ਸੁਖਮਨੀ ਸਾਹਿਬ

(ਅੰਗ: 3)


ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥

ਪ੍ਰਭੂ ਦਾ ਸਿਮਰਨ ਕਰਨਾ (ਹੋਰ) ਸਾਰੇ (ਆਹਰਾਂ) ਨਾਲੋਂ ਚੰਗਾ ਹੈ;

ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥

ਪ੍ਰਭੂ ਦਾ ਸਿਮਰਨ ਕਰਨ ਨਾਲ ਬਹੁਤ ਸਾਰੇ (ਜੀਵ) (ਵਿਕਾਰਾਂ ਤੋਂ) ਬਚ ਜਾਂਦੇ ਹਨ।

ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥

ਪ੍ਰਭੂ ਦਾ ਸਿਮਰਨ ਕਰਨ ਨਾਲ (ਮਾਇਆ ਦੀ) ਤ੍ਰਿਹ ਮਿਟ ਜਾਂਦੀ ਹੈ,

ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥

(ਕਿਉਂਕਿ ਮਾਇਆ ਦੇ) ਹਰੇਕ (ਕੇਲ) ਦੀ ਸਮਝ ਪੈ ਜਾਂਦੀ ਹੈ।

ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥

ਪ੍ਰਭੂ ਦਾ ਸਿਮਰਨ ਕਰਨ ਨਾਲ ਜਮਾਂ ਦਾ ਡਰ ਮੁੱਕ ਜਾਂਦਾ ਹੈ,

ਪ੍ਰਭ ਕੈ ਸਿਮਰਨਿ ਪੂਰਨ ਆਸਾ ॥

ਤੇ (ਜੀਵ ਦੀ) ਆਸ ਪੂਰਨ ਹੋ ਜਾਂਦੀ ਹੈ (ਭਾਵ, ਆਸਾਂ ਵੱਲੋਂ ਮਨ ਰੱਜ ਜਾਂਦਾ ਹੈ)।

ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥

ਪ੍ਰਭੂ ਦਾ ਸਿਮਰਨ ਕੀਤਿਆਂ ਮਨ ਦੀ (ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ,

ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥

ਅਤੇ ਮਨੁੱਖ ਦੇ ਹਿਰਦੇ ਵਿਚ (ਪ੍ਰਭੂ ਦਾ) ਅਮਰ ਕਰਨ ਵਾਲਾ ਨਾਮ ਟਿਕ ਜਾਂਦਾ ਹੈ।

ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥

ਪ੍ਰਭੂ ਜੀ ਗੁਰਮੁਖ ਮਨੁੱਖਾਂ ਦੀ ਜੀਭ ਉਤੇ ਵੱਸਦੇ ਹਨ (ਭਾਵ, ਸਾਧ ਜਨ ਸਦਾ ਪ੍ਰਭੂ ਨੂੰ ਜਪਦੇ ਹਨ)।

ਨਾਨਕ ਜਨ ਕਾ ਦਾਸਨਿ ਦਸਨਾ ॥੪॥

(ਆਖ) ਹੇ ਨਾਨਕ! (ਮੈਂ) ਗੁਰਮੁਖਾਂ ਦੇ ਸੇਵਕਾਂ ਦਾ ਸੇਵਕ (ਬਣਾਂ) ॥੪॥

ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਧਨਾਢ ਹਨ,

ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥

ਤੇ, ਉਹ ਇੱਜ਼ਤ ਵਾਲੇ ਹਨ।

ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਮੰਨੇ-ਪ੍ਰਮੰਨੇ ਹੋਏ ਹਨ,

ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥

ਤੇ ਉਹ (ਸਭ ਮਨੁੱਖਾਂ ਤੋਂ) ਚੰਗੇ ਹਨ।

ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਕਿਸੇ ਦੇ ਮੁਥਾਜ ਨਹੀਂ ਹਨ,

ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥

ਉਹ (ਤਾਂ ਸਗੋਂ) ਸਭ ਦੇ ਬਾਦਸ਼ਾਹ ਹਨ।

ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਸੁਖੀ ਵੱਸਦੇ ਹਨ,

ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥

ਅਤੇ ਸਦਾ ਲਈ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ।

ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥

(ਪਰ) ਪ੍ਰਭ-ਸਿਮਰਨ ਵਿਚ ਉਹੀ ਮਨੁੱਖ ਲੱਗਦੇ ਹਨ ਜਿਨ੍ਹਾਂ ਉਤੇ ਪ੍ਰਭੂ ਆਪਿ ਮੇਹਰਬਾਨ (ਹੁੰਦਾ ਹੈ);

ਨਾਨਕ ਜਨ ਕੀ ਮੰਗੈ ਰਵਾਲਾ ॥੫॥

ਹੇ ਨਾਨਕ! (ਕੋਈ ਵਡ-ਭਾਗੀ) ਇਹਨਾਂ ਗੁਰਮੁਖਾਂ ਦੀ ਚਰਨ-ਧੂੜ ਮੰਗਦਾ ਹੈ ॥੫॥