ਗੰਜ ਨਾਮਾ ਭਾਈ ਨੰਦ ਲਾਲ ਜੀ

ਅੰਗ - 1


ਵਾਹਿਗੁਰੂ ਜੀਓ ਹਾਜ਼ਰ ਨਾਜ਼ਰ ਹੈ ।

ਦਿਲੋ ਜਾਨਮ ਬ-ਹਰ ਸਬਾਹੋ ਮਸਾ ।

ਮੇਰਾ ਦਿਲ ਅਤੇ ਜਾਨ ਹਰ ਸਵੇਰੇ ਅਤੇ ਸ਼ਾਮ,

ਸਰੋ ਫ਼ਰਕਮ ਜ਼ਿ ਰੂਇ ਸਿਦਕੋ ਸਫ਼ਾ ।੧।

ਮੇਰਾ ਸਿਰ ਤੇ ਮੱਥਾ ਸਿਦਕ ਸਫ਼ਾਈ ਨਾਲ

ਬਾਦ ਬਰ ਮੁਰਸ਼ਦ ਤਰੀਕਿ ਨਿਸਾਰ ।

ਆਪਣੇ ਗੁਰੂ ਤੋਂ ਕੁਰਬਾਨ ਜਾਵੇ,

ਅਜ਼ ਸਰਿ ਇਜਜ਼ ਸਦ ਹਜ਼ਾਰਾਂ ਬਾਰ ।੨।

ਨਿੰਮਰਤਾ ਸਹਿਤ ਲੱਖਾਂ ਵਾਰ ਕੁਰਬਾਨ ਜਾਵੇ ।

ਕਿ ਜ਼ਿ ਇਨਸਾਂ ਮਲਿਕ ਨਮੂਦਸਤ ਊ ।

ਕਿਉਂ ਜੋ ਉਸ ਨੇ ਮਨੁਖਾਂ ਵਿੱਚੋਂ ਦੇਵਤੇ ਪ੍ਰਗਟ ਕੀਤੇ,

ਇਜ਼ਤਿ ਖ਼ਾਕੀਆਂ ਫ਼ਜ਼ੂਦਸਤ ਊ ।੩।

ਉਸ ਨੇ ਮਿੱਟੀ ਦੇ ਜੀਵਾਂ ਦੇ ਮਾਨ ਸਤਿਕਾਰ ਵਧਾ ਦਿੱਤੇ ।

ਖ਼ਾਸਗਾਂ ਜੁਮਲਾ ਖ਼ਾਕਿ ਪਾਇ ਊ ।

ਉਸ ਦੇ ਸਤਿਕਾਰੇ ਹੋਏ ਸਾਰੇ ਹੀ ਉਸ ਦੇ ਚਰਨਾਂ ਦੀ ਧੂੜ ਹਨ,

ਹਮਾ ਮਲਕੂਤੀਆਂ ਫ਼ਿਦਾਇ ਊ ।੪।

ਸਾਰੇ ਦੇਵੀ ਦੇਵਤੇ ਉਸ ਤੋਂ ਕੁਬਾਨ ਹਨ ।

ਗਰ ਫ਼ਿਰੋਜ਼ਦ ਹਜ਼ਾਰ ਮਿਹਰੋ ਮਾਹ ।

ਭਾਵੇਂ ਹਜ਼ਾਰਾਂ ਸੂਰਜ ਅਤੇ ਚੰਨ ਪਏ ਚਮਕਣ,

ਆਲਮੇ ਦਾਂ ਜੁਜ਼ ਊ ਤਮਾਮ ਸਿਆਹ ।੫।

ਪਰ ਉਸ ਗੁਰੂ ਤੋਂ ਬਿਨਾਂ ਸਾਰਾ ਜਹਾਨ ਘੋਰ ਅਨ੍ਹੇਰਾ ਹੈ ।

ਮੁਰਸ਼ਦਿ ਪਾਕ ਨੂਰਿ ਹੱਕ ਆਮਦ ।

ਪਾਕ ਪਵਿੱਤ੍ਰ ਮੁਰਸ਼ਦ ਰੱਬ ਦਾ ਹੀ ਰੂਪ ਹੈ,

ਜ਼ਾਂ ਸਬੱਬ ਦਰ ਦਿਲਮ ਸਬਕ ਆਮਦ ।੬।

ਇਸੇ ਕਾਰਣ ਉਹ ਮੇਰੇ ਦਿਲ ਵਿਚ ਵਸ ਗਿਆ ਹੈ ।

ਆਂ ਕਸਾਨੇ ਕਿ ਜ਼ੋ ਨ ਯਾਦ ਆਰੰਦ ।

ਉਹ ਮਨੁਖ ਜਿਹੜੇ ਉਸ ਨੂੰ ਯਾਦ ਨਹੀਂ ਕਰਦੇ,

ਸਮਰਾ-ਏ ਜਾਨੋ ਦਿਲ ਬਬਾਦ ਆਰੰਦ ।੭।

ਸਮਝੋ ਕਿ ਉਨ੍ਹਾਂ ਨੇ ਆਪਣੀ ਜਾਨ ਅਤੇ ਦਿਲ ਦਾ ਫਲ ਅਜਾਈਂ ਗਵਾ ਲਿਆ ।

ਮਜ਼ਰਾ-ਇ ਪੁਰ ਸਮਰ ਬ-ਅਰਜ਼ਾਨੀ ।

ਇਸ ਸਸਤੇ ਫਲਾਂ ਨਾਲ ਭਰਪੂਰ ਖੇਤ ਨੂੰ

ਚੂੰ ਮ-ਬੀਨਦ ਜ਼ਿ ਦੂਰ ਸੇਰਾਨੀ ।੮।

ਜਦ ਉਹ ਦੂਰੋਂ ਰੱਜ ਕੇ ਦੇਖਦਾ ਹੈ,

ਇੰਬਸਾਤ ਆਇਦਸ਼ ਅਜ਼ਾਂ ਦੀਦਨ ।

ਤਾਂ ਉਸ ਨੂੰ ਵੇਖਣ ਵਿਚ ਆਨੰਦ ਪਰਾਪਤ ਹੁੰਦਾ ਹੈ,

ਬਰ ਸ਼ਤਾਬਦ ਜ਼ਿ ਬਹਿਰਿ ਬਰਚੀਦਨ ।੯।

ਅਤੇ ਉਹ ਉਨ੍ਹਾਂ ਫਲਾਂ ਨੂੰ ਤੋੜਨ ਲਈ ਨਸਦਾ ਹੈ ।

ਲੇਕ ਹਾਸਿਲ ਨਿਆਰਦ ਅਜ਼ ਵੈ ਬਾਰ ।

ਪਰ ਉਸ ਖੇਤ ਵਿੱਚੋਂ ਉਸਨੂੰ ਕੋਈ ਫਲ ਨਹੀਂ ਪਰਾਪਤ ਹੁੰਦਾ,

ਬਾਜ਼ ਗਰਦਦ ਗੁਰਜਨਾ ਖ਼ੁਆਰੋ ਨਜ਼ਾਰ ।੧੦।

