ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਤੂੰ ਆਪ ਹੀ ਜਾਣਦਾ ਹੈਂ।
ਹੇ ਨਾਨਕ! (ਆਖ, ਹੇ ਪ੍ਰਭੂ!) ਤੇਰੇ ਸੇਵਕ (ਤੈਥੋਂ) ਸਦਾ ਸਦਕੇ ਜਾਂਦੇ ਹਨ ॥੮॥੪॥
(ਸਾਰੀਆਂ ਦਾਤਾਂ) ਦੇਣ ਵਾਲੇ ਪ੍ਰਭੂ ਨੂੰ ਛੱਡ ਕੇ (ਜੀਵ) ਹੋਰ ਸੁਆਦ ਵਿਚ ਲੱਗਦੇ ਹਨ;
(ਪਰ) ਹੇ ਨਾਨਕ! (ਇਹੋ ਜਿਹਾ) ਕਦੇ (ਕੋਈ ਮਨੁੱਖ ਜੀਵਨ-ਯਾਤ੍ਰਾ ਵਿਚ) ਕਾਮਯਾਬ ਨਹੀਂ ਹੁੰਦਾ (ਕਿਉਂਕਿ ਪ੍ਰਭੂ ਦੇ) ਨਾਮ ਤੋਂ ਬਿਨਾ ਇੱਜ਼ਤ ਨਹੀਂ ਰਹਿੰਦੀ ॥੧॥
(ਮਨੁੱਖ ਪ੍ਰਭੂ ਤੋਂ) ਦਸ ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈ,
(ਪਰ) ਇਕ ਚੀਜ਼ ਦੀ ਖ਼ਾਤਰ ਆਪਣਾ ਇਤਬਾਰ ਗਵਾ ਲੈਂਦਾ ਹੈ (ਕਿਉਂਕਿ ਮਿਲੀਆਂ ਚੀਜ਼ਾਂ ਬਦਲੇ ਸ਼ੁਕਰੀਆ ਤਾਂ ਨਹੀਂ ਕਰਦਾ, ਜੇਹੜੀ ਨਹੀਂ ਮਿਲੀ ਉਸ ਦਾ ਗਿਲਾ ਕਰਦਾ ਰਹਿੰਦਾ ਹੈ)।
(ਜੇ ਪ੍ਰਭੂ) ਇਕ ਚੀਜ਼ ਭੀ ਨਾਹ ਦੇਵੇ, ਤੇ, ਦਸ (ਦਿੱਤੀਆਂ ਹੋਈਆਂ) ਭੀ ਖੋਹ ਲਏ,
ਤਾਂ, ਦੱਸੋ, ਇਹ ਮੂਰਖ ਕੀਹ ਕਰ ਸਕਦਾ ਹੈ?
ਜਿਸ ਮਾਲਕ ਦੇ ਨਾਲ ਪੇਸ਼ ਨਹੀਂ ਜਾ ਸਕਦੀ,
ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਹੀ ਚਾਹੀਦਾ ਹੈ,
(ਕਿਉਂਕਿ) ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ,
ਸਾਰੇ ਸੁਖ ਉਸੇ ਦੇ ਹਿਰਦੇ ਵਿਚ ਆ ਵੱਸਦੇ ਹਨ।
ਜਿਸ ਮਨੁੱਖ ਤੋਂ ਪ੍ਰਭੂ ਆਪਣਾ ਹੁਕਮ ਮਨਾਉਂਦਾ ਹੈ,
ਹੇ ਨਾਨਕ! (ਦੁਨੀਆ ਦੇ) ਸਾਰੇ ਪਦਾਰਥ (ਮਾਨੋ) ਉਸ ਨੇ ਲੱਭ ਲਏ ਹਨ ॥੧॥
(ਪ੍ਰਭੂ) ਸ਼ਾਹ ਅਣਗਿਣਤ (ਪਦਾਰਥਾਂ ਦੀ) ਪੂੰਜੀ (ਜੀਵ ਵਣਜਾਰੇ ਨੂੰ) ਦੇਂਦਾ ਹੈ,
(ਜੀਵ) ਖਾਂਦਾ ਪੀਂਦਾ ਚਾਉ ਤੇ ਖ਼ੁਸ਼ੀ ਨਾਲ (ਇਹਨਾਂ ਪਦਾਰਥਾਂ ਨੂੰ) ਵਰਤਦਾ ਹੈ।
(ਜੇ) ਸ਼ਾਹ ਆਪਣੀ ਕੋਈ ਅਮਾਨਤ ਮੋੜ ਲਏ,
ਤਾਂ (ਇਹ) ਅਗਿਆਨੀ ਮਨ ਵਿਚ ਰੋਸਾ ਕਰਦਾ ਹੈ;