ਇਸ ਬਾਣੀ ਦਾ ਨਾਮ ਹੈ 'ਸੁਖਮਨੀ' ਅਤੇ ਇਹ ਗਉੜੀ ਰਾਗ ਵਿਚ ਦਰਜ ਹੈ। ਇਸ ਦੇ ਉਚਾਰਨ ਵਾਲੇ ਗੁਰੂ ਅਰਜਨੁ ਸਾਹਿਬ ਜੀ ਹਨ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਲੋਕ।
(ਮੇਰੀ) ਉਸ ਸਭ ਤੋਂ ਵੱਡੇ (ਅਕਾਲ ਪੁਰਖ) ਨੂੰ ਨਮਸਕਾਰ ਹੈ ਜੋ (ਸਭ ਦਾ) ਮੁੱਢ ਹੈ,
ਅਤੇ ਜੋ ਜੁਗਾਂ ਦੇ ਮੁੱਢ ਤੋਂ ਹੈ।
ਸਤਿਗੁਰੂ ਨੂੰ (ਮੇਰੀ) ਨਮਸਕਾਰ ਹੈ,
ਸ੍ਰੀ ਗੁਰਦੇਵ ਜੀ ਨੂੰ (ਮੇਰੀ) ਨਮਸਕਾਰ ਹੈ ॥੧॥
ਮੈਂ (ਅਕਾਲ ਪੁਰਖ ਦਾ ਨਾਮ) ਸਿਮਰਾਂ ਤੇ ਸਿਮਰ ਸਿਮਰ ਕੇ ਸੁਖ ਹਾਸਲ ਕਰਾਂ;
(ਇਸ ਤਰ੍ਹਾਂ) ਸਰੀਰ ਵਿਚ (ਜੋ) ਦੁੱਖ ਬਿਖਾਂਧ (ਹਨ ਉਹਨਾਂ ਨੂੰ) ਮਿਟਾ ਲਵਾਂ।
ਜਿਸ ਇਕ ਜਗਤ ਪਾਲਕ (ਹਰੀ) ਦਾ ਨਾਮ-
ਅਨੇਕਾਂ ਤੇ ਅਣਗਿਣਤ (ਜੀਵ) ਜਪਦੇ ਹਨ, ਮੈਂ (ਭੀ ਉਸ ਨੂੰ) ਸਿਮਰਾਂ।
ਵੇਦਾਂ ਪੁਰਾਨਾਂ ਤੇ ਸਿਮ੍ਰਿਤੀਆਂ ਨੇ-
ਇਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤ੍ਰ ਨਾਮ ਮੰਨਿਆ ਹੈ।
ਜਿਸ (ਮਨੁੱਖ) ਦੇ ਜੀ ਵਿਚ (ਅਕਾਲ ਪੁਰਖ ਅਪਨਾ ਨਾਮ) ਥੋੜਾ ਜਿਹਾ ਭੀ ਵਸਾਉਂਦਾ ਹੈ,
ਉਸ ਦੀ ਵਡਿਆਈ ਬਿਆਨ ਨਹੀਂ ਹੋ ਸਕਦੀ।
(ਹੇ ਅਕਾਲ ਪੁਰਖ!) ਜੋ ਮਨੁੱਖ ਤੇਰੇ ਦੀਦਾਰ ਦੇ ਚਾਹਵਾਨ ਹਨ,
ਉਹਨਾਂ ਦੀ ਸੰਗਤਿ ਵਿਚ (ਰੱਖ ਕੇ) ਮੈਨੂੰ ਨਾਨਕ ਨੂੰ (ਸੰਸਾਰ ਸਾਗਰ ਤੋਂ) ਬਚਾ ਲਵੋ ॥੧॥
ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ (ਸਭ) ਸੁਖਾਂ ਦੀ ਮਣੀ ਹੈ,
ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿਚ ਹੈ।ਰਹਾਉ।