ਅਤੇ ਉਹ ਫੇਰ ਭੁੱਖਾ ਤਿਹਾਇਆ ਅਤੇ ਕਮਜ਼ੋਰ ਮੁੜ ਜਾਂਦਾ ਹੈ ।

ਗ਼ੈਰ ਸਤਿਗੁਰ ਹਮਾ ਬ-ਦਾਂ ਮਾਨਦ ।

ਸਤਿਗੁਰੂ ਤੋਂ ਬਿਨਾਂ ਸਭ ਕੁਝ ਇਸੇ ਤਰ੍ਹਾਂ ਸਮਝ,

ਕਾਂ ਚੁਨਾਂ ਜ਼ਰਇ ਬਾਰ-ਵਰ ਦਾਨਦ ।੧੧।

ਜਿਵੇਂ ਕਿ ਝਾੜਾਂ ਅਤੇ ਕੰਡਿਆਂ ਨਾਲ ਭਰਿਆ ਹੋਇਆ ਖੇਤ ਹੋਵੇ ।

ਪਹਿਲੀ ਪਾਤਸ਼ਾਹੀ ।

ਪਹਿਲੀ ਪਾਤਸ਼ਾਹੀ ਉਸ ਸੱਚੇ ਅਤੇ ਸਮਰੱਥ ਦੇ ਨੂਰ ਨੂੰ ਚਮਕਾਉਣ ਵਾਲੀ, ਅਤੇ ਰੱਬ ਤੇ ਭਰੋਸੇ ਦੇ ਗਿਆਨ ਨੂੰ ਰੋਸ਼ਨ ਕਰਨ ਵਾਲੀ ਹੈ । ਉਸ ਸਦੀਵੀ ਜਾਣਕਾਰੀ ਦਾ ਝੰਡਾ ਉੱਚਂ ਕਰਨ ਵਾਲੀ ਅਤੇ ਗਿਆਨ ਦੇ ਅੰਨ੍ਹੇਰੇ ਨੂੰ ਦੂਰ ਕਰਨ ਵਾਲੀ, ਪਾਤਾਲ ਤੋਂ ਲੈਕੇ ਅਨੰਤ ਤਕ ਉਸ ਰੱਬ ਦੇ ਫਰਮਾਨ ਦਾ ਪਲਾਨਾ ਆਪਣੇ ਮੋਢੇ ਤੇ ਰੱਖੀ ਬੈਠੀ ਹੈ । ਲਾਹੂੂਤ ਤੋਂ ਲੈਕੇ ਇਸ ਜਹਾਨ ਤੱਕ ਸਭ ਉਸ ਦੇ ਦਰ ਦੀ ਖਾਕ ਹਨ । ਉਸ ਦਾ ਜੱਸ ਗਾਇਣ ਕਰਣ ਵਾਲਾ ਆਪ ਵੱਡੇ ਮਰਤਬੇ ਵਾਲਾ ਰੱਬ ਹੈ ਅਤੇ ਉਸ ਦਾ ਤਾਲਬ ਆਪ ਰੱਬ ਦੀ ਅਬਿਨਾਸੀ ਜ਼ਾਤ ਹੈ । ਹਰ ਚੌਥੇ ਅਤੇ ਛੇਵੇਂ ਫਰਿਸ਼ਤੇ ਦਾ ਕਲਾਮ ਵੀ ਉਸੇ ਦੀ ਸਿਫਤ ਸਾਲਾਹ ਕਰਣ ਤੋਂ ਅਸਮਰੱਥ ਹੈ ਅਤੇ ਉਸ ਦਾ ਨੂਰ ਨਾਲ ਭਰਿਆ ਝੰਡਾ ਦੋਹਾਂ ਜਹਾਨਾਂ ਤੇ ਝੁਲਦਾ ਹੈ । ਉਸ ਦੇ ਹੁਕਮ ਦੀ ਮਿਸਾਲ ਰੱਬ ਦੀਆਂ ਨੂਰਾਨੀ ਕਿਰਨਾਂ ਹਨ ਅਤੇ ਉਸਦੇ ਸਾਹਮਣੇ ਲੱਖਾਂ ਚੰਨ ਸੂਰਜ ਅੰਨ੍ਹੇਰੇ ਦੇ ਸਮੁੰਦਰ ਵਿਚ ਡੁਬ ਜਾਂਦੇ ਹਨ । ਉਸ ਦੇ ਬਚਨ ਅਤੇ ਆਗਿਆ ਦੁਨੀਆਂ ਦੇ ਲੋਕਾਂ ਲਈ ਸਰਵੋਤਮ ਹਨ, ਅਤੇ ਉਸ ਦੀ ਸਫਾਰਸ਼ ਦੋਹਾਂ ਜਹਾਨਾਂ ਲਈ ਪਹਿਲਾ ਦਰਜਾ ਰਖਦੀ ਹੈ । ਉਸ ਦੇ ਸੱਚੇ ਖਿਤਾਬ ਦੋਹਾਂ ਜਹਾਨਾਂ ਦੇ ਮੁਰਸ਼ਦ ਹਨ ਅਤੇ ਉਸ ਦੀ ਸੱਚੀ ਜ਼ਾਤ ਗੁਨਾਹਗਾਰਾਂ ਲਈ ਰਹਿਮਤ ਹੈ । ਰੱਬ ਦੀ ਦਰਗਾਹ ਦੇ ਦੇਵਤੇ ਉਸ ਮੁਰਸ਼ਦ ਦੇ ਚਰਨਾਂ ਦੀ ਧੂੜ ਨੂੰ ਚੁੰਮਦੇ ਹਨ ਅਤੇ ਉਚੇਰੇ ਦਰਬਾਰ ਦੇ ਪਵਿੱਤ੍ਰ ਫਰਸ਼ਿਤੇ ਉਸ ਮੁਰਸ਼ਦ ਦੇ ਗੋਲੇ ਅਤੇ ਗੁਲਾਮ ਹਨ । ਉਸ ਦੇ ਪਵਿੱਤ੍ਰ ਨਾਮ ਦੇ ਦੋਵੇਂ ਨੂੰਨ ਨਿਆਮਤਾਂ ਬਖਸ਼ਣ ਵਾਲੇ ਅਤੇ ਸਹਾਈ ਹੋਣ ਵਾਲੇ ਹਨ । ਵਿਚਕਾਰਲਾ ਅਲਿਫ ਅਕਾਲਪੁਰਖ ਦਾ ਲਖਾਇਕ ਹੈ, ਅਖੀਰਲਾ ਕਾਫ਼ ਅੰਤਮ ਮਹਾਂਪੁਰਖ ਦਾ ਸੂਚਕ ਹੈ । ਉਸ ਦੀ ਫਕੀਰੀ ਕਾਮਲ ਫਕਰ ਦਾ ਸਿਰ ਉੱਚਾ ਕਰਨ ਵਾਲੀ ਹੈ ਅਤੇ ਉਸ ਦੀ ਸਖਾਵਤ ਦੋਹਾਂ ਜਹਾਨਾਂ ਵਿਚ ਭਰਪੂਰ ਹੈ ।

