ਜੋ ਆਦਿ ਦੇਵ, ਆਦਿ (ਮੁੱਢ) ਤੋਂ ਰਹਿਤ ਸਰੂਪ ਵਾਲਾ ਅਤੇ ਜਿਸ ਨੇ ਸਾਰੀ ਸ੍ਰਿਸ਼ਟੀ (ਸਥਾਪਨਾ) ਨੂੰ ਸਥਾਪਿਤ ਕੀਤਾ ਹੋਇਆ ਹੈ;
ਜੋ ਪਰਮ ਸ੍ਰੇਸ਼ਠ ਰੂਪ ਵਾਲਾ, ਪਵਿਤਰ ਸਰੂਪ ਵਾਲਾ ਅਤੇ ਪੂਰਨ ਤੇ ਅਪਾਰ ਪੁਰਖ ਹੈ;
ਜਿਸ ਆਪਣੇ ਆਪ ਹੋਣ ਵਾਲੇ (ਸ੍ਵਯੰਭੂ) ਨੇ ਸਾਰੇ ਜਗਤ ਨੂੰ ਰਚਿਆ ਹੈ ਅਤੇ ਸਭ ਨੂੰ ਬਣਾਉਣ ਅਤੇ ਢਾਹਣ ਵਾਲਾ ਹੈ ॥੮੩॥
(ਉਸ) ਕਾਲ-ਰਹਿਤ, ਕਲਾ (ਸ਼ਕਤੀ) ਸਹਿਤ ਅਕਾਲ ਪੁਰਖ ਨੂੰ ਨਮਸਕਾਰ ਹੈ;
ਉਹ ਧਰਮ ਦਾ ਸਰੋਤ, ਭਰਮ ਤੋਂ ਰਹਿਤ, ਪੰਜ ਤੱਤ੍ਵਾਂ ਤੋਂ ਨਿਆਰਾ, ਅਦ੍ਰਿਸ਼ ਅਤੇ ਭੇਸ ਰਹਿਤ ਹੈ;
ਜਿਸ ਨੂੰ ਸ਼ਰੀਰ ਦਾ ਮੋਹ ਨਹੀਂ, ਜਿਸ ਦਾ ਕੋਈ ਰੰਗ, ਜਾਤਿ-ਪਾਤਿ ਜਾਂ ਨਾਮ ਨਹੀਂ ਹੈ;
ਜੋ ਹੰਕਾਰ ਨੂੰ ਨਸ਼ਟ ਕਰਨ ਵਾਲਾ ਹੈ, ਦੁਸ਼ਟਾਂ ਦਾ ਦਮਨ ਕਰਨ ਵਾਲਾ, ਮੁਕਤੀਦਾਤਾ ਅਤੇ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ ॥੮੪॥
ਜੋ ਆਪਣੇ ਰੂਪ ਵਾਲਾ ਆਪ ਹੀ ਹੈ, ਅਤਿ ਗੰਭੀਰ ਹੈ, ਉਸਤਤ ਤੋਂ ਉੱਚਾ ਹੈ, (ਮਾਇਆ ਤੋਂ ਅਪ੍ਰਭਾਵਿਤ ਰੂਪ ਵਾਲਾ) ਪਵਿਤਰ ਇਕੋ ਇਕ ਪੁਰਸ਼ ਹੈ;
ਹੰਕਾਰ ਨੂੰ ਤੋੜਨ ਵਾਲਾ, ਸਭ ਨੂੰ ਭੰਨਣ ਵਾਲਾ ਆਦਿ ਰੂਪ ਅਤੇ ਅਜਨਮਾ ਹੈ;
ਉਹ ਸ਼ਰੀਰ-ਰਹਿਤ, ਨਾਸ਼ਰਹਿਤ ਅਤੇ ਆਤਮਾ ਰਹਿਤ ਇਕ ਅਪਾਰ ਪੁਰਸ਼ ਹੈ;
ਉਹ ਸਭ ਕੁਝ ਕਰਨ ਦੇ ਯੋਗ, ਸਭ ਦਾ ਸੰਘਾਰਕ ਅਤੇ ਸਭ ਦਾ ਪਾਲਣਹਾਰ ਹੈ ॥੮੫॥
ਉਸ ਦੀ ਸਭ ਤਕ ਪਹੁੰਚ ਹੈ, ਉਹ ਸਭ ਦਾ ਸੰਘਾਰਕ ਅਤੇ ਸਭ ਤੋਂ ਨਿਰਾਲਾ ('ਅਨਭੇਖ') ਹੈ;
ਉਸ ਦੇ ਰੂਪ ਰੰਗ ਅਤੇ ਆਕਾਰ ('ਰੇਖ') ਨੂੰ ਸਾਰੇ ਸ਼ਾਸਤ੍ਰ ਜਾਣਦੇ ਤਕ ਨਹੀਂ,
ਉਸ ਦਾ ਵੇਦ, ਪੁਰਾਣ (ਆਦਿ ਸਾਰੇ ਧਰਮ ਗ੍ਰੰਥ) ਸ੍ਰੇਸ਼ਠ ਅਤੇ ਬੇਅੰਤ ਰੂਪ ਵਿਚ ਸਦਾ ਵਰਣਨ ਕਰਦੇ ਹਨ।
ਕਰੋੜਾਂ ਸਮ੍ਰਿਤੀਆਂ, ਪੁਰਾਣਾਂ ਅਤੇ ਸ਼ਾਸਤ੍ਰਾਂ ਦੁਆਰਾ ਉਹ ਚਿਤਵਿਆ ਨਹੀਂ ਜਾ ਸਕਦਾ ॥੮੬॥
ਮਧੁਭਾਰ ਛੰਦ: ਤੇਰੀ ਕ੍ਰਿਪਾ ਨਾਲ:
(ਹੇ ਪ੍ਰਭੂ! ਤੂੰ) ਉਦਾਰਤਾ ਆਦਿ ਗੁਣਾਂ ਦਾ ਸਮੂਹ ਹੈਂ,
ਅਪਾਰ ਮਹਿਮਾ ਵਾਲਾ ਹੈਂ,
ਸਥਿਰ ਆਸਣ ਵਾਲਾ ਹੈਂ,
ਤੇਰੀ ਉਪਮਾ ਨਿਰਾਧਾਰ (ਅਨੰਗ) ਹੈ ॥੮੭॥