ਭਗਤਾਂ ਦੇ ਪਾਸ ਪ੍ਰਭੂ ਦਾ ਨਾਮ ਹੀ ਖ਼ਜ਼ਾਨਾ ਹੈ,
ਪ੍ਰਭੂ ਨੇ ਨਾਮ ਦੀ ਬਖ਼ਸ਼ਸ਼ ਆਪਣੇ ਸੇਵਕਾਂ ਤੇ ਆਪ ਕੀਤੀ ਹੈ।
ਭਗਤ ਜਨ ਮਨੋਂ ਤਨੋਂ ਇਕ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ;
ਹੇ ਨਾਨਕ! ਭਗਤਾਂ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲਾ ਸੁਭਾਉ ਬਣ ਜਾਂਦਾ ਹੈ ॥੫॥
ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) (ਮਾਇਆ ਦੇ ਬੰਧਨਾਂ ਤੋਂ) ਛੁਟਕਾਰੇ ਦਾ ਵਸੀਲਾ ਹੈ,
(ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ ਭਗਤ (ਮਾਇਆ ਦੇ) ਭੋਗਾਂ ਵਲੋਂ ਰੱਜ ਜਾਂਦਾ ਹੈ।
ਪ੍ਰਭੂ ਦਾ ਨਾਮ ਭਗਤ ਦਾ ਸੋਹਜ ਸੁਹਣੱਪ ਹੈ,
ਪ੍ਰਭੂ ਦਾ ਨਾਮ ਜਪਦਿਆਂ (ਭਗਤ ਦੇ ਰਾਹ ਵਿਚ) ਕਦੇ (ਕੋਈ) ਅਟਕਾਉ ਨਹੀਂ ਪੈਂਦਾ।
ਪ੍ਰਭੂ ਦਾ ਨਾਮ (ਹੀ) ਭਗਤ ਦੀ ਪਤ-ਇੱਜ਼ਤ ਹੈ,
(ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ (ਹੀ) ਭਗਤਾਂ ਨੇ (ਜਗਤ ਵਿਚ) ਨਾਮਣਾ ਪਾਇਆ ਹੈ।
(ਤਿਆਗੀ ਦਾ) ਜੋਗ (-ਸਾਧਨ) ਤੇ ਗ੍ਰਿਹਸਤੀ ਦਾ ਮਾਇਆ ਦਾ ਭੋਗ ਭਗਤ ਜਨ ਵਾਸਤੇ ਪ੍ਰਭੂ ਦਾ ਨਾਮ (ਹੀ) ਹੈ,
ਪ੍ਰਭੂ ਦਾ ਨਾਮ ਜਪਦਿਆਂ (ਉਸ ਨੂੰ) ਕੋਈ ਦੁੱਖ ਕਲੇਸ਼ ਨਹੀਂ ਹੁੰਦਾ।
(ਪ੍ਰਭੂ ਦਾ) ਭਗਤ (ਸਦਾ) ਪ੍ਰਭੂ ਦੇ ਨਾਮ ਦੀ ਸੇਵਾ (ਸਿਮਰਨ) ਵਿਚ ਮਸਤ ਰਹਿੰਦਾ ਹੈ;
ਹੇ ਨਾਨਕ! (ਭਗਤ ਸਦਾ) ਪ੍ਰਭੂ-ਦੇਵ ਨੂੰ ਪੂਜਦਾ ਹੈ ॥੬॥
ਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਧਨ ਹੈ,
ਇਹ ਨਾਮ-ਰੂਪੀ ਧਨ ਪ੍ਰਭੂ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ।
ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) ਤਕੜਾ ਆਸਰਾ ਹੈ,
ਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ।
ਭਗਤ ਜਨ ਪ੍ਰਭੂ-ਨਾਮ-ਰਸ ਵਿਚ ਪੂਰੇ ਤੌਰ ਤੇ ਭਿੱਜੇ ਰਹਿੰਦੇ ਹਨ,
(ਅਤੇ) ਨਾਮ-ਰਸ ਦੇ ਮੱਤੇ ਹੋਏ (ਮਨ ਦਾ ਉਹ) ਟਿਕਾਉ (ਮਾਣਦੇ ਹਨ) ਜਿਥੇ ਕੋਈ ਫੁਰਨਾ ਨਹੀਂ ਹੁੰਦਾ।