ਵਾਹਿਗੁਰੂ ਜੀਓ ਸਤ ।

ਵਾਹਿਗੁਰੂ ਜੀਓ ਹਾਜ਼ਰ ਨਾਜ਼ਰ ਹੈ ।

ਨਾਮਿ ਊ ਸ਼ਾਹਿ ਨਾਨਕ ਹੱਕ ਕੇਸ਼ ।

ਉਸ ਦਾ ਨਾਮ ਨਾਨਕ ਪਾਤਸ਼ਾਹ ਹੈ ਤੇ ਉਹ ਸੱਚੇ ਧਰਮ ਵਾਲਾ ਹੈ ।

ਕਿ ਨਿਆਇਦ ਚੁਨੂੰ ਦਿਗਰ ਦਰਵੇਸ਼ ।੧੩।

ਅਤੇ ਉਸ ਜਿਹਾ ਹੋਰ ਕੋਈ ਦਰਵੇਸ਼ ਸੰਸਾਰ ਵਿਚ ਨਹੀਂ ਆਇਆ ।

ਫ਼ੁਕਰੇ ਊ ਫ਼ਕਰ ਰਾ ਸਰ-ਫ਼ਰਾਜ਼ੀ ।

ਉਸ ਦੀ ਫਕੀਰੀ ਦਰਵੇਸ਼ੀ ਦਾ ਸਿਰ ਉੱਚਾ ਕਰਦੀ ਹੈ,

ਪੇਸ਼ਿ ਊ ਕਾਰਿ ਜੁਮਲਾ ਜਾਨਬਾਜ਼ੀ ।੧੪।

ਉਸ ਦੇ ਸਾਮ੍ਹਣੇ ਸਭ ਦਾ ਕੰਮ ਜਾਨ ਵਾਰਨਾ ਹੈ ।

ਤਾਲਿਬੇ ਖ਼ਾਕਿ ਊ ਚਿਹ ਖ਼ਾਸੋ ਚਿਹ ਆਮ ।

ਕੀ ਖਾਸ ਅਤੇ ਕੀ ਆਮ ਲੋਕ, ਕੀ ਫਰਿਸ਼ਤੇ ਤੇ ਕੀ ਰੱਬੀ ਦਰਗਾਹ ਦੇ ਦਰਸ਼ਕ

ਚਿਹ ਮਲਾਇਕ ਚਿਹ ਹਾਜ਼ਿਰਾਨਿ ਤਮਾਮ ।੧੫।

ਸਾਰੇ ਹੀ ਉਸ ਦੀ ਧੂੜ ਦੇ ਜਾਚਕ ਹਨ ।

ਹੱਕ ਚੂ ਖ਼ੁੱਦ ਵਾਸਿਫ਼ਸ਼ ਚਿਗੋਇਮ ਮਨ ।

ਜਦ ਰੱਬ ਆਪ ਉਸ ਦੀ ਉਸਤਤਿ ਕਰਦਾ ਹੈ, ਤਾਂ ਮੈਂ ਕੀ ਸਿਫਤ ਕਰਾਂ#

ਦਰ ਰਹਿ ਵਸਫ਼ਿ ਊ ਚਿ ਪੇਇਮ ਮਨ ।੧੬।

ਉਸ ਦੀ ਸਿਫਤ ਦੇ ਰਾਹ ਤੇ ਮੈਂ ਕਿਵੇਂ ਚਲਾਂ #

ਸਦ ਹਜ਼ਾਰਾਂ ਮੁਰੀਦਸ਼ ਅਜ਼ ਮਲਕੂਤ ।

ਰੂਹਾਂ ਦੀ ਦੁਨੀਆ ਦੇ ਲੱਖਾਂ ਹੀ ਫਰਿਸ਼ਤੇ ਉਸ ਦੇ ਮੁਰੀਦ ਹਨ,

ਸਦ ਹਜ਼ਾਰਾਂ ਮੁਰੀਦਸ਼ ਅਜ਼ ਨਾਸੂਤ ।੧੭।

ਅਤੇ ਇਸ ਜਹਾਨ ਦੇ ਲੱਖਾਂ ਲੋਕ ਵੀ ਉਸ ਦੇ ਮੁਰੀਦ ਹਨ ।

ਹਮਾ ਜਬਰੂਤੀਆਂ ਫ਼ਿਦਾਇ ਊ ।

ਅਧਿਆਤਮਕ ਸੰਸਾਰ ਦੇ ਸਾਰੇ ਦੇਵਤੇ ਉਸ ਤੋਂ ਕੁਰਬਾਨ ਜਾਂਦੇ ਹਨ,

ਹਮਾ ਲਾਹੂਤੀਆਂ ਬਪਾਇ ਊ ।੧੮।

ਅਤੇ, ਰੂਹਾਨੀ ਸੰਸਾਰ ਦੇ ਸਾਰੇ ਫਰਿਸ਼ਤੇ ਵੀ ਉਸ ਤੋਂ ਕੁਰਬਾਨ ਜਾਂਦੇ ਹਨ ।

ਹਮਾ ਨਾਸੂਤੀਆਂ ਮਲਾਇਕਿ ਊ ।

ਇਸ ਜਹਾਨ ਦੇ ਸਾਰੇ ਲੋਕ ਉਸ ਦੇ ਬਣਾਏ ਹੋਏ ਦੇਵਤੇ ਹਨ,

