਾਲਾ”)।

ਮਾਤ ਲੋਕ ਪਾਤਾਲ ਜਿਣਿ ਸੁਰਗ ਲੋਕ ਵਿਚਿ ਹੋਇ ਅਥਿਤਾ ।

ਇਸ ਲੋਕ ਅਰ ਪਾਤਾਲ ਦੇ (ਪਦਾਰਥਾਂ ਨੂੰ) ਜਿਤ ਲੀਤਾ ਹੈ, ਸੁਰਗ ਲੋਕ (ਦੇ ਪਦਾਰਥਾਂ ਨੂੰ ਬੀ) ਚਾਰ ਦਿਨਾਂ ਦੇ ਪਰਾਹੁਣੇ ਜਾਣਦੇ ਹਨ (ਜਾਂ ਤਿੰਨਾਂ ਲੋਕਾਂ ਵਿਚ 'ਅਥਿੱਤਾ=' ਪੂਜਨੀਕ ਹਨ।)

ਮਿਠਾ ਬੋਲਣੁ ਨਿਵਿ ਚਲਣੁ ਹਥਹੁ ਦੇ ਕਰਿ ਪਤਿਤ ਪਵਿਤਾ ।

ਮਿੱਠਾ ਬੋਲਦੇ, ਨਿਵਕੇ ਚਲਦੇ ਤੇ ਹਥੋਂ ਦੇਕੇ ਪਾਪਾਂ ਥੋਂ ਪਵਿੱਤ੍ਰ ਹੋ ਜਾਂਦੇ ਹਨ, (ਅਥਵਾ ਪਾਪੀਆਂ ਅਤੇ ਪਵਿੱਤ੍ਰਾਂ ਨੂੰ ਬੀ ਹੱਥੋਂ ਦਾਨ ਦੇਕੇ)।

ਗੁਰਮੁਖਿ ਸੁਖ ਫਲੁ ਪਾਇਆ ਅਤੁਲੁ ਅਡੋਲੁ ਅਮੋਲੁ ਅਮਿਤਾ ।

ਗੁਰਮੁਖਾਂ ਨੇ ('ਸੁਖ ਫਲ') ਆਤਮ ਫਲ ਪਾ ਲੀਤਾ ਹੈ (ਉਹ ਕਿਹਾ ਫਲ ਹੈ?) ਅਤੁਲ, ਅਡੋਲ, ਅਮੋਲ, ਅਤੇ ਅੰਮ੍ਰਿਤ ਪਦਾਰਥ ਹੈ।

ਸਾਧਸੰਗਤਿ ਮਿਲਿ ਪੀੜਿ ਨਪਿਤਾ ।੪।

ਸਾਧ ਸੰਗਤ ਮਿਲਕੇ (ਮਨ ਨੂੰ) ਪੀੜਕੇ (ਰਾਗ ਦ੍ਵੈਖ ਦਾ) ਪਿੱਤਾ (ਕੱਢ ਦਿੰਦੇ ਹਨ। ਭਾਵ ਨਿਰਹੰਕਾਰ ਕਰ ਕੇ ਮਨ ਨੂੰ ਸੁਧ ਕਰਦੇ ਹਨ)।

ਪਉੜੀ ੫

ਚਾਰਿ ਪਦਾਰਥ ਹਥ ਜੋੜਿ ਹੁਕਮੀ ਬੰਦੇ ਰਹਨਿ ਖੜੋਤੇ ।

ਚਾਰੇ ਪਦਾਰਥ ਹਥ ਜੋੜ ਹੁਕਮੀ ਬੰਦੇ (ਹੋਕੇ) ਖੜੇ ਰਹਿੰਦੇ ਹਨ।

ਚਾਰੇ ਚਕ ਨਿਵਾਇਆ ਪੈਰੀ ਪੈ ਇਕ ਸੂਤਿ ਪਰੋਤੇ ।

ਚਾਰੇ ਚੱਕਾਂ ਨੂੰ ਨਿਵਾ ਲੀਤਾ ਹੈ (ਕੀ ਕਰਕੇ? ਵਾਹਿਗੁਰੂ ਜਿਸਨੇ ਇਕ ਸੱਤਾ ਦੇ) ਸੁਤ ਵਿਖੇ ਸਭ ਨੂੰ ਪਰੋਤਾ ਹੈ (ਉਸਦੀ) ਪੈਰੀਂ ਪੈਕੇ!

ਵੇਦ ਨ ਪਾਇਨਿ ਭੇਦੁ ਕਿਹੁ ਪੜਿ ਪੜਿ ਪੰਡਿਤ ਸੁਣਿ ਸੁਣਿ ਸ੍ਰੋਤੇ ।

ਵੇਦ ਬੀ ਕੁਛ ਭੇਦ ਨਹੀਂ ਪਾ ਸਕੇ, ਪੜ੍ਹ ਪੜ੍ਹ ਪੰਡਤ ਤੇ ਸੁਣ ਸੁਣ ਸ੍ਰੋਤੈ (ਹਾਰ ਗਏ, ਜਾਣਦੇ ਕੀ ਹਨ?)

ਚਹੁ ਜੁਗਿ ਅੰਦਰ ਜਾਗਦੀ ਓਤਿ ਪੋਤਿ ਮਿਲਿ ਜਗਮਗ ਜੋਤੇ ।

ਚਾਰ ਜੁਗਾਂ ਵਿਚ ਜਗਮਗ ਕਰ ਕੇ (ਪਰਮੇਸ਼ੁਰ ਦੀ) ਜੋਤ ਅੰਦਰ ਬਾਹਰ ਜਗ ਰਹੀ ਹੈ।

ਚਾਰਿ ਵਰਨ ਇਕ ਵਰਨ ਹੋਇ ਗੁਰਸਿਖ ਵੜੀਅਨਿ ਗੁਰਮੁਖਿ ਗੋਤੇ ।

ਚਾਰ ਵਰਣਾਂ ਦੇ ਇੱਕ ਵਰਣ ਹੋਕੇ ਗੁਰਮੁਖ ਸਾਹਮਣੇ ਹੋਕੇ ਆਪਣ ਗੋਤ੍ਰ ਵਿਖੇ ਮਿਲ ਬੈਠਦੇ ਹਨ, (ਭਾਵ ਜਾਤਾਭਿਮਾਨ ਛੱਡਕੇ ਅਦ੍ਯਤ ਗੋਤ੍ਰੀ ਹੋ ਜਾਂਦੇ ਹਨ)।

ਧਰਮਸਾਲ ਵਿਚਿ ਬੀਜਦੇ ਕਰਿ ਗੁਰਪੁਰਬ ਸੁ ਵਣਜ ਸਓਤੇ ।

ਧਰਮਸਾਲਾ ਵਿਖੇ ਗੁਰਪੁਰਬਾਂ ਨੂੰ ਕਰ ਕੇ ਸਫਲਾ ਵਣਜ ਕਰਦੇ ਹਨ (ਭਾਵ ਗੁਰੁ ਗ੍ਰੰਥ ਜੀ ਦੇ ਪਾਠਾਦਿਕ ਸਬਦ ਚੌਂਕੀਆਂ ਦੇ ਜੋੜ ਮੇਲ ਕਰਵਾਉਂਦੇ ਹਨ)।

ਸਾਧਸੰਗਤਿ ਮਿਲਿ ਦਾਦੇ ਪੋਤੇ ।੫।

ਸਾਧ ਸੰਗਤ ਵਿਖੇ ਦਾਦੇ ਪੋਤਰੇ ਮਿਲਦੇ ਹਨ, (ਭਾਵ, ਸਿਖਾਂ ਪੁਤਾਂ ਭਾਈਆਂ ਭਾ ਇਕੋ ਜੇਹਾ)।

ਪਉੜੀ ੬

ਕਾਮ ਕ੍ਰੋਧੁ ਅਹੰਕਾਰ ਸਾਧਿ ਲੋਭ ਮੋਹ ਦੀ ਜੋਹ ਮਿਟਾਈ ।

ਕਾਮ, ਕ੍ਰੋਧ ਅਤੇ ਹੰਕਾਰ ਨੂੰ ਜਿੱਤਕੇ ਲੋਭ, ਮੋਹ ਦੀ ਤਾੜ ਮਿਟਾ ਦਿਤੀ ਹੈ (ਕਿ ਵਿਸ਼ਯ ਬਲ ਨਹੀਂ ਪਾਉਂਦੇ)।

ਸਤੁ ਸੰਤੋਖੁ ਦਇਆ ਧਰਮੁ ਅਰਥੁ ਸਮਰਥੁ ਸੁਗਰਥੁ ਸਮਾਈ ।

ਸਤਿ, ਸੰਤੋਖ, ਦਇਆ, ਧਰਮ ਅਤੇ ਅਰਥ ਦੀ ਸ੍ਰੇਸ਼ਟ ਸਮਰੱਥਾ ਸਮਾ ਰਹੀ ਹੈ, (ਭਾਵ ਪੰਜੇ ਗੁਣ ਸਦਾ ਪੂਰਨ ਰਹਿੰਦੇ ਹਨ)।

ਪੰਜੇ ਤਤ ਉਲੰਘਿਆ ਪੰਜਿ ਸਬਦ ਵਜੀ ਵਾਧਾਈ ।

ਪੰਜੇ ਤੱਤ (ਅਪ, ਤੇਜ, ਵਾਯੂ, ਪ੍ਰਿਥਵੀ ਅਤੇ ਅਕਾਸ਼) ਥੋਂ ਲੰਘ ਗਏ ਹਨ (ਭਾਵ ਇਨ੍ਹਾਂ ਪੁਰ ਕੋਈ ਤੱਤ ਬਲ ਨਹੀਂ ਪਾ ਸਕਦਾ) ਪੰਜੇ ਸ਼ਬਦਾਂ ਦੀ ਵਧਾਈ ਵੱਜ ਰਹੀ ਹੈ।

ਪੰਜੇ ਮੁਦ੍ਰਾ ਵਸਿ ਕਰਿ ਪੰਚਾਇਣੁ ਹੁਇ ਦੇਸ ਦੁਹਾਈ ।

ਪੰਜੇ ਮੁੰਦ੍ਰਾਂ (ਜੋਗ ਮੱਤ ਦੀਆਂ ਖੇਚਰੀ, ਭੂਚਰੀ, ਚਾਚਰੀ, ਉਨਮਨੀ ਅਤੇ ਭੁਯੰਗਮੀ) ਵੱਸ ਕਰ ਲੀਤੀਆਂ ਹਨ (ਅਥਵਾ ਪੰਜ ਗ੍ਯਾਨ ਇੰਦ੍ਰੀਆਂ; ਇਸ ਲਈ) ਪੰਚਾਇਣ (ਸ਼ਿਰੋਮਣੀ ਪੰਚ) ਹੋਕੇ ਦੇਸ਼ ਵਿਖੇ (ਇਨ੍ਹਾਂ ਦੀ) ਦੁਹਾਈ ਮਿਲ ਰਹੀ ਹੈ (ਪ੍ਰਸਿੱਧ ਹੋ ਗਏ ਹਨ)।

