ਸੁਖਮਨੀ ਸਾਹਿਬ

(ਅੰਗ: 13)


ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥

ਨਿਮਾਣੇ ਵਾਸਤੇ ਤੇਰਾ (ਨਾਮ), ਹੇ ਪ੍ਰਭੂ! ਆਦਰ ਮਾਣ ਹੈ,

ਸਗਲ ਘਟਾ ਕਉ ਦੇਵਹੁ ਦਾਨੁ ॥

ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਂਦਾ ਹੈਂ।

ਕਰਨ ਕਰਾਵਨਹਾਰ ਸੁਆਮੀ ॥

ਤੂੰ ਆਪ ਹੀ ਸਭ ਕੁਝ ਕਰਦਾ ਹੈਂ, ਤੇ, ਆਪ ਹੀ ਕਰਾਉਂਦਾ ਹੈਂ।

ਸਗਲ ਘਟਾ ਕੇ ਅੰਤਰਜਾਮੀ ॥

ਹੇ ਸੁਆਮੀ! ਹੇ ਸਾਰੇ ਪ੍ਰਾਣੀਆਂ ਦੇ ਦਿਲ ਦੀ ਜਾਣਨ ਵਾਲੇ!

ਅਪਨੀ ਗਤਿ ਮਿਤਿ ਜਾਨਹੁ ਆਪੇ ॥

ਹੇ ਪ੍ਰਭੂ! ਤੂੰ ਆਪਣੀ ਹਾਲਤ ਤੇ ਆਪਣੀ (ਵਡਿਆਈ ਦੀ) ਮਰਯਾਦਾ ਆਪ ਹੀ ਜਾਣਦਾ ਹੈਂ;

ਆਪਨ ਸੰਗਿ ਆਪਿ ਪ੍ਰਭ ਰਾਤੇ ॥

ਤੂੰ ਆਪਣੇ ਆਪ ਵਿਚ ਆਪ ਹੀ ਮਗਨ ਹੈਂ।

ਤੁਮੑਰੀ ਉਸਤਤਿ ਤੁਮ ਤੇ ਹੋਇ ॥

(ਹੇ ਪ੍ਰਭੂ!) ਤੇਰੀ ਵਡਿਆਈ ਤੈਥੋਂ ਹੀ (ਬਿਆਨ) ਹੋ ਸਕਦੀ ਹੈ,

ਨਾਨਕ ਅਵਰੁ ਨ ਜਾਨਸਿ ਕੋਇ ॥੭॥

ਹੇ ਨਾਨਕ! (ਆਖ, ਕਿ) ਕੋਈ ਹੋਰ ਤੇਰੀ ਵਡਿਆਈ ਨਹੀਂ ਜਾਣਦਾ ॥੭॥

ਸਰਬ ਧਰਮ ਮਹਿ ਸ੍ਰੇਸਟ ਧਰਮੁ ॥

(ਹੇ ਮਨ!) ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ-

ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥

ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ)।

ਸਗਲ ਕ੍ਰਿਆ ਮਹਿ ਊਤਮ ਕਿਰਿਆ ॥

ਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ-

ਸਾਧਸੰਗਿ ਦੁਰਮਤਿ ਮਲੁ ਹਿਰਿਆ ॥

ਸਤਸੰਗ ਵਿਚ (ਰਹਿ ਕੇ) ਭੈੜੀ ਮਤਿ (ਰੂਪ) ਮੈਲ ਦੂਰ ਕੀਤੀ ਜਾਏ।

ਸਗਲ ਉਦਮ ਮਹਿ ਉਦਮੁ ਭਲਾ ॥

ਇਹ ਉੱਦਮ (ਹੋਰ) ਸਾਰੇ ਉੱਦਮਾਂ ਨਾਲੋਂ ਭਲਾ ਹੈ-

ਹਰਿ ਕਾ ਨਾਮੁ ਜਪਹੁ ਜੀਅ ਸਦਾ ॥

ਹੇ ਮਨ! ਸਦਾ ਪ੍ਰਭੂ ਦਾ ਨਾਮ ਜਪ।

ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥

(ਪ੍ਰਭੂ ਦੇ ਜਸ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ-

ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥

ਪ੍ਰਭੂ ਦਾ ਜਸ (ਕੰਨਾਂ ਨਾਲ) ਸੁਣ (ਤੇ) ਜੀਭ ਨਾਲ ਬੋਲ।

ਸਗਲ ਥਾਨ ਤੇ ਓਹੁ ਊਤਮ ਥਾਨੁ ॥

ਉਹ (ਹਿਰਦਾ-ਰੂਪ) ਥਾਂ ਹੋਰ ਸਾਰੇ (ਤੀਰਥ) ਅਸਥਾਨਾਂ ਤੋਂ ਪਵਿਤ੍ਰ ਹੈ-

ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥

ਹੇ ਨਾਨਕ! ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ ॥੮॥੩॥

ਸਲੋਕੁ ॥

ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥

ਹੇ ਅੰਞਾਣ! ਹੇ ਗੁਣ-ਹੀਨ (ਮਨੁੱਖ)! ਉਸ ਮਾਲਕ ਨੂੰ ਸਦਾ ਯਾਦ ਕਰ।