ਜਲਵਾ-ਅਸ਼ ਦਾਂ ਤਹਿਤੋ ਫ਼ੌਕਿ ਨਿਕੂ ।੧੯।

ਉਸ ਦਾ ਦੀਦਾਰ ਹੋਠਾਂ ਉਪੱਰ ਸਭ ਥਾਈਂ ਪ੍ਰਕਾਸ਼ਮਾਨ ਹੈ ।

ਜਾ-ਨਸ਼ੀਨਾਨਿ ਊ ਅਜ਼ ਊ ਲਾਇਕ ।

ਉਸ ਦੀ ਸੰਗਤ ਕਰਣ ਵਾਲੇ ਸਭ ਗਿਆਨਵਾਨ ਹਨ,

ਜ਼ਿਕਰਿ ਤੰਸੀਫ਼ਿ ਜ਼ਾਤ ਰਾ ਲਾਇਕ ।੨੦।

ਉਹ ਰੱਬ ਦੀ ਜ਼ਾਤ ਦੀ ਸਿਫਤ ਸ਼ਲਾਘਾ ਕਰਨ ਵਾਲੇ ਹਨ ।

ਅਬਦ ਆਬਾਦ ਕਦਰੋ ਜਾਹੋ ਨਿਸ਼ਾਂ ।

ਉਨ੍ਹਾਂ ਦਾ ਮਾਨ ਸਤਿਕਾਰ, ਸਥਾਨ ਅਤੇ ਮਰਤਬਾ, ਅਤੇ ਨਾਮ ਨਿਸ਼ਾਨ ਦੁਨੀਆ ਤਕ ਸਥਿਰ ਹੈ,

ਬਰ ਅਫ਼ਰਾਜ਼ਦ ਜ਼ਿ ਯਕ ਦਿਗਰ ਸੁਬਹਾਂ ।੨੧।

ਉਹ ਪਾਕ ਪਰਵਰਦਗਾਰ ਉਨ੍ਹਾਂ ਨੂੰ ਦੂਜਿਆਂ ਨਾਲੋਂ ਉਚੇਰਾ ਦਰਜਾ ਬਖਸ਼ਦਾ ਹੈ ।

ਮੁਰਸ਼ਦੁਲ-ਆਲਮੀਂ ਸ਼ੁਦਸ਼ ਚੂ ਖ਼ਿਤਾਬ ।

ਜਦ ਦੋਹਾਂ ਜਹਾਨਾਂ ਦੇ ਮੁਰਸ਼ਦ ਨੇ ਆਪਣੀਆਂ ਅਨੇਕਾਂ

ਅਜ਼ ਅਨਾਯਾਤਿ ਹਜ਼ਰਤਿ ਵਹਾਬ ।੨੨।

ਬਖਸ਼ਿਸ਼ਾਂ ਦੁਆਰਾ ਉਸ (ਅਕਾਲਪੁਰਖ) ਨੂੰ ਸੰਬੋਧਨ ਕੀਤਾ ।

ਗੁਫ਼ਤ ਮਨ ਬੰਦਾ ਓ ਗੁਲਾਮਿ ਤੂ ਅਮ ।

ਤਾਂ ਉਸ ਨੇ ਕਿਹਾ, ਕਿ ਮੈਂ ਤੇਰਾ ਬੰਦਾ ਹਾਂ, ਤੇਰਾ ਗੁਲਾਮ ਹਾਂ,

ਖ਼ਾਕਿ ਅਕਦਾਮਿ ਖ਼ਾਸੋ ਆਮਿ ਤੂ ਅਮ ।੨੩।

ਅਤੇ ਤੇਰੇ ਸਾਰੇ ਆਮ ਅਤੇ ਖਾਸ ਬੰਦਿਆਂ ਦੇ ਚਰਨਾਂ ਦੀ ਧੂੜ ਹਾਂ ।

ਬਾਜ਼ ਚੂੰ ਹਮਚੂਨੀਂ ਖ਼ਿਤਾਬ ਆਮਦ ।

ਫਿਰ ਜਦ ਉਸ ਨੂੰ ਇਸੇ ਤਰ੍ਹਾਂ ਸੰਬੋਧਨ ਕੀਤਾ,

ਮਤਵਾਤਰ ਚੁਨੀਂ ਜਵਾਬ ਆਮਦ ।੨੪।

ਤਾਂ ਬਾਰ ਬਾਰ ਏਹੀ ਜੁਆਬ ਆਇਆ ।

ਕਿ ਮਨਮ ਦਰ ਤੂ ਗ਼ੈਰ ਤੂ ਕਸ ਨੀਸਤ ।

ਕਿ ਮੈਂ ਤੇਰੇ ਵਿਚ (ਵਸਦਾ) ਹਾਂ, ਅਤੇ ਤੇਰੇ ਬਿਨਾਂ ਹੋਰ ਕੋਈ ਦੂਜਾ ਨਹੀਂ (ਦਿਸਦਾ),

ਹਰ ਚਿਹ ਖ਼ਾਹਮ ਕੁਨਮ ਹਮਾ ਅਦਲੀਸਤ ।੨੫।

ਜੋ ਕੁਝ ਮੈਂ ਚਾਹੁੰਦਾ ਹਾਂ, ਉਹ ਕਰਦਾ ਹਾਂ ਅਤੇ ਓਹੀ ਇਨਸਾਫ ਦੀ ਗਲ ਹੈ ।