ਪਰਮੇਸਰ ਹੈ ਪੰਜ ਮਿਲਿ ਲੇਖ ਅਲੇਖ ਨ ਕੀਮਤਿ ਪਾਈ ।

ਅਕਾਲ ਪੁਰਖ ਦਾ ਮਿਲਾਪ ਪੰਜਾਂ ਦੇ ਮਿਲਾਪ ਵਿਖੇ ਹੁੰਦਾ ਹੈ (ਯਥਾ:-'ਇਕ ਸਿਖ ਦੋਇ ਸਾਧ ਸੰਗ ਪੰਜੀਂ ਪਰਮੇਸ਼ੁਰ') ਉਹ ਲੇਖੇ ਥੋਂ ਅਲੇਖ ਹੈ, ਕੀਮਤ ਕਿਸੇ ਨਹੀਂ ਜਾਤੀ।

ਪੰਜ ਮਿਲੇ ਪਰਪੰਚ ਤਜਿ ਅਨਹਦ ਸਬਦ ਸਬਦਿ ਲਿਵ ਲਾਈ ।

ਪੰਜ (ਕਿਸ ਤਰ੍ਹਾਂ) ਮਿਲੇ? (ਜਦ 'ਪਰਪੰਚ') ਛਲ ਵਲ ਛੱਡ ਦਿਤਾ ਤੇ ਅਨਾਹਦ ਸ਼ਬਦ ਵਿਚ ਸ਼ਬਦ ਦੀ ਲਿਵ ਲਾਈ।

ਸਾਧਸੰਗਤਿ ਸੋਹਨਿ ਗੁਰ ਭਾਈ ।੬।

ਐਉਂ (ਇਕ ਲਿਵ ਵਾਲੇ ਹੋਕੇ) ਸਾਧ ਸੰਗਤ ਵਿਚ ਗੁਰਭਾਈ ਸ਼ੋਭਦੇ ਹਨ।

ਪਉੜੀ ੭

ਛਿਅ ਦਰਸਨ ਤਰਸਨਿ ਘਣੇ ਗੁਰਮੁਖਿ ਸਤਿਗੁਰੁ ਦਰਸਨੁ ਪਾਇਆ ।

ਛੀ ਦਰਸ਼ਨ (ਜੋਗੀ ਜੰਗਮਾਦਿਕ) ਘਣੇ ਤਰਸਦੇ ਹਨ ਕਿ ਸਤਿਗੁਰੂ (ਨਾਨਕ ਦੇਵ) ਦਾ ਕਿਵੇਂ ਦਰਸ਼ਨ ਹੋਵੇ? (ਪਰੰਤੂ ਓਹ) ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਹੈ।

ਛਿਅ ਸਾਸਤ੍ਰ ਸਮਝਾਵਣੀ ਗੁਰਮੁਖਿ ਗੁਰੁ ਉਪਦੇਸੁ ਦਿੜਾਇਆ ।

ਛੀ ਸ਼ਾਸਤ੍ਰ (ਪਾਠੀ ਬੀ ਬਾਹਲੀਆਂ) ਸਮਝਾਵਣੀਆਂ ਦਿੰਦੇ ਹਨ (ਪਰੰਤੂ) ਗੁਰਮੁਖਾਂ ਨੇ ਗੁਰੂ ਦਾ ਉਪਦੇਸ਼ ਦ੍ਰਿੜ੍ਹ ਕਰਾਇਆ ਹੈ।

ਰਾਗ ਨਾਦ ਵਿਸਮਾਦ ਵਿਚਿ ਗੁਰਮਤਿ ਸਤਿਗੁਰ ਸਬਦੁ ਸੁਣਾਇਆ ।

ਛੀ ਰਾਗਾਂ (ਦੇ ਗਵੱਯੇ ਬੀ) ਹੈਰਾਨ ਹੋ ਰਹੇ ਹਨ (ਪਰ ਜਿਨ੍ਹਾਂ ਨੇ) ਸਤਿਗੁਰੂ ਗੁਰੂ (ਨਾਨਕ ਦੀ) ਸਿਖਿਆ ਲੀਤੀ ਹੈ (ਉਨ੍ਹਾਂ ਨੇ ਇਹ) ਸ਼ਬਦ ਦਾ ਸਿੱਧਾਂਤ ਦੱਸਿਆ ਹੈ।

ਛਿਅ ਰੁਤੀ ਕਰਿ ਵਰਤਮਾਨ ਸੂਰਜੁ ਇਕੁ ਚਲਤੁ ਵਰਤਾਇਆ ।

ਛੇ ਰੁਤਾਂ ਜੋ ਵਰਤਮਾਨ ਹੋ ਰਹੀਆਂ ਹਨ (ਸਭ ਵਿਚ) ਸੂਰਜ ਇਕੋ ਹੋਣ ਦਾ ਚਲਿੱਤ੍ਰ ਵਰਤ ਰਿਹਾ ਹੈ।

ਛਿਅ ਰਸ ਸਾਉ ਨ ਪਾਇਨੀ ਗੁਰਮੁਖਿ ਸੁਖੁ ਫਲੁ ਪਿਰਮੁ ਚਖਾਇਆ ।

ਗੁਰਮੁਖਾਂ ਨੇ ਜੋ ਪਿਆਰ ਦੇ ਸੁਖ ਫਲ ਦਾ ਰਸ ਚੱਖਿਆ ਹੈ (ਉਸ ਦਾ) ਸੁਆਦ ਛੀ ਰਸ ਬੀ ਨਹੀਂ ਪਾ ਸਕੇ (ਭਾਵ ਖਟ ਪ੍ਰਕਾਰ ਦੇ ਰਸ ਬੀ ਹੈਰਾਨ ਹਨ ਕਿ ਅਸੀਂ ਅਜਿਹੇ ਅਨੰਦਦਾਇਕ ਨਹੀਂ)।

ਜਤੀ ਸਤੀ ਚਿਰੁ ਜੀਵਣੇ ਚਕ੍ਰਵਰਤਿ ਹੋਇ ਮੋਹੇ ਮਾਇਆ ।

ਜਤੀ, ਸਤੀ, ਚਿਰ ਜੀਵਣੇ, ਚੱਕ੍ਰਵਰਤੀ ਰਾਜੇ, ਮਾਯਾ ਵਿਖੇ ਮੋਹਤ ਹੀ ਰਹੇ।

ਸਾਧਸੰਗਤਿ ਮਿਲਿ ਸਹਜਿ ਸਮਾਇਆ ।੭।

ਸਾਧ ਸੰਗਤ ਵਿਖੇ ਮਿਲਣਹਾਰੇ (ਗੁਰਮੁਖ) ਸਹਿਜ ਪਦ ਵਿਖੇ ਸਮਾਂ ਜਾਂਦੇ ਹਨ।

ਪਉੜੀ ੮

ਸਤ ਸਮੁੰਦ ਸਮਾਇ ਲੈ ਭਵਜਲ ਅੰਦਰਿ ਰਹੇ ਨਿਰਾਲਾ ।

ਸਤ ਸਮੁੰਦ (ਪੰਜ ਗਿਆਨ ਇੰਦ੍ਰੇ ਤੇ ਮਨ ਬੁੱਧੀ) ਵਸੀਕਾਰ ਕਰ ਕੇ ਸੰਸਾਰ ਸਮੁੰਦਰ ਵਿਖੇ ਅਲੇਪ ਰਹਿੰਦੇ ਹਨ।

ਸਤੇ ਦੀਪ ਅਨ੍ਹੇਰ ਹੈ ਗੁਰਮੁਖਿ ਦੀਪਕੁ ਸਬਦ ਉਜਾਲਾ ।

ਸਤੇ ਦੀਪਾਂ ਵਿਖੇ ਹਨੇਰਾ ਵਰਤਦਾ ਹੈ, ਗੁਰਮੁਖਾਂ ਵਿਖੇ ਸ਼ਬਦ ਦੀਪ ਦਾ ਉਜਾਲਾ (ਚਾਨਣਾ) ਹੈ।

ਸਤੇ ਪੁਰੀਆ ਸੋਧੀਆ ਸਹਜ ਪੁਰੀ ਸਚੀ ਧਰਮਸਾਲਾ ।

ਸਤੇ ਪੁਰੀਆਂ (ਸਤ ਭੂਮਕਾ) ਨੂੰ ਸਾਧ ਕੇ 'ਸਹਜ ਪੁਰੀ' ਸਾਧ ਸੰਗਤ ਰੂਪੀ ਸਚੀ ਧਰਮਸਾਲਾ ਬਣਾਈ, (ਸਤਿਸੰਗ ਵਿਚ ਸਭ ਪੁਰੀਆਂ ਦਾ ਲੇਖਾ ਛੁਟ ਜਾਂਦਾ ਹੈ)।

ਸਤੇ ਰੋਹਣਿ ਸਤ ਵਾਰ ਸਾਧੇ ਫੜਿ ਫੜਿ ਮਥੇ ਵਾਲਾ ।

ਸੱਤੇ ਰੋਹਣੀ (ਆਦਿ ਨਿਖੱਤ੍ਰ) ਸੱਤ ਵਾਰ ਸਿਰੋਂ ਫੜਕੇ ਸਾਧ ਲੀਤੇ (ਭਾਵ ਕੋਈ ਬਲ ਨਹੀਂ ਪਾ ਸਕਦਾ, ਵਹਿਮਾਂ ਤੋਂ ਪਾਰ ਹੋਏ)।

ਤ੍ਰੈ ਸਤੇ ਬ੍ਰਹਮੰਡਿ ਕਰਿ ਵੀਹ ਇਕੀਹ ਉਲੰਘਿ ਸੁਖਾਲਾ ।

ਤ੍ਰੈ ਸੱਤੇ (ਇੱਕੀ ਪੁਰੀਆਂ ਦੇ) ਬ੍ਰਹਿਮੰਡ ਥੋਂ ਅਰ ਵੀਹ ਇਕੀ (ਆਦਿਕ ਗਿਣਤੀਆਂ) ਥੋਂ ਲੰਘ ਕੇ ਸੁਖੀ ਹੋ ਗਏ ਹਨ।

ਸਤੇ ਸੁਰ ਭਰਪੂਰੁ ਕਰਿ ਸਤੀ ਧਾਰੀ ਪਾਰਿ ਪਿਆਲਾ ।

ਸੱਤੇ ਸੁਰਾਂ (ਸਾ, ਰੇ, ਗਾ, ਮਾ, ਪਾ, ਧਾ, ਨੀ) ਨੂੰ (ਨਾਮ ਨਾਲ) ਲਬਾਲਬ ਕਰ ਕੇ ਸਤ ਧਾਰ (ਪਹਾੜ ਥੋਂ, ਭਾਵ ੭ ਮਤਾਂ ਥੋਂ) ਪਾਰ ਪਏ ਹਨ (ਕੀ ਜਾਣਦੇ ਹਨ?)

