ਗੰਜ ਨਾਮਾ ਭਾਈ ਨੰਦ ਲਾਲ ਜੀ

ਅੰਗ - 3


ਤੀਜੀ ਪਾਤਸ਼ਾਹੀ ।

ਤੀਸਰੀ ਪਾਤਸ਼ਾਹੀ, ਗੁਰੂ ਅਮਰ ਦਾਸ ਜੀ, ਸੱਚ ਦੇ ਪਾਲਨਹਾਰੇ, ਦੇਸ਼ਾਂ ਦੇ ਸੁਲਤਾਨ ਅਤੇ ਸਖ਼ਾਵਤ ਅਤੇ ਬਖ਼ਸ਼ਿਸ਼ ਦੇ ਸੰਸਾਰ ਸਾਗਰ ਸਨ । ਇੱਕ, ਮੌਤ ਦਾ ਡਾਢਾ ਫ਼ਰਿਸ਼ਤਾ ਜਿਸ ਦੇ ਅਧੀਨ ਸੀ, ਅਤੇ ਦੂਸਰਾ, ਹਿਸਾਬ ਕਿਤਾਬ ਰੱਖਣ ਵਾਲਿਆਂ ਦੇਵਤਿਆਂ ਦੇ ਸੁਲਤਾਨ ਜਿਸ ਦੇ ਲੇਖੇ ਵਿਚ ਸਨ । ਇਹਨਾਂ ਦੋਹਾਂ ਦੀ ਚਮਕ ਦਾ ਪਹਿਰਾਵਾ ਸੱਚ ਦੀ ਮਸ਼ਾਲ ਅਤੇ ਬੰਦ-ਪਤਿਆਂ ਵਾਲੀ ਹਰ ਕਲੀ ਦੀ ਖੁਸ਼ੀ ਅਤੇ ਖੇੜਾ ਸੀ । ਉਨ੍ਹਾਂ ਦੇ ਪਵਿੱਤ੍ਰ ਨਾਮ ਦਾ ਅਲਿਫ ਹਰ ਭਟਕ ਰਹੇ ਬੰਦੇ ਲਈ ਸੁੱਖ ਆਰਾਮ ਬਖ਼ਸ਼ਣ ਵਾਲਾ ਹੈ ਅਤੇ ਮੁਬਾਰਕ ਮੀਮ ਹਰ ਆਤਰ ਅਤੇ ਲਾਚਾਰ ਦੇ ਕੰਨਾਂ ਨੂੰ ਕਾਵਿ-ਰਸ ਬਖਸ਼ਦਾ ਹੈ । ਉਨ੍ਹਾਂ ਦੇ ਨਾਮ ਦੀ ਚੰਗੇ ਭਾਗਾਂ ਵਾਲੀ ਰੇ ਅਮਰ ਮੁਖੜੇ ਦੀ ਸੋਭਾ ਅਤੇ ਰੌਣਕ ਹੈ । ਨੇਕ-ਬਖ਼ਤੀ ਭਰਪੂਰ ਦਾਲ ਹਰ ਨਿਰਾਸੇ ਦੀ ਸਹਾਈ ਹੁੰਦੀ ਹੈ । ਉਨ੍ਹਾਂ ਦੇ ਨਾਮ ਦਾ ਦੂਜਾ ਅਲਿਫ ਹਰ ਪਾਪੀ ਅਤੇ ਦੋਸ਼ੀ ਨੂੰ ਸ਼ਰਨ ਅਤੇ ਪਨਾਹ ਦੇਣ ਵਾਲਾ ਹੈ, ਅਤੇ ਅੰਤਲਾ ਸੀਨ ਉਸ ਕਰਤਾਰ ਦਾ ਪਰਛਾਵਾਂ ਹੈ ।

ਵਾਹਿਗੁਰੂ ਜੀਓ ਸਤ ।

ਵਾਹਿਗੁਰੂ ਜੀਓ ਹਾਜ਼ਰ ਨਾਜ਼ਰ ਹੈ ।

ਗੁਰੂ ਅਮਰਦਾਸ ਆਂ ਗਰਾਮੀ ਨਜ਼ਾਦ ।

ਗੁਰੂ ਅਮਰ ਦਾਸ ਉਸ ਮਹਾਨ ਘਰਾਣੇ ਵਿੱਚੋਂ ਸਨ,

ਜ਼ਿ ਅਫ਼ਜ਼ਾਲਿ ਹੱਕ ਹਸਤੀਅਸ਼ ਰਾ ਮੁਆਦ ।੬੪।

ਜਿਸ ਦੀ ਹਸਤੀ ਨੂੰ ਰੱਬ ਦੇ ਫ਼ਜਲ ਅਤੇ ਕਰਮ ਤੋਂ ਸਮਿਗ੍ਰੀ ਮਿਲੀ ਹੈ ।

ਜ਼ਿ ਵਸਫ਼ੋ ਸਨਾਇ ਹਮਾ ਬਰਤਰੀਂ ।

ਸਿਫਤ ਸ਼ਲਾਘਾ ਕਰਕੇ ਉਹ ਸਭ ਤੋਂ ਉਚੇਰਾ ਹੈ,

ਬ-ਸਦਰਿ ਹਕੀਕਤ ਮੁਰੱਬਅ ਨਸ਼ੀਂ ।੬੫।

ਉਹ ਰੱਬ ਸੱਚ ਦੇ ਆਸਨ ਤੇ ਚੌਕੜੀ ਮਾਰੀ ਬੈਠਾ ਹੈ ।

ਜਹਾਂ ਰੌਸ਼ਨ ਅਜ਼ ਨੂਰਿ ਅਰਸ਼ਾਦਿ ਊ ।

ਉਸ ਦੇ ਬਚਨਾਂ ਦੇ ਨੂਰ ਨਾਲ ਇਹ ਸੰਸਾਰ ਜਗਮਗਾ ਰਿਹਾ ਹੈ,

ਜ਼ਮੀਨੋ ਜ਼ਮਾਂ ਗੁਲਸ਼ਨ ਅਜ਼ ਦਾਦਿ ਊ ।੬੬।

ਅਤੇ ਉਸ ਦੇ ਇਨਸਾਫ ਨਾਲ ਇਹ ਧਰਤੀ ਅਤੇ ਦੁਨੀਆ ਇੱਕ ਬਾਗ ਬਣਿਆ ਹੋਇਆ ਹੈ ।

ਦੋ ਆਲਮ ਗੁਲਾਮਸ਼ ਚਿਹ ਹਜ਼ਦਹਿ ਹਜ਼ਾਰ ।

ਅੱਸੀ ਹਜ਼ਾਰ ਲੋਕਾਈ ਤਾਂ ਕੀ, ਦੋਵੇਂ ਜਹਾਨ ਹੀ ਉਸ ਦੇ ਗੁਲਾਮ ਹਨ,

ਫ਼ਜ਼ਾਲੋ ਕਰਾਮਸ਼ ਫਜ਼ੂੰ ਅਜ਼ ਸ਼ੁਮਾਰ ।੬੭।

ਉਸ ਦੀ ਵਡਿਆਈ ਅਤੇ ਮਿਹਰ ਗਿਣਤੀ ਤੋਂ ਬਾਹਰ ਹੈ ।


Flag Counter