ਗੰਜ ਨਾਮਾ ਭਾਈ ਨੰਦ ਲਾਲ ਜੀ

ਅੰਗ - 9


ਨੌਵੀਂ ਪਾਤਸ਼ਾਹੀ ।

ਨੌਵੀਂ ਪਾਤਸ਼ਾਹੀ ਨਵੇਂ ਵਿਧਾਨ ਵਾਲੇ ਸਨ ਅਤੇ ਸੱਚ ਦੇ ਪਾਲਣਹਾਰ ਸਰਦਾਰਾਂ ਦੇ ਸਰਦਾਰ ਸਨ । ਉਹ ਲੋਕ ਪਰਲੋਕ ਦੇ ਸੁਲਤਾਨ ਅਤੇ ਮਾਨ ਸਤਿਕਾਰ ਅਤੇ ਗੌਰਵ ਦੇ ਤਖਤ ਦਾ ਸ਼ਿੰਗਾਰ ਸਨ । ਬਾਵਜੂਦ ਰੱਬੀ ਸ਼ਕਤੀ ਦੇ ਮਾਲਕ ਹੋਣ ਦੇ, ਉਹ ਰੱਬ ਦੀ ਆਗਿਆ ਅਤੇ ਮਰਜ਼ੀ ਅੱਗੇ ਸੀਸ ਨਿਵਾਉਣ ਵਾਲੇ ਅਤੇ ਰੱਬੀ ਜਲਾਲ ਅਤੇ ਵਡਿਆਈ ਦਾ ਗੁਪਤ ਸਾਜ਼ ਸਨ । ਉਹ ਪਵਿੱਤ੍ਰਤਾ ਅਤੇ ਹੁਕਮ ਦੇ ਬੰਦਿਆਂ ਦੀ ਅਜ਼ਮਾਇਸ਼ ਕਰਨ ਵਾਲੇ ਅਤੇ ਨਿਰਪੱਖ ਵਿਧੀ-ਬੱਧ ਸ਼ਰਧਾਲੂਆਂ ਨੂ ਸੁਰਜੀਤ ਕਰਣਹਾਰੇ ਸਨ । ਵੱਡੇ ਰੱਬੀ ਮਾਰਗ ਦੇ ਪਾਂਧੀ ਅਤੇ ਅਗਲੇ ਲੋਕ ਦੇ ਵਾਸੀ ਉਸ ਦੀ ਜ਼ਾਤ ਨਾਲ ਕਾਇਮ ਸਨ, ਜਿਹੜੀ ਕਿ ਸੱਚ ਤੇ ਨਿਰਭਰ ਸੀ ਅਤੇ ਉਸ ਉੱਚੀ ਸ਼ਕਤੀ ਦੀ ਸਾਥੀ ਸੀ । ਉਹ ਵਿਸ਼ੇਸ਼ ਕਰਕੇ ਚੁਣੇ ਹੋਏ ਪ੍ਰੇਮੀਆਂ ਦਾ ਮੁਕਟ ਅਤੇ ਸੱਚ ਦੀਆਂ ਖੂਬੀਆਂ ਰੱਖਣ ਵਾਲੇ ਰੱਬ ਦੇ ਭਗਤਾਂ ਦਾ ਤਾਜ ਸਨ । ਉਨ੍ਹਾਂ ਦੇ ਨਾਮ ਦੀ ਬਰਕਤਾਂ ਵਾਲੀ ਤੇ ਹੁਕਮ ਅਤੇ ਰਜ਼ਾ ਵਿਚ ਰਹਿਣ ਦੀ ਜ਼ੀਨਤ ਸੀ । ਉਨ੍ਹਾਂ ਦੀ ਫ਼ਾਰਸੀ ਦੀ ਯੇ ਵੱਡੇ ਪੂਰਨ ਵਿਸ਼ਵਾਸ ਦੀ ਸੂਚਕ ਸੀ, ਉਨ੍ਹਾਂ ਦਾ ਮੁਬਾਰਕ ਫ਼ਾਰਸੀ ਕਾਫ਼ (ਗ) ਰੱਬ ਦੀ ਮਿਹਰ ਭਰੀ ਜ਼ਾਤ ਨੂੰ ਸਿਰ ਤੋਂ ਪੈਰਾਂ ਤਕ ਹਲੀਮੀ ਦਾ ਰੂਪ ਦਰਸਾਉਂਦਾ ਸੀ । ਉਨ੍ਹਾਂ ਦੇ ਨਾਮ ਦੀ ਬੇ ਸਮੇਤ ਹੇ ਵਿਦਿਆ ਅਤੇ ਸਿਖਿਆ ਦੀ ਮਹਿਫਲ ਦਾ ਸ਼ੰਗਾਰ ਸੀ । ਸੱਚ ਦਾ ਸੰਪਾਦਤ ਕੀਤਾ ਅਲਿਫ ਸਿਦਕ ਅਤੇ ਸੱਚ ਦੀ ਸਜਾਵਟ ਸੀ ਅਤੇ ਉਨ੍ਹਾਂ ਦੇ ਅਨੰਤ-ਰੂਪ ਦੀ ਦਾਲ ਦੋਹਾਂ ਜਹਾਨਾਂ ਦੀ ਨਿਆਇ ਕਾਰ ਹਾਕਮ ਸੀ । ਆੰਤਮ ਰੇ ਰੱਬੀ ਮਾਰਗ ਦੇ ਭੇਤਾਂ ਨੂੰ ਸਮਝਣ ਵਾਲੀ ਅਤੇ ਉਚੇਰੀ ਸੱਚ ਦੀ ਸਹੀ ਨੀਹ ਸੀ ।