ਸਾਧਸੰਗਤਿ ਗੁਰ ਸਬਦ ਸਮਾਲਾ ।੮।

ਸਾਧ ਸੰਗਤ ਵਿਖੇ ਮਿਲਕੇ ਗੁਰ ਸ਼ਬਦ ਨੂੰ ਸੰਭਾਲਣਾਂ (ਸਭ ਤੋਂ ਸ੍ਰੇਸ਼ਟ) ਹੈ।

ਪਉੜੀ ੯

ਅਠ ਖੰਡਿ ਪਾਖੰਡ ਮਤਿ ਗੁਰਮਤਿ ਇਕ ਮਨਿ ਇਕ ਧਿਆਇਆ ।

ਅਠੇ ਖੰਡ (ਜੋਗੀਆਂ ਦੇ) (ਅਥਵਾ ਚਾਰ ਵਰਨ, ਚਾਰ ਆਸ਼੍ਰਮ, ਅਠੇ ਪੰਥ) ਪਖੰਡ ਵਿਖੇ (ਫਸੇ ਹੋਏ) ਹਨ, (ਪਰ ਜਿਨ੍ਹਾਂ ਨੇ) ਗੁਰੂ ਦੀ ਮਤ ਲੀਤੀ ਹੈ, ਇਕ ਮਨ ਹੋਕੇ ਇਕ (ਨਿਰੰਕਾਰ) ਦਾ ਧਿਆਨ ਕੀਤਾ ਹੈ।

ਅਸਟ ਧਾਤੁ ਪਾਰਸ ਮਿਲੀ ਗੁਰਮੁਖਿ ਕੰਚਨੁ ਜੋਤਿ ਜਗਾਇਆ ।

ਅੱਠ ਧਾਤਾਂ (ਜੇਹੜੀਆਂ ਗੁਰਮੁਖ) ਪਾਰਸ ਨਾਲ ਮਿਲੀਆਂ ਹਨ, ਸੋਨੇ ਦੀ ਜੋਤ ਪ੍ਰਗਟ ਹੋਈ ਹੈ, (ਭਾਵ ਅੱਠ ਪੰਥ ਗੁਰਮੁਖ ਦਾ ਰੂਪ ਹੋ ਜਾਂਦੇ ਹਨ)।

ਰਿਧਿ ਸਿਧਿ ਸਿਧ ਸਾਧਿਕਾਂ ਆਦਿ ਪੁਰਖ ਆਦੇਸੁ ਕਰਾਇਆ ।

ਰਿੱਧੀਆਂ ਸਿੱਧੀਆਂ ਦੇ ਸਿੱਧ ਅਤੇ ਸਾਧਕਾਂ ਨੂੰ ਅਕਾਲ ਪੁਰਖ ਦਾ ਨਮਸਕਾਰ ਕਰਤਾ (ਸੇਵਕ) ਬਣਾ ਦਿੱਤਾ ਹੈ।

ਅਠੈ ਪਹਰ ਅਰਾਧੀਐ ਸਬਦ ਸੁਰਤਿ ਲਿਵ ਅਲਖੁ ਲਖਾਇਆ ।

ਅੱਠੇ ਪਹਿਰ ਵਾਹਿਗੁਰੂ ਦੀ ਉਪਾਸ਼ਨਾ ਕਰਦੇ ਹਨ, ਸ਼ਬਦ ਸੁਰਤ ਦੀ 'ਲਿਵ' ਸਮਾਧੀ ਕਰ ਕੇ ਅਲਖ ਦੀ ਲੱਖਤਾ ਹੋ ਗਈ ਹੈ।

ਅਸਟ ਕੁਲੀ ਵਿਹੁ ਉਤਰੀ ਸਤਿਗੁਰ ਮਤਿ ਨ ਮੋਹੇ ਮਾਇਆ ।

ਅੱਠ ਕੁਲੀ (ਸੱਪਾਂ ਦੀ) ਵਿਹੁ ਉਤਰ ਜਾਂਦੀ ਹੈ, (ਭਾਵ ਕੁਲਾਭਿਮਾਨ ਦੂਰ ਹੋ ਜਾਂਦਾ ਹੈ) ਸਤਿਗੁਰੂ (ਗੁਰੂ ਨਾਨਕ ਦੇਵ) ਦੀ ਸਿੱਖ੍ਯਾ ਦੇ (ਪ੍ਰਤਾਪ) ਨਾਲ ਮਾਯਾ ਵਿਖੇ ਮੋਹਤ ਨਹੀਂ ਹੁੰਦੇ।

ਮਨੁ ਅਸਾਧੁ ਨ ਸਾਧੀਐ ਗੁਰਮੁਖਿ ਸੁਖ ਫਲੁ ਸਾਧਿ ਸਧਾਇਆ ।

ਮਨ 'ਅਸਾਧ' (ਅਰਥਾਤ) ਵੱਸ ਨਹੀਂ ਹੁੰਦਾ, ਪਰੰਤੂ ਗੁਰਮੁਖਾਂ ਨੇ ਸੁਖੈਨ ਹੀ ਸਿੱਧ ਕਰ ਕੇ 'ਸਧਾਯਾ' (ਆਤਮਾ ਵਿਖੇ) ਲੀਨ ਕੀਤਾ।

ਸਾਧਸੰਗਤਿ ਮਿਲਿ ਮਨ ਵਸਿ ਆਇਆ ।੯।

ਸਾਧ ਸੰਗਤ ਵਿਖੇ ਮਿਲਿਆਂ ਮਨ ਕਾਬੂ ਹੋ ਗਿਆ ਹੈ, ('ਮਨੁ ਵਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ॥' ਅਰਥਾਤ ਵਾਹਿਗੁਰੂ ਦੀ ਪੂਰੀ ਕਿਰਪਾ ਨਾਲ ਮਨ ਵਸੀਕਾਰ ਹੇਠ ਹੁੰਦਾ ਹੈ, ਉਹ ਸਾਧ ਸੰਗਤ ਵਿਖੇ ਪ੍ਰਾਪਤ ਹੁੰਦੀ ਹੈ, ਇਸ ਲਈ ਇਹੀ ਮੁਖ ਸਾਧਨ ਹੈ)।

ਪਉੜੀ ੧੦

ਨਉ ਪਰਕਾਰੀ ਭਗਤਿ ਕਰਿ ਸਾਧੈ ਨਵੈ ਦੁਆਰ ਗੁਰਮਤੀ ।

ਨਵਧਾ ਭਗਤੀ ਕਰ ਕੇ ਨਵੇਂ ਦੁਆਰੇ (ਆਪਣੇ ਕੇਵਲ ਪ੍ਰੇਮਾ ਭਗਤੀ ਨਾਲ ਗੁਰਮੁਖ ਨੇ) ਗੁਰੂ ਦੀ ਮੱਤ ਲੈਕੇ ਸਾਧ ਲੀਤੇ ਹਨ।

ਗੁਰਮੁਖਿ ਪਿਰਮੁ ਚਖਾਇਆ ਗਾਵੈ ਜੀਭ ਰਸਾਇਣਿ ਰਤੀ ।

ਗੁਰਮੁਖਾਂ ਦੀ ਜੀਭ (ਪਿਰਮ ਰਸਾਇਣ) ਪ੍ਰੇਮ ਰਸ ਚੱਖਣ ਵਿਖੇ ਰੱਤੀ ਹੋਈ (ਉਸੇ ਦਾ ਜੱਸ) ਗਾਇਨ ਕਰਦੀ ਹੈ। ('ਰਸਨਾ ਰਾਮ ਰਸਾਇਨਿ ਮਾਤੀ')।

ਨਵੀ ਖੰਡੀ ਜਾਣਾਇਆ ਰਾਜੁ ਜੋਗ ਜਿਣਿ ਸਤੀ ਅਸਤੀ ।

ਰਾਜ ਜੋਗ ਕਰ ਕੇ ਸਤੀ ਅਤੇ ਅਸਤੀ (ਭਲੇ ਬੁਰੇ ਗੁਣਾਂ) ਨੂੰ ਜਿੱਤਕੇ ਨਵਾਂ ਖੰਡਾਂ ਵਿਖੇ (ਆਪਣਾ ਆਪ) ਵਿਦਤ ਕੀਤਾ ਹੈ (ਭਾਵ ਉਨ੍ਹਾਂ ਅੱਗੇ ਕੋਈ ਦਮ ਨਹੀਂ ਮਾਰ ਸਕਿਆ)।

ਨਉ ਕਰਿ ਨਉ ਘਰ ਸਾਧਿਆ ਵਰਤਮਾਨ ਪਰਲਉ ਉਤਪਤੀ ।

ਨਵਾ ਕਲਾਂ (ਅਰਥਾਤ ਪੁਰਖ, ਪ੍ਰਕ੍ਰਿਤ, ਹੰਕਾਰ ਵਾਲੇ) ਨਵੇਂ ਘਰ (ਸੰਸਾਰ) ਵਿਖੇ (ਤਿੰਨ ਕਾਲਾਂ) ਵਰਤਮਾਨ, ਪਰਲੋ ਤੇ ਉਤਪਤੀ ਨੁੰ ਸਿੱਧ ਕਰ ਲੀਤਾ ਹੈ (ਭਾਵ ਜਨਮ ਮਰਨੋਂ ਰਹਿਤ ਹੋ ਜਾਂਦੇ ਹਨ)।

ਨਵ ਨਿਧੀ ਪਿਛ ਲਗਣੀ ਨਾਥ ਅਨਾਥ ਸਨਾਥ ਜੁਗਤੀ ।

ਨਵੇਂ ਨਿਧੀਆਂ ਪਿੱਛੇ ਲੱਗ ਤੁਰਦੀਆਂ ਹਨ; ਨਾਥਾਂ ਅਨਾਥਾ ਨੂੰ ਸਨਾਥ (ਕ੍ਰਿਤਾਰਥ) ਕਰਨ ਦੀ ਜੁਗਤੀ ਹੈ। (ਭਾਵ ਜੀਭ ਦੇ ਪ੍ਰਤਾਪ ਨਾਲ ਏਹ ਪਦਵੀ ਮਿਲਦੀ ਹੈ, ਹੁਣ ਛੀਵੀਂ ਤੇ ਸੱਤਵੀਂ ਤੁਕ ਵਿਖੇ ਖੋਲ੍ਹਕੇ ਲਿਖਦੇ ਹਨ)।

ਨਉ ਉਖਲ ਵਿਚਿ ਉਖਲੀ ਮਿਠੀ ਕਉੜੀ ਠੰਢੀ ਤਤੀ ।

ਨਵਾ 'ਉਖਲਾਂ' (ਗੋਲਕਾਂ) ਵਿਖੇ ('ਜੀਭ ਦੀ ਉਖਲੀ') ਗੋਲਕ ਮਿੱਠੀ ਕੌੜੀ ਤੇ ਠੰਢੀ ਤੱਤੀ ਹੁੰਦੀ ਹੈ (ਜਦ ਠੰਢੀ ਸੀਤਲ ਵਾਕ ਬੋਲਦੀ ਹੈ ਤਾ ਮਿੱਠੀ ਤੱਤੇ ਵਾਕ ਬੋਲਣ ਵਿਖੇ ਕੌੜੀ ਭਾਸਤੀ ਹੈ)।