ਰਾਹਿ ਜ਼ਿਕਰਮ ਬ ਆਲਮੇ ਬਿਨੁਮਾ ।

ਮੇਰੇ ਸਿਮਰਨ ਦਾ ਰਾਹ ਇਸ ਜਹਾਨ ਵਿਚ ਵਿਖਾ ।

ਬ-ਹਮਾ ਸ਼ੋ ਜ਼ਿ ਵਸਫ਼ਿ ਮਨ ਗੋਯਾ ।੨੬।

ਅਤੇ ਮੇਰੀ ਕੀਤੀ ਸਿਫਤ ਨਾਲ ਸਭ ਨੂੰ ਪਵਿੱਤ੍ਰ ਕਰ ਦੇ ।

ਦਰ ਹਮਾ ਜਾ ਪਨਾਹੋ ਯਾਰਿ ਤੂ ਅਮ ।

ਸਭ ਥਾਂ ਮੈਂ ਤੇਰਾ ਦੋਸਤ ਹਾਂ ਅਤੇ ਤੇਰੀ ਪਨਾਹ ਹਾਂ,

ਯਾਵਰੀ ਬਖ਼ਸ਼ੋ ਖ਼ਾਸਤਗਾਰਿ ਤੂ ਅਮ ।੨੭।

ਮੈਂ ਤੇਰੀ ਸਹਾਇਤਾ ਕਰਨ ਵਾਲਾ ਹਾਂ, ਮੈਂ ਤੈਨੂੰ ਚਾਹੁਣ ਵਾਲਾ ਹਾਂ ।

ਹਰ ਕਿ ਨਾਮਿ ਤੂ ਬਰਤਰੀਂ ਦਾਨਦ ।

ਜਿਹੜਾ ਵੀ ਤੇਰੇ ਨਾਮ ਨੂੰ ਉੱਚਾ ਕਰੇਗਾ,

ਅਜ਼ ਦਿਲੋ ਜਾਂ ਬ-ਵਸਫ਼ਿ ਮਨ ਖ਼ਾਨਦ ।੨੮।

ਉਹ ਦਿਲ ਜਾਨ ਨਾਲ ਮੇਰੀ ਸਿਫ਼ਤ ਸ਼ਲਾਘਾ ਕਰੇਗਾ ।

ਮਨ ਊ ਰਾ ਜ਼ਾਤਿ ਖ਼ੁਦ ਨੁਮਾਇਮ ਬਾਜ਼ ।

ਮੈਨੂੰ ਫਿਰ ਆਪਣੀ ਅਪਰਮ ਅਪਾਰ ਜ਼ਾਤ ਵਿਖਾ,

ਐਹਦਿ ਮਨ ਸਖ਼ਤਗੀਰ ਬਰ ਕੁਨ ਸਾਜ਼ ।੨੯।

ਮੇਰੇ ਔਖੇ ਸਮੇਂ ਤੇ ਸਥਿਤੀ ਨੂੰ ਸੌਖਾ ਬਣਾ ਦੇ ।

ਗਿਰਦਿ ਆਲਮ ਬਰਆ ਵਾ ਹਾਦੀ ਸ਼ੌ ।

ਤੂੰ ਸੰਸਾਰ ਵਿਚ ਆ, ਅਤੇ ਰਾਹ ਵਿਖਾਉਣ ਵਾਲਾ ਬਣ,

ਕਿ ਜਹਾਂ ਗ਼ੈਰਿ ਮਨ ਨਿਯਰਜ਼ਦ ਜੌ ।੩੦।

ਕਿਉਂ ਜੋ ਮੇਰੇ ਬਿਨਾਂ ਇਸ ਜਹਾਨ ਦੀ ਜੌਂ ਭਰ ਵੀ ਕੀਮਤ ਨਹੀਂ ।

ਦਰ ਹਕੀਕਤ ਮਨਮ ਚੂ ਰਾਹ-ਨੁਮਾ ।

ਅਸਲ ਵਿਚ ਜਦ ਮੈਂ ਤੇਰਾ ਰਾਹ ਵਿਖਾਉਣ ਵਾਲਾ ਹਾਂ,

ਤੂ ਜਹਾਂ ਰਾ ਬਪਾਇ ਖ਼ੁਦ ਪੈਮਾ ।੩੧।

ਤਾਂ ਤੂੰ ਇਸ ਜਹਾਨ ਦਾ ਪੰਧ ਆਪਣੇ ਪੈਰਾਂ ਨਾਲ ਮੁਕਾ ।

ਹਰ ਕਿ ਰਾ ਖ਼ਾਹਮ ਵ ਸ਼ਵਮ ਹਾਦੀ ।

ਜਿਸ ਕਿਸੇ ਨੂੰ ਮੈਂ ਚਾਹੁੰਦਾ ਹਾਂ ਅਤੇ ਉਸ ਨੂੰ ਰਾਹ ਵਿਖਾਉਂਦਾ ਹਾਂ,

ਅਜ਼ ਤੂ ਦਰ ਦਿਲ ਦਰ-ਆਰਮਸ਼ ਸਾਦੀ ।੩੨।

