ਸੁਖਮਨੀ ਸਾਹਿਬ

(ਅੰਗ: 5)


ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥

ਪ੍ਰਭੂ ਦਾ ਸਿਮਰਨ ਕਰ ਕੇ ਭਗਤ (ਜਗਤ ਵਿਚ) ਮਸ਼ਹੂਰ ਹੁੰਦੇ ਹਨ,

ਹਰਿ ਸਿਮਰਨਿ ਲਗਿ ਬੇਦ ਉਪਾਏ ॥

ਸਿਮਰਨ ਵਿਚ ਹੀ ਜੁੜ ਕੇ (ਰਿਸ਼ੀਆਂ ਨੇ) ਵੇਦ (ਆਦਿਕ ਧਰਮ ਪੁਸਤਕ) ਰਚੇ।

ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥

ਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁੱਖ ਸਿੱਧ ਬਣ ਗਏ, ਜਤੀ ਬਣ ਗਏ, ਦਾਤੇ ਬਣ ਗਏ;

ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥

ਸਿਮਰਨ ਦੀ ਬਰਕਤਿ ਨਾਲ ਨੀਚ ਮਨੁੱਖ ਸਾਰੇ ਸੰਸਾਰ ਵਿਚ ਪਰਗਟ ਹੋ ਗਏ।

ਹਰਿ ਸਿਮਰਨਿ ਧਾਰੀ ਸਭ ਧਰਨਾ ॥

ਪ੍ਰਭੂ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ;

ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥

(ਤਾਂ ਤੇ ਹੇ ਭਾਈ!) ਜਗਤ ਦੇ ਕਰਤਾ ਪ੍ਰਭੂ ਨੂੰ ਸਦਾ ਸਿਮਰ।

ਹਰਿ ਸਿਮਰਨਿ ਕੀਓ ਸਗਲ ਅਕਾਰਾ ॥

ਪ੍ਰਭੂ ਨੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ ਹੈ;

ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥

ਜਿਥੇ ਸਿਮਰਨ ਹੈ ਓਥੇ ਨਿਰੰਕਾਰ ਆਪ ਵੱਸਦਾ ਹੈ।

ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥

ਮੇਹਰ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਕਰਨ ਦੀ) ਸਮਝ ਦੇਂਦਾ ਹੈ,

ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥੮॥੧॥

ਹੇ ਨਾਨਕ! ਉਸ ਮਨੁੱਖ ਨੇ ਗੁਰੂ ਦੁਆਰਾ ਸਿਮਰਨ (ਦੀ ਦਾਤ) ਪ੍ਰਾਪਤ ਕਰ ਲਈ ਹੈ ॥੮॥੧॥

ਸਲੋਕੁ ॥

ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥

ਦੀਨਾਂ ਦੇ ਦਰਦ ਤੇ ਦੁੱਖ ਨਾਸ ਕਰਨ ਵਾਲੇ ਹੇ ਪ੍ਰਭੂ! ਹੇ ਹਰੇਕ ਸਰੀਰ ਵਿਚ ਵਿਆਪਕ ਹਰੀ! ਹੇ ਅਨਾਥਾਂ ਦੇ ਨਾਥ!

ਸਰਣਿ ਤੁਮੑਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥

ਹੇ ਪ੍ਰਭੂ! ਗੁਰੂ ਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸਰਣ ਆਇਆ ਹਾਂ ॥੧॥

ਅਸਟਪਦੀ ॥

ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥

ਜਿਥੇ ਮਾਂ, ਪਿਉ, ਪੁੱਤਰ, ਮਿੱਤ੍ਰ, ਭਰਾ ਕੋਈ (ਸਾਥੀ) ਨਹੀਂ (ਬਣਦਾ),

ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥

ਓਥੇ ਹੇ ਮਨ! (ਪ੍ਰਭੂ) ਦਾ ਨਾਮ ਤੇਰੇ ਨਾਲ ਸਹੈਤਾ ਕਰਨ ਵਾਲਾ (ਹੈ)।

ਜਹ ਮਹਾ ਭਇਆਨ ਦੂਤ ਜਮ ਦਲੈ ॥

ਜਿਥੇ ਵੱਡੇ ਡਰਾਉਣੇ ਜਮਦੂਤਾਂ ਦਾ ਦਲ ਹੈ,

ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥

ਓਥੇ ਤੇਰੇ ਨਾਲ ਸਿਰਫ਼ ਪ੍ਰਭੂ ਦਾ ਨਾਮ ਹੀ ਜਾਂਦਾ ਹੈ।

ਜਹ ਮੁਸਕਲ ਹੋਵੈ ਅਤਿ ਭਾਰੀ ॥

ਜਿਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ,

ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥

(ਓਥੇ) ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿਚ ਬਚਾ ਲੈਂਦਾ ਹੈ।