ਜਾਪੁ ਸਾਹਿਬ

(ਅੰਗ: 25)


ਗਨੀਮੁਲ ਸਿਕਸਤੈ ॥

(ਹੇ ਪ੍ਰਭੂ!) ਤੂੰ ਵੱਡਿਆਂ ਵੈਰੀਆਂ ਨੂੰ ਹਰਾਉਣ ਵਾਲਾ ਹੈਂ,

ਗਰੀਬੁਲ ਪਰਸਤੈ ॥

ਤੂੰ ਗ਼ਰੀਬਾਂ ਦਾ ਪਾਲਣਹਾਰ ('ਪਰਸਤੈ') ਹੈਂ,

ਬਿਲੰਦੁਲ ਮਕਾਨੈਂ ॥

ਤੇਰਾ ਸਥਾਨ (ਮਕਾਨ) ਬਹੁਤ ਉੱਚਾ ਹੈ,

ਜਮੀਨੁਲ ਜਮਾਨੈਂ ॥੧੨੨॥

ਤੂੰ ਧਰਤੀ ਅਤੇ ਆਕਾਸ਼ ਵਿਚ (ਭਾਵ ਸਭ ਵਿਚ) ਵਿਆਪਤ ਹੈਂ ॥੧੨੨॥

ਤਮੀਜੁਲ ਤਮਾਮੈਂ ॥

(ਹੇ ਪ੍ਰਭੂ!) ਤੂੰ ਸਭ ਨੂੰ ਪਛਾਣਨ ਵਾਲਾ (ਤਮੀਜ਼ ਕਰਨ ਵਾਲਾ) ਵਿਵੇਕੀ ਹੈਂ,

ਰੁਜੂਅਲ ਨਿਧਾਨੈਂ ॥

ਤੂੰ ਸਭ ਵਲ ਧਿਆਨ ਦੇਣ (ਰੁਜੂ ਕਰਨ) ਵਾਲੀ ਰੁਚੀ ਦਾ ਭੰਡਾਰ ਹੈਂ,

ਹਰੀਫੁਲ ਅਜੀਮੈਂ ॥

ਤੂੰ (ਸਭ ਦਾ) ਵੱਡਾ ਮਿਤਰ ਹੈਂ,

ਰਜਾਇਕ ਯਕੀਨੈਂ ॥੧੨੩॥

ਤੂੰ ਨਿਸਚੇ ਹੀ (ਸਭ ਨੂੰ) ਰੋਜ਼ੀ ਦਿੰਦਾ ਹੈਂ ॥੧੨੩॥

ਅਨੇਕੁਲ ਤਰੰਗ ਹੈਂ ॥

(ਹੇ ਪ੍ਰਭੂ!) ਤੂੰ ਅਨੇਕ ਲਹਿਰਾਂ ਵਾਲਾ (ਸਾਗਰ) ਹੈਂ,

ਅਭੇਦ ਹੈਂ ਅਭੰਗ ਹੈਂ ॥

ਤੇਰਾ ਭੇਦ ਨਹੀਂ ਪਾਇਆ ਜਾ ਸਕਦਾ, ਤੂੰ ਨਾਸ਼-ਰਹਿਤ ਹੈਂ,

ਅਜੀਜੁਲ ਨਿਵਾਜ ਹੈਂ ॥

ਤੂੰ ਪਿਆਰਿਆਂ (ਅਜ਼ੀਜ਼ਾਂ) ਨੂੰ ਵਡਿਆਉਣ ਵਾਲਾ ਹੈਂ,

ਗਨੀਮੁਲ ਖਿਰਾਜ ਹੈਂ ॥੧੨੪॥

ਤੂੰ ਵੈਰੀਆਂ (ਗ਼ਨੀਮਾਂ) ਤੋਂ ਕਰ ('ਖ਼ਿਰਾਜ') ਵਸੂਲ ਕਰਨ ਵਾਲਾ ਹੈਂ (ਅਰਥਾਤ ਸਭ ਤੇਰੇ ਅਧੀਨ ਹਨ) ॥੧੨੪॥

ਨਿਰੁਕਤ ਸਰੂਪ ਹੈਂ ॥

(ਹੇ ਪ੍ਰਭੂ!) ਤੇਰਾ ਸਰੂਪ ਬਿਆਨ ਰਹਿਤ ਹੈ,

ਤ੍ਰਿਮੁਕਤਿ ਬਿਭੂਤ ਹੈਂ ॥

ਤੇਰੀ ਵਿਭੂਤੀ (ਸੰਪੱਤੀ) ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ,

ਪ੍ਰਭੁਗਤਿ ਪ੍ਰਭਾ ਹੈਂ ॥

ਤੇਰੇ ਹੀ ਪ੍ਰਤਾਪ ਤੋਂ ਉਪਭੋਗੀ ਸਾਮਗ੍ਰੀ ਪੈਦਾ ਹੋਈ ਹੈ,

ਸੁ ਜੁਗਤਿ ਸੁਧਾ ਹੈਂ ॥੧੨੫॥

ਤੂੰ ਅੰਮ੍ਰਿਤ ('ਸੁਧਾ') ਨਾਲ ਸੰਯੁਕਤ ਹੈਂ ॥੧੨੫॥

ਸਦੈਵੰ ਸਰੂਪ ਹੈਂ ॥

(ਹੇ ਪ੍ਰਭੂ!) ਤੇਰਾ ਸਰੂਪ ਸਦੀਵੀ ਹੈ,

ਅਭੇਦੀ ਅਨੂਪ ਹੈਂ ॥

ਭੇਦ ਅਤੇ ਉਪਮਾ ਤੋਂ ਰਹਿਤ ਹੈ,

ਸਮਸਤੋ ਪਰਾਜ ਹੈਂ ॥

ਤੂੰ ਸਭ ਨੂੰ ਉਪਜਾਉਣ ਵਾਲਾ ਹੈਂ

ਸਦਾ ਸਰਬ ਸਾਜ ਹੈਂ ॥੧੨੬॥

ਅਤੇ ਸਭ ਨੂੰ ਸੁਸਜਿਤ ਕਰਨ ਵਾਲਾ ਹੈਂ ॥੧੨੬॥