ਸੁਖਮਨੀ ਸਾਹਿਬ

(ਅੰਗ: 6)


ਅਨਿਕ ਪੁਨਹਚਰਨ ਕਰਤ ਨਹੀ ਤਰੈ ॥

ਅਨੇਕਾਂ ਧਾਰਮਿਕ ਰਸਮਾਂ ਕਰ ਕੇ ਭੀ (ਮਨੁੱਖ ਪਾਪਾਂ ਤੋਂ) ਨਹੀਂ ਬਚਦਾ,

ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥

(ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰ ਦੇਂਦਾ ਹੈ।

ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥

(ਤਾਂ ਤੇ) ਹੇ ਮੇਰੇ ਮਨ! ਗੁਰੂ ਦੀ ਸਰਣ ਪੈ ਕੇ (ਪ੍ਰਭੂ ਦਾ) ਨਾਮ ਜਪ;

ਨਾਨਕ ਪਾਵਹੁ ਸੂਖ ਘਨੇਰੇ ॥੧॥

ਹੇ ਨਾਨਕ! (ਨਾਮ ਦੀ ਬਰਕਤਿ ਨਾਲ) ਬੜੇ ਸੁਖ ਪਾਵਹਿਂਗਾ ॥੧॥

ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥

(ਮਨੁੱਖ) ਸਾਰੀ ਦੁਨੀਆ ਦਾ ਰਾਜਾ (ਹੋ ਕੇ ਭੀ) ਦੁਖੀ (ਰਹਿੰਦਾ ਹੈ),

ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥

ਪਰ ਪ੍ਰਭੂ ਦਾ ਨਾਮ ਜਪਿਆਂ ਸੁਖੀ (ਹੋ ਜਾਂਦਾ ਹੈ);

ਲਾਖ ਕਰੋਰੀ ਬੰਧੁ ਨ ਪਰੈ ॥

(ਕਿਉਂਕਿ) ਲੱਖਾਂ ਕਰੋੜਾਂ (ਰੁਪਏ) ਕਮਾ ਕੇ ਭੀ (ਮਾਇਆ ਦੀ ਤ੍ਰਿਹ ਵਿਚ) ਰੋਕ ਨਹੀਂ ਪੈਂਦੀ,

ਹਰਿ ਕਾ ਨਾਮੁ ਜਪਤ ਨਿਸਤਰੈ ॥

(ਏਸ ਮਾਇਆ-ਕਾਂਗ ਤੋਂ) ਪ੍ਰਭੂ ਦਾ ਨਾਮ ਜਪ ਕੇ ਮਨੁੱਖ ਪਾਰ ਲੰਘ ਜਾਂਦਾ ਹੈ;

ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥

ਮਾਇਆ ਦੀਆਂ ਬੇ-ਅੰਤ ਮੌਜਾਂ ਹੁੰਦਿਆਂ ਭੀ (ਮਾਇਆ ਦੀ) ਤ੍ਰਿਹ ਨਹੀਂ ਬੁੱਝਦੀ,

ਹਰਿ ਕਾ ਨਾਮੁ ਜਪਤ ਆਘਾਵੈ ॥

(ਪਰ) ਪ੍ਰਭੂ ਦਾ ਨਾਮ ਜਪਿਆਂ (ਮਨੁੱਖ ਮਾਇਆ ਵਲੋਂ) ਰੱਜ ਜਾਂਦਾ ਹੈ।

ਜਿਹ ਮਾਰਗਿ ਇਹੁ ਜਾਤ ਇਕੇਲਾ ॥

ਜਿਹਨੀਂ ਰਾਹੀਂ ਇਹ ਜੀਵ ਇਕੱਲਾ ਜਾਂਦਾ ਹੈ, (ਭਾਵ, ਜ਼ਿੰਦਗੀ ਦੇ ਜਿਨ੍ਹਾਂ ਝੰਬੇਲਿਆਂ ਵਿਚ ਇਸ ਚਿੰਤਾਤੁਰ ਜੀਵ ਦੀ ਕੋਈ ਸਹੈਤਾ ਨਹੀਂ ਕਰ ਸਕਦਾ)

ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥

ਓਥੇ ਪ੍ਰਭੂ ਦਾ ਨਾਮ ਇਸ ਦੇ ਨਾਲ ਸੁਖ ਦੇਣ ਵਾਲਾ ਹੁੰਦਾ ਹੈ।

ਐਸਾ ਨਾਮੁ ਮਨ ਸਦਾ ਧਿਆਈਐ ॥

(ਤਾਂ ਤੇ) ਹੇ ਮਨ! ਅਜੇਹਾ (ਸੁਹੇਲਾ) ਨਾਮ ਸਦਾ ਸਿਮਰੀਏ,

ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥੨॥

ਹੇ ਨਾਨਕ! ਗੁਰੂ ਦੀ ਰਾਹੀਂ (ਨਾਮ ਜਪਿਆਂ) ਉੱਚਾ ਦਰਜਾ ਮਿਲਦਾ ਹੈ ॥੨॥

ਛੂਟਤ ਨਹੀ ਕੋਟਿ ਲਖ ਬਾਹੀ ॥

ਲੱਖਾਂ ਕਰੋੜਾਂ ਭਰਾਵਾਂ ਦੇ ਹੁੰਦਿਆਂ (ਮਨੁੱਖ ਜਿਸ ਦੀਨ ਅਵਸਥਾ ਤੋਂ) ਖ਼ਲਾਸੀ ਨਹੀਂ ਪਾ ਸਕਦਾ,

ਨਾਮੁ ਜਪਤ ਤਹ ਪਾਰਿ ਪਰਾਹੀ ॥

ਓਥੋਂ (ਪ੍ਰਭੂ ਦਾ) ਨਾਮ ਜਪਿਆਂ (ਜੀਵ) ਪਾਰ ਲੰਘ ਜਾਂਦੇ ਹਨ।

ਅਨਿਕ ਬਿਘਨ ਜਹ ਆਇ ਸੰਘਾਰੈ ॥

ਜਿਥੇ ਅਨੇਕਾਂ ਔਕੜਾਂ ਆ ਦਬਾਉਂਦੀਆਂ ਹਨ,

ਹਰਿ ਕਾ ਨਾਮੁ ਤਤਕਾਲ ਉਧਾਰੈ ॥

(ਓਥੇ) ਪ੍ਰਭੂ ਦਾ ਨਾਮ ਤੁਰਤ ਬਚਾ ਲੈਂਦਾ ਹੈ।

ਅਨਿਕ ਜੋਨਿ ਜਨਮੈ ਮਰਿ ਜਾਮ ॥

(ਜੀਵ) ਅਨੇਕਾਂ ਜੂਨਾਂ ਵਿਚ ਜੰਮਦਾ ਹੈ, ਮਰਦਾ ਹੈ (ਫਿਰ) ਜੰਮਦਾ ਹੈ (ਏਸੇ ਤਰ੍ਹਾਂ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ),

ਨਾਮੁ ਜਪਤ ਪਾਵੈ ਬਿਸ੍ਰਾਮ ॥

ਨਾਮ ਜਪਿਆਂ (ਪ੍ਰਭੂ-ਚਰਨਾਂ ਵਿਚ) ਟਿਕ ਜਾਂਦਾ ਹੈ।