ਗੰਜ ਨਾਮਾ ਭਾਈ ਨੰਦ ਲਾਲ ਜੀ

ਅੰਗ - 4


ਚੌਥੀ ਪਾਤਸ਼ਾਹੀ ।

ਚੌਥੀ ਪਾਤਸ਼ਾਹੀ ਦਾ ਰੁਤਬਾ ਮੁਬਾਰਕ ਫਰਿਸ਼ਤਿਆਂ ਦੀਆਂ ਚਵ੍ਹਾਂ ਸ਼ਰੇਨੀਆਂ ਦੇ ਰੁਤਬੇ ਤੋਂ ਵਡੇਰਾ ਹੈ । ਰੱਬੀ ਦਰਗਾਹ ਦੇ ਪਰਵਾਨ ਪਿਆਰੇ ਉਸ ਦੀ ਸੇਵਾ ਵਿਚ ਸਦਾ ਤਿਆਰ ਬਰ ਤਿਆਰ ਰਹਿੰਦੇ ਹਨ । ਹਰ ਮੰਦ-ਭਾਗੀ ਅਤੇ ਕਮੀਨਾ ਪੁਰਸ਼, ਜਿਸਨੇ ਵੀ ਉਸ ਦੇ ਦੁਆਰੇ ਸ਼ਰਨ ਮੰਗੀ, ਸਮਝੋ ਉਹ ਚੌਥੀ ਪਾਤਸ਼ਾਹੀ ਦੀ ਵਡਿਆਈ ਦੀਆਂ ਬਰਕਤਾਂ ਸਦਕਾ ਮਾਨ ਸਤਿਕਾਰ ਦੀ ਗੱਦੀ ਤੇ ਬਹਿ ਗਿਆ । ਜਿਸ ਪਾਪੀ ਅਤੇ ਨੀਚ ਨੇ ਉਸ (ਗੁਰੂ) ਦਾ ਪਵਿੱਤ੍ਰ ਨਾਮ ਸਿਮਰਿਆ, ਉਸਨੇ ਮਾਣੋ ਪਾਪਾਂ ਤੇ ਦੋਸ਼ਾਂ ਦਾ ਮਿੱਟੀ ਘੱਟਾ ਆਪਣੇ ਸਰੀਰ ਦੇ ਪੱਲੇ ਤੋਂ ਪਰ੍ਹਾਂ ਝਾੜ ਮਾਰਿਆ । ਹੱਦ ਦਰਜੇ ਦੀ ਬਖਸ਼ਿਸ਼ ਵਾਲੀ ਰੇ ਹਰ ਸਰੀਰ ਲਈ ਆਤਮਾ ਹੈ । ਉਸ ਦੇ ਨਾਮ ਦਾ ਪਹਿਲਾ ਅਲਿਫ ਹਰ ਨਾਮ ਨਾਲੋਂ ਉਚੇਰਾ ਅਤੇ ਵਡੇਰਾ ਹੈ । ਉਸ ਦੇ ਨਾਮ ਦੀ ਮੀਮ ਜਿਹੜੀ ਸਿਰ ਤੋਂ ਪੈਰਾਂ ਤਕ ਮਿਹਰ ਤੇ ਕਰਮ ਦਾ ਨਮੂਨਾ ਹੈ, ਉਸ ਸਰਬ ਸ਼ਕਤੀਮਾਨ ਰੱਬ ਦੀ ਪਿਆਰੀ ਹੈ । ਉਸ ਦੇ ਨਾਮ ਦੀ ਦਾਲ ਸਮੇਤ ਅਲਿਫ ਦੇ ਹਮੇਸ਼ਾ ਰੱਬ ਨਾਲ ਜੜੀ ਰਹਿੰਦੀ ਹੈ । ਉਸ ਦੇ ਨਾਮ ਦਾ ਅਖੀਰਲਾ ਸੀਨ ਹਰ ਉੜੇ ਥੁੜੇ ਨੂੰ ਮਾਨ ਬਖਸ਼ਣ ਵਾਲਾ ਹੈ ਅਤੇ ਦੋਹਾਂ ਜਹਾਨਾਂ ਦੀ ਮਦਦ ਕਰਣ ਲਈ ਕਾਫੀ ਹੈ ।