ਵਾਹਿਗੁਰੂ ਜੀਓ ਸਤ ।

ਵਾਹਿਗੁਰੂ ਜੀਓ ਹਾਜ਼ਰ ਨਾਜ਼ਰ ਹੈ ।

ਗੁਰੂ ਤੇਗ਼ ਬਹਾਦਰ ਆਂ ਸਰਾਪਾ ਅਫ਼ਜ਼ਾਲ ।

ਗੁਰੂ ਤੇਗ ਬਹਾਦਰ ਸਿਰ ਤੋਂ ਪੈਰਾਂ ਤੱਕ ਉਚਾਈਆਂ ਅਤੇ ਵਡਿਆਈਆਂ ਦਾ ਭੰਡਾਰ ਸਨ,

ਜ਼ੀਨਤ-ਆਰਾਇ ਮਹਿਫ਼ਲਿ ਜਾਹੋ ਜਲਾਲ ।੯੯।

ਅਤੇ ਰੱਬ ਦੀ ਸ਼ਾਨੋ ਸ਼ੋਕਤ ਦੀ ਮਹਿਫਲ ਦੀ ਰੌਣਕ ਵਧਾਉਣ ਵਾਲੇ ਸੀ ।

ਅਨਵਾਰਿ ਹੱਕ ਅਜ਼ ਵਜੂਦਿ ਪਾਕਿਸ਼ ਰੌਸ਼ਨ ।

ਸੱਚ ਦੀਆਂ ਕਿਰਨਾਂ ਉਸ ਦੇ ਪਵਿੱਤ੍ਰ ਵਜੂਦ ਸਦਕਾ ਰੋਸ਼ਨ ਹਨ,

ਹਰ ਦੋ ਆਲਮ ਜ਼ਿ ਫ਼ੈਜ਼ਿ ਫ਼ਜ਼ਲਸ਼ ਰੌਸ਼ਨ ।੧੦੦।

ਦੋਵੇਂ ਜਹਾਨ ਉਸ ਦੀ ਮਿਹਰ ਬਖਸ਼ਿਸ਼ ਨਾਲ ਰੋਸ਼ਨ ਹਨ ।

ਹੱਕ ਅਜ਼ ਹਮਾ ਬਰ-ਗ਼ੁਜ਼ੀਦਗਾਂ ਬਰਗੁਜ਼ੀਦਸ਼ ।

ਰੱਬ ਨੇ ਸਾਰੇ ਚੋਣਵੇਂ ਪਤਵੰਤਿਆਂ ਵਿਚੋਂ ਉਨ੍ਹਾਂ ਨੂੰ ਚੁਣਿਆ,

ਤਸਲੀਮੋ ਰਿਜ਼ਾ ਰਾ ਨਿਕੋ ਸੰਜੀਦਸ਼ ।੧੦੧।

ਅਤੇ ਉਨ੍ਹਾਂ ਨੇ ਉਸ ਦਾ ਭਾਣਾ ਮੰਨਣ ਨੂੰ ਸਭ ਤੋਂ ਉੱਚਾ ਅਨਭਵ ਕੀਤਾ ।

ਬਰ ਹਰ ਮੁਕਬਲ ਕਬੂਲਿ ਖ਼ੁਦ ਅਰਜ਼ੂਦਸ਼ ।

ਉਸਦਾ ਰੁਤਬਾ ਸਾਰਿਆਂ ਪਰਵਾਨ ਵੱਡਿਆਂ ਵਿਚ ਅਪਾਰ ਵੱਡਾ ਹੈ,

ਮਸਜੂਦੁਲ ਆਲਮੀਂ ਜ਼ਿ ਫ਼ਜ਼ਲਿ ਖ਼ੁੱਦ ਫ਼ਰਮੂਦਸ਼ ।੧੦੨।

ਅਤੇ ਉਸ ਨੂੰ ਆਪਣੀ ਕਿਰਪਾ ਨਾਲ ਦੋਹਾਂ ਜਹਾਨਾਂ ਦਾ ਪੂਜਨੀਕ ਬਣਾਇਆ ।

ਦਸਤਿ ਹਮਾ-ਗਾਂ ਬਜ਼ੈਲਿ ਅਫ਼ਜ਼ਾਲਿ ਊ ।

ਸਭਨਾਂ ਦਾ ਹੱਥ ਉਸ ਦੀਆਂ ਬਖਸ਼ਿਸ਼ਾਂ ਦੇ ਪੱਲੇ ਤੇ ਹੈ,

ਬਰ ਸਰਿ ਅਨਵਾਰਿ ਇਲਮਿ ਹੱਕ ਕਾਲਿ ਊ ।੧੦੩।

ਉਸ ਦਾ ਸੱਚਾ ਬੋਲ ਗਿਆਨ ਦੇ ਨੂਰ ਤੋਂ ਕਿਧਰੇ ਉਚੇਰਾ ਹੈ ।