ਸੁਖਮਨੀ ਸਾਹਿਬ

(ਅੰਗ: 4)


ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਦੂਜਿਆਂ ਨਾਲ ਭਲਾਈ ਕਰਨ ਵਾਲੇ ਬਣ ਜਾਂਦੇ ਹਨ,

ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥

ਉਹਨਾਂ ਤੋਂ (ਮੈਂ) ਸਦਾ ਸਦਕੇ ਹਾਂ।

ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੇ ਮੂੰਹ ਸੋਹਣੇ (ਲੱਗਦੇ) ਹਨ,

ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥

ਉਹਨਾਂ ਦੀ (ਉਮਰ) ਸੁਖ ਵਿਚ ਗੁਜ਼ਰਦੀ ਹੈ।

ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਆਪਣੇ ਆਪ ਨੂੰ ਜਿੱਤ ਲੈਂਦੇ ਹਨ,

ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥

ਅਤੇ ਉਹਨਾਂ ਦੀ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਪਵਿਤ੍ਰ ਹੋ ਜਾਂਦਾ ਹੈ।

ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹਨਾਂ ਨੂੰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ,

ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥

(ਕਿਉਂਕਿ) ਉਹ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ।

ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥

ਸੰਤਾਂ ਦੀ ਕ੍ਰਿਪਾ ਨਾਲ ਹੀ ਇਹ ਹਰ ਵੇਲੇ (ਸਿਮਰਨ ਦੀ) ਜਾਗ ਆ ਸਕਦੀ ਹੈ;

ਨਾਨਕ ਸਿਮਰਨੁ ਪੂਰੈ ਭਾਗਿ ॥੬॥

ਹੇ ਨਾਨਕ! ਸਿਮਰਨ (ਦੀ ਦਾਤਿ) ਵੱਡੀ ਕਿਸਮਤ ਨਾਲ (ਮਿਲਦੀ ਹੈ) ॥੬॥

ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥

ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ (ਸਾਰੇ) ਕੰਮ ਪੂਰੇ ਹੋ ਜਾਂਦੇ ਹਨ (ਭਾਵ, ਉਹ ਲੋੜਾਂ ਦੇ ਅਧੀਨ ਨਹੀਂ ਰਹਿੰਦਾ)

ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥

ਅਤੇ ਕਦੇ ਚਿੰਤਾ ਦੇ ਵੱਸ ਨਹੀਂ ਹੁੰਦਾ।

ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥

ਪ੍ਰਭੂ ਦਾ ਸਿਮਰਨ ਕਰਨ ਨਾਲ, ਮਨੁੱਖ ਅਕਾਲ ਪੁਰਖ ਦੇ ਗੁਣ ਹੀ ਉਚਾਰਦਾ ਹੈ (ਭਾਵ, ਉਸ ਨੂੰ ਸਿਫ਼ਤ-ਸਾਲਾਹ ਦੀ ਆਦਤ ਪੈ ਜਾਂਦੀ ਹੈ)

ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥

ਅਤੇ ਸਹਜ ਅਵਸਥਾ ਵਿਚ ਟਿਕਿਆ ਰਹਿੰਦਾ ਹੈ।

ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ॥

ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦਾ (ਮਨ ਰੂਪੀ) ਆਸਨ ਡੋਲਦਾ ਨਹੀਂ

ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥

ਅਤੇ ਉਸ ਦੇ (ਹਿਰਦੇ ਦਾ) ਕਉਲ-ਫੁੱਲ ਖਿੜਿਆ ਰਹਿੰਦਾ ਹੈ।

ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥

ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ ਦੇ ਅੰਦਰ) ਇਕ-ਰਸ ਸੰਗੀਤ (ਜਿਹਾ) (ਹੁੰਦਾ ਰਹਿੰਦਾ ਹੈ),

ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥

(ਭਾਵ) ਪ੍ਰਭੂ ਦੇ ਸਿਮਰਨ ਤੋਂ ਜੋ ਸੁਖ (ਉਪਜਦਾ) ਹੈ ਉਹ (ਕਦੇ) ਮੁੱਕਦਾ ਨਹੀਂ।

ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥

ਉਹੀ ਮਨੁੱਖ (ਪ੍ਰਭੂ ਨੂੰ) ਸਿਮਰਦੇ ਹਨ, ਜਿਨ੍ਹਾਂ ਉਤੇ ਪ੍ਰਭੂ ਦੀ ਮੇਹਰ ਹੁੰਦੀ ਹੈ;

ਨਾਨਕ ਤਿਨ ਜਨ ਸਰਨੀ ਪਇਆ ॥੭॥

ਹੇ ਨਾਨਕ! (ਕੋਈ ਵਡਭਾਗੀ) ਉਹਨਾਂ (ਸਿਮਰਨ ਕਰਨ ਵਾਲੇ) ਜਨਾਂ ਦੀ ਸਰਣੀ ਪੈਂਦਾ ਹੈ ॥੭॥