ਸੁਖਮਨੀ ਸਾਹਿਬ

(ਅੰਗ: 15)


ਐਸੇ ਦੋਖ ਮੂੜ ਅੰਧ ਬਿਆਪੇ ॥

(ਇਹ) ਮੂਰਖ ਅੰਨ੍ਹੇ ਜੀਵ (ਭਲਾਈ ਵਿਸਾਰਨ ਵਾਲੇ) ਇਹੋ ਜਿਹੇ ਔਗੁਣਾਂ ਵਿਚ ਫਸੇ ਹੋਏ ਹਨ।

ਨਾਨਕ ਕਾਢਿ ਲੇਹੁ ਪ੍ਰਭ ਆਪੇ ॥੨॥

ਹੇ ਨਾਨਕ! (ਇਹਨਾਂ ਜੀਵਾਂ ਵਾਸਤੇ ਅਰਦਾਸ ਕਰ, ਤੇ ਆਖ)-ਹੇ ਪ੍ਰਭੂ! (ਇਹਨਾਂ ਨੂੰ) ਆਪ (ਇਹਨਾਂ ਔਗੁਣਾਂ ਵਿਚੋਂ) ਕੱਢ ਲੈ ॥੨॥

ਆਦਿ ਅੰਤਿ ਜੋ ਰਾਖਨਹਾਰੁ ॥

ਜੋ (ਇਸ ਦੇ) ਜਨਮ ਤੋਂ ਲੈ ਕੇ ਮਰਨ ਸਮੇਂ ਤਕ (ਇਸ ਦੀ) ਰਾਖੀ ਕਰਨ ਵਾਲਾ ਹੈ,

ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ॥

ਮੂਰਖ ਮਨੁੱਖ ਉਸ ਪ੍ਰਭੂ ਨਾਲ ਪਿਆਰ ਨਹੀਂ ਕਰਦਾ।

ਜਾ ਕੀ ਸੇਵਾ ਨਵ ਨਿਧਿ ਪਾਵੈ ॥

ਜਿਸ ਦੀ ਸੇਵਾ ਕੀਤਿਆਂ (ਇਸ ਨੂੰ ਸ੍ਰਿਸ਼ਟੀ ਦੇ) ਨੌ ਹੀ ਖ਼ਜ਼ਾਨੇ ਮਿਲ ਜਾਂਦੇ ਹਨ,

ਤਾ ਸਿਉ ਮੂੜਾ ਮਨੁ ਨਹੀ ਲਾਵੈ ॥

ਮੂਰਖ ਜੀਵ ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਦਾ।

ਜੋ ਠਾਕੁਰੁ ਸਦ ਸਦਾ ਹਜੂਰੇ ॥

ਜੋ ਹਰ ਵੇਲੇ ਇਸ ਦੇ ਅੰਗ-ਸੰਗ ਹੈ,

ਤਾ ਕਉ ਅੰਧਾ ਜਾਨਤ ਦੂਰੇ ॥

ਅੰਨ੍ਹਾ ਮਨੁੱਖ ਉਸ ਠਾਕੁਰ ਨੂੰ (ਕਿਤੇ) ਦੂਰ (ਬੈਠਾ) ਸਮਝਦਾ ਹੈ।

ਜਾ ਕੀ ਟਹਲ ਪਾਵੈ ਦਰਗਹ ਮਾਨੁ ॥

ਜਿਸ ਦੀ ਟਹਲ ਕੀਤਿਆਂ ਇਸ ਨੂੰ (ਪ੍ਰਭੂ ਦੀ) ਦਰਗਾਹ ਵਿਚ ਆਦਰ ਮਿਲਦਾ ਹੈ,

ਤਿਸਹਿ ਬਿਸਾਰੈ ਮੁਗਧੁ ਅਜਾਨੁ ॥

ਮੂਰਖ ਤੇ ਅੰਞਾਣ ਜੀਵ ਉਸ ਪ੍ਰਭੂ ਨੂੰ ਵਿਸਾਰ ਬੈਠਦਾ ਹੈ।

ਸਦਾ ਸਦਾ ਇਹੁ ਭੂਲਨਹਾਰੁ ॥

(ਪਰ ਕੇਹੜਾ ਕੇਹੜਾ ਔਗੁਣ ਚਿਤਾਰੀਏ?) ਇਹ ਜੀਵ (ਤਾਂ) ਸਦਾ ਹੀ ਭੁੱਲਾਂ ਕਰਦਾ ਰਹਿੰਦਾ ਹੈ;

