ਗੰਜ ਨਾਮਾ ਭਾਈ ਨੰਦ ਲਾਲ ਜੀ

ਅੰਗ - 10


ਦਸਵੀਂ ਪਾਤਸ਼ਾਹੀ ।

ਦਸਵੀਾ ਪਾਤਸ਼ਾਹੀ ਜ਼ਮਾਨੇ ਤੇ ਗ਼ਲਬਾ ਪਾਉਣ ਵਾਲੇ ਦੇਵਾਂ ਦੀ ਵੀਣੀ ਮਰੋੜਨ ਵਾਲੇ ਅਤੇ ਅਬਿਨਾਸੀ ਤਖਤ ਤੇ ਬਰਾਜਮਾਨ ਹੋਕੇ ਉਸ ਨੂੰ ਜ਼ੀਨਤ ਬਖਸ਼ਣ ਵਾਲੇ ਸਨ । ਉਹ ਸੱਚ ਨੂੰ ਰੋਸ਼ਨ ਕਰਨ ਵਾਲੀਆਂ ਨੌਂ ਮਸ਼ਾਲਾਂ ਦਾ ਨਜ਼ਾਰਾ ਦਰਸਾਊਣ ਵਾਲੇ ਸਨ ਅਤੇ ਅਸਤਿ ਦੀ ਰਾਤ ਦੇ ਅਨ੍ਹੇਰੇ ਨੂੰ ਨਾਸ਼ ਕਰਨ ਵਾਲੇ ਸਨ । ਉਨ੍ਹਾਂ ਦਾ ਮਾਲਕ ਪਹਿਲਾ ਅਤੇ ਅੰਤਮ ਬਾਦਸ਼ਾਹ ਸੀ ਅਤੇ ਅੰਦਰ ਬਾਹਰ ਨੂੰ ਵੇਖਣ ਦੀ ਦਿੱਬ ਦ੍ਰਿਸ਼ਟੀ ਰਖਦੇ ਸਨ । ਉਹ ਪਵਿੱਤ੍ਰ ਕਰਾਮਾਤ ਦੇ ਸਾਜ਼ ਨੂੰ ਨਸਰ ਕਰਨ ਵਾਲੇ ਸਨ । ਉਹ ਬੇਪਰਵਾਹ ਵਾਹਿਗੁਰੂ ਦੀ ਸੇਵਾ ਅਤੇ ਬੰਦਗੀ ਨੂੰ ਰੋਸ਼ਨ ਕਰਨ ਵਾਲੇ ਸਨ । ਉਨ੍ਹਾਂ ਦੀਆਂ ਵਿਜੇਈ ਫੌਜਾਂ ਦੇ ਸ਼ੇਰ ਹਰ ਥਾਂ ਛਾ ਜਾਣ ਵਾਲੇ ਸਨ ਅਤੇ ਦੁਨੀਆ ਨੂੰ ਮੁਕਤ ਕਰਨ ਵਾਲਾ ਝੰਡਾ ਫਤਹਿ ਦੀ ਕੋਰ ਨਾਲ ਸਜਿਆ ਹੋਇਆ ਸੀ । ਅੰਤਮ ਸੱਚ ਵਾਲੇ ਨਾਮ ਫਾਰਸੀ ਦੇ ਕਾਫ਼ (ਗਾਫ਼) ਜ਼ਮਾਨੇ ਨੂੰਸਰ ਕਰਨ ਵਾਲਾ ਸੀ । ਪਹਿਲੀ ਵਾਉ ਜ਼ਮੀਨ ਅਤੇ ਜ਼ਮਾਨੇ ਦੀ ਸਥਿਤੀ ਜੋੜਨ ਵਾਲੀ ਸੀ । ਆਮਰ ਜ਼ਿੰਦਗੀ ਵਾਲੀ ਬੇ ਸ਼ਰਨਾਰਥੀਆਂ ਨੂੰ ਬਖਸ਼ਣ ਵਾਲੀ ਸੀ । ਉਨ੍ਹਾਂ ਦੇ ਨਾਮ ਦੀ ਮੁਬਾਰਕ ਨੂੰਨ ਦੀ ਸੁਗੰਧੀ ਭਗਤਾਂ ਨੂੰ ਨਿਵਾਜਦੀ ਸੀ । ਉਨ੍ਹਾਂ ਦੀ ਵਡਿਆਈ ਅਤੇ ਸ਼ਾਨ ਸ਼ੋਕਤ ਦਾ ਰੂਪ ਦਾਲ ਮੌਤ ਦੇ ਜਾਲ ਨੂੰ ਤੋੜਣ ਵਾਲਾ ਸੀ ਅਤੇ ਉਨ੍ਹਾਂ ਦੇ ਵੱਡੇ ਦਰਬਾਰ ਵਾਲੀ ਸੀਨ ਜੀਵਨ ਦੀ ਪੂੰਜੀ ਸੀ । ਉਨ੍ਹਾਂ ਦੇ ਨਾਮ ਦਾ ਨੂੰਨ ਸਦਾ ਉਸ ਸਰਬ ਸ਼ਕਤੀਮਾਨ ਦਾ ਸੰਗੀ ਸਾਥੀ ਸੀ ਅਤੇ ਦੂਜਾ ਫ਼ਾਰਸੀ ਦਾ ਕਾਫ਼ (ਗਾਫ਼) ਨਾ-ਫਰਮਾਨੀ ਦੇ ਜੰਗਲ ਵਿਚ ਭਤਕਣ ਵਾਲੇ ਮਨਮੁਖਾਂ ਦੀ ਜਾਨ ਨੂੰ ਗਾਲ ਦੇਣ ਵਾਲਾ ਸੀ । ਅੰਤਮ ਹੇ ਦੋਹਾਂ ਜਹਾਨਾਂ ਦੀ ਸੱਚੀ ਰਾਹ- ਵਿਖਾਊ ਸੀ । ਉਨ੍ਹਾਂ ਦੀ ਸਿਖਿਆ ਦਾ ਨਗਾਰਾ ਨੌਂ ਤਬਕਾਂ ਵਿਚ ਵਜਦਾ ਸੀ । ਤਿੰਨਾਂ ਲੋਕਾਂ ਅਤੇ ਛੇ ਦਿਸ਼ਾਂ ਦੇ ਲੱਖਾਂ ਬੰਦੇ ਉਨ੍ਹਾਂ ਦੀ ਚਾਕਰੀ ਕਰਨ ਵਾਲੇ ਸਨ ਅਤੇ ਚੌਹਾਂ ਪਾਣੀਆਂ ਅਤੇ ਨੌਂ ਖੰਡਾਂ ਦੇ ਸੈਂਕੜੇ ਹਜ਼ਾਰਾਂ ਲੋਕ ਅਤੇ ਦਸਾਂ ਦਿਸ਼ਾਂ ਦੇ ਲੱਖਾਂ ਵਾਸੀ ਉਨ੍ਹਾਂ ਦੀ ਦਰਗਾਹ ਦੀ ਉਸਤਤ ਕਰਨ ਵਾਲੇ ਸਨ । ਲੱਖਾਂ ਈਸ਼ਰ, ਬ੍ਰਹਮਾ, ਅਰਸ਼, ਕੁਰਸ਼ ਉਸ ਦੀ ਸ਼ਰਨ ਵਿਚ ਆਉਣਾ ਲੋਚਦੇ ਸਨ ਅਤੇ ਲੱਖਾਂਂ ਧਰਤ ਅਕਾਸ਼ ਉਨ੍ਹਾਂ ਦੇ ਗੁਲਾਮ ਸਨ । ਸੈਂਕੜੇ ਹਜ਼ਾਰਾਂ ਚੰਨ ਸੂਰਜ ਉਨ੍ਹਾਂ ਦਾ ਸਰੋਪਾ ਪਹਿਣਨਹਾਰੇ ਸੀ ਅਤੇ ਲੱਖਾਂ ਆਸਮਾਨ ਅਤੇ ਤਬਕ ਉਨ੍ਹਾਂ ਦੇ ਨਾਮ ਦੇ ਗੋਲੇ ਅਤੇ ਬਿਰਹੋਂ ਕੁੱਠੇ ਸਨ । ਇਸੇ ਤਰ੍ਹਾਂ ਲੱਖਾਂ ਰਾਮ ਰਾਜੇ ਕਾਹਨ ਅਤੇ ਕ੍ਰਿਸ਼ਨ ਉਨ੍ਹਂ ਦੇ ਚਰਨਾਂ ਦੀ ਧੂੜ ਨੂੰ ਮੱਥੇ ਤੇ ਲਾਉਂਦੇ ਸਨ ਅਤੇ ਹਜ਼ਾਰਾਂ ਪਰਵਾਨ ਹੋਏ ਸੇਵਕ ਉਨ੍ਹਾਂ ਦੀ ਸਿਫਤ ਸ਼ਲਾਘਾ ਹਜ਼ਾਰਾਂ ਜੀਭਾਂ ਨਾਲ ਕਰਦੇ ਸਨ । ਲੱਖਾਂ ਈਸ਼ਰ ਬ੍ਰਹਮਾ ਉਨ੍ਹਾਂ ਦੇ ਸ਼ਰਧਾਲੂ ਸਨ, ਲੱਖਾਂ ਮੁਬਾਰਕ ਮਾਵਾਂ (ਧਰਤੀ ਆਕਾਸ਼ ਸਿਰਜਣ ਵਾਲੀਆਂ ਸ਼ਕਤੀਆਂ) ਉਨ੍ਹਾਂ ਦੀ ਸੇਵਾ ਵਿਚ ਖੜੀਆਂ ਸਨ ਅਤੇ ਲੱਖਾਂ ਤਾਕਤਾਂ ਉਨ੍ਹਾਂ ਦੀ ਆਗਿਆ ਪਾਲਣ ਵਾਲੀਆਂ ਸਨ ।

