ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਬਾਣੀ ਦਾ ਨਾਮ: ਜਾਪੁ ਸਾਹਿਬ
ਦਸਮ ਗੁਰੂ ਜੀ ਦੇ ਮੁਖ ਤੋਂ ਉਚਾਰੀ ਹੋਈ:
ਛਪੈ ਛੰਦ: ਤੇਰੀ ਕ੍ਰਿਪਾ ਨਾਲ:
ਜਿਸ ਦਾ ਕੋਈ ਚਿੰਨ੍ਹ, ਚਕ੍ਰ, ਵਰਨ, ਜਾਤਿ ਅਤੇ ਗੋਤ ਨਹੀਂ ਹੈ,
ਅਤੇ ਜਿਸ ਦੇ ਰੂਪ, ਰੰਗ, ਰੇਖ, ਭੇਖ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ (ਕਿ ਉਹ) ਕਿਹੋ ਜਿਹਾ ਹੈ।
(ਉਸ ਨੂੰ) ਅਚਲ ਸਰੂਪੀ, ਸੁਤਹ ਗਿਆਨ ਦਾ ਪ੍ਰਕਾਸ਼ਕ ਅਤੇ ਅਮਿਤ ਸ਼ਕਤੀ ਵਾਲਾ ਕਿਹਾ ਜਾਂਦਾ ਹੈ।
(ਉਹ ਪਰਮ ਸੱਤਾ) ਕਰੋੜਾਂ ਇੰਦਰਾਂ ਦਾ ਇੰਦਰ ਅਤੇ ਸ਼ਾਹਾਂ ਦਾ ਸ਼ਾਹ ਗਿਣਿਆ ਜਾਂਦਾ ਹੈ।
(ਉਸ ਨੂੰ) ਤਿੰਨ ਲੋਕਾਂ (ਸੁਅਰਗ, ਮਾਤ ਅਤੇ ਪਾਤਾਲ) ਦੇ ਰਾਜੇ, ਦੇਵਤੇ, ਮਨੁੱਖ, ਦੈਂਤ ਅਤੇ ਬਨਾਂ ਦੇ ਤਿਨਕੇ ਵੀ ਬੇਅੰਤ ਬੇਅੰਤ ਕਹਿੰਦੇ ਹਨ।
(ਹੇ ਪ੍ਰਭੂ!) ਤੇਰੇ ਸਾਰੇ ਨਾਂਵਾਂ ਦਾ ਕਥਨ ਕੌਣ ਕਰ ਸਕਦਾ ਹੈ? (ਬਸ ਤੇਰੇ ਕੁਝ ਕੁ) ਕਰਮਾਚਾਰੀ (ਉਪਕਾਰੀ) ਨਾਂਵਾਂ ਦਾ ਚੰਗੀ ਮਤ ਵਾਲਿਆਂ ਨੇ ਵਰਣਨ ਕੀਤਾ ਹੈ ॥੧॥
ਭੁਜੰਗ ਪ੍ਰਯਾਤ ਛੰਦ:
ਹੇ ਅਕਾਲ ਪੁਰਖ! ਤੈਨੂੰ ਨਮਸਕਾਰ ਹੈ;
ਹੇ ਮੇਹਰਾਂ ਦੇ ਦਾਤੇ! ਤੈਨੂੰ ਨਮਸਕਾਰ ਹੈ;
ਹੇ ਰੂਪ-ਰਹਿਤ! ਤੈਨੂੰ ਨਮਸਕਾਰ ਹੈ;
ਹੇ ਉਪਮਾ-ਰਹਿਤ! ਤੈਨੂੰ ਨਮਸਕਾਰ ਹੈ ॥੨॥
ਹੇ ਭੇਖਰਹਿਤ! ਤੈਨੂੰ ਨਮਸਕਾਰ ਹੈ;
ਹੇ ਲਿਖੇ ਨਾ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ;
ਹੇ ਕਾਇਆ-ਰਹਿਤ! ਤੈਨੂੰ ਨਮਸਕਾਰ ਹੈ;
ਹੇ ਅਜਨਮੇ! ਤੈਨੂੰ ਨਮਸਕਾਰ ਹੈ ॥੩॥
ਹੇ ਨਸ਼ਟ ਨਾ ਹੋ ਸਕਣ ਵਾਲੇ! ਤੈਨੂੰ ਨਮਸਕਾਰ ਹੈ;