ਨਾਨਕ ਰਾਖਨਹਾਰੁ ਅਪਾਰੁ ॥੩॥

ਹੇ ਨਾਨਕ! ਰੱਖਿਆ ਕਰਨ ਵਾਲਾ ਪ੍ਰਭੂ ਬੇਅੰਤ ਹੈ (ਉਹ ਇਸ ਜੀਵ ਦੇ ਔਗੁਣਾਂ ਵਲ ਨਹੀਂ ਤੱਕਦਾ) ॥੩॥

ਰਤਨੁ ਤਿਆਗਿ ਕਉਡੀ ਸੰਗਿ ਰਚੈ ॥

(ਮਾਇਆ-ਧਾਰੀ ਜੀਵ) (ਨਾਮ-) ਰਤਨ ਛੱਡ ਕੇ (ਮਾਇਆ-ਰੂਪ) ਕਉਡੀ ਨਾਲ ਖ਼ੁਸ਼ ਫਿਰਦਾ ਹੈ।

ਸਾਚੁ ਛੋਡਿ ਝੂਠ ਸੰਗਿ ਮਚੈ ॥

ਸੱਚੇ (ਪ੍ਰਭੂ) ਨੂੰ ਛੱਡ ਕੇ ਨਾਸਵੰਤ (ਪਦਾਰਥਾਂ) ਨਾਲ ਭੂਹੇ ਹੁੰਦਾ ਹੈ।

ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥

ਜੋ (ਮਾਇਆ) ਛੱਡ ਜਾਣੀ ਹੈ, ਉਸ ਨੂੰ ਸਦਾ ਅਟੱਲ ਸਮਝਦਾ ਹੈ;

ਜੋ ਹੋਵਨੁ ਸੋ ਦੂਰਿ ਪਰਾਨੈ ॥

ਜੋ (ਮੌਤ) ਜ਼ਰੂਰ ਵਾਪਰਨੀ ਹੈ, ਉਸ ਨੂੰ (ਕਿਤੇ) ਦੂਰ (ਬੈਠੀ) ਖ਼ਿਆਲ ਕਰਦਾ ਹੈ।

ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥

ਉਸ (ਧਨ ਪਦਾਰਥ) ਦੀ ਖ਼ਾਤਰ (ਨਿੱਤ) ਖੇਚਲ ਕਰਦਾ (ਫਿਰਦਾ) ਹੈ ਜੋ (ਅੰਤ) ਛੱਡ ਜਾਣੀ ਹੈ;

ਸੰਗਿ ਸਹਾਈ ਤਿਸੁ ਪਰਹਰੈ ॥

ਜੋ (ਪ੍ਰਭੂ) (ਇਸ) ਨਾਲ ਰਾਖਾ ਹੈ ਉਸ ਨੂੰ ਵਿਸਾਰ ਬੈਠਾ ਹੈ।

ਚੰਦਨ ਲੇਪੁ ਉਤਾਰੈ ਧੋਇ ॥

(ਜਿਵੇਂ ਖੋਤਾ) ਚੰਦਨ ਦਾ ਲੇਪ ਧੋ ਕੇ ਲਾਹ ਦੇਂਦਾ ਹੈ,

ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥

(ਕਿਉਂਕਿ) ਖੋਤੇ ਦਾ ਪਿਆਰ (ਸਦਾ) ਸੁਆਹ ਨਾਲ (ਹੀ) ਹੁੰਦਾ ਹੈ।