ਸੁਖਮਨੀ ਸਾਹਿਬ

(ਅੰਗ: 16)


ਅੰਧ ਕੂਪ ਮਹਿ ਪਤਿਤ ਬਿਕਰਾਲ ॥

(ਜੀਵ ਮਾਇਆ ਦੇ ਪਿਆਰ ਕਰ ਕੇ) ਹਨੇਰੇ ਭਿਆਨਕ ਖੂਹ ਵਿਚ ਡਿੱਗੇ ਪਏ ਹਨ;

ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥੪॥

ਹੇ ਨਾਨਕ! (ਅਰਦਾਸ ਕਰ ਤੇ ਆਖ) ਹੇ ਦਿਆਲ ਪ੍ਰਭੂ! (ਇਹਨਾਂ ਨੂੰ ਆਪ ਇਸ ਖੂਹ ਵਿਚੋਂ) ਕੱਢ ਲੈ ॥੪॥

ਕਰਤੂਤਿ ਪਸੂ ਕੀ ਮਾਨਸ ਜਾਤਿ ॥

ਜਾਤਿ ਮਨੁੱਖ ਦੀ ਹੈ (ਭਾਵ, ਮਨੁੱਖ-ਸ਼੍ਰੇਣੀ ਵਿਚੋਂ ਜੰਮਿਆ ਹੈ) ਪਰ ਕੰਮ ਪਸ਼ੂਆਂ ਵਾਲੇ ਹਨ,

ਲੋਕ ਪਚਾਰਾ ਕਰੈ ਦਿਨੁ ਰਾਤਿ ॥

(ਉਂਞ) ਦਿਨ ਰਾਤ ਲੋਕਾਂ ਵਾਸਤੇ ਵਿਖਾਵਾ ਕਰ ਰਿਹਾ ਹੈ।

ਬਾਹਰਿ ਭੇਖ ਅੰਤਰਿ ਮਲੁ ਮਾਇਆ ॥

ਬਾਹਰ (ਸਰੀਰ ਉਤੇ) ਧਾਰਮਿਕ ਪੁਸ਼ਾਕ ਹੈ ਪਰ ਮਨ ਵਿਚ ਮਾਇਆ ਦੀ ਮੈਲ ਹੈ,

ਛਪਸਿ ਨਾਹਿ ਕਛੁ ਕਰੈ ਛਪਾਇਆ ॥

(ਬਾਹਰਲੇ ਭੇਖ ਨਾਲ) ਛਪਾਉਣ ਦਾ ਜਤਨ ਕੀਤਿਆਂ (ਮਨ ਦੀ ਮੈਲ) ਲੁਕਦੀ ਨਹੀਂ।

ਬਾਹਰਿ ਗਿਆਨ ਧਿਆਨ ਇਸਨਾਨ ॥

ਬਾਹਰ (ਵਿਖਾਵੇ ਵਾਸਤੇ) (ਤੀਰਥ) ਇਸ਼ਨਾਨ ਤੇ ਗਿਆਨ ਦੀਆਂ ਗੱਲਾਂ ਕਰਦਾ ਹੈ, ਸਮਾਧੀਆਂ ਭੀ ਲਾਉਂਦਾ ਹੈ,

ਅੰਤਰਿ ਬਿਆਪੈ ਲੋਭੁ ਸੁਆਨੁ ॥

ਪਰ ਮਨ ਵਿਚ ਲੋਭ (-ਰੂਪ) ਕੁੱਤਾ ਜ਼ੋਰ ਪਾ ਰਿਹਾ ਹੈ।

ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥

ਮਨ ਵਿਚ (ਤ੍ਰਿਸ਼ਨਾ ਦੀ) ਅੱਗ ਹੈ, ਬਾਹਰ ਸਰੀਰ ਸੁਆਹ (ਨਾਲ ਲਿਬੇੜਿਆ ਹੋਇਆ ਹੈ);

ਗਲਿ ਪਾਥਰ ਕੈਸੇ ਤਰੈ ਅਥਾਹ ॥

(ਜੇ) ਗਲ ਵਿਚ (ਵਿਕਾਰਾਂ ਦੇ) ਪੱਥਰ (ਹੋਣ ਤਾਂ) ਅਥਾਹ (ਸੰਸਾਰ-ਸਮੁੰਦਰ ਨੂੰ ਜੀਵ) ਕਿਵੇਂ ਤਰੇ?

ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥

ਜਿਸ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ,

ਨਾਨਕ ਤੇ ਜਨ ਸਹਜਿ ਸਮਾਤਿ ॥੫॥

ਹੇ ਨਾਨਕ! ਉਹੀ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ ॥੫॥

ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥

ਅੰਨ੍ਹਾ ਮਨੁੱਖ (ਨਿਰਾ) ਸੁਣ ਕੇ ਕਿਵੇਂ ਰਾਹ ਲੱਭ ਲਏ?

ਕਰੁ ਗਹਿ ਲੇਹੁ ਓੜਿ ਨਿਬਹਾਵੈ ॥

(ਹੇ ਪ੍ਰਭੂ! ਆਪ ਇਸ ਦਾ) ਹੱਥ ਫੜ ਲਵੋ (ਤਾਕਿ ਇਹ) ਅਖ਼ੀਰ ਤਕ (ਪ੍ਰੀਤ) ਨਿਬਾਹ ਸਕੇ।

ਕਹਾ ਬੁਝਾਰਤਿ ਬੂਝੈ ਡੋਰਾ ॥

ਬੋਲਾ ਮਨੁੱਖ (ਨਿਰੀ) ਸੈਨਤ ਨੂੰ ਕੀਹ ਸਮਝੇ?

ਨਿਸਿ ਕਹੀਐ ਤਉ ਸਮਝੈ ਭੋਰਾ ॥

(ਸੈਨਤ ਨਾਲ ਜੇ) ਆਖੀਏ (ਇਹ) ਰਾਤ ਹੈ ਤਾਂ ਉਹ ਸਮਝ ਲੈਂਦਾ ਹੈ (ਇਹ) ਦਿਨ (ਹੈ)।

ਕਹਾ ਬਿਸਨਪਦ ਗਾਵੈ ਗੁੰਗ ॥

ਗੂੰਗਾ ਕਿਵੇਂ ਬਿਸ਼ਨ-ਪਦੇ ਗਾ ਸਕੇ?

ਜਤਨ ਕਰੈ ਤਉ ਭੀ ਸੁਰ ਭੰਗ ॥

(ਕਈ) ਜਤਨ (ਭੀ) ਕਰੇ ਤਾਂ ਭੀ ਉਸ ਦੀ ਸੁਰ ਟੁੱਟੀ ਰਹਿੰਦੀ ਹੈ।

ਕਹ ਪਿੰਗੁਲ ਪਰਬਤ ਪਰ ਭਵਨ ॥

ਲੂਲ੍ਹਾ ਕਿਥੇ ਪਹਾੜਾਂ ਤੇ ਭਉਂ ਸਕਦਾ ਹੈ?

ਨਹੀ ਹੋਤ ਊਹਾ ਉਸੁ ਗਵਨ ॥

ਓਥੇ ਉਸ ਦੀ ਪਹੁੰਚ ਨਹੀਂ ਹੋ ਸਕਦੀ।