ਵਾਹਿਗੁਰੂ ਜੀਓ ਸਤ ।

ਵਾਹਿਗੁਰੂ ਜੀਓ ਹਾਜ਼ਰ ਨਾਜ਼ਰ ਹੈ ।

ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ ।

ਗਰੀਬਾਂ ਦਂ ਰਾਖਾ। ਗੁਰੂ ਗੋਬਿੰਦ ਸਿੰਘ: ਰੱਬ ਦੀ ਰਖਿਆ ਵਿਚ ਗੁਰੂ ਗੋਬਿੰਦ ਸਿੰਘ,

ਈਜ਼ਦਿ ਮਨਜ਼ੂਰ ਗੁਰੂ ਗੋਬਿੰਦ ਸਿੰਘ ।੧੦੫।

ਰੱਬ ਵੱਲੋਂ ਪਰਵਾਣ ਗੁਰੂ ਗੋਬਿੰਦ ਸਿੰਘ ।

ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਸੱਚ ਦਾ ਖ਼ਜ਼ਾਨਾ ਹੈ ।

ਜੁਮਲਾ ਫ਼ੈਜ਼ਿ ਨੂਰ ਗੁਰ ਗੋਬਿੰਦ ਸਿੰਘ ।੧੦੬।

ਗੁਰੂ ਗੋਬਿੰਦ ਸਿੰਘ ਸਮੂਹ ਨੂਰ ਦੀ ਮਿਹਰ ਹੈ ।

ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਸੱਚ ਦੇ ਜਾਨਣ ਹਾਰਿਆਂ ਲਈ ਸੱਚ ਹੈ,

ਸ਼ਾਹਿ ਸ਼ਹਨਸ਼ਾਹ ਗੁਰ ਗੋਬਿੰਦ ਸਿੰਘ ।੧੦੭।

ਗੁਰੂ ਗੋਬਿੰਦ ਸਿੰਘ ਬਾਦਸ਼ਾਹਾਂ ਦਾ ਬਾਦਸ਼ਾਹ ਹੈ ।

ਬਰ ਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਦੋਹਾਂ ਜਹਾਨਾ ਦਾ ਬਾਦਸ਼ਾਹ ਹੈ,

