ਸੁਖਮਨੀ ਸਾਹਿਬ

(ਅੰਗ: 17)


ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥

ਹੇ ਕਰਤਾਰ! ਹੇ ਦਇਆ ਦੇ ਸਾਗਰ! (ਇਹ) ਨਿਮਾਣਾ ਦਾਸ ਬੇਨਤੀ ਕਰਦਾ ਹੈ,

ਨਾਨਕ ਤੁਮਰੀ ਕਿਰਪਾ ਤਰੈ ॥੬॥

ਹੇ ਨਾਨਕ! (ਇਸ ਹਾਲਤ ਵਿਚ ਕੇਵਲ ਅਰਦਾਸ ਕਰ ਤੇ ਆਖ) ਤੇਰੀ ਮੇਹਰ ਨਾਲ (ਹੀ) ਤਰ ਸਕਦਾ ਹੈ ॥੬॥

ਸੰਗਿ ਸਹਾਈ ਸੁ ਆਵੈ ਨ ਚੀਤਿ ॥

ਜੋ ਪ੍ਰਭੂ (ਇਸ ਮੂਰਖ ਦਾ) ਸੰਗੀ ਸਾਥੀ ਹੈ, ਉਸ ਨੂੰ (ਇਹ) ਚੇਤੇ ਨਹੀਂ ਕਰਦਾ,

ਜੋ ਬੈਰਾਈ ਤਾ ਸਿਉ ਪ੍ਰੀਤਿ ॥

(ਪਰ) ਜੋ ਵੈਰੀ ਹੈ ਉਸ ਨਾਲ ਪਿਆਰ ਕਰ ਰਿਹਾ ਹੈ।

ਬਲੂਆ ਕੇ ਗ੍ਰਿਹ ਭੀਤਰਿ ਬਸੈ ॥

ਰੇਤ ਦੇ ਘਰ ਵਿਚ ਵੱਸਦਾ ਹੈ (ਭਾਵ ਰੇਤ ਦੇ ਕਿਣਕਿਆਂ ਵਾਂਗ ਉਮਰ ਛਿਨ ਛਿਨ ਕਰ ਕੇ ਕਿਰ ਰਹੀ ਹੈ),

ਅਨਦ ਕੇਲ ਮਾਇਆ ਰੰਗਿ ਰਸੈ ॥

(ਫਿਰ ਭੀ) ਮਾਇਆ ਦੀ ਮਸਤੀ ਵਿਚ ਆਨੰਦ ਮੌਜਾਂ ਮਾਣ ਰਿਹਾ ਹੈ।

ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥

(ਆਪਣੇ ਆਪ ਨੂੰ) ਅਮਰ ਸਮਝੀ ਬੈਠਾ ਹੈ, ਮਨ ਵਿਚ (ਇਹੀ) ਯਕੀਨ ਬਣਿਆ ਹੋਇਆ ਹੈ;

ਕਾਲੁ ਨ ਆਵੈ ਮੂੜੇ ਚੀਤਿ ॥

ਪਰ ਮੂਰਖ ਦੇ ਚਿਤ ਵਿਚ (ਕਦੇ) ਮੌਤ (ਦਾ ਖ਼ਿਆਲ ਭੀ) ਨਹੀਂ ਆਉਂਦਾ।

ਬੈਰ ਬਿਰੋਧ ਕਾਮ ਕ੍ਰੋਧ ਮੋਹ ॥

ਵੈਰ ਵਿਰੋਧ, ਕਾਮ, ਗੁੱਸਾ, ਮੋਹ,

ਝੂਠ ਬਿਕਾਰ ਮਹਾ ਲੋਭ ਧ੍ਰੋਹ ॥

ਝੂਠ, ਮੰਦੇ ਕਰਮ, ਭਾਰੀ ਲਾਲਚ ਤੇ ਦਗ਼ਾ-

ਇਆਹੂ ਜੁਗਤਿ ਬਿਹਾਨੇ ਕਈ ਜਨਮ ॥

ਇਸੇ ਰਾਹੇ ਪੈ ਕੇ (ਇਸ ਦੇ) ਕਈ ਜਨਮ ਗੁਜ਼ਾਰ ਗਏ ਹਨ।

ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥

ਹੇ ਨਾਨਕ! (ਇਸ ਵਿਚਾਰੇ ਜੀਵ ਵਾਸਤੇ ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ) ਆਪਣੀ ਮੇਹਰ ਕਰ ਕੇ (ਇਸ ਨੂੰ) ਬਚਾ ਲਵੋ ॥੭॥

ਤੂ ਠਾਕੁਰੁ ਤੁਮ ਪਹਿ ਅਰਦਾਸਿ ॥

(ਹੇ ਪ੍ਰਭੂ!) ਤੂੰ ਮਾਲਿਕ ਹੈਂ (ਸਾਡੀ ਜੀਵਾਂ ਦੀ) ਅਰਜ਼ ਤੇਰੇ ਅੱਗੇ ਹੀ ਹੈ,

ਜੀਉ ਪਿੰਡੁ ਸਭੁ ਤੇਰੀ ਰਾਸਿ ॥

ਇਹ ਜਿੰਦ ਤੇ ਸਰੀਰ (ਜੋ ਤੂੰ ਸਾਨੂੰ ਦਿੱਤਾ ਹੈ) ਸਭ ਤੇਰੀ ਹੀ ਬਖ਼ਸ਼ੀਸ਼ ਹੈ।

ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥

ਤੂੰ ਸਾਡਾ ਮਾਂ ਪਿਉ ਹੈਂ, ਅਸੀਂ ਤੇਰੇ ਬਾਲ ਹਾਂ,

ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥

ਤੇਰੀ ਮੇਹਰ (ਦੀ ਨਜ਼ਰ) ਵਿਚ ਬੇਅੰਤ ਸੁਖ ਹਨ।

ਕੋਇ ਨ ਜਾਨੈ ਤੁਮਰਾ ਅੰਤੁ ॥

ਕੋਈ ਤੇਰਾ ਅੰਤ ਨਹੀਂ ਪਾ ਸਕਦਾ,

ਊਚੇ ਤੇ ਊਚਾ ਭਗਵੰਤ ॥

(ਕਿਉਂਕਿ) ਤੂੰ ਸਭ ਤੋਂ ਉੱਚਾ ਭਗਵਾਨ ਹੈਂ।

ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥

(ਜਗਤ ਦੇ) ਸਾਰੇ ਪਦਾਰਥ ਤੇਰੇ ਹੀ ਹੁਕਮ ਵਿਚ ਟਿਕੇ ਹੋਏ ਹਨ;

ਤੁਮ ਤੇ ਹੋਇ ਸੁ ਆਗਿਆਕਾਰੀ ॥

ਤੇਰੀ ਰਚੀ ਹੋਈ ਸ੍ਰਿਸ਼ਟੀ ਤੇਰੀ ਹੀ ਆਗਿਆ ਵਿਚ ਤੁਰ ਰਹੀ ਹੈ।