ਉਸ ਦੀ ਸਤਵੀਂ ਪਾਤਸ਼ਾਹੀ ਸੱਤ ਵਲਾਇਤਾਂ ਅਤੇ ਨੌ ਅਸਮਾਨਾਂ ਤੋਂ ਵਡੇਰੀ ਹੈ । ਸੱਤਾਂ ਪਾਸਿਆਂ ਅਤੇ ਨੌਵਾਂ ਹੱਦਾਂ ਦੇ ਸੈਂਕੜੇ ਹਜ਼ਾਰਾ ਧਰਤੀ ਦੇ ਲੋਕ ਲੱਕ ਬੱਧੀ ਉਸ ਦੁਆਰੇ ਤੇ ਖਲੋਤੇ ਰਹਿੰਦੇ ਹਨ ਅਤੇ ਪਾਕ ਪਵਿੱਤ੍ਰ ਫਰਿਸ਼ਤੇ ਉਸ ਦੇ ਆਗਿਆਕਾਰ ਚਾਕਰ ਹਨ । ਉਹ ਮੌਤ ਦੇ ਫੰਦੇ ਤੋਂ ਤੋੜਣ ਵਾਲਾ ਹੈ ਅਤੇ ਭਿਆਨਕ ਜਮਰਾਜ ਦੀ ਛਾਤੀ ਉਸ ਦੀ ਵਡਿਆਈ ਸੁਣ ਕੇ ਪਾਟ ਜਾਂਦੀ ਹੈ । ਉਹ ਅਬਿਨਾਸੀ ਪਾਤਸ਼ਾਹੀ ਦੇ ਤਖਤ ਉੱਪਰ ਬਰਾਜਮਾਨ ਹੈ, ਅਤੇ ਬਖਸ਼ਿਸ਼ਾਂ ਕਰਨ ਵਾਲੇ ਧਨੀ (ਨਿਰੰਕਾਰ) ਦੀ ਦਰਗਾਹ ਦਾ ਪਿਆਰਾ ਹੈ । ਵਡਿਆਈਆਂ ਅਤੇ ਨਿਆਮਤਾਂ ਬਖਸ਼ਣ ਵਾਲਾ ਖੁਦ ਉਸਦਾ ਤਾਲਬ ਹੈ, ਅਤੇ ਉਸ ਦੀ ਸ਼ਕਤੀ ਅਤੇ ਕੁਦਰਤ ਉਪਰ ਉਸਦੀ ਤਾਕਤ ਗ਼ਾਲਬ ਹੈ । ਉਸਦੇ ਮੁਬਾਰਕ ਨਾਮ ਦਾ ਕਾਫ਼ ਰੱਬ ਦੇ ਨਿਕਟ-ਵਰਤੀਆਂ ਲਈ ਸੁਖਾਵਤ ਦਾ ਸੂਚਕ ਹੈ । ਉਸ ਦੇ ਸੱਚ ਵਲ ਝੁਕਣ ਵਾਲੀ ਰੇ ਫ਼ਰਿਸ਼ਤਿਆਂ ਲਈ ਅਮਰ ਰਸ ਹੈ । ਉਸ ਦੀ ਅਲਿਫ ਸਮੇਤ ਤੇ ਆਸਮਾਨ ਦੇ ਰੁਸਤਮ ਅਤੇ ਬਹਮਨ ਵਰਗੇ ਪਹਿਲਵਾਨਾਂ ਦਾ ਪੰਜਾ ਤੋੜ ਮਰੋੜ ਦੇਂਦੀ ਹੈ । ਉਸ ਦੇ ਨਾਮ ਦੀ ਹੇ ਸਮੇਤ ਰੇ ਆਸਮਾਨ ਦੇ ਦਬ-ਦਬੇ ਵਾਲੇ ਸ਼ਸਤ੍ਰਧਾਰੀਆਂ ਨੂੰ ਹਰਾ ਦੇਣ ਵਾਲੀ ਹੈ । ਉਸਦੀ ਰੇ ਸਮੇਤ ਅਲਿਫ ਚੋਣਵੇਂ ਬੱਬਰ ਸ਼ੇਰ ਨੂੰ ਪਾਲਤੂ ਬਣਾ ਲੈਂਦੀ ਹੈ ਅਤੇ ਉਸ ਦੀ ਅੰਤਮ ਯ ਹਰ ਆਮ ਖ਼ਾਸ ਦੀ ਸਹਾਈ ਹੈ ।
ਗੁਰੂ ਕਰਤਾ ਹਰਿ ਰਾਇ ਸੱਚ ਦੇ ਪਾਲਨਹਾਰ ਵੀ ਹੈ ਅਤੇ ਸੱਚ ਦੀ ਧਾਰਨੀ ਵੀ ਹਨ ।
ਗੁਰੂ ਕਰਤਾ ਹਰਿ ਰਾਇ ਸੁਲਤਾਨ ਵੀ ਹਨ ਅਤੇ ਦਰਵੇਸ਼ ਵੀ ।
ਗੁਰੂ ਕਰਤਾ ਹਰਿ ਰਾਇ ਦੋਹਾਂ ਜਹਾਨਾਂ ਦਾ ਬਖਸ਼ਿਸ਼ ਕਰਨਵਾਲਾ ਹੈ,
ਗੁਰੂ ਕਰਤਾ ਹਰਿ ਰਾਇ ਲੋਕ ਪਰਲੋਕ ਦਾ ਸਰਦਾਰ ਹੈ ।
ਰੱਬ ਗੁਰੂ ਕਰਤਾ ਹਰਿ ਰਾਇ ਦੀਆਂ ਬਖਸ਼ਿਸ਼ਾਂ ਦੀ ਸਿਫਤ ਕਰਨ ਵਾਲਾ ਹੈ,
ਸਾਰੇ ਖਾਸ ਲੋਕ ਗੁਰੂ ਕਰਤਾ ਹਰਿ ਰਾਇ ਕਰਕੇ ਸਫ਼ਲ ਹਨ ।
ਗੁਰੂ ਕਰਤਾ ਹਰਿ ਰਾਇ ਦੀ ਬਾਣੀ ਸੱਚ ਦੀ ਪਾਤਸ਼ਾਹ ਹੈ,
ਗੁਰੂ ਕਰਤਾ ਹਰਿ ਰਾਇ ਨੌਂ ਆਸਮਾਨਾਂ ਨੂੰ ਹੁਕਮ ਦੇਣ ਵਾਲਾ ਹੈ ।
ਗੁਰੂ ਕਰਤਾ ਹਰਿ ਰਾਇ ਬਾਗ਼ੀਆਂ ਅਤੇ ਸਿਰਫਿਰਿਆਂ ਦਾ ਸਿਰ ਕਲਮ ਕਰਨ ਵਾਲਾ ਹੈ,
ਗੁਰੂ ਕਰਤਾ ਹਰਿ ਰਾਇ ਕਮਜ਼ੋਰਾਂ ਅਤੇ ਨਿਆਸਰਿਆਂ ਦਾ ਯਾਰ ਅਤੇ ਆਸਰਾ ਹੈ ।