ਖ਼ਸਮ ਰਾ ਜਾਂ-ਕਾਹ ਗੁਰ ਗੋਬਿੰਦ ਸਿੰਘ ।੧੦੮।

ਗੁਰੂ ਗੋਬਿੰਦ ਸਿੰਘ ਦੁਸ਼ਮਨ ਦੀ ਜਾਨ ਨੂੰ ਕਬਜ਼ਾ ਕਰਨ ਵਾਲਾ ਹੈ ।

ਫ਼ਾਇਜ਼ੁਲ ਅਨਵਾਰ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਰੱਬੀ ਨੂਰ ਦੀ ਬਖਸ਼ਿਸ਼ ਕਰਨ ਵਾਲਾ ਹੈ ।

ਕਾਸ਼ਫ਼ੁਲ ਅਸਰਾਰ ਗੁਰ ਗੋਬਿੰਦ ਸਿੰਘ ।੧੦੯।

ਗੁਰੂ ਗੋਬਿੰਦ ਸਿੰਘ ਰੱਬੀ ਰਮਜ਼ਾਂ ਨੂੰ ਖੋਲ੍ਹਣ ਵਾਲਾ ਹੈ ।

ਆਲਿਮੁਲ ਅਸਤਾਰ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਪਰਦੇ ਵਿਚ ਲੁਕੀਆਂ ਗੱਲਾਂ ਦਾ ਗਿਆਨਵਾਨ ਹੈ,

ਅਬਰਿ ਰਹਿਮਤ ਬਾਰ ਗੁਰ ਗੋਬਿੰਦ ਸਿੰਘ ।੧੧੦।

ਗੁਰੂ ਗੋਬਿੰਦ ਸਿੰਘ ਬਖਸ਼ਿਸ਼ਾਂ ਵਰਸਾਉਣ ਵਾਲਾ ਹੈ ।

ਮੁਕਬੁਲੋ ਮਕਬੂਲ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਪਰਵਾਨ ਅਤੇ ਹਰ-ਮਨ-ਪਿਆਰਾ ਹੈ ।

ਵਾਸਲੋ ਮੌਸੁਲ ਗੁਰ ਗੋਬਿੰਦ ਸਿੰਘ ।੧੧੧।

ਗੁਰੂ ਗੋਬਿੰਦ ਸਿੰਘ ਰੱਬ ਨਾਲ ਜੁੜਿਆ ਹੋਇਆ ਅਤੇ ਜੋੜਨ ਵਾਲਾ ਹੈ ।

ਜਾਂ-ਫ਼ਰੋਜ਼ਿ ਦਹਿਰ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਜ਼ਮਾਨੇ ਨੂੰ ਜਾਨ ਬਖਸ਼ਣ ਵਾਲਾ ਹੈ,

ਫੈਜ਼ਿ ਹੱਕ ਰਾ ਬਹਿਰ ਗੁਰ ਗੋਬਿੰਦ ਸਿੰਘ ।੧੧੨।

ਗੁਰੂ ਗੋਬਿੰਦ ਸਿੰਘ ਰੱਬ ਦੀ ਮਿਹਰ ਦਾ ਸਮੁੰਦਰ ਹੈ ।

ਹੱਕ ਰਾ ਮਹਿਬੂਬ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਰੱਬ ਦਾ ਪਿਆਰਾ ਹੈ,

ਤਾਲਿਬੋ ਮਤਲੂਬ ਗੁਰ ਗੋਬਿੰਦ ਸਿੰਘ ।੧੧੩।

ਗੁਰੂ ਗੋਬਿੰਦ ਸਿੰਘ ਰੱਬ ਦਾ ਤਾਲਬ ਹੈ ਅਤੇ ਲੋਕਾਂ ਦਾ ਚਹੇਤਾ ਹੈ ।

ਤੇਗ਼ ਰਾ ਫ਼ੱਤਾਹ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਤਲਵਾਰ ਦਾ ਧਨੀ ਹੈ,

ਜਾਨੋ ਦਿਲ ਰਾ ਰਾਹ ਗੁਰ ਗੋਬਿੰਦ ਸਿੰਘ ।੧੧੪।

ਗੁਰੂ ਗੋਬਿੰਦ ਸਿੰਘ ਜਾਨ ਅਤੇ ਦਿਲ ਲਈ ਅੰਮ੍ਰਿਤ ਹੈ ।

ਸਾਹਿਬਿ ਅਕਲੀਲ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਤਾਜਾਂ ਦਾ ਮਾਲਕ ਹੈ,

ਜ਼ਿਬਿ ਹੱਕ ਤਜ਼ਲੀਲ ਗੁਰ ਗੋਬਿੰਦ ਸਿੰਘ ।੧੧੫।

ਗੁਰੂ ਗੋਬਿੰਦ ਸਿੰਘ ਰੱਬ ਦੇ ਸਾਏ ਦਾ ਪਰਛਾਵਾਂ ਹੈ ।

ਖ਼ਾਜ਼ਨਿ ਹਰ ਗੰਜ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਹਰ ਖ਼ਜ਼ਾਨੇ ਦਾ ਖ਼ਜ਼ਾਨਚੀ ਹੈ ।

ਬਰਹਮਿ ਹਰ ਰੰਜ ਗੁਰ ਗੋਬਿੰਦ ਸਿੰਘ ।੧੧੬।

ਗੁਰੂ ਗੋਬਿੰਦ ਸਿੰਘ ਹਰ ਦੁਖ ਦਰਦ ਨੂੰ ਦੂਰ ਕਰਨ ਵਾਲਾ ਹੈ ।

ਦਾਵਰਿ ਆਫ਼ਾਕ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਦੋਹਾਂ ਜਹਾਨਾਂ ਦਾ ਹਾਕਮ ਹੈ,