ਸਾਧ ਸੰਗਤਿ ਗੁਰਮਤਿ ਸਣਖਤੀ ।੧੦।

ਸਾਧ ਸੰਗਤ ਵਿਖੇ ਗੁਰੂ ਦੀ ('ਮੱਤ') ਸਿੱਖਯਾ ਬੋਲਣ ਵਾਲੀ ਜੀਭ (ਸਣਖੱਤੀ) ਸ੍ਰੇਸ਼ਟ (ਅਥਵਾ ਸੋਹਾਗਵਤੀ) ਹੈ।

ਪਉੜੀ ੧੧

ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ ।

ਪਰਾਈਆਂ ('ਚੰਗੀਆਂ') ਸੁਹਣੀਆਂ ਇਸਤ੍ਰੀਆਂ ਵੱਲ ਦੇਖਕੇ (ਯਥਾ ਯੋਗ) ਮਾਵਾਂ, ਭੈਣਾਂ ਅਤੇ ਧੀਆਂ ਤੁੱਲ ਜਾਣੇ।

ਉਸੁ ਸੂਅਰੁ ਉਸੁ ਗਾਇ ਹੈ ਪਰ ਧਨ ਹਿੰਦੂ ਮੁਸਲਮਾਣੈ ।

ਪਰਾਇਆ ਧਨ ਹਿੰਦੂ (ਦੇ ਭਾਣੇ) ਗਊ ਅਰ ਮੁਸਲਮਾਨ ਲਈ ਸੂਅਰ ਦੇ ਤੁੱਲ ਹੈ (ਯਥਾ-”ਹਕੁ ਪਰਾਇਆ ਨਾਨਕਾ ਉਸ ਸੂਅਰ ਉਸੁ ਗਾਇ॥”)

ਪੁਤ੍ਰ ਕਲਤ੍ਰ ਕੁਟੰਬੁ ਦੇਖਿ ਮੋਹੇ ਮੋਹਿ ਨ ਧੋਹਿ ਧਿਙਾਣੈ ।

ਪੁਤ੍ਰ, ਇਸਤ੍ਰੀ ਅਤੇ ਕੋੜਮਾ ਦੇਖਕੇ ਮੋਹ ਵਿਖੇ ਮੋਹਤ ਨਾ ਹੋਵੇ, ਫਰੇਬ ਅਤੇ (ਧਿਙਾਣਾ) ਜ਼ਬਰਦਸਤੀ (ਕਿਸੇ ਪਰ) ਨਾਂ ਕਰੇ।

ਉਸਤਤਿ ਨਿੰਦਾ ਕੰਨਿ ਸੁਣਿ ਆਪਹੁ ਬੁਰਾ ਨ ਆਖਿ ਵਖਾਣੈ ।

ਉਸਤਤ ਅਰ ਨਿੰਦਾ (ਜਦ ਪਰਾਈ) ਸੁਣ ਬੈਠੇ ਤਦੋਂ ਕਿਸੇ ਨੂੰ ਆਪ ਥੋਂ ਬੁਰਾ ਨਾ ਆਖੇ, (ਆਪ ਨੂੰ ਹੀ ਬੁਰਾ ਆਖੇ, ਭਾਵ ਆਪ ਨੁੰ ਹੀ ਬੁਰਾ ਸਮਝੇ:- “ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ”॥)

ਵਡ ਪਰਤਾਪੁ ਨ ਆਪੁ ਗਣਿ ਕਰਿ ਅਹੰਮੇਉ ਨ ਕਿਸੈ ਰਾਣੈ ।

ਆਪ ਨੁੰ ਵੱਡ ਪਰਤਾਪੀ ਨਾ ਮੰਨੇ ਅਰ ਹੰਕਾਰ ਕਰ ਕੇ ਕਿਸੇ ਨੂੰ ਦੁੱਖ ਨਾ ਦੇਵੇ (ਫਲ ਕੀ ਹੁੰਦਾ ਹੈ?)।

ਗੁਰਮੁਖਿ ਸੁਖ ਫਲ ਪਾਇਆ ਰਾਜੁ ਜੋਗੁ ਰਸ ਰਲੀਆ ਮਾਣੈ ।

ਗੁਰਮੁਖਾਂ ਨੂੰ ਸੁਖਫਲ ਸ੍ਵੈ ਸਰੂਪ ਦਾ ਅਨੰਦ ਪ੍ਰਾਪਤ ਹੁੰਦਾ ਹੈ, ਰਾਜ ਜੋਗ ਦੇ ਅਨੰਦ ਅਤੇ ਖੁਸ਼ੀਆਂ ਮਾਣਦੇ ਹਨ।

ਸਾਧਸੰਗਤਿ ਵਿਟਹੁ ਕੁਰਬਾਣੈ ।੧੧।

ਸਾਧ ਸੰਗਤ ੳਤੋਂ ਕੁਰਬਾਣ ਜਾਂਦੇ ਹਨ (ਜਿਥੋਂ ਏਹ ਦਾਤਾਂ ਲਭਦੀਆਂ ਹਨ)।

ਪਉੜੀ ੧੨

ਗੁਰਮੁਖਿ ਪਿਰਮੁ ਚਖਾਇਆ ਭੁਖ ਨ ਖਾਣੁ ਪੀਅਣੁ ਅੰਨੁ ਪਾਣੀ ।

ਗੁਰਮੁਖਾਂ ਨੇ ਪ੍ਰੇਮ ਰਸ ਨੂੰ 'ਚਖਿਆ' (ਇਸ ਲਈ ਹੋਰ) ਅੰਨ ਪਾਣੀ ਦੇ ਖਾਣ ਪੀਣ ਦੀ ਤ੍ਰਿਸ਼ਨਾ ਨਹੀਂ ਰਹੀ।

ਸਬਦ ਸੁਰਤਿ ਨੀਂਦ ਉਘੜੀ ਜਾਗਦਿਆਂ ਸੁਖ ਰੈਣਿ ਵਿਹਾਣੀ ।

ਸ਼ਬਦ ਸੁਰਤ ਕਰ ਕੇ (ਅਵਿੱਦਯਾ ਦੀ) ਨੀਂਦ ਉਘੜ ਗਈ ਹੈ, ਜਾਗਦੇ ਹੋਏ (ਸਾਵਧਾਨੀ ਕਰਕੇ) ਸੁਖ ਨਾਲ (ਅਵਸਥਾ ਦੀ) ਰਾਤ ਬੀਤਦੀ ਹੈ।

ਸਾਹੇ ਬਧੇ ਸੋਹਦੇ ਮੈਲਾਪੜ ਪਰਵਾਣੁ ਪਰਾਣੀ ।

ਗਾਨੇ ਬੱਧੇ (ਹੋਏ ਲਾੜੇ ਵਾਂਙੂੰ) ਸ਼ੋਭਦੇ (ਹਨ, ਭਾਵੇ) ਮੈਲਾ ਭੇਸ ਭੀ ਰੱਖਣ (ਤਦ ਭੀ ਸਾਰੇ) ਪ੍ਰਾਣੀਆਂਨੁੰ ਪਰਵਾਨ ਹਨ। (“ਜਿਨੁ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ”)॥

ਚਲਣੁ ਜਾਣਿ ਸੁਜਾਣ ਹੋਇ ਜਗ ਮਿਹਮਾਨ ਆਏ ਮਿਹਮਾਣੀ ।

ਗਿਆਨਵਾਨੁ ਚਲਣਾ ਜਾਣਦੇ ਹਨ ਕਿ ਜਗਤ ਦੀ ਪ੍ਰਾਹੁਣਚਾਰੀ ਵਿਖੇ ਪ੍ਰਾਹੁਣੇ ਹੋਕੇ ਆਏ ਹੋਏ ਹਾਂ।

ਸਚੁ ਵਣਜਿ ਖੇਪ ਲੈ ਚਲੇ ਗੁਰਮੁਖਿ ਗਾਡੀ ਰਾਹੁ ਨੀਸਾਣੀ ।

ਸੱਚੇ ਵਣਜ ਦੀ ਖੇਪ ਨੁੰ ਲੈ ਚਲਦੇ ਹਨ, ਗੁਰਮੁਖਾਂ ਦੇ ਗਾਡੀ ਰਾਹ ਦੀ (ਇਹੋ) ਨੀਸਾਣੀ ਹੈ, (ਕਿ ਸਚ ਤੇ ਪਰਪੱਕ ਹੁੰਦੇ ਹਨ)।

ਹਲਤਿ ਪਲਤਿ ਮੁਖ ਉਜਲੇ ਗੁਰ ਸਿਖ ਗੁਰਸਿਖਾਂ ਮਨਿ ਭਾਣੀ ।

ਲੋਕ ਪਰਲੋਕ ਮੂੰਹ ਉੱਜਲੇ ਹੁੰਦੇ ਹਨ, (ਕਿਉਂ ਜੋ) ਗੁਰ ਸਿੱਖਾਂ ਦੇ ਮਨ ਨੂੰ ਗੁਰ ਸਿਖੀ ਪਿਆਰੀ ਲਗਦੀ ਹੈ।

ਸਾਧਸੰਗਤਿ ਵਿਚਿ ਅਕਥ ਕਹਾਣੀ ।੧੨।

ਸਾਧ ਸੰਗਤ ਵਿਖੇ 'ਅਕਥ' (ਅਕਾਲ ਪੁਰਖ) ਦੀ ਕਹਾਣੀ (ਕਥਾ) ਹੁੰਦੀ ਹੈ। (ਅਗਲੀ ਪੌੜੀ ਵਿਖੇ ਵਿਸਥਾਰ ਕਰਦੇ ਹਨ:)

ਪਉੜੀ ੧੩

ਹਉਮੈ ਗਰਬੁ ਨਿਵਾਰੀਐ ਗੁਰਮੁਖਿ ਰਿਦੈ ਗਰੀਬੀ ਆਵੈ ।

ਗੁਰਮੁਖ (ਲੋਕਾਂ ਦੇ) ਰਿਦੇ ਵਿਖੇ ਗਰੀਬੀ ਦਾ ਨਿਵਾਸ ਰਹਿੰਦਾ ਹੈ, ਕਿਉਂ ਜੋ ਹਉਮੈ ਅਰ ਹੰਕਾਰ ਨੂੰ ਨਿਵਿਰਤ ਕਰ ਦੇਂਦੇ ਹਨ।

