ਜਾਪੁ ਸਾਹਿਬ

(ਅੰਗ: 26)


ਸਮਸਤੁਲ ਸਲਾਮ ਹੈਂ ॥

(ਹੇ ਪ੍ਰਭੂ!) ਤੂੰ ਸਾਰਿਆਂ ਦੁਆਰਾ ਪ੍ਰਨਾਮ ਕਰਨ ਯੋਗ ਹੈਂ,

ਸਦੈਵਲ ਅਕਾਮ ਹੈਂ ॥

ਤੂੰ ਸਦਾ ਕਾਮਨਾਵਾਂ ਤੋਂ ਮੁਕਤ ਹੈਂ,

ਨ੍ਰਿਬਾਧ ਸਰੂਪ ਹੈਂ ॥

ਤੂੰ (ਹਰ ਪ੍ਰਕਾਰ ਦੀਆਂ) ਰੁਕਾਵਟਾਂ ਤੋਂ ਰਹਿਤ ਸਰੂਪ ਵਾਲਾ ਹੈਂ,

ਅਗਾਧ ਹੈਂ ਅਨੂਪ ਹੈਂ ॥੧੨੭॥

ਨਾ ਤੇਰਾ ਪਾਰਾਵਾਰ ਪਾਇਆ ਜਾ ਸਕਦਾ ਹੈ ਅਤੇ ਨਾ ਹੀ ਤੇਰੀ ਉਪਮਾ ਦਿੱਤੀ ਜਾ ਸਕਦੀ ਹੈ ॥੧੨੭॥

ਓਅੰ ਆਦਿ ਰੂਪੇ ॥

(ਹੇ ਪ੍ਰਭੂ!) ਤੂੰ ਓਅੰਕਾਰ ਸਰੂਪ ਅਤੇ ਸਭ ਦਾ ਆਦਿ ਹੈਂ,

ਅਨਾਦਿ ਸਰੂਪੈ ॥

ਤੂੰ ਸਾਰਿਆਂ ਦਾ ਸਰੋਤ-ਰੂਪ ਹੈਂ,

ਅਨੰਗੀ ਅਨਾਮੇ ॥

ਤੂੰ ਸ਼ਰੀਰ ਤੋਂ ਬਿਨਾ ('ਅਨੰਗ') ਅਤੇ ਨਾਮ ਤੋਂ ਰਹਿਤ ਹੈਂ,

ਤ੍ਰਿਭੰਗੀ ਤ੍ਰਿਕਾਮੇ ॥੧੨੮॥

ਤੂੰ ਤਿੰਨਾਂ ਲੋਕਾਂ ਦਾ ਵਿਨਾਸ਼ਕ ਅਤੇ ਤਿੰਨਾਂ ਲੋਕਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈਂ ॥੧੨੮॥

ਤ੍ਰਿਬਰਗੰ ਤ੍ਰਿਬਾਧੇ ॥

(ਹੇ ਪ੍ਰਭੂ!) ਤੂੰ ਤਿੰਨ ਵਰਗਾਂ (ਅਰਥ, ਧਰਮ ਅਤੇ ਕਾਮ) ਵਾਲਾ ਅਤੇ ਤਿੰਨਾਂ ਲੋਕਾਂ ਨੂੰ ਬੰਨ੍ਹਣ ਵਾਲਾ (ਅਧੀਨ ਰਖਣ ਵਾਲਾ) ਹੈਂ,

ਅਗੰਜੇ ਅਗਾਧੇ ॥

ਤੂੰ ਨਾਸ਼ ਤੋਂ ਰਹਿਤ ਅਤੇ ਅਥਾਹ ਹੈਂ,

ਸੁਭੰ ਸਰਬ ਭਾਗੇ ॥

ਤੂੰ (ਸੰਸਾਰ ਦੇ) ਸਾਰਿਆਂ ਹਿੱਸਿਆਂ ਵਿਚ ਸ਼ੋਭਾਇਮਾਨ ਹੈਂ,

ਸੁ ਸਰਬਾ ਅਨੁਰਾਗੇ ॥੧੨੯॥

ਤੂੰ ਸਭ ਨੂੰ ਪਿਆਰ ਕਰਨ ਵਾਲਾ ਹੈਂ ॥੧੨੯॥

ਤ੍ਰਿਭੁਗਤ ਸਰੂਪ ਹੈਂ ॥

(ਹੇ ਪ੍ਰਭੂ!) ਤੇਰਾ ਸਰੂਪ ਤਿੰਨਾਂ ਲੋਕਾਂ ਨੂੰ ਭੋਗਣ ਵਾਲਾ (ਆਨੰਦ-ਦਾਇਕ) ਹੈ,

ਅਛਿਜ ਹੈਂ ਅਛੂਤ ਹੈਂ ॥

ਤੇਰਾ ਰੂਪ ਵਿਨਾਸ਼ (ਛਿਜਣ) ਤੋਂ ਰਹਿਤ ਅਤੇ ਪਵਿਤਰ ਹੈ,

ਕਿ ਨਰਕੰ ਪ੍ਰਣਾਸ ਹੈਂ ॥

ਤੂੰ ਨਰਕ ਨੂੰ ਨਸ਼ਟ ਕਰਨ ਵਾਲਾ

ਪ੍ਰਿਥੀਉਲ ਪ੍ਰਵਾਸ ਹੈਂ ॥੧੩੦॥

ਅਤੇ ਪ੍ਰਿਥਵੀ ਉਤੇ ਨਿਵਾਸ ਕਰਨ ਵਾਲਾ ਹੈਂ ॥੧੩੦॥

ਨਿਰੁਕਤਿ ਪ੍ਰਭਾ ਹੈਂ ॥

(ਹੇ ਪ੍ਰਭੂ!) ਨਾ ਵਰਣਨ ਕੀਤੇ ਜਾ ਸਕਣ ਵਾਲਾ ਤੇਰਾ ਤੇਜ ਹੈ,

ਸਦੈਵੰ ਸਦਾ ਹੈਂ ॥

ਤੂੰ ਸਦਾ ਵਰਤਮਾਨ ਹੈਂ,

ਬਿਭੁਗਤਿ ਸਰੂਪ ਹੈਂ ॥

ਤੂੰ ਹੀ ਸਾਰੀ ਭੋਗਣਯੋਗ ਸਾਮਗ੍ਰੀ ਹੈਂ,

ਪ੍ਰਜੁਗਤਿ ਅਨੂਪ ਹੈਂ ॥੧੩੧॥

ਤੂੰ ਸਾਰਿਆਂ ਨਾਲ ਸੰਯੁਕਤ ਅਤੇ ਉਪਮਾ ਤੋਂ ਰਹਿਤ ਹੈਂ ॥੧੩੧॥