ਦਰ ਦੋ ਆਲਮ ਤਾਕ ਗੁਰ ਗੋਬਿੰਦ ਸਿੰਘ ।੧੧੭।

ਦੋਹਾਂ ਜਹਾਨਾਂ ਵਿਚ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ।

ਹੱਕ ਖ਼ੁਦ ਵੱਸਾਫ਼ਿ ਗੁਰ ਗੋਬਿੰਦ ਸਿੰਘ ।

ਰੱਬ ਆਾਪ ਗੁਰੂ ਗੋਬਿੰਦ ਸਿੰਘ ਦਾ ਢਾਡੀ ਹੈ,

ਬਰ ਤਰੀਂ ਔਸਾਫ਼ਿ ਗੁਰ ਗੋਬਿੰਦ ਸਿੰਘ ।੧੧੮।

ਗੁਰੂ ਗੋਬਿੰਦ ਸਿੰਘ ਸਰਵੋਤਮ ਗੁਨਾਂ ਦਾ ਧਾਰਨੀ ਹੈ ।

ਖ਼ਾਸਗਾਂ ਦਰ ਪਾਇ ਗੁਰ ਗੋਬਿੰਦ ਸਿੰਘ ।

ਰੱਬ ਦੇ ਖਾਸ ਬੰਦੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿਚ ਹਨ,

ਕੁੱਦਸੀਆਂ ਬਾ ਰਾਇ ਗੁਰ ਗੋਬਿੰਦ ਸਿੰਘ ।੧੧੯।

ਰੱਬ ਦੇ ਪਾਕ ਨਿਕਟਵਰਤੀ ਗੁਰੂ ਗੋਬਿੰਦ ਸਿੰਘ ਦੀ ਆਗਿਆ ਵਿਚ ਹਨ ।

ਮੁਕਬਲਾਂ ਮੱਦਾਹਿ ਗੁਰ ਗੋਬਿੰਦ ਸਿੰਘ ।

ਰੱਬ ਦੇ ਪਰਵਾਨ ਬੰਦੇ ਗੁਰੂ ਗੋਬਿੰਦ ਸਿੰਘ ਦੇ ਸ਼ਲਾਘਾਕਾਰ ਹਨ,

ਜਾਨੋ ਦਿਲ ਰਾ ਰਾਹ ਗੁਰ ਗੋਬਿੰਦ ਸਿੰਘ ।੧੨੦।

ਜਾਨ ਅਤੇ ਦਿਲ ਲਈ ਗੁਰੂ ਗੋਬਿੰਦ ਸਿੰਘ ਰਾਹਤ (ਅਮਨ) ਬਖਸ਼ਣ ਵਾਲੇ ਹਨ ।

ਲਾ-ਮਕਾਂ ਪਾ-ਬੋਸਿ ਗੁਰ ਗੋਬਿੰਦ ਸਿੰਘ ।

ਲਾਮਕਾਨ-ਅਨੰਤ ਗੁਰੂ ਗੋਬਿੰਦ ਸਿੰਘ ਦੇ ਚਰਨ ਚੁੰਮਦਾ ਹੈ,

ਬਰ ਦੋ ਆਲਮ ਕੌਸਿ ਗੁਰ ਗੋਬਿੰਦ ਸਿੰਘ ।੧੨੧।

ਦੋਹਾਂ ਜਹਾਨਾਂ ਤੇ ਗੁਰੂ ਗੋਬਿੰਦ ਸਿੰਘ ਦਾ ਨਗਾਰਾ ਵਜਦਾ ਹੈ ।

ਸੁਲਸ ਹਮ ਮਹਿਕੂਮਿ ਗੁਰ ਗੋਬਿੰਦ ਸਿੰਘ ।

ਤਿੰਨੇ ਲੋਕ ਗੁਰੂ ਗੋਬਿੰਦ ਸਿੰਘ ਦੀ ਆਗਿਆ ਵਿਚ ਹਨ,

ਰੁੱਬਅ ਹਮ ਮਖ਼ਤੂਮਿ ਗੁਰ ਗੋਬਿੰਦ ਸਿੰਘ ।੧੨੨।

ਚਾਰੇ ਖਾਨੀਆਂ ਗੁਰੂ ਗੋਬਿੰਦ ਸਿੰਘ ਦੀਆਂ ਮੁਹਰਬੰਦ ਹਨ ।

ਸੁਦਸ ਹਲਕਾ ਬਗੋਸ਼ਿ ਗੁਰ ਗੋਬਿੰਦ ਸਿੰਘ ।

ਸਾਰਾ ਜਹਾਨ ਗੁਰੂ ਗੋਬਿੰਦ ਸਿੰਘ ਦਾ ਗੁਲਾਮ ਹੈ,

ਦੁਸ਼ਮਨ-ਅਫ਼ਗਾਨ ਜੋਸ਼ਿ ਗੁਰ ਗੋਬਿੰਦ ਸਿੰਘ ।੧੨੩।

ਗੁਰੂ ਗੋਬਿੰਦ ਸਿੰਘ ਦਾ ਜੋਸ਼ ਦੁਸ਼ਮਨਾਂ ਨੂੰ ਮਾਰ ਮਕਾਉਣ ਵਾਲਾ ਹੈ ।

ਖ਼ਾਲਿਸੋ ਬੇ-ਕੀਨਾ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਦਾ ਦਿਲ ਸਾਫ ਅਤੇ ਵੈਰ ਭਾਵ ਤੋਂ ਖਾਲੀ ਹੈ,

ਹੱਕ ਹੱਕ ਆਈਨਾ ਗੁਰ ਗੋਬਿੰਦ ਸਿੰਘ ।੧੨੪।

ਗੁਰੂ ਗੋਬਿੰਦ ਸਿੰਘ ਆਪ ਸੱਚ ਹੈ ਅਤੇ ਸੱਚ ਦਾ ਸ਼ੀਸ਼ਾ ਹੈ ।

ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਸੱਚ ਦਾ ਸੱਚਾ ਅਨਭਵੀ ਹੈ,

ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ।੧੨੫।

ਦਰਵੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਹੈ ।

ਮਕਰਮੁਲ-ਫੱਜ਼ਾਲ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਬਖਸ਼ਿਸ਼ਾਂ ਕਰਨ ਵਾਲਾ ਹੈ,

ਮੁਨਇਮੁ ਲ-ਮੁਤਆਲ ਗੁਰ ਗੋਬਿੰਦ ਸਿੰਘ ।੧੨੬।

ਗੁਰੂ ਗੋਬਿੰਦ ਸਿੰਘ ਦੋਲਤਾਂ ਤੇ ਨਿਆਮਤਾਂ ਦੇਣ ਵਾਲਾ ਹੈ ।

ਕਾਰਮੁੱਲ-ਕੱਰਾਮ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਸਖੀਆਂ ਦਾ ਵੀ ਸਖੀ ਹੈ,