ਤਾਂ ਉਸ ਦੇ ਕਾਰਨ ਉਸ ਦੇ ਦਿਲ ਵਿਚ ਖੁਸ਼ੀ ਲਿਆਉਂਦਾ ਹਾਂ ।

ਵਾਂ ਕਿ ਗੁਮਰਾਹ ਸਾਜ਼ਮਸ਼ ਜ਼ਿ ਗ਼ਜ਼ਬ ।

ਤੇ ਜਿਸ ਕਿਸੇ ਨੂੰ ਮੈਂ ਕਰੋਪ ਨਾਲ ਕੁਰਾਹੇ ਪਾ ਦਿਆਂ,

ਨ-ਰਸਦ ਅਜ਼ ਹਦਾਇਤਿ ਤੂ ਬ-ਰੱਬ ।੩੩।

ਉਹ ਤੇਰੀ ਸਿਖਿਆ ਨਾਲ ਵੀ ਰੱਬ ਤੱਕ ਨਹੀਂ ਪਹੁੰਚ ਸਕਦਾ ।

ਸ਼ੁਦਾ ਗੁਮਰਾਹ ਆਲਮੇ ਬੇਮਨ ।

ਇਹ ਸੰਸਾਰ ਮੇਰੇ ਬਿਨਾਂ ਕੁਰਾਹੇ ਪਿਆ ਹੋਇਆ ਹੈ,

ਸਾਹਿਰਾਂ ਗਸ਼ਤਾ ਅੰਦ ਜਾਦੂਇ ਮਨ ।੩੪।

ਮੇਰੇ ਜਾਦੂ, ਜਾਦੂਗਰ ਬਣ ਗਏ ਹਨ ।

ਮੁਰਦਗਾਂ ਰਾ ਕੁਨੰਦ ਜ਼ਿੰਦਾ ਹਮੀ ।

ਉਹ (ਮੇਰੇ ਜਾਦੂ) ਮੁਰਦਿਆਂ ਨੂੰ ਸੁਰਜੀਤ ਕਰ ਦਿੰਦੇ ਹਨ,

ਜ਼ਿੰਦਗਾਂ ਰਾ ਬਜਾਂ ਕੁਸ਼ੰਦਾ ਹਮੀ ।੩੫।

ਅਤੇ ਜੀਵੰਦਿਆਂ ਨੂੰ ਮਾਰ ਦਿੰਦੇ ਹਨ ।

ਆਤਿਸ਼ੇ ਰਾ ਕੁਨੰਦ ਆਬ ਵਸ਼ ।

ਉਹ (ਜਾਦੂ) ਅੱਗ ਨੂੰ ਪਾਣੀ ਵਾਂਗ ਬਣਾ ਦਿੰਦੇ ਹਨ,

ਬਰ ਸਰੇ ਆਬ ਜ਼ਨੰਦ ਆਤਿਸ਼ ।੩੬।

ਅਤੇ, ਪਾਣੀ ਨਾਲ ਅੱਗ ਨੂੰ ਬੁਝਾਉਂਦੇ ਹਨ ।

ਹਰ ਚਿਹ ਖ਼ਾਹੰਦ ਮੀ-ਕੁਨੰਦ ਹਮਾਂ ।

ਜੋ ਕੁਝ ਉਹ (ਮੇਰੇ ਜਾਦੂ) ਚਾਹੁੰਦੇ ਹਨ, ਉਹੀ ਕਰਦੇ ਹਨ ।

ਜੁਮਲਾ ਜਾਦੂ ਫ਼ਨ ਅੰਦ ਬਰ ਸਾਮਾਂ ।੩੭।

ਉਹ ਸਭ ਤਰ੍ਹਾਂ ਦੇ ਸਾਮਾਨ ਉਤੇ ਜਾਦੂ ਕਰਨ ਵਾਲੇ ਹਨ ।

ਰਾਹਿ ਸ਼ਾਂ ਰਾ ਨੁਮਾ ਬ-ਸੂਇ ਮਨ ।

ਉਨ੍ਹਾਂ ਦੇ ਰਾਹ ਨੂੰ ਮੇਰੀ ਵਲ ਮੋੜ,

ਕਿ ਪਜ਼ੀਰੰਦ ਗੁਫ਼ਤਗੂਇ ਮਨ ।੩੮।

ਤਾਂ ਜੋ ਉਹ ਮੇਰੇ ਬਚਨ ਗ੍ਰਹਿਣ ਕਰ ਸਕਣ ।

ਗ਼ੈਰ ਜ਼ਿਕਰਮ ਬ-ਜਾਦੁਏ ਨ-ਰਵੰਦ ।

ਉਹ ਬਿਨਾਂ ਮੇਰੇ ਸਿਮਰਨ ਦੇ ਕਿਸੇ ਜਾਦੂ ਵਲ ਨਹੀਂ ਜਾਂਦੇ,

ਜੁਜ਼ ਦਰਿ ਮਨ ਬਜਾਨਬੇ ਨ-ਰਵੰਦ ।੩੯।

ਅਤੇ ਉਹ ਬਿਨਾਂ ਮੇਰੇ ਦਰਵਾਜ਼ੇ ਦੇ ਕਿਸੇ ਹੋਰ ਪਾਸੇ ਨਹੀਂ ਜਾਂਦੇ ।

ਕਿ ਜ਼ਿ ਦੋਜ਼ਖ਼ ਸ਼ਵੰਦ ਰੁਸਤਾ ਹਮੇ ।