ਗਿਆਨ ਮਤੀ ਘਟਿ ਚਾਨਣਾ ਭਰਮ ਅਗਿਆਨੁ ਅੰਧੇਰੁ ਮਿਟਾਵੈ ।

ਗੁਰੂ ਦੀ ਗਿਆਨ ਸਿੱਖਯਾ ਕਰ ਕੇ ਘਟ ਵਿਖੇ ਚਾਨਣਾ ਰਹਿੰਦਾ ਹੈ, ਅੱਗਯਾਨ ਅਤੇ ਭਰਮ ਦਾ ਅੰਧੇਰਾ ਮਿਟ ਜਾਂਦਾ ਹੈ।

ਹੋਇ ਨਿਮਾਣਾ ਢਹਿ ਪਵੈ ਦਰਗਹ ਮਾਣੁ ਨਿਮਾਣਾ ਪਾਵੈ ।

ਨਿਮਾਣਾ ਹੋਕੇ (ਗੁਰਮੁਖ) ਡਿੱਗ ਪੈਂਦਾ ਹੈ (ਫਲ ਇਹ ਕਿ) ਦਰਗਾਹ ਵਿਖੇ (ਉਹ) ਨਿਮਾਣਾ ਆਦਰ ਪਾਉਂਦਾ ਹੈ।

ਖਸਮੈ ਸੋਈ ਭਾਂਵਦਾ ਖਸਮੈ ਦਾ ਜਿਸੁ ਭਾਣਾ ਭਾਵੈ ।

ਪਰਮੇਸਰ ਨੂੰ ਉਹੀ (ਪ੍ਰਾਣੀ) ਚੰਗਾ ਲੱਗਦਾ ਹੈ, ਜਿਸ ਨੂੰ ਪਰਮੇਸ਼ਰ ਦਾ ਭਾਣਾ ਚੰਗਾ ਲੱਗਦਾ ਹੈ।

ਭਾਣਾ ਮੰਨੈ ਮੰਨੀਐ ਆਪਣਾ ਭਾਣਾ ਆਪਿ ਮਨਾਵੈ ।

ਭਾਣਾ ਮੰਨੇ ਤਾਂ ਸਾਰੇ ਮੰਨੀਦਾ ਹੈ, (ਪਰੰਤੂ) ਆਪਣਾ ਭਾਣਾ (ਅਕਾਲ ਪੁਰਖ) ਆਪ ਹੀ ਮਨਾਉਂਦਾ ਹੈ।

ਦੁਨੀਆ ਵਿਚਿ ਪਰਾਹੁਣਾ ਦਾਵਾ ਛਡਿ ਰਹੈ ਲਾ ਦਾਵੈ ।

ਸੰਸਾਰ ਵਿਖੇ (ਆਪ ਨੂੰ) ਪਰਾਹੁਣਾ ਜਾਣਕੇ ਦਾਵਾ ਛਡਕੇ ਬੇਦਾਵੇ ਹੋ ਰਹੇ।

ਸਾਧਸੰਗਤਿ ਮਿਲਿ ਹੁਕਮਿ ਕਮਾਵੈ ।੧੩।

ਸਾਧ ਸੰਗਤ ਵਿਖੇ ਮਿਲਕੇ ਹੁਕਮ ਨੂੰ ਕਮਾਵੇ (ਮੰਨੇ; ਕਿਉਂ ਜੋ ਉਂਥੇ ਹੁਕਮ ਦੀ ਰੀਤਿ ਕਥਨ ਕੀਤੀ ਜਾਂਦੀ ਹੈ। ਅੱਗੇ ਹੋਰ ਇਸੇ ਪ੍ਰਸੰਗ ਨੂੰ ਖੋਲ੍ਹਦੇ ਹਨ)।

ਪਉੜੀ ੧੪

ਗੁਰੁ ਪਰਮੇਸਰੁ ਇਕੁ ਜਾਨਿ ਗੁਰਮੁਖਿ ਦੂਜਾ ਭਾਉ ਮਿਟਾਇਆ ।

ਗੁਰਮੁਖ (ਲੋਕਾਂ) ਨੇ ਗੁਰੂ ਅਤੇ ਪਰਮੇਸ਼ਰ ਨੁੰ ਇਕ (ਰੂਪ) ਜਾਣਕੇ ਦੂਜੇ ਭਾਵ ਦਾ ਖੁਰਾ ਖੋਜ ਮਿਟਾ ਦਿੱਤਾ ਹੈ।

ਹਉਮੈ ਪਾਲਿ ਢਹਾਇ ਕੈ ਤਾਲ ਨਦੀ ਦਾ ਨੀਰੁ ਮਿਲਾਇਆ ।

ਹਉਮੈ ਦੀ ਕੰਧ ਦੂਰ ਕਰ ਕੇ ਤਲਾਉ ਤੇ ਨਦੀ ਦਾ ਪਾਣੀ ਇੱਕ ਕੀਤਾ (ਭਾਵ ਜੀਵ ਨੂੰ ਵਾਹਿਗੁਰੂ ਨਾਲ ਮੇਲ ਦਿੱਤਾ)।

ਨਦੀ ਕਿਨਾਰੈ ਦੁਹ ਵਲੀ ਇਕ ਦੂ ਪਾਰਾਵਾਰੁ ਨ ਪਾਇਆ ।

ਨਦੀ ਦੇ ਕਿਨਾਰੇ ਦੇ ਦੋ ਪਾਸਿਆਂ ਦਾ ਪਾਰ ਉਰਾਰ ਕਿਸੇ ਨਹੀਂ ਪਾਇਆ।

ਰੁਖਹੁ ਫਲੁ ਤੈ ਫਲਹੁ ਰੁਖੁ ਇਕੁ ਨਾਉ ਫਲੁ ਰੁਖੁ ਸਦਾਇਆ ।

ਬ੍ਰਿੱਛ ਥੋਂ ਫਲ, ਫਲ ਥੋਂ ਬ੍ਰਿੱਛ ਹੁੰਦਾ ਹੈ (ਆਦਿ ਕਾਰਣ ਕਿਸੇ ਨੂੰ ਨਹੀਂ ਜਾਪਿਆ) ਫਲ ਅਤੇ ਬ੍ਰਿੱਛ ਦਾ ਨਾਮ ਇਕੋ ਰਹਿੰਦਾ ਹੈ।

ਛਿਅ ਰੁਤੀ ਇਕੁ ਸੁਝ ਹੈ ਸੁਝੈ ਸੁਝੁ ਨ ਹੋਰੁ ਦਿਖਾਇਆ ।

ਛੀਆਂ ਰੁਤਾ ਵਿਚੋਂ ਸੂਰਜ ਇਕੋ ਹੈ, ਸੂਰਜ ਨੂੰ ਕਿਸੇ ਹੋਰ ਨੇ ਨਹੀਂ ਦਿਖਾਇਆ (ਭਾਵ ਆਪਣੀ ਜੋਤਿ ਥੋਂ ਆਪ ਹੀ ਪ੍ਰਕਾਸ਼ਮਾਨ ਹੋ ਰਿਹਾ ਹੈ)।

ਰਾਤੀਂ ਤਾਰੇ ਚਮਕਦੇ ਦਿਹ ਚੜਿਐ ਕਿਨਿ ਆਖੁ ਲੁਕਾਇਆ ।

ਰਾਤ ਨੂੰ ਤਾਰੇ ਚਮਕਦੇ ਹਨ ਦਿਨ (ਸੂਰਜ) ਦੇ ਚੜ੍ਹਨ ਨਾਲ ਦੱਸੋ ਕਿਸ ਨੇ ਲੁਕਾ ਦਿੱਤੇ ਹਨ? (ਭਾਵ ਆਪੇ 'ਤੇਜ' ਚਾਨਣੇ ਕਰ ਕੇ ਛਿਪ ਜਾਂਦੇ ਹਨ)।

ਸਾਧਸੰਗਤਿ ਇਕ ਮਨਿ ਇਕੁ ਧਿਆਇਆ ।੧੪।

ਸਾਧ ਸੰਗਤ ਨੇ ਇਕ ਮਨ ਹੋਕੇ ਇਕ ਪਰਮਾਤਮਾ ਦਾ ਧਿਆਨ ਕੀਤਾ ਹੈ (ਏਸ ਲਈ ਉਨ੍ਹਾਂ ਨੂੰ ਪਰਮਾਤਮਾਂ ਰੂਪ ਸੂਰਜ ਪ੍ਰਕਾਸ਼ ਦੇ ਰਿਹਾ ਹੈ, ਸੰਦੇਹ ਰੂਪੀ ਤਾਰੇ ਅੱਗਯਾਨ ਦੇ ਅੰਧੇਰੇ ਸਾਰੇ ਨਾਸ਼ ਹੋ ਗਏ ਹਨ)।

ਪਉੜੀ ੧੫

ਗੁਰਸਿਖ ਜੋਗੀ ਜਾਗਦੇ ਮਾਇਆ ਅੰਦਰਿ ਕਰਨਿ ਉਦਾਸੀ ।

ਗੁਰਸਿੱਖ ਜੋਗੀ ਲੋਕ (ਸਦਾ) ਜਾਗਦੇ ਹਨ, ਮਾਇਆ ਦੇ ਅੰਦਰ ਰਹਿਕੇ ਉਦਾਸ ਭਾਵ ਰਖਦੇ ਹਨ (ਸਾਵਧਾਨ ਵਿਚਾਰਵਾਨ ਰਹਿੰਦੇ ਹਨ)। (ਗੁਰਮੁਖਾਂ ਦੀਆਂ ਮੁੰਦ੍ਰਾਂ ਕਿਹੜੀਆਂ ਹਨ?)

ਕੰਨੀਂ ਮੁੰਦਰਾਂ ਮੰਤ੍ਰ ਗੁਰ ਸੰਤਾਂ ਧੂੜਿ ਬਿਭੂਤ ਸੁ ਲਾਸੀ ।

ਗੁਰੂ ਦੇ ਮੰਤ੍ਰਾਂ ਦੀਆਂ ਹੀ ਕੰਨਾਂ ਵਿਖੇ ਮੁੰਦ੍ਰਾਂ ਧਾਰੀਆਂ ਹਨ ਅਰ ਸੰਤਾਂ ਦੀ ਚਰਣ ਧੂੜ ਦੀ ਸ੍ਰੇਸ਼ਟ ਬਿਭੂਤ ਮਲਦੇ ਹਨ।

ਖਿੰਥਾ ਖਿਮਾ ਹੰਢਾਵਣੀ ਪ੍ਰੇਮ ਪਤ੍ਰ ਭਾਉ ਭੁਗਤਿ ਬਿਲਾਸੀ ।

ਖਿਮਾ ਦੀ ਖਿੰਥਾ (ਖੱਫਣੀ) ਹੰਢਾਉਂਦੇ ਤੇ ਪ੍ਰੇਮ ਦੇ 'ਪਾਤ੍ਰ' ਵਿਖੇ 'ਭਾਉ' ਗਿਆਨ ਦੀ ਭੁਗਤ ਦਾ ਆਨੰਦ ਮਾਣਦੇ ਹਨ।

ਸਬਦ ਸੁਰਤਿ ਸਿੰਙੀ ਵਜੈ ਡੰਡਾ ਗਿਆਨੁ ਧਿਆਨੁ ਗੁਰ ਦਾਸੀ ।

ਗੁਰੂ ਦੇ ਸ਼ਬਦ ਦੀ 'ਸੁਰਤ' ਸਿੰਙੀ ਵਜਾਉਂਦੇ, ਗਿਆਨ ਦਾ ਹੱਥ ਵਿਖੇ ਡੰਡਾ ਰਖਦੇ ਹਨ, ('ਧਿਆਨ ਗੁਰਦਾਸੀ') ਗੁਰੂ ਦੇ ਧਿਆਨ ਦੀ 'ਦਾਸੀ' (ਭੰਡਾਰਨ) ਨਾਲ ਰਹਿੰਦੀ ਹੈ।

ਸਾਧਸੰਗਤਿ ਗੁਰ ਗੁਫੈ ਬਹਿ ਸਹਜਿ ਸਮਾਧਿ ਅਗਾਧਿ ਨਿਵਾਸੀ ।

ਗੁਰੂ ਦੀ ਸੰਗ਼ਤ ਰੂਪੀ ਗੁਫਾ ਵਿਚ ਬੈਠਕੇ 'ਸਹਜ ਸਮਾਧ' ਦੇ ਡੂੰਘੇ ਨਿਵਾਸੀ ਹੋ ਰਹੇ ਹਨ (ਸਦਾ ਚੌਥੀ ਭੂਮਿਕਾ ਵਿਖੇ ਮਸਤ ਹਨ। ਫਲ ਕੀ ਹੁੰਦਾ ਹੈ?)