ਰਾਹਮੁਲ-ਰੱਹਾਮ ਗੁਰ ਗੋਬਿੰਦ ਸਿੰਘ ।੧੨੭।

ਗੁਰੂ ਗੋਬਿੰਦ ਸਿੰਘ ਰਹਿਮ ਕਰਨ ਵਾਲਿਆਂ ਲਈ ਵੀ ਰਹਿਮ ਹੈ ।

ਨਾਇਮੁਲ-ਮੁਨਆਮ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਨਿਆਮਤਾਂ ਦੇਣ ਵਾਲਿਆਂ ਨੂੰ ਵੀ ਨਿਆਮਤਾਂ ਬਖਸ਼ਦਾ ਹੈ,

ਫ਼ਾਹਮੁਲ-ਫ਼ੱਹਾਮ ਗੁਰ ਗੋਬਿੰਦ ਸਿੰਘ ।੧੨੮।

ਗੁਰੂ ਗੋਬਿੰਦ ਸਿੰਘ ਅਨੁਭਵੀਆਂ ਦਾ ਵੀ ਅਨੁਭਵੀ ਹੈ ।

ਦਾਇਮੋ-ਪਾਇੰਦਾ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਸਦੀਵੀ ਤੇ ਸਥਿਰ ਰਹਿਨ ਵਾਲਾ ਹੈ,

ਫ਼ਰੱਖ਼ੋ ਫ਼ਰਖ਼ੰਦਾ ਗੁਰ ਗੋਬਿੰਦ ਸਿੰਘ ।੧੨੯।

ਗੁਰੂ ਗੋਬਿੰਦ ਸਿੰਘ ਨੇਕ ਅਤੇ ਵਡੇ ਭਾਗਾਂ ਵਾਲਾ ਹੈ ।

ਫ਼ੈਜ਼ਿ ਸੁਬਹਾਨ ਜ਼ਾਤਿ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਸਰਬਸ਼ਕਤੀਮਾਨ ਵਾਹਿਗੁਰੂ ਦੀ ਮਿਹਰ ਹੈ,

ਨੂਰਿ ਹੱਕ ਲਮਆਤ ਗੁਰ ਗੋਬਿੰਦ ਸਿੰਘ ।੧੩੦।

ਗੁਰੂ ਗੋਬਿੰਦ ਸਿੰਘ ਰੱਬ ਦੇ ਨੂਰ ਦੀ ਕਿਰਨ ਭਰੀ ਰੋਸ਼ਨੀ ਹੈ ।

ਸਾਮਿਆਨਿ ਨਾਮਿ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਦਾ ਨਾਮ ਸੁਨਣ ਵਾਲੇ,

ਹੱਕ-ਬੀਂ ਜ਼ਿ ਇਨਆਮਿ ਗੁਰ ਗੋਬਿੰਦ ਸਿੰਘ ।੧੩੧।

ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਨਾਲ ਰੱਬ ਨੂੰ ਵੇਖਣ ਵਾਲੇ ਹੋ ਜਾਂਦੇ ਹਨ ।

ਵਾਸਫ਼ਾਨਿ ਜ਼ਾਤਿ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਦੀ ਜ਼ਾਤ ਦੀ ਸਿਫਤ ਸ਼ਲਾਘਾ ਕਰਣ ਵਾਲੇ,

ਵਾਸਿਲ ਅਜ਼ ਬਰਕਾਤਿ ਗੁਰ ਗੋਬਿੰਦ ਸਿੰਘ ।੧੩੨।

ਗੁਰੂ ਗੋਬਿੰਦ ਸਿੰਘ ਦੀਆਂ ਬਰਕਤਾਂ ਅਤੇ ਬਖਸ਼ਿਸ਼ਾਂ ਨੂੰ ਪ੍ਰਾਪਤ ਕਰ ਲੈਂਦੇ ਹਨ ।

ਰਾਕਿਮਾਨਿ ਵਸਫ਼ਿ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਦੇ ਗੁਣਾਂ ਦੇ ਲਿਖਨਹਾਰੇ,

ਨਾਮਵਰ ਅਜ਼ ਲੁਤਫ਼ਿ ਗੁਰ ਗੋਬਿੰਦ ਸਿੰਘ ।੧੩੩।

ਗੁਰੂ ਗੋਬਿੰਦ ਸਿੰਘ ਦੀ ਕਿਰਪਾ ਅਤੇ ਮਿਹਰ ਨਾਲ ਨਾਮਵਰੀ ਪਾਉਂਦੇ ਹਨ ।

ਨਾਜ਼ਿਰਾਨਿ ਰੂਇ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਦੇ ਮੁਖੜੇ ਦੇ ਦਰਸ਼ਨ ਕਰਣ ਵਾਲੇ,

ਮਸਤਿ ਹੱਕ ਦਰ ਕੂਇ ਗੁਰ ਗੋਬਿੰਦ ਸਿੰਘ ।੧੩੪।

ਗੁਰੂ ਗੋਬਿੰਦ ਸਿੰਘ ਦੀ ਗਲੀ ਵਿਚ ਉਸ ਦੀ ਪ੍ਰੀਤੀ ਵਿਚ ਮਸਤ ਹੋ ਜ:ਦੇ ਹਨ ।

ਖ਼ਾਕ-ਬੋਸਿ ਪਾਇ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਧੂੜ ਨੂੰ ਚੁੰੰਮਣ ਵਾਲੇ,

ਮੁਕਬਲ ਅਜ਼ ਆਲਾਇ ਗੁਰ ਗੋਬਿੰਦ ਸਿੰਘ ।੧੩੫।

ਗੁਰੂ ਗੋਬਿੰਦ ਸਿੰਘ ਦੀਆਂ ਨਿਆਮਤਾਂ ਕਾਰਨ ਪਰਵਾਨ ਹੋ ਜਾਂਦੇ ਹਨ ।

ਕਾਦਿਰਿ ਹਰ ਕਾਰ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਹਰ ਕਾਰਜ ਦੇ ਸਮਰੱਥ ਹਨ,