ਕਿਉਂ ਜੋ ਉਹ ਨਰਕਾਂ ਤੋਂ ਛੁੱਟ ਗਏ ਹਨ,

ਵਰਨਾ ਉਫ਼ਤੰਦ ਦਸਤ-ਬਸਤਾ ਹਮੇ ।੪੦।

ਨਹੀਂ ਤਾਂ ਉਹ ਹੱਥੀ ਬੱਧੀ ਡਿੱਗ ਪੈਂਦੇ ਹਨ ।

ਕਾਫ਼ ਤਾ ਕਾਫ਼ ਆਲਮੇ ਜੁਮਲਾ ।

ਇਹ ਸਾਰਾ ਜਹਾਨ, ਇੱਕ ਸਿਰੇ ਤੋਂ ਲੈਕੇ ਦੂਜੇ ਸਿਰੇ ਤੱਕ,

ਦਾਅਵਤ ਆਮੋਜ਼ੋ ਜ਼ਾਲਮੇ ਜੁਮਲਾ ।੪੧।

ਸੱਦਾ ਦੇ ਰਿਹਾ ਹੈ ਕਿ ਸਾਰਾ ਸੰਸਾਰ ਹੀ ਜ਼ੁਲਮ ਕਰ ਰਿਹਾ ਹੈ ।

ਰੰਜੋ ਫ਼ਰਹਤ ਜ਼ਿ ਮਨ ਨ ਮੀ-ਦਾਨੰਦ ।

ਮੇਰੇ ਕਾਰਣ ਉਹ ਗ਼ਮੀ ਅਤੇ ਖੁਸ਼ੀ ਨਹੀਂ ਜਾਣਦੇ,

ਹਮਾ ਅਜ਼ ਗ਼ੈਰਿ ਮਨ ਪਰੇਸ਼ਾਨੰਦ ।੪੨।

ਮੇਰੇ ਬਿਨਾਂ ਉਹ ਸਾਰੇ ਹੈਰਾਨ ਪਰੇਸ਼ਾਨ ਹਨ ।

ਔਜੁਮਨ ਮੀ-ਕੁਨੰਦ ਵ ਅਜ਼ ਅੰਜਮ ।

ਉਹ ਇਕੱਤ੍ਰ ਹੁੰਦੇ ਹਨ ਅਤੇ ਤਾਰਿਆਂ ਤੋਂ,

ਬਰ ਸ਼ੁਮਾਰੰਦ ਰੂਜ਼ਿ ਸ਼ਾਦੀ ਓ ਗ਼ਮ ।੪੩।

ਹਰਖ ਅਤੇ ਸੋਗ ਦੇ ਦਿਨ ਗਿਣਦੇ ਹਨ ॥

ਬਰ ਨਿਗਾਰੰਦ ਨਹਿਸੋ ਸਾਅਦ ਹਮੇ ।

ਉਹ ਫਿਰ ਮੰਦੇ ਚੰਗੇ ਭਾਗਾਂ ਨੂੰ ਪੱਤਰੀ ਵਿਚ ਲਿਖਦੇ ਹਨ,

ਬਾਜ਼ ਗੋਇੰਦ ਕਬਲੋ ਬਾਅਦ ਹਮੇ ।੪੪।

ਉਹ ਫਿਰ ਕਦੀ ਪਹਿਲਾਂ ਤੇ ਕਦੀ ਪਿੱਛੋਂ ਅਜੇਹਾ ਕਹਿੰਦੇ ਹਨ ।

ਨੀਸਤ ਸ਼ਾਂ ਰਾ ਬ-ਜ਼ਿਕਰ ਇਸਤਿਕਲਾਲ ।

ਉਹ ਰੱਬ ਦੇ ਸਿਮਰਨ ਵਿਚ ਸਥਿਰ ਅਤੇ ਪਰਪੱਕ ਨਹੀਂ ਹੁੰਦੇ,

ਕਾਲ ਦਾਨੰਦ ਜੁਮਲਗਾਂ ਬੇ-ਹਾਲ ।੪੫।

ਉਨ੍ਹਾਂ ਸਾਰਿਆਂ ਦੀ ਗਲ ਬਾਤ ਬੇਹਾਲਾਂ ਵਾਲੀ ਹੁੰਦੀ ਹੈ ।

ਰੂ ਨੁਮਾ ਜੁਮਲਾ ਰਾ ਸੂਇ ਫ਼ਿਕਰਮ ।

ਉਨ੍ਹਾਂ ਸਭਨਾਂ ਦਾ ਮੂੰਹ ਮੇਰੇ ਧਿਆਨ ਵਲ ਭਵਾ ਦੇ,

ਕਿ ਨਦਾਰੰਦ ਦੋਸਤ ਜੁਜ਼ ਜ਼ਿਕਰਮ ।੪੬।

ਤਾਂ ਜੋ ਮੇਰੇ ਸਿਮਰਨ ਤੋਂ ਬਿਨਾਂ ਹੋਰ ਕਿਸੇ ਨੂੰ ਮਿੱਤ੍ਰ ਨਾ ਸਮਝਣ ।

ਤਾ ਹਮਾ ਕਾਰਿ ਸ਼ਾਂ ਨਿਕੋ ਸਾਜ਼ਮ ।

