ਜਾਪੁ ਸਾਹਿਬ

(ਅੰਗ: 18)


ਅਨਭਉ ਪ੍ਰਕਾਸ ॥

(ਹੇ ਪ੍ਰਭੂ! ਤੂੰ) ਸੁਤਹ ਗਿਆਨ ਦਾ ਪ੍ਰਕਾਸ਼ਕ ਹੈਂ

ਨਿਸ ਦਿਨ ਅਨਾਸ ॥

ਅਤੇ ਰਾਤ ਦਿਨ ਨਸ਼ਟ ਨਾ ਹੋਣ ਵਾਲਾ ਹੈਂ,

ਆਜਾਨ ਬਾਹੁ ॥

ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲਾ ਹੈਂ,

ਸਾਹਾਨ ਸਾਹੁ ॥੮੮॥

ਸ਼ਾਹਾਂ ਦਾ ਸ਼ਾਹ (ਸਭ ਤੋਂ ਉਪਰ) ਹੈਂ ॥੮੮॥

ਰਾਜਾਨ ਰਾਜ ॥

(ਹੇ ਪ੍ਰਭੂ! ਤੂੰ) ਰਾਜਿਆਂ ਦਾ ਰਾਜਾ ਹੈਂ,

ਭਾਨਾਨ ਭਾਨ ॥

ਸੂਰਜਾਂ ਦਾ ਸੂਰਜ ਹੈਂ,

ਦੇਵਾਨ ਦੇਵ ॥

ਦੇਵਤਿਆਂ ਦਾ ਦੇਵਤਾ ਹੈਂ,

ਉਪਮਾ ਮਹਾਨ ॥੮੯॥

ਮਹਾਨ ਉਪਮਾ ਵਾਲਾ ਹੈਂ ॥੮੯॥

ਇੰਦ੍ਰਾਨ ਇੰਦ੍ਰ ॥

(ਹੇ ਪ੍ਰਭੂ! ਤੂੰ) ਇੰਦਰਾਂ ਦਾ ਇੰਦਰ ਹੈਂ,

ਬਾਲਾਨ ਬਾਲ ॥

ਬਾਲਾਂ ਦਾ ਬਾਲ (ਸਰਲ ਸੁਭਾ ਵਾਲਾ) ਹੈਂ,

ਰੰਕਾਨ ਰੰਕ ॥

ਗ਼ਰੀਬਾਂ ਦਾ ਵੀ ਗ਼ਰੀਬ ਹੈਂ,

ਕਾਲਾਨ ਕਾਲ ॥੯੦॥

ਕਾਲਾਂ ਦਾ ਵੀ ਕਾਲ ਹੈਂ ॥੯੦॥

ਅਨਭੂਤ ਅੰਗ ॥

(ਹੇ ਪ੍ਰਭੂ! ਤੇਰਾ) ਸ਼ਰੀਰ (ਪੰਜ) ਭੂਤਾਂ ਤੋਂ ਬਿਨਾ ਹੈ,

ਆਭਾ ਅਭੰਗ ॥

(ਤੇਰੀ) ਚਮਕ ਸਥਾਈ (ਅਭੰਗ) ਹੈ,

ਗਤਿ ਮਿਤਿ ਅਪਾਰ ॥

ਗਤੀ ਅਤੇ ਸੀਮਾ ਅਪਾਰ ਹੈ,

ਗੁਨ ਗਨ ਉਦਾਰ ॥੯੧॥

(ਤੂੰ) ਉਦਾਰਤਾ ਆਦਿ ਗੁਣਾਂ ਦਾ ਸਮੂਹ ਹੈਂ ॥੯੧॥

ਮੁਨਿ ਗਨ ਪ੍ਰਨਾਮ ॥

(ਹੇ ਪ੍ਰਭੂ! ਤੈਨੂੰ) ਸਾਰੇ ਮੁਨੀ ਪ੍ਰਨਾਮ ਕਰਦੇ ਹਨ,

ਨਿਰਭੈ ਨਿਕਾਮ ॥

(ਤੂੰ) ਭੈ-ਰਹਿਤ ਅਤੇ ਨਿਸ਼ਕਾਮ ਹੈਂ,

ਅਤਿ ਦੁਤਿ ਪ੍ਰਚੰਡ ॥

(ਤੇਰਾ) ਤੇਜ-ਪ੍ਰਕਾਸ਼ ਅਤਿਅੰਤ ਪ੍ਰਚੰਡ ਹੈ,

ਮਿਤਿ ਗਤਿ ਅਖੰਡ ॥੯੨॥

(ਤੇਰੀ) ਗਤੀ ਅਤੇ ਸੀਮਾ ਅਖੰਡ (ਸਥਿਰ) ਹੈ ॥੯੨॥