ਬੇਕਸਾਂ-ਰਾ ਯਾਰ ਗੁਰ ਗੋਬਿੰਦ ਸਿੰਘ ।੧੩੬।

ਗੁਰੂ ਗੋਬਿੰਦ ਸਿੰਘ ਨਿਆਸਰਿਆਂ ਦੇ ਆਸਰੇ ਹਨ ।

ਸਾਜਿਦੋ ਮਸਜੂਦ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਪੁਜਾਰੀ ਅਤੇ ਪੂਜਨੀਕ ਹਨ,

ਜੁਮਲਾ ਫ਼ੈਜ਼ੋ ਜੂਦ ਗੁਰ ਗੋਬਿੰਦ ਸਿੰਘ ।੧੩੭।

ਗੁਰੂ ਗੋਬਿੰਦ ਸਿੰਘ ਮਿਹਰ ਅਤੇ ਬਖਸ਼ਿਸ਼ ਦਾ ਸਰੂਪ ਹਨ ।

ਸਰਵਰਾਂ ਰਾ ਤਾਜ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਸਰਦਾਰਾਂ ਦੇ ਤਾਜ ਹਨ,

ਬਰ ਤਰੀਂ ਮਿਅਰਾਜ ਗੁਰ ਗੋਬਿੰਦ ਸਿੰਘ ।੧੩੮।

ਗੁਰੂ ਗੋਬਿੰਦ ਸਿੰਘ ਰੱਬ ਦੀ ਪ੍ਰਾਪਤੀ ਲਈ ਸਭ ਤੋਂ ਚੰਗਾ ਵਸੀਲਾ ਹਨ ।

ਅਸ਼ਰ ਕੁੱਦਸੀ ਰਾਮਿ ਗੁਰ ਗੋਬਿੰਦ ਸਿੰਘ ।

ਸਾਰੇ ਪਵਿੱਤ੍ਰ ਫਰਿਸ਼ਤੇ ਗੁਰੂ ਗੋਬਿੰਦ ਸਿੰਘ ਦੀ ਤਾਬਿਆ ਵਿਚ ਹਨ,

ਵਾਸਿਫ਼ਿ ਇਕਰਾਮ ਗੁਰ ਗੋਬਿੰਦ ਸਿੰਘ ।੧੩੯।

ਅਤੇ ਗੁਰੂ ਗੋਬਿੰਦ ਸਿੰਘ ਦੀਆਂ ਬਖਸ਼ਿਸ਼ਾਂ ਦੀ ਸਿਫਤ ਕਰਣ ਵਾਲੇ ਹਨ ।

ਉੱਮਿ ਕੁੱਦਸ ਬਕਾਰਿ ਗੁਰ ਗੋਬਿੰਦ ਸਿੰਘ ।

ਜਗਤ ਦੀ ਪਵਿੱਤ੍ਰ ਜਨਮਦਾਤਾ ਗੁਰੂ ਗੋਬਿੰਦ ਸਿੰਘ ਦੀ ਸੇਵਾ ਵਿਚ ਰਹਿੰਦੀ ਹੈ,

ਗਾਸ਼ੀਆ ਬਰਦਾਰਿ ਗੁਰ ਗੋਬਿੰਦ ਸਿੰਘ ।੧੪੦।

ਅਤੇ ਗੁਰੂ ਗੋਬਿੰਦ ਸਿੰਘ ਦੀ ਟਹਿਲਣ ਤੇ ਸੇਵਾਦਰਿ ਹੈ ।

ਕਦਰ ਕੁਦਰਤ ਪੇਸ਼ਿ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਕੁਦਰਤ ਦੀ ਕੀ ਕਦਰ ਹੈ#

ਇਨਕਿਯਾਦ ਅੰਦੇਸ਼ਿ ਗੁਰ ਗੋਬਿੰਦ ਸਿੰਘ ।੧੪੧।

ਉਹ ਵੀ ਗੁਰੂ ਗੋਬਿੰਦ ਸਿੰਘ ਦੀ ਬੰਦਗੀ ਵਿਚ ਬੱਧੀ ਰਹਿਣਾ ਚਾਹੁੰਦੀ ਹੈ ।

ਤਿੱਸਅ ਉਲਵੀ ਖ਼ਾਕਿ ਗੁਰ ਗੋਬਿੰਦ ਸਿੰਘ ।

ਸੱਤੇ ਅਸਮਾਨ ਗੁਰੂ ਗੋਬਿੰਦ ਸਿੰਘ ਦੇ ਚਰਨਾ ਦੀ ਧੂੜ ਹਨ,

ਚਾਕਰਿ ਚਾਲਾਕਿ ਗੁਰ ਗੋਬਿੰਦ ਸਿੰਘ ।੧੪੨।

ਅਤੇ ਗੁਰੂ ਗੋਬਿੰਦ ਸਿੰਘ ਦੇ ਚਾਕਰ ਚੁਸਤ ਚਾਲਾਕ ਹਨ ।

ਤਖ਼ਤਿ ਬਾਲਾ ਜ਼ੇਰਿ ਗੁਰ ਗੋਬਿੰਦ ਸਿੰਘ ।

ਆਕਾਸ਼ ਦੇ ਉਚੇਰਾ ਤਖ਼ਤ ਗੁਰੂ ਗੋਬਿੰਦ ਸਿੰਘ ਦੇ ਹੇਠ ਹੈ,

ਲਾਮਕਾਨੇ ਸੈਰ ਗੁਰ ਗੋਬਿੰਦ ਸਿੰਘ ।੧੪੩।

ਗੁਰੂ ਗੋਬਿੰਦ ਸਿੰਘ ਅਨੰਤ ਵਿਚ ਵਿਚਰਦੇ ਹਨ ।

ਬਰ ਤਰ ਅਜ਼ ਹਰ ਕਦਰ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਦੀ ਕਦਰ ਕੀਮਤ ਸਭ ਨਾਲੋਂ ਉਚੇਰੀ ਹੈ,

