(ਪ੍ਰਭੂ ਦਾ) ਭਗਤ ਅੱਠੇ ਪਹਰ ਪ੍ਰਭੂ ਨੂੰ ਜਪਦਾ ਹੈ,
(ਜਗਤ ਵਿਚ) ਭਗਤ ਉੱਘਾ (ਹੋ ਜਾਂਦਾ ਹੈ) ਲੁਕਿਆ ਨਹੀਂ ਰਹਿੰਦਾ।
ਪ੍ਰਭੂ ਦੀ ਭਗਤੀ ਬੇਅੰਤ ਜੀਵਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਦਿਵਾਉਂਦੀ ਹੈ;
ਹੇ ਨਾਨਕ! ਭਗਤ ਦੀ ਸੰਗਤਿ ਵਿਚ ਕਈ ਹੋਰ (ਭੀ) ਤਰ ਜਾਂਦੇ ਹਨ ॥੭॥
ਪ੍ਰਭੂ ਦਾ ਇਹ ਨਾਮ (ਹੀ) "ਪਾਰਜਾਤ" ਰੁੱਖ ਹੈ,
ਪ੍ਰਭੂ ਦੇ ਗੁਣ ਗਾਉਣੇ (ਹੀ ਇੱਛਾ-ਪੂਰਕ) "ਕਾਮਧੇਨ" ਹੈ।
ਪ੍ਰਭੂ ਦੀਆਂ (ਸਿਫ਼ਤ-ਸਾਲਾਹ ਦੀਆਂ) ਗੱਲਾਂ (ਹੋਰ) ਸਭ (ਗੱਲਾਂ) ਤੋਂ ਚੰਗੀਆਂ ਹਨ,
(ਕਿਉਂਕਿ ਪ੍ਰਭੂ ਦਾ) ਨਾਮ ਸੁਣਿਆਂ ਸਾਰੇ ਦੁਖ ਦਰਦ ਲਹਿ ਜਾਂਦੇ ਹਨ।
(ਪ੍ਰਭੂ ਦੇ) ਨਾਮ ਦੀ ਵਡਿਆਈ ਸੰਤਾਂ ਦੇ ਹਿਰਦੇ ਵਿਚ ਵੱਸਦੀ ਹੈ,
(ਅਤੇ) ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਹੈ।
ਵੱਡੇ ਭਾਗਾਂ ਨਾਲ ਸੰਤਾਂ ਦੀ ਸੰਗਤਿ ਮਿਲਦੀ ਹੈ,
(ਅਤੇ) ਸੰਤਾਂ ਦੀ ਸੇਵਾ (ਕੀਤਿਆਂ) (ਪ੍ਰਭੂ ਦਾ) ਨਾਮ ਸਿਮਰੀਦਾ ਹੈ।
ਪ੍ਰਭੂ-ਨਾਮ ਦੇ ਬਰਾਬਰ ਹੋਰ ਕੋਈ (ਪਦਾਰਥ) ਨਹੀਂ,
ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਮਨੁੱਖ ਨਾਮ (ਦੀ ਦਾਤਿ) ਲੱਭਦਾ ਹੈ ॥੮॥੨॥
ਬਹੁਤ ਸ਼ਾਸਤ੍ਰ ਤੇ ਬਹੁ ਸਿੰਮ੍ਰਿਤੀਆਂ, ਸਾਰੇ (ਅਸਾਂ) ਖੋਜ ਕੇ ਵੇਖੇ ਹਨ; (ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ-ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ)
(ਪਰ ਇਹ) ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਹੇ ਨਾਨਕ! (ਪ੍ਰਭੂ ਦੇ) ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥
(ਜੇ ਕੋਈ) (ਵੇਦ-ਮੰਤ੍ਰਾਂ ਦੇ) ਜਾਪ ਕਰੇ, (ਸਰੀਰ ਨੂੰ ਧੂਣੀਆਂ ਨਾਲ) ਤਪਾਏ, (ਹੋਰ) ਕਈ ਗਿਆਨ (ਦੀਆਂ ਗੱਲਾਂ ਕਰੇ) ਤੇ (ਦੇਵਤਿਆਂ ਦੇ) ਧਿਆਨ ਧਰੇ,
ਛੇ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਉਪਦੇਸ਼ ਕਰੇ;