ਗੰਜ ਨਾਮਾ ਭਾਈ ਨੰਦ ਲਾਲ ਜੀ

ਅੰਗ - 5


ਪੰਜਵੀਂ ਪਾਤਸ਼ਾਹੀ ।

ਪੰਜਵੀਂ ਗੱਦੀ ਰੱਬੀ ਨੂਰ ਦੀਆਂ ਚੌਹਾਂ ਮਸ਼ਾਲਾਂ ਦੀ ਲੋ ਨੂੰ ਚਮਕਾਉਣ ਵਾਲੀ ਸੀ । ਆਪਣੀ ਉੱਚਤਾ ਕਰਕੇ ਉਹ, ਪੰਜਵੀਂ ਗੱਦੀ ਦਾ ਮਾਲਕ, ਉੱਚੇ ਅਸਥਾਨ ਅਤੇ ਰੁਤਬੇ ਵਾਲੇ, ਉਚੇਰੇ ਰੱਬੀ ਸ਼ਾਨ ਸ਼ੋਕਤ ਵਾਲੇ, ਸੱਚ ਦੇ ਪਾਲਣਹਾਰੇ ਅਤੇ ਵੱਡੀ ਵਡਿਆਈ ਦਾ ਪਰਸਾਰ ਕਰਨ ਵਾਲੇ, ਪੰਜਾਂ ਪਵਿੱਤ੍ਰ ਸ਼ਰੇਣੀਆਂ ਨਾਲੋਂ ਕਿਧਰੇ ਵਡੇਰਾ ਸੀ । ਉਹ ਉੱਚੀ ਦਰਗਾਹ ਦਾ ਲਾਡਲਾ ਅਤੇ ਬੇਨਜ਼ੀਰ ਦਰਬਾਰ ਦਾ ਪਿਆਰਾ ਸੀ । ਉਹ ਰੱਬ ਵਿਚ ਸੀ ਅਤੇ ਰੱਬ ਉਸ ਦੀ ਜ਼ਾਤ ਵਿਚ ਸੀ । ਉਸ ਦੀਆਂ ਸਿਫਤਾਂ ਦਾ ਵਰਨਣ ਸਾਡੀ ਜੀਭ ਦੇ ਬਿਆਨ ਤੋਂ ਬਾਹਰ ਹੈ । ਖਾਸ ਵਿਅਕਤੀ ਉਸ ਦੇ ਰਾਹ ਦੀ ਧੂੜ ਹਨ ਅਤੇ ਰੱਬੀ ਫ਼ਰਿਸ਼ਤੇ ਉਸ ਦੀ ਪਨਾਹ ਦੀ ਛਤਰ ਛਾਇਆ ਹੇਠ ਹਨ । ਸੰਸਾਰ ਨੂੰ ਇਕ ਲੜੀ ਵਿਚ ਪਰੋਈ ਰੱਖਣ ਵਾਲੀ ਰੱਬ ਦੀ ਏਕਤਾ ਦਰਸਾਉਣ ਵਾਲੇ ਅਰਜਨ ਨਾਮ ਦਾ ਅਲਿਫ ਹਰ ਨਿਰਾਸੇ ਤੇ ਧ੍ਰਿਕਾਰੇ ਨੂੰ ਸਹਾਇਤਾ ਦੇਣ ਵਾਲਾ ਹੈ । ਉਸ ਦੇ ਨਾਮ ਦੀ ਖੁਸ਼ੀ ਵਧਾਉਣ ਵਾਲੀ ਰੇ ਹਰ ਥੱਕੇ-ਟੁੱਟੇ ਅਤੇ ਨਿਮਾਣੇ ਦਾ ਮਿੱਤ੍ਰ ਹੈ । ਉਸ ਦੀ ਰੱਬੀ ਸੁਗੰਧੀ ਵਾਲੀ ਜੀਮ ਪੱਕੇ ਸਿਕਦਵਾਨਾਂ ਦੀ ਰੂਹ ਨੂੰ ਤਾਜ਼ਗੀ ਬਖਸ਼ਣ ਵਾਲੀ ਹੈ । ਬਖਸ਼ਿਸ਼ ਦਾ ਸਾਥੀ ਨੂੰਨ ਸ਼ਰਧਾਵਾਨਾਂ ਨੂੰ ਨਿਵਾਜਣ ਵਾਲਾ ਹੈ ।