ਜਾਵਿਦਾਨੀ ਸਦਰ ਗੁਰ ਗੋਬਿੰਦ ਸਿੰਘ ।੧੪੪।

ਅਤੇ ਗੁਰੂ ਗੋਬਿੰਦ ਸਿੰਘ ਅਬਿਨਾਸ਼ੀ ਸਿੰਘਾਸਨ ਦੇ ਮਾਲਕ ਹਨ ।

ਆਲਮੇ ਰੌਸ਼ਨ ਜ਼ਿ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਸਦਕਾ ਇਹ ਸੰਸਾਰ ਰੌਸ਼ਨ ਹੈ,

ਜਾਨੋ ਦਿਲ ਗੁਲਸ਼ਨ ਜ਼ਿ ਗੁਰ ਗੋਬਿੰਦ ਸਿੰਘ ।੧੪੫।

ਗੁਰੂ ਗੋਬਿੰਦ ਸਿੰਘ ਸਦਕਾ ਜਾਨ ਅਤੇ ਦਿਲ ਗੁਲਜ਼ਾਰ ਹਨ ।

ਰੂਜ਼ ਅਫਜ਼ੂੰ ਜਾਹਿ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਦਾ ਮਰਤਬਾ ਦਿਨ ਬਦਿਨ ਵਧਦਾ ਹੈ,

ਜ਼ੇਬਿ ਤਖ਼ਤੋ ਗਾਹਿ ਗੁਰ ਗੋਬਿੰਦ ਸਿੰਘ ।੧੪੬।

ਗੁਰੂ ਗੋਬਿੰਦ ਸਿੰਘ ਤਖ਼ਤ ਅਤੇ ਅਸਥਾਨ ਦੀ ਸ਼ੋਭਾ ਹਨ ।

ਮੁਰਸ਼ੁਦ-ਦਾੱਰੈਨ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਦੋਹਾਂ ਜਹਾਨਾਂ ਦੇ ਸਤਿਗੁਰੂ ਹਨ,

ਬੀਨਸ਼ਿ ਹਰ ਐਨ ਗੁਰ ਗੋਬਿੰਦ ਸਿੰਘ ।੧੪੭।

ਗੁਰੂ ਗੋਬਿੰਦ ਸਿੰਘ ਹਰ ਅੱਕ ਦੀ ਰੋਸ਼ਨੀ ਹਨ ।

ਜੁਮਲਾ ਦਰ ਫ਼ਰਮਾਨਿ ਗੁਰ ਗੋਬਿੰਦ ਸਿੰਘ ।

ਸਾਰਾ ਸੰਸਾਰ ਗੁਰੂ ਗੋਬਿੰਦ ਸਿੰਘ ਦੇ ਹੁਕਮ ਵਿਚ ਹੈ,

ਬਰ ਤਰ ਆਮਦ ਸ਼ਾਨਿ ਗੁਰ ਗੋਬਿੰਦ ਸਿੰਘ ।੧੪੮।

ਗੁਰੂ ਗੋਬਿੰਦ ਸਿੰਘ ਦੀ ਸਭ ਤੋਂ ਵੱਡੀ ਸ਼ਾਨ ਹੈ ।

ਹਰ ਦੋ ਆਲਮ ਖ਼ੈਲਿ ਗੁਰ ਗੋਬਿੰਦ ਸਿੰਘ ।

ਦੋਵੇਂ ਦੁਨੀਆਂ ਗੁਰੂ ਗੋਬਿੰਦ ਸਿੰਘ ਦਾ ਕਬੀਲਾ ਹਨ,

ਜੁਮਲਾ ਅੰਦਰ ਜ਼ੈਲਿ ਗੁਰ ਗੋਬਿੰਦ ਸਿੰਘ ।੧੪੯।

ਸਾਰੇ ਲੋਕ ਗੁਰੂ ਗੋਬਿੰਦ ਸਿੰਘ ਦਾ ਪੱਲਾ ਫੜਨਹਾਰੇ ਹਨ ।

ਵਾਹਿਬੋ ਵੱਹਾਬ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਬਖਸ਼ਿਸ਼ਾਂ ਕਰਨ ਵਾਲੇ ਸਖੀ ਹਨ,

ਫ਼ਾਤਿਹਿ ਹਰ ਬਾਬ ਗੁਰ ਗੋਬਿੰਦ ਸਿੰਘ ।੧੫੦।

ਗੁਰੂ ਗੋਬਿੰਦ ਸਿੰਘ ਹਰ ਥਾਂ ਦੇ ਵਿਜੇਈ ਹਨ, ਹਰ ਦਰ ਦੇ ਖੋਲ੍ਹਣ ਹਾਰੇ ਹਨ।

ਸ਼ਾਮਿਲਿ-ਲ-ਅਸ਼ਫ਼ਾਕ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਮਿਹਰਾਂ ਨਾਲ ਭਰਪੂਰ ਹਨ,