ਹਉਮੈ ਰੋਗ ਅਰੋਗ ਹੋਇ ਕਰਿ ਸੰਜੋਗੁ ਵਿਜੋਗ ਖਲਾਸੀ ।

ਹਉਮੈ ਦੇ ਰੋਗ ਥੋਂ ਅਰੋਗ ਹੋ ਗਏ ਹਨ, ਸੰਜੋਗ ਅਤੇ ਵਿੰਜੋਗ (ਦੋ ਚੇਲੇ 'ਖਲਾਸੀ') ਸੇਵਕ ਹਨ (ਸੰਜੋਗ ਅਤੇ ਵਿੰਜੋਗ ਤੋਂ ਛੁਟਕਾਰਾ ਪਾ ਗਏ ਹਨ ਆਪ ਸੰਸਾਰ ਦੇ ਦ੍ਵੰਦਾਂ ਵਾਲੇ ਪਸਾਰੇ ਤੋਂ ਛੁੱਟ ਕੇ ਇਕ ਅਰਥਾਤ ਯਥਾਰਥ ਵਿਚ ਪਹੁੰਚੇ ਹਨ)।

ਸਾਧਸੰਗਤਿ ਗੁਰਮਤਿ ਸਾਬਾਸੀ ।੧੫।

ਸਾਧ ਸੰਗਤ ਵਿਖੇ ਗੁਰੂ ਦੀ ਮਤ ਕਰ ਕੇ ਹੀ ਸ਼ਾਬਾਸ਼ ਮਿਲਦੀ ਹੈ, (ਭਾਵ ਈਸ਼੍ਵਰ ਦੀ ਪ੍ਰਸੰਨਤਾ ਹੁੰਦੀ ਹੈ)।

ਪਉੜੀ ੧੬

ਲਖ ਬ੍ਰਹਮੇ ਲਖ ਵੇਦ ਪੜਿ ਨੇਤ ਨੇਤ ਕਰਿ ਕਰਿ ਸਭ ਥਕੇ ।

ਲੱਖਾਂ ਬ੍ਰਹਮੇਂ ਲੱਖਾਂ ਵੇਦਾਂ ਨੂੰ ਪੜ੍ਹ ਪੜ੍ਹ ਕੇ (ਓੜਕ ਨੂੰ) ਨੇਤਿ ਨੇਤਿ ਕਰ ਕੇ ਸਾਰੇ ਹਾਰਕੇ ਥੱਕ ਗਏ।

ਮਹਾਦੇਵ ਅਵਧੂਤ ਲਖ ਜੋਗ ਧਿਆਨ ਉਣੀਦੈ ਅਕੇ ।

ਸ਼ਿਵ ਸਰੀਖੇ ('ਅਵਧੂਤ') ਯੋਗੀ ਲੋਕ ਲੱਖਾਂ ਹੀ ਯੋਗ ਦੇ ਧਿਆਨ ਵਿਖੇ ਰਾਤ ਨੂੰ ਜਾਗ੍ਰਣ ਕਰਦੇ ਹੀ ਅੱਕ ਗਏ।

ਲਖ ਬਿਸਨ ਅਵਤਾਰ ਲੈ ਗਿਆਨ ਖੜਗੁ ਫੜਿ ਪਹੁਚਿ ਨ ਸਕੇ ।

ਲੱਖਾਂ ਵਿਸ਼ਨੂੰ ਅਵਤਾਰ ਧਾਰਕੇ ਧਿਆਨ ਦੀ ਤਲਵਾਰ ਹਥ ਵਿਚ ਲੈ ਕੇ (ਅਕਾਲ ਪੁਰਖ ਤੋੜੀ) ਪਹੁੰਚ ਨਾ ਸੱਕੇ (ਭਾਵ ਕਾਮ ਕ੍ਰੋਧ ਵੈਰੀ ਨਾ ਮਾਰ ਸਕੇ)।

ਲਖ ਲੋਮਸੁ ਚਿਰ ਜੀਵਣੇ ਆਦਿ ਅੰਤਿ ਵਿਚਿ ਧੀਰਕ ਧਕੇ ।

ਲੱਖਾਂ ਲੋਮਸ (ਰਿਖੀ ਜਿਹੇ) ਚਿਰੰਜੀਵੀਆਂ ਨੇ ਆਦ ਥੋਂ ਲੈਕੇ ਅੰਤ ਤੀਕ ਧੀਰਜ ਵਿਖੇ ਧੱਕੇ ਹੀ ਖਾਧੇ

ਤਿਨਿ ਲੋਅ ਜੁਗ ਚਾਰਿ ਕਰਿ ਲਖ ਬ੍ਰਹਮੰਡ ਖੰਡ ਕਰ ਢਕੇ ।

(ਸਤਯੁਗ ਆਦਿਕ) ਯੁਗ, ਲੱਖਾਂ ਬ੍ਰਹਮੰਡ ਅਤੇ ਲੱਖਾਂ ਖੰਡ ਬਣਾ ਕੇ (ਢੱਕੇ ਅਰਥਾਤ) ਆਪਣੇ ਹੱਥ ਨਾਲ ਕੱਜੇ (ਭਾਵ ਵਸੀਕਾਰ ਕਰ ਛੱਡੇ) ਹਨ।

ਲਖ ਪਰਲਉ ਉਤਪਤਿ ਲਖ ਹਰਹਟ ਮਾਲਾ ਅਖਿ ਫਰਕੇ ।

ਲੱਖਾਂ ਪਰਲਉ, ਲੱਖਾਂ ਉਤਪਤੀਆਂ 'ਹਰਹਟ ਮਾਲਾ' (ਟਿੰਡਾਂ ਦੀ ਮਾਲਾ ਵਾਂਗੂੰ) ਅੱਖ ਫਰਕਣ ਵਿਖੇ ਹੇਠ ਉਤੇ ਹੁੰਦੀਆਂ ਰਹਿੰਦੀਆਂ ਹਨ।

ਸਾਧਸੰਗਤਿ ਆਸਕੁ ਹੋਇ ਤਕੇ ।੧੬।

(ਐਸੇ ਵਾਹਿਗੁਰੂ ਦਾ) ਸਾਧ ਸੰਗਤ (ਵਿਚ) ਪ੍ਰੇਮੀ ਹੋਕੇ ਦਰਸ਼ਨ ਕਰੋ।

ਪਉੜੀ ੧੭

ਪਾਰਬ੍ਰਹਮ ਪੂਰਨ ਬ੍ਰਹਮ ਆਦਿ ਪੁਰਖ ਹੈ ਸਤਿਗੁਰੁ ਸੋਈ ।

ਨਿਰਗੁਣ ਬ੍ਰਹਮ ਨੇ ਹੀ ('ਪੂਰਣ ਬ੍ਰਹਮ') ਸਗੁਣ ਮੂਰਤੀ ਧਰਤੀ ਹੈ, ਓਹ ਆਦਿ ਪੁਰਖ ਸਤਿਗੁਰ (ਗੁਰੂ ਨਾਨਕ ਦਾ ਰੂਪ) ਹੈ।

ਜੋਗ ਧਿਆਨ ਹੈਰਾਨੁ ਹੋਇ ਵੇਦ ਗਿਆਨ ਪਰਵਾਹ ਨ ਹੋਈ ।

(ਉਸ ਆਦਿ ਪੁਰਖ ਨੂੰ ਪਾਉਣ ਲਈ) ਜੋਗ ਧਿਆਨ ਹੈਰਾਨ ਹੋਰ ਰਹੇ ਹਨ, ਵੇਦਾਂ ਦੇ ਗ੍ਯਾਨ ਦੀ ਪਰਵਾਹ ਬੀ ਕੁਝ ਨਹੀਂ। (“ਨਾ ਤੂੰ ਆਵਹਿ ਵਸਿ ਬੇਦ ਪੜਾਵਣੇ॥”)।

ਦੇਵੀ ਦੇਵ ਸਰੇਵਦੇ ਜਲ ਥਲ ਮਹੀਅਲ ਭਵਦੇ ਲੋਈ ।

ਦੇਵੀਆਂ ਅਤੇ ਦੇਵਤੇ ਸੇਂਵਦੇ ਹਨ, ਅਤੇ ਜਲਾਂ ਥਲਾਂ ਪਤਾਲਾਂ ਵਿਖੇ ਲੋਕ ਭੌਂਦੇ ਹੋਏ,

ਹੋਮ ਜਗ ਜਪ ਤਪ ਘਣੇ ਕਰਿ ਕਰਿ ਕਰਮ ਧਰਮ ਦੁਖ ਰੋਈ ।

ਹੋਮ, ਜੱਗ, ਜਪ, ਤਪ, ਆਦਿ ਬਹੁਤੇ ਕਰਮ ਧਰਮ ਕਰ ਕੇ ਦੁਖਾਂ ਵਿਚ ਰੋਂਦੇ ਹਨ।

ਵਸਿ ਨ ਆਵੈ ਧਾਂਵਦਾ ਅਠੁ ਖੰਡਿ ਪਾਖੰਡ ਵਿਗੋਈ ।

(ਕਿਉਂ ਜੋ ਮਨ) ਦੌੜਦਾ ਕਾਬੂ ਨਹੀਂ ਆਉਂਦਾ, (ਇਸ ਕਰਕੇ) ਚਾਰ ਵਰਣ, ਚਾਰ ਆਸ਼੍ਰਮ ਪਖੰਡ ਕਰ ਕੇ ਪਿੱਛੋਂ ਖਰਾਬ ਹੀ ਹੋਏ, (ਕਿਉਂਕਿ ਮਨ ਵੱਸ ਆਏ ਬਿਨਾਂ ਆਦਿ ਪੁਰਖ ਕੀਕੂੰ ਲੱਭੇ)?