ਵਾਹਿਗੁਰੂ ਜੀਓ ਸਤ ।

ਵਾਹਿਗੁਰੂ ਜੀਓ ਹਾਜ਼ਰ ਨਾਜ਼ਰ ਹੈ ।

ਗੁਰੂ ਅਰਜਨ ਜੁਮਲਾ ਜੂਦੋ ਫ਼ਜ਼ਾਲ ।

ਗੁਰੂ ਅਰਜਨ ਬਖ਼ਸ਼ਿਸ਼ ਅਤੇ ਵਡਿਆਈ ਦਾ ਰੂਪ ਹੈ,

ਹਕੀਕਤ ਪਜ਼ੋਹਿੰਦਾਇ ਹੱਕ ਜਮਾਲ ।੭੫।

ਰੱਬੀ ਸ਼ਾਨ ਦੀ ਅਸਲੀਅਤ ਦਾ ਢੂੰਡਣਹਾਰਾ ਹੈ ।

ਵਜੂਦਸ਼ ਹਮਾ ਰਹਿਮਤਿ ਈਜ਼ਦੀ ।

ਉਸਦਾ ਸਾਰਾ ਵਜੂਦ ਰੱਬ ਦੀ ਰਹਿਮਤ ਦਾ ਝਲਕਾਰਾ ਹੈ,

ਸਆਦਤ ਫਜ਼ਾਇੰਦਇ ਸਰਮਦੀ ।੭੬।

ਅਤੇ ਸਦੀਵੀ ਨੇਕ ਗੁਣਾਂ ਨੂੰ ਵਧਾਉਣ ਵਾਲਾ ਹੈ ।

ਮੁਰੀਦਸ਼ ਦੋ ਆਲਮ ਚਿਹ ਬਲ ਸਦ ਹਜ਼ਾਰ ।

ਦੋ ਜਹਾਨ ਕੀ, ਲੱਖਾਂ ਹੀ ਉਸ ਦੇ ਮੁਰੀਦ ਹਨ,

ਹਮਾ ਕਰਮਹਾਇ ਊ ਜੁੱਰਾਅ ਖ਼੍ਵਾਰ ।੭੭।

ਸਾਰੇ ਹੀ ਉਸਦੀ ਮਿਹਰ ਦੇ ਅੰਮ੍ਰਿਤ ਰੂਪੀ ਘੁਟ ਪੀਣ ਵਾਲੇ ਹਨ ।

ਅਜ਼ੋ ਨਜ਼ਮ ਕਾਲਿ ਹੱਕ ਅੰਦੇਸ਼ਾ ਰਾ ।

ਰੱਬੀ ਵਿਚਾਰ ਵਾਲੀ ਬਾਣੀ ਉਸੇ ਤੋਂ ਹੀ ਉਤਰਦੀ ਹੈ,

ਬਦੋ ਨਸਕ ਇਲਇ ਯਕੀਂ-ਪੇਸ਼ਾ ਰਾ ।੭੮।

ਸਿਦਕ ਭਰੋਸੇ ਵਾਲੇ ਗਿਆਨ ਭਰਪੂਰ ਲੇਖ ਵੀ ਉਸੇ ਦੇ ਹੀ ਹਨ ।

ਜਲਾਇ ਮਕਾਲਿ ਹੱਕ ਆਮਦ ਅਜ਼ੋ ।

ਰੱਬੀ ਗਿਆਨ ਗੋਸ਼ਟ ਨੂੰ ਉਸੇ ਤੋਂ ਹੀ ਚਮਕ ਦਮਕ ਪ੍ਰਾਪਤ ਹੈ,

ਫ਼ਰੋਗ਼ਿ ਜਮਾਲਿ ਹੱਕ ਆਮਦ ਅਜ਼ੋ ।੭੯।

ਰੱਬੀ ਹੁਸਨ ਨੂੰ ਉਸੇ ਤੋਂ ਹੀ ਨਿਖਾਰ ਅਤੇ ਖੇੜਾ ਆਉਂਦਾ ਹੈ ।


Flag Counter