ਕਾਮਿਲਿ-ਲ-ਅਖ਼ਲਾਕ ਗੁਰ ਗੋਬਿੰਦ ਸਿੰਘ ।੧੫੧।

ਗੁਰੂ ਗੋਬਿੰਦ ਸਿੰਘ ਸਦਾਚਾਰ ਵਿਚ ਪਰੀਪੂਰਣ ਹਨ ।

ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ ।

ਗੁਰੂ ਗੋਬਿੰਦ ਸਿੰਘ ਹਰ ਸਰੀਰ ਵਿਚ ਦੀ ਰੂਹ ਹਨ,

ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ ।੧੫੨।

ਗੁਰੂ ਗੋਬਿੰਦ ਸਿੰਘ ਹਰ ਅੱਖ ਵਿਚਲਾ ਨੂਰ ਹਨ ।

ਜੁਮਲਾ ਰੋਜ਼ੀ ਖ਼ਾਰਿ ਗੁਰ ਗੋਬਿੰਦ ਸਿੰਘ ।

ਸਾਰੇ ਹੀ ਗੁਰੂ ਗੋਬਿੰਦ ਸਿੰਘ ਦੇ (ਦਰ ਤੋਂ) ਰੋਜ਼ੀ ਪਰਾਪਤ ਕਰਨ ਵਾਲੇ ਹਨ,

ਬੈਜ਼ਿ ਹੱਕ ਇਮਤਾਰ ਗੁਰ ਗੋਬਿੰਦ ਸਿੰਘ ।੧੫੩।

ਗੁਰੂ ਗੋਬਿੰਦ ਸਿੰਘ ਰੱਬ ਦੀ ਮਿਹਰ ਦੇ ਬੱਦਲ ਵਰਸਾਉਣ ਵਾਲੇ ਹਨ ।

ਬਿਸਤੋ ਹਫ਼ਤ ਗਦਾਇ ਗੁਰ ਗੋਬਿੰਦ ਸਿੰਘ ।

ਸਤਾਈ ਵਲਾਇਤਾਂ ਗੁਰੂ ਗੋਬਿੰਦ ਸਿੰਘ ਦੇ ਭਿਖਾਰੀ ਹਨ,

ਹਫ਼ਤ ਹਮ ਸ਼ੈਦਾਇ ਗੁਰ ਗੋਬਿੰਦ ਸਿੰਘ ।੧੫੪।

ਸੱਤੇ ਸੰਸਾਰ ਗੁਰੂ ਗੋਬਿੰਦ ਸਿੰਘ ਤੋਂ ਕੁਰਬਾਨ ਜਾਂਦੇ ਹਨ ।

ਖ਼ਾਕਹੂਬਿ ਸਰਾਇ ਗੁਰ ਗੋਬਿੰਦ ਸਿੰਘ ।

ਪੰਜੇ ਇੰਦਰ ਗੁਰੂ ਗੋਬਿੰਦ ਸਿੰਘ ਦੇ ਗੁਣਾਂ ਨੂੰ ਸ਼ੋਭਾ ਦੇਣ ਵਾਲੇ ਹਨ,

ਖ਼ੱਮਸ ਵਸਫ਼ ਪੈਰਾਇ ਗੁਰ ਗੋਬਿੰਦ ਸਿੰਘ ।੧੫੫।

ਅਤੇ ਗੁਰੂ ਗੋਬਿੰਦ ਸਿੰਘ ਦੇ ਮਹਿਲਾਂ ਦੇ ਝਾੜੂ-ਬਰਦਾਰ ਹਨ ।

ਬਰ ਦੋ ਆਲਮ ਦਸਤਿ ਗੁਰ ਗੋਬਿੰਦ ਸਿੰਘ ।

ਦੋਹਾਂ ਜਹਾਨਾਂ ਉੱਤੇ ਗੁਰੂ ਗੋਬਿੰਦ ਸਿੰਘ (ਦੀ ਮਿਹਰ) ਦਾ ਹੱਥ ਹੈ,

ਜੁਮਲਾ ਉਲਵੀ ਪਸਤਿ ਗੁਰ ਗੋਬਿੰਦ ਸਿੰਘ ।੧੫੬।

ਸਾਰੇ ਫਰਿਸ਼ਤੇ ਅਤੇ ਦੇਵਤੇ ਗੁਰੂ ਗੋਬਿੰਦ ਸਿੰਘ ਸਾ੍ਹਮਣੇ ਤੁਛ ਹਨ ।

ਲਾਅਲ ਸਗੇ ਗੁਲਾਮਿ ਗੁਰ ਗੋਬਿੰਦ ਸਿੰਘ ।

(ਨੰਦ) ਲਾਲ ਗੁਰੂ ਗੋਬਿੰਦ ਸਿੰਘ (ਦੇ ਦਰ) ਦਾ ਇਕ ਗੁਲਾਮ ਕੂਕਰ ਹੈ,

ਦਾਗ਼ਦਾਰਿ ਨਾਮਿ ਗੁਰ ਗੋਬਿੰਦ ਸਿੰਘ ।੧੫੭।

ਉਹ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਦਾਗ ਵਾਲਾ ਹੈ ।

ਕਮਤਰੀਂ ਜ਼ਿ ਸਗਾਨਿ ਗੁਰ ਗੋਬਿੰਦ ਸਿੰਘ ।

(ਨੰਦ ਲਾਲ) ਗੁਰੂ ਗੋਬਿੰਦ ਸਿੰਘ ਦੇ ਕੁੱਤਿਆਂ ਤੋਂ ਵੀ ਨੀਵਾਂ ਹੈ,

ਰੇਜ਼ਾ-ਚੀਨਿ ਖ਼੍ਵਾਨਿ ਗੁਰ ਗੋਬਿੰਦ ਸਿੰਘ ।੧੫੮।

ਉਹ ਗੁਰੂ ਗੋਬਿੰਦ ਸਿੰਘ ਦੇ ਦਸਤਰਖਾਨ ਤੋਂ ਭੋਰੇ ਚੁਗਣ ਵਾਲਾ ਹੈ ।

ਸਾਇਲ ਅਜ਼ ਇਨਆਮਿ ਗੁਰ ਗੋਬਿੰਦ ਸਿੰਘ ।

ਇਹ ਦਾਸ ਗੁਰੂ ਗੋਬਿੰਦ ਸਿੰਘ ਦੇ ਇਨਾਮ ਦੀ ਇੱਛਾ ਰਖਦਾ ਹੈ,

ਖ਼ਾਕਿ ਪਾਕਿ ਅਕਦਾਮਿ ਗੁਰ ਗੋਬਿੰਦ ਸਿੰਘ ।੧੫੯।

ਅਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਪਵਿੱਤ੍ਰ ਧੂੜੀ ਦੀ ਬਖਸ਼ਿਸ਼ ਦਾ ਜਾਚਕ ਹੈ ।

ਬਾਦ ਜਾਨਸ਼ ਫ਼ਿਦਾਇ ਗੁਰ ਗੋਬਿੰਦ ਸਿੰਘ ।

(ਰੱਬ ਕਰੇ) ਇਸ ਨੰਦ ਲਾਲ ਦੀ ਜਾਨ ਗੁਰੂ ਗੋਬਿੰਦ ਸਿੰਘ ਤੋਂ ਕੁਰਬਾਨ ਹੋਵੇ,

ਫ਼ਰਕਿ ਊ ਬਰ ਪਾਇ ਗੁਰ ਗੋਬਿੰਦ ਸਿੰਘ ।੧੬੦।

ਅਤੇ ਉਸਦਾ ਸੀਸ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੇ ਟਿਕਿਆ ਰਹੇ ।


Flag Counter