ਸੁਖਮਨੀ ਸਾਹਿਬ

(ਅੰਗ: 7)


ਹਉ ਮੈਲਾ ਮਲੁ ਕਬਹੁ ਨ ਧੋਵੈ ॥

ਹਉਮੈ ਨਾਲ ਗੰਦਾ ਹੋਇਆ (ਜੀਵ) ਕਦੇ ਇਹ ਮੈਲ ਧੋਂਦਾ ਨਹੀਂ,

ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥

(ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪ ਨਾਸ ਕਰ ਦੇਂਦਾ ਹੈ।

ਐਸਾ ਨਾਮੁ ਜਪਹੁ ਮਨ ਰੰਗਿ ॥

ਹੇ ਮਨ! (ਪ੍ਰਭੂ ਦਾ) ਅਜੇਹਾ ਨਾਮ ਪਿਆਰ ਨਾਲ ਜਪ।

ਨਾਨਕ ਪਾਈਐ ਸਾਧ ਕੈ ਸੰਗਿ ॥੩॥

ਹੇ ਨਾਨਕ! (ਪ੍ਰਭੂ ਦਾ ਨਾਮ) ਗੁਰਮੁਖਾਂ ਦੀ ਸੰਗਤਿ ਵਿਚ ਮਿਲਦਾ ਹੈ ॥੩॥

ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥

ਜਿਸ (ਜ਼ਿੰਦਗੀ ਰੂਪੀ) ਪੈਂਡੇ ਦੇ ਕੋਹ ਗਿਣੇ ਨਹੀਂ ਜਾ ਸਕਦੇ,

ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥

ਉਥੇ (ਭਾਵ, ਉਸ ਲੰਮੇ ਸਫ਼ਰ ਵਿਚ) ਪ੍ਰਭੂ ਦਾ ਨਾਮ (ਜੀਵ ਦੇ) ਨਾਲ (ਰਾਹ ਦੀ) ਰਾਸ-ਪੂੰਜੀ ਹੈ।

ਜਿਹ ਪੈਡੈ ਮਹਾ ਅੰਧ ਗੁਬਾਰਾ ॥

ਜਿਸ (ਜ਼ਿੰਦਗੀ ਰੂਪ) ਰਾਹ ਵਿਚ (ਵਿਕਾਰਾਂ ਦਾ) ਬੜਾ ਘੁੱਪ ਹਨੇਰਾ ਹੈ,

ਹਰਿ ਕਾ ਨਾਮੁ ਸੰਗਿ ਉਜੀਆਰਾ ॥

(ਓਥੇ) ਪ੍ਰਭੂ ਦਾ ਨਾਮ (ਜੀਵ ਦੇ) ਨਾਲ ਚਾਨਣ ਹੈ।

ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥

ਜਿਸ ਰਸਤੇ ਵਿਚ (ਹੇ ਜੀਵ!) ਤੇਰਾ ਕੋਈ (ਅਸਲੀ) ਮਰਹਮ ਨਹੀਂ ਹੈ,

ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥

ਓਥੇ ਪ੍ਰਭੂ ਦਾ ਨਾਮ ਤੇਰੇ ਨਾਲ (ਸੱਚਾ) ਸਾਥੀ ਹੈ।

ਜਹ ਮਹਾ ਭਇਆਨ ਤਪਤਿ ਬਹੁ ਘਾਮ ॥

ਜਿਥੇ (ਜ਼ਿੰਦਗੀ ਦੇ ਸਫ਼ਰ ਵਿਚ) (ਵਿਕਾਰਾਂ ਦੀ) ਬੜੀ ਭਿਆਨਕ ਤਪਸ਼ ਤੇ ਗਰਮੀ ਹੈ,

ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥

ਓਥੇ ਪ੍ਰਭੂ ਦਾ ਨਾਮ (ਹੇ ਜੀਵ!) ਤੇਰੇ ਉਤੇ ਛਾਂ ਹੈ।

ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥

(ਹੇ ਜੀਵ!) ਜਿਥੇ (ਮਾਇਆ ਦੀ) ਤ੍ਰਿਹ ਤੈਨੂੰ (ਸਦਾ) ਖਿੱਚ ਪਾਉਂਦੀ ਹੈ,

ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥੪॥

ਓਥੇ, ਹੇ ਨਾਨਕ! ਪ੍ਰਭੂ ਦੇ ਨਾਮ ਦੀ ਬਰਖਾ ਹੁੰਦੀ ਹੈ (ਜੋ ਤਪਸ਼ ਨੂੰ ਬੁਝਾ ਦੇਂਦੀ ਹੈ) ॥੪॥

ਭਗਤ ਜਨਾ ਕੀ ਬਰਤਨਿ ਨਾਮੁ ॥

ਪ੍ਰਭੂ-ਨਾਮ ਭਗਤਾਂ ਦਾ ਹੱਥ-ਠੋਕਾ ਹੈ,

ਸੰਤ ਜਨਾ ਕੈ ਮਨਿ ਬਿਸ੍ਰਾਮੁ ॥

ਭਗਤਾਂ ਦੇ ਹੀ ਮਨ ਵਿਚ ਇਹ ਟਿਕਿਆ ਰਹਿੰਦਾ ਹੈ।

ਹਰਿ ਕਾ ਨਾਮੁ ਦਾਸ ਕੀ ਓਟ ॥

ਪ੍ਰਭੂ ਦਾ ਨਾਮ ਭਗਤਾਂ ਦਾ ਆਸਰਾ ਹੈ,

ਹਰਿ ਕੈ ਨਾਮਿ ਉਧਰੇ ਜਨ ਕੋਟਿ ॥

ਪ੍ਰਭੂ-ਨਾਮ ਦੀ ਰਾਹੀਂ ਕਰੋੜਾਂ ਬੰਦੇ (ਵਿਕਾਰਾਂ ਤੋਂ) ਬਚ ਜਾਂਦੇ ਹਨ।

ਹਰਿ ਜਸੁ ਕਰਤ ਸੰਤ ਦਿਨੁ ਰਾਤਿ ॥

ਭਗਤ ਜਨ ਦਿਨ ਰਾਤ ਪ੍ਰਭੂ ਦੀ ਵਡਿਆਈ ਕਰਦੇ ਹਨ,

ਹਰਿ ਹਰਿ ਅਉਖਧੁ ਸਾਧ ਕਮਾਤਿ ॥

ਤੇ, ਪ੍ਰਭੂ-ਨਾਮ ਰੂਪੀ ਦਵਾਈ ਇਕੱਠੀ ਕਰਦੇ ਹਨ (ਜਿਸ ਨਾਲ ਹਉਮੈ ਰੋਗ ਦੂਰ ਹੁੰਦਾ ਹੈ)।