ਸੁਖਮਨੀ ਸਾਹਿਬ

(ਅੰਗ: 19)


ਅਪਨੀ ਪਰਤੀਤਿ ਆਪ ਹੀ ਖੋਵੈ ॥

(ਇਸ ਤਰ੍ਹਾਂ) ਆਪਣਾ ਇਤਬਾਰ ਆਪ ਹੀ ਗਵਾ ਲੈਂਦਾ ਹੈ,

ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ ॥

ਤੇ ਮੁੜ ਇਸ ਦਾ ਵਿਸਾਹ ਨਹੀਂ ਕੀਤਾ ਜਾਂਦਾ।

ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥

(ਜੇ) ਜਿਸ ਪ੍ਰਭੂ ਦੀ (ਬਖ਼ਸ਼ੀ ਹੋਈ) ਚੀਜ਼ ਹੈ ਉਸ ਦੇ ਅੱਗੇ (ਆਪ ਹੀ ਖ਼ੁਸ਼ੀ ਨਾਲ) ਰੱਖ ਦਏ,

ਪ੍ਰਭ ਕੀ ਆਗਿਆ ਮਾਨੈ ਮਾਥੈ ॥

ਤੇ ਪ੍ਰਭੂ ਦਾ ਹੁਕਮ (ਕੋਈ ਚੀਜ਼ ਖੁੱਸਣ ਵੇਲੇ) ਸਿਰ ਮੱਥੇ ਤੇ ਮੰਨ ਲਏ,

ਉਸ ਤੇ ਚਉਗੁਨ ਕਰੈ ਨਿਹਾਲੁ ॥

ਤਾਂ (ਪ੍ਰਭੂ ਉਸ ਨੂੰ) ਅੱਗੇ ਨਾਲੋਂ ਚਉਗੁਣਾ ਨਿਹਾਲ ਕਰਦਾ ਹੈ।

ਨਾਨਕ ਸਾਹਿਬੁ ਸਦਾ ਦਇਆਲੁ ॥੨॥

ਹੇ ਨਾਨਕ! ਮਾਲਕ ਸਦਾ ਮੇਹਰ ਕਰਨ ਵਾਲਾ ਹੈ ॥੨॥

ਅਨਿਕ ਭਾਤਿ ਮਾਇਆ ਕੇ ਹੇਤ ॥

ਮਾਇਆ ਦੇ ਪਿਆਰ ਅਨੇਕਾਂ ਕਿਸਮਾਂ ਦੇ ਹਨ (ਭਾਵ, ਮਾਇਆ ਦੇ ਅਨੇਕਾਂ ਸੋਹਣੇ ਸਰੂਪ ਮਨੁੱਖ ਦੇ ਮਨ ਨੂੰ ਮੋਂਹਦੇ ਹਨ),

ਸਰਪਰ ਹੋਵਤ ਜਾਨੁ ਅਨੇਤ ॥

(ਪਰ ਇਹ ਸਾਰੇ) ਅੰਤ ਨੂੰ ਨਾਸ ਹੋ ਜਾਣ ਵਾਲੇ ਸਮਝੋ।

ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ॥

(ਜੇ ਕੋਈ ਮਨੁੱਖ) ਰੁੱਖ ਦੀ ਛਾਂ ਨਾਲ ਪਿਆਰ ਪਾ ਬੈਠੇ,

ਓਹ ਬਿਨਸੈ ਉਹੁ ਮਨਿ ਪਛੁਤਾਵੈ ॥

(ਸਿੱਟਾ ਕੀਹ ਨਿਕਲੇਗਾ?) ਉਹ ਛਾਂ ਨਾਸ ਹੋ ਜਾਂਦੀ ਹੈ, ਤੇ, ਉਹ ਮਨੁੱਖ ਮਨ ਵਿਚ ਪਛੁਤਾਂਦਾ ਹੈ।

ਜੋ ਦੀਸੈ ਸੋ ਚਾਲਨਹਾਰੁ ॥

(ਇਹ ਸਾਰਾ ਜਗਤ) ਜੋ ਦਿੱਸ ਰਿਹਾ ਹੈ ਨਾਸਵੰਤ ਹੈ,

ਲਪਟਿ ਰਹਿਓ ਤਹ ਅੰਧ ਅੰਧਾਰੁ ॥

ਇਸ (ਜਗਤ) ਨਾਲ ਇਹ ਅੰਨ੍ਹਿਆਂ ਦਾ ਅੰਨ੍ਹਾ (ਜੀਵ) ਜੱਫਾ ਪਾਈ ਬੈਠਾ ਹੈ।

ਬਟਾਊ ਸਿਉ ਜੋ ਲਾਵੈ ਨੇਹ ॥

ਜੋ (ਭੀ) ਮਨੁੱਖ (ਕਿਸੇ) ਰਾਹੀ ਨਾਲ ਪਿਆਰ ਪਾ ਲੈਂਦਾ ਹੈ,

ਤਾ ਕਉ ਹਾਥਿ ਨ ਆਵੈ ਕੇਹ ॥

(ਅੰਤ ਨੂੰ) ਉਸ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ।

ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥

ਹੇ ਮਨ! ਪ੍ਰਭੂ ਦੇ ਨਾਮ ਦਾ ਪਿਆਰ (ਹੀ) ਸੁਖ ਦੇਣ ਵਾਲਾ ਹੈ;

ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥੩॥

(ਪਰ) ਹੇ ਨਾਨਕ! (ਇਹ ਪਿਆਰ ਉਸ ਮਨੁੱਖ ਨੂੰ ਨਸੀਬ ਹੁੰਦਾ ਹੈ, ਜਿਸ ਨੂੰ) ਪ੍ਰਭੂ ਮੇਹਰ ਕਰ ਕੇ ਆਪ ਲਾਉਂਦਾ ਹੈ ॥੩॥

ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥

(ਜਦ ਇਹ) ਸਰੀਰ, ਧਨ ਤੇ ਸਾਰਾ ਪਰਵਾਰ ਨਾਸਵੰਤ ਹੈ,

ਮਿਥਿਆ ਹਉਮੈ ਮਮਤਾ ਮਾਇਆ ॥

(ਤਾਂ) ਮਾਇਆ ਦੀ ਮਾਲਕੀ ਤੇ ਹਉਮੈ (ਭਾਵ, ਧਨ ਤੇ ਪਰਵਾਰ ਦੇ ਕਾਰਣ ਵਡੱਪਣ)-ਇਹਨਾਂ ਉਤੇ ਮਾਣ ਭੀ ਝੂਠਾ।

ਮਿਥਿਆ ਰਾਜ ਜੋਬਨ ਧਨ ਮਾਲ ॥

ਰਾਜ ਜੁਆਨੀ ਤੇ ਧਨ ਮਾਲ ਸਭ ਨਾਸਵੰਤ ਹਨ,

ਮਿਥਿਆ ਕਾਮ ਕ੍ਰੋਧ ਬਿਕਰਾਲ ॥

(ਇਸ ਵਾਸਤੇ ਇਹਨਾਂ ਦੇ ਕਾਰਣ) ਕਾਮ (ਦੀ ਲਹਰ) ਤੇ ਭਿਆਨਕ ਕ੍ਰੋਧ ਇਹ ਭੀ ਵਿਅਰਥ ਹਨ।