ਹੇ ਨਾਨਕ! ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਚਿੱਤ ਵਿਚ (ਪ੍ਰੋ) ਰੱਖ, ਉਹੀ (ਤੇਰੇ) ਨਾਲ ਸਾਥ ਨਿਬਾਹੇਗਾ ॥੧॥
ਹੇ ਜੀਵ! ਸੋਹਣੇ ਰਾਮ ਦੇ ਗੁਣ ਯਾਦ ਕਰ,
(ਵੇਖ) ਕਿਸ ਮੁੱਢ ਤੋਂ (ਤੈਨੂੰ) ਕੇਹਾ (ਸੋਹਣਾ ਬਣਾ ਕੇ ਉਸ ਨੇ) ਵਿਖਾਇਆ ਹੈ।
ਜਿਸ ਪ੍ਰਭੂ ਨੇ ਤੈਨੂੰ ਬਣਾ ਸਵਾਰ ਕੇ ਸੋਹਣਾ ਕੀਤਾ ਹੈ,
ਜਿਸ ਨੇ ਤੈਨੂੰ ਪੇਟ ਦੀ ਅੱਗ ਵਿਚ (ਭੀ) ਬਚਾਇਆ;
ਜੋ ਬਾਲ ਉਮਰ ਵਿਚ ਤੈਨੂੰ ਦੁੱਧ ਪਿਆਲਦਾ ਹੈ,
ਭਰ-ਜੁਆਨੀ ਵਿਚ ਭੋਜਨ ਤੇ ਸੁਖਾਂ ਦੀ ਸੂਝ (ਦੇਂਦਾ ਹੈ);
(ਜਦੋਂ ਤੂੰ) ਬੁੱਢਾ ਹੋ ਜਾਂਦਾ ਹੈਂ (ਤਾਂ) ਸੇਵਾ ਕਰਨ ਨੂੰ ਸਾਕ-ਸੱਜਣ (ਤਿਆਰ ਕਰ ਦੇਂਦਾ ਹੈਂ)
ਜੋ ਬੈਠੇ ਹੋਏ ਨੂੰ ਮੂੰਹ ਵਿਚ ਚੰਗੇ ਭੋਜਨ ਦੇਂਦੇ ਹਨ, (ਉਸ ਪ੍ਰਭੂ ਨੂੰ ਚੇਤੇ ਕਰ)।
(ਪਰ) (ਹੇ ਪ੍ਰਭੂ!) ਇਹ ਗੁਣ-ਹੀਣ ਜੀਵ (ਤੇਰਾ) ਕੋਈ ਉਪਕਾਰ ਨਹੀਂ ਸਮਝਦਾ,
ਹੇ ਨਾਨਕ! (ਆਖ) (ਜੇ) ਤੂੰ ਆਪਿ ਮੇਹਰ ਕਰੇਂ, ਤਾਂ (ਇਹ ਜਨਮ-ਮਨੋਰਥ ਵਿਚ) ਸਫਲ ਹੋਵੇ ॥੧॥
(ਹੇ ਜੀਵ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਧਰਤੀ ਉਤੇ ਸੁਖੀ ਵੱਸਦਾ ਹੈਂ,
ਪੁਤ੍ਰ ਭਰਾ ਮਿਤ੍ਰ ਇਸਤ੍ਰੀ ਨਾਲ ਹੱਸਦਾ ਹੈਂ;
ਜਿਸ ਦੀ ਮੇਹਰ ਨਾਲ ਤੂੰ ਠੰਢਾ ਪਾਣੀ ਪੀਂਦਾ ਹੈਂ,
ਸੁਖ ਦੇਣ ਵਾਲੀ ਹਵਾ ਤੇ ਅਮੋਲਕ ਅੱਗ (ਵਰਤਦਾ ਹੈਂ);
ਜਿਸ ਦੀ ਕਿਰਪਾ ਨਾਲ ਸਾਰੇ ਰਸ ਭੋਗਦਾ ਹੈਂ,
ਸਾਰੇ ਪਦਾਰਥਾਂ ਦੇ ਨਾਲ ਤੂੰ ਰਹਿੰਦਾ ਹੈਂ (ਭਾਵ, ਸਾਰੇ ਪਦਾਰਥ ਵਰਤਣ ਲਈ ਤੈਨੂੰ ਮਿਲਦੇ ਹਨ);
(ਜਿਸ ਨੇ) ਤੈਨੂੰ ਹੱਥ ਪੈਰ ਕੰਨ ਅੱਖਾਂ ਜੀਭ ਦਿੱਤੇ ਹਨ,
ਉਸ (ਪ੍ਰਭੂ) ਨੂੰ ਵਿਸਾਰ ਕੇ (ਹੇ ਜੀਵ!) ਤੂੰ ਹੋਰਨਾਂ ਨਾਲ ਮਗਨ ਹੈਂ।