ਵਾਹਿਗੁਰੂ ਜੀਓ ਸਤ ।

ਵਾਹਿਗੁਰੂ ਜੀਓ ਹਾਜ਼ਰ ਨਾਜ਼ਰ ਹੈ ।

ਗੁਰੂ ਰਾਮਦਾਸ ਆਂ ਮਤਾਅ ਉਲ-ਵਰਾ ।

ਗੁਰੂ ਰਾਮਦਾਸ ਜਿਹੜਾ ਸਾਰੀ ਲੁਕਾਈ ਦੀ ਪੂੰਜੀ ਹੈ,

ਜਹਾਂਬਾਨਿ ਇਕਲੀਮ ਸਿਦਕੋ ਸਫ਼ਾ ।੬੯।

ਅਤੇ ਸਿਦਕ ਸਫਾਈ ਦੇ ਰਾਜ ਦਾ ਰਖਵਾਲਾ ਹੈ ।

ਹਮ ਅਜ਼ ਸਲਤਨਤ ਹਮ ਅਜ਼ ਫ਼ੁਕਰਸ਼ ਨਿਸ਼ਾਂ ।

ਉਸ ਵਿਚ ਰਾਜ ਅਤੇ ਜੋਗ ਦੋਹਾਂ ਦੇ ਚਿੰਨ ਹਨ,

ਗਿਰਾਂ ਮਾਯਾ ਤਰ ਅਫ਼ਸਰਿ ਅਫ਼ਸਰਾਂ ।੭੦।

ਉਹ ਤਾਜ ਵਾਲਿਆਂ ਬਾਦਸ਼ਾਹਾਂ ਦਾ ਭੀ ਤਾਜਦਾਰ ਬਾਦਸ਼ਾਹ ਹੈ ।

ਜ਼ਿ ਤੌਸਫ਼ਿ ਊ ਸਲਸ ਕਾਸਿਰ ਜ਼ਬਾਂ ।

ਉਸ ਦੀ ਉਸਤਤ ਕਰਨ ਤੋਂ ਤਿੰਨਾਂ ਲੋਕਾਂ ਦੀ ਜੀਭਾ ਅਸਮਰਥ ਹੈ,

ਅਜ਼ੋ ਰੁਬਅ ਹਮ ਸੁੱਦਸ ਗੌਹਰ ਫ਼ਿਸ਼ਾਂ ।੭੧।

ਉਸ ਦੇ ਬਚਨਾਂ ਤੋਂ ਚੋਹਾਂ ਵੇਦਾਂ ਅਤੇ ਛੇ ਸ਼ਾਸਤਰਾਂ ਦੇ ਮੋਤੀ ਕਿਰਦੇ ਹਨ ।

ਚਿ ਹੱਕ ਬਰਗ਼ੁਜ਼ੀਦਸ਼ ਜ਼ਿ ਖ਼ਾਸਾਨ ਖ਼ੇਸ਼ ।

ਰੱਬ ਨੇ ਉਸ ਨੂੰ ਆਪਣੇ ਖਾਸ ਨਿਕਟ-ਵਰਤੀਆਂ ਵਿਚੋਂ ਚੁਨਿਆ ਹੈ,

ਸਰ ਅਫ਼ਰਾਖ਼ਤਸ਼ ਹਮ ਜ਼ਿ ਪਾਕਾਨੇ ਖ਼ੇਸ਼ ।੭੨।

ਅਤੇ ਉਸ ਨੂੰ ਆਪਣੀਆਂ ਨਿੱਜੀ ਪਵਿੱਤ੍ਰ ਰੂਹਾਂ ਤੋਂ ਵੀ ੳਚੇਰਾ ਕੀਤਾ ਹੈ ।

ਹਮਾ ਸਾਜਿਦਸ਼ ਦਾ ਬਸਿਦਕਿ ਜ਼ਮੀਰ ।

ਸਾਰੇ ਹੀ ਸੱਚੇ ਦਿਲ ਨਾਲ ਉਸ ਨੂੰ ਮੱਥਾ ਟੇਕਦੇ ਹਨ,

ਚਿਹ ਆਅਲਾ ਚਿਹ ਅਦਨਾ ਚਿਹ ਸ਼ਹ ਚਿਹ ਫ਼ਕੀਰ ।੭੩।

ਕੀ ਵੱਡਾ ਅਤੇ ਕੀ ਛੋਟਾ, ਕੀ ਬਾਦਸ਼ਾਹ ਅਤੇ ਕੀ ਫਕੀਰ ।


Flag Counter