ਗੁਰਮੁਖਿ ਮਨੁ ਜਿਣਿ ਜਗੁ ਜਿਣੈ ਆਪੁ ਗਵਾਇ ਆਪੇ ਸਭ ਕੋਈ ।

ਗੁਰਮੁਖ ਨੇ ਮਨ ਦੇ ਜਿੱਤਣ ਨਾਲ ਜਗਤ ਜਿੱਤ ਲੀਤਾ ਹੈ, (ਕਿਉਂ ਜੋ “ਮਨ ਜੀਤੈ ਜਗ ਜੀਤੁ॥”) (ਸੋ) ਆਪਾ ਭਾਵ ਗੁਆਉਣ ਨਾਲ ਸਭ ਕੋਈ ਆਪਣਾ ਹੋ ਜਾਂਦਾ ਹੈ।

ਸਾਧਸੰਗਤਿ ਗੁਣ ਹਾਰੁ ਪਰੋਈ ।੧੭।

ਸਾਧ ਸੰਗਤ ਗੁਣਾਂ ਦਾ ਹਾਰ ਪਰੋਂਦੀ ਹੈ।

ਪਉੜੀ ੧੮

ਅਲਖ ਨਿਰੰਜਨੁ ਆਖੀਐ ਰੂਪ ਨ ਰੇਖ ਅਲੇਖ ਅਪਾਰਾ ।

ਅਲਖ, ਨਿਰੰਜਨ, ਰੂਪ, ਰੇਖ ਰਹਿਤ, ਅਲੇਖ, ਅਪਾਰ ਕਹੀਦਾ ਹੈ (ਓਹ ਕਿਸੇ ਲੇਖੇ ਵਿਖੇ ਨਹੀਂ ਆ ਸਕਦਾ)।

ਅਬਿਗਤਿ ਗਤਿ ਅਬਿਗਤਿ ਘਣੀ ਸਿਮਰਣਿ ਸੇਖ ਨ ਆਵੈ ਵਾਰਾ ।

ਉਸ ਦੀ ਗਤੀ ਘਣੀ ਅਬਿਗਤ ਹੈ (ਕਿਉਂ ਜੋ ਹਜ਼ਾਰ ਜੀਭ ਵਾਲੇ) ਸੇਖਨਾਗ ਨੂੰ ਸਿਮਰਣ ਕਰਣ ਵਿਖੇ ਪਤਾ ਨਹੀਂ ਲਗਦਾ।

ਅਕਥ ਕਥਾ ਕਿਉ ਜਾਣੀਐ ਕੋਇ ਨ ਆਖਿ ਸੁਣਾਵਣਹਾਰਾ ।

ਕਥਨ ਥੋਂ ਅਕੱਥ ਹੈ, ਕੋਈ ਆਖਕੇ ਸੁਣਾ ਨਹੀਂ ਸਕਦਾ, (ਫੇਰ ਕਿਉਂ ਕਰ ਜਾਣਿਆ ਜਾਵੇ?)

ਅਚਰਜੁ ਨੋ ਆਚਰਜੁ ਹੋਇ ਵਿਸਮਾਦੈ ਵਿਸਮਾਦੁ ਸੁਮਾਰਾ ।

ਅਚਰਜ ਨੂੰ ਅਚਰਜ ਅਰ ਵਿਸਮਾਦ ਨੂੰ ਉਸ ਦੀ ਗਿਣਤੀ ਕਰਨ ਵਿੱਚ ਵਿਸਮਾਦ ਹੋ ਜਾਂਦਾ ਹੈ (ਪਰੰਤੂ)

ਚਾਰਿ ਵਰਨ ਗੁਰੁ ਸਿਖ ਹੋਇ ਘਰ ਬਾਰੀ ਬਹੁ ਵਣਜ ਵਪਾਰਾ ।

ਚਾਰ ਵਰਣਾਂ ਦੇ ਗੁਰ ਸਿੱਖ ਘਰ ਬਾਰੀ ਹੋਕੇ ਬਾਹਲੇ ਵਣਜ ਤੇ ਵਪਾਰ ਕਰਦੇ ਹਨ, (ਭਾਵ ਓਹ ਘਰ ਵਿੱਚੋਂ ਹੀ ਲੱਭ ਲੈਂਦੇ ਹਨ)।

ਸਾਧਸੰਗਤਿ ਆਰਾਧਿਆ ਭਗਤਿ ਵਛਲੁ ਗੁਰੁ ਰੂਪੁ ਮੁਰਾਰਾ ।

ਸਾਧ ਸੰਗਤ ਵਿਖੇ ਮਿਲਕੇ ਭਗਤ ਵਛਲ 'ਮੁਰਾਰੀ' (ਹੰਕਾਰ ਨਾਸ਼ਕ) ਨੂੰ ਗੁਰੂ ਰੂਪ ਕਰ ਕੇ ਅਰਾਧਦੇ ਹਨ।

ਭਵ ਸਾਗਰੁ ਗੁਰਿ ਸਾਗਰ ਤਾਰਾ ।੧੮।

ਸੰਸਾਰ ਸਾਗਰ ਵਿਚ ਗੁਰੂ ਸਮੁੰਦਰ ਦਾ ਤਾਰਾ ਹੈ।

ਪਉੜੀ ੧੯

ਨਿਰੰਕਾਰੁ ਏਕੰਕਾਰੁ ਹੋਇ ਓਅੰਕਾਰਿ ਅਕਾਰੁ ਅਪਾਰਾ ।

ਨਿਰੰਕਾਰ ਪਰਮਾਤਮਾ ਨੇ ਏਕੰਕਾਰ (ਅਰਥਾਤ ਏਕਾਂਗ) ਦਾ ਰੂਪ ਧਾਰਿਆ ਹੈ, (ਉਸ ਥੋਂ) ਓਅੰਕਾਰ ਦਾ ਅਕਾਰ ਅਪਾਰਾ (ਰੂਪ) ਧਾਰਿਆ ਹੈ।

ਰੋਮ ਰੋਮ ਵਿਚਿ ਰਖਿਓਨੁ ਕਰਿ ਬ੍ਰਹਮੰਡ ਕਰੋੜਿ ਪਸਾਰਾ ।

ਕੋਟਾਨੁਕੋਟ, ਬ੍ਰਹਮੰਡਾਂ ਦਾ ਪਸਾਰਾ ਕਰ ਕੇ ਇਕ ਇਕ ਰੋਮ ਵਿਖੇ ਰੱਖ ਛਡਿਆ ਹੈ।

ਕੇਤੜਿਆਂ ਜੁਗ ਵਰਤਿਆ ਅਗਮ ਅਗੋਚਰੁ ਧੁੰਧੂਕਾਰਾ ।

ਕਈ ਜੁਗਾ ਵਿਖੇ, ਅਗਮ ਥੋਂ ਅਗਮ ਹਨੇਰ ਗੁਬਾਰ ਵਰਤ ਰਿਹਾ ਸੀ (ਤਦਨੰਤਰ)

ਕੇਤੜਿਆਂ ਜੁਗ ਵਰਤਿਆ ਕਰਿ ਕਰਿ ਕੇਤੜਿਆਂ ਅਵਤਾਰਾ ।

ਕਈ ਜੁਗਾਂ ਵਿਖੇ ਕਈ ਅਵਤਾਰ ਕਰ ਕਰ ਕੇ (ਨਿਰੰਕਾਰ ਨੇ) ਪਸਾਰੇ ਕੀਤੇ।

ਭਗਤਿ ਵਛਲੁ ਹੋਇ ਆਇਆ ਕਲੀ ਕਾਲ ਪਰਗਟ ਪਾਹਾਰਾ ।

ਭਗਤ ਵਛਲ ਹੋਕੇ (ਸੰਸਾਰ ਵਿਚ ਭਗਤਾਂ ਦਾ ਪ੍ਯਾਰਾ ਗੁਰ ਅਵਤਾਰ) ਆਯਾ ਤੇ ਕਲਜੁਗ ਦੇ ਸਮੇਂ ਵਿਖੇ (ਆਪਣਾ) ਪਸਾਰਾ ਪ੍ਰਗਟ ਕਰ ਦਿੱਤਾ(ਭਾਵ ਭਗਤਾਂ ਦੀ ਰੱਛਾ ਕਰਣ ਲਈ ਗੁਰੂ ਅਵਤਾਰ ਧਾਰਣ ਕੀਤਾ)।

ਸਾਧਸੰਗਤਿ ਵਸਗਤਿ ਹੋਆ ਓਤਿ ਪੋਤਿ ਕਰਿ ਪਿਰਮ ਪਿਆਰਾ ।

ਸਾਧ ਸੰਗਤ ਦੇ ਵਸੀਕਾਰ ਵਿਖੇ ਹੋਕੇ ਓਤਪੋਤ ਕਰ ਕੇ ਪਿਰਮ ਤੇ ਪਿਆਰਾ ਇਕ ਰੂਪ ਹੋਏ (ਭਾਵ “ਜੋ ਪਿਰੀ ਸੋ ਪਿਆਰਾ, ਜੋ ਪਿਆਰਾ ਸੋ ਪਿਰੀ” ਇਕ ਜੋਤ ਦੋ ਮੂਰਤਾਂ ਹਨ। ਜਾਣਦਾ ਕੌਣ ਹੈ?)

