ਪ੍ਰਭੂ ਦਾ ਸਿਮਰਨ ਕਰਨ ਨਾਲ (ਜੀਵ) ਜਨਮ ਵਿਚ ਨਹੀਂ ਆਉਂਦਾ,
(ਜੀਵ ਦਾ) ਦੁਖ ਤੇ ਜਮ (ਦਾ ਡਰ) ਦੂਰ ਹੋ ਜਾਂਦਾ ਹੈ।
ਮੌਤ (ਦਾ ਭਉ) ਪਰੇ ਹਟ ਜਾਂਦਾ ਹੈ,
(ਵਿਕਾਰ ਰੂਪੀ) ਦੁਸ਼ਮਨ ਟਲ ਜਾਂਦਾ ਹੈ।
ਪ੍ਰਭੂ ਨੂੰ ਸਿਮਰਿਆਂ (ਜ਼ਿੰਦਗੀ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ,
(ਕਿਉਂਕਿ) ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ) ਹਰ ਵੇਲੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।
ਪ੍ਰਭੂ ਦਾ ਸਿਮਰਨ ਕਰਨ ਨਾਲ (ਕੋਈ) ਡਰ (ਜੀਵ ਉਤੇ) ਦਬਾਉ ਨਹੀਂ ਪਾ ਸਕਦਾ,
ਤੇ (ਕੋਈ) ਦੁੱਖ ਵਿਆਕੁਲ ਨਹੀਂ ਕਰ ਸਕਦਾ।
ਅਕਾਲ ਪੁਰਖ ਦਾ ਸਿਮਰਨ ਗੁਰਮਖਿ ਦੀ ਸੰਗਤਿ ਵਿਚ (ਮਿਲਦਾ ਹੈ);
(ਅਤੇ ਜੋ ਮਨੁੱਖ ਸਿਮਰਨ ਕਰਦਾ ਹੈ, ਉਸ ਨੂੰ) ਹੇ ਨਾਨਕ! ਅਕਾਲ ਪੁਰਖ ਦੇ ਪਿਆਰ ਵਿਚ (ਹੀ) (ਦੁਨੀਆ ਦੇ) ਸਾਰੇ ਖ਼ਜ਼ਾਨੇ (ਪ੍ਰਤੀਤ ਹੁੰਦੇ ਹਨ) ॥੨॥
ਪ੍ਰਭੂ ਦੇ ਸਿਮਰਨ ਵਿਚ (ਹੀ) ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖ਼ਜ਼ਾਨੇ ਹਨ,
ਪ੍ਰਭ-ਸਿਮਰਨ ਵਿਚ ਹੀ ਗਿਆਨ, ਸੁਰਤ ਦਾ ਟਿਕਾਉ ਤੇ ਜਗਤ ਦੇ ਮੂਲ (ਹਰੀ) ਦੀ ਸਮਝ ਵਾਲੀ ਬੁੱਧੀ ਹੈ।
ਪ੍ਰਭੂ ਦੇ ਸਿਮਰਨ ਵਿਚ ਹੀ (ਸਾਰੇ) ਜਾਪ ਤਾਪ ਤੇ (ਦੇਵ-) ਪੂਜਾ ਹਨ,
(ਕਿਉਂਕਿ) ਸਿਮਰਨ ਕਰਨ ਨਾਲ ਪ੍ਰਭੂ ਤੋਂ ਬਿਨਾ ਕਿਸੇ ਹੋਰ ਉਸ ਵਰਗੀ ਹਸਤੀ ਦੀ ਹੋਂਦ ਦਾ ਖ਼ਿਆਲ ਹੀ ਦੂਰ ਹੋ ਜਾਂਦਾ ਹੈ।
ਸਿਮਰਨ ਕਰਨ ਵਾਲਾ (ਆਤਮ-) ਤੀਰਥ ਦਾ ਇਸ਼ਨਾਨ ਕਰਨ ਵਾਲਾ ਹੋ ਜਾਈਦਾ ਹੈ, ਤੇ,
ਦਰਗਾਹ ਵਿਚ ਇੱਜ਼ਤ ਮਿਲਦੀ ਹੈ;
ਜਗਤ ਵਿਚ ਜੋ ਹੋ ਰਿਹਾ ਹੈ ਭਲਾ ਪ੍ਰਤੀਤ ਹੁੰਦਾ ਹੈ,
ਤੇ ਮਨੁੱਖ-ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ।
(ਨਾਮ) ਉਹੀ ਸਿਮਰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪਿ ਪ੍ਰੇਰਦਾ ਹੈ,
(ਤਾਂ ਤੇ, ਆਖ) ਹੇ ਨਾਨਕ! ਮੈਂ ਉਹਨਾਂ (ਸਿਮਰਨ ਕਰਨ ਵਾਲਿਆਂ) ਦੀ ਪੈਰੀਂ ਲੱਗਾਂ ॥੩॥