ਸੁਖਮਨੀ ਸਾਹਿਬ

(ਅੰਗ: 20)


ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ॥

ਰਥ, ਹਾਥੀ, ਘੋੜੇ ਤੇ (ਸੁੰਦਰ) ਕੱਪੜੇ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ,

ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ॥

(ਇਸ ਸਾਰੀ) ਮਾਇਆ ਨੂੰ ਪਿਆਰ ਨਾਲ ਵੇਖ ਕੇ (ਜੀਵ) ਹੱਸਦਾ ਹੈ, (ਪਰ ਇਹ ਹਾਸਾ ਤੇ ਮਾਣ ਭੀ) ਵਿਅਰਥ ਹੈ।

ਮਿਥਿਆ ਧ੍ਰੋਹ ਮੋਹ ਅਭਿਮਾਨੁ ॥

ਦਗ਼ਾ, ਮੋਹ ਤੇ ਅਹੰਕਾਰ-(ਇਹ ਸਾਰੇ ਹੀ ਮਨ ਦੇ) ਵਿਅਰਥ (ਤਰੰਗ) ਹਨ;

ਮਿਥਿਆ ਆਪਸ ਊਪਰਿ ਕਰਤ ਗੁਮਾਨੁ ॥

ਆਪਣੇ ਉਤੇ ਮਾਣ ਕਰਨਾ ਭੀ ਝੂਠਾ (ਨਸ਼ਾ) ਹੈ।

ਅਸਥਿਰੁ ਭਗਤਿ ਸਾਧ ਕੀ ਸਰਨ ॥

ਸਦਾ ਕਾਇਮ ਰਹਿਣ ਵਾਲੀ (ਪ੍ਰਭੂ ਦੀ) ਭਗਤੀ (ਹੀ ਹੈ ਜੋ) ਗੁਰੂ ਦੀ ਸਰਣ ਪੈ ਕੇ (ਕੀਤੀ ਜਾਏ)।

ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ॥੪॥

ਹੇ ਨਾਨਕ! ਪ੍ਰਭੂ ਦੇ ਚਰਣ (ਹੀ) ਸਦਾ ਜਪ ਕੇ (ਮਨੁੱਖ) ਅਸਲੀ ਜੀਵਨ ਜੀਊਂਦਾ ਹੈ ॥੪॥

ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥

(ਮਨੁੱਖ ਦੇ) ਕੰਨ ਵਿਅਰਥ ਹਨ (ਜੇ ਉਹ) ਪਰਾਈ ਬਖ਼ੀਲੀ ਸੁਣਦੇ ਹਨ,

ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥

ਹੱਥ ਵਿਅਰਥ ਹਨ (ਜੇ ਇਹ) ਪਰਾਏ ਧਨ ਨੂੰ ਚੁਰਾਉਂਦੇ ਹਨ;

ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥

ਅੱਖਾਂ ਵਿਅਰਥ ਹਨ (ਜੋ ਇਹ) ਪਰਾਈ ਜ਼ਨਾਨੀ ਦਾ ਰੂਪ ਤੱਕਦੀਆਂ ਹਨ,

ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥

ਜੀਭ ਵਿਅਰਥ ਹੈ (ਜੇ ਇਹ) ਖਾਣੇ ਤੇ ਹੋਰ ਸੁਆਦਾਂ ਵਿਚ (ਲੱਗੀ ਹੋਈ ਹੈ);

ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ॥

ਪੈਰ ਵਿਅਰਥ ਹਨ (ਜੇ ਇਹ) ਪਰਾਏ ਨੁਕਸਾਨ ਵਾਸਤੇ ਦੌੜ-ਭੱਜ ਰਹੇ ਹਨ।

ਮਿਥਿਆ ਮਨ ਪਰ ਲੋਭ ਲੁਭਾਵਹਿ ॥

ਹੇ ਮਨ! ਤੂੰ ਭੀ ਵਿਅਰਥ ਹੈਂ (ਜੇ ਤੂੰ) ਪਰਾਏ ਧਨ ਦਾ ਲੋਭ ਕਰ ਰਿਹਾ ਹੈਂ।

ਮਿਥਿਆ ਤਨ ਨਹੀ ਪਰਉਪਕਾਰਾ ॥

(ਉਹ) ਸਰੀਰ ਵਿਅਰਥ ਹਨ ਜੋ ਦੂਜਿਆਂ ਨਾਲ ਭਲਾਈ ਨਹੀਂ ਕਰਦੇ,

ਮਿਥਿਆ ਬਾਸੁ ਲੇਤ ਬਿਕਾਰਾ ॥

(ਨੱਕ) ਵਿਅਰਥ ਹੈ (ਜੋ) ਵਿਕਾਰਾਂ ਦੀ ਵਾਸ਼ਨਾ ਲੈ ਰਿਹਾ ਹੈ।

ਬਿਨੁ ਬੂਝੇ ਮਿਥਿਆ ਸਭ ਭਏ ॥

(ਆਪੋ ਆਪਣੀ ਹੋਂਦ ਦਾ ਮਨੋਰਥ) ਸਮਝਣ ਤੋਂ ਬਿਨਾ (ਇਹ) ਸਾਰੇ (ਅੰਗ) ਵਿਅਰਥ ਹਨ।

ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ॥੫॥

ਹੇ ਨਾਨਕ! ਉਹ ਸਰੀਰ ਸਫਲ ਹੈ ਜੋ ਪ੍ਰਭੂ ਦਾ ਨਾਮ ਜਪਦਾ ਹੈ ॥੫॥

ਬਿਰਥੀ ਸਾਕਤ ਕੀ ਆਰਜਾ ॥

(ਰੱਬ ਨਾਲੋਂ) ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਜਾਂਦੀ ਹੈ,

ਸਾਚ ਬਿਨਾ ਕਹ ਹੋਵਤ ਸੂਚਾ ॥

(ਕਿਉਂਕਿ) ਸੱਚੇ ਪ੍ਰਭੂ (ਦੇ ਨਾਮ) ਤੋਂ ਬਿਨਾ ਉਹ ਕਿਵੇਂ ਸੁੱਚਾ ਹੋ ਸਕਦਾ ਹੈ?

ਬਿਰਥਾ ਨਾਮ ਬਿਨਾ ਤਨੁ ਅੰਧ ॥

ਨਾਮ ਤੋਂ ਬਿਨਾ ਅੰਨ੍ਹੇ (ਸਾਕਤ) ਦਾ ਸਰੀਰ (ਹੀ) ਕਿਸੇ ਕੰਮ ਨਹੀਂ,

ਮੁਖਿ ਆਵਤ ਤਾ ਕੈ ਦੁਰਗੰਧ ॥

(ਕਿਉਂਕਿ) ਉਸ ਦੇ ਮੂੰਹ ਵਿਚੋਂ (ਨਿੰਦਾ ਆਦਿਕ) ਬਦ-ਬੂ ਆਉਂਦੀ ਹੈ।