ਤਾ ਕਿ ਮੈਂ ਉਨ੍ਹਾਂ ਦੇ ਕੰਮ, ਜੀਵਨ ਵਿਹਾਰ, ਠੀਕ ਕਰ ਦਿਆਂ,

ਖ਼ਾਤਰਿ ਸ਼ਾਂ ਜ਼ਿ ਨੂਰ ਬਿਤਰਾਜ਼ਮ ।੪੭।

ਅਤੇ ਉਨ੍ਹਾਂ ਦੀ ਮਨੋ ਬਿਰਤੀ ਧਰਮ ਦੀ ਲੋ ਨਾਲ ਸੁਆਰ ੁਦਆਂ ।

ਮਨ ਤੁਰਾ ਆਫ਼ਰੀਦਮ ਅਜ਼ ਪਏ ਆਂ ।

ਮੈਾ ਤੈਨੂੰ ਇਸ ਲਈ ਪੈਦਾ ਕੀਤਾ ਹੈ,

ਕਿ ਸ਼ਵੀ ਰਹਿਨੁਮਾ ਬ-ਜੁਮਲਾ ਜਹਾਂ ।੪੮।

ਤਾਂ ਜੋ ਤੂੰ ਸਾਰੀ ਦੁਨੀਆ ਨੂੰ ਰਾਹ ਵਿਖਾਉਣ ਵਾਲਾ ਬਣ ਜਾਵੇਂ ।

ਹੁੱਬਿ ਗ਼ੈਰ ਅਜ਼ ਜ਼ਮੀਰਿ ਸ਼ਾਂ ਬਜ਼ਦਾਇ ।

ਉਨ੍ਹਾਂ ਦੇ ਹਿਰਦਿਆਂ ਵਿੱਚੋਂ ਦੂਈ ਦਾ ਮੋਹ ਕਢ ਦੇ,

ਹਮਗਨਾਂ ਰਾ ਤੂ ਰਾਹਿ ਰਾਸਤ ਨੁਮਾਇ ।੪੯।

ਉਨ੍ਹਾਂ ਸਾਰਿਆਂ ਨੂੰ ਸੱਚਾ ਮਾਰਗ ਵਿਖਾ ਦੇ ।

ਸ਼ਾਹ ਗੁਫ਼ਤਾ ਚਿ ਲਾਇਕ ਆਨਮ ।

ਪਾਤਸ਼ਾਹ (ਨਾਨਕ) ਨੇ ਕਿਹਾ, ਮੈਂ ਇਸ ਦੇ ਕੀ ਲਾਇਕ ਹਾਂ,

ਕਿ ਦਿਲਿ ਜੁਮਲਾ ਬਾਜ਼ ਗਰਦਾਨਮ ।੫੦।

ਕਿ ਸਭਨਾਂ ਦੇ ਦਿਲਾਂ ਨੂੰ ਸਿੱਧੇ ਪਾਸੇ ਮੋੲ ਦਿਆਂ ।

ਮਨ ਕੁਜਾ ਵ ਚੁਨੀਂ ਕਮਾਲ ਕੁਜਾ ।

ਮੈਂ ਕਿੱਥੇ ਤੇ ਅਜਿਹਾ ਕਮਾਲ ਕਿੱਥੇ #

ਮਨ ਕਿਹ ਵ ਫ਼ੱਰੇ ਜ਼ੁਲਜਲਾਲ ਕੁਜਾ ।੫੧।

ਮੈਂ ਨਿਗੁਨਾ ਕਿੱਥੇ ਅਤੇ (ਰੱਬ) ਦੇ ਸਰੂਪ ਦੀ ਸ਼ਾਨ ਸ਼ੋਕਤ ਕਿੱਥੇ#

ਲੇਕ ਹੁਕਮਤ ਕਸ਼ਮ ਬਜਾਨੇ ਬਦਿਲ ।

ਪਰੰਤੂ ਤੇਰਾ ਹੁਕਮ ਮੇਰੇ ਸਿਰ ਮੱਥੇ ਤੇ ਹੈ,

ਨਸ਼ਵਮ ਯੱਕ ਜ਼ਮਾਂ ਅਜ਼ੋ ਗ਼ਾਫ਼ਿਲ ।੫੨।

ਮੈਂ ਇਕ ਛਿਨ ਪੱਲ ਲਈ ਵੀ ਉਸ ਤੋਂ ਗਾਫਲ ਨਹੀਂ ਰਹਾਂਗਾ ।

ਹਾਦੀ ਓ ਰਹਿਨੁਮਾਈ ਜੁਮਲਾ ਤੂਈ ।

ਤੂੰ ਹੀ ਸਭ ਦਾ ਰਾਹ ਵਿਖਾਊ ਅਤੇ ਹਾਦੀ ਹੈਂ,

ਰਹਿਬਰੋ ਦਿਲ-ਗਿਰਾਮੀਇ ਜੁਮਲਾ ਤੂਈ ।੫੩।

ਤੂੰ ਹੀ ਰਾਹ ਵਿਖਾਉਣ ਵਾਲਾ ਹੈਂ, ਅਤੇ ਸਭ ਦੇ ਦਿਲਾਂ ਨੂੰ (ਆਪਣੇ ਵੱਲ) ਮੋੜਣ ਵਾਲਾ ਹੈਂ ।


Flag Counter