ਗੁਰਮੁਖਿ ਸੁਝੈ ਸਿਰਜਣਹਾਰਾ ।੧੯।

ਗੁਰਮੁਖਾਂ ਨੂੰ ਸਿਰਜਣਹਾਰ (ਪਰਮਾਤਮਾ) ਸੁਝਦਾ ਹੈ।

ਪਉੜੀ ੨੦

ਸਤਿਗੁਰ ਮੂਰਤਿ ਪਰਗਟੀ ਗੁਰਮੁਖਿ ਸੁਖ ਫਲੁ ਸਬਦ ਵਿਚਾਰਾ ।

(ਜਦ) ਸਤਿਗੁਰੂ (ਨਾਨਕ ਨੇ) ਅਵਤਾਰ ਧਾਰਨ ਕੀਤਾ (ਤਦੋਂ) 'ਗੁਰਮੁਖ' (ਗੁਰ ਅੰਗਦ) ਨੇ ਸਬਦ ਰੂਪੀ ਸੁਖ ਫਲ ਦਾ ਵਿਚਾਰ (ਅੱਭ੍ਯਾਸ) ਕੀਤਾ।

ਇਕਦੂ ਹੋਇ ਸਹਸ ਫਲੁ ਗੁਰੁ ਸਿਖ ਸਾਧ ਸੰਗਤਿ ਓਅੰਕਾਰਾ ।

ਇਕ ਫਲ (ਦੀ ਕੀ ਵਟੀਂਦੀ ਹੈ) ਹਜ਼ਾਰਾਂ ਫਲ ਹੋ ਗਏ, (ਕਿਉਂ ਜੋ) ਗੁਰਸਿੱਖਾਂ ਦੀ ਸਾਧ ਸੰਗਤ ਵਿਖੇ ਓਅੰਕਾਰ (ਦਾ ਨਿਵਾਸ ਹੈ ਅਰ ਓਅੰਕਾਰ ਹੀ ਸ੍ਰਿਸ਼ਟੀ ਦੇ ਮੂਲ ਕਾਰਣ ਵਾਹਿਗੁਰੂ ਦਾ ਵਾਚਕ ਹੈ 'ਓਅੰਕਾਰਿ ਸੈਲ ਜੁਗ ਭਏ')।

ਡਿਠਾ ਸੁਣਿਆ ਮੰਨਿਆ ਸਨਮੁਖਿ ਸੇ ਵਿਰਲੇ ਸੈਸਾਰਾ ।

(ਜਿਨ੍ਹਾਂ ਨੇ ਗੁਰੂ ਨਾਨਕ ਦਾ) ਦਰਸ਼ਨ ਜਾਂ ਨਾਮ ਸ਼੍ਰਵਣ ਅਥਵਾ ਮੰਨਣ ਹੀ ਕੀਤਾ ਹੈ, (ਪਰ, “ਨਾਨਕ ਸੋ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾਪਿਰੀ”॥) ਓਹ ਸੰਸਾਰ ਵਿਖੇ ਵਿਰਲੇ ਸਨਮੁਖ ਹਨ (ਭਾਵ “ਤੇਰਾ ਜਨ ਏਕ ਆਧ ਕੋਈ”)

ਪਹਿਲੋ ਦੇ ਪਾ ਖਾਕ ਹੋਇ ਪਿਛਹੁ ਜਗੁ ਮੰਗੈ ਪਗ ਛਾਰਾ ।

ਪਹਿਲੋਂ (ਜੋ ਗੁਰੂ ਦੇ) ਪੈਰਾਂ ਦੀ ਚਰਣ ਧੂੜ ਹੁੰਦਾ ਹੈ ਫੇਰ ਸਾਰਾ ਜਗਤ (ਉਸ ਦੇ) ਚਰਣਾਂ ਦੀ ਧੂੜ ਨੂੰ (ਸਿਰ ਪੁਰ ਰਖਕੇ ਆਦਰ) ਕਰਦਾ ਹੈ।

ਗੁਰਮੁਖਿ ਮਾਰਗੁ ਚਲਿਆ ਸਚੁ ਵਨਜੁ ਕਰਿ ਪਾਰਿ ਉਤਾਰਾ ।

ਗੁਰਮੁਖਾਂ ਦੇ ਰਸਤੇ ਚੱਲਣ ਵਾਲਿਆਂ ਦਾ ਸੱਚੇ ਵਣਜ ਕਰ ਕੇ ਪਾਰ ਉਤਾਰਾ ਹੁੰਦਾ ਹੈ।

ਕੀਮਤਿ ਕੋਇ ਨ ਜਾਣਈ ਆਖਣਿ ਸੁਣਨਿ ਨ ਲਿਖਣਿਹਾਰਾ ।

(ਉਸ ਦੇ ਫਲ ਦੀ) ਕੀਮਤ ਕੋਈ ਨਹੀਂ ਜਾਣਦਾ (ਕਿਉਂ ਜੋ) ਆਖਣ, ਸੁਣਨ ਅਤੇ ਲਿਖਣਹਾਰਾ ਕੋਈ ਨਹੀਂ (ਭਾਵ ਆਖਦਿਆਂ, ਸੁਣਦਿਆਂ, ਲਿਖਦਿਆਂ ਤੋਟ ਨਹੀਂ ਆਉਂਦੀ ਇਸ ਲਈ ਕਿ ਬੇਅੰਤ ਹੈ)।

ਸਾਧਸੰਗਤਿ ਗੁਰ ਸਬਦੁ ਪਿਆਰਾ ।੨੦।

ਸਾਧ ਸੰਗਤ ਵਿੱਚ ਹੀ ਗੁਰੂ ਦੇ ਸ਼ਬਦ ਨਾਲ ਪਿਆਰ (ਆਉਂਦਾ ਹੈ)।

ਪਉੜੀ ੨੧

ਸਾਧਸੰਗਤਿ ਗੁਰੁ ਸਬਦ ਲਿਵ ਗੁਰਮੁਖਿ ਸੁਖ ਫਲੁ ਪਿਰਮੁ ਚਖਾਇਆ ।

ਸਾਧ ਸੰਗਤ ਵਿੱਚ ਗੁਰੂ ਦੇ ਸ਼ਬਦ ਵਿਖੇ 'ਲਿਵ' ਲਾਕੇ ਗੁਰਮੁਖਾਂ ਨੇ ਪ੍ਰੇਮ ਰੂਪ ਸੁਖ ਫਲ ਨੂੰ ਚੱਖਿਆ (ਮਾਣਿਆ) ਹੈ। (ਇਸ ਦੀ ਮਸਤੀ ਵਿੱਚ ਓਹਨਾ ਨੇ ਕੀ ਕੀਤਾ?)

ਸਭ ਨਿਧਾਨ ਕੁਰਬਾਨ ਕਰਿ ਸਭੇ ਫਲ ਬਲਿਹਾਰ ਕਰਾਇਆ ।

ਸਾਰੀਆਂ ਨਿਧਾਂ ਕੁਰਬਾਨ ਕਰ ਦਿੱਤੀਆਂ (ਅਰ) ਸਾਰੇ ਫਲ ਬਲਿਹਾਰ ਕਰ ਛੱਡੇ ਹਨ (ਭਾਵ ਕੁਝ ਲੋੜ ਨਹੀਂ ਰੱਖੀ, ਨਿਸ਼ਕਾਮ ਨਿਰੋਲ ਪਿਆਰ ਕੀਤਾ ਹੈ)।

ਤ੍ਰਿਸਨਾ ਜਲਣਿ ਬੁਝਾਈਆਂ ਸਾਂਤਿ ਸਹਜ ਸੰਤੋਖੁ ਦਿੜਾਇਆ ।

ਤ੍ਰਿਸ਼ਨਾ ਦੀ ਜਲਨ ਬੁਝਾ ਦਿੱਤੀ ਹੈ, ਸ਼ਾਂਤਿ, ਸੰਤੋਖ ਅਰ ਗਿਆਨ ਨੂੰ ਦ੍ਰਿੜ ਕੀਤਾ ਹੈ।

ਸਭੇ ਆਸਾ ਪੂਰੀਆ ਆਸਾ ਵਿਚਿ ਨਿਰਾਸੁ ਵਲਾਇਆ ।

ਆਸਾਂ ਸਾਰੀਆਂ ਪੂਰਣ ਹੋ ਗਈਆਂ ਹਨ, ਕਿਉਂ ਜੋ ਆਸਾਂ ਦੇ ਵਿੱਚ ਰਹਿਕੇ ਹੀ ਨਿਰਾਸ ਹੋਕੇ ਸਮਾਂ ਬਿਤਾਉਂਦੇ ਹਨ।

ਮਨਸਾ ਮਨਹਿ ਸਮਾਇ ਲੈ ਮਨ ਕਾਮਨ ਨਿਹਕਾਮ ਨ ਧਾਇਆ ।

ਮਨ ਦੀ ਮਨਸਾ ਨੂੰ ਮਨ ਵਿੱਚ ਹੀ ਲੀਨ ਕਰ ਦਿੰਦੇ ਹਨ (ਭਾਵ ਦੋਖ ਦ੍ਰਿਸ਼ਟੀ ਕਰ ਕੇ ਉੱਦਿਤ ਨਹੀਂ ਹੋਣ ਦਿੰਦੇ ਇਸੇ ਲਈ) ਮਨ ਦੀਆਂ ਕਾਮਨਾਂ ਚੋਂ ਨਿਰਿੱਛਤ ਹੋਕੇ (ਪਦਾਰਥਾਂ ਵਲ) ਨਹੀਂ ਦੌੜਦੇ; (ਫਲ ਕੀ ਹੁੰਦਾ ਹੈ?)

ਕਰਮ ਕਾਲ ਜਮ ਜਾਲ ਕਟਿ ਕਰਮ ਕਰੇ ਨਿਹਕਰਮ ਰਹਾਇਆ ।

ਕਰਮ, ਸਮੇਂ ਅਤੇ ਜਮ ਦਾ ਬੰਧਨ ਕੱਟਕੇ ਕਰਮ ਕਰਦੇ ਹੋਏ ਨਿਹਕਰਮੀ ਰਹਿੰਦੇ ਹਨ। (“ਕਰਮ ਕਰਤ ਹੋਵੇ ਨਿਹਕਰਮ॥ ਤਿਸੁ ਬੈਸਨੋ ਕਾ ਨਿਰਮਲ ਧਰਮ”॥ ਤਥਾ:- “ਸਹਜ ਸੁਭਾਇ ਹੋਵੈ ਸੋ ਹੋਇ॥ ਕਰਣੈ ਹਾਰੁ ਪਛਾਣੈ ਸੋਇ”)।

ਗੁਰ ਉਪਦੇਸ ਅਵੇਸੁ ਕਰਿ ਪੈਰੀ ਪੈ ਜਗੁ ਪੈਰੀ ਪਾਇਆ ।

ਗੁਰੂ ਦੇ ਉਪਦੇਸ਼ ਵਿਖੇ ('ਅਵੇਸ') ਪ੍ਰਵੇਸ਼ ਕਰ ਕੇ (ਗੁਰੂ ਦੀ) ਪੈਰੀਂ ਪੈਕੇ ਸੰਸਾਰ ਨੂੰ (ਵਾਹਿਗੁਰੂ ਦੀ) ਪੈਰੀਂ ਪਾਯਾ ਹੈ (ਭਾਵ ਆਪ ਪੂਰਨ ਹੋਕੇ ਸੰਸਾਰ ਨੂੰ ਤਾਰਿਆ ਹੈ “ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ॥ ਗੁਰ ਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ”)।

ਗੁਰ ਚੇਲੇ ਪਰਚਾ ਪਰਚਾਇਆ ।੨੧।੨੯। ਉਣੱਤੀਹ ।

ਗੁਰੂ ਅਤੇ ਚੇਲੇ ਨੇ ਪ੍ਰੇਮ ਦਾ ਪਰਚਾ ਪਰਚਾਇਆ (ਭਾਵ ਸਾਰੇ ਜਗਤ ਵਿਖੇ ਪ੍ਰਸਿੱਧ ਹੋ ਗਿਆ ਹੈ। ਗੱਲ ਕੀ ਗੁਰੂ ਨਾਨਕ ਅਰ ਗੁਰੂ ਅੰਗਦ ਜੀ ਗੁਰੂ ਚੇਲਾ ਇਕ ਰੂਪ ਹੋ ਗਏ)।


Flag Counter